Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਉਤਪਤ 11

ਦੁਨੀਆਂ ਵੰਡੀ ਗਈ

11 ਹੜ੍ਹ ਤੋਂ ਮਗਰੋਂ ਸਾਰੀ ਦੁਨੀਆਂ ਇੱਕ ਭਾਸ਼ਾ ਬੋਲਦੀ ਸੀ। ਸਾਰੇ ਲੋਕ ਇੱਕੋ ਜਿਹੇ ਸ਼ਬਦ ਬੋਲਦੇ ਸਨ। ਲੋਕ ਪੂਰਬ ਤੋਂ ਚੱਲ ਪਏ। ਉਨ੍ਹਾਂ ਨੇ ਸ਼ਿਨਾਰ ਦੇ ਦੇਸ਼ ਵਿੱਚ ਇੱਕ ਮੈਦਾਨ ਦੀ ਖੋਜ ਕੀਤੀ। ਲੋਕ ਉੱਥੇ ਰਹਿਣ ਲਈ ਟਿਕ ਗਏ। ਲੋਕਾਂ ਨੇ ਆਖਿਆਂ, “ਸਾਨੂੰ ਇੱਟਾਂ ਪੱਥਣੀਆਂ ਚਾਹੀਦੀਆਂ ਹਨ। ਅਤੇ ਉਨ੍ਹਾਂ ਨੂੰ ਅੱਗ ਵਿੱਚ ਤਪਾਉਣਾ ਚਾਹੀਦਾ ਹੈ। ਤਾਂ ਜੋ ਉਹ ਬਹੁਤ ਪੱਕੀਆਂ ਹੋ ਜਾਣ।” ਇਸ ਲਈ ਲੋਕਾਂ ਨੇ ਆਪਣੇ ਘਰਾਂ ਦੀ ਉਸਾਰੀ ਲਈ ਪੱਥਰ ਨਹੀਂ ਵਰਤੇ ਸਗੋਂ ਇੱਟਾਂ ਵਰਤੀਆਂ। ਅਤੇ ਲੋਕਾਂ ਨੇ ਮੋਰਦਾਰ ਦੀ ਬਜਾਇ ਲੁੱਕ ਦੀ ਵਰਤੋਂ ਕੀਤੀ।

ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰੱਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।”

ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਆ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ। ਯਹੋਵਾਹ ਨੇ ਆਖਿਆ, “ਇਹ ਲੋਕ ਸਾਰੇ ਹੀ ਇੱਕੋ ਭਾਸ਼ਾ ਬੋਲਦੇ ਹਨ। ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਇਹ ਕੰਮ ਕਰਨ ਲਈ ਇਕੱਠੇ ਹੋ ਗਏ ਹਨ। ਇਹ ਤਾਂ ਉਸ ਗੱਲ ਦੀ ਸਿਰਫ਼ ਸ਼ੁਰੂਆਤ ਹੀ ਹੈ ਕਿ ਉਹ ਕੀ ਕਰ ਸੱਕਦੇ ਹਨ। ਛੇਤੀ ਹੀ ਉਹ ਮਨਚਾਹੀ ਹਰ ਗੱਲ ਕਰ ਸੱਕਣਗੇ। ਇਸ ਲਈ ਸਾਨੂੰ ਹੇਠਾਂ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਉਲਝਾ ਦੇਣਾ ਚਾਹੀਦਾ ਹੈ। ਫ਼ੇਰ ਉਹ ਇੱਕ ਦੂਸਰੇ ਦੀ ਗੱਲ ਨਹੀਂ ਸਮਝ ਸੱਕਣਗੇ।”

ਇਸ ਲਈ, ਯਹੋਵਾਹ ਨੇ ਲੋਕਾਂ ਨੂੰ ਸਾਰੀ ਦੁਨੀਆਂ ਵਿੱਚ ਖਿੰਡਾ ਦਿੱਤਾ, ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀ ਉਸਾਰੀ ਬੰਦ ਕਰ ਦਿੱਤੀ। ਇਹੀ ਉਹ ਥਾਂ ਹੈ ਜਿੱਥੇ ਯਹੋਵਾਹ ਨੇ ਦੁਨੀਆਂ ਦੀ ਭਾਸ਼ਾ ਨੂੰ ਰਲ ਗਡ ਦਿੱਤਾ। ਇਸ ਲਈ ਉਸ ਥਾਂ ਨੂੰ ਬਾਬਲ ਆਖਿਆਂ ਜਾਂਦਾ ਹੈ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਉਸ ਥਾਂ ਤੋਂ ਖਿੰਡਾਕੇ ਧਰਤੀ ਦੀਆਂ ਹੋਰਨਾਂ ਥਾਵਾਂ ਉੱਤੇ ਫ਼ੈਲਾ ਦਿੱਤਾ।

ਸ਼ੇਮ ਦੇ ਪਰਿਵਾਰ ਦੀ ਕਹਾਣੀ

10 ਇਹ ਸ਼ੇਮ ਦੇ ਪਰਿਵਾਰ ਦੀ ਕਹਾਣੀ ਹੈ। ਹੜ੍ਹ ਤੋਂ ਦੋ ਵਰ੍ਹਿਆਂ ਬਾਦ, ਜਦੋਂ ਸ਼ੇਮ 100 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਅਰਪਕਸਦ ਜੰਮਿਆ। 11 ਉਸਤੋਂ ਬਾਦ ਸ਼ੇਮ 500 ਵਰ੍ਹੇ ਹੋਰ ਜੀਵਿਆ। ਉਸ ਦੇ ਹੋਰ ਧੀਆਂ ਪੁੱਤਰ ਵੀ ਹੋਏ।

12 ਜਦੋਂ ਅਰਪਕਸਦ 35 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸ਼ਲਹ ਜੰਮਿਆ। 13 ਸ਼ਲਹ ਦੇ ਜਨਮ ਤੋਂ ਬਾਦ, ਅਰਪਕਸਦ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

14 ਜਦੋਂ ਸ਼ਲਹ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਏਬਰ ਜਨਮਿਆ। 15 ਏਬਰ ਦੇ ਜੰਮਣ ਤੋਂ ਬਾਦ, ਸ਼ਲਹ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

16 ਜਦੋਂ ਏਬਰ 34 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਪਲਗ ਜੰਮਿਆ। 17 ਪਲਗ ਦੇ ਜੰਮਣ ਤੋਂ ਬਾਦ, ਏਬਰ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

18 ਜਦੋਂ ਪਲਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਰਊ ਜੰਮਿਆ। 19 ਰਊ ਦੇ ਜੰਮਣ ਤੋਂ ਬਾਦ, ਪਲਗ 209 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

20 ਜਦੋਂ ਰਊ 32 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸਰੂਗ ਜੰਮਿਆ। 21 ਸਰੂਗ ਦੇ ਜੰਮਣ ਤੋਂ ਬਾਦ, ਰਊ 270 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

22 ਜਦੋਂ ਸਰੂਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਨਾਹੋਰ ਜੰਮਿਆ। 23 ਨਾਹੋਰ ਦੇ ਜੰਮਣ ਤੋਂ ਬਾਦ, ਸਰੂਗ 200 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

24 ਜਦੋਂ ਨਾਹੋਰ 29 ਵਰ੍ਹਿਆਂ ਦਾ ਸੀ, ਤਾਂ ਉਸਦਾ ਪੁੱਤਰ ਤਾਰਹ ਜੰਮਿਆ। 25 ਤਾਰਹ ਦੇ ਜੰਮਣ ਤੋਂ ਬਾਦ, ਨਾਹੋਰ 119 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।

26 ਜਦੋਂ ਤਾਰਹ 70 ਵਰ੍ਹਿਆਂ ਦਾ ਸੀ, ਉਸ ਦੇ ਪੁੱਤਰ ਅਬਰਾਮ, ਨਾਹੋਰ, ਅਤੇ ਹਾਰਾਨ ਜੰਮੇ।

ਤਾਰਹ ਦੇ ਪਰਿਵਾਰ ਦੀ ਕਹਾਣੀ

27 ਇਹ ਤਾਰਹ ਦੇ ਪਰਿਵਾਰ ਦੀ ਕਹਾਣੀ ਹੈ। ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ। ਹਾਰਾਨ ਲੂਤ ਦਾ ਪਿਤਾ ਸੀ। 28 ਹਾਰਾਨ ਆਪਣੇ ਜੱਦੀ ਕਸਬੇ, ਕਸਦੀਆਂ ਦੇ ਊਰ ਵਿੱਚ ਮਰਿਆ, ਜਦੋਂ ਕਿ ਉਸਦਾ ਪਿਤਾ ਤਾਰਹ ਹਾਲੇ ਜਿਉਂਦਾ ਸੀ। 29 ਅਬਰਾਮ ਅਤੇ ਨਾਹੋਰ ਦੋਹਾਂ ਨੇ ਸ਼ਾਦੀ ਕੀਤੀ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ। ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਮਿਲਕਾਹ ਹਾਰਾਨ ਦੀ ਧੀ ਸੀ। ਹਾਰਾਨ ਮਿਲਕਾਹ ਅਤੇ ਯਿਸੱਕਾਹ ਦਾ ਪਿਤਾ ਸੀ। 30 ਸਾਰਈ ਦੇ ਔਲਾਦ ਨਹੀਂ ਹੋਈ ਕਿਉਂਕਿ ਉਹ ਬਾਂਝ ਸੀ।

31 ਤਾਰਹ ਆਪਣੇ ਪਰਿਵਾਰ ਨੂੰ ਲੈ ਕੇ ਕਸਦੀਮ ਦੇ ਊਰ ਨੂੰ ਛੱਡ ਗਿਆ। ਉਨ੍ਹਾਂ ਨੇ ਕਨਾਨ ਜਾਣ ਦੀ ਯੋਜਨਾ ਬਣਾਈ। ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ (ਹਾਰਾਨ ਦੇ ਪੁੱਤਰ) ਅਤੇ ਆਪਣੀ ਨੂੰਹ ਸਾਰਈ (ਅਬਰਾਮ ਦੀ ਪਤਨੀ) ਨੂੰ ਨਾਲ ਲੈ ਗਿਆ। ਉਨ੍ਹਾਂ ਨੇ ਹਾਰਾਨ ਸ਼ਹਿਰ ਤੱਕ ਸਫਰ ਕੀਤਾ ਅਤੇ ਓੱਥੇ ਹੀ ਟਿਕ ਜਾਣ ਦਾ ਨਿਆਂ ਕੀਤਾ। 32 ਤਾਰਹ 205 ਵਰ੍ਹੇ ਜੀਵਿਆ। ਉਹ ਹਾਰਾਨ ਵਿੱਚ ਮਰਿਆ।

ਮੱਤੀ 10

ਬਾਰ੍ਹਾਂ ਰਸੂਲ(A)

10 ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਸੱਦਿਆ। ਉਸ ਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕੱਢਣ ਦੀ ਸ਼ਕਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ। ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ:

ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ,

ਅਤੇ ਉਸਦਾ ਭਰਾ ਅੰਦ੍ਰਿਯਾਸ;

ਜ਼ਬਦੀ ਦਾ ਪੁੱਤਰ ਯਾਕੂਬ

ਅਤੇ ਉਸਦਾ ਭਰਾ ਯੂਹੰਨਾ;

ਫ਼ਿਲਿਪੁਸ

ਅਤੇ ਬਰਤੁਲਮਈ;

ਥੋਮਾ

ਅਤੇ ਮੱਤੀ ਮਸੂਲੀਆ,

ਹਲਫਈ ਦਾ ਪੁੱਤਰ ਯਾਕੂਬ

ਅਤੇ ਥੱਦਈ;

ਸ਼ਮਊਨ ਕਨਾਨੀ [a]

ਅਤੇ ਯਹੂਦਾ ਇਸੱਕਰਿਯੋਤੀ ਜਿਸਨੇ ਉਸ ਨੂੰ ਫੜਵਾ ਵੀ ਦਿੱਤਾ।

ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10 ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।

11 “ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12 ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13 ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14 ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ [b] ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।

ਯਿਸੂ ਦਾ ਮੁਸ਼ਕਲਾਂ ਬਾਰੇ ਖਬਰਦਾਰ ਕਰਨਾ(B)

16 “ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17 ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਨਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। 18 ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹੜੇ ਗੈਰ-ਯਹੂਦੀ ਹਨ। 19 ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦੱਸੀਏ। ਕਿਉਂਕਿ ਜਿਹੜੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘੜੀ ਤੁਹਾਨੂੰ ਦਿੱਤੇ ਜਾਣਗੇ। 20 ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।

21 “ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਅਪਣੇ ਬੱਚਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਬੱਚੇ ਆਪਣੇ ਮਾਪਿਆਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ। 22 ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹੜਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ। 23 ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚੱਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।

24 “ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ।

ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ(C)

26 “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ।

28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29 ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30 ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31 ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।

ਲੋਕਾਂ ਨੂੰ ਤੁਹਾਡੇ ਵਿਸ਼ਵਾਸ ਬਾਰੇ ਦੱਸਣਾ(D)

32 “ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ। 33 ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।

ਮੈਂ ਤੁਹਾਨੂੰ ਤਲਵਾਰ ਦੇਣ ਆਇਆ ਹਾਂ(E)

34 “ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਤੁਹਾਨੂੰ ਸ਼ਾਂਤੀ ਦੇਣ ਆਇਆ ਹਾਂ। ਮੈਂ ਸ਼ਾਂਤੀ ਦੇਣ ਨਹੀਂ, ਸਗੋਂ ਤਲਵਾਰ ਦੇਣ ਲਈ ਆਇਆ ਹਾਂ। 35-36 ਕਿਉਂਕਿ ਮੈਂ ਇਹ ਪੂਰਨ ਕਰਨ ਵਾਸਤੇ ਆਇਆ ਹਾਂ:

‘ਮਨੁੱਖ ਦੇ ਵੈਰੀ ਉਸ ਦੇ ਆਪਣੇ ਘਰ ਦੇ ਜੀਅ ਹੋਣਗੇ।
    ਪੁੱਤਰ ਆਪਣੇ ਪਿਓ ਦੇ ਵਿਰੁੱਧ ਹੋਵੇਗਾ
ਅਤੇ ਧੀ ਆਪਣੀ ਮਾਂ ਦੇ ਵਿਰੁੱਧ ਹੋਵੇਗੀ।
    ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਹੋਵੇਗੀ।’ (F)

37 “ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ। 38 ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸ ਨੂੰ ਤਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ। 39 ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲੱਭ ਲਵੇਗਾ।

ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ(G)

40 “ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41 ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42 ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”

ਅਜ਼ਰਾ 10

ਲੋਕਾਂ ਨੇ ਆਪਣੇ ਪਾਪ ਨੂੰ ਮੰਨਿਆ

10 ਅਜ਼ਰਾ ਪ੍ਰਾਰਬਨਾ ਕਰ ਰਿਹਾ ਸੀ ਅਤੇ ਨਾਲ ਹੀ ਆਪਣੇ ਕੀਤੇ ਪਾਪਾਂ ਦਾ ਇਕਰਾਰ ਵੀ। ਉਹ ਰੋ-ਰੋ ਕੇ ਪਰਮੇਸ਼ੁਰ ਦੇ ਮੰਦਰ ਦੇ ਅੱਗੇ ਸਿਰ ਨਿਵਾ ਰਿਹਾ ਸੀ। ਜਦੋਂ ਅਜ਼ਰਾ ਇਉਂ ਕਰ ਰਿਹਾ ਸੀ ਤਾਂ ਇੱਕ ਵੱਡਾ ਸਮੂਹ ਇਸਰਾਏਲ ਦੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਉਸ ਦੇ ਗਿਰਦ ਇਕੱਠਾ ਹੋ ਗਿਆ। ਉਹ ਲੋਕ ਵੀ ਧਾਹਾਂ ਮਾਰ ਕੇ ਰੋਣ ਲੱਗੇ। ਤਦ ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, “ਅਸੀਂ ਆਪਣੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਅਤੇ ਸਾਡੀ ਧਰਤੀ ਤੇ ਰਹਿੰਦੀਆਂ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਏ। ਅਜਿਹਾ ਕਰਨ ਤੋਂ ਬਾਅਦ ਵੀ, ਇਸਰਾਏਲ ਲਈ ਉਮੀਦ ਹੈ। ਹੁਣ ਚਲੋ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕਰੀਏ ਅਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਇਬੋਁ ਕੱਢ ਦੇਈਏ। ਸਾਨੂੰ ਅਜ਼ਰਾ ਅਤੇ ਉਨ੍ਹਾਂ ਸਿਆਣੇ ਲੋਕਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਪਰਮੇਸ਼ੁਰ ਦੀ ਬਿਵਸਬਾ ਦਾ ਆਦਰ ਕਰਦੇ ਹਨ। ਇਸ ਤਰ੍ਹਾਂ, ਅਸੀਂ ਵੀ ਪਰਮੇਸ਼ੁਰ ਦੀ ਬਿਵਸਬਾ ਦਾ ਪਾਲਨ ਕਰਾਂਗੇ। ਅਜ਼ਰਾ ਉੱਠ ਕਿਉਂ ਕਿ ਇਹ ਗੱਲ ਤੇਰੇ ਉੱਪਰ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤੂੰ ਬਹਾਦੁਰ ਬਣ ਕੇ ਇਹ ਕੰਮ ਕਰ!”

ਤਾਂ ਅਜ਼ਰਾ ਉੱਠਿਆ ਅਤੇ ਸਾਰੇ ਜਾਜਕਾਂ ਅਤੇ ਲੇਵੀਆਂ ਤੋਂ ਇਕਰਾਰ ਕਰਵਾਇਆ ਕਿ ਅਸੀਂ ਸਾਰੇ ਇਸ ਇਕਰਾਰ ਮੁਤਾਬਕ ਕੰਮ ਕਰਾਂਗੇ। ਤਦ ਅਜ਼ਰਾ ਪਰਮੇਸ਼ੁਰ ਦੇ ਮੰਦਰ ਦੇ ਅੱਗੋਂ ਚੱਲਿਆ ਗਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੇ ਕਮਰੇ ਵਿੱਚ ਚੱਲਿਆ ਗਿਆ। ਉਸ ਨੇ ਯੋਹਾਨਾਨ ਦੇ ਕਮਰੇ ਵਿੱਚ ਰਾਤ ਗੁਜ਼ਾਰੀ। ਉਸ ਨੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਕਿ ਉਹ ਹਾਲੇ ਵੀ ਉਨ੍ਹਾਂ ਇਸਰਾਏਲੀਆਂ ਦੀ ਅਨਾਸਬਾ ਬਾਰੇ ਬੜਾ ਦੁੱਖੀ ਸੀ, ਜੋ ਯਰੂਸ਼ਲਮ ਨੂੰ ਵਾਪਸ ਪਰਤੇ ਸਨ। ਤਦ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਹਰ ਥਾਂ ਤੇ ਇਹ ਪੈਗਾਮ ਭੇਜਿਆ। ਉਸ ਨੇ ਇਸਰਾਏਲੀਆਂ ਲਈ ਇਹ ਐਲਾਨ ਕੀਤਾ ਜਿਹੜੇ ਯਰੂਸ਼ਲਮ ਵਿੱਚ ਇੱਕਤ੍ਰ ਹੋਣ ਲਈ ਕੈਦ ਤੋਂ ਵਾਪਸ ਪਰਤੇ ਸਨ। ਜਿਹੜਾ ਵੀ ਮਨੁੱਖ ਯਰੂਸ਼ਲਮ ਵਿੱਚ ਤਿੰਨਾ ਦਿਨਾਂ ਦੇ ਵਿੱਚ ਨਾ ਪਹੁੰਚਿਆ, ਉਸ ਨੂੰ ਆਪਣੀ ਸਾਰੀ ਦੌਲਤ ਤੋਂ ਹੱਥ ਧੋਣਾ ਪਵੇਗਾ। ਇਹ ਫੈਸਲਾ, ਮਹੱਤਵਪੂਰਣ ਅਧਿਕਾਰੀਆਂ ਅਤੇ ਬਜ਼ੁਰਗਾਂ ਨੇ ਇਕੱਠਿਆਂ ਕੀਤਾ। ਅਤੇ ਉਹ ਵਿਅਕਤੀ ਜਲਾਵਤਨੀਆਂ ਦੀ ਸਭਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।

ਇਸ ਲਈ, ਤਿੰਨਾਂ ਦਿਨਾਂ ਵਿੱਚ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆ ਵਿੱਚੋਂ ਸਾਰੇ ਲੋਕ ਇਕੱਠੇ ਹੋਕੇ ਯਰੂਸ਼ਲਮ ਵਿੱਚ ਪਹੁੰਚ ਗਏ। ਅਤੇ ਨੌਵੇਂ ਮਹੀਨੇ ਦੇ 20 ਵੇਂ ਦਿਨ, ਸਾਰੇ ਮਨੁੱਖ ਪਰਮੇਸ਼ੁਰ ਦੇ ਮੰਦਰ ਦੇ ਵਿਹੜੇ ਵਿੱਚ ਇੱਕਤਰ ਹੋ ਗਏ। ਉਹ ਭਾਰੀ ਬਾਰਿਸ਼ ਅਤੇ ਸਭਾ ਦੇ ਕਾਰਣ ਕੰਬ ਰਹੇ ਸਨ। 10 ਤਦ ਅਜ਼ਰਾ ਜਾਜਕ ਨੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਕੇ ਆਖਿਆ, “ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਅਤੇ ਇਸ ਦੁਆਰਾ, ਤੁਸੀਂ ਇਸਰਾਏਲ ਨੂੰ ਹੋਰ ਵੀ ਵੱਧੇਰੇ ਦੋਸ਼ੀ ਬਣਾ ਦਿੱਤਾ ਹੈ। 11 ਹੁਣ, ਤੁਸੀਂ ਲੋਕ ਪਰਮੇਸ਼ੁਰ ਅੱਗੇ ਕਬੂਲ ਕਰੋ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਤੁਹਾਨੂੰ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਦੁਆਲੇ ਦੇ ਮੰਦੇ ਲੋਕਾਂ ਤੋਂ ਅਤੇ ਵਿਦੇਸ਼ੀ ਔਰਤਾਂ ਤੋਂ ਵੀ ਆਪਣੇ-ਆਪ ਨੂੰ ਵੱਖ ਕਰ ਲਵੋ।”

12 ਤਦ ਉਹ ਸਾਰਾ ਸਮੂਹ ਨੇ ਜਿਹੜਾ ਇੱਕਤਰ ਹੋਇਆ ਸੀ, ਅਜ਼ਰਾ ਨੂੰ ਉੱਚੀ ਆਵਾਜ਼ ਵਿੱਚ ਕਿਹਾ, “ਅਜ਼ਰਾ, ਜਿਵੇਂ ਤੂੰ ਕਿਹਾ ਸਾਨੂੰ ਉਵੇਂ ਹੀ ਕਰਨਾ ਚਾਹੀਦਾ ਹੈ। 13 ਲੇਕਿਨ ਢੇਰ ਸਾਰੀ ਪਰਜਾ ਹੈ ਅਤੇ ਇਹ ਬਾਰਸ਼ ਦਾ ਮੌਸਮ ਹੈ ਇਸ ਲਈ ਅਸੀਂ ਬਾਹਰ ਵੀ ਨਹੀਂ ਠਹਿਰ ਸੱਕਦੇ। ਇਹ ਸਮੱਸਿਆ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਨਹੀਂ ਕਿਉਂ ਕਿ ਅਸੀਂ ਬਹੁਤ ਮਾੜੇ ਕੰਮ ਕੀਤੇ ਹਨ। 14 ਸਾਡੇ ਆਗੂਆਂ ਨੂੰ ਸਾਰੀ ਸਭਾ ਦੇ ਪ੍ਰਤਿਨਿਧੀ ਹੋਣ ਦਿਓ। ਅਤੇ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਹਨ। ਉਹ ਨਿਸ਼ਚਿੰਤ ਕੀਤੇ ਸਮੇਂ ਤੇ ਆਗੂਆਂ ਅਤੇ ਨਿਆਕਾਰਾਂ ਦੇ ਨਾਲ ਆਉਣ ਜਦ ਤੱਕ ਅਸੀਂ ਇਹ ਸਮੱਸਿਆ ੱਸੁਧਾਰ ਕੇ ਪਰਮੇਸ਼ੁਰ ਦੇ ਗੁੱਸੇ ਨੂੰ ਘਟਨਾਂ ਦੇਈਏ।”

15 ਸਿਰਫ ਕੁਝ ਮਨੁੱਖ ਹੀ ਇਸ ਵਿਉਂਤ ਦੇ ਵਿਰੁੱਧ ਹਨ। ਉਨ੍ਹਾਂ ਵਿੱਚ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ। ਮੱਸ਼ਲਾਮ ਅਤੇ ਸ਼ਬਤਈ ਲੇਵੀ ਵੀ ਇਸ ਵਿਉਂਤ ਦੇ ਵਿਰੁੁੱਧ ਸਨ।

16 ਇਉਂ ਜਿਹੜੇ ਇਸਰਾਏਲ ਮਨੁੱਖ ਯਰੂਸ਼ਲਮ ਦੇ ਪਰਤੇ ਉਹ ਇਸ ਵਿਉਤ ਨੂੰ ਮੰਨਣ ਦੇ ਰਾਜ਼ੀ ਹੋ ਗਏ। ਅਜ਼ਰਾ ਜਾਜਕ ਨੇ ਘਰਾਣਿਆ ਦੇ ਆਗੂਆਂ ਨੂੰ ਚੁਣਿਆ। ਉਸ ਨੇ ਹਰੇਕ ਘਰਾਣੇ ਵਿੱਚੋਂ ਇੱਕ ਮਨੁੱਖ ਨੂੰ ਚੁਣਿਆ। ਹਰ ਮਨੁੱਖ ਨਾਮ ਤੋਂ ਚੁਣਿਆ ਗਿਆ। 10 ਵੇਂ ਮਹੀਨੇ ਦੇ ਪਹਿਲੇ ਦਿਨ ਫਿਰ ਉਹ ਮਨੁੱਖ ਜਿਹੜੇ ਕਿ ਚੁਣੇ ਗਏ ਸਨ ਹਰੇਕ ਦਾ ਖਾਤਾ ਵਾਚਣ ਲਈ ਬੈਠੇ ਜੋ ਉਨ੍ਹਾਂ ਦਾ ਧਿਆਨ ਨਾਲ ਪੱਤਰਾ ਵਾਚਿਆ ਜਾਵੇ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਉਹ ਸਾਰੇ ਮਨੁੱਖਾਂ ਦਾ ਲੈਣ-ਦੇਣ ਕਰ ਲਿਆ ਸੀ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ।

ਵਿਦੇਸ਼ੀ ਔਰਤਾਂ ਨਾਲ ਵਿਆਹੇ ਮਨੁੱਖਾਂ ਦੀ ਸੂਚੀ

18 ਜਾਜਕਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ:

ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਉੱਤਰਾਧਿਕਾਰੀਆਂ ਵਿੱਚੋਂ ਅਤੇ ਉਸ ਦੇ ਭਰਾਵਾਂ ਵਿੱਚੋਂ: ਮਅਸੇਯਾਹ, ਅਲੀਅਜ਼ਰ, ਯਰੀਬ ਅਤੇ ਗਦਲਯਾਹ, 19 ਉਨ੍ਹਾਂ ਸਭਨਾਂ ਨੇ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦਾ ਇਕਰਾਰ ਕਰ ਦਿੱਤਾ ਅਤੇ ਹਰੇਕ ਨੇ ਇੱਜੜ ਵਿੱਚੋਂ ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।

20 ਇੰਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ ਹਨਾਨੀ ਅਤੇ ਜ਼ਬਦਯਾਹ।

21 ਹਾਰੀਮ ਦੇ ਉੱਤਰਾਧਿਕਾਰੀਆਂ ਚੋ ਇਹ ਮਨੁੱਖ ਸਨ: ਮਅਸੇਯਾਹ, ਏਲੀਯਾਹ, ਸ਼ਮਅਯਾਹ, ਯਹੀਏਲ ਅਤੇ ਉਜ਼ੀਯ੍ਯਾਹ।

22 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਬਨੇਲ, ਯੋਜ਼ਾਬਾਦ ਅਤੇ ਅਲਆਸਾਹ।

23 ਲੇਵੀਆਂ ਵਿੱਚੋਂ:

ਯੋਜ਼ਾਬਾਦ, ਸ਼ਿਮਈ ਕੇਲਾਯਾਹ (ਜਿਸ ਨੂੰ ਕਲੀਟਾ ਵੀ ਆਖਿਆ ਜਾਂਦਾ ਹੈ), ਪਬਹਯਾਹ, ਯਹੂਦਾਹ ਅਤੇ ਅਲੀਅਜ਼ਰ।

24 ਗਵਯ੍ਯਾਂ ਵਿੱਚੋਂ: ਅਲਯਾਸ਼ੀਬ

ਦਰਬਾਨਾਂ ਵਿੱਚੋਂ: ਸ਼ੱਲੂਮ, ਟਲਮ ਅਤੇ ਊਰੀ।

25 ਤੇ ਇਸਰਾਏਲੀਆਂ ਵਿੱਚੋਂ: ਪਰੋਸ਼ ਦੇ ਉਰ੍ਰਾਧਿਕਾਰੀਆਂ ਵਿੱਚੋਂ:

ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਹਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ।

26 ਲਾਮ ਦੇ ਉਰ੍ਰਾਧਿਕਾਰੀਆਂ ਵਿੱਚੋਂ: ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਬ, ਅਤੇ ਏਲੀਯਾਹ।

27 ਜ਼ੱਤੂ ਦੇ ਉਰ੍ਰਾਧਿਕਾਰੀਆਂ ਵਿੱਚੋਂ ਇਹ ਮਨੁੱਖ ਸਨ: ਅਲਯੋਏਨਈ, ਅਲਯਾਮੀਬ, ਮੱਤਨਯਾਹ, ਯਰੇਮੋਬ, ਜ਼ਾਬਾਦ ਅਤੇ ਆਜ਼ੀਜ਼ਾ।

28 ਬੋਬਈ ਦੇ ਉਰ੍ਰਾਧਿਕਾਰੀਆਂ ਵਿੱਚੋਂ ਯਹੋਹਾਨਾਨ, ਹਨਨਯਾਹਣ ਜ਼ਬਈ ਅਤੇ ਅਬਲਈ।

29 ਅਤੇ ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ: ਮੱਸ਼ੁਲਾਮ, ਮੱਲੂਕ, ਅਦਾਯਾਹ, ਯਾਸ਼ੂਬ, ਸ਼ਆਲ, ਅਤੇ ਰਾਮੇਬ।

30 ਪਹਬ ਮੋਆਬ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਦਨਾ, ਕਲਾਲ, ਬਨਾਯਾਹ, ਮਅਸੇਆਹ, ਮੱਤਨਯਾਹ, ਬਸਲੇਲ, ਬਿੰਨੂਈ, ਅਤੇ ਮਨ੍ਨਸ਼ਹ।

31 ਹਾਰੀਮ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਲੀਅਜ਼ਰ, ਅਤੇ ਯਿਸੀਯਾਹ, ਮਲਕੀਯਾਹ, ਸ਼ਮਅਯਾਹ, ਅਤੇ ਸ਼ਿਮਓਨ। 32 ਬਿਨਯਾਮੀਨ, ਮੱਲੂਕ ਅਤੇ ਸਮਰਯਾਹ।

33 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ ਮਤਨਈ, ਮੱਤਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨੱਸ਼ਹ ਅਤੇ ਸ਼ਿਮਈ।

34 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ ਮਾਅਦਈ, ਅਮਰਾਮ, ਊੇਲ, 35 ਬਨਾਯਾਹ, ਬੇਦਯਾਹ, ਕਲੂਹੀ, 36 ਵਨਯਾਹ, ਮਰੇਮੋਬ, ਅਲਯਾਸ਼ੀਬ, 37 ਮੱਤਨਯਾਹ, ਮੱਤਨਈ, ਅਤੇ ਯਅਸਾਈ,

38 ਬਿਂਨਈ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਈ, 39 ਸ਼ਲਮਯਾਹ, ਨਾਥਾਨ, ਅਦਯਾਹ, 40 ਮਕਨਦਬਈ, ਸ਼ਾਸ਼ਈ, ਸ਼ਾਰਈ, 41 ਅਜ਼ਰੇਲ, ਸਮਰਯਾਹ, ਮਸਲਯਾਹ, 42 ਸ਼ੱਲੂਮ, ਅਮਰਯਾਹ ਅਤੇ ਯੂਸਫ।

43 ਨਬੋ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਦਮੀ ਸਨ; ਯਈੇਲ, ਮਤਿੱਬਯਾਹ, ਜ਼ਾਬਾਦ, ਜ਼ਬੀਨਾ, ਯਦ੍ਦਈ, ਯੋਏਲ, ਅਤੇ ਬਨਾਯਾਹ।

44 ਇਹ ਸਾਰੇ ਆਦਮੀ ਵਿਦੇਸ਼ੀ ਔਰਤਾਂ ਨਾਲ ਵਿਆਹੇ ਹੋਏ ਸਨ ਅਤੇ ਇਨ੍ਹਾਂ ਵਿੱਚੋਂ ਕਈਆਂ ਦੇ ਉਨ੍ਹਾਂ ਔਰਤਾਂ ਤੋਂ ਬੱਚੇ ਵੀ ਸਨ।

ਰਸੂਲਾਂ ਦੇ ਕਰਤੱਬ 10

ਪਤਰਸ ਅਤੇ ਕੁਰਨੇਲਿਯੁਸ

10 ਕੈਸਰਿਯਾ ਨਾਂ ਦੇ ਸ਼ਹਿਰ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ। ਉਹ ਰੋਮ ਦੀ ਸੈਨਾ ਦੇ ਸਮੂਹ “ਇਤਾਲਿਯਾਨ” ਵਿੱਚ ਇੱਕ ਅਧਿਕਾਰੀ ਸੀ। ਉਹ ਇੱਕ ਧਰਮੀ ਮਨੁੱਖ ਸੀ। ਉਹ ਅਤੇ ਜਿੰਨੇ ਵੀ ਲੋਕ ਉਸ ਦੇ ਘਰ ਵਿੱਚ ਰਹਿੰਦੇ ਸਨ, ਸਭ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ। ਉਹ ਲੋਕਾਂ ਨੂੰ ਦਾਨ-ਪੁੰਨ ਬਹੁਤ ਕਰਦਾ ਸੀ ਕੁਰਨੇਲਿਯੁਸ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸ ਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪਰਮੇਸ਼ੁਰ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”

ਕੁਰਨੇਲਿਯੁਸ ਨੇ ਦੂਤ ਵੱਲ ਵੇਖਿਆ, ਉਹ ਡਰ ਕੇ ਆਖਣ ਲੱਗਾ, “ਮੇਰੇ ਮਾਲਿਕ, ਤੁਸੀਂ ਕੀ ਚਾਹੁੰਦੇ ਹੋ?”

ਦੂਤ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਤੇਰੀਆਂ ਪ੍ਰਾਰਥਨਾ ਸੁਣ ਲਈਆਂ ਹਨ। ਉਸ ਨੇ ਉਹ ਸਭ ਗੱਲਾਂ ਵੇਖੀਆਂ ਹਨ ਜੋ ਤੂੰ ਗਰੀਬ ਲੋਕਾਂ ਲਈ ਕਰਦਾ ਹੈਂ। ਇਸ ਲਈ ਉਹ ਤੈਨੂੰ ਨਹੀਂ ਭੁਲਿਆ। ਹੁਣ ਤੂੰ ਯੱਪਾ ਸ਼ਹਿਰ ਵੱਲ ਕੁਝ ਆਦਮੀਆਂ ਨੂੰ ਭੇਜ ਅਤੇ ਉੱਥੋਂ ਸ਼ਮਊਨ ਨਾਂ ਦੇ ਆਦਮੀ ਨੂੰ, ਜਿਹੜਾ ਪਤਰਸ ਵੀ ਸਦੀਂਦਾ ਹੈ, ਸੱਦਾ ਭੇਜ। ਸ਼ਮਊਨ ਕਿਸੇ ਸ਼ਮਊਨ ਖਟੀਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਹੀ ਠਹਿਰਿਆ ਹੋਇਆ ਹੈ। ਉਸ ਦਾ ਘਰ ਸਮੁੰਦਰ ਦੇ ਨੇੜੇ ਹੈ।” ਜਿਹੜਾ ਦੂਤ ਕੁਰਨੇਲਿਯੁਸ ਨਾਲ ਗੱਲ ਕਰ ਰਿਹਾ ਸੀ, ਚੱਲਾ ਗਿਆ। ਉਸਤੋਂ ਬਾਅਦ ਕੁਰਨੇਲਿਯੁਸ ਨੇ ਆਪਣੇ ਦੋ ਨੌਕਰਾਂ ਤੇ ਇੱਕ ਸਿਪਾਹੀ ਨੂੰ ਬੁਲਵਾਇਆ। ਇਹ ਸਿਪਾਹੀ ਵੀ ਧਰਮੀ ਮਨੁੱਖ ਸੀ। ਇਹ ਸਿਪਾਹੀ ਉਸ ਦੇ ਖਾਸ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਨੇ ਇਹ ਸਾਰੀ ਗੱਲ ਤਿੰਨਾਂ ਆਦਮੀਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਯੱਪਾ ਵੱਲ ਭੇਜ ਦਿੱਤਾ।

ਅਗਲੇ ਦਿਨ ਇਹ ਤਿੰਨੋ ਆਦਮੀ ਯੱਪਾ ਦੇ ਨੇੜੇ ਪਹੁੰਚੇ। ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। ਇਹ ਦੁਪਿਹਰ ਦਾ ਵੇਲਾ ਸੀ। 10 ਪਤਰਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ। ਪਰ ਜਦੋਂ ਉਹ ਪਤਰਸ ਦੇ ਖਾਣ ਲਈ ਭੋਜਨ ਤਿਆਰ ਕਰ ਰਹੇ ਸਨ ਤਾਂ ਉਸ ਨੇ ਇੱਕ ਦਰਸ਼ਨ ਵੇਖਿਆ। 11 ਉਸ ਨੇ ਖੁਲ੍ਹੇ ਆਕਾਸ਼ ਨੂੰ ਵੇਖਿਆ ਅਤੇ ਉਸ ਵਿੱਚੋਂ ਚਾਦਰ ਵਾਂਗ ਕੋਈ ਚੀਜ਼ ਥੱਲੇ ਆਉਂਦੀ ਵੇਖੀ ਜੋ ਕਿ ਚਹੁੰ ਪਾਸਿਆਂ ਤੋਂ ਧਰਤੀ ਦੇ ਵੱਲ ਲਮਕਾਈ ਹੋਈ ਹੇਠਾਂ ਉਤਰ ਰਹੀ ਸੀ। 12 ਸਭ ਪ੍ਰਕਾਰ ਦੇ ਜਾਨਵਰ ਇਸ ਵਿੱਚ ਸਨ। ਉਹ ਜੀਵ ਜਿਹੜੇ ਕਿ ਚੱਲ ਸੱਕਦੇ ਹਨ, ਜਿਹੜੇ ਰੀਂਗਣ ਵਾਲੇ ਸਨ ਜ਼ਮੀਨ ਉੱਪਰ ਅਤੇ ਉਹ ਪੰਛੀ ਜਿਹੜੇ ਕਿ ਹਵਾ ਚ ਉੱਡਦੇ ਹਨ। 13 ਫ਼ੇਰ ਇੱਕ ਅਵਾਜ਼ ਨੇ ਪਤਰਸ ਨੂੰ ਆਖਿਆ, “ਪਤਰਸ, ਉੱਠ ਅਤੇ ਇਨ੍ਹਾਂ ਵਿੱਚੋਂ ਕਿਸ ਵੀ ਇੱਕ ਜੀਵ ਨੂੰ ਮਾਰ ਅਤੇ ਖਾ ਲੈ।”

14 ਪਰ ਪਤਰਸ ਨੇ ਕਿਹਾ, “ਪ੍ਰਭੂ। ਅਜਿਹਾ ਮੈਂ ਕਦੇ ਨਹੀਂ ਕੀਤਾ, ਮੈਂ ਕਦੇ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਖਾਧੀ।”

15 ਪਰ ਉਸ ਅਵਾਜ਼ ਨੇ ਦੋਬਾਰਾ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਇਹ ਸਭ ਵਸਤਾਂ ਸ਼ੁੱਧ ਬਣਾਈਆਂ ਹਨ। ਇਸ ਲਈ ਇਨ੍ਹਾਂ ਨੂੰ ‘ਅਪਵਿੱਤਰ’ ਨਾ ਕਹਿ।” 16 ਅਜਿਹਾ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਭ ਚੀਜ਼ਾਂ ਵਾਪਸ ਅਕਾਸ਼ ਵੱਲ ਚੁੱਕੀਆਂ ਗਈਆਂ। 17 ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ।

ਇਸ ਵਿੱਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲੱਭ ਲਿਆ। ਉਹ ਫ਼ਾਟਕ ਤੇ ਖੜ੍ਹੇ ਸਨ। 18 ਉਨ੍ਹਾਂ ਨੇ ਪੁੱਛਿਆ, “ਕੀ ਪਤਰਸ ਸ਼ਮਊਨ ਇੱਥੇ ਰਹਿੰਦਾ ਹੈ।”

19 ਪਤਰਸ ਅਜੇ ਵੀ ਉਸ ਦਰਸ਼ਨ ਬਾਰੇ ਹੀ ਸੋਚ ਰਿਹਾ ਸੀ ਪਰ ਆਤਮਾ ਨੇ ਉਸ ਨੂੰ ਕਿਹਾ, “ਵੇਖ। ਤਿੰਨ ਆਦਮੀ ਬਾਹਰ ਤੈਨੂੰ ਲੱਭ ਰਹੇ ਹਨ। 20 ਉੱਠ ਅਤੇ ਹੇਠਾਂ ਜਾ। ਉਨ੍ਹਾਂ ਨਾਲ ਬਿਨਾ ਕਿਸੇ ਝਿਜਕ ਚੱਲਾ ਜਾ। ਮੈਂ ਹੀ ਉਨ੍ਹਾਂ ਨੂੰ ਤੇਰੇ ਕੋਲ ਭੇਜਿਆ ਹੈ।” 21 ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸ ਨੂੰ ਤੁਸੀਂ ਲੱਭਣ ਆਏ ਹੋ। ਤੁਸੀਂ ਇੱਥੇ ਕਿਸ ਵਾਸਤੇ ਆਏ ਹੋ?”

22 ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸ ਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।” 23 ਪਤਰਸ ਨੇ ਉਨ੍ਹਾਂ ਆਦਮੀਆਂ ਨੂੰ ਅੰਦਰ ਆਉਣ ਅਤੇ ਰਾਤ ਠਹਿਰਣ ਲਈ ਆਖਿਆ।

ਅਗਲੀ ਸਵੇਰ ਪਤਰਸ ਉੱਠਿਆ, ਤਿਆਰ ਹੋਇਆ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਨਾਲ ਚੱਲਾ ਗਿਆ। ਯੱਪਾ ਚੋਂ ਕੁਝ ਭਰਾ ਵੀ ਪਤਰਸ ਨਾਲ ਗਏ। 24 ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ, ਜਿੱਥੇ ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਾ ਦੇਕੇ ਇਕੱਠਾ ਕੀਤਾ ਹੋਇਆ ਸੀ।

25 ਜਦੋਂ ਪਤਰਸ ਨੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਪਤਰਸ ਨੂੰ ਕੁਰਨੇਲਿਯੁਸ ਮਿਲਿਆ ਅਤੇ ਉਸ ਦੇ ਪੈਰਾਂ ਤੇ ਮੱਥਾ ਟੇਕਿਆ। 26 ਪਰ ਪਤਰਸ ਨੇ ਉਸ ਨੂੰ ਉੱਠਾਇਆ ਅਤੇ ਆਖਿਆ, “ਉੱਠ ਖਲੋ। ਕਿਉਂਕਿ ਮੈਂ ਵੀ ਤੇਰੇ ਵਾਂਗ ਇੱਕ ਸਾਧਾਰਣ ਮਨੁੱਖ ਹੀ ਹਾਂ।” 27 ਉਸ ਦੇ ਨਾਲ ਗੱਲਾਂ ਕਰਦਿਆਂ, ਪਤਰਸ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉੱਥੇ ਉਸ ਨੇ ਬਹੁਤ ਸਰਿਆਂ ਨੂੰ ਇਕੱਠੇ ਹੋਏ ਵੇਖਿਆ।

28 ਤਾਂ ਉਸ ਨੇ ਲੋਕਾਂ ਨੂੰ ਕਿਹਾ, “ਕਿ ਤੁਹਾਨੂੰ ਪਤਾ ਹੈ ਕਿ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਇੱਕ ਯਹੂਦੀ ਨੂੰ ਦੂਜੀ ਜਾਤ ਦੇ ਮਨੁੱਖ ਨਾਲ ਸਹਯੋਗੀ ਹੋਣ ਜਾਂ ਮੇਲ-ਮਿਲਾਪ ਕਰਨ ਦੀ ਆਗਿਆ ਨਹੀਂ ਹੈ। ਪਰ ਪਰਮੇਸ਼ੁਰ ਨੇ ਮੈਨੂੰ ਖੁਦ ਇਹ ਪ੍ਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ‘ਅਪਵਿੱਤਰ’ ਜਾਂ ‘ਅਸ਼ੁੱਧ’ ਨਾ ਕਹਾਂ। 29 ਇਸੇ ਲਈ ਜਦੋਂ ਇਨ੍ਹਾਂ ਆਦਮੀਆਂ ਨੇ ਮੈਨੂੰ ਇੱਥੇ ਆਉਣ ਲਈ ਕਿਹਾ ਮੈਂ ਆਉਣ ਲਈ ਸਹਿਮਤ ਹੋ ਗਿਆ। ਸੋ ਹੁਣ ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਾਹਦੇ ਲਈ ਬੁਲਾਇਆ ਹੈ?”

30 ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸ ਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ। 31 ਉਸ ਆਦਮੀ ਨੇ ਕਿਹਾ, ‘ਕੁਰਨੇਲਿਯੁਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਤੇਰੀਆਂ ਦਾਤਾਂ ਵੇਖ ਲਈਆਂ ਹਨ। 32 ਇਸ ਲਈ ਯੱਪਾ ਵਿੱਚ ਕੁਝ ਆਦਮੀਆਂ ਨੂੰ ਭੇਜ ਅਤੇ ਪਤਰਸ ਸ਼ਮਊਨ ਨੂੰ ਇੱਥੇ ਆਉਣ ਲਈ ਆਖ। ਪਤਰਸ ਉਸ ਘਰ ਵਿੱਚ ਰਹਿ ਰਿਹਾ ਹੈ ਜਿਸ ਘਰ ਦੇ ਆਦਮੀ ਦਾ ਨਾਂ ਵੀ ਸ਼ਮਊਨ ਹੈ ਜੋ ਚਮੜੇ ਦਾ ਕੰਮ ਕਰਦਾ ਹੈ। ਅਤੇ ਉਸਦਾ ਘਰ ਸਮੁੰਦਰ ਕੰਢੇ ਹੈ।’ 33 ਤਾਂ ਮੈਂ ਉਸੇ ਵਕਤ ਤੈਨੂੰ ਬੁਲਾਉਣ ਲਈ ਇਨ੍ਹਾਂ ਆਦਮੀਆਂ ਨੂੰ ਭੇਜ ਦਿੱਤਾ। ਆਪਣੀ ਮਿਹਰਬਾਨੀ ਸਦਕਾ ਤੂੰ ਇੱਥੇ ਆਇਆ ਹੈਂ। ਹੁਣ ਅਸੀਂ ਸਭ ਇੱਥੇ ਉਹ ਸਭ ਕੁਝ ਸੁਣਨ ਲਈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਹਾਂ, ਜੋ ਪ੍ਰਭੂ ਨੇ ਤੈਨੂੰ ਆਖਣ ਦਾ ਹੁਕਮ ਦਿੱਤਾ ਹੈ।”

ਪਤਰਸ ਦਾ ਕੁਰਨੇਲਿਯੁਸ ਦੇ ਘਰ ਵਿੱਚ ਉਪਦੇਸ਼ ਦੇਣਾ

34 ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ। 35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ। 36 ਇਹ ਉਹ ਸੁਨੇਹਾ ਹੈ ਜੋ ਉਸ ਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਖੁਸ਼ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।

37 “ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ। 38 ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇੱਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।

39 “ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸ ਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ। 40 ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਸ ਨੂੰ ਲੋਕਾਂ ਨੂੰ ਪ੍ਰਗਟਾਇਆ। 41 ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸ ਨੂੰ ਵੇਖਣ ਦੇ ਸਮਰੱਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜਿਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।

42 “ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸ ਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ। 43 ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸ ਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”

ਪਰਾਈਆਂ ਕੌਮਾਂ ਤੇ ਪਵਿੱਤਰ ਆਤਮਾ ਦਾ ਆਉਣਾ

44 ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ। 45 ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਹਾਇਆ ਗਿਆ ਸੀ। 46 ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤਦ ਪਤਰਸ ਨੇ ਆਖਿਆ, 47 “ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸੱਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।” 48 ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸ ਦੇ ਸਾਕ-ਸੰਬੰਧੀਆਂ ਨੂੰ ਉਸ ਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਪਤਰਸ ਨੂੰ ਉੱਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।

Punjabi Bible: Easy-to-Read Version (ERV-PA)

2010 by World Bible Translation Center