M’Cheyne Bible Reading Plan
ਯਹੋਵਾਹ ਨੂੰ ਚੇਤੇ ਰੱਖੋ
11 “ਇਸ ਲਈ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਕਰਨ ਲਈ ਉਹ ਆਖਦਾ ਹੈ। ਤੁਹਾਨੂੰ ਹਮੇਸ਼ਾ ਉਸ ਦੇ ਕਾਨੂੰਨਾ, ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। 2 ਅੱਜ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਯਾਦ ਕਰੋ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਸਿੱਖਿਆ ਦੇਣ ਲਈ ਕੀਤੀਆਂ। ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਇਹ ਸਭ ਗੱਲਾਂ ਵਾਪਰਦਿਆਂ ਦੇਖੀਆਂ। ਤੁਸੀਂ ਦੇਖਿਆ ਅਤੇ ਅਨੁਭਵ ਕੀਤਾ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਉਹ ਕਿੰਨਾ ਸ਼ਕਤੀਸ਼ਾਲੀ ਹੈ, ਅਤੇ ਉਹ ਇੰਨੀਆਂ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। 3 ਤੁਹਾਡੇ ਬੱਚਿਆਂ ਨੇ ਨਹੀਂ, ਤੁਸਾਂ ਉਸ ਦੇ ਕਰਿਸ਼ਮੇ ਦੇਖੇ। ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਉਸ ਨੇ ਮਿਸਰ ਵਿੱਚ, ਮਿਸਰ ਦੇ ਰਾਜੇ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਦੇਸ਼ ਨਾਲ ਕੀਤੀਆਂ। 4 ਤੁਹਾਡੇ ਬੱਚਿਆਂ ਨੇ ਨਹੀਂ, ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ ਨੇ ਮਿਸਰੀ ਫ਼ੌਜ ਨਾਲ ਕੀਤੀਆਂ-ਉਨ੍ਹਾਂ ਦੇ ਰੱਥਾਂ ਅਤੇ ਰੱਥਵਾਨਾ ਨਾਲ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ, ਪਰ ਤੁਸੀਂ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਲਾਲ ਸਾਗਰ ਦੇ ਪਾਣੀ ਨਾਲ ਢੱਕ ਦਿੱਤਾ। ਤੁਸੀਂ ਯਹੋਵਾਹ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਦਿਆਂ ਦੇਖਿਆ। 5 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਾਸਤੇ ਮਰੂਥਲ ਵਿੱਚ ਇਸ ਥਾਂ ਪਹੁੰਚਣ ਤੱਕ ਕੀਤੀਆਂ। 6 ਤੁਸੀਂ ਦੇਖਿਆ ਕਿ ਰਊਬੇਨ ਪਰਿਵਾਰ-ਸਮੂਹ ਦੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨਾਲ ਯਹੋਵਾਹ ਨੇ ਕੀ ਕੀਤਾ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਸਨ ਜਦੋਂ ਧਰਤੀ ਮੂੰਹ ਵਾਂਗ ਖੁਲ੍ਹ ਗਈ ਅਤੇ ਉਨ੍ਹਾਂ ਨੂੰ ਨਿਗਲ ਗਈ। ਉਸ ਨੇ ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ ਤੰਬੁਆਂ ਅਤੇ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਨੌਕਰਾਂ ਨੂੰ ਨਿਗਲ ਲਿਆ। 7 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੇ ਮਹਾਨ ਕਾਰਨਾਮੇ ਦੇਖੇ ਜਿਹੜੇ ਯਹੋਵਾਹ ਨੇ ਕੀਤੇ।
8 “ਇਸ ਲਈ ਤੁਹਾਨੂੰ ਉਹ ਹਰ ਆਦੇਸ਼ ਮੰਨਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਦਾ ਹਾਂ। ਫ਼ੇਰ ਤੁਸੀਂ ਮਜ਼ਬੂਤ ਹੋ ਜਾਵੋਂਗੇ। ਅਤੇ ਤੁਸੀਂ ਯਰਦਨ ਨਦੀ ਦੇ ਪਾਰ ਜਾ ਸੱਕੋਂਗੇ ਅਤੇ ਉਸ ਧਰਤੀ ਨੂੰ ਪ੍ਰਾਪਤ ਕਰ ਸੱਕੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਣ ਲਈ ਤਿਆਰ ਹੋ। 9 ਫ਼ੇਰ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋਂਗੇ। ਯਹੋਵਾਹ ਨੇ ਉਹ ਧਰਤੀ ਤੁਹਾਡੇ ਪੁਰਖਿਆਂ ਅਤੇ ਉਨ੍ਹਾਂ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਹ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹੈ। 10 ਜਿਹੜੀ ਧਰਤੀ ਤੁਹਾਨੂੰ ਮਿਲੇਗੀ ਉਹ ਮਿਸਰ ਦੀ ਧਰਤੀ ਵਰਗੀ ਨਹੀਂ ਹੈ, ਜਿੱਥੇ ਤੁਸੀਂ ਆਏ ਹੋ। ਮਿਸਰ ਵਿੱਚ, ਤੁਸੀਂ ਆਪਣੇ ਬੀਜ ਬੀਜਦੇ ਸੀ, ਅਤੇ ਫ਼ੇਰ ਆਪਣੇ ਪੈਰਾਂ ਦੀ ਵਰਤੋਂ ਕਰਕੇ ਨਹਿਰ ਵਿੱਚੋਂ ਪਾਣੀ ਕੱਢ ਕੇ ਉਨ੍ਹਾਂ ਪੌਦਿਆਂ ਨੂੰ ਸਿਂਜਦੇ ਸੀ। ਤੁਸੀਂ ਆਪਣੇ ਖੇਤਾਂ ਨੂੰ ਉਸੇ ਤਰ੍ਹਾਂ ਪਾਣੀ ਲਾਉਂਦੇ ਸੀ ਜਿਵੇਂ ਸਬਜ਼ੀਆਂ ਦੇ ਬਗੀਚੇ ਨੂੰ ਲਾਈਦਾ ਹੈ। 11 ਪਰ ਜਿਹੜੀ ਧਰਤੀ ਤੁਹਾਨੂੰ ਛੇਤੀ ਹੀ ਮਿਲਣ ਵਾਲੀ ਹੈ, ਇਸ ਤਰ੍ਹਾਂ ਦੀ ਨਹੀਂ ਹੈ। ਇਸ ਧਰਤੀ ਵਿੱਚ ਪਹਾੜੀਆਂ ਅਤੇ ਵਾਦੀਆਂ ਹਨ ਅਤੇ ਇਸ ਨੂੰ ਆਕਾਸ਼ ਤੋਂ ਮੀਂਹ ਪ੍ਰਾਪਤ ਹੁੰਦਾ ਹੈ। 12 ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਦੇਖਭਾਲ ਕਰਦਾ ਹੈ! ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਨਿਗਰਾਨੀ ਕਰਦਾ ਹੈ, ਸਾਲ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ।
13 “ਯਹੋਵਾਹ ਆਖਦਾ, ‘ਤੁਹਾਨੂੰ ਉਨ੍ਹਾਂ ਹੁਕਮਾਂ ਨੂੰ ਧਿਆਨ ਨਾਲ ਸੁਣਣਾ ਚਾਹੀਦਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ: ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਅਤੇ ਆਪਣੇ ਪੂਰੇ ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਉਸਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ, 14 ਮੈਂ ਤੁਹਾਡੀ ਧਰਤੀ ਲਈ ਠੀਕ ਸਮੇਂ ਸਿਰ ਬਾਰਿਸ਼ ਭੇਜਾਂਗਾ। ਮੈਂ ਪੱਤਝੜ ਦੀ ਬਾਰਿਸ਼ ਭੇਜਾਂਗਾ ਅਤੇ ਬਹਾਰ ਦੀ ਬਾਰਿਸ਼ ਭੇਜਾਂਗਾ! ਫ਼ੇਰ ਤੁਸੀਂ ਆਪਣਾ ਅਨਾਜ, ਆਪਣੀ ਨਵੀਂ ਮੈਅ, ਆਪਣਾ ਤੇਲ ਹਾਸਿਲ ਕਰ ਸੱਕੋਂਗੇ। 15 ਅਤੇ ਮੈਂ ਤੁਹਾਡੀਆਂ ਗਾਵਾਂ ਲਈ ਤੁਹਾਡੇ ਖੇਤਾਂ ਅੰਦਰ ਘਾਹ ਉਗਾਵਾਂਗਾ। ਤੁਹਾਡੇ ਕੋਲ ਭੋਜਨ ਦੀ ਕਮੀ ਨਹੀਂ ਹੋਵੇਗੀ।’
16 “ਪਰ ਧਿਆਨ ਰੱਖਣਾ! ਮੂਰਖ ਨਾ ਬਨਣਾ। ਮੁਖ ਮੋੜਕੇ ਹੋਰਨਾ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਨਾ ਕਰਨ ਲੱਗ ਪੈਣਾ। 17 ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਉੱਤੇ ਬਹੁਤ ਕਰੋਧਵਾਨ ਹੋ ਜਾਵੇਗਾ। ਉਹ ਆਕਾਸ਼ਾਂ ਨੂੰ ਬੰਦ ਕਰ ਦੇਵੇਗਾ ਅਤੇ ਬਾਰਿਸ਼ ਨਹੀਂ ਪਵੇਗੀ। ਧਰਤੀ ਉੱਤੇ ਫ਼ਸਲ ਨਹੀਂ ਹੋਵੇਗੀ। ਅਤੇ ਤੁਸੀਂ ਉਸ ਧਰਤੀ ਉੱਤੇ ਛੇਤੀ ਹੀ ਮਾਰੇ ਜਾਵੋਂਗੇ ਜਿਹੜੀ ਤੁਹਾਨੂੰ ਯਹੋਵਾਹ ਦੇ ਰਿਹਾ ਹੈ।
18 “ਇਨ੍ਹਾਂ ਹੁਕਮਾਂ ਨੂੰ ਯਾਦ ਰੱਖਣਾ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ। ਇਨ੍ਹਾਂ ਨੂੰ ਆਪਣੇ ਦਿਲ ਅਤੇ ਰੂਹ ਅੰਦਰ ਰੱਖ ਲੈਣਾ, ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਆਪਣੇ ਮੱਥਿਆਂ ਉੱਤੇ ਪਹਿਨ ਲਵੋ, ਫ਼ਿਰ ਇਹ ਤੁਹਾਨੂੰ ਉਨ੍ਹਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗਾ। 19 ਇਨ੍ਹਾਂ ਕਾਨੂੰਨਾ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿਉ। ਘਰਾਂ ਵਿੱਚ ਬੈਠ ਦਿਆਂ, ਸੜਕ ਉੱਤੇ ਚਲ ਦਿਆਂ ਅਤੇ ਲੇਟ ਦਿਆਂ ਉੱਠ ਦਿਆਂ ਇਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰੋ। 20 ਇਨ੍ਹਾਂ ਹੁਕਮਾਂ ਨੂੰ ਆਪਣੇ ਫ਼ਾਟਕਾਂ ਉੱਤੇ ਅਤੇ ਆਪਣੇ ਮਕਾਨਾਂ ਦਿਆਂ ਦਰਵਾਜ਼ਿਆਂ ਉੱਤੇ ਵੀ ਲਿਖ ਲਵੋ। 21 ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ, ਦੋਵੇਂ ਇਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸ ਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਤੁਸੀਂ ਉੱਥੇ ਓਨਾ ਚਿਰ ਰਹੋਂਗੇ ਜਿੰਨਾ ਚਿਰ ਧਰਤੀ ਉੱਤੇ ਅਕਾਸ਼ ਹੈ।”
22 “ਹਰ ਉਸ ਹੁਕਮ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਸਦੇ ਪਾਲਣ ਕਰਨ ਬਾਰੇ ਮੈਂ ਤੁਹਾਨੂੰ ਆਖਿਆ ਹੈ: ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਵਫ਼ਾਦਾਰੀ ਕਰੋ। 23 ਫ਼ੇਰ, ਯਹੋਵਾਹ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਾਹਰ ਕੱਢ ਦੇਵੇਗਾ ਅਤੇ ਤੁਸੀਂ ਉਹ ਧਰਤੀ ਉਨ੍ਹਾਂ ਕੌਮਾਂ ਪਾਸੋਂ ਖੋਹ ਲਵੋਂਗੇ ਜਿਹੜੀਆਂ ਤੁਹਾਥੋਂ ਵਿਸ਼ਾਲ ਅਤੇ ਵੱਧੇਰੇ ਤਾਕਤਵਰ ਹਨ। 24 ਉਹ ਸਾਰੀ ਧਰਤੀ ਜਿਸ ਉੱਪਰ ਤੁਸੀਂ ਤੁਰੋਂਗੇ, ਤੁਹਾਡੀ ਹੋਵੇਗੀ। ਤੁਹਾਡੀ ਧਰਤੀ ਦੱਖਣ ਵੱਲ ਮਾਰੂਥਲ ਤੋਂ ਲੈ ਕੇ ਉੱਤਰ ਵਿੱਚ ਲਿਬਨਾਨ ਤੱਕ ਫ਼ੈਲੀ ਹੋਵੇਗੀ। ਪੂਰਬ ਵਿੱਚ ਇਹ ਫ਼ਰਾਤ ਨਦੀ ਤੋਂ ਲੈ ਕੇ ਮੱਧ ਸਾਗਰ ਤੱਕ ਫ਼ੈਲੀ ਹੋਵੇਗੀ। 25 ਕੋਈ ਬੰਦਾ ਵੀ ਤੁਹਾਡੇ ਸਾਹਮਣੇ ਟਿਕ ਨਹੀਂ ਸੱਕੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਸ ਧਰਤੀ ਵਿੱਚ ਜਿੱਥੇ ਵੀ ਤੁਸੀਂ ਜਾਵੋਂਗੇ, ਲੋਕਾਂ ਨੂੰ ਤੁਹਾਡੇ ਕੋਲੋਂ ਭੈਭੀਤ ਕਰ ਦੇਵੇਗਾ। ਇਹੀ ਹੈ ਜਿਸਦਾ ਯਹੋਵਾਹ ਨੇ ਪਹਿਲਾਂ ਤੁਹਾਡੇ ਨਾਲ ਇਕਰਾਰ ਕੀਤਾ ਸੀ।
ਇਸਰਾਏਲ ਦੀ ਚੋਣ: ਅਸੀਸਾਂ ਜਾਂ ਸਰਾਪ
26 “ਅੱਜ ਮੈਂ ਤੁਹਾਨੂੰ ਇੱਕ ਚੋਣ ਕਰਨ ਲਈ ਦਿੰਦਾ ਹਾਂ। ਭਾਵੇਂ ਤੁਸੀਂ ਅਸੀਸਾਂ ਚੁਣ ਲਵੋ ਅਤੇ ਭਾਵੇਂ ਸਰਾਪ। 27 ਤੁਹਾਨੂੰ ਅਸੀਸਾਂ ਮਿਲਣਗੀਆਂ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਉਨ੍ਹਾਂ ਆਦੇਸ਼ਾਂ ਨੂੰ ਸੁਣੋਗੇ ਅਤੇ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦੱਸ ਦਿੱਤੇ ਹਨ। 28 ਪਰ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰੋਂਗੇ, ਤੁਸੀਂ ਸਰਾਪੇ ਜਾਵੋਂਗੇ। ਇਸ ਲਈ ਉਸ ਤਰ੍ਹਾਂ ਜੀਵਨ ਜਿਉਣਾ ਨਾ ਛੱਡੋ, ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ। ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ।
29 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਉਸ ਧਰਤੀ ਵੱਲ ਅਗਵਾਈ ਕਰੇਗਾ। ਤੁਸੀਂ ਛੇਤੀ ਹੀ ਉੱਥੇ ਜਾਵੋਂਗੇ ਅਤੇ ਉਸ ਧਰਤੀ ਨੂੰ ਹਾਸਿਲ ਕਰ ਲਵੋਂਗੇ। ਉਸ ਸਮੇਂ ਤੁਸੀਂ ਗੋਰੱਜ਼ੀਮ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਅਸੀਸਾਂ ਨੂੰ ਪੜ੍ਹਨਾ। ਅਤੇ ਫ਼ੇਰ ਤੁਸੀਂ ਏਬਾਲ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਸਰਾਪਾਂ ਨੂੰ ਪੜ੍ਹਨਾ। 30 ਇਹ ਪਰਬਤ ਯਰਦਨ ਨਦੀ ਵਿੱਚ ਰਹਿੰਦੇ ਕਨਾਨੀ ਲੋਕਾਂ ਦੀ ਧਰਤੀ ਵਿੱਚ ਯਰਦਨ ਨਦੀ ਦੇ ਦੂਸਰੇ ਪਾਸੇ ਹਨ। ਇਹ ਪਰਬਤ ਪੱਛਮ ਵੱਲ ਹਨ ਜਿਹੜੇ ਗਿਲਗਾਲ ਕਸਬੇ ਨੇੜੇ ਮੋਰਹ ਦੇ ਓਕ ਦੇ ਰੁੱਖਾਂ ਤੋਂ ਬਹੁਤੀ ਦੂਰ ਨਹੀਂ ਹਨ। 31 ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ। ਤੁਸੀਂ ਉਹ ਧਰਤੀ ਹਾਸਿਲ ਕਰੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। ਇਹ ਧਰਤੀ ਤੁਹਾਡੀ ਹੋਵੇਗੀ। ਜਦੋਂ ਤੁਸੀਂ ਇਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ, 32 ਤੁਹਾਨੂੰ ਉਹ ਸਾਰੇ ਕਾਨੂੰਨ ਅਤ ਬਿਧੀਆਂ ਧਿਆਨ ਨਾਲ ਮੰਨਣੇ ਪੈਣਗੇ। ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।
95 ਆਉ, ਅਸੀਂ ਪਰਮੇਸ਼ੁਰ ਦੀ ਉਸਤਤਿ ਕਰੀਏ।
ਆਉ, ਉਸ ਚੱਟਾਨ ਲਈ, ਉਸਤਤਿ ਦੇ ਜੈਕਾਰੇ ਗਾਈਏ।
ਜਿਹੜੀ ਸਾਡੀ ਰੱਖਿਆ ਕਰਦੀ ਹੈ।
2 ਆਉ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਈਏ
ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।
3 ਕਿਉਂਕਿ ਯਹੋਵਹ ਹੀ ਮਹਾਨ ਪਰਮੇਸ਼ੁਰ ਹੈ।
ਉਹੀ ਮਹਾਨ ਰਾਜਾ ਹੈ ਜਿਹੜਾ “ਹੋਰਨਾਂ ਸਾਰੇ ਦੇਵਤਿਆਂ” ਉੱਤੇ ਹਕੂਮਤ ਕਰਦਾ ਹੈ।
4 ਸਭ ਤੋਂ ਡੂੰਘੀਆਂ ਗੁਫ਼ਾਵਾਂ ਅਤੇ ਉੱਚੇ ਤੋਂ ਉੱਚਾ ਪਹਾੜ ਯਹੋਵਾਹ ਦੇ ਹਨ।
5 ਸਾਗਰ ਉਸਦਾ ਹੈ ਉਸ ਨੇ ਇਸ ਨੂੰ ਸਾਜਿਆ ਸੀ।
ਪਰਮੇਸ਼ੁਰ ਨੇ ਆਪਣਿਆਂ ਹੱਥਾਂ ਨਾਲ ਸੁੱਕੀ ਧਰਤੀ ਬਣਾਈ ਸੀ।
6 ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ।
ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
7 ਉਹ ਹੀ ਸਾਡਾ ਪਰਮੇਸ਼ੁਰ ਹੈ।
ਅਤੇ ਅਸੀਂ ਉਸ ਦੇ ਬੰਦੇ ਹਾਂ।
ਅਸੀਂ ਉਸ ਦੀਆਂ ਭੇਡਾਂ ਹਾਂ
ਜੇ ਅੱਜ ਅਸੀਂ ਉਸਦੀ ਅਵਾਜ਼ ਸੁਣੀਏ।
8 ਪਰਮੇਸ਼ੁਰ ਆਖਦਾ ਹੈ, “ਜ਼ਿੱਦੀ ਨਾ ਬਣੋ ਜਿਵੇਂ ਤੁਸੀਂ ਮਰੀਬਾਹ ਵਿੱਚ ਸੀ,
ਜਿਵੇਂ ਤੁਸੀਂ ਮਾਰੂਥਲ ਅੰਦਰ ਮਾਸਾ ਵਿਖੇ ਸੀ।
9 ਤੁਹਾਡੇ ਪੁਰਖਿਆਂ ਨੇ ਮੇਰੀ ਪਰੱਖ ਕੀਤੀ ਸੀ, ਉਨ੍ਹਾਂ ਨੇ ਮੈਨੂੰ ਪਰੱਖਿਆ,
ਉਨ੍ਹਾਂ ਨੇ ਦੇਖ ਲਿਆ, ਕਿ ਮੈਂ ਕੀ ਕਰ ਸੱਕਦਾ ਸਾਂ।
10 ਮੈਂ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨਾਲ ਸਬਰ ਨਾਲ ਰਿਹਾ।
ਅਤੇ ਮੈਂ ਜਾਣਦਾ ਹਾਂ ਕਿ, ‘ਉਹ ਵਫ਼ਾਦਾਰ ਨਹੀਂ ਹਨ,
ਕਿਉਂਕਿ ਉਨ੍ਹਾਂ ਲੋਕਾਂ ਨੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਤੋਂ ਇਨਕਾਰ ਕਰ ਦਿੱਤਾ।’
11 ਇਸ ਲਈ ਮੈਂ ਗੁੱਸੇ ਸਾਂ, ਅਤੇ ਮੈਂ ਸੌਂਹ ਖਾਧੀ ਕਿ,
‘ਉਹ ਮੇਰੀ ਅਰਾਮ ਦੀ ਜ਼ਮੀਨ ਵਿੱਚ ਦਾਖਲ ਨਹੀਂ ਹੋਣਗੇ।’”
96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
2 ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
3 ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
4 ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
5 ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
6 ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
7 ਪਰਿਵਾਰੋ ਅਤੇ ਕੌਮੋ ਉਸਤਤਿ ਦੇ
ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
8 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
9 ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10 ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।
ਬਾਬਲ ਦੇ ਸੰਦੇਸ਼ਵਾਹਕ
39 ਉਸ ਸਮੇਂ, ਬਾਲਦਾਨ ਦਾ ਪੁੱਤਰ ਮੇਰੋਦਾਚ ਬਾਲਦਾਨ ਬਾਬਲ ਦਾ ਰਾਜਾ ਸੀ। ਮੇਰੋਦਾਚ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਸੁਗਾਤਾਂ ਭੇਜੀਆਂ। ਮਰਦੋਕ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂ ਕਿ ਉਸ ਨੇ ਹਿਜ਼ਕੀਯਾਹ ਦੀ ਬਿਮਾਰੀ ਬਾਰੇ ਸੁਣਿਆ ਸੀ। 2 ਇਨ੍ਹਾਂ ਗੱਲਾਂ ਨੇ ਹਿਜ਼ਕੀਯਾਹ ਨੂੰ ਬਹੁਤ ਪ੍ਰਸੰਨ ਕੀਤਾ, ਇਸ ਲਈ ਉਸ ਨੇ ਲੋਕਾਂ ਨੂੰ ਆਪਣੇ ਖਜ਼ਾਨੇ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦਿਖਾਈਆਂ। ਉਸ ਨੇ ਉਨ੍ਹਾਂ ਨੂੰ ਚਾਂਦੀ, ਸੋਨਾ, ਮਸਾਲੇ, ਮਹਿੰਗੇ ਅਤਰ, ਅਤੇ ਯੁੱਧ ਵਿੱਚ ਵਰਤੀਆਂ ਜਾਣ ਵਾਲੀਆਂ ਤਲਵਾਰਾਂ, ਬਰਛੇ ਅਤੇ ਉਹ ਸਾਰਾ ਕੁਝ ਦਿਖਾਇਆ ਜੋ ਉਸ ਨੇ ਆਪਣੇ ਘਰ ਅਤੇ ਰਾਜ ਵਿੱਚ ਬਚਾ ਕੇ ਰੱਖਿਆ ਹੋਇਆ ਸੀ।
3 ਤਾਂ ਨਬੀ ਯਸਾਯਾਹ ਰਾਜੇ ਹਿਜ਼ਕੀਯਾਹ ਕੋਲ ਗਿਆ ਤੇ ਉਸ ਨੂੰ ਪੁੱਛਿਆ, “ਇਨ੍ਹਾਂ ਲੋਕਾਂ ਨੇ ਕੀ ਆਖਿਆ? ਇਹ ਕਿੱਥੋਂ ਆਏ ਸਨ?”
ਹਿਜ਼ਕੀਯਾਹ ਨੇ ਆਖਿਆ, “ਇਹ ਲੋਕ ਦੂਰ ਦੇਸੋਂ ਮੈਨੂੰ ਮਿਲਣ ਆਏ ਸਨ! ਇਹ ਬਾਬਲ ਵਿੱਚੋਂ ਆਏ ਸਨ!”
4 ਇਸ ਲਈ ਯਸਾਯਾਹ ਨੇ ਉਸ ਨੂੰ ਪੁੱਛਿਆ, “ਉੱਨ੍ਹਾਂ ਨੇ ਤੁਹਾਡੇ ਘਰ ਵਿੱਚ ਕੀ ਦੇਖਿਆ?”
ਹਿਜ਼ਕੀਯਾਹ ਨੇ ਆਖਿਆ, “ਉਨ੍ਹਾਂ ਨੇ ਮੇਰੇ ਮਹਿਲਾਂ ਦੀ ਹਰ ਚੀਜ਼ ਦੇਖੀ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਦੌਲਤ ਦਿਖਾਈ।”
5 ਫ਼ੇਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ ਦੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ। 6 ‘ਉਹ ਸਮਾਂ ਆ ਰਿਹਾ ਹੈ ਜਦੋਂ ਤੇਰੇ ਘਰ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਤੇਰੇ ਪੁਰਖਿਆਂ ਦੀਆਂ ਬਚਾਈਆਂ ਹੋਈਆਂ ਸਾਰੀਆਂ ਚੀਜ਼ਾਂ ਬਾਬਲ ਨੂੰ ਲੈ ਜਾਈਆਂ ਜਾਣਗੀਆਂ। ਕੁਝ ਵੀ ਬਾਕੀ ਨਹੀਂ ਬਚੇਗਾ!’ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਆਖਿਆ ਸੀ। 7 ਬਾਬਲ ਦੇ ਲੋਕ ਤੇਰੇ ਆਪਣੇ ਪੁੱਤਰਾਂ ਨੂੰ ਲੈ ਜਾਣਗੇ। ਅਤੇ ਤੇਰੇ ਪੁੱਤਰ ਬਾਬਲ ਦੇ ਰਾਜੇ ਦੇ ਮਹਿਲਾਂ ਦੇ ਅਧਿਕਾਰੀ ਬਣ ਜਾਣਗੇ।”
8 ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ, “ਯਹੋਵਾਹ ਦਾ ਇਹ ਸੰਦੇਸ਼ ਚੰਗਾ ਹੈ।” (ਹਿਜ਼ਕੀਯਾਹ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਉਸ ਨੇ ਸੋਚਿਆ, “ਜਿੰਨਾ ਚਿਰ ਮੈਂ ਰਾਜਾ ਹਾਂ ਇੱਥੇ ਅਸਲੀ ਅਮਨ ਅਤੇ ਸੁਰੱਖਿਆ ਰ੍ਰਹੇਗੀ।”)
ਪੰਜਵਾਂ ਬਿਗਲ ਪਹਿਲਾ ਆਤੰਕ ਸ਼ੁਰੂ ਕਰਦਾ ਹੈ
9 ਪੰਜਵੇਂ ਦੂਤ ਨੇ ਅਪਣਾ ਬਿਗਲ ਵਜਾਇਆ। ਫ਼ੇਰ ਮੈਂ ਅਕਾਸ਼ ਤੋਂ ਟੁੱਟਕੇ ਧਰਤੀ ਉੱਤੇ ਡਿੱਗਦੇ ਹੋਏ ਤਾਰੇ ਨੂੰ ਦੇਖਿਆ। ਤਾਰੇ ਨੂੰ ਉਸ ਡੂੰਘੇ ਸੁਰਾਖ ਦੀ ਕੁੰਜੀ ਦਿੱਤੀ ਹੋਈ ਸੀ ਜੋ ਥੱਲੇ ਤਲਹੀਣ ਖੱਡ ਨੂੰ ਜਾਂਦਾ ਸੀ। 2 ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹੜਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿੱਚੋਂ ਧੂੰਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂੰਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ।
3 ਫ਼ੇਰ ਧੂੰਏ ਵਿੱਚੋਂ ਹੇਠਾਂ ਧਰਤੀ ਤੇ ਸਲਾ ਦੇ ਟਿੱਡੀਆਂ ਦਾ ਇੱਕ ਦਲ ਆਇਆ। ਜਿਨ੍ਹਾਂ ਕੋਲ ਬਿੱਛੂਆਂ ਵਾਂਗ ਡੰਗ ਮਾਰਨ ਦੀ ਸ਼ਕਤੀ ਸੀ। 4 ਇਨ੍ਹਾਂ ਟਿੱਡੀਆਂ ਨੂੰ ਧਰਤੀ ਦੇ ਘਾਹ, ਜਾਂ ਕਿਸੇ ਬੂਟੇ ਜਾਂ ਕਿਸੇ ਵੀ ਰੁੱਖ ਨੂੰ ਨੁਕਸਾਨ ਨਾ ਪਹੁੰਚਾਣ ਲਈ ਕਿਹਾ ਗਿਆ ਸੀ। ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨੁਕਸਾਨ ਪਹੁੰਚਾ ਸੱਕਦੀਆਂ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ੁਰ ਦਾ ਨਿਸ਼ਾਨ ਨਹੀਂ ਸੀ। 5 ਇਨ੍ਹਾਂ ਟਿੱਡੀਆਂ ਨੂੰ ਲੋਕਾਂ ਉੱਤੇ ਪੰਜਾਂ ਮਹੀਨਿਆਂ ਤੱਕ ਦਰਦ ਲਿਆਉਣ ਦਾ ਕਾਰਣ ਬਣਨ ਦੀ ਸ਼ਕਤੀ ਦਿੱਤੀ ਗਈ ਸੀ। ਟਿੱਡੀਆਂ ਨੂੰ ਲੋਕਾਂ ਨੂੰ ਮਾਰਨ ਦੀ ਸ਼ਕਤੀ ਨਹੀਂ ਸੀ ਦਿੱਤੀ ਗਈ। ਅਤੇ ਉਹ ਪੀੜ ਜਿਹੜੀ ਲੋਕਾਂ ਨੇ ਮਹਿਸੂਸ ਕੀਤੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਪੀੜ ਕਿਸੇ ਵਿਅਕਤੀ ਨੂੰ ਬਿਛੂ ਦੇ ਡੰਗਣ ਨਾਲ ਹੁੰਦੀ ਹੈ। 6 ਉਨ੍ਹਾਂ ਦਿਨਾਂ ਵਿੱਚ, ਲੋਕ ਮਰਨ ਲਈ ਕੋਈ ਰਾਹ ਲੱਭਣਗੇ ਪਰ ਉਨ੍ਹਾਂ ਨੂੰ ਇੱਕ ਵੀ ਰਾਹ ਨਹੀਂ ਮਿਲੇਗਾ। ਉਹ ਮਰਨਾ ਚਾਹੁੰਣਗੇ ਪਰ ਮੌਤ ਉਨ੍ਹਾਂ ਪਾਸੋਂ ਛੁੱਪ ਜਾਵੇਗੀ।
7 ਟਿੱਡੀਆਂ ਉਨ੍ਹਾਂ ਘੋੜਿਆਂ ਵਾਂਗ ਦਿਖਾਈ ਦੇ ਰਹੇ ਸਨ ਜੋ ਯੁੱਧ ਲਈ ਤਿਆਰ ਸਨ। ਉਨ੍ਹਾਂ ਨੇ ਆਪਣੇ ਸਿਰਾਂ ਉੱਤੇ ਸੋਨੇ ਦੇ ਤਾਜ ਵਾਂਗ ਲੱਗਦੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰੇ ਇਨਸਾਨੀ ਚਿਹਰਿਆਂ ਵਰਗੇ ਦਿਖਾਈ ਦਿੰਦੇ ਸਨ। 8 ਉਨ੍ਹਾਂ ਦੇ ਵਾਲ ਔਰਤ ਦੇ ਵਾਲਾਂ ਵਰਗੇ ਸਨ। ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ। 9 ਉਨ੍ਹਾਂ ਦੀਆਂ ਛਾਤੀਆਂ ਲੋਹੇ ਦੀਆਂ ਢਾਲਾਂ ਵਰਗੀਆਂ ਨਜ਼ਰ ਆਈਆਂ। ਉਨ੍ਹਾਂ ਦੇ ਖੰਭਾਂ ਤੋਂ ਇੱਕ ਅਵਾਜ਼ ਪੈਦਾ ਹੋਈ ਜਿਵੇਂ ਕਿ ਬਹੁਤ ਸਾਰੇ ਘੋੜੇ ਅਤੇ ਰੱਥ ਯੁੱਧ ਵਿੱਚ ਭੱਜ ਰਹੇ ਹੋਣ। 10 ਟਿੱਡੀਆਂ ਦੀਆਂ ਪੂਛਾਂ ਬਿਛੂਆਂ ਵਾਂਗ ਡੰਗਣ ਵਾਲੀਆਂ ਸਨ। ਲੋਕਾਂ ਉੱਤੇ ਪੰਜਾਂ ਮਹੀਨਿਆਂ ਲਈ ਦਰਦ ਪਾਉਣ ਵਾਲੀ ਸ਼ਕਤੀ ਉਨ੍ਹਾਂ ਦੀਆਂ ਪੂਛਾਂ ਵਿੱਚ ਸੀ। 11 ਟਿੱਡੀਆਂ ਦਾ ਇੱਕ ਰਾਜਾ ਸੀ। ਇਹ ਤਲਹੀਣ ਖੱਡ ਦਾ ਦੂਤ ਸੀ। ਉਸਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ। ਯੂਨਾਨੀ ਭਾਸ਼ਾ ਵਿੱਚ ਉਸਦਾ ਨਾਮ ਅਪੁਲੂਉਨ (ਵਿਨਾਸ਼ਕ) ਹੈ।
12 ਪਹਿਲੀ ਵੱਡੀ ਮੁਸੀਬਤ ਮੁੱਕ ਚੁੱਕੀ ਹੈ ਪਰ ਬਾਕੀ ਦੀਆਂ ਦੋ ਮੁਸੀਬਤਾਂ ਹਾਲੇ ਆਉਣ ਵਾਲੀਆਂ ਹਨ।
ਛੇਵੇਂ ਬਿਗਲ ਦਾ ਧਮਾਕਾ
13 ਛੇਵੇਂ ਦੂਤ ਨੇ ਆਪਣਾ ਬਿਗਲ ਵਜਾਇਆ। ਫ਼ੇਰ ਮੈਂ ਪਰਮੇਸ਼ੁਰ ਦੇ ਸਾਹਮਣੇ ਰੱਖੇ ਹੋਏ ਸੋਨੇ ਦੀ ਜਗਵੇਦੀ ਦੇ ਛੇ ਸਿੰਗਾਂ ਵਿੱਚੋਂ ਇੱਕ ਅਵਾਜ਼ ਨਿਕਲਦੀ ਸੁਣੀ। 14 ਆਵਾਜ਼ ਨੇ ਉਸ ਛੇਵੇਂ ਦੂਤ ਨੂੰ, ਜਿਸਦੇ ਕੋਲ ਬਿਗਲ ਸੀ, ਆਖਿਆ, “ਉਨ੍ਹਾਂ ਚਾਰ ਦੂਤਾਂ ਨੂੰ ਅਜ਼ਾਦ ਕਰ ਦਿਉ ਜਿਹੜੇ ਮਹਾਂ ਨਦੀ ਫ਼ਰਾਤ ਉੱਪਰ ਬੰਨ੍ਹੇ ਹੋਏ ਹਨ।” 15 ਇਨ੍ਹਾਂ ਚਾਰ ਦੂਤਾਂ ਨੂੰ ਇਸੇ ਸਾਲ, ਮਹੀਨੇ, ਦਿਨ ਅਤੇ ਘੰਟੇ (ਸਮੇਂ) ਲਈ ਤਿਆਰ ਕਰਕੇ ਰੱਖਿਆ ਗਿਆ ਸੀ। ਇਨ੍ਹਾਂ ਦੂਤਾਂ ਨੂੰ ਧਰਤੀ ਉਤਲੇ ਸਾਰੇ ਲੋਕਾਂ ਵਿੱਚੋਂ ਇੱਕ ਤਿਹਾਈ ਨੂੰ ਮਾਰ ਮੁਕਾਉਣ ਲਈ ਅਜ਼ਾਦ ਕੀਤਾ ਗਿਆ ਸੀ। 16 ਮੈ ਸੁਣਿਆ ਉਨ੍ਹਾਂ ਦੀ ਫ਼ੌਜ ਵਿੱਚ ਘੋੜਿਆਂ ਦੀਆਂ ਕਿੰਨੀਆਂ ਟੋਲੀਆਂ ਸਨ। ਇਹ ਵੀਹ ਕਰੋੜ ਸਨ।
17 ਆਪਣੇ ਦਰਸ਼ਨ ਵਿੱਚ ਮੈ ਇਵੇਂ ਹੀ ਘੋੜਿਆਂ ਅਤੇ ਘੋੜ ਸਵਾਰਾਂ ਨੂੰ ਦੇਖਿਆ; ਉਨ੍ਹਾਂ ਕੋਲ ਢਾਲਾਂ ਸਨ ਜੋ ਕਿ ਅੰਗਿਆਰਾਂ ਵਰਗੀਆਂ ਲਾਲ ਗੂੜੇ ਨੀਲੇ ਅਤੇ ਗੰਧਕ ਵਰਗੇ ਪੀਲੇ ਰੰਗ ਦੀਆਂ ਸਨ। ਘੋੜਿਆਂ ਦੇ ਮੂੰਹ ਸ਼ੇਰਾਂ ਦੇ ਮੂੰਹਾਂ ਵਰਗੇ ਸਨ। ਘੋੜਿਆਂ ਦੇ ਮੂੰਹਾਂ ਵਿੱਚੋਂ ਅੱਗ, ਧੂਂਆਂ ਅਤੇ ਗੰਧਕ ਨਿਕਲ ਰਹੀ ਸੀ। 18 ਇਨ੍ਹਾਂ ਤਿੰਨਾਂ ਮੁਸ਼ਕਿਲਾਂ ਦੁਆਰਾ; ਘੋੜਿਆਂ ਦੇ ਮੂੰਹਾਂ ਵਿੱਚੋਂ ਨਿਕਲਦੀ ਅੱਗ, ਧੂਂਏ ਅਤੇ ਗੰਧਕ ਨਾਲ, ਧਰਤੀ ਦੇ ਇੱਕ ਤਿਹਾਈ ਲੋਕ ਮਰ ਗਏ। 19 ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹਾਂ ਵਿੱਚ ਅਤੇ ਪੂਛਾਂ ਵਿੱਚ ਸੀ। ਉਨ੍ਹਾਂ ਦੀਆਂ ਪੂਛਾਂ ਉਨ੍ਹਾਂ ਸੱਪਾਂ ਵਰਗੀਆਂ ਸਨ ਜਿਨ੍ਹਾਂ ਦੇ ਸਿਰ ਲੋਕਾਂ ਨੂੰ ਡੰਗਣ ਅਤੇ ਨੁਕਸਾਨ ਪਹੁੰਚਾਉਣ ਲਈ ਹੁੰਦੇ ਹਨ।
20 ਧਰਤੀ ਉਤਲੇ ਬਾਕੀ ਲੋਕ ਇਨ੍ਹਾਂ ਮੁਸ਼ਕਿਲਾਂ ਕਾਰਣ ਨਹੀਂ ਮਰੇ। ਪਰ ਹਾਲੇ ਵੀ ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੇ ਅਤੇ ਆਪਣੇ ਹੀ ਹੱਥਾਂ ਦੁਆਰਾ ਬਣਾਈਆਂ ਚੀਜ਼ਾਂ ਤੋਂ ਦੂਰ ਹੋ ਗਏ। ਉਨ੍ਹਾਂ ਨੂੰ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਭੂਤਾਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ। ਇਹ ਮੂਰਤਾਂ ਨਾ ਵੇਖ ਸੱਕਦੀਆਂ ਸਨ ਅਤੇ ਨਾ ਹੀ ਸੁਣ ਅਤੇ ਨਾਹੀ ਤੁਰ ਸੱਕਦੀਆਂ ਸਨ। 21 ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਆਪਣੇ ਜੀਵਨ ਨਹੀਂ ਬਦਲੇ, ਅਤੇ ਨਾ ਹੀ ਆਪਣੇ ਕਤਲਾਂ ਤੋਂ, ਜਾਦੂਆਂ ਤੋਂ, ਆਪਣੇ ਜਿਨਸੀ ਪਾਪਾਂ ਤੋਂ ਤੇ ਨਾ ਹੀ ਉਨ੍ਹਾਂ ਚੋਰੀਆਂ ਤੋਂ ਆਪਣੇ ਆਪ ਨੂੰ ਮੋੜਿਆ।
2010 by World Bible Translation Center