M’Cheyne Bible Reading Plan
ਆਹਾਜ਼ ਦਾ ਯਹੂਦਾਹ ਉੱਪਰ ਰਾਜ
16 ਰਮਲਯਾਹ ਦੇ ਪੁੱਤਰ ਪਕਹ ਦੇ ਰਾਜ ਦੇ 17ਵੇ ਵ੍ਹਰੇ ਵਿੱਚ, ਯੋਥਾਮ ਦਾ ਪੁੱਤਰ ਆਹਾਜ ਯਹੂਦਾਹ ਦਾ ਰਾਜਾ ਬਣਿਆ। 2 ਉਸ ਨੇ ਉਦੋਂ ਰਾਜ ਕਰਨਾ ਸ਼ੁਰੂ ਕੀਤਾ ਜਦੋਂ ਉਹ 20 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਉੱਤੇ 16 ਸਾਲਾਂ ਲਈ ਰਾਜ ਕੀਤਾ। ਉਹ ਆਪਣੇ ਪੁਰਖੇ ਦਾਊਦ ਵਰਗਾ ਨਹੀਂ ਸੀ ਅਤੇ ਉਸ ਨੇ ਉਹ ਸਭ ਕੁਝ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ। 3 ਅਹਾਜ਼ ਇਸਰਾਏਲ ਦੇ ਰਾਜਿਆਂ ਵਾਂਗ ਜੀਵਿਆ ਉਸ ਨੇ ਆਪਣੇ ਪੁੱਤਰ ਨੂੰ ਵੀ ਅੱਗ ਵਿੱਚ ਬਲੀ ਦੇ ਦਿੱਤਾ। [a] ਉਸ ਨੇ ਉਹੀ ਭਿਆਨਕ ਪਾਪ ਕੀਤੇ ਜੋ ਉਨ੍ਹਾਂ ਲੋਕਾਂ ਨੇ ਕੀਤੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਧਰਤੀ ਤੋਂ ਪਹਿਲਾਂ ਬਾਹਰ ਧੱਕਿਆਂ ਸੀ। 4 ਆਹਾਜ਼ ਨੇ ਉੱਚੀਆਂ ਥਾਵਾਂ ਅਤੇ ਪਹਾੜੀਆਂ ਉੱਪਰ ਅਤੇ ਹਰੇ-ਹਰੇ ਰੁੱਖਾਂ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਰਿਹਾ।
5 ਤਦ ਅਰਾਮ ਦੇ ਰਾਜਾ ਅਤੇ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦਾ ਪੁੱਤਰ ਪਕਹ ਯਰੂਸ਼ਲਮ ਵਿਰੁੱਧ ਲੜਨ ਲਈ ਆਏ। ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸ ਨੂੰ ਹਰਾਉਣ ਵਿੱਚ ਅਸਫ਼ਲ ਰਹੇ। 6 ਉਸ ਵਕਤ ਅਰਾਮ ਦੇ ਰਾਜੇ ਰਸੀਨ ਨੇ ਏਲਥ ਨੂੰ ਅਰਾਮ ਲਈ ਫੇਰ ਵਾਪਸ ਲੈ ਲਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਕੱਢ ਦਿੱਤਾ ਫੇਰ ਅਰਾਮੀ ਏਲਥ ਵਿੱਚ ਰਹਿਣ ਲਈ ਆ ਗਏ ਅਤੇ ਅੱਜ ਵੀ ਉਹ ਉੱਥੇ ਰਹਿ ਰਹੇ ਹਨ।
7 ਤਦ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਸੰਦੇਸ਼ਵਾਹਕ ਭੇਜੇ ਤੇ ਇਹ ਸੰਦੇਸ਼ ਭੇਜਿਆ, “ਮੈਂ ਤੇਰਾ ਸੇਵਕ ਹਾਂ। ਮੈਂ ਤੇਰਿਆਂ ਪੁੱਤਰਾਂ ਬਰਾਬਰ ਹਾਂ ਸੋ ਆਕੇ ਮੈਨੂੰ ਅਰਾਮ ਅਤੇ ਇਸਰਾਏਲ ਦੇ ਪਾਤਸ਼ਾਹ ਤੋਂ ਬਚਾਅ ਕੇ ਮੇਰੀ ਰੱਖਿਆ ਕਰ। ਕਿਉਂ ਜੋ ਉਹ ਮੇਰੇ ਨਾਲ ਲੜਨ ਆਏ ਹਨ।” 8 ਆਹਾਜ਼ ਨੇ ਉਹ ਸਾਰਾ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਮੰਦਰ ਵਿੱਚ ਅਤੇ ਜੋ ਪਾਤਸ਼ਾਹ ਦੇ ਖਜ਼ਾਨੇ ਵਿੱਚ ਸੀ ਕੱਢਿਆ ਅਤੇ ਅੱਸ਼ੂਰ ਦੇ ਪਾਤਸ਼ਾਹ ਲਈ ਭੇਜਿਆ। 9 ਅੱਸ਼ੂਰ ਦੇ ਪਾਤਸ਼ਾਹ ਨੇ ਆਹਾਜ਼ ਦੀ ਗੱਲ ਮੰਨ ਲਈ ਤੇ ਉਸ ਨੇ ਦੰਮਿਸਕ ਉੱਪਰ ਚੜ੍ਹਾਈ ਕਰਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦਿਆਂ ਲੋਕਾਂ ਨੂੰ ਕੈਦੀ ਬਣਾਕੇ ਕੀਰ ਵੱਲ ਲੈ ਗਿਆ ਅਤੇ ਉਸ ਨੇ ਰਸੀਨ ਨੂੰ ਮਾਰ ਸੁੱਟਿਆ।
10 ਤਦ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ। ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੇ ਬਰਾਬਰ ਦਾ ਨਮੂਨਾ ਉਸਦੀ ਸਾਰੀ ਕਾਰੀਗਰੀ ਮੁਤਾਬਕ ਊਰੀਯਾਹ ਜਾਜਕ ਕੋਲ ਭੇਜਿਆ। 11 ਤਦ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੁਆਰਾ ਦੰਮਿਸਕ ਤੋਂ ਭੇਜੇ ਗਏ ਨਮੂਨੇ ਮੁਤਾਬਕ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਦੇ ਦੰਮਿਸਕ ਤੋਂ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰਵਾ ਲਿਆ।
12 ਜਦੋਂ ਪਾਤਸ਼ਾਹ ਦੰਮਿਸਕ ਤੋਂ ਮੁੜਿਆ ਤਾਂ ਉਸ ਨੇ ਜਗਵੇਦੀ ਵੇਖੀ ਅਤੇ ਉੱਥੇ ਬਲੀ ਭੇਂਟ ਕੀਤੀ। 13 ਉਸ ਜਗਵੇਦੀ ਤੇ, ਆਹਾਜ਼ ਨੇ ਆਪਣੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਸਾੜੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹ ਦਿੱਤੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਖੂਨ ਜਗਵੇਦੀ ਉੱਪਰ ਛਿੜਕਿਆ।
14 ਆਹਾਜ਼ ਨੇ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾਹ ਦੇ ਅੱਗੇ ਸੀ ਅਤੇ ਮੰਦਰ ਦੇ ਸਾਹਮਣੇ ਪਾਸੇ ਵੱਲ ਸੀ ਉਸ ਨੂੰ ਉਸ ਨੇ ਮੰਦਰ ਦੇ ਸਾਮ੍ਹਣਿਓ ਤੇ ਯਹੋਵਾਹ ਦੇ ਮੰਦਰ ਤੇ ਆਪਣੀ ਜਗਵੇਦੀ ਦੇ ਵਿੱਚਕਾਰੋ ਹਟਾਅ ਕੇ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ। 15 ਆਹਾਜ਼ ਪਾਤਸ਼ਾਹ ਨੇ ਊਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, “ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਨ੍ਹਾਂ ਦੀ ਅਨਾਜ ਦੀ ਭੇਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜ੍ਹਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਹੋਵਾਹ ਨੂੰ ਸੁਆਲ ਪੁੱਛਣ ਲਈ ਵਰਤਾਂਗਾ।” [b] 16 ਊਰੀਯਾਹ ਜਾਜਕ ਨੇ ਸਭ ਕੁਝ ਆਹਾਜ਼ ਪਾਤਸ਼ਾਹ ਦੇ ਹੁਕਮ ਮੁਤਾਬਕ ਹੀ ਕੀਤਾ।
17 ਆਹਾਜ਼ ਪਾਤਸ਼ਾਹ ਨੇ ਛਕੜਿਆਂ ਜਿਨ੍ਹਾਂ ਉੱਪਰ ਪਿੱਤਲ ਦੀਆਂ ਫ਼ੱਟੀਆਂ ਸਨ ਅਤੇ ਜਾਜਕਾਂ ਦੇ ਹੱਥ ਧੋਣ ਵਾਲਿਆਂ ਹੌਦਾਂ ਨੂੰ ਹਟਵਾ ਦਿੱਤਾ। ਉਸ ਨੇ ਉਹ ਵੱਡਾ ਹੌਦ ਵੀ ਉੱਤਰਵਾ ਦਿੱਤਾ ਜੋ ਕਿ ਪਿੱਤਲ ਦਿਆਂ ਬਲਦਾਂ ਉੱਪਰ ਸਥਿਰ ਸੀ, ਅਤੇ ਉਨ੍ਹਾਂ ਨੂੰ ਪੱਥਰ ਦੀ ਨੀਂਹ ਤੇ ਰੱਖ ਦਿੱਤਾ। 18 ਆਹਾਜ਼ ਨੇ ਉਹ ਰਾਹ ਹਟਾ ਦਿੱਤਾ ਜੋ ਅਬਤ ਦੀਆਂ ਸਭਾਵਾਂ ਲਈ ਅਤੇ ਪ੍ਰਵੇਸ਼ ਦੁਆਰ ਤੋਂ ਬਾਹਰ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਅੰਦਰ ਛਤਿਆ ਗਿਆ ਸੀ। ਆਜਿਹਾ ਉਸ ਨੇ ਅੱਸ਼ੁਰ ਦੇ ਪਾਤਸ਼ਾਹ ਦੇ ਕਾਰਣ ਕੀਤਾ।
19 ਆਹਾਜ਼ ਨੇ ਜੋ ਵੀ ਮਹਾਨ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 20 ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ, ਉਸ ਦੇ ਪੁਰਖਿਆਂ ਦੇ ਕੋਲ, ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।
ਸੱਚੇ ਉਪਦੇਸ਼ ਤੇ ਅਮਲ
2 ਤੀਤੁਸ, ਜਿੱਥੋਂ ਤੱਕ ਤੇਰਾ ਸਵਾਲ ਹੈ, ਤੈਨੂੰ ਲੋਕਾਂ ਨੂੰ ਉਹ ਗੱਲਾਂ ਸਿੱਖਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਲਈ ਸੱਚੇ ਉਪਦੇਸ਼ਾਂ ਦਾ ਅਨੁਸਰਣ ਕਰਨ ਲਈ ਜ਼ਰੂਰੀ ਹਨ। 2 ਵਡੇਰੀ ਉਮਰ ਦੇ ਆਦਮੀਆਂ ਨੂੰ ਸਵੈਂ ਕਾਬੂ ਰੱਖਣਾ, ਗੰਭੀਰ ਰਹਿਣਾ, ਅਤੇ ਸਿਆਣਾ ਹੋਣਾ ਸਿੱਖਾਓ। ਉਨ੍ਹਾਂ ਨੂੰ ਸੱਚੇ ਵਿਸ਼ਵਾਸ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ, ਪ੍ਰੇਮ ਅਤੇ ਧੀਰਜ ਹੋਣਾ ਚਾਹੀਦਾ ਹੈ।
3 ਵਡੇਰੀ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਜੀਵਨ ਢੰਗ ਵਿੱਚ ਪਵਿੱਤਰ ਹੋਣ ਦੇ ਉਪਦੇਸ਼ ਦਿਓ। ਉਨ੍ਹਾਂ ਨੂੰ ਦੂਸਰਿਆਂ ਬਾਰੇ ਮਾੜਾ ਨਾ ਬੋਲਣ ਜਾਂ ਬਹੁਤੀ ਮੈਅ ਨਾ ਪੀਣ ਦੇ ਉਪਦੇਸ਼ ਦਿਉ। ਉਨ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਚੰਗਿਆਈ ਦੇ ਉਪਦੇਸ਼ ਦੇਣ। 4 ਇਸ ਢੰਗ ਨਾਲ, ਉਹ ਜਵਾਨ ਔਰਤਾਂ ਨੂੰ ਆਪਣੇ ਪਤੀਆਂ ਅਤੇ ਬੱਚਿਆਂ ਨੂੰ ਪਿਆਰ ਕਰਨਾ ਸਿੱਖਾ ਸੱਕਦੇ ਹਨ। 5 ਉਹ ਜਵਾਨ ਔਰਤਾਂ ਨੂੰ ਸਿਆਣੀਆਂ ਅਤੇ ਸ਼ੁੱਧ ਗੱਲਾਂ, ਆਪਣੇ ਘਰਾਂ ਦੀ ਦੇਖ ਭਾਲ ਕਰਨੀ, ਅਤੇ ਆਪਣੇ ਪਤੀਆਂ ਨੂੰ ਆਗਿਆਕਾਰੀ ਹੋਣਾ ਸਿੱਖਾ ਸੱਕਦੀਆਂ ਹਨ। ਫ਼ੇਰ ਕੋਈ ਵਿਅਕਤੀ ਵੀ ਉਸ ਉਪਦੇਸ਼ ਦੀ ਆਲੋਚਨਾ ਨਹੀਂ ਕਰ ਸੱਕੇਗਾ ਜਿਹੜਾ ਸਾਨੂੰ ਪਰਮੇਸ਼ੁਰ ਨੇ ਪ੍ਰਦਾਨ ਕੀਤਾ ਹੈ।
6 ਉਸੇ ਤਰ੍ਹਾਂ ਜਵਾਨ ਆਦਮੀਆਂ ਨੂੰ ਵੀ ਸਿਆਣੇ ਉਪਦੇਸ਼ ਦੇਣੇ ਚਾਹੀਦੇ ਹਨ। 7 ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਨੌਜਵਾਨ ਲਈ ਹਰ ਤਰ੍ਹਾਂ ਨਾਲ ਇੱਕ ਮਿਸਾਲ ਬਣੋ ਜਦੋਂ ਤੁਸੀਂ ਉਪਦੇਸ਼ ਦੇਵੋ ਤਾਂ ਇਮਾਨਦਾਰ ਅਤੇ ਗੰਭੀਰ ਹੋਵੋ। 8 ਅਤੇ ਜਦੋਂ ਤੁਸੀਂ ਬੋਲੋ, ਤਾਂ ਸੱਚ ਦੱਸੋ ਤਾਂ ਜੋ ਤੁਹਾਡੀ ਆਲੋਚਨਾ ਨਾ ਹੋ ਸੱਕੇ। ਤਾਂ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਵਿਰੁੱਧ ਹੈ, ਸ਼ਰਮਸਾਰ ਹੋ ਜਾਵੇਗਾ ਕਿਉਂਕਿ ਉਸ ਦੇ ਕੋਲ ਸਾਡੇ ਵਿਰੁੱਧ ਬੋਲ ਸੱਕਣ ਲਈ ਕੁਝ ਨਹੀਂ ਹੋਵੇਗਾ।
9 ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਦੱਸੋ ਜਿਹੜੇ ਗੁਲਾਮ ਹਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਮਾਲਕਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ। 10 ਉਨ੍ਹਾਂ ਨੂੰ ਆਪਣੇ ਮਾਲਕਾਂ ਦੀ ਕੋਈ ਚੀਜ਼ ਚੋਰੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ। ਗੁਲਾਮਾਂ ਨੂੰ ਇਹ ਗੱਲਾਂ ਆਪਣੇ ਸਭ ਕੰਮਾ ਵਿੱਚ ਕਰਨੀਆਂ ਚਾਹੀਦੀਆਂ ਹਨ ਤਾਂ, ਉਹ ਸਾਬਤ ਕਰ ਸੱਕਦੇ ਹਨ ਕਿ ਪਰਮੇਸ਼ੁਰ, ਸਾਡੇ ਮੁਕਤੀਦਾਤਾ, ਦੇ ਉਪਦੇਸ਼ ਚੰਗੇ ਹਨ।
11 ਉਨ੍ਹਾਂ ਨੂੰ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੀ ਕਿਰਪਾ ਵਿਖਾਈ ਜਾ ਚੁੱਕੀ ਹੈ। ਇਹ ਕਿਰਪਾ ਹਰ ਵਿਅਕਤੀ ਨੂੰ ਬਚਾ ਸੱਕਦੀ ਹੈ। ਅਤੇ ਇਹ ਕਿਰਪਾ ਸਾਡੇ ਉੱਪਰ ਹੋਈ ਹੈ। 12 ਇਹ ਕਿਰਪਾ ਸਾਨੂੰ ਸਿੱਖਾਉਂਦੀ ਹੈ ਕਿ ਅਸੀਂ ਅਜਿਹਾ ਜੀਵਨ ਨਾ ਵਤੀਤ ਕਰੀਏ ਜਿਹੜਾ ਪਰਮੇਸ਼ੁਰ ਦੇ ਵਿਰੁੱਧ ਹੋਵੇ, ਅਤੇ ਉਹ ਮੰਦੀਆਂ ਗੱਲਾਂ ਨਾ ਕਰੀਏ ਜੋ ਦੁਨੀਆਂ ਕਰਨਾ ਚਾਹੁੰਦੀ ਹੈ। ਇਹ ਕਿਰਪਾ ਸਾਨੂੰ ਹੁਣ ਇਸ ਧਰਤੀ ਉੱਪਰ ਸਿਆਣਪ ਅਤੇ ਸਹੀ ਢੰਗ ਨਾਲ ਜਿਉਣਾ ਸਿੱਖਾਉਂਦੀ ਹੈ। ਜਿਹੜਾ ਇਹ ਦਰਸ਼ਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। 13 ਉਦੋਂ ਜਦੋਂ ਕਿ ਅਸੀਂ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਆਮਦ ਦਾ ਇੰਤਜ਼ਾਰ ਕਰ ਰਹੇ ਸਾਂ, ਸਾਨੂੰ ਇਸੇ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ। ਉਹ ਸਾਡੀ ਮਹਾਨ ਆਸ ਹੈ ਅਤੇ ਉਹ ਮਹਿਮਾ ਨਾਲ ਆਵੇਗਾ। 14 ਉਸ ਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ, ਤਾਂ ਕਿ ਉਹ ਸਾਨੂੰ ਹਰ ਬੁਰੀ ਸ਼ੈਅ ਤੋਂ ਬਚਾ ਸੱਕੇ ਅਤੇ ਸਾਨੂੰ ਪਵਿੱਤਰ ਬੰਦੇ ਬਣਾ ਸੱਕੇ ਜਿਹੜੇ ਸਿਰਫ਼ ਉਸੇ ਦੇ ਹਨ, ਅਤੇ ਜਿਹੜੇ ਹਰ ਵੇਲੇ ਚੰਗੇ ਕੰਮ ਕਰਨਾ ਚਾਹੁੰਦੇ ਹਨ।
15 ਲੋਕਾਂ ਨੂੰ ਇਹ ਗੱਲਾਂ ਦੱਸੋ। ਤੁਹਾਡੇ ਕੋਲ ਪੂਰਾ ਅਧਿਕਾਰ ਹੈ। ਇਸ ਲਈ ਇਸ ਅਧਿਕਾਰ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਜੇਕਰ ਉਹ ਗਲਤ ਹਨ ਉਨ੍ਹਾਂ ਨੂੰ ਸਹੀ ਕਰਨ ਲਈ ਵਰਤੋ। ਅਤੇ ਕਿਸੇ ਵਿਅਕਤੀ ਨੂੰ ਵੀ ਆਪਣੇ ਨਾਲ ਅਜਿਹਾ ਵਿਹਾਰ ਨਾ ਕਰਨ ਦਿਉ ਕਿ ਜਿਵੇਂ ਤੁਹਾਡਾ ਕੋਈ ਮਹੱਤਵ ਹੀ ਨਹੀਂ।
ਦੇਸ਼ ਨਿਕਾਲੇ ਦੀ ਉਦਾਸੀ
9 ਹੇ ਇਸਰਾਏਲ! ਬਾਕੀ ਕੌਮਾਂ ਦੇ ਕਰਨ ਵਾਂਗ ਖੁਸ਼ੀ ਨਾ ਮਨਾ। ਖੁਸ਼ ਨਾ ਹੋ! ਤੂੰ ਵੇਸਵਾਵਾਂ ਵਾਂਗ ਦਾ ਵਤੀਰਾ ਕਰਕੇ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਤੁਸੀਂ ਹਰ ਪਿੜ ਵਿੱਚ ਜਿਨਸੀ ਪਾਪ ਕੀਤਾ। 2 ਪਰ ਪਿੜਾਂ ਵਿੱਚਲਾ ਅਨਾਜ ਇਸਰਾਏਲ ਲਈ ਪੂਰਾ ਨਾ ਪਵੇਗਾ ਅਤੇ ਉਨ੍ਹਾਂ ਕੋਲ ਕਾਫ਼ੀ ਮੈਅ ਨਹੀਂ ਹੋਵੇਗੀ।
3 ਇਸਰਾਏਲੀ ਯਹੋਵਾਹ ਦੀ ਜ਼ਮੀਨ ਵਿੱਚ ਨਹੀਂ ਰਹਿਣਗੇ। ਅਫ਼ਰਾਈਮ ਮਿਸਰ ਨੂੰ ਮੁੜੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ। 4 ਉਹ ਯਹੋਵਾਹ ਲਈ ਮੈਅ ਦੇ ਚੜ੍ਹਾਵੇ ਦੀਆਂ ਭੇਟਾਂ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਉਨ੍ਹਾਂ ਦੀਆਂ ਬਲੀਆਂ ਜਨਾਜ਼ੇ ਦੇ ਸਮੇਂ ਖਾਧੇ ਅੰਨ ਵਰਗੀਆਂ ਹੋਣਗੀਆਂ ਅਤੇ ਜੋ ਕੋਈ ਵੀ ਉਹ ਭੋਜਨ ਖਾਵੇਗਾ ਅਸ਼ੁੱਧ ਹੋ ਜਾਵੇਗਾ। ਉਨ੍ਹਾਂ ਦੀ ਰੋਟੀ ਯਹੋਵਾਹ ਦੇ ਮੰਦਰ ਵਿੱਚ ਨਾ ਆਵੇਗੀ, ਸਗੋਂ ਉਹ ਰੋਟੀ ਉਨ੍ਹਾਂ ਨੂੰ ਖੁਦ ਹੀ ਖਾਣੀ ਪਵੇਗੀ। 5 ਉਹ ਯਹੋਵਾਹ ਦੇ ਪਰਬ ਅਤੇ ਛੁੱਟੀਆਂ ਮਨਾਉਣ ਤੋਂ ਅਸਮਰੱਬ ਹੋਣਗੇ।
6 ਇਸਰਾਏਲ ਦੇ ਲੋਕ ਦੁਸ਼ਮਣਾਂ ਦੁਆਰਾ ਉਨ੍ਹਾਂ ਦਾ ਸਭ ਕੁਝ ਚੁਰਾ ਲੇ ਜਾਣ ਤੋਂ ਬਾਅਦ ਵੀ ਬਚ ਗਏ, ਪਰ ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੋਅਫ਼ ਉਨ੍ਹਾਂ ਨੂੰ ਦਫ਼ਨਾਵੇਗਾ। ਉਨ੍ਹਾਂ ਦੀ ਚਾਂਦੀ ਦੀਆਂ ਕੀਮਤੀ ਵਸਤਾਂ ਉੱਤੇ ਝਾੜ-ਫ਼ੂਸ ਉੱਗਣਗੇ ਅਤੇ ਉਨ੍ਹਾਂ ਦੇ ਤੰਬੂਆਂ ਵਿੱਚ ਕੰਡੇ ਉੱਗ ਆਉਣਗੇ।
ਇਸਰਾਏਲ ਦਾ ਸੱਚੇ ਨਬੀਆਂ ਨੂੰ ਨਾਮਂਜ਼ੂਰ ਕਰਨਾ
7 ਨਬੀਆਂ ਦਾ ਕਹਿਣਾ, “ਹੇ ਇਸਰਾਏਲ! ਇਹ ਚੇਤੇ ਰੱਖ: ਸਜ਼ਾ ਦਾ ਵਕਤ ਆ ਗਿਆ ਹੈ। ਤੇਰੇ ਲਈ ਆਪਣੀ ਕੀਤੀ ਦੀ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ!” ਪਰ ਇਸਰਾਏਲ ਦੇ ਲੋਕ ਕਹਿੰਦੇ ਹਨ: “ਨਬੀ ਮੂਰਖ ਹੈ। ਪਰਮੇਸ਼ੁਰ ਦੇ ਆਤਮੇ ਵਾਲਾ ਮਨੁੱਖ ਸਨਕੀ ਹੈ।” ਨਬੀ ਆਖਦਾ: “ਤੁਸੀਂ ਆਪਣੇ ਮਹਾਨ ਪਾਪ ਅਤੇ ਨਫ਼ਰਤ ਕਾਰਣ ਸਜ਼ਾ ਪਾਵੋਂਗੇ।” 8 ਯਹੋਵਾਹ ਅਤੇ ਨਬੀ ਅਫ਼ਰਾਈਮ ਉੱਪਰ ਪਹਿਰੇਦਾਰ ਵਾਂਗਰ ਹਨ ਪਰ ਸਾਰੇ ਰਾਹ ਵਿੱਚ ਅਨੇਕਾਂ ਜਾਲ ਹਨ ਅਤੇ ਲੋਕ ਨਬੀ ਨੂੰ ਨਫ਼ਰਤ ਕਰਦੇ ਹਨ ਇੱਥੋਂ ਤੀਕ ਕਿ ਉਸ ਦੇ ਆਪਣੇ ਪਰਮੇਸ਼ੁਰ ਦੇ ਘਰ ਅੰਦਰ ਵੀ।
9 ਇਸਰਾਏਲ ਦੇ ਲੋਕ ਗਿਬੀਹ ਦੇ ਦਿਨਾਂ ਵਾਂਗ ਭ੍ਰਸ਼ਟਤਾ ਵਿੱਚ ਡੂੰਘੇ ਚੱਲੇ ਗਏ ਹਨ। ਯਹੋਵਾਹ ਉਨ੍ਹਾਂ ਦੇ ਪਾਪਾਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਇਸਰਾਏਲ ਦਾ ਬੁੱਤ ਉਪਾਸਨਾ ਕਾਰਣ ਨਾਸ ਹੋਣਾ
10 “ਜਦੋਂ ਮੈਂ ਇਸਰਾਏਲ ਨੂੰ ਲੱਭਿਆ, ਉਸ ਵਕਤ, ਉਹ ਉਜਾੜ ਵਿੱਚ ਤਾਜੇ ਅੰਗੂਰਾਂ ਵਰਗੇ ਸਨ। ਉਹ ਬਹਾਰ ਦੇ ਅੰਜੀਰ ਦੇ ਰੁੱਖਾਂ ਦੇ ਪਹਿਲੇ ਫ਼ਲਾਂ ਵਰਗੇ ਸਨ, ਪਰ ਫੇਰ ਉਹ ਬਆਲ-ਪਉਰ ਵੱਲ ਜਾਕੇ ਬਦਲ ਗਏ ਇਸ ਲਈ ਮੈਨੂੰ ਉਨ੍ਹਾਂ ਨੂੰ ਸੜੇ ਫ਼ਲਾਂ ਵਾਂਗ ਆਪਣੇ ਦ੍ਰੱਖਤ ਤੋਂ ਵੱਢ ਦੇਣਾ ਪਿਆ। ਉਹ ਉਨ੍ਹਾਂ ਭਿਆਨਕ ਚੀਜ਼ਾਂ (ਝੂਠੇ ਦੇਵਤਿਆਂ) ਵਰਗੇ ਬਣ ਗਏ ਜਿਨ੍ਹਾਂ ਨੂੰ ਉਨ੍ਹਾਂ ਨੇ ਪਿਆਰ ਕੀਤਾ ਸੀ।
ਇਸਰਾਏਲੀਆਂ ਦੇ ਉਲਾਦ ਨਹੀਂ ਹੋਵੇਗੀ
11 “ਅਫ਼ਰਾਈਮ ਦਾ ਪ੍ਰਤਾਪ ਪੰਛੀ ਵਾਂਗ ਉੱਡ-ਪੁੱਡ ਜਾਵੇਗਾ। ਹੁਣ ਉੱਥੋਂ ਦੀਆਂ ਔਰਤਾਂ ਨੂੰ ਨਾ ਗਰਭ ਠਹਿਰੇਗਾ ਨਾ ਕੋਈ ਬੱਚਾ ਜਨਮ ਲਵੇਗਾ। 12 ਭਾਵੇਂ ਉਹ ਬੱਚੇ ਪੈਦਾ ਕਰਨ, ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਕਿਉਂ ਕਿ ਮੈਂ ਉਨ੍ਹਾਂ ਕੋਲੋ ਉਹ ਬੱਚੇ ਖੋਹ ਲਵਾਂਗਾ। ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ ਅਤੇ ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ।”
13 ਮੈਂ ਵੇਖ ਰਿਹਾਂ ਕਿ ਅਫ਼ਰਾਈਮ ਆਪਣੇ ਬੱਚਿਆਂ ਦੀ ਫ਼ਂਦੇ ਵੱਲ ਅਗਵਾਈ ਕਰ ਰਿਹਾ ਹੈ। [a] ਉਹ ਆਪਣੇ ਬੱਚਿਆਂ ਨੂੰ ਹਤਿਆਰਿਆਂ ਕੋਲ ਲੈ ਜਾ ਰਿਹਾ ਹੈ। 14 ਹੇ ਯਹੋਵਾਹ, ਉਨ੍ਹਾਂ ਨੂੰ ਦੇ ਜੋ ਤੈਨੂੰ ਪਸੰਦ ਹੈ। ਉਨ੍ਹਾਂ ਨੂੰ ਕੁੱਖ ਦੇ ਜੋ ਜੁਆਕਾਂ ਨੂੰ ਗੁਆਵੇ ਅਤੇ ਸੁੱਕੀਆਂ ਛਾਤੀਆਂ ਦੇ।
15 ਉਨ੍ਹਾਂ ਦੀ ਸਾਰੀ ਬਦੀ ਗਿਲਗਾਲ ਵਿੱਚ ਹੈ।
ਉੱਥੇ ਮੈਂ ਉਨ੍ਹਾਂ ਦੀਆਂ ਕਰਤੂਤਾਂ ਕਾਰਣਉਨ੍ਹਾਂ ਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ।
ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਦ ਕਰਨੀਆਂ ਕਾਰਣ ਆਪਣੇ ਘਰੋ ਬਾਹਰ ਕੱਢ ਦੇਵਾਂਗਾ।
ਮੈਂ ਉਨ੍ਹਾਂ ਨੂੰ ਹੋਰ ਪਿਆਰ ਨਹੀਂ ਕਰਾਂਗਾ ਉਨ੍ਹਾਂ ਦੇ ਸਾਰੇ ਆਗੂ ਵਿਦ੍ਰੋਹੀ ਹਨ।
16 ਅਫ਼ਰਾਈਮ ਨੂੰ ਸਜ਼ਾ ਮਿਲੇਗੀ
ਉਨ੍ਹਾਂ ਦੀ ਜੜ ਸੁਕਦੀ ਜਾ ਰਹੀ ਹੈ।
ਉਹ ਹੋਰ ਬੱਚੇ ਪੈਦਾ ਨਾ ਕਰ ਸੱਕਣਗੇ ਪਰ ਜਿਹੜੇ ਬੱਚੇ ਉਹ ਜਣ ਵੀ ਲੈਣ
ਮੈਂ ਉਨ੍ਹਾਂ ਕੀਮਤੀ ਜਾਨਾਂ ਨੂੰ ਵੱਢ ਸੁੱਟਾਂਗਾ।
17 ਉਹ ਲੋਕ ਮੇਰੇ ਪਰਮੇਸ਼ੁਰ ਦੀ ਨਹੀਂ ਸੁਣਦੇ,
ਇਸ ਲਈ ਉਹ ਵੀ ਉਨ੍ਹਾਂ ਦੀ ਨਹੀਂ ਸੁਣੇਗਾ।
ਅਤੇ ਉਹ ਕੌਮਾਂ ਦਰਮਿਆਨ ਬੇ-ਘਰ ਹੋਕੇ ਭਟਕਣਗੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
126 ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ
ਇਹ ਗੱਲ ਸੁਪਨੇ ਵਰਗੀ ਹੋਵੇਗੀ।
2 ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ।
ਹੋਰਾਂ ਕੌਮਾਂ ਦੇ ਲੋਕ ਆਖਣਗੇ,
“ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।”
3 ਹਾਂ, ਜੇ ਯਹੋਵਾਹ ਨੇ ਸਾਡੇ ਲਈ ਇਹੋ ਜਿਹਾ ਚਮਤਕਾਰ ਕੀਤਾ ਅਸੀਂ ਬਹੁਤ ਖੁਸ਼ ਹੋਵਾਂਗੇ।
4 ਯਹੋਵਾਹ, ਸਾਨੂੰ ਇੱਕ ਵਾਰ ਫ਼ੇਰ ਮੁਕਤ ਕਰੋ।
ਜਦੋਂ ਉਹ ਬੀਜ ਬੀਜਦਾ ਹੈ, ਪਰ ਉਹ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾਂ ਨੂੰ ਕੱਟੇਗਾ।
5 ਕੋਈ ਬੰਦਾ, ਜਦੋਂ ਉਹ ਬੀਜ ਬੀਜਦਾ ਹੈ ਉਦਾਸ ਹੋ ਸੱਕਦਾ ਹੈ।
ਪਰ ਉਹ ਉਦੋਂ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾ ਨੂੰ ਕੱਟੇਗਾ।
6 ਹੋ ਸੱਕਦਾ ਜਦੋਂ ਉਹ ਖੇਤਾ ਵੱਲ ਬੀਜ ਲੈ ਕੇ ਜਾਂਦਾ ਰੋਦਾ ਹੋਵੇ।
ਪਰ ਉਹ ਉਦੋਂ ਪ੍ਰਸੰਨ ਹੋਵੇਗਾ ਜਦੋਂ ਉਹ ਆਪਣੇ ਘਰ ਫ਼ਸਲ ਲੈ ਕੇ ਆਉਂਦਾ ਹੋਵੇ।
ਮੰਦਰ ਜਾਣ ਵੇਲੇ ਸੁਲੇਮਾਨ ਦਾ ਇੱਕ ਗੀਤ।
127 ਜੇ ਘਰ ਉਸਾਰਨ ਵਾਲਾ ਯਹੋਵਾਹ ਨਹੀਂ
ਤਾਂ ਉਸਾਰੀਆਂ ਆਪਣਾ ਵਕਤ ਬਰਬਾਦ ਕਰ ਰਿਹਾ ਹੈ।
ਜੇਕਰ ਯਹੋਵਾਹ ਇੱਕ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ,
ਤਾਂ ਚੌਕੀਦਾਰ ਆਪਣਾ ਵਕਤ ਜਾਇਆ ਕਰ ਰਹੇ ਸਨ।
2 ਇਹ ਸਵੇਰੇ ਉੱਠਣਾ ਅਤੇ ਰੋਜੀ ਕੁਮਾਉਣ ਲਈ ਦੇਰ ਰਾਤ ਤੱਕ ਜਾਗਦੇ ਰਹਿਣਾ
ਵਕਤ ਜਾਇਆ ਕਰਨਾ ਹੀ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੂੰ ਉਹ ਉਦੋਂ ਵੀ ਪਿਆਰ ਕਰਦਾ ਹੈ
ਜਦੋਂ ਉਹ ਸੁੱਤੇ ਪਏ ਹੁੰਦੇ ਹਨ।
3 ਬੱਚੇ ਯਹੋਵਾਹ ਵੱਲੋਂ ਸੁਗਾਤ ਹਨ, ਉਹ ਮਾਂ ਦੇ ਸ਼ਰੀਰ ਵੱਲੋਂ ਇਨਾਮ ਹਨ।
4 ਜਵਾਨ ਆਦਮੀ ਦੇ ਪੁੱਤਰ ਇੱਕ ਫ਼ੌਜੀ ਦੇ ਤਰਕਸ਼ ਵਿੱਚਲੇ ਤੀਰਾਂ ਵਰਗੇ ਹਨ।
5 ਉਹ ਆਦਮੀ ਜਿਹੜਾ ਆਪਣੇ ਤਸ਼ਕਰ ਨੂੰ ਪੁੱਤਰਾਂ ਨਾਲ ਭਰ ਲੈਂਦਾ ਹੈ, ਉਹ ਬਹੁਤ ਖੁਸ਼ ਹੋਵੇਗਾ।
ਉਹ ਬੰਦਾ ਕਦੇ ਵੀ ਨਹੀਂ ਹਾਰੇਗਾ।
ਉਸ ਦੇ ਪੁੱਤਰ ਆਮ ਰਸਤਿਆ ਉੱਤੇ ਉਸ ਦੇ ਦੁਸ਼ਮਣਾ ਕੋਲੋਂ ਉਸਦੀ ਰੱਖਿਆ ਕਰਨਗੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
128 ਯਹੋਵਾਹ ਦੇ ਸਾਰੇ ਚੇਲੇ ਹੀ ਖੁਸ਼ ਹਨ।
ਉਹ ਲੋਕ ਉਸੇ ਢੰਗ ਨਾਲ ਰਹਿੰਦੇ ਹਨ
ਜਿਵੇਂ ਪਰਮੇਸ਼ੁਰ ਚਾਹੁੰਦਾ ਕਿ ਉਹ ਰਹਿਣ।
2 ਜਿਨ੍ਹਾਂ ਚੀਜ਼ਾਂ ਲਈ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਮਾਣੋਗੇ।
ਤੁਸੀਂ ਖੁਸ਼ ਹੋਵੋਗੇ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
3 ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ।
ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
4 ਯਹੋਵਾਹ ਸੱਚਮੁੱਚ ਇਸ ਤਰ੍ਹਾਂ ਆਪਣੇ ਪੈਰੋਕਾਰਾਂ ਨੂੰ ਅਸੀਸ ਦੇਵੇਗਾ।
5 ਯਹੋਵਾਹ ਤੁਹਾਨੂੰ ਸੀਯੋਨ ਉੱਤੋਂ ਅਸੀਸ ਦੇਵੇ।
ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸਾਰੀ ਉਮਰ ਯਰੂਸ਼ਲਮ ਵਿੱਚ ਅਸੀਸ ਮਾਣੋਗੇ।
6 ਅਤੇ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪੋਤੇ-ਪੋਤੀਆਂ ਨੂੰ ਵੇਖਣ ਤੱਕ ਜਿਉਂਦੇ ਰਹੋਗੇ।
ਇਸਰਾਏਲ ਵਿੱਚ ਸ਼ਾਂਤੀ ਹੋਵੇ।
2010 by World Bible Translation Center