M’Cheyne Bible Reading Plan
ਅਬਰਾਮ ਦੀ ਕਨਾਨ ਵਿੱਚ ਵਾਪਸੀ
13 ਇਸ ਤਰ੍ਹਾਂ, ਅਬਰਾਮ ਨੇ ਮਿਸਰ ਛੱਡ ਦਿੱਤਾ। ਅਬਰਾਮ ਆਪਣੀ ਪਤਨੀ ਅਤੇ ਆਪਣੀ ਸਾਰੀ ਮਲਕੀਅਤ ਸਮੇਤ ਨੇਗੇਵ ਵਿੱਚੋਂ ਹੌਲੇ ਲੰਘਿਆ। ਲੂਤ ਵੀ ਉਨ੍ਹਾਂ ਦੇ ਨਾਲ ਸੀ। 2 ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।
3 ਅਬਰਾਮ ਆਲੇ-ਦੁਆਲੇ ਸਫ਼ਰ ਕਰਦਾ ਰਿਹਾ। ਉਸ ਨੇ ਨੇਗੇਵ ਨੂੰ ਛੱਡ ਦਿੱਤਾ ਅਤੇ ਬੈਤ-ਏਲ ਨੂੰ ਵਾਪਸ ਚੱਲਾ ਗਿਆ। ਉਹ ਉਸ ਥਾਂ ਤੇ ਚੱਲਾ ਗਿਆ ਜਿਹੜੀ ਬੈਤ-ਏਲ ਦੇ ਸ਼ਹਿਰ ਅਤੇ ਆਈ ਸ਼ਹਿਰ ਦੇ ਵਿੱਚਕਾਰ ਸੀ। ਇਹ ਓਹੀ ਥਾਂ ਸੀ ਜਿੱਥੇ ਅਬਰਾਮ ਅਤੇ ਉਸ ਦੇ ਪਰਿਵਾਰ ਨੇ ਪਹਿਲਾਂ ਵੀ ਡੇਰਾ ਲਾਇਆ ਸੀ। 4 ਇਹ ਓਹੀ ਥਾਂ ਸੀ ਜਿੱਥੇ ਅਬਰਾਮ ਨੇ ਜਗਵੇਦੀ ਉਸਾਰੀ ਸੀ। ਇਸ ਲਈ ਅਬਰਾਮ ਨੇ ਇੱਥੇ ਯਹੋਵਾਹ ਦੀ ਉਪਾਸਨਾ ਕੀਤੀ।
ਅਬਰਾਮ ਅਤੇ ਲੂਤ ਦਾ ਵਿੱਛੜਨਾ
5 ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ। 6 ਅਬਰਾਮ ਅਤੇ ਲੂਤ ਕੋਲ ਇੰਨੇ ਜਾਨਵਰ ਸਨ ਕਿ ਉਸ ਧਰਤੀ ਉੱਤੇ ਦੋਹਾਂ ਦਾ ਗੁਜ਼ਾਰਾ ਇਕੱਠੇ ਨਹੀਂ ਹੋ ਸੱਕਦਾ ਸੀ। 7 ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ।
8 ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ। 9 ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ। ਤੂੰ ਜਿਹੜੀ ਵੀ ਥਾਂ ਚਾਹੇਂ ਚੁਣ ਸੱਕਦਾ ਹੈਂ। ਜੇ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਚੱਲਿਆ ਜਾਵਾਂਗਾ। ਜੇ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਚੱਲਿਆ ਜਾਵਾਂਗਾ।”
10 ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓੱਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ। 11 ਇਸ ਲਈ ਲੂਤ ਨੇ ਯਰਦਨ ਦੀ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ। ਦੋਵੇਂ ਆਦਮੀ ਵੱਖ ਹੋ ਗਏ ਅਤੇ ਲੂਤ ਪੂਰਬ ਵੱਲ ਚੱਲ ਪਿਆ। 12 ਅਬਰਾਮ ਕਨਾਨ ਦੀ ਧਰਤੀ ਉੱਤੇ ਠਹਿਰ ਗਿਆ ਅਤੇ ਲੂਤ ਵਾਦੀ ਦੇ ਸ਼ਹਿਰਾਂ ਅੰਦਰ ਰਹਿਣ ਲੱਗਾ। ਲੂਤ ਦੂਰ ਦੱਖਣ ਵੱਲ ਸਦੂਮ ਨੂੰ ਚੱਲਾ ਗਿਆ ਅਤੇ ਓੱਥੇ ਹੀ ਆਪਣਾ ਡੇਰਾ ਲਾ ਲਿਆ। 13 ਯਹੋਵਾਹ ਜਾਣਦਾ ਸੀ ਕਿ ਸਦੂਮ ਦੇ ਲੋਕ ਬਹੁਤ ਬਦ ਅਤੇ ਪਾਪੀ ਸਨ।
14 ਲੂਤ ਦੇ ਚੱਲੇ ਜਾਣ ਤੋਂ ਬਾਦ, ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣੇ ਆਲੇ-ਦੁਆਲੇ ਦੇਖ, ਉੱਤਰ ਵੱਲ ਅਤੇ ਦੱਖਣ ਵੱਲ ਦੇਖ, ਅਤੇ ਪੂਰਬ ਅਤੇ ਪੱਛਮ ਵੱਲ ਦੇਖ। 15 ਇਹ ਸਾਰੀ ਧਰਤੀ ਜਿਹੜੀ ਤੂੰ ਦੇਖ ਰਿਹਾ ਹੈਂ, ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇ ਦੇਵਾਂਗਾ। ਇਹ ਹਮੇਸ਼ਾ ਤੁਹਾਡੀ ਹੀ ਰਹੇਗੀ। 16 ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸੱਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸੱਕਣਗੇ। 17 ਇਸ ਲਈ ਜਾਓ। ਆਪਣੀ ਧਰਤੀ ਦੀ ਲੰਬਾਈ ਅਤੇ ਚੌੜਾਈ ਦੁਆਲੇ ਚੱਲੋ, ਕਿਉਂਕਿ ਮੈਂ ਇਹ ਤੁਹਾਨੂੰ ਦੇ ਦੇਵਾਂਗਾ।”
18 ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁੱਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।
ਕੁਝ ਯਹੂਦੀਆਂ ਵੱਲੋਂ ਯਿਸੂ ਦੀ ਨਿੰਦਿਆ(A)
12 ਉਸ ਵੇਲੇ, ਯਿਸੂ ਕਣਕ ਦੇ ਖੇਤਾਂ ਵਿੱਚੋਂ ਲੰਘ ਰਿਹਾ ਸੀ। ਉਸ ਦੇ ਚੇਲੇ ਉਸ ਦੇ ਨਾਲ ਸਨ ਅਤੇ ਉਹ ਭੁੱਖੇ ਸਨ ਇਸ ਲਈ ਉਨ੍ਹਾਂ ਨੇ ਸਿੱਟੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। 2 ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।”
3 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ? 4 ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸ ਨੇ ਅਤੇ ਉਸ ਦੇ ਸਾਥੀਆਂ ਨੇ ਉੱਥੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਕਿ ਦਾਊਦ ਅਤੇ ਉਸ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ? 5 ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋੜਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ? 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ। 7 ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।’ ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
8 “ਕਿਉਂ ਜੋ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
ਯਿਸੂ ਦਾ ਟੁੰਡੇ ਦੇ ਹੱਥ ਨੂੰ ਠੀਕ ਕਰਨਾ(B)
9 ਯਿਸੂ ਉਸ ਜਗ੍ਹਾ ਤੋਂ ਤੁਰਕੇ ਉੱਥੋਂ ਦੇ ਪ੍ਰਾਰਥਨਾ ਸਥਾਨ ਤੇ ਗਿਆ। 10 ਉੱਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉੱਥੇ ਕੁਝ ਯਹੂਦੀਆਂ ਨੇ ਯਿਸੂ ਦੇ ਜੁੰਮੇ ਇੱਕ ਦੋਸ਼ ਲਾਉਣ ਲਈ ਇਹ ਕਹਿਕੇ ਉਸ ਨੂੰ ਪੁੱਛਿਆ ਕਿ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ?”
11 ਯਿਸੂ ਨੇ ਜਵਾਬ ਦਿੱਤਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੋਵੇ ਅਤੇ ਜੇ ਸਬਤ ਦੇ ਦਿਨ ਉਹ ਟੇਏ ਵਿੱਚ ਡਿੱਗ ਪਵੇ, ਤਾਂ ਕੀ ਤੁਸੀਂ ਉਸ ਨੂੰ ਟੋਏ ਵਿੱਚੋਂ ਨਹੀਂ ਕੱਢੋਂਗੇ? 12 ਨਿਸ਼ਚੇ ਹੀ, ਆਦਮੀ ਭੇਡ ਨਾਲੋਂ ਕਿਤੇ ਵੱਧ ਮੁੱਲਵਾਨ ਹੈ। ਇਸ ਲਈ ਸਬਤ ਦੇ ਦਿਨ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ।”
13 ਤਦ ਯਿਸੂ ਨੇ ਉਸ ਟੁੰਡੇ ਮਨੁੱਖ ਨੂੰ ਕਿਹਾ, “ਮੈਨੂੰ ਆਪਣਾ ਹੱਥ ਵੇਖਣਦੇ?” ਜਦ ਮਨੁੱਖ ਨੇ ਆਪਣਾ ਹੱਥ ਯਿਸੂ ਅੱਗੇ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਹੀ ਚੰਗਾ ਹੋ ਗਿਆ। 14 ਪਰ ਫ਼ਰੀਸੀ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਈਆਂ।
ਯਿਸੂ, ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ ਹੈ
15 ਯਿਸੂ ਫ਼ਰੀਸੀਆਂ ਦੀਆਂ ਵਿਉਂਤਾਂ ਜਾਣ ਗਿਆ ਅਤੇ ਉਸ ਨੇ ਉਹ ਜਗ੍ਹਾ ਛੱਡ ਦਿੱਤੀ। ਬਹੁਤ ਸਾਰੇ ਲੋਕ ਉਸ ਦੇ ਪਿੱਛੇ ਲੱਗ ਤੁਰੇ, ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ। 16 ਅਤੇ ਉਨ੍ਹਾਂ ਨੂੰ ਤਾਗੀਤ ਕੀਤੀ ਕਿ ਉਹ ਉਸ ਬਾਰੇ ਹੋਰਾਂ ਨੂੰ ਨਾ ਦੱਸਣ। 17 ਯਿਸੂ ਨੇ ਇਹ ਸਭ ਨਬੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਪੂਰਨ ਕਰਨ ਲਈ ਕੀਤਾ।
18 “ਇਹ ਮੇਰਾ ਸੇਵਕ ਹੈ
ਜਿਸ ਨੂੰ ਮੈਂ ਚੁਣਿਆ ਹੈ।
ਮੇਰਾ ਪਿਆਰਾ ਹੈ
ਜਿਸਤੋਂ ਮੈਂ ਪ੍ਰਸੰਨ ਹਾਂ।
ਮੈਂ ਆਪਣਾ ਆਤਮਾ ਉਸ ਉੱਪਰ ਰੱਖਾਂਗਾ,
ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ।
19 ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ।
ਨਾ ਹੀ ਰਾਹਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20 ਉਹ ਲਿਤਾੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ।
ਉਹ ਉਸ ਦੀਵੇ ਨੂੰ ਬਾਹਰ ਰੱਖੇਗਾ ਜੋ ਕਿ ਬੁਝਣ ਵਾਲਾ ਹੈ ਉਹ ਅਜਿਹਾ
ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਨਿਰਪੱਖ ਨਿਆਂ ਦੀ ਜਿੱਤ ਸਥਾਪਿਤ ਨਾ ਕਰ ਦੇਵੇ।
21 ਅਤੇ ਕੌਮਾਂ ਉਸ ਉੱਪਰ ਆਪਣੀ ਆਸ ਰੱਖਣਗੀਆਂ।” (C)
ਯਿਸੂ ਨੂੰ ਪਰਮੇਸ਼ੁਰ ਵੱਲੋਂ ਸ਼ਕਤੀ(D)
22 ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸ ਨੂੰ ਭੂਤ ਚਿੰਬੜਿਆਂ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਸ ਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ। 23 ਸਾਰੇ ਲੋਕ ਹੈਰਾਨ ਸਨ ਅਤੇ ਆਖਿਆ, “ਕੀ ਇਹ ਆਦਮੀ ਦਾਊਦ ਦਾ ਪੁੱਤਰ ਤਾਂ ਨਹੀਂ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਲੋਕਾਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ।”
24 ਫ਼ਰੀਸੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ ਅਤੇ ਆਖਿਆ, “ਉਹ ਬਆਲ-ਜ਼ਬੂਲ ਦੇ ਸ਼ਾਸਕ ਦੀ ਸਹਾਇਤਾ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਕੱਢਦਾ ਹੈ।”
25 ਪਰ ਉਸ ਨੇ ਉਨ੍ਹਾਂ ਦੀ ਸੋਚ-ਵਿੱਚਾਰ ਜਾਣਕੇ ਉਨ੍ਹਾਂ ਨੂੰ ਆਖਿਆ, “ਹਰ ਉਹ ਰਾਜ, ਜੋ ਆਪਣੇ-ਆਪ ਨਾਲ ਲੜਦਾ ਹੈ,ਨਸ਼ਟ ਹੋ ਜਾਵੇਗਾ, ਅਤੇ ਉਹ ਸ਼ਹਿਰ ਜਾਂ ਪਰਿਵਾਰ, ਜੋ ਆਪਣੇ ਆਪ ਨਾਲ ਲੜਦਾ ਹੈ, ਖੜ੍ਹਾ ਨਹੀਂ ਹੋ ਸੱਕਦਾ। 26 ਅਤੇ ਜੇ ਸ਼ੈਤਾਨ ਆਪਣੇ ਹੀ ਭੂਤਾਂ ਨੂੰ ਬਾਹਰ ਧੱਕਦਾ ਹੈ, ਤਾਂ ਸ਼ੈਤਾਨ ਆਪਣੇ ਹੀ ਖਿਲਾਫ਼ ਲੜ ਰਿਹਾ ਹੈ। ਇਸ ਤਰ੍ਹਾਂ ਉਸਦਾ ਰਾਜ ਨਹੀਂ ਚੱਲ ਸੱਕਦਾ? 27 ਜੇਕਰ ਮੈਂ ਭੂਤਾਂ ਨੂੰ ਕੱਢਣ ਵਾਸਤੇ ਬਆਲ-ਜ਼ਬੂਲ ਦੀ ਸ਼ਕਤੀ ਦੀ ਵਰਤੋਂ ਕਰਦਾ ਹਾਂ, ਤਾਂ ਤੁਹਾਡੇ ਚੇਲੇ ਭੂਤ ਕੱਢਣ ਵਾਸਤੇ ਕਿਸ ਸ਼ਕਤੀ ਦੀ ਵਰਤੋਂ ਕਰਦੇ ਹਨ? ਇਸ ਲਈ ਤੁਹਾਡੇ ਆਪਣੇ ਲੋਕ ਇਹ ਸਾਬਿਤ ਕਰ ਦਿੰਦੇ ਹਨ ਕਿ ਤੁਸੀਂ ਗਲਤ ਹੋ। 28 ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਇਸਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। 29 ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ। 30 ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁੜਦਾ, ਖਿੰਡ ਜਾਂਦਾ ਹੈ।
31 “ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਪਾਪ ਅਤੇ ਹਰ ਕੁਫ਼ਰ ਲਈ ਮਾਫ਼ੀ ਹੈ ਜੋ ਲੋਕ ਕਰਦੇ ਅਤੇ ਕਹਿੰਦੇ ਹਨ। ਪਰ ਉਹ ਕੁਫ਼ਰ, ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਹੋਵੇ, ਮਾਫ਼ ਨਹੀਂ ਕੀਤਾ ਜਾਵੇਗਾ। 32 ਅਤੇ ਜੇ ਕੋਈ ਮਨੁੱਖ ਦੇ ਪੁੱਤਰ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਤਾਂ ਉਸ ਨੂੰ ਨਾ ਇਸ ਜੁੱਗ ਵਿੱਚ ਤੇ ਨਾਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।
ਤੁਹਾਡੀ ਕਰਨੀ ਦੱਸਦੀ ਹੈ ਕਿ ਤੁਸੀਂ ਕੀ ਹੋ(E)
33 “ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈੜਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ। 34 ਹੇ ਸੱਪਾਂ ਦੇ ਬੱਚਿਓ! ਕੀ ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਰ ਸੱਕਦੇ ਹੋਂ? ਤੁਹਾਡਾ ਦਿਲ ਜਿਸ ਨਾਲ ਭਰਿਆ ਹੈ, ਤੁਹਾਡਾ ਮੂੰਹ ਵੀ ਉਹੀ ਬੋਲਦਾ ਹੈ। 35 ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸ ਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰੱਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ। 36 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰੇਕ ਅਕਾਰਥ ਗੱਲ ਲਈ, ਜੋ ਮਨੁੱਖ ਬੋਲਣਗੇ ਨਿਆਂ ਦੇ ਦਿਨ ਉਸਦਾ ਹਿਸਾਬ ਦੇਣਗੇ। 37 ਤੁਹਾਡੇ ਸ਼ਬਦਾਂ ਤੋਂ, ਤੁਸੀਂ ਧਰਮੀ ਮੰਨੇ ਜਾਵੋਂਗੇ। ਤੁਹਾਡੇ ਸ਼ਬਦਾਂ ਤੋਂ ਤੁਹਾਡਾ ਦੋਸ਼ੀ ਹੋਣ ਦਾ ਨਿਰਨਾ ਕੀਤਾ ਜਾਵੇਗਾ।”
ਯਹੂਦੀਆਂ ਨੇ ਯਿਸੂ ਤੋਂ ਨਿਸ਼ਾਨ ਮੰਗਿਆ(F)
38 ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”
39 ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ। 40 ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮੱਛੀ ਦੇ ਢਿਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਆਂ ਦੇ ਦਿਨ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇੱਥੇ ਹੈ।
42 “ਦੱਖਣ ਦੀ ਰਾਣੀ ਵੀ ਇਸ ਪੀੜ੍ਹੀ ਦੇ ਲੋਕਾਂ ਨਾਲ ਨਿਆਂ ਦੇ ਦਿਨ ਉੱਠ ਖੜ੍ਹੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇੱਥੇ ਹੈ।
ਅੱਜ ਦੇ ਲੋਕ ਦੁਸ਼ਟ ਹਨ(G)
43 “ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲੱਭਦੀ। 44 ਤਦ ਇਹ ਆਖਦਾ ਹੈ, ‘ਮੈਂ ਆਪਣੇ ਘਰੋਂ, ਜਿੱਥੋਂ ਨਿਕਲਿਆ ਸੀ, ਉੱਥੇ ਹੀ ਮੁੜ ਜਾਵਾਂਗਾ।’ ਅਤੇ ਜਦੋਂ ਉਹ ਮੁੜ ਉਸ ਘਰ ਪਰਤਦਾ ਹੈ ਤਾਂ ਉਹ ਵੇਖਦਾ ਹੈ ਕਿ ਉਹ ਘਰ ਸੁੰਨਾ, ਝਾੜਿਆ ਅਤੇ ਸੰਵਰਿਆ ਹੋਇਆ ਹੈ। 45 ਤਦ ਉਹ ਪ੍ਰੇਤ ਆਤਮਾ ਜਾਂਦਾ ਹੈ ਅਤੇ ਆਪਣੇ ਤੋਂ ਵੀ ਵੱਧ ਭੈੜੇ ਸੱਤ ਹੋਰ ਭ੍ਰਿਸ਼ਟ ਆਤਮੇ ਨਾਲ ਲਿਆਉਂਦਾ ਹੈ। ਫ਼ਿਰ ਉਹ ਸਾਰੇ ਆਤਮੇ ਉਸ ਮਨੁੱਖ ਅੰਦਰ ਜਾ ਵੱਸਦੇ ਹਨ। ਫ਼ੇਰ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਵੱਧ ਬੁਰਾ ਹੁੰਦਾ ਹੈ। ਇਹੀ ਦੁਸ਼ਟ ਲੋਕਾਂ ਨਾਲ ਵਾਪਰੇਗਾ ਜੋ ਅੱਜ ਜਿਉਂਦੇ ਹਨ।”
ਯਿਸੂ ਦੇ ਚੇਲੇ ਹੀ ਉਸਦਾ ਪਰਿਵਾਰ(H)
46 ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖੜੋਤੇ ਹੋਏ ਸਨ। 47 ਤਾਂ ਇੱਕ ਬੰਦੇ ਨੇ ਉਸ ਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”
48 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਅਤੇ ਉਸ ਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ। 50 ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
ਪਾਤਸ਼ਾਹ ਦਾ ਨਹਮਯਾਹ ਨੂੰ ਯਰੂਸ਼ਲਮ ’ਚ ਭੇਜਣਾ
2 ਅਰਤਹਸ਼ਸ਼ਤਾ ਪਾਤਸ਼ਾਹ ਦੇ 20ਵੇਂ, ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਕੁਝ ਮੈਅ ਪਾਤਸ਼ਾਹ ਕੋਲ ਲਿਆਈ ਗਈ। ਮੈਂ ਮੈਅ ਚੁੱਕ ਕੇ ਪਾਤਸ਼ਾਹ ਨੂੰ ਦਿੱਤੀ। ਪਹਿਲਾਂ ਜਦੋਂ ਵੀ ਮੈਂ ਪਾਤਸ਼ਾਹ ਸਾਹਮਣੇ ਹੁੰਦਾ ਸੀ ਕਦੇ ਇੰਨਾ ਉਦਾਸ ਨਹੀਂ ਸੀ ਹੋਇਆ, ਪਰ ਹੁਣ ਮੈਂ ਬੜਾ ਉਦਾਸ ਸੀ। 2 ਤਾਂ ਪਾਤਸ਼ਾਹ ਨੇ ਮੈਨੂੰ ਪੁੱਛਿਆ, “ਕੀ ਤੂੰ ਬੀਮਾਰ ਹੈਂ? ਤੂੰ ਉਦਾਸ ਕਿਉਂ ਦਿਖ ਰਿਹਾ ਹੈਂ? ਮੈਨੂੰ ਲੱਗਦਾ ਤੇਰੇ ਮਨ ਵਿੱਚ ਕੋਈ ਦੁੱਖ ਹੈ।”
ਫ਼ੇਰ ਮੈਂ ਬਹੁਤ ਡਰ ਗਿਆ। 3 ਭਾਵੇਂ ਮੈਂ ਬੜਾ ਡਰਿਆਂ ਹੋਇਆ ਸੀ ਤਾਂ ਵੀ ਮੈਂ ਪਾਤਸ਼ਾਹ ਨੂੰ ਕਿਹਾ, “ਪਾਤਸ਼ਾਹ, ਜੁਗੋ-ਜੁਗ ਜੀਉਂਦਾ ਰਹੇ। ਮੇਰਾ ਦਿਲ ਇਸ ਲਈ ਉਦਾਸ ਹੈ ਕਿਉਂ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ ਉਹ ਬੇਹ ਹੋਇਆ ਪਿਆ ਹੈ ਅਤੇ ਉਸ ਸ਼ਹਿਰ ਦੇ ਫਾਟਕ ਅੱਗ ਨਾਲ ਝੁਲਸੇ ਫਨਾਹ ਹੋਏ ਪਏ ਹਨ।”
4 ਤਦ ਪਾਤਸ਼ਾਹ ਨੇ ਮੈਨੂੰ ਕਿਹਾ, “ਤੂੰ ਮੇਰੇ ਤੋਂ ਕੀ ਚਾਹੁੰਦਾ ਹੈਂ?”
ਮੈਂ ਪਾਤਸ਼ਾਹ ਨੂੰ ਕੁਝ ਆਖਣ ਤੋਂ ਪਹਿਲਾਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। 5 ਫਿਰ ਮੈਂ ਪਾਤਸ਼ਾਹ ਨੂੰ ਆਖਿਆ, “ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇਕਰ ਤੇਰੀ ਨਿਗਾਹ ਵਿੱਚ ਤੇਰਾ ਸੇਵਕ ਪ੍ਰਸੰਸਾਯੋਗ ਹੈ, ਮੈਨੂੰ ਯਹੂਦਾਹ ਦੇ ਸ਼ਹਿਰ (ਯਰੂਸ਼ਲਮ) ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਭੇਜ ਦੇਵੋ। ਮੈਂ ਉੱਥੇ ਜਾ ਕੇ ਉਸ ਸ਼ਰਿਰ ਨੂੰ ਮੁੜ ਤੋਂ ਬਨਾਉਣਾ ਚਾਹੁੰਦਾ ਹਾਂ।”
6 ਪਾਤਸ਼ਾਹ ਦੇ ਕੋਲ ਹੀ ਮਹਾਰਾਣੀ ਵੀ ਬੈਠੀ ਹੋਈ ਸੀ। ਉਨ੍ਹਾਂ ਦੋਨਾਂ ਨੇ ਮੈਨੂੰ ਪੁੱਛਿਆ, “ਤ੍ਤੇਰਾ ਸਫ਼ਰ ਕਿੰਨਾ ਚਿਰ ਰਹੇਗਾ ਅਤੇ ਕੀ ਤੂੰ ਵਾਪਸ ਪਰਤੇਂਗਾ?”
ਪਾਤਸ਼ਾਹ ਮੈਨੂੰ ਭੇਜਣ ਲਈ ਪ੍ਰਸੰਨ ਸੀ ਤਾਂ ਮੈਂ ਉਸ ਨੂੰ ਵਾਪਸੀ ਦਾ ਸਮਾਂ ਠਹਿਰਾ ਦਿੱਤਾ। 7 ਮੈਂ ਪਾਤਸ਼ਾਹ ਨੂੰ ਇਹ ਵੀ ਕਿਹਾ, “ਜੇਕਰ ਪਾਤਸ਼ਾਹ ਪਸੰਦ ਕਰੇ, ਤਾਂ ਮੈਂ ਕੁਝ ਹੋਰ ਅਰਜ਼ ਕਰਾਂ। ਜੇਕਰ ਪਾਤਸ਼ਾਹ ਹਾਮੀ ਭਰੇ ਤਾਂ ਉਹ ਮੈਨੂੰ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਾਵਾਂ ਤੇ ਚਿੱਠੀਆਂ ਦੇਵੇ। ਉਨ੍ਹਾਂ ਨੂੰ ਇਹ ਚਿੱਠੀਆਂ ਵਿਖਾਕੇ, ਮੈਂ ਉਨ੍ਹਾਂ ਦੀ ਜ਼ਮੀਨ ਰਾਹੀਂ ਸ਼ਾਂਤੀ ਅਤੇ ਸ਼ੁਰੱਖਿਆ ਨਾਲ ਜਾ ਸੱਕਦਾ ਹਾਂ ਜਦ ਤੀਕ ਕਿ ਮੈਂ ਯਹੂਦਾਹ ਵਿੱਚ ਨਹੀਂ ਪਹੁੰਚ ਜਾਂਦਾ। 8 ਅਤੇ ਇੱਕ ਚਿੱਠੀ ਆਸਾਫ ਲਈ ਮਿਲੇ ਜਿਹੜਾ ਕਿ ਜੰਗਲ ਦਾ ਰੱਖਵਾਲਾ ਹੈ, ਤਾਂ ਜੋ ਉਹ ਮੈਨੂੰ ਮੰਦਰ ਦੇ ਕਿਲ੍ਹੇ ਦੇ ਫਾਟਕਾਂ ਲਈ, ਨਗਰ ਦੀਆਂ ਕੰਧਾਂ ਲਈ, ਅਤੇ ਮੇਰੇ ਘਰ ਲਈ ਮੈਨੂੰ ਲੱਕੜ ਲੈਣ ਦੀ ਮਨਜੂਰੀ ਦੇ ਦੇਵੇ ਜਿੱਥੇ ਮੈਂ ਰਹਿ ਸੱਕਦਾ ਹੋਵਾਂ।”
ਪਾਤਸ਼ਾਹ ਨੇ ਜੋ ਕੁਝ ਵੀ ਮੈਂ ਮੰਗਿਆ, ਮੈਨੂੰ ਦੇ ਦਿੱਤਾ। ਪਾਤਸ਼ਾਹ ਨੇ ਇਹ ਸਭ ਇਸ ਲਈ ਕੀਤਾ ਕਿਉਂ ਕਿ ਪਰਮੇਸ਼ੁਰ ਮੇਰੇ ਤੇ ਕ੍ਰਿਪਾਲੂ ਸੀ।
9 ਮੈਂ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਕੋਲ ਗਿਆ ਤੇ ਉਨ੍ਹਾਂ ਨੂੰ ਪਾਤਸ਼ਾਹ ਵਲੋਂ ਦਿੱਤੇ ਖਤ ਦਿਖਾਏ। ਪਾਤਸ਼ਾਹ ਨੇ ਮੇਰੇ ਨਾਲ ਫੌਜੀ ਅਧਿਕਾਰੀ ਅਤੇ ਘੁੜ ਸਵਾਰ ਵੀ ਭੇਜੇ ਸਨ। 10 ਸਨਬਲਟ ਅਤੇ ਟੋਬੀਯਾਹ ਨੂੰ ਜਦੋਂ ਮੇਰੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਬੜੇ ਪਰੇਸ਼ਾਨ ਅਤੇ ਗੁੱਸੇ ਹੋਏ ਕਿ ਕੋਈ ਇਸਰਾਏਲੀਆਂ ਦੀ ਮਦਦ ਲਈ ਆਇਆ ਸੀ। ਸਨਬਲਟ ਹੋਰੋਨ ਤੋਂ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਸੀ।
ਨਹਮਯਾਹ ਵਲੋਂ ਦੀਵਾਰਾਂ ਦੀ ਜਾਂਚ
11-12 ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨਾਂ ਦਿਨਾਂ ਲਈ ਰਿਹਾ। ਫ਼ੇਰ ਰਾਤ ਵੇਲੇ, ਮੈਂ ਕੁਝ ਆਦਮੀਆਂ ਨਾਲ ਨਿਕਲ ਪਿਆ, ਪਰ ਮੈਂ ਕਿਸੇ ਨੂੰ ਵੀ ਮੇਰੇ ਪਰਮੇਸ਼ੁਰ ਦੁਆਰਾ, ਯਰੂਸ਼ਲਮ ਬਾਰੇ, ਮੇਰੇ ਦਿਲ ਵਿੱਚ ਪਾਈਆਂ ਯੋਜਨਾਵਾਂ ਬਾਰੇ ਨਹੀਂ ਦੱਸਿਆ। ਓੱਬੇ ਜਿਸ ਘੋੜੇ ਤੇ ਮੈਂ ਸਵਾਰ ਸੀ ਉਸ ਤੇ ਇਲਾਵਾ ਮੇਰੇ ਕੋਲ ਕੋਈ ਹੋਰ ਘੋੜਾ ਨਹੀਂ ਸੀ। 13 ਰਾਤ ਵੇਲੇ, ਮੈਂ ਵਾਦੀ ਦੇ ਫਾਟਕ ਤੋਂ ਬਾਹਰ ਨਿਕਲ ਕੇ ਅਜਗਰ ਦੇ ਖੂਹ ਨੂੰ ਅਤੇ ਕੂੜੇ ਦੇ ਫਾਟਕ ਨੂੰ ਗਿਆ। ਇਉਂ ਮੈਂ ਯਰੂਸ਼ਲਮ ਦੀਆਂ ਢਹੀਆਂ ਹੋਈਆਂ ਕੰਧਾਂ ਦਾ ਮੁਆਇਨਾ ਕਰ ਰਿਹਾ ਸੀ ਅਤੇ ਉਨ੍ਹਾਂ ਫਾਟਕਾਂ ਦਾ ਵੀ ਜਿਹੜੇ ਕਿ ਅੱਗ ਨਾਲ ਸੜ ਗਏ ਸਨ। 14 ਉਸਤੋਂ ਬਾਦ ਮੈਂ ਫੁਵਾਰੇ ਵਾਲੇ ਫਾਟਕ ਅਤੇ ਪਾਤਸ਼ਾਹ ਦੇ ਤਲਾਬ ਵੱਲ ਨੂੰ ਸਵਾਰ ਹੋਇਆ ਪਰ ਜਦੋਂ ਹੀ ਮੈਂ ਨੇੜੇ ਪਹੁੰਚਿਆ ਤਾਂ ਮੈਂ ਵੇਖਿਆ ਕਿ ਉੱਥੇ ਮੇਰੇ ਘੋੜੇ ਦੇ ਲੰਘਣ ਜਿੰਨੀ ਥਾਂ ਵੀ ਨਹੀਂ ਸੀ। 15 ਤਾਂ ਫਿਰ ਇਉਂ ਮੈਂ ਕੰਧਾਂ ਦਾ ਮੁਆਇਨਾ ਕਰਦਾ ਹੋਇਆ ਹਨੇਰੇ ’ਚ ਹੀ ਵਾਦੀ ਨੂੰ ਚੜ੍ਹ ਆਇਆ। ਅਖੀਰ ਵਿੱਚ ਮੈਂ ਵਾਦੀ ਦੇ ਫਾਟਕ ਰਾਹੀਂ ਮੁੜ ਆਇਆ। 16 ਅਧਿਕਾਰੀ ਨਹੀਂ ਜਾਣਦੇ ਸਨ ਕਿ ਮੈਂ ਕਿੱਥੋ ਗਿਆ ਸੀ ਤੇ ਨਾ ਹੀ ਇਹ ਪਤਾ ਸੀ ਕਿ ਮੈਂ ਕੀ ਕਰ ਰਿਹਾ ਸੀ। ਮੈਂ ਅਜੇ ਤੀਕ ਯਹੂਦੀਆਂ, ਜਾਜਕਾਂ, ਸੱਜਣਾ, ਅਧਿਕਾਰੀਆਂ ਅਤੇ ਦੂਸਰਿਆਂ ਨੂੰ ਜੋ ਕੰਮ ਕਰਦੇ ਸਨ, ਕੁਝ ਵੀ ਨਹੀਂ ਦੱਸਿਆ ਸੀ।
17 ਫ਼ਿਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਖਿਆ, “ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਥੇ ਕਿੰਨੀ ਮੁਸੀਬਤ ਵਿੱਚ ਹਾਂ। ਯਰੂਸ਼ਲਮ ਉੱਜੜ ਕੇ ਖੰਡਰ ਹੋ ਗਿਆ ਹੈ ਤੇ ਇਸਦੇ ਫਾਟਕ ਅੱਗ ’ਚ ਝੁਲਸ ਗਏ ਹਨ। ਚਲੋ ਆਪਾਂ ਮੁੜ ਤੋਂ ਯਰੂਸ਼ਲਮ ਦੀ ਕੰਧ ਉਸਾਰੀਏ, ਫਿਰ ਸਾਨੂੰ ਹੋਰ ਵੱਧੇਰੇ ਸ਼ਰਮਸਾਰ ਨਹੀਂ ਹੋਣਾ ਪਵੇਗਾ।”
18 ਮੈਂ ਉਨ੍ਹਾਂ ਲੋਕਾਂ ਨੂੰ ਇਹ ਵੀ ਆਖਿਆ ਕਿ ਮੇਰਾ ਪਰਮੇਸ਼ੁਰ ਮੇਰੇ ਉੱਪਰ ਦਯਾਲੂ ਸੀ। ਮੈਂ ਉਨ੍ਹਾਂ ਨੂੰ ਪਾਤਸ਼ਾਹ ਦੀਆਂ ਗੱਲਾਂ ਬਾਰੇ ਵੀ ਦੱਸਿਆ, ਜਿਹੜੀਆਂ ਉਸ ਨੇ ਮੈਨੂੰ ਆਖੀਆਂ ਸਨ। ਤਦ ਉਨ੍ਹਾਂ ਲੋਕਾਂ ਨੇ ਕਿਹਾ, “ਆਓ, ਹੁਣ ਆਪਾ ਕੰਮ ਸ਼ੁਰੂ ਕਰੀਏ!” ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਚੰਗੇ ਕੰਮ ਲਈ ਸਮਰਪਿਤ ਕਰ ਦਿੱਤਾ। 19 ਪਰ ਜਦੇਂ ਹੋਰੋਨ ਦੇ ਸਨਬਲਟ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਅਤੇ ਅਰਬੀ ਗਸ਼ਮ ਨੇ ਸੁਣਿਆ ਕਿ ਅਸੀਂ ਇਸ ਨੂੰ ਮੁੜ ਤੋਂ ਉਸਾਰ ਰਹੇ ਹਾਂ, ਤਾਂ ਉਨ੍ਹਾਂ ਨੇ ਬੜੀ ਬਦਤਮੀਜ਼ੀ ਨਾਲ ਸਾਡਾ ਮਖੌਲ ਉਡਾਇਆ ਅਤੇ ਕਿਹਾ, “ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਪਾਤਸ਼ਾਹ ਦੇ ਖਿਲਾਫ਼ ਵਿਦ੍ਰੋਹ ਕਰ ਰਹੇ ਹੋ?”
20 ਪਰ ਮੈਂ ਉਨ੍ਹਾਂ ਆਦਮੀਆਂ ਨੂੰ ਇੰਝ ਕਿਹਾ, “ਇਸ ਕਾਮਯਾਬੀ ਲਈ ਅਕਾਸ਼ ਦਾ ਪਰਮੇਸ਼ੁਰ ਸਾਡੀ ਮਦਦ ਕਰੇਗਾ ਅਸੀਂ ਪਰਮੇਸ਼ੁਰ ਦੇ ਦਾਸ ਹਾਂ ਅਤੇ ਅਸੀਂ ਇਸ ਸ਼ਹਿਰ ਨੂੰ ਮੁੜ ਤੋਂ ਉਸਾਰਾਂਗੇ। ਅਤੇ ਤੁਸੀਂ ਇਸ ਕੰਮ ਵਿੱਚ ਸਾਡੀ ਸਹਾਇਤਾ ਨਹੀਂ ਕਰ ਸੱਕਦੇ ਤੇ ਨਾ ਹੀ ਯਰੂਸ਼ਲਮ ਵਿੱਚ ਰਹਿੰਦੇ ਤੁਹਾਡੇ ਘਰਾਣੇ ਵਿੱਚੋਂ ਕੋਈ ਮਨੁੱਖ ਤੁਹਾਡਾ ਇੱਬੋ ਦੀ ਜ਼ਮੀਨ ਵਿੱਚ ਨਾ ਕੋਈ ਹੱਕ ਹੈ ਨਾ ਹਿੱਸਾ। ਤੁਹਾਨੂੰ ਯਰੂਸ਼ਲਮ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।”
ਹੇਰੋਦੇਸ ਅਗਰਿੱਪਾ ਦਾ ਕਲੀਸਿਯਾ ਨੂੰ ਤਸੀਹੇ ਦੇਣਾ
12 ਉਸ ਸਮੇਂ, ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਦੰਡ ਦੇਣੇ ਸ਼ੁਰੂ ਕੀਤੇ। 2 ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਦੇਣ ਦਾ ਹੁਕਮ ਦਿੱਤਾ। 3 ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਚੰਗਾ ਲੱਗਿਆ ਹੈ, ਤੰ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰਨ ਦਾ ਨਿਸ਼ਚਾ ਕੀਤਾ। ਇਹ ਘਟਨਾ ਯਹੂਦੀਆਂ ਦੀਆਂ ਛੁੱਟੀਆਂ ਵਿੱਚ ਪਸਾਹ ਦੇ ਤਿਉਹਾਰ ਵੇਲੇ ਹੋਈ। 4 ਹੇਰੋਦੇਸ ਨੇ ਪਤਰਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਉਸ ਨੇ ਸੋਲਾਂ ਸਿਪਾਹੀਆਂ ਨੂੰ ਉਸਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਉਹ ਪਸਾਹ ਦੇ ਤਿਉਹਾਰ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੁੰਦਾ ਸੀ ਅਤੇ ਫ਼ੇਰ ਪਤਰਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। 5 ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਨਿਹਚਾਵਾਨ ਲਗਾਤਾਰ ਪਰਮੇਸ਼ੁਰ ਅੱਗੇ ਉਸ ਲਈ ਪ੍ਰਾਰਥਨਾ ਕਰ ਰਹੇ ਸਨ।
ਪਤਰਸ ਦਾ ਕੈਦ ਤੋਂ ਛੁਟਕਾਰਾ
6 ਪਤਰਸ ਦੋ ਸਿਪਾਹੀਆਂ ਵਿੱਚਕਾਰ ਸੁੱਤਾ ਪਿਆ ਸੀ, ਜੋ ਉਸਤੇ ਨਿਗਰਾਨੀ ਲਈ ਸਨ ਅਤੇ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਸਿਪਾਹੀ ਜੇਲ੍ਹ ਦੇ ਦਰਵਾਜ਼ੇ ਤੇ ਚੌਕਸੀ ਕਰ ਰਹੇ ਸਨ। ਇਹ ਰਾਤ ਦਾ ਪਹਿਰ ਸੀ ਅਤੇ ਹੇਰੋਦੇਸ ਅਗਲੀ ਸਵੇਰ ਪਤਰਸ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਵਿਉਂਤ ਬਣਾ ਰਿਹਾ ਸੀ। 7 ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ। 8 ਦੂਤ ਨੇ ਪਤਰਸ ਨੂੰ ਕਿਹਾ, “ਆਪਣੇ ਕੱਪੜੇ ਪਹਿਨ ਅਤੇ ਆਪਣੀ ਜੁੱਤੀ ਪਾ।” ਪਤਰਸ ਨੇ ਇਵੇਂ ਹੀ ਕੀਤਾ। ਫ਼ਿਰ ਦੂਤ ਨੇ ਆਖਿਆ, “ਆਪਣਾ ਕੋਟ ਪਾਕੇ ਮੇਰੇ ਪਿੱਛੇ ਆਜਾ।”
9 ਇਉਂ ਦੂਤ ਚੱਲਾ ਗਿਆ ਅਤੇ ਪਤਰਸ ਉਸ ਦੇ ਪਿੱਛੇ ਹੋ ਲਿਆ। ਪਰ ਪਤਰਸ ਨਹੀਂ ਜਾਣਦਾ ਸੀ ਕਿ, ਜੋ ਦੂਤ ਕਰ ਰਿਹਾ ਸੀ, ਸੱਚਮੁੱਚ ਵਾਪਰ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਇੱਕ ਦਰਸ਼ਨ ਦੇਖ ਰਿਹਾ ਹੈ। 10 ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।
11 ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।”
12 ਜਦੋਂ ਪਤਰਸ ਨੇ ਇਹ ਮਹਿਸੂਸ ਕੀਤਾ, ਉਹ ਮਰਿਯਮ ਦੇ ਘਰ ਨੂੰ ਆਇਆ। ਉਹ ਯੂਹੰਨਾ ਦੀ ਮਾਤਾ ਸੀ। ਯੂਹੰਨਾ ਮਰਕੁਸ ਕਰਕੇ ਵੀ ਜਾਣਿਆ ਜਾਂਦਾ ਸੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਸਨ ਅਤੇ ਉਹ ਪ੍ਰਾਰਥਨਾ ਕਰ ਰਹੇ ਸਨ। 13 ਪਤਰਸ ਨੇ ਬਾਹਰ ਵਾਲੇ ਦਰਵਾਜ਼ੇ ਤੇ ਦਸਤਕ ਕੀਤੀ ਤਾਂ ਜਵਾਬ ਵਿੱਚ ਇੱਕ ਰੋਦੋ ਨਾਂ ਦੀ ਨੌਕਰਾਨੀ ਜਵਾਬ ਦੇਣ ਲਈ ਬਾਹਰ ਆਈ। 14 ਉਸ ਨੇ ਪਤਰਸ ਦੀ ਅਵਾਜ਼ ਨੂੰ ਪਛਾਣ ਲਿਆ ਅਤੇ ਉਹ ਬੜੀ ਖੁਸ਼ ਹੋਈ। ਉਹ ਇੰਨੀ ਖੁਸ਼ ਹੋਈ ਕਿ ਮਾਰੇ ਖੁਸ਼ੀ ਦੇ ਉਹ ਉਸ ਨੂੰ ਦਰਵਾਜ਼ਾ ਖੋਲ੍ਹਣਾ ਵੀ ਭੁੱਲ ਗਈ ਅਤੇ ਨੱਸਦੀ ਹੋਈ ਉਸ ਸਮੂਹ ਨੂੰ ਪਤਰਸ ਦੇ ਆਮਦ ਦੀ ਖਬਰ ਕਹਿਣ ਚਲੀ ਗਈ ਕਿ, “ਬਾਹਰ ਬੂਹੇ ਤੇ ਪਤਰਸ ਖੜ੍ਹਾ ਹੈ।”
15 ਨਿਹਚਾਵਾਨਾਂ ਨੇ ਰੋਦੋ ਨੂੰ ਕਿਹਾ, “ਤੂੰ ਕਮਲੀ ਹੈ।” ਪਰ ਉਹ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਇਹ ਸੱਚ ਹੈ ਤਾਂ ਉਨ੍ਹਾਂ ਸੋਚਿਆ, “ਉਹ ਪਤਰਸ ਦਾ ਦੂਤ ਹੋਣਾ ਚਾਹੀਦਾ ਹੈ।”
16 ਪਤਰਸ ਲਗਾਤਾਰ ਬੂਹਾ ਖੜਕਾਉਂਦਾ ਰਿਹਾ। ਜਦੋਂ ਨਿਹਚਾਵਾਨਾਂ ਨੇ ਬੂਹਾ ਖੋਲ੍ਹਿਆ ਤਾਂ ਉਹ ਪਤਰਸ ਨੂੰ ਵੇਖਕੇ ਹੈਰਾਨ ਰਹਿ ਗਏ। 17 ਪਤਰਸ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਉਹ ਖਾਮੋਸ਼ ਰਹਿਣ। ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਮਦਦ ਕੀਤੀ। ਉਸ ਨੇ ਕਿਹਾ, “ਯਾਕੂਬ ਅਤੇ ਹੋਰ ਭਾਈਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਖਬਰ ਦੇਵੋ।” ਉਸਤੋਂ ਬਾਅਦ ਪਤਰਸ ਹੋਰ ਥਾਂ ਚੱਲਿਆ ਗਿਆ।
18 ਅਗਲੀ ਸਵੇਰ ਸਿਪਾਹੀ ਬਹੁਤ ਪਰੇਸ਼ਨ ਹੋ ਗਏ। ਉਹ ਹੈਰਾਨ ਸਨ ਕਿ ਪਤਰਸ ਦਾ ਕੀ ਬਣਿਆ? 19 ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ।
ਹੇਰੋਦੇਸ ਅਗਰਿੱਪਾ ਦੀ ਮੌਤ
ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ। 20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।
21 ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22 ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23 ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ।
24 ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ।
25 ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।
2010 by World Bible Translation Center