Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਉਤਪਤ 19

ਲੂਤ ਦੇ ਮਹਿਮਾਨ

19 ਉਸ ਸ਼ਾਮ ਸਦੂਮ ਸ਼ਹਿਰ ਵਿੱਚ ਦੋ ਦੂਤ ਆਏ। ਲੂਤ ਸ਼ਹਿਰ ਦੇ ਦਰਵਾਜ਼ੇ ਤੇ ਬੈਠਾ ਹੋਇਆ ਸੀ ਅਤੇ ਉਸ ਨੇ ਦੂਤਾਂ ਨੂੰ ਦੇਖਿਆ। ਲੂਤ ਨੇ ਸੋਚਿਆ ਕਿ ਉਹ ਨਗਰ ਵਿੱਚੋਂ ਲੰਘਣ ਵਾਲੇ ਆਦਮੀ ਸਨ। ਲੂਤ ਉੱਠ ਖਲੋਤਾ ਅਤੇ ਉਨ੍ਹਾਂ ਕੋਲ ਚੱਲਾ ਗਿਆ ਅਤੇ ਝੁਕ ਗਿਆ। ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓੱਥੇ ਤੁਸੀਂ ਆਪਣੇ ਪੈਰ ਧੋ ਸੱਕਦੇ ਹੋਂ ਅਤੇ ਰਾਤ ਠਹਿਰ ਸੱਕਦੇ ਹੋਂ। ਫ਼ੇਰ ਕੱਲ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”

ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।”

ਪਰ ਲੂਤ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਰਿਹਾ। ਇਸ ਲਈ ਦੂਤ ਲੂਤ ਦੇ ਘਰ ਜਾਣ ਲਈ ਰਾਜ਼ੀ ਹੋ ਗਏ। ਉਹ ਲੂਤ ਦੇ ਘਰ ਗਏ। ਲੂਤ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ। ਲੂਤ ਨੇ ਦੂਤਾਂ ਲਈ ਰੋਟੀ ਪਕਾਈ ਅਤੇ ਉਨ੍ਹਾਂ ਨੇ ਭੋਜਨ ਕਰ ਲਿਆ।

ਉਸ ਸ਼ਾਮ, ਸੌਣ ਵੇਲੇ ਤੋਂ ਰਤਾ ਕੁ ਪਹਿਲਾਂ ਦੋਵੇਂ ਜਵਾਨ ਅਤੇ ਬੁੱਢੇ ਆਦਮੀ ਨਗਰ ਦੇ ਹਰ ਭਾਗ ਵਿੱਚੋਂ ਲੂਤ ਦੇ ਘਰ ਆ ਗਏ। ਉਹ ਘਰ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਲੂਤ ਨੂੰ ਆਵਾਜ਼ ਮਾਰੀ। ਉਨ੍ਹਾਂ ਨੇ ਆਖਿਆ, “ਕਿੱਥੇ ਨੇ ਉਹ ਦੋ ਬੰਦੇ ਜਿਹੜੇ ਅੱਜ ਰਾਤੀਂ ਤੇਰੇ ਘਰ ਆਏ ਸਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ। ਅਸੀਂ ਉਨ੍ਹਾਂ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”

ਲੂਤ ਬਾਹਰ ਗਿਆ, ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ। ਲੂਤ ਨੇ ਆਦਮੀਆਂ ਨੂੰ ਆਖਿਆ, “ਨਹੀਂ! ਦੋਸਤੋਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮਿਹਰਬਾਨੀਂ ਕਰਕੇ ਇਹ ਬਦੀ ਨਾ ਕਰਿਓ! ਦੇਖੋ, ਮੇਰੀਆਂ ਦੋ ਧੀਆਂ ਹਨ ਜਿਹੜੀਆਂ ਕਦੇ ਵੀ ਕਿਸੇ ਮਰਦ ਨਾਲ ਨਹੀਂ ਸੁੱਤੀਆਂ। ਮੈਂ ਆਪਣੀਆਂ ਧੀਆਂ ਤੁਹਾਨੂੰ ਦੇ ਦਿਆਂਗਾ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਮਿਹਰਬਾਨੀ ਕਰਕੇ ਇਨ੍ਹਾਂ ਆਦਮੀਆਂ ਨਾਲ ਕੁਝ ਨਾ ਕਰਨਾ। ਇਹ ਆਦਮੀ ਮੇਰੇ ਘਰ ਆਏ ਹਨ ਅਤੇ ਮੈਂ ਇਨ੍ਹਾਂ ਦੀ ਰੱਖਿਆ ਜ਼ਰੂਰ ਕਰਾਂਗਾ।”

ਘਰ ਦੇ ਆਲੇ-ਦੁਆਲੇ ਖੜ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਤੂੰ ਇੱਥੇ ਆ!” ਫ਼ੇਰ ਆਦਮੀਆਂ ਨੇ ਆਪਸ ’ਚ ਆਖਿਆ, “ਇਹ ਆਦਮੀ, ਲੂਤ, ਸਾਡੇ ਸ਼ਹਿਰ ਇੱਕ ਮਹਿਮਾਨ ਵਜੋਂ ਆਇਆ ਹੈ। ਹੁਣ ਇਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ!” ਆਦਮੀਆਂ ਨੇ ਲੂਤ ਨੂੰ ਆਖਿਆ, “ਅਸੀਂ ਤੇਰੇ ਨਾਲ ਇਨ੍ਹਾਂ ਨਾਲੋਂ ਵੀ ਬੁਰਾ ਸਲੂਕ ਕਰਾਂਗੇ।” ਇਸ ਤਰ੍ਹਾਂ ਆਦਮੀ ਲੂਤ ਦੇ ਨੇੜੇ-ਨੇੜੇ ਆਉਂਦੇ ਗਏ। ਉਹ ਦਰਵਾਜ਼ਾ ਤੋੜਨ ਹੀ ਵਾਲੇ ਸਨ।

10 ਪਰ ਦੋ ਆਦਮੀਆਂ ਨੇ ਜਿਹੜੇ ਘਰ ਦੇ ਅੰਦਰ ਸਨ ਦਰਵਾਜ਼ਾ ਖੋਲ੍ਹਕੇ, ਆਪਣੇ ਹੱਥ ਬਾਹਰ ਕੱਢੇ ਅਤੇ ਲੂਤ ਨੂੰ ਘਰ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11 ਫ਼ੇਰ ਉਨ੍ਹਾਂ ਨੇ ਦਰਵਾਜ਼ੇ ਤੋਂ ਬਾਹਰ ਖੜ੍ਹੇ ਲੋਕਾਂ ਨਾਲ ਕੁਝ ਕੀਤਾ-ਉਨ੍ਹਾਂ ਨੇ ਉਨ੍ਹਾਂ ਸਾਰੇ ਬਦ ਆਦਮੀਆਂ ਨੂੰ, ਜਵਾਨ ਤੇ ਬੁੱਢਿਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਘਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਦਰਵਾਜ਼ਾ ਨਹੀਂ ਮਿਲਿਆ।

ਸਦੂਮ ਤੋਂ ਬਚ ਨਿਕਲਣਾ

12 ਉਨ੍ਹਾਂ ਦੋਹਾਂ ਆਦਮੀਆਂ ਨੇ ਲੂਤ ਨੂੰ ਆਖਿਆ, “ਕੀ ਤੇਰੇ ਪਰਿਵਾਰ ਦੇ ਹੋਰ ਲੋਕ ਵੀ ਇਸ ਨਗਰ ਵਿੱਚ ਰਹਿੰਦੇ ਨੇ? ਕੀ ਤੇਰੇ ਜੁਆਈ, ਪੁੱਤਰ, ਧੀਆਂ ਜਾਂ ਤੇਰੇ ਪਰਿਵਾਰ ਦੇ ਹੋਰ ਲੋਕ ਇੱਥੇ ਹਨ? ਜੇ ਇਵੇਂ ਹੈ ਤਾਂ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣੇ ਚੱਲੇ ਜਾਣ ਲਈ ਆਖ ਦੇਵੇਂ। 13 ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ। ਯਹੋਵਾਹ ਨੇ ਇਹ ਸੁਣ ਲਿਆ ਸੀ ਕਿ ਇਹ ਸ਼ਹਿਰ ਕਿੰਨਾ ਬੁਰਾ ਹੈ, ਇਸੇ ਲਈ ਉਸ ਨੇ ਸਾਨੂੰ ਇਸ ਨੂੰ ਤਬਾਹ ਕਰਨ ਲਈ ਭੇਜਿਆ ਹੈ।”

14 ਇਸ ਲਈ ਲੂਤ ਚੱਲਾ ਗਿਆ ਅਤੇ ਆਪਣੇ ਜੁਆਈਆਂ, ਉਨ੍ਹਾਂ ਆਦਮੀਆਂ ਨੂੰ ਜਿਨ੍ਹਾਂ ਨੇ ਇਸ ਦੀਆਂ ਹੋਰਨਾਂ ਧੀਆਂ ਨਾਲ ਸ਼ਾਦੀ ਕੀਤੀ ਸੀ, ਨਾਲ ਗੱਲ ਕੀਤੀ। ਲੂਤ ਨੇ ਆਖਿਆ, “ਛੇਤੀ ਕਰੋ, ਇਹ ਨਗਰ ਛੱਡ ਦਿਓ! ਯਹੋਵਾਹ ਛੇਤੀ ਹੀ ਇਸ ਨੂੰ ਤਬਾਹ ਕਰ ਦੇਵੇਗਾ!” ਪਰ ਉਨ੍ਹਾਂ ਆਦਮੀਆਂ ਨੇ ਸੋਚਿਆ ਕਿ ਲੂਤ ਮਜ਼ਾਕ ਕਰ ਰਿਹਾ ਹੈ।

15 ਦੂਸਰੇ ਦਿਨ ਪ੍ਰਭਾਤ ਵੇਲੇ, ਦੂਤ ਲੂਤ ਨੂੰ ਛੇਤੀ ਕਰਨ ਲਈ ਆਖ ਰਹੇ ਸਨ। ਉਨ੍ਹਾਂ ਆਖਿਆ, “ਇਸ ਨਗਰ ਨੂੰ ਸਜ਼ਾ ਮਿਲੇਗੀ। ਇਸ ਲਈ ਆਪਣੀ ਪਤਨੀ ਅਤੇ ਆਪਣੀਆਂ ਉਨ੍ਹਾਂ ਧੀਆਂ ਨੂੰ ਨਾਲ ਲੈ ਕੇ ਜਿਹੜੀਆਂ ਹਾਲੇ ਤੱਕ ਤੇਰੇ ਨਾਲ ਰਹਿੰਦੀਆਂ ਹਨ, ਅਤੇ ਇਸ ਥਾਂ ਨੂੰ ਛੱਡ ਦੇ। ਫ਼ੇਰ ਤੂੰ ਨਗਰ ਦੇ ਨਾਲ ਤਬਾਹ ਨਹੀਂ ਹੋਵੇਂਗਾ।”

16 ਪਰ ਲੂਤ ਝਿਝਕਿਆ, ਇਸ ਲਈ ਉਨ੍ਹਾਂ ਆਦਮੀਆਂ ਨੇ ਲੂਤ ਦੀ ਪਤਨੀ ਅਤੇ ਉਸ ਦੀਆਂ ਦੋਹਾਂ ਧੀਆਂ ਦੇ ਹੱਥ ਫ਼ੜ ਲਏ। ਕਿਉਂਕਿ ਯਹੋਵਾਹ ਲੂਤ ਉੱਤੇ ਮਿਹਰਬਾਨ ਸੀ, ਉਹ ਲੂਤ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਨਾਲ ਸ਼ਹਿਰ ਤੋਂ ਬਾਹਰ ਲੈ ਗਏ। 17 ਜਦੋਂ ਉਹ ਬਾਹਰ ਆ ਗਏ, ਆਦਮੀਆਂ ਵਿੱਚੋਂ ਇੱਕ ਨੇ ਆਖਿਆ, “ਹੁਣ ਭੱਜੋ ਅਤੇ ਆਪਣੀ ਜਾਨ ਬਚਾਓ। ਪਿੱਛੇ ਮੁੜਕੇ ਨਹੀਂ ਦੇਖਣਾ ਅਤੇ ਵਾਦੀ ਵਿੱਚ ਕਿਸੇ ਥਾਂ ਉੱਤੇ ਵੀ ਨਹੀਂ ਰੁਕਣਾ। ਜਦੋਂ ਤੱਕ ਤੁਸੀਂ ਪਹਾੜਾਂ ਤਾਈਂ ਨਹੀਂ ਪਹੁੰਚ ਜਾਂਦੇ, ਭੱਜਦੇ ਰਹੋ। ਜੇ ਤੁਸੀਂ ਰੁਕ ਗਏ, ਤਾਂ ਤੁਸੀਂ ਵੀ ਨਗਰ ਦੇ ਨਾਲ ਤਬਾਹ ਹੋ ਜਾਵੋਂਗੇ!”

18 ਪਰ ਲੂਤ ਨੇ ਦੋਹਾਂ ਆਦਮੀਆਂ ਨੂੰ ਆਖਿਆ, “ਸ਼੍ਰੀ ਮਾਨ, ਕਿਰਪਾ ਕਰਕੇ ਮੈਨੂੰ ਇੰਨੀ ਤੇਜ਼ੀ ਨਾਲ ਭੱਜਣ ਲਈ ਮਜਬੂਰ ਨਾ ਕਰੋ! 19 ਤੁਸੀਂ ਮੇਰੇ ਉੱਤੇ, ਆਪਣੇ ਖਾਦਮ ਉੱਤੇ, ਮਿਹਰਬਾਨ ਰਹੇ ਹੋਂ। ਤੁਸੀਂ ਮਿਹਰ ਕਰਕੇ ਮੈਨੂੰ ਬਚਾਇਆ ਹੈ। ਪਰ ਮੈਂ ਪਹਾੜਾਂ ਤੱਕ ਸਾਰੇ ਰਾਹ ਭੱਜ ਕੇ ਨਹੀਂ ਜਾ ਸੱਕਦਾ। ਕੀ ਹੋਵੇਗਾ ਜੇ ਮੈਂ ਬਹੁਤ ਧੀਮੀ ਰਫ਼ਤਾਰ ਨਾਲ ਜਾਵਾਂ ਅਤੇ ਕੁਝ ਵਾਪਰ ਜਾਵੇ? ਮੈਂ ਤਾਂ ਮਾਰਿਆ ਜਾਵਾਂਗਾ! 20 ਦੇਖੋ, ਇੱਥੇ ਇੱਕ ਬਹੁਤ ਛੋਟਾ ਨਗਰ ਨੇੜੇ ਹੀ ਹੈ। ਜਿਉਂਦੇ ਰਹਿਣ ਲਈ ਮੈਨੂੰ ਉਸ ਨਗਰ ਤਾਈਂ ਭੱਜ ਜਾਣ ਦਿਓ।”

21 ਦੂਤ ਨੇ ਲੂਤ ਨੂੰ ਆਖਿਆ, “ਠੀਕ ਹੈ, ਮੈਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿਆਂਗਾ। ਮੈਂ ਉਸ ਕਸਬੇ ਨੂੰ ਤਬਾਹ ਨਹੀਂ ਕਰਾਂਗਾ। 22 ਪਰ ਉੱਥੋਂ ਤੱਕ ਭੱਜ ਕੇ ਚੱਲਾ ਜਾ। ਮੈਂ ਓਨੀ ਦੇਰ ਤੱਕ ਸਦੂਮ ਨੂੰ ਤਬਾਹ ਨਹੀਂ ਕਰ ਸੱਕਦਾ ਜਿੰਨੀ ਦੇਰ ਤੱਕ ਤੂੰ ਉਸ ਕਸਬੇ ਵਿੱਚ ਸੁਰੱਖਿਅਤ ਹੋਕੇ ਪਹੁੰਚ ਨਹੀਂ ਜਾਂਦਾ।” (ਉਸ ਕਸਬੇ ਦਾ ਨਾਮ ਸੋਆਰ ਹੈ, ਕਿਉਂਕਿ ਉਹ ਇੱਕ ਛੋਟਾ ਕਸਬਾ ਹੈ।)

ਸਦੂਮ ਤੇ ਅਮੂਰਾਹ ਦੀ ਤਬਾਹੀ

23 ਜਦੋਂ ਲੂਤ ਸੋਆਰ ਵਿੱਚ ਦਾਖਲ ਹੋਇਆ ਤਾਂ ਸੂਰਜ ਹਾਲੇ ਚੜ੍ਹ ਰਿਹਾ ਸੀ। 24 ਓਸੇ ਵੇਲੇ, ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਯਹੋਵਾਹ ਨੇ ਅਕਾਸ਼ ਉੱਤੋਂ ਅੱਗ ਦਾ ਮੀਂਹ ਵਰ੍ਹਾਇਆ। 25 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਸਾਰੀ ਵਾਦੀ ਨੂੰ ਤਬਾਹ ਕਰ ਦਿੱਤਾ-ਸਾਰੀ ਬਨਾਸਪਤੀ ਨੂੰ ਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ।

26 ਭੱਜੇ ਜਾਂਦਿਆਂ ਲੂਤ ਦੀ ਪਤਨੀ ਨੇ ਸ਼ਹਿਰ ਵੱਲ ਮੁੜਕੇ ਵੇਖਿਆ ਅਤੇ ਲੂਣ ਦੀ ਸਿਲ ਬਣ ਗਈ।

27 ਉਸ ਦਿਨ ਸਵੇਰੇ-ਸਵੇਰੇ ਅਬਰਾਹਾਮ ਉੱਠ ਪਿਆ ਅਤੇ ਉਸ ਥਾਂ ਤੇ ਗਿਆ ਜਿੱਥੇ ਉਹ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 28 ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।

29 ਪਰਮੇਸ਼ੁਰ ਨੇ ਵਾਦੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸ ਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਉਸ ਨੇ ਅਬਰਾਹਾਮ ਦੇ ਭਤੀਜੇ ਨੂੰ ਤਬਾਹ ਨਹੀਂ ਕੀਤਾ ਲੂਤ ਵਾਦੀ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਪਰ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਹੀ ਲੂਤ ਨੂੰ ਦੂਰ ਭੇਜ ਦਿੱਤਾ ਸੀ।

ਲੂਤ ਤੇ ਉਸਦੀਆਂ ਧੀਆਂ

30 ਲੂਤ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਇਸ ਲਈ ਉਹ ਅਤੇ ਉਸ ਦੀਆਂ ਦੋਵੇਂ ਧੀਆਂ ਪਹਾੜਾਂ ਵਿੱਚ ਰਹਿਣ ਲਈ ਚਲੀਆਂ ਗਈਆਂ। ਉਹ ਉੱਥੇ ਇੱਕ ਗੁਫ਼ਾ ਵਿੱਚ ਰਹਿਣ ਲੱਗੇ। 31 ਇੱਕ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਸਾਡਾ ਪਿਤਾ ਬੁੱਢਾ ਹੈ, ਅਤੇ ਧਰਤੀ ਉੱਤੇ ਕੋਈ ਅਜਿਹਾ ਨਹੀਂ ਬੱਚਿਆਂ ਜੋ ਸਾਡੇ ਨਾਲ ਬੱਚੇ ਪੈਦਾ ਕਰ ਸੱਕੇ। 32 ਇਸ ਲਈ ਆ, ਆਪਾਂ ਆਪਣੇ ਪਿਤਾ ਨੂੰ ਮੈਅ ਨਾਲ ਮਦਹੋਸ਼ ਕਰ ਦੇਈਏ। ਫ਼ੇਰ ਅਸੀਂ ਉਸ ਨਾਲ ਜਿਸਨੀ ਸੰਬੰਧ ਬਣਾ ਸੱਕਾਂਗੀਆਂ। ਇਸ ਢੰਗ ਨਾਲ, ਆਪਾਂ ਆਪਣੇ ਪਿਤਾ ਰਾਹੀਂ ਵੰਸ਼ ਨੂੰ ਬਚਾ ਸੱਕਦੀਆਂ ਹਾਂ!”

33 ਉਸ ਰਾਤ ਦੋਵੇ ਕੁੜੀਆਂ ਆਪਣੇ ਪਿਤਾ ਕੋਲ ਗਈਆਂ ਅਤੇ ਉਸ ਨੂੰ ਸ਼ਰਾਬੀ ਕਰ ਦਿੱਤਾ। ਫ਼ੇਰ ਵੱਡੀ ਕੁੜੀ ਪਿਤਾ ਦੇ ਬਿਸਤਰੇ ਉੱਤੇ ਗਈ ਅਤੇ ਉਸ ਨਾਲ ਸੰਭੋਗ ਕੀਤਾ। ਲੂਤ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੱਦੋਂ ਉਹ ਬਿਸਤਰੇ ਉੱਤੇ ਆਈ ਅਤੇ ਕਦੋਂ ਉੱਠ ਕੇ ਚਲੀ ਗਈ।

34 ਅਗਲੇ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਪਿੱਛਲੀ ਰਾਤ, ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਆ ਉਸ ਨੂੰ ਫ਼ਿਰ ਤੋਂ, ਅੱਜ ਰਾਤ ਸ਼ਰਾਬੀ ਕਰ ਦੇਈਏ। ਫ਼ੇਰ ਤੂੰ ਉਸ ਨਾਲ ਸੌਂ ਜਾਵੀਂ ਅਤੇ ਉਸ ਨਾਲ ਜਿਨਸੀ ਸੰਬੰਧ ਬਣਾਵੀਂ। ਇਸ ਤਰ੍ਹਾਂ, ਅਸੀਂ ਆਪਣੇ ਪਿਤਾ ਰਾਹੀਂ ਬੱਚੇ ਪੈਦਾ ਕਰ ਸੱਕਾਂਗੀਆਂ।” 35 ਇਸ ਲਈ ਉਸ ਰਾਤ ਦੋਹਾਂ ਕੁੜੀਆਂ ਨੇ ਆਪਣੇ ਪਿਤਾ ਨੂੰ ਸ਼ਰਾਬੀ ਕਰ ਦਿੱਤਾ। ਫ਼ਿਰ ਛੋਟੀ ਕੁੜੀ ਉਸ ਨਾਲ ਸੁੱਤੀ ਅਤੇ ਸੰਭੋਗ ਕੀਤਾ। ਇੱਕ ਵਾਰ ਫ਼ੇਰ, ਲੂਤ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਨਹੀਂ ਚਲ ਸੱਕਿਆ ਕਦੋਂ ਉਹ ਬਿਸਤਰ ਉੱਤੇ ਆਈ ਅਤੇ ਕਦੋਂ ਉੱਠ ਕੇ ਚਲੀ ਗਈ।

36 ਲੂਤ ਦੀਆਂ ਦੋਵੇਂ ਧੀਆਂ ਗਰਭਵਤੀ ਹੋ ਗਈਆਂ। ਉਨ੍ਹਾਂ ਦਾ ਪਿਤਾ ਉਨਾਂ ਦੇ ਬੱਚਿਆਂ ਦਾ ਪਿਤਾ ਸੀ। 37 ਵੱਡੀ ਧੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਮੋਆਬ ਰੱਖਿਆ। ਮੋਆਬ ਸਾਰੇ ਅਜੋਕੇ ਮੋਆਬੀ ਲੋਕਾਂ ਦਾ ਪਿਤਾ ਹੈ। 38 ਛੋਟੀ ਧੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਬਿਨ-ਅੰਮੀ ਰੱਖਿਆ। ਬਿਨ-ਅੰਮੀ ਅਜੋਕੇ ਸਮੇਂ ਦੇ ਸਾਰੇ ਅੰਮੋਨੀ ਲੋਕਾਂ ਦਾ ਪਿਤਾ ਹੈ।

ਮੱਤੀ 18

ਯਿਸੂ ਨੇ ਦੱਸਿਆ ਕਿ ਕੌਣ ਮਹਾਨ ਹੈ(A)

18 ਉਸੇ ਘੜੀ ਚੇਲੇ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਸਵਰਗ ਦੇ ਰਾਜ ਵਿੱਚ ਸਭਨਾ ਨਾਲੋਂ ਵੱਡਾ ਕੌਣ ਹੈ?”

ਤਦ ਉਸ ਨੇ ਇੱਕ ਛੋਟੇ ਬੱਚੇ ਨੂੰ ਸੱਦਿਆ ਅਤੇ ਉਸ ਨੂੰ ਚੇਲਿਆਂ ਦੇ ਸਾਹਮਣੇ ਖੜ੍ਹਾ ਕਰਕੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਨੂੰ ਬਦਲਨਾ ਚਾਹੀਦਾ ਹੈ ਅਤੇ ਆਪਣੇ ਦਿਲਾਂ ਵਿੱਚ ਛੋਟੇ ਬੱਚਿਆਂ ਜਿਹੇ ਬਣ ਜਾਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋਵੋਂਗੇ। ਇਸ ਲਈ ਜੋ ਕੋਈ ਵੀ ਆਪਣੇ-ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਸੋਈ ਸਵਰਗ ਦੇ ਰਾਜ ਵਿੱਚ ਸਭਨਾਂ ਤੋਂ ਵੱਡਾ ਹੈ।

“ਅਤੇ ਜੋ ਕੋਈ ਵੀ ਇਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਮੇਰੇ ਨਾਂ ਵਿੱਚ ਕਬੂਲਦਾ, ਉਹ ਮੈਨੂੰ ਕਬੂਲਦਾ ਹੈ।

ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ(B)

“ਅਤੇ ਜਿਹੜਾ ਕੋਈ ਵੀ ਇਨ੍ਹਾਂ ਛੋਟਿਆਂ ਬੱਚਿਆਂ ਕੋਲੋਂ, ਜਿਹੜੇ ਮੇਰੇ ਵਿੱਚ ਨਿਹਚਾ ਰੱਖਦੇ ਹਨ, ਪਾਪ ਕਰਾਉਣ ਦਾ ਕਾਰਣ ਬਣਦਾ ਹੈ, ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲੇ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਡੂੰਘੇ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ। ਉਨ੍ਹਾਂ ਲੋਕਾਂ ਉੱਤੇ ਹਾਏ ਜੋ ਲੋਕਾਂ ਤੋਂ ਪਾਪ ਕਰਾਉਣ ਦਾ ਕਾਰਣ ਬਣਦੇ ਹਨ। ਇਹ ਗੱਲਾਂ ਜ਼ਰੂਰ ਵਾਪਰਨੀਆਂ ਚਾਹੀਦੀਆਂ ਹਨ। ਪਰ ਉਸ ਵਿਅਕਤੀ ਤੇ ਹਾਏ ਜੋ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦਾ ਹੈ।

“ਜੇਕਰ ਤੁਹਾਡਾ ਹੱਥ ਜਾਂ ਪੈਰ ਤੁਹਾਥੋਂ ਪਾਪ ਕਰਾਵੇ, ਤਾਂ ਇਸ ਨੂੰ ਵੱਢੱਕੇ ਸੁੱਟ ਦਿਓ। ਤੁਹਾਡੇ ਵਾਸਤੇ ਇੱਕ ਹੱਥ ਜਾਂ ਪੈਰ ਨਾਲ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਵੱਧ ਲਾਹੇਵੰਦ ਹੈ ਕਿ ਤੁਸੀਂ ਦੋਹਾਂ ਹੱਥਾਂ-ਪੈਰਾਂ ਸਮੇਤ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟੇ ਜਾਵੋਂ। ਜੇਕਰ ਤੁਹਾਡੀ ਅੱਖ ਪਾਪ ਕਰਾਵੇ, ਤਾਂ ਇਸ ਨੂੰ ਕੱਢ ਕੇ ਸੁੱਟ ਦਿਓ। ਤੁਹਾਡੇ ਲਈ ਕਾਣਾ ਹੋਕੇ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਚੰਗਾ ਹੈ ਕਿ ਤੁਸੀਂ ਦੋ ਅੱਖਾ ਹੁੰਦਿਆਂ ਵੀ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟ ਦਿੱਤੇ ਜਾਵੋਂ।

ਯਿਸੂ ਦਾ ਗੁਆਚੀ ਭੇਡ ਬਾਰੇ ਦ੍ਰਿਸ਼ਟਾਂਤ(C)

10 “ਸਾਵੱਧਾਨ ਰਹੋ! ਇਨ੍ਹਾਂ ਛੋਟੇ ਬੱਚਿਆਂ ਨੂੰ ਨਫ਼ਰਤ ਨਾਲ ਨਾ ਵੇਖੋ! ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਬੱਚਿਆਂ ਦੇ ਦੂਤ ਸਵਰਗਾਂ ਵਿੱਚ ਹਨ ਅਤੇ ਉਹ ਦੂਤ ਹਮੇਸ਼ਾ ਉੱਤੇ ਮੇਰੇ ਸੁਰਗੀ ਪਿਤਾ ਨਾਲ ਹੁੰਦੇ ਹਨ। 11 [a]

12 “ਤੁਸੀਂ ਕੀ ਸਮਝਦੇ ਹੋ? ਜੇਕਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਉਨ੍ਹਾਂ ਵਿੱਚੋਂ ਇੱਕ ਭੇਡ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਤੇ ਛੱਡ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? 13 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੇਕਰ ਮਨੁੱਖ ਗੁਆਚੀ ਹੋਈ ਭੇਡ ਨੂੰ ਲੱਭ ਲਵੇ, ਤਾਂ ਉਹ ਆਦਮੀ 99 ਭੇਡਾਂ ਨਾਲੋਂ, ਜਿਹੜੀਆਂ ਗੁਆਚੀਆਂ ਨਹੀਂ ਸਨ, ਉਸ ਇੱਕ ਭੇਡ ਬਾਰੇ ਵੱਧ ਖੁਸ਼ ਹੋਵੇਗਾ। 14 ਉਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਇਹ ਮਰਜ਼ੀ ਨਹੀਂ ਕਿ ਇਨ੍ਹਾਂ ਬੱਚਿਆਂ ਵਿੱਚੋਂ ਕੋਈ ਇੱਕ ਵੀ ਗੁਆਚ ਜਾਵੇ।

ਜਦੋਂ ਕੋਈ ਮਨੁੱਖ ਗਲਤ ਕੰਮ ਕਰਦਾ(D)

15 “ਜੇਕਰ ਤੁਹਾਡਾ ਕੋਈ ਭਰਾ ਤੁਹਾਡੇ ਨਾਲ ਗਲਤ ਵਿਹਾਰ ਕਰੇ, ਤਾਂ ਤੁਸੀਂ ਉਸ ਨੂੰ ਇੱਕਲਾ ਜਾਕੇ ਸਮਝਾਓ ਕਿ ਉਸ ਨੇ ਇਹ ਕੰਮ ਗਲਤ ਕੀਤਾ ਹੈ। ਜੇਕਰ ਉਹ ਤੁਹਾਨੂੰ ਸੁਣਦਾ ਹੈ ਤਾਂ ਤੁਸੀਂ ਉਸ ਨੂੰ ਫ਼ਿਰ ਤੋਂ ਆਪਣਾ ਚੰਗਾ ਭਰਾ ਬਨਾਉਣ ਵਿੱਚ ਸਫ਼ਲ ਹੋ ਗਏ ਹੋਂ। 16 ਪਰ ਜੇਕਰ ਉਹ ਤੁਹਾਨੂੰ ਸੁਨਣ ਤੋਂ ਇਨਕਾਰ ਕਰਦਾ ਹੈ ਤਾਂ, ਆਪਣੇ ਨਾਲ ਇੱਕ ਜਾਂ ਦੋ ਵਿਅਕਤੀਆਂ ਨੂੰ ਲੈ ਕੇ ਜਾਓ ਤਾਂ ਕਿ ਜੋ ਕੁਝ ਵੀ ਵਾਪਰੇ, ਉਸ ਬਾਰੇ ਉਹ ਦੋ ਜਾਂ ਤਿੰਨ ਵਿਅਕਤੀ ਗਵਾਹੀ ਦੇ ਸੱਕਣ। 17 ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।

18 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਵੀ ਨਿਆਂ ਤੁਸੀ ਇੱਥੇ ਧਰਤੀ ਤੇ ਕਰੋਂਗੇ ਉਹ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜੋ ਕੁਝ ਵੀ ਤੁਸੀਂ ਧਰਤੀ ਤੇ ਮਾਫ਼ ਕਰੋਂਗੇ ਉਹ ਮਾਫ਼ੀ ਪਰਮੇਸ਼ੁਰ ਦੀ ਦਿੱਤੀ ਹੋਈ ਮਾਫ਼ੀ ਹੋਵੇਗੀ। 19 ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਵੀ ਧਰਤੀ ਉੱਤੇ ਕਿਸੇ ਗੱਲ ਲਈ ਮੰਨੋਗੇ ਤਾਂ ਤੁਸੀਂ ਉਸ ਲਈ ਬੇਨਤੀ ਕਰ ਸੱਕਦੇ ਹੋ, ਅਤੇ ਜੋ ਵੀ ਤੁਸੀਂ ਮੰਗੋਂਗੇ ਉਹ ਤੁਹਾਡੇ ਲਈ ਮੇਰੇ ਸੁਰਗੀ ਪਿਤਾ ਦੁਆਰਾ ਪੂਰਾ ਕੀਤਾ ਜਾਵੇਗਾ। 20 ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”

ਖਿਮਾ ਬਾਰੇ ਉਪਦੇਸ਼

21 ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?”

22 ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।

23 “ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24 ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25 ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।

26 “ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27 ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।

28 “ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।

29 “ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’

30 “ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31 ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।

32 “ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33 ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34 ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।

35 “ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”

ਨਹਮਯਾਹ 8

ਅਜ਼ਰਾ ਨੇ ਬਿਵਸਬਾ ਪੜ੍ਹੀ

ਇਉਂ ਸਾਲ ਦੇ ਅੱਠਵੇਂ ਮਹੀਨੇ ਸਾਰੇ ਇਸਰਾਏਲੀ ਜਲ ਫ਼ਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵਿੱਚ ਇੱਕੋ ਦਿਲ ਨਾਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਮੂਸਾ ਦੀ ਬਿਵਸਬਾ ਦੀ ਪੋਥੀ ਲਿਆਉਣ ਲਈ ਕਿਹਾ ਜਿਹੜਾ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ। ਤਾਂ ਅਜ਼ਰਾ ਜਾਜਕ ਨੇ ਉਨ੍ਹਾਂ ਇਕੱਠੇ ਹੋਏ ਲੋਕਾਂ ਸਾਹਮਣੇ ਉਹ ਬਿਵਸਬਾ ਪੇਸ਼ ਕੀਤੀ। ਇਹ ਸੱਤਵੇਂ ਮਹੀਨੇ ਦੀ ਪਹਿਲੇ ਦਿਨ ਨੂੰ ਹੋਇਆ। ਇਸ ਬਿਵਸਬਾ ਨੂੰ ਔਰਤਾਂ, ਮਰਦਾਂ ਅਤੇ ਹੋਰ ਸਾਰੇ ਮਨੁੱਖਾਂ ਦੇ ਲਈ, ਅੱਗੇ ਲਿਆਂਦਾ ਗਿਆ ਜਿਹੜੇ ਕਿ ਸੁਣ ਅਤੇ ਸਮਝ ਸੱਕਣ ਦੇ ਯੋਗ ਸਨ। ਅਜ਼ਰਾ ਨੇ ਬਿਵਸਬਾ ਨੂੰ ਉੱਚੀ ਆਵਾਜ਼ ਵਿੱਚ ਸੁਬਹ ਤੋਂ ਦੁਪਿਹਰ ਤਾਈ ਪੜ੍ਹਿਆ, ਅਜ਼ਰਾ ਦਾ ਮੂੰਹ ਜਲ ਫਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵੱਲ ਨੂੰ ਸੀ, ਤੇ ਉਸ ਨੇ ਸਾਰੇ ਮਰਦਾਂ ਅਤੇ ਔਰਤਾਂ ਨੂੰ ਜਿਹੜੇ ਇਸ ਨੂੰ ਸਮਝ ਸੱਕਦੇ ਸਨ, ਪੜ੍ਹਕੇ ਸੁਣਾਇਆ ਸਭ ਲੋਕਾਂ ਨੇ ਬਿਵਸਬਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ ਅਤੇ ਧਿਆਨ ਦਿੱਤਾ।

ਫ਼ੇਰ ਅਜ਼ਰਾ ਲਿਖਾਰੀ ਲੱਕੜੀ ਦੇ ਉੱਚੇ ਤਖਤਪੋਸ਼ ਤੇ ਖੜ੍ਹਾ ਹੋ ਗਿਆ ਜੋ ਕਿ ਇਸ ਖਾਸ ਮੰਤਵ ਲਈ ਹੀ ਬਣਾਇਆ ਗਿਆ ਸੀ। ਉਸ ਦੇ ਸੱਜੇ ਪਾਸੇ ਮੱਤੀਬਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਸਨ। ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸਬਦ੍ਦਾਨਾਹ, ਜਕਰਯਾਹ ਅਤੇ ਮੱਸ਼ੁਲਾਮ ਸਨ।

ਤਾਂ ਅਜ਼ਰਾ ਲਿਖਾਰੀ ਨੇ ਪੋਥੀ ਨੂੰ ਲੋਕਾਂ ਦੇ ਸਾਹਮਣੇ ਖੋਲ੍ਹਿਆ। ਸਾਰੇ ਲੋਕਾਂ ਨੂੰ ਅਜ਼ਰਾ ਵਿਖਾਈ ਦੇ ਰਿਹਾ ਸੀ ਕਿਉਂ ਕਿ ਉਹ ਉੱਚੇ ਤਖਤਪੋਸ਼ ਉੱਪਰ ਖੜ੍ਹਾ ਸੀ। ਜਿਓਁ ਹੀ ਅਜ਼ਰਾ ਨੇ ਬਿਵਸਬਾ ਦੀ ਪੋਥੀ ਨੂੰ ਖੋਲ੍ਹਿਆ ਸਾਰੇ ਲੋਕ ਖੜ੍ਹੇ ਹੋ ਗਏ। ਅਜ਼ਰਾ ਨੇ ਯਹੋਵਾਹ, ਮਹਾਨ ਪਰਮੇਸ਼ੁਰ ਦਾ ਧੰਨਵਾਦ ਕੀਤਾ ਤੇ ਉਸ ਦੀ ਉਸਤਤ ਕੀਤੀ। ਸਾਰੇ ਲੋਕਾਂ ਨੇ ਆਪਣੇ ਹੱਥ ਉਤਾਂਹ ਨੂੰ ਚੁੱਕ ਕੇ ਕਿਹਾ “ਆਮੀਨ! ਆਮੀਨ!” ਫ਼ੇਰ ਸਾਰੇ ਲੋਕਾਂ ਨੇ ਧਰਤੀ ਉੱਪਰ ਸਿਰ ਝੁਕਾ ਕੇ ਯਹੋਵਾਹ ਦੀ ਉਪਾਸਨਾ ਕੀਤੀ।

ਯੇਸ਼ੂਅ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਬਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਾਯਾਹ ਲੇਵੀ ਸਨ ਜਿਨ੍ਹਾਂ ਲੋਕਾਂ ਨੇ ਬਿਵਸਬਾ ਦੀ ਵਿਆਖਿਆ ਕੀਤੀ ਜਦੋਂ ਕਿ ਉਹ ਆਪਣੇ ਬਾਈਁ ਖਲੋਤੇ ਹੋਏ ਸਨ। ਉਨ੍ਹਾਂ ਲੇਵੀਆਂ ਨੇ ਬਿਵਸਬਾ ਦੀ ਪੋਥੀ ਨੂੰ ਪੜ੍ਹ ਕੇ ਸੁਣਾਇਆ ਅਤੇ ਸਰਲ ਤਰੀਕੇ ’ਚ ਉਸਦੀ ਵਿਆਖਿਆ ਕੀਤੀ ਤਾਂ ਜੋ ਉਹ ਸਮਝ ਸੱਕਣ। ਇਉਂ ਉਨ੍ਹਾਂ ਨੇ ਇਸ ਲਈ ਕੀਤਾ ਤਾਂ ਕਿ ਜੋ ਕੁਝ ਉਚਾਰਿਆ ਗਿਆ ਹੈ ਉਹ ਲੋਕਾਂ ਦੀ ਸਮਝੀ ਪੈ ਜਾਵੇ।

ਤਦ ਰਾਜਪਾਲ ਨਹਮਯਾਹ, ਅਜ਼ਰਾ ਜਾਜਕ ਅਤੇ ਲਿਖਾਰੀ, ਅਤੇ ਲੇਵੀ ਜਿਹੜੇ ਲੋਕਾਂ ਨੂੰ ਸਿੱਖਾਉਂਦੇ ਸਨ, ਉਨ੍ਹਾਂ ਨੇ ਕਿਹਾ, “ਅੱਜ ਦਾ ਦਿਨ ਯਹੋਵਾਹ, ਤੁਹਾਡੇ ਪਰਮੇਸ਼ੁਰ ਲਈ ਖਾਸ ਅਤੇ ਪਵਿੱਤਰ ਦਿਨ3 ਹੈ। ਸੋ ਤੁਹਾਨੂੰ ਨਾ ਤਾਂ ਰੋਣਾਂ ਚਾਹੀਦਾ ਅਤੇ ਨਾ ਹੀ ਉਦਾਸ ਹੋਣਾ ਚਾਹੀਦਾ ਹੈ!” ਉਨ੍ਹਾਂ ਨੇ ਇਹ ਇਸ ਲਈ ਆਖਿਆ ਕਿਉਂ ਕਿ ਸਾਰੇ ਲੋਕ ਬਿਵਸਬਾ ਦੇ ਸ਼ਬਦ ਸੁਣ ਕੇ ਰੋ ਰਹੇ ਸਨ।

10 ਨਹਮਯਾਹ ਨੇ ਆਖਿਆ, “ਜਾਓ ਅਤੇ ਜਾਕੇ ਵੱਧੀਆ ਭੋਜਨ ਖਾਓ ਅਤੇ ਮਿੱਠੀ ਮੈਅ ਪੀਓ। ਅਤੇ ਇਸ ਵਿੱਚੋਂ ਕੁਝ ਭੋਜਨ ਉਨ੍ਹਾਂ ਨੂੰ ਦਿਓ ਜਿਨ੍ਹਾਂ ਨੇ ਖਾਣ ਲਈ ਕੁਝ ਵੀ ਤਿਆਰ ਨਹੀਂ ਕੀਤਾ। ਅੱਜ ਦਾ ਦਿਨ ਸਾਡੇ ਯਹੋਵਾਹ ਦਾ ਖਾਸ ਦਿਨ ਹੈ। ਇਸ ਲਈ ਉਦਾਸ ਨਾ ਹੋਵੋ ਕਿਉਂ ਕਿ ਯਹੋਵਾਹ ਦੀ ਖੁਸ਼ੀ ਤੁਹਾਡੀ ਤਾਕਤ ਹੋਵੇਗੀ।”

11 ਲੇਵੀਆਂ ਨੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਆਖਿਆ, “ਚੁੱਪ ਹੋ ਜਾਓ ਅਤੇ ਸ਼ਾਂਤ ਰਹੋ। ਅੱਜ ਦਾ ਦਿਨ ਵਿਸ਼ੇਸ ਹੈ, ਇਸ ਲਈ ਉਦਾਸ ਨਾ ਹੋਵੋ।”

12 ਤਦ ਸਾਰੇ ਲੋਕ ਖਾਣ ਅਤੇ ਪੀਣ ਲਈ ਚੱਲੇ ਗਏ ਅਤੇ ਕੁਝ ਭੋਜਨ ਹੋਰਨਾਂ ਨੂੰ ਆਨੰਦ ਮਨਾਉਣ ਲਈ ਅਤੇ ਇੱਕ ਪ੍ਰਸਂਨਤਾਮਈ ਪਰਬ ਨੂੰ ਮਨਾਉਣ ਲਈ ਭੇਜਿਆ। ਅਖੀਰ ਜਿਹੜੀਆਂ ਗੱਲਾਂ ਉਨ੍ਹਾਂ ਨੂੰ ਸਮਝਾਈਆਂ ਜਾ ਰਹੀਆਂ ਸਨ, ਉਨ੍ਹਾਂ ਦੀ ਸਮਝ ਵਿੱਚ ਆ ਗਈਆਂ।

13 ਫਿਰ ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਆਗੂ, ਜਾਜਕ ਅਤੇ ਲੇਵੀ ਅਜ਼ਰਾ ਦੇ ਗਿਰਦ ਬਿਵਸਬਾ ਦੇ ਬਚਨ ਸਿੱਖਣ ਲਈ ਇੱਕਤ੍ਰ ਹੋ ਗਏ।

14-15 ਉਨ੍ਹਾਂ ਨੂੰ ਬਿਵਸਬਾ ਵਿੱਚ ਇਹ ਲਿਖਿਆ ਹੋਇਆ ਲੱਭਿਆ: ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੂੰ ਸੱਤਵੇਂ ਮਹੀਨੇ ਦੇ ਪਰਬ ਲਈ ਆਸਰਿਆਂ ਵਿੱਚ ਜਾਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਸਾਰੇ ਨਗਰਾਂ ਅਤੇ ਯਰੂਸ਼ਲਮ ਰਾਹੀਂ ਜਾਕੇ ਇਹ ਐਲਾਨ ਕਰਨਾ ਚਾਹੀਦਾ: “ਪਹਾੜੀ ਦੇਸ਼ ਨੂੰ ਜਾ ਕੇ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਅਤੇ ਜੰਗਲੀ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਮਹਿਂਦੇ ਦੇ ਰੁੱਖਾਂ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਰੁੱਖਾਂ ਦੀਆਂ ਟਹਿਣੀਆਂ ਲੈ ਕੇ ਆਉਣੀਆਂ। ਅਤੇ ਆਸਰੇ ਇਨ੍ਹਾਂ ਟਹਿਣੀਆਂ ਤੋਂ ਬਣਾਏ ਜਾਣ। ਜਿਵੇਂ ਬਿਵਸਬਾ ਵਿੱਚ ਲਿਖਿਆ ਗਿਆ ਇਹ ਉਵੇਂ ਹੀ ਕੀਤਾ ਜਾਵੇ।”

16 ਤਾਂ ਲੋਕਾਂ ਨੇ ਟਹਿਣੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਲਈ ਡੇਰੇ ਬਣਾਏ। ਉਨ੍ਹਾਂ ਨੇ ਆਪਣੀਆਂ ਹੀ ਛੱਤਾਂ ਅਤੇ ਵਿਹੜਿਆਂ ਵਿੱਚ ਤੇਰੇ ਲਾਏ। ਉਨ੍ਹਾਂ ਨੇ ਮੰਦਰ ਦੇ ਵਿਹੜੇ ਵਿੱਚ ਵੀ ਤੇਰੇ ਲਾਏ। ਇਹ ਡੇਰੇ ਜਲ ਫਾਟਕ ਅਤੇ ਅਫਰਾਈਮ ਦੇ ਫਾਟਕ ਦੇ ਖੁਲੇ ਮੈਦਾਨ ਵਿੱਚ ਲਗਾਏ ਗਏ ਸਨ। 17 ਜਲਾਵਤਨੀਆਂ ਦੀ ਸਭਾ ਨੇ, ਜਿਹੜੇ ਕੈਦ ਤੋਂ ਵਾਪਸ ਆਏ ਸਨ, ਆਪਣੇ ਆਸਰੇ ਬਣਾਏ ਅਤੇ ਉਨ੍ਹਾਂ ਵਿੱਚ ਹੀ ਰਹੇ। ਕਿਉਂ ਕਿ ਨੂਨ ਦੇ ਪੁੱਤਰ ਯਹੋਸ਼ੂਆ ਦੇ ਸਮੇਂ ਤੋਂ ਉਸ ਦਿਨ ਤੀਕ ਕਦੇ ਵੀ ਇਸਰਾਏਲੀਆਂ ਨੇ ਇੰਝ ਜਸ਼ਨ ਨਹੀਂ ਮਨਾਇਆ ਸੀ। ਹਰ ਕੋਈ ਬਹੁਤ ਖੁਸ਼ ਸੀ।

18 ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੀਕ, ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ, ਹਰ ਹੋਜ਼ ਪੜ੍ਹਿਆ। ਉਨ੍ਹਾਂ ਨੇ ਪਰਬ ਨੂੰ ਬਿਵਸਬਾ ਮੁਤਾਬਕ ਸੱਤ ਦਿਨ ਮਨਾਇਆ ਅਤੇ ਅੱਠਵੇਂ ਦਿਨ ਇੱਕ ਖਾਸ ਸਭਾ ਹੋਈ।

ਰਸੂਲਾਂ ਦੇ ਕਰਤੱਬ 18

ਕੁਰਿੰਥੁਸ ਵਿੱਚ ਪੌਲੁਸ

18 ਬਾਅਦ ਵਿੱਚ ਪੌਲੁਸ ਅਥੈਨੇ ਨੂੰ ਛੱਡ ਕੇ ਕੁਰਿੰਥੁਸ ਸ਼ਹਿਰ ਵਿੱਚ ਚੱਲਾ ਗਿਆ। ਉੱਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸੱਕਿੱਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਮਿਲਣ ਲਈ ਗਿਆ। ਉਹ ਵੀ ਪੌਲੁਸ ਦੀ ਤਰ੍ਹਾਂ, ਤੰਬੂ ਬਨਾਉਣ ਵਾਲੇ ਹੀ ਸਨ। ਪੌਲੁਸ ਉਨ੍ਹਾਂ ਕੋਲ ਠਹਿਰ ਕੇ ਉਨ੍ਹਾਂ ਨਾਲ ਕੰਮ ਕਰਨ ਲੱਗ ਪਿਆ।

ਹਰ ਸਬਤ ਦੇ ਦਿਨ, ਪੌਲੁਸ ਯਹੂਦੀਆਂ ਅਤੇ ਯੂਨਾਨੀਆਂ ਨਾਲ ਪ੍ਰਾਰਥਨਾ ਸਥਾਨ ਵਿੱਚ ਚਰਚਾ ਕਰਦਾ। ਪੌਲੁਸ ਨੇ ਉਨ੍ਹਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ। ਸੀਲਾਸ ਅਤੇ ਤਿਮੋਥਿਉਸ ਮਕਦੁਨਿਯਾ ਤੋਂ ਪੌਲੁਸ ਕੋਲ ਕੁਰਿੰਥੀਆਂ ਵਿੱਚ ਆ ਗਏ। ਇਸ ਤੋਂ ਬਾਅਦ ਉਸ ਨੇ ਖੁਸ਼ਖਬਰੀ ਦੇਣ ਅਤੇ ਯਹੂਦੀਆਂ ਨੂੰ ਇਹ ਵਿਖਾਉਂਦਿਆਂ, ਕਿ ਯਿਸੂ ਹੀ ਮਸੀਹ ਹੈ, ਆਪਣਾ ਸਾਰਾ ਸਮਾਂ ਬਿਤਾਇਆ। ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੋਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸੱਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।”

ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡ ਕੇ ਤੀਤੁਸ ਯੂਸਤੁਸ ਦੇ ਘਰ ਨੂੰ ਚੱਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ। ਉਸ ਪ੍ਰਾਰਥਨਾ ਸਥਾਨ ਦਾ ਆਗੂ ਕਰਿਸਪੁਸ ਸੀ। ਕਰਿਸਪੁਸ ਅਤੇ ਸਾਰੇ ਉਸ ਦੇ ਘਰ ਵਿੱਚ ਰਹਿਣ ਵਾਲਿਆਂ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ। ਕੁਰਿੰਥੀਆਂ ਵਿੱਚ ਰੋਰ ਵੀ ਬਹੁਤ ਸਾਰੇ ਲੋਕਾਂ ਨੇ ਪੌਲੁਸ ਨੂੰ ਸੁਣਿਆ ਅਤੇ ਵਿਸ਼ਵਾਸ ਕੀਤਾ ਤੇ ਫ਼ਿਰ ਉਨ੍ਹਾਂ ਨੂੰ ਵੀ ਬਪਤਿਸਮਾ ਦਿੱਤਾ ਗਿਆ।

ਰਾਤ ਵੇਲੇ ਪੌਲੁਸ ਨੂੰ ਦਰਸ਼ਨ ਹੋਏ ਜਿਸ ਵਿੱਚ ਪ੍ਰਭੂ ਮਾਲਿਕ ਨੇ ਉਸ ਨੂੰ ਕਿਹਾ, “ਘਬਰਾ ਨਾ, ਲਗਾਤਾਰ ਲੋਕਾਂ ਵਿੱਚ ਬਚਨ ਕਰ, ਰੁਕੀਂ ਨਾ। 10 ਮੈਂ ਤੇਰੇ ਨਾਲ ਹਾਂ। ਕੋਈ ਵੀ ਤੇਰੇ ਤੇ ਹਮਲਾ ਕਰਨ ਅਤੇ ਤੈਨੂੰ ਸੱਟ ਮਾਰਨ ਨਹੀਂ ਆਵੇਗਾ। ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” 11 ਪੌਲੁਸ ਉੱਥੇ ਕੋਈ ਡੇਢ ਕੁ ਸਾਲ ਠਹਿਰਿਆ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਉਪਦੇਸ਼ ਸੁਨਾਉਂਦਾ ਰਿਹਾ।

ਪੌਲੁਸ ਨੂੰ ਗਾਲੀਓ ਅੱਗੇ ਪੇਸ਼ ਕੀਤਾ ਗਿਆ

12 ਜਦੋਂ ਗਾਲੀਓ ਅਖਾਯਾ ਦੇਸ਼ ਦਾ ਰਾਜਪਾਲ ਬਣ ਗਿਆ, ਕੁਝ ਯਹੂਦੀ ਲੋਕ ਇੱਕ ਸਾਥ ਪੌਲੁਸ ਦੇ ਵਿਰੁੱਧ ਇਕੱਠੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ, 13 ਅਤੇ ਉਨ੍ਹਾਂ ਜਾਕੇ ਗਾਲੀਓ ਨੂੰ ਆਖਿਆ, “ਉਹ ਲੋਕਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਅਜਿਹੇ ਢੰਗ ਨਾਲ ਕਰਨ ਲਈ ਮਨਾਉਂਦਾ ਹੈ ਜੋ ਕਿ ਸਾਡੇ ਯਹੂਦੀ ਸ਼ਰ੍ਹਾ ਦੇ ਖਿਲਾਫ਼ ਹੈ।”

14 ਜਦੋਂ ਪੌਲੁਸ ਕੁਝ ਆਖਣ ਲਈ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, “ਹੇ ਯਹੂਦੀਓ। ਮੈ ਤੁਹਾਡੀ ਗੱਲ ਤਾਂ ਸੁਣੀ ਹੁੰਦੀ, ਜੇਕਰ ਇਹ ਕਿਸੇ ਗੰਭੀਰ ਅਪਰਾਧ ਜਾਂ ਗਲਤ ਕਰਨੀਆਂ ਦਾ ਮਾਮਲਾ ਹੁੰਦਾ। 15 ਪਰ ਜੋ ਗੱਲ ਤੁਸੀਂ ਯਹੂਦੀ ਆਖ ਰਹੇ ਹੋ ਇਹ ਝਗੜ੍ਹੇ ਤਾਂ ਤੁਹਾਡੀ ਆਪਣੀ ਸ਼ਰ੍ਹਾ, ਸ਼ਬਦਾਂ ਅਤੇ ਨਾਵਾਂ ਦੇ ਹਨ, ਸੋ ਇਹ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।” 16 ਤਦ ਗਾਲੀਓ ਨੇ ਉਨ੍ਹਾਂ ਨੂੰ ਅਦਾਲਤ ਤੋਂ ਬਾਹਰ ਜਾਣ ਨੂੰ ਕਿਹਾ।

17 ਤਦ ਉਨ੍ਹਾਂ ਸਾਰਿਆਂ ਨੇ ਸੋਸਨਥੇਜ਼ ਨੂੰ ਫ਼ੜ ਲਿਆ। ਸੋਸਨਥੇਜ਼ ਉਸ ਵਕਤ ਪ੍ਰਾਰਥਨਾ ਸਥਾਨ ਦਾ ਆਗੂ ਸੀ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਸਾਹਮਣੇ ਲਿਆਕੇ ਮਾਰਿਆ, ਪਰ ਗਾਲੀਓ ਨੇ ਇਸ ਬਾਰੇ ਕੋਈ ਧਿਆਨ ਨਾ ਦਿੱਤਾ।

ਪੌਲੁਸ ਦਾ ਅੰਤਾਕਿਯਾ ਵੱਲ ਮੁੜਨਾ

18 ਪੌਲੁਸ ਉੱਥੇ ਬਹੁਤ ਦਿਨ ਠਹਿਰਿਆ। ਫ਼ੇਰ ਉਸ ਨੇ ਭਰਾਵਾਂ ਨੂੰ ਅਲਵਿਦਾ ਆਖੀ ਅਤੇ ਸੁਰਿਯਾ ਲਈ ਜਹਾਜ ਵਿੱਚ ਸਫ਼ਰ ਕੀਤਾ। ਪ੍ਰਿਸੱਕਿੱਲਾ ਅਤੇ ਅਕੂਲਾ ਵੀ ਉਸ ਦੇ ਨਾਲ ਸਨ। ਕੰਖਰਿਯਾ ਵਿੱਚ ਪੌਲੁਸ ਨੇ ਆਪਣੇ ਵਾਲ ਕਟਾ ਲਏ, ਕਿਉਂਕਿ ਉਸ ਨੇ ਮੰਨਤ ਮੰਨੀ ਸੀ। 19 ਤਦ ਉਹ ਅਫ਼ਸੁਸ ਸ਼ਹਿਰ ਵਿੱਚ ਪਹੁੰਚਿਆ ਅਤੇ ਇੱਥੇ ਹੀ ਉਸ ਨੇ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਛੱਡਿਆ। ਅਫ਼ਸੁਸ ਵਿੱਚ, ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਯਹੂਦੀਆਂ ਨਾਲ ਗੱਲ ਬਾਤ ਕੀਤੀ। 20 ਯਹੂਦੀਆਂ ਨੇ ਪੌਲੁਸ ਨੂੰ ਉੱਥੇ ਕੁਝ ਦੇਰ ਰੁਕਣ ਲਈ ਕਿਹਾ, ਪਰ ਉਸ ਨੇ ਮਨ੍ਹਾ ਕਰ ਦਿੱਤਾ। 21 ਪੌਲੁਸ ਨੇ ਉਨ੍ਹਾਂ ਨੂੰ ਛੱਡਿਆ ਅਤੇ ਕਿਹਾ, “ਜੇ ਪਰਮੇਸ਼ੁਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ।” ਇਉਂ ਪੌਲੁਸ ਅਫ਼ਸੁਸ ਤੋਂ ਰਵਾਨਾ ਹੋਇਆ।

22 ਅਤੇ ਕੈਸਰਿਯਾ ਸ਼ਹਿਰ ਵਿੱਚ ਪਹੁੰਚਿਆ। ਫ਼ੇਰ ਉਹ ਯਰੂਸ਼ਲਮ ਵਿੱਚ ਕਲੀਸਿਯਾ ਨੂੰ ਸ਼ੁਭਕਾਮਨਾਵਾਂ ਦੇਣ ਲਈ ਗਿਆ। ਉਸਤੋਂ ਬਾਅਦ ਉਹ ਅੰਤਾਕਿਯਾ ਨੂੰ ਗਿਆ, 23 ਅਤੇ ਉੱਥੇ ਕੁਝ ਦੇਰ ਰੁਕਿਆ ਅਤੇ ਫ਼ਿਰ ਅੰਤਾਕਿਯਾ ਨੂੰ ਛੱਡ ਕੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ਼ ਵਿੱਚ ਥਾਂ-ਥਾਂ ਫ਼ਿਰ ਕੇ ਯਿਸੂ ਦੇ ਸਾਰੇ ਚੇਲਿਆਂ ਨੂੰ ਤਕੜਿਆਂ ਕਰਦਾ ਰਿਹਾ।

ਅਪੁੱਲੋਸ ਦਾ ਅਫ਼ਸੁਸ ਅਤੇ ਅਖਾਯਾ ਵੱਲ ਜਾਣਾ

24 ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸ ਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ। 25 ਉਸ ਨੂੰ ਪ੍ਰਭੂ ਦੇ ਮਾਰਗ ਬਾਰੇ ਸਿੱਖਾਇਆ ਗਿਆ ਸੀ। ਉਹ ਪ੍ਰਭੂ ਯਿਸੂ ਬਾਰੇ ਬੜੇ ਜੋਸ਼ ਨਾਲ ਬੋਲਦਾ ਸੀ। ਜੋ ਉਹ ਯਿਸੂ ਬਾਰੇ ਸਿੱਖਿਆ ਦਿੰਦਾ ਉਹ ਠੀਕ ਹੁੰਦੀ ਸੀ। ਅਪੁੱਲੋਸ ਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਪਤਾ ਸੀ। 26 ਅਪੁੱਲੋਸ ਨੇ ਨਿਡਰਤਾ ਨਾਲ ਪ੍ਰਾਰਥਨਾ ਸਥਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਿਸੱਕਿੱਲਾ ਅਤੇ ਅਕੂਲਾ ਨੇ ਵੀ ਉਸ ਨੂੰ ਬੋਲਦਿਆਂ ਸੁਣਿਆ। ਫ਼ੇਰ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਮਾਰਗ ਬਾਰੇ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕੀਤੀ।

27 ਅਪੁੱਲੋਸ ਅਖਾਯਾ ਦੇਸ਼ ਨੂੰ ਜਾਣਾ ਚਾਹੁੰਦਾ ਸੀ ਤਾਂ ਅਫ਼ਸੁਸ ਵਿੱਚ ਰਹਿੰਦੇ ਭਰਾਵਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਅਖਾਯਾ ਵਿੱਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਇੱਕ ਚਿਠੀ ਲਿਖੀ ਜਿਸ ਵਿੱਚ ਉਸ ਨੇ ਅਪੁੱਲੋਸ ਨੂੰ ਉੱਥੇ ਉਸਦਾ ਆਦਰ ਕਰਨ ਲਈ ਲਿਖਿਆ। ਅਖਾਯਾ ਵਿੱਚ ਇਨ੍ਹਾਂ ਨਿਹਚਾਵਾਨਾਂ ਨੇ ਪਰਮੇਸ਼ੁਰ ਦੀ ਕਿਰਪਾ ਨਾਲ ਯਿਸੂ ਵਿੱਚ ਨਿਹਚਾ ਕੀਤੀ। 28 ਉਸ ਨੇ ਯਹੂਦੀਆਂ ਨਾਲ ਬੜੀ ਤਕੜੀ ਦਲੀਲਬਾਜ਼ੀ ਕੀਤੀ ਅਤੇ ਸਾਰੇ ਲੋਕਾਂ ਸਾਹਮਣੇ ਸਾਫ਼ ਤੌਰ ਤੇ ਸਾਬਿਤ ਕਰ ਦਿੱਤਾ ਕਿ ਯਹੂਦੀ ਗਲਤ ਸਨ। ਉਸ ਨੇ ਪੋਥੀਆਂ ਵਿਖਾਈਆਂ ਅਤੇ ਇਹ ਦਰਸ਼ਾਇਆ ਕਿ ਯਿਸੂ ਹੀ ਮਸੀਹ ਹੈ।

Punjabi Bible: Easy-to-Read Version (ERV-PA)

2010 by World Bible Translation Center