M’Cheyne Bible Reading Plan
ਸੁਲੇਮਾਨ ਅਤੇ ਉਸ ਦੀਆਂ ਅਨੇਕਾਂ ਪਤਨੀਆਂ
11 ਸੁਲੇਮਾਨ ਪਾਤਸ਼ਾਹ ਨੂੰ ਔਰਤਾਂ ਨਾਲ ਬਹੁਤ ਪਿਆਰ ਸੀ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕੀਤਾ, ਜਿਨ੍ਹਾਂ ਵਿੱਚ ਫ਼ਿਰਊਨ ਦੀ ਧੀ, ਮੋਆਬ ਦੀਆਂ ਔਰਤਾਂ, ਅੰਮੋਨ, ਅਦੋਮ, ਸਿਦੋਨ ਅਤੇ ਹਿੱਤੀ ਔਰਤਾਂ ਸ਼ਾਮਿਲ ਸਨ। 2 ਇਹ ਉਨ੍ਹਾਂ ਕੌਮਾਂ ਤੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਨਹੀਂ ਮਿਲਣਾ। “ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਇਹ ਕੌਮਾਂ ਤੁਹਾਨੂੰ ਆਪਣੇ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਉਣਗੀਆਂ।” ਪਰ ਰਾਜਾ ਸੁਲੇਮਾਨ ਇਨ੍ਹਾਂ ਔਰਤਾਂ ਨੂੰ ਪਿਆਰ ਕਰਦਾ ਸੀ। 3 ਸੁਲੇਮਾਨ ਦੀਆਂ 700 ਸੌ ਪਤਨੀਆਂ ਸਨ। (ਇਹ ਸਾਰੀਆਂ ਦੂਸਰੇ ਰਾਜਿਆਂ ਦੀਆਂ ਧੀਆਂ ਸਨ।) ਉਸ ਦੀਆਂ 300 ਰਖੈਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ (ਉਸ ਦੇ ਪਰਮੇਸ਼ੁਰ ਤੋਂ) ਫ਼ੇਰਨ ਲਈ ਪ੍ਰਭਾਵ ਪਾਇਆ। 4 ਜਦੋਂ ਸੁਲੇਮਾਨ ਬੁੱਢਾ ਸੀ, ਉਸ ਦੀਆਂ ਪਤਨੀਆਂ ਨੇ ਉਸ ਉੱਤੇ ਹੋਰਨਾਂ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਇਆ। ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸ਼ਰਧਾਵਾਨ ਨਹੀਂ ਸੀ, ਜਿਵੇਂ ਕਿ ਉਸ ਦਾ ਪਿਤਾ ਦਾਊਦ ਸੀ। 5 ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਨਾਉਣੇ ਬੁੱਤ ਮਿਲਕੋਮ ਦੇ ਪਿੱਛੇ ਲੱਗ ਤੁਰਿਆ। 6 ਇਉਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ, ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ।
7 ਸੁਲੇਮਾਨ ਨੇ ਇੱਕ ਪਹਾੜੀ ਉੱਤੇ, ਮੋਆਬੀਆਂ ਦੇ ਘ੍ਰਿਣਾਯੋਗ ਦੇਵਤੇ, ਕਮੋਸ਼ ਲਈ ਅਤੇ ਅੰਮੋਨੀਆਂ ਦੇ ਘ੍ਰਿਣਾਯੋਗ ਬੁੱਤ, ਮੋਲਕ ਲਈ ਇੱਕ ਉਪਾਸਨਾ ਦਾ ਸਥਾਨ ਬਣਵਾਇਆ, ਜੋ ਕਿ ਯਰੂਸ਼ਲਮ ਤੋਂ ਅਗਾਂਹ ਸੀ। 8 ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਓਪਰੀਆਂ ਔਰਤਾਂ ਲਈ ਵੀ ਕੀਤਾ ਜਿਹੜੀਆਂ ਕਿ ਆਪੋ-ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਅਤੇ ਬਲੀ ਚੜ੍ਹਾਉਂਦੀਆਂ ਸਨ।
9 ਤਦ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ, ਕਿਉਂ ਜੋ ਉਸਦਾ ਮਨ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੋਂ ਫ਼ਿਰ ਗਿਆ, ਜਿਸ ਉਸ ਨੂੰ ਦੋ ਵਾਰ ਦਰਸ਼ਨ ਦਿੱਤੇ ਸਨ ਅਤੇ ਉਸ ਨੇ ਇਸ ਨੂੰ ਗੱਲ ਦਾ ਹੁਕਮ ਦਿੱਤਾ ਸੀ 10 ਕਿ ਉਹ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ, ਪਰ ਉਸ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ। 11 ਤਦ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, “ਤੂੰ ਮੇਰੇ ਨਾਲ ਆਪਣਾ ਕੀਤਾ ਨੇਮ ਤੋੜਿਆ ਹੈ ਅਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਿਆ ਇਸ ਲਈ ਮੈਂ ਹੁਣ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ ਕਿ ਇਹ ਰਾਜ ਮੈਂ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਕਿਸੇ ਟਹਿਲੂਏ ਨੂੰ ਦੇ ਦੇਵਾਂਗਾ। 12 ਪਰ ਤੇਰੇ ਪਿਤਾ ਦਾਊਦ ਕਾਰਣ, ਮੈਂ ਤੇਰੇ ਜਿਉਂਦੇ ਜੀਅ ਇਹ ਰਾਜ ਤੇਰੇ ਕੋਲੋਂ ਨਹੀਂ ਲਵਾਂਗਾ ਪਰ ਮੈਂ ਇਹ ਰਾਜ ਤੇਰੇ ਪੁੱਤਰ ਤੋਂ ਲੈ ਲਵਾਂਗਾ। 13 ਫ਼ਿਰ ਵੀ, ਮੈਂ ਤੇਰੇ ਪੁੱਤਰ ਕੋਲੋਂ ਸਾਰਾ ਰਾਜ ਨਹੀਂ ਲਵਾਂਗਾ, ਮੈਂ ਉਸ ਨੂੰ ਇੱਕ ਪਰਿਵਾਰ-ਸਮੂਹ ਉੱਤੇ ਹਕੂਮਤ ਕਰਨ ਦੇਵਾਂਗਾ। ਅਜਿਹਾ ਮੈਂ ਸਿਰਫ ਦਾਊਦ ਸਦਕਾ ਕਰਾਂਗਾ-ਕਿਉਂ ਕਿ ਉਹ ਮੇਰਾ ਚੰਗਾ ਸੇਵਕ ਸੀ ਅਤੇ ਇਹ ਸਭ ਕੁਝ ਮੈਂ ਯਰੂਸ਼ਲਮ ਲਈ ਕਰਾਂਗਾ ਕਿਉਂ ਕਿ ਇਹ ਸ਼ਹਿਰ ਮੈਂ ਚੁਣਿਆ ਸੀ।”
ਸੁਲੇਮਾਨ ਦੇ ਵੈਰੀ
14 ਤਾਂ ਯਹੋਵਾਹ ਨੇ ਸੁਲੇਮਾਨ ਦੇ ਵਿਰੁੱਧ ਇੱਕ ਦੁਸ਼ਮਣ ਨੂੰ ਖੜ੍ਹਾ ਕਰ ਦਿੱਤਾ। ਜਿਸ ਦਾ ਨਾਉਂ ਹਦਦ ਸੀ ਜੋ ਕਿ ਅਦੋਮ ਦੇ ਰਾਜੇ ਦੇ ਘਰਾਣੇ ਵਿੱਚੋਂ ਸੀ। 15 ਇਉਂ ਹੋਇਆ: ਜਦੋਂ ਦਾਊਦ ਅਦੋਮ ਵਿੱਚ ਸੀ, ਜਿਸ ਵੇਲੇ ਯੋਆਬ ਸੈਨਾਪਤੀ ਵੱਢਿਆਂ ਹੋਇਆਂ ਦੇ ਦੱਬਣ ਲਈ ਉਪਰ ਆਇਆ ਤਾਂ ਅਦੋਮ ਦੇ ਹਰ ਬੰਦੇ ਨੂੰ ਜੋ ਜੀਉਂਦਾ ਸੀ ਯੋਆਬ ਨੇ ਵੱਢ ਸੁੱਟਿਆ। 16 ਯੋਆਬ ਸਾਰੇ ਇਸਰਾਏਲੀਆਂ ਸਮੇਤ ਛੇ ਮਹੀਨੇ ਅਦੋਮ ਵਿੱਚ ਰਿਹਾ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਨੇ ਅਦੋਮ ਵਿੱਚਲੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। 17 ਪਰ ਉਸ ਵਕਤ ਹਦਦ ਅਜੇ ਇੱਕ ਛੋਟਾ ਜਿਹਾ ਬਾਲ ਹੀ ਸੀ, ਇਸ ਲਈ ਹਦਦ ਭੱਜ ਕੇ ਮਿਸਰ ’ਚ ਆ ਗਿਆ। ਉਸ ਦੇ ਨਾਲ ਉਸ ਦੇ ਪਿਉ ਦੇ ਕੁਝ ਸੇਵਕ ਵੀ ਚੱਲੇ ਗਏ ਸਨ। 18 ਉਹ ਮਿਦਿਆਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਪਾਰਾਨ ਵਿੱਚ ਕੁਝ ਲੋਕ ਉਨ੍ਹਾਂ ਨਾਲ ਰਲ ਗਏ ਤਾਂ ਇਹ ਸਾਰਾ ਦਲ ਮਿਸਰ ਵੱਲ ਨੂੰ ਗਿਆ। ਉੱਥੇ ਉਹ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸ ਨੇ ਉਸ ਨੂੰ ਇੱਕ ਘਰ ਦੇ ਦਿੱਤਾ ਅਤੇ ਉਸ ਲਈ ਖਾਣ ਦਾ ਪ੍ਰਬੰਧ ਕਰਵਾਇਆ ਅਤੇ ਉਸ ਨੂੰ ਜ਼ਮੀਨ ਵੀ ਦਿੱਤੀ।
19 ਫ਼ਿਰਊਨ ਹਦਦ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਉਸ ਨੂੰ ਇੱਕ ਪਤਨੀ ਦਿੱਤੀ। ਇਹ ਔਰਤ ਉਸ ਦੀ ਪਤਨੀ ਦੀ ਭੈਣ ਸੀ। (ਫ਼ਿਰਊਨ ਦੀ ਪਤਨੀ ਰਾਣੀ ਤਹਪਨੇਸ ਸੀ।) 20 ਇਉਂ ਤਹਪਸੇਨ ਦੀ ਭੈਣ ਦਾ ਵਿਆਹ ਹਦਦ ਨਾਲ ਹੋਇਆ। ਉਨ੍ਹਾਂ ਦੇ ਘਰ ਗਨੂਬਥ ਨਾਂ ਦਾ ਪੁੱਤਰ ਪੈਦਾ ਹੋਇਆ। ਤਹਪਨੇਸ ਨੇ ਗਨੂਬਥ ਨੂੰ ਮਹਿਲ ਵਿੱਚ ਫ਼ਿਰਊਨ ਦੇ ਪੁੱਤਰਾਂ ਨਾਲ ਪਲਣ ਦਾ ਆਦੇਸ਼ ਦਿੱਤਾ।
21 ਮਿਸਰ ਵਿੱਚ, ਜਦ ਹਦਦ ਨੇ ਸੁਣਿਆ ਕਿ ਦਾਊਦ ਮਰ ਗਿਆ ਹੈ। ਉਸ ਨੇ ਇਹ ਵੀ ਸੁਣਿਆ ਕਿ ਯੋਆਬ ਸੈਨਾ ਦਾ ਕਮਾਂਡਰ ਵੀ ਮਰ ਗਿਆ ਹੈ ਤਾਂ ਹਦਦ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਹੁਣ ਆਪਣੇ ਦੇਸ ਜਾਣ ਦੀ ਆਗਿਆ ਦੇਵੋ!”
22 ਪਰ ਫ਼ਿਰਊਨ ਨੇ ਕਿਹਾ, “ਇੱਥੇ ਤੈਨੂੰ ਕਿਸ ਚੀਜ਼ ਦੀ ਕਮੀ ਹੈ ਕਿ ਵਾਪਿਸ ਆਪਣੇ ਦੇਸ਼ ਜਾਣਾ ਚਹੁੰਦਾ ਹੈਂ?”
ਹਦਦ ਨੇ ਆਖਿਆ, “ਕੁਝ ਨਹੀਂ, ਪਰ ਮੈਨੂੰ ਮੇਰੇ ਘਰ ਵਾਪਸ ਜਾਣ ਦੇ।”
23 ਫ਼ੇਰ ਪਰਮੇਸ਼ੁਰ ਨੇ ਸੁਲੇਮਾਨ ਦੇ ਵਿਰੁੱਧ ਇੱਕ ਹੋਰ ਦੁਸ਼ਮਣ ਨੂੰ ਖੜ੍ਹਾ ਕੀਤਾ। ਇਹ ਵਿਅਕਤੀ ਰਜ਼ੋਨ, ਅਲਯਾਦਾ ਦਾ ਪੁੱਤਰ ਸੀ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦ ਅਜ਼ਰ ਤੋਂ ਫ਼ਰਾਰ ਹੋ ਗਿਆ ਸੀ। 24 ਜਦੋਂ ਦਾਊਦ ਨੇ ਸੋਬਹ ਦੀ ਫੌਜ਼ ਨੂੰ ਹਰਾਇਆ ਸੀ, ਰਜ਼ੋਨ ਨੇ ਕੁਝ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦਾ ਸਰਦਾਰ ਬਣ ਗਿਆ। ਉਹ ਦੰਮਿਸ਼ਕ ਨੂੰ ਜਾਕੇ ਵਸ ਗਿਆ ਅਤੇ ਰਾਜਾ ਬਣ ਗਿਆ। 25 ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ। ਰਜ਼ੋਨ ਇਸਰਾਏਲ ਨੂੰ ਨਫ਼ਰਤ ਕਰਦਾ ਸੀ ਇਸ ਲਈ ਜਿੰਨੀ ਦੇਰ ਸੁਲੇਮਾਨ ਜਿਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵੈਰੀ ਰਿਹਾ। ਰਜ਼ੋਨ ਅਤੇ ਹਦਦ ਇਸਰਾਏਲ ਲਈ ਮੁਸੀਬਤ ਦਾ ਕਾਰਣ ਬਣੇ ਰਹੇ।
26 ਨਬਾਟ ਦਾ ਪੁੱਤਰ, ਯਾਰਾਬੁਆਮ ਸੁਲੇਮਾਨ ਦਾ ਨੋਕਰ ਸੀ, ਅਤੇ ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਅਤੇ ਸਰੇਦਾਹ ਨਗਰ ਤੋਂ ਸੀ। ਉਸ ਦੀ ਮਾਂ ਦਾ ਨਾਉਂ ਸਰੂਆਹ ਸੀ ਅਤੇ ਉਹ ਵਿਧਵਾ ਸੀ। ਉਹ ਰਾਜੇ ਦਾ ਵੈਰੀ ਬਣ ਗਿਆ।
27 ਇਹੀ ਕਹਾਣੀ ਸੀ ਕਿ ਯਾਰਾਬੁਆਮ, ਰਾਜੇ ਦੇ ਵਿਰੁੱਧ ਹੋਇਆ। ਉਸ ਦਾ ਕਾਰਣ ਇਹ ਸੀ ਕਿ ਸੁਲੇਮਾਨ ਨੇ ਮਿੱਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤਰੇੜਾਂ ਦੀ ਮੁਰੰਮਤ ਕੀਤੀ। 28 ਯਾਰਾਬੁਆਮ ਇੱਕ ਤਕੜਾ ਆਦਮੀ ਸੀ ਅਤੇ ਜਦੋਂ ਸੁਲੇਮਾਨ ਨੇ ਵੇਖਿਆ ਕਿ ਇਹ ਜਵਾਨ ਮਿਹਨਤੀ ਸੀ ਉਸ ਨੇ ਉਸ ਨੂੰ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚਲੇ ਸਾਰੇ ਕਾਮਿਆਂ ਉੱਤੇ ਨਿਗਰਾਨ ਠਹਿਰਾ ਦਿੱਤਾ। 29 ਇੱਕ ਦਿਨ ਇਉਂ ਹੋਇਆ ਕਿ ਉਸ ਵੇਲੇ ਜਦੋਂ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿਕਲਿਆ ਤਦ ਅਹੀਯਾਹ ਨਬੀ ਸ਼ੀਲੋਨੀ ਉਸ ਨੂੰ ਰਸਤੇ ਵਿੱਚ ਮਿਲ ਪਿਆ, ਉਸ ਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋ ਉੱਥੇ ਉਸ ਜਗ੍ਹਾ ਇੱਕਲੇ ਸਨ।
30 ਤਾਂ ਅਹੀਯਾਹ ਨੇ ਉਸਦੀ ਨਵੀਂ ਚਾਦਰ ਨੂੰ ਜੋ ਉਸ ਨੇ ਆਪਣੇ ਉਪਰ ਲਈ ਹੋਈ ਸੀ ਫ਼ੜ ਕੇ 12 ਟੁਕੜਿਆਂ ਵਿੱਚ ਫ਼ਾੜ ਸੁੱਟਿਆ। 31 ਤਦ ਅਹੀਯਾਹ ਨੇ ਯਾਰਾਬੁਆਮ ਨੂੰ ਆਖਿਆ, “ਇਸ ਲਬਾਦੇ ਦੇ ਦਸ ਟੁਕੜੇ ਤੂੰ ਆਪਣੇ ਲਈ ਰੱਖ ਲੈ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ੁਰਮਾਉਂਦਾ ਹੈ, ‘ਮੈਂ ਸੁਲੇਮਾਨ ਕੋਲੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ 10 ਪਰਿਵਾਰ-ਸਮੂਹ ਦੇ ਦੇਵਾਂਗਾ। 32 ਪਰ ਮੇਰੇ ਸੇਵਕ ਦਾਊਦ ਅਤੇ ਯਰੂਸ਼ਲਮ ਦੇ ਕਾਰਣ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਚੁਣਿਆ ਹੈ, ਇੱਕ ਪਰਿਵਾਰ-ਸਮੂਹ ਉਸ ਦਾ ਰਹੇਗਾ। 33 ਮੈਂ ਸੁਲੇਮਾਨ ਤੋਂ ਰਾਜ ਇਸ ਲਈ ਖੋਹ ਲਵਾਂਗਾ ਕਿਉਂ ਕਿ ਉਸ ਨੇ ਮੈਨੂੰ ਮੰਨਣਾ ਛੱਡ ਦਿੱਤਾ ਅਤੇ ਸੀਦੋਨ ਦੀ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਝੂਠੇ ਦੇਵਤੇ ਕਮੋਸ਼ ਤੇ ਅੰਮੋਨੀਆਂ ਦੇ ਝੂਠੇ ਦੇਵਤੇ ਮਿਲਕੋਮ ਦੀ ਉਪਾਸਨਾ ਕਰ ਰਿਹਾ ਹੈ। ਸੁਲੇਮਾਨ ਮੇਰੇ ਰਾਹਾਂ ਤੇ ਨਹੀਂ ਚੱਲਿਆਂ, ਉਸ ਨੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਅਤੇ ਆਪਣੇ ਪਿਤਾ ਦਾਊਦ ਵਾਂਗ ਸਹੀ ਆਚਰਣ ਨਹੀਂ ਕੀਤਾ। 34 ਇਸ ਲਈ ਮੈਂ ਇਹ ਸਾਰਾ ਰਾਜ ਸੁਲੇਮਾਨ ਦੇ ਪਰਿਵਾਰ ਤੋਂ ਲਵਾਂਗਾ ਪਰ ਸੁਲੇਮਾਨ ਨੂੰ ਉਸਦੀ ਬਾਕੀ ਜ਼ਿੰਦਗੀ ਲਈ ਉਨ੍ਹਾਂ ਦਾ ਸ਼ਾਸਕ ਰਹਿਣ ਦੇਵਾਂਗਾ। ਇਹ ਸਭ ਮੈਂ ਆਪਣੇ ਦਾਸ ਦਾਊਦ ਕਾਰਣ ਕਰਾਂਗਾ। ਮੈਂ ਦਾਊਦ ਨੂੰ ਇਸ ਲਈ ਚੁਣਿਆ ਕਿਉਂ ਕਿ ਉਸ ਨੇ ਮੇਰੇ ਸਾਰੇ ਨੇਮਾਂ ਤੇ ਹੁਕਮਾਂ ਨੂੰ ਮੰਨਿਆ। 35 ਪਰ ਹੁਣ ਮੈਂ ਇਹ ਰਾਜ ਉਸ ਦੇ ਪੁੱਤਰ ਕੋਲੋਂ ਖੋਹ ਲਵਾਂਗਾ। ਯਾਰਾਬੁਆਮ, ਮੈਂ ਤੈਨੂੰ ਦਸ ਘਰਾਣਿਆਂ ਉੱਤੇ ਸ਼ਾਸਨ ਕਰਨ ਦੇਵਾਂਗਾ। 36 ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ। 37 ਪਰ ਤੂੰ ਮੇਰੇ ਦੁਆਰਾ ਚੁਣਿਆ ਗਿਆ ਹੈਂ, ਆਪਣੀ ਇੱਛਾ ਅਨੁਸਾਰ ਹਰ ਚੀਜ਼ ਤੇ ਰਾਜ ਕਰ। ਤੂੰ ਸਾਰੇ ਇਸਰਾਏਲ ਉੱਪਰ ਰਾਜ ਕਰੇਂਗਾ। 38 ਇਹ ਸਭ ਕੁਝ ਮੈਂ ਤਾਂ ਹੀ ਕਰਾਂਗਾ ਜੇਕਰ ਤੂੰ ਮੇਰੀ ਨਿਗਾਹ ਵਿੱਚ ਧਰਮੀ ਰਹੇਂਗਾ ਅਤੇ ਮੇਰੇ ਹੁਕਮਾਂ ਨੂੰ ਮੰਨੇਗਾ। ਜੇਕਰ ਤੂੰ ਦਾਊਦ ਵਾਂਗ ਮੇਰੇ ਹੁਕਮਾਂ ਅਤੇ ਕਨੂੰਨਾਂ ਦੀ ਪਾਲਣਾ ਕਰੇਂਗਾ, ਤਾਂ ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਮੈਂ ਤੈਨੂੰ ਇੱਕ ਕਦੇ ਨਾ ਖਤਮ ਹੋਣ ਵਾਲਾ ਖਾਨਦਾਨ ਦੇਵਾਂਗਾ ਜਿਵੇਂ ਕਿ ਮੈਂ ਦਾਊਦ ਲਈ ਕੀਤਾ ਸੀ। ਮੈਂ ਇਸਰਾਏਲ ਤੈਨੂੰ ਸੌਂਪ ਦੇਵਾਂਗਾ। 39 ਸੁਲੇਮਾਨ ਦੀਆਂ ਕਰਨੀਆਂ ਕਾਰਣ, ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਸਜ਼ਾ ਦੇਵਾਂਗਾ, ਪਰ ਮੈਂ ਹਮੇਸ਼ਾ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦੇਵਾਂਗਾ।’”
ਸੁਲੇਮਾਨ ਦੀ ਮੌਤ
40 ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ ਕੋਲ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਤੀਕ ਓੱਥੇ ਹੀ ਰਿਹਾ।
41 ਸੁਲੇਮਾਨ ਨੇ ਆਪਣੇ ਰਾਜ ਕਾਲ ਵਿੱਚ ਬਹੁਤ ਮਹਾਨ ਅਤੇ ਬੁੱਧ ਮਾਨ ਕਾਰਜ ਕੀਤੇ ਇਹ ਸਾਰੀ ਮਹਾਨਤਾ ਉਸਦੀ ਸੁਲੇਮਾਨ ਦਾ ਇਤਹਾਸ ਨਾਮਕ ਪੋਥੀ ਵਿੱਚ ਦਰਜ ਹੈ। 42 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ। 43 ਫ਼ਿਰ ਸੁਲੇਮਾਨ ਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸ ਨੂੰ ਉਸ ਦੇ ਪਿਤਾ, ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰ ਉਸਤੋਂ ਬਾਅਦ, ਉਸਦਾ ਪੁੱਤਰ ਰਹਬੁਆਮ ਰਾਜਾ ਬਣ ਗਿਆ।
ਏਕਾ ਕਰੋ ਅਤੇ ਇੱਕ ਦੂਸਰੇ ਦੇ ਸਹਾਇਕ ਰਹੋ
2 ਕੀ ਮਸੀਹ ਵਿੱਚ ਤੁਸੀਂ ਮੇਰੀ ਖਾਤਿਰ ਕੋਈ ਕੰਮ ਕਰ ਸੱਕਦੇ ਹੋਂ? ਕੀ ਤੁਹਾਡਾ ਪਿਆਰ ਮੈਨੂੰ ਦਿਲਾਸਾ ਦੇਣਾ ਚਾਹੁੰਦਾ ਹੈ? ਕੀ ਅਸੀਂ ਪਵਿੱਤਰ ਆਤਮਾ ਵਿੱਚ ਇਕੱਠੇ ਭਾਗੀਦਾਰ ਹਾਂ? ਕੀ ਤੁਹਾਡੇ ਵਿੱਚ ਦਯਾ ਅਤੇ ਕਿਰਪਾ ਹੈ? 2 ਜੇ ਤੁਹਾਡੇ ਅੰਦਰ ਇਹ ਸਭ ਗੱਲਾਂ ਹਨ, ਤਾਂ ਮੈਂ ਤੁਹਾਨੂੰ ਮੇਰੀ ਖਾਤਿਰ ਕੋਈ ਕੰਮ ਕਰਨ ਲਈ ਆਖਦਾ ਹਾਂ। ਇਸ ਨਾਲ ਮੈਨੂੰ ਬਹੁਤ ਪ੍ਰਸੰਨਤਾ ਮਿਲੇਗੀ। ਮੈਂ ਮੰਗਦਾ ਹਾਂ ਕਿ ਤੁਸੀਂ ਸਾਰੇ ਇੱਕੋ ਮਨ ਨਾਲ ਇੱਕੇ ਵਿਸ਼ੇ ਵਿੱਚ ਵਿਸ਼ਵਾਸ ਕਰੋ। ਇੱਕ ਦੂਸਰੇ ਨੂੰ ਪਿਆਰ ਕਰਦਿਆਂ ਇੱਕਸਾਥ ਜੁੜਕੇ ਰਹੋ। ਇੱਕੋ ਤਰ੍ਹਾਂ ਦੀਆਂ ਸੋਚਾਂ ਅਤੇ ਇੱਕੋ ਤਰ੍ਹਾਂ ਦੇ ਉਦੇਸ਼ ਰੱਖਕੇ ਇਕੱਠੇ ਜਿਉਂਵੋ। 3 ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵੱਧੇਰੇ ਬਿਹਤਰ ਕਰਾਰ ਦਿਉ। 4 ਤੁਹਾਨੂੰ ਸਾਰਿਆਂ ਨੂੰ ਕੇਵਲ ਆਪਣੇ ਹੀ ਮਾਮਲਿਆਂ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਬਾਰੇ ਵੀ ਸੋਚਣਾ ਚਾਹੀਦਾ।
ਮਸੀਹ ਪਾਸੋ ਬੇਗਰਜ਼ ਹੋਣਾ ਸਿੱਖੋ
5 ਆਪਣੇ ਦਰਮਿਆਨ ਉਸੇ ਤਰ੍ਹਾਂ ਦੀ ਮਨੋਬਿਰਤੀ ਰੱਖੋ, ਜੋ ਮਸੀਹ ਯਿਸੂ ਦੀ ਸੀ।
6 ਮਸੀਹ ਖੁਦ ਹਰ ਗੱਲ ਵਿੱਚ ਪਰਮੇਸ਼ੁਰ ਵਾਂਗ ਸੀ।
ਮਸੀਹ ਪਰਮੇਸ਼ੁਰ ਦੇ ਬਰਾਬਰ ਸੀ।
ਪਰ ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨਾਲ ਬਰਾਬਰੀ ਕੁਝ ਅਜਿਹੀ ਸੀ ਜੋ ਹਰ ਹਾਲਤ ਵਿੱਚ ਉਸ ਨੂੰ ਖੁਦ ਲਈ ਹੀ ਰੱਖਣੀ ਚਾਹੀਦੀ ਸੀ।
7 ਇਸ ਦੀ ਜਗ਼੍ਹਾ, ਉਸ ਨੇ ਆਪਣਾ ਸਭ ਕੁਝ ਤਿਆਗ ਦਿੱਤਾ
ਅਤੇ ਇੱਕ ਇਨਸਾਨ ਦਾ ਰੂਪ ਧਾਰਿਆ ਅਤੇ
ਇੱਕ ਸੇਵਕ ਵਰਗਾ ਬਣ ਗਿਆ।
8 ਜਦੋਂ ਉਹ ਇਸ ਦੁਨੀਆਂ ਵਿੱਚ ਇੱਕ ਮਨੁੱਖ ਵਾਂਗ ਰਹਿ ਰਿਹਾ ਸੀ ਉਸ ਨੇ ਖੁਦ ਨੂੰ ਨਿਮ੍ਰ ਬਣਾਇਆ।
ਉਹ ਪਰਮੇਸ਼ੁਰ ਨੂੰ ਇੰਨਾ ਆਗਿਆਕਾਰੀ ਹੋ ਗਿਆ ਕਿ ਉਸ ਨੇ ਸਲੀਬ ਉੱਤੇ ਆਪਣਾ ਜੀਵਨ ਵੀ ਦੇ ਦਿੱਤਾ।
9 ਮਸੀਹ ਨੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕੀਤਾ, ਇਸ ਲਈ ਪਰਮੇਸ਼ੁਰ ਨੇ ਉਸ ਨੂੰ ਉਚਾਈ ਵਾਲੀ ਜਗ਼੍ਹਾ ਤੇ ਉੱਠਾਇਆ।
ਅਤੇ ਉਸ ਨੂੰ ਇੱਕ ਨਾਂ ਦਿੱਤਾ ਜੋ ਕਿ ਦੂਜੇ ਸਾਰਿਆਂ ਨਾਵਾਂ ਤੋਂ ਉੱਚਾ ਹੈ।
10 ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ,
ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ।
11 ਅਤੇ ਹਰ ਜੀਭ ਇਹ ਸਵੀਕਾਰ ਕਰੇਗੀ, “ਯਿਸੂ ਮਸੀਹ ਪ੍ਰਭੂ ਹੈ।”
ਜਦੋਂ ਉਹ ਇਹ ਆਖਣਗੇ ਉਹ ਪਰਮੇਸ਼ੁਰ ਲਈ ਸਤਿਕਾਰ ਲਿਆਉਣਗੇ।
ਜਿਹੋ ਜਿਹਾ ਪਰਮੇਸ਼ੁਰ ਚਾਹੁੰਦਾ ਹੈ ਉਹੋ ਜਿਹੇ ਬਣੋ
12 ਮੇਰੇ ਪਿਆਰੇ ਲੋਕੋ ਹੁਣ ਮੇਰਾ ਆਦੇਸ਼ ਚੰਗੀ ਤਰ੍ਹਾਂ ਮੰਨੋ। ਜਦੋਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫ਼ਿਰ ਜਦੋਂ ਮੈਂ ਤੁਹਾਡੇ ਨਾਲ ਹੋਵਾਂਗਾ। ਪਰਮੇਸ਼ੁਰ ਲਈ ਮਹਾਨ ਇੱਜ਼ਤ ਅਤੇ ਡਰ ਨਾਲ ਆਪਣੀ ਮੁਕਤੀ ਸੰਪੂਰਣ ਕਰਨ ਲਈ ਕੰਮ ਕਰਨਾ ਜਾਰੀ ਰੱਖੋ। 13 ਕਿਉਂਕਿ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਇੱਛਾ ਤੇ ਸ਼ਕਤੀ ਉਸ ਦੇ ਚੰਗੇ ਉਦੇਸ਼ ਅਨੁਸਾਰ ਕੰਮ ਕਰਨ ਲਈ ਦਿੰਦਾ ਹੈ।
14 ਸਾਰੇ ਕੰਮ ਬਿਨਾ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰੱਖੋ। 15 ਕਿ ਫ਼ੇਰ ਤੁਸੀਂ ਸ਼ੁੱਧ ਅਤੇ ਮਾਸੂਮ ਹੋਵੋਂਗੇ। ਤੁਸੀਂ ਬਦੀ ਅਤੇ ਇਸ ਪੀੜ੍ਹੀ ਦੇ ਕੱਬੇ ਲੋਕਾਂ ਵਿੱਚੋਂ ਬਿਨਾ ਕਿਸੇ ਦੋਸ਼ ਤੋਂ ਪਰਮੇਸ਼ੁਰ ਦੇ ਬੱਚੇ ਹੋਵੋਂਗੇ। ਇਸ ਦੁਨੀਆਂ ਵਿੱਚ ਤਾਰੇ ਵਾਂਗ ਚਮਕੋ। 16 ਜਿਹੜਾ ਸੰਦੇਸ਼ ਜੀਵਨ ਦਿੰਦਾ ਹੈ ਉਸ ਨੂੰ ਫ਼ੜੀ ਰੱਖੋ। ਇਹ ਮਸੀਹ ਦੇ ਆਉਣ ਵੇਲੇ ਤੱਕ ਕਰੋ। ਫ਼ੇਰ ਮੈਂ ਤੁਹਾਡੇ ਤੇ ਮਾਣ ਕਰ ਸੱਕਾਂਗਾ ਕਿਉਂਕਿ ਮੇਰੇ ਸਾਰੇ ਕਾਰਜ ਅਤੇ ਕੋਸ਼ਿਸ਼ਾਂ ਬੇਕਾਰ ਨਹੀਂ ਸਨ।
17 ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਸੇਵਾ ਜੋ ਤੁਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹੋ, ਉਸ ਬਲੀਦਾਨ ਵਰਗੀਆਂ ਹਨ ਜੋ ਤੁਸੀਂ ਉਸ ਨੂੰ ਅਰਪਣ ਕਰਦੇ ਹੋਂ। ਹੋ ਸੱਕਦਾ ਹੈ ਮੈਨੂੰ ਵੀ ਤੁਹਾਡੇ ਬਲੀਦਾਨ ਨਾਲ ਆਪਣਾ ਲਹੂ ਵਹਾਉਣਾ ਪਵੇ। ਫ਼ੇਰ ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ। 18 ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਨਾਲ ਰਲਕੇ ਖੁਸ਼ ਅਤੇ ਅਨੰਦ ਨਾਲ ਭਰਪੂਰ ਹੋਣਾ ਚਾਹੀਦਾ ਹੈ।
ਤਿਮੋਥਿਉਸ ਅਤੇ ਇਪਾਫ਼ਰੋਦੀਤੁਸ ਦੀ ਖਬਰ
19 ਮੈਂ ਪ੍ਰਭੂ ਯਿਸੂ ਵਿੱਚ ਤਿਮੋਥਿਉਸ ਨੂੰ ਛੇਤੀ ਤੁਹਾਡੇ ਵੱਲ ਭੇਜਣ ਦੀ ਆਸ ਰੱਖਦਾ ਹਾਂ। ਜਦੋਂ ਮੈਂ ਉਸ ਕੋਲੋਂ ਤੁਹਾਡੇ ਬਾਰੇ ਖਬਰ ਪ੍ਰਾਪਤ ਕਰਾਂਗਾ, ਤਾਂ ਮੈਂ ਬਹੁਤ ਖੁਸ਼ ਹੋਵਾਂਗਾ। 20 ਮੇਰੇ ਕੋਲ ਤਿਮੋਥਿਉਸ ਵਰਗਾ ਹੋਰ ਕੋਈ ਵਿਅਕਤੀ ਨਹੀਂ ਹੈ। ਉਹ ਸੱਚਮੁੱਚ ਤੁਹਾਡੇ ਭਲੇ ਦਾ ਖਿਆਲ ਰੱਖੇਗਾ। 21 ਹਰ ਕੋਈ ਆਪੋ ਆਪਣੇ ਮਾਮਲਿਆਂ ਵਿੱਚ ਹੀ ਦਿਲਚਸਪੀ ਲੈਂਦਾ ਹੈ ਕੋਈ ਵੀ ਮਸੀਹ ਯਿਸੂ ਦੇ ਕਾਰਜ ਵਿੱਚ ਦਿਲਚਸਪੀ ਨਹੀਂ ਲੈਂਦਾ। 22 ਤੁਸੀਂ ਜਾਣਦੇ ਹੀ ਹੋ ਕਿ ਤਿਮੋਥਿਉਸ ਕਿਸ ਤਰ੍ਹਾਂ ਦਾ ਵਿਅਕਤੀ ਹੈ। ਤੁਸੀਂ ਜਾਣਦੇ ਹੀ ਹੋ ਕਿ ਉਸ ਨੇ ਖੁਸ਼ਖਬਰੀ ਦੇਣ ਵਿੱਚ ਮੇਰੇ ਨਾਲ ਮਿਲਕੇ ਉਸੇ ਤਰ੍ਹਾਂ ਸੇਵਾ ਕੀਤੀ ਹੈ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੀ ਸੇਵਾ ਕਰਦਾ ਹੈ। 23 ਮੇਰਾ ਉਸ ਨੂੰ ਤੁਹਾਡੇ ਵੱਲ ਛੇਤੀ ਭੇਜਣ ਦਾ ਇਰਾਦਾ ਹੈ। ਮੈਂ ਉਸ ਨੂੰ ਉਦੋਂ ਭੇਜ ਦਿਆਂਗਾ ਜਦੋਂ ਮੈਨੂੰ ਆਪਣੇ ਨਾਲ ਵਾਪਰਨ ਵਾਲੇ ਹਲਾਤਾਂ ਬਾਰੇ ਪਤਾ ਲੱਗ ਜਾਵੇਗਾ। 24 ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਮੈਂ ਵੀ ਛੇਤੀ ਹੀ ਤੁਹਾਡੇ ਕੋਲ ਆਵਾਂਗਾ।
25 ਮੈਂ ਮਹਿਸੂਸ ਕੀਤਾ ਹੈ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਭੇਜਣਾ ਜ਼ਰੂਰੀ ਹੈ। ਉਹ ਮਸੀਹ ਵਿੱਚ ਮੇਰਾ ਭਰਾ, ਇੱਕ ਸਾਥੀ ਸੈਨਿਕ ਅਤੇ ਮਸੀਹ ਦੀ ਸੈਨਾ ਵਿੱਚ ਇੱਕ ਸਹ ਕਰਮਚਾਰੀ ਹੈ। ਜਦੋਂ ਮੈਂ ਜ਼ਰੂਰਤ ਵਿੱਚ ਸੀ, ਤੁਸੀਂ ਉਸ ਨੂੰ ਮੇਰੀਆਂ ਲੋੜਾਂ ਦਾ ਖਿਆਲ ਰੱਖਣ ਲਈ ਭੇਜਿਆ ਸੀ। 26 ਉਹ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਉਹ ਫ਼ਿਕਰਮੰਦ ਹੈ ਕਿਉਂਕਿ ਤੁਸੀਂ ਜਾਣ ਗਏ ਕਿ ਉਹ ਬਿਮਾਰ ਸੀ। 27 ਉਹ ਬਹੁਤ ਬਿਮਾਰ ਸੀ ਅਤੇ ਮਰਨ ਹੀ ਵਾਲਾ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਮਿਹਰ ਵਿਖਾਈ। ਸਿਰਫ਼ ਉਸੇ ਨੂੰ ਹੀ ਨਹੀਂ, ਸਗੋਂ ਮੈਨੂੰ ਵੀ, ਤਾਂ ਜੋ ਮੈਨੂੰ ਹੋਰ ਉਦਾਸੀ ਨਾ ਝੱਲਣੀ ਪਵੇ। 28 ਇਸ ਲਈ ਮੈਂ ਜਲਦੀ ਹੀ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਜਦੋਂ ਤੁਸੀਂ ਉਸ ਨੂੰ ਵੇਖੋਂਗੇ, ਤਾਂ ਤੁਸੀਂ ਇੱਕ ਵਾਰ ਫ਼ੇਰ ਖੁਸ਼ ਹੋਵੋਂਗੇ। ਅਤੇ ਮੇਰੀ ਚਿੰਤਾ ਵੀ ਘੱਟ ਜਾਵੇਗੀ। 29 ਇਸ ਲਈ ਉਸਦਾ ਪ੍ਰਭੂ ਵਿੱਚ ਵੱਡੇ ਅਨੰਦ ਨਾਲ ਸੁਆਗਤ ਕਰੋ। ਇਹ ਨਿਸ਼ਚਿਤ ਕਰ ਲਵੋ ਕਿ ਤੁਸੀਂ ਉਸ ਵਰਗੇ ਲੋਕਾਂ ਦੀ ਇੱਜ਼ਤ ਕਰਦੇ ਹੋ। 30 ਉਸ ਨੂੰ ਸਤਿਕਾਰਿਆ ਜਾਣਾ ਚਾਹੀਦਾ ਕਿਉਂਕਿ ਉਸ ਨੇ ਮਸੀਹ ਦੀ ਖਾਤਿਰ ਆਪਣੇ ਪ੍ਰਾਣ ਦੇਣ ਜਿੰਨਾ ਕੰਮ ਕੀਤਾ। ਉਸ ਨੇ ਮੇਰੀ ਸਹਾਇਤਾ ਕਰਨ ਲਈ ਆਪਣੇ ਖੁਦ ਦੇ ਪ੍ਰਾਣ ਵੀ ਖਤਰੇ ਵਿੱਚ ਪਾ ਦਿੱਤੇ। ਤੁਸੀਂ ਆਜਿਹੀ ਸਹਾਇਤਾ ਮੇਰੀ ਖਾਤਿਰ ਨਹੀਂ ਕਰ ਸੱਕੇ।
ਮੰਦਰ ਦਾ ਪਵਿੱਤਰ ਸਥਾਨ
41 ਫ਼ੇਰ ਆਦਮੀ ਮੈਨੂੰ ਪਵਿੱਤਰ ਸਥਾਨ ਅੰਦਰ ਲੈ ਗਿਆ। ਉਸ ਨੇ ਕਮਰੇ ਦੇ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਪਾਸਿਆਂ ਦੀਆਂ ਉਹ ਕੰਧਾਂ ਹਰ ਪਾਸਿਓ 6 ਹੱਥ ਮੋਟੀਆਂ ਸਨ। 2 ਦਰਵਾਜ਼ਾ 10 ਹੱਥ ਚੌੜਾ ਸੀ। ਦਰਵਾਜ਼ੇ ਵਾਲੇ ਰਸਤੇ ਦੇ ਪਾਸੇ ਹਰ ਪਾਸਿਓ 5 ਹੱਥ ਸਨ। ਆਦਮੀ ਨੇ ਉਸ ਕਮਰੇ ਨੂੰ ਨਾਪਿਆ। ਇਹ 40 ਹੱਥ ਲੰਮਾ ਅਤੇ 20 ਹੱਥ ਚੌੜਾ ਸੀ।
ਮੰਦਰ ਦਾ ਅੱਤ ਪਵਿੱਤਰ ਸਥਾਨ
3 ਫ਼ੇਰ ਆਦਮੀ ਅੰਤਲੇ ਕਮਰੇ ਅੰਦਰ ਗਿਆ। ਉਸ ਨੇ ਦਰਵਾਜ਼ੇ ਦੇ ਰਸਤੇ ਦੀਆਂ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਹਰ ਵੱਖੀ ਦੀ ਕੰਧ 2 ਹੱਥ ਮੋਟੀ ਅਤੇ 7 ਹੱਥ ਚੌੜੀ ਸੀ। ਦਰਵਾਜ਼ੇ ਦਾ ਰਸਤਾ 6 ਹੱਬ ਚੌੜਾ ਸੀ। 4 ਫ਼ੇਰ ਆਦਮੀ ਨੇ ਕਮਰੇ ਦੀ ਲੰਬਾਈ ਨਾਪੀ। ਇਹ 20 ਹੱਥ ਲੰਮੀ ਅਤੇ 20 ਹੱਬ ਚੌੜੀ ਸੀ। ਆਦਮੀ ਨੇ ਮੈਨੂੰ ਆਖਿਆ, “ਇਹ ਅੱਤ ਪਵਿੱਤਰ ਸਥਾਨ ਹੈ।”
ਮੰਦਰ ਦੇ ਆਲੇ-ਦੁਆਲੇ ਦੇ ਹੋਰ ਕਮਰੇ
5 ਫ਼ੇਰ ਆਦਮੀ ਨੇ ਮੰਦਰ ਦੀ ਕੰਧ ਨੂੰ ਨਾਪਿਆ। ਇਹ 6 ਹੱਥ ਮੋਟੀ ਸੀ। ਮੰਦਰ ਦੇ ਆਲੇ-ਦੁਆਲੇ ਵੱਖੀ ਦੇ ਕਮਰੇ ਸਨ। ਇਹ 4 ਹੱਥ ਚੌੜੇ ਸਨ। 6 ਪਾਸਿਆਂ ਦੇ ਕਮਰੇ ਇੱਕ ਦੇ ਉੱਪਰ ਇੱਕ, ਤਿੰਨ ਵੱਖੋ-ਵੱਖ ਮਂਜ਼ਿਲਾਂ ਉੱਤੇ ਸਨ। ਹਰ ਮੰਜ਼ਿਲ ਉੱਤੇ 30 ਕਮਰੇ ਸਨ। ਮੰਦਰ ਦੀ ਕੰਧ ਛਜਿਆਂ ਨਾਲ ਬਣਾਈ ਗਈ ਸੀ। ਪਾਸਿਆਂ ਦੇ ਕਮਰੇ ਇਨ੍ਹਾਂ ਛਜਿਆਂ ਉੱਤੇ ਟਿਕੇ ਹੋਏ ਸਨ ਪਰ ਮੰਦਰ ਦੀ ਕੰਧ ਨਾਲ ਜੁੜੇ ਹੋਏ ਨਹੀਂ ਸਨ। 7 ਵੱਖੀ ਦੇ ਕਮਰਿਆਂ ਦੀ ਹਰ ਮੰਜ਼ਿਲ ਜਿਹੜੀ ਮੰਦਰ ਦੇ ਆਲੇ-ਦੁਆਲੇ ਸੀ, ਹੇਠਲੀ ਮੰਜ਼ਿਲ ਨਾਲੋਂ ਚੌੜੀ ਸੀ। ਮੰਦਰ ਦੁਆਲੇ ਦੇ ਕਮਰਿਆਂ ਦੀਆਂ ਕੰਧਾਂ ਜਿਵੇਂ ਜਿਵੇਂ ਉੱਚੀਆਂ ਜਾਂਦੀਆਂ ਸਨ ਤੰਗ ਹੁੰਦੀਆਂ ਜਾਂਦੀਆਂ ਸਨ। ਇਸ ਲਈ ਉਪਰਲੀਆਂ ਮੰਜ਼ਲਾਂ ਦੇ ਕਮਰੇ ਚੌਰੇੜੇ ਸਨ। ਹੇਠਲੀ ਮੰਜ਼ਿਲ ਤੋਂ ਸਭ ਤੋਂ ਉੱਚੀ ਮੰਜ਼ਿਲ ਤੱਕ ਵਿੱਚਕਾਰਲੀ ਮੰਜ਼ਿਲ ਤੋਂ ਹੋਕੇ ਪੌੜੀਆਂ ਜਾਂਦੀਆਂ ਸਨ।
8 ਮੈਂ ਇਹ ਵੀ ਦੇਖਿਆ ਕਿ ਮੰਦਰ ਦਾ ਆਧਾਰ ਇਸਦੇ ਸਾਰਿਆਂ ਪਾਸਿਆਂ ਤੋਂ ਉੱਚਾ ਉੱਠਿਆ ਹੋਇਆ ਸੀ। ਇਹ ਪਾਸਿਆਂ ਦੇ ਕਮਰਿਆਂ ਦੀ ਬੁਨਿਆਦ ਸੀ ਅਤੇ ਇਹ ਬਿਲਕੁਲ ਛੇ ਹੱਥ ਉੱਚਾ ਸੀ। 9 ਪਾਸਿਆਂ ਦੇ ਕਮਰਿਆਂ ਦੀ ਬਾਹਰਲੀ ਕੰਧ 5 ਹੱਥ ਮੋਟੀ ਸੀ। ਮੰਦਰ ਦੀ ਪਾਸਿਆਂ ਦੇ ਕਮਰਿਆਂ 10 ਅਤੇ ਜਾਜਕਾਂ ਦੇ ਕਮਰਿਆਂ ਵਿੱਚਕਾਰ ਇੱਕ ਖੁਲ੍ਹੀ ਜਗ੍ਹਾ ਸੀ। ਇਹ 20 ਹੱਥ ਚੌੜੀ ਸੀ ਅਤੇ ਮੰਦਰ ਦੇ ਆਲੇ-ਦੁਆਲੇ ਹਰ ਪਾਸੇ ਸੀ। 11 ਪਾਸਿਆਂ ਦੇ ਕਮਰਿਆਂ ਦੇ ਦਰਵਾਜ਼ੇ ਉੱਚੇ ਹੋਏ ਆਧਾਰ ਵੱਲ ਖੁਲ੍ਹਦੇ ਸਨ। ਇੱਕ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ ਅਤੇ ਇੱਕ ਪ੍ਰਵੇਸ਼ ਦੁਆਰ ਦੱਖਣ ਵਾਲੇ ਪਾਸੇ। ਉੱਠਿਆ ਹੋਇਆ ਆਧਾਰ ਸਾਰੇ ਪਾਸਿਓ 5 ਹੱਬ ਚੌੜਾ ਸੀ।
12 ਸੀਮਾ ਬੱਧ ਖੇਤਰ ਦੇ ਪੱਛਮ ਵਾਲੇ ਪਾਸੇ ਤੇ ਇੱਕ ਇਮਾਰਤ ਸੀ। ਇਹ ਇਮਾਰਤ 70 ਹੱਥ ਚੌੜੀ ਅਤੇ 90 ਹੱਥ ਲੰਮੀ ਸੀ। ਇਮਾਰਤ ਦੀ ਕੰਧ ਹਰ ਪਾਸਿਓ 5 ਹੱਥ ਮੋਟੀ ਸੀ। 13 ਫ਼ੇਰ ਆਦਮੀ ਨੇ ਮੰਦਰ ਨੂੰ ਨਾਪਿਆ। ਮੰਦਰ 100 ਹੱਥ ਲੰਮਾ ਸੀ। ਇਮਾਰਤ ਅਤੇ ਇਸ ਦੀਆਂ ਕੰਧਾਂ ਸਣੇ ਸੀਮਾਬੱਧ ਖੇਤਰ 100 ਹੱਥ ਲੰਮਾ ਸੀ। 14 ਪੂਰਬ ਵਾਲੇ ਪਾਸੇ ਦਾ ਸੀਮਾ ਬੱਧ ਖੇਤਰ, ਜਿਹੜਾ ਮੰਦਰ ਦੇ ਸਾਹਮਣੇ ਸੀ, ਉਹ ਵੀ 100 ਹੱਥ ਲੰਮਾ ਸੀ।
15 ਆਦਮੀ ਨੇ ਮੰਦਰ ਦੇ ਪਿੱਛਵਾੜੇ ਦੇ ਸੀਮਾਬੱਧ ਖੇਤਰ ਵਿੱਚਲੀ ਇਮਾਰਤ ਦੀ ਲੰਬਾਈ ਨਾਪੀ। ਇਹ ਇੱਕ ਕੰਧ ਤੋਂ ਲੈ ਕੇ ਦੂਸਰੀ ਕੰਧ ਤੀਕ 100 ਹੱਥ ਸੀ।
ਅੱਤ ਪਵਿੱਤਰ ਸਥਾਨ, ਪਵਿੱਤਰ ਸਥਾਨ ਅਤੇ ਵਰਾਂਡਾ ਜਿਸਦਾ ਮੂੰਹ ਅੰਦਰਲੇ ਵਿਹੜੇ ਵੱਲ ਸੀ, 16 ਉਸ ਦੀਆਂ ਸਾਰੀਆਂ ਕੰਧਾਂ ਉੱਤੇ ਲੱਕੜੀ ਦੇ ਫ਼ੱਟੇ ਲੱਗੇ ਹੋਏ ਸਨ। ਸਾਰੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਲੱਕੜੀ ਦੀ ਝਾਲਰ ਲਗੀ ਹੋਈ ਸੀ। ਮੰਦਰ ਵਿੱਚ, ਦਰਵਾਜ਼ੇ ਵਾਲੇ ਰਸਤੇ ਕੋਲ ਫ਼ਰਸ਼ ਤੋਂ ਉੱਪਰ ਖਿੜਕੀਆਂ ਤੀਕ ਲੱਕੜੀ ਦੇ ਫ਼ੱਟੇ ਲੱਗੇ ਸਨ ਜਿਹੜੇ ਦਰਵਾਜ਼ੇ ਉੱਪਰਲੀ 17 ਕਂਧ ਦੇ ਇੱਕ ਹਿੱਸੇ ਤੱਕ ਜਾਂਦੇ ਸਨ।
ਮੰਦਰ ਦੇ ਅੰਦਰਲੇ ਕਮਰੇ ਅਤੇ ਬਾਹਰਲੇ ਕਮਰੇ ਦੀਆਂ ਕੰਧਾਂ ਉੱਤੇ 18 ਕਰੂਬੀ ਦੇ ਫ਼ਰਿਸ਼ਤਿਆਂ ਅਤੇ ਖਜ਼ੂਰ ਦੇ ਰੁੱਖਾਂ ਦੀ ਨਕਾਸ਼ੀ ਕੀਤੀ ਗਈ ਸੀ। ਕਰੂਬੀ ਦੇ ਫਰਿਸ਼ਤਿਆਂ ਦੇ ਵਿੱਚਕਾਰ ਖਜ਼ੂਰ ਦਾ ਰੁੱਖ ਸੀ। ਹਰ ਕਰੂਬੀ ਦੇ ਫ਼ਰਿਸ਼ਤੇ ਦੇ ਦੋ ਚਿਹਰੇ ਸਨ। 19 ਇੱਕ ਚਿਹਰਾ ਆਦਮੀ ਦਾ ਚਿਹਰਾ ਸੀ ਜਿਹੜਾ ਇੱਕ ਪਾਸੇ ਦੇ ਖਜ਼ੂਰ ਦੇ ਰੁੱਖ ਵੱਲ ਝਾਕਦਾ ਸੀ। ਦੂਸਰਾ ਚਿਹਰਾ ਸ਼ੇਰ ਦਾ ਚਿਹਰਾ ਸੀ ਜਿਹੜਾ ਦੂਸਰੇ ਪਾਸੇ ਦੇ ਖਜ਼ੂਰ ਦੇ ਰੁੱਖ ਵੱਲ ਝਾਕਦਾ ਸੀ। ਉਹ ਮੰਦਰ ਦੇ ਹਰ ਪਾਸੇ ਉਕਰੇ ਹੋਏ ਸਨ। 20 ਫ਼ਰਸ਼ ਤੋਂ ਲੈ ਕੇ ਦਰਵਾਜ਼ੇ ਦੇ ਉਤਲੇ ਹਿੱਸੇ ਤੀਕ, ਪਵਿੱਤਰ ਸਥਾਨ ਦੀਆਂ ਸਾਰੀਆਂ ਕੰਧਾਂ ਉੱਤੇ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ।
21 ਪਵਿੱਤਰ ਸਥਾਨ ਦੇ ਹਰ ਪਾਸੇ ਦੀਆਂ ਕੰਧਾਂ ਚੌਕੋਰ ਸਨ। ਅੱਤ ਪਵਿੱਤਰ ਸਥਾਨ ਦੇ ਸਾਹਮਣੇ ਕੋਈ ਚੀਜ਼ ਸੀ ਜਿਹੜੀ 22 ਲੱਕੜੀ ਦੀ ਬਣੀ ਜਗਵੇਦੀ ਵਰਗੀ ਨਜ਼ਰ ਆਉਂਦੀ ਸੀ। ਇਹ 3 ਹੱਥ ਉੱਚੀ ਅਤੇ 2 ਹੱਥ ਲੰਮੀ ਸੀ। ਇਸਦੇ ਕੋਨੇ ਇਸਦਾ ਆਧਾਰ ਅਤੇ ਇਸਦੇ ਪਾਸੇ ਲਕੜੀ ਦੇ ਸਨ। ਆਦਮੀ ਨੇ ਮੈਨੂੰ ਆਖਿਆ, “ਇਹੀ ਉਹ ਮੇਜ਼ ਹੈ ਜਿਹੜਾ ਯਹੋਵਾਹ ਦੇ ਸਾਹਮਣੇ ਹੈ।”
23 ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ, ਦੋਹਾਂ ਦਾ ਇੱਕ ਦੂਸਰਾ ਦਰਵਾਜ਼ਾ ਸੀ 24 ਹਰ ਦਰਵਾਜ਼ਾ ਦੋ ਛੋਟੇ ਦਰਵਾਜ਼ਿਆਂ ਦਾ ਬਣਿਆ ਹੋਇਆ ਸੀ। ਹਰ ਦਰਵਾਜ਼ਾ ਅਸਲ ਵਿੱਚ ਦੋ ਝੂਲਦੇ ਦਰਵਾਜ਼ੇ ਸਨ। 25 ਅਤੇ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਉੱਤੇ ਵੀ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ। ਉਹ ਉਨ੍ਹਾਂ ਵਰਗੇ ਹੀ ਸਨ ਜਿਹੜੇ ਕੰਧਾਂ ਉੱਤੇ ਉਕਰੇ ਹੋਏ ਸਨ। ਵਰਾਂਡਾ ਦੇ ਸਾਹਮਣੇ ਵਾਲੇ ਪਾਸੇ ਉੱਪਰ ਲੱਕੜੀ ਦੀ ਛੱਤ ਸੀ। 26 ਵਰਾਂਡਾ ਦੀਆਂ ਦੋਹਾਂ ਪਾਸਿਆਂ ਦੀਆਂ ਕੰਧਾਂ, ਵਰਾਂਡਾ ਉਤਲੀ ਛੱਤ ਉੱਤੇ, ਅਤੇ ਮੰਦਰ ਦੇ ਦੁਆਲੇ ਦੇ ਕਮਰਿਆਂ ਉੱਤੇ ਫ਼ਰੇਮ ਵਾਲੀਆਂ ਖਿੜਕੀਆਂ ਅਤੇ ਖਜ਼ੂਰ ਦੇ ਰੁੱਖ ਸਨ।
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
5 ਯਹੋਵਾਹ, ਤੁਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਸਨ।
ਸਾਡੇ ਲਈ ਤੁਹਾਡੇ ਵਿੱਚਾਰ ਸਮਝਣੇ ਬਹੁਤ ਮੁਸ਼ਕਿਲ ਹਨ।
6 ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ।
ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
7 ਦੁਸ਼ਟ ਲੋਕ ਘਾਹ-ਫ਼ੂਸ ਦੀ ਤਰ੍ਹਾਂ ਜਿਉਂਦੇ ਅਤੇ ਮਰ ਜਾਂਦੇ ਹਨ।
ਅਤੇ ਜਿਹੜੀਆਂ ਨਿਰਾਰਥਕ ਗੱਲਾਂ ਉਹ ਕਰਦੇ ਹਨ
ਹਮੇਸ਼ਾ ਲਈ ਨਸ਼ਟ ਕਰ ਦਿੱਤੀਆਂ ਜਾਣਗੀਆਂ।
8 ਪਰ ਹੇ ਪਰਮੇਸ਼ੁਰ, ਤੁਸੀਂ ਹਮੇਸ਼ਾ ਲਈ ਸਤਿਕਾਰੇ ਜਾਵੋਂਗੇ।
9 ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
10 ਪਰ ਤੁਸੀਂ ਮੈਨੂੰ ਤਾਕਤਵਰ ਬਣਾ ਦਿਉਂਗੇ।
ਮੈਂ ਮਜ਼ਬੂਤ ਸਿੰਗਾਂ ਵਾਲੇ ਇੱਕ ਸਾਨ੍ਹ ਵਰਗਾ ਹੋਵਾਂਗਾ।
ਤੁਸੀਂ ਮੈਨੂੰ ਮੇਰੇ ਖਾਸ ਕਾਰਜ ਲਈ ਚੁਣਿਆ ਸੀ।
ਤੁਸੀਂ ਮੇਰੇ ਉੱਤੇ ਤਾਜ਼ਗੀ ਦੇਣ ਵਾਲਾ ਤੇਲ ਮਲਿਆ ਸੀ।
11 ਮੈਂ ਆਪਣੇ ਚਾਰ-ਚੁਫ਼ੇਰੇ ਦੁਸ਼ਮਣਾਂ ਨੂੰ ਦੇਖਦਾ ਹਾਂ।
ਉਹ ਮੋਟੇ ਝੋਟਿਆਂ ਵਰਗੇ ਮੇਰੇ ਉੱਤੇ ਹਮਲਾ ਕਰਨ ਲਈ ਤਿਆਰ ਹਨ।
ਮੈਂ ਉਹ ਸੁਣ ਰਿਹਾ ਹਾਂ ਜੋ ਉਹ ਮੇਰੇ ਬਾਰੇ ਆਖ ਰਹੇ ਹਨ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
93 ਯਹੋਵਾਹ ਰਾਜਾ ਹੈ।
ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
2 ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
3 ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
4 ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
5 ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।
2010 by World Bible Translation Center