M’Cheyne Bible Reading Plan
ਪਰਮੇਸ਼ੁਰ ਤੇ ਇਸਰਾਏਲ ਆਪਣਾ ਇਕਰਾਰਨਾਮਾ ਕਰਦੇ ਹਨ
24 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੁਸੀਂ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਪਰਬਤ ਕੋਲ ਆਕੇ ਦੂਰ ਤੋਂ ਮੇਰੀ ਉਪਾਸਨਾ ਕਰੋ। 2 ਤਾਂ ਮੂਸਾ ਖੁਦ ਯਹੋਵਾਹ ਦੇ ਨੇੜੇ ਆਵੇਗਾ, ਬਾਕੀ ਦੇ ਹੋਰ ਬੰਦਿਆਂ ਨੂੰ ਨੇੜੇ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਤਾਂ ਉਸ ਦੇ ਨਾਲ ਪਰਬਤ ਉੱਤੇ ਵੀ ਨਹੀਂ ਆਉਣਾ ਚਾਹੀਦਾ।”
3 ਮੂਸਾ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਬਿਧੀਆਂ ਤੇ ਹੁਕਮ ਦੱਸੇ। ਤਾਂ ਸਾਰੇ ਲੋਕਾਂ ਨੇ ਆਖਿਆ, “ਅਸੀਂ ਉਨ੍ਹਾਂ ਸਾਰੇ ਹੁਕਮਾਂ ਨੂੰ ਮੰਨਾਂਗੇ ਜਿਹੜੇ ਯਹੋਵਾਹ ਨੇ ਸੁਣਾਏ ਹਨ।”
4 ਤਾਂ ਮੂਸਾ ਨੇ ਯਹੋਵਾਹ ਦੇ ਸਾਰੇ ਹੁਕਮ ਇੱਕ ਪੱਤਰੀ ਉੱਪਰ ਲਿਖ ਲਏ। ਅਗਲੀ ਸਵੇਰ ਨੂੰ, ਮੂਸਾ ਉੱਠਿਆ ਪਰਬਤ ਦੀ ਤਰਾਈ ਨੇੜੇ ਇੱਕ ਜਗਵੇਦੀ ਉਸਾਰੀ ਅਤੇ ਉਸ ਨੇ ਇਸਦੇ ਆਲੇ-ਦੁਆਲੇ ਬਾਰ੍ਹਾਂ ਪੱਥਰ ਧਰ ਦਿੱਤੇ ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਹਰੇਕ ਲਈ ਇੱਕ ਪੱਥਰ। 5 ਫ਼ੇਰ ਮੂਸਾ ਨੇ ਇਸਰਾਏਲ ਦੇ ਜਵਾਨ ਆਦਮੀਆਂ ਨੂੰ ਬਲੀਆਂ ਚੜ੍ਹਾਉਣ ਲਈ ਭੇਜਿਆ। ਇਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਵਜੋਂ ਬਲਦਾਂ ਦੀ ਬਲੀ ਦਿੱਤੀ।
6 ਮੂਸਾ ਨੇ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰ ਲਿਆ। ਮੂਸਾ ਨੇ ਅੱਧਾ ਖੂਨ ਪਿਆਲਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਦਾ ਅੱਧਾ ਖੂਨ ਜਗਵੇਦੀ ਉੱਤੇ ਡੋਲ੍ਹ ਦਿੱਤਾ।
7 ਮੂਸਾ ਨੇ ਉਹ ਪੱਤਰੀ ਲਈ ਜਿਸ ਉੱਤੇ ਖਾਸ ਇਕਰਾਰਨਾਮਾ ਲਿਖਿਆ ਹੋਇਆ ਸੀ ਅਤੇ ਸਾਰੇ ਲੋਕਾਂ ਨੂੰ ਪੜ੍ਹਕੇ ਸੁਣਾਈ। ਫ਼ੇਰ ਉਨ੍ਹਾਂ ਨੇ ਆਖਿਆ, “ਉਹ ਸਾਰੇ ਕਾਨੂੰਨ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ, ਉਨ੍ਹਾਂ ਨੂੰ ਕਰਨ ਲਈ ਅਤੇ ਮੰਨਣ ਲਈ ਅਸੀਂ ਤਿਆਰ ਹਾਂ।”
8 ਤਾਂ ਮੂਸਾ ਨੇ ਬਲੀਆਂ ਤੋਂ ਭਰੇ ਖੂਨ ਦੇ ਪਿਆਲੇ ਲਈ ਅਤੇ ਇਸ ਨੂੰ ਲੋਕਾਂ ਉੱਤੇ ਛਿੜਕ ਕੇ ਆਖਿਆ, “ਇਹ ਖੂਨ ਦਰਸਾਉਂਦਾ ਹੈ ਕਿ ਤੁਹਾਡੇ ਇਨ੍ਹਾਂ ਸਾਰੇ ਕਾਨੂੰਨਾਂ ਦੇ ਅਧਾਰ ਤੇ ਯਹੋਵਾਹ ਨੇ ਤੁਹਾਡੇ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ।”
9 ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ 70 ਬਜ਼ੁਰਗ ਪਰਬਤ ਉੱਤੇ ਗਏ। 10 ਪਰਬਤ ਉੱਤੇ ਇਨ੍ਹਾਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦਾ ਦੀਦਾਰ ਕੀਤਾ। ਪਰਮੇਸ਼ੁਰ ਕਿਸੇ ਅਜਿਹੀ ਚੀਜ਼ ਉੱਤੇ ਖਲੋਤਾ ਸੀ ਜਿਹੜੀ ਅਕਾਸ਼ ਵਾਂਗ ਸਾਫ਼ ਨੀਲਮ ਵਰਗੀ ਜਾਪਦੀ ਸੀ। 11 ਇਸਰਾਏਲ ਦੇ ਸਾਰੇ ਆਗੂਆਂ ਨੇ ਪਰਮੇਸ਼ੁਰ ਨੂੰ ਦੇਖਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। [a] ਉਨ੍ਹਾਂ ਸਾਰਿਆਂ ਨੇ ਰਲ-ਮਿਲ ਕੇ ਖਾਧਾ ਕੀਤਾ।
ਮੂਸਾ ਪਰਮੇਸ਼ੁਰ ਦੀ ਬਿਵਸਥਾ ਲੈਣ ਜਾਂਦਾ ਹੈ
12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਪਰਬਤ ਉੱਤੇ ਆ। ਮੈਂ ਤੈਨੂੰ ਦੋ ਪੱਥਰ ਦੀਆਂ ਤਖਤੀਆਂ ਦੇਵਾਂਗਾ ਜਿਨ੍ਹਾਂ ਉੱਤੇ ਮੈਂ ਆਪਣੀ ਬਿਵਸਥਾ ਅਤੇ ਕਾਨੂੰਨ ਲਿਖੇ ਹਨ ਤਾਂ ਜੋ ਤੂੰ ਲੋਕਾਂ ਨੂੰ ਸਿੱਖਾ ਸੱਕੇਂ।”
13 ਤਾਂ ਮੂਸਾ ਅਤੇ ਉਸਦਾ ਸਹਾਇਕ ਯਹੋਸ਼ੂਆ ਪਰਮੇਸ਼ੁਰ ਦੇ ਪਰਬਤ ਉੱਪਰ ਗਏ। 14 ਮੂਸਾ ਨੇ ਬਜ਼ੁਰਗਾਂ ਨੂੰ ਆਖਿਆ, “ਇੱਥੇ ਸਾਡਾ ਇੰਤਜ਼ਾਰ ਕਰੋ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਜਦੋਂ ਮੈਂ ਚੱਲਾ ਗਿਆ ਤਾਂ ਹਾਰੂਨ ਅਤੇ ਹੋਰ ਤੁਹਾਡੇ ਉੱਪਰ ਹਕੂਮਤ ਕਰਨਗੇ। ਜੇ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਇਨ੍ਹਾਂ ਬੰਦਿਆਂ ਕੋਲ ਚੱਲਿਆ ਜਾਵੇ।”
ਮੂਸਾ ਪਰਮੇਸ਼ੁਰ ਨੂੰ ਮਿਲਦਾ ਹੈ
15 ਤਾਂ ਮੂਸਾ ਪਹਾੜ ਉੱਪਰ ਗਿਆ। ਅਤੇ ਬੱਦਲ ਨੇ ਪਰਬਤ ਨੂੰ ਕੱਜ ਲਿਆ। 16 ਯਹੋਵਾਹ ਦਾ ਪਰਤਾਪ ਹੇਠਾਂ ਸੀਨਈ ਪਰਬਤ ਉੱਤੇ ਆਇਆ। ਬੱਦਲ ਨੇ ਛੇ ਦਿਨਾਂ ਤੱਕ ਪਰਬਤ ਨੂੰ ਕੱਜੀ ਰੱਖਿਆ। ਸੱਤਵੇਂ ਦਿਨ ਯਹੋਵਾਹ ਨੇ ਬੱਦਲ ਵਿੱਚੋਂ ਮੂਸਾ ਨਾਲ ਗੱਲ ਕੀਤੀ। 17 ਇਸਰਾਏਲ ਦੇ ਲੋਕ ਯਹੋਵਾਹ ਪਰਤਾਪ ਦੇਖ ਸੱਕਦੇ ਸਨ। ਇਹ ਪਰਬਤ ਦੀ ਚੋਟੀ ਉੱਤੇ ਬਲਦੀ ਹੋਈ ਅੱਗ ਵਾਂਗ ਸੀ।
18 ਤਾਂ ਮੂਸਾ ਪਰਬਤ ਉੱਤੇ ਹੋਰ ਉਤਾਂਹ ਬੱਦਲ ਵਿੱਚ ਗਿਆ। ਮੂਸਾ ਪਰਬਤ ਉੱਤੇ 40 ਦਿਨ 40 ਰਾਤਾਂ ਰਿਹਾ।
ਯਿਸੂ ਅਤੇ ਨਿਕੋਦੇਮੁਸ
3 ਉੱਥੇ ਨਿਕੋਦੇਮੁਸ ਨਾਂ ਦਾ ਇੱਕ ਆਦਮੀ ਸੀ। ਉਹ ਫ਼ਰੀਸੀਆਂ ਵਿੱਚੋਂ ਇੱਕ ਸੀ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ। 2 ਇੱਕ ਰਾਤ ਨਿਕੋਦੇਮੁਸ ਯਿਸੂ ਕੋਲ ਆਇਆ। ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ। ਤੁਸੀਂ ਜੋ ਕਰਾਮਾਤਾਂ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨਾ ਕੋਈ ਨਹੀਂ ਕਰ ਸੱਕਦਾ।”
3 ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇੱਕ ਆਦਮੀ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸੱਕਦਾ ਜਿੰਨਾ ਚਿਰ ਉਹ ਨਵੇਂ ਸਿਰਿਉਂ ਨਹੀਂ ਜਨਮਦਾ।”
4 ਨਿਕੋਦੇਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਜੰਮ ਸੱਕਦਾ ਹੈ? ਨਿਸ਼ਚਿਤ ਹੀ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰ ਨਹੀਂ ਵੜ ਸੱਕਦਾ!”
5 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮਿਆਂ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ। 6 ਸਰੀਰ ਤੋਂ ਸਰੀਰ ਜਨਮਦਾ ਹੈ ਅਤੇ ਆਤਮਕ ਜੀਵਨ ਆਤਮਾ ਤੋਂ ਜਨਮਦਾ ਹੈ। 7 ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ‘ਤੁਹਾਨੂੰ ਨਵੇਂ ਸਿਰਿਉਂ ਜੰਮੇ ਹੋਣਾ ਚਾਹੀਦਾ ਹੈ।’ 8 ਹਵਾ ਉਸ ਪਾਸੇ ਹੀ ਚਲਦੀ ਹੈ ਜਿੱਧਰ ਇਹ ਪਸੰਦ ਕਰਦੀ ਹੈ। ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸੱਕਦੇ ਹੋ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ। ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ।”
9 ਨਿਕੋਦੇਮੁਸ ਨੇ ਪੁੱਛਿਆ, “ਇਹ ਕਿਵੇਂ ਸੰਭਵ ਹੋ ਸੱਕਦਾ?”
10 ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਮਹੱਤਵਪੂਰਣ ਗੁਰੂ ਹੈ। ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ? 11 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ। ਅਸੀ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ। ਪਰ ਤੁਸੀਂ ਲੋਕ ਉਹ ਕਬੂਲ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ। 12 ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ? 13 ਮਨੁੱਖ ਦੇ ਪੁੱਤਰ ਤੋਂ ਬਿਨਾ, ਜੋ ਕਿ ਸਵਰਗ ਤੋਂ ਹੇਠਾਂ ਉਤਰਿਆ ਸੀ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
14 “ਜਿਸ ਤਰ੍ਹਾ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਣਾ ਜ਼ਰੂਰੀ ਹੈ। 15 ਇਉਂ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਸਦੀਪਕ ਜੀਵਨ ਪਾ ਸੱਕਦਾ ਹੈ।”
16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ। 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ। 18 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਇੱਕਲੇ ਪੁੱਤਰ ਉੱਤੇ ਵਿਸ਼ਵਾਸ ਨਹੀਂ। 19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ। 21 ਪਰ ਜੋ ਵਿਅਕਤੀ ਸੱਚ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
22 ਇਸ ਪਿੱਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਗਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ। 23 ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲਿਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਅਥਾਹ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾ ਰਹੇ ਸਨ। 24 ਇਹ ਗੱਲ ਯੂਹੰਨਾ ਨੂੰ ਕੈਦ ਭੇਜਣ ਤੋਂ ਪਹਿਲਾਂ ਵਾਪਰੀ।
25 ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਧਾਰਮਿਕ ਸ਼ੁੱਧਤਾ ਬਾਰੇ ਬਹਿਸ ਕੀਤੀ। 26 ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਜਾ ਰਹੇ ਸਨ।”
27 ਯੂਹੰਨਾ ਨੇ ਉੱਤਰ ਦਿੱਤਾ, “ਬੰਦਾ ਉਹੀ ਪ੍ਰਾਪਤ ਕਰ ਸੱਕਦਾ ਹੈ ਜੋ ਉਸ ਨੂੰ ਪਰਮੇਸ਼ੁਰ ਦਿੰਦਾ। 28 ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ ‘ਮੈਂ ਮਸੀਹ ਨਹੀਂ ਹਾਂ ਪਰ ਮੈਂ ਪਰਮੇਸ਼ੁਰ ਦੁਆਰਾ ਉਸ ਵਾਸਤੇ ਰਾਹ ਬਨਾਉਣ ਲਈ ਭੇਜਿਆ ਗਿਆ ਸੀ।’ 29 ਲਾੜੀ ਕੇਵਲ ਲਾੜੇ ਵਾਸਤੇ ਹੀ ਹੈ। ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾੜੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ। 30 ਉਸ ਨੂੰ ਵੱਧਣਾ ਚਾਹੀਦਾ ਹੈ ਅਤੇ ਮੈਨੂੰ ਘਟਣਾ ਚਾਹੀਦਾ ਹੈ।
ਉਹ ਸਵਰਗ ਤੋਂ ਆਉਂਦਾ ਹੈ
31 “ਉਹ ਇੱਕ ਜੋ ਉੱਪਰੋਂ ਆ ਰਿਹਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ ਬਾਕੀ ਸਾਰਿਆਂ ਤੋਂ ਮਹਾਨ ਹੈ। 32 ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। 33 ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ। 34 ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਘੱਲਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਅਸੀਮਿਤ ਆਤਮਾ ਦਿੰਦਾ ਹੈ। 35 ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ। ਪਿਤਾ ਨੇ ਪੁੱਤਰ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਹੈ। 36 ਉਹ ਵਿਅਕਤੀ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਸ ਕੋਲ ਸਦੀਪਕ ਜੀਵਨ ਹੈ। ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਕੋਲ ਜੀਵਨ ਨਹੀਂ ਹੋਵੇਗਾ। ਪਰਮੇਸ਼ੁਰ ਦਾ ਕ੍ਰੋਧ ਉਸ ਵਿਅਕਤੀ ਉੱਤੇ ਹੋਵੇਗਾ।”
ਅੱਯੂਬ ਦਾ ਯਹੋਵਾਹ ਨੂੰ ਜਵਾਬ
42 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ। ਅੱਯੂਬ ਨੇ ਅਖਿਆ:
2 “ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸੱਕਦੇ ਹੋ।
ਤੁਸੀਂ ਯੋਜਨਾਵਾਂ ਬਣਾਉਂਦੇ ਹੋ ਤੇ ਕੋਈ ਵੀ ਤੁਹਾਡੀਆਂ ਯੋਜਨਾਵਾਂ ਰੋਕ ਜਾਂ ਬਦਲ ਨਹੀਂ ਸੱਕਦਾ।
3 ਯਹੋਵਾਹ, ਤੂੰ ਇਹ ਸਵਾਲ ਪੁੱਛਿਆ: ‘ਇਹ ਮੂਰਖ ਗੱਲਾਂ ਆਖਦਾ ਹੋਇਆ ਇਹ ਅਗਿਆਨੀ ਆਦਮੀ ਕੌਣ ਹੈ?’
ਯਹੋਵਾਹ, ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ ਜੋ ਮੈਂ ਸਮਝਿਆ ਨਹੀਂ ਸਾਂ।
ਮੈਂ ਉਨ੍ਹਾਂ ਗੱਲਾਂ ਬਾਰੇ ਬੋਲਿਆ ਜੋ ਮੇਰੇ ਲਈ ਹੈਰਾਨਕੁਨ ਸਨ ਅਤੇ ਜੋ ਮੇਰੀ ਸਮਝ ਤੋਂ ਬਾਹਰ ਸਨ।
4 “ਯਹੋਵਾਹ ਜੀ ਤੁਸੀਂ ਮੈਨੂੰ ਆਖਿਆ, ‘ਅੱਯੂਬ ਸੁਣ, ਤੇ ਮੈਂ ਬੋਲਾਂਗਾ।
ਮੈਂ ਤੈਨੂੰ ਸਵਾਲ ਪੁੱਛਾਂਗਾ, ਤੇ ਤੂੰ ਮੈਨੂੰ ਜਵਾਬ ਦੇਵੇਂਗਾ।’
5 ਯਹੋਵਾਹ ਜੀ ਅਤੀਤ ਵਿੱਚ ਮੈਂ ਤੁਹਾਡੇ ਬਾਰੇ ਸੁਣਿਆ ਸੀ,
ਪਰ ਹੁਣ ਮੈਂ ਆਪਣੀਆਂ ਅੱਖਾਂ ਨਾਲ ਤੁਹਾਡਾ ਦੀਦਾਰ ਕੀਤਾ ਹੈ।
6 ਅਤੇ ਯਹੋਵਾਹ ਜੀ ਮੈਂ ਆਪਣੇ ਬਾਰੇ ਸ਼ਰਮਿੰਦਾ ਹਾਂ,
ਯਹੋਵਾਹ ਜੀ ਮੈਨੂੰ ਬਹੁਤ ਅਫ਼ਸੋਸ ਹੈ।
ਜਿਵੇਂ ਮੈਂ ਘੱਟੇ ਅਤੇ ਸੁਆਹ ਵਿੱਚ ਬੈਠਦਾ ਹਾਂ,
ਮੈਂ ਆਪਣੇ ਦਿਲ ਅਤੇ ਜੀਵਨ ਨੂੰ ਬਦਲਣ ਦਾ ਇਕਰਾਰ ਕਰਦਾ ਹਾਂ।”
ਯਹੋਵਾਹ ਦਾ ਅੱਯੂਬ ਨੂੰ ਉਸਦੀ ਦੌਲਤ ਵਾਪਸ ਦੇਣਾ
7 ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲਾਂ ਖਤਮ ਕਰ ਲਈਆਂ ਉਸ ਨੇ ਤੇਮਾਨ ਦੇ ਅਲੀਫਜ਼ ਨਾਲ ਗੱਲ ਕੀਤੀ। ਯਹੋਵਾਹ ਨੇ ਅਲੀਫਜ਼ ਨੂੰ ਆਖਿਆ, “ਮੈਂ ਤੇਰੇ ਉੱਤੇ ਕ੍ਰੋਧਵਾਨ ਹਾਂ ਯਹੋਵਾਹ ਨੇ ਅਲੀਫਜ਼ ਨੂੰ ਆਖਿਆ, ਮੈਂ ਤੇਰੇ ਉੱਤੇ ਅਤੇ ਤੇਰੇ ਦੋਹਾਂ ਦੋਸਤਾਂ ਉੱਤੇ ਕ੍ਰੋਧਵਾਨ ਹਾਂ। ਕਿਉਂਕਿ ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਅੱਯੂਬ ਮੇਰਾ ਸੇਵਕ ਹੈ, ਅੱਯੂਬ ਨੇ ਮੇਰੇ ਬਾਰੇ ਸਹੀ-ਸਹੀ ਗੱਲਾਂ ਆਖੀਆਂ। 8 ਇਸ ਲਈ ਅਲੀਫਜ਼, ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਆ। ਉਨ੍ਹਾਂ ਨੂੰ ਮੇਰੇ ਸੇਵਕ ਅੱਯੂਬ ਲਈ ਲੈ ਕੇ ਆ। ਉਨ੍ਹਾਂ ਨੂੰ ਜ਼ਿਬਾਹ ਕਰ ਅਤੇ ਉਨ੍ਹਾਂ ਦੀ ਆਪਣੇ ਲਈ ਹੋਮ ਦੀ ਭੇਟ ਚੜ੍ਹਾ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤੇ ਮੈਂ ਉਸਦੀ ਪ੍ਰਾਰਥਨਾ ਸੁਣਾਂਗਾ। ਫ਼ੇਰ ਮੈਂ ਤੁਹਾਨੂੰ ਸਜ਼ਾ ਨਹੀਂ ਦੇਵਾਂਗਾ, ਜਿਸਦੇ ਕਿ ਤੁਸੀਂ ਅਧਿਕਾਰੀ ਹੋ ਕਿਉਂਕਿ ਤੁਸੀਂ ਬਹੁਤ ਮੂਰਖ ਸੀ। ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਮੇਰੇ ਸੇਵਕ ਅੱਯੂਬ ਨੇ ਮੇਰੇ ਬਾਰੇ ਸਹੀ ਗੱਲਾਂ ਆਖੀਆਂ।”
9 ਇਸ ਤਰ੍ਹਾਂ ਤੇਮਾਨੀ ਦੇ ਅਲੀਫਜ਼ ਸ਼ੂਹੀ ਦੇ ਬਿਲਦਦ ਅਤੇ ਨਅਮਾਤੀ ਦੇ ਸੋਫਰ ਨੇ ਯਹੋਵਾਹ ਦੀ ਆਗਿਆ ਮੰਨੀ। ਫਿਰ ਯਹੋਵਾਹ ਨੇ ਅੱਯੂਬ ਦੀ ਪ੍ਰਾਰਥਨਾ ਸੁਣੀ।
10 ਅੱਯੂਬ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਫਿਰ ਇੱਕ ਵਾਰ ਅੱਯੂਬ ਨੂੰ ਸਫਲ ਬਣਾਇਆ। ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁੱਗਣਾ ਦਤ੍ਤਾ। 11 ਫਿਰ ਅੱਯੂਬ ਦੇ ਸਾਰੇ ਭਰਾ ਤੇ ਭੈਣਾਂ ਅਤੇ ਉਹ ਸਾਰੇ ਲੋਕ ਜਿਹੜੇ ਅੱਯੂਬ ਨੂੰ ਪਹਿਲਾਂ ਹੀ ਜਾਣਦੇ ਸਨ, ਉਸ ਦੇ ਘਰ ਆਏ। ਉਨ੍ਹਾਂ ਸਾਰਿਆਂ ਨੇ ਅੱਯੂਬ ਨਾਲ ਦਾਅਵਤ ਖਾਧੀ। ਉਨ੍ਹਾਂ ਨੇ ਅੱਯੂਬ ਨੂੰ ਹੌਂਸਲਾ ਦਿੱਤਾ ਉਨ੍ਹਾਂ ਨੂੰ ਅਫ਼ਸੋਸ ਸੀ ਕਿ ਯਹੋਵਾਹ ਨੇ ਅੱਯੂਬ ਨੂੰ ਇੰਨੀ ਵੱਡੀ ਮੁਸੀਬਤ ਵਿੱਚ ਪਾਇਆ। ਹਰ ਬੰਦੇ ਨੇ ਅੱਯੂਬ ਨੂੰ ਚਾਂਦੀ ਦਾ ਇੱਕ ਸਿੱਕਾ ਅਤੇ ਸੋਨੇ ਦਾ ਛੱਲਾ ਦਿੱਤਾ।
12 ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵੱਧੇਰੇ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ ਨੂੰ 14,000 ਭੇਡਾਂ 6,000 ਊਠ 2,000 ਗਾਵਾਂ ਅਤੇ 1,000 ਗਧੀਆਂ ਮਿਲੀਆਂ। 13 ਅੱਯੂਬ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਵੀ ਹੋਈਆਂ। 14 ਅੱਯੂਬ ਨੇ ਪਹਿਲੀ ਧੀ ਦਾ ਨਾਮ ਯਮੀਮਾਹ ਰੱਖਿਆ। ਅੱਯੂਬ ਨੇ ਦੂਜੀ ਧੀ ਦਾ ਨਾਮ ਕਸੀਆਹ ਰੱਖਿਆ। ਅਤੇ ਅੱਯੂਬ ਨੇ ਤੀਜੀ ਧੀ ਦਾ ਨਾਮ ਕਰਨ-ਹੱਪੂਕ ਰੱਖਿਆ। 15 ਅੱਯੂਬ ਦੀਆਂ ਧੀਆਂ ਸਾਰੇ ਦੇਸ਼ ਦੀਆਂ ਸਭ ਤੋਂ ਸੁੰਦਰ ਇਸਤ੍ਰੀਆਂ ਵਿੱਚੋਂ ਸਨ। ਅਤੇ ਅੱਯੂਬ ਨੇ ਆਪਣੀ ਜਾਇਦਾਦ ਦਾ ਇੱਕ ਹਿੱਸਾ ਆਪਣੀਆਂ ਧੀਆਂ ਨੂੰ ਵੀ ਦਿੱਤਾ, ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੇ ਭਰਾਵਾਂ ਵਾਂਗ ਹੀ ਜਾਇਦਾਦ ਦਾ ਹਿੱਸਾ ਪ੍ਰਾਪਤ ਕੀਤਾ।
16 ਇਸ ਤਰ੍ਹਾਂ ਅੱਯੂਬ 140 ਵਰ੍ਹੇ ਹੋਰ ਜੀਵਿਆ। ਉਸ ਨੇ ਆਪਣੇ ਬੱਚਿਆਂ ਆੱਪਣੇ ਪੋਤਿਆਂ ਆਪਣੇ ਪੜ-ਪੋਤਿਆਂ ਅਤੇ ਆਪਣੀ ਚੌਥੀ ਪੀੜੀ ਨੂੰ ਵੀ ਦੇਖਿਆ। 17 ਅੱਯੂਬ ਬਹੁਤ ਬਜ਼ੁਰਗ ਅਵਸਥਾ ਤੱਕ, ਇੱਕ ਅਜਿਹੇ ਆਦਮੀ ਵਾਂਗ ਜੀਵਿਆ ਜਿਸਨੇ ਇੱਕ ਚੰਗੀ ਅਤੇ ਲੰਮੀ ਉਮਰ ਭੋਗੀ ਹੋਵੇ।
ਪੌਲੁਸ ਦੇ ਜੀਵਨ ਵਿੱਚ ਵਿਸ਼ੇਸ਼ ਅਸੀਸ
12 ਮੈਂ ਸ਼ੇਖੀ ਮਾਰਨਾ ਅਵੱਸ਼ ਜਾਰੀ ਰੱਖਾਂਗਾ ਭਾਵੇਂ ਇਸਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਮੈਂ ਪ੍ਰਭੂ ਵੱਲੋਂ ਦਰਸ਼ਨਾਂ ਤੇ ਪ੍ਰਕਾਸ਼ਾਂ ਬਾਰੇ ਗੱਲ ਕਰਾਂਗਾ। 2 ਮੈਂ ਮਸੀਹ ਵਿੱਚ ਇੱਕ ਆਦਮੀ [a] ਨੂੰ ਜਾਣਦਾ ਹਾਂ ਜਿਸ ਨੂੰ ਉਤਾਹਾਂ ਤੀਸਰੇ ਸਵਰਗ ਨੂੰ ਲਿਜਾਇਆ ਗਿਆ ਸੀ। ਇਹ ਲਗਭੱਗ ਚੌਦਾਂ ਸਾਲਾਂ ਪਹਿਲਾਂ ਹੋਇਆ ਸੀ। ਮੈਨੂੰ ਪਤਾ ਨਹੀਂ ਕਿ ਉਹ ਆਦਮੀ ਸਰੀਰ ਵਿੱਚ ਗਿਆ ਸੀ ਜਾਂ ਸਰੀਰ ਤੋਂ ਬਿਨਾ। ਪਰ ਪਰਮੇਸ਼ੁਰ ਜਾਣਦਾ ਹੈ। 3-4 ਅਤੇ ਮੈਂ ਜਾਣਦਾ ਹਾਂ ਕਿ ਇਸ ਆਦਮੀ ਨੂੰ ਸਵਰਗ ਵਿੱਚ ਲਿਜਾਇਆ ਗਿਆ ਸੀ। ਮੈਂ ਨਹੀਂ ਜਾਣਦਾ ਕਿ ਉਹ ਆਪਣੇ ਸਰੀਰ ਵਿੱਚ ਸੀ ਜਾਂ ਇਸ ਤੋਂ ਦੂਰ ਸੀ। ਪਰ ਉਸ ਨੇ ਕੁਝ ਅਜਿਹੀਆਂ ਗੱਲਾਂ ਸੁਣੀਆਂ ਜਿਨ੍ਹਾਂ ਦੀ ਉਹ ਵਿਆਖਿਆ ਨਹੀਂ ਕਰ ਸੱਕਦਾ ਸੀ। ਉਸ ਨੇ ਉਹ ਗੱਲਾਂ ਸੁਣੀਆਂ ਜਿਸ ਬਾਰੇ ਦੱਸਣ ਦੀ ਕਿਸੇ ਆਦਮੀ ਨੂੰ ਇਜਾਜ਼ਤ ਨਹੀਂ। 5 ਮੈਂ ਅਜਿਹੇ ਵਿਅਕਤੀ ਬਾਰੇ ਸ਼ੇਖੀ ਮਾਰਾਂਗਾ। ਪਰ ਮੈਂ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਾਂਗਾ। ਮੈਂ ਕੇਵਲ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਾਂਗਾ।
6 ਭਾਵੇਂ ਮੈਂ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਨਾ ਚਾਹੁੰਦਾ ਹਾਂ ਪਰ ਤਾਂ ਵੀ ਮੈਂ ਮੂਰਖ ਨਹੀਂ ਹੋਵਾਂਗਾ ਕਿਉਂਕਿ ਮੈਂ ਸੱਚ ਦੱਸ ਰਿਹਾ ਹੋਵਾਂਗਾ। ਪਰ ਮੈਨੂੰ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਕਿਉਂ? ਕਿਉਂ ਜੋ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਮੇਰੇ ਬਾਰੇ ਵੱਧ ਸੋਚਣ, ਜੋ ਉਹ ਮੈਨੂੰ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ।
7 ਪਰ ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਅਨੋਖੀਆਂ ਗੱਲਾਂ ਬਾਰੇ, ਜੋ ਮੈਨੂੰ ਦਰਸ਼ਾਈਆਂ ਗਈਆਂ ਸਨ, ਬਹੁਤ ਗੁਮਾਨ ਨਾ ਕਰਾਂ, ਇਸ ਲਈ ਮੈਨੂੰ ਇੱਕ ਦਰਦ ਭਰੀ ਸਮੱਸਿਆ [b] ਦਿੱਤੀ ਗਈ ਸੀ। ਸਮੱਸਿਆ ਇਹ ਸੀ; ਸ਼ੈਤਾਨ ਵੱਲੋਂ ਇੱਕ ਦੂਤ ਨੂੰ ਮੈਨੂੰ ਕੁੱਟਣ ਲਈ ਮੇਰੇ ਕੋਲ ਭੇਜਿਆ ਗਿਆ ਸੀ ਤਾਂ ਜੋ ਮੈਂ ਗੁਮਾਨ ਨਾ ਕਰ ਸੱਕਾਂ। 8 ਮੈਂ ਪ੍ਰਭੂ ਨੂੰ ਇਹ ਸਮੱਸਿਆ ਲੈਣ ਲਈ ਤਿੰਨ ਵਾਰ ਬੇਨਤੀ ਕੀਤੀ। 9 ਪਰ ਪ੍ਰਭੂ ਨੇ ਮੈਨੂੰ ਆਖਿਆ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ। ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ, ਮੇਰੀ ਪੂਰੀ ਸ਼ਕਤੀ ਤੁਹਾਡੇ ਵਿੱਚ ਦਰਸ਼ਾਈ ਜਾਵੇ।” ਇਸੇ ਲਈ ਮੈਂ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਕੇ ਖੁਸ਼ ਹਾਂ। ਉਦੋਂ ਮਸੀਹ ਦੀ ਸ਼ਕਤੀ ਮੇਰੇ ਅੰਦਰ ਨਿਵਾਸ ਕਰ ਸੱਕਦੀ ਹੈ। 10 ਇਸ ਲਈ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਲੋਕ ਮੈਨੂੰ ਬੁਰਾ ਬੋਲਦੇ ਹਨ ਤਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਮੈਂ ਤੰਗੀਆਂ ਰਾਹੀਂ ਲੰਘਦਾ ਹਾਂ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਜਦੋਂ ਲੋਕ ਮੈਨੂੰ ਦੰਡ ਦਿੰਦੇ ਹਨ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਅਤੇ ਜਦੋਂ ਮੈਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹਾਂ ਤਾਂ ਮੈਂ ਖੁਸ਼ ਹੁੰਦਾ ਹਾਂ। ਇਹ ਸਾਰੀਆਂ ਗੱਲਾਂ ਮਸੀਹ ਲਈ ਹਨ। ਅਤੇ ਮੈਂ ਇਨ੍ਹਾਂ ਗੱਲਾਂ ਨਾਲ ਖੁਸ਼ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਓਦੋਂ ਹੀ ਮੈਂ ਸੱਚ ਮੁੱਚ ਤਾਕਤਵਰ ਹੁੰਦਾ ਹਾਂ।
ਕੁਰਿੰਥ ਵਿੱਚ ਮਸੀਹੀਆਂ ਬਾਰੇ ਪੌਲੁਸ ਦਾ ਪਿਆਰ
11 ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲਦਾ ਹਾਂ ਪਰ ਅਜਿਹਾ ਤੁਸੀਂ ਮੇਰੇ ਕੋਲੋਂ ਕਰਾਇਆ। ਤੁਹਾਨੂੰ ਲੋਕਾਂ ਨੂੰ ਮੈਨੂੰ ਚੰਗਾ ਕਹਿਣਾ ਚਾਹੀਦਾ ਹੈ। ਮੈਂ ਕੁਝ ਵੀ ਨਹੀਂ ਹਾ, ਪਰ ਮੈਂ ਕਿਸੇ ਵੀ ਢੰਗ ਨਾਲ “ਮਹਾਨ ਰਸੂਲਾਂ” ਨਾਲੋਂ ਘੱਟ ਨਹੀਂ ਹਾਂ। 12 ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਉਹ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਪ੍ਰਮਾਣ ਮਿਲਦਾ ਹੈ ਕਿ ਮੈਂ ਇੱਕ ਰਸੂਲ ਹਾਂ। ਮੈਂ ਚਿਨ੍ਹ ਦਿੱਤੇ, ਅਚੰਭੇ ਕੀਤੇ, ਅਤੇ ਕਰਿਸ਼ਮੇ ਕੀਤੇ। ਇਹ ਸਭ ਗੱਲਾਂ ਮੈਂ ਬਹੁਤ ਤਹਮਾਲ ਨਾਲ ਕੀਤੀਆਂ। 13 ਇਸ ਲਈ ਤੁਸੀਂ ਉਹ ਸਭ ਕੁਝ ਪ੍ਰਾਪਤ ਕੀਤਾ ਜੋ ਹੋਰਨਾਂ ਕਲੀਸਿਯਾਵਾਂ ਨੂੰ ਮਿਲਿਆ ਹੈ। ਸਿਰਫ਼ ਇੱਕੋ ਗੱਲ ਵੱਖਰੀ ਹੈ; ਮੈਂ ਤੁਹਾਡੇ ਉੱਪਰ ਬੋਝ ਨਹੀਂ ਬਣਿਆ। ਇਸ ਖਾਤਰ ਮੈਨੂੰ ਮੁਆਫ਼ ਕਰ ਦਿਉ।
14 ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਮੈਂ ਤੁਹਾਡੇ ਲਈ ਬੋਝ ਨਹੀਂ ਬਣਾਂਗਾ। ਮੈਨੂੰ ਤੁਹਾਡਾ ਆਪਣਾ ਕੁਝ ਵੀ ਨਹੀਂ ਚਾਹੀਦਾ। ਮੈਂ ਤਾਂ ਸਿਰਫ਼ ਤੁਹਾਨੂੰ ਚਾਹੁੰਦਾ ਹਾਂ, ਬੱਚਿਆਂ ਨੂੰ ਆਪਣੇ ਮਾਪਿਆਂ ਲਈ ਚੀਜ਼ਾਂ ਬਚਾਉਣ ਦੀ ਲੋੜ ਨਹੀਂ। ਜਦ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਬੱਚਤ ਕਰਨੀ ਚਾਹੀਦੀ ਹੈ। 15 ਇਸ ਲਈ ਮੈਂ ਤੁਹਾਨੂੰ ਉਹ ਸਭ ਕੁਝ ਦੇਣ ਲਈ ਆਨੰਦਿਤ ਹਾਂ ਜੋ ਮੇਰੇ ਕੋਲ ਹੈ। ਮੈਂ ਆਪਣਾ ਆਪ ਵੀ ਤੁਹਾਨੂੰ ਦੇ ਦੇਵਾਂਗਾ। ਜੇ ਮੈਂ ਤੁਹਾਨੂੰ ਵੱਧ ਪਿਆਰ ਕਰਾਂਗਾ ਤਾਂ ਵੀ ਤੁਸੀਂ ਮੈਨੂੰ ਘੱਟ ਪਿਆਰ ਕਰੋਂਗੇ।
16 ਇਹ ਗੱਲ ਤਾਂ ਸਾਫ਼ ਹੈ ਕਿ ਮੈਂ ਤੁਹਾਡੇ ਉੱਪਰ ਬੋਝ ਨਹੀਂ ਹਾਂ। ਪਰ ਤੁਸੀਂ ਸੋਚਦੇ ਹੋ ਕਿ ਮੈਂ ਮੱਕਾਰ ਹਾਂ ਅਤੇ ਤੁਹਾਨੂੰ ਫ਼ੜਨ ਲਈ ਤੁਹਾਨੂੰ ਝੂਠ ਬੋਲਿਆ। 17 ਕੀ ਮੈਂ ਆਪਣੇ ਭੇਜੇ ਹੋਏ ਕਿਸੇ ਵੀ ਆਦਮੀਆਂ ਰਾਹੀਂ ਤੁਹਾਨੂੰ ਧੋਖਾ ਦਿੱਤਾ ਹੈ? ਨਹੀਂ। ਤੁਸੀਂ ਜਾਣਦੇ ਹੋ ਕਿ ਮੈਂ ਇਹ ਨਹੀਂ ਕੀਤਾ। 18 ਮੈਂ ਤੀਤੁਸ ਨੂੰ ਆਖਿਆ ਕਿ ਤੁਹਾਡੇ ਕੋਲ ਜਾਵੇ। ਅਤੇ ਮੈਂ ਸਾਡੇ ਭਰਾ ਨੂੰ ਉਸ ਦੇ ਨਾਲ ਘੱਲਿਆ। ਕੀ ਤੀਤੁਸ ਨੇ ਤੁਹਾਨੂੰ ਧੋਖਾ ਦਿੱਤਾ? ਨਹੀਂ। ਤੁਹਾਨੂੰ ਪਤਾ ਹੈ ਕਿ ਮੈਂ ਅਤੇ ਤੀਤੁਸ ਨੇ ਓਸੇ ਤਰ੍ਹਾਂ ਦੇ ਕੰਮ ਕੀਤੇ ਅਤੇ ਓਸੇ ਤਰ੍ਹਾਂ ਦਾ ਵਿਹਾਰ ਕੀਤਾ।
19 ਤੁਹਾਡਾ ਕੀ ਖਿਆਲ ਹੈ ਕਿ ਅਸੀਂ ਇਹ ਸਾਰਾ ਸਮਾਂ ਆਪਣੇ ਆਪ ਨੂੰ ਸਫ਼ਾਈ ਦਿੰਦੇ ਰਹੇ ਹਾਂ? ਨਹੀਂ। ਅਸੀਂ ਇਹ ਗੱਲ ਮਸੀਹ ਵਿੱਚ ਆਖਦੇ ਹਾਂ ਅਤੇ ਇਹ ਗੱਲਾਂ ਅਸੀਂ ਪਰਮੇਸ਼ੁਰ ਦੇ ਅੱਗੇ ਆਖਦੇ ਹਾਂ ਤੁਸੀਂ ਸਾਡੇ ਪਿਆਰੇ ਮਿੱਤਰ ਹੋ। ਅਤੇ ਜੋ ਕੁਝ ਵੀ ਅਸੀਂ ਕਰਦੇ ਹਾਂ, ਅਸੀਂ ਇਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਕਰਦੇ ਹਾਂ। 20 ਅਜਿਹਾ ਮੈਂ ਇਸ ਲਈ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ, ਮੈਨੂੰ ਡਰ ਹੈ ਕਿ ਮੈਂ ਤੁਹਾਨੂੰ ਅਜਿਹਾ ਨਹੀਂ ਪਾਵਾਂਗਾ। ਜਿਹੀ ਕਿ ਮੈਨੂੰ ਆਸ ਹੈ, ਤੁਸੀਂ ਮੈਨੂੰ ਉਵੇਂ ਦਾ ਨਹੀਂ ਪਾਵੋਂਗੇ ਜਿਵੇਂ ਕਿ ਤੁਸੀਂ ਮੈਨੂੰ ਹੋਣ ਦੀ ਆਸ ਰੱਖਦੇ ਹੋ। ਮੈਨੂੰ ਡਰ ਹੈ ਕਿ ਤੁਹਾਡੇ ਸਮੂਹ ਵਿੱਚ ਕਿਧਰੇ ਦਲੀਲਬਾਜ਼ੀ, ਈਰਖਾ, ਗੁੱਸਾ, ਖੁਦਗਰਜ਼ੀ ਤੇ ਝਗੜ੍ਹੇ, ਮੰਦੇ ਬੋਲ, ਗੱਪ ਹੰਕਾਰ ਅਤੇ ਉਲਝਨਾ ਨਾ ਹੋਣ। 21 ਮੈਂ ਡਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਫ਼ੇਰ ਆਵਾਂ ਮੇਰਾ ਪਰਮੇਸ਼ੁਰ ਕਿਧਰੇ ਮੈਨੂੰ ਤੁਹਾਡੇ ਅੱਗੇ ਨਿਮਾਣਾ ਨਾ ਬਣਾ ਦੇਵੇ। ਮੈਂ ਉਦਾਸ ਹੋ ਸੱਕਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਈਆਂ ਨੇ ਪਾਪ ਕੀਤੇ ਹਨ। ਮੈਂ ਇਸ ਗੱਲੋਂ ਉਦਾਸ ਹੋ ਸੱਕਦਾ ਹਾਂ ਕਿ ਉਨ੍ਹਾਂ ਲੋਕਾਂ ਨੇ ਆਪਣੇ ਦਿਲਾਂ ਨੂੰ ਨਹੀਂ ਬਦਲਿਆ ਤਾਂ ਜੋ ਆਪਣੇ ਬਦਕਾਰੀ ਦੇ ਜੀਵਨ, ਆਪਣੇ ਜਿਨਸੀ ਪਾਪਾਂ ਅਤੇ ਆਪਣੇ ਕੀਤੇ ਹੋਏ ਸ਼ਰਮਨਾਕ ਕਾਰਜਾਂ ਬਾਰੇ ਸ਼ਰਮਿੰਦਾ ਹੋ ਸੱਕਣ।
2010 by World Bible Translation Center