M’Cheyne Bible Reading Plan
ਦਾਊਦ ਦੇ ਅੰਤਿਮ ਬਚਨ
23 ਦਾਊਦ ਦੇ ਅੰਤਿਮ ਸ਼ਬਦ:
“ਇਹ ਗੀਤ ਯੱਸੀ ਦੇ ਪੁੱਤਰ ਦਾਊਦ ਦਾ ਸੀ।
ਇਹ ਗੀਤ ਉਸ ਮਨੁੱਖ ਦਾ ਹੈ
ਜੋ ਉੱਚਾ ਚੁੱਕਿਆ ਗਿਆ ਸੀ ਅਤੇ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਸੀ।
ਉਹ ਇਸਰਾਏਲ ਦੇ ਰੱਖਿਅਕ ਦਾ ਮਨਪਸੰਦ ਸੀ। [a]
2 ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ
ਅਤੇ ਉਸਦਾ ਬਚਨ ਮੇਰੀ ਜ਼ਬਾਨ ਉੱਤੇ ਸੀ।
3 ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ,
ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਿਹੜਾ ਮਨੁੱਖਾਂ ਉੱਪਰ ਧਰਮ ਨਾਲ ਰਾਜ ਕਰਦਾ ਹੈ
ਜੋ ਪਰਮੇਸ਼ੁਰ ਦੀ ਭੌ ਨਾਲ ਰਾਜ ਕਰਦਾ ਹੈ।
4 ਉਹ ਮਨੁੱਖ ਸਵੇਰ ਦੇ ਚਾਨਣ ਵਾਂਗ ਹੋਵੇਗਾ ਜਦੋਂ ਸੂਰਜ ਨਿਕਲਦਾ ਹੀ ਹੈ,
ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ
ਅਤੇ ਬਰਖਾ ਬਾਅਦ ਉਸ ਚਮਕਦੀ ਧੁੱਪ ਵਰਗਾ ਤੇ ਉਸ ਘਾਹ ਵਰਗਾ,
ਜੋ ਮੀਂਹ ਤੋਂ ਪਿੱਛੋਂ ਧੁੱਪ ਦੇ ਕਾਰਣ ਧਰਤੀ ਉੱਪਰ ਉੱਗਦਾ ਹੈ।’
5 “ਪਰਮੇਸ਼ੁਰ ਨੇ ਮੇਰਾ ਪਰਿਵਾਰ ਬਲਵਾਨ ਤੇ ਸੁਰੱਖਿਅਤ ਕੀਤਾ
ਉਸ ਨੇ ਸਦਾ ਲਈ ਮੇਰੇ ਨਾਲ ਇਕਰਾਰਨਾਮਾ ਕੀਤਾ
ਜੋ ਸਾਰੀਆਂ ਗੱਲਾਂ ਵਿੱਚ ਠੀਕ ਅਤੇ ਪੱਕਾ ਹੈ ਜ਼ਰੂਰ ਹੀ
ਉਹ ਮੈਨੂੰ ਹਮੇਸ਼ਾ ਜੇਤੂ ਰੱਖੇਗਾ ਅਤੇ ਮੇਰੀਆਂ ਇੱਛਾਵਾਂ ਪੂਰੀਆਂ ਕਰੇਗਾ!
6 “ਪਰ ਬੇਧਰਮੀ ਸਾਰੇ ਕੰਡਿਆਂ ਵਾਂਗ ਲਾਂਭੇ ਸੁੱਟੇ ਜਾਣਗੇ
ਕਿਉਂ ਜੋ ਉਹ ਹੱਥਾਂ ਨਾਲ ਫ਼ੜੇ ਨਹੀਂ ਜਾਂਦੇ।
7 ਜੇਕਰ ਕੋਈ ਮਨੁੱਖ ਉਨ੍ਹਾਂ ਨੂੰ ਛੂਹ ਲਵੇ ਤਾਂ
ਉਹ ਛਿਲਤਰ ਜਾਂ ਸੂਈ ਵਾਂਗ ਕਿੱਲ ਵਾਂਗ ਚੁੱਭਦੇ ਹਨ।
ਹਾਂ ਉਹ ਲੋਕ ਕੰਡਿਆਂ ਵਰਗੇ ਹਨ
ਉਹ ਅੱਗ ਵਿੱਚ ਝੋਂਕੇ ਜਾਣਗੇ
ਅਤੇ ਪੂਰੀ ਤਰ੍ਹਾਂ ਸਾੜੇ ਜਾਣਗੇ।”
ਤਿੰਨ ਨਾਇੱਕ
8 ਦਾਊਦ ਦੇ ਸੂਰਮੇ ਇਹ ਹਨ:
ਤਾਹਕਮੋਨੀ ਯੋਸ਼ੇਬ-ਬੱਸ਼ਬਥ ਉਹ ਤਿੰਨਾਂ ਨਾਇੱਕਾਂ ਉੱਤੇ ਕਪਤਾਨ ਸੀ। ਉਸ ਨੇ ਇਕੋ ਵਾਰ ਵਿੱਚ ਆਪਣੇ ਬਰਛੇ ਨਾਲ 800 ਆਦਮੀਆਂ ਨੂੰ ਮਾਰ ਦਿੱਤਾ ਸੀ।
9 ਇਸਤੋਂ ਬਾਅਦ ਦੂਜਾ ਦੋਦੀ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਅਲਆਜ਼ਾਰ ਉਨ੍ਹਾਂ ਤਿੰਨ ਨਾਇੱਕਾਂ ਵਿੱਚੋਂ ਸੀ ਜਿਹੜੇ ਕਿ ਦਾਊਦ ਨਾਲ ਫ਼ਲਿਸਤੀਆਂ ਉੱਤੇ ਵੰਗਾਰ ਵੇਲੇ ਨਾਲ ਚੜ੍ਹੇ ਸਨ ਜਦੋਂ ਉਹ ਫ਼ਲਿਸਤੀਆਂ ਉੱਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ, ਪਰ ਉਸ ਵਕਤ ਇਸਰਾਏਲੀ ਸੈਨਿਕ ਭੱਜ ਖੜੋਤੇ ਸਨ। 10 ਅਲਆਜ਼ਾਰ ਫ਼ਲਿਸਤੀਆਂ ਨਾਲ ਉਸ ਵਕਤ ਤੱਕ ਲੜਦਾ ਰਿਹਾ ਜਦ ਤੀਕ ਉਹ ਥਕ ਨਾ ਗਿਆ। ਪਰ ਉਹ ਤਦ ਵੀ ਤਲਵਾਰ ਨੂੰ ਕੱਸ ਕੇ ਫ਼ੜੀ ਲਗਾਤਾਰ ਲੜਦਾ ਰਿਹਾ। ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਭਾਰੀ ਜਿੱਤ ਲੈ ਦਿੱਤੀ। ਜਦੋਂ ਅਲਆਜ਼ਾਰ ਜਿੱਤ ਗਿਆ ਤਾਂ ਲੋਕ ਘਰਾਂ ਵਿੱਚ ਵਾਪਸ ਆ ਗਏ ਪਰ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟ ਮਾਰ ਕਰਨ ਲਈ ਮੁੜ ਆਏ।
11 ਉਸ ਤੋਂ ਪਿੱਛੋਂ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਫ਼ਲਿਸਤੀ ਲੜਨ ਲਈ ਇਕੱਠੇ ਹੋਕੇ ਇੱਕ ਮਸਰਾਂ ਦੇ ਖੇਤ ਵਿੱਚ ਆਏ ਤਾਂ ਸਭ ਲੋਕ ਉਨ੍ਹਾਂ ਅੱਗੇ ਭੱਜ ਗਏ। 12 ਪਰ ਸ਼ੰਮਾਹ ਉਸ ਪੈਲੀ ਦੇ ਵਿੱਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਦਿਨ ਵੀ ਯਹੋਵਾਹ ਨੇ ਇਸਰਾਏਲੀ ਨੂੰ ਵੱਡੀ ਜਿੱਤ ਦਿੱਤੀ।
13 ਇੱਕ ਵਾਰ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿਕਲ ਗਏ ਅਤੇ ਅਦੁਲਾਮ ਦੀ ਗੁਫ਼ਾ ਨੂੰ ਵਾਢੀਆਂ ਦੇ ਵਕਤ ਦਾਊਦ ਕੋਲ ਆਏ, ਅਤੇ ਫ਼ਲਿਸਤੀਆਂ ਦੇ ਦਲ ਨੇ ਰਫ਼ਾਈਮ ਦੀ ਵਾਦੀ ਵਿੱਚ ਤੰਬੂ ਲਾਏ ਹੋਏ ਸਨ।
14 ਇੰਝ ਹੀ ਇੱਕ ਵਾਰ, ਦਾਊਦ ਇੱਕ ਗੜ੍ਹੀ ਵਿੱਚ ਸੀ ਅਤੇ ਕੁਝ ਫ਼ਲਿਸਤੀ ਸਿਪਾਹੀ ਬੈਤਲਹਮ ਵਿੱਚ ਸਨ। 15 ਦਾਊਦ ਆਪਣੇ ਨਗਰ ਦਾ ਪਾਣੀ ਪੀਣ ਲਈ ਬਹੁਤ ਉਤਸੁਕ ਸੀ ਇਸ ਲਈ ਉਸ ਨੇ ਆਖਿਆ, “ਮੈਂ ਇੱਛਾ ਕਰਦਾ ਕਿ ਕਾਸ਼ ਕੋਈ ਮੈਨੂੰ ਬੈਤਲਹਮ ਦੇ ਪ੍ਰਵੇਸ਼ ਵਾਲੇ ਖੂਹ ਤੋਂ ਪਾਣੀ ਲਿਆਕੇ ਦੇਵੇ।” 16 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ, ਜਿਹੜਾ ਕਿ ਉਸੇ ਫ਼ਾਟਕ ਉੱਪਰ ਸੀ ਅਤੇ ਪਾਣੀ ਭਰਕੇ ਦਾਊਦ ਨੂੰ ਲਿਆਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਨਾ ਪੀਤਾ ਸਗੋਂ ਉਸ ਨੂੰ ਭੇਟ ਵਜੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ। 17 ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਇਹ ਪਾਣੀ ਨਹੀਂ ਪੀ ਸੱਕਦਾ, ਇਹ ਪਾਣੀ ਪੀਣਾ ਉਨ੍ਹਾਂ ਵੀਰ ਸੂਰਮਿਆਂ ਦਾ ਖੂਨ ਪੀਣ ਦੇ ਬਰਾਬਰ ਹੋਵੇਗਾ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮੇਰੇ ਲਈ ਇਹ ਪਾਣੀ ਲਿਆਂਦਾ ਹੈ।” ਇਸੇ ਕਾਰਣ ਦਾਊਦ ਨੇ ਪਾਣੀ ਪੀਣ ਤੋਂ ਇਨਕਾਰ ਕੀਤਾ। ਇੰਝ ਇਨ੍ਹਾਂ ਤਿੰਨਾਂ ਨਾਇੱਕਾਂ ਨੇ ਅਜਿਹੇ ਬੜੇ ਸੂਰਮਗਤੀ ਦੇ ਕਾਰਜ ਕੀਤੇ।
ਹੋਰ ਬਹਾਦੁਰ ਸਿਪਾਹੀ
18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਵੀ ਤਿੰਨਾਂ ਵਿੱਚੋਂ ਮੁਖੀਆਂ ਸੀ। ਅਬੀਸ਼ਈ ਨੇ ਇੱਕੋ ਵੇਲੇ 300 ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਹ ਵੀ ਤਿੰਨਾਂ ਵਾਂਗ ਬੜਾ ਨਾਮੀ ਬਣਿਆ। 19 ਅਬੀਸ਼ਈ ਦੀ ਪ੍ਰਸਿੱਧੀ ਵੀ ਉਨ੍ਹਾਂ ਤਿੰਨਾਂ ਨਾਇੱਕਾਂ ਵਾਂਗ ਹੋਈ ਅਤੇ ਉਹ ਉਨ੍ਹਾਂ ਦਾ ਆਗੂ ਬਣਿਆ ਭਾਵੇਂ ਉਹ ਉਨ੍ਹਾਂ ਵਿੱਚੋਂ ਇੱਕ ਨਹੀਂ ਸੀ ਤੇ ਨਾ ਹੀ ਉਨ੍ਹਾਂ ਵਰਗਾ ਸੀ ਫ਼ਿਰ ਵੀ ਉਨ੍ਹਾਂ ਦਾ ਸਰਦਾਰ ਬਣਿਆ।
20 ਫ਼ੇਰ ਯਹੋਯਾਦਾ ਦਾ ਪੁੱਤਰ ਬਨਾਯਾਹ, ਕਬਸਏਲ ਤੋਂ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ, ਜਿਸ ਨੇ ਕਈ ਵੱਡੇ ਕੰਮ ਕੀਤੇ ਸਨ। ਉਸ ਨੇ ਮੋਆਬ ਦੇ ਦੋ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨਾਂ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਮਾਰ ਸੁੱਟਿਆ। ਬਨਾਯਾਹ ਨੇ ਬੜੀ ਬਹਾਦੁਰੀ ਦੇ ਕੰਮ ਕੀਤੇ। 21 ਇਉਂ ਹੀ ਇੱਕ ਵਾਰ ਉਸ ਨੇ ਇੱਕ ਮਿਸਰੀ ਸਿਪਾਹੀ ਨੂੰ ਵੱਢ ਸੁੱਟਿਆ। ਉਸ ਮਿਸਰ ਦੇ ਸਿਪਾਹੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਸੋਟੀ ਲੈ ਕੇ ਉਸ ਉੱਪਰ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਉਸ ਨੇ ਬਰਛੀ ਖੋਹ ਲਈ ਅਤੇ ਉਸਦੀ ਹੀ ਬਰਛੀ ਨਾਲ ਉਸ ਨੂੰ ਮਾਰ ਸੁੱਟਿਆ। 22 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇੰਝ ਦੇ ਹੋਰ ਵੀ ਬਹਾਦੁਰੀ ਦੇ ਕਈ ਕੰਮ ਕੀਤੇ। ਬਨਾਯਾਹ ਵੀ ਤਿੰਨਾਂ ਨਾਇੱਕਾਂ ਵਾਂਗ ਬੜਾ ਮਸ਼ਹੂਰ ਹੋਇਆ। 23 ਬਨਾਯਾਹ ਸਗੋਂ 30 ਸੂਰਮਿਆਂ ਤੋਂ ਵੀ ਵੱਧ ਪ੍ਰਸਿੱਧ ਹੋਇਆ। ਪਰ ਉਹ ਤਿੰਨ ਨਾਇੱਕਾਂ ਦੇ ਸੰਗ ਦਾ ਸਦੱਸ ਨਾ ਬਣਿਆ ਸਗੋਂ ਦਾਊਦ ਨੇ ਉਸ ਨੂੰ ਆਪਣੇ ਅੰਗ ਰੱਖਿਅਕਾਂ ਦਾ ਆਗੂ ਠਹਿਰਾਇਆ।
ਤੀਹ ਨਾਇੱਕ
24 ਅਸਾਹੇਲ ਜੋ ਯੋਆਬ ਦਾ ਭਰਾ ਸੀ, ਉਨ੍ਹਾਂ 30 ਵਿੱਚੋਂ ਸੀ। 30 ਸੂਰਮਿਆਂ ਦੇ ਸੰਗ ਵਿੱਚ ਹੋਰ ਬਾਕੀ ਦੇ ਸੂਰਮੇ ਸਨ।
ਜਿਨ੍ਹਾਂ ਵਿੱਚ ਇੱਕ ਅਲਹਾਨਾਨ ਸੀ ਜੋ ਕਿ
ਬੈਤਲਹਮ ਤੋਂ ਦੋਦੋ ਦਾ ਪੁੱਤਰ ਸੀ।
25 ਸ਼ੰਮਾਹ ਹਰੋਦੀ ਅਤੇ
ਅਲੀਕਾ ਹਰੋਦੀ ਸੀ।
26 ਹਲਸ ਪਲਟੀ ਅਤੇ
ਇੱਕ ਇੱਕੇਸ਼ ਤਕੋਈ ਦਾ ਪੁੱਤਰ ਈਰਾ ਸੀ।
27 ਅਬੀਅਜ਼ਰ ਅੰਨਥੋਥੀ
ਮਬੁੰਨਈ ਹੁਸ਼ਾਥੀ।
28 ਸਲਮੋਨ ਅਹੋਹੀ ਅਤੇ
ਮਹਰਈ ਨਟੋਫ਼ਾਥੀ।
29 ਬਆਨਾਹ ਦਾ ਪੁੱਤਰ ਹੇਲਬ, ਇੱਕ ਨਟੋਫ਼ਾਥੀ ਅਤੇ
ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।
30 ਬਨਾਯਾਹ ਪਿਰਾਥੋਨੀ ਅਤੇ
ਗਆਸ਼ ਦੇ ਦਰਿਆਵਾਂ ਤੋਂ ਹਿੱਦਈ।
31 ਅਬੀ-ਅਲਬੋਨ ਅਰਬਾਥੀ,
ਅਜ਼ਮਾਵਥ ਬਰਹੁਮੀ।
32 ਅਲਯਹਬਾ ਸ਼ਅਲਬੋਨੀ ਅਤੇ
ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ।
33 ਸ਼ੰਮਾਹ ਹਰਾਰੀ ਅਤੇ
ਸ਼ਾਗਰ ਅਰਾਰੀ ਦਾ ਪੁੱਤਰ ਅਹੀਆਮ।
34 ਉਸ ਮਆਕਾਥੀ ਤਾਂ ਅਹਸਬਈ ਮਆਕਾਥੀ ਦਾ ਪੁੱਤਰ ਅਲੀਫ਼ਲਟ ਅਤੇ
ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ।
35 ਹਸਰਈ ਕਰਮਲੀ ਅਤੇ
ਪਅਰਈ ਅਰਬੀ।
36 ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਅਤੇ
ਬਾਨੀ ਗਾਦੀ।
37 ਸਲਕ ਅੰਮੋਨੀ ਅਤੇ
ਨਹਰਈ ਬਏਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ।
38 ਈਰਾ ਯਿਬਰੀ ਅਤੇ
ਗਾਰੇਬ ਯਿਬਥ।
39 ਊਰਿੱਯਾਹ ਹਿੱਤੀ
ਇਹ ਸਾਰੇ ਕੁੱਲ ਮਿਲਾ ਕੇ 37 ਸਨ।
ਪਰਮੇਸ਼ੁਰ ਦੀਆਂ ਅਸੀਸਾਂ ਵਿਸ਼ਵਾਸ ਰਾਹੀਂ ਮਿਲ ਸੱਕਦੀਆਂ
3 ਹੇ ਗਲਾਤੀਓ। ਅਸੀਂ ਤੁਹਾਡੀਆਂ ਅੱਖਾਂ ਸਾਹਮਣੇ ਵਿਆਖਿਆ ਕੀਤੀ ਕਿ ਕਿਵੇਂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਪਰ ਤੁਸੀਂ ਬਹੁਤ ਮੂਰਖ ਸੀ। ਤੁਸੀਂ ਕੁਝ ਲੋਕਾਂ ਦੀ ਚਲਾਕੀ ਦੇ ਸ਼ਿਕਾਰ ਬਣ ਗਏ। 2 ਮੈਨੂੰ ਇੱਕ ਗੱਲ ਦੱਸੋਂ ਕਿ ਤੁਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਕੀ ਤੁਸੀਂ ਨੇਮ ਦਾ ਅਨੁਸਰਣ ਕਰਕੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ? ਨਹੀਂ! ਤੁਸੀਂ ਆਤਮਾ ਇਸ ਲਈ ਪ੍ਰਾਪਤ ਕੀਤਾ ਸੀ ਕਿਉਂਕਿ ਤੁਸਾਂ ਖੁਸ਼ਖਬਰੀ ਸੁਣੀ ਉਸ ਵਿੱਚ ਵਿਸ਼ਵਾਸ ਵੀ ਕੀਤਾ। 3 ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸ ਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰੱਖਤਾ ਹੈ। 4 ਤੁਸੀਂ ਬਹੁਤ ਗੱਲਾਂ ਅਨੁਭਵ ਕੀਤੀਆਂ ਹਨ। ਕੀ ਇਹ ਸਾਰੇ ਅਨੁਭਵ ਜਾਇਆ ਹੋ ਗਏ? ਮੈਨੂੰ ਉਮੀਦ ਹੈ ਕਿ ਉਹ ਅਨੁਭਵ ਬੇਕਾਰ ਨਹੀਂ ਹੋਏ। 5 ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ।
6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [a] 7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ। 8 ਪੋਥੀਆਂ ਨੇ ਆਖਿਆ ਕਿ ਭਵਿੱਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।” [b] 9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹੋ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ।
10 ਪਰ ਜਿਹੜੇ ਲੋਕ ਧਰਮੀ ਬਨਣ ਲਈ ਨੇਮ ਉੱਤੇ ਨਿਰਭਰ ਕਰਦੇ ਹਨ ਉਹ ਸਰਾਪੇ ਹੋਏ ਹਨ। ਕਿਉਂ? ਕਿਉਂਕਿ ਪੋਥੀਆਂ ਆਖਦੀਆਂ ਹਨ, “ਇੱਕ ਵਿਅਕਤੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਨੇਮ ਵਿੱਚ ਲਿਖਿਆ ਹੋਇਆ ਹੈ। ਜੋ ਉਹ ਹਮੇਸ਼ਾ ਇਸਦਾ ਪਾਲਣ ਨਹੀਂ ਕਰਦਾ ਤਾਂ ਉਹ ਵਿਅਕਤੀ ਸਰਾਪਿਆ ਹੋਇਆ ਹੈ।” [c] 11 ਇਸੇ ਲਈ ਇਹ ਬਹੁਤ ਸਪੱਸ਼ਟ ਹੈ ਕਿ ਨੇਮ ਦੁਆਰਾ ਕੋਈ ਵੀ ਧਰਮੀ ਨਹੀਂ ਬਣਾਇਆ ਜਾ ਸੱਕਦਾ। ਪੋਥੀਆਂ ਆਖਦੀਆਂ ਹਨ, “ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਉਸਦੀ ਨਿਹਚਾ ਕਾਰਣ ਧਰਮੀ ਹੈ ਉਹ ਸਦਾ ਜੀਵੇਗਾ।” [d]
12 ਨੇਮ ਵਿਸ਼ਵਾਸ ਦੀ ਵਰਤੋਂ ਨਹੀਂ ਕਰਦਾ ਇਹ ਵੱਖਰਾ ਢੰਗ ਅਪਨਾਉਂਦਾ ਹੈ। ਨੇਮ ਆਖਦਾ ਹੈ: ਜਿਹੜਾ, “ਵਿਅਕਤੀ ਨੇਮਾਂ ਦਾ ਅਨੁਸਰਣ ਕਰਕੇ ਜੀਵਨ ਪਾਉਣਾ ਚਾਹੁੰਦਾ ਹੈ ਉਸ ਨੂੰ ਉਹ ਸਭ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਨੇਮ ਆਖਦਾ ਹੈ।” [e] 13 ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰੱਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸ ਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।” [f] 14 ਯਿਸੂ ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਅਸੀਸ ਮਿਲ ਸੱਕੇ, ਪਰਮੇਸ਼ੁਰ ਨੇ ਇਸ ਅਸੀਸ ਦਾ ਵਚਨ ਅਬਰਾਹਾਮ ਨੂੰ ਦਿੱਤਾ ਸੀ। ਇਹੀ ਅਸੀਸ ਯਿਸੂ ਮਸੀਹ ਰਾਹੀਂ ਆਉਂਦੀ ਹੈ। ਯਿਸੂ ਇਸ ਲਈ ਕੁਰਬਾਨ ਹੋਇਆ ਕਿ ਅਸੀਂ ਉਸ ਪਵਿੱਤਰ ਆਤਮਾ ਨੂੰ ਪ੍ਰਾਪਤ ਕਰ ਸੱਕੀਏ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। ਇਹ ਵਾਇਦਾ ਸਾਡੇ ਵਿਸ਼ਵਾਸ ਕਾਰਣ ਸਾਨੂੰ ਪ੍ਰਾਪਤ ਹੋਇਆ ਹੈ।
ਨੇਮ ਅਤੇ ਵਾਇਦਾ
15 ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਕਰਾਰ ਬਾਰੇ ਸੋਚੋ ਜੋ ਇੱਕ ਵਿਅਕਤੀ ਲਿਖਦਾ ਹੈ। ਜਦੋਂ ਇਹ ਕਰਾਰ ਕਾਨੂੰਨੀ ਹੁੰਦਾ ਹੈ, ਤਾਂ ਕੋਈ ਵੀ ਇਸ ਨੂੰ ਰੱਦ ਨਹੀਂ ਕਰ ਸੱਕਦਾ ਤੇ ਨਾ ਹੀ ਉਸ ਵਿੱਚ ਕੁਝ ਜੋੜ ਸੱਕਦਾ ਹੈ। ਅਤੇ ਕੋਈ ਵਿਅਕਤੀ ਉਸ ਇਕਰਾਰਨਾਮੇ ਨੂੰ ਅਣਡਿੱਠ ਨਹੀਂ ਕਰ ਸੱਕਦਾ। 16 ਪਰਮੇਸ਼ੁਰ ਨੇ ਅਬਰਾਹਾਮ ਨੂੰ ਅਤੇ ਉਸਦੀ ਔਲਾਦ ਨਾਲ ਵਾਇਦੇ ਕੀਤੇ। ਪਰਮੇਸ਼ੁਰ ਨੇ ਇਹ ਨਹੀਂ ਆਖਿਆ, “ਅਤੇ ਤੁਹਾਡੀਆਂ ਔਲਾਦਾਂ ਨੂੰ।” ਉਸਦਾ ਅਰਥ ਬਹੁਤ ਸਾਰੇ ਲੋਕ ਹੋ ਸੱਕਦਾ ਹੈ। ਇਸਦੀ ਜਗ਼੍ਹਾ ਪਰਮੇਸ਼ੁਰ ਨੇ ਆਖਿਆ, “ਅਤੇ ਤੁਹਾਡੀ ਔਲਾਦ ਨੂੰ।” ਇਸਦਾ ਅਰਥ ਹੈ ਕੇਵਲ ਇੱਕ ਵਿਅਕਤੀ; ਅਤੇ ਉਹ ਮਸੀਹ ਹੈ। 17 ਮੇਰਾ ਕਹਿਣ ਦਾ ਭਾਵ ਇਹ ਹੈ ਕਿ; ਜਿਹੜਾ ਕਰਾਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਜੋ ਨੇਮ ਦੇਣ ਤੋਂ ਬਹੁਤ ਸਮਾਂ ਪਹਿਲਾਂ ਕਾਨੂੰਨੀ ਬਣ ਗਿਆ ਸੀ। ਨੇਮ 430 ਵਰ੍ਹੇ ਬਾਦ ਵਿੱਚ ਆਇਆ। ਇਸ ਲਈ ਨੇਮ ‘ਕਰਾਰ’ ਨੂੰ ਰੱਦ ਕਰਨ ਦੇ ਯੋਗ ਨਹੀਂ ਸੀ ਅਤੇ ਨਾ ਹੀ ਪਰਮੇਸ਼ੁਰ ਦੇ ਅਬਰਾਹਾਮ ਨੂੰ ਦਿੱਤੇ ਵਾਇਦੇ ਨੂੰ ਰੱਦ ਕਰਨ ਯੋਗ ਸੀ।
18 ਕੀ ਨੇਮ ਦੀ ਪਾਲਣਾ ਕਰਨਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰ ਸੱਕਦਾ ਹੈ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ? ਨਹੀਂ! ਜੇ ਅਸੀਂ ਪਾਲਣਾ ਕਰਕੇ ਪ੍ਰਾਪਤ ਕਰ ਸੱਕਦੇ ਹੁੰਦੇ, ਤਾਂ ਉਹ ਪਰਮੇਸ਼ੁਰ ਦਾ ਵਾਇਦਾ ਨਹੀਂ ਜਿਹੜਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ। ਪਰੰਤੂ ਪਰਮੇਸ਼ੁਰ ਨੇ ਆਪਣੀਆਂ ਭਰਪੂਰ ਅਸੀਸਾਂ ਅਬਰਾਹਾਮ ਨੂੰ ਆਪਣੇ ਵਾਇਦੇ ਰਾਹੀਂ ਦਿੱਤੀਆਂ।
19 ਫ਼ੇਰ ਸ਼ਰ੍ਹਾ ਕਾਹਦੇ ਵਾਸਤੇ ਹੈ? ਨੇਮ ਲੋਕਾਂ ਦੀਆਂ ਕੀਤੀਆਂ ਬਦਕਾਰੀਆਂ ਨੂੰ ਉਜਾਗਰ ਕਰਨ ਲਈ ਦਿੱਤਾ ਸੀ। ਸ਼ਰ੍ਹਾ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਕਿ ਅਬਰਾਹਾਮ ਦੀ ਖਾਸ ਨਸਲ ਨਹੀਂ ਆਈ। ਪਰਮੇਸ਼ੁਰ ਦਾ ਵਾਇਦਾ ਇਸ ਖਾਸ ਉਲਾਦ ਨਾਲ ਸੰਬੰਧਿਤ ਸੀ। ਸ਼ਰ੍ਹਾ ਦੂਤਾਂ ਰਾਹੀਂ ਦਿੱਤੀ ਗਈ ਸੀ। ਦੂਤਾਂ ਨੇ ਲੋਕਾਂ ਤੱਕ ਸ਼ਰ੍ਹਾ ਪਹੁੰਚਾਉਣ ਲਈ ਮੂਸਾ ਨੂੰ ਵਿੱਚੋਲੇ ਦੀ ਤਰ੍ਹਾਂ ਇਸਤੇਮਾਲ ਕੀਤਾ। 20 ਪਰ ਜਦੋਂ ਕੇਵਲ ਇੱਕ ਧਿਰ ਹੁੰਦੀ ਹੈ ਤਾਂ ਵਿੱਚੋਲੇ ਦੀ ਕੋਈ ਲੋੜ ਨਹੀਂ ਹੁੰਦੀ, ਅਤੇ ਪਰਮੇਸ਼ੁਰ ਕੇਵਲ ਇੱਕ ਹੈ।
ਮੂਸਾ ਦੇ ਨੇਮ ਦਾ ਮੰਤਵ
21 ਕੀ ਇਸਦਾ ਇਹ ਅਰਥ ਹੈ ਕਿ ਨੇਮ ਪਰਮੇਸ਼ੁਰ ਦੇ ਵਾਇਦਿਆਂ ਦੇ ਬਰੱਖਿਲਾਫ਼ ਹੈ? ਨਹੀਂ। ਜੇਕਰ ਅਜਿਹੀ ਸ਼ਰ੍ਹਾ ਹੁੰਦੀ ਜਿਹੜੀ ਲੋਕਾਂ ਨੂੰ ਜੀਵਨ ਦੇ ਸੱਕਦੀ, ਫ਼ੇਰ ਅਸੀਂ ਬੇਸ਼ੱਕ ਉਸ ਸ਼ਰ੍ਹਾ ਦਾ ਅਨੁਸਰਣ ਕਰਕੇ ਧਰਮੀ ਬਣਾਏ ਜਾਂਦੇ। 22 ਪਰ ਇਹ ਸੱਚ ਨਹੀਂ ਹੈ, ਕਿਉਂਕਿ ਪੋਥੀਆਂ ਨੇ ਪਰਗਟ ਕੀਤਾ ਕਿ ਸਾਰੇ ਲੋਕੀਂ ਪਾਪ ਨਾਲ ਬੱਝੇ ਹੋਏ ਕੈਦੀ ਹਨ। ਪੋਥੀਆਂ ਨੇ ਇਹ ਕਿਉਂ ਪਰਗਟ ਕੀਤਾ? ਤਾਂ ਜੋ ਵਿਸ਼ਵਾਸ ਰਾਹੀਂ ਲੋਕਾਂ ਨੂੰ ਵਾਇਦਾ ਦਿੱਤਾ ਜਾ ਸੱਕੇ। ਇਹ ਵਾਇਦਾ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਲਈ ਦਿੱਤਾ ਗਿਆ ਹੈ।
23 ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਨੇਮ ਦੇ ਕੈਦੀ ਬਣੇ ਹੋਏ ਸਾਂ ਅਤੇ ਨੇਮ ਦੀ ਨਿਗਰਾਨੀ ਹੇਠ ਸਾਂ। ਸਾਨੂੰ ਉਦੋਂ ਤੱਕ ਕੋਈ ਅਜ਼ਾਦੀ ਨਹੀਂ ਸੀ ਜਦੋਂ ਤੱਕ ਪਰਮੇਸ਼ੁਰ ਨੇ ਸਾਡੇ ਤੇ ਵਿਸ਼ਵਾਸ ਦਾ ਉਹ ਮਾਰਗ, ਪਰਗਟ ਨਹੀਂ ਕੀਤਾ, ਜਿਹੜਾ ਆ ਰਿਹਾ ਸੀ। 24 ਇਸੇ ਲਈ ਮਸੀਹ ਦੇ ਆਉਣ ਤੱਕ ਨੇਮ ਸਾਡਾ ਨਿਗਹਬਾਨ ਸੀ। ਮਸੀਹ ਦੇ ਆਉਣ ਤੋਂ ਮਗਰੋਂ ਅਸੀਂ ਵਿਸ਼ਵਾਸ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਏ ਜਾ ਸੱਕਾਂਗੇ। 25 ਹੁਣ ਵਿਸ਼ਵਾਸ ਦਾ ਮਾਰਗ ਆ ਚੁੱਕਿਆ ਹੈ। ਇਸੇ ਲਈ, ਅਸੀਂ ਹੁਣ ਨੇਮ ਦੇ ਨਿਯੰਤ੍ਰਣ ਹੇਠਾਂ ਨਹੀਂ ਜਿਉਂਦੇ।
26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ। 27 ਕਿਉਂ ਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢੱਕ ਲਿਆ ਹੈ। 28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਇੱਥੇ ਗੁਲਾਮਾਂ ਅਤੇ ਆਜ਼ਾਦਾਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂ ਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। 29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।
ਬਾਬਲ ਦੀ ਫ਼ੌਜ ਮਿਸਰ ਉੱਤੇ ਹਮਲਾ ਕਰੇਗੀ
30 ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਮੇਰੇ ਲਈ ਬੋਲ। ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਰੋਵੋ ਅਤੇ ਆਖੋ,
“ਆ ਰਿਹਾ ਹੈ ਉਹ ਭਿਆਨਕ ਦਿਨ।”
3 ਨੇੜੇ ਹੈ ਉਹ ਦਿਨ!
ਹਾਂ, ਯਹੋਵਾਹ ਦੇ ਨਿਆਂ ਦਾ ਦਿਨ ਨੇੜੇ ਹੈ।
ਇਹ ਬਦਲਵਾਈ ਦਾ ਦਿਨ ਹੋਵੇਗਾ।
ਵਕਤ ਹੋਵੇਗਾ ਇਹ ਕੌਮਾਂ ਦਾ ਨਿਆਂ ਕਰਨ ਦਾ!
4 ਮਿਸਰ ਦੇ ਵਿਰੁੱਧ ਉੱਠੇਗੀ ਤਲਵਾਰ ਇੱਕ!
ਕੂਸ਼ ਦੇ ਲੋਕ ਕੰਬਣਗੇ ਡਰ ਨਾਲ, ਉਸ ਵੇਲੇ, ਜਦੋਂ ਮਿਸਰ ਦਾ ਪਤਨ ਹੋਵੇਗਾ।
ਬਾਬਲ ਦੀ ਫ਼ੌਜ ਲੈ ਜਾਵੇਗੀ ਮਿਸਰ ਦੇ ਲੋਕਾਂ ਨੂੰ ਬੰਦੀ ਬਣਾਕੇ।
ਢਾਹ ਦਿੱਤੀਆਂ ਜਾਣਗੀਆਂ ਬੁਨਿਆਦਾਂ ਮਿਸਰ ਦੀਆਂ!
5 “‘ਬਹੁਤ ਸਾਰੇ ਲੋਕਾਂ ਨੇ ਮਿਸਰ ਨਾਲ ਅਮਨ ਦੇ ਇਕਰਾਰਨਾਮੇ ਕੀਤੇ। ਪਰ ਇਬੋਪੀਆ, ਫੂਟ, ਲੂਦ, ਸੰਪੂਰਣ ਅਰਬ ਅਤੇ ਲਿਬਿਆ ਅਤੇ ਇਸਰਾਏਲ ਦੇ ਲੋਕ, ਬਰਬਾਦ ਕੀਤੇ ਜਾਣਗੇ!
6 “‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ:
ਉਨ੍ਹਾਂ ਲੋਕਾਂ ਦਾ ਪਤਨ ਹੋ ਜਾਵੇਗਾ ਜਿਹੜੇ ਮਿਸਰ ਨੂੰ ਆਸਰਾ ਦਿੰਦੇ ਹਨ
ਉਸਦਾ ਤਾਕਤ ਦਾ ਗੁਮਾਨ ਖਤਮ ਹੋ ਜਾਵੇਗਾ।
ਮਿਗਦੋਲ ਤੋਂ ਲੈ ਕੇ ਅਸਵਾਨ ਤੀਕ ਮਿਸਰ ਦੇ ਲੋਕ ਮਾਰੇ ਜਾਣਗੇ ਜੰਗ ਵਿੱਚ।”
ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ!
7 ਮਿਸਰ ਉਨ੍ਹਾਂ ਦੇਸਾਂ ਵਿੱਚ ਸ਼ਾਮਿਲ ਹੋ ਜਾਵੇਗਾ ਜਿਹੜੇ ਤਬਾਹ ਹੋ ਗਏ ਸਨ।
ਮਿਸਰ ਉਨ੍ਹਾਂ ਵੀਰਾਨ ਧਰਤੀਆਂ ਵਿੱਚੋਂ ਇੱਕ ਹੋਵੇਗਾ।
8 ਮੈਂ ਮਿਸਰ ਵਿੱਚ ਇੱਕ ਅੱਗ ਲਾਵਾਂਗਾ,
ਅਤੇ ਉਸ ਦੇ ਸਾਰੇ ਸਹਾਇਕ ਤਬਾਹ ਹੋ ਜਾਣਗੇ।
ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!
9 “‘ਉਸ ਸਮੇਂ, ਮੈਂ ਸੰਦੇਸ਼ਵਾਹਕ ਭੇਜਾਂਗਾ। ਉਹ ਕੂਸ਼ ਨੂੰ ਬੁਰੀ ਖਬਰ ਦੇਣ ਲਈ ਜਹਾਜ਼ਾਂ ਵਿੱਚ ਜਾਣਗੇ। ਕੂਸ਼ੀਆਂ ਹੁਣ ਸੁਰੱਖਿਅਤ ਮਹਿਸੂਸ ਕਰਦਾ ਹੈ। ਪਰ ਜਦੋਂ ਮਿਸਰ ਖਤਮ ਹੋ ਜਾਵੇਗਾ ਤਾਂ ਕੂਸ਼ ਦੇ ਲੋਕ ਡਰ ਨਾਲ ਕੰਬਣਗੇ। ਉਹ ਸਮਾਂ ਆ ਰਿਹਾ ਹੈ।’”
10 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ:
“ਮੈਂ ਇਸਤੇਮਾਲ ਕਰਾਂਗਾ ਬਾਬਲ ਦੇ ਰਾਜੇ ਦਾ।
ਮੈਂ ਮਿਸਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਦਾ ਇਸਤੇਮਾਲ ਕਰਾਂਗਾ।
11 ਨਬੂਕਦਨੱਸਰ ਅਤੇ ਉਸ ਦੇ ਲੋਕ ਸਭ ਤੋਂ ਭਿਆਨਕ, ਕੌਮਾਂ ਵਿੱਚੋਂ ਹਨ।
ਅਤੇ ਮੈਂ ਉਨ੍ਹਾਂ ਨੂੰ ਲਿਆਵਾਂਗਾ ਮਿਸਰ ਨੂੰ ਤਬਾਹ ਕਰਨ ਲਈ।
ਸੂਤ ਲੈਣਗੇ ਉਹ ਤਲਵਾਰਾਂ ਆਪਣੀਆਂ ਮਿਸਰ ਦੇ ਖਿਲਾਫ਼।
ਭਰ ਦੇਣਗੇ ਉਹ ਧਰਤੀ ਨੂੰ ਲਾਸ਼ਾਂ ਨਾਲ।
12 ਸੁੱਕੀ ਧਰਤੀ ਬਣਾ ਦਿਆਂਗਾ ਮੈਂ ਨੀਲ ਨਦੀ ਨੂੰ।
ਫ਼ੇਰ ਵੇਚ ਦਿਆਂਗਾ ਮੈਂ ਉਹ ਸੁੱਕੀ ਧਰਤੀ ਬਦ ਲੋਕਾਂ ਨੂੰ।
ਇਸਤੇਮਾਲ ਕਰਾਂਗਾ ਮੈਂ ਅਜਨਬੀਆਂ ਦਾ ਉਸ ਧਰਤੀ ਨੂੰ ਖਾਲੀ ਕਰਨ ਲਈ।
ਮੈਂ, ਯਹੋਵਾਹ ਨੇ ਬੋਲ ਦਿੱਤਾ ਹੈ!”
ਮਿਸਰ ਦੇ ਬੁੱਤ ਤਬਾਹ ਹੋ ਜਾਣਗੇ
13 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ:
“ਤਬਾਹ ਕਰ ਦਿਆਂਗਾ ਮੈਂ ਮਿਸਰ ਦੇ ਬੁੱਤਾਂ ਨੂੰ ਵੀ।
ਦੂਰ ਕਰ ਦਿਆਂਗਾ ਮੈਂ ਬੁੱਤਾਂ ਨੂੰ ਨੋਫ ਤੋਂ।
ਹੋਵੇਗਾ ਨਹੀਂ ਕੋਈ ਵੀ ਆਗੂ ਫ਼ੇਰ ਕਦੇ ਮਿਸਰ ਦੀ ਧਰਤੀ ਉੱਤੇ।
ਅਤੇ ਪਾ ਦਿਆਂਗਾ ਡਰ ਮੈਂ, ਮਿਸਰ ਦੀ ਧਰਤੀ ਅੰਦਰ।
14 ਕਰ ਦਿਆਂਗਾ ਵੀਰਾਨ ਮੈਂ ਫਤਰੋਸ ਨੂੰ ਸੋਆਨ ਵਿੱਚ ਲਾ ਦਿਆਂਗਾ ਅੱਗ ਮੈਂ।
ਦੇਵਾਂਗਾ ਸਜ਼ਾ ਮੈਂ ਨੋ ਨੂੰ।
15 ਅਤੇ ਵਰ੍ਹਾਵਾਂਗਾ ਮੈਂ ਕਹਿਰ ਆਪਣਾ, ਸੀਨ ਦੇ ਖਿਲਾਫ਼ ਕਿਲਾ ਹੈ ਜਿਹੜਾ ਮਿਸਰ ਦਾ!
ਨੋ ਦੇ ਲੋਕਾਂ ਨੂੰ ਕਰ ਦੇਵਾਂਗਾ ਤਬਾਹ ਮੈਂ।
16 ਮਿਸਰ ਵਿੱਚ ਅੱਗ ਮੈਂ ਲਾ ਦਿਆਂਗਾ,
ਡਰ ਨਾਲ ਦੁੱਖੀ ਹੋਵੇਗਾ ਸ਼ਹਿਰ,
ਸੀਨ ਜਿਸਦਾ ਨਾਮ ਹੈ। ਜਾ ਧਮਕਾਣਗੇ ਸਿਪਾਹੀ ਨੋ ਸ਼ਹਿਰ ਅੰਦਰ,
ਅਤੇ ਨੋਫ ਨੂੰ ਪੈਣਗੀਆਂ ਨਿਤ ਨਵੀਆਂ ਮੁਸੀਬਤਾਂ।
17 ਆਵਨ ਅਤੇ ਚੀ-ਬਸਖ ਦੇ ਗੱਭਰੂ ਮਾਰੇ ਜਾਣਗੇ ਜੰਗ ਅੰਦਰ।
ਅਤੇ ਔਰਤਾਂ ਨੂੰ ਕਰ ਲਿਆ ਜਾਵੇਗਾ ਅਗਵਾ।
18 ਮਿਸਰ ਦਾ ਕਾਬੂ ਜਦੋਂ ਮੈਂ ਤੋੜਾਂਗਾ ਪੈ ਜਾਵੇਗਾ ਹਨੇਰ ਤਹਫਨਹੇਸ ਅੰਦਰ।
ਖਤਮ ਹੋ ਜਾਵੇਗੀ ਗੁਮਾਨੀ ਤਾਕਤ ਮਿਸਰ ਦੀ!
ਬਦਲ ਛਾ ਜਾਵੇਗਾ ਮਿਸਰ ਉੱਤੇ,
ਅਤੇ ਧੀਆਂ ਓਸਦੀਆਂ ਫ਼ੜਕੇ ਅਗਵਾ ਕਰ ਲਈਆਂ ਜਾਣਗੀਆਂ।
19 ਇਸ ਲਈ ਮੈਂ ਸਜ਼ਾ ਦੇਵਾਂਗਾ ਮਿਸਰ ਨੂੰ।
ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ!”
ਮਿਸਰ ਹਮੇਸ਼ਾ ਲਈ ਕਮਜ਼ੋਰ ਹੋ ਜਾਵੇਗਾ
20 ਜਲਾਵਤਨੀ ਦੇ 11ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ 7 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 21 “ਆਦਮੀ ਦੇ ਪੁੱਤਰ, ਮੈਂ ਮਿਸਰ ਦੇ ਰਾਜੇ, ਫਿਰਊਨ ਦੀ ਬਾਂਹ ਤੋੜ ਦਿੱਤੀ ਹੈ। ਕੋਈ ਵੀ ਉਸਦੀ ਬਾਂਹ ਉੱਤੇ ਪੱਟੀ ਨਹੀਂ ਬੰਨ੍ਹੇਗਾ। ਇਹ ਤੰਦਰੁਸ਼ਤ ਨਹੀਂ ਹੋਵੇਗੀ। ਇਸ ਲਈ ਉਸਦੀ ਬਾਂਹ ਇੰਨੀ ਮਜ਼ਬੂਤ ਨਹੀਂ ਹੋਵੇਗੀ ਕਿ ਤਲਵਾਰ ਚੁੱਕ ਸੱਕੇ।”
22 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਮਿਸਰ ਦੇ ਰਾਜੇ, ਫਿਰਊਨ ਦੇ ਖਿਲਾਫ਼ ਹਾਂ। ਮੈਂ ਉਸਦੀਆਂ ਦੋਵੇਂ ਬਾਹਾਂ ਭੰਨ ਦਿਆਂਗਾ, ਮਜ਼ਬੂਤ ਬਾਂਹ ਅਤੇ ਉਹ ਬਾਂਹ ਵੀ ਜਿਹੜੀ ਪਹਿਲਾਂ ਹੀ ਟੁੱਟੀ ਹੋਈ ਹੈ। ਮੈਂ ਉਸਦੀ ਤਲਵਾਰ ਉਸ ਦੇ ਹੱਥ ਵਿੱਚੋਂ ਡੇਗ ਦਿਆਂਗਾ। 23 ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ। 24 ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਬਣਾ ਦਿਆਂਗਾ। ਮੈਂ ਆਪਣੀ ਤਲਵਾਰ ਉਸ ਦੇ ਹੱਥ ਵਿੱਚ ਦੇ ਦਿਆਂਗਾ। ਪਰ ਮੈਂ ਫਿਰਊਨ ਦੀਆਂ ਬਾਹਾਂ ਭੰਨ ਦਿਆਂਗਾ। ਫ਼ੇਰ ਫਿਰਊਨ ਦਰਦ ਨਾਲ ਚੀਕਾਂ ਮਾਰੇਗਾ, ਅਜਿਹੀਆਂ ਚੀਕਾਂ ਜਿਹੜੀਆਂ ਮਰਨ ਵਾਲਾ ਬੰਦਾ ਮਾਰਦਾ ਹੈ। 25 ਇਸ ਲਈ ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਨੂੰ ਮਜ਼ਬੂਤ ਬਣਾ ਦਿਆਂਗਾ, ਪਰ ਫਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।
“ਮੈਂ ਆਪਣੀ ਤਲਵਾਰ ਬਾਬਲ ਦੇ ਰਾਜੇ ਦੇ ਹੱਥ ਫ਼ੜਾ ਦਿਆਂਗਾ। ਫ਼ੇਰ ਉਹ ਤਲਵਾਰ ਨੂੰ ਮਿਸਰ ਦੀ ਧਰਤੀ ਦੇ ਖਿਲਾਫ਼ ਫ਼ੈਲਾਏਗਾ। 26 ਮੈਂ ਮਿਸਰੀਆਂ ਨੂੰ ਕੌਮਾਂ ਦੇ ਦਰਮਿਆਨ ਖਿੰਡਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!”
38 ਪਰ ਪਰਮੇਸ਼ੁਰ ਦਯਾਵਾਨ ਸੀ। ਉਸ ਨੇ ਉਨ੍ਹਾਂ ਦੇ ਪਾਪ ਬਖਸ਼ ਦਿੱਤੇ।
ਅਤੇ ਉਸ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ।
ਪਰਮੇਸ਼ੁਰ ਨੇ ਆਪਣੇ ਗੁੱਸੇ ਨੂੰ ਬਹੁਤ ਵਾਰ ਰੋਕਿਆ।
ਉਸ ਨੇ ਆਪਣੇ-ਆਪ ਨੂੰ ਬਹੁਤ ਗੁੱਸੇ ਨਾ ਹੋਣ ਦਿੱਤਾ।
39 ਪਰਮੇਸ਼ੁਰ ਨੇ ਯਾਦ ਕੀਤਾ ਕਿ ਉਹ ਸਿਰਫ਼ ਇਨਸਾਨ ਸਨ।
ਲੋਕ ਹਵਾ ਵਰਗੇ ਹਨ ਜਿਹੜੀ ਵਗਦੀ ਹੈ ਅਤੇ ਚਲੀ ਜਾਂਦੀ ਹੈ।
40 ਉਨ੍ਹਾਂ ਲੋਕਾਂ ਨੇ ਮਾਰੂਥਲ ਵਿੱਚ ਪਰਮੇਸ਼ੁਰ ਦੇ ਖਿਲਾਫ਼ ਕਿੰਨੇ ਵਾਰੀ ਵਿਦ੍ਰੋਹ ਕੀਤਾ।
ਉਨ੍ਹਾਂ ਨੇ ਉਸ ਨੂੰ ਇੰਨਾ ਉਦਾਸ ਕਰ ਦਿੱਤਾ।
41 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਸਬਰ ਨੂੰ ਬਾਰ-ਬਾਰ ਪਰੱਖਿਆ।
ਸੱਚਮੁੱਚ ਉਹ ਇਸਰਾਏਲ ਦੀ ਪਵਿੱਤਰ ਹਸਤੀ ਲਈ ਦੁੱਖ ਦਾ ਕਾਰਣ ਬਣੇ।
42 ਉਹ ਲੋਕ ਪਰਮੇਸ਼ੁਰ ਦੀ ਸ਼ਕਤੀ ਨੂੰ ਭੁੱਲ ਗਏ।
ਉਹ ਭੁੱਲ ਗਏ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਵਾਰੀ ਵੈਰੀਆਂ ਕੋਲੋਂ ਬਚਾਇਆ ਸੀ।
43 ਉਹ ਮਿਸਰ ਦੇ ਕਰਿਸ਼ਮਿਆਂ ਨੂੰ ਭੁੱਲ ਗਏ
ਜਿਹੜੇ ਕਰਿਸ਼ਮੇ ਸੋਅਨ ਦੇ ਖੇਤਾਂ ਵਿੱਚ ਕੀਤੇ ਗਏ ਸਨ।
44 ਪਰਮੇਸ਼ੁਰ ਨੇ ਦਰਿਆਵਾਂ ਨੂੰ ਲਹੂ ਵਿੱਚ ਬਦਲ ਦਿੱਤਾ।
ਮਿਸਰ ਦੇ ਲੋਕ ਪਾਣੀ ਨਹੀਂ ਪੀ ਸੱਕਦੇ ਸਨ।
45 ਪਰਮੇਸ਼ੁਰ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜਿਨ੍ਹਾਂ ਨੇ ਮਿਸਰ ਦੇ ਲੋਕਾਂ ਨੂੰ ਡੰਗ ਮਾਰੇ।
ਪਰਮੇਸ਼ੁਰ ਨੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਮਿਸਰੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
46 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਫ਼ਸਲਾਂ ਉੱਤੇ ਟਿੱਡੀ ਦਲ ਛੱਡ ਦਿੱਤੇ
ਅਤੇ ਹੋਰ ਪੌਦਿਆਂ ਉੱਤੇ ਟਿੱਡੇ ਟਿੱਡੀਆਂ।
47 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਵੇਲਾਂ ਨੂੰ ਤਬਾਹ ਕਰਨ ਲਈ ਗੜ੍ਹਿਆਂ ਦੀ ਵਰਤੋਂ ਕੀਤੀ
ਅਤੇ ਉਨ੍ਹਾਂ ਦੇ ਰੁੱਖਾਂ ਨੂੰ ਤਬਾਹ ਕਰਨ ਲਈ ਕੋਰੇ ਦੀ ਵਰਤੋਂ ਕੀਤੀ।
48 ਪਰਮੇਸ਼ੁਰ ਨੇ ਉਨ੍ਹਾਂ ਦੇ ਜਾਨਵਰਾਂ ਨੂੰ ਰੋਗਾਂ ਨਾਲ
ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਮਹਾਂਮਾਰੀ ਨਾਲ ਮਾਰ ਦਿੱਤਾ।
49 ਪਰਮੇਸ਼ੁਰ ਨੇ ਮਿਸਰ ਦੇ ਲੋਕਾਂ ਨੂੰ ਆਪਣਾ ਕਹਿਰ ਦਰਸਾਇਆ।
ਉਸ ਨੇ ਉਨ੍ਹਾਂ ਵੱਲ ਆਪਣੇ ਮੌਤ ਦੇ ਫ਼ਰਿਸ਼ਤਿਆਂ ਨੂੰ ਭੇਜਿਆ।
50 ਪਰਮੇਸ਼ੁਰ ਨੇ ਨਿਸੰਕੋਚ ਆਪਣਾ ਗੁੱਸਾ ਦਰਸਾਇਆ।
ਉਸ ਨੇ ਉਨ੍ਹਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ।
ਉਸ ਨੇ ਉਨ੍ਹਾਂ ਨੂੰ ਖਤਰਨਾਕ ਬਿਮਾਰੀ ਨਾਲ ਮਰਨ ਦਿੱਤਾ।
51 ਪਰਮੇਸ਼ੁਰ ਨੇ ਮਿਸਰ ਦੇ ਪਹਿਲੋਠੇ ਜੰਮੇ ਪੁੱਤਰਾਂ ਨੂੰ ਮਾਰ ਦਿੱਤਾ।
ਉਸ ਨੇ ਹਾਮ ਦੇ ਪਰਿਵਾਰ ਵਿੱਚੋਂ ਹਰ ਪਹਿਲੋਠੇ ਪੁੱਤਰ ਨੂੰ ਮਾਰ ਦਿੱਤਾ।
52 ਫ਼ੇਰ ਪਰਮੇਸ਼ੁਰ ਨੇ ਇਸਰਾਏਲ ਨੂੰ ਆਜੜੀ ਵਾਂਗ ਹੱਕ ਲਿਆ,
ਉਹ ਆਪਣੇ ਲੋਕਾਂ ਨੂੰ ਭੇਡਾਂ ਵਾਂਗ ਮਾਰੂਥਲ ਅੰਦਰ ਲੈ ਤੁਰਿਆ।
53 ਉਸ ਨੇ ਸੁਰੱਖਿਅਤ ਢੰਗ ਨਾਲ ਆਪਣੇ ਲੋਕਾਂ ਦੀ ਰਾਹਨੁਮਾਈ ਕੀਤੀ।
ਉਸ ਦੇ ਲੋਕਾਂ ਨੂੰ ਕੋਈ ਡਰ ਨਹੀਂ ਸੀ।
ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਲਾਲ ਸਾਗਰ ਵਿੱਚ ਡੁਬੋ ਦਿੱਤਾ।
54 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਆਪਣੇ ਸੱਜੇ ਹੱਥ ਨਾਲ ਬਣਾਏ
ਆਪਣੇ ਪਵਿੱਤਰ ਪਰਬਤ ਦੇ ਸਿਰੇ ਤੱਕ ਕੀਤੀ।
55 ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ।
ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ।
ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
56 ਪਰ ਉਨ੍ਹਾਂ ਨੇ ਸਰਬ ਉੱਚ ਪਰਮੇਸ਼ੁਰ ਨੂੰ ਪਰੱਖਿਆ ਅਤੇ ਉਸ ਦੇ ਖਿਲਾਫ਼ ਵਿਦ੍ਰੋਹ ਕੀਤਾ।
ਉਨ੍ਹਾਂ ਲੋਕਾਂ ਨੇ ਉਸ ਦੇ ਆਦੇਸ਼ਾਂ ਨੂੰ ਸਤਿਕਾਰ ਨਹੀਂ ਦਿੱਤਾ।
57 ਇਸਰਾਏਲ ਦੇ ਲੋਕ ਪਰਮੇਸ਼ੁਰ ਕੋਲੋਂ ਬੇਮੁੱਖ ਹੋ ਗਏ।
ਉਹ ਉਸ ਦੇ ਖਿਲਾਫ਼ ਹੋ ਗਏ ਜਿਵੇਂ ਉਨ੍ਹਾਂ ਦੇ ਪੁਰਖਿਆਂ ਨੇ ਕੀਤਾ ਸੀ।
ਉਨ੍ਹਾਂ ਬੈਮਰੂਗ ਵਾਂਗ ਦਿਸ਼ਾਵਾਂ ਬਦਲ ਲਈਆਂ।
58 ਇਸਰਾਏਲ ਦੇ ਲੋਕਾਂ ਨੇ ਉੱਚੀਆਂ ਥਾਵਾਂ ਉਸਾਰੀਆਂ ਅਤੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
ਉਨ੍ਹਾਂ ਨੇ ਝੂਠੇ ਦੇਵਤਿਆਂ ਦੇ ਬੁੱਤ ਬਣਾਏ ਅਤੇ ਪਰਮੇਸ਼ੁਰ ਨੂੰ ਬਹੁਤ ਈਰਖਾਲੂ ਕਰ ਦਿੱਤਾ।
59 ਪਰਮੇਸ਼ੁਰ ਨੇ ਇਸ ਨੂੰ ਸੁਣਿਆ ਅਤੇ ਉਹ ਬਹੁਤ ਕਹਿਰਵਾਨ ਹੋ ਗਿਆ।
ਅਤੇ ਉਸ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਿਆਗ ਦਿੱਤਾ।
60 ਪਰਮੇਸ਼ੁਰ ਨੇ ਸ਼ੀਲੋਹ ਦੇ ਪਵਿੱਤਰ ਤੰਬੂ ਨੂੰ ਛੱਡ ਦਿੱਤਾ।
ਪਰਮੇਸ਼ੁਰ ਉਸ ਤੰਬੂ ਵਿੱਚ ਲੋਕਾਂ ਸੰਗ ਨਿਵਾਸ ਕਰਦਾ ਸੀ।
61 ਆਪਣੇ ਲੋਕਾਂ ਨੂੰ ਹੋਰਾਂ ਕੌਮਾਂ ਦੁਆਰਾ ਕੈਦ ਕਰਨ ਦਿੱਤਾ।
ਵੈਰੀਆਂ ਨੇ ਪਰਮੇਸ਼ੁਰ ਦਾ “ਸੁੰਦਰ ਹੀਰਾ” ਖੋਹ ਲਿਆ।
62 ਕਿਉਂਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨਾਲ ਗੁੱਸੇ ਸੀ।
ਉਸ ਨੇ ਉਨ੍ਹਾਂ ਨੂੰ ਜੰਗ ਵਿੱਚ ਮਰ ਜਾਣ ਦਿੱਤਾ।
63 ਜਵਾਨ ਨੂੰ ਅੱਗ ਨਾਲ ਸਾੜਿਆ ਗਿਆ ਸੀ, ਅਤੇ ਉਨ੍ਹਾਂ ਮੁਟਿਆਰਾਂ ਨੇ,
ਜਿਹੜੀਆਂ ਉਨ੍ਹਾਂ ਨਾਲ ਵਿਆਹ ਕਰਨ ਵਾਲੀਆਂ ਸਨ, ਸੁਹਾਗ ਦੇ ਗੀਤ ਗਾਏ।
64 ਜਾਜਕ ਮਾਰੇ ਗਏ,
ਪਰ ਵਿਧਵਾਵਾਂ ਉਨ੍ਹਾਂ ਲਈ ਨਾ ਪਿਟ ਸੱਕੀਆਂ।
65 ਆਖਰਕਾਰ ਸਾਡਾ ਮਾਲਕ ਨੀਂਦ ਵਿੱਚੋਂ ਉੱਠਦਾ ਹੈ।
ਜਿਵੇਂ ਸਿਪਾਹੀ ਬਹੁਤ ਮੈਅ ਪੀਣ ਤੋਂ ਬਾਅਦ ਉੱਠਦਾ ਹੈ।
66 ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਪਿੱਛਾਂਹ ਧੱਕ ਦਿੱਤਾ ਅਤੇ ਉਨ੍ਹਾਂ ਨੂੰ ਹਰਾ ਦਿੱਤਾ।
ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਹਰਾ ਦਿੱਤਾ ਅਤੇ ਸਦਾ ਲਈ ਬੇਇੱਜ਼ਤ ਕਰ ਦਿੱਤਾ।
67 ਪਰ ਪਰਮੇਸ਼ੁਰ ਨੇ ਯੂਸੁਫ਼ ਦੇ ਪਰਿਵਾਰ ਨੂੰ ਤਿਆਗ ਦਿੱਤਾ,
ਪਰਮੇਸ਼ੁਰ ਨੇ ਇਫ਼ਰਾਈਮ ਦੇ ਪਰਿਵਾਰ ਨੂੰ ਪ੍ਰਵਾਨ ਨਹੀਂ ਕੀਤਾ।
68 ਨਹੀਂ, ਪਰਮੇਸ਼ੁਰ ਨੇ ਯਹੂਦਾਹ ਦੇ ਪਰਿਵਾਰ ਨੂੰ ਚੁਣਿਆ।
ਪਰਮੇਸ਼ੁਰ ਨੇ ਸੀਯੋਨ ਪਰਬਤ ਨੂੰ ਚੁਣਿਆ ਜਿਸ ਨੂੰ ਉਹ ਪਿਆਰ ਕਰਦਾ ਹੈ।
69 ਪਰਮੇਸ਼ੁਰ ਨੇ ਉਸ ਪਰਬਤ ਦੀ ਚੋਟੀ ਉੱਤੇ ਆਪਣਾ ਪਵਿੱਤਰ ਮੰਦਰ ਉਸਾਰਿਆ।
ਪਰਮੇਸ਼ੁਰ ਨੇ ਆਪਣੇ ਪਵਿੱਤਰ ਮੰਦਰ ਨੂੰ ਧਰਤੀ ਵਾਂਗ ਹੀ ਸਦਾ ਲਈ ਰਹਿਣ ਲਈ ਉਸਾਰਿਆ।
70 ਪਰਮੇਸ਼ੁਰ ਨੇ ਦਾਊਦ ਨੂੰ ਆਪਣਾ ਖਾਸ ਸੇਵਕ ਹੋਣ ਲਈ ਚੁਣਿਆ।
ਦਾਊਦ ਭੇਡਾਂ ਦੇ ਵਾੜਿਆਂ ਦਾ ਰੱਖਵਾਲਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
71 ਦਾਊਦ ਭੇਡਾਂ ਦੀ ਦੇਖ-ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
ਪਰਮੇਸ਼ੁਰ ਨੇ ਦਾਊਦ ਨੂੰ ਆਪਣੇ ਲੋਕਾਂ ਨੂੰ ਯਾਕੂਬ ਦੇ ਲੋਕਾਂ ਨੂੰ, ਇਸਰਾਏਲ ਦੇ ਲੋਕਾਂ ਨੂੰ ਅਤੇ ਪਰਮੇਸ਼ੁਰ ਦੀ ਮਲਕੀਅਤ ਨੂੰ ਪਾਲਣ ਦਾ ਕੰਮ ਦਿੱਤਾ।
72 ਅਤੇ ਦਾਊਦ ਨੇ ਸ਼ੁੱਧ ਹਿਰਦੇ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
ਉਸ ਨੇ ਬਹੁਤ ਸਿਆਣਪ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
2010 by World Bible Translation Center