M’Cheyne Bible Reading Plan
ਪਾਤਸ਼ਾਹ ਦਾਊਦ ਦੀ ਮੌਤ
2 ਦਾਊਦ ਦਾ ਅੰਤ ਨੇੜੇ ਆਇਆ ਤਾਂ ਉਸ ਨੇ ਸੁਲੇਮਾਨ ਨੂੰ ਆਪਣੇ ਕੋਲ ਬੁਲਾ ਕੇ ਕਿਹਾ, 2 “ਹਰ ਇਨਸਾਨ ਦੀ ਤਰ੍ਹਾਂ, ਮੈਂ ਵੀ ਮਰਨ ਹੀ ਵਾਲਾ ਹਾਂ। ਪਰ ਤੂੰ ਤਕੜਾ ਹੋ ਰਿਹਾ ਹੈ ਅਤੇ ਆਦਮੀ ਬਣ ਰਿਹਾ ਹੈ। 3 ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸ ਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਥਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ। 4 ਜੇਕਰ ਤੂੰ ਯਹੋਵਾਹ ਨੂੰ ਮੰਨੇਗਾ, ਤਾਂ ਯਹੋਵਾਹ ਮੇਰੇ ਬਾਰੇ ਕੀਤੇ ਇਸ ਇਕਰਾਰ ਨੂੰ ਨਿਭਾਵੇਗਾ: ਯਹੋਵਾਹ ਨੇ ਆਖਿਆ, ‘ਜੇਕਰ ਤੇਰੇ ਪੁੱਤਰ ਮੇਰੀਆਂ ਬਿਧੀਆਂ ਨੂੰ ਇਮਾਨਦਾਰੀ ਅਤੇ ਤਹੇ ਦਿਲੋਂ ਮੰਨਣਗੇ, ਤੇਰੇ ਘਰਾਣੇ ਵਿੱਚੋਂ ਇੱਕ ਆਦਮੀ ਹਮੇਸ਼ਾ ਇਸਰਾਏਲ ਉੱਪਰ ਰਾਜ ਕਰੇਗਾ।’”
5 ਦਾਊਦ ਨੇ ਇਹ ਵੀ ਕਿਹਾ, “ਤੂੰ ਇਹ ਵੀ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਅਤੇ ਉਸ ਨੇ ਇਸਰਾਏਲ ਦੀ ਫ਼ੌਜ ਦੇ ਦੋਹਾਂ ਸੈਨਾਪਤੀਆਂ, ਨੇਰ ਦੇ ਪੁੱਤਰ ਅਬਨੇਰ ਅਤੇ ਯਬਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ ਯਾਦ ਕਰ, ਉਸ ਨੇ ਬਦਲਾ ਲੈਣ ਲਈ ਸਾਂਤੀ ਦੇ ਸਮੇਂ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਦੇ ਖੂਨ ਦੇ ਧੱਬੇ ਉਸਦੀ ਤਲਵਾਰ, ਉਸਦੀ ਪੇਟੀ ਅਤੇ ਉਸ ਦੇ ਬੂਟਾਂ ਉੱਤੇ ਹਨ। ਮੈਨੂੰ ਉਸ ਨੂੰ ਸਜ਼ਾ ਦੇਣੀ ਚਾਹੀਦੀ ਸੀ। 6 ਪਰ ਹੁਣ, ਤੂੰ ਪਾਤਸ਼ਾਹ ਹੈਂ, ਇਸ ਲਈ ਤੈਨੂੰ ਉਸ ਨੂੰ ਓਵੇਂ ਹੀ ਸਜ਼ਾ ਦੇਣੀ ਚਾਹੀਦੀ ਹੈ ਜਿਵੇਂ ਤੂੰ ਠੀਕ ਸਮਝੇਂ। ਪਰ ਤੈਨੂੰ ਪ੍ਰਪੱਕ ਹੋਣਾ ਚਾਹੀਦਾ ਕਿ ਉਹ ਮਾਰਿਆ ਗਿਆ। ਉਸ ਨੂੰ ਉਸ ਦੇ ਬੁੱਢਾਪੇ ਵਿੱਚ ਸ਼ਾਂਤੀ ਨਾਲ ਨਾ ਮਰਨ ਦੇਵੀਂ।
7 “ਗਿਲਆਦ ਦੇ ਬਰਜ਼ਿੱਲਈ ਦੇ ਬੱਚਿਆਂ ਉੱਪਰ ਦਯਾਲੂ ਰਹੀਂ, ਉਨ੍ਹਾਂ ਨੂੰ ਆਪਣੇ ਮਿੱਤਰ ਬਣਨ ਦੇ ਅਤੇ ਤੇਰੇ ਨਾਲ ਤੇਰੇ ਮੇਜ਼ ਤੇ ਖਾਣ ਦੇਵੀਂ ਉਨ੍ਹਾਂ ਨੇ ਮੇਰੀ ਉਸ ਵਕਤ ਮਦਦ ਕੀਤੀ ਸੀ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਬਚ ਰਿਹਾ ਸੀ।
8 “ਇਹ ਯਾਦ ਰੱਖੀਂ ਕਿ ਗੇਰਾ ਦਾ ਪੁੱਤਰ ਸ਼ਿਮਈ ਅਜੇ ਵੀ ਇੱਥੇ ਆਸੇ-ਪਾਸੇ ਹੀ ਹੈ। ਉਹ ਬਹੁਰੀਮ ਅਤੇ ਬਿਨਯਾਮੀਨ ਪਰਿਵਾਰ-ਸਮੂਹ ਤੋਂ ਹੈ। ਤੈਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਦਿਨ ਮੈਂ ਮਹਨਇਮ ਤੋਂ ਭਜਿਆ ਸੀ, ਉਸ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਸੀ। ਫ਼ਿਰ ਉਹ ਮੈਨੂੰ ਯਰਦਨ ਨਦੀ ਤੇ ਮਿਲਣ ਲਈ ਆਇਆ ਸੀ। ਪਰ ਮੈਂ ਉਸ ਨਾਲ ਯਹੋਵਾਹ ਦਾ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਮਾਰਾਂਗਾ ਨਹੀਂ। 9 ਪਰ ਹੁਣ ਉਸ ਨੂੰ ਬਿਨਾ ਸਜ਼ਾ ਦਿੱਤੇ ਨਾ ਜਾਣ ਦੇਵੀਂ। ਤੂੰ ਇੱਕ ਸਿਆਣਾ ਆਦਮੀ ਹੈਂ ਅਤੇ ਤੂੰ ਜਾਣਦਾ ਕਿ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ। ਪਰ ਉਸ ਨੂੰ ਉਸ ਦੇ ਬੁੱਢਾਪੇ ਵਿੱਚ ਸਾਂਤੀ ਨਾਲ ਨਾ ਮਰਨ ਦੇਵੀਂ।”
10 ਉਸ ਬਾਦ ਦਾਊਦ ਦੀ ਮੌਤ ਹੋ ਗਈ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਬਿਆ ਗਿਆ। 11 ਦਾਊਦ ਨੇ ਇਸਰਾਏਲ ਵਿੱਚ 40 ਵਰ੍ਹੇ ਰਾਜ ਕੀਤਾ। ਉਸ ਨੇ ਹਬਰੋਨ ਵਿੱਚ ਸੱਤ ਵਰ੍ਹੇ ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
ਸੁਲੇਮਾਨ ਨੇ ਆਪਣਾ ਰਾਜ ਸੰਭਾਲਿਆ
12 ਹੁਣ ਸੁਲੇਮਾਨ ਰਾਜਾ ਬਣਿਆ ਤਾਂ ਉਹ ਆਪਣੇ ਪਿਤਾ ਦਾਊਦ ਦੇ ਸਿੰਘਾਸਨ ਉੱਤੇ ਬੈਠਾ ਅਤੇ ਦ੍ਰਿਢ਼ਤਾ ਨਾਲ ਆਪਣਾ ਰਾਜ ਸਥਾਪਿਤ ਕੀਤਾ।
13 ਤਦ ਹਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਂ ਬਥਸ਼ਬਾ ਕੋਲ ਆਇਆ ਤਾਂ ਉਸ ਨੇ ਪੁੱਛਿਆ, “ਸੁੱਖ ਤਾਂ ਹੈ?”
ਅਦੋਨੀਯਾਹ ਨੇ ਜਵਾਬ ’ਚ ਕਿਹਾ, “ਹਾਂ, ਇਸ ਵਕਤ ਮੈਂ ਸੁੱਖ ਨਾਲ ਹੀ ਆਇਆ ਹਾਂ। 14 ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ।”
ਬਥਸ਼ਬਾ ਨੇ ਆਖਿਆ, “ਬੋਲ, ਤੂੰ ਕੀ ਚਾਹੁੰਦਾ ਹੈਂ?”
15 ਅਦੋਨੀਯਾਹ ਨੇ ਕਿਹਾ, “ਤੈਨੂੰ ਪਤਾ ਹੈ ਕਿ ਇੱਕ ਸਮੇਂ ਇਹ ਰਾਜ ਮੇਰਾ ਸੀ, ਅਤੇ ਸਾਰੇ ਇਸਰਾਏਲੀ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਹਾਂ, ਪਰ ਸਭ ਕੁਝ ਬਦਲ ਗਿਆ ਹੈ। ਹੁਣ ਯਹੋਵਾਹ ਦੀ ਰਜ਼ਾ ਅਨੁਸਾਰ ਰਾਜ ਮੇਰੇ ਭਰਾ ਕੋਲ ਆ ਗਿਆ ਹੈ। 16 ਇਸ ਲਈ ਮੈ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਇਨਕਾਰ ਨਾ ਕਰੀ।”
ਬਥਸ਼ਬਾ ਨੇ ਆਖਿਆ, “ਤੂੰ ਕੀ ਚਾਹੁੰਦਾ ਹੈਂ?”
17 ਅਦੋਨੀਯਾਹ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਸ਼ੂਨੰਮੀ ਦੀ ਅਬੀਸ਼ਗ ਨਾਲ ਵਿਆਹ ਕਰ ਲੈਣ ਲਈ ਸੁਲੇਮਾਨ ਨੂੰ ਆਖੋ, ਕਿਉਂ ਕਿ ਜੋ ਵੀ ਤੁਸੀਂ ਉਸ ਤੋਂ ਮੰਗੋਂਗੇ ਉਹ ਤੁਹਾਨੂੰ ਇਨਕਾਰ ਨਹੀਂ ਕਰੇਗਾ।”
18 ਤਦ ਬਥਸ਼ਬਾ ਨੇ ਆਖਿਆ, “ਠੀਕ ਹੈ! ਮੈਂ ਪਾਤਸ਼ਾਹ ਨੂੰ ਤੇਰੇ ਲਈ ਆਖਾਂਗੀ।”
19 ਤਾਂ ਬਥਸ਼ਬਾ ਪਾਤਸ਼ਾਹ ਸੁਲੇਮਾਨ ਕੋਲ ਅਦੋਨੀਯਹ ਬਾਰੇ ਗੱਲ ਕਰਨ ਲਈ ਗਈ। ਜਦੋਂ ਪਾਤਸ਼ਾਹ ਸੁਲੇਮਾਨ ਨੇ ਉਸ ਨੂੰ ਆਉਂਦਿਆਂ ਵੇਖਿਆ ਤਾਂ ਉਸ ਨੂੰ ਮਿਲਣ ਲਈ ਖੜ੍ਹਾ ਹੋ ਗਿਆ। ਫੇਰ ਉਸ ਅੱਗੇ ਝੁਕ ਕੇ ਆਪਣੇ ਸਿੰਘਾਸਣ ਤੇ ਬੈਠ ਗਿਆ। ਉਸ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਉਸਦੀ ਮਾਤਾ ਦੇ ਬੈਠਣ ਲਈ ਇੱਕ ਹੋਰ ਸਿੰਘਾਸਣ ਲਿਆਉਣ ਅਤੇ ਉਹ ਉਸ ਦੇ ਸੱਜੇ ਪਾਸੇ ਬੈਠ ਗਈ।
20 ਬਥਸ਼ਬਾ ਨੇ ਉਸ ਨੂੰ ਆਖਿਆ, “ਮੈਂ ਤੈਥੋਂ ਇੱਕ ਛੋਟਾ ਜਿਹਾ ਅਹਿਸਾਨ ਮੰਗਣ ਲਈ ਆਈ ਹਾਂ, ਕਿਰਪਾ ਕਰਕੇ ਇਨਕਾਰ ਨਾ ਕਰੀਂ!”
ਤਾਂ ਪਾਤਸ਼ਾਹ ਨੇ ਆਖਿਆ, “ਮਾਤਾ, ਤੂੰ ਜੋ ਚਾਹੋ ਮੈਥੋਂ ਮੰਗ ਸੱਕਦੀ ਹੈ, ਮੈਂ ਤੈਨੂੰ ਇਨਕਾਰ ਨਹੀਂ ਕਰਾਂਗਾ?”
21 ਬਥਸ਼ਬਾ ਨੇ ਕਿਹਾ, “ਤੂੰ ਆਪਣੇ ਭਰਾ ਅਦੋਨੀਯਾਹ ਨੂੰ ਸ਼ੂਨੰਮੀ ਦੀ ਮੁਟਿਆਰ ਅਬੀਸ਼ਗ ਨਾਲ ਵਿਆਹ ਕਰਨ ਦੀ ਆਗਿਆ ਦੇ ਦੇ!”
22 ਪਾਤਸ਼ਾਹ ਸੁਲੇਮਾਨ ਨੇ ਆਪਣੀ ਮਾਤਾ ਨੂੰ ਜਵਾਬ ’ਚ ਕਿਹਾ, “ਤੂੰ ਮੈਨੂੰ ਅਬੀਸ਼ਗ ਨੂੰ ਅਦੋਨੀਯਾਹ ਨੂੰ ਦੇਣ ਲਈ ਕਿਉਂ ਪੁੱਛ ਰਹੀ ਹੈ? ਤੂੰ ਉਸ ਲਈ ਰਾਜ ਕਿਉਂ ਨਹੀਂ ਪੁੱਛ ਰਹੀ! ਆਖਿਰਕਾਰ ਉਹ ਮੇਰਾ ਵੱਡਾ ਭਰਾ ਹੈ। ਅਬਯਾਥਾਰ ਜਾਜਕ ਅਤੇ ਯੋਆਬ ਵੀ ਉਸ ਦਾ ਪੱਖ ਲੈਣਗੇ।”
23 ਤਦ ਸੁਲੇਮਾਨ ਨੇ ਯਹੋਵਾਹ ਦੀ ਸੌਂਹ ਖਾਧੀ ਅਤੇ ਕਿਹਾ, “ਮੈਂ ਸੌਂਹ ਖਾਂਦਾ ਹਾਂ ਕਿ ਅਦੋਨੀਯਾਹ ਨੂੰ ਇਸ ਮੰਗ ਦੀ ਅਦਾਇਗੀ ਕਰਨੀ ਪਵੇਗੀ ਅਤੇ ਇਹ ਉਸਦੀ ਜ਼ਿੰਦਗੀ ਹੋਵੇਗੀ। 24 ਯਹੋਵਾਹ ਨੇ ਮੈਨੂੰ ਇਸਰਾਏਲ ਦਾ ਪਾਤਸ਼ਾਹ ਬਣਾਇਆ ਅਤੇ ਮੈਨੂੰ ਉਹ ਸਿੰਘਾਸਣ ਦਿੱਤਾ ਹੈ ਜੋ ਪਹਿਲਾਂ ਮੇਰੇ ਪਿਤਾ ਦਾਊਦ ਦਾ ਸੀ। ਯਹੋਵਾਹ ਨੇ ਆਪਣਾ ਵਚਨ ਨਿਭਾਇਆ ਤੇ ਇਹ ਰਾਜ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੌਂਪਿਆ। ਇਸ ਲਈ ਹੁਣ, ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਅੱਜ ਅਦੋਨੀਯਾਹ ਮਰੇਗਾ।”
25 ਤਦ ਰਾਜੇ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਆਦੇਸ਼ ਦਿੱਤਾ, ਤਾਂ ਬਨਾਯਾਹ ਨੇ ਅਦੋਨੀਯਾਹ ਨੂੰ ਮਾਰ ਦਿੱਤਾ।
26 ਤਦ ਸੁਲੇਮਾਨ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਕਿਹਾ, “ਵੈਸੇ ਤਾਂ ਮੈਨੂੰ ਤੈਨੂੰ ਮਾਰ ਦੇਣਾ ਚਾਹੀਦਾ ਹੈ ਕਿਉਂ ਕਿ ਤੂੰ ਇਸੇ ਦੇ ਕਾਬਿਲ ਹੈਂ, ਪਰ ਮੈਂ ਤੈਨੂੰ ਤੇਰੇ ਘਰ ਅਨਾਥੋਥ ਨੂੰ ਮੁੜਨ ਦਿੰਦਾ ਹਾਂ। ਮੈਂ ਹੁਣ ਤੈਨੂੰ ਨਹੀਂ ਮਾਰਾਂਗਾ ਕਿਉਂ ਕਿ ਤੂੰ ਦਾਊਦ, ਮੇਰੇ ਪਿਤਾ ਦੇ ਅੱਗੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਦਾ ਹੁੰਦਾ ਸੀ, ਅਤੇ ਤੂੰ ਮੇਰੇ ਪਿਤਾ ਦੇ ਨਾਲ ਬੁਰੇ ਸਮਿਆਂ ਨੂੰ ਸਾਂਝਾ ਕੀਤਾ।” 27 ਸੁਲੇਮਾਨ ਨੇ ਅਬਯਾਥਾਰ ਨੂੰ ਕਿਹਾ ਕਿ ਹੁਣ ਉਹ ਯਹੋਵਾਹ ਦੇ ਜਾਜਕ ਵਜੋਂ ਸੇਵਾ ਨਾ ਕਰ ਸੱਕੇਗਾ। ਇਹ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਪਰਮੇਸ਼ੁਰ ਨੇ ਜਾਜਕ ਏਲੀ ਅਤੇ ਸ਼ੀਲੋਹ ਵਿਖੇ ਉਸ ਦੇ ਪਰਿਵਾਰ ਬਾਰੇ ਆਖਿਆ ਸੀ। ਅਬਯਾਥਾਰ ਵੀ ਏਲੀ ਦੇ ਪਰਿਵਾਰ ਵਿੱਚੋਂ ਹੀ ਸੀ।
28 ਯੋਆਬ ਨੇ ਇਹ ਸਭ ਸੁਣਿਆ ਅਤੇ ਡਰ ਗਿਆ ਕਿਉਂ ਕਿ ਉਸ ਨੇ ਅਦੋਨੀਯਾਹ ਦਾ ਪੱਖ ਲਿਆ ਸੀ, ਪਰ ਅਬਸਾਲੋਮ ਦੀ ਨਹੀਂ। ਉਹ ਯਹੋਵਾਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਾਕੇ ਜਗਵੇਦੀ ਦੇ ਸਿੰਗਾਂ ਨੂੰ ਫ਼ੜ ਲਿਆ। 29 ਕਿਸੇ ਨੇ ਜਾਕੇ ਸੁਲੇਮਾਨ ਪਾਤਸ਼ਾਹ ਨੂੰ ਦੱਸਿਆ ਕਿ ਯੋਆਬ ਯਹੋਵਾਹ ਦੇ ਤੰਬੂ ਵਿੱਚ ਜਗਵੇਦੀ ਨੂੰ ਜਕੜ ਕੇ ਖੜ੍ਹਾ ਹੈ ਤਾਂ ਸੁਲੇਮਾਨ ਨੇ ਬਨਾਯਾਹ ਨੂੰ ਭੇਜਿਆ ਕਿ ਉਹ ਉੱਥੇ ਜਾਕੇ ਯੋਆਬ ਨੂੰ ਮਾਰ ਸੁੱਟੇ।
30 ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਪਹੁੰਚਿਆ ਅਤੇ ਜਾਕੇ ਯੋਆਬ ਨੂੰ ਕਿਹਾ, “ਪਾਤਸ਼ਾਹ ਦਾ ਹੁਕਮ ਹੈ ਕਿ ‘ਬਾਹਰ ਨਿਕਲ!’”
ਪਰ ਯੋਆਬ ਨੇ ਜਵਾਬ ’ਚ ਆਖਿਆ, “ਨਹੀਂ, ਮੈਂ ਇੱਥੇ ਹੀ ਮਰਾਂਗਾ।”
ਤਾਂ ਬਨਾਯਾਹ ਵਾਪਿਸ ਮੁੜ ਆਇਆ ਤੇ ਆਕੇ ਪਾਤਸ਼ਾਹ ਸੁਲੇਮਾਨ ਨੂੰ ਦੱਸਿਆ ਕਿ ਉਹ ਕੀ ਆਖਦਾ ਹੈ। 31 ਤਦ ਪਾਤਸ਼ਾਹ ਨੇ ਬਨਾਯਾਹ ਨੂੰ ਹੁਕਮ ਦਿੱਤਾ, “ਜਿਵੇਂ ਉਹ ਆਖਦਾ ਹੈ ਉਵੇਂ ਹੀ ਕਰ! ਉਸ ਨੂੰ ਉੱਥੇ ਹੀ ਮਾਰ ਕੇ ਦੱਬ ਦੇ। ਫੇਰ ਮੈਂ ਅਤੇ ਮੇਰੇ ਲੋਕ ਯੋਆਬ ਦੁਆਰਾ ਬਹਾਏ ਬੇਕਸੂਰਾਂ ਦੇ ਖੂਨ ਤੋਂ ਮੁਕਤ ਹੋਵਾਂਗੇ। 32 ਯਹੋਵਾਹ ਯੋਆਬ ਨੂੰ ਦੰਡ ਦੇਵੇਗਾ ਕਿਉਂ ਕਿ ਉਸ ਨੇ ਆਪਣੀ ਤਲਵਾਰ ਨਾਲ ਦੋ ਆਦਮੀਆਂ ਨੂੰ ਮਾਰ ਦਿੱਤਾ ਜੋ ਉਸ ਨਾਲੋਂ ਵੱਧੇਰੇ ਚੰਗੇ ਸਨ। ਉਸ ਨੇ ਉਨ੍ਹਾਂ ਨੂੰ, ਮੇਰੇ ਪਿਤਾ ਦੇ ਜਾਨਣ ਤੋਂ ਬਿਨਾ ਹੀ ਮਾਰ ਦਿੱਤਾ। ਉਹ ਨੇਰ ਦਾ ਪੁੱਤਰ ਅਬਨੇਰ ਅਤੇ ਯਬਰ ਦਾ ਪੁੱਤਰ ਅਮਾਸਾ ਸਨ। ਅਬਨੇਰ ਇਸਰਾਏਲ ਦੀ ਫੌਜ ਦਾ ਸੈਨਾਪਤੀ ਸੀ ਅਤੇ ਅਮਾਸਾ ਯਹੂਦਾਹ ਦੀ ਫ਼ੌਜ ਦਾ ਸੈਨਾਪਤੀ ਸੀ। 33 ਉਹ ਉਨ੍ਹਾਂ ਦੀ ਮੌਤ ਦਾ ਦੋਸ਼ੀ ਹੈ ਅਤੇ ਉਸਦਾ ਪਰਿਵਾਰ ਹਮੇਸ਼ਾ ਲਈ ਦੋਸ਼ੀ ਰਹੇਗਾ। ਪਰ ਪਰਮੇਸ਼ੁਰ ਦਾਊਦ, ਉਸ ਦੇ ਉਤਰਾਧਿਕਾਰੀਆਂ ਅਤੇ ਉਸ ਦੇ ਸਿੰਘਾਸਣ ਲਈ ਹਮੇਸ਼ਾ ਸ਼ਾਂਤੀ ਲਿਆਵੇਗਾ।”
34 ਤਦ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਯੋਆਬ ਨੂੰ ਮਾਰ ਦਿੱਤਾ ਅਤੇ ਉਸ ਨੂੰ ਉਜਾੜ ਵਿੱਚ ਉਸ ਦੇ ਘਰ ਕੋਲ ਦੱਬ ਦਿੱਤਾ ਗਿਆ। 35 ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਥਾਵੇਂ ਸੈਨਾਪਤੀ ਬਣਾਇਆ ਅਤੇ ਅਬਯਾਥਾਰ ਦੀ ਥਾਵੇਂ ਸਾਦੋਕ ਨੂੰ ਨਵਾਂ ਜਾਜਕ ਬਣਾਇਆ। 36 ਇਸ ਉਪਰੰਤ, ਪਾਤਸ਼ਾਹ ਨੇ ਸ਼ਿਮਈ ਨੂੰ ਬੁਲਾਇਆ ਅਤੇ ਉਸ ਨੂੰ ਆਖਿਆ, “ਯਰੂਸ਼ਲਮ ਵਿੱਚ ਆਪਣੇ ਲਈ ਇੱਕ ਘਰ ਉਸਾਰ ਕੇ ਉੱਥੇ ਰਹਿ। ਉਹ ਸ਼ਹਿਰ ਛੱਡ ਕਿ ਕਿਤੇ ਨਾ ਜਾਈਁ। 37 ਜੇਕਰ ਤੂੰ ਬਾਹਰ ਨਿਕਲ ਕੇ ਕਿਦਰੋਨ ਦੀ ਵਾਦੀ ਦੇ ਪਾਰ ਲੰਘੇਗਾ, ਤੂੰ ਮਾਰਿਆ ਜਾਵੇਂਗਾ ਅਤੇ ਆਪਣੀ ਮੌਤ ਲਈ ਤੂੰ ਖੁਦ ਇੱਕਲਾ ਹੀ ਜ਼ਿੰਮੇਵਾਰ ਹੋਵੇਂਗਾ।”
38 ਤਦ ਸ਼ਿਮਈ ਨੇ ਆਖਿਆ, “ਠੀਕ ਹੈ ਪਾਤਸ਼ਾਹ! ਮੈਂ ਤੁਹਾਡਾ ਹੁਕਮ ਮੰਨਾਂਗਾ।” ਇਉਂ ਸ਼ਿਮਈ ਯਰੂਸ਼ਲਮ ਵਿੱਚ ਬਹੁਤ ਲੰਮੇ ਸਮੇਂ ਤੱਕ ਰਿਹਾ। 39 ਪਰ ਤਿੰਨ ਵਰ੍ਹੇ ਬਾਅਦ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਭੱਜ ਗਏ। ਉਹ ਗਥ ਦੇ ਰਾਜਾ, ਮਆਕਾਹ ਦੇ ਪੁੱਤਰ ਅਕੀਸ਼ ਦੇ ਕੋਲ ਨੱਠ ਗਏ। 40 ਤਾਂ ਸ਼ਿਮਈ ਉੱਠਿਆ ਉਸ ਨੇ ਆਪਣੇ ਖੋਤੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕਾਂ ਨੂੰ ਲੱਭਣ ਗਥ ਵੱਲ ਅਕੀਸ਼ ਕੋਲ ਗਿਆ ਅਤੇ ਉਨ੍ਹਾਂ ਨੂੰ ਉੱਥੋਂ ਲੱਭ ਕੇ ਵਾਪਸ ਮੋੜ ਲਿਆਇਆ।
41 ਪਰ ਕਿਸੇ ਨੇ ਸੁਲੇਮਾਨ ਨੂੰ ਖਬਰ ਦਿੱਤੀ ਕਿ ਸ਼ਿਮਈ ਯਰੂਸ਼ਲਮ ਤੋਂ ਬਾਹਰ ਗਥ ਨੂੰ ਗਿਆ ਸੀ ਅਤੇ ਹੁਣ ਉਹ ਵਾਪਸ ਮੁੜ ਆਇਆ ਸੀ। 42 ਤਾਂ ਸੁਲੇਮਾਨ ਨੇ ਸ਼ਿਮਈ ਨੂੰ ਬੁਲਾਕੇ ਆਖਿਆ, “ਮੈਂ ਯਹੋਵਾਹ ਦੇ ਨਾਂ ਦੀ ਸੌਂਹ ਚੁੱਕ ਕੇ ਤੇਰੇ ਨਾਲ ਇਕਰਾਰ ਕੀਤਾ ਸੀ ਕਿ ਜੇਕਰ ਤੂੰ ਕਿਤੇ ਬਾਹਰ ਜਾਵੇਂਗਾ, ਆਪਣੀ ਮੌਤ ਲਈ ਤੂੰ ਖੁਦ ਇੱਕਲਾ ਹੀ ਜਿੰਮੇਵਾਰ ਹੋਵੇਂਗਾ। ਮੈਂ ਤੈਨੂੰ ਇਸ ਬਾਰੇ ਖਬਰਦਾਰ ਵੀ ਕੀਤਾ ਸੀ ਅਤੇ ਤੂੰ ਆਖਿਆ ਸੀ ਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨੇਗਾ। 43 ਫ਼ਿਰ ਤੂੰ ਆਪਣਾ ਇਕਰਾਰ ਕਿਉਂ ਤੋੜਿਆ? ਅਤੇ ਤੂੰ ਮੇਰੇ ਆਦੇਸਾਂ ਨੂੰ ਕਿਉਂ ਨਹੀ ਮੰਨਿਆ? 44 ਤੂੰ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਦੇ ਵਿਰੁੱਧ ਅਨੇਕਾਂ ਗ਼ਲਤ ਕੰਮ ਕੀਤੇ ਸਨ ਅਤੇ ਹੁਣ ਯਹੋਵਾਹ ਤੇਰੇ ਉਨ੍ਹਾਂ ਗ਼ਲਤ ਕੰਮਾਂ ਲਈ ਤੈਨੂੰ ਸਜ਼ਾ ਦੇਵੇਗਾ। 45 ਪਰ ਯਹੋਵਾਹ ਮੈਨੂੰ ਮੁਬਾਰਕ ਹੋਵੇਗਾ ਉਹ ਦਾਊਦ ਦੇ ਰਾਜ ਨੂੰ ਹਮੇਸ਼ਾ ਸੁਰੱਖਿਅਤ ਰੱਖੇਗਾ।”
46 ਫੇਰ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸ਼ਿਮਈ ਨੂੰ ਮਾਰਨ ਦਾ ਆਦੇਸ਼ ਦਿੱਤਾ ਅਤੇ ਉਸ ਨੇ ਇੰਝ ਹੀ ਕੀਤਾ। ਹੁਣ, ਸੁਲੇਮਾਨ ਦਾ ਆਪਣੇ ਰਾਜ ਉੱਪਰ ਪੂਰਾ ਨਿਯੰਤ੍ਰਣ ਸੀ।
ਇੱਕ ਦੂਸਰੇ ਦੀ ਸਹਾਇਤਾ ਕਰੋ
6 ਭਰਾਵੋ ਅਤੇ ਭੈਣੋ ਤੁਹਾਡੇ ਸਮੂਹ ਵਿੱਚੋਂ ਕੋਈ ਗਲਤੀ ਕਰ ਲਵੇ। ਤੁਸਾਂ ਆਤਮਕ ਲੋਕਾਂ ਨੂੰ ਉਸ ਪਾਪ ਕਰਨ ਵਾਲੇ ਵਿਅਕਤੀ ਕੋਲ ਜਾਣਾ ਚਾਹੀਦਾ ਹੈ, ਜਿਹੜਾ ਗਲਤ ਕਰ ਰਿਹਾ ਹੈ। ਤੁਹਾਨੂੰ ਉਸਦੀ ਫ਼ੇਰ ਠੀਕ ਹੋਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਨਰਮਾਈ ਨਾਲ ਕਰਨਾ ਚਾਹੀਦਾ ਹੈ। ਪਰ ਹੁਸ਼ਿਆਰ ਰਹਿਣਾ। ਤੁਹਾਨੂੰ ਵੀ ਪਾਪ ਕਰਨ ਦੀ ਉਕਸਾਹਟ ਹੋ ਸੱਕਦੀ ਹੈ। 2 ਆਪਣੀਆਂ ਮੁਸ਼ਕਿਲਾਂ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਸੱਚਮੁੱਚ ਤੁਸੀਂ ਮਸੀਹ ਦੇ ਨੇਮ ਨੂੰ ਮੰਨਦੇ ਹੋ। 3 ਜਦੋਂ ਇੱਕ ਵਿਅਕਤੀ, ਇਹ ਸੋਚਦਾ ਹੈ ਕਿ ਉਹ ਬਹੁਤ ਖਾਸ ਹੈ, ਹਾਲਾਂ ਕਿ ਉਹ ਕੁਝ ਵੀ ਨਹੀਂ, ਤਾਂ ਉਹ ਆਪਣੇ ਆਪ ਨੂੰ ਗੁਮਰਾਹ ਕਰ ਰਿਹਾ ਹੈ। 4 ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰੱਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉੱਪਰ ਮਾਣ ਕਰ ਸੱਕਦਾ ਹੈ। 5 ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਸਵੀਕਾਰ ਕਰਨੀ ਚਾਹੀਦੀ ਹੈ।
ਜੀਵਨ ਇੱਕ ਖੇਤੀ ਦੀ ਬਿਜਾਈ ਕਰਨ ਵਾਂਗ ਹੈ
6 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸਿੱਖ ਰਿਹਾ ਹੈ ਉਸ ਨੂੰ ਆਪਣੀਆਂ ਸਮੂਹ ਚੰਗੀਆਂ ਚੀਜ਼ਾਂ ਉਸ ਵਿਅਕਤੀ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਿਹੜਾ ਉਸ ਨੂੰ ਸਿੱਖਿਆ ਦੇ ਰਿਹਾ ਹੈ।
7 ਆਪਣੇ ਆਪ ਨੂੰ ਗੁਮਰਾਹ ਨਾ ਕਰੋ; ਤੁਸੀਂ ਪਰਮੇਸ਼ੁਰ ਨੂੰ ਧੋਖਾ ਨਹੀਂ ਦੇ ਸੱਕਦੇ। ਵਿਅਕਤੀ ਉਨ੍ਹਾਂ ਹੀ ਚੀਜ਼ਾਂ ਦੀ ਵਾਢੀ ਕਰਦਾ ਹੈ ਜਿਹੜੀਆਂ ਉਹ ਬੀਜਦਾ ਹੈ। 8 ਜੇ ਇੱਕ ਵਿਅਕਤੀ ਆਪਣੇ ਪਾਪੀ ਆਪੇ ਨੂੰ ਸੰਤੁਸ਼ਟ ਕਰਨ ਲਈ ਬੀਜ ਬੀਜਦਾ ਹੈ, ਉਸਦਾ ਪਾਪੀ ਆਪਾ ਉਸ ਲਈ ਤਬਾਹੀ ਲਿਆਏਗਾ। ਪਰ ਜੇ ਕੋਈ ਵਿਅਕਤੀ ਆਪਣੀ ਆਤਮਾ ਨੂੰ ਪ੍ਰਸੰਨ ਕਰਨ ਲਈ ਬੀਜਦਾ ਹੈ ਤਾਂ ਉਹ ਆਪਣੀ ਆਤਮਾ ਪਾਸੋਂ ਸਦੀਪਕ ਜੀਵਨ ਪ੍ਰਾਪਤ ਕਰੇਗਾ। 9 ਸਾਨੂੰ ਚੰਗਿਆਈ ਕਰਦਿਆਂ ਥੱਕਣਾ ਨਹੀਂ ਚਾਹੀਦਾ। ਅਸੀਂ ਠੀਕ ਸਮੇਂ ਤੇ ਆਪਣੀ ਸਦੀਪਕ ਜੀਵਨ ਦੀ ਫ਼ਸਲ ਪ੍ਰਾਪਤ ਕਰਾਂਗੇ। ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। 10 ਇਸ ਲਈ ਜਦੋਂ ਵੀ ਸਾਡੇ ਕੋਲ ਕੋਈ ਅਵਸਰ ਹੋਵੇਂ ਅਸੀਂ ਸਾਰਿਆਂ ਲੋਕਾਂ ਲਈ ਚੰਗਾ ਕਰੀਏ। ਪਰ ਉਨ੍ਹਾਂ ਲੋਕਾਂ ਵੱਲ ਸਾਨੂੰ ਵਿਸ਼ੇਸ਼ ਪਿਆਰ ਦੇਣਾ ਚਾਹੀਦਾ ਹੈ, ਜਿਹੜੇ ਵਿਸ਼ਵਾਸੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ।
ਪੌਲੁਸ ਆਪਣਾ ਪੱਤਰ ਖਤਮ ਕਰਦਾ ਹੈ
11 ਇਹ ਪੱਤਰ ਮੈਂ ਆਪਣੇ ਹੱਥੀ ਲਿਖ ਰਿਹਾ ਹਾਂ। ਦੇਖੋ ਮੈਂ ਕਿੰਨੇ ਵੱਡੇ ਅੱਖ਼ਰ ਵਰਤ ਰਿਹਾ ਹਾਂ। 12 ਕੁਝ ਲੋਕ ਤੁਹਾਨੂੰ ਸੁੰਨਤੀਏ ਹੋਣ ਲਈ ਮਜਬੂਰ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂ ਜੋ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਕਬੂਲਣ। ਅਤੇ ਉਹ ਤੁਹਾਨੂੰ ਸਿਰਫ਼ ਇਸ ਡਰ ਦੇ ਕਾਰਣ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਕਿ ਜੇਕਰ ਉਹ ਸਿਰਫ਼ ਮਸੀਹ ਦੀ ਸਲੀਬ ਦਾ ਅਨੁਸਰਣ ਕਰਨਗੇ, ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ। 13 ਜਿਹੜੇ ਆਦਮੀਆਂ ਦੀ ਸੁੰਨਤ ਹੋਈ ਹੁੰਦੀ ਹੈ ਉਹ ਖੁਦ ਵੀ ਨੇਮ ਨੂੰ ਨਹੀਂ ਮੰਨਦੇ। ਪਰ ਉਹ ਤੁਹਾਡੀ ਸੁੰਨਤ ਕਰਾਉਣੀ ਚਾਹੁੰਦੇ ਹਨ ਤਾਂ ਜੋ ਉਹ ਘਮੰਡ ਕਰ ਸੱਕਣ ਕਿ ਉਹ ਤੁਹਾਡੀ ਸੁੰਨਤ ਕਰਾਉਣ ਵਿੱਚ ਸਫ਼ਲ ਹੋ ਗਏ।
14 ਮੈਨੂੰ ਉਮੀਦ ਹੈ ਕਿ ਮੈਂ ਕਦੇ ਵੀ ਇਹੋ ਜਿਹੀਆਂ ਗੱਲਾਂ ਉੱਤੇ ਘਮੰਡ ਨਹੀਂ ਕਰਾਂਗਾ। ਸਿਰਫ਼ ਸਾਡੇ ਪ੍ਰਭੂ ਮਸੀਹ ਯਿਸੂ ਦੀ ਸਲੀਬ ਹੀ ਉਹ ਕਾਰਣ ਹੈ ਜਿਸਤੇ ਮੈਨੂੰ ਮਾਣ ਹੈ। ਯਿਸੂ ਦੀ ਸਲੀਬ ਉੱਤੇ ਹੋਈ ਮੌਤ ਰਾਹੀਂ ਦੁਨੀਆਂ ਮੇਰੇ ਲਈ ਮਰ ਚੁੱਕੀ ਹੈ [a] ਅਤੇ ਮੈਂ ਦੁਨੀਆਂ ਲਈ ਮਰ ਚੁੱਕਿਆ ਹਾਂ। 15 ਇਹ ਗੱਲ ਕੋਈ ਮਹੱਤਵ ਨਹੀਂ ਰੱਖਦੀ ਕਿ ਕਿਸੇ ਵਿਅਕਤੀ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਪਰਮੇਸ਼ੁਰ ਦੇ ਬਣਾਏ ਨਵੇਂ ਲੋਕ ਬਣਨਾ ਹੈ। 16 ਉਨ੍ਹਾਂ ਸਭ ਨੂੰ ਸ਼ਾਂਤੀ ਅਤੇ ਮਿਹਰ, ਜੋ ਇਸ ਰਿਵਾਜ਼ ਦਾ ਅਨੁਸਰਣ ਕਰਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ।
17 ਇਸ ਲਈ ਕਿਰਪਾ ਕਰਕੇ ਮੈਨੂੰ ਹੋਰ ਕਸ਼ਟ ਨਾ ਦਿਓ। ਮੇਰੇ ਸਰੀਰ ਉੱਤੇ ਜ਼ਖਮਾਂ ਦੇ ਦਾਗ ਹਨ, ਅਤੇ ਇਹ ਦਰਸ਼ਾਉਂਦੇ ਹਨ ਕਿ ਮੈਂ ਮਸੀਹ ਯਿਸੂ ਨਾਲ ਸੰਬੰਧਿਤ ਹਾਂ।
18 ਮੇਰੇ ਭਰਾਵੋ ਅਤੇ ਭੈਣੋ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਆਤਮਿਆਂ ਨਾਲ ਸਾਡੇ ਪ੍ਰਭੂ ਮਸੀਹ ਯਿਸੂ ਦੀ ਕਿਰਪਾ ਹੋਵੇ। ਆਮੀਨ!
ਪਰਮੇਸ਼ੁਰ ਦਾ ਹਿਜ਼ਕੀਏਲ ਨੂੰ ਇਸਰਾਏਲ ਦਾ ਚੌਕੀਦਾਰ ਚੁਣਨਾ ਹੈ
33 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ‘ਹੋ ਸੱਕਦਾ ਹੈ ਕਿ ਮੈਂ ਇਸ ਦੇਸ ਨਾਲ ਲੜਨ ਲਈ ਦੁਸ਼ਮਣ ਸਿਪਾਹੀ ਲਿਆਵਾਂ। ਜਦੋਂ ਅਜਿਹਾ ਹੁੰਦਾ ਹੈ ਲੋਕ ਕਿਸੇ ਬੰਦੇ ਨੂੰ ਚੌਕੀਚਾਰ ਵਜੋਂ ਚੁਣਦੇ ਹਨ। 3 ਜਦੋਂ ਇਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ ਤਾਂ ਉਹ ਤੁਰ੍ਹੀ ਵਜਾ ਦਿੰਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ। 4 ਜੇ ਲੋਕ ਚੇਤਾਵਨੀ ਨੂੰ ਸੁਣ ਲੈਂਦੇ ਹਨ ਪਰ ਉਸ ਨੂੰ ਅਣਸੁਣਿਆਂ ਕਰ ਦਿੰਦੇ ਹਨ ਤਾਂ ਦੁਸ਼ਮਣ ਉਨ੍ਹਾਂ ਨੂੰ ਫ਼ੜ ਲੈਂਦਾ ਹੈ ਅਤੇ ਬੰਦੀ ਬਣਾਕੇ ਦੂਰ ਲੈ ਜਾਂਦਾ ਹੈ। ਉਹ ਬੰਦਾ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ। 5 ਉਸ ਨੇ ਤੁਰ੍ਹੀ ਦੀ ਆਵਾਜ਼ ਸੁਣੀ, ਪਰ ਉਸ ਨੇ ਚੇਤਾਵਨੀ ਨੂੰ ਅਣਸੁਣਿਆਂ ਕਰ ਦਿੱਤਾ। ਇਸ ਲਈ ਆਪਣੀ ਮੌਤ ਦਾ ਓਹੀ ਕਸੂਰਵਾਰ ਹੈ। ਜੇ ਉਸ ਨੇ ਚੇਤਾਨਵੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਉਹ ਆਪਣੀ ਜਾਨ ਬਚਾ ਸੱਕਦਾ ਸੀ।
6 “‘ਪਰ ਸ਼ਾਇਦ ਉਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ, ਪਰ ਤੁਰ੍ਹੀ ਨਹੀਂ ਵਜਾਉਂਦਾ। ਉਸ ਚੌਕੀਚਾਰ ਨੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ। ਦੁਸ਼ਮਣ ਉਨ੍ਹਾਂ ਨੂੰ ਫ਼ੜ ਲਵੇਗਾ ਅਤੇ ਬੰਦੀ ਬਣਾਕੇ ਲੈ ਜਾਵੇਗਾ। ਉਹ ਬੰਦਾ ਪਰ੍ਹਾਂ ਲੈ ਲਿਆ ਜਾਵੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਚੌਕੀਦਾਰ ਉਸ ਬੰਦੇ ਦੀ ਮੌਤ ਲਈ ਵੀ ਜ਼ਿੰਮੇਵਾਰ ਹੋਵੇਗਾ।’
7 “ਹੁਣ, ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵਾਸਤੇ ਚੌਕੀਦਾਰ ਵਜੋਂ ਚੁਣ ਰਿਹਾ ਹਾਂ। ਜੇ ਤੂੰ ਮੇਰੇ ਮੂੰਹੋਁ ਸੰਦੇਸ਼ ਸੁਣੇ ਤਾਂ ਤੈਨੂੰ ਲੋਕਾਂ ਨੂੰ ਮੇਰੇ ਲਈ ਅਵੱਸ਼ ਚੇਤਾਵਨੀ ਦੇਣੀ ਚਾਹੀਦੀ ਹੈ। 8 ਮੈਂ ਸ਼ਾਇਦ ਤੈਨੂੰ ਇਹ ਆਖਾਂ, ‘ਇਹ ਬਦ ਬੰਦਾ ਮਰੇਗਾ।’ ਤਾਂ ਤੈਨੂੰ ਮੇਰੇ ਲਈ ਉਸ ਬੰਦੇ ਕੋਲ ਜਾਕੇ ਚੇਤਾਵਨੀ ਅਵੱਸ਼ ਦੇਣੀ ਚਾਹੀਦੀ ਹੈ। ਜੇ ਤੂੰ ਉਸ ਬਦ ਬੰਦੇ ਨੂੰ ਚੇਤਾਵਨੀ ਨਹੀਂ ਦਿੰਦਾ ਅਤੇ ਉਸ ਨੂੰ ਬਦਲਣ ਲਈ ਨਹੀਂ ਆਖਦਾ, ਤਾਂ ਉਹ ਬੰਦਾ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਮੈਂ ਉਸਦੀ ਮੌਤ ਲਈ ਤੈਨੂੰ ਜ਼ਿੰਮੇਵਾਰ ਠਹਿਰਾਵਾਂਗਾ। 9 ਜੇਕਰ ਤੂੰ ਉਸ ਬੰਦੇ ਨੂੰ ਆਪਣਾ ਜੀਵਨ ਬਦਲਣ ਅਤੇ ਪਾਪ ਤੋਂ ਦੂਰ ਰਹਿਣ ਲਈ ਚੇਤਾਵਨੀ ਦੇ ਦਿੰਦਾ ਹੈ, ਪਰ ਉਹ ਪਾਪ ਕਰਨੋ ਹਟਣ ਤੋਂ ਇਨਕਾਰ ਕਰਦਾ ਹੈ, ਤਾਂ ਉਹ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਤੂੰ ਆਪਣੀ ਜਾਨ ਬਚਾ ਲਈ ਹੈ।
ਪਰਮੇਸ਼ੁਰ ਲੋਕਾਂ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ
10 “ਇਸ ਲਈ, ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਸ਼ਾਇਦ ਉਹ ਲੋਕ ਆਖਣ, ‘ਅਸੀਂ ਪਾਪ ਕੀਤਾ ਹੈ ਅਤੇ ਕਨੂੰਨ ਤੋੜਿਆ ਹੈ। ਸਾਡੇ ਪਾਪ ਬਤਦਾਸ਼ਤ ਕਰਨ ਨਾਲੋਂ ਜ਼ਿਆਦਾ ਭਾਰੇ ਹਨ। ਅਸੀਂ ਉਨ੍ਹਾਂ ਪਾਪਾਂ ਕਾਰਣ ਸੜਦੇ ਹਾਂ। ਅਸੀਂ ਜਿਉਣ ਲਈ ਕੀ ਕਰ ਸੱਕਦੇ ਹਾਂ?’
11 “ਤੈਨੂੰ ਉਨ੍ਹਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ, ‘ਮੇਰਾ ਪ੍ਰਭੂ ਯਹੋਵਾਹ ਇਹ ਆਖਦਾ ਹੈ: ਆਪਣੇ ਜੀਵਨ ਨੂੰ ਸਾਖੀ ਰੱਖਕੇ, ਮੈਂ ਇਕਰਾਰ ਕਰਦਾ ਹਾਂ, ਕਿ ਮੈਨੂੰ ਲੋਕਾਂ ਨੂੰ ਮਰਦਿਆਂ ਦੇਖਕੇ ਖੁਸ਼ੀ ਨਹੀਂ ਹੁੰਦੀ-ਬਦ ਲੋਕਾਂ ਨੂੰ ਦੇਖਕੇ ਵੀ! ਮੈਂ ਨਹੀਂ ਚਾਹੁੰਦਾ ਕਿ ਉਹ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਮੰਦੇ ਲੋਕ ਮੇਰੇ ਵੱਲ ਵਾਪਸ ਪਰਤ ਆਉਣ। ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਜੀਵਨ ਤਬਦੀਲ ਕਰ ਲੈਣ ਤਾਂ ਜੋ ਉਹ ਸੱਚਮੁੱਚ ਜਿਉਂ ਸੱਕਣ! ਇਸ ਲਈ ਪਰਤ ਆਓ ਮੇਰੇ ਵੱਲ! ਮੰਦੇ ਕੰਮ ਕਰਨੋ ਹਟ ਜਾਵੋ! ਇਸਰਾਏਲ ਦੇ ਪਰਿਵਾਰ, ਤੈਨੂੰ ਮਰਨਾ ਕਿਉਂ ਪਵੇ?’
12 “ਅਤੇ ਆਦਮੀ ਦੇ ਪੁੱਤਰ, ਆਪਣੇ ਲੋਕਾਂ ਨੂੰ ਆਖ: ‘ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਨਹੀਂ ਬਚਾਉਣਗੇ, ਜੇ ਉਹ ਬੁਰਾ ਬਣ ਜਾਂਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ। ਅਤੇ ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਮੰਦੇ ਕੰਮ ਉਸ ਨੂੰ ਤਬਾਹ ਨਹੀਂ ਕਰਨਗੇ, ਜੇ ਉਹ ਆਪਣੀ ਬਦੀ ਤੋਂ ਪਰਤ ਜਾਂਦਾ ਹੈ। ਇਸ ਲਈ ਚੇਤੇ ਰੱਖ, ਕਿਸੇ ਬੰਦੇ ਨੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਨਹੀਂ ਬਚਾਉਣਗੇ ਜੇ ਉਹ ਪਾਪ ਕਰਨ ਲੱਗ ਪੈਂਦਾ ਹੈ।’
13 “ਸ਼ਾਇਦ ਮੈਂ ਕਿਸੇ ਨੇਕ ਬੰਦੇ ਨੂੰ ਆਖਾਂ ਕਿ ਉਹ ਜੀਵੇਗਾ। ਪਰ ਸ਼ਾਇਦ ਉਹ ਨੇਕ ਬੰਦਾ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਉਸ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਬਚਾ ਲੈਣਗੇ। ਇਸ ਲਈ, ਸ਼ਾਇਦ ਉਹ ਮੰਦੀਆਂ ਗੱਲਾਂ ਕਰਨ ਲੱਗ ਪਵੇ। ਪਰ ਮੈਂ ਉਸ ਦੀਆਂ ਅਤੀਤ ਵਿੱਚ ਕੀਤੀਆਂ ਨੇਕ ਗੱਲਾਂ ਨੂੰ ਚੇਤੇ ਨਹੀਂ ਕਰਾਂਗਾ! ਨਹੀਂ, ਉਹ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਮਰੇਗਾ ਜਿਹੜੀਆਂ ਉਹ ਸ਼ੁਰੂ ਕਰਨ ਲੱਗ ਪੈਂਦਾ ਹੈ।
14 “ਜਾਂ ਸ਼ਾਇਦ, ਮੈਂ ਕਿਸੇ ਬੁਰੇ ਬੰਦੇ ਨੂੰ ਆਖਾਂ ਕਿ ਉਹ ਮਰੇਗਾ। ਪਰ ਸ਼ਾਇਦ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲਵੇ। ਸ਼ਾਇਦ ਉਹ ਪਾਪ ਕਰਨ ਤੋਂ ਹਟ ਜਾਵੇ ਅਤੇ ਸਹੀ ਢੰਗ ਨਾਲ ਜਿਉਣਾ ਸ਼ੁਰੂ ਕਰ ਦੇਵੇ। ਸ਼ਾਇਦ ਉਹ ਨੇਕ ਅਤੇ ਨਿਰਪੱਖ ਬਣ ਜਾਵੇ। 15 ਸ਼ਾਇਦ ਉਹ ਉਨ੍ਹਾਂ ਚੀਜ਼ਾਂ ਨੂੰ ਵਾਪਸ ਕਰ ਦੇਵੇ ਜਿਹੜੀਆਂ ਉਸ ਨੂੰ ਪੈਸਾ ਉਧਾਰ ਦੇਣ ਵੇਲੇ ਲਈਆਂ ਸਨ। ਸ਼ਾਇਦ ਉਹ ਆਪਣੀਆਂ ਚੋਰੀ ਕੀਤੀਆਂ ਚੀਜ਼ਾਂ ਦਾ ਮੁੱਲ ਤਾਰ ਦੇਵੇ। ਸ਼ਾਇਦ ਉਹ ਉਨ੍ਹਾਂ ਨੇਮਾਂ ਉੱਤੇ ਚੱਲਣਾ ਸੁਰੂ ਕਰ ਦੇਵੇ ਜਿਹੜੇ ਜੀਵਨ ਦਿੰਦੇ ਹਨ। ਉਹ ਮੰਦੇ ਕੰਮ ਕਰਨ ਤੋਂ ਹਟ ਜਾਂਦਾ ਹੈ। ਤਾਂ ਉਹ ਬੰਦਾ ਅਵੱਸ਼ ਜੀਵੇਗਾ। ਉਹ ਮਰੇਗਾ ਨਹੀਂ। 16 ਮੈਂ ਉਸਦੀਆਂ ਅਤੀਤ ਵਿੱਚ ਕੀਤੀਆਂ ਬਦ ਕਰਨੀਆਂ ਨੂੰ ਚੇਤੇ ਨਹੀਂ ਕਰਾਂਗਾ। ਕਿਉਂ? ਕਿਉਂ ਕਿ ਹੁਣ ਉਹ ਸਹੀ ਢੰਗ ਨਾਲ ਜਿਉਂ ਰਿਹਾ ਹੈ ਅਤੇ ਨਿਰਪੱਖ ਹੈ। ਇਸ ਲਈ ਉਹ ਜੀਵੇਗਾ!
17 “ਪਰ ਤੇਰੇ ਲੋਕ ਆਖਦੇ ਹਨ, ‘ਇਹ ਗੱਲ ਠੀਕ ਨਹੀਂ! ਯਹੋਵਾਹ ਮੇਰਾ ਪ੍ਰਭੂ ਇਸ ਤਰ੍ਹਾਂ ਦਾ ਨਹੀਂ ਹੋ ਸੱਕਦਾ!’
“ਪਰ ਉਹ ਅਜਿਹੇ ਲੋਕ ਹਨ ਜਿਹੜੇ ਨਿਰਪੱਖ ਨਹੀਂ ਹਨ! ਉਹ ਅਜਿਹੇ ਲੋਕ ਹਨ ਜਿਨ੍ਹਾਂ ਜ਼ਰੂਰ ਬਦਲਣਾ ਚਾਹੀਦਾ ਹੈ! 18 ਜੇ ਕੋਈ ਨੇਕ ਬੰਦਾ ਨੇਕੀ ਕਰਨਾ ਛੱਡ ਦਿੰਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ, ਤਾਂ ਉਹ ਆਪਣੇ ਪਾਪਾਂ ਕਾਰਣ ਮਰੇਗਾ। 19 ਅਤੇ ਜੇ ਕੋਈ ਬੁਰਾ ਬੰਦਾ ਬਦੀ ਕਰਨੀ ਛੱਡ ਦਿੰਦਾ ਹੈ ਅਤੇ ਸਹੀ ਢੰਗ ਨਾਲ ਜਿਉਂਣਾ ਅਤੇ ਨਿਰਪੱਖ ਹੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਜੀਵੇਗਾ! 20 ਪਰ ਤੁਸੀਂ ਲੋਕ ਫ਼ੇਰ ਵੀ ਆਖਦੇ ਹੋ ਕਿ ਮੈਂ ਨਿਰਪੱਖ ਨਹੀਂ ਹਾਂ। ਪਰ ਮੈਂ ਤੁਹਾਨੂੰ ਸੱਚ ਆਖ ਰਿਹਾ ਹਾਂ। ਇਸਰਾਏਲ ਦੇ ਪਰਿਵਾਰ, ਹਰ ਬੰਦੇ ਦਾ ਨਿਆਂ ਉਸ ਦੇ ਅਮਲਾਂ ਅਨੁਸਾਰ ਹੋਵੇਗਾ!”
ਯਰੂਸ਼ਲਮ ਉੱਤੇ ਕਬਜ਼ਾ ਹੋ ਗਿਆ ਹੈ
21 ਜਲਾਵਤਨੀ ਦੇ 12 ਵੇਂ ਵਰ੍ਹੇ ਦੇ 10 ਵੇਂ ਮਹੀਨੇ 5 ਵੇਂ ਦਿਨ, ਯਰੂਸ਼ਲਮ ਤੋਂ ਮੇਰੇ ਕੋਲ ਇੱਕ ਬੰਦਾ ਆਇਆ। ਉਹ ਉੱਥੋਂ ਲੜਾਈ ਵਿੱਚੋਂ ਬਚਕੇ ਆਇਆ ਸੀ। ਉਸ ਨੇ ਆਖਿਆ, “ਯਰੂਸ਼ਲਮ ਸ਼ਹਿਰ ਉੱਤੇ ਕਬਜ਼ਾ ਹੋ ਗਿਆ ਹੈ!”
22 ਹੁਣ ਮੇਰੇ ਪ੍ਰਭੂ ਯਹੋਵਾਹ ਦੀ ਸ਼ਕਤੀ ਉਸ ਬੰਦੇ ਦੇ ਆਉਣ ਤੋਂ ਪਹਿਲਾਂ ਦੀ ਸ਼ਾਮ ਨੂੰ ਆਈ ਸੀ। ਪਰਮੇਸ਼ੁਰ ਨੇ ਮੈਨੂੰ ਨਾ ਬੋਲ ਸੱਕਣ ਦੇ ਕਾਬਿਲ ਬਣਾ ਦਿੱਤਾ ਸੀ। ਉਸ ਸਮੇਂ ਜਦੋਂ ਉਹ ਬੰਦਾ ਆਇਆ, ਯਹੋਵਾਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ ਅਤੇ ਮੈਨੂੰ ਫ਼ੇਰ ਬੋਲਣ ਦਿੱਤਾ। 23 ਫ਼ੇਰ ਯਹੋਵਾਹ ਦਾ ਸ਼ਬਦ ਮੇਰੇ ਕੋਲ ਆਇਆ। ਉਸ ਨੇ ਆਖਿਆ, 24 “ਆਦਮੀ ਦੇ ਪੁੱਤਰ, ਇਸਰਾਏਲ ਦੇ ਬਰਬਾਦ ਹੋਏ ਸ਼ਹਿਰਾਂ ਵਿੱਚ ਕੁਝ ਇਸਰਾਏਲੀ ਲੋਕ ਰਹਿੰਦੇ ਹਨ। ਉਹ ਲੋਕ ਆਖ ਰਹੇ ਹਨ, ‘ਸਿਰਫ਼ ਅਬਰਾਹਾਮ ਇੱਕ ਹੀ ਆਦਮੀ ਸੀ, ਅਤੇ ਪਰਮੇਸ਼ੁਰ ਨੇ ਉਸ ਨੂੰ ਇਹ ਸਾਰੀ ਧਰਤੀ ਦੇ ਦਿੱਤੀ ਸੀ। ਹੁਣ ਅਸੀਂ ਬਹੁਤ ਲੋਕ ਹਾਂ, ਇਸ ਲਈ ਇਹ ਧਰਤੀ ਅਵੱਸ਼ ਹੀ ਸਾਡੀ ਹੈ! ਇਹ ਸਾਡੀ ਧਰਤੀ ਹੈ!’
25 “ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਤੁਸੀਂ ਖੂਨ ਨਾਲ ਭਰਿਆ ਹੋਇਆ ਮਾਸ ਖਾਂਦੇ ਹੋ। ਤੁਸੀਂ ਸਹਾਇਤਾ ਲਈ ਆਪਣੇ ਬੁੱਤਾਂ ਵੱਲ ਦੇਖਦੇ ਹੋ। ਤੁਸੀਂ ਲੋਕਾਂ ਨੂੰ ਕਤਲ ਕਰਦੇ ਹੋ। ਇਸ ਲਈ ਮੈਂ ਤੁਹਾਨੂੰ ਇਹ ਧਰਤੀ ਕਿਉਂ ਦੇਵਾਂ? 26 ਤੁਸੀਂ ਆਪਣੀ ਹੀ ਤਲਵਾਰ ਉੱਤੇ ਨਿਰਭਰ ਕਰਦੇ ਹੋ। ਤੁਹਾਡੇ ਵਿੱਚ ਹਰ ਕੋਈ ਭਿਆਨਕ ਗੱਲਾਂ ਕਰਦਾ ਹੈ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਵਾਂਢੀ ਦੀ ਪਤਨੀ ਨਾਲ ਬਦਕਾਰੀ ਕਰਦਾ ਹੈ। ਤੁਹਾਨੂੰ ਧਰਤੀ ਨਹੀਂ ਮਿਲ ਸੱਕਦੀ!’
27 “‘ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, “ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ, ਕਿ ਉਨ੍ਹਾਂ ਬਰਬਾਦ ਹੋਏ ਸ਼ਹਿਰਾਂ ਵਿੱਚ ਰਹਿਣ ਵਾਲੇ ਉਹ ਲੋਕ ਤਲਵਾਰ ਨਾਲ ਮਾਰੇ ਜਾਣਗੇ! ਜੇ ਕੋਈ ਸ਼ਹਿਰ ਤੋਂ ਬਾਹਰ ਹੈ ਤਾਂ ਮੈਂ ਉਸ ਨੂੰ ਜਾਨਵਰਾਂ ਤੋਂ ਮਰਵਾਵਾਂਗਾ ਅਤੇ ਉਸ ਨੂੰ ਉਨ੍ਹਾਂ ਦਾ ਭੋਜਨ ਬਣਾਵਾਂਗਾ। ਜੇ ਲੋਕ ਕਿਲਿਆਂ ਅਤੇ ਗੁਫ਼ਾਵਾਂ ਵਿੱਚ ਲੁਕੇ ਹੋਣਗੇ ਤਾਂ ਉਹ ਬੀਮਾਰੀ ਨਾਲ ਮਰਨਗੇ। 28 ਮੈਂ ਧਰਤੀ ਨੂੰ ਵੀਰਾਨ ਅਤੇ ਬੰਜਰ ਬਣਾ ਦਿਆਂਗਾ। ਉਹ ਦੇਸ਼ ਸਾਰੀਆਂ ਚੀਜ਼ਾਂ ਗਵਾ ਲਵੇਗਾ ਜਿਨ੍ਹਾਂ ਉੱਤੇ ਉਸ ਨੂੰ ਮਾਣ ਸੀ। ਇਸਰਾਏਲ ਦੇ ਪਰਬਤ ਵੀਰਾਨ ਹੋ ਜਾਣਗੇ। ਕੋਈ ਵੀ ਉਸ ਥਾਂ ਤੋਂ ਨਹੀਂ ਲੰਘੇਗਾ। 29 ਉਨ੍ਹਾਂ ਲੋਕਾਂ ਨੇ ਬਹੁਤ ਸਾਰੇ ਭਿਆਨਕ ਕਾਰੇ ਕੀਤੇ ਹਨ। ਇਸ ਲਈ ਮੈਂ ਉਸ ਧਰਤੀ ਨੂੰ ਵੀਰਾਨ ਅਤੇ ਬੰਜਰ ਬਣਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
30 “‘ਅਤੇ ਹੁਣ, ਤੇਰੇ ਬਾਰੇ, ਆਦਮੀ ਦੇ ਪੁੱਤਰ। ਤੇਰੇ ਲੋਕ ਕੰਧਾਂ ਨਾਲ ਝੁਕੇ ਹੋਏ ਅਤੇ ਆਪਣੇ ਦਰਵਾਜ਼ਿਆਂ ਤੇ ਖਲੋਤੇ ਹੋਏ ਤੇਰੇ ਬਾਰੇ ਗੱਲਾਂ ਕਰ ਰਹੇ ਹਨ। ਉਹ ਇੱਕ ਦੂਸਰੇ ਨੂੰ ਆਖਦੇ ਹਨ, “ਆਓ, ਆਓ ਅਸੀਂ ਜਾਕੇ ਸੁਣੀੇਁ ਯਹੋਵਾਹ ਕੀ ਆਖਦਾ ਹੈ।” 31 ਇਸ ਲਈ ਉਹ ਤੇਰੇ ਕੋਲ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸਾਹਮਣੇ ਇਸ ਤਰ੍ਹਾਂ ਬੈਠਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸ਼ਬਦ ਸੁਣਦੇ ਹਨ। ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜਿਹੜੀਆਂ ਤੂੰ ਆਖਦਾ ਹੈਂ। ਉਹ ਸਿਰਫ਼ ਓਹੀ ਕਰਨਾ ਚਾਹੁੰਦੇ ਹਨ ਜੋ ਚੰਗਾ ਮਹਿਸੂਸ ਹੁੰਦਾ ਹੈ। ਉਹ ਸਿਰਫ਼ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਅਤੇ ਹੋਰ ਪੈਸਾ ਬਨਾਉਣਾ ਚਾਹੁੰਦੇ ਹਨ।
32 “‘ਤੂੰ ਉਨ੍ਹਾਂ ਲੋਕਾਂ ਲਈ ਪਿਆਰ ਦੇ ਗੀਤ ਗਾਉਣ ਵਾਲੇ ਗਾਇੱਕ ਤੋਂ ਇਲਾਵਾ ਕੁਝ ਵੀ ਨਹੀਂ। ਤੇਰੀ ਆਵਾਜ਼ ਚੰਗੀ ਹੈ। ਤੂੰ ਆਪਣਾ ਸਾਜ਼ਾ ਚੰਗੀ ਤਰ੍ਹਾਂ ਵਜਾਉਂਦਾ ਹੈਂ। ਉਹ ਤੇਰੇ ਸ਼ਬਦ ਸੁਣਦੇ ਹਨ, ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜੋ ਤੂੰ ਆਖਦਾ ਹੈਂ। 33 ਪਰ ਜਿਹੜੀਆਂ ਗੱਲਾਂ ਬਾਰੇ ਤੂੰ ਗੀਤ ਗਾਉਂਦਾ ਹੈਂ ਉਹ ਸੱਚਮੁੱਚ ਵਾਪਰਨਗੀਆਂ। ਫ਼ੇਰ ਲੋਕਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਵਿੱਚਕਾਰ ਸੱਚਮੁੱਚ ਇੱਕ ਨਬੀ ਰਹਿੰਦਾ ਸੀ।’”
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
81 ਖੁਸ਼ ਹੋਵੋ ਅਤੇ ਪਰਮੇਸ਼ੁਰ ਨੂੰ ਗੀਤ ਗਾਵੋ ਜਿਹੜਾ ਸਾਡੀ ਤਾਕਤ ਹੈ।
ਇਸਰਾਏਲ ਦੇ ਪਰਮੇਸ਼ੁਰ ਨੂੰ ਖੁਸ਼ੀ ਦੇ ਜੈਕਾਰੇ ਗਜਾਉ।
2 ਸੰਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ।
ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।
3 ਮਸਿਆ ਅਤੇ ਪੁੰਨਿਆ ਦੇ ਤਿਉਹਾਰਾਂ ਵੇਲੇ ਤੁਰ੍ਹੀਆਂ ਵਜਾਉ
ਜਦੋਂ ਸਾਡੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ।
4 ਇਸਰਾਏਲ ਦੇ ਲੋਕਾਂ ਲਈ ਇਹੀ ਬਿਧੀ ਹੈ।
ਪਰਮੇਸ਼ੁਰ ਨੇ ਇਹੀ ਆਦੇਸ਼ ਯਾਕੂਬ ਨੂੰ ਦਿੱਤਾ ਸੀ।
5 ਪਰਮੇਸ਼ੁਰ ਨੇ ਇਹ ਇਕਰਾਰ ਯੂਸੁਫ਼ ਨਾਲ ਕੀਤਾ,
ਜਦੋਂ ਪਰਮੇਸ਼ੁਰ ਉਸ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
ਮਿਸਰ ਵਿੱਚ ਅਸੀਂ ਉਹ ਭਾਸ਼ਾ ਸੁਣੀ, ਜਿਹੜੀ ਅਸੀਂ ਸਮਝਦੇ ਨਹੀਂ ਸਾਂ।
6 ਪਰਮੇਸ਼ੁਰ ਆਖਦਾ ਹੈ, “ਮੈਂ ਤੁਹਾਡੇ ਮੋਢਿਆਂ ਉਤਲਾ ਭਾਰ ਲਾਹ ਲਿਆ ਹੈ।
ਮੈਂ ਤੁਹਾਡੀ ਮਜ਼ਦੂਰੀ ਦੀ ਟੋਕਰੀ ਲੁਹਾ ਦਿੱਤੀ।
7 ਤੁਸੀਂ ਲੋਕ ਮੁਸੀਬਤਾਂ ਵਿੱਚ ਸੀ। ਤੁਸੀਂ ਮੇਰੀ ਸਹਾਇਤਾ ਲਈ ਚੀਕੇ, ਅਤੇ ਮੈਂ ਤੁਹਾਨੂੰ ਮੁਕਤ ਕੀਤਾ।
ਮੈਂ ਆਪਣੇ-ਆਪ ਨੂੰ ਤੂਫ਼ਾਨੀ ਬੱਦਲਾਂ ਵਿੱਚ ਛੁਪਾ ਰਿਹਾ ਸੀ ਅਤੇ ਤੁਹਾਨੂੰ ਜਵਾਬ ਦਿੱਤਾ।
ਮੈਂ ਤੁਹਾਨੂੰ ਮਰੀਬਾਹ [a] ਦੇ ਪਾਣੀ ਦੁਆਰਾ ਪਰੱਖਿਆ।”
8 “ਮੇਰੇ ਲੋਕੋ, ਮੈਨੂੰ ਸੁਣੋ ਅਤੇ ਮੈਂ ਤੁਹਾਨੂੰ ਆਪਣਾ ਕਰਾਰ ਦੇਵਾਂਗਾ।
ਇਸ ਲਈ, ਕਿਰਪਾ ਕਰਕੇ ਮੇਰੀ ਗੱਲ ਸੁਣ।
9 ਉਨ੍ਹਾਂ ਝੂਠੇ ਦੇਵਤਿਆਂ ਦੀ ਪੂਜਾ ਨਾ ਕਰੋ
ਜਿਨ੍ਹਾਂ ਦੀ ਉਪਾਸਨਾ ਵਿਦੇਸ਼ੀ ਲੋਕ ਕਰਦੇ ਹਨ।
10 ਮੈਂ ਪਰਮੇਸ਼ੁਰ, ਤੁਹਾਡਾ ਯਹੋਵਾਹ ਹਾਂ।
ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ।
ਇਸਰਾਏਲ, ਆਪਣਾ ਮੂੰਹ ਖੋਲ੍ਹ
ਅਤੇ ਮੈਂ ਤੈਨੂੰ ਭੋਜਨ ਕਰਾਵਾਂਗਾ।
11 “ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ,
ਇਸਰਾਏਲ ਨੇ ਮੇਰਾ ਹੁਕਮ ਨਹੀਂ ਮੰਨਿਆ।
12 ਇਸ ਲਈ ਮੈਂ ਉਨ੍ਹਾਂ ਨੂੰ ਮਨਮਾਨੀਆਂ ਕਰਨ ਦਿੱਤੀਆਂ,
ਇਸਰਾਏਲ ਨੇ ਉਹੀ ਕੀਤਾ ਜੋ ਉਨ੍ਹਾਂ ਨੇ ਚਾਹਿਆ।
13 ਜੇ ਮੇਰੇ ਲੋਕ ਮੇਰੀ ਗੱਲ ਸੁਣਦੇ ਅਤੇ ਉਸ ਢੰਗ ਨਾਲ ਰਹਿੰਦੇ ਜਿਵੇਂ ਮੈਂ ਚਾਹੁੰਦਾ ਸੀ ਕਿ ਉਹ ਜਿਉਣ।
14 ਫ਼ੇਰ ਮੈਂ ਉਨ੍ਹਾਂ ਦੇ ਵੈਰੀਆਂ ਨੂੰ ਹਰਾ ਦਿੰਦਾ
ਮੈਂ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਜਿਹੜੇ ਇਸਰਾਏਲ ਲਈ ਮੂਸੀਬਤਾਂ ਲਿਆਉਂਦੇ।
15 ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬਣਗੇ।
ਉਹ ਸਦਾ ਲਈ ਦੰਡੇ ਜਾਣਗੇ।
16 ਪਰਮੇਸ਼ੁਰ ਸਭ ਤੋਂ ਉੱਤਮ ਕਣਕ ਆਪਣੇ ਲੋਕਾਂ ਨੂੰ ਦੇਵੇਗਾ।
ਚੱਟਾਨ ਉਸ ਦੇ ਲੋਕਾਂ ਨੂੰ ਉਦੋਂ ਤੱਕ ਸ਼ਹਿਰ ਦੇਵੇ ਜਦੋਂ ਤੱਕ ਉਹ ਤ੍ਰਿਪਤ ਨਾ ਹੋ ਜਾਣ।”
ਆਸਾਫ਼ ਦਾ ਇੱਕ ਉਸਤਤਿ ਗੀਤ।
82 ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ।
ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
2 ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ।
ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”
3 “ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ,
ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
4 ਉਨ੍ਹਾਂ ਗਰੀਬ ਬੇਸਹਾਰਾਂ ਲੋਕਾਂ ਦੀ ਸਹਾਇਤਾ ਕਰੋ।
ਉਨ੍ਹਾਂ ਨੂੰ ਮੰਦੇ ਲੋਕਾਂ ਪਾਸੋਂ ਬਚਾਉ।
5 “ਉਹ ਨਹੀਂ ਜਾਣਦੇ ਕਿ ਕੀ ਵਾਪਰ ਰਿਹਾ ਹੈ।
ਉਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ,
ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ
ਢਹਿ-ਢੇਰੀ ਹੋ ਰਹੀ ਹੈ।”
6 ਮੈਂ ਆਖਦਾ, “ਤੁਸੀਂ ਦੇਵਤੇ ਹੋਂ।
ਤੁਸੀਂ ਸਰਬ ਉੱਚ ਪਰਮੇਸ਼ੁਰ ਦੇ ਪੁੱਤਰ ਹੋ।
7 ਪਰ ਤੁਸੀਂ ਵੀ ਮਰ ਜਾਵੋਂਗੇ ਜਿਵੇਂ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਹੈ।
ਤੁਸੀਂ ਉਵੇਂ ਮਰ ਜਾਵੋਂਗੇ ਜਿਵੇਂ ਹੋਰ ਸਾਰੇ ਆਗੂ ਮਰਦੇ ਹਨ।”
8 ਹੇ ਪਰਮੇਸ਼ੁਰ, ਉੱਠੋ, ਅਤੇ ਦੁਨੀਆਂ ਦੀਆਂ
ਸਾਰੀਆਂ ਕੌਮਾਂ ਦਾ ਨਿਆਂ ਕਰੋ।
2010 by World Bible Translation Center