M’Cheyne Bible Reading Plan
ਦਾਊਦ ਦਾ ਅਹੀਮਲਕ ਜਾਜਕ ਵੱਲ ਜਾਣਾ
21 ਤਦ ਦਾਊਦ ਚੱਲਾ ਗਿਆ ਅਤੇ ਯੋਨਾਥਾਨ ਵਾਪਸ ਸ਼ਹਿਰ ’ਚ ਪਰਤ ਆਇਆ। ਦਾਊਦ ਨੌਬ ਨਾਮ ਦੇ ਸ਼ਹਿਰ ਵਿੱਚ ਅਹੀਮਲਕ ਨਾਮ ਦੇ ਜਾਜਕ ਵੱਲ ਗਿਆ।
ਅਹੀਮਲਕ ਵੀ ਦਾਊਦ ਨੂੰ ਮਿਲਣ ਲਈ ਬਾਹਰ ਨਿਕਲਿਆ ਪਰ ਉਹ ਡਰ ਨਾਲ ਕੰਬ ਰਿਹਾ ਸੀ ਅਤੇ ਉਸ ਨੇ ਡਰਦਿਆਂ ਦਾਊਦ ਕੋਲੋਂ ਪੁੱਛਿਆ, “ਤੂੰ ਇੱਕਲਾ ਕਿਉਂ ਹੈਂ? ਕੀ ਤੇਰੇ ਨਾਲ ਕੋਈ ਨਹੀਂ ਆਇਆ?”
2 ਦਾਊਦ ਨੇ ਅਹੀਮਲਕ ਨੂੰ ਕਿਹਾ, “ਪਾਤਸ਼ਾਹ ਨੇ ਮੈਨੂੰ ਖਾਸ ਹੁਕਮ ਦੇਕੇ ਭੇਜਿਆ ਹੈ। ਉਸ ਨੇ ਮੈਨੂੰ ਕਿਹਾ ਹੈ, ‘ਕਿਸੇ ਨੂੰ ਵੀ ਇਸ ਕੰਮ ਬਾਰੇ ਜੋ ਮੈਂ ਤੈਨੂੰ ਕਰਨ ਲਈ ਭੇਜਿਆ ਹੈ, ਪਤਾ ਨਾ ਲੱਗੇ।’ ਅਤੇ ਆਪਣੇ ਆਦਮੀਆਂ ਨੂੰ ਮੈਂ ਮਿਲਣ ਲਈ ਥਾਂ ਦੱਸ ਦਿੱਤੀ ਹੈ ਕਿ ਕਿੱਥੇ ਮਿਲਣਾ ਹੈ। 3 ਹੁਣ ਤੇਰੇ ਕੋਲ ਖਾਣ ਨੂੰ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਕੁਝ ਵੀ ਤੇਰੇ ਕੋਲ ਹੈ, ਮੈਨੂੰ ਖਾਣ ਲਈ ਦੇ।”
4 ਜਾਜਕ ਨੇ ਦਾਊਦ ਨੂੰ ਕਿਹਾ, “ਮੇਰੇ ਕੋਲ ਇੱਥੇ ਕੋਈ ਆਮ ਰੋਟੀ ਨਹੀਂ ਹੈ, ਪਰ ਮੇਰੇ ਕੋਲ ਇੱਥੇ ਕੁਝ ਪਵਿੱਤਰ ਰੋਟੀਆਂ ਹਨ। ਤੇਰੇ ਬੰਦੇ ਇਹ ਰੋਟੀਆਂ ਖਾ ਸੱਕਦੇ ਹਨ ਜੇਕਰ ਉਨ੍ਹਾਂ ਕਿਸੇ ਔਰਤ ਨਾਲ ਸੰਭੋਗ ਨਹੀਂ ਕੀਤਾ।”
5 ਦਾਊਦ ਨੇ ਜਾਜਕ ਨੂੰ ਕਿਹਾ, “ਸਾਡੇ ਨਾਲ ਕੋਈ ਇਸਤਰੀ ਨਹੀਂ ਹੈ। ਭਾਵੇਂ ਅਸੀਂ ਲੜਾਈ ਲੜਨ ਲਈ ਜਾਈਏ ਅਤੇ ਭਾਵੇਂ ਕਿਸੇ ਆਮ ਕੰਮ ਲਈ ਪਰ ਮੇਰੇ ਆਦਮੀ ਹਰ ਵਾਰ ਬਾਹਰ ਜਾਣ ਤੋਂ ਪਹਿਲਾਂ ਆਪਣਾ ਸ਼ਰੀਰ ਪਵਿੱਤਰ ਰੱਖਦੇ ਹਨ ਅਤੇ ਅੱਜ ਲਈ ਤਾਂ ਇਹ ਗੱਲ ਬਿਲਕੁਲ ਹੀ ਸੱਚ ਹੈ ਜਦ ਕਿ ਅੱਜ ਦਾ ਸਾਡਾ ਕਾਰਜ ਹੀ ਬੜਾ ਵਿਸ਼ੇਸ਼ ਹੈ।”
6 ਉੱਥੇ ਪਵਿੱਤਰ ਰੋਟੀਆਂ ਤੋਂ ਸਿਵਾਏ ਕੁਝ ਹੋਰ ਸੀ ਹੀ ਨਹੀਂ, ਇਸ ਲਈ ਜਾਜਕ ਨੇ ਉਹ ਰੋਟੀਆਂ ਦਾਊਦ ਨੂੰ ਦੇ ਦਿੱਤੀਆਂ। ਇਹ ਉਹ ਰੋਟੀ ਸੀ ਜਿਹੜੀ ਜਾਜਕ ਯਹੋਵਾਹ ਦੇ ਅੱਗੇ ਭੋਗ ਲਗਾਉਣ ਲਈ ਖਾਣਾ ਖਾਣ ਤੋਂ ਪਹਿਲਾਂ ਰੱਖਦਾ ਹੈ। ਹਰ ਰੋਜ਼ ਉਹ ਪੁਰਾਣੀ ਰੋਟੀ ਉੱਥੋਂ ਚੁੱਕ ਕੇ ਨਵੀਂ ਤਾਜ਼ੀ ਰੋਟੀ ਉੱਥੇ ਮੇਜ਼ ਉੱਤੇ ਯਹੋਵਾਹ ਅੱਗੇ ਰੱਖਦੇ ਹਨ।
7 ਉਸ ਦਿਨ ਸ਼ਾਊਲ ਦੇ ਸਿਪਾਹਿਆਂ ਵਿੱਚੋਂ ਇੱਕ ਉੱਥੇ ਹੀ ਸੀ। ਉਸਦਾ ਨਾਮ ਅਦੋਮੀ ਦੋਏਗ ਸੀ। ਦੋਏਗ ਸ਼ਾਊਦ ਦੇ ਅਯਾਲੀਆਂ ਦਾ ਆਗੂ ਸੀ, ਉਸ ਨੂੰ ਉੱਥੇ ਯਹੋਵਾਹ ਦੇ ਅੱਗੇ ਰੱਖਿਆ ਗਿਆ ਸੀ।
8 ਦਾਊਦ ਨੇ ਅਹੀਮਲਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਨੇਜਾ ਜਾਂ ਤਲਵਾਰ ਹੈ? ਮੈਨੂੰ ਜਲਦੀ ਵਿੱਚ ਤੁਰਨਾ ਪਿਆ ਕਿਉਂਕਿ ਪਾਤਸ਼ਾਹ ਦਾ ਕੰਮ ਬਹੁਤ ਜਲਦੀ ਦਾ ਸੀ ਅਤੇ ਜਲਦੀ ਵਿੱਚ ਮੈਂ ਆਪਣੇ ਨਾਲ ਆਪਣੀ ਤਲਵਾਰ ਜਾਂ ਹੋਰ ਕੋਈ ਹਥਿਆਰ ਨਹੀਂ ਲੈ ਕੇ ਆਇਆ।”
9 ਜਾਜਕ ਨੇ ਕਿਹਾ, “ਇੱਥੇ ਤਾਂ ਕੇਵਲ ਫ਼ਲਿਸਤੀ ਗੋਲਿਆਥ ਦੀ ਤਲਵਾਰ ਪਈ ਹੈ। ਇਹ ਉਹੀ ਤਲਵਾਰ ਹੈ ਜਿਹੜੀ ਤੂੰ ਉਸ ਕੋਲੋਂ ਲੈ ਕੇ ਏਲਾਹ ਦੀ ਵਾਦੀ ਵਿੱਚ ਉਸ ਨੂੰ ਜਾਨੋਂ ਮਾਰਿਆ ਸੀ। ਇਹ ਤਲਵਾਰ ਕੱਪੜੇ ਵਿੱਚ ਲਪੇਟੀ ਏਫ਼ੋਦ ਦੇ ਪਿੱਛੇ ਪਈ ਹੈ। ਜੇਕਰ ਤੈਨੂੰ ਚਾਹੀਦੀ ਹੈ ਤਾਂ ਤੂੰ ਲੈ ਜਾ ਸੱਕਦਾ ਹੈ।”
ਦਾਊਦ ਨੇ ਕਿਹਾ, “ਇਹ ਮੈਨੂੰ ਦੇ ਦਿਉ। ਗੋਲਿਆਥ ਦੀ ਤਲਵਾਰ ਜਿਹੀ ਹੋਰ ਕੋਈ ਤਲਵਾਰ ਨਹੀਂ ਹੈ।”
ਦਾਊਦ ਦਾ ਗਥ ਵਿੱਚ ਵੈਰੀ ਵੱਲ ਭੱਜਣਾ
10 ਉਸ ਦਿਨ ਦਾਊਦ ਸ਼ਾਊਲ ਤੋਂ ਭੱਜ ਗਿਆ ਅਤੇ ਗਥ ਦੇ ਪਾਤਸ਼ਾਹ ਆਕੀਸ਼ ਕੋਲ ਗਿਆ। 11 ਆਕੀਸ਼ ਦੇ ਅਫ਼ਸਰਾਂ ਨੂੰ ਇਹ ਚੰਗਾ ਨਾ ਲੱਗਾ। ਉਨ੍ਹਾਂ ਕਿਹਾ, “ਇਹ ਦਾਊਦ ਹੈ। ਇਸਰਾਏਲ ਦਾ ਪਾਤਸ਼ਾਹ, ਇਹ ਉਹੀ ਹੈ ਜਿਸਦਾ ਇਸਰਾਏਲੀ ਪ੍ਰਸ਼ੰਸਾ ’ਚ ਗੁਨਗਾਣ ਕਰਦੇ ਹਨ। ਅਤੇ ਉਹ, ਇਸਦੇ ਲਈ ਨੱਚਦੇ ਅਤੇ ਇਹ ਗੀਤ ਗਾਉਂਦੇ ਹਨ:
“ਸ਼ਾਊਲ ਨੇ ਹਜ਼ਾਰਾਂ ਵੈਰੀ ਮਾਰੇ
ਪਰ ਦਾਊਦ ਨੇ ਲੱਖਾਂ ਵੈਰੀ ਮਾਰ ਮੁਕਾਏ।”
12 ਦਾਊਦ ਨੇ ਉਨ੍ਹਾਂ ਦੀ ਗੱਲ ਵੱਲ ਖਾਸ ਧਿਆਨ ਦੇਕੇ ਸੁਣਿਆ ਕਿ ਉਹ ਕੀ ਕਹਿ ਰਹੇ ਹਨ। ਤਦ ਉਹ ਗਥ ਦੇ ਰਾਜੇ ਆਕੀਸ਼ ਕੋਲੋਂ ਬਹੁਤ ਡਰਿਆ। 13 ਤਾਂ ਦਾਊਦ ਨੇ ਪਾਤਸ਼ਾਹ ਆਕੀਸ਼ ਅਤੇ ਉਸ ਦੇ ਅਫ਼ਸਰਾਂ ਸਾਹਮਣੇ ਝੱਲੇ ਹੋਣ ਦਾ ਦਿਖਾਵਾ ਕੀਤਾ। ਉਸ ਨੇ ਦਰਵਾਜ਼ਿਆਂ ਉੱਤੇ ਥੁੱਕਿਆ ਅਤੇ ਆਪਣਾ ਥੁੱਕ ਆਪਣੀ ਦਾੜ੍ਹੀ ਉੱਤੇ ਡਿੱਗਣ ਦਿੱਤਾ।
14 ਆਕੀਸ਼ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇਸ ਆਦਮੀ ਵੱਲ ਵੇਖੋ। ਇਹ ਪਾਗਲ ਹੈ। ਇਸ ਨੂੰ ਭਲਾ ਤੁਸੀਂ ਮੇਰੇ ਕੋਲ ਕਿਉਂ ਲਿਆਏ ਹੋ? 15 ਮੇਰੇ ਕੋਲ ਅੱਗੇ ਹੀ ਕਮਲੇ ਮਨੁੱਖਾਂ ਦੀ ਕਮੀ ਨਹੀਂ। ਅਤੇ ਮੈਨੂੰ ਲੋੜ ਨਹੀਂ ਕਿ ਇਸ ਕਮਲੇ ਮਨੁੱਖ ਨੂੰ ਤੁਸੀਂ ਮੇਰੇ ਘਰ ਸਾਹਮਣੇ ਲਿਆਵੋ ਜੋ ਮੇਰੇ ਸਾਹਮਣੇ ਕਮਲਿਆਂ ਵਰਗੇ ਕਰਤਬ ਕਰੇ। ਦੁਬਾਰਾ ਇਸ ਆਦਮੀ ਨੂੰ ਮੇਰੇ ਘਰ ਨਾ ਵੜਨ ਦੇਣਾ।”
ਦਾਊਦ ਦਾ ਵੱਖੋ-ਵੱਖ ਥਾਵਾਂ ਉੱਤੇ ਜਾਣਾ
22 ਦਾਊਦ ਗਥ ਤੋਂ ਵੀ ਨਿਕਲ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਆਇਆ। ਜਦੋਂ ਦਾਊਦ ਦੇ ਭਰਾਵਾਂ ਅਤੇ ਸੰਬੰਧੀਆਂ ਨੂੰ ਪਤਾ ਲੱਗਾ ਕਿ ਦਾਊਦ ਅਦੁੱਲਾਮ ਵਿੱਚ ਹੈ ਤਾਂ ਉਹ ਦਾਊਦ ਨੂੰ ਮਿਲਣ ਉੱਥੇ ਆਏ। 2 ਬਹੁਤ ਸਾਰੇ ਲੋਕ ਦਾਊਦ ਦੇ ਮਗਰ ਹੋ ਪਏ। ਉੱਥੇ ਦੁੱਖਾਂ ਦੇ ਮਾਰੇ ਹੋਏ ਲੋਕ ਸਨ, ਕੁਝ ਕਰਜਾਈ ਕਿਸਮ ਦੇ ਗਰੀਬ ਲੋਕ, ਦੁੱਖੀ ਲੋਕ ਅਤੇ ਕੁਝ ਜ਼ਿੰਦਗੀ ਤੋਂ ਉਪਰਾਮ ਹੋਏ ਲੋਕ ਸਨ। ਇਨ੍ਹਾਂ ਸਭ ਤਰ੍ਹਾਂ ਦੇ ਲੋਕਾਂ ਨੇ ਦਾਊਦ ਨੂੰ ਆਪਣਾ ਆਗੂ ਮੰਨਿਆ। ਹੁਣ ਦਾਊਦ ਦੇ ਨਾਲ ਕਰੀਬ 400 ਮਨੁੱਖ ਸਨ।
3 ਦਾਊਦ ਅਦੁੱਲਾਮ ਤੋਂ ਚੱਲਾ ਗਿਆ ਅਤੇ ਮੋਆਬ ਵਿੱਚ ਮਿਸਫ਼ੇਹ ਨੂੰ ਆਇਆ। ਦਾਊਦ ਨੇ ਮੋਆਬ ਦੇ ਪਾਤਸ਼ਾਹ ਨੂੰ ਆਖਿਆ, “ਹੇ ਪਾਤਸ਼ਾਹ ਮੈਨੂੰ ਪਰਵਾਨਗੀ ਦੇ ਜੋ ਮੈਂ ਮੇਰੀ ਮਾਂ ਅਤੇ ਪਿਉ ਉੱਥੋਂ ਨਿਕਲਕੇ ਤੁਹਾਡੇ ਕੋਲ ਰਹਿਣ, ਜਦ ਤੱਕ ਮੈਂ ਇਹ ਨਾ ਜਾਣ ਲਵਾ ਕਿ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।” 4 ਇੰਝ ਦਾਊਦ ਨੇ ਆਪਣੇ ਮਾਪਿਆਂ ਨੂੰ ਮੋਆਬ ਦੇ ਪਾਤਸ਼ਾਹ ਕੋਲ ਛੱਡਿਆ। ਜਦ ਤੀਕ ਦਾਊਦ ਕਿਲ੍ਹੇ ਵਿੱਚ ਸੀ ਦਾਊਦ ਦੇ ਮਾਪੇ ਮੋਆਬ ਦੇ ਪਾਤਸ਼ਾਹ ਕੋਲ ਹੀ ਠਹਿਰੇ।
5 ਪਰ ਗਾਦ ਨਬੀ ਨੇ ਦਾਊਦ ਨੂੰ ਆਖਿਆ, “ਕਿਲ੍ਹੇ ਵਿੱਚ ਨਾ ਰਹੀਂ। ਯਹੂਦਾਹ ਦੇ ਦੇਸ਼ ਨੂੰ ਚੱਲਿਆ ਜਾਹ।” ਤਾਂ ਫ਼ੇਰ ਦਾਊਦ ਉਸ ਜਗ਼੍ਹਾ ਤੋਂ ਤੁਰਕੇ ਹਾਰਥ ਦੇ ਜੰਗਲ ਨੂੰ ਚੱਲਾ ਗਿਆ।
ਸ਼ਾਊਲ ਦਾ ਅਹੀਮਲਕ ਦੇ ਪਰਿਵਾਰ ਦਾ ਨਾਸ਼ ਕਰਨਾ
6 ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਪਰਗਟ ਹੋਇਆ ਹੈ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਸਨ। ਉਸ ਵਕਤ ਸ਼ਾਊਲ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰੱਖ ਹੇਠਾਂ ਆਪਣੀ ਬਰਛੀ ਹੱਥ ’ਚ ਫ਼ੜੀ ਬੈਠਾ ਸੀ। ਉਸ ਦੇ ਸਾਰੇ ਅਫ਼ਸਰ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। 7 ਉਸ ਨੇ ਆਪਣੇ ਆਸ-ਪਾਸ ਖੜ੍ਹੇ ਅਫ਼ਸਰਾਂ ਨੂੰ ਕਿਹਾ, “ਹੇ ਬਿਨਯਾਮੀਨਿਓ ਸੁਣੋ! ਤੁਸੀਂ ਕੀ ਸੋਚਦੇ ਹੋ ਕਿ ਯੱਸੀ ਦਾ ਪੁੱਤਰ (ਦਾਊਦ) ਤੁਹਾਡੇ ਵਿੱਚੋਂ ਹਰ ਇੱਕ ਨੂੰ ਪੈਲੀ ਅਤੇ ਦਾਖਾਂ ਦੇ ਬਾਗ ਦੇਵੇਗਾ? ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਨੂੰ 100 ਅਤੇ 1,000 ਆਦਮੀਆਂ ਦੇ ਉੱਪਰ ਅਫ਼ਸਰ ਬਣਾਵੇਗਾ। 8 ਜੇ ਤੁਸੀਂ ਸਾਰਿਆਂ ਨੇ ਮਿਲਕੇ ਮੇਰੇ ਖਿਲਾਫ਼ ਹੋਣ ਦਾ ਏਕਾ ਕੀਤਾ ਹੈ? ਤੁਸੀਂ ਸਭ ਮਿਲਕੇ ਮੇਰੇ ਵਿਰੁੱਧ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹੋ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਮੇਰੇ ਪੁੱਤਰ ਯੋਨਾਥਾਨ ਦੇ ਬਾਰੇ ਨਹੀਂ ਦੱਸਿਆ। ਤੁਹਾਡੇ ਵਿੱਚੋਂ ਕਿਸੇ ਨੇ ਨਾ ਮੈਨੂੰ ਦੱਸਿਆ ਕਿ ਉਸ ਨੇ ਯੱਸੀ ਦੇ ਪੁੱਤਰ ਦਾਊਦ ਨਾਲ ਚੁੱਪ ਕਰਕੇ ਹੀ ਇੱਕ ਇਕਰਾਰਨਾਮਾ ਬਣਾਇਆ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਹੈ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਇਹ ਨਾ ਦੱਸਿਆ ਕਿ ਮੇਰੇ ਆਪਣੇ ਪੁੱਤਰ ਯੋਨਾਥਾਨ ਨੇ ਹੀ ਦਾਊਦ ਨੂੰ ਉਕਸਾਇਆ ਜਦ ਕਿ ਯੋਨਾਥਾਨ ਨੇ ਮੇਰੇ ਹੀ ਸੇਵਕ ਦਾਊਦ ਨੂੰ ਲੁਕਣ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਸ਼ੇਹ ਦਿੱਤੀ। ਤਾਂ ਹੀ ਹੁਣ ਉਹ ਇਹ ਕੁਝ ਕਰ ਰਿਹਾ ਹੈ।”
9 ਤਦ ਦੋਏਗਾ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜ੍ਹਾ ਸੀ ਉੱਤਰ ਦਿੱਤਾ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਵੇਖਿਆ ਸੀ। ਦਾਊਦ ਅਹੀਟੂਬ ਦੇ ਪੁੱਤਰ ਅਹੀਮਲਕ ਨੂੰ ਮਿਲਣ ਆਇਆ ਸੀ। 10 ਅਹੀਮਲਕ ਨੇ ਦਾਊਦ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਖਾਣ ਲਈ ਭੋਜਨ ਵੀ ਦਿੱਤਾ ਅਤੇ ਉਸ ਨੂੰ ਫ਼ਲਿਸਤੀ ਗੋਲਿਆਥ ਦੀ ਤਲਵਾਰ ਵੀ ਦਿੱਤੀ।”
11 ਤਦ ਸ਼ਾਊਲ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਜਾਜਕ ਫ਼ੜਕੇ ਲਿਆਉਣ ਦਾ ਹੁਕਮ ਦਿੱਤਾ। ਸ਼ਾਊਲ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਅਤੇ ਸੰਬੰਧੀਆਂ ਨੂੰ ਨੋਬ ਤੋਂ ਫ਼ੜਕੇ ਲਿਆਉਣ ਲਈ ਆਖਿਆ। ਸਾਰੇ ਪਾਤਸ਼ਾਹ ਸਾਹਮਣੇ ਪੇਸ਼ ਕੀਤੇ ਗਏ। 12 ਸ਼ਾਊਲ ਨੇ ਅਹੀਮਲਕ ਨੂੰ ਕਿਹਾ, “ਤੂੰ ਅਹੀਟੂਬ ਦੇ ਪੁੱਤਰ, ਜ਼ਰਾ ਧਿਆਨ ਨਾਲ ਸੁਣ!”
ਅਹੀਮਲਕ ਨੇ ਕਿਹਾ, “ਜੀ, ਮਾਲਿਕ!”
13 ਸ਼ਾਊਲ ਨੇ ਅਹੀਮਲਕ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਗੋਂਦਾ ਕਿਉਂ ਗੁੰਦੀਆਂ? ਤੂੰ ਦਾਊਦ ਨੂੰ ਰੋਟੀ ਅਤੇ ਤਲਵਾਰ ਵੀ ਦਿੱਤੀ। ਤੂੰ ਉਸ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਵੀ ਕੀਤੀ ਅਤੇ ਹੁਣ ਉਹ ਦਾਊਦ ਠੀਕ ਮੇਰੇ ਉੱਪਰ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ।”
14 ਅਹੀਮਲਕ ਨੇ ਜਵਾਬ ਦਿੱਤਾ, “ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ। 15 ਇਹ ਕੋਈ ਪਹਿਲੀ ਵਾਰ ਮੈਂ ਪਰੇਮਸ਼ੁਰ ਅੱਗੇ ਦਾਊਦ ਲਈ ਪ੍ਰਾਰਥਨਾ ਨਹੀਂ ਕੀਤੀ। ਬਿਲਕੁਲ ਵੀ ਨਹੀਂ। ਇਸ ਲਈ ਮੇਰੇ ਉੱਤੇ ਜਾਂ ਮੇਰੇ ਸੰਬੰਧੀਆਂ ਉੱਤੇ ਤੁਹਮਤ ਨਾ ਲਗਾ। ਅਸੀਂ ਤਾਂ ਤੇਰੇ ਸੇਵਕ ਹਾਂ। ਮੈਨੂੰ ਬਿਲਕੁਲ ਕੁਝ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ?”
16 ਪਰ ਪਾਤਸ਼ਾਹ ਨੇ ਕਿਹਾ, “ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।” 17 ਤਾਂ ਪਾਤਸ਼ਾਹ ਨੇ ਆਪਣੇ ਕੋਲ ਖੜ੍ਹੇ ਦਰਬਾਨਾਂ ਨੂੰ ਕਿਹਾ, “ਜਾਉ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਦਿਉ ਕਿਉਂਕਿ ਉਹ ਵੀ ਦਾਊਦ ਦੇ ਪੱਖ ਵਿੱਚ ਸਨ। ਉਹ ਜਾਣਦੇ ਸਨ ਕਿ ਦਾਊਦ ਬਚ ਰਿਹਾ ਹੈ ਪਰ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ।”
ਪਰ ਪਾਤਸ਼ਾਹ ਦੇ ਅਫ਼ਸਰਾਂ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 18 ਤਾਂ ਪਾਤਸ਼ਾਹ ਨੇ ਦੋਏਗ ਨੂੰ ਇਸ ਲਈ ਆਖਿਆ, ਸ਼ਾਊਲ ਨੇ ਕਿਹਾ, “ਦੋਏਗ! ਤੂੰ ਜਾ ਅਤੇ ਜਾਕੇ ਜਾਜਕ ਨੂੰ ਮਾਰ ਸੁੱਟ।” ਤਾਂ ਉਸ ਦਿਨ ਦੋਏਗ ਗਿਆ ਅਤੇ ਜਾਕੇ ਜਾਜਕ ਅਤੇ ਉਸ ਦੇ ਸੰਬੰਧੀਆਂ ਸਮੇਤ 85 ਲੋਕਾਂ ਨੂੰ ਜਾਨੋਂ ਮਾਰ ਸੁੱਟਿਆ। 19 ਜਾਜਕਾਂ ਦੇ ਸ਼ਹਿਰ ਨੋਬ ਵਿੱਚ ਉਸ ਨੇ ਸਾਰੇ ਲੋਕਾਂ ਨੂੰ ਵੱਢ ਸੁੱਟਿਆ। ਦੋਏਗ ਨੇ ਆਪਣੀ ਤਲਵਾਰ ਕੱਢੀ ਅਤੇ ਸਾਰੇ ਆਦਮੀਆਂ, ਔਰਤਾਂ, ਬੱਚਿਆਂ ਅਤੇ ਦੁੱਧ ਪੀਂਦੇ ਮਾਸੂਮ ਬੱਚਿਆਂ ਸਮੇਤ ਸਭ ਨੂੰ ਅਤੇ ਉਨ੍ਹਾਂ ਦੀਆਂ ਸਭ ਗਊਆਂ, ਖੋਤਿਆ, ਭੇਡਾਂ ਸਭ ਨੂੰ ਵੱਢ ਸੁੱਟਿਆ।
20 ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਜਿਸ ਦਾ ਨਾਉਂ ਅਬਯਾਥਾਰ ਸੀ ਬਚ ਗਿਆ। ਅਬਯਾਥਾਰ ਅਹੀਟੂਬ ਦਾ ਪੁੱਤਰ ਸੀ ਜੋ ਉੱਥੋਂ ਭੱਜਕੇ ਦਾਊਦ ਦੇ ਮਗਰ ਲੱਗ ਗਿਆ ਸੀ। 21 ਅਬਯਾਥਾਰ ਨੇ ਦਾਊਦ ਨੂੰ ਖਬਰ ਕੀਤੀ ਕਿ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਰਵਾ ਸੁੱਟਿਆ ਹੈ। 22 ਦਾਊਦ ਨੇ ਅਬਯਾਥਾਰ ਨੂੰ ਆਖਿਆ, “ਮੈਂ ਤਾਂ ਉਸੇ ਦਿਨ ਸਮਝ ਗਿਆ ਸੀ ਕਿ ਅਦੋਮੀ ਦੋਏਗ ਜੋ ਉੱਥੇ ਸੀ ਤਾਂ ਇਹ ਸ਼ਾਊਲ ਨੂੰ ਜ਼ਰੂਰ ਖਬਰ ਦੇਵੇਗਾ। ਤੇਰੇ ਪਿਉ ਦੇ ਸਾਰੇ ਪਰਿਵਾਰ ਦੀ ਮੌਤ ਦਾ ਕਾਰਣ ਮੈਂ ਹੀ ਹਾਂ। 23 ਸ਼ਾਊਲ ਜੋ ਕਿ ਤੈਨੂੰ ਮਾਰਨਾ ਚਾਹੁੰਦਾ ਹੈ, ਉਹ ਮੈਨੂੰ ਵੀ ਮਾਰਨਾ ਚਾਹੁੰਦਾ ਹੈ। ਤੂੰ ਮੇਰੇ ਕੋਲ ਰਹਿ। ਡਰ ਨਾ। ਤੂੰ ਮੇਰੇ ਕੋਲ ਸੁਰੱਖਿਅਤ ਰਹੇਂਗਾ।”
ਮਨੁੱਖਾਂ ਦਾ ਅਨੁਸਰਣ ਕਰਨਾ ਗਲਤ ਹੈ
3 ਭਰਾਵੋ ਅਤੇ ਭੈਣੋ ਪਹਿਲਾਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਹੀਂ ਸੀ ਕਰ ਸੱਕਦਾ ਜਿਵੇਂ ਮੈਂ ਆਤਮਕ ਲੋਕਾਂ ਨਾਲ ਗੱਲਾਂ ਕਰਦਾ ਹਾਂ। ਮੈਨੂੰ ਤੁਹਾਡੇ ਨਾਲ ਇਵੇਂ ਗੱਲ ਕਰਨੀ ਪੈਂਦੀ ਸੀ ਜਿਵੇਂ ਮੈਂ ਦੁਨਿਆਵੀ ਲੋਕਾਂ ਨਾਲ ਗੱਲ ਕਰ ਰਿਹਾ ਹੋਵਾਂ – ਜਿਵੇਂ ਕਿ ਮਸੀਹ ਦੇ ਰਾਹ ਉੱਤੇ ਤੁਸੀਂ ਨਿਆਣੇ ਹੋਵੋ। 2 ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਉਹ ਦੁੱਧ ਵਰਗੀ ਸੀ, ਠੋਸ ਆਹਾਰ ਵਰਗੀ ਨਹੀਂ। ਮੈਂ ਇਉਂ ਉਸ ਲਈ ਕੀਤਾ ਕਿਉਂ ਜੋ ਹਾਲੇ ਤੁਸੀਂ ਠੋਸ ਭੋਜਨ ਖਾਣ ਲਈ ਤਿਆਰ ਨਹੀਂ ਸੀ ਅਤੇ ਅਜੇ ਵੀ ਤੁਸੀਂ ਤਿਆਰ ਨਹੀਂ ਹੋ। 3 ਤੁਸੀਂ ਹਾਲੇ ਵੀ ਆਤਮਕ ਲੋਕ ਨਹੀਂ ਹੋ। ਤੁਹਾਡੇ ਅੰਦਰ ਈਰਖਾ ਅਤੇ ਝਗੜ੍ਹੇ ਹਨ। ਇਹ ਦਰਸ਼ਾਉਂਦਾ ਹੈ ਕਿ ਤੁਸੀਂ ਆਤਮਕ ਲੋਕ ਨਹੀਂ ਹੋ। ਤੁਸੀਂ ਦੁਨਿਆਵੀ ਲੋਕਾਂ ਵਰਗਾ ਹੀ ਵਿਹਾਰ ਕਰਦੇ ਹੋ। 4 ਤੁਹਾਡੇ ਵਿੱਚੋਂ ਇੱਕ ਆਖਦਾ, “ਮੈਂ ਪੌਲੁਸ ਦਾ ਚੇਲਾ ਹਾਂ” ਦੂਜਾ ਆਖਦਾ, “ਮੈਂ ਅਪੁੱਲੋਸ ਦਾ ਚੇਲਾ ਹਾਂ” ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤਾਂ ਤੁਸੀਂ ਦੁਨਿਆਵੀ ਲੋਕਾਂ ਵਰਗਾ ਵਿਹਾਰ ਕਰਦੇ ਹੋ।
5 ਕੀ ਅਪੁੱਲੋਸ ਮਹੱਤਵਪੂਰਣ ਹੈ? ਨਹੀਂ। ਕੀ ਪੌਲੁਸ ਮਹੱਤਵਪੂਰਣ ਹੈ? ਨਹੀਂ। ਅਸੀਂ ਸਿਰਫ਼ ਪਰਮੇਸ਼ੁਰ ਦੇ ਸੇਵਕ ਹਾਂ ਜਿਨ੍ਹਾਂ ਨੇ ਵਿਸ਼ਵਾਸ ਕਰਨ ਵਿੱਚ ਤੁਹਾਡੀ ਸਹਾਇਤਾ ਕੀਤੀ ਹੈ। ਸਾਡੇ ਵਿੱਚੋਂ ਹਰੇਕ ਨੇ ਓਹੀ ਕਾਰਜ਼ ਕੀਤਾ ਹੈ ਜੋ ਵੀ ਕੋਈ ਕੰਮ ਪਰਮੇਸ਼ੁਰ ਨੇ ਸਾਨੂੰ ਸੌਂਪਿਆ ਸੀ। 6 ਮੈਂ ਬੀਜ਼ ਬੀਜਿਆ ਸੀ ਅਤੇ ਅਪੁੱਲੋਸ ਨੇ ਇਸ ਨੂੰ ਪਾਣੀ ਨਾਲ ਸਿੰਜਿਆ। ਪਰ ਇਹ ਤਾਂ ਪਰਮੇਸ਼ੁਰ ਹੀ ਸੀ ਜਿਸਨੇ ਬੀਜ਼ ਨੂੰ ਉਗਾਇਆ। 7 ਇਸ ਲਈ ਨਾ ਹੀ ਜਿਹੜਾ ਬੰਦਾ ਬੀਜਦਾ ਹੈ ਅਤੇ ਨਾ ਹੀ ਜਿਹੜਾ ਇਸ ਨੂੰ ਸਿੰਜਦਾ ਹੈ, ਮਹੱਤਵਪੂਰਣ ਹੈ। ਸਿਰਫ਼ ਪਰਮੇਸ਼ੁਰ ਹੀ ਮਹੱਤਵਪੂਰਣ ਹੈ ਕਿਉਂਕਿ ਉਹੀ ਬੀਜ ਨੂੰ ਉਗਾਉਂਦਾ ਹੈ। 8 ਜਿਹੜਾ ਵਿਅਕਤੀ ਬੀਜ ਬੀਜਦਾ ਹੈ ਅਤੇ ਜਿਹੜਾ ਇਸ ਨੂੰ ਸਿੰਜਦਾ ਹੈ, ਦੋਹਾਂ ਦਾ ਇੱਕ ਮਕਸਦ ਹੈ। ਅਤੇ ਹਰੇਕ ਉਸ ਦੇ ਅਨੁਸਾਰ ਫ਼ਲ ਪ੍ਰਾਪਤ ਕਰੇਗਾ। 9 ਅਸੀਂ ਰੱਬ ਦੇ ਸਾਂਝੇ ਕਾਮੇ ਹਾਂ। ਅਤੇ ਤੁਸੀਂ ਉਸ ਖੇਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ।
ਅਤੇ ਤੁਸੀਂ ਉਸ ਘਰ ਵਰਗੇ ਹੋ ਜਿਸਦਾ ਮਾਲਿਕ ਪਰਮੇਸ਼ੁਰ ਹੈ। 10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰੀ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵੱਧਾਨੀ ਵਰਤਨੀ ਚਾਹੀਦੀ ਹੈ। 11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ। 12 ਕੋਈ ਵੀ ਵਿਅਕਤੀ ਉਸ ਬੁਨਿਆਦ ਉੱਪਰ ਸੋਨੇ, ਚਾਂਦੀ, ਹੀਰੇ ਲੱਕੜੀ, ਘਾਹਫ਼ੂਸ ਜਾਂ ਤਿਨਕੇ ਲਾਕੇ ਉਸਾਰੀ ਕਰ ਸੱਕਦਾ ਹੈ। 13 ਪਰ ਹਰ ਇੱਕ ਵਿਅਕਤੀ ਦਾ ਕੰਮ ਸਪੱਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਆਂ ਦਾ ਦਿਨ [a] ਇਸ ਨੂੰ ਬਹੁਤ ਸਪੱਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰੱਖ ਕਰੇਗੀ। 14 ਜੇ ਕਿਸੇ ਵਿਅਕਤੀ ਵੱਲੋਂ ਬੁਨਿਆਦ ਉੱਤੇ ਉਸਾਰੀ ਗਈ ਇਮਾਰਤ ਖਲੋਤੀ ਰਹਿੰਦੀ ਹੈ ਤਾਂ ਉਹ ਵਿਅਕਤੀ ਆਪਣਾ ਇਨਾਮ ਹਾਸਿਲ ਕਰੇਗਾ। 15 ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।
16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। 17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
18 ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ। 19 ਕਿਉਂ? ਕਿਉਂਕਿ ਇਸ ਦੁਨੀਆਂ ਦੀ ਸਿਆਣਪ ਪਰਮੇਸ਼ੁਰ ਲਈ ਮੂਰੱਖਤਾ ਹੈ। ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, “ਉਹ ਸਿਆਣੇ ਲੋਕਾਂ ਨੂੰ ਉਨ੍ਹਾਂ ਦੇ ਚੁਸਤ ਚਲਾਕੀਆਂ ਵਾਲੇ ਅਮਲਾਂ ਤੋਂ ਫ਼ੜਦਾ ਹੈ।” [b] 20 ਪੋਥੀਆਂ ਵਿੱਚ, ਇਹ ਵੀ ਲਿਖਿਆ ਹੈ, “ਪਰਮੇਸ਼ੁਰ ਨੂੰ ਸਿਆਣੇ ਲੋਕਾਂ ਦੀਆਂ ਸੋਚਾਂ ਦਾ ਪਤਾ ਹੈ। ਉਹ ਜਾਣਦਾ ਹੈ ਕਿ ਉਨ੍ਹਾਂ ਦੇ ਵਿੱਚਾਰ ਨਿਕਾਰਥਕ ਹਨ।” [c] 21 ਇਸ ਲਈ ਤੁਹਾਨੂੰ ਮਨੁੱਖਾਂ ਬਾਰੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 22 ਪੌਲੁਸ, ਅਪੁੱਲੋਸ ਅਤੇ ਪਤਰਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿੱਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।
ਭੂਮਿਕਾ
1 ਮੈਂ ਬੂਜ਼ੀ ਦਾ ਪੁੱਤਰ ਜਾਜਕ ਹਿਜ਼ਕੀਏਲ ਹਾਂ। ਮੈਨੂੰ ਬਾਬਲ ਵਿੱਚ ਕਬਾਰ ਨਹਿਰ ਲਾਗੇ ਦੇਸ ਨਿਕਾਲਾ ਮਿਲਿਆ ਸੀ। ਜਦੋਂ ਆਸਮਾਨ ਫ਼ਟ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਨ ਵੇਖੇ। ਇਹ ਗੱਲ ਤੇਰਵੇਂ ਵਰ੍ਹੇ ਦੇ ਚੌਬੇ ਮਹੀਨੇ ਦੇ ਪੰਜਵੇਂ ਦਿਨ ਦੀ ਹੈ। ਰਾਜੇ ਯਹੋਯਾਕੀਨ ਦੇ ਦੇਸ਼ ਵਿੱਚੋਂ ਦੇਸ ਨਿਕਾਲੇ ਦੇ ਪੰਜਵੇਂ ਵਰ੍ਹੇ ਵਿੱਚ ਮਹੀਨੇ ਦੇ ਪੰਜਵੇਂ ਦਿਨ ਹਿਜ਼ਕੀਏਲ ਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਬਾਵੇਂ ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ।
ਯਹੋਵਾਹ ਦਾ ਰਬ-ਪਰਮੇਸ਼ੁਰ ਦਾ ਤਖਤ
4 ਮੈਂ (ਹਿਜ਼ਕੀਏਲ) ਉੱਤਰ ਵੱਲੋਂ ਇੱਕ ਵੱਡਾ ਤੂਫ਼ਾਨ ਆਉਂਦਿਆਂ ਦੇਖਿਆ। ਇੱਕ ਤੇਜ਼ ਹਵਾ ਵਾਲਾ ਇੱਕ ਵੱਡਾ ਬੱਦਲ ਸੀ, ਅਤੇ ਇਸ ਵਿੱਚੋਂ ਅੱਗ ਚਮਕ ਰਹੀ ਸੀ। ਇਸਦੇ ਸਾਰੇ ਪਾਸੇ ਰੌਸ਼ਨੀ ਲਿਸ਼ਕ ਰਹੀ ਸੀ ਅਤੇ ਇਸਦੇ ਅੰਦਰੋਂ ਕੁਝ ਗਰਮ ਧਾਤ ਜਿਹਾ ਅੱਗ ਵਿੱਚ ਭਖ ਰਿਹਾ ਸੀ। 5 ਬਦ੍ਦਲ ਦੇ ਅੰਦਰ, ਚਾਰ ਜਾਨਵਰ ਸਨ ਜਿਹੜੇ ਬੰਦਿਆਂ ਵਰਗੇ ਦਿਖਾਈ ਦਿੰਦੇ ਸਨ। 6 ਪਰ ਹਰੇਕ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। 7 ਉਨ੍ਹਾਂ ਦੀਆਂ ਲੱਤਾਂ ਸਿੱਧੀਆਂ ਸਨ। ਉਨ੍ਹਾਂ ਦੇ ਪੈਰ ਗਾਂ ਦੇ ਪੈਰਾਂ ਵਰਗੇ ਦਿਖਾਈ ਦਿੰਦੇ ਸਨ। ਅਤੇ ਉਹ ਲਿਸ਼ਕਾਏ ਹੋਏ ਪਿੱਤਲ ਵਾਂਗ ਚਮਕਦੇ ਸਨ। 8 ਉਨ੍ਹਾਂ ਦੇ ਖੰਭਾਂ ਹੇਠਾਂ ਮਨੁੱਖੀ ਬਾਹਾਂ ਸਨ। ਓੱਥੇ ਚਾਰ ਜਾਨਵਰ ਸਨ। ਅਤੇ ਹਰ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ। ਖੰਭ ਇੱਕ ਦੂਸਰੇ ਨਾਲ ਛੁੰਹਦੇ ਸਨ। ਹਿਲਣ ਸਮੇਂ ਜਾਨਵਰ ਮੁੜਦੇ ਨਹੀਂ ਸਨ। 9 ਉਹ ਉਸ ਦਿਸ਼ਾ ਵੱਲ ਤੁਰੇ ਜਿੱਧਰ ਉਹ ਤੱਕ ਰਹੇ ਸਨ।
10 ਹਰ ਜਾਨਵਰ ਦੇ ਚਾਰ ਮੂੰਹ ਸਨ। ਉਨ੍ਹਾਂ ਦੇ ਅੱਗੇ ਮਨੁੱਖ ਦਾ ਚਿਹਰਾ ਸੀ। ਸੱਜੇ ਪਾਸੇ ਸ਼ੇਰ ਦਾ ਚਿਹਰਾ ਸੀ। ਖੱਬੇ ਪਾਸੇ ਬਲਦ ਦਾ ਚਿਹਰਾ ਸੀ ਅਤੇ ਪਿੱਛਲਾ ਪਾਸਾਂ ਬਾਜ਼ ਦਾ ਚਿਹਰਾ ਸੀ। 11 ਜਾਨਵਰਾਂ ਦੇ ਖੰਭ ਉਨ੍ਹਾਂ ਦੇ ਉੱਪਰ ਵੱਲ ਫ਼ੈਲੇ ਹੋਏ ਹਨ। ਆਪਣੇ ਦੋ ਖੰਭਾਂ ਨਾਲ ਹਰ ਜਾਨਵਰ ਆਪਣੇ ਨੇੜੇ ਦੇ ਜਾਨਵਰਾਂ ਨੂੰ ਛੁਹੰਦਾ ਸੀ ਅਤੇ ਆਪਣੇ ਦੂਸਰੇ ਦੋ ਖੰਭਾਂ ਨਾਲ ਉਹ ਆਪਣੇ ਸ਼ਰੀਰ ਨੂੰ ਢੱਕਦਾ ਸੀ। 12 ਹਰ ਜਾਨਵਰ ਆਪਣੀ ਤੱਕਣ ਵਾਲੀ ਦਿਸ਼ਾ ਵੱਲ ਤੁਰਿਆ। ਉਹ ਉੱਥੇ ਹੀ ਗਏ ਜਿੱਥੇ ਹਵਾ ਉਨ੍ਹਾਂ ਨੂੰ ਲੈ ਗਈ। ਪਰ ਉਹ ਹਿਲਣ ਸਮੇਂ ਮੁੜੇ ਨਹੀਂ। 13 ਜਾਨਵਰ ਇੰਝ ਦਿਖਾਈ ਦਿੰਦੇ ਸਨ।
ਜਾਨਵਰਾਂ ਦੇ ਵਿੱਚਕਾਰਲੀ ਜਗ੍ਹਾ ਜਿਹੜੀ ਅੱਗ ਦੇ ਮਘਦੇ ਕੋਲਿਆਂ ਵਾਂਗ ਦਿਖਾਈ ਦਿੰਦੀ ਸੀ ਅੱਗ ਜਾਨਵਰਾਂ ਦੇ ਦਰਮਿਆਨ ਫ਼ਿਰਦੀਆਂ ਹੋਈਆਂ ਛੋਟੀਆਂ ਮਸਾਲਾਂ ਵਾਂਗ ਸੀ। ਅੱਗ ਤੇਜ਼ ਚਮਕ ਵਾਲੀ ਸੀ ਅਤੇ ਇਸ ਵਿੱਚੋਂ ਬਿਜਲੀ ਲਿਸ਼ਕ ਰਹੀ ਸੀ! 14 ਜਾਨਵਰ ਅੱਗੇ ਪਿੱਛੇ ਦੌੜਦੇ ਸਨ-ਬਿਜਲੀ ਦੀ ਤੇਜ਼ੀ ਨਾਲ!
15-16 ਮੈਂ ਉਨ੍ਹਾਂ ਜਾਨਵਰਾਂ ਵੱਲ ਦੇਖ ਰਿਹਾ ਸਾਂ ਜਦੋਂ ਮੇਰਾ ਚਾਰ ਪਹੀਆਂ ਵੱਲ ਧਿਆਨ ਗਿਆ ਜਿਹੜੇ ਧਰਤੀ ਨੂੰ ਛੂਹਂਦੇ ਸਨ। ਹਰ ਜਾਨਵਰ ਦੇ ਇੱਕ ਪਹੀਆ ਲੱਗਿਆ ਹੋਇਆ ਸੀ। ਸਾਰੇ ਪਹੀਏ ਇੱਕੋ ਜਿਹੇ ਦਿਖਾਈ ਦਿੰਦੇ ਸਨ। ਪਹੀਏ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਉਹ ਕਿਸੇ ਸਾਫ਼ ਪੀਲੇ ਜਵਾਹਰ ਨਾਲ ਬਣਾਏ ਗਏ ਹੋਣ। ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਪਹੀਏ ਅੰਦਰ ਇੱਕ ਹੋਰ ਪਹੀਆ ਹੋਵੇ। 17 ਪਹੀਏ ਹਰ ਦਿਸ਼ਾ ਵੱਲ ਹਿੱਲ ਸੱਕਦੇ ਸਨ। ਪਰ ਚੱਲਣ ਸਮੇਂ, ਜਾਨਵਰ ਮੁੜਦੇ ਨਹੀਂ ਸਨ!
18 ਪਹੀਆਂ ਦੇ ਚੱਕੇ ਲੰਮੇ ਅਤੇ ਡਰਾਉਣੇ ਸਨ। ਚਹੁਂਆਂ ਪਹੀਆਂ ਦੇ ਚੱਕੇ ਲੰਮੇ ਅਤੇ ਭੈਭੀਤ ਕਰਨ ਵਾਲੇ ਸਨ! ਚਹੁਂਆਂ ਚਕਿਆਂ ਦੇ ਸਾਰੇ ਪਾਸੇ ਅੱਖਾਂ ਸਨ।
19 ਪਹੀਏ ਹਮੇਸ਼ਾ ਜਾਨਵਰਾਂ ਨਾਲ ਹੀ ਹਿਲਦੇ ਸਨ। ਜੇ ਜਾਨਵਰ ਹਵਾ ਵਿੱਚ ਉੱਚੇ ਜਾਂਦੇ ਪਹੀਏ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। 20 ਉਹ ਉਧਰ ਹੀ ਜਾਂਦੇ ਸਨ ਜਿੱਧਰ ਹਵਾ ਉਨ੍ਹਾਂ ਨੂੰ ਲੈ ਜਾਂਦੀ ਸੀ, ਅਤੇ ਪਹੀਏ ਵੀ ਨਾਲ ਹੀ ਜਾਂਦੇ ਸਨ। ਕਿਉਂ ਕਿ ਜਾਨਵਰਾਂ ਦੀ ਹਵਾ ਪਹੀਆਂ ਅੰਦਰ ਸੀ। 21 ਇਸ ਲਈ ਜੇ ਜਾਨਵਰ ਹਿਲਦੇ ਸਨ ਤਾਂ ਪਹੀਏ ਵੀ ਹਿਲਦੇ ਸਨ। ਜੇ ਜਾਨਵਰ ਖਲੋ ਜਾਂਦੇ ਸਨ ਤਾਂ ਪਹੀਏ ਵੀ ਰੁਕ ਜਾਂਦੇ ਸਨ। ਜੇ ਪਹੀਏ ਹਵਾ ਵਿੱਚ ਉੱਚੇ ਜਾਂਦੇ, ਤਾਂ ਜਾਨਵਰ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ। ਕਿਉਂ ਕਿ ਪਹੀਆਂ ਅੰਦਰ ਹਵਾ ਸੀ।
22 ਜਾਨਵਰਾਂ ਦੇ ਸਿਰਾਂ ਉੱਪਰ ਬੜੀ ਅਜੀਬ ਚੀਜ਼ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਪਿਆਲਾ ਮੂਧਾ ਕੀਤਾ ਗਿਆ ਹੋਵੇ। ਅਤੇ ਪਿਆਲਾ ਬਲੌਰ ਵਾਂਗ ਪਾਰਦਰਸ਼ੀ ਸੀ। 23 ਇਸ ਪਿਆਲੇ ਹੇਠਾਂ ਹਰ ਜਾਨਵਰ ਦੇ ਖੰਭ ਆਪਣੇ ਨਾਲ ਲਗਦੇ ਜਾਨਵਰਾਂ ਤੀਕ ਪਹੁੰਚਦੇ ਸਨ। ਦੋ ਖੰਭ ਇੱਕ ਪਾਸੇ ਵੱਲ ਫ਼ੈਲੇ ਹੋਏ ਸਨ ਅਤੇ ਦੋ ਖੰਭ ਦੂਸਰੇ ਪਾਸੇ ਵੱਲ, ਇਸਦੇ ਸ਼ਰੀਰ ਨੂੰ ਕੱਜਦੇ ਹੋਏ।
24 ਫ਼ੇਰ ਮੈਂ ਖੰਭਾਂ ਦੀ ਸਰਸਰਾਹਟ ਸੁਣੀ। ਹਰ ਵਾਰੀ ਜਦੋਂ ਉਹ ਜਾਨਵਰ ਹਿਲਦੇ ਸਨ, ਉਨ੍ਹਾਂ ਦੇ ਖੰਭ ਬਹੁਤ ਉੱਚੀ ਆਵਾਜ਼ ਕਰਦੇ ਸਨ। ਉਹ ਪਾਣੀ ਦੇ ਹੜ੍ਹ ਵਰਗੀ ਆਵਾਜ਼ ਕਰਦੇ ਸਨ। ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਵਾਂਗ ਸ਼ੋਰੀਲੇ ਸਨ। ਉਹ ਇੱਕ ਫ਼ੌਜ ਵਾਂਗ ਜਾਂ ਲੋਕਾਂ ਦੀ ਭੀੜ ਵਾਂਗ ਸ਼ੋਰੀਲੇ ਸਨ ਅਤੇ ਜਦੋਂ ਉਹ ਜਾਨਵਰ ਹਿਲਣੋ ਹਟ ਜਾਂਦੇ ਸਨ, ਉਹ ਆਪਣੇ ਖੰਭਾਂ ਨੂੰ ਆਪਣੇ ਪਾਸਿਆਂ ਤੇ ਸੁੱਟ ਲੈਂਦੇ ਸਨ।
25 ਜਾਨਵਰਾਂ ਨੇ ਹਿਲਣਾ ਬੰਦ ਕਰ ਦਿੱਤਾ ਅਤੇ ਆਪਣੇ ਖੰਭ ਹੇਠਾਂ ਕਰ ਲੇ। ਅਤੇ ਇੱਕ ਹੋਰ ਉੱਚੀ ਆਵਾਜ਼ ਆਈ। ਇਹ ਆਵਾਜ਼ ਉਨ੍ਹਾਂ ਦੇ ਸਿਰ ਉਤਲੇ ਪਿਆਲੇ ਤੋਂ ਉੱਠੀ। 26 ਉਸ ਪਿਆਲੇ ਦੇ ਸਿਖਰ ਉੱਤੇ ਇੱਕ ਚੀਜ਼ ਸੀ ਜਿਹੜੀ ਤਖਤ ਵਰਗੀ ਦਿਖਾਈ ਦਿੰਦੀ ਸੀ। ਇਹ ਨੀਲਮ ਦੇ ਪੱਥਰ ਵਰਗੀ ਨੀਲੀ ਸੀ। ਅਤੇ ਕੋਈ ਚੀਜ਼ ਸੀ ਜਿਹੜੀ ਉਸ ਤਖਤ ਉੱਤੇ ਬੈਠੇ ਬੰਦੇ ਵਰਗੀ ਦਿਖਾਈ ਦਿੰਦੀ ਸੀ! 27 ਮੈਂ ਉਸਤੇ ਉਸਦੀ ਕਮਰ ਤੋਂ ਉਤਾਂਹ ਵੱਲ ਦੇਖਿਆ। ਉਹ ਗਰਮ ਧਾਤ ਵਾਂਗ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸ ਦੇ ਸਾਰੀ ਪਾਸੀਁ ਅੱਗ ਹੋਵੇ! ਅਤੇ ਮੈਂ ਉਸ ਵੱਲ ਕਮਰ ਤੋਂ ਹੇਠਾਂ ਦੇਖਿਆ। ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਉਸ ਦੇ ਆਲੇ-ਦੁਆਲੇ ਅੱਗ ਦੀ ਚਮਕ ਹੋਵੇ। 28 ਉਸ ਦੇ ਆਲੇ-ਦੁਆਲੇ ਚਮਕਦੀ ਅੱਗ ਬੱਦਲ ਵਿੱਚਲੀ ਸਤਰੰਗੀ ਪੀਂਘ ਵਰਗੀ ਸੀ। ਇਹ ਯਹੋਵਾਹ ਦਾ ਪਰਤਾਪ ਸੀ। ਜਿਵੇਂ ਹੀ ਮੈਂ ਇਸ ਨੂੰ ਦੇਖਿਆ, ਮੈਂ ਧਰਤੀ ਤੇ ਡਿੱਗ ਪਿਆ। ਮੈਂ ਧਰਤੀ ਵੱਲ ਆਪਣਾ ਮੂੰਹ ਕਰਕੇ ਝੁਕ ਗਿਆ। ਫ਼ੇਰ ਮੈਂ ਆਪਣੇ ਨਾਲ ਗੱਲ ਕਰਦੀ ਇੱਕ ਆਵਾਜ਼ ਸੁਣੀ।
ਦਾਊਦ ਦਾ ਇੱਕ ਗੀਤ।
37 ਦੁਸ਼ਟ ਲੋਕਾਂ ਬਾਰੇ ਪਰੇਸ਼ਾਨ ਨਾ ਹੋਵੋ।
ਬਦਕਾਰਾਂ ਬਾਰੇ ਈਰਖਾਲੂ ਨਾ ਹੋਵੋ।
2 ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ
ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।
3 ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ,
ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
4 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ,
ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।
5 ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ।
ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ।
6 ਆਪਣੀ ਨੇਕੀ ਅਤੇ ਨਿਰਪੱਖਤਾ ਨੂੰ ਦੁਪਿਹਰ ਦੀ ਤਿੱਖੀ ਧੁੱਪ ਵਾਂਗ ਚਮਕਣ ਦਿਉ।
7 ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ।
ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ।
ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।
8 ਕ੍ਰੋਧ ਨਾ ਕਰੋ।
ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
9 ਕਿਉਂ? ਕਿਉਂਕਿ ਦੁਸ਼ਟ ਲੋਕ ਨਸ਼ਟ ਹੋ ਜਾਣਗੇ।
ਪਰ ਉਹ ਜਿਹੜੇ ਮਦਦ ਲਈ ਯਹੋਵਾਹ ਨੂੰ ਪੁਕਾਰਦੇ ਹਨ ਉਨ੍ਹਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ।
10 ਥੋੜੇ ਹੀ ਸਮੇਂ ਬਾਅਦ ਇੱਥੇ ਮੰਦੇ ਲੋਕ ਨਹੀਂ ਹੋਣਗੇ।
ਭਾਵੇਂ ਤੁਸੀਂ ਉਨ੍ਹਾਂ ਨੂੰ ਲੱਭਦੇ ਰਹੋਂਗੇ ਪਰ ਉਹ ਸਾਰੇ ਹੀ ਜਾ ਚੁੱਕੇ ਹੋਣਗੇ।
11 ਨਿਮ੍ਰ ਲੋਕਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ
ਅਤੇ ਉਹ ਸ਼ਾਂਤੀ ਦਾ ਮਜ਼ਾ ਲੈਣਗੇ।
12 ਦੁਸ਼ਟ ਲੋਕੀਂ ਚੰਗੇ ਲੋਕਾਂ ਦੇ ਖਿਲਾਫ਼ ਯੋਜਨਾਵਾਂ ਬਣਾਉਂਦੇ ਹਨ।
ਉਹ ਮੰਦੇ ਲੋਕ ਨੇਕ ਬੰਦਿਆਂ ਉੱਤੇ ਦੰਦ ਪੀਸੱਕੇ ਆਪਣਾ ਗੁੱਸਾ ਦਰਸਾਉਂਦੇ ਹਨ।
13 ਪਰ ਸਾਡਾ ਮਾਲਕ ਉਨ੍ਹਾਂ ਮੰਦੇ ਲੋਕਾਂ ਉੱਤੇ ਹੱਸਦਾ ਹੈ।
ਅਤੇ ਉਹ ਜਾਣਦਾ ਉਨ੍ਹਾਂ ਨਾਲ ਕੀ ਵਾਪਰੇਗਾ।
14 ਮੰਦੇ ਲੋਕ ਆਪਣੀ ਤੇਗਾਂ ਧੂਹ ਲੈਂਦੇ ਹਨ ਅਤੇ ਆਪਣੀਆਂ ਕਮਾਨਾਂ ਸੇਧ ਲੈਂਦੇ ਹਨ।
ਉਹ ਗਰੀਬ ਬੇਸਹਾਰਾਂ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ।
ਉਹ ਚੰਗੇ, ਇਮਾਨਦਾਰ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ।
15 ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਖੁਦ ਦੇ ਦਿਲਾਂ ਅੰਦਰ ਹੀ ਧਸਣਗੀਆਂ
ਅਤੇ ਉਨ੍ਹਾਂ ਦੇ ਧਨੁਸ਼ ਟੁੱਟ ਜਾਣਗੇ।
16 ਮਾੜੇ ਬੰਦਿਆਂ ਦੀ ਭੀੜ ਨਾਲੋਂ ਥੋੜੇ ਹੀ ਨੇਕ ਬੰਦੇ ਬਿਹਤਰ ਹਨ।
17 ਕਿਉਂ? ਕਿਉਂਕਿ ਮਾੜੇ ਬੰਦੇ ਤਬਾਹ ਕਰ ਦਿੱਤੇ ਜਾਣਗੇ।
ਪਰ ਯਹੋਵਾਹ ਨੇਕ ਬੰਦਿਆਂ ਦਾ ਧਿਆਨ ਰੱਖਦਾ ਹੈ।
18 ਯਹੋਵਾਹ, ਸ਼ੁੱਧ ਲੋਕਾਂ ਦੀ ਸਾਰੀ ਉਮਰ ਰੱਖਿਆ ਕਰਦਾ ਹੈ।
ਉਨ੍ਹਾਂ ਦਾ ਇਨਾਮ ਸਦੀਵੀ ਰਹੇਗਾ।
19 ਜਦੋਂ ਕਿਤੇ ਵੀ ਸੰਕਟ ਆਉਂਦਾ,
ਚੰਗੇ ਲੋਕ ਨਿਰਾਸ਼ ਨਹੀਂ ਹੋਣਗੇ।
ਜਦੋਂ ਭੁੱਖ ਦੇ ਦਿਨ ਆਉਣਗੇ
ਚੰਗੇ ਲੋਕਾਂ ਕੋਲ ਖਾਣ ਲਈ ਚੋਖਾ ਹੋਵੇਗਾ।
20 ਪਰ ਮੰਦੇ ਲੋਕੀਂ ਯਹੋਵਾਹ ਦੇ ਦੁਸ਼ਮਣ ਹਨ,
ਅਤੇ ਉਹ ਮੰਦੇ ਲੋਕ ਤਬਾਹ ਹੋਣਗੇ।
ਉਨ੍ਹਾਂ ਦੀਆਂ ਵਾਦੀਆਂ ਸੜ ਸੁੱਕ ਜਾਣਗੀਆਂ।
ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
21 ਇੱਕ ਮੰਦਾ ਆਦਮੀ ਛੇਤੀ ਉਧਾਰ ਲੈਂਦਾ ਹੈ ਅਤੇ ਕਦੇ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ।
ਪਰ ਨੇਕ ਆਦਮੀ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ।
22 ਜੇ ਕੋਈ ਨੇਕ ਬੰਦਾ ਲੋਕਾਂ ਨੂੰ ਅਸੀਸ ਦਿੰਦਾ ਹੈ ਤਾਂ ਉਹ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਧਰਤੀ ਹਾਸਲ ਕਰਨਗੇ।
ਪਰ ਜੇ ਉਹ ਮੰਦੀਆਂ ਗੱਲਾਂ ਦੇ ਵਾਪਰਨ ਦੀ ਮੰਗ ਕਰਦਾ ਹੈ, ਤਾਂ ਉਹ ਲੋਕ ਤਬਾਹ ਹੋ ਜਾਣਗੇ।
23 ਯਹੋਵਾਹ ਇੱਕ ਸਿਪਾਹੀ ਦੀ ਧਿਆਨ ਨਾਲ ਤੁਰਨ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
24 ਜੇ ਉਹ ਆਦਮੀ ਭੱਜਦਾ ਅਤੇ ਆਪਣੇ ਦੁਸ਼ਮਣ ਉੱਤੇ ਵਾਰ ਕਰਦਾ ਹੈ।
ਤਾਂ ਯਹੋਵਾਹ ਸਿਪਾਹੀ ਦਾ ਹੱਥ ਫ਼ੜ ਲੈਂਦਾ ਹੈ, ਅਤੇ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
25 ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹਾਂ
ਅਤੇ ਮੈਂ ਕਦੇ ਵੀ ਪਰਮੇਸ਼ੁਰ ਨੂੰ ਨੇਕ ਬੰਦਿਆਂ ਦਾ ਸਾਥ ਛੱਡਦਿਆਂ ਨਹੀਂ ਦੇਖਿਆ।
ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੁੱਖਿਆਂ ਮਰਦਿਆਂ ਨਹੀਂ ਵੇਖਿਆ।
26 ਇੱਕ ਚੰਗਾ ਆਦਮੀ ਹੋਰਾਂ ਨੂੰ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ
ਅਤੇ ਉਸ ਦੇ ਬੱਚੇ ਇੱਕ ਅਸੀਸ ਹਨ।
27 ਜੇ ਤੁਸੀਂ ਮੰਦੀਆਂ ਗੱਲਾਂ ਕਰਨ ਤੋਂ ਇਨਕਾਰ ਕਰਦੇ ਹੋਂ, ਅਤੇ ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋਂ।
ਤਾਂ ਤੁਸੀਂ ਸਦਾ ਲਈ ਜਿਉਂਦੇ ਰਹੋਂਗੇ।
28 ਯਹੋਵਾਹ ਨਿਰਪੱਖਤਾ ਨੂੰ ਪਿਆਰ ਕਰਦਾ ਹੈ।
ਉਹ ਆਪਣੇ ਚੇਲਿਆਂ ਨੂੰ ਨਿਆਸਰਾ ਨਹੀਂ ਛੱਡੇਗਾ।
ਯਹੋਵਾਹ ਹਮੇਸ਼ਾ ਆਪਣੇ ਆਸਥਾਵਾਨਾਂ ਦੀ ਰੱਖਿਆ ਕਰੇਗਾ,
ਪਰ ਉਹ ਬਦਚਲਣ ਲੋਕਾਂ ਨੂੰ ਤਬਾਹ ਕਰ ਦੇਵੇਗਾ।
29 ਨੇਕ ਬੰਦੇ ਉਹ ਭੂਮੀ ਹਾਸਲ ਕਰਨਗੇ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ
ਉਹ ਸਦਾ ਲਈ ਇਸ ਉੱਤੇ ਰਹਿਣਗੇ।
30 ਇੱਕ ਚੰਗਾ ਬੰਦਾ ਇੱਕ ਚੰਗਾ ਮਸ਼ਵਰਾ ਦਿੰਦਾ ਹੈ।
ਉਸ ਦੇ ਨਿਆਂੇ ਹਰ ਇੱਕ ਵਾਸਤੇ ਬੇਲਾਗ ਹੁੰਦੇ ਹਨ।
31 ਉਸ ਨੇ ਯਹੋਵਾਹ ਦੇ ਉਪਦੇਸ਼ਾਂ ਨੂੰ ਸਿਖ ਲਿਆ ਹੈ,
ਅਤੇ ਉਹ ਜ਼ਿੰਦਗੀ ਦੇ ਸਹੀ ਢੰਗ ਤੋਂ ਵੱਖਰਾ ਨਹੀਂ ਹੋਵੇਗਾ।
32 ਦੁਸ਼ਟ ਲੋਕ ਹਮੇਸ਼ਾ ਚੰਗੇ ਲੋਕਾਂ ਨੂੰ ਮਾਰਨ ਦਾ ਅਵਸਰ ਲੱਭਦੇ ਹਨ।
33 ਪਰਮੇਸ਼ੁਰ ਚੰਗੇ ਲੋਕਾਂ ਤੋਂ ਬੇਮੁੱਖ ਨਹੀਂ ਹੋਵੇਗਾ ਜਦੋਂ ਉਹ ਦੁਸ਼ਟ ਲੋਕਾਂ ਦੁਆਰਾ ਅਦਾਲਤ ਵਿੱਚ ਲਿਜਾਏ ਜਾਂਦੇ ਹਨ।
ਉਹ ਉਨ੍ਹਾਂ ਨੂੰ ਨਿੰਦੇ ਨਹੀਂ ਜਾਣ ਦੇਵੇਗਾ।
34 ਉਹੀ ਕਰੋ ਜੋ ਯਹੋਵਾਹ ਆਖਦਾ ਹੈ ਤੇ ਉਸਦੀ ਸਹਾਇਤਾ ਦਾ ਇੰਤਜ਼ਾਰ ਕਰੋ।
ਯਹੋਵਾਹ ਤੁਹਾਨੂੰ ਜੇਤੂ ਬਣਾਵੇਗਾ, ਅਤੇ ਉਹ ਤੁਹਾਨੂੰ ਉਹ ਧਰਤੀ ਦੇਵੇਗਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ,
ਜਦੋਂ ਉਹ ਮੰਦੇ ਲੋਕਾਂ ਨੂੰ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ।
35 ਮੈਂ ਇੱਕ ਦੁਸ਼ਟ ਬੰਦੇ ਨੂੰ ਵੇਖਿਆ ਜੋ ਸ਼ਕਤੀਸ਼ਾਲੀ ਸੀ।
ਉਹ ਇੱਕ ਤਕੜੇ ਰੁੱਖ ਵਰਗਾ ਸੀ।
36 ਪਰ ਜਦੋਂ ਉਹ ਚੱਲਿਆ ਗਿਆ
ਮੈਂ ਉਸਦੀ ਤਲਾਸ਼ ਕੀਤੀ ਪਰ ਉਹ ਮੈਨੂੰ ਨਹੀਂ ਮਿਲਿਆ।
37 ਪਵਿੱਤਰ ਅਤੇ ਇਮਾਨਦਾਰ ਬਣੋ।
ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
38 ਪਰ ਉਹ ਲੋਕ ਜਿਹੜੇ ਨੇਮ ਤੋਂੜਦੇ ਹਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
ਅਤੇ ਉਨ੍ਹਾਂ ਦੀ ਔਲਾਦ ਧਰਤੀ ਛੱਡਣ ਲਈ ਮਜ਼ਬੂਰ ਹੋ ਜਾਵੇਗੀ।
39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ।
ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ।
ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ।
2010 by World Bible Translation Center