M’Cheyne Bible Reading Plan
ਹਮੇਸ਼ਾ ਪਰਮੇਸ਼ੁਰ ਨੂੰ ਪਿਆਰ ਕਰੋ ਅਤੇ ਉਸ ਦੇ ਹੁਕਮ ਦਾ ਪਾਲਣ ਕਰੋ
6 “ਇਹ ਉਹ ਹੁਕਮ, ਕਾਨੂੰਨ ਅਤੇ ਬਿਧੀਆਂ ਹਨ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਸਿੱਖਾਉਣ ਲਈ ਮੈਨੂੰ ਦੱਸੇ। ਇਨ੍ਹਾਂ ਕਾਨੂੰਨਾ ਦੀ ਉਸ ਧਰਤੀ ਉੱਤੇ ਜਾਕੇ ਪਾਲਣਾ ਕਰਨੀ ਜਿੱਥੇ ਤੁਸੀਂ ਰਹਿਣ ਲਈ ਦਾਖਿਲ ਹੋ ਰਹੇ ਹੋ। 2 ਤੁਹਾਨੂੰ ਅਤੇ ਤੁਹਾਡੇ ਵਾਰਸਾਂ ਨੂੰ, ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਦੇ ਸਾਰੇ ਕਾਨੂੰਨਾ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਉਸ ਨਵੀਂ ਧਰਤੀ ਵਿੱਚ ਲੰਮੀ ਉਮਰ ਭੋਗੋਂਗੇ। 3 ਇਸਰਾਏਲ ਦੇ ਲੋਕੋ, ਸੁਣੋ! ਇਨ੍ਹਾਂ ਕਾਨੂੰਨਾ ਦੀ ਪਾਲਣਾ ਕਰਨ ਵਿੱਚ ਹੋਸ਼ਿਆਰ ਰਹੋ, ਫ਼ੇਰ ਹਮੇਸ਼ਾ ਤੁਹਾਡੇ ਲਈ ਸਭ ਕੁਝ ਵੱਧੀਆ ਹੋਵੇਗਾ। ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ, ਅਤੇ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹਾਸਿਲ ਕਰੋਂਗੇ-ਜਿਹਾ ਕਿ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ।
4 “ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਹੈ। ਯਹੋਵਾਹ ਇੱਕ ਹੈ! 5 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪੂਰੇ ਦਿਲ ਨਾਲ, ਆਪਣੀ ਸਾਰੀ ਆਤਮਾ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ। 6 ਜਿਹੜੇ ਆਦੇਸ਼ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ। 7 ਇਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿੱਖਾਉਣਾ। ਜਦੋਂ ਵੀ ਤੁਸੀਂ ਘਰ ਵਿੱਚ ਬੈਠੇ ਹੋਵੋ ਜਾਂ ਸੜਕ ਉੱਤੇ ਚੱਲ ਰਹੇ ਹੋਵੋਂ ਇਨ੍ਹਾਂ ਆਦੇਸ਼ਾਂ ਬਾਰੇ ਗੱਲ ਕਰੋ। ਲੇਟਦਿਆਂ, ਉੱਠਦਿਆਂ ਵੀ ਇਨ੍ਹਾਂ ਗੱਲਾਂ ਬਾਰੇ ਕਰੋ। 8 ਇਨ੍ਹਾਂ ਆਦੇਸ਼ਾਂ ਨੂੰ ਲਿਖ ਲਵੋ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਇਨ੍ਹਾਂ ਨੂੰ ਆਪਣੇ ਮੱਥੇ ਉੱਤੇ ਪਹਿਨੋ ਤਾਂ ਜੋ ਤੁਹਾਨੂੰ ਮੇਰੀਆਂ ਸਿੱਖਿਆਵਾਂ ਚੇਤੇ ਕਰਨ ਵਿੱਚ ਸਹਾਇਤਾ ਮਿਲ ਸੱਕੇ। 9 ਇਨ੍ਹਾਂ ਨੂੰ ਆਪਣੇ ਫ਼ਾਟਕਾਂ ਅਤੇ ਆਪਣੇ ਦਰਵਾਜ਼ਿਆਂ ਉੱਤੇ ਲਿਖ ਲਵੋ।
10 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇੱਕ ਇਕਰਾਰ ਕੀਤਾ ਸੀ। ਯਹੋਵਾਹ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਅਤੇ ਉਹ ਤੁਹਾਨੂੰ ਮਹਾਨ ਅਤੇ ਅਮੀਰ ਸ਼ਹਿਰ ਦੇਵੇਗਾ, ਜਿਹੜੇ ਤੁਸੀਂ ਨਹੀਂ ਉਸਾਰੇ ਸਨ। 11 ਯਹੋਵਾਹ ਤੁਹਾਨੂੰ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਭਰਿਆ ਸੀ। ਯਹੋਵਾਹ ਤੁਹਾਨੂੰ ਉਹ ਖੂਹ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਸਨ। ਯਹੋਵਾਹ ਤੁਹਾਨੂੰ ਅੰਗੂਰਾਂ ਅਤੇ ਜੈਤੂਨ ਦੇ ਰੁੱਖਾਂ ਦੇ ਖੇਤ ਦੇਵੇਗਾ ਜਿਹੜੇ ਤੁਸੀਂ ਨਹੀਂ ਬੀਜੇ ਸਨ। ਅਤੇ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ।
12 “ਪਰ ਧਿਆਨ ਰੱਖਣਾ! ਯਹੋਵਾਹ ਨੂੰ ਭੁੱਲ ਨਾ ਜਾਣਾ। ਤੁਸੀਂ ਮਿਸਰ ਵਿੱਚ ਗੁਲਾਮ ਸੀ, ਪਰ ਯਹੋਵਾਹ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਆਇਆ। 13 ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰੋ ਅਤੇ ਸਿਰਫ਼ ਓਸੇ ਦੀ ਸੇਵਾ ਕਰੋ। ਤੁਹਾਨੂੰ ਇਕਰਾਰ ਕਰਨ ਲਈ ਸਿਰਫ਼ ਉਸੇ ਦੇ ਨਾਮ ਦੀ ਵਰਤੋਂ ਕਰਨੀ ਚਾਹੀਦੀ ਹੈ। 14 ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਤੁਹਾਨੂੰ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। 15 ਯਹੋਵਾਹ, ਤੁਹਾਡਾ ਪਰਮੇਸ਼ੁਰ, ਹਮੇਸ਼ਾ ਤੁਹਾਡੇ ਅੰਗ-ਸੰਗ ਹੈ। ਅਤੇ ਯਹੋਵਾਹ ਆਪਣੇ ਲੋਕਾਂ ਦਾ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ! ਇਸ ਲਈ ਜੇ ਤੁਸੀਂ ਉਨ੍ਹਾਂ ਹੋਰਨਾ ਦੇਵਿਤਆਂ ਦੇ ਪਿੱਛੇ ਲੱਗੋਂਗੇ, ਉਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ ਅਤੇ ਤੁਹਾਨੂੰ ਧਰਤੀ ਦੀ ਸਤਹ ਤੋਂ ਤਬਾਹ ਕਰ ਦੇਵੇਗਾ।
16 “ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਉਸ ਤਰ੍ਹਾਂ ਇਮਤਿਹਾਨ ਨਾ ਲਵੋ ਜਿਵੇਂ ਤੁਸੀਂ ਮੱਸਾਹ ਵਿਖੇ ਕੀਤਾ ਸੀ। 17 ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਦਾ ਦ੍ਰਿੜਤਾ ਨਾਲ ਪਾਲਣ ਕਰੋ। ਤੁਹਾਨੂੰ ਉਨ੍ਹਾਂ ਸਾਰੀਆਂ ਸਾਖੀਆਂ ਅਤੇ ਬਿਧੀਆਂ ਦਾ ਪਾਲਣਾ ਕਰਨੀ ਚਾਹੀਦੀ ਹੈ ਜਿਹੜੇ ਉਸ ਨੇ ਤੁਹਾਨੂੰ ਦਿੱਤੇ ਹਨ। 18 ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਠੀਕ ਅਤੇ ਚੰਗੀਆਂ ਹਨ-ਉਹ ਗੱਲਾਂ ਜਿਹੜੀਆਂ ਯਹੋਵਾਹ ਨੂੰ ਪ੍ਰਸੰਨ ਕਰਦੀਆਂ ਹਨ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ, ਅਤੇ ਤੁਸੀਂ ਜਾਕੇ ਉਹ ਚੰਗੀ ਧਰਤੀ ਹਾਸਿਲ ਕਰ ਸੱਕੋਂਗੇ ਜਿਸਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 19 ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਦੁਸ਼ਮਣਾ ਨੂੰ ਬਾਹਰ ਕੱਢ ਦਿਉ ਜਿਵੇਂ ਯਹੋਵਾਹ ਨੇ ਆਖਿਆ ਸੀ।
ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਕਾਰਨਾਮਿਆਂ ਬਾਰੇ ਦੱਸੋ
20 “ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛ ਸੱਕਦੇ ਹਨ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਤੁਹਾਨੂੰ ਸਾਖੀਆਂ, ਕਾਨੂੰਨ ਅਤੇ ਬਿਧੀਆਂ ਦਿੱਤੀਆਂ! ਉਨ੍ਹਾਂ ਦਾ ਕੀ ਅਰਥ ਹੈ?’ 21 ਫ਼ੇਰ ਤੁਸੀਂ ਆਪਣੇ ਬੱਚਿਆਂ ਨੂੰ ਆਖੋਂਗੇ, ‘ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਤੋਂ ਬਾਹਰ ਲੈ ਆਇਆ। 22 ਯਹੋਵਾਹ ਨੇ ਮਹਾਨ ਅਤੇ ਅਦਭੁਤ ਕਾਰਨਾਮੇ ਕੀਤੇ। ਅਸੀਂ ਉਸ ਨੂੰ ਉਹ ਕਾਰਨਾਮੇ ਮਿਸਰੀ ਲੋਕਾਂ, ਫ਼ਿਰਊਨ ਅਤੇ ਫ਼ਿਰਊਨ ਦੇ ਘਰ ਦੇ ਲੋਕਾਂ ਨਾਲ ਕਰਦਿਆਂ ਦੇਖਿਆ। 23 ਅਤੇ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਉਹ ਧਰਤੀ ਦੇ ਸੱਕੇ ਜਿਸਦਾ ਉਸ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 24 ਯਹੋਵਾਹ ਨੇ ਸਾਨੂੰ ਇਨ੍ਹਾਂ ਸਾਰੀਆਂ ਸਾਖੀਆਂ ਉੱਤੇ ਚੱਲਣ ਦਾ ਹੁਕਮ ਦਿੱਤਾ ਸੀ। ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਚਾਹੀਦਾ ਹੈ। ਫ਼ੇਰ ਉਹ ਸਾਨੂੰ ਹਮੇਸ਼ਾ ਚੰਗਾ ਜੀਵਨ ਬਿਤਾਉਣ ਦੇਵੇਗਾ, ਜਿਵੇਂ ਕਿ ਅਸੀਂ ਹੁਣ ਹਾਂ। 25 ਜੇ ਅਸੀਂ ਧਿਆਨ ਨਾਲ ਪੂਰੇ ਨੇਮ ਦੀ ਪਾਲਣਾ ਕਰਾਂਗੇ ਬਿਲਕੁਲ ਓਸੇ ਤਰ੍ਹਾਂ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਕਰਨ ਲਈ ਆਖਿਆ ਸੀ, ਤਾਂ ਪਰਮੇਸ਼ੁਰ ਆਖੇਗਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਹੈ।’ [a]
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
“ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
ਤੁਹਾਡੀ ਸ਼ਕਤੀ ਮਹਾਨ ਹੈ।
ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
19 ਤੁਸੀਂ ਆਪਣੇ ਚੇਲਿਆਂ ਨੂੰ ਦਿਖਾਈ ਦਿੱਤੇ ਤੇ ਬੋਲੇ ਅਤੇ ਆਖਿਆ,
“ਮੈਂ ਭੀੜ ਵਿੱਚੋਂ, ਇੱਕ ਜਵਾਨ ਬੰਦੇ ਨੂੰ ਚੁਣਿਆ ਅਤੇ ਮੈਂ ਉਸ ਜਵਾਨ ਨੂੰ ਮਹੱਤਵਪੂਰਣ ਬਣਾਇਆ।
ਮੈਂ ਉਸ ਜਵਾਨ ਨੂੰ ਤਾਕਤਵਰ ਬਣਾਇਆ।
20 ਮੈਂ ਆਪਣੇ ਸੇਵਕ ਦਾਊਦ ਲਈ ਤੱਕਿਆ,
ਅਤੇ ਮੈਂ ਉਸ ਨੂੰ ਆਪਣੇ ਖਾਸ ਤੇਲ ਨਾਲ ਮਸਹ ਕੀਤਾ।
21 ਮੈਂ ਦਾਊਦ ਨੂੰ ਆਪਣੇ ਸੱਜੇ ਹੱਥ ਦਾ ਸਹਾਰਾ ਦਿੱਤਾ।
ਅਤੇ ਮੈਂ ਆਪਣੀ ਸ਼ਕਤੀ ਨਾਲ ਉਸ ਨੂੰ ਤਾਕਤਵਰ ਬਣਾ ਦਿੱਤਾ।
22 ਵੈਰੀ ਚੁਣੇ ਹੋਏ ਰਾਜੇ ਨੂੰ ਨਾ ਹਰਾ ਸੱਕਿਆ।
ਕਰੂਰ ਬੰਦੇ ਉਸ ਨੂੰ ਨਹੀਂ ਹਰਾ ਸੱਕੇ ਸਨ।
23 ਮੈਂ ਉਸ ਦੇ ਵੈਰੀਆਂ ਨੂੰ ਮੁਕਾ ਦਿੱਤਾ,
ਮੈਂ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਮੇਰੇ ਚੁਣੇ ਹੋਏ ਰਾਜੇ ਨੂੰ ਨਫ਼ਰਤ ਕਰਦੇ ਸਨ।
24 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਦਾ ਪਿਆਰ ਕਰਾਂਗਾ ਅਤੇ ਆਸਰਾ ਦੇਵਾਂਗਾ।
ਮੈਂ ਹਮੇਸ਼ਾ ਉਸ ਨੂੰ ਤਾਕਤਵਰ ਬਣਾਵਾਂਗਾ।
25 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਮੁੰਦਰ ਦਾ ਮਾਲਕ ਬਣਾ ਦਿੱਤਾ ਹੈ,
ਅਤੇ ਉਹ ਦਰਿਆਵਾਂ ਨੂੰ ਕਾਬੂ ਵਿੱਚ ਰੱਖੇਗਾ।
26 ਉਹ ਮੈਨੂੰ ਦੱਸੇਗਾ, ‘ਤੁਸੀਂ ਮੇਰੇ ਪਿਤਾ ਹੋ,
ਮੇਰੇ ਪਰਮੇਸ਼ੁਰ ਹੋ, ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।’
27 ਮੈਂ ਉਸ ਨੂੰ ਆਪਣਾ ਪਹਿਲੋਠਾ ਪੁੱਤਰ ਬਣਾਵਾਂਗਾ।
ਉਹ ਧਰਤੀ ਦਾ ਕਰਾਰ ਹੋਵੇਗਾ।
28 ਮੇਰਾ ਪਿਆਰ ਸਦਾ ਲਈ ਚੁਣੇ ਹੋਏ ਰਾਜੇ ਦੀ ਰੱਖਿਆ ਕਰੇਗਾ।
ਮੇਰਾ ਇਕਰਾਰ ਉਸ ਨਾਲ ਕਦੇ ਵੀ ਖਤਮ ਨਹੀਂ ਹੋਵੇਗਾ।
29 ਉਸਦਾ ਪਰਿਵਾਰ ਸਦਾ ਰਹੇਗਾ,
ਅਤੇ ਉਸਦਾ ਰਾਜ ਉਦੋਂ ਤੱਕ ਰਹੇਗਾ ਜਦੋਂ ਤੱਕ ਆਕਾਸ਼ ਹਨ।
30 ਜੇ ਉਸ ਦੀਆਂ ਔਲਾਦਾਂ ਮੇਰੇ ਨਾਮ ਉੱਤੇ ਚੱਲਣਾ
ਅਤੇ ਮੇਰਾ ਹੁਕਮ ਨੂੰ ਮੰਨਣ ਛੱਡ ਦੇਣਗੇ ਫ਼ਿਰ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ।
31 ਜੇ ਮੇਰੇ ਚੁਣੇ ਹੋਏ ਰਾਜੇ ਦੀ ਔਲਾਦ ਮੇਰੇ ਨੇਮ ਤੋਂੜਨਗੇ
ਅਤੇ ਮੇਰੇ ਆਦੇਸ਼ ਅਣਡਿੱਠ ਕਰਨਗੇ।
32 ਤਾਂ ਮੈਂ ਉਨ੍ਹਾਂ ਨੂੰ ਬਹੁਤ ਸਖਤ ਸਜ਼ਾ ਦੇਵਾਂਗਾ।
33 ਪਰ ਮੈਂ ਉਨ੍ਹਾਂ ਲੋਕਾਂ ਤੋਂ ਆਪਣਾ ਪਿਆਰ ਕਦੀ ਨਹੀਂ ਖੋਹਾਂਗਾ।
ਮੈਂ ਸਦਾ ਉਨ੍ਹਾਂ ਦਾ ਵਫ਼ਾਦਾਰ ਰਹਾਂਗਾ।
34 ਮੈਂ ਦਾਊਦ ਨਾਲ ਆਪਣਾ ਕਰਾਰ ਨਹੀਂ ਤੋੜਾਂਗਾ
ਮੈਂ ਆਪਣੇ ਕਰਾਰ ਨੂੰ ਨਹੀਂ ਤੋੜਾਂਗਾ।
35 ਆਪਣੀ ਪਵਿੱਤਰਤਾ ਉੱਤੇ ਸੌਂਹ ਖਾਧੀ ਅਤੇ ਉਸ ਨਾਲ ਇੱਕ ਵਾਅਦਾ ਕੀਤਾ
ਅਤੇ ਮੈਂ ਦਾਊਦ ਨੂੰ ਝੂਠ ਨਹੀਂ ਬੋਲਾਂਗਾ।
36 ਦਾਊਦ ਦਾ ਪਰਿਵਾਰ ਸਦਾ ਲਈ ਰਹੇਗਾ।
ਉਸਦਾ ਪਿਆਰ ਸੂਰਜ ਰਹਿਣ ਤੱਕ ਰਹੇਗਾ।
37 ਇਹ ਚੰਨ ਵਾਂਗ ਹਮੇਸ਼ਾ ਜਾਰੀ ਰਹੇਗਾ। ਆਕਾਸ਼ ਸਾਡੇ ਕਰਾਰ ਦੇ ਸਬੂਤ ਹਨ।
ਇਸ ਕਰਾਰ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ।”
38 ਪਰ ਹੇ ਪਰਮੇਸ਼ੁਰ, ਤੁਸੀਂ ਆਪਣੇ ਚੁਣੇ ਉੱਤੇ ਕਹਿਰਵਾਨ ਹੋ ਗਏ
ਅਤੇ ਤੁਸਾਂ ਉਸ ਨੂੰ ਇੱਕਲਿਆਂ ਛੱਡ ਦਿੱਤਾ।
39 ਤੁਸੀਂ ਆਪਣੇ ਕਰਾਰ ਨੂੰ ਰੱਦ ਕਰ ਦਿੱਤਾ।
ਤੁਸੀਂ ਰਾਜੇ ਦੇ ਤਾਜ ਨੂੰ ਮਿੱਟੀ ਵਿੱਚ ਸੁੱਟ ਦਿੱਤਾ।
40 ਤੁਸੀਂ ਰਾਜੇ ਦੇ ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ।
ਤੁਸੀਂ ਉਸ ਦੇ ਸਾਰੇ ਕਿਲ੍ਹੇ ਤਬਾਹ ਕਰ ਦਿੱਤੇ।
41 ਜੋ ਕੋਲੋਂ ਦੀ ਲੰਘਦੇ ਹਨ, ਉਸਦੀਆਂ ਚੀਜ਼ਾਂ ਚੋਰੀ ਕਰਦੇ ਹਨ।
ਉਸ ਦੇ ਗੁਆਂਢੀ ਉਸ ਉੱਤੇ ਹੱਸਦੇ ਹਨ।
42 ਤੁਸਾਂ ਰਾਜੇ ਦੇ ਵੈਰੀਆਂ ਨੂੰ ਖੁਸ਼ ਕਰ ਦਿੱਤਾ।
ਤੁਸੀਂ ਉਸ ਦੇ ਵੈਰੀਆਂ ਨੂੰ ਜੰਗ ਜਿੱਤਣ ਦਿੱਤੀ।
43 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਆਪਣੀ ਰੱਖਿਆ ਕਰਨ ਵਿੱਚ ਸਹਾਇਤਾ ਕੀਤੀ।
ਤੁਸੀਂ ਆਪਣੇ ਰਾਜੇ ਦੀ ਲੜਾਈ ਜਿੱਤਣ ਵਿੱਚ ਸਹਾਇਤਾ ਨਹੀਂ ਕੀਤੀ।
44 ਤੁਸੀਂ ਉਸ ਨੂੰ ਜਿੱਤਣ ਨਹੀਂ ਦਿੱਤਾ।
ਤੁਸੀਂ ਸਦਾ ਤਖਤ ਜ਼ਮੀਨ ਉੱਤੇ ਡੇਗ ਦਿੱਤਾ।
45 ਤੁਸੀਂ ਉਸਦੀ ਉਮਰ ਘਟਾ ਦਿੱਤੀ।
ਤੁਸੀਂ ਉਸ ਨੂੰ ਸ਼ਰਮਸਾਰ ਕੀਤਾ।
46 ਯਹੋਵਾਹ, ਇਹੀ ਹੋਰ ਕਿੰਨਾ ਚਿਰ ਹੁੰਦਾ ਰਹੇਗਾ?
ਕੀ ਸਾਨੂੰ ਸਦਾ ਵਾਸਤੇ ਅਣਗੌਲ੍ਹਿਆਂ ਕਰੋਂਗੇ?
ਕੀ ਤੁਹਾਡਾ ਕਹਿਰ ਸਦਾ ਅੱਗ ਵਾਂਗ ਬਲਦਾ ਰਹੇਗਾ?
47 ਯਾਦ ਕਰੋ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ:
ਤੁਸੀਂ ਸਾਨੂੰ ਥੋੜਾ ਜੀਵਨ ਜਿਉਣ ਅਤੇ ਫ਼ੇਰ ਮਰ ਜਾਣ ਲਈ ਸਾਜਿਆ ਸੀ।
48 ਕੋਈ ਵੀ ਬੰਦਾ ਅਜਿਹਾ ਨਹੀਂ ਜਿਹੜਾ ਜੀਵੇਗਾ ਅਤੇ ਕਦੀ ਨਹੀਂ ਮਰੇਗਾ।
ਕੋਈ ਬੰਦਾ ਕਬਰ ਪਾਸੋਂ ਨਹੀਂ ਬਚੇਗਾ।
49 ਹੇ ਪਰਮੇਸ਼ੁਰ, ਉਹ ਪਿਆਰ ਕਿੱਥੇ ਹੈ ਜਿਹੜਾ ਤੁਸੀਂ ਅਤੀਤ ਵਿੱਚ ਦਰਸਾਇਆ ਸੀ?
ਤੁਸਾਂ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਦੇ ਪਰਿਵਾਰ ਨਾਲ ਵਫ਼ਾਦਾਰ ਹੋਵੋਂਗੇ।
50-51 ਹੇ ਮਾਲਕ, ਕਿਰਪਾ ਕਰਕੇ ਚੇਤੇ ਕਰੋ ਕਿ ਲੋਕਾਂ ਨੇ ਤੁਹਾਡੇ ਸੇਵਕ ਨੂੰ ਕਿਵੇਂ ਬੇਇੱਜ਼ਤ ਕੀਤਾ ਸੀ।
ਯਹੋਵਾਹ, ਮੈਨੂੰ ਤੁਹਾਡੇ ਵੈਰੀਆਂ ਪਾਸੋਂ ਬੇਇੱਜ਼ਤੀ ਭਰੀਆਂ ਉਹ ਸਾਰੀਆਂ ਗੱਲਾਂ ਸੁਣਨੀਆਂ ਪਈਆਂ।
ਉਨ੍ਹਾਂ ਲੋਕਾਂ ਤੇਰੇ ਚੁਣੇ ਹੋਏ ਰਾਜੇ ਨੂੰ ਬੇਇਜ਼ਤ ਕੀਤਾ।
52 ਯਹੋਵਾਹ ਨੂੰ ਸਦਾ ਅਤੇ ਸਦਾ ਲਈ ਅਸੀਸ ਦਿਉ।
ਆਮੀਨ ਫੇਰ ਆਮੀਨ।
ਪਰਮੇਸ਼ੁਰ ਆਪਣੇ ਦੁਸਮਣਾਂ ਨੂੰ ਸਜ਼ਾ ਦੇਵੇਗਾ
34 ਸਾਰੀਆਂ ਕੌਮਾਂ ਦੇ ਲੋਕੋ, ਨੇੜੇ ਆਓ ਤੇ ਸੁਣੋ! ਤੁਹਾਨੂੰ ਸਮੂਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਧਰਤੀ ਅਤੇ ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕਾਂ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ। 2 ਯਹੋਵਾਹ ਸਮੂਹ ਕੌਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ ਨਾਰਾਜ਼ ਹੈ। ਯੋਹਵਾਹ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਵੇਗਾ। 3 ਉਨ੍ਹਾਂ ਦੀਆਂ ਲਾਸ਼ਾਂ ਬਾਹਰ ਸੁੱਟ ਦਿੱਤੀਆਂ ਜਾਣਗੀਆਂ। ਲਾਸ਼ਾਂ ਵਿੱਚੋਂ ਦੁਰਗੰਧ ਉੱਠੇਗੀ ਅਤੇ ਪਹਾੜਾਂ ਤੋਂ ਖੂਨ ਵਗੇਗਾ। 4 ਅਕਾਸ਼ ਕਿਸੇ ਪੱਤ੍ਰੀ ਵਾਂਗ ਲਪੇਟ ਦਿੱਤੇ ਜਾਣਗੇ। ਅਤੇ ਸਿਤਾਰੇ ਮਰ ਜਾਣਗੇ ਅਤੇ ਕਿਸੇ ਵੇਲ ਜਾਂ ਅੰਜੀਰ ਦੇ ਰੁੱਖ ਦੇ ਸੁੱਕੇ ਪਤਿਆਂ ਵਾਂਗ ਡਿੱਗ ਪੈਣਗੇ। ਅਕਾਸ਼ ਦੇ ਸਭ ਤਾਰੇ ਪਿਘਲ ਜਾਣਗੇ। 5 ਯਹੋਵਾਹ ਆਖਦਾ ਹੈ, “ਅਜਿਹਾ ਓਦੋਁ ਵਾਪਰੇਗਾ ਜਦੋਂ ਅਕਾਸ਼ ਵਿੱਚ ਮੇਰੀ ਤਲਵਾਰ ਖੂਨ ਨਾਲ ਲਬਪਬ ਹੋ ਜਾਵੇਗੀ।”
ਦੇਖੋ! ਯਹੋਵਾਹ ਦੀ ਤਲਵਾਰ ਅਦੋਮ ਦੇ ਆਰ-ਪਾਰ ਹੋ ਜਾਵੇਗੀ। ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਮਰਨਾ ਪੈਣਾ ਹੈ। 6 ਕਿਉਂ ਕਿ ਯਹੋਵਾਹ ਕੋਲ ਭੇਡਾਂ ਅਤੇ ਬੱਕਰੀਆਂ ਦੀਆਂ ਕਾਫ਼ੀ ਬਲੀਆਂ ਸਨ ਅਤੇ ਉਸ ਨੇ ਨਿਆਂ ਕੀਤਾ ਸੀ ਕਿ ਬਾਸਰਾਹ ਅਤੇ ਅਦੋਮ ਵਿੱਚ ਬਲੀਆਂ ਦਾ ਇੱਕ ਸਮਾਂ ਹੋਵੇਗਾ। 7 ਇਸ ਲਈ ਭੇਡੂ, ਪਸ਼ੂ ਅਤੇ ਤਾਕਤਵਰ ਬਲਦ ਮਾਰੇ ਜਾਣਗੇ। ਧਰਤੀ ਉੱਤੇ ਉਨ੍ਹਾਂ ਦਾ ਖੂਨ ਫ਼ੈਲ ਜਾਵੇਗਾ। ਮਿੱਟੀ ਉਨ੍ਹਾਂ ਦੀ ਚਰਬੀ ਨਾਲ ਭਰ ਜਾਵੇਗੀ।
8 ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਯਹੋਵਾਹ ਨੇ ਸਜ਼ਾ ਦਾ ਸਮਾਂ ਚੁਣ ਲਿਆ ਹੈ। ਯਹੋਵਾਹ ਨੇ ਉਸ ਸਾਲ ਦੀ ਚੋਣ ਕਰ ਲਈ ਹੈ ਜਦੋਂ ਲੋਕਾਂ ਨੂੰ ਸੀਯੋਨ ਨਾਲ ਕੀਤੀਆਂ ਵੱਧੀਕੀਆਂ ਦਾ ਮੁੱਲ ਤਾਰਨਾ ਪਵੇਗਾ। 9 ਅਦੋਮ ਦੀਆਂ ਨਦੀਆਂ ਲੁੱਕ ਵਰਗੀਆਂ ਗਰਮ ਹੋਣਗੀਆਂ। ਅਦੋਮ ਦੀ ਧਰਤੀ ਬਲਦੀ ਗੰਧਕ ਵਾਂਗ ਹੋਵੇਗੀ। 10 ਅੱਗਾਂ ਦਿਨ ਰਾਤ ਬਲਣਗੀਆਂ-ਕੋਈ ਵੀ ਬੰਦਾ ਅੱਗ ਨੂੰ ਰੋਕ ਨਹੀਂ ਸੱਕੇਗਾ। ਅਦੋਮ ਤੋਂ ਹਮੇਸ਼ਾ ਲਈ ਪੂੰਆਂ ਉੱਠੇਗਾ। ਧਰਤੀ ਨੂੰ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤਾ ਜਾਵੇਗਾ। ਕੋਈ ਵੀ ਬੰਦਾ ਕਦੇ ਉਸ ਧਰਤੀ ਵਿੱਚੋਂ ਹੋ ਕੇ ਨਹੀਂ ਲੰਘੇਗਾ। 11 ਪਂਛੀ ਅਤੇ ਛੋਟੇ ਜਾਨਵਰ ਉਸ ਧਰਤੀ ਦੇ ਮਾਲਕ ਹੋਣਗੇ। ਉੱਲੂ ਅਤੇ ਨਿਸ਼ਾਚਰ ਓੱਥੇ ਰਹਿਣਗੇ। ਉਸ ਧਰਤੀ ਨੂੰ “ਸੱਖਣਾ ਮਾਰੂਬਲ” ਆਖਿਆ ਜਾਵੇਗਾ। 12 ਕੁੱਲੀਨ ਲੋਕ ਅਤੇ ਆਗੂ ਸਾਰੇ ਹੀ ਚੱਲੇ ਜਾਣਗੇ। ਅਤੇ ਉਨ੍ਹਾਂ ਕੋਲ ਰਾਜ ਕਰਨ ਵਾਸਤੇ ਕੁਝ ਵੀ ਨਹੀਂ ਬਚੇਗਾ।
13 ਉੱਬੋਁ ਦੇ ਸਾਰੇ ਖੂਬਸੂਰਤ ਘਰਾਂ ਵਿੱਚ ਕੰਡੇ ਅਤੇ ਜੰਗਲੀ ਬੂਟੀਆਂ ਉੱਗਣਗੀਆਂ। ਉਨ੍ਹਾਂ ਘਰਾਂ ਵਿੱਚ ਅਵਾਰਾ ਕੁੱਤੇ ਅਤੇ ਉੱਲੂ ਰਹਿਣਗੇ। ਜੰਗਲੀ ਜਾਨਵਰ ਓੱਥੇ ਆਪਣੇ ਘਰ ਬਣਾ ਲੈਣਗੇ। ਵੱਡੇ ਪੰਛੀ ਉੱਥੇ ਉਗ੍ਗਦੀ ਘਾਹ ਵਿੱਚ ਰਹਿਣਗੇ। 14 ਅਵਾਰਾ ਬਿੱਲੀਆਂ ਓੱਥੇ ਲੂੰਬੜੀਆਂ ਨਾਲ ਰਹਿਣਗੀਆਂ। ਅਤੇ ਜੰਗਲੀ ਬੱਕਰੀਆਂ ਆਪਣੇ ਮਿੱਤਰਾਂ ਨੂੰ ਉੱਥੇ ਸੱਦ ਲੈਣਗੀਆਂ। ਉੱਥੇ ਰਾਤ ਦੇ ਜਾਨਵਰ ਅਰਾਮ ਕਰਨ ਲਈ ਥਾਂ ਲੱਭਣਗੇ। 15 ਸੱਪ ਓੱਥੇ ਆਪਣੀਆਂ ਖੁੱਡਾਂ ਬਣਾ ਲੈਣਗੇ। ਓੱਥੇ ਸਪਣੀਆਂ ਅੰਡੇ ਦੇਣਗੀਆਂ। ਅੰਡੇ ਪੱਕ ਜਾਣਗੇ ਅਤੇ ਉਨ੍ਹਾਂ ਵਿੱਚੋਂ ਸਪੋਲੀੇ ਨਿਕਲ ਕੇ ਹਨੇਰੀਆਂ ਥਾਵਾਂ ਉੱਤੇ ਘੁੰਮਣਗੇ। ਮੁਰਦਿਆਂ ਨੂੰ ਖਾਣ ਵਾਲੇ ਪੰਛੀ ਓੱਥੇ ਇਸ ਤਰ੍ਹਾਂ ਇਕੱਠੇ ਹੋ ਜਾਣਗੇ ਜਿਵੇਂ ਔਰਤਾਂ ਆਪਣੀਆਂ ਸਹੇਲੀਆਂ ਦੇ ਘਰੀਁ ਜਾਂਦੀਆਂ ਹਨ।
16 ਯਹੋਵਾਹ ਦੀ ਪੱਤ੍ਰੀ ਵੱਲ ਦੇਖੋ। ਪੜ੍ਹੋ ਉੱਥੇ ਕੀ ਲਿਖਿਆ ਹੋਇਆ ਹੈ। ਕੁਝ ਵੀ ਮਿਟਿਆ ਹੋਇਆ ਨਹੀਂ ਹੈ। ਉਸ ਪੱਤ੍ਰੀ ਵਿੱਚ ਇਹ ਲਿਖਿਆ ਹੈ ਕਿ ਉਹ ਜਾਨਵਰ ਸਾਰੇ ਇਕੱਠੇ ਹੋ ਜਾਣਗੇ। ਪਰਮੇਸ਼ੁਰ ਨੇ ਆਖਿਆ ਸੀ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ। ਇਸ ਲਈ ਪਰਮੇਸ਼ੁਰ ਦਾ ਆਤਮਾ ਉਨ੍ਹਾਂ ਨੂੰ ਇਕੱਠਿਆਂ ਕਰੇਗਾ। 17 ਪਰਮੇਸ਼ੁਰ ਨੇ ਨਿਆਂ ਕੀਤਾ ਕਿ ਉਸ ਨੂੰ ਉਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ। ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਲਈ ਇੱਕ ਥਾਂ ਚੁਣੀ। ਪਰਮੇਸ਼ੁਰ ਨੇ ਇੱਕ ਲਕੀਰ ਖਿੱਚੀ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਦਿਖਾਈ। ਇਸ ਲਈ ਜਾਨਵਰ ਹਮੇਸ਼ਾ ਲਈ ਉਸ ਧਰਤੀ ਦੇ ਮਾਲਕ ਹੋਣਗੇ। ਉਹ ਉੱਥੇ ਵਰ੍ਹਿਆਂ ਬੱਧੀ ਰਹਿਣਗੇ।
ਯੂਹੰਨਾ ਸਵਰਗ ਦੇਖਦਾ ਹੈ
4 ਤਾਂ ਮੈਂ ਤੱਕਿਆ, ਅਤੇ ਮੈਂ ਆਪਣੇ ਸਾਹਮਣੇ ਸਵਰਗ ਵਿੱਚ ਇੱਕ ਖੁਲ੍ਹਾ ਦਰਵਾਜ਼ਾ ਵੇਖਿਆ, ਅਤੇ ਮੈਂ ਉਹੀ ਅਵਾਜ਼ ਸੁਣੀ ਜਿਹੜੀ ਪਹਿਲਾਂ ਹੀ ਮੇਰੇ ਨਾਲ ਬੋਲੀ ਸੀ। ਇਹ ਅਜਿਹੀ ਅਵਾਜ਼ ਸੀ ਜਿਹੜੀ ਬਿਗਲ ਵਰਗੀ ਸੀ। ਅਵਾਜ਼ ਨੇ ਆਖਿਆ, “ਇਥੇ ਆਓ, ਅਤੇ ਮੈਂ ਤੈਨੂੰ ਦਰਸ਼ਾਵਾਂਗਾ ਕਿ ਅੱਗੋਂ ਕੀ ਹੋਣ ਵਾਲਾ ਹੈ।” 2 ਫ਼ੇਰ ਆਤਮਾ ਨੇ ਮੈਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਸਵਰਗ ਵਿੱਚ ਮੇਰੇ ਸਾਹਮਣੇ ਇੱਕ ਤਖਤ ਸੀ। ਅਤੇ ਕੋਈ ਉਸ ਤਖਤ ਉੱਤੇ ਬੈਠਾ ਹੋਇਆ ਸੀ। 3 ਜਿਹੜਾ ਉਸ ਤਖਤ ਤੇ ਬੈਠਾ ਸੀ ਉਹ ਕੀਮਤੀ ਹੀਰੇ ਮੋਤੀਆਂ ਵਰਗਾ ਨਜ਼ਰ ਆਉਂਦਾ ਸੀ। ਤਖਤ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਇੱਕ ਪੰਨੇ ਵਾਂਗ ਚਮਕ ਰਹੀ ਸੀ।
4 ਤਖਤ ਦੇ ਆਲੇ-ਦੁਆਲੇ ਉੱਥੇ ਚੌਵੀ ਹੋਰ ਤਖਤ ਸਨ, ਅਤੇ ਉਨ੍ਹਾਂ ਚੌਵੀ ਤਖਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ। ਬਜ਼ੁਰਗਾਂ ਨੇ ਚਿੱਟੀਆਂ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਸਿਰਾਂ ਤੇ ਸੁਨਹਿਰੀ ਤਾਜ ਸਨ। 5 ਤਖਤ ਵੱਲੋਂ ਬਿਜਲੀ ਦੀਆਂ ਝੱਲਕਾਂ ਅਤੇ ਕੜਕਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਤਖਤ ਦੇ ਸਾਹਮਣੇ ਸੱਤ ਦੀਵੇ ਬਲ ਰਹੇ ਸਨ। ਇਹ ਦੀਵੇ ਪਰਮੇਸ਼ੁਰ ਦੇ ਸੱਤ ਆਤਮੇ ਸਨ। 6 ਅਤੇ ਤਖਤ ਦੇ ਅੱਗੇ ਸ਼ੀਸ਼ੇ ਦੇ ਸਮੁੰਦਰ ਵਰਗੀ ਕੋਈ ਸ਼ੈਅ ਦਿਖਾਈ ਦਿੰਦੀ ਸੀ। ਇਹ ਬਲੌਰ ਵਰਗੀ ਸਾਫ਼ ਸੀ।
ਤਖਤ ਦੇ ਸਾਹਮਣੇ ਅਤੇ ਉਸ ਦੇ ਚੌਹੀਂ ਪਾਸੀਂ ਚਾਰ ਸਜੀਵ ਚੀਜ਼ਾਂ ਸਨ। ਇਨ੍ਹਾਂ ਸਜੀਵ ਚੀਜ਼ਾਂ ਤੇ, ਪੂਰੇ ਜਿਸਮ ਤੇ, ਅੱਗੇ ਪਿੱਛੇ ਅੱਖਾਂ ਹੀ ਅੱਖਾਂ ਸਨ। 7 ਪਹਿਲੀ ਸਜੀਵ ਚੀਜ਼ ਸ਼ੇਰ ਵਰਗੀ ਸੀ। ਦੂਸਰੀ ਵੱਛੇ ਵਰਗੀ ਸੀ। ਤੀਸਰੀ ਦਾ ਮੂੰਹ ਇੱਕ ਆਦਮੀ ਵਰਗਾ ਸੀ। ਚੌਥੀ ਉਡਦੇ ਹੋਏ ਬਾਜ਼ ਵਰਗੀ ਸੀ। 8 ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਹਰ ਇੱਕ ਦੇ ਛੇ ਖੰਭ ਸਨ। ਇਹ ਸਜੀਵ ਚੀਜ਼ਾਂ ਅੰਦਰੋਂ ਬਾਹਰੋਂ ਸਾਰੇ ਪਾਸੇ ਅੱਖਾਂ ਨਾਲ ਢੱਕੀਆਂ ਹੋਈਆਂ ਸਨ। ਦਿਨ ਅਤੇ ਰਾਤ ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਨੇ ਕਦੇ ਵੀ ਆਖਣਾ ਬੰਦ ਨਹੀਂ ਕੀਤਾ:
“ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ।
ਉਹ ਹਮੇਸ਼ਾ ਸੀ, ਉਹ ਹੈ ਅਤੇ ਆਉਣ ਵਾਲਾ ਹੈ।”
9 ਇਹ ਸਜੀਵ ਚੀਜ਼ਾਂ ਉਸ ਨੂੰ ਮਹਿਮਾ ਅਤੇ ਸਤਿਕਾਰ ਅਤੇ ਧੰਨਵਾਦ ਕਰਦੀਆਂ ਰਹਿੰਦੀਆਂ ਹਨ ਜਿਹੜਾ ਤਖਤ ਉੱਤੇ ਬੈਠਾ ਸੀ। ਉਹ ਹੀ ਹੈ ਜਿਹੜਾ ਸਦਾ ਅਤੇ ਸਦਾ ਲਈ ਜਿਉਂਦਾ ਹੈ। ਅਤੇ ਹਰ ਵਾਰ ਸਜੀਵ ਚੀਜ਼ਾਂ ਇਉਂ ਕਰਦੀਆਂ ਸਨ। 10 ਫ਼ੇਰ ਚੌਵੀ ਬਜ਼ੁਰਗ ਉਸ ਅੱਗੇ ਝੁੱਕ ਗਏ ਜਿਹੜਾ ਤਖਤ ਤੇ ਬੈਠਦਾ ਸੀ ਅਤੇ ਉਸਦੀ ਉਪਾਸਨਾ ਕੀਤੀ ਜਿਹੜਾ ਸਦੀਵੀ ਜਿਉਂਦਾ ਉਨ੍ਹਾਂ ਨੇ ਆਪਣੇ ਤਾਜ ਹੇਠਾਂ ਤਖਤ ਦੇ ਸਾਹਮਣੇ ਰੱਖਕੇ ਆਖਿਆ,
11 “ਸਾਡੇ ਪ੍ਰਭੂ ਅਤੇ ਪਰਮੇਸ਼ੁਰ,
ਤੂੰ ਮਹਿਮਾ, ਸਤਿਕਾਰ ਅਤੇ ਸ਼ਕਤੀ ਪ੍ਰਾਪਤ ਕਰਨ ਦੇ ਯੋਗ ਹੈਂ।
ਤੂੰ ਹੀ ਸਭ ਕੁਝ ਸਾਜਿਆ ਹੈ।
ਇਹ ਤੇਰੀ ਰਜ਼ਾ ਦੁਆਰਾ ਹੀ ਹੈ ਕੋ ਜੋ ਸਾਰੀਆਂ ਚੀਜ਼ਾਂ ਮੌਜ਼ੂਦ ਹਨ ਅਤੇ ਸਾਜੀਆਂ ਗਈਆਂ ਸਨ।”
2010 by World Bible Translation Center