M’Cheyne Bible Reading Plan
ਦਾਊਦ ਅਤੇ ਯੋਨਾਥਾਨ ਗੂੜ੍ਹੇ ਮਿੱਤਰ
18 ਜਦੋਂ ਦਾਊਦ ਸ਼ਾਊਲ ਨਾਲ ਗੱਲ ਕਰ ਹਟਿਆ ਤਾਂ ਯੋਨਾਥਾਨ ਦਾਊਦ ਦੇ ਬਹੁਤ ਨੇੜੇ ਹੋ ਗਿਆ। ਯੋਨਾਥਾਨ ਦਾਊਦ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਆਪਣੇ-ਆਪ ਨੂੰ। 2 ਉਸ ਦਿਨ ਤੋਂ ਬਾਦ ਸ਼ਾਊਲ ਨੇ ਦਾਊਦ ਨੂੰ ਆਪਣੇ ਕੋਲ ਹੀ ਰੱਖਿਆ ਅਤੇ ਮੁੜ ਉਸ ਨੇ ਦਾਊਦ ਨੂੰ ਆਪਣੇ ਪਿਉ ਕੋਲ ਵਾਪਸ ਨਾ ਜਾਣ ਦਿੱਤਾ। 3 ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸ ਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ। 4 ਯੋਨਾਥਾਨ ਨੇ ਉਸ ਨੂੰ ਆਪਣੀ ਵਰਦੀ ਵੀ ਦੇ ਦਿੱਤੀ। ਇੱਥੋਂ ਤੱਕ ਕਿ ਉਸ ਨੇ ਦਾਊਦ ਨੂੰ ਆਪਣੀ ਤਲਵਾਰ, ਧਨੁਸ਼ ਅਤੇ ਪੇਟੀ ਵੀ ਦੇ ਦਿੱਤੀ।
ਸ਼ਾਊਲ ਉਸਦੀ ਸਫ਼ਲਤਾ ਵਾਚਦਾ ਰਿਹਾ
5 ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸ ਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇੱਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲੱਗੀ। 6 ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸੱਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਹਮਣੇ ਕਰਦੇ। 7 ਔਰਤਾਂ ਇਹ ਗੀਤ ਗਾਉਂਦੀਆਂ:
“ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ
ਪਰ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ।”
8 ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸ ਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, “ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।” 9 ਉਸ ਦਿਨ ਤੋਂ ਬਾਦ ਸ਼ਾਊਲ ਦਾਊਦ ਉੱਪਰ ਕੜੀ ਨਜ਼ਰ ਰੱਖਣ ਲੱਗਾ।
ਸ਼ਾਊਲ ਦਾ ਦਾਊਦ ਤੋਂ ਭੈਅ ਖਾਣਾ
10 ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵੱਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ। 11 ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸ ਨੇ ਸੋਚਿਆ, “ਮੈਂ ਦਾਊਦ ਨੂੰ ਕੰਧ ਵਿੱਚ ਵਿੰਨ੍ਹ ਦੇਵਾਂਗਾ।” ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ।
12 ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ। 13 ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸ ਨੇ ਦਾਊਦ ਨੂੰ 1,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ। 14 ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸ ਨੂੰ ਸਫ਼ਲਤਾ ਮਿਲਦੀ। 15 ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ। 16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸ ਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।
ਸ਼ਾਊਲ ਨੇ ਆਪਣੀ ਧੀ ਨਾਲ ਦਾਊਦ ਦਾ ਵਿਆਹ ਕਰਨਾ ਚਾਹਿਆ
17 ਪਰ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਉਸ ਨੇ ਦਾਊਦ ਨਾਲ ਚਾਲ ਖੇਡਣ ਦੀ ਇੱਕ ਵਿਉਂਤ ਬਣਾਈ ਸ਼ਾਊਲ ਨੇ ਦਾਊਦ ਨੂੰ ਕਿਹਾ, “ਇਹ ਮੇਰੀ ਸਭ ਤੋਂ ਵੱਡੀ ਧੀ ਮੇਰਬ ਹੈ, ਇਸ ਨੂੰ ਮੈਂ ਤੈਨੂੰ ਵਿਆਹ ਦਿੰਦਾ ਹਾਂ, ਫ਼ਿਰ ਤੂੰ ਇੱਕ ਤਕੜਾ ਸਿਪਾਹੀ ਅਤੇ ਮੇਰੇ ਪੁੱਤਰਾਂ ਸਮਾਨ ਹੋ ਜਾਵੇਂਗਾ। ਫ਼ਿਰ ਤੂੰ ਜਾਕੇ ਯਹੋਵਾਹ ਦੀਆਂ ਲੜਾਈਆਂ ਵੀ ਲੜਿਆ ਕਰੇਂਗਾ।” ਪਰ ਇਹ ਸ਼ਾਊਲ ਦੀ ਚਾਲ ਸੀ ਅਸਲ ਵਿੱਚ ਤਾਂ ਸ਼ਾਊਲ ਸੋਚ ਰਿਹਾ ਸੀ ਕਿ, “ਹੁਣ ਮੈਨੂੰ ਦਾਊਦ ਨੂੰ ਜਾਨੋਂ ਮਾਰਨ ਦੀ ਲੋੜ ਨਹੀਂ ਪਵੇਗੀ, ਸਗੋਂ ਮੇਰੇ ਲਈ ਆਪੇ ਹੀ ਉਹ ਫ਼ਲਿਸਤੀਆਂ ਦੇ ਹੱਥੋਂ ਮਰੇਗਾ।”
18 ਪਰ ਦਾਊਦ ਨੇ ਕਿਹਾ, “ਮੈਂ ਕਿਸੇ ਵੱਡੇ ਪਰਿਵਾਰ ਵਿੱਚੋਂ ਨਹੀਂ ਹਾਂ। ਮੇਰਾ ਖਾਨਦਾਨ ਇੰਨਾ ਉੱਚਾ ਨਹੀਂ ਹੈ ਕਿ ਪਾਤਸ਼ਾਹ ਦੀ ਕੁੜੀ ਨਾਲ ਵਿਆਹ ਕਰਾਂ।”
19 ਪਰ ਅਜਿਹਾ ਹੋਇਆ ਕਿ ਜਦੋਂ ਉਹ ਵੇਲਾ ਆਇਆ ਕਿ ਸ਼ਾਊਲ ਦੀ ਧੀ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਠੀ ਅੰਦਰੀਏਲ ਨਾਲ ਵਿਆਹੀ ਗਈ।
20 ਸ਼ਾਊਲ ਦੀ ਦੂਜੀ ਕੁੜੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਮੀਕਲ ਦਾਊਦ ਨੂੰ ਪਿਆਰ ਕਰਦੀ ਹੈ ਤਾਂ ਉਹ ਸੁਣਕੇ ਬੜਾ ਖੁਸ਼ ਹੋਇਆ। 21 ਸ਼ਾਊਲ ਨੇ ਸੋਚਿਆ, “ਹੁਣ ਮੈਂ ਮੀਕਲ ਤੋਂ ਦਾਊਦ ਨੂੰ ਉਸ ਦੇ ਜਾਲ ਵਿੱਚ ਫ਼ਸਾਉਣ ਦਾ ਕੰਮ ਲਵਾਂਗਾ। ਮੈਂ ਮੀਕਲ ਨੂੰ ਦਾਊਦ ਨਾਲ ਵਿਆਹ ਕਰਨ ਦੇਵਾਂਗਾ ਅਤੇ ਉਸਤੋਂ ਬਾਦ ਫ਼ਲਿਸਤੀ ਆਪੇ ਦਾਊਦ ਨੂੰ ਜਾਨੋਂ ਮਾਰ ਸੁੱਟਣਗੇ।” ਇਸ ਲਈ ਸ਼ਾਊਲ ਨੇ ਦਾਊਦ ਨੂੰ ਦੂਜੀ ਵਾਰ ਕਿਹਾ, “ਤੂੰ ਅੱਜ ਹੀ ਮੇਰੀ ਕੁੜੀ ਨਾਲ ਵਿਆਹ ਕਰ ਸੱਕਦਾ ਹੈਂ।”
22 ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਹੁਕਮ ਦਿੱਤਾ ਅਤੇ ਕਿਹਾ, ਦਾਊਦ ਨਾਲ ਇੱਕਲਿਆਂ ਗੱਲ ਕਰੋ ਅਤੇ ਉਸ ਨੂੰ ਕਹੋ, “ਵੇਖ, ਪਾਤਸ਼ਾਹ ਤੈਨੂੰ ਬਹੁਤ ਚਾਹੁੰਦਾ ਹੈ, ਉਸ ਦੇ ਸਾਰੇ ਅਫ਼ਸਰਾਂ ਨੂੰ ਵੀ ਤੂੰ ਬਹੁਤ ਪਿਆਰਾ ਹੈ। ਇਸ ਲਈ ਤੈਨੂੰ ਉਸਦੀ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ।”
23 ਸ਼ਾਊਲ ਦੇ ਅਫ਼ਸਰਾਂ ਨੇ ਉਪਰੰਤ ਦਾਊਦ ਨਾਲ ਇਹ ਸਾਰੀ ਗੱਲ ਕੀਤੀ ਤਾਂ ਦਾਊਦ ਨੇ ਆਖਿਆ, “ਤੁਸੀਂ ਕੀ ਸੋਚਦੇ ਹੋ ਕਿ ਪਾਤਸ਼ਾਹ ਦਾ ਜਵਾਈ ਬਨਣਾ ਇੰਨਾ ਸੌਖਾ ਪਿਆ ਹੈ? ਮੇਰੇ ਕੋਲ ਉਸਦੀ ਧੀ ਨੂੰ ਵਿਆਹੁਣ ਜੋਗੇ ਪੈਸੇ ਨਹੀਂ ਮੈਂ ਤਾਂ ਕੰਗਾਲ ਹਾਂ ਅਤੇ ਇੱਕ ਬੜਾ ਸਾਧਾਰਣ ਜਿਹਾ ਮਨੁੱਖ ਹਾਂ, ਮੇਰੀ ਹਸਤੀ ਹੀ ਕੀ ਹੈ?”
24 ਸ਼ਾਊਲ ਦੇ ਅਫ਼ਸਰਾਂ ਨੇ ਜੋ ਕੁਝ ਦਾਊਦ ਨੇ ਆਖਿਆ ਸੀ ਆਕੇ ਉਸ ਨੂੰ ਕਹਿ ਦਿੱਤਾ। 25 ਸ਼ਾਊਲ ਨੇ ਉਨ੍ਹਾਂ ਨੂੰ ਕਿਹਾ, “ਦਾਊਦ ਨੂੰ ਆਖੋ, ‘ਦਾਊਦ, ਰਾਜਾ ਨਹੀਂ ਚਾਹੁੰਦਾ ਕਿ ਤੂੰ ਉਸਦੀ ਧੀ ਖਾਤਿਰ ਉਸ ਨੂੰ ਕੋਈ ਦਹੇਜ਼ ਦੇਵੇ। ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਧੀ ਦੇ ਵਿਆਹ ਵਾਸਤੇ 100 ਫ਼ਲਿਸਤੀਆਂ ਦੀਆਂ ਖੱਲਾਂ ਚਾਹੁੰਦਾ ਹੈ।’” ਇਹ ਸ਼ਾਊਲ ਦੀ ਇੱਕ ਗੁਪਤ ਵਿਉਂਤ ਸੀ। ਉਸ ਨੇ ਸੋਚਿਆ ਕਿ ਫ਼ਲਿਸਤੀ ਦਾਊਦ ਨੂੰ ਮਾਰ ਦੇਣਗੇ।
26 ਸ਼ਾਊਲ ਦੇ ਅਫ਼ਸਰਾਂ ਨੇ ਇਹ ਸਭ ਗੱਲਾਂ ਜਾਕੇ ਦਾਊਦ ਨੂੰ ਕਹੀਆਂ। ਦਾਊਦ ਖੁਸ਼ ਸੀ ਕਿ ਉਸ ਨੂੰ ਪਾਟਸ਼ਾਹ ਦਾ ਜੁਆਈ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਹ ਝਟ੍ਟ ਮੰਨ ਗਿਆ। 27 ਸਭ ਕੁਝ ਇੰਨੀ ਜਲਦੀ ਹੋਇਆ ਕਿ ਦਾਊਦ ਅਤੇ ਉਸ ਦੇ ਕੁਝ ਸਿਪਾਹੀ ਫ਼ਲਿਸਤੀਆਂ ਦੇ ਖਿਲਾਫ਼ ਲੜਾਈ ਕਰਨ ਚੱਲੇ ਗਏ। ਉਨ੍ਹਾਂ ਨੇ 200 ਫ਼ਲਿਸਤੀ ਸਿਪਾਹੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਇਨ੍ਹਾਂ ਫ਼ਲਿਸਤੀਆਂ ਦੀਆਂ ਚਮੜੀਆਂ ਲਿਆਕੇ ਦਾਊਦ ਨੂੰ ਦੇ ਦਿੱਤੀਆਂ। ਦਾਊਦ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਪਾਤਸ਼ਾਹ ਦਾ ਜੁਆਈ ਬਣਨਾ ਚਾਹੁੰਦਾ ਸੀ।
ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਸ ਨੂੰ ਵਿਆਹ ਦਿੱਤੀ। 28 ਸ਼ਾਊਲ ਨੇ ਵੇਖਿਆ ਕਿ ਯਹੋਵਾਹ ਦਾਊਦ ਦੇ ਨਾਲ ਹੈ ਅਤੇ ਉਸਦੀ ਧੀ ਮੀਕਲ ਵੀ ਦਾਊਦ ਨੂੰ ਪਿਆਰ ਕਰਦੀ ਹੈ। 29 ਤਾਂ ਸ਼ਾਊਲ ਦਾਊਦ ਕੋਲੋਂ ਹੋਰ ਵੀ ਵੱਧੇਰੇ ਭੈਅ ਖਾਣ ਲੱਗਾ। ਅਤੇ ਉਹ ਦਾਊਦ ਦੇ ਹੋਰ ਵੀ ਖਿਲਾਫ਼ ਰਹਿਣ ਲੱਗਾ।
30 ਤਦ ਫ਼ਲਿਸਤੀਆਂ ਦੇ ਸਰਦਾਰਾਂ ਨੇ ਲਗਾਤਾਰ ਇਸਰਾਏਲੀਆਂ ਨਾਲ ਲੜਾਈ ਜਾਰੀ ਰੱਖੀ ਪਰ ਹਰ ਵਾਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਦਾਊਦ ਸ਼ਾਊਲ ਦਾ ਸਭ ਤੋਂ ਵੱਧੀਆ ਅਤੇ ਬਹਾਦੁਰ ਅਫ਼ਸਰ ਸੀ ਅਤੇ ਉਹ ਸਭਨਾ ਵਿੱਚ ਬੜਾ ਮਸ਼ਹੂਰ ਹੋਇਆ।
ਪੌਲੁਸ ਦੀਆਂ ਅੰਤਮ ਗੱਲਾਂ
16 ਮੈਂ ਸਾਡੀ ਭੈਣ ਫ਼ੀਬੀ ਨੂੰ ਤੁਹਾਨੂੰ ਸੌਂਪਣਾ ਚਾਹੁੰਦਾ ਹਾਂ। ਉਹ ਕੰਖਰਿਯਾ ਦੇ ਗਿਰਜੇ ਵਿੱਚ ਖਾਸ ਸਹਾਇਕਾ ਹੈ। 2 ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਨੂੰ ਪ੍ਰਭੂ ਦੇ ਨਾਂ ਤੇ ਕਬੂਲੋ ਜਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਸਦੀ ਸਭ ਪਾਸੋਂ ਵੀ ਮਦਦ ਕਰੋ ਜਿਸਦੀ ਤੁਹਾਥੋਂ ਉਸ ਨੂੰ ਜ਼ਰੂਰਤ ਹੈ। ਉਸ ਨੇ ਮੇਰੀ ਬੜੀ ਸਹਾਇਤਾ ਕੀਤੀ ਸੀ ਅਤੇ ਉਸ ਨੇ ਹੋਰ ਵੀ ਕਿੰਨੇ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਹੈ।
3 ਪਰਿਸੱਕਾ ਅਤੇ ਅਕੂਲਾ ਨੂੰ ਸ਼ੁਭਕਾਮਨਾਵਾਂ। ਉਹ ਮਸੀਹ ਯਿਸੂ ਵਿੱਚ ਸਾਥੀ ਕਾਮੇ ਹਨ। 4 ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾਕੇ ਮੇਰੀ ਜਾਨ ਬਚਾਈ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਨ।
5 ਅਤੇ ਉਸ ਗਿਰਜੇ ਨੂੰ ਵੀ ਸ਼ੁਭਕਾਮਨਾਵਾਂ ਜਿਹੜਾ ਉਨ੍ਹਾਂ ਦੇ ਘਰ ਨਾਲ ਜੁੜਦਾ ਹੈ।
ਮੇਰੇ ਪਿਆਰੇ ਮਿੱਤਰ ਇਯੈਨੇਤੁਸ ਨੂੰ ਸ਼ੁਭਕਾਮਨਾਵਾਂ ਆਖਣਾ। ਅਸਿਯਾ ਵਿੱਚ ਮਸੀਹ ਦਾ ਅਨੁਸਰਣ ਕਰਨ ਵਾਲਾ ਉਹ ਪਹਿਲਾ ਮਨੁੱਖ ਸੀ।
6 ਮਰਿਯਮ ਨੂੰ ਵੀ ਸ਼ੁਭਕਾਮਨਾਵਾਂ ਆਖਣਾ ਉਸ ਨੇ ਤੁਹਾਡੇ ਲਈ ਬੜੀ ਸਖਤ ਮਿਹਨਤ ਕੀਤੀ।
7 ਅੰਦਰੁਨਿਕੁਸ ਅਤੇ ਯੂਨਿਆਸ ਨੂੰ ਵੀ ਸ਼ੁਭਕਾਮਨਾਵਾਂ ਆਖਣਾ, ਉਹ ਮੇਰੇ ਰਿਸ਼ਤੇਦਾਰ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ। ਉਹ ਬਹੁਤ ਜ਼ਿਆਦਾ ਇੱਜ਼ਤਦਾਰ ਹਨ। ਉਹ ਉਨ੍ਹਾਂ ਵਿੱਚੋਂ ਹਨ ਜੋ ਮਸੀਹ ਦੁਆਰਾ ਉਸਦਾ ਕੰਮ ਕਰਨ ਕਈ ਭੇਜੇ ਗਏ ਹਨ। ਉਹ ਮੇਰੇ ਹੋਣ ਤੋਂ ਪਹਿਲਾਂ ਵੀ ਮਸੀਹ ਦੇ ਚੇਲੇ ਸਨ।
8 ਅੰਪਲਿਯਾਤੁਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਮਿੱਤਰ ਹੈ। 9 ਮੇਰੇ ਸਾਥੀ ਕਾਮੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਮਸੀਹ ਵਿੱਚ ਸ਼ੁਭਕਾਮਨਾਵਾਂ ਦੇਣੀਆਂ।
10 ਅੱਪਿਲੇਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੂੰ ਪਰੱਖਿਆ ਗਿਆ ਅਤੇ ਉਹ ਮਸੀਹ ਦਾ ਸੱਚਾ ਸੇਵਕ ਹੋਇਆ ਅਤੇ ਅਰਿਸਤਯੂਲੁਸ ਦੇ ਪਰਿਵਾਰ ਵਿੱਚ ਉਨ੍ਹਾਂ ਸਾਰਿਆਂ ਮਨੁੱਖਾਂ ਨੂੰ ਵੀ ਮੇਰੀ ਰਾਜ਼ੀ-ਖੁਸ਼ੀ ਕਹਿਣਾ।
11 ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਅਤੇ ਨਰਕਿਸੁੱਸ ਦੇ ਪਰਿਵਾਰ ਨੂੰ ਵੀ, ਜੋ ਪ੍ਰਭੂ ਨਾਲ ਸੰਬੰਧਿਤ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।
12 ਤਰੂਫ਼ੇਨਾ ਅਤੇ ਤਰੁਫ਼ੋਸਾ ਔਰਤਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ, ਜੋ ਪ੍ਰਭੂ ਲਈ ਬੜੀ ਸਖਤ ਮਿਹਨਤ ਕਰ ਰਹੀਆਂ ਹਨ।
ਮੇਰੀ ਪਿਆਰੀ ਸਹੇਲੀ ਪਰਸੀਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੇ ਵੀ ਪ੍ਰਭੂ ਲਈ ਬੜੀ ਸਖਤ ਮਿਹਨਤ ਕੀਤੀ ਹੈ।
13 ਰੂਫ਼ਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ ਜੋ ਕਿ ਪ੍ਰਭੂ ਵਿੱਚ ਖਾਸ ਵਿਅਕਤੀ ਹੈ। ਅਤੇ ਉਸਦੀ ਮਾਤਾ ਮੇਰੇ ਲਈ ਵੀ ਮਾਤਾ ਹੈ।
14 ਅੰਸੁਕਰਿਤੁਸ, ਫ਼ਲੇਗੁਨ, ਹਰਮੇਸ, ਪਤੁਰਬਾਸ ਅਤੇ ਹਿਰਮਾਸ ਨੂੰ, ਅਤੇ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ, ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।
15 ਫ਼ਿਲੁਲੁਗੁੱਸ਼ ਯੂਲੀਆ ਅਤੇ ਨੇਰਿਯੁਸ ਅਤੇ ਉਸਦੀ ਭੈਣ ਤੇ ਉਲੁੰਪਾਸ ਨੂੰ, ਅਤੇ ਸਭਨਾਂ ਸ਼ਰਧਾਲੂਆਂ ਨੂੰ ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।
16 ਜਦੋਂ ਤੁਸੀਂ ਮਿਲੋਂ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ। ਮਸੀਹ ਦੇ ਸਾਰੇ ਗਿਰਜੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ।
17 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਬਚਕੇ ਰਹਿਣ ਦੀ ਮੰਗ ਕਰਦਾ ਹਾਂ ਜਿਹੜੇ ਲੋਕਾਂ ਵਿੱਚ ਵੰਡਾਂ ਪਵਾਉਂਦੇ ਹਨ। ਅਤੇ ਦੂਜੇ ਲੋਕਾਂ ਦੀ ਨਿਹਚਾ ਵਿੱਚ ਵਿਘਨ ਪਾਉਂਦੇ ਹਨ। ਉਹ ਲੋਕ ਉਸ ਦੇ ਵਿਰੁੱਧ ਹਨ ਜਿਹੜੀ ਸੱਚੀ ਸਿੱਖਿਆ ਤੁਸੀਂ ਸਿੱਖੀ ਹੈ। ਅਜਿਹੇ ਲੋਕਾਂ ਤੋਂ ਦੂਰ ਰਹੋ। 18 ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ। 19 ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਾਰੇ ਨਿਹਚੀਆਂ ਨੂੰ ਪਤਾ ਹੈ, ਇਸ ਲਈ ਮੈਂ ਤੁਹਾਡੇ ਲਈ ਬੜਾ ਪ੍ਰਸੰਨ ਹਾਂ। ਪਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਸਮਝਦਾਰ ਅਤੇ ਬਦੀ ਬਾਰੇ ਭੋਲੇ ਵੇਖਣਾ ਚਾਹੁੰਦਾ ਹਾਂ।
20 ਸ਼ਾਂਤੀ ਦਾ ਪਰਮੇਸ਼ੁਰ ਛੇਤੀ ਹੀ ਸ਼ੈਤਾਨ ਨੂੰ ਚੂਰ ਕਰ ਦੇਵੇਗਾ ਅਤੇ ਤੁਹਾਨੂੰ ਉਸ ਉੱਪਰ ਪੂਰੀ ਤਾਕਤ ਦੇਵੇਗਾ।
ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
21 ਸਾਡਾ ਸਹਿ ਕਰਮਚਾਰੀ ਤਿਮੋਥਿਉਸ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਮੇਰੇ ਨਾਲ ਮੇਰੇ ਸੰਬੰਧੀਆਂ ਲੂਕਿਯੁਸ, ਯੋਨ ਅਤੇ ਸੋਸਿਪਤਰੁਸ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
22 ਮੈਂ ਤਰਤਿਯੁਸ ਹਾਂ। ਮੈਂ ਇਹ ਪੱਤਰ ਉਵੇਂ ਲਿਖਿਆ ਹੈ ਜਿਵੇਂ ਪੌਲੁਸ ਨੇ ਲਿਖਵਾਇਆ ਹੈ। ਪ੍ਰਭੂ ਵਿੱਚ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ।
23 ਗਾਯੁਸ ਵੱਲੋਂ ਸ਼ੁਭਕਾਮਨਾਵਾਂ। ਉਸ ਨੇ ਮੈਨੂੰ ਅਤੇ ਸਾਰੀ ਕਲੀਸਿਯਾ ਨੂੰ ਇੱਥੇ ਉਸ ਦੇ ਘਰ ਦਾ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਹੈ। 24 [a]
25 ਪਰਮੇਸ਼ੁਰ ਨੂੰ ਮਹਿਮਾ। ਇਹ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਨਿਹਚਾ ਵਿੱਚ ਮਜ਼ਬੂਤ ਬਣਾ ਸੱਕਦਾ ਹੈ। ਉਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਉਸ ਖੁਸ਼ਖਬਰੀ ਦੀ ਵਰਤੋਂ ਕਰ ਸੱਕਦਾ ਹੈ ਜਿਸਦਾ ਮੈਂ ਲੋਕਾਂ ਨੂੰ ਉਪਦੇਸ਼ ਦਿੰਦਾ ਹਾਂ। ਮੈਂ ਲੋਕਾਂ ਨੂੰ ਯਿਸੂ ਮਸੀਹ ਬਾਰੇ ਉਹੀ ਖੁਸ਼ਖਬਰੀ ਦੱਸਦਾ ਹਾਂ। ਖੁਸ਼ਖਬਰੀ ਗੁਪਤ ਸੱਚ ਹੈ ਜੋ ਪਰਮੇਸ਼ੁਰ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਸੀ। ਇਹ ਗੁਪਤ ਸੱਚ ਮੁੱਢ ਤੋਂ ਹੀ ਗੁਪਤ ਰੱਖਿਆ ਗਿਆ ਸੀ। 26 ਪਰ ਉਹ ਗੁਪਤ ਸੱਚ ਸਾਨੂੰ ਵਿਖਾਇਆ ਗਿਆ ਹੈ। ਅਤੇ ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਨਬੀਆਂ ਦੀਆਂ ਲਿਖਤਾਂ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਹੈ। ਇਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਕੀਤਾ ਗਿਆ ਹੈ। ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਇਸ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਜੋ ਉਹ ਨਿਹਚਾ ਰੱਖ ਸੱਕਣ ਅਤੇ ਮਸੀਹ ਨੂੰ ਮੰਨਣ। ਪਰਮੇਸ਼ੁਰ ਸਦੀਵੀ ਹੈ। 27 ਗਿਆਨਵਾਨ ਪਰਮੇਸ਼ੁਰ ਨੂੰ ਯਿਸੂ ਮਸੀਹ ਰਾਹੀਂ ਸਦੀਵੀ ਮਹਿਮਾ। ਆਮੀਨ।
ਤਸੀਹਿਆਂ ਦਾ ਪ੍ਰਾਰਥਨਾ
3 ਮੈਂ ਇੱਕ ਆਦਮੀ ਹਾਂ ਜਿਸਨੇ ਬਹੁਤ ਸਾਰੀਆਂ ਮੁਸੀਬਤਾਂ ਵੇਖੀਆਂ ਹਨ।
ਆਪਣੇ ਗੁੱਸੇ ਵਿੱਚ, ਯਹੋਵਾਹ ਨੇ ਸਾਨੂੰ ਆਪਣੇ ਆਸੇ (ਰਾਜ ਦੰਡ) ਨਾਲ ਕੁਟਿਆ।
ਅਤੇ ਮੈਂ ਇਸ ਨੂੰ ਵਾਪਰਦਿਆਂ ਦੇਖਿਆ!
2 ਯਹੋਵਾਹ ਨੇ ਮੇਰੀ ਅਗਵਾਈ ਕੀਤੀ ਅਤੇ ਮੈਨੂੰ ਰੋਸ਼ਨੀ ਵਿੱਚ ਨਹੀਂ,
ਸਗੋਂ ਅੰਧਕਾਰ ਵਿੱਚ ਲਿਆਂਦਾ।
3 ਯਹੋਵਾਹ ਨੇ ਆਪਣਾ ਹੱਥ ਮੇਰੇ ਵਿਰੁੱਦ ਮੋੜ ਲਿਆ ਹੈ।
ਉਸ ਨੇ ਇਹੀ ਬਾਰ-ਬਾਰ ਸਾਰਾ ਦਿਨ ਕੀਤਾ।
4 ਉਸ ਨੇ ਮੇਰੀ ਚਮੜੀ ਅਤੇ ਮੇਰਾ ਮਾਸ ਉਧੇੜ ਦਿੱਤਾ।
ਉਸ ਨੇ ਮੇਰੀਆਂ ਹੱਡੀਆਂ ਤੋੜ ਦਿੱਤੀਆਂ।
5 ਯਹੋਵਾਹ ਨੇ ਮੈਨੂੰ ਕੁੜਤ੍ਤਨ
ਅਤੇ ਕਸ਼ਟਾਂ ਨਾਲ ਘੇਰਾ ਪਾ ਲਿਆ।
6 ਉਸ ਨੇ ਮੈਨੂੰ ਹਨੇਰੇ ਵਿੱਚ ਬੈਠਣ ਲਈ ਮਜ਼ਬੂਰ ਕੀਤਾ।
ਉਸ ਨੇ ਮੈਨੂੰ ਇੱਕ ਅਜਿਹੇ ਬੰਦੇ ਵਾਂਗ ਬਣਾ ਦਿੱਤਾ, ਜਿਹੜਾ ਬਹੁਤ ਪਹਿਲੋਂ ਮਰ ਚੁੱਕਿਆ ਹੋਵੇ।
7 ਯਹੋਵਾਹ ਨੇ ਮੈਨੂੰ ਅੰਦਰ ਬੰਦ ਕਰ ਦਿੱਤਾ, ਇਸ ਲਈ ਮੈਂ ਬਾਹਰ ਨਹੀਂ ਆ ਸੱਕਦਾ ਸੀ।
ਉਸ ਨੇ ਮੈਨੂੰ ਭਾਰੀ ਬੇੜੀਆਂ ਪਾ ਦਿੱਤੀਆਂ।
8 ਜਦੋਂ ਮੈਂ ਰੋਦਾ ਅਤੇ ਸਹਾਇਤਾ ਲਈ ਪੁਕਾਰ ਵੀ ਕਰਦਾ ਹਾਂ
ਯਹੋਵਾਹ ਮੇਰੀ ਪ੍ਰਾਰਥਨਾ ਨੂੰ ਨਹੀਂ ਸੁਣਦਾ।
9 ਉਸ ਨੇ ਮੇਰੇ ਰਾਹਾਂ ਨੂੰ ਪੱਥਰ ਨਾਲ ਬੰਦ ਕਰ ਦਿੱਤਾ ਹੈ
ਅਤੇ ਮੇਰੇ ਰਾਹਾਂ ਨੂੰ ਵਿੰਗ-ਤਲਿੰਗਾ ਬਣਾ ਦਿੱਤਾ ਹੈ।
10 ਯਹੋਵਾਹ, ਮੇਰੇ ਉੱਤੇ ਹਮਲੇ ਲਈ ਤਿਆਰ ਇੱਕ ਰਿੱਛ ਵਾਂਗ ਹੈ।
ਉਹ ਕਿਸੇ ਛੁਪੀ ਹੋਈ ਥਾਂ ਉੱਤੇ ਖਲੋਤੇ ਸ਼ੇਰ ਵਾਂਗ ਹੈ।
11 ਯਹੋਵਾਹ ਨੇ ਮੈਨੂੰ ਮੇਰੇ ਰਾਹ ਤੋਂ ਭਟਕਾਇਆ।
ਉਸ ਨੇ ਮੈਨੂੰ ਟੁਕੜਿਆਂ ਵਿੱਚ ਪਾੜ ਸੁੱਟਿਆਂ ਅਤੇ ਮੈਨੂੰ ਬਰਬਾਦ ਕਰ ਦਿੱਤਾ।
12 ਉਸ ਨੇ ਆਪਣੀ ਕਮਾਨ ਤਿਆਰ ਕਰ ਲਈ।
ਉਸ ਨੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾ ਲਿਆ।
13 ਉਸ ਨੇ ਮੇਰੇ ਪੇਟ ਅੰਦਰ ਤੀਰ ਮਾਰਿਆ।
ਉਸ ਨੇ ਮੈਨੂੰ ਆਪਣੇ ਤੀਰਾਂ ਨਾਲ ਵਿੰਨ੍ਹਿਆ।
14 ਮੈਂ ਆਪਣੇ ਸਾਰੇ ਲੋਕਾਂ ਲਈ ਇੱਕ ਮਜ਼ਾਕ ਬਣ ਗਿਆ ਹਾਂ।
ਉਹ, ਮੇਰਾ ਮਜ਼ਾਕ ਉਡਾਉਣ ਲਈ ਸਾਰਾ ਦਿਨ ਮੇਰੇ ਬਾਰੇ ਗੀਤ ਗਾਉਂਦੇ ਰਹਿੰਦੇ ਨੇ।
15 ਯਹੋਵਾਹ ਨੇ ਇਹ ਜ਼ਹਿਰ (ਸਜ਼ਾ) ਮੈਨੂੰ ਪੀਣ ਲਈ ਦਿੱਤਾ।
ਉਸ ਨੇ ਮੈਨੂੰ ਇਸ ਕੌੜੇ ਜ਼ਹਿਰ ਨਾਲ ਭਰ ਦਿੱਤਾ ਹੈ।
16 ਯਹੋਵਾਹ ਨੇ ਮੇਰੇ ਦੰਦਾਂ ਤੋਂ ਰੋੜ ਚਬਵਾਏ।
ਉਸ ਨੇ ਮੈਨੂੰ ਧੂੜ ਅੰਦਰ ਮਿੱਧ ਦਿੱਤਾ।
17 ਮੈਂ ਸੋਚਿਆ ਮੈਨੂੰ ਫ਼ੇਰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ।
ਮੈਂ ਚੰਗੀਆਂ ਚੀਜ਼ਾਂ ਬਾਰੇ ਭੁੱਲ ਗਿਆ।
18 ਮੈਂ ਆਪਣੇ-ਆਪ ਨੂੰ ਆਖਿਆ, “ਮੇਰੇ ਕੋਲ ਹੁਣ ਕੋਈ ਵੀ ਉਮੀਦ ਨਹੀਂ ਕਿ
ਯਹੋਵਾਹ ਮੇਰੀ ਸਹਾਇਤਾ ਕਰੇਗਾ।”
19 ਯਹੋਵਾਹ, ਮੇਰੀ ਬਿਪਤਾ ਅਤੇ ਭਟਕਣ ਨੂੰ ਚੇਤੇ ਕਰੋ।
ਉਸ ਕੌੜੀ ਜ਼ਹਿਰ ਨੂੰ ਯਾਦ ਕਰੋ ਜੋ ਤੁਸੀਂ ਮੈਨੂੰ ਦਿੱਤੀ ਸੀ।
20 ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ।
ਅਤੇ ਮੈਂ ਬਹੁਤ ਉਦਾਸ ਹਾਂ।
21 ਪਰ ਫ਼ੇਰ ਮੈਂ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹਾਂ, ਮੈਨੂੰ ਫ਼ੇਰ ਉਮੀਦ ਹੁੰਦੀ ਹੈ।
ਜੋ ਮੈਂ ਸੋਚਦਾ ਹਾਂ ਇਹ ਹੈ:
22 ਯਹੋਵਾਹ ਦੀ ਪ੍ਰੀਤ ਅਤੇ ਮਿਹਰ ਕਦੇ ਵੀ ਨਹੀਂ ਖਤਮ ਹੁੰਦੀ।
ਉਸ ਦੀ ਦਇਆ ਕਦੇ ਨਹੀਂ ਮੁੱਕਦੀ।
23 ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ!
ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।
24 ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਯਹੋਵਾਹ ਮੇਰਾ ਪਰਮੇਸ਼ੁਰ ਹੈ
ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।”
25 ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ।
ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
26 ਕਿਸੇ ਬੰਦੇ ਲਈ ਯਹੋਵਾਹ ਨੂੰ ਉਸ ਨੂੰ ਬਚਾਉਣ ਦਾ,
ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
27 ਕਿਸੇ ਬੰਦੇ ਲਈ ਯਹੋਵਾਹ ਦਾ ਜੂਲਾ ਪਹਿਨਣਾ ਚੰਗਾ ਹੈ।
ਕਿਸੇ ਬੰਦੇ ਲਈ ਜਵਾਨੀ ਵੇਲੇ ਤੋਂ ਹੀ ਉਸ ਜੂਲੇ ਨੂੰ ਪਹਿਨਣਾ ਚੰਗਾ ਹੈ।
28 ਉਸ ਬੰਦੇ ਨੂੰ ਇੱਕਲਾ ਅਤੇ ਖਾਮੋਸ਼ ਬੈਠਣਾ ਚਾਹੀਦਾ ਹੈ
ਜਦੋਂ ਯਹੋਵਾਹ ਆਪਣਾ ਜੂਲਾ ਉਸ ਉੱਤੇ ਪਾਵੇ।
29 ਉਸ ਬੰਦੇ ਨੂੰ ਆਪਣਾ ਚਿਹਰ ਧਰਤ ਵੱਲ ਰੱਖਦੇ ਹੋਏ ਯਹੋਵਾਹ ਅੱਗੇ ਝੁਕਣਾ ਚਾਹੀਦਾ ਹੈ।
ਸ਼ਾਇਦ ਫ਼ੇਰ ਵੀ ਕੋਈ ਉਮੀਦ ਹੋਵੇ।
30 ਉਸ ਨੂੰ ਆਪਣੀ ਦੂਸਰੀ ਗੱਲ੍ਹ ਵੀ, ਬੱਪੜ ਮਾਰਨ ਵਾਲੇ ਵੱਲ ਭੁਆ ਦੇਣੀ ਚਾਹੀਦੀ ਹੈ।
ਉਸ ਬੰਦੇ ਨੂੰ ਆਪਣੇ-ਆਪ ਨੂੰ ਲੋਕਾਂ ਦੁਆਰਾ ਬੇਇੱਜ਼ਤ ਹੋ ਲੈਣ ਦੇਣਾ ਚਾਹੀਦਾ ਹੈ।
31 ਉਸ ਬੰਦੇ ਨੂੰ ਚੇਤੇ ਰੱਖਣਾ ਚਾਹੀਦਾ ਹੈ
ਕਿ ਯਹੋਵਾਹ ਸਦਾ ਲਈ ਲੋਕਾਂ ਨੂੰ ਨਹੀਂ ਤਿਆਗਦਾ।
32 ਯਹੋਵਾਹ ਸਜ਼ਾ ਦਿੰਦਾ ਹੈ,ਜਦੋਂ ਉਸ ਦੇ ਕੋਲ ਰਹਿਮ ਵੀ ਹੁੰਦਾ ਹੈ।
ਉਸ ਕੋਲ ਆਪਣੇ ਮਹਾਨ ਪਿਆਰ ਅਤੇ ਉਦਾਰਤਾ ਕਾਰਣ ਕਿਰਪਾ ਹੈ।
33 ਯਹੋਵਾਹ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ।
ਉਹ ਲੋਕਾਂ ਨੂੰ ਨਾ-ਖੁਸ਼ ਨਹੀਂ ਕਰਨਾ ਚਾਹੁੰਦਾ।
34 ਯਹੋਵਾਹ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ:
ਉਹ ਪਸੰਦ ਨਹੀਂ ਕਰਦਾ ਕਿ ਕੋਈ ਜਣਾ ਧਰਤੀ ਦੇ ਸਾਰੇ ਬੰਦੀਵਾਨਾਂ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦੇਵੇ।
35 ਉਹ ਨਿਆਂ ਨੂੰ ਭ੍ਰਸ਼ਟ ਹੁੰਦਿਆਂ ਪਸੰਦ ਨਹੀਂ ਕਰਦਾ।
ਪਰ ਕੁਝ ਲੋਕ ਸਰਬ ਉੱਚ ਪਰਮੇਸ਼ੁਰ ਦੇ ਸਾਹਮਣੇ ਇਹ ਬਦ ਗੱਲਾਂ ਕਰਦੇ ਹਨ।
36 ਯਹੋਵਾਹ ਕਿਸੇ ਬੰਦੇ ਨੂੰ ਪਸੰਦ ਨਹੀਂ ਕਰਦਾ ਕਿ ਉਹ ਕਿਸੇ ਦੂਸਰੇ ਬੰਦੇ ਨੂੰ ਧੋਖਾ ਦੇਵੇ।
ਯਹੋਵਾਹ ਕਿਸੇ ਵੀ ਅਜਿਹੀ ਗੱਲ ਨੂੰ ਪਸੰਦ ਨਹੀਂ ਕਰਦਾ।
37 ਕੋਈ ਵੀ ਕੁਝ ਅਜਿਹਾ ਨਹੀਂ ਆਖ ਸੱਕਦਾ ਅਤੇ ਇਹ ਵਾਪਰ ਜਾਵੇ,
ਜਦੋਂ ਤੀਕ ਕਿ ਯਹੋਵਾਹ ਇਸ ਨੂੰ ਵਾਪਰਨ ਦਾ ਹੁਕਮ ਨਹੀਂ ਦਿੰਦਾ।
38 ਸਰਬ-ਉੱਚ ਪਰਮੇਸ਼ੁਰ ਚੰਗੀਆਂ
ਅਤੇ ਮਾੜੀਆਂ ਦੋਹਾਂ ਗੱਲਾਂ ਦੇ ਵਾਪਰਨ ਦਾ ਹੁਕਮ ਦਿੰਦਾ ਹੈ।
39 ਕੋਈ ਵੀ ਜੀਵਿਤ ਬੰਦਾ ਸ਼ਿਕਾਇਤਾ ਨਹੀਂ ਕਰ ਸੱਕਦਾ,
ਜਦੋਂ ਯਹੋਵਾਹ ਉਸ ਦੇ ਪਾਪਾਂ ਲਈ ਸਜ਼ਾ ਦਿੰਦਾ ਹੈ।
40 ਆਓ ਪੜਤਾਲ ਕਰੀਏ ਅਤੇ ਦੇਖੀਏ ਕਿ ਅਸਾਂ ਕੀ ਕੀਤਾ ਹੈ।
ਅਤੇ ਫ਼ੇਰ ਅਸੀਂ ਯਹੋਵਾਹ ਵੱਲ ਮੁੜ ਪਈੇ।
41 ਆਓ ਅਸੀਂ ਆਪਣੇ ਦਿਲਾਂ ਅਤੇ ਹੱਥਾਂ ਨੂੰ
ਅਕਾਸ਼ ਦੇ ਪਰਮੇਸ਼ੁਰ ਵੱਲ ਉੱਚਾ ਚੁੱਕੀਏ।
42 ਆਓ ਅਸੀਂ ਉਸ ਨੂੰ ਆਖੀਏ, “ਅਸੀਂ ਪਾਪ ਕੀਤੇ ਅਤੇ ਬੜੇ ਜ਼ਿੱਦੀ ਰਹੇ ਹਾਂ।
ਇਸੇ ਲਈ ਹੀ, ਤੁਸੀਂ ਸਾਨੂੰ ਮਾਫ਼ ਨਹੀਂ ਕੀਤਾ।
43 ਤੂੰ ਆਪਣੇ-ਆਪ ਨੂੰ ਕਹਿਰ ਨਾਲ ਲਪੇਟ ਲਿਆ ਅਤੇ ਸਾਨੂੰ ਭਜਾਇਆ,
ਤੂੰ ਸਾਨੂੰ ਬੇਰਹਿਮੀ ਨਾਲ ਮਾਰ ਦਿੱਤਾ!
44 ਤੁਸੀਂ ਆਪਣੇ ਆਪ ਨੂੰ ਬੱਦਲ ਅੰਦਰ ਲਪੇਟ ਲਿਆ।
ਤੁਸੀਂ ਅਜਿਹਾ ਕੀਤਾ ਤਾਂ ਜੋ ਕੋਈ ਵੀ ਪ੍ਰਾਰਥਨਾ ਤੁਹਾਡੇ ਤੀਕ ਨਾ ਪਹੁੰਚ ਸੱਕੇ।
45 ਤੁਸੀਂ ਸਾਨੂੰ ਹੋਰਨਾਂ ਕੌਮਾਂ ਲਈ
ਕੂੜੇ ਕਰਕਟ ਵਾਂਗ ਬਣਾ ਦਿੱਤਾ।
46 ਸਾਡੇ ਸਾਰੇ ਹੀ ਦੁਸ਼ਮਣ ਸਾਡੇ ਨਾਲ
ਗੁੱਸੇ ਵਿੱਚ ਭਰੇ ਹੋਏ ਗੱਲ ਕਰਦੇ ਨੇ।
47 ਅਸੀਂ ਭੈਭੀਤ ਹੋ ਗਏ ਹਾਂ।
ਅਸੀਂ ਟੋਏ ਅੰਦਰ ਡਿੱਗ ਪਏ ਹਾਂ।
ਅਸੀਂ ਬੁਰੀ ਤਰ੍ਹਾਂ ਸੱਟ ਖਾਧੀ ਹੈ!
ਅਸੀਂ ਟੁੱਟ ਗਏ ਹਾਂ!”
48 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗਦੇ ਨੇ!
ਮੈਂ ਆਪਣੇ ਲੋਕਾਂ ਦੀ ਤਬਾਹੀ ਉੱਤੇ ਵਿਰਲਾਪ ਕਰਦਾ ਹਾਂ!
49 ਮੇਰੀਆਂ ਅੱਖਾਂ ਬਿਨਾ ਰੁਕੇ ਵਗਣਗੀਆਂ!
ਮੈਂ ਵਿਰਲਾਪ ਕਰਦਾ ਰਹਾਂਗਾ!
50 ਯਹੋਵਾਹ ਜੀ, ਮੈਂ ਉਦੋਂ ਤੀਕ ਰੋਦਾ ਰਹਾਂਗਾ ਜਦੋਂ ਤੀਕ
ਕਿ ਤੁਸੀਂ ਹੇਠਾਂ ਸਾਡੇ ਵੱਲ ਨਹੀਂ ਤੱਕਦੇ।
ਮੈਂ ਰੋਦਾ ਰਹਾਂਗਾ ਜਦੋਂ ਤੀਕ
ਕਿ ਤੁਸੀਂ ਸਾਨੂੰ ਅਕਾਸ਼ ਵਿੱਚੋਂ ਨਹੀਂ ਦੇਖਦੇ!
51 ਮੇਰੀਆਂ ਅੱਖਾਂ ਮੈਨੂੰ ਗ਼ਮਗੀਨ ਬਣਾਉਂਦੀਆਂ ਨੇ,
ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਸ਼ਹਿਰ ਦੀਆਂ ਕੁੜੀਆਂ ਨਾਲ ਕੀ ਵਾਪਰਿਆ ਹੈ।
52 ਉਹ ਲੋਕ ਬਿਨਾ ਕਾਰਣ ਹੀ
ਮੇਰੇ ਦੁਸ਼ਮਣ ਸਨ ਪਰ ਉਨ੍ਹਾਂ ਇੱਕ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।
53 ਉਨ੍ਹਾਂ ਮੈਨੂੰ ਇੱਕ ਟੋਏ ਅੰਦਰ ਸੁੱਟ ਦਿੱਤਾ,
ਜਦੋਂ ਕਿ ਹਾਲੇ ਮੈਂ ਜਿਉਂਦਾ ਹੀ ਸਾਂ। ਉਨ੍ਹਾਂ ਮੇਰੇ ਉੱਤੇ ਪੱਥਰ ਸੁੱਟੇ।
54 ਪਾਣੀ ਮੇਰੇ ਸਿਰ ਤੀਕ ਆ ਗਿਆ।
ਮੈਂ ਆਪਣੇ-ਆਪ ਨੂੰ ਆਖਿਆ, “ਮੈਂ ਮੁੱਕ ਗਿਆ ਹਾਂ।”
55 ਯਹੋਵਾਹ ਜੀ, ਮੈਂ ਟੋਏ ਦੀ ਡੂੰਘ ਵਿੱਚੋਂ,
ਤੁਹਾਡਾ ਨਾਮ ਪੁਕਾਰਿਆ।
56 ਮੇਰੀ ਆਵਾਜ਼ ਸੁਣ, ਆਪਣੇ ਕੰਨ ਨਾ ਬੰਦ ਕਰ
ਅਤੇ ਮੈਨੂੰ ਬਚਾਉਣ ਤੋਂ ਇਨਕਾਰ ਨਾ ਕਰ।
57 ਉਸ ਦਿਨ, ਤੁਸੀਂ ਮੇਰੇ ਕੋਲ ਆਏ ਜਦੋਂ ਮੈਂ ਤੁਹਾਨੂੰ ਪੁਕਾਰਿਆ।
ਤੁਸੀਂ ਮੈਨੂੰ ਆਖਿਆ, “ਭੈਭੀਤ ਨਾ ਹੋ।”
58 ਯਹੋਵਾਹ, ਮੇਰਾ ਬਚਾਓ ਕਰ
ਅਤੇ ਮੇਰੀ ਖਾਤਰ ਮੇਰਾ ਜੀਵਨ ਵਾਪਸ ਲਿਆ।
59 ਯਹੋਵਾਹ, ਮੇਰੀਆਂ ਸਮੱਸਿਆਵਾਂ ਵੱਲ ਵੇਖ
ਅਤੇ ਹੁਣ ਮੇਰੇ ਮਾਮਲੇ ਦਾ ਨਿਆਂ ਕਰ।
60 ਵੇਖ ਕਿਵੇਂ ਮੇਰੇ ਦੁਸ਼ਮਣ ਨੇ ਮੈਨੂੰ ਦੁੱਖ ਦਿੱਤਾ।
ਉਨ੍ਹਾਂ ਸਭ ਬਦ ਵਿਉਂਤਾਂ ਨੂੰ ਸੁਣ, ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ।
61 ਤੁਸੀਂ ਉਨ੍ਹਾਂ ਨੂੰ ਮੇਰੀ ਬੇਇੱਜ਼ਤੀ ਕਰਦਿਆਂ ਸੁਣਿਆ ਸੀ,
ਯਹੋਵਾਹ ਜੀ ਤੁਸੀਂ ਉਹ ਸਾਰੀਆਂ ਮੰਦੀਆਂ ਵਿਉਂਤਾਂ ਸੁਣੀਆਂ ਨੇ ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ ਨੇ।
62 ਮੇਰੇ ਦੁਸ਼ਮਣ ਦੇ ਸ਼ਬਦ
ਅਤੇ ਸੋਚਾਂ ਹਮੇਸ਼ਾ ਮੇਰੇ ਵਿਰੁੱਧ ਹਨ।
63 ਯਹੋਵਾਹ, ਵੇਖ ਉੱਠਦੇ-ਬੈਠਦੇ ਉਹ ਕਿਵੇਂ ਮੇਰਾ ਮਜ਼ਾਕ ਉਡਾਉਂਦੇ ਹਨ।
64 ਯਹੋਵਾਹ, ਉਨ੍ਹਾਂ ਨੂੰ ਉਹ ਕੁਝ ਦੇਵੋ ਜਿਸਦੇ ਉਹ ਅਧਿਕਾਰੀ ਨੇ!
ਉਨ੍ਹਾਂ ਤੋਂ ਉਨ੍ਹਾਂ ਦੇ ਕੀਤੇ ਦਾ ਬਦਲਾ ਲੈ!
65 ਉਨ੍ਹਾਂ ਦੇ ਦਿਲਾਂ ਨੂੰ ਜ਼ਿੱਦੀ ਬਣਾ ਦਿਓ
ਅਤੇ ਫ਼ੇਰ ਉਨ੍ਹਾਂ ਨੂੰ ਸਰਾਪ ਦਿਓ।
66 ਉਨ੍ਹਾਂ ਨੂੰ ਆਪਣੇ ਕਹਿਰ ਨਾਲ ਭਜਾ!
ਯਹੋਵਾਹ, ਉਨ੍ਹਾਂ ਨੂੰ ਅਕਾਸ਼ ਹੇਠਾਂ ਤਬਾਹ ਕਰ ਦੇ! ਹ ਕਰ ਦੇ!
ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।
34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
2 ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
3 ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
ਆਉ ਉਸ ਦੇ ਨਾਂ ਦਾ ਆਦਰ ਕਰੀਏ।
4 ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
5 ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
6 ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
ਅਤੇ ਯਹੋਵਾਹ ਨੇ ਮੈਨੂੰ ਸੁਣਿਆ।
ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
7 ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
8 ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
9 ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।
17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।
2010 by World Bible Translation Center