M’Cheyne Bible Reading Plan
ਯਹੋਵਾਹ ਇਸਰਾਏਲ ਨਾਲ ਹੋਵੇਗਾ
9 “ਇਸਰਾਏਲ ਦੇ ਲੋਕੋ, ਸੁਣੋ! ਤੁਸੀਂ ਅੱਜ ਯਰਦਨ ਨਦੀ ਦੇ ਪਾਰ ਜਾਵੋਂਗੇ। ਤੁਸੀਂ ਉਸ ਧਰਤੀ ਉੱਤੇ ਉਨ੍ਹਾਂ ਕੌਮਾਂ ਨੂੰ ਬਾਹਰ ਕੱਢਣ ਲਈ ਜਾਵੋਂਗੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ। ਉਨ੍ਹਾਂ ਦੇ ਸ਼ਹਿਰ ਵੱਡੇ ਹਨ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਨੂੰ ਛੂੰਹਦੀਆਂ ਹਨ! 2 ਉੱਥੋਂ ਦੇ ਲੋਕ ਲੰਮੇ ਅਤੇ ਮਜ਼ਬੂਤ ਹਨ। ਉਹ ਅਨਾਕੀ ਹਨ। ਤੁਸੀਂ ਉਨ੍ਹਾਂ ਬਾਰੇ ਜਾਣਦੇ ਹੋ। ਤੁਸੀਂ ਇਹ ਕਥਨ ਸੁਣਿਆ, ‘ਕੋਈ ਵੀ ਕਦੇ ਵੀ ਅਨਾਕੀਆਂ ਦੇ ਵਿਰੁੱਧ ਜਿੱਤ ਨਹੀਂ ਸੱਕਦਾ।’ 3 ਪਰ ਤੁਸੀਂ ਯਕੀਨ ਕਰ ਸੱਕਦੇ ਹੋ ਕਿ ਇਹ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ, ਜਿਹੜਾ ਤੁਹਾਡੇ ਸਾਹਮਣੇ ਉਸ ਅੱਗ ਵਾਂਗ ਦਰਿਆ ਪਾਰ ਕਰੇਗਾ, ਜੋ ਤਬਾਹ ਕਰ ਦਿੰਦੀ ਹੈ! ਯਹੋਵਾਹ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਨੂੰ ਤੁਹਾਡੇ ਸਾਹਮਣੇ ਹਰਾਵੇਗਾ। ਤੁਸੀਂ ਉਨ੍ਹਾਂ ਕੌਮਾਂ ਨੂੰ ਬਾਹਰ ਕੱਢ ਦਿਉਂਗੇ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਤਬਾਹ ਕਰ ਦਿਉਂਗੇ। ਯਹੋਵਾਹ ਨੇ ਇਕਰਾਰ ਕੀਤਾ ਕਿ ਅਜਿਹਾ ਵਾਪਰੇਗਾ।
4 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਲਈ ਉਨ੍ਹਾਂ ਕੌਮਾਂ ਨੂੰ ਬਾਹਰ ਭਜਾ ਦੇਵੇਗਾ। ਪਰ ਕਦੇ ਵੀ ਇਹ ਨਾ ਸੋਚੋ, ‘ਯਹੋਵਾਹ ਸਾਨੂੰ ਇਸ ਧਰਤੀ ਉੱਤੇ ਰਹਿਣ ਲਈ ਇਸ ਵਾਸਤੇ ਲਿਆਇਆ ਕਿਉਂਕਿ ਅਸੀਂ ਇੰਨੇ ਚੰਗੇ ਲੋਕ ਹਾਂ!’ ਇਹ ਕਾਰਣ ਨਹੀਂ ਹੈ! ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਲਈ ਬਾਹਰ ਧੱਕਿਆ ਕਿਉਂਕਿ ਉਹ ਬੁਰੀਆਂ ਸਨ-ਇਸ ਲਈ ਨਹੀਂ ਕਿ ਤੁਸੀਂ ਚੰਗੇ ਸੀ। 5 ਤੁਸੀਂ ਉਨ੍ਹਾਂ ਦੀ ਧਰਤੀ ਲੈਣ ਲਈ ਜਾ ਰਹੇ ਹੋ, ਪਰ ਇਸ ਲਈ ਨਹੀਂ ਕਿਉਂਕਿ ਤੁਸੀਂ ਚੰਗੇ ਹੋ ਅਤੇ ਠੀਕ ਢੰਗ ਨਾਲ ਜਿਉਂਦੇ ਹੋ। ਤੁਸੀਂ ਉੱਥੇ ਜਾ ਰਹੇ ਹੋ, ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਬਾਹਰ ਧੱਕ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਬਦੀ ਦਾ ਜੀਵਨ ਜੀਵਿਆ ਅਤੇ ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਇਕਰਾਰ ਦੀ ਪਾਲਣਾ ਕਰੇ ਜਿਹੜਾ ਉਸ ਨੇ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤਾ ਸੀ। 6 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਹ ਚੰਗੀ ਧਰਤੀ ਰਹਿਣ ਲਈ ਦੇ ਰਿਹਾ ਹੈ ਪਰ ਤੁਹਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਇਸ ਲਈ ਨਹੀਂ ਕਿ ਤੁਸੀਂ ਚੰਗੇ ਹੋ ਸੱਚ ਤਾਂ ਇਹ ਹੈ ਕਿ ਤੁਸੀਂ ਬਹੁਤ ਜ਼ਿੱਦੀ ਲੋਕ ਹੋ।
ਯਹੋਵਾਹ ਦੇ ਗੁੱਸੇ ਨੂੰ ਚੇਤੇ ਰੱਖੋ
7 “ਇਹ ਨਾ ਭੁੱਲੋ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਾਰੂਥਲ ਅੰਦਰ ਗੁੱਸੇ ਕਰ ਲਿਆ ਸੀ। ਤੁਸੀਂ ਉਸ ਦਿਨ ਤੋਂ ਯਹੋਵਾਹ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ ਜਿਸ ਦਿਨ ਤੁਸੀਂ ਮਿਸਰ ਦੀ ਧਰਤੀ ਤੋਂ ਬਾਹਰ ਆਏ ਅਤੇ ਇਸ ਥਾਂ ਪਹੁੰਚੇ। 8 ਤੁਸੀਂ ਯਹੋਵਾਹ ਨੂੰ ਹੇਰੋਬ ਪਰਬਤ (ਸੀਨਈ) ਉੱਤੇ ਨਾਰਾਜ਼ ਕੀਤਾ। ਯਹੋਵਾਹ ਇੰਨਾ ਜ਼ਿਆਦਾ ਨਾਰਾਜ਼ ਸੀ ਕਿ ਤੁਹਾਨੂੰ ਤਬਾਹ ਕਰ ਸੱਕਦਾ ਸੀ। 9 ਮੈਂ ਪਰਬਤ ਉੱਪਰ ਚਪਟੀਆਂ ਸ਼ਿਲਾਵਾ ਲੈਣ ਲਈ ਗਿਆ ਯਹੋਵਾਹ ਨੇ ਜਿਹੜਾ ਇਕਰਾਰ ਤੁਹਾਡੇ ਨਾਲ ਕੀਤਾ ਸੀ ਉਹ ਇਨ੍ਹਾਂ ਸ਼ਿਲਾਵਾਂ ਉੱਤੇ ਲਿਖਿਆ ਹੋਇਆ ਸੀ। ਮੈਂ 40 ਦਿਨਾਂ ਅਤੇ 40 ਰਾਤਾਂ ਪਰਬਤ ਉੱਤੇ ਰੁਕਿਆ। ਮੈਂ ਨਾ ਭੋਜਨ ਖਾਧਾ ਨਾ ਪਾਣੀ ਪੀਤਾ। 10 ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਸ਼ਿਲਾਵਾ ਦਿੱਤੀਆਂ। ਯਹੋਵਾਹ ਨੇ ਉਨ੍ਹਾਂ ਪੱਥਰਾਂ ਉੱਤੇ ਆਪਣੀਆਂ ਹੀ ਉਂਗਲਾ ਨਾਲ ਹੁਕਮ ਲਿਖੇ ਜਿਹੜੇ ਉਸ ਨੇ ਅੱਗ ਵਿੱਚੋਂ ਕਹੇ ਸਨ, ਜਦੋਂ ਅਸੀਂ ਪਰਬਤ ਉੱਤੇ ਇਕੱਠੇ ਹੋਏ ਸਾਂ।
11 “ਇਸ ਲਈ 40 ਦਿਨਾਂ ਅਤੇ 40 ਰਾਤਾਂ ਤੋਂ ਬਾਦ ਮੈਨੂੰ ਯਹੋਵਾਹ ਨੇ ਦੋਵੇਂ ਸ਼ਿਲਾਵਾਂ ਦੇ ਦਿੱਤੀਆਂ-ਇਕਰਾਰਨਾਮੇ ਦੀਆਂ ਸ਼ਿਲਾਵਾਂ। 12 ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, ‘ਉੱਠ ਖੜ੍ਹਾ ਹੋ ਅਤੇ ਛੇਤੀ ਨਾਲ ਇੱਥੋਂ ਹੇਠਾਂ ਚੱਲਾ ਜਾ। ਜਿਨ੍ਹਾਂ ਲੋਕਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਇਆ ਸੀ ਉਨ੍ਹਾਂ ਨੇ ਆਪਣੇ-ਆਪ ਨੂੰ ਬਰਬਾਦ ਕਰ ਲਿਆ ਹੈ। ਉਹ ਮੇਰੇ ਹੁਕਮਾ ਨੂੰ ਮੰਨਣ ਤੋਂ ਇੰਨੀ ਛੇਤੀ ਪਲਟ ਗਏ ਹਨ! ਉਨ੍ਹਾਂ ਨੇ ਸੋਨਾ ਪਿਘਲਾਕੇ ਇੱਕ ਮੂਰਤੀ ਬਣਾ ਲਈ ਹੈ।’
13 “ਯਹੋਵਾਹ ਨੇ ਮੈਨੂੰ ਇਹ ਵੀ ਆਖਿਆ, ‘ਮੈਂ ਵੇਖਿਆ ਕਿ ਇਹ ਲੋਕ ਬੜੇ ਜ਼ਿੱਦੀ ਹਨ। 14 ਇਸ ਲਈ ਮੈਨੂੰ ਇਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਲੈਣ ਦੇ, ਤਾਂ ਜੋ ਫ਼ੇਰ ਕਦੇ ਵੀ ਕੋਈ ਉਨ੍ਹਾਂ ਦੇ ਨਾਵਾਂ ਨੂੰ ਚੇਤੇ ਨਹੀਂ ਕਰੇਗਾ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਹੋਰ ਕੌਮ ਦੀ ਸਾਜਣਾ ਕਰਾਂਗਾ ਜਿਹੜੀ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਮਹਾਨ ਅਤੇ ਤਾਕਤਵਰ ਹੋਵੇਗੀ।’
ਸੁਨਿਹਰੀ ਵੱਛਾ
15 “ਫ਼ੇਰ ਮੈਂ ਪਿੱਛੇ ਮੁੜ ਪਿਆ ਅਤੇ ਪਰਬਤ ਤੋਂ ਹੇਠਾ ਆ ਗਿਆ। ਪਰਬਤ ਨੂੰ ਅੱਗ ਲੱਗੀ ਹੋਈ ਸੀ ਅਤੇ ਇਕਰਾਰਨਾਮੇ ਦੇ ਦੋਵੇਂ ਪੱਥਰ ਮੇਰੇ ਹੱਥਾਂ ਵਿੱਚ ਸਨ। 16 ਮੈਂ ਨਜ਼ਰ ਮਾਰੀ ਅਤੇ ਦੇਖਿਆ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਖਿਲਾਫ਼ ਪਾਪ ਕੀਤਾ ਸੀ। ਮੈ ਉਹ ਵੱਛਾ ਦੇਖਿਆ ਜਿਸ ਨੂੰ ਤੁਸੀਂ ਪਿਘਲੇ ਹੋਏ ਸੋਨੇ ਨਾਲ ਬਣਾਇਆ ਸੀ। ਤੁਈਂ ਕਿੰਨੀ ਛੇਤੀ ਯਹੋਵਾਹ ਦਾ ਹੁਕਮ ਮਨਣਾ ਛੱਡ ਦਿੱਤਾ ਹੈ! 17 ਇਸ ਲਈ ਮੈਂ ਪੱਥਰ ਦੀਆਂ ਦੋਵੇਂ ਸ਼ਿਲਾਵਾਂ ਲਈਆਂ ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਨੂੰ ਟੁਕੜੇ ਕਰਦਿਆਂ ਹੋਇਆਂ, ਆਪਣੇ ਹੱਥਾਂ ਵਿੱਚੋਂ ਪਰੇ ਸੁੱਟ ਦਿੱਤਾ। 18 ਫ਼ੇਰ ਮੈਂ 40 ਦਿਨ ਅਤੇ 40 ਰਾਤਾ ਯਹੋਵਾਹ ਅੱਗੇ ਧਰਤੀ ਉੱਤੇ ਪਿਆ ਰਿਹਾ, ਜਿਵੇਂ ਮੈਂ ਪਹਿਲਾਂ ਕੀਤਾ ਸੀ। ਮੈਂ ਖਾਣਾ-ਪੀਣਾ ਬੰਦ ਕਰ ਦਿੱਤਾ। ਇਹ ਮੈਂ ਇਸ ਵਾਸਤੇ ਕੀਤਾ ਕਿਉਂਕਿ ਤੁਸਾਂ ਬਹੁਤ ਗੰਭੀਰ ਪਾਪ ਕੀਤਾ ਸੀ। ਤੁਸੀਂ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ ਅਤੇ ਤੁਸੀਂ ਉਸ ਨੂੰ ਕਰੋਧਵਾਨ ਕਰ ਦਿੱਤਾ। 19 ਮੈਂ ਯਹੋਵਾਹ ਦੇ ਕਰੋਧ ਤੋਂ ਭੈਭੀਤ ਸਾਂ। ਉਹ ਇੰਨਾ ਕਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਸੱਕਦਾ ਸੀ। ਪਰ ਯਹੋਵਾਹ ਨੇ ਇੱਕ ਵਾਰ ਫ਼ੇਰ ਮੈਨੂੰ ਸੁਣਿਆ। 20 ਯਹੋਵਾਹ ਹਾਰੂਨ ਨਾਲ ਬਹੁਤ ਨਾਰਾਜ਼ ਸੀ-ਇੰਨਾ ਕਿ ਉਸ ਨੂੰ ਤਬਾਹ ਕਰ ਸੱਕਦਾ ਸੀ। ਪਰ ਇੱਕ ਵਾਰ ਫ਼ੇਰ ਯਹੋਵਾਹ ਨੇ ਮੇਰੀ ਗੱਲ ਸੁਣੀ। 21 ਮੈਂ ਉਹ ਭਿਆਨਕ ਚੀਜ਼, ਵੱਛੇ ਨੂੰ ਲਿਆ ਜਿਹੜਾ ਤੁਸੀਂ ਬਣਾਇਆ ਸੀ-ਅਤੇ ਇਸ ਨੂੰ ਅੱਗ ਵਿੱਚ ਸਾੜ ਦਿੱਤਾ। ਮੈਂ ਇਸਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਗਰਦ ਵਿੱਚ ਮਿਲਾ ਦਿੱਤਾ। ਫ਼ੇਰ ਮੈਂ ਉਸ ਗਰਦ ਨੂੰ ਹੇਠਾ ਦਰਿਆ ਵਿੱਚ ਸੁੱਟ ਦਿੱਤਾ ਜੋ ਪਰਬਤ ਤੋਂ ਹੇਠਾਂ ਰੁੜ੍ਹ ਗਈ।
ਮੂਸਾ ਯਹੋਵਾਹ ਪਾਸੋਂ ਇਸਰਾਏਲ ਲਈ ਮਾਫ਼ੀ ਮੰਗਦਾ ਹੈ
22 “ਤਬਏਰਾਹ, ਮੱਸਾਹ ਅਤੇ ਕਿਬਰੋਥ-ਹੱਤਆਵਾਹ ਵਿਖੇ ਵੀ ਤੁਸੀਂ ਯਹੋਵਾਹ ਨੂੰ ਬਹੁਤ ਨਾਰਾਜ਼ ਕੀਤਾ। 23 ਅਤੇ ਜਦੋਂ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ ਛੱਡ ਜਾਣ ਲਈ ਆਖਿਆ ਸੀ ਤੁਸੀਂ ਉਸਦਾ ਹੁਕਮ ਨਹੀਂ ਮੰਨਿਆ। ਉਸ ਨੇ ਆਖਿਆ ਸੀ, ‘ਉੱਤੇ ਜਾਓ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਵੋ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ।’ ਪਰ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਤੁਸੀਂ ਉਸ ਉੱਤੇ ਯਕੀਨ ਨਹੀਂ ਕੀਤਾ ਤੁਸੀਂ ਉਸਦਾ ਆਦੇਸ਼ ਨਹੀਂ ਸੁਣਿਆ। 24 ਉਹ ਸਾਰਾ ਸਮਾਂ ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ, ਤੁਸੀਂ ਯਹੋਵਾਹ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ।
25 “ਇਸ ਲਈ ਮੈਂ ਯਹੋਵਾਹ ਅੱਗੇ 40 ਦਿਨ ਅਤੇ 40 ਰਾਤਾ ਧਰਤੀ ਉੱਤੇ ਪਿਆ ਰਿਹਾ ਕਿਉਂਕਿ ਯਹੋਵਾਹ ਨੇ ਆਖਿਆ ਸੀ ਕਿ ਉਹ ਤੁਹਾਨੂੰ ਤਬਾਹ ਕਰ ਦੇਵੇਗਾ। 26 ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ: ‘ਯਹੋਵਾਹ ਮੇਰੇ ਸੁਆਮੀ, ਆਪਣੇ ਹੀ ਲੋਕਾਂ ਨੂੰ ਤਬਾਹ ਨਾ ਕਰ! ਤੂੰ ਉਨ੍ਹਾਂ ਨੂੰ ਛੁਟਕਾਰਾ ਦਿਵਾਇਆ ਅਤੇ ਉਨ੍ਹਾਂ ਨੂੰ ਆਪਣੀ ਮਹਾਨ ਤਾਕਤ ਅਤੇ ਸ਼ਕਤੀ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ। 27 ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰ। ਇਨ੍ਹਾਂ ਲੋਕਾਂ ਦੇ ਜ਼ਿੱਦੀਪਨ, ਬਦ-ਰਾਹਾਂ ਅਤੇ ਪਾਪਾਂ ਦੇ ਖਿਲਾਫ਼ ਨਾ ਪਰਤ। 28 ਜੇ ਤੁਸੀਂ ਆਪਣੇ ਲੋਕਾਂ ਨੂੰ ਸਜ਼ਾ ਦੇਵੋਂਗੇ ਤਾਂ ਮਿਸਰੀ ਲੋਕ ਕਹਿਣਗੇ, “ਯਹੋਵਾਹ ਆਪਣੇ ਲੋਕਾਂ ਨੂੰ ਉਸ ਧਰਤੀ ਉੱਤੇ ਨਹੀਂ ਲੈ ਜਾ ਸੱਕਿਆ ਜਿਸਦਾ ਉਸ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਅਤੇ ਉਸ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਉਹ ਉਨ੍ਹਾਂ ਨੂੰ ਮਾਰ ਮੁਕਾਉਣ ਲਈ ਮਾਰੂਥਲ ਵਿੱਚ ਲੈ ਗਿਆ।” 29 ਪਰ ਉਹ ਤਾਂ ਤੁਹਾਡੇ ਬੰਦੇ ਹਨ ਯਹੋਵਾਹ। ਉਹ ਤੁਹਾਡੇ ਹੀ ਹਨ ਤੁਸੀਂ ਉਨ੍ਹਾਂ ਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਤੋਂ ਬਾਹਰ ਲਿਆਏ।’
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
5 ਯਹੋਵਾਹ, ਤੁਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਸਨ।
ਸਾਡੇ ਲਈ ਤੁਹਾਡੇ ਵਿੱਚਾਰ ਸਮਝਣੇ ਬਹੁਤ ਮੁਸ਼ਕਿਲ ਹਨ।
6 ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ।
ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
7 ਦੁਸ਼ਟ ਲੋਕ ਘਾਹ-ਫ਼ੂਸ ਦੀ ਤਰ੍ਹਾਂ ਜਿਉਂਦੇ ਅਤੇ ਮਰ ਜਾਂਦੇ ਹਨ।
ਅਤੇ ਜਿਹੜੀਆਂ ਨਿਰਾਰਥਕ ਗੱਲਾਂ ਉਹ ਕਰਦੇ ਹਨ
ਹਮੇਸ਼ਾ ਲਈ ਨਸ਼ਟ ਕਰ ਦਿੱਤੀਆਂ ਜਾਣਗੀਆਂ।
8 ਪਰ ਹੇ ਪਰਮੇਸ਼ੁਰ, ਤੁਸੀਂ ਹਮੇਸ਼ਾ ਲਈ ਸਤਿਕਾਰੇ ਜਾਵੋਂਗੇ।
9 ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
10 ਪਰ ਤੁਸੀਂ ਮੈਨੂੰ ਤਾਕਤਵਰ ਬਣਾ ਦਿਉਂਗੇ।
ਮੈਂ ਮਜ਼ਬੂਤ ਸਿੰਗਾਂ ਵਾਲੇ ਇੱਕ ਸਾਨ੍ਹ ਵਰਗਾ ਹੋਵਾਂਗਾ।
ਤੁਸੀਂ ਮੈਨੂੰ ਮੇਰੇ ਖਾਸ ਕਾਰਜ ਲਈ ਚੁਣਿਆ ਸੀ।
ਤੁਸੀਂ ਮੇਰੇ ਉੱਤੇ ਤਾਜ਼ਗੀ ਦੇਣ ਵਾਲਾ ਤੇਲ ਮਲਿਆ ਸੀ।
11 ਮੈਂ ਆਪਣੇ ਚਾਰ-ਚੁਫ਼ੇਰੇ ਦੁਸ਼ਮਣਾਂ ਨੂੰ ਦੇਖਦਾ ਹਾਂ।
ਉਹ ਮੋਟੇ ਝੋਟਿਆਂ ਵਰਗੇ ਮੇਰੇ ਉੱਤੇ ਹਮਲਾ ਕਰਨ ਲਈ ਤਿਆਰ ਹਨ।
ਮੈਂ ਉਹ ਸੁਣ ਰਿਹਾ ਹਾਂ ਜੋ ਉਹ ਮੇਰੇ ਬਾਰੇ ਆਖ ਰਹੇ ਹਨ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
93 ਯਹੋਵਾਹ ਰਾਜਾ ਹੈ।
ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
2 ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
3 ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
4 ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
5 ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।
ਹਿਜ਼ਕੀਯਾਹ ਪਰਮੇਸ਼ੁਰ ਪਾਸੋਂ ਸਹਾਇਤਾ ਮਂਗਦਾ ਹੈ
37 ਰਾਜੇ ਹਿਜ਼ਕੀਯਾਹ ਨੇ ਇਹ ਗੱਲਾਂ ਸੁਣੀਆਂ। ਫ਼ੇਰ ਹਿਜ਼ਕੀਯਾਹ ਨੇ ਆਪਣੇ ਕੱਪੜੇ ਪਾੜ ਲੇ ਇਹ ਦਰਸਾਉਣ ਲਈ ਕਿ ਉਹ ਬਹੁਤ ਦੁੱਖ੍ਖੀ ਸੀ। ਫ਼ੇਰ ਹਿਜ਼ਕੀਯਾਹ ਨੇ ਸੋਗ ਦੇ ਖਾਸ ਵਸਤਰ ਪਹਿਨੇ ਅਤੇ ਯਹੋਵਾਹ ਦੇ ਮੰਦਰ ਵੱਲ ਗਿਆ।
2 ਹਿਜ਼ਕੀਯਾਹ ਨੇ ਮਹਿਲਾਂ ਦੇ ਪ੍ਰਬੰਧਕ ਅਲਯਾਕੀਮ, ਸ਼ਾਹੀ ਸੱਕੱਤਰ ਸ਼ਬਨਾ ਅਤੇ ਜਾਜਕਾਂ ਦੇ ਆਗੂਆਂ ਨੂੰ ਅਮੋਸ ਦੇ ਪੁੱਤਰ ਨਬੀ ਯਸਾਯਾਹ ਵੱਲ ਭੇਜਿਆ। ਉਨ੍ਹਾਂ ਨੇ ਅਜਿਹੇ ਖਾਸ ਕੱਪੜੇ ਪਹਿਨੇ ਹੋਏ ਸਨ ਜਿਹੜੇ ਦਰਸਾਉਂਦੇ ਸਨ ਕਿ ਉਹ ਉਦਾਸ ਅਤੇ ਦੁੱਖ੍ਖੀ ਸਨ। 3 ਇਨ੍ਹਾਂ ਬੰਦਿਆਂ ਨੇ ਯਸਾਯਾਹ ਨੂੰ ਆਖਿਆ, “ਰਾਜੇ ਹਿਜ਼ਕੀਯਾਹ ਨੇ ਆਦੇਸ਼ ਦਿੱਤਾ ਹੈ ਕਿ ਅੱਜ ਦਾ ਦਿਨ ਗ਼ਮ ਅਤੇ ਉਦਾਸੀ ਦਾ ਖਾਸ ਦਿਨ ਹੋਵੇਗਾ। ਇਹ ਬਹੁਤ ਉਦਾਸ ਦਿਨ ਹੋਵੇਗਾ। ਇਹ ਉਸ ਦਿਨ ਵਰਗਾ ਹੋਵੇਗਾ ਜਦੋਂ ਬੱਚੇ ਦਾ ਜਨਮ ਤਾਂ ਹੋਣਾ ਹੁੰਦਾ ਹੈ ਪਰ ਉਹ ਬੱਚਾ ਮਾਤਾ ਦੇ ਗਰਭ ਵਿੱਚ ਬਾਹਰ ਆ ਸੱਕਣ ਦੀ ਸ਼ਕਤੀ ਨਹੀਂ ਰੱਖਦਾ। 4 ਕਮਾਂਡਰ ਦੇ ਮਾਲਿਕ, ਅੱਸ਼ੂਰ ਦੇ ਰਾਜੇ ਨੇ ਉਸ ਨੂੰ ਜੀਵਿਤ ਪਰਮੇਸ਼ੁਰ ਬਾਰੇ ਬੁਰਾ ਭਲਾ ਆਖਣ ਲਈ ਘਲਿਆ ਹੈ। ਸ਼ਾਇਦ ਤੁਹਾਡਾ ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਨੂੰ ਸੁਣੇ। ਸ਼ਾਇਦ ਯਹੋਵਾਹ ਇਹ ਸਾਬਤ ਕਰ ਦੇਵੇ ਕਿ ਦੁਸਮਣ ਗ਼ਲਤ ਹੈ! ਇਸ ਲਈ ਉਨ੍ਹਾਂ ਬੰਦਿਆਂ ਲਈ ਪ੍ਰਾਰਥਨਾ ਕਰੋ ਜਿਹੜੇ ਹਾਲੇ ਤੱਕ ਜੀਵਿਤ ਹਨ।”
5-6 ਰਾਜੇ ਹਿਜ਼ਕੀਯਾਹ ਦੇ ਅਧਿਕਾਰੀ ਯਸਾਯਾਹ ਵੱਲ ਗਏ। ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਮਾਲਿਕ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦਿਓ: ਯਹੋਵਾਹ ਆਖਦਾ ਹੈ, ‘ਉਨ੍ਹਾਂ ਗੱਲਾਂ ਤੋਂ ਨਾ ਡਰੋ ਜਿਹੜੀਆਂ ਤੁਸੀਂ ਕਮਾਂਡਰਾਂ ਤੋਂ ਸੁਣੀਆਂ ਹਨ! ਉਨ੍ਹਾਂ ਮੰਦੀਆਂ ਗੱਲਾਂ ਉੱਤੇ ਯਕੀਨ ਨਾ ਕਰੋ ਜਿਹੜੀਆਂ ਅੱਸ਼ੂਰ ਦੇ ਰਾਜੇ ਦੇ ਉਨ੍ਹਾਂ “ਮੁੰਡਿਆਂ” ਨੇ ਮੇਰੇ ਬਾਰੇ ਆਖੀਆਂ ਹਨ। 7 ਦੇਖੋ, ਮੈਂ ਅੱਸ਼ੂਰ ਦੇ ਖਿਲਾਫ਼ ਇੱਕ ਆਤਮਾ ਨੂੰ ਭੇਜਾਂਗਾ ਅੱਸ਼ੂਰ ਦਾ ਰਾਜਾ ਆਪਣੇ ਦੇਸ਼ ਉੱਤੇ ਮੰਡਲਾਉਂਦੇ ਖਤਰੇ ਬਾਰੇ ਇੱਕ ਚੇਤਾਵਨੀ ਪ੍ਰਾਪਤ ਕਰੇਗਾ। ਇਸ ਲਈ ਉਹ ਆਪਣੇ ਦੇਸ਼ ਨੂੰ ਪਰਤ ਜਾਵੇਗਾ। ਉਸ ਸਮੇਂ ਮੈਂ ਉਸ ਨੂੰ ਉਸ ਦੇ ਆਪਣੇ ਦੇਸ਼ ਅੰਦਰ ਤਲਵਾਰ ਨਾਲ ਮਾਰ ਦਿਆਂਗਾ।’”
ਅੱਸ਼ੂਰ ਦੀ ਫ਼ੌਜ ਯਰੂਸ਼ਲਮ ਨੂੰ ਛੱਡ ਜਾਂਦੀ ਹੈ
8-9 ਅੱਸ਼ੂਰ ਦੇ ਰਾਜੇ ਨੂੰ ਖਬਰ ਮਿਲੀ। ਖਬਰ ਵਿੱਚ ਆਖਿਆ ਗਿਆ ਸੀ, “ਇਬੋਪੀਆ ਦਾ ਰਾਜਾ ਤਿਰਹਾਕਾਹ ਤੇਰੇ ਨਾਲ ਲੜਨ ਲਈ ਆ ਰਿਹਾ ਹੈ।” ਇਸ ਲਈ ਅੱਸ਼ੂਰ ਦਾ ਰਾਜਾ ਲਾਕੀਸ਼ ਨੂੰ ਛੱਡ ਕੇ ਲਿਬਨਾਹ ਚੱਲਾ ਗਿਆ। ਕਮਾਂਡਰ ਨੇ ਇਹ ਗੱਲ ਸੁਣੀ, ਅਤੇ ਉਹ ਵੀ ਲਿਬਨਾਹ ਸ਼ਹਿਰ ਨੂੰ ਚੱਲਾ ਗਿਆ, ਜਿੱਥੇ ਅੱਸ਼ੂਰ ਦਾ ਰਾਜਾ ਯੁੱਧ ਕਰ ਰਿਹਾ ਸੀ।
ਉਸ ਨੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ। ਉਸ ਨੇ ਆਖਿਆ, 10 “ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਗੱਲਾਂ ਜਾ ਕੇ ਦੱਸੋ:
‘ਆਪਣੇ ਉਸ ਦੇਵਤੇ ਤੋਂ ਮੂਰਖ ਨਾ ਬਣੋ ਜਿਸ ਉੱਤੇ ਤੁਸੀਂ ਭਰੋਸਾ ਕਰਦੇ ਹੋ। ਇਹ ਨਾ ਆਖੋ, “ਪਰਮੇਸ਼ੁਰ ਅੱਸ਼ੂਰ ਦੇ ਰਾਜੇ ਕੋਲੋਂ ਯਰੂਸ਼ਲਮ ਨੂੰ ਨਹੀਂ ਹਰਾਵੇਗਾ।” 11 ਤੁਸੀਂ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰਨਾਂ ਸਾਰੇ ਦੇਸ਼ਾਂ ਦਾ ਕੀ ਹਾਲ ਕੀਤਾ ਹੈ! ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ! ਕੀ ਤੁਸੀਂ ਬਚੇ ਰਹਿ ਸੱਕੇਂਗੇ? ਨਹੀਂ! 12 ਕੀ ਉਨ੍ਹਾਂ ਲੋਕਾਂ ਦੇ ਦੇਵਤਿਆਂ ਨੇ ਉਨ੍ਹਾਂ ਨੂੰ ਬਚਾਇਆ? ਨਹੀਂ! ਮੇਰੇ ਪੁਰਖਿਆਂ ਨੇ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ, ਹਾਰਾਨ, ਰਸਫ਼ ਅਤੇ ਤੱਲਾਸਰ ਵਿੱਚ ਰਹਿਣ ਵਾਲੇ ਅਦਨ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ। 13 ਕਿੱਬੇ ਹਨ ਹਾਮਾਬ ਦਾ ਰਾਜਾ, ਅਰਪਦ ਦਾ ਰਾਜਾ, ਸਏਫ਼ਾਰਵਾਈਮ ਸ਼ਹਿਰ ਦਾ ਰਾਜਾ ਅਤੇ ਹੇਨਾ ਅਤੇ ਇਵ੍ਵਾਹ ਦੇ ਰਾਜੇ ਵੀ? ਉਹ ਸਭ ਮਰ ਚੁੱਕੇ ਹਨ! ਉਹ ਸਭ ਤਬਾਹ ਹੋ ਗਏ ਹਨ?’”
ਹਿਜ਼ਕੀਯਾਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈ
14 ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਤੋਂ ਪੱਤਰ ਲੈ ਕੇ ਪੜ੍ਹੇ। ਫ਼ੇਰ ਹਿਜ਼ਕੀਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ। ਹਿਜ਼ਕੀਯਾਹ ਨੇ ਚਿੱਠੀਆਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਰੱਖ ਦਿੱਤਾ। 15 ਹਿਜ਼ਕੀਯਾਹ ਨੇ ਯਹੋਵਾਹ ਦੀ ਪ੍ਰਾਰਥਨਾ ਕੀਤੀ ਅਤੇ ਆਖਿਆ: 16 ਇਸਰਾਏਲ ਦੇ ਪਰਮੇਸ਼ੁਰ, ਸਰਬ ਸ਼ਕਤੀਮਾਨ ਯਹੋਵਾਹ, ਤੁਸੀਂ ਕਰੂਬੀ ਫ਼ਰਿਸ਼ਤਿਆਂ ਉੱਪਰ ਰਾਜ ਕਰਦੇ ਹੋ। ਤੁਸੀਂ ਅਤੇ ਸਿਰਫ਼ ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਹੜੇ ਧਰਤੀ ਦੀਆਂ ਸਾਰੀਆਂ ਹਕੂਮਤਾਂ ਉੱਤੇ ਰਾਜ ਕਰਦੇ ਹੋ! 17 ਯਹੋਵਾਹ ਜੀ, ਮਿਹਰ ਕਰਕੇ ਮੇਰੀ ਬੇਨਤੀ ਸੁਣੋ! ਯਹੋਵਾਹ ਜੀ, ਆਪਣੇ ਨੇਤਰ ਖੋਹਲੋ ਅਤੇ ਇਸ ਸੰਦੇਸ਼ ਨੂੰ ਦੇਖੋ। ਉਨ੍ਹਾਂ ਸ਼ਬਦਾਂ ਨੂੰ ਸੁਣੋ ਜਿਹੜੇ ਸਨਹੇਰੀਬ ਨੇ ਤੁਹਾਡੀ, ਇੱਕ ਜੀਵਿਤ ਪਰਮੇਸ਼ੁਰ ਦੀ, ਬੇਅਦਬੀ ਕਰਨ ਲਈ ਘੱਲੇ ਹਨ! 18 ਇਹ ਸੱਚ ਹੈ ਯਹੋਵਾਹ ਜੀ। ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਜ਼ਰੂਰ ਤਬਾਹ ਕੀਤਾ! 19 ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੂੰ ਸਾੜ ਦਿੱਤਾ ਹੈ। ਪਰ ਉਹ ਅਸਲੀ ਦੇਵਤੇ ਨਹੀਂ ਸਨ। ਉਹ ਸਿਰਫ਼ ਲੱਕੜੀ ਅਤੇ ਪੱਥਰ ਦੇ ਬੁੱਤ ਹੀ ਸਨ ਜਿਹੜੇ ਬੰਦਿਆਂ ਨੇ ਬਣਾਏ ਸਨ। ਇਸੇ ਲਈ ਅੱਸ਼ੂਰ ਦਾ ਰਾਜਾ ਉਨ੍ਹਾਂ ਨੂੰ ਤਬਾਹ ਕਰ ਸੱਕਿਆ! 20 ਪਰ ਤੁਸੀਂ ਤਾਂ ਸਾਡੇ ਯਹੋਵਾਹ ਪਰਮੇਸ਼ੁਰ ਹੋ। ਇਸ ਲਈ ਮਿਹਰ ਕਰਕੇ ਸਾਨੂੰ ਅੱਸ਼ੂਰ ਦੇ ਰਾਜੇ ਕੋਲੋਂ ਬਚਾਓ। ਫ਼ੇਰ ਸਾਰੀਆਂ ਕੌਮਾਂ ਇਹ ਜਾਣ ਲੈਣਗੀਆਂ ਕਿ ਤੁਸੀਂ ਹੀ ਯਹੋਵਾਹ ਹੋ, ਅਤੇ ਤੁਸੀਂ ਹੀ ਇੱਕੋ ਇੱਕ ਪਰਮੇਸ਼ੁਰ ਹੋ।
ਪਰਮੇਸ਼ੁਰ ਦਾ ਹਿਜ਼ਕੀਯਾਹ ਨੂੰ ਜਵਾਬ
21 ਫ਼ੇਰ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਘਲਿਆ। ਯ੍ਯਸਾਯਾਹ ਨੇ ਆਖਿਆ, “ਇਸਰਾਏਲ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਤੁਸੀਂ ਮੇਰੇ ਅੱਗੇ ਅੱਸ਼ੂਰ ਦੇ ਰਾਜੇ ਸਨਹੇਰੀਬ ਵੱਲੋਂ ਆਏ ਸੰਦੇਸ਼ ਬਾਰੇ ਪ੍ਰਾਰਥਨਾ ਕੀਤੀ। ਮੈਂ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ।’
22 “ਸਨਹੇਰੀਬ ਬਾਰੇ ਯਹੋਵਾਹ ਦਾ ਸੰਦੇਸ਼ ਇਉਂ ਹੈ:
‘ਅੱਸ਼ੂਰ ਦੇ ਰਾਜੇ, ਸੀਯੋਨ ਯਰੂਸ਼ਲਮ ਦੀ ਕਂਵਾਰੀ ਪੁੱਤਰੀ ਤੈਨੂੰ ਮਹੱਤਵਪੂਰਣ ਨਹੀਂ ਸਮਝਦੀ।
ਉਹ ਤੇਰੇ ਉੱਤੇ ਹੱਸਦੀ ਹੈ।
ਯਰੂਸ਼ਲਮ ਦੀ ਪੁੱਤਰੀ ਮਜ਼ਾਕ ਤੇਰਾ ਉਡਾਉਂਦੀ ਹੈ।
23 ਪਰ ਤੂੰ ਕਿਸਦੀ ਬੇਅਦਬੀ ਕੀਤੀ ਅਤੇ ਕਿਸਦਾ ਮਜ਼ਾਕ ਉਡਾਇਆ ਸੀ?
ਤੂੰ ਕਿਸਦੇ ਖਿਲਾਫ਼ ਬੋਲਿਆ ਸੀ?
ਤੂੰ ਇਸਰਾਏਲ ਦੇ ਪਵਿੱਤਰ ਪੁਰੱਖ ਦੇ ਵਿਰੁੱਧ ਸੀ!
ਤੂੰ ਉਸ ਤੋਂ ਬਿਹਤਰ ਹੋਣ ਦਾ ਵਿਖਾਵਾ ਕੀਤਾ ਸੀ।
24 ਤੂੰ ਆਪਣੇ ਅਧਿਕਾਰੀਆਂ ਨੂੰ ਮੇਰੇ ਪ੍ਰਭੂ, ਯਹੋਵਾਹ ਦਾ ਅਪਮਾਨ ਕਰਨ ਲਈ ਭੇਜਿਆ।
ਤੂੰ ਆਖਿਆ ਸੀ,
“ਮੈਂ ਬਹੁਤ ਤਾਕਤਵਰ ਹਾਂ! ਮੇਰੇ ਕੋਲ ਬਹੁਤ ਸਾਰੇ ਰੱਥ ਨੇ।
ਮੈਂ ਲਬਾਨੋਨ ਨੂੰ ਆਪਣੀ ਸ਼ਕਤੀ ਨਾਲ ਹਰਾਇਆ ਸੀ
ਮੈਂ ਲਬਾਨੋਨ ਦੇ ਸਭ ਤੋਂ ਉੱਚੇ ਪਰਬਤ ਉੱਤੇ ਚੜ੍ਹ ਗਿਆ ਸਾਂ।
ਮੈਂ ਲਬਾਨੋਨ ਦੇ ਸਾਰੇ ਵੱਡੇ ਰੁੱਖ ਛਾਂਗ ਸੁੱਟੇ ਸਨ।।
ਮੈਂ ਸਭ ਤੋਂ ਉੱਚੇ ਪਰਬਤ ਉੱਤੇ
ਅਤੇ ਸਭ ਤੋਂ ਸੰਘਣੇ ਉਸ ਜੰਗਲ ਅੰਦਰ ਪਹੁੰਚਿਆ ਹਾਂ।
25 ਮੈਂ ਖੂਹ ਪੁੱਟੇ ਤੇ ਨਵੀਆਂ ਥਾਵਾਂ ਦਾ ਪਾਣੀ ਪੀਤਾ।
ਮੈਂ ਮਿਸਰ ਦੀਆਂ ਨਦੀਆਂ ਸੁਕਾ ਦਿੱਤੀਆਂ ਸਨ
ਤੇ ਉਸ ਦੇਸ਼ ਨੂੰ ਲਿਤਾੜ ਦਿੱਤਾ ਸੀ।”
26 ‘ਇਹੀ ਸੀ ਜੋ ਤੂੰ ਆਖਿਆ ਸੀ ਪਰ ਕੀ ਤੂੰ ਨਹੀਂ ਸੁਣਿਆ ਜੋ ਮੈਂ ਆਖਿਆ ਸੀ?
ਮੈਂ ਇਹ ਯੋਜਨਾ ਬਹੁਤ ਪਹਿਲਾਂ ਬਣਾਈ ਸੀ,
ਪੁਰਾਤਨ ਸਮਿਆਂ ਤੋਂ ਹੀ ਮੇਰੀ ਇਹ ਯੋਜਨਾ ਸੀ।
ਤੇ ਹੁਣ ਮੈਂ ਇਸ ਨੂੰ ਵਾਪਰਨ ਦਾ ਹੁਕਮ ਦਿੱਤਾ ਹੈ।
ਮੈਂ ਤੈਨੂੰ ਮਜ਼ਬੂਤ ਸ਼ਹਿਰਾਂ ਨੂੰ ਤਹਿਸ ਨਹਿਸ ਕਰਨ ਦਿੱਤਾ
ਅਤੇ ਉਨ੍ਹਾਂ ਨੂੰ ਮਲਬੇ ਦੇ ਢੇਰਾਂ ਵਿੱਚ ਤਬਦੀਲ ਕਰਨ ਦਿੱਤਾ।
27 ਸ਼ਹਿਰ ਦੇ ਲੋਕਾਂ ਕੋਲ ਕੋਈ ਸ਼ਕਤੀ ਨਹੀਂ ਸੀ।
ਉਹ ਲੋਕ ਡਰੇ ਹੋਏ ਅਤੇ ਘਬਰਾੇ ਹੋਏ ਸਨ।
ਉਹ ਕੱਟੇ ਜਾਣ ਵਾਲੇ ਸਨ ਖੇਤਾਂ ਦੇ ਘਾਹ ਵਾਂਗ।
ਉਹ ਘਰਾਂ ਦੀਆਂ ਛੱਤਾਂ ਉੱਤੇ ਉੱਗੇ ਘਾਹ ਵਾਂਗ ਸਨ।
ਵੱਧਣ ਫ਼ੁੱਲਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਜਿਹੜਾ।
28 ਮੈਨੂੰ ਤੇਰੀਆਂ ਸਾਰੀਆਂ ਲੜਾਈਆਂ ਦਾ ਪਤਾ ਹੈ।
ਮੈਂ ਜਾਣਦਾ ਤੂੰ ਕਦੋਂ ਅਰਾਮ ਕਰਦਾ ਸੈਂ।
ਮੈਂ ਜਾਣਦਾ ਜਦੋਂ ਤੂੰ ਜੰਗ ਕਰਨ ਜਾਂਦਾ ਸੀ।
ਮੈਂ ਜਾਣਦਾ ਜਦੋਂ ਤੂੰ ਯੁੱਧ ਤੋਂ ਮਗਰੋਂ, ਘਰ ਪਰਤਦਾ ਸੀ।
ਮੈਂ ਇਹ ਵੀ ਜਾਣਦਾ ਤੂੰ ਕਦੋਂ ਮੇਰੇ ਕੋਲੋਂ ਉਪਰਾਮ ਹੁੰਦਾ ਸੈਂ।
29 ਹਾਂ, ਤੂੰ ਉਪਰਾਮ ਮੇਰੇ ਕੋਲੋਂ ਸੈਂ।
ਮੈਂ ਤੇਰੀਆਂ ਬੇ-ਅਦਬ ਗੁਮਾਨੀ ਗੱਲਾਂ ਸੁਣੀਆਂ ਹਨ।
ਇਸ ਲਈ ਮੈਂ ਤੇਰੇ ਨੱਕ ਵਿੱਚ ਨੱਬ ਪਾਵਾਂਗਾ।
ਅਤੇ ਮੈਂ ਤੇਰੇ ਮੂੰਹ ਅੰਦਰ ਲਗਾਮ ਪਾਵਾਂਗਾ।
ਤੇ ਫ਼ੇਰ ਮੈਂ ਤੈਨੂੰ ਭੁਆਟਣੀਆਂ ਦੇਵਾਂਗਾ
ਤੇ ਤੈਨੂੰ ਓਸ ਰਾਹ ਵਾਪਸ ਭੇਜ ਦੇਵਾਂਗਾ।’”
ਯਹੋਵਾਹ ਦਾ ਹਿਜ਼ਕੀਯਾਹ ਲਈ ਸੰਦੇਸ਼
30 ਫ਼ੇਰ ਯਹੋਵਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਮੈਂ ਤੈਨੂੰ ਸੰਕੇਤ ਦੇਵਾਂਗਾ ਇਹ ਦਰਸਾਉਣ ਲਈ ਕਿ ਇਹ ਸ਼ਬਦ ਸਹੀ ਨੇ। ਤੂੰ ਬੀਜ ਬੀਜਣ ਦੇ ਯੋਗ ਨਹੀਂ ਸੈਂ। ਇਸ ਲਈ ਤੂੰ ਉਹੀ ਅਨਾਜ ਖਾਵੇਂਗਾ ਜਿਹੜਾ ਪਿੱਛਲੀ ਫ਼ਸਲ ਤੋਂ ਖੁਦਰੌ ਢੰਗ ਨਾਲ ਉਗਿਆ ਸੀ। ਪਰ ਤਿੰਨਾਂ ਸਾਲਾਂ ਅੰਦਰ ਤੂੰ ਉਹ ਅਨਾਜ ਖਾਵੇਗਾ ਜਿਹੜਾ ਤੂੰ ਬੀਜਿਆ ਸੀ। ਤੂੰ ਉਨ੍ਹਾਂ ਫ਼ਸਲਾਂ ਨੂੰ ਵਢ੍ਢੇਁਗਾ ਅਤੇ ਤੇਰੇ ਕੋਲ ਖਾਣ ਲਈ ਕਾਫ਼ੀ ਅਨਾਜ ਹੋਵੇਗਾ। ਤੂੰ ਅੰਗੂਰੀ ਵੇਲਾਂ ਬੀਜੇਁਗਾ ਅਤੇ ਉਨ੍ਹਾਂ ਦਾ ਫ਼ਲ ਖਾਵੇਂਗਾ।
31 “ਯਹੂਦਾਹ ਦੇ ਪਰਿਵਾਰ ਦਾ ਅਵਸ਼ੇਸ਼ ਫ਼ਿਰ ਤੋਂ ਵੱਧਣਾ ਸ਼ੁਰੂ ਕਰੇਗਾ। ਇਹ ਲੋਕ ਉਨ੍ਹਾਂ ਪੌਦਿਆਂ ਵਰਗੇ ਹੋਣਗੇ। ਜਿਹੜੇ ਆਪਣੀਆਂ ਜਢ਼ਾਂ ਧਰਤੀ ਵਿੱਚ ਡੂੰਘੀਆਂ ਲਾ ਦਿੰਦੇ ਹਨ ਅਤੇ ਧਰਤੀ ਦੇ ਉੱਪਰ ਫ਼ਲ ਪੈਦਾ ਕਰਦੇ ਹਨ। 32 ਕੁਝ ਲੋਕ ਜੋ ਜਿਉਂਦੇ ਬਚ ਜਾਣਗੇ ਯਰੂਸ਼ਲਮ ਤੋਂ ਬਾਹਰ ਜਾਣਗੇ। ਅਤੇ ਕੁਝ ਬਚੇ ਹੋਏ ਸਿਯੋਕ ਪਰਬਤ ਤੋਂ ਬਾਹਰ ਆਉਣਗੇ।” ਯਹੋਵਾਹ ਸਰਬ-ਸ਼ਕਤੀਮਾਨ ਦਾ ਮਜ਼ਬੂਤ ਪਿਆਰ ਇੰਝ ਕਰੇਗਾ।
33 ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ:
“ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ।
ਉਹ ਇਸ ਸ਼ਹਿਰ ਉੱਤੇ ਤੀਰ ਨਹੀਂ ਚਲਾਵੇਗਾ।
ਉਹ ਇਸ ਸ਼ਹਿਰ ਅੰਦਰ ਢਾਲਾਂ ਨਹੀਂ ਲਿਆਵੇਗਾ।
ਉਹ ਇਸ ਸ਼ਹਿਰ ਦੀਆਂ ਦੀਵਾਰਾਂ ਉੱਤੇ ਹਮਲਾ ਕਰਨ ਲਈ, ਮਿੱਟੀ ਦੀ ਢੇਰੀ ਨਹੀਂ ਉਸਾਰੇਗਾ।
34 ਉਹ ਵਾਪਸ ਓਸੇ ਰਾਹ ਮੁੜ ਜਾਵੇਗਾ ਜਿਧਰੋ ਉਹ ਆਇਆ ਸੀ।
ਉਹ ਇਸ ਸ਼ਹਿਰ ਅੰਦਰ ਨਹੀਂ ਆਵੇਗਾ।
ਯਹੋਵਾਹ ਇਹੀ ਆਖਦਾ ਹੈ!
35 ਮੈਂ ਇਸ ਸ਼ਹਿਰ ਨੂੰ ਬਚਾਵਾਂਗਾ ਤੇ ਇਸ ਦੀ ਰਾਖੀ ਕਰਾਂਗਾ।
ਇਹ ਗੱਲ ਮੈਂ ਆਪਣੇ ਲਈ ਅਤੇ ਆਪਣੇ ਸੇਵਕ ਦਾਊਦ ਲਈ ਕਰਾਂਗਾ।”
The Assyrian Army Is Destroyed
36 ਉਸ ਰਾਤ ਯਹੋਵਾਹ ਦਾ ਦੂਤ ਬਾਹਰ ਗਿਆ ਅਤੇ ਉਸ ਨੇ ਅੱਸ਼ੂਰ ਦੇ ਡੇਰੇ ਦੇ 1,85,000 ਬੰਦੇ ਮਾਰ ਦਿੱਤੇ। ਸਵੇਰੇ ਜਦੋਂ ਲੋਕ ਉੱਠੇ ਤਾਂ ਉਨ੍ਹਾਂ ਨੇ ਆਪਣੇ ਹਰ ਪਾਸੇ ਲਾਸ਼ਾਂ ਡਿਠ੍ਠੀਆਂ। 37 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ, ਨੀਨਵਾਹ ਵਾਪਸ ਚੱਲਾ ਗਿਆ ਅਤੇ ਉੱਥੇ ਹੀ ਰਿਹਾ।
38 ਇੱਕ ਦਿਨ, ਸਨਹੇਰੀਬ ਆਪਣੇ ਦੇਵਤੇ, ਨਿਸਰੋਕ ਦੇ ਮੰਦਰ ਵਿੱਚ ਸੀ ਅਤੇ ਉਸਦੀ ਉਪਾਸਨਾ ਕਰ ਰਿਹਾ ਸੀ ਉਸ ਵੇਲੇ ਉਸ ਦੇ ਦੋ ਪੁੱਤਰਾਂ, ਅੰਦਰਮਲਕ ਅਤੇ ਸਰਸਰ ਨੇ ਉਸ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਫ਼ੇਰ ਉਹ ਪੁੱਤਰ ਅਰਾਰਾਤ ਨੂੰ ਭੱਜ ਗਏ। ਇਸ ਲਈ ਸਨਹੇਰੀਬ ਦਾ ਪੁੱਤਰ ਏਸਰ-ਹੱਦੋਨ ਅੱਸ਼ੂਰ ਦਾ ਨਵਾਂ ਰਾਜਾ ਬਣ ਗਿਆ।
ਇਸਰਾਏਲ ਦੇ 144,000 ਲੋਕ
7 ਇਸਦੇ ਵਾਪਰਨ ਤੋਂ ਮਗਰੋਂ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚੌਹਾਂ ਕੋਨਿਆਂ ਉੱਪਰ ਖਲੋਤਿਆਂ ਦੇਖਿਆ। ਦੂਤ ਧਰਤੀ ਦੀਆਂ ਚੌਹਾਂ ਹਵਾਵਾਂ ਨੂੰ ਧਰਤੀ ਤੇ ਜਾਂ ਸਮੁੰਦਰ ਤੇ ਜਾਂ ਰੁੱਖਾਂ ਤੇ ਵਗਣ ਤੋਂ ਬੰਦ ਕਰਨ ਲਈ ਫ਼ੜੀ ਹੋਏ ਸਨ। 2 ਫ਼ੇਰ ਮੈਂ ਪੂਰਬ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਇਸ ਦੂਤ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਚੌਹਾਂ ਦੂਤਾਂ ਨੂੰ ਬੁਲਾਇਆ। ਉਨ੍ਹਾਂ ਚੌਹਾਂ ਦੂਤਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਣ ਦੀ ਸ਼ਕਤੀ ਦਿੱਤੀ ਹੋਈ ਸੀ। ਦੂਤ ਨੇ ਚੌਹਾਂ ਦੂਤਾਂ ਨੂੰ ਆਖਿਆ, 3 “ਓਨਾ ਚਿਰ, ਜ਼ਮੀਨ, ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਇਓ ਜਿੰਨਾ ਚਿਰ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਮੱਥਿਆਂ ਤੇ ਮੋਹਰ ਨਾ ਲਾ ਦੇਈਏ। ਸਾਨੂੰ ਉਨ੍ਹਾਂ ਦੇ ਮੱਥਿਆਂ ਉੱਤੇ ਨਿਸ਼ਾਨ ਜ਼ਰੂਰ ਲਾਉਣਾ ਚਾਹੀਦਾ ਹੈ।”
4 ਫ਼ੇਰ ਮੈਂ ਉਨ੍ਹਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਤੇ ਮੋਹਰ ਦੁਆਰਾ ਨਿਸ਼ਾਨ ਲਾਇਆ ਗਿਆ ਸੀ। ਉੱਥੇ ਮੋਹਰ ਨਾਲ 144,000 ਲੋਕਾਂ ਤੇ ਨਿਸ਼ਾਨ ਲੱਗੇ ਹੋਏ ਸਨ। ਅਤੇ ਉਹ ਇਸਰਾਏਲ ਦੇ ਵੰਸ਼ ਤੋਂ ਸਨ।
5 ਯਹੂਦਾਹ ਦੇ ਪਰਿਵਾਰ ਸਮੂਹ ਵਿੱਚੋਂ 12,000
ਰਊਬੇਨ ਦੇ ਪਰਿਵਾਰ ਸਮੂਹ ਵਿੱਚੋਂ 12,000
ਗਾਦ ਦੇ ਪਰਿਵਾਰ ਸਮੂਹ ਵਿੱਚੋਂ 12,000
6 ਆਸ਼ੇਰ ਦੇ ਪਰਿਵਾਰ ਸਮੂਹ ਵਿੱਚੋਂ 12,000
ਨਫ਼ਤਾਲੀ ਦੇ ਪਰਿਵਾਰ ਸਮੂਹ ਵਿੱਚੋਂ 12,000
ਮਨੱਸ਼ਹ ਦੇ ਪਰਿਵਾਰ ਸਮੂਹ ਵਿੱਚੋਂ 12,000
7 ਸ਼ਿਮਓਨ ਦੇ ਪਰਿਵਾਰ ਵਿੱਚੋਂ 12,000
ਲੇਵੀ ਦੇ ਪਰਿਵਾਰ ਸਮੂਹ ਵਿੱਚੋਂ 12,000
ਯਿੱਸਾਕਾਰ ਦੇ ਪਰਿਵਾਰ ਸਮੂਹ ਵਿੱਚੋਂ 12,000
8 ਜ਼ਬੂਲੁਨ ਦੇ ਪਰਿਵਾਰ ਸਮੂਹ ਵਿੱਚੋਂ 12,000
ਯੂਸੁਫ਼ ਦੇ ਪਰਿਵਾਰ ਸਮੂਹ ਵਿੱਚੋਂ 12,000
ਬਿਨਯਾਮੀਨ ਦੇ ਪਰਿਵਾਰ ਵਿੱਚੋਂ 12,000
ਵੱਡੀ ਭੀੜ
9 ਫ਼ੇਰ ਮੈਂ ਤੱਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਵੇਖੀ। ਉੱਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸੱਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜ਼ੈਤੂਨ ਦੀਆਂ ਟਹਿਣੀਆਂ ਸਨ। 10 ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾਇਆ, “ਜਿੱਤ ਸਾਡੇ ਪਰਮੇਸ਼ੁਰ ਦੀ ਹੈ ਜਿਹੜਾ ਤਖਤ ਤੇ ਬੈਠਾ ਹੈ ਅਤੇ ਲੇਲੇ ਦੀ ਹੈ।”
11 ਬਜ਼ੁਰਗ ਅਤੇ ਚਾਰੇ ਸਜੀਵ ਚੀਜ਼ਾਂ ਉੱਥੇ ਹੀ ਸਨ। ਸਾਰੇ ਦੂਤ ਉਨ੍ਹਾਂ ਦੇ ਅਤੇ ਤਖਤ ਦੇ ਆਲੇ-ਦੁਆਲੇ ਖਲੋਤੇ ਹੋਏ ਸਨ। ਦੂਤ ਤਖਤ ਅੱਗੇ ਮੂਧੇ ਮੂੰਹ ਡਿੱਗ ਪਏ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। 12 ਉਨ੍ਹਾਂ ਨੇ ਆਖਿਆ, “ਆਮੀਨ। ਉਸਤਤ, ਮਹਿਮਾ, ਸਿਆਣਪ, ਧੰਨਵਾਦੀ ਹੋਣਾ, ਸਤਿਕਾਰ, ਸ਼ਕਤੀ ਅਤੇ ਤਾਕਤ ਸਦਾ ਅਤੇ ਸਦਾ ਸਾਡੇ ਪਰਮੇਸ਼ੁਰ ਨੂੰ ਹੋਵੇ। ਆਮੀਨ।”
13 ਫ਼ਿਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, “ਇਹ ਚਿੱਟੇ ਵਸਤਰ ਪਾਏ ਲੋਕ ਕੌਣ ਹਨ? ਉਹ ਕਿੱਥੋਂ ਆਏ ਹਨ?”
14 ਮੈਂ ਜਵਾਬ ਦਿੱਤਾ, “ਜਨਾਬ ਤੁਸੀਂ ਜਾਣਦੇ ਹੀ ਹੋ ਉਹ ਕੌਣ ਹਨ।”
ਅਤੇ ਬਜ਼ੁਰਗ ਨੇ ਆਖਿਆ, “ਇਹ ਉਹੀ ਲੋਕ ਹਨ ਜਿਹੜੇ ਵੱਡੇ ਤਸੀਹਿਆਂ ਰਾਹੀਂ ਲੰਘੇ ਹਨ। ਉਨ੍ਹਾਂ ਨੇ ਆਪਣੇ ਚੋਲੇ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟੇ ਬਣਾਇਆ। 15 ਇਸ ਲਈ ਹੁਣ ਇਹ ਲੋਕ ਪਰਮੇਸ਼ੁਰ ਦੇ ਤਖਤ ਅੱਗੇ ਖਲੋਤੇ ਹਨ। ਉਹ ਦਿਨ ਰਾਤ ਪਰਮੇਸ਼ੁਰ ਦੀ ਸੇਵਾ ਉਸ ਦੇ ਮੰਦਰ ਵਿੱਚ ਕਰਦੇ ਹਨ। ਅਤੇ ਉਹ ਇੱਕ ਜਿਹੜਾ ਤਖਤ ਤੇ ਬੈਠਦਾ ਹੈ ਉਨ੍ਹਾਂ ਦੀ ਰੱਖਿਆ ਕਰੇਗਾ। 16 ਉਹ ਫ਼ੇਰ ਕਦੇ ਵੀ ਭੁੱਖੇ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਪਿਆਸੇ ਨਹੀਂ ਹੋਣਗੇ। ਸੂਰਜ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਏਗਾ। ਕੋਈ ਤਪਸ਼ ਉਨ੍ਹਾਂ ਨੂੰ ਸਾੜੇਗੀ ਨਹੀਂ। 17 ਤਖਤ ਦੇ ਅੱਗੇ ਖਲੋਤਾ ਲੇਲਾ ਆਜੜੀ ਵਾਂਗ ਉਨ੍ਹਾਂ ਦਾ ਧਿਆਨ ਰੱਖੇਗਾ। ਉਹ ਉਨ੍ਹਾਂ ਨੂੰ ਪਾਣੀ ਦੇ ਝਰਨਿਆਂ ਕੋਲ ਲੈ ਜਾਵੇਗਾ ਜੋ ਜੀਵਨ ਦਿੰਦੇ ਹਨ, ਅਤੇ ਪਰਮੇਸ਼ੁਰ ਦੀਆਂ ਅੱਖਾਂ ਵਿੱਚੋਂ ਉਨ੍ਹਾਂ ਦੇ ਅੱਥਰੂ ਪੂੰਝ ਦੇਵੇਗਾ।”
2010 by World Bible Translation Center