M’Cheyne Bible Reading Plan
ਸਮਸੂਨ ਦਾ ਵਿਆਹ
14 ਸਮਸੂਨ ਤਿਮਨਾਯ ਸ਼ਹਿਰ ਵਿੱਚ ਗਿਆ। ਉੱਥੇ ਉਸ ਨੂੰ ਇੱਕ ਨੌਜਵਾਨ ਫ਼ਲਿਸਤੀ ਔਰਤ ਮਿਲੀ। 2 ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਆਖਿਆ, “ਮੈਂ ਤਿਮਨਾਯ ਵਿਖੇ ਇੱਕ ਫ਼ਲਿਸਤੀ ਔਰਤ ਵੇਖੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਮੇਰੇ ਲਈ ਲੈ ਆਓ। ਮੈਂ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ।”
3 ਉਸ ਦੇ ਮਾਤਾ ਪਿਤਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕਾਂ ਵਿੱਚ ਵੀ ਤਾਂ ਕੋਈ ਅਜਿਹੀ ਕੁੜੀ ਜ਼ਰੂਰ ਹੈ ਜਿਸ ਨਾਲ ਤੂੰ ਵਿਆਹ ਕਰ ਸੱਕਦਾ ਹੈਂ। ਕੀ ਤੇਰੇ ਲਈ ਫ਼ਲਿਸਤੀ ਕੁੜੀ ਨਾਲ ਸ਼ਾਦੀ ਕਰਨੀ ਜ਼ਰੂਰੀ ਹੈ? ਉਨ੍ਹਾਂ ਲੋਕਾਂ ਦੀ ਸੁੰਨਤ ਵੀ ਨਹੀਂ ਹੋਈ ਹੁੰਦੀ।”
ਪਰ ਸਮਸੂਨ ਨੇ ਆਖਿਆ, “ਉਸ ਕੁੜੀ ਨੂੰ ਮੇਰੇ ਲਈ ਲਿਆਓ! ਉਹ ਮੈਨੂੰ ਪ੍ਰਸੰਨ ਕਰਦੀ ਹੈ!” 4 (ਸਮਸੂਨ ਦੇ ਮਾਪੇ ਇਹ ਨਹੀਂ ਜਾਣਦੇ ਸਨ ਕਿ ਯਹੋਵਾਹ ਚਾਹੁੰਦਾ ਸੀ ਕਿ ਅਜਿਹਾ ਵਾਪਰੇ। ਯਹੋਵਾਹ ਫ਼ਲਿਸਤੀ ਲੋਕਾਂ ਦੇ ਵਿਰੁੱਧ ਕੁਝ ਕਰਨ ਦੀ ਤਲਾਸ਼ ਵਿੱਚ ਸੀ। ਫ਼ਲਿਸਤੀ ਲੋਕ ਉਸ ਵੇਲੇ ਇਸਰਾਏਲ ਦੇ ਲੋਕਾਂ ਉੱਤੇ ਹਕੂਮਤ ਕਰ ਰਹੇ ਸਨ।)
5 ਸਮਸੂਨ ਆਪਣੇ ਮਾਤਾ ਪਿਤਾ ਨਾਲ ਤਿਮਨਾਯ ਸ਼ਹਿਰ ਨੂੰ ਗਿਆ। ਉਹ ਉੱਥੋਂ ਤੀਕ ਗਏ ਜਿੱਥੇ ਸ਼ਹਿਰ ਦੇ ਨੇੜੇ ਅੰਗੂਰਾਂ ਦੇ ਖੇਤ ਸਨ। ਉਸੇ ਥਾਂ ਉੱਤੇ ਇੱਕ ਜਵਾਨ ਸ਼ੇਰ ਅਚਾਨਕ ਦਹਾੜਿਆ ਅਤੇ ਸਮਸੂਨ ਉੱਤੇ ਕੁੱਦ ਪਿਆ! 6 ਯਹੋਵਾਹ ਦਾ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਈ। ਉਸ ਨੇ ਆਪਣੇ ਨੰਗੇ ਹੱਥਾਂ ਨਾਲ ਸ਼ੇਰ ਨੂੰ ਚੀਰ ਸੁੱਟਿਆ। ਇਹ ਉਸ ਨੂੰ ਬਹੁਤ ਆਸਾਨ ਲੱਗਿਆ। ਇਹ ਇੰਨਾ ਹੀ ਆਸਾਨ ਸੀ ਜਿੰਨਾ ਕਿਸੇ ਬੱਕਰੇ ਨੂੰ ਚੀਰ ਸੁੱਟਣਾ। ਪਰ ਸਮਸੂਨ ਨੇ ਆਪਣੇ ਮਾਤਾ ਪਿਤਾ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਕੀ ਕੀਤਾ ਸੀ।
7 ਇਸ ਲਈ ਸਮਸੂਨ ਸ਼ਹਿਰ ਵਿੱਚ ਗਿਆ ਅਤੇ ਫ਼ਲਿਸਤੀ ਕੁੜੀ ਨਾਲ ਗੱਲ ਕੀਤੀ ਅਤੇ ਉਹ ਉਸ ਨਾਲ ਪ੍ਰਸੰਨ ਸੀ। 8 ਕਈ ਦਿਨਾਂ ਮਗਰੋਂ ਸਮਸੂਨ ਫ਼ਲਿਸਤੀ ਔਰਤ ਨਾਲ ਸ਼ਾਦੀ ਕਰਨ ਲਈ ਵਾਪਸ ਆ ਗਿਆ। ਆਉਂਦਿਆਂ ਹੋਇਆਂ ਰਸਤੇ ਵਿੱਚ ਉਹ ਮਰੇ ਹੋਏ ਸ਼ੇਰ ਨੂੰ ਵੇਖਣ ਲਈ ਗਿਆ। ਉਸ ਨੇ ਸ਼ੇਰ ਦੀ ਲਾਸ਼ ਵਿੱਚ ਮਧੂ ਮੱਖੀਆਂ ਦਾ ਝੁੰਡ ਦੇਖਿਆ। ਉਨ੍ਹਾਂ ਨੇ ਕੁਝ ਸ਼ਹਿਦ ਬਣਾ ਲਿਆ ਸੀ। 9 ਸਮਸੂਨ ਨੇ ਕੁਝ ਸ਼ਹਿਦ ਹੱਥਾਂ ਨਾਲ ਕੱਢ ਲਿਆ। ਉਹ ਸ਼ਹਿਦ ਖਾਂਦੇ ਹੋਏ ਤੁਰਨ ਲੱਗਾ। ਜਦੋਂ ਉਹ ਆਪਣੇ ਮਾਪਿਆਂ ਕੋਲ ਆਇਆ ਤਾਂ ਉਨ੍ਹਾਂ ਨੂੰ ਕੁਝ ਸ਼ਹਿਦ ਦਿੱਤਾ। ਉਨ੍ਹਾਂ ਨੇ ਵੀ ਉਹ ਖਾ ਲਿਆ। ਪਰ ਸਮਸੂਨ ਨੇ ਆਪਣੇ ਮਾਪਿਆਂ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਸ਼ਹਿਦ ਮੁਰਦਾ ਸ਼ੇਰ ਦੀ ਲਾਸ਼ ਤੋਂ ਲਿਆਂਦਾ ਸੀ।
10 ਸਮਸੂਨ ਦਾ ਪਿਤਾ ਫ਼ਲਿਸਤੀ ਕੁੜੀ ਨੂੰ ਦੇਖਣ ਲਈ ਗਿਆ। ਰਿਵਾਜ਼ ਇਹ ਸੀ ਕਿ ਦੂਲ੍ਹਾ ਦਾਵਤ ਦੇਵੇ। ਇਸ ਲਈ ਸਮਸੂਨ ਨੇ ਦਾਵਤ ਦਿੱਤੀ। 11 ਜਦੋਂ ਫ਼ਲਿਸਤੀ ਲੋਕਾਂ ਨੇ ਦੇਖਿਆ ਕਿ ਉਹ ਦਾਵਤ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਵਿੱਚ ਸ਼ਾਮਿਲ ਹੋਣ ਲਈ 30 ਆਦਮੀ ਭੇਜੇ।
12 ਸਮਸੂਨ ਨੇ 30 ਆਦਮੀਆਂ ਨੂੰ ਆਖਿਆ, “ਮੈਂ ਤੁਹਾਨੂੰ ਇੱਕ ਕਹਾਣੀ ਸੁਨਾਉਣਾ ਚਾਹੁੰਦਾ ਹਾਂ। ਇਹ ਦਾਵਤ ਸੱਤ ਦਿਨ ਚੱਲੇਗੀ। ਉਸ ਸਮੇਂ ਦੌਰਾਨ ਜਵਾਬ ਲੱਭਣ ਦੀ ਕੋਸ਼ਿਸ਼ ਕਰਨਾ। ਜੇ ਤੁਸੀਂ ਉਸ ਸਮੇਂ ਦੇ ਅੰਦਰ ਬੁਝਾਰਤ ਬੁੱਝ ਲਈ ਤਾਂ ਮੈਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਦੇਵਾਂਗਾ। 13 ਪਰ ਜੇ ਤੁਸੀਂ ਬੁਝਾਰਤ ਨਾ ਬੁਝ ਸੱਕੇ ਤਾਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਮੈਨੂੰ ਦੇਣੇ ਪੈਣਗੇ।” ਇਸ ਲਈ 30 ਆਦਮੀਆਂ ਨੇ ਆਖਿਆ, “ਆਪਣੀ ਬੁਝਾਰਤ ਦੱਸੋ ਅਸੀਂ ਸੁਣਨਾ ਚਾਹੁੰਦੇ ਹਾਂ।”
14 ਸਮਸੂਨ ਨੇ ਉਨ੍ਹਾਂ ਨੂੰ ਇਹ ਬੁਝਾਰਤ ਪਾਈ:
“ਖਾਣ ਵਾਲੇ ਵਿੱਚੋਂ ਕੁਝ ਚੀਜ਼ ਖਾਣ ਵਾਲੀ ਆਈ।
ਤਾਕਤਵਰ ਵਿੱਚ ਆਈ ਮਿੱਠੀ ਜਿਹੀ ਚੀਜ਼।”
30 ਆਦਮੀਆਂ ਨੇ ਤਿੰਨ ਦਿਨ ਤੱਕ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭ ਨਹੀਂ ਸੱਕੇ।
15 ਚੌਥੇ ਦਿਨ, ਆਦਮੀ ਸਮਸੂਨ ਦੀ ਪਤਨੀ ਕੋਲ ਆਏ। ਉਨ੍ਹਾਂ ਆਖਿਆ, “ਕੀ ਤੂੰ ਸਾਨੂੰ ਇੱਥੇ ਸਿਰਫ਼ ਗਰੀਬ ਬਨਾਉਣਾ ਲਈ ਸੱਦਾ ਭੇਜਿਆ ਸੀ? ਤੈਨੂੰ ਇਸ ਬੁਝਾਰਤ ਦਾ ਜਵਾਬ ਹਾਸਿਲ ਕਰਨ ਲਈ ਆਪਨੇ ਪਤੀ ਨਾਲ ਛਲ ਕਰਨਾ ਚਾਹੀਦਾ। ਜੇ ਤੂੰ ਸਾਡੇ ਲਈ ਇਸ ਬੁਝਾਰਤ ਦਾ ਜਵਾਬ ਨਹੀਂ ਕੱਢਾਵੇਂਗੀ ਤਾਂ ਅਸੀਂ ਤੈਨੂੰ ਅਤੇ ਤੇਰੇ ਸਾਰੇ ਪਰਿਵਾਰ ਨੂੰ ਸਾੜਕੇ ਮਾਰ ਦਿਆਂਗੇ।”
16 ਇਸ ਲਈ ਸਮਸੂਨ ਦੀ ਪਤਨੀ ਉਸ ਕੋਲ ਗਈ ਅਤੇ ਰੋਣ ਲੱਗ ਪਈ। ਉਸ ਨੇ ਆਖਿਆ, “ਤੂੰ ਮੈਨੂੰ ਨਫ਼ਰਤ ਕਰਦਾ ਹੈਂ, ਤੂੰ ਸੱਚਮੁੱਚ ਮੈਨੂੰ ਪਿਆਰ ਨਹੀਂ ਕਰਦਾ! ਤੂੰ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਪਾਈ ਹੈ ਅਤੇ ਤੂੰ ਮੈਨੂੰ ਇਸਦਾ ਜਵਾਬ ਵੀ ਨਹੀਂ ਦੱਸਦਾ।”
ਉਸ ਨੇ ਉਸ ਨੂੰ ਜਵਾਬ ਦਿੱਤਾ, “ਵੇਖ, ਮੈਂ ਆਪਣੇ ਪਿਉ ਅਤੇ ਮਾਂ ਨੂੰ ਵੀ ਨਹੀਂ ਦੱਸਿਆ ਫ਼ੇਰ ਮੈਂ ਤੈਨੂੰ ਕਿਉਂ ਦੱਸਾਂ?”
17 ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸ ਨੇ ਸੱਤਵੇਂ ਦਿਨ ਬੁਝਾਰਤ ਦਾ ਉੱਤਰ ਦੇ ਦਿੱਤਾ। ਉਸ ਨੇ ਉਸ ਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸ ਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ।
18 ਇਸ ਲਈ ਸੱਤਵੇਂ ਦਿਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫ਼ਲਿਸਤੀ ਆਦਮੀਆਂ ਕੋਲ ਉੱਤਰ ਸੀ। ਉਹ ਸਮਸੂਨ ਕੋਲ ਆਏ ਅਤੇ ਆਖਿਆ,
“ਸ਼ਹਿਦ ਨਾਲੋਂ ਮਿਠਾ ਕੀ ਹੈ?
ਸ਼ੇਰ ਨਾਲੋ ਤਕੜਾ ਕੌਣ ਹੈ?”
ਤਾਂ ਸਮਸੂਨ ਨੇ ਉਨ੍ਹਾਂ ਨੂੰ ਆਖਿਆ,
“ਜੇ ਤੁਸੀਂ ਮੇਰੀ ਗਾਂ ਨਾਲ ਹੱਲ ਨਾ ਵਾਹਿਆ
ਹੁੰਦਾ ਤੁਸੀਂ ਮੇਰੀ ਬੁਝਾਰਤ ਨਹੀਂ ਸੀ ਬੁੱਝ ਸੱਕਦੇ!”
19 ਫ਼ੇਰ ਯਹੋਵਾਹ ਆਤਮਾ ਸਮਸੂਨ ਵਿੱਚ ਬੜੀ ਤਾਕਤ ਨਾਲ ਆਇਆ ਅਤੇ ਉਹ ਅਸ਼ਕਲੋਨ ਨਗਰ ਵਿੱਚ ਚੱਲਾ ਗਿਆ ਅਤੇ ਜਾਕੇ 30 ਫ਼ਲਿਸਤੀਆਂ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਲਾਸ਼ਾਂ ਤੋਂ ਕੱਪੜੇ ਅਤੇ ਹੋਰ ਸਾਮਾਨ ਉਤਾਰ ਲਿਆ। ਅਤੇ ਇਨ੍ਹਾਂ ਨੂੰ ਵਾਪਸ ਲਿਆਕੇ ਉਨ੍ਹਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੇ ਬੁਝਾਰਤ ਬੁੱਝੀ ਸੀ। ਉਹ ਬਹੁਤ ਨਾਰਾਜ਼ ਸੀ ਇਸ ਲਈ ਉਹ ਆਪਨੇ ਪਿਤਾ ਦੇ ਘਰ ਗਿਆ। 20 ਤਾਂ ਸਮਸੂਨ ਦੀ ਪਤਨੀ ਉਸ ਦੇ ਦੋਸਤ ਦੀ ਪਤਨੀ ਬਣ ਗਈ, ਜੋ ਉਸਦਾ ਸਭ ਤੋਂ ਚੰਗਾ ਆਦਮੀ ਸੀ।
ਕੁਰਿੰਥੁਸ ਵਿੱਚ ਪੌਲੁਸ
18 ਬਾਅਦ ਵਿੱਚ ਪੌਲੁਸ ਅਥੈਨੇ ਨੂੰ ਛੱਡ ਕੇ ਕੁਰਿੰਥੁਸ ਸ਼ਹਿਰ ਵਿੱਚ ਚੱਲਾ ਗਿਆ। 2 ਉੱਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸੱਕਿੱਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਮਿਲਣ ਲਈ ਗਿਆ। 3 ਉਹ ਵੀ ਪੌਲੁਸ ਦੀ ਤਰ੍ਹਾਂ, ਤੰਬੂ ਬਨਾਉਣ ਵਾਲੇ ਹੀ ਸਨ। ਪੌਲੁਸ ਉਨ੍ਹਾਂ ਕੋਲ ਠਹਿਰ ਕੇ ਉਨ੍ਹਾਂ ਨਾਲ ਕੰਮ ਕਰਨ ਲੱਗ ਪਿਆ।
4 ਹਰ ਸਬਤ ਦੇ ਦਿਨ, ਪੌਲੁਸ ਯਹੂਦੀਆਂ ਅਤੇ ਯੂਨਾਨੀਆਂ ਨਾਲ ਪ੍ਰਾਰਥਨਾ ਸਥਾਨ ਵਿੱਚ ਚਰਚਾ ਕਰਦਾ। ਪੌਲੁਸ ਨੇ ਉਨ੍ਹਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ। 5 ਸੀਲਾਸ ਅਤੇ ਤਿਮੋਥਿਉਸ ਮਕਦੁਨਿਯਾ ਤੋਂ ਪੌਲੁਸ ਕੋਲ ਕੁਰਿੰਥੀਆਂ ਵਿੱਚ ਆ ਗਏ। ਇਸ ਤੋਂ ਬਾਅਦ ਉਸ ਨੇ ਖੁਸ਼ਖਬਰੀ ਦੇਣ ਅਤੇ ਯਹੂਦੀਆਂ ਨੂੰ ਇਹ ਵਿਖਾਉਂਦਿਆਂ, ਕਿ ਯਿਸੂ ਹੀ ਮਸੀਹ ਹੈ, ਆਪਣਾ ਸਾਰਾ ਸਮਾਂ ਬਿਤਾਇਆ। 6 ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੋਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸੱਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।”
7 ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡ ਕੇ ਤੀਤੁਸ ਯੂਸਤੁਸ ਦੇ ਘਰ ਨੂੰ ਚੱਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ। 8 ਉਸ ਪ੍ਰਾਰਥਨਾ ਸਥਾਨ ਦਾ ਆਗੂ ਕਰਿਸਪੁਸ ਸੀ। ਕਰਿਸਪੁਸ ਅਤੇ ਸਾਰੇ ਉਸ ਦੇ ਘਰ ਵਿੱਚ ਰਹਿਣ ਵਾਲਿਆਂ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ। ਕੁਰਿੰਥੀਆਂ ਵਿੱਚ ਰੋਰ ਵੀ ਬਹੁਤ ਸਾਰੇ ਲੋਕਾਂ ਨੇ ਪੌਲੁਸ ਨੂੰ ਸੁਣਿਆ ਅਤੇ ਵਿਸ਼ਵਾਸ ਕੀਤਾ ਤੇ ਫ਼ਿਰ ਉਨ੍ਹਾਂ ਨੂੰ ਵੀ ਬਪਤਿਸਮਾ ਦਿੱਤਾ ਗਿਆ।
9 ਰਾਤ ਵੇਲੇ ਪੌਲੁਸ ਨੂੰ ਦਰਸ਼ਨ ਹੋਏ ਜਿਸ ਵਿੱਚ ਪ੍ਰਭੂ ਮਾਲਿਕ ਨੇ ਉਸ ਨੂੰ ਕਿਹਾ, “ਘਬਰਾ ਨਾ, ਲਗਾਤਾਰ ਲੋਕਾਂ ਵਿੱਚ ਬਚਨ ਕਰ, ਰੁਕੀਂ ਨਾ। 10 ਮੈਂ ਤੇਰੇ ਨਾਲ ਹਾਂ। ਕੋਈ ਵੀ ਤੇਰੇ ਤੇ ਹਮਲਾ ਕਰਨ ਅਤੇ ਤੈਨੂੰ ਸੱਟ ਮਾਰਨ ਨਹੀਂ ਆਵੇਗਾ। ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” 11 ਪੌਲੁਸ ਉੱਥੇ ਕੋਈ ਡੇਢ ਕੁ ਸਾਲ ਠਹਿਰਿਆ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਉਪਦੇਸ਼ ਸੁਨਾਉਂਦਾ ਰਿਹਾ।
ਪੌਲੁਸ ਨੂੰ ਗਾਲੀਓ ਅੱਗੇ ਪੇਸ਼ ਕੀਤਾ ਗਿਆ
12 ਜਦੋਂ ਗਾਲੀਓ ਅਖਾਯਾ ਦੇਸ਼ ਦਾ ਰਾਜਪਾਲ ਬਣ ਗਿਆ, ਕੁਝ ਯਹੂਦੀ ਲੋਕ ਇੱਕ ਸਾਥ ਪੌਲੁਸ ਦੇ ਵਿਰੁੱਧ ਇਕੱਠੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ, 13 ਅਤੇ ਉਨ੍ਹਾਂ ਜਾਕੇ ਗਾਲੀਓ ਨੂੰ ਆਖਿਆ, “ਉਹ ਲੋਕਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਅਜਿਹੇ ਢੰਗ ਨਾਲ ਕਰਨ ਲਈ ਮਨਾਉਂਦਾ ਹੈ ਜੋ ਕਿ ਸਾਡੇ ਯਹੂਦੀ ਸ਼ਰ੍ਹਾ ਦੇ ਖਿਲਾਫ਼ ਹੈ।”
14 ਜਦੋਂ ਪੌਲੁਸ ਕੁਝ ਆਖਣ ਲਈ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, “ਹੇ ਯਹੂਦੀਓ। ਮੈ ਤੁਹਾਡੀ ਗੱਲ ਤਾਂ ਸੁਣੀ ਹੁੰਦੀ, ਜੇਕਰ ਇਹ ਕਿਸੇ ਗੰਭੀਰ ਅਪਰਾਧ ਜਾਂ ਗਲਤ ਕਰਨੀਆਂ ਦਾ ਮਾਮਲਾ ਹੁੰਦਾ। 15 ਪਰ ਜੋ ਗੱਲ ਤੁਸੀਂ ਯਹੂਦੀ ਆਖ ਰਹੇ ਹੋ ਇਹ ਝਗੜ੍ਹੇ ਤਾਂ ਤੁਹਾਡੀ ਆਪਣੀ ਸ਼ਰ੍ਹਾ, ਸ਼ਬਦਾਂ ਅਤੇ ਨਾਵਾਂ ਦੇ ਹਨ, ਸੋ ਇਹ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।” 16 ਤਦ ਗਾਲੀਓ ਨੇ ਉਨ੍ਹਾਂ ਨੂੰ ਅਦਾਲਤ ਤੋਂ ਬਾਹਰ ਜਾਣ ਨੂੰ ਕਿਹਾ।
17 ਤਦ ਉਨ੍ਹਾਂ ਸਾਰਿਆਂ ਨੇ ਸੋਸਨਥੇਜ਼ ਨੂੰ ਫ਼ੜ ਲਿਆ। ਸੋਸਨਥੇਜ਼ ਉਸ ਵਕਤ ਪ੍ਰਾਰਥਨਾ ਸਥਾਨ ਦਾ ਆਗੂ ਸੀ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਸਾਹਮਣੇ ਲਿਆਕੇ ਮਾਰਿਆ, ਪਰ ਗਾਲੀਓ ਨੇ ਇਸ ਬਾਰੇ ਕੋਈ ਧਿਆਨ ਨਾ ਦਿੱਤਾ।
ਪੌਲੁਸ ਦਾ ਅੰਤਾਕਿਯਾ ਵੱਲ ਮੁੜਨਾ
18 ਪੌਲੁਸ ਉੱਥੇ ਬਹੁਤ ਦਿਨ ਠਹਿਰਿਆ। ਫ਼ੇਰ ਉਸ ਨੇ ਭਰਾਵਾਂ ਨੂੰ ਅਲਵਿਦਾ ਆਖੀ ਅਤੇ ਸੁਰਿਯਾ ਲਈ ਜਹਾਜ ਵਿੱਚ ਸਫ਼ਰ ਕੀਤਾ। ਪ੍ਰਿਸੱਕਿੱਲਾ ਅਤੇ ਅਕੂਲਾ ਵੀ ਉਸ ਦੇ ਨਾਲ ਸਨ। ਕੰਖਰਿਯਾ ਵਿੱਚ ਪੌਲੁਸ ਨੇ ਆਪਣੇ ਵਾਲ ਕਟਾ ਲਏ, ਕਿਉਂਕਿ ਉਸ ਨੇ ਮੰਨਤ ਮੰਨੀ ਸੀ। 19 ਤਦ ਉਹ ਅਫ਼ਸੁਸ ਸ਼ਹਿਰ ਵਿੱਚ ਪਹੁੰਚਿਆ ਅਤੇ ਇੱਥੇ ਹੀ ਉਸ ਨੇ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਛੱਡਿਆ। ਅਫ਼ਸੁਸ ਵਿੱਚ, ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਯਹੂਦੀਆਂ ਨਾਲ ਗੱਲ ਬਾਤ ਕੀਤੀ। 20 ਯਹੂਦੀਆਂ ਨੇ ਪੌਲੁਸ ਨੂੰ ਉੱਥੇ ਕੁਝ ਦੇਰ ਰੁਕਣ ਲਈ ਕਿਹਾ, ਪਰ ਉਸ ਨੇ ਮਨ੍ਹਾ ਕਰ ਦਿੱਤਾ। 21 ਪੌਲੁਸ ਨੇ ਉਨ੍ਹਾਂ ਨੂੰ ਛੱਡਿਆ ਅਤੇ ਕਿਹਾ, “ਜੇ ਪਰਮੇਸ਼ੁਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ।” ਇਉਂ ਪੌਲੁਸ ਅਫ਼ਸੁਸ ਤੋਂ ਰਵਾਨਾ ਹੋਇਆ।
22 ਅਤੇ ਕੈਸਰਿਯਾ ਸ਼ਹਿਰ ਵਿੱਚ ਪਹੁੰਚਿਆ। ਫ਼ੇਰ ਉਹ ਯਰੂਸ਼ਲਮ ਵਿੱਚ ਕਲੀਸਿਯਾ ਨੂੰ ਸ਼ੁਭਕਾਮਨਾਵਾਂ ਦੇਣ ਲਈ ਗਿਆ। ਉਸਤੋਂ ਬਾਅਦ ਉਹ ਅੰਤਾਕਿਯਾ ਨੂੰ ਗਿਆ, 23 ਅਤੇ ਉੱਥੇ ਕੁਝ ਦੇਰ ਰੁਕਿਆ ਅਤੇ ਫ਼ਿਰ ਅੰਤਾਕਿਯਾ ਨੂੰ ਛੱਡ ਕੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ਼ ਵਿੱਚ ਥਾਂ-ਥਾਂ ਫ਼ਿਰ ਕੇ ਯਿਸੂ ਦੇ ਸਾਰੇ ਚੇਲਿਆਂ ਨੂੰ ਤਕੜਿਆਂ ਕਰਦਾ ਰਿਹਾ।
ਅਪੁੱਲੋਸ ਦਾ ਅਫ਼ਸੁਸ ਅਤੇ ਅਖਾਯਾ ਵੱਲ ਜਾਣਾ
24 ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸ ਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ। 25 ਉਸ ਨੂੰ ਪ੍ਰਭੂ ਦੇ ਮਾਰਗ ਬਾਰੇ ਸਿੱਖਾਇਆ ਗਿਆ ਸੀ। ਉਹ ਪ੍ਰਭੂ ਯਿਸੂ ਬਾਰੇ ਬੜੇ ਜੋਸ਼ ਨਾਲ ਬੋਲਦਾ ਸੀ। ਜੋ ਉਹ ਯਿਸੂ ਬਾਰੇ ਸਿੱਖਿਆ ਦਿੰਦਾ ਉਹ ਠੀਕ ਹੁੰਦੀ ਸੀ। ਅਪੁੱਲੋਸ ਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਪਤਾ ਸੀ। 26 ਅਪੁੱਲੋਸ ਨੇ ਨਿਡਰਤਾ ਨਾਲ ਪ੍ਰਾਰਥਨਾ ਸਥਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਿਸੱਕਿੱਲਾ ਅਤੇ ਅਕੂਲਾ ਨੇ ਵੀ ਉਸ ਨੂੰ ਬੋਲਦਿਆਂ ਸੁਣਿਆ। ਫ਼ੇਰ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਮਾਰਗ ਬਾਰੇ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕੀਤੀ।
27 ਅਪੁੱਲੋਸ ਅਖਾਯਾ ਦੇਸ਼ ਨੂੰ ਜਾਣਾ ਚਾਹੁੰਦਾ ਸੀ ਤਾਂ ਅਫ਼ਸੁਸ ਵਿੱਚ ਰਹਿੰਦੇ ਭਰਾਵਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਅਖਾਯਾ ਵਿੱਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਇੱਕ ਚਿਠੀ ਲਿਖੀ ਜਿਸ ਵਿੱਚ ਉਸ ਨੇ ਅਪੁੱਲੋਸ ਨੂੰ ਉੱਥੇ ਉਸਦਾ ਆਦਰ ਕਰਨ ਲਈ ਲਿਖਿਆ। ਅਖਾਯਾ ਵਿੱਚ ਇਨ੍ਹਾਂ ਨਿਹਚਾਵਾਨਾਂ ਨੇ ਪਰਮੇਸ਼ੁਰ ਦੀ ਕਿਰਪਾ ਨਾਲ ਯਿਸੂ ਵਿੱਚ ਨਿਹਚਾ ਕੀਤੀ। 28 ਉਸ ਨੇ ਯਹੂਦੀਆਂ ਨਾਲ ਬੜੀ ਤਕੜੀ ਦਲੀਲਬਾਜ਼ੀ ਕੀਤੀ ਅਤੇ ਸਾਰੇ ਲੋਕਾਂ ਸਾਹਮਣੇ ਸਾਫ਼ ਤੌਰ ਤੇ ਸਾਬਿਤ ਕਰ ਦਿੱਤਾ ਕਿ ਯਹੂਦੀ ਗਲਤ ਸਨ। ਉਸ ਨੇ ਪੋਥੀਆਂ ਵਿਖਾਈਆਂ ਅਤੇ ਇਹ ਦਰਸ਼ਾਇਆ ਕਿ ਯਿਸੂ ਹੀ ਮਸੀਹ ਹੈ।
ਯਹੋਵਾਹ ਨੇ ਨਬੂਕਦਨੱਸਰ ਨੂੰ ਹਾਕਮ ਬਣਾਇਆ
27 ਯਹੋਵਾਹ ਵੱਲੋਂ ਇਹ ਸੰਦੇਸ਼ ਯਿਰਮਿਯਾਹ ਨੂੰ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਸ਼ੁਰੂਆਤ ਵਿੱਚ ਮਿਲਿਆ। [a] ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। 2 ਇਹ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਡੰਡਿਆਂ ਅਤੇ ਰਸੀਆਂ ਤੋਂ ਇੱਕ ਜੂਲਾ ਬਣਾ ਅਤੇ ਇਸ ਨੂੰ ਆਪਣੀ ਗਰਦਨ ਉੱਤੇ ਰੱਖ। 3 ਫ਼ੇਰ ਹੋਰਨਾਂ ਹਲਾਂ ਨੂੰ ਅਦੋਮ, ਮੋਆਬ ਅਤੇ ਅੰਮੋਨ, ਸੂਰ ਅਤੇ ਸੈਦਾ ਦੇ ਰਾਜਿਆਂ ਨੂੰ ਘੱਲ ਦੇ। ਉਨ੍ਹਾਂ ਰਾਜਿਆਂ ਨੂੰ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਮਿਲਣ ਆਏ ਨੇ, ਸੰਦੇਸ਼ਵਾਹਕਾਂ ਹੱਥ ਸੰਦੇਸ਼ ਭੇਜ। 4 ਉਨ੍ਹਾਂ ਸੰਦੇਸ਼ਵਾਹਕਾਂ ਨੂੰ ਆਖ ਕਿ ਉਹ ਆਪਣੇ ਮਾਲਕਾਂ ਨੂੰ ਇਹ ਸੰਦੇਸ਼ ਦੇਣ। ਉਨ੍ਹਾਂ ਨੂੰ ਆਖੀਂ, ‘ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਆਪਣੇ ਮਾਲਕਾਂ ਨੂੰ ਆਖੋ ਕਿ ਮੈਂ ਇਸ ਧਰਤੀ ਨੂੰ ਅਤੇ ਇਸ ਉੱਤੇ ਵਸਣ ਵਾਲਿਆਂ ਨੂੰ ਆਖ ਕਿ 5 ਮੈਂ ਧਰਤੀ ਨੂੰ ਅਤੇ ਇਸ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਾਜਿਆ ਸੀ। ਮੈਂ ਧਰਤੀ ਉਤਲੇ ਸਾਰੇ ਜਾਨਵਰਾਂ ਨੂੰ ਸਾਜਿਆ ਸੀ। ਇਹ ਸਾਰਾ ਕੁਝ ਮੈਂ ਆਪਣੀ ਵੱਡੀ ਸ਼ਕਤੀ ਨਾਲ ਅਤੇ ਤਾਕਤਵਰ ਹੱਥ ਨਾਲ ਕੀਤਾ। ਮੈਂ ਜਿਸ ਕਿਸੇ ਨੂੰ ਚਾਹਾਂ ਇਹ ਧਰਤੀ ਦੇ ਸੱਕਦਾ ਹਾਂ। 6 ਹੁਣ ਮੈਂ ਤੁਹਾਡੇ ਸਾਰੇ ਦੇਸ਼ਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਦੇ ਦਿੱਤਾ ਹੈ। ਉਹ ਮੇਰਾ ਸੇਵਕ ਹੈ। ਮੈਂ ਜੰਗਲੀ ਜਾਨਵਰਾਂ ਕੋਲੋਂ ਵੀ ਉਸਦਾ ਆਗਿਆ ਪਾਲਨ ਕਰਾਵਾਂਗਾ। 7 ਸਾਰੀਆਂ ਕੌਮਾਂ ਨਬੂਕਦਨੱਸਰ ਉਸ ਦੇ ਪੁੱਤਰ ਅਤੇ ਉਸ ਦੇ ਪੋਤਰੇ ਦੀ ਸੇਵਾ ਕਰਨਗੀਆਂ। ਫ਼ੇਰ ਇੱਕ ਸਮਾਂ ਆਵੇਗਾ ਜਦੋਂ ਬਾਬਲ ਹਾਰ ਜਾਵੇਗਾ। ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ ਬਾਬਲ ਨੂੰ ਆਪਣਾ ਸੇਵਕ ਬਣਾ ਲੈਣਗੇ।
8 “‘ਪਰ ਜੇਕਰ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰਨ ਤੋਂ ਅਤੇ ਉਸ ਦਾ ਜੂਲਾ ਆਪਣੀ ਗਰਦਨ ਤੇ ਪਾਉਣ ਤੋਂ ਇਨਕਾਰ ਕਰਦਾ, ਮੈਂ ਉਸ ਕੌਮ ਨੂੰ ਤਲਵਾਰ, ਭੁੱਖ ਅਤੇ ਭਿਆਨਕ ਬਿਮਾਰੀ ਨਾਲ ਸਜ਼ਾ ਦਿਆਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਇਹ ਗੱਲ ਮੈਂ ਉਦੋਂ ਤੀਕ ਕਰਾਂਗਾ ਜਦੋਂ ਤੀਕ ਕਿ ਮੈਂ ਉਸ ਕੌਮ ਨੂੰ ਤਬਾਹ ਨਹੀਂ ਕਰ ਦਿੰਦਾ। ਮੈਂ ਨਬੂਕਦਨੱਸਰ ਦੀ ਵਰਤੋਂ ਉਸ ਕੌਮ ਨੂੰ ਤਬਾਹ ਕਰਨ ਲਈ ਕਰਾਂਗਾ ਜਿਹੜੀ ਉਸ ਦੇ ਖਿਲਾਫ਼ ਲੜਦੀ ਹੈ। 9 ਇਸ ਲਈ ਆਪਣੇ ਨਬੀਆਂ ਦੀ ਗੱਲ ਨਾ ਸੁਣੋ, ਉਨ੍ਹਾਂ ਲੋਕਾਂ ਦੀ ਗੱਲ ਨਾ ਸੁਣੋ ਜਿਹੜੇ ਜਾਦੂ ਦੇ ਪ੍ਰਭਾਵ ਨਾਲ ਭਵਿੱਖ ਬਾਣੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਨਾ ਸੁਣੋ ਜਿਹੜੇ ਆਖਦੇ ਨੇ ਕਿ ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲ ਨਾ ਕਰੋ ਜਿਹੜੇ ਮੁਰਦਿਆਂ ਨਾਲ ਗੱਲਾਂ ਕਰਦੇ ਨੇ ਜਾਂ ਜਿਹੜੇ ਜਾਦੂ-ਟੂਣੇ ਕਰਦੇ ਨੇ। ਉਹ ਸਾਰੇ ਲੋਕ ਤੁਹਾਨੂੰ ਦੱਸਦੇ ਹਨ, “ਤੁਸੀਂ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਬਣੋਗੇ।” 10 ਪਰ ਉਹ ਲੋਕ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਉਹ ਲੋਕ ਸਿਰਫ਼ ਤੁਹਾਨੂੰ ਵਤਨੋ ਦੂਰ ਲਿਜਾਣ ਦਾ ਕਾਰਣ ਬਣਨਗੇ। ਮੈਂ ਤੁਹਾਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕਰਾਂਗਾ। ਅਤੇ ਤੁਸੀਂ ਪਰਾਏ ਦੇਸ਼ ਵਿੱਚ ਜਾਕੇ ਮਰੋਗੇ।
11 “‘ਪਰ ਉਹ ਕੌਮਾਂ ਜਿਨ੍ਹਾਂ ਨੇ ਬਾਬਲ ਦੇ ਰਾਜੇ ਦੀ ਅਧੀਨਗੀ ਕਬੂਲ ਕਰ ਲਈ ਹੋਵੇਗੀ ਉਹ ਜਿਉਣਗੀਆਂ। ਮੈਂ ਉਨ੍ਹਾਂ ਕੌਮਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰਨ ਦਿਆਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਨ੍ਹਾਂ ਕੌਮਾਂ ਦੇ ਲੋਕ ਆਪਣੀ ਧਰਤੀ ਅੰਦਰ ਰਹਿਣਗੇ ਅਤੇ ਉਸੇ ਦੀ ਖੇਤੀ ਕਰਨਗੇ।’”
12 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਆਖਿਆ ਸੀ, “ਸਿਦਕੀਯਾਹ, ਤੈਨੂੰ ਆਪਣੀ ਗਰਦਨ ਬਾਬਲ ਦੇ ਰਾਜੇ ਦੇ ਜੂਲੇ ਹੇਠਾਂ ਪਾ ਦੇਣੀ ਚਾਹੀਦੀ ਹੈ ਅਤੇ ਉਸਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਤੂੰ ਬਾਬਲ ਦੇ ਰਾਜੇ ਅਤੇ ਉਸ ਦੇ ਲੋਕਾਂ ਦੀ ਸੇਵਾ ਕਰੇਗਾ, ਤਾਂ ਤੂੰ ਜੀਵੇਗਾ। 13 ਜੇ ਤੂੰ ਬਾਬਲ ਦੇ ਰਾਜੇ ਦੀ ਸੇਵਾ ਕਰਨੀ ਨਹੀਂ ਮਂਨੇਗਾ ਤਾਂ ਤੂੰ ਅਤੇ ਤੇਰੇ ਲੋਕ ਦੁਸ਼ਮਣ ਦੀ ਤਲਵਾਰ, ਭੁੱਖ ਨਂਗ ਅਤੇ ਭਿਆਨਕ ਬਿਮਾਰੀਆਂ ਹੱਥੋਂ ਮਾਰੇ ਜਾਓਗੇ। ਯਹੋਵਾਹ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ। 14 ਪਰ ਝੂਠੇ ਨਬੀ ਆਖ ਰਹੇ ਹਨ: ‘ਤੁਸੀਂ ਕਦੇ ਵੀ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਹੋਵੋਗੇ।’
“ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਅੱਗੇ ਝੂਠ ਦਾ ਪ੍ਰਚਾਰ ਕਰ ਰਹੇ ਹਨ। 15 ‘ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਹ ਝੂਠ ਦਾ ਪ੍ਰਚਾਰ ਕਰ ਰਹੇ ਨੇ ਅਤੇ ਆਖ ਰਹੇ ਨੇ ਕਿ ਸੰਦੇਸ਼ ਮੇਰੇ ਵੱਲੋਂ ਹੈ। ਇਸ ਲਈ ਮੈਂ ਤੁਹਾਨੂੰ ਯਹੂਦਾਹ ਦੇ ਲੋਕਾਂ ਨੂੰ ਦੂਰ ਭੇਜ ਦਿਆਂਗਾ ਤੁਸੀਂ ਮਰ ਜਾਵੋਗੇ। ਅਤੇ ਉਹ ਨਬੀ ਜਿਹੜੇ ਤੁਹਾਡੇ ਅੱਗੇ ਪ੍ਰਚਾਰ ਕਰ ਰਹੇ ਨੇ ਉਹ ਵੀ ਮਰ ਜਾਣਗੇ।’”
16 ਫ਼ੇਰ ਮੈਂ ਉਨ੍ਹਾਂ ਜਾਜਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਆਖਿਆ, “ਯਹੋਵਾਹ ਆਖਦਾ ਹੈ: ਉਹ ਝੂਠੇ ਨਬੀ ਆਖ ਰਹੇ ਹਨ, ‘ਬਾਬਲ ਵਾਲਿਆਂ ਨੇ ਯਹੋਵਾਹ ਦੇ ਮੰਦਰ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਚੁੱਕ ਲਈਆਂ ਹਨ। ਉਹ ਚੀਜ਼ਾਂ ਛੇਤੀ ਵਾਪਸ ਲਿਆਂਦੀਆਂ ਜਾਣਗੀਆਂ।’ ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਸਾਹਮਣੇ ਝੂਠ ਦਾ ਪ੍ਰਚਾਰ ਕਰ ਰਹੇ ਨੇ। 17 ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ। ਬਾਬਲ ਦੇ ਰਾਜੇ ਦੀ ਸੇਵਾ ਕਰੋ। ਆਪਣੀ ਸਜ਼ਾ ਨੂੰ ਪ੍ਰਵਾਨ ਕਰ ਲਵੋ ਅਤੇ ਤੁਸੀਂ ਜਿਉਂਦੇ ਰਹੋਗੇ। ਤੁਹਾਡੇ ਲਈ ਯਰੂਸ਼ਲਮ ਦੇ ਇਸ ਸ਼ਹਿਰ ਦੇ ਤਬਾਹ ਕੀਤੇ ਜਾਣ ਦਾ ਕੋਈ ਕਾਰਣ ਨਹੀਂ ਹੈ। 18 ਜੇ ਉਹ ਲੋਕ ਨਬੀ ਹਨ ਅਤੇ ਯਹੋਵਾਹ ਵੱਲੋਂ ਸੰਦੇਸ਼ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਦਿਓ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਹਨ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਰਾਜੇ ਦੇ ਮਹਿਲ ਅੰਦਰ ਹਨ। ਅਤੇ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਯਰੂਸ਼ਲਮ ਅੰਦਰ ਹਨ। ਉਨ੍ਹਾਂ ਨਬੀਆਂ ਨੂੰ ਪ੍ਰਾਰਥਨਾ ਕਰਨ ਦਿਓ ਕਿ ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣ।”
19 ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਚੀਜ਼ਾਂ ਬਾਰੇ ਇਹ ਆਖਦਾ ਹੈ ਜਿਹੜੀਆਂ ਹਾਲੇ ਵੀ ਯਰੂਸ਼ਲਮ ਵਿੱਚ ਬਚੀਆਂ ਹੋਈਆਂ ਹਨ। ਮੰਦਰ ਵਿੱਚ ਬਮਲੇ ਹਨ, ਕਾਂਸੀ ਦਾ ਸਮੁੰਦਰ ਹੈ, ਹਿਲਣ ਵਾਲੇ ਸਟੈਁਡ ਅਤੇ ਹੋਰ ਚੀਜ਼ਾਂ ਹਨ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਉਹ ਚੀਜ਼ਾਂ ਯਰੂਸ਼ਲਮ ਵਿੱਚ ਛੱਡ ਦਿੱਤੀਆਂ। 20 ਨਬੂਕਦਨੱਸਰ ਉਦੋਂ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਨਹੀਂ ਗਿਆ ਜਦੋਂ ਉਸ ਨੇ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਕੈਦੀ ਬਣਾ ਕੇ ਲੈ ਗਿਆ ਸੀ। ਯੇਹੋਇਆਚਿਨ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਨਬੂਕਦਨੱਸਰ ਯਹੂਦਾਹ ਅਤੇ ਯਰੂਸ਼ਲਮ ਦੇ ਹੋਰ ਵੀ ਕਈ ਮਹੱਤਵਪੂਰਣ ਬੰਦਿਆਂ ਨੂੰ ਲੈ ਗਿਆ ਸੀ। 21 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਅਤੇ ਯਰੂਸ਼ਲਮ ਦੇ ਰਾਜੇ ਦੇ ਮਹਿਲ ਅੰਦਰ ਹਾਲੇ ਵੀ ਰਹਿ ਗਈਆਂ ਹਨ। 22 ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣਗੀਆਂ ਜਦੋਂ ਤੀਕ ਕਿ ਮੈਂ ਇੱਕ ਦਿਨ ਉਨ੍ਹਾਂ ਨੂੰ ਵਾਪਸ ਨਹੀਂ ਲਿਆਉਂਦਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਫ਼ੇਰ ਮੈਂ ਉਨ੍ਹਾਂ ਚੀਜ਼ਾਂ ਨੂੰ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਚੀਜ਼ਾਂ ਨੂੰ ਇਸ ਥਾਂ ਫ਼ੇਰ ਰੱਖ ਦਿਆਂਗਾ।”
ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਵਿਨਾਸ਼(A)
13 ਜਦੋਂ ਯਿਸੂ ਮੰਦਰ ਵਾਲੀ ਥਾਂ ਛੱਡ ਕੇ ਜਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ ਵੇਖੋ! ਇਸ ਮੰਦਰ ਦੀਆਂ ਇਮਾਰਤਾਂ ਕਿੰਨੀਆਂ ਖੂਬਸੂਰਤ ਹਨ ਤੇ ਕਿੰਨੇ ਵੱਡੇ-ਵੱਡੇ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ!”
2 ਉਸ ਨੇ ਕਿਹਾ, “ਇਹ ਵੱਡੀਆਂ ਇਮਾਰਤਾਂ, ਜੋ ਤੂੰ ਵੇਖ ਰਿਹਾ ਹੈ, ਸਾਰੀਆਂ ਨਸ਼ਟ ਹੋ ਜਾਣਗੀਆਂ। ਇੱਕ-ਇੱਕ ਪੱਥਰ ਜ਼ਮੀਨ ਤੇ ਡਿੱਗ ਪਵੇਗਾ। ਇੱਕ ਵੀ ਪੱਥਰ ਦੂਜੇ ਉੱਤੇ ਖੜ੍ਹਾ ਨਹੀਂ ਰਹੇਗਾ।”
3 ਬਾਦ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨਾਲ ਇੱਕਲਾ ਬੈਠਾ ਸੀ। ਉਥੋ ਉਹ ਮੰਦਰ ਵੇਖ ਸੱਕਦੇ ਸਨ। ਤਾਂ ਉਨ੍ਹਾਂ ਚੇਲਿਆਂ ਨੇ ਉਸ ਨੂੰ ਪੁੱਛਿਆ। 4 “ਸਾਨੂੰ ਇਹ ਦੱਸ ਕਿ ਇਹ ਸਭ ਕਦੋਂ ਵਾਪਰੇਗਾ? ਅਤੇ ਇਸਦਾ ਕੀ ਸਬੂਤ ਹੈ ਕਿ ਇਹ ਸਭ ਵਾਪਰਣ ਵਾਲਾ ਹੈ?”
5 ਯਿਸੂ ਚੇਲਿਆਂ ਨੂੰ ਆਖਣ ਲੱਗਾ, “ਹੋਸ਼ਿਆਰ ਰਹੋ! ਕਿਸੇ ਨੂੰ ਵੀ ਆਪਣੇ-ਆਪ ਨੂੰ ਗੁਮਰਾਹ ਨਾ ਕਰਨ ਦਿਓ। 6 ਬਹੁਤ ਸਾਰੇ ਲੋਕ ਮੇਰੇ ਨਾਂ ਵਿੱਚ ਆਖਣਗੇ, ‘ਮੈਂ ਓਹੋ ਹਾਂ’ ਇਉ ਉਹ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਨਾਉਣਗੇ। 7 ਤੁਸੀਂ ਬਹੁਤ ਸਾਰੀਆਂ ਜੰਗਾਂ, ਜਿਹੜੀਆਂ ਕਿ ਹੋਣਗੀਆਂ, ਉਨ੍ਹਾਂ ਦੀਆਂ ਕਹਾਣੀਆਂ ਬਾਰੇ ਸੁਣੋਂਗੇ। ਪਰ ਤੁਸੀਂ ਘਬਰਾਉਣਾ ਨਾ। ਅੰਤ ਆਉਣ ਤੋਂ ਪਹਿਲਾਂ ਇਹ ਸਭ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਹਨ ਪਰ ਅੰਤ ਹਾਲੇ ਆਉਣ ਵਾਲਾ ਹੈ। 8 ਕਿਉਂਕਿ ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਲੜੇਗੀ, ਇੱਕ ਰਾਜ ਇੱਕ ਰਾਜ ਦੂਜੇ ਰਾਜ ਦੇ ਵਿਰੁੱਧ ਲੜੇਗਾ। ਅਤੇ ਇੱਕ ਵਕਤ ਆਵੇਗਾ ਜਦੋਂ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੋਵੇਗਾ। ਧਰਤੀ ਦੇ ਵੱਖ-ਵੱਖ ਭਾਗਾਂ ਵਿੱਚ ਭੂਚਾਲ ਆਉਣਗੇ। ਇਹ ਗੱਲਾਂ ਸੂਤਕ ਦੇ ਦਰਦ ਵਰਗੀਆਂ ਹੋਣਗੀਆਂ।
9 “ਪਰ ਤੁਸੀਂ ਚੌਕਸ ਰਹਿਣਾ ਕਿਉਂਕਿ ਲੋਕ ਤੁਹਾਨੂੰ ਕਚਿਹਰੀਆਂ ਦੇ ਹਵਾਲੇ ਕਰਣਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਲਿਜਾਕੇ ਕੁੱਟਣਗੇ। ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਅੱਗੇ ਮੇਰੇ ਕਾਰਣ ਖੜ੍ਹੇ ਕਰਨਗੇ ਅਤੇ ਤੁਸੀਂ ਮੇਰੇ ਬਾਰੇ ਗਵਾਹੀ ਦੇਵੋਂਗੇ। ਇਹ ਸਭ ਉਹ ਇਸ ਲਈ ਕਰਨਗੇ ਕਿਉਂਕਿ ਤੁਸੀਂ ਮੇਰਾ ਅਨੁਸਰਣ ਕਰਦੇ ਹੋ। 10 ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇੰਜੀਲ ਦਾ ਪ੍ਰਚਾਰ ਸਾਰੀਆਂ ਕੌਮਾਂ ਨੂੰ ਕੀਤਾ ਜਾਵੇ। 11 ਜਦੋਂ ਉਹ ਤੁਹਾਨੂੰ ਗਿਰਫ਼ਤਾਰ ਕਰਨ ਅਤੇ ਕਚਿਹਰੀਆਂ ਦੇ ਹਵਾਲੇ ਕਰਨ ਤਾਂ ਤੁਸੀਂ ਅੱਗੋ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਕਹੀਏ। ਤੁਸੀਂ ਉਹੀ ਆਖਣਾ ਜੋ ਉਸ ਵਕਤ ਤੁਹਾਨੂੰ ਪਰਮੇਸ਼ੁਰ ਦੁਆਰਾ ਦੱਸਿਆ ਜਾਵੇਗਾ। ਇਹ ਤੁਸੀਂ ਨਹੀਂ ਬੋਲ ਰਹੇ ਹੋਵੋਂਗੇ, ਇਹ ਤੁਹਾਡੇ ਵਿੱਚੋਂ ਪਵਿੱਤਰ ਆਤਮਾ ਖੁਦ ਬੋਲੇਗਾ।
12 “ਭਰਾ-ਭਰਾ ਦੇ ਵਿਰੁੱਧ ਹੋਵੇਗਾ ਅਤੇ ਉਹ ਇੱਕ ਦੂਜੇ ਨੂੰ ਮਾਰਨ ਲਈ ਫ਼ੜਵਾਉਨਗੇ। ਪਿਓ ਆਪਣੇ ਬੱਚਿਆਂ ਦੇ ਖਿਲਾਫ਼ ਹੋਵੇਗਾ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਏਗਾ। ਇੰਝ ਹੀ, ਬੱਚੇ ਆਪਣੇ ਮਾਂ-ਬਾਪ ਦੇ ਵਿਰੁੱਧ ਹੋਣਗੇ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਉਣਗੇ। 13 ਮੇਰੇ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਪਰ ਜਿਹੜਾ ਅੰਤ ਤੱਕ ਸਬਰ ਨਾਲ ਇਹ ਸਭ ਸਹੇਗਾ ਉਹੀ ਬਚਾਇਆ ਜਾਵੇਗਾ।
14 “ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ [a] ਤੁਸੀਂ ਇਸ ਨੂੰ ਉਸ ਜਗ੍ਹਾ ਵੇਖੋਂਗੇ ਜਿੱਥੇ ਇਸ ਨੂੰ ਨਹੀਂ ਆਉਣਾ ਚਾਹੀਦਾ ਹੈ।” (ਤੁਸੀਂ ਜਿਹੜਾ ਇਸ ਨੂੰ ਪੜ੍ਹਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) “ਉਸ ਸਮੇਂ, ਯਹੂਦਿਯਾ ਵਿੱਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ। 15 ਲੋਕਾਂ ਨੂੰ ਬਿਨਾ ਕਿਸੇ ਦੇਰੀ ਦੇ ਭੱਜ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਘਰ ਦੀ ਛੱਤ ਤੇ ਹੈ ਉਸ ਨੂੰ ਥੱਲਿਉਂ ਆਪਣੇ ਘਰੋਂ ਕੁਝ ਲੈਣ ਲਈ ਨਹੀਂ ਜਾਣਾ ਚਾਹੀਦਾ। 16 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ, ਉਸ ਨੂੰ ਆਪਣਾ ਕੁੜਤਾ ਲੈਣ ਵਾਪਸ ਨਹੀਂ ਆਉਣਾ ਚਾਹੀਦਾ।
17 “ਉਹ ਵਕਤ ਗਰਭਵਤੀ ਔਰਤਾਂ ਲਈ ਅਤੇ ਉਨ੍ਹਾਂ ਲਈ ਬਹੁਤ ਮਾੜਾ ਹੋਵੇਗਾ ਜਿਹੜੀਆਂ ਦੁੱਧ ਪੀਂਦੇ ਨਿਆਣਿਆਂ ਦੀਆਂ ਮਾਵਾਂ ਹਨ। 18 ਪ੍ਰਾਰਥਨਾ ਕਰਨਾ ਕਿ ਇਹ ਸਭ ਸਰਦੀਆਂ ਵਿੱਚ ਨਾ ਵਾਪਰੇ। 19 ਭਲਾ ਕਿਉਂ? ਓਨ੍ਹੀ ਦਿਨੀ, ਜਿਹੜੀਆਂ ਮੁਸੀਬਤਾਂ ਆਉਣਗੀਆਂ ਉਹ ਸ਼ੁਰੂ ਤੋਂ ਲੈ ਕੇ ਉਦੋਂ ਤੱਕ ਦੀਆਂ ਸਭ ਤੋਂ ਭਿਆਨਕ ਮੁਸੀਬਤਾਂ ਹੋਣਗੀਆਂ ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਸਾਜੀ ਸੀ, ਇੱਥੇ ਭਵਿੱਖ ਵਿੱਚ ਆਉਣ ਵਾਲੀਆਂ ਤਕਲੀਫ਼ਾਂ ਨਾਲੋਂ ਵੀ ਵੱਧ ਮੁਸ਼ਕਿਲਾਂ ਹੋਣਗੀਆਂ। 20 ਅਤੇ ਜੇਕਰ ਪਰਮੇਸ਼ੁਰ ਉਨ੍ਹਾਂ ਦਿਨਾਂ ਨੂੰ ਘੱਟ ਨਾ ਕਰਦਾ ਤਾਂ ਕੋਈ ਮਨੁੱਖ ਜਿਉਂਦਾ ਨਾ ਬਚਦਾ। ਪ੍ਰਭੂ ਨੇ ਉਨ੍ਹਾਂ ਦਿਨਾਂ ਨੂੰ ਉਨ੍ਹਾਂ ਲਈ ਘਟਾਇਆ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ।
21 “ਉਸ ਵਕਤ ਕੁਝ ਲੋਕ ਤੁਹਾਨੂੰ ਇਹ ਵੀ ਆਖਣਗੇ, ‘ਵੇਖੋ! ਮਸੀਹ ਇੱਥੇ ਹੈ’ ਕੁਝ ਹੋਰ ਲੋਕ ਸ਼ਾਇਦ ਇਹ ਵੀ ਆਖਣ, ‘ਉਹ ਉੱਥੇ ਹੈ!’ ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ। 22 ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਕਰਿਸ਼ਮੇ ਅਤੇ ਅਚੰਭੇ ਵਿਖਾਉਣਗੇ ਅਤੇ ਹਰ ਸੰਭਵ ਤਰ੍ਹਾਂ ਨਾਲ ਉਸ ਦੇ ਚੁਣੇ ਹੋਏ ਲੋਕਾਂ ਨੂੰ ਵੀ ਗੁਮਰਾਹ ਕਰਣਗੇ। 23 ਇਸ ਲਈ ਪੂਰੇ ਚੌਕਸ ਰਹਿਣਾ। ਇਸੇ ਲਈ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਚੌਕਸ ਕਰ ਦਿੱਤਾ ਹੈ।
24 “ਪਰ ਉਨ੍ਹਾਂ ਦਿਨਾਂ ਦੇ ਕਸ਼ਟਾਂ ਤੋਂ ਬਾਦ,
‘ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਨ ਆਪਣੀ ਚਾਨਣੀ ਗੁਆ ਲਵੇਗਾ।
25 ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ ਵਿੱਚਲੀਆਂ ਸ਼ਕਤੀਆਂ ਹਿੱਲ ਜਾਣਗੀਆਂ।’ [b]
26 “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਮਹਾਨ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਵੇਖਣਗੇ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਧਰਤੀ ਦੇ ਚਾਰੀ ਪਾਸੀਂ ਭੇਜੇਗਾ। ਦੂਤ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੀ ਹਰ ਕੌਮ ਵਿੱਚੋਂ ਇਕੱਠਾ ਕਰਨਗੇ।
28 “ਅੰਜੀਰ ਦਾ ਰੁੱਖ ਸਾਨੂੰ ਇੱਕ ਸਬਕ ਸਿੱਖਾਉਂਦਾ ਹੈ। ਜਦੋਂ ਅੰਜੀਰ ਦੇ ਰੁੱਖ ਦੀਆਂ ਟਹਿਣੀਆਂ ਹਰੀਆਂ ਅਤੇ ਕੋਮਲ ਹੁੰਦੀਆਂ ਹਨ, ਅਤੇ ਨਵੇਂ ਪੱਤੇ ਉੱਗਣੇ ਸ਼ੁਰੂ ਹੁੰਦੇ ਹਨ, ਫ਼ਿਰ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਆਉਣ ਵਾਲੀ ਹੈ। 29 ਇਸੇ ਤਰ੍ਹਾਂ ਤੁਸੀਂ ਜਦੋਂ ਵੇਖੋਂ ਕਿ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਮਾਂ ਨੇੜੇ ਹੀ ਨਹੀਂ ਸਗੋਂ ਬੂਹੇ ਉੱਤੇ ਹੈ। 30 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਹ ਸਭ ਗੱਲਾਂ ਇਸ ਪੀੜ੍ਹੀ ਦੇ ਜਿਉਂਦੇ ਜੀ ਵਾਪਰਨਗੀਆਂ। 31 ਸਾਰੀ ਦੁਨੀਆਂ, ਅਕਾਸ਼ ਅਤੇ ਧਰਤੀ ਸਭ ਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।
32 “ਕੋਈ ਨਹੀਂ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ ਹੀ ਇਹ ਜਾਣਦਾ ਕਿ ਉਹ ਵਕਤ ਕਦੋਂ ਆਵੇਗਾ। ਪਰ ਸਿਰਫ਼ ਪਿਤਾ ਜਾਣਦਾ ਹੈ। 33 ਚੌਕਸ ਰਹੋ! ਅਤੇ ਹਰ ਸਮੇਂ ਤਿਆਰ ਰਹੋ! ਪਤਾ ਨਹੀਂ ਉਹ ਘੜੀ ਕਿਸ ਵੇਲੇ ਆ ਜਾਵੇ।
34 “ਇਹ ਜਮਾਂ ਮਨੁੱਖ ਦੀ ਯਾਤਰਾ ਵਾਂਗ ਹੈ। ਉਸ ਨੇ ਆਪਣਾ ਘਰ ਛੱਡਿਆ। ਉਹ ਆਪਣੇ ਘਰ ਦਾ ਧਿਆਨ ਰੱਖਣ ਲਈ ਆਪਣੇ ਨੋਕਰਾਂ ਨੂੰ ਨਿਯੁਕਤ ਕਰਦਾ ਹੈ। ਹਰ ਨੋਕਰ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਹੈ। ਉਹ ਇੱਕ ਦਰਬਾਨ ਨੂੰ ਦਰਵਾਜ਼ੇ ਤੇ ਨਿਯੁਕਤ ਕਰਦਾ ਹੈ ਅਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹਿਣ ਲਈ ਆਖਦਾ ਹੈ। 35 ਇਸ ਲਈ ਤੁਸੀਂ ਹਮੇਸ਼ਾ ਤੱਤਪਰ ਰਹਿਣਾ। ਤੁਸੀਂ ਨਹੀਂ ਜਾਣਦੇ ਕਦੋਂ ਘਰ ਦਾ ਮਾਲਕ ਵਾਪਸ ਮੁੜ ਆਵੇ। ਕੋਈ ਨਹੀਂ ਜਾਣਦਾ ਕਿ ਕੀ ਉਹ ਆਥਣ ਵੇਲੇ ਜਾਂ ਅੱਧੀ ਰਾਤ ਵੇਲੇ ਜਾਂ ਬਹੁਤ ਹੀ ਤੜਕੇ ਜਾਂ ਸੂਰਜ ਚੜ੍ਹ੍ਹਨ ਤੋਂ ਬਾਦ ਆਵੇਗਾ। 36 ਉਹ ਝੱਟ ਹੀ ਵਾਪਸ ਆ ਸੱਕਦਾ ਹੈ। ਜੇਕਰ ਤੁਸੀਂ ਹਮੇਸ਼ਾ ਚੌਕਸ ਰਹੋ ਜਦੋਂ ਉਹ ਆਵੇ ਤਾਂ ਤੁਸੀਂ ਸੁੱਤੇ ਨਾ ਹੋਵੋ। 37 ਮੈਂ ਇਹ ਤੁਹਾਨੂੰ ਵੀ ਅਤੇ ਹਰ ਮਨੁੱਖ ਨੂੰ ਵੀ ਕਹਿੰਦਾ ਹਾਂ ਕਿ ‘ਜਾਗਦੇ ਰਹੋ।’”
2010 by World Bible Translation Center