M’Cheyne Bible Reading Plan
ਅਲੀਸ਼ਾ ਦੀਆਂ ਕਰਾਮਾਤਾਂ
6 ਨਬੀਆਂ ਦੇ ਟੋਲੇ ਨੇ ਅਲੀਸ਼ਾ ਨੂੰ ਕਿਹਾ, “ਵੇਖ! ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿ ਰਹੇ ਹਾਂ, ਸਾਡੇ ਲਈ ਇਹ ਬੜੀ ਤੰਗ ਹੈ। 2 ਚੱਲ ਯਰਦਨ ਨਦੀ ਵੱਲ ਚੱਲੀਏ ਤੇ ਉੱਥੋਂ ਕੁਝ ਲੱਕੜ ਵੱਢ ਲਿਆਈੇਏ। ਅਸੀਂ ਸਭ ਇੱਕ-ਇੱਕ ਸ਼ਤੀਰ ਚੁੱਕ ਲਿਆਵਾਂਗੇ ਅਤੇ ਇੱਥੇ ਰਹਿਣ ਜੋਗੀ ਥਾਂ ਬਣਾ ਲਵਾਂਗੇ।”
ਅਲੀਸ਼ਾ ਨੇ ਆਖਿਆ, “ਠੀਕ ਹੈ, ਚਲੋ ਚੱਲਦੇ ਹਾਂ।”
3 ਤਾਂ ਇੱਕ ਮਨੁੱਖ ਨੇ ਆਖਿਆ, “ਕਿਰਪਾ ਕਰਕੇ ਤੂੰ ਸਾਡੇ ਨਾਲ ਚੱਲ।”
ਅਲੀਸ਼ਾ ਨੇ ਕਿਹਾ, “ਠੀਕ ਹੈ, ਮੈਂ ਤੁਹਾਡੇ ਨਾਲ ਚਲਦਾ ਹਾਂ।”
4 ਤਦ ਅਲੀਸ਼ਾ ਉਨ੍ਹਾਂ ਨਬੀਆਂ ਦੇ ਟੋਲੇ ਦੇ ਨਾਲ ਗਿਆ। ਜਦੋਂ ਉਹ ਯਰਦਨ ਦਰਿਆ ਤੇ ਪਹੁੰਚੇ ਤਾਂ ਉਨ੍ਹਾਂ ਲੱਕੜ ਵੱਢਣੀ ਸ਼ੁਰੂ ਕੀਤੀ। ਉਨ੍ਹਾਂ ਕੁਝ ਰੁੱਖ ਵੱਢੇ। 5 ਪਰ ਜਿਸ ਵੇਲੇ ਇੱਕ ਮਨੁੱਖ ਰੁੱਖ ਵੱਢ ਰਿਹਾ ਸੀ ਤਾਂ ਉਸ ਦੀ ਕੁਹਾੜੀ ਦਾ ਫ਼ਲ ਪਾਣੀ ਵਿੱਚ ਡਿੱਗ ਪਿਆ। ਤਾਂ ਉਹ ਮਨੁੱਖ ਚੀਖਿਆ, “ਓ ਸੁਆਮੀ! ਮੈਂ ਤਾਂ ਇਹ ਕੁਹਾੜਾ ਮੰਗਵਾਂ ਲਿਆਂਦਾ ਸੀ।”
6 ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਕਿਹਾ, “ਉਹ ਕਿੱਥੇ ਡਿੱਗਿਆ ਹੈ?”
ਉਸ ਨੇ ਅਲੀਸ਼ਾ ਨੂੰ ਉਹ ਥਾਂ ਵਿਖਾਈ ਜਿੱਥੇ ਉਸਦਾ ਕੁਹਾੜਾ ਡਿੱਗਿਆ ਸੀ। ਤਦ ਅਲੀਸ਼ਾ ਨੇ ਇੱਕ ਟਾਹਣੀ ਤੋੜੀ ਤੇ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ, ਟਾਹਣੀ ਨੇ ਉਸ ਮਨੁੱਖ ਦੇ ਕੁਹਾੜੇ ਨੂੰ ਪਾਣੀ ਉੱਤੇ ਤੈਰਨ ਲਾ ਦਿੱਤਾ। 7 ਅਲੀਸ਼ਾ ਨੇ ਕਿਹਾ, “ਉਸ ਨੂੰ ਚੁੱਕ ਲੈ।” ਤਾਂ ਉਹ ਆਦਮੀ ਪਾਣੀ ਕੋਲ ਗਿਆ ਤੇ ਉਸ ਨੇ ਉਸ ਕੁਹਾੜੇ ਦੇ ਫ਼ਲ ਨੂੰ ਪਾਣੀ ਤੋਂ ਚੁੱਕ ਲਿਆ।
ਅਰਾਮ ਦੀ ਇਸਰਾਏਲ ਨੂੰ ਫ਼ਸਾਉਣ ਦੀ ਕੋਸ਼ਿਸ਼
8 ਅਰਾਮ ਦਾ ਪਾਤਸ਼ਾਹ ਇਸਰਾਏਲ ਦੇ ਵਿਰੁੱਧ ਲੜ ਰਿਹਾ ਸੀ। ਉਸਦੀ ਆਪਣੀ ਸੈਨਾ ਦੇ ਅਫ਼ਸਰਾਂ ਨਾਲ ਸਭਾ ਸੀ, ਅਤੇ ਆਖਿਆ, “ਇਸ ਥਾਵੇਂ ਲੁਕ ਜਾਵੋ! ਜਦੋਂ ਹੀ ਇਸਰਾਏਲੀ ਇੱਥੋਂ ਦੀ ਲੰਘਣ, ਉਨ੍ਹਾਂ ਤੇ ਹਮਲਾ ਕਰ ਦਿਓ।”
9 ਪਰ ਪਰਮੇਸ਼ੁਰ ਦੇ ਪੁੱਤਰ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਖਬਰ ਭੇਜੀ ਅਤੇ ਕਿਹਾ, “ਸਤਰਕ ਰਹੋ। ਉਸ ਥਾਵੇਂ ਨਾ ਜਾਣਾ ਕਿਉਂ ਕਿ ਉੱਥੇ ਅਰਾਮੀ ਸੈਨਾ ਲੁਕੀ ਹੋਈ ਹੈ।”
10 ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਵੇਂ ਆਪਣੇ ਲੋਕਾਂ ਨੂੰ ਸੁਨੇਹਾ ਭੇਜਿਆ ਜਿੱਥੇ ਦੇ ਲਈ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਉਸ ਨੂੰ ਹੁਸ਼ਿਆਰ-ਖਬਰਦਾਰ ਕੀਤਾ ਸੀ। ਇਉਂ ਇਸਰਾਏਲ ਦੇ ਪਾਤਸ਼ਾਹ ਨੇ ਕਈ ਆਦਮੀਆਂ ਨੂੰ ਮਰਨ ਤੋਂ ਬਚਾਅ ਲਿਆ।
11 ਇਸ ਗੱਲੋ ਅਰਾਮ ਦਾ ਪਾਤਸ਼ਾਹ ਬੜਾ ਬੇਚੈਨ ਹੋਇਆ। ਤਾਂ ਉਸ ਨੇ ਆਪਣੀ ਸੈਨਾ ਦੇ ਅਫ਼ਸਰਾਂ ਨੂੰ ਬੁਲਾਇਆ ਅਤੇ ਆਖਿਆ, “ਮੈਨੂੰ ਦੱਸੋ ਕਿ ਇਸਰਾਏਲ ਦੇ ਪਾਤਸ਼ਾਹ ਲਈ ਭਲਾ ਤੁਹਾਡੇ ਵਿੱਚੋਂ ਜਸੂਸੀ ਕੌਣ ਕਰ ਰਿਹਾ ਹੈ?”
12 ਅਰਾਮ ਦੇ ਪਾਤਸ਼ਾਹ ਨੂੰ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਮੇਰੇ ਸੁਆਮੀ ਅਤੇ ਪਾਤਸ਼ਾਹ, ਸਾਡੇ ਵਿੱਚੋਂ ਕੋਈ ਉਸ ਨੂੰ ਭੇਤ ਨਹੀਂ ਦਿੰਦਾ ਸਗੋਂ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਉਹ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ।”
13 ਅਰਾਮ ਦੇ ਰਾਜੇ ਨੇ ਕਿਹਾ, “ਜਾਕੇ ਵੇਖੋ ਕਿ ਅਲੀਸ਼ਾ ਕਿੱਥੇ ਹੈ ਤਾਂ ਜੋ ਉਸ ਨੂੰ ਫ਼ੜਿਆ ਜਾਵੇ।”
ਪਾਤਸ਼ਾਹ ਨੂੰ ਉਸ ਦੇ ਸੇਵਕਾਂ ਨੇ ਆਖਿਆ, “ਇਸ ਵੇਲੇ ਉਹ ਦੋਬਾਨ ਵਿੱਚ ਹੈ।”
14 ਤਦ ਪਾਤਸ਼ਾਹ ਨੇ ਦੋਥਾਨ ਵਿੱਚ ਘੋੜੇ, ਰੱਥ ਤੇ ਆਪਣੀ ਵੱਡੀ ਫ਼ੌਜ ਭੇਜੀ। ਉਨ੍ਹਾਂ ਨੇ ਰਾਤ ਵੇਲੇ ਜਾਕੇ ਸ਼ਹਿਰ ਨੂੰ ਘੇਰ ਲਿਆ। 15 ਉਸ ਸਵੇਰ ਅਲੀਸ਼ਾ ਦੇ ਸੇਵਕ ਤੜਕਸਾਰ ਉੱਠੇ। ਇੱਕ ਸੇਵਕ ਜਦੋਂ ਬਾਹਰ ਗਿਆ ਤਾਂ ਉਸ ਨੇ ਘੋੜੇ ਰੱਥਾਂ ਤੇ ਫ਼ੌਜ ਨਾਲ ਸ਼ਹਿਰ ਨੂੰ ਘਿਰਿਆ ਵੇਖਿਆ।
ਅਲੀਸ਼ਾ ਦੇ ਸੇਵਕ ਨੇ ਉਸ ਨੂੰ ਕਿਹਾ, “ਓ ਮੇਰੇ ਸੁਆਮੀ! ਹੁਣ ਅਸੀਂ ਕੀ ਕਰੀਏ?”
16 ਅਲੀਸ਼ਾ ਨੇ ਕਿਹਾ, “ਘਬਰਾਓ ਨਹੀਂ! ਜੋ ਫ਼ੌਜ ਸਾਡੇ ਲਈ ਲੜੇਗੀ ਉਹ ਅਰਾਮ ਦੀ ਫ਼ੌਜ ਤੋਂ ਕਿਤੇ ਵੱਧੇਰੇ ਹੈ।”
17 ਤਦ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਯਹੋਵਾਹ! ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਸੇਵਕ ਦੀਆਂ ਅੱਖਾਂ ਖੋਲ੍ਹ ਤਾਂ ਜੋ ਉਹ ਵੇਖ ਸੱਕੇ।”
ਯਹੋਵਾਹ ਨੇ ਉਸ ਨੌਜੁਆਨ ਦੀਆਂ ਅੱਖਾਂ ਖੋਲ੍ਹੀਆਂ ਤਾਂ ਸੇਵਕ ਨੇ ਵੇਖਿਆ ਕਿ ਅਲੀਸ਼ਾ ਦੇ ਇਰਦ ਗਿਰਦ ਤਾਂ ਪਹਾੜ ਅੱਗ ਦੇ ਘੋੜਿਆ ਤੇ ਰਥਾਂ ਨਾਲ ਭਰਿਆ ਹੋਇਆ ਹੈ।
18 ਜਦੋਂ ਅਰਾਮੀ ਹੇਠਾਂ ਅਲੀਸ਼ਾ ਵੱਲ ਆਏ, ਅਲੀਸ਼ਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਇਸ ਅਰਾਮੀ ਫ਼ੋਜਾ ਨੂੰ ਇੱਕ ਦਮ ਅੰਨ੍ਹੀ ਕਰ ਦੇਹ।”
ਤਾਂ ਯਹੋਵਾਹ ਨੇ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ ਜਿਵੇਂ ਕਿ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਸੀ। 19 ਅਲੀਸ਼ਾ ਨੇ ਅਰਾਮੀ ਫ਼ੌਜ ਨੂੰ ਆਖਿਆ, “ਇਹ ਸਹੀ ਸੜਕ ਨਹੀਂ ਹੈ ਤੇ ਨਾ ਹੀ ਉਹ ਸ਼ਹਿਰ ਹੈ ਜਿਸ ਲਈ ਤੁਸੀਂ ਆਏ ਹੋ। ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਉਸ ਮਨੁੱਖ ਕੋਲ ਲੈ ਚੱਲਦਾ ਹਾਂ ਜਿਸ ਨੂੰ ਤੁਸੀਂ ਭਾਲ ਰਹੇ ਹੋ!” ਤਾਂ ਅਲੀਸ਼ਾ ਉਨ੍ਹਾਂ ਨੂੰ ਸਾਮਰਿਯਾ ਵੱਲ ਲੈ ਗਿਆ।
20 ਜਦੋਂ ਉਹ ਸਾਮਰਿਯਾ ਪਹੁੰਚ ਗਏ ਤਾਂ ਅਲੀਸ਼ਾ ਨੇ ਕਿਹਾ, “ਹੇ ਯਹੋਵਾਹ, ਇਨ੍ਹਾਂ ਦੀਆਂ ਅੱਖਾਂ ਖੋਲ੍ਹ ਦੇਹ ਤਾਂ ਜੋ ਇਹ ਵੇਖ ਸੱਕਣ।”
ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤਾਂ ਅਰਾਮੀ ਫ਼ੌਜ ਨੇ ਵੇਖਿਆ ਕਿ ਉਹ ਤਾਂ ਸਾਮਰਿਯਾ ਦੇ ਸ਼ਹਿਰ ਵਿੱਚ ਹਨ। 21 ਜਦ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵੇਖਿਆ ਤਾਂ ਉਸ ਨੇ ਅਲੀਸ਼ਾ ਨੂੰ ਆਖਿਆ, “ਮੇਰੇ ਪਿਤਾ! ਮੈਨੂੰ ਦੱਸੋ ਕਿ ਕੀ ਮੈਂ ਉਨ੍ਹਾਂ ਨੂੰ ਮਾਰਾਂ? ਕੀ ਮੈਂ ਉਨ੍ਹਾਂ ਨੂੰ ਮਾਰ ਮੁਕਾਵਾਂ?”
22 ਅਲੀਸ਼ਾ ਨੇ ਕਿਹਾ, ਨਹੀਂ! ਉਨ੍ਹਾਂ ਨੂੰ ਮਾਰ “ਨਹੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਧਣੁਖ ਨਾਲ ਆਪਣੇ ਬੰਧੀ ਬਣਾਇਆ ਸੀ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਅਰਾਮੀ ਫ਼ੌਜ ਨੂੰ ਸਗੋਂ ਥੋੜਾ ਅੰਨ-ਪਾਣੀ ਦੇਹ। ਉਨ੍ਹਾਂ ਨੂੰ ਕੁਝ ਖਾਣ-ਪੀਣ ਦੇ ਤੇ ਫ਼ਿਰ ਉਨ੍ਹਾਂ ਨੂੰ ਆਪਣੇ ਮਾਲਿਕ ਦੇ ਘਰ ਵਾਪਸ ਪਰਤਣ ਦੇਹ।”
23 ਤਾਂ ਇਸਰਾਏਲ ਦੇ ਪਾਤਸ਼ਾਹ ਨੇ ਅਰਾਮੀ ਸੈਨਾ ਲਈ ਖੁਲ੍ਹਾ ਭੋਜਨ ਤਿਆਰ ਕਰਵਾਇਆ। ਉਨ੍ਹਾਂ ਨੇ ਰੱਜ ਕੇ ਖਾਧਾ ਅਤੇ ਪੀਤਾ। ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵਾਪਸ ਆਪਣੇ ਰਾਹ ਜਾਣ ਦਿੱਤਾ। ਤੇ ਉਹ ਸੈਨਾ ਅਰਾਮ ’ਚ ਆਪਣੇ ਮਾਲਕਾਂ ਕੋਲ ਪਰਤ ਗਈ। ਉਸ ਤੋਂ ਬਾਅਦ, ਕਦੇ ਵੀ ਅਰਾਮੀ ਸਿਪਾਹੀ ਇਸਰਾਏਲ ਦੀ ਧਰਤੀ ਤੇ ਛਾਪੇ ਮਾਰਨ ਲਈ ਨਹੀਂ ਆਏ।
ਸਾਮਰਿਯਾ ਵਿੱਚ ਭਿਆਨਕ ਕਾਲ
24 ਇਸਤੋਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ। 25 ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ ਅਤੇ ਫ਼ੌਜ ਨੇ ਅੰਨ ਸ਼ਹਿਰ ਦੇ ਅੰਦਰ ਨਾ ਆਣ ਦਿੱਤਾ ਇਸ ਲਈ ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ। ਇੱਥੋਂ ਤੱਕ ਹਾਲਤ ਬੁਰੀ ਹੋ ਗਈ ਕਿ ਇੱਕ ਖੋਤੇ ਦਾ ਸਿਰ ਵੀ ਚਾਂਦੀ ਦੇ ਅਸੀਂ ਸਿੱਕਿਆਂ ਦੇ ਤੁੱਲ ਵਿਕਦਾ ਅਤੇ ਕਬੂਤਰ (ਘੁੱਗੀ) ਦੀ ਵਿੱਠ ਦਾ ਅੱਧਾ ਸੇਰ ਚਾਂਦੀ ਦੇ ਪੰਜ ਸਿੱਕਿਆਂ ਦੀ ਵਿਕਦੀ।
26 ਇੱਕ ਦਿਨ ਜਦ ਇਸਰਾਏਲ ਦਾ ਪਾਤਸ਼ਾਹ ਸ਼ਹਿਰ ਦੀ ਕੰਧ ਉੱਪਰ ਤੁਰਿਆ ਜਾਂਦਾ ਸੀ ਤਾਂ ਇੱਕ ਔਰਤ ਨੇ ਇਹ ਕਹਿ ਕੇ ਉਸ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ! ਕਿਰਪਾ ਕਰਕੇ ਮੇਰੀ ਮਦਦ ਕਰ।
27 ਇਸਰਾਏਲ ਦੇ ਪਾਤਸ਼ਾਹ ਨੇ ਕਿਹਾ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਣਾ ਚਾਹੇ ਤਾਂ ਮੈਂ ਤੈਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ, ਨਾ ਹੀ ਖਲਵਾੜੇ ਵਿੱਚ ਅਨਾਜ ਹੈ ਤੇ ਨਾ ਹੀ ਚੁਬੱਚੇ ਵਿੱਚ ਦਾਖ ਹੈ।” 28 ਫ਼ਿਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੈਨੂੰ ਕੀ ਦੁੱਖ ਹੈ?”
ਉਹ ਔਰਤ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ‘ਤੂੰ ਮੈਨੂੰ ਆਪਣਾ ਪੁੱਤਰ ਦੇਹ ਤਾਂ ਜੋ ਅੱਜ ਅਸੀਂ ਉਸ ਨੂੰ ਵੱਢੀਏ ਤੇ ਫ਼ਿਰ ਖਾ ਲਈਏ ਤੇ ਕੱਲ ਮੈਂ ਆਪਣਾ ਪੁੱਤਰ ਵੱਢ ਕੇ ਕੱਲ ਉਸ ਨੂੰ ਖਾ ਲਵਾਂਗੇ।’ 29 ਇਉਂ ਮੈਂ ਆਪਣਾ ਪੁੱਤਰ ਵੱਢਿਆ-ਉਬਾਲਿਆ ਤੇ ਅਸੀਂ ਖਾਧਾ। ਅਗਲੇ ਦਿਨ ਮੈਂ ਆਖਿਆ ‘ਹੁਣ ਤੂੰ ਆਪਣਾ ਪੁੱਤਰ ਦੇਹ ਤਾਂ ਜੋ ਅਸੀਂ ਉਸ ਨੂੰ ਵੀ ਵੱਢਕੇ ਖਾਈਏ’ ਪਰ ਇਸਨੇ ਇਉਂ ਕਰਨ ਤੋਂ ਪਹਿਲਾਂ ਆਪਣਾ ਪੁੱਤਰ ਕਿਤੇ ਛੁਪਾਅ ਲਿਆ ਹੈ।”
30 ਜਦੋਂ ਪਾਤਸ਼ਾਹ ਨੇ ਉਸ ਔਰਤ ਦੇ ਇਹ ਬਚਨ ਸੁਣੇ ਤਾਂ ਉਸ ਨੇ ਆਪਣੀ ਬੇਚੈਨੀ ਜ਼ਾਹਿਰ ਕਰਨ ਲਈ ਆਪਣੇ ਤਨ ਦੇ ਕੱਪੜੇ ਫ਼ਾੜ ਦਿੱਤੇ ਤੇ ਜਦੋਂ ਉਹ ਦੀਵਾਰ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਫ਼ਟੇ ਕੱਪੜਿਆਂ ਅੰਦਰ ਤਨ ਤੇ ਟਾਟ ਲਪੇਟਿਆਂ ਵੇਖਿਆ ਤਾਂ ਉਹ ਜਾਣ ਗਏ ਕਿ ਰਾਜਾ ਬੜਾ ਦੁੱਖ ’ਚ ਹੈ ਤੇ ਉਦਾਸ ਬੇਚੈਨ ਹੈ।
31 ਪਾਤਸ਼ਾਹ ਨੇ ਕਿਹਾ, “ਜੇ ਅੱਜ ਸ਼ਾਫ਼ਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਸ ਦੇ ਤਨ ਉੱਪਰੋ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸ ਵਰਗਾ ਨਹੀਂ ਸਗੋਂ ਇਸ ਤੋਂ ਵੱਧ ਬੁਰਾ ਹਸ਼ਰ ਕਰੇ।”
32 ਪਾਤਸ਼ਾਹ ਨੇ ਅਲੀਸ਼ਾ ਵੱਲ ਸੰਦੇਸ਼ਵਾਹਕ ਭੇਜਿਆ, ਉਹ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਉਸ ਨਾਲ ਬਜ਼ੁਰਗ ਬੈਠੇ ਹੋਏ ਸਨ। ਸੰਦੇਸ਼ਵਾਹਕ ਦੇ ਪਹੁੰਚਣ ਤੋਂ ਪਹਿਲਾਂ ਹੀ ਅਲੀਸ਼ਾ ਨੇ ਬਜ਼ੁਰਗਾਂ ਨੂੰ ਆਖਿਆ, “ਵੇਖੋ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ। ਵੇਖੋ ਜਦੋਂ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਧੱਕੀ ਰੱਖਣਾ। ਕਿਉਂ ਕਿ ਮੈਂ ਉਸ ਦੇ ਪਿੱਛੇ ਉਸ ਦੇ ਸੁਆਮੀ ਦੇ ਪੈਰਾਂ ਦੀ ਬਿੜਕ ਵੀ ਸੁਣ ਰਿਹਾ ਹਾਂ।”
33 ਜਦੋਂ ਅਲੀਸ਼ਾ ਅਜੇ ਆਗੂ ਬਜ਼ੁਰਗਾਂ ਨਾਲ ਗੱਲ ਕਰ ਹੀ ਰਿਹਾ ਸੀ ਤਾਂ ਸੰਦੇਸ਼ਵਾਹਕ ਉਸ ਕੋਲ ਆਇਆ ਅਤੇ ਆਖਿਆ, “ਵੇਖੋ! ਇਹ ਮੁਸੀਬਤ ਯਹੋਵਾਹ ਵੱਲੋਂ ਹੈ ਤਾਂ ਫ਼ਿਰ ਹੁਣ ਮੈਂ ਭਲਾ ਯਹੋਵਾਹ ਦੇ ਹੁਕਮ ਦੀ ਹੋਰ ਉਡੀਕ ਕਿਉਂ ਕਰਾਂ?”
ਕਲੀਸਿਯਾ ਦੇ ਆਗੂ
3 ਜੋ ਮੈਂ ਕਹਿੰਦਾ ਹਾਂ ਉਹ ਸੱਚ ਹੈ; ਜੇ ਕੋਈ ਵਿਅਕਤੀ ਕਲੀਸਿਯਾ ਦਾ ਬਜ਼ੁਰਗ ਬਣਨਾ ਚਾਹੁੰਦਾ ਹੈ ਤਾਂ ਉਹ ਚੰਗਾ ਕੰਮ ਕਰਨਾ ਚਾਹ ਰਿਹਾ ਹੈ। 2 ਬਜ਼ੁਰਗ ਨੂੰ ਇਸ ਹੱਦ ਤੱਕ ਚੰਗਾ ਹੋਣਾ ਚਾਹੀਦਾ ਹੈ ਕਿ ਲੋਕ ਉਸ ਨੂੰ ਹੱਕੀ ਤੌਰ ਤੇ ਗਲਤ ਨਾ ਕਹਿ ਸੱਕਣ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਬਜ਼ੁਰਗ ਨੂੰ ਆਪਣੇ ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ ਅਤੇ ਸਿਆਣਾ ਹੋਣਾ ਚਾਹੀਦਾ ਹੈ। ਉਸ ਨੂੰ ਚੰਗਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਨੂੰ ਇੱਜ਼ਤ ਦੇ ਸੱਕਣ। ਉਸ ਨੂੰ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਆਪਣੇ ਘਰ ਵਿੱਚ ਪ੍ਰਵਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹ ਇੱਕ ਚੰਗਾ ਉਪਦੇਸ਼ਕ ਹੋਣਾ ਚਾਹੀਦਾ ਹੈ। 3 ਉਸ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ। 4 ਉਸ ਨੂੰ ਆਪਣੇ ਘਰ ਦਾ ਇੱਕ ਚੰਗਾ ਆਗੂ ਹੋਣਾ ਚਾਹੀਦਾ। ਇਸਦਾ ਅਰਥ ਇਹ ਹੈ ਕਿ ਉਸ ਦੇ ਬੱਚੇ ਪੂਰੀ ਇੱਜ਼ਤ ਨਾਲ ਉਸਦਾ ਆਖਾ ਮੰਨਦੇ ਹੋਣ। 5 ਜੇ ਕਿਸੇ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਆਗੂ ਨਹੀਂ ਬਣਨਾ ਆਉਂਦਾ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦਾ ਧਿਆਨ ਰੱਖਣ ਦੇ ਯੋਗ ਨਹੀਂ ਹੋ ਸੱਕਦਾ।
6 ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸੱਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ। 7 ਇੱਕ ਬਜ਼ੁਰਗ ਨੂੰ ਉਨ੍ਹਾਂ ਲੋਕਾਂ ਵੱਲੋਂ ਵੀ ਇੱਜ਼ਤ ਮਿਲਣੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧ ਨਹੀਂ ਰੱਖਦੇ। ਫ਼ੇਰ ਉਸ ਦੀ ਆਲੋਚਨਾ, ਹੋਰਨਾਂ ਦੁਆਰਾ ਨਹੀਂ ਹੋਵੇਗੀ ਅਤੇ ਉਹ ਸ਼ੈਤਾਨ ਦੁਆਰਾ ਨਹੀਂ ਫ਼ਸਾਇਆ ਜਾ ਸੱਕਦਾ।
ਕਲੀਸਿਯਾ ਦੇ ਸਹਾਇਕ
8 ਇਸੇ ਢੰਗ ਨਾਲ, ਜਿਹੜੇ ਆਦਮੀ ਕਲੀਸਿਯਾ ਵਿੱਚ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਦੇ ਹਨ, ਇੱਜ਼ਤ ਦੇ ਭਾਗੀ ਵਿਅਕਤੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਉਹ ਗੱਲਾਂ ਨਹੀਂ ਆਖਣੀਆਂ ਚਾਹੀਦੀਆਂ ਜਿਨ੍ਹਾਂ ਦਾ ਕੋਈ ਅਰਥ ਨਹੀਂ, ਅਤੇ ਉਨ੍ਹਾਂ ਨੂੰ ਆਪਣਾ ਸਮਾਂ ਸ਼ਰਾਬ ਪੀਣ ਵਿੱਚ ਨਹੀਂ ਬਿਤਾਉਣਾ ਚਾਹੀਦਾ। ਉਹ ਅਜਿਹੇ ਵਿਅਕਤੀ ਨਹੀਂ ਹੋਣੇ ਚਾਹੀਦੇ ਜਿਹੜੇ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। 9 ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਚੱਲਣਾ ਚਾਹੀਦਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ। ਅਤੇ ਉਨ੍ਹਾਂ ਨੂੰ ਹਮੇਸ਼ਾ ਉਸੇ ਆਧਾਰ ਤੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਸ ਨੂੰ ਉਹ ਸਹੀ ਸਮਝਦੇ ਹਨ। 10 ਤੁਹਾਨੂੰ ਇਨ੍ਹਾਂ ਲੋਕਾਂ ਦੀ ਪਰੱਖ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਉਨ੍ਹਾਂ ਵਿੱਚ ਕੋਈ ਨੁਕਸ ਦਿਖਾਈ ਨਾ ਦੇਵੇ ਤਾਂ ਉਹ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰ ਸੱਕਦੇ ਹਨ।
11 ਇਸੇ ਤਰ੍ਹਾਂ ਹੀ ਔਰਤਾਂ ਨੂੰ ਵੀ ਹੋਰਨਾਂ ਲੋਕਾਂ ਪਾਸੋਂ ਇੱਜ਼ਤ ਦੇ ਯੋਗ ਹੋਣਾ ਚਾਹੀਦਾ ਹੈ। ਉਹ ਅਜਿਹੀਆਂ ਔਰਤਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਦੂਸਰਿਆਂ ਬਾਰੇ ਮੰਦਾ ਬੋਲਦੀਆਂ ਹਨ। ਉਨ੍ਹਾਂ ਨੂੰ ਆਪਣੇ ਆਪ ਉੱਤੇ ਸੰਜਮ ਹੋਣ ਚਾਹੀਦਾ ਹੈ ਅਤੇ ਅਜਿਹੀਆਂ ਔਰਤਾਂ ਬਣਨਾ ਚਾਹੀਦਾ ਹੈ ਜਿਨ੍ਹਾਂ ਉੱਪਰ ਹਰ ਗੱਲੋਂ ਇਤਬਾਰ ਕੀਤਾ ਜਾ ਸੱਕੇ।
12 ਜਿਹੜੇ ਆਦਮੀ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕੇਵਲ ਇੱਕ ਪਤਨੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੇ ਚੰਗੇ ਆਗੂ ਹੋਣਾ ਚਾਹੀਦਾ ਹੈ। 13 ਉਹ ਜਿਹੜੇ ਸਹੀ ਢੰਗ ਨਾਲ ਸੇਵਾ ਕਰਦੇ ਹਨ ਆਪਣੇ ਆਪ ਲਈ ਸਨਮਾਨ ਯੋਗ ਥਾਂ ਬਣਾ ਰਹੇ ਹਨ ਅਤੇ ਉਹ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੀ ਨਿਸ਼ਚਿਤਤਾ ਪਾਉਣਗੇ।
ਸਾਡੀ ਜ਼ਿੰਦਗੀ ਦਾ ਰਹੱਸ
14 ਮੈਨੂੰ ਉਮੀਦ ਹੈ ਕਿ ਮੈਂ ਛੇਤੀ ਹੀ ਤੁਹਾਡੇ ਵੱਲ ਆ ਸੱਕਦਾ ਹਾਂ। ਪਰ ਹੁਣ ਮੈਂ ਤੁਹਾਨੂੰ ਇਹ ਗੱਲਾਂ ਲਿਖ ਰਿਹਾ ਹਾਂ। 15 ਤਾਂ ਫ਼ੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸੱਕਿਆ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣ ਲਵੋ ਜਿਹੜੀਆਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜ਼ਰੂਰੀ ਹਨ। ਇਹ ਪਰਿਵਾਰ ਜਿਉਂਦੇ ਜਾਗਦੇ ਪਰਮੇਸ਼ੁਰ ਦੀ ਕਲੀਸਿਯਾ ਹੈ। ਅਤੇ ਪਰਮੇਸ਼ੁਰ ਦੀ ਕਲੀਸਿਯਾ ਸੱਚ ਦਾ ਸਹਾਰਾ ਤੇ ਬੁਨਿਆਦ ਹੈ। 16 ਬਿਨਾ ਕਿਸੇ ਸ਼ੱਕ, ਸਾਡੀ ਰੱਬੀ ਜ਼ਿੰਦਗੀ ਦਾ ਰਹੱਸ ਮਹਾਨ ਹੈ:
ਉਹ ਸਾਨੂੰ ਮਨੁੱਖੀ ਸਰੀਰ ਦੇ ਰੂਪ ਵਿੱਚ ਦਰਸ਼ਾਇਆ ਗਿਆ ਸੀ;
ਆਤਮਾ ਨੇ ਇਹ ਪ੍ਰਮਾਣ ਦਿੱਤਾ ਕਿ ਉਹ ਸਹੀ ਸੀ;
ਉਸ ਨੂੰ ਦੂਤਾਂ ਨੇ ਦੇਖਿਆ।
ਉਸ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਹੋਰਾਂ ਕੌਮਾਂ ਵਿੱਚ ਕੀਤਾ ਗਿਆ;
ਦੁਨੀਆਂ ਦੇ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ
ਉਸ ਨੂੰ ਪੂਰੀ ਮਹਿਮਾ ਨਾਲ ਸਵਰਗਾਂ ਵਿੱਚ ਲਿਜਾਇਆ ਗਿਆ।
ਤਿਗ੍ਰਿਸ ਦਰਿਆ ਕੰਢੇ ਦਾਨੀਏਲ ਦਾ ਦਰਸ਼ਨ
10 ਖੋਰਸ ਫ਼ਾਰਸ ਦਾ ਰਾਜਾ ਸੀ। ਖੋਰਸ ਦੇ ਰਾਜ ਦੇ ਤੀਸਰੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਹੋਇਆ। (ਦਾਨੀਏਲ ਦਾ ਦੂਸਰਾ ਨਾਮ ਬੇਲਸ਼ੱਸ਼ਰ ਹੈ।) ਇਹ ਗੱਲਾਂ ਸਹੀ ਹਨ ਪਰ ਸਮਝਣੀਆਂ ਬਹੁਤ ਕਠਿਨ ਹਨ। ਪਰ ਦਾਨੀਏਲ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ। ਇਨਾਂ ਬਾਰੇ ਉਸ ਨੂੰ ਇੱਕ ਦਰਸ਼ਨ ਵਿੱਚ ਸਮਝਾਇਆ ਗਿਆ।
2 ਦਾਨੀਏਲ ਆਖਦਾ ਹੈ, “ਉਸ ਸਮੇਂ ਦੌਰਾਨ, ਮੈਂ, ਦਾਨੀਏਲ ਨੇ ਤਿੰਨਾਂ ਹਫ਼ਤਿਆਂ ਤੱਕ ਵਿਰਲਾਪ ਕੀਤਾ। 3 ਉਨ੍ਹਾਂ ਤਿੰਨ ਹਫ਼ਤਿਆਂ ਦੌਰਾਨ ਮੈਂ ਕੋਈ ਵੀ ਚੰਗਾ ਭੋਜਨ ਨਹੀਂ ਕੀਤਾ। ਮੈਂ ਕੋਈ ਮਾਸ ਨਹੀਂ ਖਾਧਾ। ਮੈਂ ਕੋਈ ਮੈਅ ਨਹੀਂ ਪੀਤੀ। ਮੈਂ ਆਪਣੇ ਸਿਰ ਤੇ ਕੋਈ ਤੇਲ ਨਹੀਂ ਲਾਇਆ। ਮੈਂ ਇਨ੍ਹਾਂ ਵਿੱਚੋਂ ਕੋਈ ਵੀ ਗੱਲ, ਤਿੰਨਾ ਹਫ਼ਤਿਆਂ ਤੱਕ, ਨਹੀਂ ਕੀਤੀ।
4 “ਸਾਲ ਦੇ ਪਹਿਲੇ ਮਹੀਨੇ ਦੇ 24 ਵੇਂ ਦਿਨ, ਮੈਂ ਮਹਾਨ ਤਿਗ੍ਰਿਸ ਨਦੀ ਦੇ ਕੰਢੇ ਖਲੋਤਾ ਹੋਇਆ ਸਾਂ। 5 ਜਦੋਂ ਮੈਂ ਓੱਥੇ ਖਲੋਤਾ ਹੋਇਆ ਸਾਂ, ਮੈਂ ਉੱਪਰ ਵੱਲ ਵੇਖਿਆ। ਅਤੇ ਮੈਂ ਇੱਕ ਆਦਮੀ ਨੂੰ ਆਪਣੇ ਸਾਹਮਣੇ ਖਲੋਤਿਆ ਦੇਖਿਆ। ਉਸ ਨੇ ਸੂਤੀ ਕੱਪੜੇ ਪਾਏ ਹੋਏ ਸਨ। ਉਸ ਦੇ ਲੱਕ ਦੁਆਲੇ ਸ਼ੁੱਧ ਸੋਨੇ ਦੀ ਪੇਟੀ ਬੰਨ੍ਹ ਹੋਈ ਸੀ। 6 ਉਸਦਾ ਸ਼ਰੀਰ ਕੂਲੇ ਚਮਕਦਾਰ ਪੱਥਰ ਵਰਗਾ ਸੀ। ਉਸਦਾ ਚਿਹਰਾ ਬਿਜਲੀ ਵਾਂਗ ਲਿਸ਼ਕਦਾ ਸੀ! ਉਸਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ। ਉਸ ਦੇ ਹੱਥ ਪੈਰ ਲਿਸ਼ਕਦੇ ਪਿੱਤਲ ਵਰਗੇ ਸਨ! ਉਸਦੀ ਆਵਾਜ਼ ਲੋਕਾਂ ਦੀ ਭੀੜ ਵਰਗੀ ਉੱਚੀ ਸੀ!
7 “ਮੈਂ, ਦਾਨੀਏਲ, ਹੀ ਇੱਕਲਾ ਬੰਦਾ ਸਾਂ ਜਿਸਨੇ ਇਹ ਦਰਸ਼ਨ ਦੇਖਿਆ। ਮੇਰੇ ਨਾਲ ਦੇ ਬੰਦਿਆਂ ਨੇ ਦਰਸ਼ਨ ਨਹੀਂ ਦੇਖਿਆ ਪਰ ਤਾਂ ਵੀ ਉਹ ਭੈਭੀਤ ਸਨ। ਉਹ ਇਤਨੇ ਭੈਭੀਤ ਸਨ ਕਿ ਉਹ ਦੌੜਕੇ ਛੁਪ ਗਏ। 8 ਇਸ ਲਈ ਮੈਂ ਇੱਕਲਾ ਰਹਿ ਗਿਆ। ਮੈਂ ਇਸ ਦਰਸ਼ਨ ਨੂੰ ਦੇਖ ਰਿਹਾ ਸਾਂ-ਅਤੇ ਇਸਨੇ ਮੈਨੂੰ ਭੈਭੀਤ ਕਰ ਦਿੱਤਾ। ਮੇਰੀ ਤਾਕਤ ਖਤਮ ਹੋ ਗਈ। ਮੇਰਾ ਚਿਹਰਾ ਮੁਰਦਾ ਬੰਦੇ ਦੇ ਚਿਹਰੇ ਵਾਂਗ ਬਗ੍ਗਾ ਹੋ ਗਿਆ, ਅਤੇ ਮੈਂ ਬੇਸਹਾਰਾ ਸਾਂ। 9 ਫ਼ੇਰ ਮੈਂ ਦਰਸ਼ਨ ਵਿੱਚਲੇ ਆਦਮੀ ਨੂੰ ਬੋਲਦਿਆਂ ਸੁਣਿਆ। ਜਦੋਂ ਮੈਂ ਉਸਦੀ ਆਵਾਜ਼ ਸੁਣ ਰਿਹਾ ਸਾਂ, ਮੈਂ ਡੂੰਘੀ ਨੀਂਦੇ ਸੌਂ ਗਿਆ। ਮੇਰਾ ਚਿਹਰਾ ਧਰਤੀ ਉੱਤੇ ਜਾ ਪਿਆ।
10 “ਫ਼ੇਰ ਇੱਕ ਹੱਥ ਨੇ ਮੈਨੂੰ ਛੁਹਿਆ ਜਦੋਂ ਇਹ ਵਾਪਰਿਆ, ਮੈਂ ਆਪਣੇ ਹੱਥਾਂ ਪੈਰਾਂ ਭਾਰ ਉੱਠ ਖਲੋਤਾ। ਮੈਂ ਇੰਨਾਂ ਭੈਭੀਤ ਸਾਂ ਕਿ ਮੈਂ ਕੰਬ ਰਿਹਾ ਸਾਂ। 11 ਦਰਸ਼ਨ ਵਿੱਚਲੇ ਆਦਮੀ ਨੇ ਮੈਨੂੰ ਆਖਿਆ, ‘ਦਾਨੀਏਲ, ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ। ਜਿਹੜੇ ਸ਼ਬਦ ਮੈਂ ਤੈਨੂੰ ਆਖ ਰਿਹਾ ਹਾਂ ਉਨ੍ਹਾਂ ਬਾਰੇ ਬਹੁਤ ਧਿਆਨ ਨਾਲ ਸੋਚ। ਉੱਠ ਖਲੋ, ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।’ ਅਤੇ ਜਦੋਂ ਉਸ ਨੇ ਇਹ ਆਖਿਆ, ਮੈਂ ਉੱਠ ਕੇ ਖੜ੍ਹਾ ਹੋ ਗਿਆ। ਮੈਂ ਹਾਲੇ ਵੀ ਕੰਬ ਰਿਹਾ ਸਾਂ ਕਿਉਂ ਕਿ ਮੈਂ ਭੈਭੀਤ ਸਾਂ। 12 ਫ਼ੇਰ ਦਰਸ਼ਨ ਵਿੱਚਲੇ ਆਦਮੀ ਨੇ ਦੋਬਾਰਾ ਗੱਲ ਸ਼ੁਰੂ ਕੀਤੀ। ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਉਸ ਪਹਿਲੇ ਦਿਨ ਤੋਂ ਹੀ ਜਦੋਂ ਤੂੰ ਸਿਆਣਪ ਹਾਸਿਲ ਕਰਨ ਦਾ ਅਤੇ ਪਰਮੇਸ਼ੁਰ ਅੱਗੇ ਨਿਰਮਾਣ ਹੋਣ ਦਾ ਨਿਆਂ ਕੀਤਾ ਸੀ। ਉਹ ਤੇਰੀਆਂ ਪ੍ਰਾਰਬਨਾਂ ਸੁਣਦਾ ਰਿਹਾ ਹੈ। ਮੈਂ ਤੇਰੇ ਕੋਲ ਇਸ ਲਈ ਆਇਆ ਹਾਂ ਕਿਉਂ ਕਿ ਤੂੰ ਪ੍ਰਾਰਥਨਾ ਕਰਦਾ ਰਿਹਾ ਹੈਂ। 13 ਪਰ ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਰਿਹਾ ਹੈ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਫ਼ੇਰ ਸਭ ਤੋਂ ਮਹੱਤਵਪੂਰਣ ਸ਼ਹਿਜਾਦਿਆਂ ਵਿੱਚੋਂ ਇੱਕ, ਮੀਕਾਏਲ, ਮੇਰੀ ਸਹਾਇਤਾ ਕਰਨ ਲਈ ਆਇਆ ਇਸ ਲਈ ਮੈਂ ਉਸ ਨੂੰ ਓੱਥੇ ਫਾਰਸ ਦੇ ਰਾਜੇ ਕੋਲ ਛੱਡ ਦਿੱਤਾ। 14 ਦਾਨੀਏਲ, ਹੁਣ ਮੈਂ ਤੇਰੇ ਕੋਲ ਆਇਆ ਹਾਂ ਤੈਨੂੰ ਇਹ ਸਮਝਾਉਣ ਲਈ ਕਿ ਭਵਿੱਖ ਵਿੱਚ ਤੇਰੇ ਲੋਕਾਂ ਨਾਲ ਕੀ ਵਾਪਰੇਗਾ। ਇਹ ਦਰਸ਼ਨ ਭਵਿੱਖ ਦੇ ਸਮੇਂ ਬਾਰੇ ਹੈ।’
15 “ਜਦੋਂ ਉਹ ਆਦਮੀ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਬਹੁਤ ਝੁਕ ਕੇ ਸਿਜਦਾ ਕੀਤਾ। ਮੈਂ ਬੋਲ ਨਹੀਂ ਸਾਂ ਸੱਕਦਾ। 16 ਫ਼ੇਰ ਉਸ ਨੇ, ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ, ਮੇਰੇ ਹੋਠਾਂ ਨੂੰ ਛੁਹਿਆ। ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖਲੋਤੇ ਹੋਏ ਨੂੰ ਆਖਿਆ, ‘ਸ਼੍ਰੀਮਾਨ, ਜੋ ਮੈਂ ਦਰਸ਼ਨ ਵਿੱਚ ਵੇਖਿਆ ਉਸ ਕਾਰਣ ਮੇਰਾ ਢਿੱਡ ਰਿੜਕ ਰਿਹਾ ਹੈ। ਮੈਂ ਬੇਸਹਾਰਾ ਅਨੁਭਵ ਕਰਦਾ ਹਾਂ। 17 ਸ਼੍ਰੀਮਾਨ, ਮੈਂ ਤੁਹਾਡਾ ਸੇਵਕ ਦਾਨੀਏਲ ਹਾਂ। ਮੈਂ ਤੁਹਾਡੇ ਨਾਲ ਕਿਵੇਂ ਗੱਲ ਕਰ ਸੱਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਨੂੰ ਸਾਹ ਲੈਣਾ ਵੀ ਔਖਾ ਮਹਿਸੂਸ ਹੋ ਰਿਹਾ ਹੈ।’
18 “ਉਹ ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ। ਉਸ ਨੇ ਮੈਨੂੰ ਫ਼ੇਰ ਛੁਹਿਆ। ਜਦੋਂ ਉਸ ਨੇ ਮੈਨੂੰ ਛੁਹਿਆ ਤਾਂ ਮੈਂ ਬਿਹਤਰ ਅਨੁਭਵ ਕੀਤਾ। 19 ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਪਰਮੇਸ਼ੂਰ ਤੈਨੂੰ ਬਹੁਤ ਪਿਆਰ ਕਰਦਾ ਹੈ। ਤੈਨੂੰ ਸ਼ਾਂਤੀ ਮਿਲੇ। ਹੁਣ ਤਕੜਾ ਹੋ, ਮਜ਼ਬੂਤ ਬਣ।’
“ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤਕੜਾ ਹੋ ਗਿਆ। ਫ਼ੇਰ ਮੈਂ ਆਖਿਆ, ‘ਸ਼੍ਰੀਮਾਨ, ਤੁਸੀਂ ਮੈਨੂੰ ਤਾਕਤ ਬਖਸ਼ੀ ਹੈ। ਹੁਣ ਤੁਸੀਂ ਗੱਲ ਕਰ ਸੱਕਦੇ ਹੋ।’
20 “ਇਸ ਲਈ ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਕੀ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਕੋਲ ਕਿਉਂ ਆਇਆ ਹਾਂ। ਛੇਤੀ ਹੀ ਮੈਨੂੰ ਫ਼ਾਰਸ ਦੇ ਸ਼ਹਿਜ਼ਾਦੇ (ਦੂਤ) ਨਾਲ ਲੜਨ ਲਈ ਵਾਪਸ ਜਾਣਾ ਪਵੇਗਾ। ਜਦੋਂ ਮੈਂ ਜਾਵਾਂਗਾ ਯੂਨਾਨ ਦਾ ਸ਼ਹਿਜ਼ਾਦਾ (ਦੂਤ) ਆ ਜਾਵੇਗਾ। 21 ਪਰ ਦਾਨੀਏਲ, ਇਸਤੋਂ ਪਹਿਲਾਂ ਕਿ ਮੈਂ ਜਾਵਾਂ ਮੈਂ ਤੈਨੂੰ ਇਹ ਗੱਲ ਜ਼ਰੂਰ ਦੱਸਾਂਗਾ ਕਿ ਸੱਚ ਦੀ ਕਿਤਾਬ ਅੰਦਰ ਕੀ ਲਿਖਿਆ ਹੋਇਆ ਹੈ। ਮੇਰੇ ਨਾਲ ਉਨ੍ਹਾਂ ਬਦੀ ਦੇ ਦੂਤਾਂ ਦੇ ਖਿਲਾਫ਼ ਮੀਕਾਏਲ ਤੋਂ ਬਿਨਾਂ ਹੋਰ ਕੋਈ ਨਹੀਂ ਖਲੋਁਦਾ। ਮੀਕਾਏਲ ਤੁਹਾਡੇ ਲੋਕਾਂ ਉੱਤੇ ਹਕੂਮਤ ਕਰਨ ਵਾਲਾ ਸ਼ਹਿਜ਼ਾਦਾ (ਦੂਤ) ਹੈ।
ਅਲਫ਼
119 ਸ਼ੁੱਧ ਜੀਵਨ ਜਿਉਣ ਵਾਲੇ ਲੋਕ ਖੁਸ਼ ਹਨ।
ਉਹ ਲੋਕ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।
2 ਜਿਹੜੇ ਲੋਕ ਯਹੋਵਾਹ ਦੇ ਕਰਾਰ ਨੂੰ ਮੰਨਦੇ ਹਨ ਉਹ ਖੁਸ਼ ਹਨ।
ਉਹ ਸਲਾਹ ਲਈ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪੁੱਛਦੇ ਹਨ।
3 ਉਹ ਲੋਕ ਬੁਰੇ ਕੰਮ ਨਹੀਂ ਕਰਦੇ,
ਉਹ ਯਹੋਵਾਹ ਨੂੰ ਮੰਨਦੇ ਹਨ।
4 ਯਹੋਵਾਹ, ਤੁਸਾਂ ਸਾਨੂੰ ਆਦੇਸ਼ ਦਿੱਤੇ ਸਨ।
ਅਤੇ ਤੁਸੀਂ ਸਾਨੂੰ ਉਨ੍ਹਾਂ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਆਖਿਆ ਸੀ।
5 ਜੇ ਮੈਂ ਸਦਾ ਤੁਹਾਡੇ ਆਦੇਸ਼ਾਂ ਨੂੰ ਮੰਨਾਗਾ, ਯਹੋਵਾਹ।
6 ਫ਼ੇਰ ਮੈਂ ਕਦੇ ਵੀ ਸ਼ਰਮਸਾਰ ਨਹੀਂ ਹੋਵਾਗਾ।
ਜਦੋਂ ਮੈਂ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਾਂਗਾ।
7 ਫ਼ੇਰ ਮੈਂ ਸੱਚਮੁੱਚ ਤੁਹਾਡਾ ਮਾਣ ਕਰ ਸੱਕਾਂਗਾ।
ਜਦੋਂ ਮੈਂ ਤੁਹਾਡੀ ਨਿਰਪੱਖਤਾ ਅਤੇ ਨੇਕੀ ਦਾ ਅਧਿਐਨ ਕਰਾਂਗਾ।
8 ਯਹੋਵਾਹ, ਮੈਂ ਤੁਹਾਡੇ ਆਦੇਸ਼ ਮੰਨਾਗਾ।
ਇਸ ਲਈ ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਵੋ।
ਬੇਥ
9 ਇੱਕ ਨੌਜਵਾਨ ਬੰਦਾ, ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਦਿਆਂ,
ਸ਼ੁੱਧ ਜੀਵਨ ਕਿਵੇਂ ਜਿਉਂ ਸੱਕਦਾ ਹੈ?
10 ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।
11 ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ।
ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।
12 ਹੇ ਯਹੋਵਾਹ, ਤੂੰ ਧੰਨ ਹੈਂ,
ਮੈਨੂੰ ਆਪਣੇ ਨੇਮ ਸਿੱਖਾ।
13 ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।
14 ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ
ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।
15 ਮੈਂ ਤੁਹਾਡੇ ਅਸੂਲਾਂ ਬਾਰੇ ਚਰਚਾ ਕਰਦਾ ਹਾਂ।
ਮੈਂ ਤੁਹਾਡੀ ਜੀਵਨ ਜਾਂਚ ਉੱਤੇ ਚੱਲਦਾ ਹਾਂ।
16 ਮੈਨੂੰ ਤੁਹਾਡੇ ਨੇਮ ਪਸੰਦ ਹਨ।
ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।
ਗਿਮਲ
17 ਆਪਣੇ ਸੇਵਕ, ਮੇਰੇ ਨਾਲ, ਚੰਗਾ ਰਹਿ।
ਤਾਂ ਜੋ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਅਤੇ ਜਿਉਣ ਦੇ ਯੋਗ ਹੋ ਜਾਵਾਂ।
18 ਯਹੋਵਾਹ, ਮੇਰੀਆਂ ਅੱਖਾਂ ਖੋਲ੍ਹ ਦਿਉ।
ਮੈਨੂੰ ਤੁਹਾਡੀਆਂ ਸਿੱਖਿਆਵਾਂ ਅੰਦਰ ਝਾਕਣ ਦਿਉ।
ਅਤੇ ਉਨ੍ਹਾਂ ਚਮਤਕਾਰਾਂ ਬਾਰੇ ਪੜ੍ਹਨ ਦਿਉ ਜੋ ਤੁਸਾਂ ਨੇ ਕੀਤੇ ਸਨ।
19 ਮੈਂ ਇਸ ਧਰਤੀ ਉੱਤੇ ਅਜਨਬੀ ਸਾਂ।
ਯਹੋਵਾਹ, ਮੇਰੇ ਕੋਲੋਂ ਆਪਣੀਆਂ ਸਿੱਖਿਆਵਾਂ ਨਾ ਛੁਡਾਉ।
20 ਮੈਂ ਹਰ ਵੇਲੇ ਤੁਹਾਡੇ ਨਿਆਂਇਆਂ
ਦਾ ਅਧਿਐਨ ਕਰਨਾ ਚਾਹੁੰਦਾ ਹਾਂ।
21 ਯਹੋਵਾਹ, ਤੁਸੀਂ ਗੁਮਾਨੀ ਲੋਕਾਂ ਦੀ ਪੜਚੋਲ ਕਰਦੇ ਹੋ ਉਨ੍ਹਾਂ ਨਾਲ ਬੁਰਾ ਹੋਵੇਗਾ।
ਉਹ ਤੁਹਾਡੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ।
22 ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ।
ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ।
23 ਆਗੂਆਂ ਨੇ ਵੀ ਮੇਰੇ ਬਾਰੇ ਮੰਦਾ ਬੋਲਿਆ।
ਪਰ ਮੈਂ ਤੁਹਾਡਾ ਸੇਵਕ ਹਾਂ, ਯਹੋਵਾਹ।
ਅਤੇ ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।
24 ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ।
ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।
2010 by World Bible Translation Center