Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਗਿਣਤੀ 30

ਖਾਸ ਇਕਰਾਰ

30 ਮੂਸਾ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਯਹੋਵਾਹ ਦੇ ਇਨ੍ਹਾਂ ਆਦੇਸ਼ਾਂ ਬਾਰੇ ਦੱਸਿਆ:

“ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ!

“ਕੋਈ ਜਵਾਨ ਔਰਤ ਸ਼ਾਇਦ ਹਾਲੇ ਆਪਣੇ ਪਿਤਾ ਦੇ ਘਰ ਵਿੱਚ ਰਹਿ ਰਹੀ ਹੋਵੇ। ਅਤੇ ਉਹ ਜਵਾਨ ਔਰਤ ਸ਼ਾਇਦ ਯਹੋਵਾਹ ਨੂੰ ਕੋਈ ਖਾਸ ਚੀਜ਼ ਭੇਟ ਕਰਨ ਦਾ ਇਕਰਾਰ ਕਰੇ। ਜੇ ਉਸਦਾ ਪਿਤਾ ਉਨ੍ਹਾਂ ਇਕਰਾਰ ਬਾਰੇ ਸੁਣਦਾ ਹੈ ਅਤੇ ਮੰਨ ਜਾਂਦਾ ਹੈ, ਤਾਂ ਉਸ ਜਵਾਨ ਔਰਤ ਨੂੰ ਉਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਪਰ ਜੇ ਉਸਦਾ ਪਿਤਾ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸ ਨੂੰ ਪ੍ਰਵਾਨ ਨਹੀਂ ਕਰਦਾ, ਤਾਂ ਉਹ ਆਪਣੇ ਇਕਰਾਰ ਵੱਲੋਂ ਆਜ਼ਾਦ ਹੈ। ਉਸ ਨੂੰ ਉਹ ਕੁਝ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਉਸ ਦੇ ਪਿਤਾ ਨੇ ਉਸ ਨੂੰ ਰੋਕ ਦਿੱਤਾ ਸੀ, ਇਸ ਲਈ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ।

“ਕੋਈ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਖਾਸ ਦੇਣ ਦਾ ਇਕਰਾਰ ਕਰੇ, ਅਤੇ ਸ਼ਾਇਦ ਉਸਤੋਂ ਬਾਦ ਉਸਦਾ ਵਿਆਹ ਹੋ ਜਾਵੇ। ਜੇ ਪਤੀ ਉਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸਦਾ ਵਿਰੋਧ ਨਹੀਂ ਕਰਦਾ, ਤਾਂ ਉਸ ਔਰਤ ਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਪਰ ਜੇ ਪਤੀ ਉਸ ਦੇ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਆਪਣਾ ਇਕਰਾਰ ਪੂਰਾ ਕਰਨ ਬਾਰੇ ਇਨਕਾਰ ਕਰ ਦਿੰਦਾ ਹੈ ਤਾਂ ਪਤਨੀ ਨੂੰ ਉਹ ਗੱਲ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਉਸ ਦੇ ਪਤੀ ਨੇ ਇਕਰਾਰ ਨੂੰ ਤੋੜਿਆ-ਉਸ ਨੇ ਉਸ ਨੂੰ ਉਹ ਗੱਲ ਨਹੀਂ ਕਰਨ ਦਿੱਤੀ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ।

“ਕੋਈ ਵਿਧਵਾ ਜਾਂ ਕੋਈ ਤਲਾਕਸ਼ੁਦਾ ਔਰਤ ਸ਼ਾਇਦ ਕੋਈ ਖਾਸ ਇਕਰਾਰ ਕਰੇ। ਜੇ ਉਹ ਅਜਿਹਾ ਕਰਦੀ ਹੈ ਤਾਂ ਉਸ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਸਦਾ ਉਸ ਨੇ ਇਕਰਾਰ ਕੀਤਾ ਸੀ। 10 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ। 11 ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਇਕਰਾਰ ਪੂਰਾ ਕਰਨ ਦਿੰਦਾ ਹੈ, ਤਾਂ ਉਸ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਉਸ ਨੂੰ ਹਰ ਉਹ ਚੀਜ਼ ਦੇਣੀ ਚਾਹੀਦੀ ਹੈ ਜਿਸ ਬਾਰੇ ਉਸ ਨੇ ਇਕਰਾਰ ਕੀਤਾ ਸੀ। 12 ਪਰ ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸ ਨੂੰ ਇਕਰਾਰ ਪੂਰਾ ਕਰਨ ਨਹੀਂ ਦਿੰਦਾ, ਤਾਂ ਉਸ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਨੇ ਕੀ ਇਕਰਾਰ ਕੀਤਾ ਸੀ, ਉਸਦਾ ਪਤੀ ਇਕਰਾਰ ਨੂੰ ਤੋੜ ਸੱਕਦਾ ਹੈ। ਜੇ ਉਸਦਾ ਪਤੀ ਇਕਰਾਰ ਨੂੰ ਤੋੜਦਾ ਹੈ, ਤਾਂ ਯਹੋਵਾਹ ਉਸ ਨੂੰ ਮਾਫ਼ ਕਰ ਦੇਵੇਗਾ। 13 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ, ਜਾਂ ਉਹ ਕਿਸੇ ਚੀਜ਼ ਤੋਂ ਬਿਨਾ ਗੁਜ਼ਾਰਾ ਕਰਨ ਦਾ ਇਕਰਾਰ ਕਰੇ ਜਾਂ ਉਹ ਪਰਮੇਸ਼ੁਰ ਨੂੰ ਕੋਈ ਹੋਰ ਖਾਸ ਚੀਜ਼ ਦੇਣ ਦਾ ਇਕਰਾਰ ਕਰੇ। ਪਤੀ ਇਨ੍ਹਾਂ ਵਿੱਚੋਂ ਕਿਸੇ ਵੀ ਇਕਰਾਰ ਨੂੰ ਰੋਕ ਸੱਕਦਾ ਹੈ, ਅਤੇ ਪਤੀ ਉਸ ਦੇ ਕਿਸੇ ਇਕਰਾਰ ਨੂੰ ਪੂਰਾ ਕਰਨ ਦੀ ਇਜਾਜ਼ਤ ਦੇ ਸੱਕਦਾ ਹੈ। 14 ਪਤੀ ਆਪਣੀ ਪਤਨੀ ਨੂੰ ਆਪਣਾ ਇਕਰਾਰ ਪੂਰਾ ਕਰਨ ਦੀ ਇਜਾਜ਼ਤ ਕਿਵੇਂ ਦਿੰਦਾ ਹੈ? ਜੇ ਉਹ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕਦਾ ਨਹੀਂ, ਤਾਂ ਔਰਤ ਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ। 15 ਪਰ ਜੇ ਉਸਦਾ ਪਤੀ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕ ਦਿੰਦਾ ਹੈ, ਤਾਂ ਉਹੀ ਉਸ ਦੇ ਇਕਰਾਰਾਂ ਨੂੰ ਤੋੜਨ ਦਾ ਜ਼ਿੰਮੇਵਾਰ ਹੈ।”

16 ਇਹੀ ਉਹ ਆਦੇਸ਼ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ। ਉਹੀ ਆਦੇਸ਼ ਹਨ ਪਤੀ ਅਤੇ ਪਤਨੀ ਬਾਰੇ, ਅਤੇ ਪਿਤਾ ਅਤੇ ਧੀ ਬਾਰੇ ਜਿਹੜੀ ਹਾਲੇ ਜਵਾਨ ਹੈ ਅਤੇ ਆਪਣੇ ਮਾਪਿਆਂ ਦੇ ਘਰ ਵਿੱਚ ਰਹਿ ਰਹੀ ਹੈ।

ਜ਼ਬੂਰ 74

ਆਸਾਫ਼ ਦਾ ਇੱਕ ਭੱਗਤੀ ਗੀਤ।

74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
    ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
    ਤੁਸੀਂ ਸਾਨੂੰ ਬਚਾਇਆ।
    ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
    ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।

ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
    ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
    ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
    ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
    ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
    ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
    ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
    ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
    ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
    ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
    ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
    ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
    ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
    ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
    ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
    ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
    ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
    ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
    ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
    ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
    ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
    ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
    ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
    ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।

ਯਸਾਯਾਹ 22

ਪਰਮੇਸ਼ੁਰ ਦਾ ਯਰੂਸ਼ਲਮ ਨੂੰ ਸੰਦੇਸ਼

22 ਦਰਸ਼ਨ ਦੀ ਵਾਦੀ ਬਾਰੇ ਉਦਾਸ ਸੰਦੇਸ਼:

ਤੁਹਾਨੂੰ, ਲੋਕਾਂ ਨੂੰ ਕੀ ਤਕਲੀਫ਼ ਹੈ?
    ਤੁਸੀਂ ਆਪਣੀਆਂ ਛੱਤਾਂ ਉੱਤੇ ਕਿਉਂ ਛੁਪ ਰਹੇ ਹੋ?
ਅਤੀਤ ਵਿੱਚ ਇਹ ਸ਼ਹਿਰ ਬਹੁਤ ਭੀੜ ਭੜਕੱੇ ਵਾਲਾ ਸੀ।
    ਇਹ ਸ਼ਹਿਰ ਬਹੁਤ ਸ਼ੋਰੀਲਾ ਸੀ ਤੇ ਬਹੁਤ ਪ੍ਰਸੰਨ ਸੀ।
ਪਰ ਹੁਣ ਸਭ ਕੁਝ ਬਦਲ ਗਿਆ ਹੈ।
    ਤੁਹਾਡੇ ਲੋਕ ਮਾਰੇ ਜਾ ਚੁੱਕੇ ਹਨ ਪਰ ਲੋਕ ਤਲਵਾਰਾਂ ਨਾਲ ਲੜਦਿਆਂ ਹੋਇਆਂ ਨਹੀਂ ਮਾਰੇ ਗਏ ਸਨ।
ਤੁਹਾਡੇ ਸਾਰੇ ਆਗੂ ਇਕੱਠੇ ਹੀ ਭੱਜ ਗਏ ਸਨ।
    ਪਰ ਉਹ ਸਾਰੇ ਹੀ ਬਿਨਾ ਕਮਾਨਾਂ ਤੋਂ ਫ਼ੜ ਲੇ ਗਏ ਹਨ।
ਸਾਰੇ ਹੀ ਆਗੂ ਇਕੱਠੇ ਭੱਜ ਗਏ
    ਸਨ ਪਰ ਉਹ ਫ਼ੜ ਲੇ ਗਏ ਸਨ।

ਇਸ ਲਈ ਮੈਂ ਆਖਦਾ ਹਾਂ, “ਮੇਰੇ ਵੱਲ ਨਾ ਵੇਖੋ!
    ਮੈਨੂੰ ਰੋਣ ਦਿਓ!
ਯਰੂਸ਼ਲਮ ਦੀ ਤਬਾਹੀ ਬਾਰੇ
    ਮੈਨੂੰ ਹੌਸਲਾ ਦੇਣ ਦੀ ਕਾਹਲੀ ਨਾ ਕਰੋ।”

ਯਹੋਵਾਹ ਨੇ ਇੱਕ ਖਾਸ ਦਿਨ ਚੁਣਿਆ ਹੈ। ਉਸ ਦਿਨ ਦੰਗੇ ਭੜਕਣਗੇ ਅਤੇ ਅਫ਼ਰਾਤਫ਼ਰੀ ਮੱਚੇਗੀ। ਗਿਆਨ ਦੀ ਵਾਦੀ [a] ਵਿੱਚ ਲੋਕ ਇੱਕ ਦੂਜੇ ਨੂੰ ਪੈਰਾਂ ਹੇਠਾਂ ਲਤਾੜਨਗੇ। ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ ਜਾਣਗੀਆਂ। ਵਾਦੀ ਦੇ ਲੋਕ ਪਹਾੜੀ ਉਤਲੇ ਸ਼ਹਿਰ ਵਾਲਿਆਂ ਉੱਤੇ ਚੀਖ ਰਹੇ ਹੋਣਗੇ। ਲਾਮ ਦੇ ਘੋੜਸਵਾਰ ਫ਼ੌਜੀ ਆਪਣੇ ਤੀਰਾਂ ਦੇ ਭੱਥੇ ਲੈ ਕੇ ਜੰਗ ਲਈ ਚੱਲ ਪੈਣਗੇ। ਕੀਰ ਦੇ ਲੋਕ ਆਪਣੀਆਂ ਢਾਲਾਂ ਨਾਲ ਸ਼ੋਰ ਮਚਾਉਣਗੇ। ਤੁਹਾਡੀ ਖਾਸ ਵਾਦੀ ਵਿੱਚ ਫ਼ੌਜਾਂ ਦੀ ਮੁੱਠਭੇੜ ਹੋਵੇਗੀ। ਵਾਦੀ ਰੱਥਾਂ ਨਾਲ ਭਰ ਜਾਵੇਗੀ। ਘੋੜਸਵਾਰ ਫ਼ੌਜੀਆਂ ਨੂੰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤੈਨਾਤ ਕੀਤਾ ਜਾਵੇਗਾ। ਉਸ ਸਮੇਂ, ਯਹੂਦਾਹ ਦੇ ਲੋਕ ਉਨ੍ਹਾਂ ਹਬਿਆਰਾਂ ਦੀ ਵਰਤੋਂ ਕਰਨਾ ਚਾਹੁਂਣਗੇ ਜਿਹੜੇ ਉਨ੍ਹਾਂ ਨੇ ਮਹਿਲ, ਜੰਗਲ ਦੇ ਘਰ ਵਿੱਚ ਰੱਖੇ ਹੋਏ ਸਨ, ਕਿਉਂ ਕਿ ਉਸ ਨੇ ਯਹੂਦਾਹ ਦੀ ਸੁਰੱਖਿਆ ਹ੍ਹਟਾ ਦਿੱਤੀ।

9-11 ਦਾਊਦ ਦੇ ਸ਼ਹਿਰ ਦੀਆਂ ਕੰਧਾਂ ਤਿੜਕਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਉਨ੍ਹਾਂ ਤ੍ਰੇੜਾਂ ਨੂੰ ਦੇਖ ਸੱਕੋਗੇ। ਇਸ ਲਈ, ਤੁਸੀਂ ਘਰਾਂ ਦੀ ਗਿਣਤੀ ਕਰੋਗੇ ਅਤੇ ਤੁਸੀਂ ਘਰਾਂ ਵਿੱਚੋਂ ਪੱਥਰ ਲੈ ਕੇ ਦੀਵਾਰਾਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਦੂਹਰੀਆਂ ਕੰਧਾਂ ਦੇ ਵਿੱਚਕਾਰ ਪੁਰਾਣੀ ਨਦੀ ਤੋਂ ਪਾਣੀ ਬਚਾਉਣ ਲਈ ਥਾਂ ਤਿਆਰ ਕਰੋਗੇ, ਅਤੇ ਪਾਣੀ ਨੂੰ ਬਚਾ ਲਵੋਗੇ।

ਅਜਿਹਾ ਤੁਸੀਂ ਆਪਣੇ-ਆਪ ਨੂੰ ਬਚਾਉਣ ਲਈ ਕਰੋਗੇ। ਪਰ ਤੁਸੀਂ ਉਸ ਇੱਕ ਉੱਤੇ ਭਰੋਸਾ ਨਹੀਂ ਕਰੋਗੇ ਜਿਸਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ। ਤੁਸੀਂ ਉਸ ਇੱਕ ਨੂੰ ਨਹੀਂ ਸਮਝੋਂਗੇ ਜਿਸਨੇ ਬਹੁਤ ਪਹਿਲਾਂ ਇਹ ਸਾਰੀਆਂ ਚੀਜ਼ਾਂ ਬਣਾਈਆਂ। 12 ਇਸ ਲਈ ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਲੋਕਾਂ ਨੂੰ ਰੋਣ ਅਤੇ ਉਦਾਸ ਹੋਣ ਲਈ ਆਖੇਗਾ ਆਪਣੇ ਮਰੇ ਹੋਏ ਮਿੱਤਰਾਂ ਲਈ। ਲੋਕ ਆਪਣੇ ਸਿਰ ਮੁਨਾ ਦੇਣਗੇ ਅਤੇ ਉਦਾਸੀ ਦੇ ਵਸਤਰ ਪਾ ਲੈਣਗੇ। 13 ਪਰ ਦੇਖੋ! ਲੋਕ ਹੁਣ ਖੁਸ਼ ਹਨ। ਲੋਕ ਖੁਸ਼ੀ ਮਨਾ ਰਹੇ ਹਨ।

“ਲੋਕ ਪਸ਼ੂਆਂ ਅਤੇ ਭੇਡਾਂ ਨੂੰ ਮਾਰ ਰਹੇ ਹਨ,
    ਉਹ ਇਹ ਆਖਦਿਆਂ ਹੋਇਆਂ ਮਾਸ ਖਾ ਰਹੇ ਹਨ
ਅਤੇ ਮੈਅ ਪੀ ਰਹੇ ਹਨ, ਆਪਾਂ ਖਾਈਏ ਪੀਈਏ
    ਕਿਉਂ ਕਿ ਕੱਲ੍ਹ ਨੂੰ ਅਸਾਂ ਮਰ ਜਾਣਾ ਹੈ।”

14 ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ ਤੇ ਮੈਂ ਆਪਣੇ ਕੰਨਾਂ ਨਾਲ ਇਨ੍ਹਾਂ ਨੂੰ ਸੁਣਿਆ: “ਤੁਸੀਂ ਗ਼ਲਤ ਗੱਲਾਂ ਕਰਨ ਦੇ ਦੋਸ਼ੀ ਹੋ। ਅਤੇ ਮੈਂ ਇਕਰਾਰ ਕਰਦਾ ਹਾਂ। ਤੁਸੀਂ ਇਸ ਦੇਸ਼ ਤੋਂ ਬਖਸ਼ੇ ਜਾਣ ਤੋਂ ਪਹਿਲਾਂ ਮਰ ਜਾਓਗੇ।” ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਪਰਮੇਸ਼ੁਰ ਦਾ ਸ਼ਬਨਾ ਨੂੰ ਸੰਦੇਸ਼

15 ਮੇਰੇ ਪ੍ਰਭੂ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: ਉਸ ਸੇਵਕ ਸ਼ਬਨਾ ਪਾਸ ਜਾਓ। ਉਹ ਸੇਵਕ ਮਹਿਲਾਂ ਦਾ ਪ੍ਰਬੰਧਕ ਹੈ। 16 ਉਸ ਸੇਵਕ ਨੂੰ ਪੁੱਛੋ, “ਤੂੰ ਇੱਥੇ ਕੀ ਕਰ ਰਿਹਾ ਹੈਂ? ਤੈਨੂੰ ਖੁਦ ਲਈ ਕਬਰ ਬਨਾਉਣ ਦੀ ਅਤੇ ਚੱਟਾਨ ਵਿੱਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ ਤਰਾਸ਼ਣ ਦੀ ਆਗਿਆ ਕਿਸਨੇ ਦਿੱਤੀ ਹੈ?

17-18 “ਬੰਦਿਆ, ਯਹੋਵਾਹ ਤੈਨੂੰ ਕੁਚਲ ਦੇਵੇਗਾ। ਯਹੋਵਾਹ ਤੇਰੀ ਇੱਕ ਛੋਟੀ ਜਿਹੀ ਗੇਂਦ ਬਣਾ ਦੇਵੇਗਾ ਅਤੇ ਤੈਨੂੰ ਦੂਰ ਕਿਸੇ ਹੋਰ ਦੇਸ਼ ਦੀਆਂ ਖੁਲ੍ਹੀਆਂ ਬਾਹਾਂ ਵਿੱਚ ਸੁੱਟ ਦੇਵੇਗਾ। ਅਤੇ ਓੱਥੇ ਤੂੰ ਮਰ ਜਾਵੇਂਗਾ।”

ਯਹੋਵਾਹ ਨੇ ਆਖਿਆ, “ਤੈਨੂੰ ਆਪਣੇ ਰੱਥਾਂ ਉੱਤੇ ਬਹੁਤ ਗੁਮਾਨ ਹੈ। ਪਰ ਉਸ ਦੂਰ ਦੁਰਾਡੇ ਦੇਸ਼ ਵਿੱਚ ਤੇਰੇ ਨਵੇਂ ਹਾਕਮ ਕੋਲ ਬਿਹਤਰ ਰਬ ਹੋਣਗੇ। ਅਤੇ ਤੇਰੇ ਰੱਥ ਉਸ ਦੇ ਮਹਿਲਾਂ ਅੰਦਰ ਮਹੱਤਵਪੂਰਣ ਨਹੀਂ ਲੱਗਣਗੇ। 19 ਮੈਂ ਤੈਨੂੰ ਤੇਰੇ ਇੱਥੋਂ ਦੇ ਮਹੱਤਵਪੂਰਣ ਕੰਮ ਤੋਂ ਧੱਕ ਕੇ ਬਾਹਰ ਕਰ ਦਿਆਂਗਾ। ਤੇਰਾ ਨਵਾਂ ਆਗੂ ਤੈਨੂੰ ਤੇਰੇ ਮਹੱਤਵਪੂਰਣ ਕੰਮ ਤੋਂ ਹਟਾ ਦੇਵੇਗਾ। 20 ਉਸ ਸਮੇਂ, ਮੈਂ ਆਪਣੇ ਸੇਵਕ ਹਿਲਕੀਆਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ। 21 ਮੈਂ ਤੇਰਾ ਚੋਲਾ ਲਾਹ ਕੇ ਉਸ ਸੇਵਕ ਦੇ ਉੱਤੇ ਪਹਿਨਾ ਦਿਆਂਗਾ। ਮੈਂ ਉਸ ਨੂੰ ਤੇਰਾ ਹਾਕਮ ਵਾਲਾ ਡੰਡਾ ਦੇ ਦੇਵਾਂਗਾ। ਮੈਂ ਉਸ ਨੂੰ ਤੇਰੇ ਵਾਲਾ ਮਹੱਤਵਪੂਰਣ ਕੰਮ ਦੇ ਦਿਆਂਗਾ। ਉਹ ਸੇਵਕ ਯਰੂਸ਼ਲਮ ਅਤੇ ਯਹੂਦਾਹ ਦੇ ਪਰਿਵਾਰ ਦੇ ਬੰਦਿਆਂ ਲਈ ਪਿਤਾ ਵਾਂਗ ਹੋਵੇਗਾ।

22 “ਮੈਂ ਉਸ ਬੰਦੇ ਦੇ ਗਲੇ ਵਿੱਚ ਦਾਊਦ ਦੇ ਘਰ ਦੀਆਂ ਕੁਂਜੀਆਂ ਪਾ ਦਿਆਂਗਾ। ਜੇ ਉਹ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਹ ਦਰਵਾਜ਼ਾ ਖੁਲ੍ਹਿਆ ਰਹੇਗਾ। ਕੋਈ ਬੰਦਾ ਵੀ ਉਸ ਨੂੰ ਬੰਦ ਨਹੀਂ ਕਰ ਸੱਕੇਗਾ। ਜੇ ਉਹ ਕਿਸੇ ਦਰਵਾਜ਼ੇ ਨੂੰ ਬੰਦ ਕਰ ਦੇਵੇਗਾ ਤਾਂ ਉਹ ਦਰਵਾਜ਼ਾ ਬੰਦ ਰਹੇਗਾ। ਕੋਈ ਬੰਦਾ ਉਸ ਨੂੰ ਖੋਲ੍ਹ ਨਹੀਂ ਸੱਕੇਗਾ। ਉਹ ਸੇਵਕ ਆਪਣੇ ਪਿਤਾ ਦੇ ਘਰ ਵਿੱਚਲੀ ਬਹੁਤ ਇੱਜ਼ਤ ਵਾਲੀ ਕੁਰਸੀ ਸਮਾਨ ਹੋਵੇਗਾ। 23 ਮੈਂ ਉਸ ਨੂੰ ਉਸ ਮਜ਼ਬੂਤ ਕਿੱਲ ਵਾਂਗ ਬਣਾ ਦਿਆਂਗਾ ਜਿਹੜੀ ਕਿਸੇ ਬਹੁਤ ਮਜ਼ਬੂਤ ਤਖਤੇ ਵਿੱਚ ਠੋਕੀ ਗਈ ਹੁੰਦੀ ਹੈ। 24 ਉਸ ਦੇ ਪਿਤਾ ਦੇ ਘਰ ਦੀਆਂ ਸਮੂਹ ਇੱਜ਼ਤ ਵਾਲੀਆਂ ਅਤੇ ਮਹੱਤਵਪੂਰਣ ਚੀਜ਼ਾਂ ਉਸ ਦੇ ਸਹਾਰੇ ਹੋਣਗੀਆਂ। ਸਾਰੇ ਬਾਲਗ਼ ਅਤੇ ਬੱਚੇ ਉਸ ਉੱਤੇ ਨਿਰਭਰ ਕਰਨਗੇ। ਉਹ ਲੋਕ, ਛੋਟੀਆਂ ਪਲੇਟਾਂ ਅਤੇ ਪਾਣੀਆਂ ਦੀਆਂ ਵੱਡੀਆਂ ਬੋਤਲਾਂ ਵਾਂਗ, ਉਸ ਉੱਪਰ ਟਿਕੇ ਹੋਣਗੇ।

25 “ਉਸ ਸਮੇਂ, ਉਹ ਕਿੱਲ (ਸ਼ਬਨਾ) ਜਿਹੜੀ ਹੁਣ ਬਹੁਤ ਮਜ਼ਬੂਤ ਤਖਤੇ ਵਿੱਚ ਠੁਕੀ ਹੋਈ ਹੈ, ਕਮਜ਼ੋਰ ਹੋ ਜਾਵੇਗੀ ਅਤੇ ਟੁੱਟ ਜਾਵੇਗੀ। ਉਹ ਕਿੱਲ ਧਰਤੀ ਉੱਤੇ ਡਿੱਗ ਪਵੇਗੀ ਅਤੇ ਉਸ ਕਿੱਲ ਨਾਲ ਲਟਕਦੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ। ਫ਼ੇਰ ਉਹ ਹਰ ਗੱਲ ਜਿਹੜੀ ਮੈਂ ਇਸ ਸੰਦੇਸ਼ ਵਿੱਚ ਆਖੀ ਹੈ, ਵਾਪਰੇਗੀ। ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਉਹ ਯਹੋਵਾਹ ਨੇ ਆਖੀਆਂ ਹਨ।”

2 ਪਤਰਸ 3

ਯਿਸੂ ਫ਼ੇਰ ਆਵੇਗਾ

ਮੇਰੇ ਮਿੱਤਰੋ ਤੁਹਾਡੇ ਵੱਲ ਇਹ ਮੇਰੀ ਦੂਜੀ ਚਿੱਠੀ ਹੈ। ਮੈਂ ਤੁਹਾਨੂੰ ਇਹ ਦੋਵੇਂ ਚਿੱਠੀਆਂ ਇਮਾਨਦਾਰੀ ਨਾਲ ਸੋਚਣ ਲਈ, ਹੌਂਸਲਾ ਦੇਣ ਲਈ, ਅਤੇ ਇਹ ਗੱਲਾਂ ਚੇਤੇ ਰੱਖਣ ਲਈ ਲਿਖੀਆਂ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਚੇਤੇ ਕਰੋ ਜਿਹੜੇ ਅਤੀਤ ਵਿੱਚ ਪਵਿੱਤਰ ਨਬੀਆਂ ਨੇ ਬੋਲੇ ਸਨ। ਸਾਡੇ ਪ੍ਰਭੂ ਅਤੇ ਮੁਕਤੀਦਾਤੇ ਨੇ ਇਹ ਹੁਕਮ ਸਾਨੂੰ ਤੁਹਾਡੇ ਰਸੂਲਾਂ ਰਾਹੀਂ ਦਿੱਤਾ ਸੀ।

ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ। ਉਹ ਲੋਕ ਆਖਣਗੇ, “ਉਸਨੇ ਫ਼ੇਰ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ? ਸਾਡੇ ਪਿਉ ਦਾਦੇ ਮਰ ਚੁੱਕੇ ਹਨ। ਪਰ ਦੁਨੀਆਂ ਓਸੇ ਤਰ੍ਹਾਂ ਚੱਲ ਰਹੀ ਹੈ ਜਿਸ ਤਰ੍ਹਾਂ ਇਹ ਜਦੋਂ ਤੋਂ ਬਣਾਈ ਗਈ ਸੀ।”

ਪਰ ਇਹ ਲੋਕ ਉਹ ਚੇਤੇ ਕਰਨਾ ਪਸੰਦ ਨਹੀਂ ਕਰਦੇ ਜੋ ਬਹੁਤ ਪਹਿਲਾਂ ਵਾਪਰਿਆ ਸੀ। ਅਕਾਸ਼ ਉੱਥੇ ਹੀ ਸੀ ਅਤੇ ਪਰਮੇਸ਼ੁਰ ਨੇ ਧਰਤੀ ਨੂੰ ਪਾਣੀ ਤੋਂ ਅਤੇ ਪਾਣੀ ਨਾਲ ਸਾਜਿਆ। ਇਹ ਸਭ ਕੁਝ ਉਸ ਦੇ ਬਚਨ ਨਾਲ ਸਾਜਿਆ ਗਿਆ ਹੈ। ਉਸ ਦੁਨੀਆਂ ਵਿੱਚ ਹੜ੍ਹ ਆਏ ਅਤੇ ਪਾਣੀ ਦੁਆਰਾ ਨਸ਼ਟ ਹੋ ਗਈ। ਪਰਮੇਸ਼ੁਰ ਦਾ ਉਹੀ ਬਚਨ ਅਕਾਸ਼ ਅਤੇ ਧਰਤੀ ਨੂੰ ਰੱਖਦਾ ਹੈ ਜਿਹੜਾ ਹੁਣ ਸਾਡੇ ਕੋਲ ਹੈ। ਉਹ ਅੱਗ ਦੁਆਰਾ ਤਬਾਹੀ ਲਈ ਰੱਖੇ ਜਾ ਰਹੇ ਹਨ। ਇਹ ਨਿਆਂ ਦੇ ਦਿਨ ਤੱਕ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਤਬਾਹੀ ਲਈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਮੁੜਦੇ ਹਨ।

ਪਰ ਮੇਰੇ ਪਿਆਰੇ ਮਿੱਤਰੋ। ਇਹ ਇੱਕ ਗੱਲ ਨਾ ਭੁੱਲਿਓ। ਪ੍ਰਭੂ ਲਈ ਇੱਕ ਦਿਨ ਹਜ਼ਾਰਾਂ ਸਾਲਾਂ ਵਰਗਾ ਹੈ ਅਤੇ ਹਜ਼ਾਰਾਂ ਸਾਲ ਇੱਕ ਦਿਨ ਵਰਗੇ ਹਨ। ਪ੍ਰਭੂ ਉਹ ਗੱਲ ਕਰਨ ਵਿੱਚ ਢਿੱਲ ਨਹੀਂ ਲਾ ਰਿਹਾ ਜਿਸ ਬਾਰੇ ਉਸ ਨੇ ਵਾਅਦਾ ਕੀਤਾ ਹੈ, ਜਿਵੇਂ ਕੁਝ ਲੋਕ ਸਮਝਦੇ ਹਨ। ਪਰ ਪਰਮੇਸ਼ੁਰ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਤਬਾਹ ਹੋ ਜਾਵੇ। ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਬਦਲ ਦੇਵੇ ਅਤੇ ਪਾਪ ਕਰਨਾ ਛੱਡ ਦੇਵੇ।

10 ਪ੍ਰਭੂ ਦੇ ਆਉਣ ਦਾ ਦਿਨ ਉਸੇ ਤਰ੍ਹਾਂ ਹੈਰਾਨੀਜਨਕ ਹੋਵੇਗਾ ਜਿਵੇਂ ਇੱਕ ਚੋਰ ਆਉਂਦਾ ਹੈ। ਇੱਕ ਉੱਚੀ ਅਵਾਜ਼ ਨਾਲ ਅਕਾਸ਼ ਅਲੋਪ ਹੋ ਜਾਵੇਗਾ ਅਤੇ ਅਕਾਸ਼ ਵਿੱਚਲੀ ਹਰ ਚੀਜ਼ ਅੱਗ ਦੁਆਰਾ ਤਬਾਹ ਕਰ ਦਿੱਤੀ ਜਾਵੇਗੀ। ਧਰਤੀ ਅਤੇ ਇਸ ਉਤਲੀ ਹਰ ਸ਼ੈਅ ਸਾੜ ਦਿੱਤੀ ਜਾਵੇਗੀ। 11 ਇਸ ਤਰ੍ਹਾਂ ਹਰ ਚੀਜ਼ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤਬਾਹ ਹੋ ਜਾਵੇਗੀ। ਇਸ ਲਈ ਸੋਚੋ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਇੱਕ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਗੱਲਾਂ ਕਰਨੀਆਂ ਚਾਹੀਦੀਆਂ ਹਨ। 12 ਤੁਹਾਨੂੰ ਪਰਮੇਸ਼ੁਰ ਦੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖੋ। ਜਦੋਂ ਉਹ ਦਿਨ ਆਵੇਗਾ, ਅਕਾਸ਼ ਅੱਗ ਦੁਆਰਾ ਤਬਾਹ ਹੋ ਜਾਵੇਗਾ, ਅਤੇ ਇਸ ਵਿੱਚਲਾ ਸਭ ਕੁਝ ਗਰਮੀ ਦੇ ਕਾਰਣ ਪਿਘਲ ਜਾਵੇਗਾ। 13 ਪਰ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਧਾਰਮਿਕਤਾ ਵੱਸੇਗੀ।

14 ਇਸ ਲਈ ਮੇਰੇ ਪਿਆਰੇ ਮਿੱਤਰੋ, ਕਿਉਂ ਕਿ ਤੁਸੀਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਂ ਪਰਮੇਸ਼ੁਰ ਅੱਗੇ ਸ਼ੁੱਧ ਅਤੇ ਨਿਰਦੋਸ਼ ਪ੍ਰਗਟ ਹੋਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਸ਼ਾਂਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। 15 ਯਾਦ ਰੱਖੋ ਕਿ ਪਰਮੇਸ਼ੁਰ ਦਾ ਸਬਰ ਬਚਣ ਦਾ ਇੱਕ ਮੌਕਾ ਹੈ। ਸਾਡੇ ਪਿਆਰੇ ਭਰਾ ਪੌਲੁਸ ਨੇ ਤੁਹਾਨੂੰ ਇਹੀ ਗੱਲ ਦੱਸੀ ਸੀ ਜਦੋਂ ਉਸ ਨੇ ਤੁਹਾਨੂੰ ਉਸ ਸਿਆਣਪ ਨਾਲ ਚਿੱਠੀ ਲਿਖੀ ਸੀ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਸੂਝ ਦਿੱਤੀ ਸੀ। 16 ਪੌਲੁਸ ਆਪਣੇ ਸਾਰੇ ਪੱਤਰਾਂ ਵਿੱਚ ਇਨ੍ਹਾਂ ਗੱਲਾਂ ਬਾਰੇ ਇਸੇ ਤਰ੍ਹਾਂ ਹੀ ਲਿਖਦਾ ਹੈ। ਉਸਦੀਆਂ ਲਿਖਤਾਂ ਵਿੱਚ, ਕੁਝ ਗੱਲਾਂ ਹਨ ਜਿਹੜੀਆਂ ਸਮਝਣ ਲਈ ਔਖੀਆਂ ਹਨ। ਅਣਜਾਣ ਲੋਕੀਂ ਅਤੇ ਉਹ ਲੋਕ ਜੋ ਨਿਹਚਾ ਵਿੱਚ ਕਮਜ਼ੋਰ ਹਨ, ਜਾਣ ਬੁੱਝਕੇ ਅਜਿਹੀਆਂ ਗੱਲਾਂ ਦਾ ਗਲਤ ਮਤਲਬ ਦਿੰਦੇ ਹਨ। ਉਹ ਦੂਸਰੀਆਂ ਪੋਥੀਆਂ ਨਾਲ ਵੀ ਉਹੀ ਸਲੂਕ ਕਰਦੇ ਹਨ। ਅਜਿਹਾ ਕਰਕੇ, ਉਹ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ।

17 ਪਿਆਰੇ ਮਿੱਤਰੋ, ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਦੇ ਹੋ। ਇਸ ਲਈ ਹੁਸ਼ਿਆਰ ਰਹੋ। ਮੰਦੇ ਲੋਕਾਂ ਨੂੰ ਇਨ੍ਹਾਂ ਗਲਤ ਅੰਦਾਜ਼ਿਆਂ ਨਾਲ ਤੁਹਾਨੂੰ ਸਹੀ ਰਾਹ ਤੋਂ ਭਟਕਾਉਣ ਅਤੇ ਤੁਹਾਨੂੰ ਅੜ੍ਹਕਾ ਕੇ ਆਪਣੀ ਮਜਬੂਤ ਨਿਹਚਾ ਤੋਂ ਡੇਗਣ ਦਾ ਮੌਕਾ ਨਾ ਦਿਉ। 18 ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵੱਧੋ। ਹੁਣ ਅਤੇ ਸਦਾ ਲਈ ਮਹਿਮਾ ਉਸ ਨੂੰ ਹੋਵੇ। ਆਮੀਨ।

Punjabi Bible: Easy-to-Read Version (ERV-PA)

2010 by World Bible Translation Center