M’Cheyne Bible Reading Plan
7 ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਜੋ ਕਿ ਪਹਾੜੀ ਉੱਪਰ ਸੀ ਉੱਥੇ ਛੱਡ ਆਏ। ਉਨ੍ਹਾਂ ਨੇ ਅਬੀਨਾਦਾਬ ਦੇ ਪੁੱਤਰ ਅਲਆਜ਼ਾਰ ਨੂੰ ਖਾਸ ਰਸਮ ਨਾਲ ਪਵਿੱਤਰ ਕੀਤਾ, ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰ ਸੱਕੇ। 2 ਕਿਰਯਥ-ਯਾਰੀਮ ਵਿੱਚ ਉਹ ਸੰਦੂਕ ਤਕਰੀਬਨ 20 ਵਰ੍ਹੇ ਪਿਆ ਰਿਹਾ।
ਯਹੋਵਾਹ ਦਾ ਇਸਰਾਏਲੀਆਂ ਨੂੰ ਬਚਾਉਣਾ
ਇਸਰਾਏਲ ਦੇ ਲੋਕਾਂ ਨੇ ਮੁੜ ਤੋਂ ਯਹੋਵਾਹ ਨੂੰ ਮੰਨਣਾ ਸ਼ੁਰੂ ਕਰ ਦਿੱਤਾ। 3 ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਸੱਚੇ ਦਿਲੋਂ ਯਹੋਵਾਹ ਵੱਲ ਵਾਪਸ ਪਰਤੇ ਹੋ ਤਾਂ ਤੁਸੀਂ ਸਾਰੇ ਬਾਹਰਲੇ ਦੇਵਤਿਆਂ ਨੂੰ ਸੁੱਟ ਦੇਵੋ। ਤੁਹਾਨੂੰ ਆਪਣੇ ਅਸ਼ਤਾਰੋਥ ਦੇ ਬੁੱਤ ਨੂੰ ਵੀ ਸੁੱਟਣਾ ਹੋਵੇਗਾ ਅਤੇ ਤੁਹਾਨੂੰ ਪੂਰਨ ਰੂਪ ਵਿੱਚ ਇੱਕ ਮਨ ਯਹੋਵਾਹ ਨੂੰ ਆਪਣਾ-ਆਪ ਸਮਰਪਣ ਕਰਨਾ ਹੋਵੇਗਾ। ਤਾਂ ਹੀ ਯਹੋਵਾਹ ਤੁਹਾਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ।”
4 ਤਾਂ ਫ਼ਿਰ ਇਸਰਾਏਲੀਆਂ ਨੇ ਆਪਣੇ ਬਆਲੀਮ ਅਤੇ ਅਸ਼ਤਾਰੋਥ ਦੇ ਬੁੱਤਾਂ ਨੂੰ ਬਾਹਰ ਕੱਢ ਸੁੱਟਿਆ। ਅਤੇ ਕੇਵਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।
5 ਸਮੂਏਲ ਨੇ ਕਿਹਾ, “ਮਿਸਫ਼ਾਹ ਵਿੱਚ ਤੁਸੀਂ ਸਾਰੇ ਇਸਰਾਏਲੀਆਂ ਨੂੰ ਇਕੱਠੇ ਕਰੋ ਤਾਂ ਤੁਹਾਡੇ ਲਈ ਯਹੋਵਾਹ ਅੱਗੇ ਮੈਂ ਬੇਨਤੀ ਕਰਾਂਗਾ।”
6 ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।” ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।
7 ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਕਿ ਇਸਰਾਏਲੀ ਮਿਸਫ਼ਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸ਼ਾਸਕਾਂ ਨੇ ਇਸਰਾਏਲੀਆਂ ਉੱਪਰ ਹਮਲਾ ਕਰ ਦਿੱਤਾ। ਜਦੋਂ ਇਸਰਾਏਲੀਆਂ ਨੂੰ ਫ਼ਲਿਸਤੀਆਂ ਬਾਰੇ ਪਤਾ ਲੱਗਾ ਤਾਂ ਉਹ ਡਰ ਗਏ। 8 ਇਸਰਾਏਲੀਆਂ ਨੇ ਸਮੂਏਲ ਨੂੰ ਕਿਹਾ, “ਚੁੱਪ ਨਾ ਰਹੋ? ਸਾਡੇ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰੀ ਜਾਵੋ? ਯਹੋਵਾਹ ਨੂੰ ਆਖੋ ਕਿ ਸਾਨੂੰ ਫ਼ਲਿਸਤੀਆਂ ਕੋਲੋਂ ਬਚਾਵੋ।”
9 ਸਮੂਏਲ ਨੇ ਇੱਕ ਛੋਟਾ ਲੇਲਾ ਲਿਆ ਅਤੇ ਇਸ ਨੂੰ ਹੋਮ ਦੀ ਭੇਟ ਵਜੋਂ ਯਹੋਵਾਹ ਦੇ ਅੱਗੇ ਚੜ੍ਹਾਇਆ। ਉਸ ਨੇ ਇਸਰਾਏਲ ਵਾਸਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਉੱਤਰ ਦਿੱਤਾ। 10 ਜਦੋਂ ਸਮੂਏਲ ਹੋਮ ਦੀ ਬਲੀ ਚੜ੍ਹਾ ਰਿਹਾ ਸੀ ਉਸ ਵਕਤ ਫ਼ਲਿਸਤੀ ਇਸਰਾਏਲ ਉੱਪਰ ਹਮਲਾ ਕਰਨ ਵਾਲੇ ਸਨ ਕਿ ਯਹੋਵਾਹ ਫ਼ਲਿਸਤੀਆਂ ਉੱਪਰ ਇੱਕ ਵੱਡੀ ਗਰਜਨ ਦੇ ਨਾਲ ਗਰਜਿਆ। ਫ਼ਲਿਸਤੀ ਇਸ ਨਾਲ ਘਬਰਾ ਗਏ। ਗਰਜਨ ਨੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਉਹ ਬੜੇ ਪਰੇਸ਼ਾਨ ਹੋ ਗਏ। ਉਨ੍ਹਾਂ ਦੇ ਆਗੂ ਆਪਣੇ ਵੱਸ ਵਿੱਚ ਨਾ ਰਹੇ, ਤਾਂ ਇਉਂ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਲੜਾਈ ਵਿੱਚ ਹਰਾ ਦਿੱਤਾ। 11 ਅਤੇ ਇਸਰਾਏਲੀਆਂ ਨੇ ਮਿਸਫ਼ਾਹ ਵਿੱਚੋਂ ਨਿਕਲਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ, ਅਤੇ ਬੈਤ-ਕਰ ਤੱਕ ਉਨ੍ਹਾਂ ਦੇ ਸਿਪਾਹੀਆਂ ਨੂੰ ਮਾਰਦੇ ਚੱਲੇ ਗਏ।
ਇਸਰਾਏਲ ਵਿੱਚ ਅਮਨ ਬਹਾਲ
12 ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈ ਕੇ ਮਿਸਫ਼ਾਹ ਅਤੇ ਸ਼ੇਨ ਦੇ ਵਿੱਚਕਾਰ ਖੜ੍ਹਾ ਕੀਤਾ। ਇਸਦਾ ਨਾਮ ਉਸ ਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, “ਇੱਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।”
13 ਫ਼ਲਿਸਤੀਆਂ ਦੀ ਹਾਰ ਹੋਈ ਤਾਂ ਫ਼ਿਰ ਉਹ ਕਦੇ ਇਸਰਾਏਲ ਦੀ ਧਰਤੀ ਤੇ ਨਾ ਵੜੇ। ਸਮੂਏਲ ਦੇ ਜੀਵਨ ਕਾਲ ਤੱਕ ਯਹੋਵਾਹ ਫ਼ਲਿਸਤੀਆਂ ਦੇ ਵਿਰੁੱਧ ਹੀ ਰਿਹਾ। 14 ਫ਼ਲਿਸਤੀਆਂ ਨੇ ਅਕਰੋਨ ਅਤੇ ਗਥ ਵਿੱਚਲੇ ਇਲਾਕੇ ਦੇ ਸਾਰੇ ਇਸਰਾਏਲੀ ਨਗਰ ਲੈ ਲਈ ਸਨ। ਪਰ ਇਸਰਾਏਲੀਆਂ ਨੇ ਇਨ੍ਹਾਂ ਨਗਰਾਂ ਨੂੰ ਇਨ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਸਮੇਤ ਵਾਪਸ ਜਿੱਤ ਲਿਆ।
ਇਸਰਾਏਲ ਅਤੇ ਅਮੋਰੀਆਂ ਵਿੱਚਕਾਰ ਅਮਨ ਹੋ ਗਿਆ।
15 ਜਦੋਂ ਤੀਕ ਸਮੂਏਲ ਜਿਉਂਦਾ ਰਿਹਾ ਇਸਰਾਏਲ ਦਾ ਨਿਆਉਂ ਕਰਦਾ ਰਿਹਾ। 16 ਉਹ ਹਰ ਵਰ੍ਹੇ ਦੇਸ਼ ਦਾ ਦੌਰਾ ਕਰਦਾ। ਅਤੇ ਬੈਤੇਲ, ਗਿਲਗਾਲ ਅਤੇ ਮਿਸਫ਼ਾਹ ਵਿੱਚ ਫ਼ੇਰੀ ਕਰਦਾ। ਇੰਝ ਉਸ ਨੇ ਇਸਰਾਏਲ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਨਿਆਉਂ ਅਤੇ ਰਾਜ ਕੀਤਾ। 17 ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉੱਥੇ ਰਾਮਾਹ ਵਿੱਚ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।
ਇਸਰਾਏਲ ਦੀ ਪਾਤਸ਼ਾਹ ਲਈ ਮੰਗ
8 ਜਦੋਂ ਸਮੂਏਲ ਬੁੱਢਾ ਹੋ ਗਿਆ ਤਾਂ ਉਸ ਨੇ ਇਸਰਾਏਲ ਉੱਪਰ ਨਿਆਉਂ ਕਰਨ ਲਈ ਆਪਣੇ ਪੁੱਤਰਾਂ ਨੂੰ ਠਹਿਰਾਇਆ। 2 ਸਮੂਏਲ ਦੇ ਜੇਠੇ ਪੁੱਤਰ ਦਾ ਨਾਉਂ ਯੋਏਲ ਸੀ ਅਤੇ ਦੂਜੇ ਪੁੱਤਰ ਦਾ ਅੱਬਿਯਾਹ। ਯੋਏਲ ਅਤੇ ਅੱਬਿਯਾਹ ਬਏਰਸ਼ਬਾ ਵਿੱਚ ਨਿਆਉਂ ਕਰਦੇ ਸਨ। 3 ਪਰ ਸਮੂਏਲ ਦੇ ਪੁੱਤਰ ਉਸ ਦੇ ਵਾਂਗ ਨਾ ਰਹੇ। ਯੋਏਲ ਅਤੇ ਅੱਬਿਯਾਹ ਨੇ ਰਿਸ਼ਵਤਾਂ ਲਈਆਂ ਅਤੇ ਅਦਾਲਤ ਵਿੱਚ ਆਪਣੇ ਨਿਆਂ ਬਦਲ ਦਿੰਦੇ ਸਨ। ਉਹ ਅਦਾਲਤ ਵਿੱਚ ਲੋਕਾਂ ਨਾਲ ਧੋਖਾ ਕਰਦੇ ਸਨ। [a] 4 ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕੱਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ। 5 ਬਜ਼ੁਰਗਾਂ ਨੇ ਸਮੂਏਲ ਨੂੰ ਕਿਹਾ, “ਤੂੰ ਹੁਣ ਬੁੱਢਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਸਹੀ ਮਾਰਗ ਉੱਤੇ ਨਹੀਂ ਚੱਲ ਰਹੇ, ਉਹ ਤੇਰੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਦੇ ਸੋ ਸਾਨੂੰ ਕੋਈ ਅਜਿਹਾ ਬਾਦਸ਼ਾਹ ਦੇ ਜੋ ਬਾਕੀ ਕੌਮਾਂ ਵਾਂਗ ਸਾਡੇ ਉੱਤੇ ਰਾਜ ਕਰ ਸੱਕੇ।”
6 ਉਨ੍ਹਾਂ ਬਜ਼ੁਰਗਾਂ ਨੇ ਜੋ ਇਹ ਆਖਿਆ ਕਿ ਸਾਨੂੰ ਕੋਈ ਅਜਿਹਾ ਪਾਤਸ਼ਾਹ ਦੇ ਜੋ ਸਾਡਾ ਨਿਆਉਂ ਕਰੇ ਤਾਂ ਸਮੂਏਲ ਨੇ ਇਸ ਨੂੰ ਦੁਰਵਿੱਚਾਰ ਸਮਝਿਆ ਤਾਂ ਸਮੂਏਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 7 ਯਹੋਵਾਹ ਨੇ ਸਮੂਏਲ ਨੂੰ ਕਿਹਾ, “ਤੂੰ ਉਹੀ ਕਰ ਜੋ ਤੈਨੂੰ ਲੋਕੀ ਆਖਦੇ ਹਨ। ਉਨ੍ਹਾਂ ਨੇ ਤੈਨੂੰ ਰੱਦ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੈਨੂੰ ਰੱਦ ਕੀਤਾ ਹੈ। ਇਸਦਾ ਮਤਲਬ ਉਹ ਮੈਨੂੰ ਆਪਣਾ ਪਾਤਸ਼ਾਹ ਨਹੀਂ ਠਹਿਰਾਉਣਾ ਚਾਹੁੰਦੇ। 8 ਉਹ ਮੇਰੇ ਖਿਲਾਫ਼ ਉਹੀ ਗੱਲਾਂ ਕਰ ਰਹੇ ਹਨ ਜੋ ਉਹ ਮੇਰੇ ਉਨ੍ਹਾਂ ਨੇ ਮਿਸਰ ਤੋਂ ਬਾਹਰ ਕੱਢਣ ਦੇ ਦਿਨ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਹੁਣ ਉਹ ਉਹੀ ਤੇਰੇ ਨਾਲ ਕਰ ਰਹੇ ਹਨ। 9 ਇਸ ਲਈ ਤੂੰ ਉਨ੍ਹਾਂ ਦੀ ਸੁਣ ਅਤੇ ਉਹੀ ਕਰ ਜੋ ਉਹ ਕਹਿੰਦੇ ਹਨ ਪਰ ਤੂੰ ਉਨ੍ਹਾਂ ਨੂੰ ਖਬਰਦਾਰ ਕਰ ਦੇ। ਉਨ੍ਹਾਂ ਨੂੰ ਦੱਸ ਕਿ ਜਿਹੜਾ ਪਾਤਸ਼ਾਹ ਉਨ੍ਹਾਂ ਉੱਪਰ ਰਾਜ ਕਰੇਗਾ ਉਸੀ ਡੌਲ-ਚਾਲ ਕਿਹੋ ਜਿਹੀ ਹੋਵੇਗੀ!”
10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸ ਨੂੰ ਯਹੋਵਾਹ ਨੇ ਆਖਿਆ ਸੀ। 11 ਸਮੂਏਲ ਨੇ ਕਿਹਾ, “ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰੱਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰੱਥ ਦੇ ਅੱਗੇ ਉਸ ਦੇ ਰੱਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸ ਦੇ ਅੱਗੇ-ਅੱਗੇ ਭੱਜਣਗੇ।
12 “ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ 1,000 ਮਨੁੱਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ 50 ਦੇ ਉੱਪਰ।
“ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹੱਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰੱਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ।
13 “ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ।
14 “ਪਾਤਸ਼ਾਹ ਤੁਹਾਡੀਆਂ ਸਭ ਤੋਂ ਵੱਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈ ਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ।
16 “ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵੱਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈ ਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ। 17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ।
“ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ। 18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।”
19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, “ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸੱਕੇ। 20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸੱਕੇ।”
21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸ ਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ। 22 ਯਹੋਵਾਹ ਨੇ ਆਖਿਆ, “ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।”
ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।”
ਪਾਪ ਵੱਲੋਂ ਮਰ ਕੇ ਪਰ ਮਸੀਹ ਲਈ ਜਿਉਣਾ
6 ਤਾਂ ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਪਾਪ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਰਮੇਸ਼ੁਰ ਸਾਨੂੰ ਵੱਧ ਤੋਂ ਵੱਧ ਕਿਰਪਾ ਦੇਵੇ। ਨਿਸ਼ਚਿਤ ਹੀ ਨਹੀਂ। 2 ਅਸੀਂ ਆਪਣੀ ਪੁਰਾਣੀ ਪਾਪ ਦੀ ਜ਼ਿੰਦਗੀ ਲਈ ਮਰ ਚੁੱਕੇ ਹਾਂ। ਤਾਂ ਹੁਣ ਅਸੀਂ ਪਾਪ ਨਾਲ ਜਿਉਣਾ ਜਾਰੀ ਕਿਵੇਂ ਰੱਖ ਸੱਕਦੇ ਹਾਂ? 3 ਕੀ ਤੁਸੀਂ ਭੁੱਲ ਗਏ ਹੋ ਕਿ ਅਸੀਂ ਸਾਰੇ, ਜਿਨ੍ਹਾਂ ਨੂੰ ਮਸੀਹ ਯਿਸੂ ਵਿੱਚ ਬਪਤਿਸਮਾ ਦਿੱਤਾ ਗਿਆ ਸੀ, ਉਸਦਾ ਇੱਕ ਅੰਗ ਬਣ ਚੁੱਕੇ ਹਾਂ। ਅਸੀਂ ਉਸ ਦੇ ਬਪਤਿਸਮੇ ਰਾਹੀਂ ਉਸਦੀ ਮੌਤ ਨੂੰ ਸਾਂਝਾ ਕੀਤਾ ਹੈ ਜਿਹੜਾ ਅਸਾਂ ਲਿਆ ਸੀ। 4 ਇਸ ਲਈ ਜਦੋਂ ਸਾਨੂੰ ਬਪਤਿਸਮਾ ਦਿੱਤਾ ਗਿਆ ਸੀ, ਅਸੀਂ ਮਸੀਹ ਦੇ ਨਾਲ ਹੀ ਦਫ਼ਨਾਏ ਗਏ ਸਾਂ ਅਤੇ ਉਸ ਨਾਲ ਮੌਤ ਸਾਂਝੀ ਕੀਤੀ। ਅਸੀਂ ਮਸੀਹ ਨਾਲ ਇਸ ਲਈ ਦਫ਼ਨਾਏ ਗਏ ਤਾਂ ਜੋ ਅਸੀਂ ਜਿਵਾਲੇ ਜਾਈਏ ਅਤੇ ਇੱਕ ਨਵਾਂ ਜੀਵਨ ਜੀਵੀਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਮਸੀਹ ਨੂੰ ਪਿਤਾ ਦੀ ਮਹਾਨ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ।
5 ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁੜ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸ ਦੇ ਪੁਨਰ ਉਥਾਨ ਵਿੱਚ ਉਸ ਦੇ ਨਾਲ ਜੁੜਾਂਗੇ। 6 ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਪਾਪੀ ਸੁਭਾਅ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਇਆ ਗਿਆ ਸੀ। ਇਹ ਇਸ ਲਈ ਵਾਪਰਿਆ ਤਾਂ ਜੋ ਸਾਡੇ ਪਾਪੀ ਸੁਭਾਅ ਦਾ ਸਾਡੇ ਉੱਤੇ ਕੋਈ ਇਖਤਿਆਰ ਨਾ ਹੋਵੇ। ਅਸੀਂ ਪਾਪ ਦੇ ਹੋਰ ਗੁਲਾਮ ਨਾ ਹੋਈਏ। 7 ਕੋਈ ਵੀ ਮਨੁੱਖ ਜੋ ਮਰ ਗਿਆ ਹੈ ਪਾਪ ਦੀ ਸ਼ਕਤੀ ਤੋਂ ਆਜ਼ਾਦ ਹੈ।
8 ਜੇ ਅਸੀਂ ਮਸੀਹ ਨਾਲ ਮਰੇ, ਤਾਂ ਸਾਡਾ ਵਿਸ਼ਵਾਸ ਹੈ ਕਿ ਅਸੀਂ ਵੀ ਉਸ ਦੇ ਨਾਲ ਜੀਵਾਂਗੇ। 9 ਸਾਨੂੰ ਪਤਾ ਹੈ ਕਿ ਮਸੀਹ ਮੁਰਦਿਆਂ ਤੋਂ ਜਿਵਾਲਿਆ ਗਿਆ ਸੀ, ਇਸ ਲਈ ਉਹ ਦੁਬਾਰਾ ਨਹੀਂ ਮਰ ਸੱਕਦਾ। ਹੁਣ ਮੌਤ ਦਾ ਉਸ ਉੱਪਰ ਕੋਈ ਵੱਸ ਨਹੀਂ। 10 ਹਾਂ, ਮਸੀਹ ਸਾਡੇ ਪਾਪਾਂ ਲਈ ਇੱਕੋ ਵਾਰ ਮਰ ਗਿਆ ਸੀ। ਅਤੇ ਜਿਹੜੀ ਜ਼ਿੰਦਗੀ ਉਹ ਹੁਣ ਜਿਉਂ ਰਿਹਾ ਹੈ ਉਹ ਪਰਮੇਸ਼ੁਰ ਲਈ ਹੈ। 11 ਇਸੇ ਤਰ੍ਹਾਂ, ਤੁਸੀਂ ਵੀ ਆਪਣੇ-ਆਪ ਨੂੰ ਪਾਪ ਵੱਲੋਂ ਮਰੇ ਹੋਏ ਸਮਝੋ। ਪਰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਲਈ ਜਿਉਂਦੇ ਸਮਝੋ।
12 ਪਰ ਪਾਪ ਨੂੰ, ਇੱਥੇ ਆਪਣੇ ਧਰਤੀ ਦੇ ਜੀਵਨ ਤੇ, ਕਾਬੂ ਨਾ ਕਰਨ ਦਿਉ। ਤੁਹਾਨੂੰ ਆਪਣੇ ਪਾਪੀ ਮਨ ਦੀਆਂ ਦੁਸ਼ਟ ਇੱਛਾਵਾਂ ਲਈ ਇਸਦੇ ਵੱਸ ਨਹੀਂ ਹੋਣਾ ਚਾਹੀਦਾ। 13 ਆਪਣੇ ਸਰੀਰ ਦੇ ਅੰਗਾਂ ਨੂੰ, ਬਦੀ ਕਰਨ ਦੇ ਸੰਦਾਂ ਵਾਂਗ, ਪਾਪ ਨੂੰ ਭੇਂਟ ਨਾ ਕਰੋ ਪਰ ਇਹ ਜਾਣਦੇ ਹੋਏ ਆਪਣੇ-ਆਪ ਨੂੰ ਪਰਮੇਸ਼ੁਰ ਨੂੰ ਭੇਟ ਕਰੋ ਕਿ ਤੁਸੀਂ ਮੁਰਦੇ ਸੀ ਅਤੇ ਹੁਣ ਤੁਸੀਂ ਜਿਉਂਦੇ ਹੋ। ਆਪਣੇ ਸਰੀਰ ਦੇ ਅੰਗਾਂ ਨੂੰ, ਚੰਗਿਆਈ ਕਰਨ ਲਈ ਸੰਦਾਂ ਵਾਂਗ, ਪਰਮੇਸ਼ੁਰ ਨੂੰ ਭੇਂਟ ਕਰੋ। 14 ਪਾਪ ਤੁਹਾਡਾ ਮਾਲਕ ਨਹੀਂ ਹੋਵੇਗਾ। ਕਿਉਂਕਿ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਹੋ ਸਗੋਂ ਤੁਸੀਂ ਪਰਮੇਸ਼ੁਰ ਦੀ ਕਿਰਪਾ ਦੇ ਹੇਠ ਹੋ।
ਨਿਆਂ ਦੇ ਸੇਵਕ
15 ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਪਾਪ ਕਰਨੇ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਅਸੀਂ ਸ਼ਰ੍ਹਾ ਦੇ ਅਧੀਨ ਨਹੀਂ ਹਾਂ ਸਗੋਂ ਕਿਰਪਾ ਹੇਠ ਹਾਂ? ਬਿਲਕੁਲ ਨਹੀਂ। 16 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸ ਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸੱਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 17 ਅਤੀਤ ਵਿੱਚ, ਤੁਸੀਂ ਪਾਪ ਦੇ ਗੁਲਾਮਾਂ ਵਾਂਗ ਜਿਉਂਦੇ ਸੀ। ਪਰ ਪਰਮੇਸ਼ੁਰ ਦਾ ਸ਼ੁਕਰ ਹੈ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਉਪਦੇਸ਼ਾਂ ਦੀ ਪਾਲਣਾ ਕੀਤੀ ਜੋ ਤੁਹਾਨੂੰ ਸਿੱਖਾਏ ਗਏ ਸਨ। 18 ਇਸ ਲਈ ਤੁਸੀਂ ਪਾਪਾਂ ਤੋਂ ਆਜ਼ਾਦ ਕੀਤੇ ਗਏ ਸੀ, ਅਤੇ ਹੁਣ ਤੁਸੀਂ ਸਹੀ ਜੀਵਨ ਦੇ ਗੁਲਾਮ ਹੋ। 19 ਇਸ ਦੀ ਵਿਆਖਿਆ ਕਰਨ ਲਈ, ਮੈਂ ਇੱਕ ਮਿਸਾਲ ਦਿੰਦਾ ਹਾਂ ਜੋ ਲੋਕਾਂ ਨੂੰ ਪਤਾ ਹੈ। ਮੈਂ ਇਸਦੀ ਵਿਆਖਿਆ ਇਸ ਢੰਗ ਨਾਲ ਕਰਦਾ ਹਾਂ ਕਿਉਂਕਿ ਇਹ ਤੁਹਾਨੂੰ ਸਮਜਣ ਲਈ ਔਖੰ ਹੈ। ਅਤੀਤ ਵਿੱਚ, ਤੁਸੀਂ ਆਪਣੇ ਸਰੀਰ ਦੇ ਅੰਗ, ਬਦੀ ਦੇ ਦਾਸ ਹੋਣ ਵਾਸਤੇ, ਪਾਪ ਨੂੰ ਸਮਰਪਿਤ ਕੀਤੇ ਸਨ। ਸੋ ਹੁਣ, ਆਪਣੇ ਸਰੀਰ ਦੇ ਅੰਗਾਂ ਨੂੰ, ਸਦਾਚਾਰੀ ਦੇ ਦਾਸ ਹੋਣ ਲਈ, ਅਰਪਿਤ ਕਰੋ। ਫ਼ੇਰ ਤੁਸੀਂ ਸਿਰਫ਼ ਪਰਮੇਸ਼ੁਰ ਲਈ ਜੀਵੋਂਗੇ।
20 ਅਤੀਤ ਵਿੱਚ, ਤੁਸੀਂ ਪਾਪ ਦੇ ਕਾਬੂ ਹੇਠ ਸੀ ਅਤੇ ਇਸੇ ਕਾਰਣ ਸਦਾਚਾਰ ਤੁਹਾਨੂੰ ਆਪਣੇ ਕਾਬੂ ਹੇਠ ਨਾ ਰੱਖ ਸੱਕਿਆ। 21 ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ। 22 ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। 23 ਤੁਹਾਡੇ ਪਾਪਾਂ ਦੀ ਮਜ਼ਦੂਰੀ ਮੌਤ ਹੈ। ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਪਕ ਜੀਵਨ ਦਿੰਦਾ ਹੈ।
ਮਿਸਰ ਵਿੱਚ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼
44 ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸੰਦੇਸ਼ ਮਿਸਰ ਵਿੱਚ ਰਹਿਣ ਵਾਲੇ ਸਾਰੇ ਯਹੂਦਾਹ ਦੇ ਲੋਕਾਂ ਲਈ ਸੀ। ਇਹ ਸੰਦੇਸ਼ ਮਿਗਦੋਲ, ਤਹਪਨਹੇਸ, ਨੋਫ਼ ਅਤੇ ਦੱਖਣੀ ਮਿਸਰ ਦੇ ਕਸਬਿਆਂ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕਾਂ ਲਈ ਸੀ। ਸੰਦੇਸ਼ ਇਹ ਸੀ: 2 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਤੁਸੀਂ ਲੋਕਾਂ ਨੇ ਉਨ੍ਹਾਂ ਭਿਆਨਕ ਘਟਨਾਵਾਂ ਨੂੰ ਵਾਪਰਦਿਆਂ ਦੇਖਿਆ ਜਿਹੜੀਆਂ ਮੈਂ ਯਰੂਸ਼ਲਮ ਸ਼ਹਿਰ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਪਰ ਘਟਾਈਆਂ। ਉਹ ਕਸਬੇ ਹੁਣ ਪੱਥਰ ਦੇ ਸਖਣੇ ਢੇਰ ਹਨ। 3 ਉਨ੍ਹਾਂ ਥਾਵਾਂ ਨੂੰ ਇਸ ਲਈ ਤਬਾਹ ਕੀਤਾ ਗਿਆ ਸੀ ਕਿਉਂ ਕਿ ਉਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਮੰਦੇ ਅਮਲ ਕੀਤੇ ਸਨ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ-ਅਤੇ ਇਸ ਨਾਲ ਮੈਨੂੰ ਬਹੁਤ ਗੁੱਸਾ ਚੜ੍ਹਿਆ। ਤੁਸੀਂ ਲੋਕਾਂ ਨੇ ਅਤੇ ਤੁਹਾਡੇ ਪੁਰਖਿਆਂ ਨੇ ਅਤੀਤ ਵਿੱਚ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਹੀਂ ਸੀ ਕੀਤੀ। 4 ਮੈਂ ਉਨ੍ਹਾਂ ਲੋਕਾਂ ਵੱਲ ਬਾਰ-ਬਾਰ ਆਪਣੇ ਨਬੀ ਭੇਜੇ। ਉਹ ਨਬੀ ਮੇਰੇ ਸੇਵਾਦਾਰ ਸਨ। ਉਨ੍ਹਾਂ ਨਬੀਆਂ ਨੇ ਮੇਰਾ ਸੰਦੇਸ਼ ਸੁਣਾਇਆ ਅਤੇ ਲੋਕਾਂ ਨੂੰ ਆਖਿਆ, ‘ਇਹ ਭਿਆਨਕ ਗੱਲ ਨਾ ਕਰੋ। ਮੈਂ ਤੁਹਾਡੀ ਬੁੱਤ ਉਪਾਸਨਾ ਨੂੰ ਨਫ਼ਰਤ ਕਰਦਾ ਹਾਂ।’ 5 ਪਰ ਉਨ੍ਹਾਂ ਲੋਕਾਂ ਨੇ ਨਬੀਆਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਉਨ੍ਹਾਂ ਨਬੀਆਂ ਵੱਲ ਧਿਆਨ ਨਹੀਂ ਦਿੱਤਾ। ਉਹ ਲੋਕ ਮੰਦੇ ਕੰਮ ਕਰਨੋ ਨਹੀਂ ਹਟੇ। ਉਹ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਉਣੋ ਨਾ ਹਟੇ। 6 ਇਸ ਲਈ, ਮੈਂ ਉਨ੍ਹਾਂ ਲੋਕਾਂ ਦੇ ਖਿਲਾਫ਼ ਕਹਿਰ ਪ੍ਰਗਟਾਇਆ। ਮੈਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਨੂੰ ਸਜ਼ਾ ਦਿੱਤੀ। ਮੇਰੇ ਕਹਿਰ ਨੇ ਯਰੂਸ਼ਲਮ ਅਤੇ ਯਹੂਦਾਹ ਦੇ ਕਸਬਿਆਂ ਨੂੰ ਅੱਜ ਦੇ ਪੱਥਰ ਦੇ ਸਖਣੇ ਢੇਰ ਬਣਾ ਦਿੱਤਾ।”
7 ਇਸ ਲਈ, ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: “ਤੁਸੀਂ ਬੁੱਤਾਂ ਦੀ ਉਪਾਸਨਾ ਕਰਕੇ ਆਪਣੇ-ਆਪ ਨੂੰ ਕਿਉਂ ਦੁੱਖ ਪਹੁੰਚਾ ਰਹੇ ਹੋ? ਤੁਸੀਂ ਆਦਮੀਆਂ, ਔਰਤਾਂ ਬੱਚਿਆਂ ਅਤੇ ਨਿੱਕੇ ਨਿਆਣਿਆਂ ਨੂੰ ਯਹੂਦਾਹ ਦੇ ਪਰਿਵਾਰ ਕੋਲੋਂ ਕਿਉਂ ਵੱਖ ਕਰ ਰਹੇ ਹੋ। ਅਤੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਯਹੂਦਾਹ ਦੇ ਪਰਿਵਾਰ ਤੋਂ ਬਚੇ ਹੋਏ ਲੋਕਾਂ ਤੋਂ ਬਿਨਾ ਰੱਖ ਰਹੇ ਹੋ। 8 ਤੁਸੀਂ ਲੋਕ ਬੁੱਤ ਬਣਾਕੇ ਮੈਨੂੰ ਕਹਿਰਵਾਨ ਕਿਉਂ ਕਰਨਾ ਚਾਹੁੰਦੇ ਹੋ? ਹੁਣ ਤੁਸੀਂ ਮਿਸਰ ਵਿੱਚ ਰਹਿ ਰਹੇ ਹੋ। ਅਤੇ ਹੁਣ ਤੁਸੀਂ ਮਿਸਰ ਦੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਕੇ ਮੈਨੂੰ ਕਿਉਂ ਕਹਿਰਵਾਨ ਬਣਾ ਰਹੇ ਹੋ। ਤੁਸੀਂ ਲੋਕ ਆਪਣੇ-ਆਪ ਨੂੰ ਤਬਾਹ ਕਰ ਲਵੋਗੇ। ਇਹ ਤੁਹਾਡਾ ਆਪਣਾ ਹੀ ਕਸੂਰ ਹੋਵੇਗਾ। ਤੁਸੀਂ ਆਪਣੇ-ਆਪ ਨੂੰ ਅਜਿਹੀ ਸ਼ੈਅ ਬਣਾ ਲਵੋਗੇ ਜਿਸਦੀ ਹੋਰਨਾਂ ਕੌਮਾਂ ਦੇ ਲੋਕ ਨਿੰਦਿਆ ਕਰਨਗੇ। ਅਤੇ ਦੁਨੀਆਂ ਦੀਆਂ ਹੋਰ ਸਾਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਉਣਗੀਆਂ। 9 ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਤੁਹਾਡੇ ਪੁਰਖਿਆਂ ਨੇ ਕੀਤੀ? ਅਤੇ ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਨੇ ਕੀਤੀ? ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ? 10 ਅੱਜ ਦਿਨ ਤੱਕ ਵੀ ਯਹੂਦਾਹ ਦੇ ਲੋਕਾਂ ਨੇ ਆਪਣੇ-ਆਪ ਨੂੰ ਨਿਗਰਾਣ ਨਹੀਂ ਬਣਾਇਆ। ਉਨ੍ਹਾਂ ਨੇ ਮੇਰੇ ਲਈ ਆਦਰ ਦਾ ਪ੍ਰਗਟਾਵਾ ਨਹੀਂ ਕੀਤਾ। ਅਤੇ ਉਹ ਲੋਕ ਮੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਨ੍ਹਾਂ ਬਿਧੀਆਂ ਦਾ ਪਾਲਣ ਨਹੀਂ ਕੀਤਾ ਜਿਹੜੀਆਂ ਮੈਂ ਤਹੁਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀਆਂ ਸਨ।”
11 ਇਸ ਲਈ, ਇਹੀ ਹੀ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: “ਮੈਂ ਤੁਹਾਡੇ ਉੱਤੇ ਭਿਆਨਕ ਘਟਨਾਵਾਂ ਵਾਪਰਨ ਲਈ ਨਿਆਂ ਕੀਤਾ ਹੈ। ਮੈਂ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਤਬਾਹ ਕਰ ਦੇਵਾਂਗਾ। 12 ਯਹੂਦਾਹ ਵਿੱਚੋਂ ਬੋੜੇ ਜਿਹੇ ਲੋਕ ਹੀ ਬਚੇ ਸਨ। ਉਹ ਲੋਕ ਉੱਥੋਂ ਇੱਥੇ ਮਿਸਰ ਵਿੱਚ ਆ ਗਏ ਹਨ। ਪਰ ਮੈਂ ਯਹੂਦਾਹ ਦੇ ਪਰਿਵਾਰ ਦੇ ਉਨ੍ਹਾਂ ਬੋੜੇ ਜਿਹੇ ਬਚੇ ਹੋਏ ਲੋਕਾਂ ਨੂੰ ਵੀ ਤਬਾਹ ਕਰ ਦਿਆਂਗਾ। ਉਹ ਜਾਂ ਤਾਂ ਤਲਵਾਰ ਨਾਲ ਕਤਲ ਹੋਣਗੇ ਜਾਂ ਭੁੱਖ ਨਾਲ ਮਰਨਗੇ। ਉਹ ਅਜਿਹੀ ਸ਼ੈਅ ਹੋਣਗੇ ਕਿ ਹੋਰਨਾਂ ਕੌਮਾਂ ਦੇ ਲੋਕ ਜਿਨ੍ਹਾਂ ਬਾਰੇ ਮੰਦਾ ਬੋਲਣਗੇ। ਉਨ੍ਹਾਂ ਨਾਲ ਕੀ ਵਾਪਰਿਆ, ਹੋਰ ਕੌਮਾਂ ਇਸ ਗੱਲੋ ਭੈਭੀਤ ਹੋਣਗੀਆਂ। ਉਹ ਲੋਕ ਸਰਾਪ ਦਾ ਸ਼ਬਦ ਬਣ ਜਾਣਗੇ। ਹੋਰ ਕੌਮਾਂ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਬੇਇੱਜ਼ਤੀ ਕਰਨਗੀਆਂ। 13 ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚੱਲੇ ਗਏ ਹਨ। ਮੈਂ ਤਲਵਾਰ, ਭੁੱਖ ਅਤੇ ਭਿਆਨਕ ਬੀਮਾਰੀ ਰਾਹੀਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਸੇ ਤਰ੍ਹਾਂ ਸਜ਼ਾ ਦਿਆਂਗਾ ਜਿਵੇਂ ਮੈਂ ਯਰੂਸ਼ਲਮ ਸ਼ਹਿਰ ਨੂੰ ਸਜ਼ਾ ਦਿੱਤੀ ਸੀ। 14 ਯਹੂਦਾਹ ਦੇ ਬਚੇ ਹੋਏ ਉਨ੍ਹਾਂ ਬੋੜੇ ਜਿਹੇ ਲੋਕਾਂ ਵਿੱਚੋਂ ਇੱਕ ਬੰਦਾ ਵੀ ਮੇਰੀ ਸਜ਼ਾ ਤੋਂ ਨਹੀਂ ਬਚੇਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚੱਲੇ ਗਏ ਹਨ। ਉਨ੍ਹਾਂ ਵਿੱਚੋਂ ਕੋਈ ਵੀ ਯਹੂਦਾਹ ਵਿੱਚ ਵਾਪਸ ਆਉਣ ਲਈ ਨਹੀਂ ਬਚੇਗਾ। ਉਹ ਲੋਕ ਯਹੂਦਾਹ ਵਾਪਸ ਆਉਣਾ ਚਾਹੁੰਦੇ ਹਨ ਅਤੇ ਉੱਥੇ ਰਹਿਣਾ ਚਾਹੁੰਦੇ ਹਨ। ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਯਹੂਦਾਹ ਵਾਪਸ ਨਹੀਂ ਜਾਵੇਗਾ, ਸ਼ਾਇਦ ਕੁਝ ਇੱਕ ਲੋਕ ਬਚਕੇ ਨਿਕਲ ਸੱਕਣ।”
15 ਯਹੂਦਾਹ ਦੀਆਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਮਿਸਰ ਵਿੱਚ ਰਹਿੰਦੀਆਂ ਸਨ, ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਉਂਦੀਆਂ ਰਹੀਆਂ ਸਨ। ਉਨ੍ਹਾਂ ਦੇ ਪਤੀ ਇਸ ਗੱਲ ਨੂੰ ਜਾਣਦੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਿਆ ਨਹੀਂ। ਓੱਥੇ ਯਹੂਦਾਹ ਦੇ ਲੋਕਾਂ ਦਾ ਵੱਡਾ ਸਮੂਹ ਜੁੜਿਆ ਹੋਇਆ ਸੀ। ਉਹ ਯਹੂਦਾਹ ਦੇ ਉਹ ਲੋਕ ਸਨ ਜਿਹੜੇ ਦੱਖਣੀ ਮਿਸਰ ਵਿੱਚ ਰਹਿ ਰਹੇ ਸਨ। ਉਨ੍ਹਾਂ ਔਰਤਾਂ ਦੇ ਪਤੀਆਂ ਨੇ, ਜਿਹੜੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਉਂਦੇ ਸਨ, ਯਿਰਮਿਯਾਹ ਨੂੰ ਆਖਿਆ, 16 ਯਹੋਵਾਹ ਦੇ ਜਿਸ ਸੰਦੇਸ਼ ਦੀ ਤੂੰ ਸਾਡੇ ਨਾਲ ਗੱਲ ਕੀਤੀ ਹੈ ਅਸੀਂ ਉਸ ਨੂੰ ਨਹੀਂ ਸੁਣਾਂਗੇ। 17 “ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜ੍ਹਾਉਣ ਦਾ ਇਕਰਾਰ ਕੀਤਾ ਹੈ। ਅਤੇ ਅਸੀਂ ਹਰ ਉਹ ਗੱਲ ਕਰਾਂਗੇ ਜਿਸਦਾ ਅਸੀਂ ਇਕਰਾਰ ਕੀਤਾ ਹੈ। ਅਸੀਂ ਉਸਦੀ ਉਪਾਸਨਾ ਕਰਨ ਲਈ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਵਾਂਗੇ। ਅਸੀਂ ਅਤੀਤ ਵਿੱਚ ਇਸੇ ਤਰ੍ਹਾਂ ਕੀਤਾ ਸੀ। ਅਤੇ ਸਾਡੇ ਪੁਰਖਿਆਂ, ਸਾਡੇ ਰਾਜਿਆਂ ਅਤੇ ਸਾਡੇ ਅਧਿਕਾਰੀਆਂ ਨੇ ਵੀ ਅਤੀਤ ਵਿੱਚ ਇਵੇਂ ਹੀ ਕੀਤਾ ਸੀ। ਸਾਡੇ ਵਿੱਚੋਂ ਸਾਰਿਆਂ ਨੇ ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਇਹੀ ਕੁਝ ਕੀਤਾ ਸੀ। ਉਸ ਸਮੇਂ ਜਦੋਂ ਅਸੀਂ ਅਕਾਸ਼ ਦੀ ਰਾਣੀ [a] ਦੀ ਉਪਾਸਨਾ ਕਰਦੇ ਸੀ ਤਾਂ ਸਾਡੇ ਪਾਸ ਭੋਜਨ ਦੀ ਕਮੀ ਨਹੀਂ ਸੀ। ਅਸੀਂ ਸਫ਼ਲ ਸਾਂ। ਕੋਈ ਵੀ ਮਾੜੀ ਘਟਨਾ ਸਾਡੇ ਨਾਲ ਨਹੀਂ ਸੀ ਵਾਪਰੀ। 18 ਪਰ ਫ਼ੇਰ ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ। ਅਤੇ ਅਸੀਂ ਉਸ ਨੂੰ ਪੀਣ ਦੀ ਭੇਟ ਚੜ੍ਹਾਉਣੀ ਬੰਦ ਕਰ ਦਿੱਤੀ। ਜਦੋਂ ਤੋਂ ਅਸੀਂ ਉਸਦੀ ਉਪਾਸਨਾ ਲਈ ਇਹ ਗੱਲਾਂ ਕਰਨੀਆਂ ਛੱਡ ਦਿੱਤੀਆਂ ਹਨ ਤਾਂ ਅਸੀਂ ਸਮੱਸਿਆਵਾਂ ਵਿੱਚ ਘਿਰ ਗਏ ਹਾਂ। ਸਾਡੇ ਲੋਕ ਤਲਵਾਰ ਅਤੇ ਭੁੱਖ ਨਾਲ ਮਰੇ ਹਨ।”
19 ਫ਼ੇਰ ਔਰਤਾਂ ਬੋਲੀਆਂ। ਉਨ੍ਹਾਂ ਨੇ ਯਿਰਮਿਯਾਹ ਨੂੰ ਆਖਿਆ, “ਸਾਡੇ ਪਤੀਆਂ ਨੂੰ ਪਤਾ ਸੀ ਕਿ ਅਸੀਂ ਕੀ ਕਰ ਰਹੀਆਂ ਸਾਂ। ਸਾਨੂੰ ਉਨ੍ਹਾਂ ਨੇ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ। ਸਾਨੂੰ ਉਨ੍ਹਾਂ ਵੱਲੋਂ ਉਸ ਨੂੰ ਪੀਣ ਦੀ ਭੇਟ ਚੜ੍ਹਾਉਣ ਦੀ ਵੀ ਇਜਾਜ਼ਤ ਸੀ। ਸਾਡੇ ਪਤੀਆਂ ਨੂੰ ਪਤਾ ਸੀ ਕਿ ਉਸ ਵਰਗੇ ਲੱਗਣ ਵਾਲੇ ਕੇਕ ਬਣਾਉਂਦੀਆਂ ਸਾਂ।”
20 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਸਾਰੇ ਆਦਮੀਆਂ ਅਤੇ ਔਰਤਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਹੁਣੇ ਹੀ ਇਹ ਗੱਲਾਂ ਆਖੀਆਂ ਸਨ। 21 ਯਿਰਮਿਯਾਹ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਬਲੀਆਂ ਚੜ੍ਹਾਈਆਂ ਸਨ। ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ ਅਤੇ ਉਸ ਧਰਤੀ ਦੇ ਲੋਕਾਂ ਨੇ ਅਜਿਹਾ ਕੀਤਾ ਸੀ। ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਕੀ ਕੀਤਾ ਸੀ ਅਤੇ ਉਸ ਬਾਰੇ ਸੋਚਿਆ ਸੀ। 22 ਫ਼ੇਰ ਯਹੋਵਾਹ ਤੁਹਾਡੇ ਬਾਰੇ ਹੋਰ ਧੀਰਜ ਨਹੀਂ ਸੀ ਰੱਖ ਸੱਕਦਾ। ਯਹੋਵਾਹ ਨੂੰ ਤੁਹਾਡੀਆਂ ਕੀਤੀਆਂ ਭਿਆਨਕ ਗੱਲਾਂ ਨਾਲ ਨਫ਼ਰਤ ਸੀ। ਇਸ ਲਈ ਯਹੋਵਾਹ ਨੇ ਤੁਹਾਡੇ ਦੇਸ਼ ਨੂੰ ਸੱਖਣਾ ਮਾਰੂਬਲ ਬਣਾ ਦਿੱਤਾ। ਹੁਣ ਉੱਥੇ ਕੋਈ ਨਹੀਂ ਰਹਿੰਦਾ। ਹੋਰ ਲੋਕ ਉਸ ਦੇਸ਼ ਦੀ ਨਿੰਦਿਆ ਕਰਦੇ ਨੇ। 23 ਉਹ ਸਾਰੀਆਂ ਮੰਦੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰੀਆਂ ਕਿਉਂ ਕਿ ਤੁਸੀਂ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ। ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ। ਤੁਸੀਂ ਯਹੋਵਾਹ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਸਦੀ ਬਿਵਸਬਾ ਉੱਤੇ ਜਾਂ ਉਸਦੀਆਂ ਦਿੱਤੀਆਂ ਬਿਧੀਆਂ ਉੱਤੇ ਨਹੀਂ ਚੱਲੇ। ਤੁਸੀਂ ਇਕਰਾਰਨਾਮੇ ਦਾ ਆਪਣੇ ਵਾਲਾ ਹਿੱਸਾ ਪੂਰਾ ਨਹੀਂ ਕੀਤਾ।”
24 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਨਾਲ ਗੱਲ ਕੀਤੀ। ਯਿਰਮਿਯਾਹ ਨੇ ਆਖਿਆ, “ਯਹੂਦਾਹ ਦੇ ਤੁਸੀਂ ਸਾਰੇ ਲੋਕੋ, ਜਿਹੜੇ ਹੁਣ ਮਿਸਰ ਵਿੱਚ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ: 25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ‘ਤੁਸਾਂ ਔਰਤਾਂ ਨੇ ਉਹੀ ਕੀਤਾ ਜੋ ਤੁਸੀਂ ਆਖਿਆ ਸੀ ਕਿ ਅਸੀਂ ਕਰਾਂਗੀਆਂ। ਤੁਸੀਂ ਆਖਿਆ ਸੀ, “ਅਸੀਂ ਆਪਣੇ ਕੀਤੇ ਹੋਏ ਇਕਰਾਰਾਂ ਨੂੰ ਨਿਭਾਵਾਂਗੀਆਂ। ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣ ਦਾ ਇਕਰਾਰ ਕੀਤਾ ਸੀ।” ਇਸ ਲਈ ਅੱਗੇ ਵੱਧੋ। ਓਹੀ ਗੱਲਾਂ ਕਰੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਕਰੋਗੀਆਂ। ਆਪਣੇ ਇਕਰਾਰ ਨਿਭਾਓ।’ 26 ਪਰ ਮਿਸਰ ਵਿੱਚ ਰਹਿਣ ਵਾਲੇ ਤੁਸੀਂ ਯਹੂਦਾਹ ਦੇ ਸਾਰੇ ਲੋਕੋ ਯਹੋਵਾਹ ਦੇ ਸੰਦੇਸ਼ ਨੂੰ ਸੁਣੋ: ‘ਮੈਂ ਆਪਣੇ ਮਹਾਨ ਨਾਮ ਉੱਤੇ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਯਹੂਦਾਹ ਦਾ ਮਿਸਰ ਵਿੱਚ ਰਹਿਣ ਵਾਲਾ ਕੋਈ ਵੀ ਬੰਦਾ ਇਕਰਾਰ ਕਰਨ ਲਈ ਮੇਰੇ ਨਾਮ ਦੀ ਵਰਤੋਂ ਨਹੀਂ ਕਰੇਗਾ। ਉਹ ਕਦੇ ਵੀ ਨਹੀਂ ਆਖਣਗੇ “ਜਿਵੇਂ ਕਿ ਯਹੋਵਾਹ ਸਾਖੀ ਹੈ….” 27 ਮੈਂ ਯਹੂਦਾਹ ਦੇ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖ ਰਿਹਾ ਹਾਂ। ਪਰ ਮੈਂ ਉਨ੍ਹਾਂ ਉੱਤੇ ਇਸ ਲਈ ਨਜ਼ਰ ਨਹੀਂ ਰੱਖ ਰਿਹਾ ਕਿ ਉਨ੍ਹਾਂ ਦਾ ਧਿਆਨ ਰੱਖਾਂ। ਮਿਸਰ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕ ਭੁੱਖ ਨਾਲ ਮਰਨਗੇ ਅਤੇ ਤਲਵਾਰਾਂ ਨਾਲ ਮਰਨਗੇ। ਉਹ ਉਨਾਂ ਚਿਰ ਤੱਕ ਮਰਦੇ ਰਹਿਣਗੇ ਜਿੰਨਾ ਚਿਰ ਤੀਕ ਕਿ ਸਾਰੇ ਖਤਮ ਨਹੀਂ ਹੋ ਜਾਂਦੇ। 28 ਯਹੂਦਾਹ ਦੇ ਕੁਝ ਲੋਕ ਤਲਵਾਰ ਰਾਹੀਂ ਮਰਨ ਤੋਂ ਬਚ ਜਾਣਗੇ। ਉਹ ਮਿਸਰ ਤੋਂ ਯਹੂਦਾਹ ਵਾਪਸ ਆ ਜਾਣਗੇ। ਪਰ ਬਹੁਤ ਬੋੜੇ ਯਹੂਦਾਹ ਦੇ ਲੋਕ ਹੋਣਗੇ ਜਿਹੜੇ ਬਚ ਰਹਿਣਗੇ। ਯਹੂਦਾਹ ਦੇ ਉਹ ਬਚੇ ਹੋਏ ਲੋਕ ਜਿਹੜੇ ਮਿਸਰ ਵਿੱਚ ਰਹਿਣ ਲਈ ਆ ਗਏ ਸਨ, ਜਾਣ ਲੈਣਗੇ ਕਿ ਕਿਸਦੇ ਬੋਲ ਸੱਚ ਨਿਕਲਦੇ ਨੇ। ਉਹ ਜਾਣ ਲੈਣਗੇ ਕਿ ਕੀ ਮੇਰੇ ਬੋਲ ਸੱਚ ਨਿਕਲਦੇ ਨੇ ਜਾਂ ਉਨ੍ਹਾਂ ਦੇ। 29 ਮੈਂ ਤੁਹਾਨੂੰ ਲੋਕਾਂ ਨੂੰ ਸਬੂਤ ਦੇਵਾਂਗਾ-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-‘ਕਿ ਮੈਂ ਤੁਹਾਨੂੰ ਇੱਥੇ ਮਿਸਰ ਵਿੱਚ ਸਜ਼ਾ ਦਿਆਂਗਾ। ਫ਼ੇਰ ਤੁਸੀਂ ਪੱਕੀ ਤਰ੍ਹਾਂ ਜਾਣ ਲਵੋਗੇ ਕਿ ਮੇਰੇ ਤੁਹਾਨੂੰ ਦੁੱਖ ਦੇਣ ਦੇ ਇਕਰਾਰ ਸੱਚਮੁੱਚ ਵਾਪਰਨਗੇ। 30 ਇਹ ਤੁਹਾਡੇ ਲਈ ਸਬੂਤ ਹੋਵੇਗਾ ਕਿ ਮੈਂ ਜੋ ਕਹਿੰਦਾ ਹਾਂ ਓਹੋ ਕਰਾਂਗਾ।’ ਇਹੀ ਹੈ ਜੋ ਯਹੋਵਾਹ ਆਖਦਾ ਹੈ: ‘ਫਿਰਊਨ ਹਾਫ਼ਰਾ ਮਿਸਰ ਦਾ ਰਾਜਾ ਹੈ। ਉਸ ਦੇ ਦੁਸ਼ਮਣ ਉਸ ਨੂੰ ਮਾਰਨਾ ਚਾਹੁੰਦੇ ਹਨ। ਮੈਂ ਫ਼ਿਰਊਨ ਹਾਫ਼ਰਾ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਨਬੂਕਦਨੱਸਰ ਸਿਦਕੀਯਾਹ ਦਾ ਦੁਸ਼ਮਣ ਸੀ। ਅਤੇ ਮੈਂ ਸਿਦਕੀਯਾਹ ਨੂੰ ਉਸ ਦੇ ਦੁਸ਼ਮਣ ਦੇ ਹਵਾਲੇ ਕੀਤਾ। ਇਸੇ ਤਰ੍ਹਾਂ, ਮੈਂ ਫ਼ਿਰਊਨ ਹਾਫ਼ਰਾ ਨੂੰ ਉਸ ਦੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।’”
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
2 ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
3 ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
4 ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
5 ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।
6 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
7 ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
8 ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।
9 ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
21 ਹੇ ਯਹੋਵਾਹ, ਤੇਰੀ ਸ਼ਕਤੀ ਰਾਜੇ ਨੂੰ ਪ੍ਰਸੰਨ ਕਰਦੀ ਹੈ।
ਜਦੋਂ ਤੂੰ ਉਸ ਨੂੰ ਬਚਾਉਂਦਾ ਉਹ ਇੰਨਾ ਖੁਸ਼ ਹੈ।
2 ਤੁਸੀਂ ਰਾਜੇ ਨੂੰ ਮਨ ਇੱਛਿਤ ਵਸਤਾਂ ਦਿੱਤੀਆਂ,
ਅਤੇ ਜੋ ਵੀ ਉਸ ਨੇ ਮੰਗਿਆਂ ਤੁਸੀਂ ਉਸ ਨੂੰ ਦਿੱਤਾ।
3 ਯਹੋਵਾਹ ਸੱਚਮੁੱਚ ਤੁਸਾਂ ਰਾਜੇ ਨੂੰ ਅਸੀਸ ਦਿੱਤੀ।
ਤੁਸੀਂ ਉਸ ਦੇ ਸੀਸ ਉੱਤੇ ਸੁਨਿਹਰੀ ਤਾਜ ਰੱਖਿਆ।
4 ਹੇ ਪਰਮੇਸ਼ੁਰ, ਰਾਜੇ ਨੇ ਤੁਸਾਂ ਤੋਂ ਜੀਵਨ ਮੰਗਿਆ ਸੀ, ਅਤੇ ਤੁਸੀਂ ਇਹ ਉਸ ਨੂੰ ਪ੍ਰਦਾਨ ਕੀਤਾ।
ਤੁਸੀਂ ਉਸ ਨੂੰ ਲੰਮਾ ਜੀਵਨ ਦਿੱਤਾ ਜਿਹੜਾ ਸਦਾ-ਸਦਾ ਲਈ ਕਾਇਮ ਰਹਿੰਦਾ ਹੈ।
5 ਤੁਸਾਂ ਰਾਜੇ ਨੂੰ ਜਿੱਤ ਪ੍ਰਦਾਨ ਕੀਤੀ ਅਤੇ ਉਸ ਨੂੰ ਵੱਡੀ ਮਹਿਮਾ ਦਿੱਤੀ।
ਤੁਸਾਂ ਉਸ ਨੂੰ ਇੱਜ਼ਤ ਅਤੇ ਉਸਤਤਿ ਦਿੱਤੀ।
6 ਹੇ ਪਰਮੇਸ਼ੁਰ, ਸੱਚਮੁੱਚ ਤੁਸਾਂ ਰਾਜੇ ਨੂੰ ਸਦੀਵੀ ਅਸੀਸ ਦਿੱਤੀ।
ਜਦ ਵੀ ਰਾਜਾ ਤੁਹਾਡਾ ਮੁੱਖ ਤੱਕਦਾ ਹੈ, ਉਸ ਨੂੰ ਇਸਤੋਂ ਅਪਾਰ ਖੁਸ਼ੀ ਹੁੰਦੀ ਹੈ।
7 ਰਾਜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ।
ਸੱਭ ਤੋਂ ਉੱਚਾ ਰਾਜਾ ਉਸ ਨੂੰ ਨਿਰਾਸ਼ ਨਹੀਂ ਕਰੇਗਾ।
8 ਹੇ ਪਰਮੇਸ਼ੁਰ, ਤੁਸੀਂ ਆਪਣੇ ਸਾਰੇ ਦੁਸ਼ਮਣਾਂ ਨੂੰ ਵਿਖਾ ਦਿਉਂਗੇ ਕਿ ਤੁਸੀਂ ਸ਼ਕਤੀਮਾਨ ਹੋ।
ਤੁਹਾਡੀ ਸ਼ਕਤੀ ਉਨ੍ਹਾਂ ਨੂੰ ਹਰਾਏਗੀ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਹਨ।
9 ਹੇ ਪਰਮੇਸ਼ੁਰ, ਜਦੋਂ ਤੂੰ ਰਾਜੇ ਦੇ ਨਾਲ ਹੈਂ ਉਹ ਬਲਦੇ ਗਰਮ ਤੰਦੂਰ ਵਰਗਾ ਹੈ,
ਜਿਹੜਾ ਉਸ ਸਾਰੀ ਸਮਗਰੀ ਨੂੰ ਸਾੜ ਦਿੰਦਾ ਹੈ, ਜਿਹੜੀ ਉਸ ਦੇ ਅੰਦਰ ਹੁੰਦੀ ਹੈ।
ਉਸਦਾ ਗੁੱਸਾ ਮੱਚਦੀ ਅੱਗ ਵਰਗਾ ਹੈ
ਜਿਹੜਾ ਮੁਕੰਮਲ ਤੌਰ ਤੇ ਉਸ ਦੇ ਵੈਰੀਆਂ ਦੀ ਤਬਾਹੀ ਦਾ ਕਾਰਣ ਬਣਦਾ ਹੈ।
10 ਉਸ ਦੇ ਦੁਸ਼ਮਣਾਂ ਦੇ ਪਰਿਵਾਰ ਵੀ ਤਬਾਹ ਹੋ ਜਾਣਗੇ,
ਉਹ ਧਰਤੀ ਉੱਤੋਂ ਮਿਟ ਜਾਣਗੇ।
11 ਕਿਉਂ? ਕਿਉਂਕਿ ਯਹੋਵਾਹ, ਉਨ੍ਹਾਂ ਲੋਕਾਂ ਨੇ ਤੁਹਾਡੇ ਖਿਲਾਫ਼ ਦੁਸ਼ਟ ਗੱਲਾਂ ਵਿਉਂਤੀਆਂ ਹਨ।
ਉਨ੍ਹਾਂ ਨੇ ਦੁਸ਼ਟ ਗੱਲਾਂ ਕਰਨ ਦੀਆਂ ਵਿਉਂਤਾਂ ਬਣਾਈਆਂ ਪਰ ਉਹ ਸਫ਼ਲਤਾ ਪ੍ਰਾਪਤ ਨਾ ਕਰ ਸੱਕੇ।
12 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ।
ਤੁਸਾਂ ਉਨ੍ਹਾਂ ਨੂੰ ਇੱਕ ਜੁੱਟ ਰੱਸੇ ਵਿੱਚ ਬੰਨ੍ਹ ਦਿੱਤਾ
ਤੁਸਾਂ ਉਨ੍ਹਾਂ ਦੇ ਗਲਾਂ ਵਿੱਚ ਰੱਸੇ ਪਾਏ।
ਤੁਸੀਂ ਗੁਲਾਮਾਂ ਵਾਂਗ ਉਨ੍ਹਾਂ ਦਾ ਸਿਰ ਝੁਕਾਇਆ।
13 ਯਹੋਵਾਹ, ਤੁਹਾਡੀ ਸ਼ਕਤੀ ਦੇ ਗੀਤਾਂ ਨੂੰ ਤੁਹਾਡੀ ਉਸਤਤਿ ਕਰਨ ਦਿਉ।
ਅਸੀਂ ਤੁਹਾਡੀ ਮਹਾਨਤਾ ਦੇ ਗੀਤ ਗਾਵਾਂਗੇ।
2010 by World Bible Translation Center