M’Cheyne Bible Reading Plan
ਸ਼ਬਾ ਇਸਰਾਏਲ ਨੂੰ ਦਾਊਦ ਤੋਂ ਦੂਰ ਕਰ ਦਿੰਦੀ ਹੈ
20 ਉਸੇ ਜਗ੍ਹਾ ਬਿਕਰੀ ਨਾਂ ਦੇ ਮਨੁੱਖ ਦਾ ਪੁੱਤਰ ਸ਼ਬਾ ਸੀ। ਉਹ ਬਿਨਯਾਮੀਨ ਘਰਾਣੇ ਵਿੱਚੋਂ ਇੱਕ ਵਾਹਿਯਾਤ ਕਿਸਮ ਦਾ ਮਨੁੱਖ ਸੀ। ਉਸ ਨੇ ਤੁਰ੍ਹੀ ਵਜਾਕੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਖਿਆ,
“ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਲੱਗਦਾ
ਨਾ ਹੀ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਲੱਗਦੀ ਹੈ
ਇਸਰਾਏਲ! ਚਲੋ ਸਭ ਆਪੋ-ਆਪਣੇ ਤੰਬੂਆਂ ਨੂੰ ਚੱਲੀਏ!”
2 ਸੋ ਸਾਰੇ ਇਸਰਾਏਲੀ ਦਾਊਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਨਾਲ ਤੁਰ ਪਏ। ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੀਕ ਪਾਤਸ਼ਾਹ ਦੇ ਨਾਲ ਹੀ ਰਹੇ।
3 ਦਾਊਦ ਯਰੂਸ਼ਲਮ ਵਿੱਚ ਆਪਣੇ ਘਰ ਨੂੰ ਪਰਤਿਆ। ਉਹ ਆਪਣੇ ਪਿੱਛੇ ਘਰ ਦੀ ਰੱਖਵਾਲੀ ਲਈ ਦਸ ਪਤਨੀਆਂ ਛੱਡ ਕੇ ਗਿਆ ਸੀ। ਉਨ੍ਹਾਂ ਦਸ ਸੁਰੀਤਾਂ ਨੂੰ ਜਿਨ੍ਹਾਂ ਨੂੰ ਉਹ ਆਪਣੇ ਘਰ ਦੀ ਰਾਖੀ ਲਈ ਛੱਡ ਕੇ ਗਿਆ ਸੀ, ਫ਼ੜਕੇ ਕੈਦ ਕਰ ਦਿੱਤਾ ਅਤੇ ਉਨ੍ਹਾਂ ਲਈ ਰਸਤ ਠਹਿਰਾ ਦਿੱਤੀ ਪਰ ਫ਼ਿਰ ਕਦੇ ਉਨ੍ਹਾਂ ਨਾਲ ਸੰਭੋਗ ਨਾ ਕੀਤਾ, ਸੋ ਉਹ ਆਪਣੇ ਮਰਨ ਸਮੇਂ ਤੀਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਹੀ ਰਹੀਆਂ।
4 ਪਾਤਸ਼ਾਹ ਨੇ ਅਮਾਸਾ ਨੂੰ ਆਖਿਆ, “ਯਹੂਦਾਹ ਦੇ ਲੋਕਾਂ ਨੂੰ ਆਖਦੇ ਕਿ ਤਿੰਨ ਦਿਨਾਂ ਵਿੱਚ ਮੈਨੂੰ ਮਿਲਣ, ਅਤੇ ਤੈਨੂੰ ਵੀ ਉਨ੍ਹਾਂ ਦੇ ਨਾਲ ਹੋਣਾ ਚਾਹੀਦਾ ਹੈਂ।”
5 ਤਦ ਅਮਾਸਾ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕਰਨ ਗਿਆ ਪਰ ਪਾਤਸ਼ਾਹ ਦੇ ਠਹਿਰਾਏ ਸਮੇਂ ਤੋਂ ਉਸ ਨੂੰ ਲੋਕਾਂ ਨੂੰ ਇਕੱਠਾ ਕਰਨ ਵਿੱਚ ਵੱਧ ਸਮਾਂ ਲੱਗ ਗਿਆ।
ਦਾਊਦ ਨੇ ਅਬੀਸ਼ਈ ਨੂੰ ਸ਼ਬਾ ਨੂੰ ਵੱਢਣ ਲਈ ਆਖਿਆ
6 ਦਾਊਦ ਨੇ ਅਬੀਸ਼ਈ ਨੂੰ ਆਖਿਆ, “ਬਿਕਰੀ ਦਾ ਪੁੱਤਰ ਸ਼ਬਾ ਸਾਡੇ ਲਈ ਅਬਸ਼ਾਲੋਮ ਤੋਂ ਵੀ ਵੱਧ ਖਤਰਨਾਕ ਹੈ। ਇਸ ਲਈ ਮੇਰੇ ਅਫ਼ਸਰਾਂ ਨਾਲ ਜਾਕੇ ਇਸ ਦਾ ਪਿੱਛਾ ਕਰੋ। ਜਲਦੀ ਕਰੋ, ਕਿਤੇ ਐਸਾ ਨਾ ਹੋਵੇ ਕਿ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜਕੇ ਸਾਡੇ ਵੇਖਣ ਤੋਂ ਬਚ ਜਾਵੇ।”
7 ਇਸ ਲਈ ਉਸ ਦੇ ਪਿੱਛੇ ਯੋਆਬ ਦੇ ਲੋਕ ਅਤੇ ਕਰੇਤੀ, ਫ਼ਲੇਤੀ ਅਤੇ ਸਾਰੇ ਸੂਰਮੇ ਨਿਕਲੇ ਅਤੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ।
ਯੋਆਬ ਦਾ ਅਮਾਸਾ ਨੂੰ ਮਾਰਨਾ
8 ਜਦੋਂ ਯੋਆਬ ਅਤੇ ਉਸਦੀ ਫ਼ੌਜ ਗਿਬਓਨ ਦੇ ਵੱਡੇ ਪੱਥਰ ਕੋਲ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਨਿਕਲਿਆ। ਯੋਆਬ ਨੇ ਆਪਣੀ ਵਰਦੀ ਪਾਈ ਹੋਈ ਸੀ। ਉਸ ਨੇ ਪੇਟੀ ਬੰਨ੍ਹੀ ਹੋਈ ਸੀ ਜਿਸ ਦੀ ਮਿਆਨ ਵਿੱਚ ਤਲਵਾਰ ਵੀ ਕਸੀ ਹੋਈ ਸੀ। ਜਿਸ ਵਕਤ ਯੋਆਬ ਅਮਾਸਾ ਨੂੰ ਮਿਲਣ ਲਈ ਅੱਗੇ ਵੱਧ ਰਿਹਾ ਸੀ ਤਾਂ ਉਸਦੀ ਤਲਵਾਰ ਮਿਆਨ ਵਿੱਚੋਂ ਡਿੱਗ ਪਈ। ਯੋਆਬ ਨੇ ਉਸ ਨੂੰ ਭੁੰਜਿਓਁ ਚੁੱਕਿਆ ਅਤੇ ਆਪਣੇ ਹੱਥ ਵਿੱਚ ਲੈ ਲਿਤੀ। 9 ਯੋਆਬ ਨੇ ਅਮਾਸਾ ਨੂੰ ਕਿਹਾ, “ਹੇ ਮੇਰੇ ਭਾਈ! ਤੂੰ ਸੁੱਖ-ਸਾਂਦ ਨਾਲ ਹੈਂ?” ਤਾਂ ਯੋਆਬ ਨੇ ਅਮਾਸਾ ਦੀ ਦਾਹੜੀ ਆਪਣੇ ਸੱਜੇ ਹੱਥ ਨਾਲ ਫ਼ੜ ਲਈ ਤਾਂ ਜੋ ਉਸ ਨੂੰ ਚੁੰਮ ਕੇ ਵੇਖੋ ਆਖ ਸੱਕੇ। 10 ਪਰ ਅਮਾਸਾ ਨੇ ਉਸ ਤਲਵਾਰ ਵੱਲ ਜੋ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਯੋਆਬ ਨੇ ਉਸ ਨੂੰ ਤਲਵਾਰ ਨਾਲ ਉਸਦੀ ਪੰਜਵੀਂ ਪੱਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆਂ। ਫ਼ਿਰ ਯੋਆਬ ਨੂੰ ਦੂਜੀ ਵਾਰ ਉਸਤੇ ਵਾਰ ਨਾ ਕਰਨਾ ਪਿਆ ਕਿਉਂ ਕਿ ਉਹ ਪਹਿਲਾਂ ਹੀ ਖਤਮ ਹੋ ਗਿਆ ਸੀ।
ਦਾਊਦ ਦੇ ਆਦਮੀ ਸ਼ਬਾ ਦੀ ਭਾਲ ਜਾਰੀ ਰੱਖਦੇ ਹਨ
ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਈ ਫ਼ੇਰ ਸ਼ਬਾ ਦਾ ਪਿੱਛਾ ਕਰਨ ਲੱਗ ਪਏ। 11 ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਬੰਦਾ ਅਮਾਸਾ ਦੇ ਕੋਲ ਖਲੋਤਾ ਰਿਹਾ। ਉਸ ਜੁਆਨ ਨੇ ਕਿਹਾ, “ਜੋ ਕੋਈ ਯੋਆਬ ਦੇ ਨਾਲ ਰਾਜ਼ੀ ਹੈ ਅਤੇ ਦਾਊਦ ਦੇ ਵੱਲ ਹੈ, ਉਹ ਯੋਆਬ ਨਾਲ ਤੁਰੇ।”
12 ਅਮਾਸਾ ਸੜਕ ਦੇ ਵਿੱਚਕਾਰ ਖੂਨ ਨਾਲ ਲੱਥਪੱਥ ਪਿਆ ਸੀ। ਉਸ ਜੁਆਨ ਨੇ ਵੇਖਿਆ ਕਿ ਸਾਰੇ ਰਾਹਗੀਰ ਉਸ ਲੋਥ ਵੇਖਕੇ ਖਲੋਂਦੇ ਜਾਂਦੇ ਹਨ ਤਾਂ ਉਸ ਨੇ ਉਸ ਲੋਥ ਨੂੰ ਸੜਕ ਤੋਂ ਰੇੜ ਕੇ ਪੈਲੀ ਵਿੱਚ ਸੁੱਟ ਦਿੱਤਾ ਅਤੇ ਉਸ ਲੋਥ ਨੂੰ ਇੱਕ ਕੱਪੜੇ ਨਾਲ ਢੱਕ ਦਿੱਤਾ। 13 ਜਦੋਂ ਅਮਾਸਾ ਦੀ ਲੋਥ ਉੱਥੋਂ ਚੁੱਕੀ ਗਈ ਤਾਂ ਸਾਰੇ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।
ਸ਼ਬਾ ਦਾ ਆਬੇਲ ਬੈਤ-ਮਅਕਾਹ ਵੱਲ ਬਚ ਨਿਕਲਣਾ
14 ਬਿਕਰੀ ਦਾ ਪੁੱਤਰ ਸ਼ਬਾ ਸਾਰੇ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਕੇ ਆਬੇਲ ਅਤੇ ਬੈਤ-ਮਅਕਾਹ ਤੀਕ ਗਿਆ ਅਤੇ ਸਾਰੇ ਬੇਰੀ ਇਕੱਠੇ ਹੋਕੇ ਉਸ ਦੇ ਪਿੱਛੇ ਤੁਰ ਪਏ।
15 ਯੋਆਬ ਅਤੇ ਉਸ ਦੇ ਆਦਮੀ ਅਬੇਲ, ਬੈਤ-ਮਅਕਾਹ ਤੀਕ ਪਹੁੰਚੇ। ਯੋਆਬ ਦੀ ਸੈਨਾ ਨੇ ਨਗਰ ਨੂੰ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਦੀਵਾਰ ਨਾਲ ਇੱਕ ਢੇਰ ਬਣਾਇਆ। ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਉਹ ਕੰਧ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ਲੱਗੇ।
16 ਪਰ ਉਸ ਸ਼ਹਿਰ ਵਿੱਚ ਇੱਕ ਬੜੀ ਸਿਆਣੀ ਔਰਤ ਸੀ। ਉਸ ਨੇ ਸ਼ਹਿਰ ਵਿੱਚੋਂ ਉੱਚੀ-ਉੱਚੀ ਕਹਿਣ ਲਗੀ, “ਮੇਰੀ ਗੱਲ ਸੁਣੋ! ਯੋਆਬ ਨੂੰ ਆਖੋ ਕਿ ਇੱਥੇ ਆਵੇ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਹਾਂ।”
17 ਯੋਆਬ ਉਸ ਔਰਤ ਨਾਲ ਗੱਲ ਕਰਨ ਲਈ ਗਿਆ। ਉਸ ਔਰਤ ਨੇ ਉਸ ਨੂੰ ਪੁੱਛਿਆ, “ਕੀ ਤੂੰ ਯੋਆਬ ਹੈਂ?”
ਯੋਆਬ ਨੇ ਕਿਹਾ, “ਹਾਂ, ਮੈਂ ਯੋਆਬ ਹਾਂ।”
ਤਾਂ ਉਸ ਔਰਤ ਨੇ ਆਖਿਆ, “ਮੇਰੀ ਗੱਲ ਸੁਣ।”
ਯੋਆਬ ਨੇ ਕਿਹਾ, “ਮੈਂ ਸੁਣ ਰਿਹਾ ਹਾਂ।”
18 ਤਾਂ ਉਸ ਔਰਤ ਨੇ ਕਿਹਾ, “ਪਿੱਛਲੇ ਸਮੇਂ ਵਿੱਚ ਲੋਕ ਇਹ ਕਹਾਵਤ ਆਖਦੇ ਸਨ, ‘ਅਬੇਲ ਵਿੱਚ ਮਦਦ ਲਈ ਪੁੱਛੋ ਤਾਂ ਤੁਸੀਂ ਜੋ ਮੰਗੋ ਤੁਹਾਨੂੰ ਮਿਲਦਾ ਹੈ।’ 19 ਮੈਂ ਇਸਰਾਏਲ ਵਿੱਚ ਸ਼ਾਂਤ ਅਤੇ ਭਲੇ ਮਾਣਸ ਲੋਕਾਂ ਵਿੱਚੋਂ ਹਾਂ। ਤੁਸੀਂ ਇਸਰਾਏਲ ਦਾ ਇੱਕ ਮਹੱਤਵਪੂਰਣ ਸ਼ਹਿਰ ਉਜਾੜਨ ਲਈ ਆਏ ਹੋ। ਭਲਾ ਤੁਸੀਂ ਉਸ ਚੀਜ਼ ਨੂੰ ਨਸ਼ਟ ਕਰਕੇ ਕੀ ਕਰੋਂਗੇ ਜੋ ਯਹੋਵਾਹ ਦੀ ਹੈ?”
20 ਯੋਆਬ ਨੇ ਜਵਾਬ ’ਚ ਕਿਹਾ, “ਸੁਣ! ਮੈਂ ਕੁਝ ਨਸ਼ਟ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਤੁਹਾਡੇ ਸ਼ਹਿਰ ਨੂੰ ਬਰਬਾਦ ਕਰਨਾ ਚਾਹੁੰਦਾ ਹਾਂ। 21 ਪਰ ਤੁਹਾਡੇ ਇਸ ਸ਼ਹਿਰ ਵਿੱਚ ਇਫ਼ਰਾਈਮ ਦੇ ਪਹਾੜ ਦਾ ਇੱਕ ਮਨੁੱਖ ਜੋ ਕਿ ਬਿਕਰੀ ਦਾ ਪੁੱਤਰ ਸ਼ਬਾ ਹੈ, ਇੱਥੇ ਆਣ ਲੁਕਿਆ ਹੈ। ਉਸ ਨੇ ਪਾਤਸ਼ਾਹ ਦਾਊਦ ਦੇ ਵਿਰੁੱਧ ਵਿਦਰੋਹ ਕੀਤਾ ਹੈ, ਜੇਕਰ ਉਸ ਨੂੰ ਮੇਰੇ ਹਵਾਲੇ ਕਰ ਦੇਵੋਁ ਤਾਂ ਮੈਂ ਤੁਹਾਡਾ ਸ਼ਹਿਰ ਇੰਝ ਹੀ ਛੱਡ ਜਾਵਾਂਗਾ।”
ਉਸ ਔਰਤ ਨੇ ਯੋਆਬ ਨੂੰ ਕਿਹਾ, “ਠੀਕ ਹੈ। ਉਸਦਾ ਸਿਰ ਕੰਧ ਉੱਪਰੋਂ ਤੇਰੇ ਕੋਲ ਸੁੱਟਿਆ ਜਾਵੇਗਾ।”
22 ਤਦ ਉਹ ਔਰਤ ਆਪਣੀ ਸਿਆਣਪ ਨਾਲ ਸਭਨਾਂ ਲੋਕਾਂ ਨੂੰ ਸਮਝਾਉਣ ਲਗੀ ਤਾਂ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ।
ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜ ਉਸ ਸ਼ਹਿਰ ਤੋਂ ਮੁੜ ਪਈ। ਸੂਰਮੇ ਆਪਣੇ ਘਰਾਂ ਵੱਲ ਪਰਤ ਗਏ ਅਤੇ ਯੋਆਬ ਵਾਪਸ ਯਰੂਸ਼ਲਮ ਵਿੱਚ ਪਾਤਸ਼ਾਹ ਕੋਲ ਪਰਤ ਗਿਆ।
ਦਾਊਦ ਦੀ ਫ਼ੌਜ ਵਿੱਚ ਨਿਯੁਕਤੀ
23 ਯੋਆਬ ਇਸਰਾਏਲ ਦੀ ਸੈਨਾ ਦਾ ਕਪਤਾਨ ਬਣਿਆ। ਯੋਨਾਦਾਬ ਦਾ ਪੁੱਤਰ ਬਨਾਯਾਹ ਕਰੇਤੀਆਂ ਦਾ ਅਤੇ ਫ਼ਲੇਤੀਆਂ ਦਾ ਆਗੂ ਬਣਿਆ। 24 ਅਦੋਰਾਮ ਬੇਗਾਰੀਆਂ ਉੱਪਰ ਸੀ ਅਤੇ ਅਹੀਲਦ ਦਾ ਪੁੱਤਰ ਯਹੋਸਫ਼ਾਟ ਇਤਹਾਸੱਕਾਰ ਸੀ। 25 ਸ਼ਿਵਾ ਸਕੱਤਰ ਸੀ। ਸਾਦੋਕ ਅਤੇ ਅਬਿਯਾਥਰ ਜਾਜਕ ਠਹਿਰਾਏ ਗਏ। 26 ਅਤੇ ਈਰਾ ਵੀ ਦਾਊਦ ਦਾ ਇੱਕ ਮੁੱਖ ਸੇਵਕ [a] ਸੀ।
ਆਖਰੀ ਚਿਤਾਵਨੀਆਂ ਤੇ ਸ਼ੁਭਕਾਮਨਾਵਾਂ
13 ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ। ਇਹ ਤੀਸਰੀ ਵਾਰ ਹੋਵੇਗਾ। ਅਤੇ ਯਾਦ ਰੱਖੋ, “ਹਰ ਇੱਕ ਸ਼ਿਕਾਇਤ ਲਈ ਦੋ ਜਾਂ ਤਿੰਨ ਵਿਅਕਤੀ ਹੋਣੇ ਚਾਹੀਦੇ ਹਨ ਜੋ ਆਖ ਸੱਕਦੇ ਹੋਣ ਕਿ ਇਹ ਸੱਚ ਹੈ।” [a] 2 ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ। 3 ਤੁਸੀਂ ਇਸ ਗੱਲ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਬੋਲ ਰਿਹਾ ਹੈ। ਮੇਰਾ ਸਬੂਤ ਇਹ ਹੈ ਕਿ ਮਸੀਹ ਤੁਹਾਨੂੰ ਸਜ਼ਾ ਦੇਣ ਲਈ ਕਮਜ਼ੋਰ ਨਹੀਂ ਹੈ। ਪਰ ਮਸੀਹ ਤੁਹਾਡੇ ਵਿੱਚਕਾਰ ਸ਼ਕਤੀਸ਼ਾਲੀ ਹੈ। 4 ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟੰਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ।
5 ਆਪਣੇ ਆਪ ਦੀ ਪਰੀਖਿਆ ਕਰੋ ਅਤੇ ਵੇਖੋ ਕਿ ਕੀ ਤੁਸੀਂ ਵਿਸ਼ਵਾਸ ਵਿੱਚ ਜਿਉਂ ਰਹੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਯਿਸੂ ਤੁਹਾਡੇ ਵਿੱਚ ਹੈ। ਪਰ ਜੇ ਤੁਸੀਂ ਪਰੀਖਿਆ ਵਿੱਚੋਂ ਫ਼ੇਲ ਹੋ ਗਏ ਤਾਂ ਮਸੀਹ ਤੁਹਾਡੇ ਅੰਦਰ ਨਹੀਂ ਰਹਿ ਰਿਹਾ। 6 ਪਰ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਵੋਂਗੇ ਕਿ ਅਸੀਂ ਪਰੱਖ ਵਿੱਚੋਂ ਫ਼ੇਲ ਨਹੀਂ ਹਾਂ। 7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਮਾੜਾ ਕੰਮ ਨਾ ਕਰੋ। ਕੀ ਇਹ ਗੱਲ ਮਹੱਤਵਪੂਰਣ ਨਹੀਂ ਹੈ ਕਿ ਇਹ ਲੋਕ ਵੇਖਣ ਕਿ ਅਸੀਂ ਪਰੀਖਿਆ ਵਿੱਚ ਸਫ਼ਲ ਹੋ ਗਏ ਹਾਂ। ਪਰ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹੀ ਕਰੋ ਜੋ ਠੀਕ ਹੈ। ਭਾਵੇਂ ਇਹ ਲੱਗਦਾ ਹੈ ਕਿ ਅਸੀਂ ਪਰੱਖ ਵਿੱਚ ਅਸਫ਼ਲ ਹੋ ਗਏ ਹਾਂ। 8 ਅਸੀਂ ਕੁਝ ਵੀ ਨਹੀਂ ਕਰ ਸੱਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸੱਕਦੇ ਹਾਂ ਜਿਹੜੀਆਂ ਸੱਚ ਲਈ ਹਨ। 9 ਅਸੀਂ ਕਮਜ਼ੋਰ ਹੋਣ ਲਈ ਖੁਸ਼ ਹਾਂ ਜੇ ਤੁਸੀਂ ਤਾਕਤਵਰ ਹੋ। ਅਤੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਹੋਰ ਵੱਧੇਰੇ ਤਕੜੇ ਹੋਵੋ। 10 ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ।
11 ਹੁਣ ਭਰਾਵੋ ਅਤੇ ਭੈਣੋ, ਤੁਹਾਨੂੰ ਅਲਵਿਦਾ। ਸੰਪੂਰਣ ਬਨਣ ਦੀ ਕੋਸ਼ਿਸ਼ ਕਰੋ। ਉਹੀ ਕਰੋ ਜੋ ਕੁਝ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ। ਇੱਕ ਦੂਸਰੇ ਨਾਲ ਸਹਿਮਤ ਹੋਵੋ ਅਤੇ ਸ਼ਾਂਤੀ ਵਿੱਚ ਜਿਉਂਵੋ। ਫ਼ੇਰ ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ।
12 ਜਦੋਂ ਤੁਸੀਂ ਇੱਕ ਦੂਸਰੇ ਨੂੰ ਸ਼ੁਭਕਾਮਨਾ ਦਿਉ, ਤਾਂ ਇੱਕ ਦੂਸਰੇ ਨੂੰ ਇੱਕ ਪਵਿੱਤਰ ਚੁੰਮੀ ਦਿਉ। ਪਰਮੇਸ਼ੁਰ ਦੇ ਸਭ ਪਵਿੱਤਰ ਲੋਕ ਤੁਹਾਡਾ ਸੁਆਗਤ ਕਰਦੇ ਹਨ।
13 ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
ਆਮੀਨ।
ਸਮੁੰਦਰਾਂ ਉੱਤੇ ਵਪਾਰ ਦਾ ਮਹਾਨ ਕੇਁਦਰ, ਸੂਰ
27 ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਸੂਰ ਬਾਰੇ ਇਹ ਸੋਗੀ ਗੀਤ ਗਾ। 3 ਸੂਰ ਬਾਰੇ ਇਹ ਗੱਲਾਂ ਆਖ: ‘ਸੂਰ, ਤੂੰ ਦਰਵਾਜ਼ਾ ਹੈਂ ਸਮੁੰਦਰ ਦਾ। ਤੂੰ ਵਪਾਰੀ ਹੈ ਬਹੁਤ ਸਾਰੀਆਂ ਕੌਮਾਂ ਲਈ। ਤੂੰ ਸਫ਼ਰ ਕਰਦਾ ਹੈਂ ਸਮੁੰਦਰ ਕੰਢੇ ਦੇ ਬਹੁਤ ਸਾਰੇ ਦੇਸਾਂ ਵੱਲ। ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ:
“‘ਸੂਰ, ਤੂੰ ਸੋਚਦਾ ਹੈਂ ਕਿ ਤੂੰ ਬਹੁਤ ਸੁਹਣਾ ਹੈਂ।
ਤੂੰ ਸੋਚਦਾ ਹੈਂ ਕਿ ਤੂੰ ਪੂਰੀ ਤਰ੍ਹਾਂ ਖੂਬਸੂਰਤ ਹੈਂ!
4 ਮੈਡੀਟੇਰੇਨੀਅਨ ਸਮੁੰਦਰ ਤੇਰੇ ਸ਼ਹਿਰ ਦੀ ਸੀਮਾ ਹੈ।
ਤੇਰੇ ਇਮਾਰਤਕਾਰਾਂ ਨੇ ਬਣਾਇਆ ਸੀ ਤੈਨੂੰ ਪੂਰਨ ਤੌਰ ਤੇ ਖੂਬਸੂਰਤ।”
ਜਿਵੇਂ ਉਹ ਜਹਾਜ਼ ਜਿਹੜੇ ਤੇਰੇ ਵੱਲੋਂ ਸਫ਼ਰ ਕਰਦੇ ਹਨ।
5 ਤੇਰੇ ਇਮਾਰਤਕਾਰਾਂ ਨੇ ਸਨੀਰ ਪਰਬਤਾਂ ਦੇ ਚੀਲ ਦੇ
ਰੁੱਖਾਂ ਨੂੰ ਵਰਤਿਆ ਸੀ ਤੇਰੀਆਂ ਤਖਤੀਆਂ ਬਨਾਉਣ ਲਈ।
ਉਨ੍ਹਾਂ ਨੇ ਲਬਾਨੋਨ ਤੋਂ ਦਿਆਰ ਦੇ ਰੁੱਖਾਂ ਨੂੰ
ਵਰਤਿਆ ਸੀ ਤੇਰੇ ਮਸਤੂਲ ਨੂੰ ਬਣਾਉਣ ਲਈ।
6 ਉਨ੍ਹਾਂ ਨੇ ਬਾਸ਼ਾਨ ਦੇ ਓਕ ਦੇ ਰੁੱਖਾਂ ਦੀ ਵਰਤੋਂ ਕੀਤੀ ਸੀ
ਤੁਹਾਡੇ ਪਤਵਾਰ ਬਨਾਉਣ ਲਈ।
ਉਨ੍ਹਾਂ ਨੇ ਕਿੱਤੀਮ ਦੇ ਟਾਪੂਆਂ ਦੇ ਰੁੱਖਾਂ ਨੂੰ ਵਰਤਿਆ ਸੀ
ਤੁਹਾਡੇ ਡੈਕ ਉਤਲੇ ਸਨਬੋਰ ਲਈ।
ਸ਼ਿੰਗਾਰਿਆ ਸੀ ਉਨ੍ਹਾਂ ਨੇ ਉਸ ਨੂੰ ਹਾਬੀ ਦੰਦ ਨਾਲ।
7 ਤੇਰੀ ਪਾਲ ਲਈ ਵਰਤੀ ਸੀ ਉਨ੍ਹਾਂ ਨੇ ਮਿਸਰ ਵਿੱਚ ਬਣੀ ਰੰਗਦਾਰ ਕਤਾਨੀ।
ਤੁਹਾਡੀ ਪਾਲ ਸੀ ਝੰਡਾ ਤੁਹਾਡਾ।
ਤੁਹਾਡੇ ਕੇਬਿਨ ਦੇ ਕੱਜਣ ਸਨ ਨੀਲੇ ਅਤੇ ਬੈਁਗਨੀ।
ਲਿਆਂਦੇ ਸਨ ਓਹ ਕਿਰਮਤੀ ਦੇ ਕੰਢੇ ਤੋਂ।
8 ਸੀਦੋਨ ਅਤੇ ਅਰਵਦ ਦੇ ਲੋਕਾਂ ਨੇ ਤੁਹਾਡੀਆਂ ਕਿਸ਼ਤੀਆਂ ਦੇ ਚੱਪੂ ਚਲਾਏ।
ਸੂਰ, ਤੁਹਾਡੇ ਸਿਆਣੇ ਬੰਦੇ ਸਨ ਕਪਤਾਨ ਤੁਹਾਡੇ ਜਹਾਜ਼ਾਂ ਦੇ।
9 ਰਾਬਲ ਦੇ ਸਿਆਣੇ ਅਤੇ ਬਜ਼ੁਰਗ ਸਨ ਤੁਹਾਡੇ ਜਹਾਜ਼ ਉੱਤੇ,
ਤੁਹਾਡੇ ਜਹਾਜ਼ ਦੇ ਫ਼ਟਿਆਂ ਵਿੱਚਲੀਆਂ ਦਰਾੜਾਂ ਬੰਦ ਕਰਨ ’ਚ ਮਦਦ ਕਰਨ ਲਈ।
ਸਮੁੰਦਰ ਦੇ ਸਾਰੇ ਜ਼ਹਾਜ਼ ਅਤੇ ਉਨ੍ਹਾਂ ਦੇ ਜਹਾਜ਼ੀ ਆਏ ਸਨ
ਤੁਹਾਡੇ ਨਾਲ ਕਾਰੋਬਾਰ ਅਤੇ ਵਪਾਰ ਕਰਨ ਲਈ।
10 “‘ਫ਼ਾਰਸ, ਲੂਦ ਅਤੇ ਫੂਟ ਦੇ ਬੰਦੇ ਸਨ ਤੁਹਾਡੀ ਫ਼ੌਜ ਵਿੱਚ। ਉਹ ਸਨ ਤੁਹਾਡੇ ਜੰਗੀ ਲੜਾਕੇ। ਟੰਗੀਆਂ ਹੋਈਆਂ ਸਨ ਉਨ੍ਹਾਂ ਨੇ ਆਪਣੀਆਂ ਢਾਲਾਂ ਅਤੇ ਆਪਣੇ ਟੋਪ ਤੁਹਾਡੀਆਂ ਕੰਧਾਂ ਉੱਤੇ। ਉਨ੍ਹਾਂ ਨੇ ਤੁਹਾਡੇ ਸ਼ਹਿਰ ਲਈ ਸਤਿਕਾਰ ਅਤੇ ਪਰਤਾਪ ਲਿਆਂਦਾ। 11 ਅਰਵਦ ਅਤੇ ਸਿਸਰੀਆ ਦੇ ਬੰਦੇ ਤੁਹਾਡੇ ਸੁਰੱਖਿਅਤ ਸੈਨਿਕ ਸਨ, ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਦੀ ਦੀਵਾਰ ਉੱਤੇ ਖਲੋਤੇ ਹੋਏ। ਤੁਹਾਡੇ ਮੁਨਾਰਿਆਂ ਵਿੱਚ ਗਾਮਾਦ ਦੇ ਲੋਕ ਸਨ। ਉਨ੍ਹਾਂ ਨੇ ਆਪਣੀਆਂ ਢਾਲਾਂ ਤੁਹਾਡੇ ਸ਼ਹਿਰ ਦੁਆਲੇ ਕੰਧਾਂ ਉੱਤੇ ਟਂਗੀਆਂ ਹੋਈਆਂ ਸਨ। ਉਨ੍ਹਾਂ ਨੇ ਤੁਹਾਡੀ ਸੁੰਦਰਤਾ ਨੂੰ ਪੂਰਨ ਬਣਾ ਦਿੱਤਾ ਸੀ।
12 “‘ਤਰਸ਼ੀਸ਼ ਤੁਹਾਡੇ ਸਭ ਤੋਂ ਚੰਗੇ ਗਾਹਕਾਂ ਵਿੱਚੋਂ ਸੀ। ਉਨ੍ਹਾਂ ਨੇ ਚਾਂਦੀ, ਲੋਹੇ, ਟੀਨ ਅਤੇ ਸਿੱਕੇ ਦਾ ਤੁਹਾਡੀ ਵੇਚਣ ਵਾਲੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। 13 ਯਾਵਾਨ, ਤੂਬਲ, ਅਤੇ ਮਸ਼ਕ ਸਾਗਰ ਦੇ ਦੁਆਲੇ ਦਾ ਖੇਤਰ ਤੁਹਾਡੇ ਨਾਲ ਵਪਾਰ ਕਰਦਾ ਸੀ। ਉਹ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਬਦਲੇ ਗੁਲਾਮਾਂ ਅਤੇ ਕਾਂਸੀ ਦਾ ਵਪਾਰ ਕਰਦੇ ਸਨ। 14 ਤੋਂਗਰਮਾਹ ਕੌਮ ਦੇ ਲੋਕ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਘੋੜਿਆਂ, ਜੰਗੀ ਘੋੜਿਆਂ ਅਤੇ ਖੱਚਰਾਂ ਦਾ ਵਪਾਰ ਕਰਦੇ ਸਨ। 15 ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਤੁਸੀਂ ਆਪਣੀਆਂ ਚੀਜ਼ਾਂ ਬਹੁਤ ਬਾਈਁ ਵੇਚੀਆਂ। ਲੋਕੀਂ ਤੁਹਾਨੂੰ ਮੁੱਲ ਅਦਾ ਕਰਨ ਲਈ ਹਾਬੀ ਦੰਦ ਅਤੇ ਆਬਨੂਸ ਦੀ ਲੱਕੜੀ ਲੈ ਕੇ ਆਏ। 16 ਅਰਾਮੀ ਦਾ ਤੁਹਾਡੇ ਨਾਲ ਵਪਾਰ ਸੀ ਕਿਉਂ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਉਨ੍ਹਾਂ ਪਂਨ, ਅਰਗਵਾਨੀ ਕੱਪੜੇ, ਕੱਢਾਈ ਦੇ ਕੰਮ, ਮਹੀਨ ਕਸੀਦੇ, ਕਤਾਨ ਅਤੇ ਮਂਗਾ ਦਾ ਵਪਾਰ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਕੀਤਾ।
17 “‘ਯਹੂਦਾਹ ਅਤੇ ਇਸਰਾਏਲ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਉਨ੍ਹਾਂ ਨੇ ਤੁਹਾਡੀਆਂ ਵੇਚੀਆਂ ਹੋਈਆਂ ਚੀਜ਼ਾਂ ਦਾ ਮੁੱਲ ਕਣਕ, ਜ਼ੈਤੂਨ, ਅਗੇਤੇ ਅੰਜੀਰਾਂ, ਸ਼ਹਿਦ, ਤੇਲ ਅਤੇ ਮਲਹਮ ਨਾਲ ਤਾਰਿਆ। 18 ਦੰਮਿਸ਼ਕ ਇੱਕ ਚੰਗਾ ਗਾਹਕ ਸੀ। ਉਸ ਨੇ ਤੁਹਾਡੀਆਂ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਹਲਬੋਨ ਦੀ ਸ਼ਰਾਬ ਅਤੇ ਚਿੱਟੀ ਉਨ ਦਾ ਉਨ੍ਹਾਂ ਚੀਜ਼ਾਂ ਨਾਲ ਵਪਾਰ ਕੀਤਾ। 19 ਊਜ਼ਲ ਤੋਂ ਵਾਦਾਨ ਅਤੇ ਯਾਵਾਨ ਨੇ ਤੁਹਾਡੀਆਂ ਵਸਤਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਕਮਾਇਆ ਹੋਇਆ ਲੋਹਾ, ਅਤਰ ਅਤੇ ਗੰਨੇ ਦਾ ਵਪਾਰ ਉਨ੍ਹਾਂ ਚੀਜ਼ਾਂ ਨਾਲ ਕੀਤਾ। 20 ਦਦਾਨ ਨੇ ਚੰਗਾ ਵਪਾਰ ਦਿੱਤਾ। ਉਨ੍ਹਾਂ ਨੇ ਤੁਹਾਡੇ ਨਾਲ ਕਾਠੀ ਦੇ ਕੱਪੜੇ ਅਤੇ ਘੋੜ-ਸਵਾਰੀ ਦਾ ਵਪਾਰ ਕੀਤਾ। 21 ਅਰਬ ਅਤੇ ਕੇਦਾਰ ਦੇ ਸਾਰੇ ਆਗੂਆਂ ਨੇ ਤੁਹਾਡੀਆਂ ਚੀਜ਼ਾਂ ਨਾਲ ਲੇਲਿਆਂ, ਭੇਡੂਆਂ, ਬੱਕਰੀਆਂ ਦਾ ਵਪਾਰ ਕੀਤਾ। 22 ਸ਼ਬਾ ਅਤੇ ਰਅਮਾਹ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। ਉਨ੍ਹਾਂ ਨੇ ਸਭ ਤੋਂ ਚੰਗੇ ਮਸਾਲਿਆਂ ਅਤੇ ਹਰ ਤਰ੍ਹਾਂ ਦੇ ਬਹੁਮੁੱਲੇ ਪੱਥਰ ਅਤੇ ਸੋਨੇ ਨਾਲ ਤੁਹਾਡੀਆਂ ਚੀਜ਼ਾਂ ਦਾ ਵਪਾਰ ਕੀਤਾ। 23 ਹਾਰਾਨ, ਕੰਨੇਹ, ਅਦਨ, ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। 24 ਉਨ੍ਹਾਂ ਨੇ ਸਭ ਤੋਂ ਚੰਗੇ ਕੱਪੜਿਆਂ, ਨੀਲੇ ਅਤੇ ਸੁੰਦਰ ਕੱਢਾਈ ਦੇ ਕੰਮ ਵਾਲੇ ਕੱਪੜਿਆਂ, ਅਨੇਕਾਂ ਰਂਗਾਂ ਦੇ ਗਲੀਚਿਆਂ, ਕਸ ਕੇ ਬੰਨ੍ਹੇ ਹੋਏ ਰੱਸਿਆਂ ਅਤੇ ਦਿਆਰ ਦੀ ਲੱਕੜੀ ਤੋਂ ਬਣੀਆਂ ਚੀਜ਼ਾਂ ਨਾਲ ਅਦਾਇਗੀ ਕੀਤੀ। ਇਹੀ ਚੀਜ਼ਾਂ ਸਨ ਜਿਨ੍ਹਾਂ ਨਾਲ ਉਹ ਤੁਹਾਡੇ ਨਾਲ ਵਪਾਰ ਕਰਦੇ ਸਨ। 25 ਤਰਸ਼ੀਸ਼ ਦੇ ਜਹਾਜ਼ ਤੁਹਾਡੀਆਂ ਵੇਚੀਆਂ ਚੀਜ਼ਾਂ ਨੂੰ ਲੈ ਜਾਂਦੇ ਸਨ।
“ਸੂਰ, ਤੂੰ ਹੈ ਉਨ੍ਹਾਂ ਮਾਲਵਾਹਕ ਜਹਾਜ਼ਾਂ ਵਿੱਚੋਂ ਕਿਸੇ ਇੱਕ ਵਰਗਾ।
ਤੂੰ ਸਮੁੰਦਰ ਉੱਤੇ ਹੈਂ, ਬਹੁਤ ਸਾਰੀਆਂ ਦੌਲਤਾਂ ਨਾਲ ਮਾਲਾਮਾਲ।
26 ਤੇਰੇ ਪਤਵਾਰ ਚਲਾਉਣ ਵਾਲੇ ਤੈਨੂੰ ਸਮੁੰਦਰ ਵਿੱਚ ਦੂਰ-ਵਗਾ ਕੇ ਲੈ ਗਏ।
ਪਰ ਪੂਰਬ ਦੀ ਇੱਕ ਤਾਕਤਵਰ ਹਵਾ ਤਬਾਹ ਕਰ ਦੇਵੇਗੀ ਤੇਰੇ ਸਮੁੰਦਰ ਵਿੱਚਲੇ ਜਹਾਜ਼ਾਂ ਨੂੰ।
27 ਅਤੇ ਡੁਲ੍ਹ ਜਾਵੇਗੀ ਤੇਰੀ ਸਾਰੀ ਦੌਲਤ ਸਮੁੰਦਰ ਵਿੱਚ।
ਤੇਰੀ ਦੌਲਤ-ਉਹ ਚੀਜ਼ਾਂ ਜਿਹੜੀਆਂ ਨੂੰ ਖਰੀਦਦਾ ਤੇ ਵੇਚਦਾ ਹੈਂ-ਡੁਲ੍ਹ ਜਾਵੇਗੀ ਸਮੁੰਦਰ ਵਿੱਚ।
ਤੇਰੇ ਸਾਰੇ ਮਾਝੀ-ਜਹਾਜਰਾਨਾਂ, ਕਪਤਾਨਾਂ ਅਤੇ ਉਹ ਆਦਮੀ ਜਿਹੜੇ ਬੰਦ ਕਰਦੇ ਨੇ ਦਰਾੜਾਂ ਤੇਰੇ ਜਹਾਜ਼ਾਂ ਦੇ ਫ਼ਟਿਆਂ ਵਿੱਚਲੀਆਂ-
ਡੁਲ੍ਹ ਜਾਵੇਗਾ ਸਮੁੰਦਰ ਅੰਦਰ।
ਤੇਰੇ ਸ਼ਹਿਰ ਦੇ ਵਪਾਰੀ ਸਿਪਾਹੀ ਸਾਰੇ ਹੀ ਡੁੱਬ ਜਾਣਗੇ ਸਮੁੰਦਰ ਵਿੱਚ।
ਇਹੀ ਵਾਪਰੇਗਾ ਜਿਸ ਦਿਨ ਤੂੰ ਤਬਾਹ ਹੋਵੇਂਗਾ!
28 “‘ਪਿਂਡ ਡਰ ਨਾਲ ਕੰਬ ਜਾਣਗੇ ਜਦੋਂ ਉਹ ਤੁਹਾਡੇ ਕਪਤਾਨਾਂ ਦੀਆਂ ਚੀਕਾਂ ਸੁਣਨਗੇ!
29 ਤੁਹਾਡਾ ਪੂਰਾ ਮਲਾਹ ਛਾਲ ਮਾਰ ਦੇਵੇਗਾ ਜਹਾਜ਼ ਵਿੱਚੋਂ।
ਜਹਾਜ਼ਰਾਨ ਅਤੇ ਕਪਤਾਨ ਛਾਲ ਮਾਰ ਦੇਣਗੇ ਜਹਾਜ਼ ਵਿੱਚੋਂ ਅਤੇ ਤਰ ਜਾਣਗੇ ਕੰਢੇ ਤਾਈਂ।
30 ਬਹੁਤ ਉਦਾਸ ਹੋਵਣਗੇ ਉਹ ਤੇਰੇ ਬਾਰੇ।
ਰੋਵਣਗੇ ਉਹ, ਘਟ੍ਟਾ ਪਾਉਣਗੇ ਆਪਣੇ ਸਿਰਾਂ ਵਿੱਚ ਅਤੇ ਲੇਟਣਗੇ ਰਾਖ ਵਿੱਚ।
31 ਸਿਰ ਮੁਨਾਵਣਗੇ ਉਹ ਤੇਰੇ ਲਈ।
ਪਹਿਨਣਗੇ ਉਹ ਸੋਗੀ ਵਸਤਰ।
ਰੋਵਣਗੇ ਉਹ ਜਿਵੇਂ ਰੋਦਾ ਹੈ ਕੋਈ ਕਿਸੇ ਮਰ ਗਏ ਬੰਦੇ ਲਈ।
32 “‘ਉਨ੍ਹਾਂ ਦੇ ਭਾਰੀ ਰੋਣੇ ਅੰਦਰ ਉਹ ਤੇਰੇ ਲਈ ਇਹ ਉਦਾਸ ਗੀਤ ਗਾਉਣਗੇ, ਅਤੇ ਤੇਰੇ ਲਈ ਰੋਣਗੇ।
“‘ਕੋਈ ਨਹੀਂ ਹੈ ਸੂਰ ਵਰਗਾ!
ਬਰਬਾਦ ਹੋ ਗਿਆ ਹੈ ਸੂਰ ਅੱਧ ਵਿੱਚਕਾਰ ਸਮੁੰਦਰ ਦੇ!
33 ਤੁਹਾਡੇ ਵਪਾਰੀਆਂ ਨੇ ਸਫ਼ਰ ਕੀਤਾ ਸਮੁੰਦਰੋ ਪਾਰ!
ਸੰਤੁਸ਼ਟ ਕੀਤਾ ਤੁਸੀਂ ਬਹੁਤ ਲੋਕਾਂ ਨੂੰ ਆਪਣੀ ਵੱਡੀ ਦੌਲਤ ਨਾਲ ਅਤੇ ਆਪਣੀਆਂ ਵੇਚੀਆਂ ਚੀਜ਼ਾਂ ਨਾਲ।
ਬਣਾ ਦਿੱਤਾ ਤੁਸੀਂ ਧਰਤੀ ਦੇ ਰਾਜਿਆਂ ਨੂੰ ਅਮੀਰ!
34 ਪਰ ਤੁਸੀਂ ਭਂਨੇ ਪਏ ਹੋ ਸਮੁੰਦਰਾਂ ਦੇ
ਅਤੇ ਡੂੰਘਿਆਂ ਪਾਣੀਆਂ ਦੇ।
ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੇਚਦੇ ਹੋ,
ਅਤੇ ਤੁਹਾਡੇ ਸਾਰੇ ਲੋਕ ਡਿੱਗ ਪਏ ਹਨ!
35 ਸਮੁੰਦਰੀ ਕੰਢੇ ਰਹਿੰਦੇ ਸਾਰੇ ਹੀ
ਲੋਕ ਹਨ ਭੈਭੀਤ ਤੁਹਾਡੇ ਬਾਰੇ।
ਰਾਜੇ ਉਨ੍ਹਾਂ ਦੇ ਨੇ ਅੱਤ ਭੈਭੀਤ।
ਚਿਹਰੇ ਉਨ੍ਹਾਂ ਦੇ ਦਰਸਾਉਂਦੇ ਨੇ ਭੈ ਉਨ੍ਹਾਂ ਦਾ।
36 ਹੋਰਨਾਂ ਕੌਮਾਂ ਦੇ ਵਪਾਰੀ ਸੀਟੀਆਂ ਮਾਰਦੇ ਨੇ ਤੁਹਾਡੇ ਉੱਤੇ।
ਵਪਾਰੀਆਂ ਨੇ ਜਿਹੜੀਆਂ ਗੱਲਾਂ ਤੁਹਾਡੇ ਨਾਲ ਭੈਭੀਤ ਕਰਨਗੀਆਂ ਉਹ ਲੋਕਾਂ ਨੂੰ।
ਕਿਉਂ? ਕਿਉਂਕਿ ਖਤਮ ਹੋ ਗਏ ਹੋ ਤੁਸੀਂ ਰੋਵੋਂਗੇ ਨਹੀਂ ਤੁਸੀਂ ਫ਼ੇਰ ਹੁਣ।’”
ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।
75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
ਅਸੀਂ ਤੇਰੀ ਉਸਤਤਿ ਕਰਦੇ ਹਾਂ।
ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।
2 ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
ਮੈਂ ਬੇਲਾਗ ਨਿਆਂ ਕਰਾਂਗਾ।
3 ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।
4 “ਕੁਝ ਲੋਕ ਬੜੇ ਗੁਮਾਨੀ ਹਨ।
ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
5 ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”
6 ਧਰਤੀ ਉੱਤੇ ਕੋਈ ਸ਼ਕਤੀ ਨਹੀਂ
ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
7 ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
8 ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
9 ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ।
76 ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ।
ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
2 ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ।
ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
3 ਉਸ ਜਗ਼੍ਹਾ ਪਰਮੇਸ਼ੁਰ ਨੇ ਤੀਰ ਕਮਾਨ,
ਢਾਲਾਂ, ਤਲਵਾਰਾਂ ਅਤੇ ਜੰਗ ਅਤੇ ਹੋਰ ਹਥਿਆਰ ਤੋੜੇ ਸਨ।
4 ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ
ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
5 ਉਨ੍ਹਾਂ ਸਿਪਾਹੀਆਂ ਨੇ ਸੋਚਿਆ ਕਿ ਉਹ ਤਾਕਤਵਰ ਹਨ।
ਪਰ ਹੁਣ ਉਹ ਖੇਤਾਂ ਅੰਦਰ ਮੁਰਦਾ ਪਏ ਹਨ।
ਉਨ੍ਹਾਂ ਨੇ ਸ਼ਰੀਰ ਉਸ ਸਭ ਕਾਸੇ ਤੋਂ ਸੱਖਣੇ ਪਏ ਹਨ ਉਹ ਜੋ ਸਭ ਕੁਝ ਉਨ੍ਹਾਂ ਦਾ ਸੀ।
ਉਨ੍ਹਾਂ ਸਿਪਾਹੀਆਂ ਵਿੱਚੋਂ ਕੋਈ ਵੀ ਆਪਣੀ ਰੱਖਿਆ ਨਹੀਂ ਕਰ ਸੱਕਿਆ ਸੀ।
6 ਯਾਕੂਬ ਦਾ ਪਰਮੇਸ਼ੁਰ ਉਨ੍ਹਾਂ ਸਿਪਾਹੀਆਂ ਉੱਤੇ ਗੱਜਿਆ,
ਅਤੇ ਉਹ ਸਾਰੀ ਫ਼ੌਜ ਆਪਣੇ ਰੱਥਾਂ ਅਤੇ ਘੋੜਿਆਂ ਨਾਲ ਮੁਰਦਾ ਹੋ ਡਿੱਗੀ।
7 ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ।
ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
8-9 ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ।
ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ।
ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ।
ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
10 ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ।
ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।
11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ।
ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ।
2010 by World Bible Translation Center