Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਰੂਥ 2

ਰੂਥ ਬੋਅਜ਼ ਨੂੰ ਮਿਲਦੀ ਹੈ

ਬੈਤਲਹਮ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸਦਾ ਨਾਮ ਬੋਅਜ਼ ਸੀ। ਬੋਅਜ਼ ਅਲੀਮਲਕ ਦੇ ਪਰਿਵਾਰ ਵਿੱਚੋਂ ਨਾਓਮੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਸੀ।

ਇੱਕ ਦਿਨ (ਮੋਆਬ ਦੀ ਔਰਤ) ਰੂਥ ਨੇ ਨਾਓਮੀ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਮੈਨੂੰ ਖੇਤਾ ਵਿੱਚ ਜਾਣਾ ਚਾਹੀਦਾ ਹੈ। ਸ਼ਾਇਦ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਵੇ ਜਿਹੜਾ ਮੇਰੇ ਉੱਤੇ ਮਿਹਰਬਾਨ ਹੋਵੇ ਅਤੇ ਮੈਨੂੰ ਆਪਣੇ ਖੇਤਾਂ ਵਿੱਚੋਂ ਬਚੇ ਹੋਏ ਅਨਾਜ ਨੂੰ ਇਕੱਠਾ ਕਰਨ ਦੇਵੇ।”

ਨਾਓਮੀ ਨੇ ਆਖਿਆ, “ਚੰਗੀ ਗੱਲ ਹੈ ਧੀਏ ਜਾ।”

ਇਸ ਲਈ ਰੂਥ ਖੇਤਾਂ ਵੱਲ ਗਈ। ਉਸ ਨੇ ਉਨ੍ਹਾਂ ਕਾਮਿਆਂ ਦਾ ਪਿੱਛਾ ਕੀਤਾ ਜਿਹੜੇ ਅਨਾਜ ਕੱਟ ਰਹੇ ਸਨ ਅਤੇ ਉਸ ਨੇ ਬੱਚਿਆਂ ਹੋਇਆ ਅਨਾਜ ਇਕੱਠਾ ਕਰ ਲਿਆ। [a] ਗੱਲ ਇਸ ਤਰ੍ਹਾਂ ਹੋਈ ਕਿ ਉਸ ਖੇਤ ਦਾ ਇੱਕ ਹਿੱਸਾ ਅਲੀਮਲਕ ਦੇ ਪਰਿਵਾਰ ਦੇ ਇੱਕ ਬੰਦੇ ਬੋਅਜ਼ ਦਾ ਸੀ।

ਬਾਦ ਵਿੱਚ ਬੋਅਜ਼ ਬੈਤਲਹਮ ਵਿੱਚੋਂ ਖੇਤ ਵੱਲ ਆਇਆ। ਬੋਅਜ਼ ਨੇ ਆਪਣੇ ਕਾਮਿਆਂ ਨਾਲ ਦੁਆ ਸਲਾਮ ਕੀਤੀ। ਉਸ ਨੇ ਆਖਿਆ, “ਯਹੋਵਾਹ ਤੁਹਾਡੇ ਅੰਗ-ਸੰਗ ਰਹੇ!”

ਅਤੇ ਕਾਮਿਆਂ ਨੇ ਜਵਾਬ ਦਿੱਤਾ, “ਅਤੇ ਯਹੋਵਾਹ ਤੈਨੂੰ ਅਸੀਸ ਦੇਵੇ।”

ਫ਼ੇਰ ਬੋਅਜ਼ ਨੇ ਆਪਣੇ ਉਸ ਨੌਕਰ ਨਾਲ ਗੱਲ ਕੀਤੀ ਜਿਹੜਾ ਕਾਮਿਆਂ ਦਾ ਨਿਗਰਾਨ ਸੀ। ਉਸ ਨੇ ਪੁੱਛਿਆ, “ਉਹ ਕਿਸਦੀ ਕੁੜੀ ਹੈ?”

ਨੌਕਰ ਨੇ ਜਵਾਬ ਦਿੱਤਾ, “ਉਹ ਮੋਆਬੀ ਔਰਤ ਹੈ ਜਿਹੜੀ ਨਾਓਮੀ ਦੇ ਨਾਲ ਮੋਆਬ ਦੀ ਧਰਤੀ ਤੋਂ ਆਈ ਹੈ। ਉਹ ਮੇਰੇ ਕੋਲ ਆਈ ਅਤੇ ਪੁੱਛਿਆ ਕੀ ਉਹ ਕਾਮਿਆਂ ਦੁਆਰਾ ਛੱਡਿਆ ਹੋਇਆ ਅਨਾਜ ਇਕੱਠਾ ਕਰ ਸੱਕਦੀ ਹੈ, ਉਸ ਨੇ, ਸ਼ਰਣ-ਸਥਾਨ ਵਿੱਚ ਥੋੜਾ ਜਿਹਾ ਅਰਾਮ ਕਰਨ ਤੋਂ ਇਲਾਵਾ, ਸਵੇਰੇ ਤੋਂ ਲੈ ਕੇ ਹੁਣ ਤਾਈਂ ਕੰਮ ਕੀਤਾ ਹੈ।”

ਤਾਂ ਬੋਅਜ਼ ਨੇ ਰੂਥ ਨੂੰ ਆਖਿਆ, “ਸੁਣ, ਮੇਰੀਏ ਧੀਏ। ਆਪਣੇ ਲਈ ਅਨਾਜ ਇਕੱਠਾ ਕਰਨ ਵਾਸਤੇ ਇੱਥੇ ਮੇਰੇ ਖੇਤ ਵਿੱਚ ਠਹਿਰ ਜਾ। ਤੈਨੂੰ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਜਾਣ ਦੀ ਲੋੜ ਨਹੀਂ। ਮੇਰੀਆਂ ਕਾਮੀਆਂ ਦੇ ਮਗਰ-ਮਗਰ ਚੱਲਦੀ ਜਾ। ਇਹ ਦੇਖ ਕਿ ਉਹ ਕਿਹੜੇ ਖੇਤ ਵੱਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਜਾ। ਮੈਂ ਨੌਜਵਾਨਾਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ ਤਾਂ ਉਸ ਘੜੇ ਵਿੱਚੋਂ ਪਾਣੀ ਪੀ ਲਵੀ ਜਿਸ ਵਿੱਚੋਂ ਮੇਰੇ ਆਦਮੀ ਪੀਂਦੇ ਹਨ।”

10 ਫ਼ੇਰ ਰੂਥ ਨੇ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਬੋਅਜ਼ ਨੂੰ ਆਖਿਆ, “ਮੈਨੂੰ ਹੈਰਾਨੀ ਹੈ ਕਿ ਤੁਸੀਂ ਮੇਰੇ ਵੱਲ ਧਿਆਨ ਕਰ ਲਿਆ! ਮੈਂ ਤਾਂ ਅਜਨਬੀ ਹਾਂ ਪਰ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨੀ ਕੀਤੀ ਹੈ।”

11 ਬੋਅਜ਼ ਨੇ ਉਸ ਨੂੰ ਜਵਾਬ ਦਿੱਤਾ, “ਮੈਨੂੰ ਉਸ ਸਾਰੀ ਸਹਾਇਤਾ ਬਾਰੇ ਪਤਾ ਹੈ ਜਿਹੜੀ ਤੂੰ ਆਪਣੀ ਸੱਸ ਨਾਓਮੀ ਨੂੰ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਉਦੋਂ ਵੀ ਉਸਦੀ ਸਹਾਇਤਾ ਕੀਤੀ ਜਦੋਂ ਤੇਰੇ ਪਤੀ ਦਾ ਦੇਹਾਂਤ ਹੋ ਗਿਆ। ਅਤੇ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਨੇ ਦੇਸ਼ ਨੂੰ ਛੱਡ ਕੇ ਇਸ ਦੇਸ਼ ਵਿੱਚ ਆ ਗਈ ਹੈਂ। ਤੂੰ ਇਸ ਦੇਸ਼ ਦੇ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੀ ਸੀ ਪਰ ਤੂੰ ਨਾਓਮੀ ਦੇ ਨਾਲ ਇੱਥੇ ਆ ਗਈ। 12 ਯਹੋਵਾਹ ਤੈਨੂੰ ਇਨ੍ਹਾਂ ਸਾਰੇ ਨੇਕ ਕੰਮਾਂ ਦਾ ਫ਼ਲ ਦੇਵੇਗਾ ਜੋ ਤੂੰ ਕੀਤੇ ਹਨ। ਤੈਨੂੰ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਪੂਰਾ ਇਵਜ਼ਾਨਾ ਦੇਵੇਗਾ। ਤੂੰ ਉਸ ਕੋਲ ਸ਼ਰਣ ਲਈ ਹੈ। ਅਤੇ ਉਹ ਤੇਰੀ ਰੱਖਿਆ ਕਰੇਗਾ।”

13 ਤਾਂ ਰੂਥ ਨੇ ਆਖਿਆ, “ਸ਼੍ਰੀਮਾਨ ਜੀ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨ ਹੋ। ਮੈਂ ਤਾਂ ਸਿਰਫ਼ ਇੱਕ ਨੌਕਰ ਹਾਂ। ਮੈਂ ਤੁਹਾਡੇ ਕਿਸੇ ਇੱਕ ਨੌਕਰ ਦੇ ਵੀ ਬਰਾਬਰ ਨਹੀਂ ਹਾਂ। ਪਰ ਤੁਸੀਂ ਮੈਨੂੰ ਮਿਹਰ ਭਰੇ ਸ਼ਬਦ ਆਖੇ ਹਨ ਅਤੇ ਮੈਨੂੰ ਹੌਸਲਾ ਦਿੱਤਾ ਹੈ।”

14 ਦੁਪਿਹਰ ਦੀ ਰੋਟੀ ਸਮੇਂ ਬੋਅਜ਼ ਨੇ ਰੂਥ ਨੂੰ ਆਖਿਆ, “ਇੱਥੇ ਆ ਜਾ! ਸਾਡੀ ਰੋਟੀ ਵਿੱਚੋਂ ਕੁਝ ਖਾ ਲੈ। ਇੱਥੇ ਆਪਣੀ ਰੋਟੀ ਸਾਡੇ ਸਿਰਕੇ ਵਿੱਚ ਡੁਬੋ ਲੈ।”

ਇਸ ਲਈ ਰੂਥ ਕਾਮਿਆਂ ਦੇ ਨਾਲ ਹੀ ਬੈਠ ਗਈ। ਬੋਅਜ਼ ਨੇ ਉਸ ਨੂੰ ਕੁਝ ਭੁਜਿਆ ਹੋਇਆ ਅਨਾਜ ਦਿੱਤਾ। ਰੂਥ ਨੇ ਪੇਟ ਭਰਕੇ ਖਾਧਾ ਅਤੇ ਕੁਝ ਭੋਜਨ ਬਚ ਗਿਆ। 15 ਫ਼ੇਰ ਰੂਥ ਉੱਠ ਖਲੋਤੀ ਅਤੇ ਕੰਮ ਉੱਤੇ ਵਾਪਸ ਚਲੀ ਗਈ।

ਫ਼ੇਰ ਬੋਅਜ਼ ਨੇ ਆਪਣੇ ਨੌਕਰਾਂ ਨੂੰ ਆਖਿਆ, “ਰੂਥ ਨੂੰ ਅਨਾਜ ਦੀਆਂ ਢੇਰੀਆਂ ਦੇ ਲਾਗਿਉ ਵੀ ਇਕੱਠਾ ਕਰਨ ਦਿਉ। ਉਸ ਨੂੰ ਰੋਕਿਓ ਨਾ। 16 ਜ਼ਮੀਨ ਉੱਤੇ ਕੁਝ ਅਨਾਜ ਨਾਲ ਭਰੇ ਸਿੱਟੇ ਸੁੱਟ ਕੇ ਉਸਦਾ ਕੰਮ ਆਸਾਨ ਕਰ ਦਿਉ। ਉਸ ਨੂੰ ਇਹ ਅਨਾਜ ਇਕੱਠਾ ਕਰ ਲੈਣ ਦਿਉ ਅਤੇ ਉਸ ਨੂੰ ਤੰਗ ਨਾ ਕਰਿਉ।”

ਨਾਓਮੀ ਬੋਅਜ਼ ਬਾਰੇ ਸੁਣਦੀ ਹੈ

17 ਰੂਥ ਨੇ ਸ਼ਾਮ ਤੱਕ ਖੇਤਾਂ ਵਿੱਚ ਕੰਮ ਕੀਤਾ। ਫ਼ੇਰ ਉਸ ਨੇ ਅਨਾਜ ਨੂੰ ਤੂੜੀ ਨਾਲੋਂ ਵੱਖ ਕੀਤਾ। ਉਸ ਦੇ ਕੋਲ ਲਗਭਗ 10 ਕਿੱਲੋ ਜੌਁ ਸਨ। 18 ਰੂਥ ਉਹ ਅਨਾਜ ਚੁੱਕੇ ਸ਼ਹਿਰ ਲੈ ਗਈ ਆਪਣੀ ਸੱਸ ਨੂੰ ਇਹ ਦਿਖਾਉਣ ਲਈ ਕਿ ਉਸ ਨੇ ਕੀ ਇਕੱਠਾ ਕੀਤਾ ਹੈ। ਉਸ ਨੇ ਉਸ ਨੂੰ ਕੁਝ ਭੋਜਨ ਵੀ ਦਿੱਤਾ ਜਿਹੜਾ ਦੁਪਿਹਰ ਦੇ ਭੋਜਨ ਵਿੱਚੋਂ ਬਚ ਗਿਆ ਸੀ।

19 ਉਸਦੀ ਸੱਸ ਨੇ ਉਸ ਨੂੰ ਪੁੱਛਿਆ, “ਇਹ ਸਾਰਾ ਅਨਾਜ ਤੂੰ ਕਿੱਥੋਂ ਇਕੱਠਾ ਕੀਤਾ ਹੈ? ਤੂੰ ਕਿੱਥੇ ਕੰਮ ਕੀਤਾ? ਉਸ ਆਦਮੀ ਨੂੰ ਅਸੀਸ ਦੇ ਜਿਸਨੇ ਤੇਰੇ ਵੱਲ ਧਿਆਨ ਦਿੱਤਾ।”

ਫ਼ੇਰ ਰੂਥ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਿਸਦੇ ਨਾਲ ਕੰਮ ਕੀਤਾ ਸੀ। ਉਸ ਨੇ ਆਖਿਆ, “ਅੱਜ ਮੈਂ ਜਿਸ ਬੰਦੇ ਨਾਲ ਕੰਮ ਕੀਤਾ ਹੈ ਉਸਦਾ ਨਾਮ ਬੋਅਜ਼ ਹੈ।”

20 ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਯਹੋਵਾਹ ਉਸਦਾ ਭਲਾ ਕਰੇ! ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਦੋਹਾਂ ਉੱਤੇ ਮਿਹਰ ਕੀਤੀ ਹੈ।” ਫ਼ੇਰ ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਬੋਅਜ਼ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੈ। ਬੋਅਜ਼ ਸਾਡੇ ਰੱਖਿਅਕਾਂ [b] ਵਿੱਚੋਂ ਹੈ।”

21 ਫ਼ੇਰ ਰੂਥ ਨੇ ਆਖਿਆ, “ ਬੋਅਜ਼ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਮੈਂ ਫ਼ੇਰ ਆਵਾਂ ਅਤੇ ਕੰਮ ਕਰਦੀ ਰਹਾਂ। ਬੋਅਜ਼ ਨੇ ਆਖਿਆ ਸੀ ਕਿ ਮੈਂ ਫ਼ਸਲ ਦੀ ਪੂਰੀ ਵਾਢੀ ਹੋਣ ਤੀਕ ਉਸ ਦੇ ਨੌਕਰਾਂ ਨਾਲ ਨੇੜੇ ਰਹਿ ਕੇ ਕੰਮ ਕਰਾਂ।”

22 ਫ਼ੇਰ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, “ਤੇਰੇ ਲਈ ਉਸ ਦੀਆਂ ਕਾਮੀਆਂ ਨਾਲ ਕੰਮ ਕਰਦੇ ਰਹਿਣਾ ਚੰਗੀ ਗੱਲ ਹੈ। ਜੇ ਤੂੰ ਕਿਸੇ ਹੋਰ ਦੇ ਖੇਤ ਵਿੱਚ ਕੰਮ ਕਰੇਗੀ ਤਾਂ ਕੋਈ ਬੰਦਾ ਤੈਨੂੰ ਨੁਕਸਾਨ ਵੀ ਪਹੁੰਚਾ ਸੱਕਦਾ ਹੈ।” 23 ਇਸ ਤਰ੍ਹਾਂ ਰੂਥ ਨੇ ਬੋਅਜ਼ ਦੀਆਂ ਕਾਮੀਆਂ ਨਾਲ ਨੇੜੇ ਹੋਕੇ ਕੰਮ ਕਰਨਾ ਜਾਰੀ ਰੱਖਿਆ। ਉਸ ਨੇ ਜੌਆਂ ਦੀ ਫ਼ਸਲ ਦੀ ਵਾਢੀ ਹੋਣ ਤੱਕ ਅਨਾਜ ਇਕੱਠਾ ਕੀਤਾ। ਉਸ ਨੇ ਕਣਕ ਦੀ ਵਾਢੀ ਦੇ ਅੰਤ ਤੱਕ ਵੀ ਉੱਥੇ ਕੰਮ ਕੀਤਾ। ਰੂਥ ਆਪਣੀ ਸੱਸ ਨਾਓਮੀ ਦੇ ਨਾਲ ਰਹਿੰਦੀ ਰਹੀ।

ਰਸੂਲਾਂ ਦੇ ਕਰਤੱਬ 27

ਪੌਲੁਸ ਦਾ ਰੋਮ ਨੂੰ ਜਾਣਾ

27 ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ। ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।

ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬੜਾ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਉੱਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤੱਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ। ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇੜਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ। ਉੱਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚੜ੍ਹਾ ਦਿੱਤਾ।

ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ। ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।

ਪਰ ਅਸੀਂ ਬੜਾ ਸਮਾਂ ਗੁਆ ਚੁੱਕੇ ਸਾਂ, ਇਸ ਵਕਤ ਜਹਾਜ਼ ਦਾ ਸਫ਼ਰ ਬਹੁਤ ਖਤਰੇ ਵਾਲਾ ਸੀ ਕਿਉਂਕਿ ਯਹੂਦੀਆਂ ਦੇ ਵਰਤ ਦੇ ਦਿਨ ਪਹਿਲਾਂ ਹੀ ਲੰਘ ਚੁੱਕੇ ਸਨ। ਇਸ ਲਾਈ ਪੌਲੁਸ ਨੇ ਉਨ੍ਹਾਂ ਨੂੰ ਚੁਕੰਨਾ ਕੀਤਾ ਤੇ ਕਿਹਾ, 10 “ਹੇ ਮਨੁੱਖੋ। ਮੈਂ ਵੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਸੰਕਟ ਆਵੇਗਾ। ਸਾਡਾ ਜਹਾਜ਼ ਅਤੇ ਇਸ ਵਿੱਚਲਾ ਸਾਰਾ ਸਮਾਨ ਨਸ਼ਟ ਹੋ ਜਾਵੇਗਾ। ਹੋ ਸੱਕਦਾ ਹੈ ਕਿ ਸਾਡੀਆਂ ਜਾਨਾਂ ਵੀ ਚਲੀਆਂ ਜਾਣ।” 11 ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸ ਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ। 12 ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉੱਥੋਂ ਚੱਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉੱਥੇ ਖੜ੍ਹਾ ਕੀਤਾ ਜਾ ਸੱਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹੜਾ ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਪਾਸੇ ਵੱਲ ਹੈ।

ਤੂਫ਼ਾਨ

13 ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ। 14 ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬੜੀ ਤਕੜੀ ਹਨੇਰੀ ਟਾਪੂ ਤੇ ਆਈ। 15 ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰੱਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।

16 ਅਸੀਂ ਕਲੌਦਾ ਨਾਂ ਦੇ ਇੱਕ ਛੋਟੇ ਟਾਪੂ ਕੋਲ ਜਾ ਪੁੱਜੇ। ਫ਼ੇਰ ਬੜੀ ਮੁਸ਼ਕਿਲ ਨਾਲ ਅਸੀਂ ਜੀਵਨ ਬੇੜੀ ਜਹਾਜ਼ ਤੇ ਲਿਆ ਸੱਕੇ। 17 ਉਨ੍ਹਾਂ ਨੇ ਜੀਵਨ ਬੇੜੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥੱਲਿਉਂ ਜਹਾਜ਼ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋੜਨ ਦਿੱਤਾ।

18 ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਗ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ। 19 ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕੱਢ ਕੇ ਸੁੱਟ ਦਿੱਤਾ। 20 ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।

21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ। 22 ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰੱਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ। 23 ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ। 24 ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’ 25 ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ। 26 ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”

27 ਚੌਦ੍ਹਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ ਰਹੇ ਸਾਂ। ਤਾਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇੜੇ ਸੀ। 28 ਉਨ੍ਹਾਂ ਨੇ ਰੱਸੇ ਦੇ ਸਿਰੇ ਤੇ ਭਾਰ ਬੰਨ੍ਹਕੇ ਉਸ ਨੂੰ ਪਾਣੀ ਵਿੱਚ ਸੁੱਟਿਆ। ਉਹ ਜਾਣ ਗਏ ਕਿ ਉੱਥੇ ਪਾਣੀ ਇੱਕ ਸੌ ਵੀਹ ਫ਼ੁੱਟ ਡੂੰਘਾ ਸੀ ਫ਼ੇਰ ਉਨ੍ਹਾਂ ਨੇ ਕੁਝ ਦੂਰੀ ਹੋਰ ਤਹਿ ਕੀਤੀ ਅਤੇ ਤਾਂ ਫ਼ਿਰ ਰੱਸਾ ਪਾਣੀ ਵਿੱਚ ਸੁੱਟਿਆ। ਉੱਥੇ ਪਾਣੀ ਨੱਬੇ ਫ਼ੁੱਟ ਡੂੰਘਾ ਸੀ। 29 ਮਲਾਹਾਂ ਨੂੰ ਜਹਾਜ਼ ਦੇ ਚੱਟਾਨ ਦੇ ਨਾਲ ਟਕਰਾ ਜਾਣ ਦਾ ਡਰ ਸੀ। ਇਸ ਲਈ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਵੱਲੋਂ ਚਾਰ ਲੰਗਰ ਪਾਣੀ ਵਿੱਚ ਸੁੱਟੇ ਅਤੇ ਦਿਨ ਦੀ ਰੋਸ਼ਨੀ ਦੇ ਨਿਕਲਣ ਲਈ ਪ੍ਰਾਰਥਨਾ ਕੀਤੀ। ਕੁਝ ਮਲਾਹ ਤਾਂ ਜਹਾਜ਼ ਹੀ ਛੱਡ ਕੇ ਜਾਣ ਨੂੰ ਤਿਆਰ ਸਨ। 30 ਉਨ੍ਹਾਂ ਨੇ ਡੌਂਗੀ ਨੂੰ ਪਾਣੀ ਵਿੱਚ ਥੋੜਾ ਥੱਲੇ ਕੀਤਾ। ਉਹ ਚਾਹੁੰਦੇ ਸਨ ਕਿ ਬਾਕੀ ਲੋਕ ਇਹ ਸੋਚਣ ਕਿ ਉਹ ਜਹਾਜ਼ ਦੇ ਅਗਲੇ ਪਾਸਿਓ ਪਾਣੀ ਵਿੱਚ ਹੋਰ ਲੰਗਰ ਸੁੱਟ ਰਹੇ ਹਨ। 31 ਤਾਂ ਪੌਲੁਸ ਨੇ ਸੈਨਾਪਤੀ ਨੂੰ ਅਤੇ ਹੋਰ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਨੁੱਖ ਇਸ ਜਹਾਜ਼ ਵਿੱਚ ਨਹੀਂ ਠਹਿਰਣਗੇ, ਤਾਂ ਤੁਹਾਡੀਆਂ ਜਾਨਾਂ ਨਹੀਂ ਬਚ ਸੱਕਦੀਆਂ।” 32 ਤਾਂ ਸਿਪਾਹੀਆਂ ਨੇ ਰਸਿਆਂ ਨੂੰ ਵੱਢ ਦਿੱਤਾ ਅਤੇ ਡੌਂਗੀ ਪਾਣੀ ਵਿੱਚ ਡਿੱਗਣ ਦਿੱਤੀ।

33 ਦਿਨ ਚੜ੍ਹ੍ਹਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿੱਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ। 34 ਇਸ ਲਈ ਮੈਂ ਕੁਝ ਖਾਣ ਲਈ ਤੁਹਾਡੀ ਮਿੰਨਤ ਕਰਦਾ ਹਾਂ। ਤੁਹਾਡੇ ਜਿਉਣ ਵਾਸਤੇ ਇਹ ਜ਼ਰੂਰੀ ਹੈ। ਤੁਹਾਡੇ ਸਾਰਿਆਂ ਵਿੱਚੋਂ ਕਿਸੇ ਇੱਕ ਦੇ ਸਿਰ ਦਾ ਇੱਕ ਵੀ ਵਾਲ ਵਿੰਗਾ ਨਹੀਂ ਹੋਵੇਗਾ।” 35 ਇਹ ਕਹਿਣ ਤੋਂ ਬਾਅਦ ਪੌਲੁਸ ਨੇ ਕੁਝ ਰੋਟੀ ਹੱਥ ਵਿੱਚ ਫ਼ੜਕੇ ਸਾਰਿਆਂ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ। ਉਸ ਨੇ ਇੱਕ ਟੁਕੜਾ ਤੋੜਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ। 36 ਸਾਰੇ ਮਨੁੱਖਾਂ ਨੂੰ ਉਤਸਾਹ ਮਿਲਿਆ ਤੇ ਉਨ੍ਹਾਂ ਸਾਰਿਆਂ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ। 37 (ਅਸੀਂ ਸਾਰੇ ਇਕੱਠੇ, ਜਹਾਜ਼ ਤੇ 276 ਆਦਮੀ ਸਾਂ।) 38 ਅਸੀਂ ਭਰ ਪੇਟ ਖਾਧਾ ਅਤੇ ਉਸਤੋਂ ਬਾਅਦ ਬਾਕੀ ਕਣਕ ਸਮੁੰਦਰ ਵਿੱਚ ਸੁਟਕੇ ਜਹਾਜ਼ ਨੂੰ ਹਲਕਿਆਂ ਕੀਤਾ।

ਜਹਾਜ਼ ਨਾ ਨਸ਼ਟ ਹੋਣਾ

39 ਜਦੋਂ ਦਿਨ ਚੜ੍ਹ੍ਹਿਆ ਤਾਂ ਮਲਾਹਾਂ ਨੂੰ ਧਰਤੀ ਵਿਖਾਈ ਦਿੱਤੀ। ਪਰ ਉਨ੍ਹਾਂ ਕੋਲੋਂ ਇਹ ਧਰਤੀ ਪਛਾਣੀ ਨਾ ਗਈ। ਉਨ੍ਹਾਂ ਨੇ ਸਮੁੰਦਰ ਦੇ ਕੰਢੇ ਇੱਕ ਖਾੜੀ ਵੇਖੀ, ਇਸ ਲਈ ਜੇਕਰ ਉਹ ਕਰ ਸੱਕਣ ਉਨ੍ਹਾਂ ਨੇ ਜਹਾਜ਼ ਨੂੰ ਖਾੜੀ ਤੇ ਲਿਜਾਣ ਦਾ ਫ਼ੈਸਲਾ ਕੀਤਾ। 40 ਤਾਂ ਉਨ੍ਹਾਂ ਨੇ ਲੰਗਰ ਦੇ ਰੱਸੇ ਵੱਢ ਦਿੱਤੇ ਅਤੇ ਲੰਗਰਾਂ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਉਹ ਰੱਸੇ ਖੋਲ੍ਹ ਦਿੱਤੇ ਜੋ ਪਤਵਾਰਾਂ ਨਾਲ ਬੰਨ੍ਹੇ ਹੋਏ ਸਨ। ਤਦ ਉਨ੍ਹਾਂ ਜਹਾਜ਼ ਦਾ ਅਗਲਾ ਹਿੱਸਾ ਹਵਾ ਵਿੱਚ ਉੱਚਾ ਕੀਤਾ ਅਤੇ ਕੰਢੇ ਵੱਲ ਨੂੰ ਚੱਲ ਪਏ। 41 ਪਰ ਜਹਾਜ਼ ਬਰੇਤੇ ਨਾਲ ਜਾ ਟਕਰਾਇਆ। ਜਹਾਜ਼ ਦਾ ਅਗਲਾ ਹਿੱਸਾ ਰੇਤ ਵਿੱਚ ਖੁੱਭ ਗਿਆ ਅਤੇ ਉੱਥੋਂ ਹਿੱਲ ਨਾ ਸੱਕਿਆ। ਫ਼ਿਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੇ ਜਹਾਜ਼ ਨੂੰ ਟੁਕੜੇ-ਟੁਕੜੇ ਕਰ ਦਿੱਤਾ।

42 ਸਿਪਾਹੀਆਂ ਨੇ ਕੈਦੀਆਂ ਨੂੰ ਮਾਰ ਦੇਣ ਦਾ ਫ਼ੈਸਲਾ ਕੀਤਾ ਤਾਂ ਜੋ ਕੋਈ ਵੀ ਤਰਕੇ ਆਪਣੇ ਆਪ ਨੂੰ ਨਾ ਬਚਾ ਸੱਕੇ। 43 ਸੈਨਾ ਅਧਿਕਾਰੀ ਯੂਲਿਉਸ ਪੌਲੁਸ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ ਇਸ ਲਈ ਉਸ ਨੇ ਉਨ੍ਹਾਂ ਨੂੰ ਮਾਰਨ ਤੋਂ ਰੋਕ ਦਿੱਤਾ। ਯੂਲਿਉਸ ਨੇ ਸਗੋਂ ਹੁਕਮ ਦਿੱਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਉਹ ਛਾਲ ਮਾਰਕੇ ਤੈਰ ਕੇ ਪਹਿਲਾਂ ਧਰਤੀ ਤੇ ਜਾ ਨਿਕਲਣ। 44 ਫ਼ੇਰ ਬਾਕੀਆਂ ਨੇ ਲੱਕੜ ਦੇ ਫ਼ੱਟਿਆਂ ਅਤੇ ਜ਼ਮੀਨ ਤੱਕ ਪਹੁੰਚਣ ਲਈ ਜਹਾਜ਼ ਦੇ ਟੁਕੜਿਆਂ ਦਾ ਇਸਤੇਮਾਲ ਕੀਤਾ ਅਤੇ ਕਿਵੇਂ ਨਾ ਕਿਵੇਂ ਸਾਰੇ ਜਣੇ ਸੁਰੱਖਿਅਤ ਜ਼ਮੀਨ ਤੇ ਪਹੁੰਚ ਗਏ।

ਯਿਰਮਿਯਾਹ 37

ਯਿਰਮਿਯਾਹ ਨੂੰ ਕੈਦਖਾਨੇ ਵਿੱਚ ਪਾਇਆ ਗਿਆ

37 ਨਬੂਕਦਨੱਸਰ ਬਾਬਲ ਦਾ ਰਾਜਾ ਸੀ। ਨਬੂਕਦਨੱਸਰ ਨੇ ਸਿਦਕੀਯਾਹ ਨੂੰ ਯਹੋਯਾਕੀਮ ਦੇ ਪੁੱਤਰ ਯੇਹੋਇਆਚਿਨ ਦੀ ਬਾਵੇਂ ਯਹੂਦਾਹ ਦਾ ਰਾਜਾ ਬਾਪ ਦਿੱਤਾ। ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਪਰ ਸਿਦਕੀਯਾਹ ਨੇ ਉਨ੍ਹਾਂ ਸੰਦੇਸ਼ਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੇ ਯਹੋਵਾਹ ਨੇ ਨਬੀ ਯਿਰਮਿਯਾਹ ਨੂੰ ਪ੍ਰਚਾਰ ਕਰਨ ਵਾਸਤੇ ਦਿੱਤੇ ਸਨ। ਅਤੇ ਸਿਦਕੀਯਾਹ ਦੇ ਸੇਵਕਾਂ ਅਤੇ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਸੰਦੇਸ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਰਾਜੇ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨਾਂ ਦੇ ਇੱਕ ਬੰਦੇ ਅਤੇ ਮਅਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਨਬੀ ਯਿਰਮਿਯਾਹ ਵੱਲ ਇਹ ਸੰਦੇਸ਼ ਦੇਕੇ ਭੇਜਿਆ: “ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰ।”

ਉਸ ਸਮੇਂ, ਯਿਰਮਿਯਾਹ ਨੂੰ ਹਾਲੀ ਕੈਦ ਵਿੱਚ ਨਹੀਂ ਸੀ ਸੁੱਟਿਆ ਗਿਆ, ਇਸ ਲਈ ਉਹ ਜਿੱਥੇ ਜੀ ਚਾਹੇ ਜਾਣ ਲਈ ਸੁਤੰਤਰ ਸੀ। ਅਤੇ ਓਸੇ ਸਮੇਂ ਹੀ, ਫਿਰਊਨ ਦੀ ਫ਼ੌਜ ਵੀ ਮਿਸਰ ਤੋਂ ਯਹੂਦਾਹ ਵੱਲ ਕੂਚ ਕਰ ਦਿੱਤਾ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਸ਼ਹਿਰ ਨੂੰ ਹਰਾਉਣ ਲਈ ਘੇਰਾ ਪਾ ਲਿਆ ਸੀ। ਫ਼ੇਰ ਉਨ੍ਹਾਂ ਨੇ ਮਿਸਰ ਵੱਲੋਂ ਆ ਰਹੀ ਫ਼ੌਜ ਬਾਰੇ ਸੁਣਿਆ। ਇਸ ਲਈ ਬਾਬਲ ਦੀ ਫ਼ੌਜ ਮਿਸਰ ਦੀ ਫ਼ੌਜ ਨਾਲ ਲੜਨ ਲਈ ਚੱਲ ਚੁੱਕੀ ਸੀ।

ਯਹੋਵਾਹ ਵੱਲੋਂ ਨਬੀ ਯਿਰਮਿਯਾਹ ਨੂੰ ਸੰਦੇਸ਼ ਮਿਲਿਆ: “ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਯਹੂਕਲ ਅਤੇ ਸਫ਼ਨਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਤੁਹਾਨੂੰ ਮੇਰੇ ਕੋਲੋਂ ਸਵਾਲ ਪੁੱਛਣ ਲਈ ਭੇਜਿਆ ਹੈ। ਰਾਜੇ ਸਿਦਕੀਯਾਹ ਨੂੰ ਇਹ ਆਖੋ: ਫਿਰਊਨ ਦੀ ਫ਼ੌਜ ਮਿਸਰ ਵਿੱਚੋਂ ਕੂਚ ਕਰਕੇ ਇੱਥੇ ਤੇਰੀ ਬਾਬਲ ਦੀ ਫ਼ੌਜ ਦੇ ਵਿਰੁੱਧ ਸਹਾਇਤਾ ਕਰਨ ਲਈ ਆ ਰਹੀ ਹੈ। ਪਰ ਫ਼ਿਰਊਨ ਦੀ ਫ਼ੌਜ ਵਾਪਸ ਮਿਸਰ ਚਲੀ ਜਾਵੇਗੀ। ਉਸਤੋਂ ਮਗਰੋਂ, ਬਾਬਲ ਦੀ ਫ਼ੌਜ ਇੱਥੇ ਵਾਪਸ ਆਵੇਗੀ। ਉਹ ਯਰੂਸ਼ਲਮ ਉੱਤੇ ਹਮਲਾ ਕਰੇਗੀ। ਫ਼ੇਰ ਬਾਬਲ ਦੀ ਉਹ ਫ਼ੌਜ ਯਰੂਸ਼ਲਮ ਉੱਤੇ ਕਬਜ਼ਾ ਕਰੇਗੀ ਅਤੇ ਸਾੜ ਦੇਵੇਗੀ।’ ਯਹੋਵਾਹ ਇਹ ਆਖਦਾ ਹੈ: ‘ਯਰੂਸ਼ਲਮ ਦੇ ਲੋਕੋ, ਆਪਣੇ-ਆਪ ਨੂੰ ਮੂਰਖ ਨਾ ਬਣਾਓ ਆਪਣੇ-ਆਪ ਨੂੰ ਇਹ ਨਾ ਆਖੋ, “ਬਾਬਲ ਦੀ ਫ਼ੌਜ ਸਾਨੂੰ ਅਵੱਸ਼ ਹੀ ਇੱਕਲਿਆਂ ਛੱਡ ਦੇਵੇਗੀ।” ਉਹ ਨਹੀਂ ਛੱਡੇਗੀ। 10 ਯਰੂਸ਼ਲਮ ਦੇ ਲੋਕੋ, ਭਾਵੇਂ ਤੁਸੀਂ ਬਾਬਲ ਦੀ ਉਸ ਸਾਰੀ ਫ਼ੌਜ ਨੂੰ ਹਰਾਉਣ ਦੇ ਯੋਗ ਸੀ, ਜਿਹੜੀ ਤੁਹਾਡੇ ਉੱਤੇ ਹਮਲਾ ਕਰ ਰਹੀ ਹੈ, ਪਰ ਤਾਂ ਵੀ ਕੁਝ ਜ਼ਖਮੀ ਬੰਦੇ ਉਨ੍ਹਾਂ ਦੇ ਤੰਬੂਆਂ ਵਿੱਚ ਬਚੇ ਰਹਿਣਗੇ। ਉਹ ਕੁਝ ਜ਼ਖਮੀ ਬੰਦੇ ਵੀ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਯਰੂਸ਼ਲਮ ਨੂੰ ਸਾੜ ਸੁੱਟਣਗੇ।’”

11 ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਤੋਂ ਮਿਸਰ ਦੇ ਫ਼ਿਰਊਨ ਦੀ ਫ਼ੌਜ ਨਾਲ ਜੰਗ ਕਰਨ ਲਈ ਚੱਲੀ, 12 ਤਾਂ ਯਿਰਮਿਯਾਹ ਯਰੂਸ਼ਲਮ ਤੋਂ ਸਫ਼ਰ ਕਰਕੇ ਬਿਨਯਾਮੀਨ ਦੀ ਧਰਤੀ ਉੱਤੇ ਜਾਣਾ ਚਾਹੁੰਦਾ ਸੀ। ਉਹ ਓੱਥੇ ਆਪਣੇ ਪਰਿਵਾਰ ਦੀ ਜੈਦਾਦ ਦੇ ਵੰਡ ਦੇ ਮਸਲੇ ਨੂੰ ਹੱਲ ਕਰਨ ਜਾ ਰਿਹਾ ਸੀ। 13 ਪਰ ਜਦੋਂ ਯਿਰਮਿਯਾਹ ਯਰੂਸ਼ਲਮ ਦੇ ਬਿਨਯਾਮੀਨ ਦਰਵਾਜ਼ੇ ਤੇ ਅਪੜਿਆ ਤਾਂ ਗਾਰਦ ਦੇ ਕਪਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਪਤਾਨ ਦਾ ਨਾਮ ਯਿਰੀਯਾਹ ਸੀ। ਯਿਰੀਯਾਹ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਹਨਨਯਾਹ ਦਾ ਪੁੱਤਰ ਸੀ। ਇਸ ਲਈ ਕਪਤਾਨ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਖਿਆ, “ਯਿਰਮਿਯਾਹ ਤੂੰ ਸਾਨੂੰ ਛੱਡ ਕੇ ਬਾਬਲ ਵਾਲਿਆਂ ਨਾਲ ਰਲਣ ਲਈ ਜਾ ਰਿਹਾ ਹੈਂ।”

14 ਯਿਰਮਿਯਾਹ ਨੇ ਯਿਰੀਯਾਹ ਨੂੰ ਆਖਿਆ, “ਇਹ ਸੱਚ ਨਹੀਂ ਹੈ। ਮੈਂ ਇੱਥੋਂ ਬਾਬਲ ਵਾਲਿਆਂ ਨਾਲ ਰਲਣ ਲਈ ਨਹੀਂ ਜਾ ਰਿਹਾ।” ਪਰ ਯਿਰੀਯਾਹ ਨੇ ਯਿਰਮਿਯਾਹ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਅਤੇ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਯਰੂਸ਼ਲਮ ਦੇ ਸ਼ਾਹੀ ਅਧਿਕਾਰੀਆਂ ਕੋਲ ਲੈ ਗਿਆ। 15 ਉਹ ਅਧਿਕਾਰੀ ਯਿਰਮਿਯਾਹ ਨਾਲ ਬਹੁਤ ਨਾਰਾਜ਼ ਹੋਏ। ਉਨ੍ਹਾਂ ਨੇ ਯਿਰਮਿਯਾਹ ਨੂੰ ਜਿਸਮਾਨੀ ਸਜ਼ਾ ਦੇਣ ਦਾ ਹੁਕਮ ਦੇ ਦਿੱਤਾ। ਫ਼ੇਰ ਉਨ੍ਹਾਂ ਨੇ ਯਿਰਮਿਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਕੈਦ ਯਹੋਨਾਥਾਨ ਨਾਂ ਦੇ ਇੱਕ ਬੰਦੇ ਦੇ ਮਕਾਨ ਅੰਦਰ ਸੀ। ਯਹੋਨਾਥਾਨ ਯਹੂਦਾਹ ਦੇ ਰਾਜੇ ਦਾ ਮੁਣਸ਼ੀ ਸੀ। ਯਹੋਨਾਥਾਨ ਦੇ ਮਕਾਨ ਨੂੰ ਕੈਦਖਾਨਾ ਬਣਾ ਦਿੱਤਾ ਗਿਆ ਸੀ। 16 ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਯਹੋਨਾਥਾਨ ਦੇ ਮਕਾਨ ਦੀ ਇੱਕ ਕੋਠੜੀ ਵਿੱਚ ਕੈਦ ਕਰ ਦਿੱਤਾ। ਕੋਠੜੀ ਜ਼ਮੀਨ ਦੇ ਅੰਦਰ ਬਣਿਆ ਇੱਕ ਭੋਰਾ ਸੀ। ਯਿਰਮਿਯਾਹ ਲੰਮੇ ਸਮੇਂ ਤੀਕ ਓੱਥੇ ਹੀ ਰਿਹਾ।

17 ਫ਼ੇਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਸੱਦਿਆ ਅਤੇ ਉਸ ਨੂੰ ਰਾਜ ਮਹਿਲ ਵਿੱਚ ਲਿਆਂਦਾ ਗਿਆ। ਸਿਦਕੀਯਾਹ ਨੇ ਯਿਰਮਿਯਾਹ ਨਾਲ ਇੱਕਾਂਤ ਵਿੱਚ ਗੱਲ ਕੀਤੀ। ਉਸ ਨੇ ਯਿਰਮਿਯਾਹ ਨੂੰ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?”

ਯਿਰਮਿਯਾਹ ਨੇ ਜਵਾਬ ਦਿੱਤਾ, “ਹਾਂ, ਯਹੋਵਾਹ ਵੱਲੋਂ ਸੰਦੇਸ਼ ਹੈ। ਸਿਦਕੀਯਾਹ ਤੈਨੂੰ ਬਾਬਲ ਦੇ ਰਾਜੇ ਦੇ ਹਵਾਲੇ ਕੀਤਾ ਜਾਵੇਗਾ।” 18 ਤਾਂ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਤੇਰੇ ਜਾਂ ਤੇਰੇ ਅਧਿਕਾਰੀਆਂ ਜਾਂ ਯਰੂਸ਼ਲਮ ਦੇ ਲੋਕਾਂ ਦੇ ਖਿਲਾਫ਼ ਕਿਹੜਾ ਜ਼ੁਰਮ ਕੀਤਾ ਹੈ? ਤੂੰ ਮੈਨੂੰ ਕੈਦ ਵਿੱਚ ਕਿਉਂ ਸੁੱਟਿਆ ਹੈ? 19 ਰਾਜੇ ਸਿਦਕੀਯਾਹ, ਕਿੱਥੋ ਨੇ ਤੇਰੇ ਨਬੀ ਹੁਣ? ਉਨ੍ਹਾਂ ਨਬੀਆਂ ਨੇ ਤੈਨੂੰ ਝੂਠੇ ਸੰਦੇਸ਼ ਦਾ ਪ੍ਰਚਾਰ ਕੀਤਾ। ਉਨ੍ਹਾਂ ਆਖਿਆ ਸੀ, ‘ਬਾਬਲ ਦਾ ਰਾਜਾ ਤੇਰੇ ਉੱਤੇ ਜਾਂ ਯਹੂਦਾਹ ਦੀ ਇਸ ਧਰਤੀ ਉੱਤੇ ਹਮਲਾ ਨਹੀਂ ਕਰੇਗਾ।’ 20 ਪਰ ਹੁਣ, ਮੇਰੇ ਮਾਲਕ, ਯਹੂਦਾਹ ਦੇ ਪਾਤਸ਼ਾਹ, ਕਿਰਪਾ ਕਰਕੇ ਮੇਰੀ ਗੱਲ ਸੁਣੋ। ਮੈਨੂੰ ਤੇਰੇ ਅੱਗੇ ਆਪਣੀ ਬੇਨਤੀ ਪੇਸ਼ ਕਰਨ ਦੇ: ਮੈਨੂੰ ਲਿਖਾਰੀ ਯਹੋਨਾਥਾਨ ਦੇ ਘਰ ਵਾਪਸ ਨਾ ਭੇਜ। ਜੇ ਤੂੰ ਮੈਨੂੰ ਵਾਪਸ ਭੇਜੇਁਗਾ ਮੈਂ ਓੱਥੇ ਮਰ ਜਾਵਾਂਗਾ।”

21 ਇਸ ਲਈ ਰਾਜੇ ਸਿਦਕੀਯਾਹ ਨੇ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਗਾਰਦ ਦੀ ਨਿਗਰਾਨੀ ਵਿੱਚ ਰੱਖ ਦਿੱਤਾ ਜਾਵੇ। ਅਤੇ ਉਸ ਨੇ ਇਹ ਵੀ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਗਲੀ ਦੇ ਨਾਨਬਾਈਆਂ ਦੀ ਰੋਟੀ ਦਿੱਤੀ ਜਾਵੇ। ਯਿਰਮਿਯਾਹ ਨੂੰ ਉਦੋਂ ਤੀਕ ਰੋਟੀ ਦਿੱਤੀ ਗਈ ਜਦੋਂ ਤੀਕ ਕਿ ਸ਼ਹਿਰ ਵਿੱਚੋਂ ਰੋਟੀ ਮੁੱਕ ਨਹੀਂ ਗਈ। ਇਸ ਲਈ ਯਿਰਮਿਯਾਹ ਵਰਾਂਡੇ ਵਿੱਚ ਨਜ਼ਰ ਬੰਦ ਰਿਹਾ।

ਜ਼ਬੂਰ 10

10 ਹੇ ਯਹੋਵਾਹ, ਤੁਸੀਂ ਇੰਨੇ ਦੂਰ ਕਿਉਂ ਹੋ?
    ਮੁਸੀਬਤਾਂ ਵਿੱਚ ਘਿਰੇ ਲੋਕ ਤੈਨੂੰ ਵੇਖਣ ਯੋਗ ਨਹੀਂ ਹਨ।
ਦੁਸ਼ਟ ਲੋਕ ਜਿਹੜੇ ਘਮੰਡੀ ਹਨ ਦੁਸ਼ਟ ਵਿਉਂਤਾ ਬਣਾਉਂਦੇ ਹਨ
    ਅਤੇ ਨਿਮ੍ਰ ਲੋਕਾਂ ਨੂੰ ਦੁੱਖ ਪਹੁੰਚਾਉਂਦੇ ਹਨ।
ਦੁਸ਼ਟ ਲੋਕੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੇਖੀ ਮਾਰਦੇ ਨੇ ਜਿਨ੍ਹਾਂ ਦੀ ਉਹ ਇੱਛਾ ਕਰਦੇ ਨੇ ਅਤੇ ਉਹ ਲੋਭੀ ਲੋਕੀਂ ਪਰਮੇਸ਼ੁਰ ਦੀ ਬੁਰਾਈ ਕਰਦੇ ਹਨ।
    ਇਸ ਤੋਂ ਇਲਾਵਾ ਇਸ ਤਰ੍ਹਾਂ ਉਹ ਬੁਰੇ ਲੋਕ ਦਰਸ਼ਾਉਂਦੇ ਹਨ ਕਿ ਉਹ ਯਹੋਵਾਹ ਨੂੰ ਵੀ ਨਫ਼ਰਤ ਕਰਦੇ ਹਨ।
ਬੁਰੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਜਿਵੇਂ ਕਿ ਉਹ ਬਹੁਤ ਅਭਿਮਾਨੀ ਹਨ।
    ਉਹ ਆਪਣੀਆਂ ਮੰਦੀਆਂ ਯੋਜਨਾਵਾਂ ਬਣਾਉਂਦੇ ਨੇ ਅਤੇ ਇਸ ਤਰ੍ਹਾਂ ਵਿਹਾਰ ਕਰਦੇ ਨੇ, ਜਿਵੇਂ ਪਰਮੇਸ਼ੁਰ ਮੌਜੁਦ ਹੀ ਨਹੀਂ ਹੁੰਦਾ।
ਬੁਰੇ ਲੋਕ ਹਮੇਸ਼ਾ ਵਿੰਗੀਆਂ ਗੱਲਾਂ ਕਰਦੇ ਹਨ।
    ਉਹ ਪਰਮੇਸ਼ੁਰ ਦੇ ਨੇਮਾਂ ਅਤੇ ਉਸ ਦੇ ਸਿਆਣੇ ਉਪਦੇਸ਼ਾਂ ਦਾ ਨਿਰੀਖਣ ਕਰਦੇ ਹਨ।
    ਪਰਮੇਸ਼ੁਰ ਦੇ ਦੁਸ਼ਮਣ ਉਸ ਦੇ ਉਪਦੇਸ਼ਾਂ ਦੀ ਅਣਗਹਿਲੀ ਕਰਦੇ ਹਨ।
ਉਹ ਮਹਿਸੂਸ ਕਰਦੇ ਹਨ ਉਨ੍ਹਾਂ ਲਈ ਕੁਝ ਵੀ ਬੁਰਾ ਨਹੀਂ ਵਾਪਰਨ ਵਾਲਾ।
    ਉਹ ਆਖਦੇ ਹਨ, “ਅਸੀਂ ਹਮੇਸ਼ਾ ਖੁਸ਼ ਹੋਵਾਂਗੇ ਤੇ ਸਾਡੇ ਲਈ ਕਦੀ ਵੀ ਕੋਈ ਸਜ਼ਾ ਨਹੀਂ ਆਵੇਗੀ।”
ਉਹ ਹਮੇਸ਼ਾ ਸਰਾਪਦੇ ਹਨ। ਉਹ ਹਮੇਸ਼ਾ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
    ਇਸਤੋਂ ਇਲਾਵਾ ਉਹ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ।
ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ
    ਅਤੇ ਪਰਤੱਖ ਥਾਵਾਂ ਤੇ ਦਿਖਾਈ ਨਹੀਂ ਦਿੰਦੇ।
    ਉਹ ਬੇਕਸੂਰ ਲੋਕਾਂ ਨੂੰ ਫ਼ੜਕੇ ਮਾਰਨ ਲਈ ਇੰਤਜ਼ਾਰ ਕਰਦੇ ਹਨ।
ਉਹ ਬੁਰੇ ਬੰਦੇ ਉਨ੍ਹਾਂ ਤਕੜੇ ਸ਼ੇਰਾਂ ਵਰਗੇ ਹਨ
    ਜਿਹੜੇ ਜਾਨਵਰਾਂ ਦੇ ਸ਼ਿਕਾਰ ਲਈ ਇੰਤਜ਼ਾਰ ਕਰਦੇ ਰਹਿੰਦੇ ਹਨ।
ਉਹ ਮਸੱਕੀਨ ਲੋਕਾਂ ਦੇ ਇੰਤਜ਼ਾਰ ਵਿੱਚ ਲਿਟ ਜਾਂਦੇ ਹਨ
    ਅਤੇ ਉਹ ਉਨ੍ਹਾਂ ਦੇ ਜਾਲ ਵਿੱਚ ਫ਼ਸ ਜਾਂਦੇ ਹਨ।
10 ਉਹ ਮਸੱਕੀਨ ਲੋਕਾਂ ਨੂੰ ਦੁੱਖੀ ਕਰਦੇ ਰਹਿੰਦੇ ਹਨ।
    ਉਹ ਬੁਰੇ ਲੋਕ ਇਨਸਾਨੀਅਤ ਨੂੰ ਉਦਾਸ ਬਣਾਉਂਦੇ ਹਨ।
11 ਇਸੇ ਲਈ, ਬੇਬਸ ਲੋਕ ਸੋਚਣ ਲੱਗੇ ਹਨ, “ਕਿ ਪਰਮੇਸ਼ੁਰ ਸਾਨੂੰ ਸਦਾ ਲਈ ਭੁੱਲ ਗਿਆ ਹੈ,
    ਉਹ ਸਾਥੋਂ ਬੇਮੁੱਖ ਹੋ ਗਿਆ ਹੈ,
    ਉਹ ਇਹ ਵੀ ਨਹੀਂ ਵੇਖਦਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”

12 ਯਹੋਵਾਹ ਉੱਠੋ, ਕੁਝ ਤਾਂ ਕਰੋ।
    ਹੇ ਪਰਮੇਸ਼ੁਰ, ਉਨ੍ਹਾਂ ਦੁਸ਼ਟ ਲੋਕਾਂ ਨੂੰ ਦੰਡ ਦੇਵੋ
    ਅਤੇ ਗਰੀਬ ਲੋਕਾਂ ਨੂੰ ਨਾ ਭੁੱਲੋ।

13 ਬੁਰੇ ਲੋਕ ਪਰਮੇਸ਼ੁਰ ਦੇ ਖਿਲਾਫ਼ ਕਿਉਂ ਹੋ ਜਾਂਦੇ ਹਨ?
    ਕਿਉਂਕਿ ਉਹ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦੇਵੇਗਾ।
14 ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ
    ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ।
    ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ।
ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ।
    ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ।
    ਇਸ ਲਈ ਉਨ੍ਹਾਂ ਦਾ ਧਿਆਨ ਰੱਖੋ।

15 ਯਹੋਵਾਹ ਬਦ ਲੋਕਾਂ ਨੂੰ ਨਸ਼ਟ ਕਰ ਦੇਵੋ।
16 ਉਨ੍ਹਾਂ ਨੂੰ ਆਪਣੀ ਧਰਤੀ ਤੋਂ ਲਾਹ ਦਿਉ।
17 ਪਰਮੇਸ਼ੁਰ, ਤੁਸੀਂ ਸੁਣਿਆ ਹੈ ਕਿ ਉਹ ਮਸੱਕੀਨ ਲੋਕ ਕੀ ਚਾਹੁੰਦੇ ਹਨ।
    ਉਨ੍ਹਾਂ ਦੀਆਂ ਪ੍ਰਾਰਥਨਾ ਸੁਣ ਤੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੋ।
18 ਯਹੋਵਾਹ, ਉਨ੍ਹਾਂ ਦੀ ਰੱਖਿਆ ਕਰੋ ਜਿਨ੍ਹਾਂ ਦੇ ਮਾਪੇ ਨਹੀਂ ਹਨ ਅਤੇ ਜਿਹੜੇ ਸਤਾਏ ਹੋਏ ਹਨ।
    ਉਦਾਸ ਲੋਕਾਂ ਨੂੰ ਹੋਰ ਵੱਧੇਰੇ ਮੁਸੀਬਤਾਂ ਤੋਂ ਬਚਾ, ਤਾਂ ਕਿ ਤਾਕਤਵਰ ਲੋਕ ਉਨ੍ਹਾਂ ਨੂੰ ਜ਼ਮੀਨ ਵਿੱਚੋਂ ਜ਼ਬਰਦਸਤੀ ਕੱਢਣ ਲਈ ਜ਼ੁਲਮ ਨਾ ਕਰ ਸੱਕਣ।

Punjabi Bible: Easy-to-Read Version (ERV-PA)

2010 by World Bible Translation Center