M’Cheyne Bible Reading Plan
ਬਲੀਆਂ ਲਈ ਸਿਰਫ਼ ਚੰਗੇ ਜਾਨਵਰਾਂ ਨੂੰ ਹੀ ਵਰਤੋਂ
17 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਅੱਗੇ ਕਿਸੇ ਉਸ ਗਾਂ ਜਾਂ ਭੇਡ ਦੀ ਬਲੀ ਨਹੀਂ ਦੇਣੀ ਚਾਹੀਦੀ ਜਿਸ ਵਿੱਚ ਕੋਈ ਨੁਕਸ ਹੈ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਇਸ ਨੂੰ ਨਫ਼ਰਤ ਕਰਦਾ ਹੈ!
ਬੁੱਤਾਂ ਦੀ ਉਪਾਸਨਾ ਕਰਨ ਦੀ ਸਜ਼ਾ
2 “ਹੋ ਸੱਕਦਾ ਹੈ ਕਿ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕਿਸੇ ਮੰਦੀ ਗੱਲ ਵਾਪਰਨ ਬਾਰੇ ਸੁਣੋ। ਸ਼ਾਇਦ ਤੁਸੀਂ ਇਹ ਸੁਣੋ ਕਿ ਤੁਹਾਡੇ ਸਮੂਹ ਦੇ ਕਿਸੇ ਆਦਮੀ ਜਾਂ ਔਰਤ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ। ਸ਼ਾਇਦ ਤੁਸੀਂ ਸੁਣੋ ਕਿ ਉਨ੍ਹਾਂ ਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਹੈ; 3 ਜਾਂ ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੋਵੇ, ਜਾਂ ਉਨ੍ਹਾਂ ਨੇ ਸੂਰਜ, ਚੰਨ ਜਾਂ ਤਾਰਿਆਂ ਦੀ ਉਪਾਸਨਾ ਕੀਤੀ ਹੋਵੇ। ਇਹ ਉਸ ਹੁਕਮ ਦੇ ਵਿਰੁੱਧ ਹੈ ਜੋ ਮੈਂ ਤੁਹਾਨੂੰ ਦਿੱਤਾ ਹੈ। 4 ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਮਾੜੀ ਖਬਰ ਸੁਣੋ, ਤਾਂ ਤੁਹਾਨੂੰ ਇਸਦੀ ਚੰਗੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਗੱਲ ਬਾਰੇ ਜਾਨਣਾ ਚਾਹੀਦਾ ਹੈ ਕਿ ਕੀ ਇਹ ਸੱਚ ਹੈ ਅਤੇ ਅਜਿਹੀ ਭਿਆਨਕ ਗੱਲ ਸੱਚਮੁੱਚ ਇਸਰਾਏਲ ਵਿੱਚ ਵਾਪਰੀ ਹੈ। ਜੇ ਤੁਸੀਂ ਸਾਬਤ ਕਰ ਦਿਉ ਕਿ ਇਹ ਸੱਚ ਹੈ, 5 ਤਾਂ ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਨੇ ਅਜਿਹੀ ਮੰਦੀ ਗੱਲ ਕੀਤੀ ਹੋਵੇ ਅਤੇ ਤੁਹਾਨੂੰ ਉਸ ਆਦਮੀ ਜਾਂ ਔਰਤ ਨੂੰ ਸ਼ਹਿਰ ਦੇ ਪ੍ਰਵੇਸ਼ ਕੋਲ ਲਿਜਾਕੇ ਉਸ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। 6 ਪਰ ਕਿਸੇ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਜੇ ਸਿਰਫ਼ ਇੱਕ ਗਵਾਹ ਹੀ ਆਖਦਾ ਹੈ ਕਿ ਉਸ ਬੰਦੇ ਨੇ ਬੁਰਾ ਕੰਮ ਕੀਤਾ। ਪਰ ਜੇ ਦੋ ਜਾਂ ਤਿੰਨ ਗਵਾਹ ਆਖਦੇ ਹਨ ਕਿ ਕਿ ਇਹ ਸੱਚ ਹੈ ਤਾਂ ਉਸ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ। 7 ਗਵਾਹ, ਉਸ ਬੰਦੇ ਉੱਤੇ ਪੱਥਰ ਸੁੱਟਕੇ ਉਸ ਨੂੰ ਮਾਰਨ ਲਈ ਪਹਿਲੇ ਹੋਣੇ ਚਾਹੀਦੇ ਹਨ। ਫ਼ੇਰ ਬਾਕੀ ਦੇ ਲੋਕਾਂ ਨੂੰ ਪੱਥਰ ਸੁੱਟਕੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਇੰਝ ਤੁਸੀਂ ਆਪਣੇ ਲੋਕਾਂ ਵਿੱਚੋਂ ਬਦੀ ਨੂੰ ਕੱਢ ਦਿਉਂਗੇ।
ਕਚਿਹਰੀ ਦੇ ਮੁਸ਼ਕਿਲ ਫ਼ੈਸਲੇ
8 “ਹੋ ਸੱਕਦਾ ਹੈ ਕਿ ਕਿਸੇ ਸਮੱਸਿਆ ਦਾ ਕਚਿਹਰੀ ਵਿੱਚ ਨਿਆਂ ਕਰਨਾ ਬਹੁਤ ਮੁਸ਼ਕਿਲ ਹੋਵੇ। ਇਹ ਕਤਲ, ਕੋਈ ਲੜਾਈ ਵੀ ਹੋ ਸੱਕਦੀ ਹੈ ਜਿਸ ਵਿੱਚ ਕੋਈ ਜ਼ਖਮੀ ਹੋ ਗਿਆ ਹੋਵੇ, ਜਾਂ ਇਹ ਦੋ ਲੋਕਾਂ ਵਿੱਚਕਾਰ ਦਲੀਲਬਾਜ਼ੀ ਵੀ ਹੋ ਸੱਕਦੀ ਹੈ। ਜਦੋਂ ਅਜਿਹੀਆਂ ਸਮੱਸਿਆਵਾਂ ਤੁਹਾਡੇ ਨਗਰਾਂ ਵਿੱਚ ਉੱਠਣ, ਤੁਹਾਡੇ ਨਿਆਂਕਾਰ, ਨਿਆਂ ਕਰਨ ਵਿੱਚ ਦਿੱਕਤ ਮਹਿਸੂਸ ਕਰਨ ਕਿ ਕੀ ਠੀਕ ਹੈ। ਫ਼ੇਰ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੁਆਰਾ ਚੁਣੀ ਹੋਈ ਜਗ਼੍ਹਾ ਉੱਤੇ ਜਾਣਾ ਚਾਹੀਦਾ ਹੈ। 9 ਜਾਜਕ ਲੇਵੀ ਪਰਿਵਾਰ-ਸਮੂਹ ਵਿੱਚੋਂ ਹਨ। ਤੁਹਾਨੂੰ ਉਨ੍ਹਾਂ ਜਾਜਕਾਂ ਅਤੇ ਨਿਆਂਕਾਰ ਕੋਲ ਜਾਣਾ ਚਾਹੀਦਾ ਜੋ ਉਸ ਵੇਲੇ ਡਿਉਟੀ ਉੱਤੇ ਹੋਵੇ। ਉਹ ਫ਼ੈਸਲਾ ਕਰਨਗੇ ਕਿ ਇਸ ਸਮੱਸਿਆ ਬਾਰੇ ਕੀ ਕੀਤਾ ਜਾਣਾ ਚਾਹੀਦਾ। 10 ਉੱਥੇ, ਯਹੋਵਾਹ ਦੇ ਖਾਸ ਸਥਾਨ ਉੱਤੇ ਉਹ ਆਪਣਾ ਨਿਆਂ ਦੱਸਣਗੇ। ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਵੀ ਉਹ ਆਖਣ। ਉਹ ਸਾਰੀਂ ਗੱਲਾਂ ਕਰਨ ਲਈ ਦ੍ਰਿੜ ਹੋਵੋ ਜਿਨ੍ਹਾਂ ਬਾਰੇ ਉਹ ਆਖਦੇ ਹਨ। 11 ਤੁਹਾਨੂੰ ਉਨ੍ਹਾਂ ਦਾ ਫ਼ੈਸਲਾ ਮੰਨ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਹਿਦਾਇਤਾਂ ਉੱਤੇ ਪੂਰੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਬਿਲਕੁਲ ਉਹੀ ਕਰਨਾ ਚਾਹੀਦਾ ਹੈ ਜੋ ਉਹ ਤੁਹਾਨੂੰ ਕਰਨ ਲਈ ਆਖਣ-ਕਿਸੇ ਤਰ੍ਹਾਂ ਦੀ ਵੀ ਤਬਦੀਲੀ ਨਾ ਕਰੋ!
12 “ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਉਸ ਜਾਜਕ ਅਤੇ ਨਿਆਂਕਾਰ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਜੋ ਉਸ ਵੇਲੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੋਵੇ। ਉਸ ਬੰਦੇ ਨੂੰ ਮਰਨਾ ਪਵੇਗਾ ਤੁਹਾਨੂੰ ਇਸਰਾਏਲ ਦੀ ਧਰਤੀ ਵਿੱਚੋਂ ਬਦੀ ਨੂੰ ਕੱਢ ਦੇਣਾ ਚਾਹੀਦਾ ਹੈ। 13 ਸਾਰੇ ਲੋਕ ਇਸ ਸਜ਼ਾ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਫ਼ੇਰ ਉਹ ਜ਼ਿੱਦੀ ਨਹੀਂ ਰਹਿਣਗੇ।
ਰਾਜੇ ਦੀ ਚੋਣ ਕਿਵੇਂ ਕਰਨੀ ਹੈ
14 “ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ ਅਤੇ ਉੱਥੇ ਰਹੋਂਗੇ। ਫ਼ੇਰ ਤੁਸੀਂ ਆਖੋਂਗੇ, ‘ਅਸੀਂ ਆਪਣੇ ਉੱਪਰ ਇੱਕ ਰਾਜਾ ਥਾਪਾਂਗੇ, ਜਿਵੇਂ ਸਾਡੇ ਆਲੇ-ਦੁਆਲੇ ਦੀਆਂ ਹੋਰ ਕੌਮਾਂ ਕਰਦੀਆਂ ਹਨ।’ 15 ਜਦੋਂ ਅਜਿਹਾ ਵਾਪਰੇ, ਤੁਸੀਂ ਉਸ ਰਾਜੇ ਦੀ ਚੋਣ ਕਰਨੀ ਜਿਸ ਨੂੰ ਯਹੋਵਾਹ ਤੁਹਾਡੇ ਉੱਤੇ ਸ਼ਾਸਨ ਕਰਨ ਲਈ ਚੁਣੇ। ਉਹ ਰਾਜਾ ਤੁਹਾਡੇ ਆਪਣੇ ਲੋਕਾਂ ਵਿੱਚੋਂ ਹੀ ਹੋਣਾ ਚਾਹੀਦਾ ਹੈ। ਤੁਹਾਨੂੰ ਕਿਸੇ ਅਜਨਬੀ ਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੀਦਾ। 16 ਰਾਜੇ ਨੂੰ ਆਪਣੇ ਲਈ ਜ਼ਰੂਰਤ ਤੋਂ ਵੱਧੇਰੇ ਘੋੜੇ ਨਹੀਂ ਰੱਖਣੇ ਚਾਹੀਦੇ। ਅਤੇ ਉਸ ਨੂੰ ਲੋਕਾਂ ਨੂੰ ਮਿਸਰ ਵਿੱਚ ਲੋਕਾਂ ਨੂੰ ਹੋਰ ਘੋੜੇ ਲੈਣ ਲਈ ਨਹੀਂ ਭੇਜਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਤੁਹਾਨੂੰ ਦੱਸਿਆ ਹੈ, ‘ਤੁਹਾਨੂੰ ਕਦੇ ਵੀ ਉਸ ਰਾਹ ਵਾਪਸ ਨਹੀਂ ਜਾਣਾ ਚਾਹੀਦਾ।’ 17 ਇਹ ਵੀ ਕਿ, ਰਾਜੇ ਦੀਆਂ ਬਹੁਤ ਸਾਰੀਆਂ ਪਤਨੀਆਂ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਇਹ ਗੱਲ ਉਸ ਨੂੰ ਯਹੋਵਾਹ ਕੋਲੋਂ ਦੂਰ ਭਜਾਵੇਗੀ। ਅਤੇ ਰਾਜੇ ਨੂੰ ਕਦੇ ਵੀ ਆਪਣੇ-ਆਪ ਨੂੰ ਸੋਨੇ ਚਾਂਦੀ ਨਾਲ ਅਮੀਰ ਨਹੀਂ ਬਨਾਉਣਾ ਚਾਹੀਦਾ।
18 “ਜਦੋਂ ਰਾਜਾ ਰਾਜ ਕਰਨ ਲੱਗੇ, ਉਸ ਨੂੰ ਆਪਣੇ ਲਈ ਬਿਵਸਥਾ ਦੀ ਇੱਕ ਨਕਲ ਲਿਖਣੀ ਚਾਹੀਦੀ ਹੈ ਉਹ ਉਸ ਨਕਲ ਨੂੰ ਉਨ੍ਹਾਂ ਪੋਥੀਆਂ ਵਿੱਚਂ ਬਣਾਵੇ ਜਿਹੜੀਆਂ ਜਾਜਕ ਅਤੇ ਲੇਵੀ ਆਪਣੇ ਨਾਲ ਰੱਖਦੇ ਹਨ। 19 ਰਾਜੇ ਨੂੰ ਉਹ ਕਿਤਾਬ ਆਪਣੇ ਕੋਲ ਰੱਖਣੀ ਚਾਹੀਦੀ ਹੈ। ਉਸ ਨੂੰ ਸਾਰੀ ਉਮਰ ਉਸ ਕਿਤਾਬ ਨੂੰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਰਾਜੇ ਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਅਵੱਸ਼ ਸਿੱਖਣਾ ਚਾਹੀਦਾ ਹੈ। ਅਤੇ ਰਾਜੇ ਨੂੰ ਹਰ ਉਸ ਗੱਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ ਜੋ ਕਾਨੂੰਨ ਹੁਕਮ ਕਰਦਾ ਹੈ। 20 ਫ਼ੇਰ ਰਾਜਾ ਇਹ ਨਹੀਂ ਸੋਚੇਗਾ ਕਿ ਉਹ ਆਪਣੇ ਲੋਕਾਂ ਨਾਲੋਂ ਬਿਹਤਰ ਹੈ। ਉਹ ਬਿਧੀ ਤੋਂ ਭੱਜੇਗਾ ਨਹੀਂ, ਸਗੋਂ ਇਸਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਫ਼ੇਰ ਉਹ ਰਾਜਾ ਅਤੇ ਉਸ ਦੇ ਉੱਤਰਾਧਿਕਾਰੀ ਲੰਮੇ ਸਮੇਂ ਤੀਕ ਇਸਰਾਏਲ ਉੱਤੇ ਰਾਜ ਕਰਨਗੇ।
104 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ।
ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
2 ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ।
ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
3 ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ।
ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ
ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
5 ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ।
ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
6 ਤੁਸੀਂ ਇਸ ਨੂੰ ਕੰਬਲ ਵਾਂਗ ਪਾਣੀ ਨਾਲ ਢੱਕ ਦਿੱਤਾ ਹੈ।
ਪਾਣੀ ਨੇ ਪਰਬਤਾਂ ਨੂੰ ਢੱਕ ਲਿਆ ਸੀ।
7 ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ।
ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
8 ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ
ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
9 ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ ਨਿਸ਼ਚਿਤ ਕਰ ਦਿੱਤੀ ਹੈ,
ਪਾਣੀ ਧਰਤੀ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚੜ੍ਹੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ।
ਇਹ ਪਾਣੀ ਨਦੀਆਂ ਵਿੱਚੋਂ ਵੱਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ।
ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ।
ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰੱਖਾ ਭੇਜਦਾ ਹੈ।
ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤੀ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ।
ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ।
ਉਹ ਪੌਦੇ ਸਾਨੂੰ ਧਰਤੀ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ।
ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ
ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ।
ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪੰਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ,
ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ।
ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।
19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ।
ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ
ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ
ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜ੍ਹਦਾ ਹੈ,
ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ
ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
ਉਹ ਭੈਭੀਤ ਹੋ ਜਾਂਦੇ ਹਨ।
ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
ਉਹ ਸਿਹਤਮੰਦ ਬਣ ਜਾਂਦੇ ਹਨ।
ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।
ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਹੀ ਕੇਵਲ ਇੱਕੋ-ਇੱਕ ਪਰਮੇਸ਼ੁਰ ਹੈ
44 “ਯਾਕੂਬ, ਤੂੰ ਮੇਰਾ ਸੇਵਕ ਹੈਂ। ਸੁਣ ਮੇਰੀ ਗੱਲ! ਇਸਰਾਏਲ, ਮੈਂ ਤੈਨੂੰ ਚੁਣਿਆ ਸੀ। ਸੁਣ ਉਹ ਗੱਲਾਂ ਜਿਹੜੀਆਂ ਮੈਂ ਆਖਦਾ ਹਾਂ! 2 ਮੈਂ ਯਹੋਵਾਹ ਹਾਂ, ਅਤੇ ਮੈਂ ਤੈਨੂੰ ਸਾਜਿਆ ਸੀ। ਮੈਂ ਹੀ ਉਹ ਹਾਂ ਜਿਸਨੇ ਤੈਨੂੰ ਉਵੇਂ ਬਣਾਇਆ ਸੀ ਜਿਵੇਂ ਕਿ ਤੂੰ ਹੈਂ। ਮੈਂ ਉਦੋਂ ਤੋਂ ਤੇਰੀ ਸਹਾਇਤਾ ਕੀਤੀ ਜਦੋਂ ਤੋਂ ਤੂੰ ਆਪਣੀ ਮਾਤਾ ਦੇ ਗਰਭ ਵਿੱਚ ਸੀ। ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋਵੋ। ਯਿਸ਼ੁਰੂਨ, ਮੈਂ ਤੈਨੂੰ ਚੁਣਿਆ ਸੀ।
3 “ਮੈਂ ਪਿਆਸੇ ਬੰਦਿਆਂ ਲਈ ਪਾਣੀ ਵਰ੍ਹਾਵਾਂਗਾ। ਮੈਂ ਸੁੱਕੀ ਧਰਤੀ ਉੱਤੇ ਨਦੀਆਂ ਵਗਾਵਾਂਗਾ। ਮੈਂ ਤੁਹਾਡੇ ਬੱਚਿਆਂ ਉੱਤੇ ਆਪਣੀ ਆਤਮਾ ਦੀ ਬੁਛਾੜ ਕਰਾਂਗਾ। ਇਹ ਤੁਹਾਡੇ ਪਰਿਵਾਰ ਵੱਲ ਵਗਦੀ ਪਾਣੀ ਦੀ ਨਦੀ ਵਾਂਗ ਹੋਵੇਗੀ। 4 ਉਹ ਦੁਨੀਆਂ ਦੇ ਲੋਕਾਂ ਵਿੱਚਕਾਰ ਵੱਧਣ ਫ਼ੁੱਲਣਗੇ। ਉਹ ਪਾਣੀ ਦੀਆਂ ਨਹਿਰਾਂ ਕੰਢੇ ਉੱਗੇ ਹੋਏ ਰੁੱਖਾਂ ਵਰਗੇ ਹੋਣਗੇ।
5 “ਇੱਕ ਬੰਦਾ ਆਖੇਗਾ, ‘ਮੈਂ ਯਹੋਵਾਹ ਦਾ ਬੰਦਾ ਹਾਂ।’ ਦੂਸਰਾ ਬੰਦਾ ‘ਯਾਕੂਬ ਦਾ’ ਨਾਮ ਇਸਤੇਮਾਲ ਕਰੇਗਾ। ਕੋਈ ਹੋਰ ਬੰਦਾ ਆਪਣਾ ਦਸਤਖਰ ਕਰੇਗਾ ‘ਮੈਂ ਯਹੋਵਾਹ ਦਾ ਬੰਦਾ ਹਾਂ।’ ਅਤੇ ਕੋਈ ਦੂਸਰਾ ਬੰਦਾ ‘ਇਸਰਾਏਲ’ ਨਾਮ ਦਾ ਇਸਤੇਮਾਲ ਕਰੇਗਾ।”
6 ਯਹੋਵਾਹ ਇਸਰਾਏਲ ਦਾ ਰਾਜਾ ਹੈ। ਯਹੋਵਾਹ ਸਰਬ ਸ਼ਕਤੀਮਾਨ ਇਸਰਾਏਲ ਦੀ ਰੱਖਿਆ ਕਰਦਾ ਹੈ। ਯਹੋਵਾਹ ਆਖਦਾ ਹੈ, “ਮੈਂ ਹੀ ਇੱਕ ਪਰਮੇਸ਼ੁਰ ਹਾਂ। ਹੋਰ ਕੋਈ ਦੇਵਤੇ ਨਹੀਂ ਹਨ। ਮੈਂ ਹੀ ਆਦਿ ਅਤੇ ਅੰਤ ਹਾਂ। 7 ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਜੇ ਇੱਥੇ ਹੈ, ਤਾਂ ਉਸ ਦੇਵਤੇ ਨੂੰ ਹੁਣ ਬੋਲਣਾ ਚਾਹੀਦਾ ਹੈ। ਉਸ ਦੇਵਤੇ ਨੂੰ ਆਉਣਾ ਚਾਹੀਦਾ ਹੈ ਅਤੇ ਇਹ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਮੇਰੇ ਵਰਗਾ ਹੈ। ਉਸ ਦੇਵਤੇ ਨੂੰ ਮੈਨੂੰ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਤੋਂ ਲੈ ਕੇ ਕੀ ਵਾਪਰਿਆ ਹੈ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਾਜਿਆ ਸੀ। ਉਸ ਦੇਵਤੇ ਨੂੰ ਇਹ ਦਰਸਾਉਣ ਲਈ ਸੰਕੇਤ ਦੇਣੇ ਚਾਹੀਦੇ ਹਨ ਕਿ ਉਹ ਭਵਿੱਖ ਵਿੱਚ ਵਾਪਰਨ ਬਾਰੇ ਜਾਣਦਾ ਹੈ।
8 “ਭੈਭੀਤ ਨਾ ਹੋਵੋ! ਫ਼ਿਕਰ ਨਾ ਕਰੋ। ਮੈਂ ਹਮੇਸ਼ਾ ਤੁਹਾਨੂੰ ਦੱਸਿਆ ਹੈ ਕਿ ਕੀ ਵਾਪਰੇਗਾ। ਤਸੀਁ ਮੇਰੇ ਗਵਾਹ ਹੋ। ਇੱਥੇ ਕੋਈ ਦੂਸਰਾ ਪਰਮੇਸ਼ੁਰ ਨਹੀਂ ਹੈ ਸਿਰਫ਼ ਮੈਂ ਹੀ ਹਾਂ ਇੱਕ। ਇੱਥੇ ਕੋਈ ਹੋਰ ‘ਆਸਰਾ’ ਨਹੀਂ ਹੈ ਮੈਂ ਜਾਣਦਾ ਹਾਂ ਕਿ ਸਿਰਫ਼ ਮੈਂ ਹੀ ਹਾਂ ਉਹ।”
ਝੂਠੇ ਦੇਵਤੇ ਫ਼ਜ਼ੂਲ ਹਨ
9 ਜਿਹੜੇ ਲੋਕ ਮੂਰਤੀਆਂ ਬਣਾਉਂਦੇ ਹਨ, ਬੇਕਾਰ ਹਨ। ਉਹ ਉਨ੍ਹਾਂ ਮੂਰਤੀਆਂ ਨੂੰ ਪਿਆਰ ਕਰਦੇ ਹਨ ਪਰ ਉਹ ਮੂਰਤੀਆਂ ਬੇਕਾਰ ਹਨ। ਉਹ ਮੂਰਤੀਆਂ ਖੁਦ ਸਾਬਤ ਕਰਦੀਆਂ ਹਨ ਕਿ ਉਹ ਵਿਅਰਬ ਹਨ। ਕਿਉਂ ਕਿ ਉਹ ਵੇਖ ਨਹੀਂ ਸੱਕਦੀਆਂ ਅਤੇ ਉਹ ਕੁਝ ਨਹੀਂ ਸਮਝਦੀਆਂ। ਇਸ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਬਣਾਇਆ ਸ਼ਰਮਸਾਰ ਹੋਣਗੇ।
10 ਇਨ੍ਹਾਂ ਝੂਠੇ ਦੇਵਤਿਆਂ ਨੂੰ ਕਿਸਨੇ ਬਣਾਇਆ? ਕਿਸਨੇ ਇਨ੍ਹਾਂ ਬੇਕਾਰ ਮੂਰਤੀਆਂ ਨੂੰ ਬਣਾਇਆ? 11 ਉਨ੍ਹਾਂ ਦੇਵਤਿਆਂ ਨੂੰ ਮਜ਼ਦੂਰਾਂ ਨੇ ਬਣਾਇਆ! ਅਤੇ ਉਹ ਸਾਰੇ ਮਜ਼ਦੂਰ ਬੰਦੇ ਹਨ-ਦੇਵਤੇ ਨਹੀਂ। ਜੇ ਉਹ ਸਾਰੇ ਬੰਦੇ ਇਕੱਠੇ ਹੋ ਜਾਣ ਅਤੇ ਇਨ੍ਹਾਂ ਗੱਲਾਂ ਬਾਰੇ ਚਰਚਾ ਕਰਨ, ਤਾਂ ਉਹ ਸਾਰੇ ਹੀ ਸ਼ਰਮਸਾਰ ਅਤੇ ਭੈਭੀਤ ਹੋਣਗੇ।
12 ਇੱਕ ਮਜ਼ਬੂਰ ਲੋਹੇ ਨੂੰ ਕੋਲਿਆਂ ਉੱਤੇ ਗਰਮ ਕਰਨ ਲਈ ਆਪਣੇ ਸੰਦਾਂ ਦੀ ਵਰਤੋਂ ਕਰਦਾ ਹੈ। ਇਹ ਬੰਦਾ ਧਾਤ ਨੂੰ ਕੁਟ੍ਟਣ ਲਈ ਹਬੌੜੇ ਦੀ ਵਰਤੋਂ ਕਰਦਾ ਹੈ ਅਤੇ ਧਾਤ ਮੂਰਤੀ ਬਣ ਜਾਂਦੀ ਹੈ। ਇਹ ਬੰਦਾ ਆਪਣੇ ਹੀ ਮਜ਼ਬੂਤ ਬਾਜ਼ੂਆਂ ਦੀ ਵਰਤੋਂ ਕਰਦਾ ਹੈ। ਪਰ ਜਦੋਂ ਉਹ ਬੰਦਾ ਭੁੱਖਾ ਹੁੰਦਾ ਹੈ ਤਾਂ ਉਸਦੀ ਤਾਕਤ ਘਟ ਜਾਂਦੀ ਹੈ। ਜੇ ਉਹ ਬੰਦਾ ਪਾਣੀ ਨਹੀਂ ਪੀਂਦਾ ਤਾਂ ਉਹ ਕਮਜ਼ੋਰ ਹੋ ਜਾਂਦਾ ਹੈ।
13 ਇੱਕ ਹੋਰ ਬੰਦਾ ਲੱਕੜ ਉੱਤੇ ਲਕੀਰਾਂ ਵਾਹੁਣ ਲਈ ਸੂਤਰ ਅਤੇ ਕਂਮਪਾਸ ਦੀ ਵਰਤੋਂ ਕਰਦਾ ਹੈ। ਇਸਤੋਂ ਇਹ ਪਤਾ ਚਲਦਾ ਹੈ ਕਿ ਉਸ ਨੂੰ ਕਿੱਥੋਂ ਕਟਾਈ ਕਰਨੀ ਚਾਹੀਦੀ ਹੈ। ਫ਼ੇਰ ਉਹ ਬੰਦਾ ਆਪਣੀਆਂ ਛੈਣੀਆਂ ਦੀ ਵਰਤੋਂ ਕਰਦਾ ਹੈ ਅਤੇ ਲਕੜੀ ਵਿੱਚੋਂ ਮੂਰਤੀ ਤਰਾਸ਼ ਲੈਂਦਾ ਹੈ। ਉਹ ਆਪਣੀ ਪ੍ਰਕਾਰ ਦੀ ਵਰਤੋਂ ਕਰਕੇ ਮੂਰਤੀ ਦੀ ਮਿਣਤੀ ਕਰਦਾ ਹੈ। ਇਸ ਢੰਗ ਨਾਲ ਉਹ ਮਜ਼ਦੂਰ ਲਕੜੀ ਨੂੰ ਬਿਲਕੁਲ ਆਦਮੀ ਦੀ ਸ਼ਕਲ ਦੇ ਦਿੰਦਾ ਹੈ। ਅਤੇ ਮਨੁੱਖ ਦੀ ਇਹ ਮੂਰਤੀ ਹੋਰ ਕੁਝ ਨਹੀਂ ਕਰਦੀ ਸਗੋਂ ਘਰ ਵਿੱਚ ਰੱਖੀ ਰਹਿੰਦੀ ਹੈ।
14 ਇੱਕ ਬੰਦਾ ਦਿਆਰ, ਸਰੂ ਜਾਂ ਸ਼ਾਇਦ ਓਕ ਦੇ ਰੁੱਖ ਨੂੰ ਕੱਟਦਾ ਹੈ। ਉਸ ਬੰਦੇ ਨੇ ਰੁੱਖਾਂ ਨੂੰ ਨਹੀਂ ਉਗਾਇਆ-ਇਹ ਰੁੱਖ ਆਪਣੀ ਸ਼ਕਤੀ ਨਾਲ ਹੀ ਜੰਗਲ ਵਿੱਚ ਉੱਗੇ ਸਨ। ਜੇ ਕੋਈ ਬੰਦਾ ਚੀਲ੍ਹ ਦੇ ਰੁੱਖ ਬੀਜਦਾ ਹੈ ਤਾਂ ਬਾਰਿਸ਼ ਉਸ ਨੂੰ ਉਗਾਉਂਦੀ ਹੈ।
15 ਫ਼ੇਰ ਉਹ ਬੰਦਾ ਉਸ ਰੁੱਖ ਦਾ ਇਸਤੇਮਾਲ ਆਪਣੀ ਅੱਗ ਬਾਲਣ ਲਈ ਕਰਦਾ ਹੈ। ਉਹ ਬੰਦਾ ਰੁੱਖਾਂ ਨੂੰ ਛੋਟੇ-ਛੋਟੇ ਲਕੜੀ ਦੇ ਟੋਟਿਆਂ ਵਿੱਚ ਵੰਡ ਦਿੰਦਾ ਹੈ। ਅਤੇ ਉਹ ਉਸ ਲੱਕੜ ਨੂੰ ਭੋਜਨ ਪਕਾਉਣ ਲਈ ਅਤੇ ਆਪਣੇ-ਆਪ ਨੂੰ ਨਿੱਘਾ ਰੱਖਣ ਲਈ ਵਰਤਦਾ ਹੈ। ਬੰਦਾ ਬੋੜੀ ਜਿਹੀ ਲੱਕੜ ਨਾਲ ਅੱਗ ਜਲਾਉਂਦਾ ਹੈ ਅਤੇ ਆਪਣੀ ਰੋਟੀ ਸੇਕਦਾ ਹੈ। ਪਰ ਉਹ ਬੰਦਾ ਉਸ ਲੱਕੜ ਦੇ ਇੱਕ ਹਿੱਸੇ ਨੂੰ ਦੇਵਤਾ ਬਨਾਉਣ ਲਈ ਵੀ ਵਰਤਦਾ ਹੈ-ਅਤੇ ਬੰਦਾ ਉਸ ਦੇਵਤੇ ਦੀ ਉਪਾਸਨਾ ਵੀ ਕਰਦਾ ਹੈ! ਉਹ ਦੇਵਤਾ ਇੱਕ ਮੂਰਤੀ ਹੈ ਜਿਸ ਨੂੰ ਬੰਦੇ ਨੇ ਬਣਾਇਆ ਸੀ-ਪਰ ਬੰਦਾ ਮੂਰਤੀ ਅੱਗੇ ਸਿਜਦਾ ਕਰਦਾ ਹੈ! 16 ਬੰਦਾ ਅੱਧੀ ਲਕੜੀ ਨੂੰ ਅੱਗ ਵਿੱਚ ਬਾਲਦਾ ਹੈ। ਬੰਦਾ ਅੱਗ ਦੀ ਵਰਤੋਂ ਆਪਣੇ ਲਈ ਮਾਸ ਪਕਾਉਣ ਲਈ ਕਰਦਾ ਹੈ ਅਤੇ ਉਹ ਉਸ ਮਾਸ ਨੂੰ ਰੱਜ ਕੇ ਖਾਂਦਾ ਹੈ। ਬੰਦਾ ਲੱਕੜ ਬਾਲ ਕੇ ਆਪਣੇ-ਆਪ ਨੂੰ ਨਿੱਘਾ ਰੱਖਦਾ ਹੈ। ਬੰਦਾ ਆਖਦਾ ਹੈ, “ਠੀਕ ਹੈ! ਹੁਣ ਮੈਂ ਨਿੱਘਾ ਹੋ ਗਿਆ ਹਾਂ। ਮੈਂ ਦੇਖ ਸੱਕਦਾ ਹਾਂ ਕਿਉਂਕਿ ਅੱਗ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ!” 17 ਪਰ ਬੋੜੀ ਜਿਹੀ ਲੱਕੜ ਬਚੀ ਰਹਿ ਗਈ ਹੈ ਇਸ ਲਈ ਉਹ ਬੰਦਾ ਉਸ ਲੱਕੜ ਵਿੱਚੋਂ ਮੂਰਤੀ ਬਣਾਉਂਦਾ ਹੈ ਅਤੇ ਉਸ ਨੂੰ ਆਪਣਾ ਦੇਵਤਾ ਬੁਲਾਉਂਦਾ ਹੈ। ਉਹ ਇਸ ਦੇਵਤੇ ਅੱਗੇ ਸਿਜਦਾ ਕਰਦਾ ਹੈ ਅਤੇ ਆਖਦਾ ਹੈ, “ਤੂੰ ਮੇਰਾ ਦੇਵਤਾ ਹੈਂ, ਮੇਰੀ ਰੱਖਿਆ ਕਰ!”
18 ਉਹ ਬੰਦੇ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਉਹ ਸਮਝਦੇ ਹੀ ਨਹੀਂ! ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀਆਂ ਅੱਖਾਂ ਢੱਕੀਆਂ ਹੋਈਆਂ ਹੋਣ ਅਤੇ ਇਸ ਲਈ ਉਹ ਦੇਖ ਨਹੀਂ ਸੱਕਦੇ। ਉਨ੍ਹਾਂ ਦੇ ਦਿਲ (ਮਨ) ਸਮਝਣ ਦੀ ਚੇਸ਼ਟਾ ਨਹੀਂ ਕਰਦੇ। 19 ਉਨ੍ਹਾਂ ਲੋਕਾਂ ਨੇ ਕਦੇ ਇਨ੍ਹਾਂ ਗੱਲਾਂ ਬਾਰੇ ਨਹੀਂ ਸੋਚਿਆ। ਲੋਕ ਸਮਝਦੇ ਹੀ ਨਹੀਂ, ਇਸ ਲਈ ਉਨ੍ਹਾਂ ਨੇ ਕਦੇ ਇਹ ਦਿਲ ਵਿੱਚ ਨਹੀਂ ਸੋਚਿਆ, “ਮੈਂ ਅੱਧੀ ਲਕੜੀ ਅੱਗ ਵਿੱਚ ਬਾਲ ਦਿੱਤੀ। ਮੈਂ ਆਪਣੇ ਕੋਲਿਆਂ ਦੀ ਵਰਤੋਂ ਕਰਕੇ ਆਪਣੀ ਰੋਟੀ ਪਕਾਈ ਅਤੇ ਮਾਸ ਰਿੰਨ੍ਹਿਆ। ਫ਼ੇਰ ਮੈਂ ਮਾਸ ਖਾਧਾ। ਅਤੇ ਮੈਂ ਬਚੀ ਹੋਈ ਲਕੜੀ ਦੀ ਵਰਤੋਂ ਇਸ ਭਿਆਨਕ ਚੀਜ਼ ਨੂੰ ਬਨਾਉਣ ਲਈ ਕੀਤੀ। ਮੈਂ ਤਾਂ ਲਕੜੀ ਦੇ ਇੱਕ ਟੁਕੜੇ ਦੀ ਉਪਾਸਨਾ ਕਰ ਰਿਹਾ ਹਾਂ!”
20 ਉਹ ਬੰਦਾ ਇਹ ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਹੈ। ਉਹ ਉਲਝਣ ਵਿੱਚ ਹੈ, ਇਸ ਲਈ ਉਸਦਾ ਦਿਲ ਉਸ ਨੂੰ ਕੁਰਾਹੇ ਪਾਉਂਦਾ ਹੈ। ਉਹ ਬੰਦਾ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ। ਅਤੇ ਉਹ ਇਹ ਨਹੀਂ ਦੇਖ ਸੱਕਦਾ ਕਿ ਉਹ ਗ਼ਲਤ ਕੰਮ ਕਰ ਰਿਹਾ ਹੈ। ਉਹ ਬੰਦਾ ਇਹ ਨਹੀਂ ਆਖੇਗਾ, “ਇਹ ਮੂਰਤੀ ਜਿਸ ਨੂੰ ਮੈਂ ਫ਼ੜਿਆ ਹੋਇਆ ਹੈ, ਇੱਕ ਝੂਠਾ ਦੇਵਤਾ ਹੈ।”
ਯਹੋਵਾਹ, ਸੱਚਾ ਪਰਮੇਸ਼ੁਰ, ਇਸਰਾਏਲ ਦੀ ਮਦਦ ਕਰਦਾ ਹੈ
21 “ਯਾਕੂਬ, ਇਹ ਗੱਲਾਂ ਚੇਤੇ ਰੱਖ: ਇਸਰਾਏਲ ਯਾਦ ਰੱਖ, ਤੂੰ ਮੇਰਾ ਸੇਵਕ ਹੈਂ।
ਮੈਂ ਤੈਨੂੰ ਸਾਜਿਆ ਸੀ।
ਤੂੰ ਮੇਰਾ ਸੇਵਕ ਹੈਂ।
ਮੈਨੂੰ ਕਦੇ ਨਾ ਭੁੱਲੀਁ।
22 ਤੁਹਾਡੇ ਪਾਪ ਵੱਡੇ ਬੱਦਲ ਵਰਗੇ ਸਨ।
ਪਰ ਮੈਂ ਉਹ ਪਾਪ ਮਿਟਾ ਦਿੱਤੇ।
ਤੁਹਾਡੇ ਪਾਪ ਧੁੰਦ ਵਾਗ ਗਾਇਬ ਹੋ ਗਏ ਨੇ।
ਮੈਂ ਬਚਾਇਆ ਅਤੇ ਮੈਂ ਤੇਰੀ ਰਾਖੀ ਕੀਤੀ,
ਇਸ ਲਈ ਮੇਰੇ ਕੋਲ ਵਾਪਸ ਆ ਜਾ!”
23 ਅਕਾਸ਼ ਖੁਸ਼ ਨੇ ਕਿਉਂ ਕਿ ਯਹੋਵਾਹ ਨੇ ਮਹਾਨ ਗੱਲਾਂ ਕੀਤੀਆਂ ਨੇ।
ਧਰਤੀ ਖੁਸ਼ ਹੈ, ਧਰਤੀ ਹੇਠਲੀ ਧੁਰ ਅੰਦਰਲੀ ਡੂੰਘ ਵੀ।
ਪਰਬਤ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਉਂਦੇ ਨੇ।
ਜੰਗਲ ਦੇ ਸਾਰੇ ਹੀ ਰੁੱਖ ਖੁਸ਼ ਨੇ!
ਕਿਉਂ ਕਿ ਯਹੋਵਾਹ ਨੇ ਯਾਕੂਬ ਨੂੰ ਬਚਾਇਆ।
ਪਰਮੇਸ਼ੁਰ ਨੇ ਇਸਰਾਏਲ ਲਈ ਮਹਾਨ ਗੱਲਾਂ ਕੀਤੀਆਂ।
24 ਯਹੋਵਾਹ ਨੇ ਤੁਹਾਨੂੰ ਸਾਜਿਆ, ਜਿਵੇਂ ਤੁਸੀਂ ਹੋ।
ਯਹੋਵਾਹ ਨੇ ਇਹ ਕਾਰਜ ਉਦੋਂ ਕੀਤਾ ਜਦੋਂ ਹਾਲੇ ਤੁਸੀਂ ਆਪਣੀ ਮਾਂ ਦੇ ਗਰਭ ਅੰਦਰ ਸੀ।
ਯਹੋਵਾਹ ਆਖਦਾ ਹੈ, “ਮੈਂ, ਯਹੋਵਾਹ ਨੇ, ਹਰ ਸ਼ੈਅ ਸਾਜੀ!
ਮੈਂ ਖੁਦ ਓੱਥੇ ਅਕਾਸ਼ ਰੱਖੇ ਸਨ!
ਮੈਂ ਆਪਣੇ ਸਾਹਮਣੇ ਧਰਤੀ ਵਿਛਾਈ।”
25 ਨਕਲੀ ਨਬੀ ਝੂਠ ਬੋਲਦੇ ਹਨ, ਪਰ ਯਹੋਵਾਹ ਉਨ੍ਹਾਂ ਦੇ ਝੂਠ ਨੂੰ ਗ਼ਲਤ ਸਿੱਧ ਕਰ ਦਿੰਦਾ ਹੈ। ਯਹੋਵਾਹ ਜਾਦੂ ਟੂਣੇ ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾ ਦਿੰਦਾ ਹੈ। ਯਹੋਵਾਹ ਸਿਆਣਿਆਂ ਨੂੰ ਉਲਝਣ ਵਿੱਚ ਪਾ ਦਿੰਦਾ ਹੈ। ਉਹ ਸੋਚਦੇ ਹਨ ਕਿ ਉਹ ਬਹੁਤ ਕੁਝ ਜਾਣਦੇ ਹਨ ਪਰ ਯਹੋਵਾਹ ਉਨ੍ਹਾਂ ਨੂੰ ਮੂਰੱਖਾਂ ਵਰਗੇ ਬਣਾ ਦਿੰਦਾ ਹੈ। 26 ਯਹੋਵਾਹ ਲੋਕਾਂ ਨੂੰ ਸੰਦੇਸ਼ ਦੇਣ ਲਈ ਆਪਣੇ ਸੇਵਕਾਂ ਨੂੰ ਭੇਜਦਾ ਹੈ। ਅਤੇ ਯਹੋਵਾਹ ਉਨ੍ਹਾਂ ਸੰਦੇਸ਼ਾਂ ਨੂੰ ਸਚਿਆਉਂਦਾ ਹੈ। ਯਹੋਵਾਹ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ ਤਾਂ ਜੋ ਉਹ ਲੋਕਾਂ ਨੂੰ ਇਹ ਦੱਸ ਸੱਕਣ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਅਤੇ ਯਹੋਵਾਹ ਇਹ ਦਰਸਾ ਦਿੰਦਾ ਹੈ ਕਿ ਉਨ੍ਹਾਂ ਦੀ ਸਲਾਹ ਨੇਕ ਹੈ।
ਪਰਮੇਸ਼ੁਰ ਯਹੂਦਾਹ ਦੇ ਪੁਨਰ ਨਿਰਮਾਨ ਲਈ ਖੋਰੁਸ ਨੂੰ ਚੁਣਦਾ ਹੈ
ਯਹੋਵਾਹ ਯਰੂਸ਼ਲਮ ਨੂੰ ਆਖਦਾ ਹੈ, “ਲੋਕ ਇੱਕ ਵਾਰ ਫ਼ੇਰ ਤੇਰੇ ਅੰਦਰ ਰਹਿਣਗੇ!”
ਯਹੋਵਾਹ ਯਹੂਦਾਹ ਦੇ ਸ਼ਹਿਰਾਂ ਨੂੰ ਆਖਦਾ ਹੈ, “ਤੂੰ ਇੱਕ ਵਾਰ ਫ਼ੇਰ ਉਸਾਰਿਆ ਜਾਵੇਂਗਾ।”
ਯਹੋਵਾਹ ਉਨ੍ਹਾਂ ਸ਼ਹਿਰਾਂ ਨੂੰ ਆਖਦਾ ਹੈ ਜਿਹੜੇ ਤਬਾਹ ਹੋ ਗਏ ਸਨ, “ਮੈਂ ਤੁਹਾਨੂੰ ਫ਼ੇਰ ਸ਼ਹਿਰ ਬਣਾਵਾਂਗਾ।”
27 ਯਹੋਵਾਹ ਡੂੰਘੇ ਪਾਣੀਆਂ ਨੂੰ ਆਖਦਾ ਹੈ, “ਸੁੱਕ ਜਾਵੋ!
ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦੇਵਾਂਗਾ!”
28 ਯਹੋਵਾਹ ਖੋਰੁਸ ਨੂੰ ਆਖਦਾ ਹੈ, “ਤੂੰ ਮੇਰਾ ਆਜੜੀ ਹੈਂ, ਤੂੰ ਓਹੀ ਗੱਲਾਂ ਕਰੇਂਗਾ ਜੋ ਮੈਂ ਚਾਹੁੰਦਾ ਹਾਂ।
ਤੂੰ ਯਰੂਸ਼ਲਮ ਨੂੰ ਆਖੇਂਗਾ, ‘ਤੂੰ ਫ਼ੇਰ ਉਸਾਰਿਆ ਜਾਵੇਂਗਾ!’
ਤੂੰ ਮੰਦਰ ਨੂੰ ਆਖੇਂਗਾ, ‘ਇੱਕ ਵਾਰੀ ਫ਼ੇਰ ਤੇਰੀਆਂ ਬੁਨਿਆਦਾਂ ਉਸਾਰੀਆਂ ਜਾਣਗੀਆਂ!’”
ਮੁਕਤ ਲੋਕਾਂ ਦਾ ਗੀਤ
14 ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।
2 ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ। 3 ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ।
4 ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ। 5 ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ।
ਤਿੰਨ ਦੂਤ
6 ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ। 7 ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।”
8 ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।”
9 ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ। 10 ਉਹ ਵਿਅਕਤੀ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਂਦਾ ਹੈ। ਇਹ ਮੈਅ ਪਰਮੇਸ਼ੁਰ ਦੇ ਗੁੱਸੇ ਵਾਲੇ ਪਿਆਲੇ ਵਿੱਚ ਬਿਨ ਪਤਲੀ ਕੀਤਿਆਂ ਵਰਤਾਈ ਜਾਵੇਗੀ। ਇਸ ਵਿਅਕਤੀ ਨੂੰ ਬਲਦੀ ਹੋਈ ਗੰਧਕ ਨਾਲ ਪਵਿੱਤਰ ਦੂਤਾਂ ਅਤੇ ਲੇਲੇ ਦੇ ਸਾਹਮਣੇ ਕਸ਼ਟ ਦਿੱਤੇ ਜਾਣਗੇ। 11 ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।” 12 ਇਸਦਾ ਅਰਥ ਹੈ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ (ਵਿਸ਼ਵਾਸੀਆਂ) ਨੂੰ ਧੀਰਜ ਵਾਲੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਆਦੇਸ਼ ਮੰਨਣ ਅਤੇ ਯਿਸੂ ਵਿੱਚ ਆਪਣੀ ਨਿਹਚਾ ਰੱਖਣ।
13 ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਇਸ ਨੂੰ ਲਿਖੋ; ਧੰਨ ਹਨ ਉਹ ਲੋਕ ਜਿਹੜੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।”
ਆਤਮਾ ਆਖਦਾ, “ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰੜੇ ਕੰਮ ਤੋਂ ਅਰਾਮ ਪਾਉਣਗੇ। ਜਿਹੜੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।”
ਧਰਤੀ ਦੀ ਵਾਢੀ ਹੁੰਦੀ ਹੈ
14 ਮੈਂ ਤੱਕਿਆ ਅਤੇ ਮੇਰੇ ਅੱਗੇ ਇੱਕ ਚਿੱਟਾ ਬੱਦਲ ਸੀ। ਉਸ ਚਿੱਟੇ ਬੱਦਲ ਉੱਪਰ ਉਹ ਬੈਠਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਜਾਪਦਾ ਸੀ। ਉਸ ਦੇ ਸਿਰ ਤੇ ਸੁਨਿਹਰੀ ਤਾਜ ਸੀ ਅਤੇ ਉਸ ਦੇ ਹੱਥ ਵਿੱਚ ਤਿੱਖੀ ਦਾਤਰੀ ਸੀ। 15 ਫ਼ੇਰ ਇੱਕ ਹੋਰ ਦੂਤ ਮੰਦਰ ਵਿੱਚੋਂ ਬਾਹਰ ਆਇਆ। ਇਸ ਦੂਤ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਇੱਕ ਨੂੰ ਉੱਚੀ ਅਵਾਜ਼ ਵਿੱਚ ਆਖਿਆ, “ਆਪਣੀ ਦਾਤਰੀ ਲੈ ਅਤੇ ਧਰਤੀ ਦੀ ਫ਼ਸਲ ਇਕੱਠੀ ਕਰ। ਵਾਢੀ ਦਾ ਵੇਲਾ ਆ ਗਿਆ ਹੈ। ਧਰਤੀ ਦਾ ਫ਼ਲ ਪੱਕ ਚੁੱਕਿਆ ਹੈ।” 16 ਫ਼ਿਰ ਉਸ ਨੇ ਜਿਹੜਾ ਬੱਦਲ ਉੱਪਰ ਬੈਠਾ ਸੀ, ਆਪਣੀ ਦਾਤਰੀ ਧਰਤੀ ਉੱਤੇ ਸੁੱਟ ਦਿੱਤੀ। ਤੁਰੰਤ ਹੀ ਧਰਤੀ ਦੀ ਫ਼ਸਲ ਦੀ ਵਢਾਈ ਹੋ ਗਈ।
17 ਫ਼ੇਰ ਸਵਰਗ ਦੇ ਮੰਦਰ ਵਿੱਚੋਂ ਇੱਕ ਹੋਰ ਦੂਤ ਬਾਹਰ ਆਇਆ। ਇਸ ਦੂਤ ਕੋਲ ਵੀ ਤਿੱਖੀ ਦਾਤਰੀ ਸੀ। 18 ਫ਼ੇਰ ਇੱਕ ਹੋਰ ਦੂਤ ਜੱਗਵੇਦੀ ਵੱਲੋਂ ਬਾਹਰ ਆਇਆ। ਇਸ ਦੂਤ ਕੋਲ ਅੱਗ ਉੱਤੇ ਅਧਿਕਾਰ ਸੀ। ਇਸ ਦੂਤ ਨੇ ਉੱਚੀ ਅਵਾਜ਼ ਨਾਲ ਉਸ ਨੂੰ ਸੱਦਿਆ। ਜਿੱਸ ਕੋਲ ਤਿੱਖੀ ਦਾਤਰੀ ਸੀ ਅਤੇ ਆਖਿਆ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰ ਤੋੜ। ਅੰਗੂਰ ਪੱਕੇ ਹੋਏ ਹਨ।” 19 ਦੂਤ ਨੇ ਆਪਣੀ ਦਾਤਰੀ ਧਰਤੀ ਵੱਲ ਵਗਾਈ। ਦੂਤ ਨੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਗੁੱਸੇ ਦੀ ਵੱਡੀ ਘੁਲਾੜੀ ਵਿੱਚ ਪਾ ਦਿੱਤਾ। 20 ਸ਼ਹਿਰ ਤੋਂ ਬਾਹਰ ਅੰਗੂਰਾਂ ਨੂੰ ਘੁਲਾੜੀ ਵਿੱਚ ਪੀੜਿਆ ਗਿਆ। ਘੁਲਾੜੀ ਵਿੱਚੋਂ ਲਹੂ ਚੋਣ ਲੱਗਾ। ਇਹ 200 ਮੀਲ ਤੱਕ ਘੋੜਿਆਂ ਦੇ ਸਿਰਾਂ ਜਿੰਨਾ ਉੱਚਾ ਉੱਠ ਗਿਆ।
2010 by World Bible Translation Center