M’Cheyne Bible Reading Plan
ਅਦੋਨੀਯਾਹ ਰਾਜਾ ਬਨਣਾ ਚਾਹੁੰਦਾ
1 ਦਾਊਦ ਪਾਤਸ਼ਾਹ ਬਹੁਤ ਬੁੱਢਾ ਸੀ, ਉਸ ਦੇ ਨੌਕਰ ਉਸ ਨੂੰ ਚਾਦਰਾਂ ਨਾਲ ਢੱਕ ਕੇ ਰੱਖਦੇ ਪਰ ਉਸ ਨੂੰ ਨਿੱਘ ਨਾ ਮਹਿਸੂਸ ਹੁੰਦਾ। 2 ਤਾਂ ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ, “ਅਸੀਂ ਰਾਜੇ ਦੀ ਸੇਵਾ ਕਰਨ ਲਈ ਅਤੇ ਉਸਦਾ ਧਿਆਨ ਰੱਖਣ ਲਈ ਇੱਕ ਕੁਆਰੀ ਮੁਟਿਆਰ ਲੱਭਾਂਗੇ। ਉਹ ਤੈਨੂੰ ਨਿੱਘਾ ਕਰਨ ਲਈ ਤੇਰੇ ਪਾਸੇ ਤੇ ਸੌਂ ਸੱਕੇਗੀ।” 3 ਇਸ ਲਈ ਉਨ੍ਹਾਂ ਨੇ ਸਾਰੇ ਇਸਰਾਏਲ ਵਿੱਚ ਖੂਬਸੂਰਤ ਕੁੜੀ ਲੱਭਣੀ ਸ਼ੁਰੂ ਕੀਤੀ ਅਤੇ ਸ਼ੂਨੰਮੀ ਸ਼ਹਿਰ ਤੋਂ ਅਬੀਸ਼ਗ ਨਾਂ ਦੀ ਇੱਕ ਕੁੜੀ ਲੱਭੀ। ਉਹ ਉਸ ਕੁੜੀ ਨੂੰ ਪਾਤਸ਼ਾਹ ਕੋਲ ਲਿਆਏ। 4 ਉਹ ਕੁੜੀ ਬੜੀ ਖੂਬਸੂਰਤ ਸੀ। ਉਸ ਨੇ ਪਾਤਸ਼ਾਹ ਦੀ ਖੂਬ ਸੇਵਾ ਅਤੇ ਦੇਖਭਾਲ ਕੀਤੀ ਪਰ ਪਾਤਸ਼ਾਹ ਨੇ ਉਸ ਨਾਲ ਕੋਈ ਜਿਨਸੀ ਸੰਬੰਧ ਨਾ ਜੋੜੇ।
5-6 ਦਾਊਦ ਦਾ ਪੁੱਤਰ ਅਦੋਨੀਯਾਹ ਉਸਦੀ ਪਤਨੀ ਹਗੀਥ ਤੋਂ ਸੀ, ਉਹ ਸ਼ੇਖੀ ਮਾਰਦਾ ਹੁੰਦਾ ਸੀ ਕਿ ਉਹ ਰਾਜਾ ਹੋਵੇਗਾ। ਉਸ ਨੇ ਆਪਣੇ ਲਈ ਰੱਥ, ਘੋੜੇ ਅਤੇ ਆਪਣੇ ਰੱਥ ਦੇ ਅੱਗੇ ਭੱਜਣ ਲਈ 50 ਆਦਮੀਆਂ ਨੂੰ ਲਿਆ। ਉਸ ਦੇ ਪਿਤਾ ਨੇ ਉਸ ਨੂੰ ਇਹ ਆਖਕੇ ਕਦੇ ਨਹੀਂ ਸੁਧਾਰਿਆ, “ਤੂੰ ਅਜਿਹਾ ਕਿਉਂ ਕਰਦਾ ਹੈਂ?” ਉਹ ਅਬਸ਼ਾਲੋਮ ਦੇ ਜਨਮ ਤੋਂ ਮਗਰੋਂ ਜਨਮਿਆ ਸੀ, ਅਤੇ ਉਹ ਉਸ ਵਾਂਗੇ ਹੀ ਸੋਹਣਾ ਸੀ।
7 ਅਦੋਨੀਯਾਹ ਨੇ ਸਰੂਯਾਹ ਦੇ ਪੁੱਤਰ ਸਰੂਯਾਹ ਦੇ ਪੁੱਤਰ ਯੋਆਬ ਅਤੇ ਅਬਯਾਥਾਰ ਜਾਜਕ ਨਾਲ ਗੱਲ ਕੀਤੀ। ਉਨ੍ਹਾਂ ਦੋਨਾਂ ਨੇ ਇਸ ਨੂੰ ਨਵਾਂ ਪਾਤਸ਼ਾਹ ਥਾਪਣ ਲਈ ਮਦਦ ਕਰਨ ਦਾ ਫ਼ੈਸਲਾ ਕੀਤਾ। 8 ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਈ, ਰੇਈ ਅਤੇ ਦਾਊਦ ਪਾਤਸ਼ਾਹ ਦੇ ਖਾਸ ਪਹਿਰੇਦਾਰਾਂ ਨੇ ਅਦੋਨੀਯਾਹ ਦਾ ਪੱਖ ਨਾ ਲਿਆ।
9 ਇੱਕ ਦਿਨ ਜ਼ੋਹਲਥ ਪੱਥਰ ਉੱਤੇ ਜੋ ਐਨ-ਰੋਗੇਲ ਦੇ ਕੋਲ ਹੈ, ਅਦੋਨੀਯਾਹ ਨੇ ਕੁਝ ਭੇਡਾਂ, ਗਊਆਂ ਅਤੇ ਮੋਟੇ-ਮੋਟੇ ਪਸ਼ੂ ਵੱਢੇ ਅਤੇ ਆਪਣੇ ਸਾਰੇ ਭਰਾਵਾਂ ਭਾਵ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾਹ ਦੇ ਸਭ ਅਫ਼ਸਰਾਂ ਨੂੰ ਸੱਦਿਆ। 10 ਪਰ ਅਦੋਨੀਯਾਹ ਨੇ ਨਾਥਾਨ ਨਬੀ, ਬਨਾਯਾਹ, ਆਪਣੇ ਪਿਤਾ ਦੇ ਖਾਸ ਪਹਿਰੇਦਾਰਾਂ ਜਾਂ ਆਪਣੇ ਭਰਾ ਸੁਲੇਮਾਨ ਨੂੰ ਸੱਦਾ ਨਾ ਦਿੱਤਾ।
ਨਾਥਾਨ ਅਤੇ ਬਥਸ਼ਬਾ ਸੁਲੇਮਾਨ ਲਈ ਬੋਲੇ
11 ਪਰ ਨਾਥਾਨ ਨੇ ਜਦੋਂ ਇਹ ਸੁਣਿਆ ਤਾਂ ਉਹ ਸੁਲੇਮਾਨ ਦੀ ਮਾਤਾ ਬਥਸ਼ਬਾ ਕੋਲ ਗਿਆ ਅਤੇ ਉਸ ਨੂੰ ਜਾਕੇ ਕਿਹਾ, “ਕੀ ਤੁਸੀਂ ਨਹੀਂ ਸੁਣਿਆ ਕਿ ਹਗੀਥ ਦਾ ਪੁੱਤਰ ਕੀ ਕੁਝ ਕਰ ਰਿਹਾ ਹੈ? ਉਹ ਖੁਦ ਨੂੰ ਪਾਤਸ਼ਾਹ ਥਾਪ ਰਿਹਾ ਹੈ ਅਤੇ ਸਾਡਾ ਮਾਲਕ, ਦਾਊਦ ਪਾਤਸ਼ਾਹ ਇਸ ਸਾਰੇ ਕਾਸੇ ਤੋਂ ਅਨਜਾਨ ਹੈ। 12 ਮੈਂ ਦੱਸਦਾਂ ਕਿ ਤੈਨੂੰ ਆਪਣੀ ਜ਼ਿੰਦਗੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਵੀ ਜ਼ਿੰਦਗੀ ਬਚਾਉਣ ਲਈ ਕੀ ਕਰਨਾ ਚਾਹੀਦਾ। 13 ਦਾਊਦ ਪਾਤਸ਼ਾਹ ਕੋਲ ਜਾਕੇ ਆਖ, ‘ਹੇ ਮੇਰੇ ਮਹਾਰਾਜ ਪਾਤਸ਼ਾਹ, ਤੂੰ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਤੈਥੋਂ ਬਾਅਦ ਮੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਤੇਰੇ ਸਿੰਘਾਸਣ ਉੱਤੇ ਬੈਠੇਗਾ? ਫ਼ੇਰ ਅਦੋਨੀਯਾਹ ਰਾਜਾ ਕਿਉਂ ਬਣ ਗਿਆ ਹੈ?’ 14 ਜਦੋਂ ਤੂੰ ਅਜੇ ਉਸ ਨਾਲ ਗੱਲਬਾਤ ਕਰ ਰਹੀ ਹੋਵੇਂਗੀ, ਮੈਂ ਅੰਦਰ ਆ ਜਾਵਾਂਗਾ। ਤੇਰੇ ਓਬੋਁ ਚੱਲੇ ਜਾਣ ਤੋਂ ਬਾਅਦ, ਮੈਂ ਤੇਰੇ ਸ਼ਬਦਾਂ ਦੀ ਪੁਸ਼ਟੀ ਕਰ ਦਿਆਂਗਾ।”
15 ਫੇਰ ਬਥਸ਼ਬਾ ਪਾਤਸ਼ਾਹ ਨੂੰ ਉਸ ਦੇ ਸੌਣ ਵਾਲੇ ਕਮਰੇ ਵਿੱਚ ਵੇਖਣ ਲਈ ਗਈ। ਪਾਤਸ਼ਾਹ ਬਹੁਤ ਬੁੱਢਾ ਸੀ ਅਤੇ ਸ਼ੂਨੰਮੀ ਤੋਂ ਅਬੀਸ਼ਗ ਨਾਂ ਦੀ ਕੁੜੀ ਉਸ ਦੀ ਦੇਖਭਾਲ ਕਰ ਰਹੀ ਸੀ। 16 ਬਥਸ਼ਬਾ ਨੇ ਪਾਤਸ਼ਾਹ ਅੱਗੇ ਮੱਥਾ ਟੇਕਿਆ। ਪਾਤਸ਼ਾਹ ਨੇ ਪੁੱਛਿਆ, “ਤੂੰ ਕੀ ਮੰਗਦੀ ਹੈਂ?”
17 ਬਥਸ਼ਬਾ ਨੇ ਆਖਿਆ, “ਮੇਰੇ ਮਹਾਰਾਜ਼, ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਮੇਰੇ ਨਾਲ ਇਕਰਾਰ ਕਰਕੇ ਆਖਿਆ ਸੀ, ‘ਮੇਰੇ ਪਿੱਛੋਂ, ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਮੇਰੇ ਸਿੰਘਾਸਣ ਉੱਪਰ ਬੈਠੇਗਾ।’ 18 ਹੁਣ, ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਤੂੰ ਇਸ ਬਾਰੇ ਸਚੇਤ ਨਹੀਂ ਹੈਂ। 19 ਅਦੋਨੀਯਾਹ ਨੇ ਬਹੁਤ ਸਾਰੀਆਂ ਗਾਵਾਂ, ਮੋਟੇ ਵੱਛੇ ਅਤੇ ਭੇਡਾਂ ਜਿਬਾਹ ਕੀਤੀਆਂ ਹਨ ਅਤੇ ਤੇਰੇ ਸਾਰੇ ਪੁੱਤਰਾਂ ਨੂੰ ਸੱਦਾ ਦਿੱਤਾ ਹੈ। ਉਸ ਨੇ ਜਾਜਕ ਅਬਯਾਥਾਰ ਅਤੇ ਤੇਰੇ ਸੈਨਾਪਤੀ ਯੋਆਬ ਨੂੰ ਤਾਂ ਸੱਦਾ ਦਿੱਤਾ ਹੈ, ਪਰ ਉਸ ਨੇ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ ਜੋ ਤੇਰੇ ਨਾਲ ਵਫ਼ਾਦਾਰ ਹੈ। 20 ਸੋ ਹੁਣ, ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਸਰਾਏਲ ਦੇ ਸਾਰੇ ਲੋਕ ਤੇਰੇ ਵੱਲ ਤੱਕ ਰਹੇ ਹਨ ਅਤੇ ਉਹ ਤੇਰੇ ਆਖਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਤੈਥੋਂ ਬਾਅਦ ਰਾਜਾ ਕੌਣ ਹੋਵੇਗਾ। 21 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਤੈਨੂੰ ਤੇਰੇ ਪੁਰਖਿਆਂ ਨਾਲ ਦਫ਼ਨਾਏ ਜਾਣ ਤੋਂ ਬਾਅਦ, ਮੇਰਾ ਪੁੱਤਰ ਅਤੇ ਮੈਂ ਗਦਾਰ ਠਹਿਰਾਏ ਜਾਵਾਂਗੇ।”
22 ਜਦੋਂ ਬਥਸ਼ਬਾ ਅਜੇ ਪਾਤਸ਼ਾਹ ਨਾਲ ਗੱਲ ਬਾਤ ਕਰ ਰਹੀ ਸੀ, ਨਾਥਾਨ ਨਬੀ ਪਾਤਸ਼ਾਹ ਨੂੰ ਵੇਖਣ ਆਇਆ। 23 ਸੇਵਕਾਂ ਨੇ ਪਾਤਸ਼ਾਹ ਨੂੰ ਕਿਹਾ, “ਨਾਥਾਨ ਨਬੀ ਤੁਹਾਨੂੰ ਮਿਲਣ ਆਇਆ ਹੈ।” ਨਾਥਾਨ ਅੰਦਰ ਆਇਆ ਅਤੇ ਪਾਤਸ਼ਾਹ ਦੇ ਅੱਗੇ ਝੁਕ ਗਿਆ ਅਤੇ ਉਸ ਨੂੰ ਕਿਹਾ, 24 “ਮੇਰੇ ਮਹਾਰਾਜ ਅਤੇ ਪਾਤਸ਼ਾਹ! ਕੀ ਤੁਸੀਂ ਇਹ ਘੋਸ਼ਣਾ ਕੀਤੀ ਹੈ ਕਿ ਤੁਹਾਡੇ ਬਾਅਦ ਅਦੋਨੀਯਾਹ ਅਗਲਾ ਪਾਤਸ਼ਾਹ ਹੋਵੇਗਾ? ਕੀ ਤੁਸੀਂ ਇਹ ਫ਼ੈਸਲਾ ਲਿਆ ਹੈ ਕਿ ਹੁਣ ਲੋਕਾਂ ਉੱਪਰ ਅਦੋਨੀਯਾਹ ਰਾਜ ਕਰੇਗਾ? 25 ਕਿਉਂ ਕਿ ਅੱਜ ਉਹ ਹੇਠਾਂ ਵਾਦੀ ਵਿੱਚ ਗਿਆ ਹੈ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਢੇਰ ਸਾਰੀਆਂ ਗਊਆਂ, ਮੋਟੇ-ਵੱਛੇ ਅਤੇ ਭੇਡਾਂ ਬਲੀ ਚੜ੍ਹਾਈਆਂ ਹਨ ਅਤੇ ਤੇਰੇ ਬਾਕੀ ਸਾਰੇ ਪੁੱਤਰਾਂ, ਸੈਨਾਂ ਦੇ ਸੈਨਾਪਤੀਆਂ, ਅਤੇ ਅਬਯਾਥਾਰ ਜਾਜਕ ਨੂੰ ਸੱਦਾ ਦਿੱਤਾ ਹੈ ਉਹ ਹੁਣ ਉਸ ਨਾਲ ਖਾ-ਪੀ ਰਹੇ ਹਨ ਅਤੇ ਆਖ ਰਹੇ ਹਨ, ‘ਪਾਤਸ਼ਾਹ ਅਦੋਨੀਯਾਹ ਤੂੰ ਜਿਉਂਦਾ ਰਹੇਁ।’ 26 ਪਰ ਉਸ ਨੇ ਮੈਨੂੰ, ਸਾਦੋਕ ਜਾਜਕ, ਯਹੋਯਾਦਾ ਦੇ ਪੁੱਤਰ ਬਨਾਯਾਹ, ਜਾਂ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ। 27 ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਕੀ ਤੁਸੀਂ ਸਾਨੂੰ ਬਿਨਾਂ ਦੱਸੇ ਇਹ ਕਾਰਜ ਕਰ ਲਿਆ ਹੈ? ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਡੇ ਬਾਅਦ ਅਗਲਾ ਪਾਤਸ਼ਾਹ ਕੌਣ ਹੋਵੇਗਾ?”
28 ਤਦ ਦਾਊਦ ਪਾਤਸ਼ਾਹ ਨੇ ਕਿਹਾ, “ਬਥਸ਼ਬਾ ਨੂੰ ਕਹੋ ਕਿ ਅੰਦਰ ਆਏ।” ਤਾਂ ਬਥਸ਼ਬਾ ਪਾਤਸ਼ਾਹ ਦੇ ਸਾਹਮਣੇ ਹੋਈ।
29 ਫੇਰ ਪਾਤਸ਼ਾਹ ਨੇ ਇੱਕ ਇਕਰਾਰ ਕੀਤਾ ਅਤੇ ਆਖਿਆ, “ਯਹੋਵਾਹ ਪਰਮੇਸ਼ੁਰ ਨੇ ਮੈਨੂੰ ਹਰ ਖਤਰੇ ਤੋਂ ਬਚਾਇਆ ਹੈ। ਜਿੰਨਾ ਪ੍ਰਪੱਕ ਕਿ ਯਹੋਵਾਹ ਜਿਉਂਦਾ ਹੈ, ਮੈਂ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ। 30 ਅੱਜ ਮੈਂ ਉਹੀ ਕਰਾਂਗਾ ਜਿਸ ਦਾ ਅਤੀਤ ਵਿੱਚ ਇਕਰਾਰ ਕੀਤਾ ਸੀ। ਮੈਂ ਉਹ ਇਕਰਾਰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਤੇ ਕੀਤਾ ਸੀ ਕਿ ਮੈਥੋਂ ਮਗਰੋਂ ਅਗਲਾ ਰਾਜਾ ਤੇਰਾ ਪੁੱਤਰ ਹੋਵੇਗਾ ਅਤੇ ਮੈਥੋਂ ਮਗਰੋਂ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।”
31 ਤਦ ਬਥਸ਼ਬਾ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਕਿਹਾ, “ਹੇ ਦਾਊਦ ਪਾਤਸ਼ਾਹ, ਤੇਰੀਆਂ ਵੱਡੀਆਂ ਉਮਰਾਂ ਹੋਣ!”
ਸੁਲੇਮਾਨ ਦਾ ਨਵਾਂ ਪਾਤਸ਼ਾਹ ਚੁਣਿਆ ਜਾਣਾ
32 ਤਦ ਦਾਊਦ ਪਾਤਸ਼ਾਹ ਨੇ ਆਖਿਆ, “ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਸੱਦ।” ਤਾਂ ਉਹ ਤਿੰਨੇ ਆਦਮੀ ਪਾਤਸ਼ਾਹ ਨੂੰ ਵੇਖਣ ਲਈ ਆਏ। 33 ਤਾਂ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, “ਮੇਰੇ ਅਧਿਕਾਰੀਆਂ ਨੂੰ ਆਪਣੇ ਨਾਲ ਲਵੋ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ਉੱਪਰ ਚੜ੍ਹਾ ਕੇ ਗਿਹੋਨ ਦੇ ਝਰਨੇ ਕੋਲ ਲੈ ਜਾਵੋ। 34 ਓੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰਨਗੇ। ਫੇਰ ਤੁਰ੍ਹੀ ਵਜਾਕੇ ਰੌਲਾ ਪਾਇਓ! ‘ਪਾਤਸ਼ਾਹ ਸੁਲੇਮਾਨ ਜਿਉਂਦਾ ਰਹੇ।’ 35 ਫ਼ਿਰ ਸੁਲੇਮਾਨ ਨੂੰ ਇੱਥੇ ਮੇਰੇ ਕੋਲ ਲੈ ਕੇ ਆਓ। ਉਹ ਮੇਰੇ ਸਿੰਘਾਸਣ ਉੱਪਰ ਬਿਰਾਜੇਗਾ ਅਤੇ ਮੇਰੀ ਬਾਵੇਂ ਪਾਤਸ਼ਾਹ ਹੋਵੇਗਾ। ਮੈਂ ਉਸ ਨੂੰ ਇਸਰਾਏਲ ਅਤੇ ਯਹੂਦਾਹ ਦਾ ਸ਼ਾਸਕ ਹੋਣ ਲਈ ਚੁਣਿਆ ਹੈ।”
36 ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ, “ਆਮੀਨ! ਯਹੋਵਾਹ ਪਰਮੇਸ਼ੁਰ, ਮੇਰੇ ਮਹਾਰਾਜ ਅਤੇ ਪਾਤਸ਼ਾਹ ਦਾ ਪਰਮੇਸ਼ੁਰ, ਤੇਰੇ ਸ਼ਬਦਾਂ ਦੀ ਤਸਦੀਕ ਕਰੇਗਾ! 37 ਮੇਰੇ ਮਹਾਰਾਜ ਅਤੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਸੀ ਅਤੇ ਹੁਣ ਮੈਨੂੰ ਉਮੀਦ ਹੈ ਕਿ ਉਹ ਸੁਲੇਮਾਨ ਦੇ ਅੰਗ-ਸੰਗ ਹੋਵੇਗਾ! ਮੈਨੂੰ ਉਮੀਦ ਹੈ ਕਿ ਸੁਲੇਮਾਨ ਦਾ ਰਾਜ ਤੈਥੋਂ ਵੀ ਵੱਧੇਰੇ ਸ਼ਕਤੀਸ਼ਾਲੀ ਹੋਵੇਗਾ।”
38 ਤਦ ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਨੇ ਪਾਤਸ਼ਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਸੁਲੇਮਾਨ ਨੂੰ ਦਾਊਦ ਦੇ ਖੱਚਰ ਤੇ ਬਿਠਾਇਆ ਅਤੇ ਉਸ ਨਾਲ ਗਿਹੋਨ ਚਸ਼ਮੇ ਵੱਲ ਗਏ। 39 ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਲਿਆ ਅਤੇ ਸੁਲੇਮਾਨ ਦੇ ਸਿਰ ਤੇ ਮਸਹ ਕੀਤਾ, ਇਹ ਦਰਸਾਉਣ ਲਈ ਕਿ ਉਹ ਪਾਤਸ਼ਾਹ ਬਣ ਗਿਆ ਸੀ। ਫ਼ੇਰ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਸਭ ਨੇ ਰੌਲਾ ਪਾਇਆ, “ਤੇਰੀ ਉਮਰ ਵੱਡੀ ਹੋਵੇ ਪਾਤਸ਼ਾਹ ਸੁਲੇਮਾਨ!” 40 ਤਦ ਸਭ ਨੇ ਸ਼ਹਿਰ ਤਾਈ ਸੁਲੇਮਸ਼ਨ ਦਾ ਪਿੱਛਾ ਕੀਤਾ। ਉਹ ਬੜੇ ਖੁਸ਼ ਅਤੇ ਉਤਸਾਹਿਤ ਸਨ। ਉਹ ਬੰਸਰੀਆਂ ਵਜਾ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਨਾਲ ਧਰਤੀ ਪਾਟ ਗਈ।
41 ਤਦ ਅਦੋਨੀਯਾਹ ਅਤੇ ਉਸ ਦੇ ਨਾਲ ਦੇ ਸਾਰੇ ਪਰਾਹੁਣੇ ਜਦੋਂ ਰੋਟੀ ਖਾਕੇ ਹਟੇ ਤਾਂ ਉਨ੍ਹਾਂ ਨੇ ਤੁਰ੍ਹੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਯੋਆਬ ਨੇ ਆਖਿਆ, “ਇਹ ਆਵਾਜ਼ਾਂ ਕੈਸੀਆਂ ਹਨ? ਸ਼ਹਿਰ ਵਿੱਚ ਕੀ ਹੋ ਰਿਹਾ ਹੈ?”
42 ਜਦੋਂ ਯੋਆਬ ਅਜੇ ਬੋਲ ਹੀ ਰਿਹਾ ਸੀ, ਜਾਜਕ ਅਬਯਾਥਾਰ ਦਾ ਪੁੱਤਰ ਯੋਨਾਥਾਨ ਓੱਥੇ ਆਇਆ ਅਦੋਨੀਯਾਹ ਨੇ ਆਖਿਆ, “ਇੱਥੇ ਆ ਜਾ! ਤੂੰ ਇੱਕ ਚੰਗਾ ਆਦਮੀ ਹੈਂ ਅਤੇ ਤੂੰ ਮੇਰੇ ਲਈ ਕੋਈ ਚੰਗੀ ਖਬਰ ਲੈ ਕੇ ਆਇਆ ਹੋਵੇਂਗਾ।”
43 ਪਰ ਯੋਨਾਥਾਨ ਨੇ ਕਿਹਾ, “ਨਹੀਂ ਇਹ ਤੁਹਾਡੇ ਲਈ ਚੰਗੀ ਖਬਰ ਨਹੀਂ। ਦਾਊਦ ਪਾਤਸ਼ਾਹ ਨੇ ਸੁਲੇਮਾਨ ਨੂੰ ਨਵਾਂ ਪਾਤਸ਼ਾਹ ਬਾਪਿਆ ਹੈ। 44 ਅਤੇ ਪਾਤਸ਼ਾਹ ਨੇ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਦਾ ਦੇ ਪੁੱਤਰ ਬਨਾਯਾਹ ਅਤੇ ਸਾਰੇ ਪਾਤਸ਼ਾਹ ਦੇ ਅਫ਼ਸਰਾਂ ਨੂੰ ਉਸ ਦੇ ਨਾਲ ਭੇਜਿਆ। ਉਨ੍ਹਾਂ ਨੇ ਉਸ ਨੂੰ ਪਾਤਸ਼ਾਹ ਦੇ ਖੱਚਰ ਉੱਪਰ ਚੜ੍ਹਾਇਆ। 45 ਤਦ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਗਿਹੋਨ ਝਰਨੇ ਤੇ ਉਸ ਨੂੰ ਪਾਤਸ਼ਾਹ ਵਜੋਂ ਮਸਹ ਕੀਤਾ। ਓਹ ਖੁਸ਼ੀ ਮਨਾਉਂਦੇ ਹੋਏ ਚੱਲੇ ਰਹੇ ਹਨ ਅਤੇ ਸ਼ਹਿਰ ਇਸ ਨਾਲ ਗੂੰਜ ਰਿਹਾ ਹੈ। ਇਹ ਉਹੀ ਆਵਾਜ਼ਾਂ ਅਤੇ ਸ਼ੋਰ ਹੈ ਜੋ ਤੁਸੀਂ ਸੁਣ ਰਹੇ ਹੋਂ। 46-47 ਸੁਲੇਮਾਨ ,ਪਾਤਸ਼ਾਹ ਦੇ ਸਿੰਘਾਸਣ ਤੇ ਬੈਠਾ ਹੋਇਆ ਹੈ। ਪਾਤਸ਼ਾਹ ਦੇ ਸਾਰੇ ਅਧਿਕਾਰੀ ਪਾਤਸ਼ਾਹ ਦਾਊਦ ਨੂੰ ਮੁਬਾਰਕਾਂ ਦੇਕੇ ਆਖ ਰਹੇ ਹਨ, ‘ਪਾਤਸ਼ਾਹ ਦਾਊਦ, ਤੂੰ ਇੱਕ ਮਹਾਨ ਰਾਜਾ ਹੈਂ! ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਸੁਲੇਮਾਨ ਨੂੰ ਤੈਥੋਂ ਵੀ ਵੱਧ ਪ੍ਰਸਿੱਧ ਕਰੇ! ਉਸਦਾ ਰਾਜ ਤੇਰੇ ਰਾਜ ਤੋਂ ਵੀ ਵੱਧੇਰੇ ਸ਼ਕਤੀਸਾਲੀ ਹੋਵੇ।’ ਪਾਤਸ਼ਾਹ ਦਾਊਦ ਵੀ ਉੱਥੇ ਹੀ ਸੀ ਅਤੇ ਉਹ ਆਪਣੇ ਮੰਜੇ ਤੋਂ ਹੀ ਹੇਠਾਂ ਝੁਕ ਗਿਆ। 48 ਅਤੇ ਆਖਿਆ, ‘ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰੋ, ਜਿਸਨੇ ਅੱਜ ਦੇ ਦਿਨ ਮੇਰੇ ਪੁੱਤਰ ਨੂੰ ਮੇਰੇ ਸਿੰਘਾਸਣ ਤੇ ਬਿਠਾਇਆ ਅਤੇ ਮੈਨੂੰ ਇਹ ਸਭ ਕੁਝ ਵੇਖਣ ਲਈ ਜਿਉਂਦਾ ਰੱਖਿਆ।’”
49 ਤਦ ਅਦੋਨੀਯਾਹ ਦੇ ਸਾਰੇ ਮਹਿਮਾਨ ਡਰ ਗਏ ਅਤੇ ਆਪੋ-ਆਪਣੇ ਰਾਹ ਤੁਰ ਪਏ। 50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ। ਇਸ ਲਈ ਉਹ ਉੱਠਿਆ ਅਤੇ ਉਸ ਨੇ ਉੱਠ ਕੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫ਼ੜਿਆ [a] ਕਿ ਉਹ ਉਸਤੇ ਰਹਿਮ ਕਰੇ। 51 ਤਦ ਕਿਸੇ ਨੇ ਸੁਲੇਮਾਨ ਨੂੰ ਕਿਹਾ, “ਅਦੋਨੀਯਾਹ ਤੇਰੇ ਤੋਂ ਡਰ ਰਿਹਾ ਹੈ। ਸੁਲੇਮਾਨ ਪਾਤਸ਼ਾਹ! ਅਦੋਨੀਯਾਹ ਇਸ ਵਕਤ ਪਵਿੱਤਰ ਤੰਬੂ ਵਿੱਚ ਜਗਵੇਦੀ ਦੇ ਕਿਨਾਰਿਆਂ ਨੂੰ ਫ਼ੜ ਕੇ ਖਲੋਤਾ, ਰਹਿਮ ਦੀ ਭੀਖ ਮੰਗਦਾ, ਉੱਥੇ ਹੀ ਅੜਿਆ ਹੋਇਆ, ਜਾਣ ਤੋਂ ਇਨਕਾਰੀ ਹੈ ਅਤੇ ਆਖਦਾ ਹੈ, ‘ਪਾਤਸ਼ਾਹ ਸੁਲੇਮਾਨ ਨੂੰ ਜਾਕੇ ਆਖੋ ਕਿ ਉਹ ਇਕਰਾਰ ਕਰੇ ਕਿ ਉਹ ਮੈਨੂੰ ਜਾਨੋਂ ਨਹੀਂ ਮਾਰੇਗਾ।’”
52 ਤਦ ਸੁਲੇਮਾਨ ਨੇ ਆਖਿਆ, “ਜੇਕਰ ਅਦੋਨੀਯਾਹ ਇੱਕ ਚੰਗਾ ਵਿਅਕਤੀ ਬਣ ਜਾਵੇ, ਉਸਦਾ ਇੱਕ ਵਾਲ ਵੀ ਧਰਤੀ ਉੱਪਰ ਨਾ ਡਿੱਗੇਗਾ ਪਰ ਜੇਕਰ ਉਹ ਕੁਝ ਗ਼ਲਤ ਕਰੇਗਾ, ਉਹ ਮਰ ਜਾਵੇਗਾ।” 53 ਫ਼ੇਰ ਸੁਲੇਮਾਨ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਅਦੋਨੀਯਾਹ ਨੂੰ ਲਿਆਉਣ ਲਈ ਭੇਜਿਆ, ਇਸ ਲਈ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲਿਆਏ ਅਤੇ ਉਸ ਨੂੰ ਸੁਲੇਮਾਨ ਕੋਲ ਲੈ ਗਏ। ਅਦੋਨੀਯਾਹ ਸੁਲੇਮਾਨ ਕੋਲ ਆਇਆ ਅਤੇ ਝੁਕ ਗਿਆ। ਸੁਲੇਮਾਨ ਨੇ ਉਸ ਨੂੰ ਆਖਿਆ, “ਘਰ ਚੱਲਾ ਜਾ।”
ਆਪਣੀ ਆਜ਼ਾਦੀ ਆਪਣੇ ਕੋਲ ਰੱਖੋ
5 ਹੁਣ ਤੁਸੀਂ ਆਜ਼ਾਦ ਹੋ। ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ। ਇਸ ਲਈ ਮਜਬੂਤੀ ਨਾਲ ਖਲੋਵੋ। ਬਦਲੋ ਨਾ ਅਤੇ ਮੁੜ ਕੇ ਨੇਮ ਦੀ ਗੁਲਾਮੀ ਵੱਲ ਨਾ ਪਰਤੋ। 2 ਸੁਣੋ ਮੈਂ ਪੌਲੁਸ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਨੇਮ ਵੱਲ ਵਾਪਸ ਜਾਵੋ ਅਤੇ ਸੁੰਨਤੀਏ ਹੋ ਜਾਵੋ ਤਾਂ ਮਸੀਹ ਦਾ ਤੁਹਾਡੇ ਲਈ ਹੋਰ ਵੱਧੇਰੇ ਕੋਈ ਨਫ਼ਾ ਨਹੀਂ। 3 ਇੱਕ ਵਾਰੀ ਫ਼ੇਰ, ਮੈਂ ਹਰ ਮਨੁੱਖ ਨੂੰ ਚਿਤਾਵਨੀ ਦਿੰਦਾ ਹਾਂ; ਜੇ ਤੁਸੀਂ ਆਪਣੀ ਸੁੰਨਤ ਕਰਨ ਦਿਉਂਗੇ ਤਾਂ ਤੁਹਾਨੂੰ ਮੂਸਾ ਦੇ ਸਾਰੇ ਨੇਮਾਂ ਦਾ ਪਾਲਣ ਕਰਨਾ ਪਵੇਗਾ। 4 ਜੇ ਤੁਸੀਂ ਸ਼ਰ੍ਹਾ ਰਾਹੀਂ ਧਰਮੀ ਹੋਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਮਸੀਹ ਨਾਲ ਜੀਵਨ ਅੰਤ ਤੇ ਆ ਪੁਜਿਆ ਹੈ। ਤੁਸੀਂ ਪਰਮੇਸ਼ੁਰ ਦੀ ਕਿਰਪਾ ਤੋਂ ਡਿੱਗ ਚੁੱਕੇ ਹੋ। 5 ਅਸੀਂ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਤੇ ਅਸੀਂ ਆਤਮਾ ਰਾਹੀਂ ਸਾਨੂੰ ਦਿੱਤੀ ਜਾਣ ਵਾਲੀ ਉਸ ਉਮੀਦ ਦਾ ਇੰਤਜ਼ਾਰ ਕਰ ਰਹੇ ਹਾਂ। 6 ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਵਿਸ਼ਵਾਸ ਦੀ ਹੈ ਜਿਹੜੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ।
7 ਤੁਸੀਂ ਬੜੀ ਚੰਗੀ ਦੌੜ, ਦੌੜ ਰਹੇ ਸੀ। ਤੁਸੀਂ ਸੱਚ ਦੀ ਪਾਲਣਾ ਕਰ ਰਹੇ ਸੀ। ਕਿਸਨੇ ਤੁਹਾਨੂੰ ਸੱਚ ਦੇ ਮਾਰਗ ਦਾ ਅਨੁਸਰਣ ਕਰਨ ਤੋਂ ਰੋਕਿਆ? 8 ਇਸ ਤਰ੍ਹਾਂ ਦੀ ਪ੍ਰੇਰਣਾ ਉਸ ਇੱਕ ਵੱਲੋਂ ਨਹੀਂ ਆਉਂਦੀ ਜਿਸਨੇ ਤੁਹਾਨੂੰ ਚੁਣਿਆ ਹੈ। 9 ਹੁਸ਼ਿਆਰ ਰਹੋ। “ਬੱਸ ਥੋੜਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਉਭਾਰ ਦਿੰਦਾ ਹੈ।” 10 ਮੈਨੂੰ ਪ੍ਰਭੂ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਉਨ੍ਹਾਂ ਵੱਖਰੇ ਵਿੱਚਾਰਾਂ ਉੱਤੇ ਵਿਸ਼ਵਾਸ ਨਹੀਂ ਕਰੋਂਗੇ। ਕੋਈ ਤੁਹਾਨੂੰ ਉਲਝਾ ਰਿਹਾ ਹੈ। ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ ਸਜ਼ਾ ਪਾਵੇਗਾ।
11 ਮੇਰੇ ਭਰਾਵੋ ਅਤੇ ਭੈਣੋ ਮੈਂ ਇਹ ਸਿੱਖਿਆ ਨਹੀਂ ਦਿੰਦਾ ਕਿ ਲੋਕਾਂ ਦੀ ਸੁੰਨਤ ਜਰੂਰ ਹੋਣੀ ਚਾਹੀਦੀ ਹੈ। ਜੇ ਮੈਂ ਹਾਲੇ ਵੀ ਸੁੰਨਤ ਬਾਰੇ ਪ੍ਰਚਾਰ ਕਰਾਂ ਤਾਂ ਮੈਨੂੰ ਹਾਲੇ ਵੀ ਦੰਡ ਕਿਉਂ ਦਿੱਤੇ ਜਾ ਰਹੇ ਹਨ? ਜੇਕਰ ਇਹ ਸੱਚ ਹੁੰਦਾ, ਫ਼ੇਰ ਸਲੀਬ ਬਾਰੇ ਮੇਰੇ ਪ੍ਰਚਾਰ ਤੋਂ ਕੋਈ ਵੀ ਸਮੱਸਿਆ ਪੈਦਾ ਨਾ ਹੋਈ ਹੁੰਦੀ। 12 ਮੇਰੀ ਖਾਹਿਸ਼ ਹੈ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਹਨ ਆਪਣੀ ਸੁੰਨਤ ਦੇ ਨਾਲ ਖੱਸੀ ਹੋਣ ਨੂੰ ਵੀ ਸ਼ਾਮਿਲ ਕਰ ਲੈਣ।
13 ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਜ਼ਾਦ ਹੋਣ ਦਾ ਸੱਦਾ ਦਿੱਤਾ ਸੀ। ਪਰ ਇਸ ਆਜ਼ਾਦੀ ਨੂੰ ਆਪਣੇ ਪਾਪੀ ਆਪਿਆਂ ਨੂੰ ਪ੍ਰਸੰਨ ਕਰਨ ਦੇ ਅਰੱਥਾਂ ਵਾਂਗ ਇਸਤੇਮਾਲ ਨਾ ਕਰੋ। ਪਰ ਇੱਕ ਦੂਸਰੇ ਦੀ ਪਿਆਰ ਨਾਲ ਸੰਪੂਰਣ ਸੇਵਾ ਕਰੋ। 14 ਸਮੁੱਚਾ ਨੇਮ ਦਾ ਸਾਰਾਂਸ਼ ਇਸ ਇੱਕ ਹੁਕਮ ਵਿੱਚ ਹੈ; “ਹੋਰਾਂ ਨੂੰ ਵੀ ਉਵੇਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ।” [a] 15 ਜੇ ਤੁਸੀਂ ਇੱਕ ਦੂਸਰੇ ਨੂੰ ਦੁੱਖੀ ਕਰਦੇ ਰਹੋਂਗੇ ਅਤੇ ਇੱਕ ਦੂਸਰੇ ਨੂੰ ਪਾੜਦੇ ਰਹੋਂਗ਼ੇ, ਤਾਂ ਸਚੇਤ ਰਹੋ। ਤੁਸੀਂ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਤਬਾਹ ਕਰ ਦਿਉਂਗੇ।
ਆਤਮਾ ਅਤੇ ਮਨੁੱਖੀ ਸਭਾ
16 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ; ਆਤਮਾ ਦੀ ਅਗਵਾਈ ਵਿੱਚ ਜੀਓ। ਫ਼ੇਰ ਤੁਸੀਂ ਕੋਈ ਮੰਦਾ ਕੰਮ ਨਹੀਂ ਕਰੋਂਗੇ ਜਿਹੜੇ ਤੁਹਾਡੇ ਪਾਪੀ ਆਪੇ ਨੂੰ ਪਸੰਦ ਹਨ। 17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ। 18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨੂੰ ਆਗਿਆ ਦੇਵੋ ਤਾਂ ਤੁਸੀਂ ਨੇਮ ਦੇ ਅਧੀਨ ਨਹੀਂ ਹੋ।
19 ਮੰਦੇ ਕੰਮ, ਜਿਹੜੇ ਸਾਡਾ ਪਾਪੀ ਆਪਾ ਕਰਦਾ ਹੈ ਬੜੇ ਸਪੱਸ਼ਟ ਹਨ। ਜਿਨਸੀ ਗੁਨਾਹ, ਅਪਵਿੱਤਰਤਾ ਅਤੇ ਜਿਨਸੀ ਬਦੀ, 20 ਝੂਠੇ ਦੇਵੀ ਅਤੇ ਦੇਵਤਿਆਂ ਦੀ ਪੂਜਾ ਕਰਨੀ, ਜਾਦੂ ਕਰਨੇ, ਨਫ਼ਰਤ, ਝਗੜਾ, ਈਰਖਾ, ਕ੍ਰੋਧ, ਖੁਦਗਰਜ਼ੀ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਉਣਾ, ਵੰਡੀਆਂ ਪਾਉਣੀਆਂ, 21 ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ। 22 ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ, 23 ਕੋਮਲਤਾ ਅਤੇ ਸ੍ਵੈਂ ਸੰਜਮ ਪ੍ਰਦਾਨ ਕਰਦਾ ਹੈ। ਕੋਈ ਵੀ ਨੇਮ ਅਜਿਹਾ ਨਹੀਂ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਗਲਤ ਆਖ ਸੱਕਦਾ ਹੈ। 24 ਜਿਹੜੇ ਲੋਕ ਮਸੀਹ ਯਿਸੂ ਨਾਲ ਸੰਬੰਧਿਤ ਹਨ, ਉਨ੍ਹਾਂ ਨੇ ਆਪਣੇ ਪਾਪੀ ਆਪਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਖੁਦਗਰਜ਼ੀ ਅਤੇ ਮੰਦੀਆਂ ਗੱਲਾਂ ਛੱਡ ਦਿੱਤੀਆਂ ਹਨ ਜੋ ਉਹ ਕਰਨੀਆਂ ਚਾਹੁੰਦੇ ਸਨ। 25 ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹਾਂ। ਇਸ ਲਈ ਸਾਨੂੰ ਆਤਮਾ ਦੀ ਅਗਵਾਈ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ। 26 ਸਾਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਦੂਸਰੇ ਨੂੰ ਭੜਕਾਉਣਾ ਨਹੀਂ ਚਾਹੀਦਾ। ਅਤੇ ਸਾਨੂੰ ਇੱਕ ਦੂਸਰੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ।
ਫਿਰਊਨ: ਇੱਕ ਸ਼ੇਰ ਜਾਂ ਅਜਗਰ
32 ਜਲਾਵਤਨੀ ਦੇ 12ਵੇਂ ਵਰ੍ਹੇ ਦੇ 12ਵੇਂ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ, ਫਿਰਊਨ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ:
“‘ਤੂੰ ਸੋਚਿਆ ਕਿ ਤੂੰ ਸ਼ਕਤੀਸ਼ਾਲੀ ਸ਼ੇਰ ਵਰਗਾ ਹੈ ਜੋ ਕੌਮਾਂ ਅੰਦਰ ਗੁਮਾਨ ਨਾਲ ਚੱਲ ਰਿਹਾ ਹੋਵੇ।
ਪਰ ਤੂੰ ਹੈਂ ਅਸਲ ਵਿੱਚ ਝੀਲਾਂ ਦੇ ਅਜਗਰ ਵਰਗਾ।
ਤੂੰ ਨਾਲਿਆਂ ਰਾਹੀਂ ਆਪਣਾ ਰਾਹ ਬਣਾ ਲੈਂਦਾ ਹੈਂ।
ਗੰਧਲਾ ਕਰਦਾ ਹੈਂ ਤੂੰ ਪਾਣੀ ਨੂੰ ਪੈਰਾਂ ਆਪਣਿਆਂ ਨਾਲ।
ਤੂੰ ਮਿਸਰ ਦੇ ਦਰਿਆਵਾਂ ਨੂੰ ਭੜਕਾਉਂਦਾ।’”
3 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ ਇਹ ਗੱਲਾਂ:
“ਇਕੱਠੇ ਕਰ ਲੇ ਨੇ ਮੈਂ ਬਹੁਤ ਲੋਕ।
ਸੁੱਟਾਂਗਾ ਹੁਣ ਮੈਂ ਜਾਲ ਆਪਣਾ ਤੇਰੇ ਉੱਪਰ।
ਖਿੱਚ ਲੈਣਗੇ ਉਹ ਲੋਕ ਫ਼ੇਰ ਤੈਨੂੰ ਅੰਦਰ।
4 ਸੁੱਟ ਦਿਆਂਗਾ ਮੈਂ ਫ਼ੇਰ ਤੈਨੂੰ ਸੁੱਕੀ ਧਰਤ ਉੱਤੇ।
ਸੁੱਟ ਦਿਆਂਗਾ ਮੈਂ ਤੈਨੂੰ ਖੇਤਾਂ ਅੰਦਰ।
ਆਉਣ ਦਿਆਂਗਾ ਮੈਂ ਸਾਰੇ ਪੰਛੀਆਂ ਨੂੰ ਤੈਨੂੰ ਖਾਣ ਲਈ।
ਜੰਗਲੀ ਜਾਨਵਰਾਂ ਨੂੰ ਮੈਂ ਆਉਣ ਦੇਵਾਂਗਾ ਹਰ ਥਾਂ ਤੋਂ ਅਤੇ ਰੱਜਕੇ ਖਾਣ ਦੇਵਾਂਗਾ ਤੈਨੂੰ।
5 ਖਿੰਡਾ ਦਿਆਂਗਾ ਤੇਰੇ ਮਾਸ ਤੇਰੇ ਨੂੰ ਪਰਬਤਾਂ ਉੱਤੇ ਭਰ ਦੇਵਾਂਗਾ
ਮੈਂ ਵਾਦੀਆਂ ਨੂੰ ਤੇਰੇ ਮੁਰਦਾ ਸਰੀਰ ਨਾਲ।
6 ਛਿੜਕ ਦਿਆਂਗਾ ਮੈਂ ਖੂਨ ਤੇਰਾ ਪਰਬਤਾਂ ਉੱਤੇ,
ਅਤੇ ਇਹ ਹੇਠ ਧਰਤੀ ਵਿੱਚ ਸਿਂਮ ਜਾਵੇਗਾ।
ਭਰ ਜਾਣਗੀਆਂ ਨਦੀਆਂ ਤੇਰੇ ਨਾਲ।
7 ਅਲੋਪ ਤੈਨੂੰ ਕਰ ਦਿਆਂਗਾ ਮੈਂ।
ਆਕਾਸ਼ ਨੂੰ ਮੈਂ ਢੱਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ।
ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ।
8 ਹਨੇਰਾ ਕਰ ਦਿਆਂਗਾ ਮੈਂ ਤੇਰੇ ਲਈ ਆਕਾਸ਼ ਦੀਆਂ ਸਾਰੀਆਂ ਚਮਕਦੀਆਂ ਰੋਸ਼ਨੀਆਂ ਨੂੰ ਬੁਝਾ ਕੇ।
ਹਨੇਰ ਪਾ ਦਿਆਂਗਾ ਮੈਂ ਤੇਰੇ ਸਾਰੇ ਦੇਸ ਅੰਦਰ।”
ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।
9 “ਮੈਂ ਬਹੁਤ ਸਾਰੇ ਲੋਕਾਂ ਨੂੰ ਉਦਾਸ ਅਤੇ ਗੁੱਸੇ ਕਰ ਦਿਆਂਗਾ, ਜਦੋਂ ਮੈਂ ਤੇਰੀ ਤਬਾਹੀ ਲਈ ਦੁਸ਼ਮਣ ਨੂੰ ਲੈ ਕੇ ਆਵਾਂਗਾ। ਉਹ ਕੌਮਾਂ, ਜਿਨ੍ਹਾਂ ਨੂੰ ਜਾਣਦਾ ਵੀ ਨਹੀਂ, ਉਹ ਵੀ ਗੁੱਸੇ ਹੋ ਜਾਣਗੀਆਂ। 10 ਮੈਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਬਾਰੇ ਹੈਰਾਨ ਕਰ ਦਿਆਂਗਾ। ਉਨ੍ਹਾਂ ਦੇ ਰਾਜੇ ਤੇਰੇ ਲਈ ਬਹੁਤ ਡਰ ਜਾਣਗੇ ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੀ ਤਲਵਾਰ ਘੁਮਾਵਾਂਗਾ। ਜਿਸ ਦਿਨ ਤੂੰ ਡਿੱਗੇਁਗਾ, ਰਾਜੇ ਹਰ ਪਲ ਡਰ ਨਾਲ ਕੰਬਣਗੇ। ਹਰ ਰਾਜਾ ਆਪਣੀ ਜ਼ਿੰਦਗੀ ਲਈ ਭੈਭੀਤ ਹੋਵੇਗਾ।”
11 ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ। 12 ਮੈਂ ਉਨ੍ਹਾਂ ਸਿਪਾਹੀਆਂ ਦੀ ਵਰਤੋਂ ਜੰਗ ਵਿੱਚ ਤੇਰੇ ਲੋਕਾਂ ਨੂੰ ਮਾਰਨ ਲਈ ਕਰਾਂਗਾ। ਉਹ ਸਿਪਾਹੀ ਸਭ ਤੋਂ ਭਿਆਨਕ ਕੌਮਾਂ ਵਿੱਚੋਂ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦੇਣਗੇ ਜਿਨ੍ਹਾਂ ਉੱਤੇ ਮਿਸਰ ਮਾਣ ਕਰਦਾ ਹੈ। ਮਿਸਰ ਦੇ ਲੋਕ ਤਬਾਹ ਹੋ ਜਾਣਗੇ। 13 ਮਿਸਰ ਦੀਆਂ ਨਦੀਆਂ ਕੰਢੇ ਬਹੁਤ ਸਾਰੇ ਜਾਨਵਰ ਹਨ। ਮੈਂ ਉਨ੍ਹਾਂ ਸਾਰੇ ਜਾਨਵਰਾਂ ਨੂੰ ਵੀ ਤਬਾਹ ਕਰ ਦਿਆਂਗਾ! ਹੁਣ ਲੋਕ ਫ਼ੇਰ ਕਦੇ ਵੀ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਧਲਾ ਨਹੀਂ ਕਰਨਗੇ। ਗਾਵਾਂ ਦੇ ਖੁਰ ਪਾਣੀ ਨੂੰ ਫ਼ੇਰ ਗੰਧਲਾ ਨਹੀਂ ਕਰਨਗੇ। 14 ਇਸ ਲਈ ਮੈਂ ਮਿਸਰ ਦੇ ਪਾਣੀ ਨੂੰ ਸ਼ਾਂਤ ਕਰ ਦਿਆਂਗਾ। ਮੈਂ ਉਨ੍ਹਾਂ ਦੀਆਂ ਨਦੀਆਂ ਨੂੰ ਹੌਲੀ ਚਾਲ ਵਗਣ ਦਿਆਂਗਾ-ਉਹ ਤੇਲ ਵਾਂਗ ਕੂਲੇ ਹੋਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 15 ਮੈਂ ਮਿਸਰ ਦੀ ਧਰਤੀ ਨੂੰ ਵੀਰਾਨ ਕਰ ਦਿਆਂਗਾ। ਉਹ ਧਰਤੀ ਹਰ ਸ਼ੈਅ ਗਵਾ ਲਵੇਗੀ। ਮੈਂ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!
16 “ਇਹ ਉਹ ਸੋਗੀ ਗੀਤ ਹੈ ਜਿਸ ਨੂੰ ਲੋਕ ਮਿਸਰ ਲਈ ਗਾਉਣਗੇ। ਹੋਰਨਾਂ ਕੌਮਾਂ ਦੀਆਂ ਧੀਆਂ ਮਿਸਰ ਬਾਰੇ ਇਹ ਸੋਗੀ ਗੀਤ ਗਾਉਣਗੀਆਂ। ਉਹ ਇਸ ਨੂੰ ਮਿਸਰ ਅਤੇ ਉਸ ਦੇ ਸਾਰੇ ਲੋਕਾਂ ਬਾਰੇ ਉਦਾਸ ਗੀਤ ਵਜੋਂ ਗਾਉਣਗੀਆਂ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
ਮਿਸਰ ਦਾ ਤਬਾਹ ਹੋਣਾ
17 ਜਲਾਵਤਨੀ ਦੇ 12ਵੇਂ ਵਰ੍ਹੇ ਵਿੱਚ ਉਸ ਮਹੀਨੇ ਦੇ 15ਵੇਂ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 18 “ਆਦਮੀ ਦੇ ਪੁੱਤਰ, ਮਿਸਰ ਦੇ ਲੋਕਾਂ ਲਈ ਰੋ। ਮਿਸਰ ਅਤੇ ਤਾਕਤਵਰ ਕੌਮਾਂ ਦੀਆਂ ਉਨ੍ਹਾਂ ਧੀਆਂ ਦੀ ਕਬਰ ਵੱਲ ਅਗਵਾਈ ਕਰ। ਉਨ੍ਹਾਂ ਦੀ ਹੇਠਲੀ ਦੁਨੀਆਂ ਵੱਲ ਅਗਵਾਈ ਕਰ ਜਿੱਥੇ ਉਹ ਉਨ੍ਹਾਂ ਹੋਰਨਾਂ ਲੋਕਾਂ ਨਾਲ ਹੋਣਗੇ ਜਿਹੜੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ ਸਨ।
19 “ਮਿਸਰ, ਤੂੰ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। ਮੌਤ ਦੇ ਸਥਾਨ ਵਿੱਚ ਜਾ। ਜਾਕੇ ਉਨ੍ਹਾਂ ਅਸੁੰਨਤੀਆਂ ਸੰਗ ਲੇਟ।
20 “ਮਿਸਰ ਉਨ੍ਹਾਂ ਹੋਰ ਸਾਰੇ ਲੋਕਾਂ ਨਾਲ ਰਲ ਜਾਵੇਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਦੁਸ਼ਮਣ ਨੇ ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਧੂ ਲਿਆ ਹੈ।
21 “ਮਜ਼ਬੂਤ ਅਤੇ ਤਾਕਤਵਰ ਲੋਕ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਹੇਠਾਂ ਮੌਤ ਦੇ ਸਥਾਨ ਨੂੰ ਚੱਲੇ ਗਏ। ਅਤੇ ਉਸ ਥਾਂ ਤੋਂ ਉਹ ਲੋਕ, ਜਿਹੜੇ ਮਾਰੇ ਗਏ ਸਨ, ਮਿਸਰ ਅਤੇ ਉਸ ਦੇ ਹਿਮਾਇਤੀਆਂ ਨਾਲ ਗੱਲ ਕਰਨਗੇ।
22-23 “ਅੱਸ਼ੂਰ ਅਤੇ ਉਸਦੀ ਸਾਰੀ ਫ਼ੌਜ ਓੱਥੇ ਮੌਤ ਦੇ ਸਥਾਨ ਵਿੱਚ ਹਨ। ਉਨ੍ਹਾਂ ਦੀਆਂ ਕਬਰਾਂ ਉਸ ਡੂੰਘੀ ਖੱਡ ਵਿੱਚ ਹੇਠਾਂ ਹਨ। ਉਹ ਸਾਰੇ ਅੱਸ਼ੂਰੀ ਸਿਪਾਹੀ ਜੰਗ ਵਿੱਚ ਮਾਰੇ ਗਏ ਸਨ। ਉਨ੍ਹਾਂ ਦੀਆਂ ਕਬਰਾਂ ਉਸਦੀ ਕਬਰ ਦੇ ਆਲੇ-ਦੁਆਲੇ ਹਨ। ਜਦੋਂ ਉਹ ਜਿਉਂਦੇ ਸਨ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਹੁਣ ਉਹ ਸਾਰੇ ਹੀ ਖਾਮੋਸ਼ ਹਨ-ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ।
24 “ਏਲਾਮ ਵੀ ਓੱਥੇ ਹੀ ਹੈ ਅਤੇ ਉਸਦੀ ਸਾਰੀ ਫ਼ੌਜ ਉਸਦੀ ਕਬਰ ਦੁਆਲੇ ਹੈ। ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਧਰਤੀ ਹੇਠਾਂ ਡੂੰਘੇ ਚੱਲੇ ਗਏ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਉਹ ਆਪਣੀ ਸ਼ਰਮ ਲੈ ਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ। 25 ਉਨ੍ਹਾਂ ਨੇ ਏਲਾਮ ਅਤੇ ਉਸ ਦੇ ਉਨ੍ਹਾਂ ਸਾਰੇ ਸਿਪਾਹੀਆਂ ਲਈ ਜਿਹੜੇ ਜੰਗ ਵਿੱਚ ਮਾਰੇ ਗਏ ਸਨ, ਇੱਕ ਬਿਸਤਰ ਵਿਛਾ ਦਿੱਤਾ ਹੈ। ਏਲਾਮ ਦੀ ਫ਼ੌਜ ਉਸਦੀ ਕਬਰ ਦੇ ਸਾਰੇ ਪਾਸੇ ਹੈ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਭੈਭੀਤ ਕਰਦੇ ਸਨ। ਪਰ ਉਹ ਆਪਣੀ ਸ਼ਰਮ ਲੈ ਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ। ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਪਾਇਆ ਗਿਆ ਸੀ ਜਿਹੜੇ ਮਾਰੇ ਗਏ ਹਨ।
26 “ਮਸ਼ਕ ਤੂਬਲ ਅਤੇ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਓੱਥੇ ਹਨ। ਉਨ੍ਹਾਂ ਦੀਆਂ ਕਬਰਾਂ ਇਸਦੇ ਆਲੇ-ਦੁਆਲੇ ਹਨ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ। 27 ਪਰ ਹੁਣ ਉਹ ਉਨ੍ਹਾਂ ਤਾਕਤਵਰ ਲੋਕਾਂ ਨਾਲ ਹੇਠਾਂ ਲੇਟੇ ਹੋਏ ਹਨ ਜਿਹੜੇ ਬਹੁਤ-ਬਹੁਤ ਪਹਿਲਾਂ ਮਾਰੇ ਗਏ ਸਨ! ਉਨ੍ਹਾਂ ਨੂੰ ਉਨ੍ਹਾਂ ਦੇ ਜੰਗੀ ਹਬਿਆਰਾਂ ਸਮੇਤ ਦਫ਼ਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਹੋਣਗੀਆਂ। ਪਰ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ। ਕਿਉਂ ਕਿ ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।
28 “ਮਿਸਰ, ਤੂੰ ਵੀ ਤਬਾਹ ਹੋ ਜਾਵੇਂਗਾ। ਅਤੇ ਤੂੰ ਵੀ ਹੇਠਾਂ ਉਨ੍ਹਾਂ ਅਸੁੰਨਤੀਆਂ ਨਾਲ ਲੇਟੇਁਗਾ। ਤੂੰ ਉਨ੍ਹਾਂ ਹੋਰਨਾਂ ਸਿਪਾਹੀਆਂ ਨਾਲ ਲੇਟੇਁਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ।
29 “ਅਦੋਮ ਵੀ ਓੱਥੇ ਹੈ। ਉਸ ਦੇ ਰਾਜੇ ਅਤੇ ਬਾਕੀ ਆਗੂ ਵੀ ਓੱਥੇ ਉਸ ਦੇ ਨਾਲ ਹਨ। ਉਹ ਵੀ ਤਾਕਤਵਰ ਸਿਪਾਹੀ ਸਨ। ਪਰ ਹੁਣ ਉਹ ਓੱਥੇ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜੋ ਜੰਗ ਵਿੱਚ ਮਾਰੇ ਗਏ ਸਨ। ਉਹ ਓੱਥੇ ਉਨ੍ਹਾਂ ਅਸੁੰਨਤੀਆਂ ਨਾਲ ਲੇਟੇ ਹੋਏ ਹਨ। ਉਹ ਓੱਥੇ ਹੋਰਨਾਂ ਲੋਕਾਂ ਨਾਲ ਹਨ ਜਿਹੜੇ ਉਸ ਡੂੰਘੀ ਖੱਡ ਅੰਦਰ ਚੱਲੇ ਗਏ ਸਨ।
30 “ਉੱਤਰ ਦੇ ਹਾਕਮ ਓੱਥੇ ਹਨ, ਸਾਰੇ ਦੇ ਸਾਰੇ! ਅਤੇ ਓੱਥੇ ਸਿਦੋਨੀ ਦੇ ਸਾਰੇ ਸਿਪਾਹੀ ਵੀ ਹਨ। ਉਨ੍ਹਾਂ ਦੀ ਤਾਕਤ ਲੋਕਾਂ ਨੂੰ ਭੈਭੀਤ ਕਰਦੀ ਸੀ, ਪਰ ਉਹ ਪਰੇਸ਼ਾਨ ਹੋ ਗੇਏ ਹਨ। ਉਹ ਅਸੁੰਨਤੀਏ ਉਨ੍ਹਾਂ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਹ ਆਪਣੀ ਸ਼ਰਮ ਨੂੰ ਉਸ ਡੂੰਘੀ ਖੱਡ ਵਿੱਚ ਹੇਠਾਂ ਲੈ ਗਏ ਸਨ।
31 “ਫਿਰਊਨ ਉਨ੍ਹਾਂ ਲੋਕਾਂ ਨੂੰ ਦੇਖੇਗਾ ਜਿਹੜੇ ਹੇਠਾਂ ਮੌਤ ਦੇ ਸਥਾਨ ਗਏ ਸਨ। ਉਸ ਨੂੰ ਅਤੇ ਉਸ ਦੇ ਨਾਲ ਦੇ ਸਾਰੇ ਲੋਕਾਂ ਨੂੰ ਸੱਕੂਨ ਮਿਲੇਗਾ। ਹਾਂ, ਫਿਰਊਨ ਅਤੇ ਉਸਦੀ ਸਾਰੀ ਫ਼ੌਜ ਜੰਗ ਵਿੱਚ ਮਾਰੀ ਜਾਵੇਗੀ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
32 “ਜਦੋਂ ਫਿਰਊਨ ਜਿਉਂਦਾ ਸੀ ਮੈਂ ਲੋਕਾਂ ਨੂੰ ਉਸਤੋਂ ਭੈਭੀਤ ਕੀਤਾ। ਪਰ ਹੁਣ, ਉਹ ਉਨ੍ਹਾਂ ਵਿਦੇਸ਼ੀਆਂ ਨਾਲ ਲੇਟੇਗਾ। ਫਿਰਊਨ ਅਤੇ ਉਸਦੀ ਫ਼ੌਜ ਉਨ੍ਹਾਂ ਹੋਰ ਸਾਰੇ ਸਿਪਾਹੀਆਂ ਨਾਲ ਲੇਟੇਗੀ ਜਿਹੜੇ ਜੰਗ ਵਿੱਚ ਮਾਰੇ ਗਏ ਸਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
ਸਾਨੂੰ ਤੁਹਾਨੂੰ ਵੇਖਣ ਦਿਉ।
2 ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
3 ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
4 ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
5 ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
6 ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
7 ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
8 ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
9 ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11 ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
ਗੋਹੇ ਵਾਂਗ ਸਾੜ ਦਿੱਤੀ ਗਈ ਹੈ।
17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।
2010 by World Bible Translation Center