M’Cheyne Bible Reading Plan
ਔਰਤ ਨਿਆਂਕਾਰ, ਦਬੋਰਾਹ
4 ਏਹੂਦ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਫ਼ੇਰ ਉਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ। 2 ਇਸ ਲਈ ਯਹੋਵਾਹ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਯਾਬੀਨ ਹਸੋਰ ਨਾਮ ਦੇ ਸ਼ਹਿਰ ਵਿੱਚ ਰਾਜ ਕਰਦਾ ਸੀ। ਸੀਸਰਾ ਨਾਮ ਦਾ ਇੱਕ ਆਦਮੀ ਰਾਜੇ ਯਾਬੀਨ ਦੀ ਫ਼ੌਜ ਦਾ ਕਮਾਂਡਰ ਸੀ। ਸੀਸਰਾ ਹਰੋਸ਼ਥ ਹਾਗੋਯਿਮ ਨਾਮ ਦੇ ਕਸਬੇ ਵਿੱਚ ਰਹਿੰਦਾ ਸੀ। 3 ਸੀਸਰਾ ਕੋਲ 900 ਲੋਹੇ ਦੇ ਰੱਥ ਸਨ, ਅਤੇ ਉਸ ਨੇ 20 ਸਾਲਾਂ ਤੱਕ ਇਸਰਾਏਲ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਇਆ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ।
4 ਉੱਥੇ ਇੱਕ ਔਰਤ ਨਬੀ ਸੀ ਜਿਸਦਾ ਨਾਮ ਦਬੋਰਾਹ ਸੀ। ਉਹ ਲੱਪੀਦੋਥ ਨਾਮ ਦੇ ਇੱਕ ਆਦਮੀ ਦੀ ਪਤਨੀ ਸੀ। ਉਹ ਉਸ ਵੇਲੇ ਇਸਰਾਏਲ ਦੀ ਨਿਆਂਕਾਰ ਸੀ। 5 ਦਬੋਰਾਹ ਇੱਕ ਰੁੱਖ ਹੇਠਾਂ ਬੈਠੀ ਹੁੰਦੀ ਸੀ ਜੋ, “ਦਬੋਰਾਹ ਦਾ ਖਜ਼ੂਰ ਦਾ ਰੁੱਖ” ਕਹਾਉਂਦਾ ਸੀ। ਇਸਰਾਏਲ ਦੇ ਲੋਕ ਉਸ ਕੋਲ ਨਿਆਂ [a] ਲਈ ਆਏ। ਦਬੋਰਾਹ ਦਾ ਖਜ਼ੂਰ ਦਾ ਰੁੱਖ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਾਮਾਹ ਅਤੇ ਬੈਤੇਲ ਦੇ ਸ਼ਹਿਰਾਂ ਦੇ ਵਿੱਚਕਾਰ ਸੀ। 6 ਦਬੋਰਾਹ ਨੇ ਬਾਰਕ ਨਾਮ ਦੇ ਇੱਕ ਆਦਮੀ ਨੂੰ ਸੰਦੇਸ਼ ਭੇਜਿਆ। ਉਸ ਨੇ, ਉਸ ਨੂੰ ਆਕੇ ਮਿਲਣ ਲਈ ਆਖਿਆ, ਬਾਰਾਕ, ਅਬੀਨੋਅਮ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਬਾਰਾਕ ਕਦਸ਼ ਦੇ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਨਫ਼ਤਾਲੀ ਦੇ ਇਲਾਕੇ ਅੰਦਰ ਹੈ। ਦਬੋਰਾਹ ਨੇ ਬਰਾਕ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਤੈਨੂੰ ਆਦੇਸ਼ ਦਿੰਦਾ ਹੈ: ‘ਜਾ ਅਤੇ ਜਾਕੇ ਨਫ਼ਤਾਲੀ ਅਤੇ ਜ਼ਬੂਲੁਨ ਦੇ ਪਰਿਵਾਰ-ਸਮੂਹਾਂ ਵਿੱਚ 10,000 ਆਦਮੀ ਇਕੱਠੇ ਕਰ। ਉਨ੍ਹਾਂ ਆਦਮੀਆਂ ਦੀ ਤਬੋਰ ਪਰਬਤ ਉੱਤੇ ਅਗਵਾਈ ਕਰ। 7 ਮੈਂ ਰਾਜੇ ਯਬੀਨ ਦੀ ਫ਼ੌਜ ਦੇ ਕਮਾਂਡਰ ਸੀਸਰਾਂ ਨੂੰ ਤੇਰੇ ਕੋਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਸੀਸਰਾ, ਉਸ ਦੇ ਰੱਥਾਂ ਅਤੇ ਉਸਦੀ ਫ਼ੌਜ ਨੂੰ ਕੀਸ਼ੋਨ ਨਦੀ ਵੱਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਉੱਥੇ ਸੀਸਰਾ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।’”
8 ਤਾਂ ਬਾਰਾਕ ਨੇ ਦਬੋਰਾਹ ਨੂੰ ਆਖਿਆ, “ਮੈਂ ਜਾਵਾਂਗਾ ਅਤੇ ਇਹੋ ਕੁਝ ਕਰਾਂਗਾ ਪਰ ਜੇ ਤੂੰ ਵੀ ਮੇਰੇ ਨਾਲ ਚੱਲੇਂ। ਪਰ ਜੇ ਤੂੰ ਮੇਰੇ ਨਾਲ ਨਹੀਂ ਚੱਲੇਂਗੀ ਤਾਂ ਮੈਂ ਨਹੀਂ ਜਾਵਾਂਗਾ।”
9 “ਬੇਸ਼ਕ ਮੈਂ ਤੇਰੇ ਨਾਲ ਚੱਲਾਂਗੀ” ਦਬੋਰਾਹ ਨੇ ਜਵਾਬ ਦਿੱਤਾ। “ਪਰ ਆਪਣੇ ਵਤੀਰੇ ਕਾਰਣ ਜਦੋਂ ਸੀਸਰਾ ਹਾਰ ਗਿਆ ਤਾਂ ਤੇਰਾ ਆਦਰ ਨਹੀਂ ਹੋਵੇਗਾ। ਯਹੋਵਾਹ ਇੱਕ ਔਰਤ ਨੂੰ ਸੀਸਰਾ ਨੂੰ ਹਰਾਉਣ ਦੀ ਇਜਾਜ਼ਤ ਦੇਵੇਗਾ।”
ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕੇਦਸ਼ ਸ਼ਹਿਰ ਵੱਲ ਗਈ। 10 ਕੇਦਸ਼ ਸ਼ਹਿਰ ਵਿਖੇ, ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਨੂੰ ਇਕੱਠਿਆਂ ਕੀਤਾ। ਬਾਰਾਕ ਨੇ ਉਨ੍ਹਾਂ ਪਰਿਵਾਰ-ਸਮੂਹਾਂ ਦੇ 10,000 ਆਦਮੀਆਂ ਨੂੰ ਆਪਣੇ ਪਿੱਛੇ ਆਉਣ ਲਈ ਇਕੱਠਿਆਂ ਕੀਤਾ। ਦਬੋਰਾਹ ਵੀ ਬਾਰਾਕ ਦੇ ਨਾਲ ਗਈ।
11 ਉੱਥੇ ਕੇਨੀ ਲੋਕਾਂ ਵਿੱਚੋਂ ਹਬਰ ਨਾਮ ਦਾ ਇੱਕ ਬੰਦਾ ਸੀ। ਹਬਰ ਨੇ ਹੋਰਨਾਂ ਲੋਕਾਂ ਨੂੰ ਛੱਡ ਦਿੱਤਾ ਸੀ। ਕੇਨੀ ਲੋਕ ਹੋਬਾਬ ਪਰਿਵਾਰ ਦੇ ਉੱਤਰਾਧਿਕਾਰੀ ਸਨ। ਹੋਬਾਬ ਮੂਸਾ ਦਾ ਸੌਹਰਾ ਸੀ। ਹਬਰ ਨੇ ਸਅਨਈਮ ਵਿਖੇ ਇੱਕ ਬੋਹੜ ਦੇ ਰੁੱਖ ਦੇ ਲਾਗੇ ਆਪਣਾ ਘਰ ਬਣਾਇਆ ਹੋਇਆ ਸੀ, ਕੇਦਸ਼ ਦੇ ਸ਼ਹਿਰ ਦੇ ਨਜ਼ਦੀਕ ਇੱਕ ਸ਼ਹਿਰ।
12 ਕਿਸੇ ਨੇ ਸੀਸਰਾ ਨੂੰ ਜਾ ਦੱਸਿਆ ਕਿ ਅੱਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਵਿਖੇ ਸੀ। 13 ਇਸ ਲਈ ਸੀਸਰਾ ਨੇ ਆਪਣੇ 900 ਲੋਹੇ ਦੇ ਰੱਥ ਇਕੱਠੇ ਕਰ ਲਏ। ਸੀਸਰਾ ਨੇ ਆਪਣੇ ਸਾਰੇ ਬੰਦੇ ਵੀ ਇਕੱਠੇ ਕਰ ਲਈ। ਉਨ੍ਹਾਂ ਨੇ ਹਾਰੋਸਥ ਹਾਗੋਯਿਮ ਸ਼ਹਿਰ ਤੋਂ ਕੀਸ਼ੋਨ ਨਦੀ ਵੱਲ ਕੂਚ ਕਰ ਦਿੱਤਾ।
14 ਤਾਂ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਅੱਜ ਯਹੋਵਾਹ ਤੇਰੀ ਸੀਸਰਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਅਵੱਸ਼ ਹੀ ਤੂੰ ਜਾਣਦਾ ਹੈਂ ਕਿ ਯਹੋਵਾਹ ਨੇ ਪਹਿਲਾਂ ਹੀ ਤੇਰੇ ਲਈ ਰਸਤਾ ਸਾਫ਼ ਕਰ ਦਿੱਤਾ ਹੈ।” ਇਸ ਲਈ ਬਾਰਾਕ ਨੇ 10,000 ਬੰਦਿਆਂ ਦੀ ਤਾਬੋਰ ਪਰਬਤ ਤੋਂ ਅਗਵਾਈ ਕੀਤੀ। 15 ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਉੱਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ, ਯਹੋਵਾਹ ਨੇ ਸੀਸਰਾ ਅਤੇ ਫ਼ੌਜ ਅਤੇ ਰੱਥਾਂ ਨੂੰ ਭੰਭਲ-ਭੂਸੇ ਵਿੱਚ ਪਾ ਦਿੱਤਾ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਕੀਤਾ ਜਾਵੇ। ਇਸ ਲਈ ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ। ਪਰ ਸੀਸਰਾ ਆਪਣਾ ਰੱਥ ਛੱਡ ਕੇ ਪੈਦਲ ਦੌੜ ਗਿਆ। 16 ਬਾਰਾਕ ਨੇ ਸੀਸਰਾ ਦੀ ਫ਼ੌਜ ਨਾਲ ਲੜਾਈ ਜਾਰੀ ਰੱਖੀ। ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੇ ਰੱਥਾਂ ਅਤੇ ਉਸਦੀ ਫ਼ੌਜ ਦਾ ਹਾਰੋਸ਼ਥ ਹਾਗੋਯਿਮ ਤੱਕ ਪਿੱਛਾ ਕੀਤਾ। ਬਾਰਾਕ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤਲਵਾਰਾਂ ਨਾਲ ਸੀਸਰਾ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਸੀਸਰਾ ਦਾ ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ।
17 ਪਰ ਸੀਸਰਾ ਭੱਜ ਗਿਆ। ਉਹ ਇੱਕ ਤੰਬੂ ਕੋਲ ਆਇਆ ਜਿੱਥੇ ਯਾਏਲ ਨਾਮ ਦੀ ਇੱਕ ਔਰਤ ਰਹਿੰਦੀ ਸੀ। ਯਾਏਲ ਹਬਰ ਨਾਮ ਦੇ ਬੰਦੇ ਦੀ ਪਤਨੀ ਸੀ। ਉਹ ਕੇਨੀ ਲੋਕਾਂ ਵਿੱਚੋਂ ਸੀ। ਹਬਰ ਦੇ ਪਰਿਵਾਰ ਦਾ ਹਸੋਰ ਦੇ ਰਾਜੇ ਯਾਬੀਨ ਨਾਲ ਸ਼ਾਂਤੀ ਦਾ ਸਮਝੌਤਾ ਸੀ। ਇਸ ਲਈ ਸੀਸਰਾ ਯਾਏਲ ਦੇ ਤੰਬੂ ਵੱਲ ਭੱਜਿਆ। 18 ਯਾਏਲ ਨੇ ਸੀਸਰਾ ਨੂੰ ਆਉਂਦਿਆਂ ਦੇਖਿਆ, ਇਸ ਲਈ ਉਹ ਬਾਹਰ ਆਕੇ ਉਸ ਨੂੰ ਮਿਲਣ ਆਈ। ਯਾਏਲ ਨੇ ਸੀਸਰਾ ਨੂੰ ਆਖਿਆ, “ਸ਼੍ਰੀ ਮਾਨ ਜੀ, ਮੇਰੇ ਤੰਬੂ ਵਿੱਚ ਆ ਜਾਉ। ਆ ਜਾਓ ਡਰੋ ਨਾ।” ਇਸ ਲਈ ਸੀਸਰਾ ਯਾਏਲ ਦੇ ਤੰਬੂ ਵਿੱਚ ਚੱਲਾ ਗਿਆ ਅਤੇ ਉਸ ਨੇ ਉਸ ਨੂੰ ਇੱਕ ਦਰੀ ਨਾਲ ਢੱਕ ਦਿੱਤਾ।
19 ਸੀਸਰਾ ਨੇ ਯਾਏਲ ਨੂੰ ਆਖਿਆ, “ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪੀਣ ਲਈ ਥੋੜਾ ਪਾਣੀ ਦੇ।” ਯਾਏਲ ਕੋਲ ਪਾਣੀ ਦੀ ਇੱਕ ਮਸ਼ਕ ਸੀ ਜਿਸ ਵਿੱਚ ਉਸ ਨੇ ਦੁੱਧ ਰੱਖਿਆ ਹੋਇਆ ਸੀ। ਉਸ ਨੇ ਸੀਸਰਾ ਨੂੰ ਪੀਣ ਲਈ ਉਸ ਵਿੱਚੋਂ ਥੋੜਾ ਜਿਹਾ ਦੁੱਧ ਦਿੱਤਾ। ਫ਼ੇਰ ਉਸ ਨੇ ਸੀਸਰਾ ਨੂੰ ਢੱਕ ਦਿੱਤਾ।
20 ਤਾਂ ਸੀਸਰਾ ਨੇ ਯਾਏਲ ਨੂੰ ਆਖਿਆ, “ਜਾ ਜਾਕੇ ਤੰਬੂ ਦੇ ਪ੍ਰਵੇਸ਼ ਉੱਤੇ ਖੜੀ ਹੋ ਜਾ। ਜੇ ਕੋਈ ਆਵੇ ਅਤੇ ਤੈਨੂੰ ਪੁੱਛੇ, ‘ਅੰਦਰ ਕੋਈ ਹੈ?’ ਤਾਂ ਉਸ ਨੂੰ ਆਖੀਂ, ‘ਨਹੀਂ ਕੋਈ ਨਹੀਂ।’”
21 ਪਰ ਯਾਏਲ ਨੇ ਤੰਬੂ ਦੀ ਕਿੱਲੀ ਅਤੇ ਹਥੌੜਾ ਲਿਆ। ਅਤੇ ਚੁੱਪਚਾਪ ਸੀਸਰਾ ਕੋਲ ਗਈ। ਸੀਸਰਾ ਬਹੁਤ ਥੱਕਿਆ ਹੋਇਆ ਸੀ, ਇਸ ਲਈ ਉਹ ਸੌਂ ਗਿਆ ਸੀ ਯਾਏਲ ਨੇ ਸੀਸਰਾ ਦੇ ਸਿਰ ਦੇ ਇੱਕ ਪਾਸੇ ਤੰਬੂ ਦੀ ਕਿੱਲੀ ਰੱਖੀ ਅਤੇ ਹਥੌੜੇ ਨਾਲ ਠੋਕ ਦਿੱਤੀ। ਕਿੱਲੀ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਚਲੀ ਗਈ ਅਤੇ ਸੀਸਰਾ ਮਰ ਗਿਆ।
22 ਉਸੇ ਵੇਲੇ ਬਾਰਾਕ ਸੀਸਰਾ ਨੂੰ ਲੱਭਦਾ ਹੋਇਆ ਯਾਏਲ ਦੇ ਤੰਬੂ ਕੋਲ ਆਇਆ। ਯਾਏਲ ਬਾਰਾਕ ਨੂੰ ਮਿਲਣ ਬਾਹਰ ਆਈ ਅਤੇ ਉਸ ਨੇ ਆਖਿਆ, “ਅੰਦਰ ਲੰਘ ਆਓ, ਅਤੇ ਮੈਂ ਤੁਹਾਨੂੰ ਉਹ ਬੰਦਾ ਦਿਖਾਵਾਂਗੀ ਜਿਸ ਨੂੰ ਤੁਸੀਂ ਲੱਭ ਰਹੇ ਹੋ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ। ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧਸੀ ਹੋਈ ਸੀ।
23 ਉਸ ਦਿਨ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਕਨਾਨ ਦੇ ਰਾਜੇ ਯਾਬੀਨ ਨੂੰ ਹਾਰ ਦਿੱਤੀ। 24 ਇਸ ਤਰ੍ਹਾਂ ਇਸਰਾਏਲ ਦੇ ਲੋਕ ਉਦੋਂ ਤੱਕ ਹੋਰ-ਹੋਰ ਤਾਕਤਵਰ ਹੁੰਦੇ ਗਏ ਜਦੋਂ ਤੀਕ ਕਿ ਉਨ੍ਹਾਂ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਹਰਾ ਨਹੀਂ ਦਿੱਤਾ। ਇਸਰਾਏਲ ਦੇ ਲੋਕਾਂ ਨੇ ਆਖਿਰਕਾਰ ਕਨਾਨ ਦੇ ਰਾਜੇ ਯਾਬੀਨ ਨੂੰ ਤਬਾਹ ਕਰ ਦਿੱਤਾ।
8 ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ। ਕੁਝ ਧਰਮੀ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ। ਉਹ ਉਸ ਲਈ ਬੜੀ ਉੱਚੀ ਕੁਰਲਾਏ।
ਨਿਹਚਾਵਾਨਾਂ ਲਈ ਕਸ਼ਟ
ਉਸ ਦਿਨ, ਯਹੂਦੀਆਂ ਨੇ ਯਰੂਸ਼ਲਮ ਵਿੱਚ ਨਿਹਚਾਵਾਨ ਕਲੀਸਿਆ ਨੂੰ ਸਤਾਣਾ ਸ਼ੂਰੂ ਕਰ ਦਿੱਤਾ। ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ। ਸੌਲੁਸ ਵੀ ਇਸ ਕਲੀਸਿਆ ਨੂੰ ਨਸ਼ਟ ਕਰਨਾ ਚਾਹੁੰਦਾ ਸੀ। ਤਾਂ ਸੌਲੁਸ ਉਨ੍ਹਾਂ ਨਿਹਚਾਵਾਨਾਂ ਦੇ ਘਰ ਗਿਆ ਅਤੇ ਘਰਾਂ ਵਿੱਚੋਂ ਆਦਮੀਆਂ ਅਤੇ ਔਰਤਾਂ ਨੂੰ ਘਸੀਟ ਕੇ ਬਾਹਰ ਕੱਢ ਕੇ ਜੇਲ੍ਹ ਵਿੱਚ ਸੁੱਟਿਆ। ਸਾਰੇ ਨਿਹਚਾਵਾਨ ਯਰੂਸ਼ਲਮ ਛੱਡ ਗਏ ਸਿਰਫ਼ ਰਸੂਲ ਹੀ, ਉੱਥੇ ਰਹੇ ਅਤੇ ਨਿਹਚਾਵਾਨ ਮਨੁੱਖ ਸਾਮਰਿਯਾ ਅਤੇ ਯਹੂਦਿਆ ਵਿੱਚ ਵੱਖੋ-ਵੱਖ ਥਾਵਾਂ ਤੇ ਜਾ ਟਿਕੇ। 4 ਨਿਹਚਾਵਾਨ ਮਨੁੱਖ ਹਰ ਪਾਸੇ ਫ਼ੈਲ ਗਏ, ਅਤੇ ਉਹ ਜਿੱਥੇ ਜਿੱਥੇ ਵੀ ਗਏ, ਉਨ੍ਹਾਂ ਨੇ ਉੱਥੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ।
ਫ਼ਿਲਿਪੁੱਸ ਦਾ ਸਾਮਰਿਯਾ ਵਿੱਚ ਪ੍ਰਚਾਰ ਕਰਨਾ
5 ਫ਼ਿਲਿਪੁੱਸ ਸਾਮਰਿਯਾ ਦੇ ਨਗਰ ਵਿੱਚ ਗਿਆ ਅਤੇ ਜਾਕੇ ਮਸੀਹ ਬਾਰੇ ਪ੍ਰਚਾਰ ਕਰਨ ਲੱਗਾ। 6 ਉੱਥੋਂ ਦੇ ਲੋਕਾਂ ਨੇ ਉਸ ਦੇ ਬਚਨ ਸੁਣੇ ਅਤੇ, ਉਹ ਕਰਿਸ਼ਮੇ ਵੀ ਵੇਖੇ ਜੋ ਉਹ ਕਰ ਰਿਹਾ ਸੀ। 7 ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਅੰਦਰ ਭਰਿਸ਼ਟ ਆਤਮਾ ਦਾ ਵਾਸ ਸੀ, ਪਰ ਉਸ ਨੇ ਉਨ੍ਹਾਂ ਭਰਿਸ਼ਟ ਆਤਮਿਆਂ ਨੂੰ ਉਨ੍ਹਾਂ ਵਿੱਚੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। ਜਦੋਂ ਆਤਮੇ ਬਾਹਰ ਨਿਕਲੇ ਤਾਂ ਉਨ੍ਹਾਂ ਬੜਾ ਸ਼ੋਰ ਮਚਾਇਆ। ਉੱਥੇ ਬਹੁਤ ਸਾਰੇ ਕਮਜ਼ੋਰ ਅਤੇ ਲੰਗੜ੍ਹੇ ਲੋਕ ਵੀ ਸਨ, ਫ਼ਿਲਿਪੁੱਸ ਨੇ ਇਨ੍ਹਾਂ ਨੂੰ ਵੀ ਰਾਜੀ ਕੀਤਾ। 8 ਅਤੇ ਉਸ ਸ਼ਹਿਰ ਦੇ ਲੋਕ ਇਨ੍ਹਾਂ ਸਭ ਕਾਰਣ ਬਹੁਤ ਖੁਸ਼ ਸਨ।
9 ਪਰ ਉਸ ਸ਼ਹਿਰ ਵਿੱਚ ਸ਼ਮਊਨ ਨਾਂ ਦਾ ਇੱਕ ਆਦਮੀ ਸੀ, ਫ਼ਿਲਿਪੁੱਸ ਦੇ ਉੱਥੇ ਆਉਣ ਤੋਂ ਪਹਿਲਾਂ ਉਹ ਜਾਦੂ ਕਰਕੇ ਉੱਥੋਂ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ ਅਤੇ ਆਖਦਾ ਸੀ ਕਿ ਮੈਂ ਕੋਈ ਮਹਾਂਪੁਰੱਖ ਹਾਂ। 10 ਉੱਥੇ ਸਾਰੇ ਲੋਕਾਂ ਨੇ, ਆਮ ਆਦਮੀ ਤੋਂ ਲੈ ਕੇ ਬਹੁਤ ਮਹੱਤਵਪੂਰਣ ਤੱਕ ਨੇ, ਉਸ ਵੱਲ ਧਿਆਨ ਦਿੱਤਾ, ਅਤੇ ਉਨ੍ਹਾਂ ਨੇ ਆਖਿਆ, “ਇਸ ਆਦਮੀ ਕੋਲ ਰੱਬੀ ਸ਼ਕਤੀ ਹੈ ਜਿਸ ਨੂੰ ‘ਮਹਾਂ ਸ਼ਕਤੀ’ ਆਖਦੇ ਹਨ।” 11 ਕਿਉਂਕਿ ਲੋਕ ਉਸ ਦੇ ਜਾਦੂ ਤੋਂ ਲੰਬੇ ਸਮੇਂ ਤੱਕ ਹੈਰਾਨ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਉਸਦਾ ਅਨੁਸਰਣ ਕਰ ਰਹੇ ਸਨ। 12 ਪਰ ਫ਼ਿਲਿਪੁੱਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਅਤੇ ਯਿਸੂ ਮਸੀਹ ਦੀ ਸ਼ਕਤੀ ਬਾਰੇ ਦੱਸਿਆ। ਆਦਮੀਆਂ ਅਤੇ ਔਰਤਾਂ ਨੇ ਉਸ ਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। 13 ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। ਸ਼ਮਊਨ ਫ਼ਿਲਿਪੁੱਸ ਦੇ ਨਾਲ ਠਹਿਰਿਆ। ਉਸ ਨੇ ਚਮਤਕਾਰੀ ਨਿਸ਼ਾਨੀਆਂ ਅਤੇ ਸ਼ਕਤੀਸ਼ਲੀ ਗੱਲਾਂ ਵੇਖੀਆਂ। ਅਤੇ ਉਹ ਹੈਰਾਨ ਰਹਿ ਗਿਆ।
14 ਰਸੂਲ ਅਜੇ ਵੀ ਯਰੂਸ਼ਲਮ ਵਿੱਚ ਹੀ ਸਨ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਮਰਿਯਾ ਵਿੱਚ ਲੋਕਾਂ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰ ਲਿਆ ਹੈ ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਵੀ ਸਾਮਰਿਯਾ ਵਿੱਚ ਭੇਜਿਆ। 15 ਜਦੋਂ ਪਤਰਸ ਅਤੇ ਯੂਹੰਨਾ ਆਏ ਤਾਂ ਉਨ੍ਹਾਂ ਉੱਥੇ ਆਕੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰਾਪਤ ਹੋਵੇ। 16 ਇਨ੍ਹਾਂ ਲੋਕਾਂ ਨੂੰ ਯਿਸੂ ਪ੍ਰਭੂ ਦੇ ਨਾਂ ਤੇ ਬਪਤਿਸਮਾ ਦਿੱਤਾ ਗਿਆ ਸੀ, ਪਰ ਪਵਿੱਤਰ ਆਤਮਾ ਅਜੇ ਉਨ੍ਹਾਂ ਉੱਤੇ ਨਹੀਂ ਆਇਆ ਸੀ। ਇਸੇ ਲਈ ਪਤਰਸ ਅਤੇ ਯੂਹੰਨਾ ਨੇ ਪ੍ਰਾਰਥਨਾ ਕੀਤੀ। 17 ਤਦ ਇਨ੍ਹਾਂ ਦੋਨਾਂ ਰਸੂਲਾਂ ਨੇ ਲੋਕਾਂ ਉੱਪਰ ਆਪਣੇ ਹੱਥ ਰੱਖੇ ਤਾਂ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ।
18 ਸ਼ਮਊਨ ਨੇ ਵੇਖਿਆ ਕਿ ਲੋਕਾਂ ਨੂੰ ਪਵਿੱਤਰ ਆਤਮਾ ਦੀ ਪ੍ਰਾਪਤੀ ਤਦ ਹੋਈ, ਜਦ ਰਸੂਲਾਂ ਨੇ ਆਪਣਾ ਹੱਥ ਉਨ੍ਹਾ ਉੱਪਰ ਰੱਖਿਆ ਤਾਂ ਸ਼ਮਊਨ ਨੇ ਰਸੂਲਾਂ ਅੱਗੇ ਰੁਪਏ ਰੱਖੇ। 19 ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦੇ ਦੇਵੋ ਤਾਂ ਜੋ ਜਿਸ ਮਨੁੱਖ ਉੱਪਰ ਵੀ ਮੈਂ ਇਉਂ ਹੱਥ ਰੱਖਾਂ ਉਸ ਨੂੰ ਪਵਿੱਤਰ ਆਤਮਾ ਮਿਲ ਜਾਵੇ।”
20 ਪਤਰਸ ਨੇ ਸ਼ਮਊਨ ਨੂੰ ਆਖਿਆ, “ਕਾਸ਼ ਕਿ ਤੂੰ ਅਤੇ ਤੇਰਾ ਧਨ, ਇੱਕਸਾਥ ਤਬਾਹ ਹੋ ਜਾਣ ਕਿਉਂਕਿ ਤੂੰ ਪਰਮੇਸ਼ੁਰ ਦੀ ਦਾਤ ਨੂੰ ਧਨ ਨਾਲ ਖਰੀਦਣ ਦੀ ਸੋਚੀ। 21 ਤੂੰ ਇਸ ਕੰਮ ਵਿੱਚ ਸਾਡਾ ਸਾਂਝੀਵਾਲ ਨਹੀਂ ਹੋ ਸੱਕਦਾ ਕਿਉਂ ਕਿ ਪਰਮੇਸ਼ੁਰ ਅੱਗੇ ਤੇਰਾ ਮਨ ਸਾਫ਼ ਨਹੀਂ ਹੈ। 22 ਆਪਣਾ ਦਿਲ ਬਦਲ ਅਤੇ ਆਪਣੀਆਂ ਬਦਕਾਰੀਆਂ ਤੋਂ ਹਟ ਜਾ। ਪ੍ਰਭੂਂ ਨੂੰ ਪ੍ਰਾਰਥਨਾ ਕਰ, ਸ਼ਾਇਦ ਉਹ ਤੇਰੇ ਇਸ ਤਰ੍ਹਾਂ ਸੋਚਣ ਤੇ ਤੈਨੂੰ ਮੁਆਫ਼ ਕਰ ਦੇਵੇ। 23 ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪਾਪ ਦੇ ਖਿਆਲਾਂ ਅਤੇ ਈਰਖਾ ਨਾਲ ਭਰਿਆ ਹੋਇਆ ਹੈਂ।”
24 ਸ਼ਮਊਨ ਨੇ ਜਵਾਬ ਦਿੱਤਾ, “ਤੁਸੀਂ ਦੋਨੋ ਮੇਰੇ ਲਈ ਪ੍ਰਭੂ ਨੂੰ ਪ੍ਰਾਰਥਨਾ ਕਰੋ, ਤਾਂ ਕਿ ਜੋ ਕੁਝ ਵੀ ਤੁਸੀਂ ਆਖਿਆ, ਮੇਰੇ ਨਾਲ ਨਾ ਵਾਪਰੇ।”
25 ਤਦ ਰਸੂਲਾਂ ਨੇ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜੋ ਯਿਸੂ ਨੇ ਕੀਤੀਆਂ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। ਫ਼ਿਰ ਉਹ ਯਰੂਸ਼ਲਮ ਵੱਲ ਪਰਤ ਆਏ। ਰਸਤੇ ਵਿੱਚ ਉਹ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਗਏ।
ਫ਼ਿਲਿਪੁੱਸ ਦਾ ਹਬਸ਼ ਦੇ ਇੱਕ ਮਨੁੱਖ ਨੂੰ ਉਪਦੇਸ਼
26 ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਗੱਲ ਕੀਤੀ, ਅਤੇ ਦੂਤ ਨੇ ਆਖਿਆ, “ਉੱਠ ਅਤੇ ਦੱਖਣ ਵਾਲੇ ਰਸਤੇ ਉੱਪਰ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।”
27 ਫ਼ਿਲਿਪੁੱਸ ਉੱਠਿਆ ਤੇ ਚੱਲਾ ਗਿਆ। ਰਸਤੇ ਵਿੱਚ ਉਸ ਨੇ ਹਬਸ਼ ਦੇਸ਼ ਦਾ ਇੱਕ ਮਨੁੱਖ ਵੇਖਿਆ। ਉਹ ਇੱਕ ਖੁਸਰਾ ਸੀ ਅਤੇ ਉਹ ਹਬਸ਼ ਦੇਸ਼ ਦੀ ਰਾਣੀ, ਕੰਦਾਕੇ ਦਾ ਇੱਕ ਅਧਿਕਾਰੀ ਸੀ। ਉਸ ਦੇ ਸਾਰੇ ਖਜ਼ਾਨੇ ਦੀ ਸੰਭਾਲ ਉਸ ਉੱਪਰ ਸੀ। ਉਹ ਯਰੂਸ਼ਲਮ ਵਿੱਚ ਉਪਾਸਨਾ ਕਰਨ ਲਈ ਗਿਆ ਸੀ। 28 ਹੁਣ ਉਹ ਆਪਣੇ ਦੇਸ਼ ਵਾਪਸ ਪਰਤ ਰਿਹਾ ਸੀ। ਉਹ ਆਪਣੇ ਰੱਥ ਤੇ ਅਸਵਾਰ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।
29 ਤਾਂ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ, “ਉਸ ਰੱਥ ਕੋਲ ਜਾ ਅਤੇ ਉਸ ਦੇ ਨਜ਼ਦੀਕ ਰਹਿ।” 30 ਫ਼ੇਰ ਫ਼ਿਲਿਪੁੱਸ ਰੱਥ ਦੇ ਨਜ਼ਦੀਕ ਨੱਸਿਆ ਅਤੇ ਉੱਥੇ ਉਸ ਨੇ ਇੱਕ ਆਦਮੀ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦਿਆਂ ਸੁਣਿਆ। ਫ਼ਿਲਿਪੁੱਸ ਨੇ ਉਸ ਨੂੰ ਕਿਹਾ, “ਕੀ ਜੋ ਤੂੰ ਪੜ੍ਹ ਰਿਹਾ, ਉਸ ਨੂੰ ਸਮਝ ਵੀ ਰਿਹਾ ਹੈਂ?”
31 ਉਸ ਆਦਮੀ ਨੇ ਕਿਹਾ, “ਮੈਂ ਕਿਵੇਂ ਸਮਝ ਸੱਕਦਾ ਹਾਂ? ਮੈਨੂੰ ਕਿਸੇ ਅਜਿਹੇ ਆਦਮੀ ਦੀ ਜ਼ਰੂਰਤ ਹੈ ਜੋ ਮੈਨੂੰ ਇਸਦੀ ਵਿਆਖਿਆ ਕਰਕੇ ਦੱਸੇ।” ਤਦ ਉਸ ਨੇ ਫ਼ਿਲਿਪੁੱਸ ਨੂੰ ਸੱਦਾ ਦਿੱਤਾ ਕਿ ਉਹ ਰੱਥ ਚ ਚੜ੍ਹ੍ਹ ਆਵੇ ਤੇ ਉਸ ਦੇ ਨਾਲ ਆਕੇ ਬੈਠੇ। 32 ਜੋ ਪੋਥੀ ਉਹ ਪੜ੍ਹ ਰਿਹਾ ਸੀ ਉਹ ਇਉਂ ਸੀ:
“ਇਹ ਉਸ ਨੂੰ ਕਿਸੇ ਭੇਡ ਦੇ ਕਸਾਈ ਕੋਲ ਲਿਆਉਣ ਵਾਂਗ ਸੀ।
ਉਹ ਇੱਕ ਲੇਲੇ ਵਾਂਗ ਚੁੱਪ ਸੀ ਜੋ ਉਸ ਵਿਅਕਤੀ ਅੱਗੇ ਚੁੱਪ ਹੁੰਦਾ ਹੈ ਜੋ ਉਸਦੀ ਉੱਨ ਕੱਟਦਾ ਹੈ।
ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।
33 ਉਹ ਸ਼ਰਮਸਾਰ ਸੀ, ਉਸ ਦੇ ਸਾਰੇ ਅਧਿਕਾਰ ਖੋਹ ਲਏ ਸਨ।
ਧਰਤੀ ਤੇ ਉਸਦੀ ਜ਼ਿੰਦਗੀ ਇੱਕ ਅੰਤ ਤੱਕ ਆ ਗਈ।
ਉਸ ਦੇ ਪਰਿਵਾਰ ਦੀ ਕਹਾਣੀ ਲਿਖਣ ਵਾਲਾ ਉੱਥੇ ਕੋਈ ਨਹੀਂ ਹੋਵੇਗਾ।” (A)
34 ਉਸ ਅਫ਼ਸਰ ਨੇ ਫ਼ਿਲਿਪੁੱਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸੋ ਕਿ ਨਬੀ ਕਿਸਦੀ ਗੱਲ ਕਰ ਰਿਹਾ ਹੈ? ਆਪਣੀ ਜਾਂ ਕਿਸੇ ਹੋਰ ਦੀ?” 35 ਤਦ ਫ਼ਿਲਿਪੁੱਸ ਨੇ ਉਸੇ ਪੋਥੀ ਤੋਂ ਸ਼ੁਰੂ ਕੀਤਾ ਅਤੇ ਉਸ ਨੂੰ ਯਿਸੂ ਦੀ ਖੁਸ਼ਖਬਰੀ ਸੁਣਾਈ।
36 ਰਾਹ ਵਿੱਚ ਜਾਂਦੇ ਹੋਏ ਉਹ ਪਾਣੀ ਦੇ ਕੋਲ ਪਹੁੰਚੇ ਤਾਂ ਅਫ਼ਸਰ ਨੇ ਕਿਹਾ, “ਵੇਖ। ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” 37 [a] 38 ਤਦ ਅਫ਼ਸਰ ਨੇ ਰੱਥ ਨੂੰ ਰੋਕਣ ਦਾ ਹੁਕਮ ਦਿੱਤਾ, ਤਦ ਦੋਨੋ ਅਫ਼ਸਰ ਅਤੇ ਫ਼ਿਲਿਪੁੱਸ ਪਾਣੀ ਕੋਲ ਗਏ ਅਤੇ ਫ਼ਿਲਿਪੁੱਸ ਨੇ ਉਸ ਨੂੰ ਬਪਤਿਸਮਾ ਦਿੱਤਾ। 39 ਜਦ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਪਕੜ ਕੇ ਲੈ ਗਿਆ ਤੇ ਫਿਰ ਉਹ ਖੁਸਰਾ ਅਫ਼ਸਰ ਮੁੜ ਫ਼ਿਲਿਪੁੱਸ ਨੂੰ ਨਾ ਵੇਖ ਸੱਕਿਆ ਤੇ ਉਹ ਫ਼ਿਰ ਆਪਣੇ ਰਾਹ ਚੱਲਿਆ ਗਿਆ। ਪਰ ਉਹ ਬਹੁਤ ਖੁਸ਼ ਸੀ। 40 ਪਰ ਫ਼ਿਲਿਪੁੱਸ ਅਜ਼ੋਤੁਸ ਨਾਮੀ ਸ਼ਹਿਰ ਤੋਂ ਪ੍ਰਗਟ ਹੋਇਆ। ਉਸ ਨੇ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਨਗਰਾਂ ਵਿੱਚ ਅਜ਼ੋਤੁਸ ਤੋਂ ਲੈ ਕੇ ਕੈਸਰੀਆ ਤੱਕ ਕੀਤਾ।
ਦਿਲ ਤੇ ਉਕਰਿਆ ਦੋਸ਼
17 “ਯਹੂਦਾਹ ਦੇ ਲੋਕਾਂ ਦੇ ਪਾਪ ਲੋਹੇ ਦੀਆਂ ਕਲਮਾਂ ਨਾਲ ਪੱਥਰ ਉੱਤੇ ਲਿਖੇ ਗਏ ਸਨ।
ਉਨ੍ਹਾਂ ਦੇ ਪਾਪ ਨੂੰ ਲਿਖਿਆ ਗਿਆ ਸੀ ਪੱਥਰ ਉੱਤੇ ਹੀਰੇ ਦੀ ਨੋਕ ਵਾਲੀ ਕਲਮ ਨਾਲ।
ਅਤੇ ਉਹ ਪੱਥਰ ਉਨ੍ਹਾਂ ਦਾ ਦਿਲ ਹੈ।
ਉਹ ਪਾਪ ਉਨ੍ਹਾਂ ਦੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉਕਰੇ ਗਏ ਸਨ।
2 ਉਨ੍ਹਾਂ ਦੇ ਬੱਚੇ ਜਾਣਦੇ ਨੇ ਉਨ੍ਹਾਂ ਜਗਵੇਦੀਆਂ ਬਾਰੇ
ਜਿਹੜੀਆਂ ਸਮਰਪਿਤ ਕੀਤੀਆਂ ਗਈਆਂ ਸਨ ਝੂਠੇ ਦੇਵਤਿਆਂ ਨੂੰ।
ਉਹ ਉਨ੍ਹਾਂ ਥੰਮਾਂ ਨੂੰ ਯਾਦ ਕਰਦੇ ਹਨ ਜਿਹੜੇ ਦੇਵੀ ਅਸ਼ੇਰਾਹ ਲਈ ਰੁੱਖਾਂ ਦਰਮਿਆਨ
ਅਤੇ ਪਹਾੜੀਆਂ ਦੇ ਉੱਪਰ ਉਸਾਰੇ ਗਏ ਸਨ।
3 ਉਹ ਇਹ ਗੱਲਾਂ ਖੁਲ੍ਹੇ ਦੇਸ਼ ਅੰਦਰ
ਪਹਾੜਾਂ ਉੱਤੇ ਯਾਦ ਕਰਦੇ ਨੇ।
ਯਹੂਦਾਹ ਦੇ ਲੋਕਾਂ ਕੋਲ ਬਹੁਤ ਖਜ਼ਾਨੇ ਨੇ।
ਇਹ ਚੀਜ਼ਾਂ ਮੈਂ ਹੋਰਨਾਂ ਲੋਕਾਂ ਨੂੰ ਦੇ ਦੇਵਾਂਗਾ।
ਲੋਕ ਤੁਹਾਡੇ ਦੇਸ਼ ਦੀਆਂ ਸਾਰੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦੇਣਗੇ।
ਤੁਸੀਂ ਉਨ੍ਹਾਂ ਥਾਵਾਂ ਉੱਤੇ ਉਪਾਸਨਾ ਕੀਤੀ ਸੀ ਅਤੇ ਇਹ ਪਾਪ ਸੀ।
4 ਤੁਸੀਂ ਉਹ ਧਰਤੀਗਵਾ ਲਵੋਂਗੇ ਜਿਹੜੀ ਮੈਂ ਤੁਹਾਨੂੰ ਤੁਹਾਡੇ ਆਪਣੇ ਹੀ ਅਮਲਾਂ ਕਾਰਣ ਦਿੱਤੀ ਸੀ।
ਮੈਂ ਤੁਹਾਨੂੰ ਉਸ ਜ਼ਮੀਨ ਉੱਤੇ ਦੁਸ਼ਮਣਾਂ ਦਾ ਗੁਲਾਮ ਬਣਾ ਦਿਆਂਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ।
ਕਿਉਂ ਕਿ ਤੁਹਾਡੇ ਅਮਲਾਂ ਨੇ ਮੈਨੂੰ ਗੁੱਸੇ ਕਰ ਦਿੱਤਾ ਹੈ।
ਮੇਰਾ ਕਹਿਰ ਮਘਦੀ ਅੱਗ ਵਾਂਗ ਹੈ ਅਤੇ ਤੁਸੀਂ ਹਮੇਸ਼ਾ ਲਈ ਸੜ ਜਾਵੋਂਗੇ।”
ਲੋਕਾਂ ਤੇ ਭਰੋਸਾ, ਅਤੇ ਪਰਮੇਸ਼ੁਰ ਤੇ ਭਰੋਸਾ
5 ਯਹੋਵਾਹ ਇਹ ਗੱਲਾਂ ਆਖਦਾ ਹੈ,
“ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸਿਰਫ਼ ਹੋਰਨਾਂ ਲੋਕਾਂ ਉੱਤੇ ਭਰੋਸਾ ਕਰਦੇ ਨੇ,
ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸ਼ਕਤੀ ਲਈ, ਹੋਰਨਾਂ ਲੋਕਾਂ ਉੱਤੇ ਨਿਰਭਰ ਕਰਦੇ ਨੇ।
ਕਿਉਂ? ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਉੱਤੇ ਭਰੋਸਾ ਕਰਨਾ ਛੱਡ ਦਿੱਤਾ ਹੈ।
6 ਉਹ ਮੰਦੇ ਲੋਕ ਮਾਰੂਬਲ ਦੀ ਉਸ ਝਾੜੀ ਵਰਗੇ ਹਨ,
ਜਿੱਥੇ ਕੋਈ ਬੰਦਾ ਨਹੀਂ ਰਹਿੰਦਾ, ਗਰਮ
ਅਤੇ ਖੁਸ਼ਕ ਧਰਤੀ ਉੱਤੇ ਜਿਸਦੀ ਜ਼ਮੀਨ ਮੰਦੀ ਹੈ।
ਉਹ ਝਾੜੀ ਉਨ੍ਹਾਂ ਸ਼ੁਭ ਗੱਲਾਂ ਬਾਰੇ ਨਹੀਂ ਜਾਣਦੀ ਜਿਹੜੀਆਂ ਪਰਮੇਸ਼ੁਰ ਦੇ ਸੱਕਦਾ ਹੈ।
7 “ਪਰ ਜਿਹੜਾ ਖੁਦਦਾਰ ਬੰਦਾ ਯਹੋਵਾਹ ਵਿੱਚ ਭਰੋਸਾ ਰੱਖਦਾ ਧੰਨ ਹੈ।
ਕਿਉਂ ਕਿ ਯਹੋਵਾਹ ਉਸ ਨੂੰ ਦਰਸਾ ਦੇਵੇਗਾ ਕਿ ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ।
8 ਉਹ ਬੰਦਾ ਉਸ ਰੁੱਖ ਵਰਗਾ ਤਾਕਤਵਰ ਹੋਵੇਗਾ, ਜਿਹੜਾ ਪਾਣੀ ਦੇ ਨੇੜੇ ਉਗਾਇਆ ਹੁੰਦਾ ਹੈ।
ਉਸ ਰੁੱਖ ਦੀਆਂ ਜਢ਼ਾਂ ਵੱਡੀਆਂ ਹੁੰਦੀਆਂ ਹਨ ਜਿਹੜੀਆਂ ਪਾਣੀ ਲੱਭ ਲੈਂਦੀਆਂ ਹਨ।
ਉਹ ਰੁੱਖ ਭੈਭੀਤ ਨਹੀਂ ਹੁੰਦਾ ਉਦੋਂ ਜਦੋਂ ਦਿਨ ਗਰਮ ਹੁੰਦੇ ਹਨ।
ਇਸ ਦੀਆਂ ਪੱਤੀਆਂ ਸਦਾ ਹਰੀਆਂ ਹੁੰਦੀਆਂ ਨੇ।
ਉਸ ਨੂੰ ਉਸ ਵਰ੍ਹੇ ਦਾ ਫ਼ਿਕਰ ਨਹੀਂ ਹੁੰਦਾ ਜਦੋਂ ਵਰੱਖਾ ਨਹੀਂ ਹੁੰਦੀ।
ਉਹ ਰੁੱਖ ਸਦਾ ਹੀ ਫ਼ਲ ਪੈਦਾ ਕਰਦਾ ਹੈ।
9 “ਬੰਦੇ ਦਾ ਮਨ ਬਹੁਤ ਚਲਾਕ ਹੁੰਦਾ ਹੈ!
ਹੋ ਸੱਕਦਾ ਹੈ ਕਿ ਮਨ ਰੋਗੀ ਹੋਵੇ ਅਤੇ ਕੋਈ ਸੱਚਮੁੱਚ ਇਸ ਨੂੰ ਨਾ ਸਮਝੇ।
10 ਪਰ ਮੈਂ, ਯਹੋਵਾਹ ਹਾਂ, ਤੇ ਮੈਂ ਬੰਦੇ ਦੇ ਦਿਲ ਅੰਦਰ ਦੇਖ ਸੱਕਦਾ ਹਾਂ।
ਮੈਂ ਬੰਦੇ ਦੇ ਮਨ ਨੂੰ ਪਰੱਖ ਸੱਕਦਾ ਹਾਂ।
ਮੈਂ ਨਿਆਂ ਕਰ ਸੱਕਦਾ ਹਾਂ ਕਿ ਹਰ ਬੰਦੇ ਨੂੰ ਕੀ ਚਾਹੀਦਾ ਹੈ।
ਮੈਂ ਹਰ ਬੰਦੇ ਨੂੰ, ਉਸ ਦੇ ਕੰਮਾਂ ਬਦਲੇ ਢੁਕਵੀਂ ਅਦਾਇਗੀ ਕਰ ਸੱਕਦਾ ਹਾਂ।
11 ਕਦੇ-ਕਦੇ ਕੋਈ ਪੰਛੀ ਉਸ ਅੰਡੇ ਨੂੰ ਸੇਁਹਦਾ ਹੈ ਜੋ ਉਸ ਨੇ ਨਹੀਂ ਦਿੱਤਾ ਹੁੰਦਾ।
ਉਹ ਬੰਦਾ ਜਿਹੜਾ ਧੋਖੇ ਨਾਲ ਧਨ ਹਾਸਿਲ ਕਰਦਾ ਹੈ ਉਹ ਉਸੇ ਪੰਛੀ ਵਰਗਾ ਹੈ।
ਉਹ ਆਦਮੀ ਅਧਖੜ ਉਮਰ ਵਿੱਚ ਹੀ ਆਪਣੀ ਦੌਲਤ ਗਵਾ ਲਵੇਗਾ।
ਅਤੇ ਜੀਵਨ ਦੇ ਅੰਤ ਉੱਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਉਹ ਬੰਦਾ ਮੂਰਖ ਸੀ।”
12 ਆਦਿ ਤੋਂ ਹੀ, ਸਾਡਾ ਮੰਦਰ ਪਰਮੇਸ਼ੁਰ ਦਾ ਸ਼ਾਨਦਾਰ ਸਿੰਘਾਸਣ ਰਿਹਾ ਹੈ।
ਇਹ ਬਹੁਤ ਉੱਘੀ ਥਾਂ ਹੈ।
13 ਹੇ ਯਹੋਵਾਹ, ਤੂੰ ਇਸਰਾਏਲ ਦੀ ਉਮੀਦ ਹੈਂ।
ਜੋ ਬੰਦਾ ਤੈਨੂੰ ਛੱਡ ਦਿੰਦਾ ਹੈ, ਬਹੁਤ ਸ਼ਰਮਸਾਰ ਹੋ ਜਾਂਦਾ ਹੈ।
ਹੇ ਯਹੋਵਾਹ, ਤੂੰ ਪਾਣੀ ਦੇ ਚਸ਼ਮੇ ਵਰਗਾ ਜੀਵਂਤ ਹੈਂ।
ਜੇ ਕੋਈ ਬੰਦਾ ਯਹੋਵਾਹ ਦੇ ਰਾਹ ਨੂੰ ਛੱਡ ਦਿੰਦਾ ਹੈ, ਤਾਂ ਉਸ ਦਾ ਜੀਵਨ ਬਹੁਤ ਥੋੜਾ ਹੋਵੇਗਾ।
ਯਿਰਮਿਯਾਹ ਦੀ ਤੀਜੀ ਸ਼ਿਕਾਇਤ
14 ਯਹੋਵਾਹ ਜੀ, ਜੇ ਤੁਸੀਂ ਮੈਨੂੰ ਅਰੋਗ ਕਰਦੇ ਹੋ ਤਾਂ ਮੈਂ ਸੱਚਮੁੱਚ ਅਰੋਗ ਹੋਵਾਂਗਾ।
ਜੇ ਤੁਸੀਂ ਮੈਨੂੰ ਬਚਾਵੋਂਗੇ, ਤਾਂ ਮੈਂ ਸੱਚਮੁੱਚ ਬਚ ਜਾਵਾਂਗਾ।
ਯਹੋਵਾਹ ਜੀ, ਮੈਂ ਤੁਹਾਡੀ ਉਸਤਤ ਕਰਦਾ ਹਾਂ!
15 ਯਹੂਦਾਹ ਦੇ ਲੋਕ ਮੇਰੇ ਕੋਲੋਂ ਸਵਾਲ ਪੁੱਛੀ ਜਾਂਦੇ ਨੇ।
ਉਹ ਆਖਦੇ ਨੇ, “ਯਿਰਮਿਯਾਹ, ਯਹੋਵਾਹ ਦੇ ਸੰਦੇਸ਼ ਦਾ ਕੀ ਬਣਿਆ?
ਉਹ ਸੰਦੇਸ਼ ਕਦੋਂ ਪੂਰਾ ਹੋਵੇਗਾ?
ਇਸ ਨੂੰ ਛੇਤੀ ਹੀ ਆਉਣ ਦਿਓ?”
16 ਯਹੋਵਾਹ ਜੀ, ਮੈਂ ਤੁਹਾਡੇ ਕੋਲੋਂ ਨਹੀਂ ਭਜਿਆ ਸਾਂ।
ਮੈਂ ਤੁਹਾਡੇ ਰਾਹ ਉੱਤੇ ਚੱਲਿਆ ਸਾਂ।
ਮੈਂ ਓਸੇ ਤਰ੍ਹਾਂ ਦਾ ਅਯਾਲੀ ਬਣ ਗਿਆ, ਜਿਹੜਾ ਤੁਸੀਂ ਚਾਹੁੰਦੇ ਸੀ।
ਮੈਂ ਨਹੀਂ ਚਾਹੁੰਦਾ ਸਾਂ ਕਿ ਭਿਆਨਕ ਦਿਨ ਆਵੇ।
ਯਹੋਵਾਹ ਜੀ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣਦੇ ਹੋ, ਜੋ ਮੈਂ ਆਖੀਆਂ।
ਤੁਸੀਂ ਸਭ ਕੁਝ ਦੇਖਦੇ ਹੋ, ਜੋ ਵਾਪਰ ਰਿਹਾ ਹੈ।
17 ਯਹੋਵਾਹ ਜੀ, ਮੈਨੂੰ ਬਰਬਾਦ ਨਾ ਕਰੋ।
ਮੁਸੀਬਤ ਦੇ ਦਿਨਾਂ ਵਿੱਚ ਮੈਂ ਤੁਹਾਡੇ ਉੱਤੇ ਨਿਰਭਰ ਕਰਦਾ ਹਾਂ।
18 ਲੋਕ ਮੈਨੂੰ ਦੁੱਖ ਦੇ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕਰ ਦਿਓ।
ਪਰ ਮੈਨੂੰ ਨਿਰਾਸ਼ ਨਾ ਕਰੋ।
ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਓ।
ਪਰ ਮੈਨੂੰ ਭੈਭੀਤ ਨਾ ਕਰੋ।
ਮੇਰੇ ਦੁਸ਼ਮਣਾਂ ਲਈ ਕਿਆਮਤ ਦਾ ਦਿਨ ਲਿਆਵੋ।
ਉਨ੍ਹਾਂ ਦੇ ਟੋਟੇ ਕਰ ਦਿਓ, ਉਨ੍ਹਾਂ ਦੇ ਬਾਰ-ਬਾਰ ਟੋਟੇ ਕਰੋ।
ਸਬਤ ਦੇ ਦਿਨ ਨੂੰ ਪਵਿੱਤਰ ਰੱਖਣਾ
19 ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: “ਯਿਰਮਿਯਾਹ, ਜਾਹ ਅਤੇ “ਲੋਕਾਂ ਦੇ ਦਰਵਾਜ਼ੇ [a] ਉੱਤੇ ਖਲੋ ਜਾ, ਜਿੱਥੇ ਯਹੂਦਾਹ ਦੇ ਰਾਜੇ ਆਉਂਦੇ ਜਾਂਦੇ ਹਨ। ਲੋਕਾਂ ਨੂੰ ਮੇਰਾ ਸੰਦੇਸ਼ ਸੁਣਾ, ਅਤੇ ਫ਼ੇਰ ਯਰੂਸ਼ਲਮ ਦੇ ਹੋਰ ਸਾਰੇ ਦਰਵਾਜ਼ਿਆਂ ਤੇ ਜਾਹ ਅਤੇ ਉਹੋ ਗੱਲਾਂ ਕਰ।”
20 ਉਨ੍ਹਾਂ ਲੋਕਾਂ ਨੂੰ ਆਖ, “ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਸੁਣੋ, ਸੁਣੋ ਯਹੂਦਾਹ ਦੇ ਰਾਜਿਓ। ਸੁਣੋ, ਸੁਣੋ ਯਹੂਦਾਹ ਦੇ ਤੁਸੀਂ ਸਾਰੇ ਲੋਕੋ। ਤੁਸੀਂ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਬਾਣੀਂ ਯਰੂਸ਼ਲਮ ਵਿੱਚ ਆਉਂਦੇ ਹੋ, ਸੁਣੋ ਮੇਰੀ ਗੱਲ! 21 ਯਹੋਵਹ ਇਹ ਗੱਲਾਂ ਆਖਦਾ ਹੈ: ‘ਧਿਆਨ ਰੱਖੋ ਕਿ ਸਬਤ ਦੇ ਦਿਨ ਤੁਸੀਂ ਕੋਈ ਭਾਰ ਨਾ ਚੁੱਕੋਁ। ਅਤੇ ਸਬਤ ਦਿਨ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਕੋਈ ਭਾਰ ਲੈ ਕੇ ਨਾ ਆਓ। 22 ਸਬਤ ਦੇ ਦਿਨ ਆਪਣੇ ਘਰਾਂ ਤੋਂ ਕੋਈ ਬੋਝ ਲੈ ਕੇ ਬਾਹਰ ਨਾ ਆਓ। ਉਸ ਦਿਨ ਕੋਈ ਕੰਮ ਨਾ ਕਰੋ। ਤੁਹਾਨੂੰ ਸਬਤ ਦੇ ਦਿਨ ਨੂੰ ਪੂਰੀ ਤਰ੍ਹਾਂ ਛੁੱਟੀ ਦਾ ਦਿਨ ਬਨਾਉਣਾ ਚਾਹੀਦਾ ਹੈ। ਇਹੀ ਆਦੇਸ਼ ਹੈ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। 23 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਤੁਹਾਡੇ ਪੁਰਖੇ ਬਹੁਤ ਜ਼ਿੱਦੀ ਸਨ। ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ ਪਰ ਇਸ ਨਾਲ ਉਨ੍ਹਾਂ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। 24 ਪਰ ਤੁਹਾਨੂੰ ਬਹੁਤ ਹੁਸ਼ਿਆਰ ਰਹਿਣਾ ਚਾਹੀਦਾ ਹੈ ਮੇਰਾ ਹੁਕਮ ਮੰਨਣ ਬਾਰੇ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ “‘ਤੁਹਾਨੂੰ ਸਬਤ ਦੇ ਦਿਨ ਯਰੂਸ਼ਲਮ ਦੇ ਦਰਵਾਜ਼ਿਆਂ ਰਾਹੀਂ ਕੋਈ ਬੋਝ ਲੈ ਕੇ ਨਹੀਂ ਆਉਣਾ ਚਾਹੀਦਾ। ਤੁਹਾਨੂੰ ਸਬਤ ਦੇ ਦਿਨ ਨੂੰ ਪਵਿੱਤਰ ਦਿਨ ਬਨਾਉਣਾ ਚਾਹੀਦਾ ਹੈ। ਅਜਿਹਾ ਤੁਸੀਂ ਉਸ ਦਿਨ ਕੋਈ ਕੰਮ ਨਾ ਕਰਕੇ ਬਣਾਓਗੇ।
25 “‘ਜੇ ਤੁਸੀਂ ਇਹ ਆਦੇਸ਼ ਮੰਨੋਗੇ, ਤਾਂ ਉਹ ਰਾਜੇ ਜਿਹੜੇ ਦਾਊਦ ਦੇ ਤਖਤ ਉੱਤੇ ਬੈਠਦੇ ਨੇ ਉਹ ਯਰੂਸ਼ਲਮ ਦੇ ਦਰਵਾਜਿਆਂ ਰਾਹੀਂ ਆਉਣਗੇ। ਉਹ ਰਾਜੇ ਰਬਾਂ ਅਤੇ ਘੋੜਿਆਂ ਉੱਤੇ ਸਵਾਰ ਹੋਕੇ ਆਉਣਗੇ। ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਆਗੂ ਉਨ੍ਹਾਂ ਰਾਜਿਆਂ ਦੇ ਨਾਲ ਹੋਣਗੇ। ਅਤੇ ਯਰੂਸ਼ਲਮ ਹਮੇਸ਼ਾ ਵਸਦਾ ਰਸਦਾ ਰਹੇਗਾ! 26 ਲੋਕ ਯਹੂਦਾਹ ਦੇ ਕਸਬਿਆਂ ਵਿੱਚੋਂ ਯਰੂਸ਼ਲਮ ਵਿੱਚ ਆਉਣਗੇ। ਲੋਕ ਆਲੇ-ਦੁਆਲੇ ਦੇ ਛੋਟੇ-ਛੋਟੇ ਪਿੰਡਾਂ ਵਿੱਚੋਂ ਯਰੂਸ਼ਲਮ ਵਿੱਚ ਆਉਣਗੇ। ਲੋਕ ਉਸ ਧਰਤੀ ਤੋਂ ਆਉਣਗੇ ਜਿੱਥੇ ਬਿਨਯਾਮੀਨ ਦਾ ਪਰਿਵਾਰ-ਸਮੂਹ ਰਹਿੰਦਾ ਹੈ ਅਤੇ ਪੱਛਮੀ ਪਹਾੜੀਆਂ ਦੀਆਂ ਵਾਦੀਆਂ ਤੋਂ ਅਤੇ ਪਹਾੜੀ ਪ੍ਰਦੇਸ਼ ਤੋਂ ਆਉਣਗੇ। ਅਤੇ ਲੋਕ ਨਿਜੀਵ ਤੋਂ ਆਉਣਗੇ। ਉਪਾਸਨਾ ਲਈ, ਉਹ ਸਾਰੇ ਲੋਕ ਹੋਮ ਦੀਆਂ ਭੇਟਾਂ, ਬਲੀਆਂ, ਅਨਾਜ ਦੀਆਂ ਭੇਟਾਂ, ਧੂਪ ਅਤੇ ਧੰਨਵਾਦ ਦੇ ਚੜ੍ਹਾਵੇ ਲਿਆਉਣਗੇ।
27 “‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਮੇਰਾ ਹੁਕਮ ਨਹੀਂ ਮੰਨੋਗੇ, ਤਾਂ ਮਾੜੀਆਂ ਘਟਨਾਵਾਂ ਵਾਪਰਨਗੀਆਂ। ਜੇ ਤੁਸੀਂ ਸਬਾਤ ਦੇ ਦਿਨ ਯਰੂਸ਼ਲਮ ਵਿੱਚ ਬੋਝਾ ਲੈ ਕੇ ਜਾਓਗੇ, ਤਾਂ ਤੁਸੀਂ ਉਸ ਨੂੰ ਪਵਿੱਤਰ ਦਿਨ ਵਜੋਂ ਨਹੀਂ ਮੰਨ ਰਹੇ। ਇਸ ਲਈ ਮੈਂ ਅਜਿਹੀ ਅੱਗ ਲਗਾਵਾਂਗਾ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ। ਉਹ ਅੱਗ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਸ਼ੁਰੂ ਹੋਵੇਗੀ ਅਤੇ ਉਦੋਂ ਤੀਕ ਬਲਦੀ ਰਹੇਗੀ ਜਦੋਂ ਤੀਕ ਕਿ ਸਾਰੇ ਮਹਿਲ ਸੜ ਨਹੀਂ ਜਾਂਦੇ।’”
ਯਿਸੂ ਦਾ ਟੁੰਡੇ ਦਾ ਹੱਥ ਠੀਕ ਕਰਨਾ(A)
3 ਯਿਸੂ ਫ਼ੇਰ ਪ੍ਰਾਰਥਨਾ ਸਥਾਨ ਤੇ ਗਿਆ। ਪ੍ਰਾਰਥਨਾ ਸਥਾਨ ਵਿੱਚ ਇੱਕ ਟੁੰਡਾ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। 2 ਲੋਕ ਯਿਸੂ ਨੂੰ ਕੁਝ ਗਲਤ ਗੱਲ ਕਰਦਿਆਂ ਫ਼ੜਨ ਦੀ ਤਾਕ ਵਿੱਚ ਸਨ। ਤਾਂ ਜੋ ਉਹ ਉਸ ਦੇ ਵਿਰੁੱਧ ਦੋਸ਼ ਲਾ ਸੱਕਣ। ਇਸ ਲਈ ਸਭ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਇਹ ਵੀ ਤਾੜ ਰਹੇ ਸਨ ਕਿ ਵੇਖੀਏ ਭਲਾ ਉਹ ਸਬਤ ਦੇ ਦਿਨ ਉਸ ਟੁੰਡੇ ਨੂੰ ਠੀਕ ਕਰੇਗਾ ਕਿ ਨਹੀਂ। 3 ਯਿਸੂ ਨੇ ਉਸ ਟੁੰਡੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਤੂੰ ਇੱਥੇ ਵਿੱਚਾਲੇ ਖੜ੍ਹਾ ਹੋ, ਤਾਂ ਕਿ ਲੋਕ ਤੈਨੂੰ ਵੇਖ ਲੈਣ।”
4 ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਸਬਤ ਦੇ ਦਿਨ ਕੀ ਕਰਨਾ ਠੀਕ ਹੈ? ਚੰਗਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਚੰਗੀ ਹੈ ਜਾਂ ਜਾਨੋ ਮਾਰਨਾ?” ਪਰ ਲੋਕਾਂ ਨੇ ਯਿਸੂ ਨੂੰ ਕੋਈ ਜਵਾਬ ਨਾ ਦਿੱਤਾ, ਸਭ ਚੁੱਪ ਰਹੇ।
5 ਫ਼ਿਰ ਯਿਸੂ ਉਨ੍ਹਾਂ ਦੀ ਜ਼ਿਦ ਦੇ ਕਾਰਨ ਉਦਾਸ ਸੀ ਅਤੇ ਗੁੱਸੇ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਆਖਿਆ, “ਆਪਣਾ ਹੱਥ ਵਿਖਾ।” ਤਦ ਉਸ ਮਨੁੱਖ ਨੇ ਆਪਣਾ ਹੱਥ ਵਿਖਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ। 6 ਤਦ ਫ਼ਰੀਸੀ ਵਿਦਾ ਹੋ ਗਏ ਅਤੇ ਹੈਰੋਦੀਆਂ ਨਾਲ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਈ।
ਕਈ ਲੋਕ ਯਿਸੂ ਦਾ ਅਨੁਸਰਣ ਕਰਦੇ ਹਨ
7 ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਗਲੀਲ ਵਿੱਚ ਉਸ ਦੇ ਮਗਰ ਹੋ ਤੁਰੇ। 8 ਬਹੁਤ ਸਾਰੇ ਹੋਰ ਲੋਕ, ਜਿਨ੍ਹਾਂ ਨੇ ਯਿਸੂ ਦੀਆਂ ਕੀਤੀਆਂ ਗੱਲਾਂ ਬਾਰੇ ਸੁਣਿਆ ਸੀ, ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਹ ਲੋਕ ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਨਦੀ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਤੋਂ ਵੀ ਆਏ ਹੋਏ ਸਨ।
9 ਜਦੋਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਬੇੜੀ ਤਿਆਰ ਕਰਨ। ਤਾਂ ਕਿ ਕਿਤੇ ਲੋਕਾਂ ਦੀ ਭੀੜ ਉਸ ਨੂੰ ਦਬਾ ਨਾ ਲਵੇ। 10 ਉਸ ਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ, ਇਸ ਲਈ ਬਿਮਾਰ ਲੋਕਾਂ ਨੇ ਉਸ ਨੂੰ ਛੂਹਣ ਲਈ ਉਸ ਦੇ ਆਲੇ-ਦੁਆਲੇ ਝੁੰਡ ਬਣਾ ਲਿਆ। 11 ਕੁਝ ਲੋਕਾਂ ਅੰਦਰ ਸ਼ੈਤਾਨ ਦੇ ਭਰਿਸ਼ਟ ਆਤਮੇ ਸਨ। ਜਦੋਂ ਭਰਿਸ਼ਟ ਆਤਮਿਆਂ ਨੇ ਯਿਸੂ ਨੂੰ ਵੇਖਿਆ ਤਾਂ ਉਹ ਉਸ ਅੱਗੇ ਝੁੱਕ ਕੇ ਚੀਕਣ ਲੱਗੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” 12 ਪਰ ਉਸ ਨੇ ਭਰਿਸ਼ਟ ਆਤਮਿਆਂ ਨੂੰ ਦ੍ਰਿੜ੍ਹਤਾ ਨਾਲ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਨਾ ਦੱਸਣ ਕਿ ਉਹ ਕੌਣ ਹੈ।
ਯਿਸੂ ਵੱਲੋਂ ਬਾਰ੍ਹਾਂ ਰਸੂਲਾਂ ਦਾ ਚੁਣੇ ਜਾਣਾ(B)
13 ਤਦ ਯਿਸੂ ਪਹਾੜੀ ਵੱਲ ਤੁਰ ਗਿਆ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ। 14 ਯਿਸੂ ਨੇ ਬਾਰ੍ਹਾਂ ਬੰਦੇ ਚੁਣੇ ਅਤੇ ਉਨ੍ਹਾਂ ਨੂੰ ਰਸੂਲ ਆਖਿਆ। ਯਿਸੂ ਚਾਹੁੰਦਾ ਸੀ ਕਿ ਇਹ ਬਾਰ੍ਹਾਂ ਮਨੁੱਖ ਉਸ ਦੇ ਨਾਲ ਰਹਿਣ ਤਾਂ ਜੋ ਉਹ ਉਨ੍ਹਾਂ ਨੂੰ ਅਲੱਗ-ਅਲੱਗ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜ ਸੱਕੇ। 15 ਇਨ੍ਹਾਂ ਲੋਕਾਂ ਕੋਲ ਵੀ ਲੋਕਾਂ ਵਿੱਚੋਂ ਭੂਤ ਕੱਢਣ ਦੀ ਸ਼ਕਤੀ ਹੋਣੀ ਚਾਹੀਦੀ ਹੈ। 16 ਯਿਸੂ ਨੇ ਜਿਹੜੇ ਬਾਰ੍ਹਾਂ ਰਸੂਲ ਚੁਣੇ ਉਨ੍ਹਾਂ ਦੇ ਨਾਉਂ ਸਨ:
ਸ਼ਮਊਨ, ਜਿਸਦਾ ਨਾਉਂ ਉਸ ਨੇ ਪਤਰਸ ਰੱਖਿਆ।
17 ਅਤੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਜਿਨ੍ਹਾਂ ਦਾ ਨਾਉਂ ਉਸ ਨੇ ਬਨੀ ਰੋਗਿਜ਼ ਰੱਖਿਆ ਜਿਸਦਾ ਅਰਥ ਹੈ, “ਗਰਜਣ ਦੇ ਪੁੱਤਰ”
18 ਅਤੇ ਅੰਦ੍ਰਿਯਾਸ,
ਫ਼ਿਲਿਪੁੱਸ,
ਬਰਥੁਲਮਈ,
ਮੱਤੀ,
ਥੋਮਾ,
ਹਲਫ਼ਾ ਦਾ ਪੁੱਤਰ ਯਾਕੂਬ,
ਥੱਦਈ
ਅਤੇ ਸ਼ਮਊਨ ਕਨਾਨੀ, [a]
19 ਅਤੇ ਯਹੂਦਾ ਇਸੱਕਰਿਯੋਤੀ। ਇਹ ਉਹੀ ਯਹੂਦਾ ਸੀ ਜਿਸਨੇ ਯਿਸੂ ਨੂੰ ਉਸ ਦੇ ਦੁਸ਼ਮਨਾਂ ਦੇ ਹੱਥ ਫ਼ੜਵਾ ਦਿੱਤਾ ਸੀ।
ਕੁਝ ਲੋਕਾਂ ਨੇ ਆਖਿਆ ਯਿਸੂ ਨੂੰ ਬਆਲ-ਜ਼ਬੂਲ ਚਿੰਬੜਿਆ ਹੋਇਆ ਹੈ(C)
20 ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਯਿਸੂ ਅਤੇ ਉਸ ਦੇ ਚੇਲੇ ਰੋਟੀ ਵੀ ਨਾ ਖਾ ਸੱਕੇ। 21 ਜਦੋਂ ਯਿਸੂ ਦੇ ਪਰਿਵਾਰ ਨੇ ਇਨ੍ਹਾਂ ਸਭ ਚੀਜ਼ਾਂ ਬਾਰੇ ਸੁਣਿਆ ਤਾਂ ਉਹ ਉਸ ਨੂੰ ਫ਼ਸਾਉਣ ਲਈ ਆਏ। ਕਿਉਂਕਿ ਲੋਕਾਂ ਨੇ ਆਖਿਆ ਕਿ ਉਹ ਆਪਣੀ ਸੁੱਧ-ਬੁੱਧ ਵਿੱਚ ਨਹੀਂ ਸੀ।
22 ਅਤੇ ਯਰੂਸ਼ਲਮ ਤੋਂ ਆਏ ਨੇਮ ਦੇ ਉਪਦੇਸ਼ਕਾਂ ਨੇ ਵੀ ਆਖਿਆ, “ਯਿਸੂ ਨੂੰ ਬਆਲ-ਜਬੂਲ ਚਿੰਬੜਿਆ ਹੋਇਆ ਹੈ! ਇਸ ਲਈ ਉਹ ਭੂਤਾਂ ਦੇ ਸਰਦਾਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕੱਢਦਾ ਹੈ।”
23 ਫ਼ੇਰ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਸੱਦਕੇ ਦ੍ਰਿਸ਼ਟਾਤਾਂ ਵਿੱਚ ਉਨ੍ਹਾਂ ਨੂੰ ਸਮਝਾਇਆ, “ਸ਼ੈਤਾਨ ਕਿਵੇਂ ਆਪਣੇ ਹੀ ਆਤਮਿਆਂ ਨੂੰ ਬਾਹਰ ਕੱਢ ਸੱਕਦਾ ਹੈ। 24 ਜੇਕਰ ਇੱਕ ਰਾਜ ਆਪਣੇ ਹੀ ਖਿਲਾਫ਼ ਲੜਦਾ ਹੈ, ਤਾਂ ਇਹ ਨਹੀਂ ਰਹਿ ਸੱਕਦਾ। 25 ਅਤੇ ਜੇਕਰ ਇੱਕ ਪਰਿਵਾਰ ਵੰਡਿਆ ਹੋਇਆ ਹੈ ਅਤੇ ਆਪਣੇ ਹੀ ਖਿਲਾਫ਼ ਲੜ ਰਿਹਾ ਹੈ ਤਾਂ ਇਹ ਨਹੀਂ ਬਚ ਸੱਕਦਾ। 26 ਅਤੇ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਵਿਦ੍ਰੋਹ ਕਰਦਾ ਹੈ ਅਤੇ ਵੰਡਿਆ ਹੋਇਆ ਹੈ ਤਾਂ, ਉਹ ਨਹੀਂ ਬਚ ਸੱਕਦਾ ਅਤੇ ਉਸਦਾ ਅੰਤ ਹੋ ਜਾਵੇਗਾ।
27 “ਪਰ ਜਦੋਂ ਕੋਈ ਬੰਦਾ ਕਿਸੇ ਤਕੜੇ ਆਦਮੀ ਦੇ ਘਰ ਵਿੱਚ ਵੜਕੇ ਉਸਦੀਆਂ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਉਸ ਨੂੰ ਤਕੜੇ ਆਦਮੀ ਨੂੰ ਬੰਨ੍ਹਣਾ ਪਵੇਗਾ, ਅਤੇ ਫ਼ੇਰ ਉਹ ਉਸਦਾ ਘਰ ਲੁੱਟ ਸੱਕਦਾ ਹੈ।
28 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਸਾਰੇ ਪਾਪ ਮਾਫ਼ ਕੀਤੇ ਜਾਣਗੇ ਅਤੇ ਜੋ ਵੀ ਉਹ ਪਰਮੇਸ਼ੁਰ ਦੇ ਵਿਰੁੱਧ ਬੋਲੇ ਉਹ ਵੀ ਮਾਫ਼ ਕਰ ਦਿੱਤਾ ਜਾਵੇਗਾ, 29 ਪਰ ਜੇਕਰ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਝ ਆਖਦਾ ਹੈ, ਤਾਂ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਅਤੇ ਉਹ ਹਮੇਸ਼ਾ ਉਸ ਪਾਪ ਦਾ ਦੋਸ਼ੀ ਰਹੇਗਾ।”
30 ਯਿਸੂ ਨੇ ਇਹ ਇਸ ਲਈ ਆਖਿਆ ਕਿਉਂਕਿ ਨੇਮ ਦੇ ਉਪਦੇਸ਼ਕਾਂ ਨੇ ਆਖਿਆ ਸੀ ਕਿ ਯਿਸੂ ਭਰਿਸ਼ਟ ਆਤਮੇ ਦੇ ਵੱਸ ਹੈ।
ਯਿਸੂ ਦੇ ਚੇਲੇ ਹੀ ਉਸਦਾ ਸੱਚਾ ਪਰਿਵਾਰ ਹਨ(D)
31 ਫ਼ਿਰ ਯਿਸੂ ਦੀ ਮਾਤਾ ਅਤੇ ਭਰਾ ਆਏ; ਅਤੇ ਬਾਹਰ ਖੜ੍ਹੇ ਹੋ ਗਏ। ਉਨ੍ਹਾਂ ਨੇ ਯਿਸੂ ਨੂੰ ਬੁਲਾਉਣ ਲਈ ਇੱਕ ਵਿਅਕਤੀ ਰਾਹੀਂ ਸੁਨੇਹਾ ਭੇਜਿਆ। 32 ਉਸ ਵਕਤ ਯਿਸੂ ਦੇ ਆਸ-ਪਾਸ ਬਹੁਤ ਸਾਰੇ ਲੋਕ ਬੈਠੇ ਸਨ। ਉਨ੍ਹਾਂ ਉਸ ਨੂੰ ਕਿਹਾ, “ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੇਰੇ ਬਾਰੇ ਪੁੱਛ-ਗਿੱਛ ਕਰ ਰਹੇ ਹਨ।”
33 ਯਿਸੂ ਨੇ ਆਖਿਆ, “ਮੇਰੀ ਮਾਂ ਕੌਣ ਹੈ? ਕੌਣ ਹਨ ਮੇਰੇ ਭਰਾ?” 34 ਤਦ ਉਸ ਨੇ ਆਪਣੇ ਆਸੇ-ਪਾਸੇ ਸਾਰੇ ਲੋਕਾਂ ਵੱਲ ਵੇਖਿਆ ਅਤੇ ਆਖਿਆ, “ਇਹੀ ਲੋਕ ਮੇਰੀ ਮਾਂ ਅਤੇ ਮੇਰੇ ਭਰਾ ਹਨ। 35 ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
2010 by World Bible Translation Center