Read the Gospels in 40 Days
ਜ਼ੱਕੀ
19 ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। 2 ਯਰੀਹੋ ਵਿੱਚ ਜ਼ੱਕੀ ਨਾਂ ਦਾ ਇੱਕ ਆਦਮੀ ਸੀ, ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। 3 ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ? ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਕਿ ਉਸ ਨੂੰ ਵੇਖਣਾ ਚਾਹੁੰਦੇ ਸਨ। ਕਿਉਂਕਿ ਜ਼ੱਕੀ ਮਧਰਾ ਸੀ, ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸੱਕਿਆ। 4 ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫ਼ਿਰ ਉਹ ਉਸ ਨੂੰ ਵੇਖਣ ਲਈ ਗੁੱਲਰ ਦੇ ਰੁੱਖ ਤੇ ਚੜ੍ਹ੍ਹ ਗਿਆ।
5 ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਅਤੇ ਜ਼ੱਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸ ਨੂੰ ਆਖਿਆ, “ਜ਼ੱਕੀ, ਜਲਦੀ ਹੇਠਾਂ ਉੱਤਰ ਆ! ਅੱਜ ਮੈਂ ਤੇਰੇ ਘਰ ਰੁਕਣਾ ਹੈ।”
6 ਜ਼ੱਕੀ ਫ਼ਟਾਫ਼ਟ ਹੇਠਾਂ ਉੱਤਰਿਆ ਅਤੇ ਉਸ ਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। 7 ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, “ਵੇਖੋ! ਯਿਸੂ ਇੱਕ ਪਾਪੀ ਦੇ ਘਰ ਠਹਿਰਣ ਗਿਆ ਹੈ।”
8 ਪਰ ਜ਼ੱਕੀ ਉੱਪਰ ਉੱਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।”
9 ਯਿਸੂ ਨੇ ਕਿਹਾ, “ਅੱਜ, ਇਸ ਖਾਨਦਾਨ ਲਈ ਮੁਕਤੀ ਆਈ ਹੈ। ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। 10 ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”
ਪਰਮੇਸ਼ੁਰ ਤੁਹਾਨੂੰ ਜੋ ਦੇਵੇ ਸੋ ਵਰਤੋ(A)
11 ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ। 12 ਯਿਸੂ ਜਾਣਦਾ ਸੀ ਕਿ ਲੋਕ ਇੰਝ ਸੋਚ ਰਹੇ ਹਨ ਤਾਂ ਇਸ ਆਧਾਰ ਤੇ ਉਸ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਜ਼ਾਦਾ ਕਿਸੇ ਦੂਰ ਦੇਸ਼ ਜਾਣ ਲਈ ਤਿਆਰ ਹੋ ਰਿਹਾ ਸੀ, ਜਿੱਥੇ ਉਸ ਨੂੰ ਰਾਜਾ ਬਣਾ ਦਿੱਤਾ ਜਾਣਾ ਸੀ ਅਤੇ ਫ਼ੇਰ ਉਸ ਨੇ ਆਪਣੇ ਦੇਸ਼ ਵਾਪਸ ਆਉਣਾ ਸੀ। 13 ਇਸ ਲਈ ਉਸ ਨੇ ਆਪਣੇ ਦਸ ਨੋਕਰਾਂ ਨੂੰ ਇਕੱਠਿਆਂ ਕੀਤਾ। ਉਸ ਨੇ ਹਰ ਇੱਕ ਨੂੰ ਦੌਲਤ ਦਾ ਇੱਕ ਥੈਲਾ ਦਿੱਤਾ। ਅਤੇ ਉਨ੍ਹਾਂ ਨੂੰ ਕਿਹਾ, ‘ਜਦ ਤੱਕ ਮੈਂ ਵਾਪਸ ਮੁੜਾਂ ਤੁਸੀਂ ਇਸ ਧਨ ਨਾਲ ਵਪਾਰ ਕਰਨਾ।’ 14 ਪਰ ਉਸ ਦੇ ਰਾਜ ਵਿੱਚ ਲੋਕਾਂ ਨੇ ਉਸ ਨੂੰ ਨਫ਼ਰਤ ਕੀਤੀ। ਇਸ ਲਈ ਲੋਕਾਂ ਨੇ ਕਾਸਦਾਂ ਦਾ ਇੱਕ ਗੁਟ ਉਸ ਆਦਮੀ ਦੇ ਮਗਰ ਦੂਜੇ ਦੇਸ਼ ਭੇਜਿਆ। ਦੂਜੇ ਦੇਸ਼ ਵਿੱਚ ਜਾਕੇ ਕਾਸਦਾਂ ਦੇ ਹੱਥ ਸੁਨੇਹਾ ਭੇਜਿਆ, ‘ਅਸੀਂ ਉਸ ਨੂੰ ਆਪਣਾ ਰਾਜਾ ਬਨਾਉਣਾ ਨਹੀਂ ਚਾਹੁੰਦੇ।’
15 “ਪਰ ਉਹ ਆਦਮੀ ਰਾਜਾ ਬਣ ਗਿਆ। ਜਦੋਂ ਉਹ ਮੁੜ ਆਇਆ, ਉਸ ਨੇ ਆਖਿਆ, ‘ਉਨ੍ਹਾਂ ਨੋਕਰਾਂ ਨੂੰ ਸੱਦੋ ਜਿਨ੍ਹਾਂ ਨੂੰ ਮੈਂ ਧਨ ਦਿੱਤਾ ਸੀ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਧਨ ਨਾਲ ਉਨ੍ਹਾਂ ਨੇ ਕਿੰਨਾ ਨਫ਼ਾ ਕਮਾਇਆ ਹੈ।’ 16 ਪਹਿਲਾ ਨੋਕਰ ਆਇਆ ਤੇ ਆਖਿਆ, ‘ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸ ਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ।’ 17 ਬਾਦਸ਼ਾਹ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
18 “ਦੂਜੇ ਨੇ ਆਖਿਆ, ‘ਮਾਲਕ! ਮੈਂ ਤੁਹਾਡੇ ਇੱਕ ਧਨ ਦੇ ਥੈਲੇ ਨਾਲ ਪੰਜ ਗੁਣਾ ਧਨ ਕਮਾਇਆ ਹੈ।’ 19 ਬਾਦਸ਼ਾਹ ਨੇ ਉਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
20 “ਤਦ ਇੱਕ ਹੋਰ ਨੋਕਰ ਅੰਦਰ ਆਇਆ ਅਤੇ ਉਸ ਨੇ ਆਣਕੇ ਕਿਹਾ, ‘ਸੁਆਮੀ, ਇਹ ਰਿਹਾ ਤੁਹਾਡਾ ਧਨ ਵਾਲਾ ਥੈਲਾ। ਮੈਂ ਇਸ ਨੂੰ ਵੱਡੇ ਕੱਪੜੇ ਵਿੱਚ ਲਪੇਟ ਕੇ ਲੁਕਾ ਦਿੱਤਾ ਸੀ। 21 ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਸਖਤ ਤਬੀਅਤ ਦੇ ਆਦਮੀ ਹੋ। ਤੁਸੀਂ ਉਹ ਧਨ ਲੈਂਦੇ ਹੋ ਜੋ ਤੁਸੀਂ ਕਮਾਇਆ ਨਹੀਂ ਸੀ ਅਤੇ ਜੋ ਬੀਜਿਆ ਨਹੀਂ ਸੀ ਸੋ ਵਢਦੇ ਹੋ।’
22 “ਤਦ ਰਾਜੇ ਨੇ ਨੋਕਰ ਨੂੰ ਆਖਿਆ, ‘ਓ ਦੁਸ਼ਟ ਨੋਕਰ! ਮੈਂ ਤੇਰੇ ਆਪਣੇ ਹੀ ਸ਼ਬਦਾਂ ਨਾਲ ਤੇਰੀ ਨਿਖੇਧੀ ਕਰਾਂਗਾ, ਤੂੰ ਆਖਿਆ ਹੈ ਕਿ ਮੈਂ ਸਖਤ ਦਿਲ ਆਦਮੀ ਹਾਂ ਅਤੇ ਮੈਂ ਉਹ ਧਨ ਲੈਂਦਾ ਹਾਂ ਜੋ ਮੈਂ ਕਮਾਇਆ ਨਹੀਂ ਅਤੇ ਉਹ ਅੰਨ ਲੈ ਲੈਂਦਾ ਹਾਂ ਜੋ ਮੈਂ ਬੀਜਿਆ ਨਹੀਂ। 23 ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹੱਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।’ 24 ਤਦ ਜਿਹੜੇ ਆਦਮੀ ਖੜ੍ਹੇ ਇਹ ਸਭ ਵੇਖ ਰਹੇ ਸਨ ਉਸ ਨੇ ਉਨ੍ਹਾਂ ਨੂੰ ਕਿਹਾ, ‘ਧਨ ਦਾ ਇਹ ਝੋਲਾ ਇਸ ਨੋਕਰ ਤੋਂ ਲੈ ਲਵੋ ਅਤੇ ਉਸ ਨੋਕਰ ਨੂੰ ਦੇ ਦੇਵੋ ਜਿਸਨੇ ਧਨ ਦੇ ਦਸ ਝੋਲੇ ਕਮਾਏ ਹਨ।’
25 “ਉਨ੍ਹਾਂ ਮਨੁੱਖਾਂ ਨੇ ਰਾਜੇ ਨੂੰ ਕਿਹਾ, ‘ਪਰ ਸੁਆਮੀ! ਉਸ ਆਦਮੀ ਕੋਲ ਤਾਂ ਪਹਿਲਾਂ ਹੀ ਧਨ ਦੇ ਦਸ ਝੋਲੇ ਹਨ।’
26 “ਫ਼ੇਰ ਰਾਜੇ ਨੇ ਆਖਿਆ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਉਸ ਨੂੰ ਜਿਸ ਕੋਲ ਹੈ, ਜ਼ਿਆਦਾ ਦਿੱਤਾ ਜਾਵੇਗਾ, ਪਰ ਹਰ ਕੋਈ ਜਿਸ ਕੋਲ ਨਹੀਂ ਹੈ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27 ਹੁਣ ਕਿੱਥੇ ਹਨ ਮੇਰੇ ਵੈਰੀ? ਕਿੱਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇੱਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’”
ਯਿਸੂ ਦਾ ਯਰੂਸ਼ਲਮ ਵਿੱਚ ਪ੍ਰਵੇਸ਼(B)
28 ਇਹ ਸਭ ਗੱਲਾਂ ਆਖਣ ਤੋਂ ਬਾਦ ਯਿਸੂ ਯਰੂਸ਼ਲਮ ਵੱਲ ਨੂੰ ਗਿਆ। 29 ਜਦ ਉਹ ਬੈਤਫਗਾ ਅਤੇ ਬੈਤਅਨੀਆ ਪਹੁੰਚਿਆ, ਜੋ ਕਿ ਜ਼ੈਤੂਨ ਦੇ ਪਹਾੜ ਤੇ ਹੈ, ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30 “ਉਹ ਸ਼ਹਿਰ, ਜੋ ਤੁਹਾਨੂੰ ਇੱਥੋਂ ਨਜ਼ਰ ਆ ਰਿਹਾ ਹੈ, ਉੱਥੇ ਜਾਵੋ। ਜਦੋਂ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰੋ, ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਲੱਭੇਗਾ ਹਾਲੇ ਤੱਕ ਇਸ ਉੱਤੇ ਕਿਸੇ ਨੇ ਵੀ ਸਵਾਰੀ ਨਹੀਂ ਕੀਤੀ। ਤੁਸੀਂ ਉਸ ਨੂੰ ਖੋਲ੍ਹਕੇ ਮੇਰੇ ਕੋਲ ਲੈ ਆਵੋ। 31 ਜੇਕਰ ਤੁਹਾਨੂੰ ਕੋਈ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਲਿਜਾ ਰਹੇ ਹੋ?’ ਉਸ ਨੂੰ ਆਖੋ, ‘ਸੁਆਮੀ ਨੂੰ ਇਸਦੀ ਲੋੜ ਹੈ।’”
32 “ਦੋਨੋ ਚੇਲੇ ਸ਼ਹਿਰ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਥੇ ਇੱਕ ਗਧਾ ਬੰਨ੍ਹਿਆ ਹੋਇਆ ਵੇਖਿਆ ਜਿਵੇਂ ਯਿਸੂ ਨੇ ਦੱਸਿਆ ਸੀ। 33 ਜਿਵੇਂ ਹੀ ਉਹ ਇਸ ਨੂੰ ਖੋਲ੍ਹ ਰਹੇ ਸਨ, ਮਾਲਕ ਬਾਹਰ ਆਏ ਅਤੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਸਾਡੇ ਗਧੇ ਨੂੰ ਕਿਉਂ ਖੋਲ੍ਹ ਰਹੇ ਹੋ?”
34 ਚੇਲਿਆਂ ਨੇ ਜਵਾਬ ਦਿੱਤਾ, “ਸੁਆਮੀ ਨੂੰ ਇਸਦੀ ਲੋੜ ਹੈ।” 35 ਤਾਂ ਉਹ ਚੇਲੇ ਉਸ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਵਸਤਰ ਗਧੇ ਦੇ ਉੱਪਰ ਵਿਛਾਏ ਅਤੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36 ਜਿਓ ਹੀ ਯਿਸੂ ਸਵਾਰੀ ਕਰਦਾ ਅੱਗੇ ਵੱਧਿਆ, ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਖਿਲਾਰ ਦਿੱਤੇ।
37 ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਚੇਲਿਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। 38 ਉਨ੍ਹਾਂ ਨੇ ਆਖਿਆ,
“‘ਧੰਨ ਹੈ! ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ।’ (C)
ਸੁਰਗ ਵਿੱਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਨੂੰ ਮਹਿਮਾ।”
39 ਭੀੜ ਵਿੱਚੋਂ ਕੁਝ ਫਰੀਸੀਆਂ ਨੇ ਯਿਸੂ ਨੂੰ ਆਖਿਆ, “ਸੁਆਮੀ! ਆਪਣੇ ਚੇਲਿਆਂ ਨੂੰ ਆਖੋ ਕਿ ਇੰਝ ਕਹਿਣ ਤੋਂ ਬਾਜ ਆਉਣ!”
40 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਚੇਲੇ ਚੁੱਪ ਕਰ ਜਾਣਗੇ ਤਾਂ ਇਹ ਪੱਥਰ ਅਜਿਹਾ ਬੋਲ ਉੱਠਣਗੇ।”
ਯਿਸੂ ਦੀ ਯਰੂਸ਼ਲਮ ਲਈ ਪੁਕਾਰ
41 ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ। 42 ਉਸ ਨੇ ਯਰੂਸ਼ਲਮ ਨੂੰ ਆਖਿਆ, “ਕਾਸ਼ ਕਿ ਤੂੰ ਅੱਜ ਇਹ ਜਾਣਦਾ ਕਿ ਤੇਰੇ ਲਈ ਕਿਹੜੀਆਂ ਗੱਲਾਂ ਸ਼ਾਂਤੀ ਲਿਆਉਣਗੀਆਂ। ਪਰ ਤੂੰ ਇਸ ਨੂੰ ਨਹੀਂ ਜਾਣ ਸੱਕਦਾ ਕਿਉਂਕਿ ਇਹ ਤੈਥੋਂ ਲੁਕੀਆਂ ਹੋਈਆਂ ਹਨ। 43 ਇੱਕ ਸਮਾਂ ਆਵੇਗਾ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਸਾਰੇ ਪਾਸਿਓ ਘੇਰਾ ਪਾ ਲੈਣਗੇ ਅਤੇ ਦਬਾਉ ਪਾਉਣਗੇ। 44 ਉਹ ਤੈਨੂੰ ਅਤੇ ਤੇਰੇ ਲੋਕਾਂ ਨੂੰ ਨਸ਼ਟ ਕਰ ਦੇਣਗੇ। ਉਹ ਇੱਕ ਪੱਥਰ ਨੂੰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹਿਣ ਦੇਣਗੇ। ਇਹ ਸਭ ਇਸ ਲਈ ਵਾਪਰੇਗਾ ਕਿਉਂਕਿ ਜਦੋਂ ਪਰਮੇਸ਼ੁਰ ਤੈਨੂੰ ਬਚਾਉਣ ਲਈ ਆਇਆ ਤੂੰ ਉਸ ਨੂੰ ਮਹਿਸੂਸ ਨਾ ਕੀਤਾ।”
ਯਿਸੂ ਦਾ ਮੰਦਰ ਵਿੱਚ ਜਾਣਾ(D)
45 ਯਿਸੂ ਮੰਦਰ ਦੇ ਖੇਤਰ ਵਿੱਚ ਗਿਆ। ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ, ਜੋ ਅੰਦਰ ਚੀਜ਼ਾਂ ਵੇਚ ਰਹੇ ਸਨ। 46 ਯਿਸੂ ਨੇ ਕਿਹਾ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਇੱਕ ਪ੍ਰਾਰਥਨਾ ਦਾ ਘਰ ਹੋਵੇਗਾ’, [a] ਪਰ ਤੁਸੀਂ ਇਸ ਨੂੰ, ‘ਡਾਕੂਆਂ ਦੇ ਲੁਕਣ ਦੀ ਜਗ੍ਹਾ’ [b] ਵਿੱਚ ਬਦਲ ਦਿੱਤਾ ਹੈ।”
47 ਯਿਸੂ ਨੇ ਹਰ ਰੋਜ਼ ਮੰਦਰ ਵਿੱਚ ਉਪਦੇਸ਼ ਦਿੱਤੇ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਕੁਝ ਲੋਕ ਤੇ ਆਗੂ ਯਿਸੂ ਨੂੰ ਮਾਰਨ ਦਾ ਮੌਕਾ ਤਾੜ ਰਹੇ ਸਨ। 48 ਪਰ ਉਹ ਉਸ ਨੂੰ ਮਾਰਨ ਦਾ ਰਾਹ ਨਾ ਲੱਭ ਸੱਕੇ ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਯਿਸੂ ਦੇ ਉਪਦੇਸ਼ਾਂ ਨੂੰ ਸੁਣ ਰਹੇ ਸਨ।
ਪਰਤਾਵੇ ਲਈ ਪ੍ਰਸ਼ਨ(E)
20 ਇੱਕ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਲੋਕਾਂ ਸਾਹਮਣੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਬੋਲਿਆ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਯਿਸੂ ਨਾਲ ਗੱਲ ਬਾਤ ਕਰਨ ਲਈ ਆਏ। 2 ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?”
3 ਯਿਸੂ ਨੇ ਆਖਿਆ, “ਮੈਂ ਵੀ ਤੁਹਾਨੂੰ ਇੱਕ ਸਵਾਲ ਕਰਦਾ ਹਾਂ। 4 ਤੁਸੀਂ ਮੈਨੂੰ ਦੱਸੋ; ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਕੀ ਸੁਰਗ ਵੱਲੋਂ ਸੀ ਜਾਂ ਲੋਕਾਂ ਵੱਲੋਂ?”
5 ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਯਹੂਦੀ ਆਗੂਆਂ, ਸਭ ਨੇ ਇਸ ਬਾਰੇ ਚਰਚਾ ਕੀਤੀ ਅਤੇ ਇੱਕ ਦੂਜੇ ਨੂੰ ਕਿਹਾ, “ਜੇਕਰ ਅਸੀਂ ਕਿਹਾ ਕਿ ‘ਯੂਹੰਨਾ ਦਾ ਬਪਤਿਸਮਾ, ਪਰਮੇਸ਼ੁਰ ਵੱਲੋਂ ਸੀ ਤਾਂ ਉਹ ਆਖੇਗਾ ਕਿ ਫਿਰ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 6 ਪਰ ਜੇਕਰ ਅਸੀਂ ਆਖਦੇ ਹਾਂ ਕਿ, ਯੂਹੰਨਾ ਦਾ ਬਪਤਿਸਮਾ ਲੋਕਾਂ ਵੱਲੋਂ ਸੀ।’ ਤਾਂ ਸਾਰੇ ਲੋਕ ਸਾਨੂੰ ਇਹ ਸੁਣਕੇ ਪੱਥਰਾਂ ਨਾਲ ਮਾਰ ਸੁੱਟਣਗੇ ਕਿਉਂਕਿ ਉਹ ਇਹੀ ਵਿਸ਼ਵਾਸ ਰੱਖਦੇ ਹਨ ਕਿ ਯੂਹੰਨਾ ਇੱਕ ਨਬੀ ਸੀ।” 7 ਇਸ ਲਈ ਉਨ੍ਹਾਂ ਨੇ ਆਖਿਆ, “ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।”
8 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਇਹ ਸਭ ਕਰਨ ਲਈ ਮੈਂ ਕਿਹੜਾ ਅਧਿਕਾਰ ਇਸਤੇਮਾਲ ਕਰਦਾ ਹਾਂ?”
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ(F)
9 ਫਿਰ ਯਿਸੂ ਨੇ ਲੋਕਾਂ ਨੂੰ ਇਹ ਉਦਾਹਰਣ ਦਿੱਤੀ: “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਠੇਕੇ ਤੇ ਦੇ ਦਿੱਤਾ, ਅਤੇ ਲੰਬੇ ਸਮੇਂ ਲਈ ਕਿਸੇ ਦੂਰ ਦੇਸ਼ ਨੂੰ ਚੱਲਿਆ ਗਿਆ। 10 ਸਮਾਂ ਆਉਣ ਤੇ ਰੁੱਤ ਸਿਰ ਉਸ ਨੇ ਇੱਕ ਨੌਕਰ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਸ ਨੂੰ ਅੰਗੂਰਾਂ ਵਿੱਚੋਂ ਉਸਦਾ ਬਣਦਾ ਹਿੱਸਾ ਦੇਣ। ਪਰ ਕਿਸਾਨਾਂ ਨੇ ਨੌਕਰ ਨੂੰ ਕੁੱਟਿਆ ਅਤੇ ਉਸ ਨੂੰ ਖਾਲੀ ਹੱਥੀਂ ਵਾਪਸ ਭੇਜ ਦਿੱਤਾ। 11 ਤਾਂ ਫ਼ਿਰ ਉਸ ਮਨੁੱਖ ਨੇ ਉਨ੍ਹਾਂ ਕੋਲ ਆਪਣਾ ਦੂਜਾ ਨੌਕਰ ਭੇਜਿਆ। ਉਨ੍ਹਾਂ ਨੇ ਇਸ ਨੂੰ ਵੀ ਕੁਟਿਆ ਅਤੇ ਬੇਇੱਜ਼ਤ ਕਰਕੇ ਉਸ ਨੂੰ ਖਾਲੀ ਹੱਥੀ ਭੇਜ ਦਿੱਤਾ। 12 ਫ਼ੇਰ ਉਸ ਆਦਮੀ ਨੇ ਕਿਸਾਨਾਂ ਕੋਲ ਇੱਕ ਤੀਜਾ ਨੌਕਰ ਭੇਜਿਆ। ਉਨ੍ਹਾਂ ਨੇ ਉਸ ਨੂੰ ਕੁਟਿਆ ਅਤੇ ਜ਼ਖਮੀ ਕਰਕੇ ਉਸ ਨੂੰ ਬਾਹਰ ਸੁੱਟ ਦਿੱਤਾ।
13 “ਉਸ ਖੇਤ ਦੇ ਮਾਲਕ ਨੇ ਸੋਚਿਆ, ‘ਮੈਂ ਹੁਣ ਕੀ ਕਰਾਂ? ਮੈਂ ਹੁਣ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ। ਇਹ ਕਿਸਾਨ ਮੇਰੇ ਪੁੱਤਰ ਨੂੰ ਇੱਜ਼ਤ ਦੇਣਗੇ!’ 14 ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਆਉਂਦਾ ਵੇਖਿਆ ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, ‘ਇਹ ਮਾਲਕ ਦਾ ਪੁੱਤਰ ਹੈ ਜੋ ਕਿ ਇਸ ਅੰਗੂਰਾਂ ਦੇ ਬਾਗ ਦਾ ਵਾਰਸ ਹੈ, ਆਓ ਇਸ ਨੂੰ ਮਾਰ ਦੇਈਏ ਤਾਂ ਜੋ ਇਹ ਅੰਗੂਰਾਂ ਦਾ ਬਾਗ ਸਾਡਾ ਹੋ ਜਾਵੇਗਾ।’ 15 ਇਸ ਲਈ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਮਾਰ ਦਿੱਤਾ।
“ਤਾਂ ਹੁਣ ਅੰਗੂਰਾਂ ਦੇ ਬਾਗ ਦਾ ਮਾਲਕ ਕੀ ਕਰੇਗਾ? 16 ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਨੂੰ ਮਾਰ ਦੇਵੇਗਾ। ਅਤੇ ਅੰਗੂਰਾਂ ਦੇ ਬਾਗ ਨੂੰ ਦੂਸਰੇ ਕਿਸਾਨਾਂ ਨੂੰ ਠੇਕੇ ਤੇ ਦੇ ਦੇਵੇਗਾ।” ਜਦੋਂ ਲੋਕਾਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਆਖਣ ਲੱਗੇ, “ਰੱਬ ਨਾ ਕਰੇ ਕਿ ਅਜਿਹਾ ਹੋਵੇ।” 17 ਪਰ ਯਿਸੂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਝਾਕਿਆ ਅਤੇ ਆਖਿਆ, “ਤਾਂ ਫ਼ੇਰ ਇਸ ਲਿਖਤ ਦਾ ਕੀ ਅਰਥ:
‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕੀਤਾ
ਉਹ ਖੂੰਜੇ ਦਾ ਪੱਥਰ ਬਣ ਗਿਆ।’ (G)
18 ਹਰ ਕੋਈ ਜੋ ਉਸ ਪੱਥਰ ਤੇ ਡਿੱਗੇਗਾ ਟੁਕੜੇ-ਟੁਕੜੇ ਹੋ ਜਾਵੇਗਾ। ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ ਉਹ ਕੁਚੱਲਿਆ ਜਾਵੇਗਾ।”
19 ਯਹੂਦੀ ਆਗੂਆਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਅਤੇ ਮਹਿਸੂਸ ਕੀਤਾ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਕਿਹਾ ਗਿਆ ਸੀ। ਇਸ ਲਈ ਉਹ ਉਸ ਨੂੰ ਉਸ ਵੇਲੇ ਫੜਨਾ ਚਾਹੁੰਦੇ ਸਨ ਪਰ ਉਹ ਲੋਕਾਂ ਕੋਲੋਂ ਡਰਦੇ ਸਨ ਉਹ ਖਬਰੇ ਕੀ ਕਰਨਗੇ?
ਯਹੂਦੀ ਆਗੂਆਂ ਨੇ ਯਿਸੂ ਨਾਲ ਚਾਲ ਖੇਡੀ(H)
20 ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ੜਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸੱਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ। 21 ਤਾਂ ਇਨ੍ਹਾਂ ਆਦਮੀਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਅਤੇ ਉਪਦੇਸ਼ ਦਿੰਦੇ ਹੋ ਉਹ ਸਹੀ ਹੈ ਤੁਸੀਂ ਕਿਸੇ ਦੀ ਵੀ ਤਰਫ਼ਦਾਰੀ ਨਹੀਂ ਕਰਦੇ ਸਗੋਂ ਪਰਮੇਸ਼ੁਰ ਦੇ ਮਾਰਗ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। 22 ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੈਸਰ ਨੂੰ ਮਸੂਲ ਦੇਣਾ ਠੀਕ ਹੈ ਕਿ ਗਲਤ?”
23 ਪਰ ਯਿਸੂ ਜਾਣਦਾ ਸੀ ਕਿ ਇਹ ਆਦਮੀ ਉਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, 24 “ਮੈਨੂੰ ਇੱਕ ਸਿੱਕਾ ਦਿਖਾਵੋ? ਅਤੇ ਇਹ ਦੱਸੋ ਕਿ ਇਸ ਉੱਪਰ ਕਿਸਦਾ ਨਾਮ ਅਤੇ ਤਸਵੀਰ ਹੈ?”
ਉਨ੍ਹਾਂ ਕਿਹਾ, “ਇਹ ਕੈਸਰ ਦੀ ਹੈ।”
25 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।”
26 ਲੋਕ ਉਸ ਦੇ ਇੰਨੇ ਬੁੱਧੀਮਾਨ ਜਵਾਬ ਤੇ ਹੈਰਾਨ ਰਹਿ ਗਏ ਅਤੇ ਕੁਝ ਨਾ ਆਖ ਸੱਕੇ। ਉਹ ਭੀੜ ਅੱਗੇ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣ ਵਿੱਚ ਅਸਮਰਥ ਸਨ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਖੇਡੀ(I)
27 ਕੁਝ ਸਦੂਕੀ ਯਿਸੂ ਕੋਲ ਆਏ। ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਪੁਨਰ ਉੱਥਾਨ ਹੈ। 28 ਉਨ੍ਹਾਂ ਉਸ ਨੂੰ ਪੁੱਛਿਆ, “ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਮਰਦ ਬਿਨ ਔਲਾਦ ਮਰ ਜਾਵੇ, ਤਾਂ ਉਸ ਦੇ ਭਰਾ ਨੂੰ ਉਸਦੀ ਔਰਤ ਨਾਲ ਵਿਆਹ ਕਰਾ ਲੈਣਾ ਚਾਹੀਦਾ ਹੈ। [c] ਤਾਂ ਜੋ ਉਹ ਮਰੇ ਹੋਏ ਭਰਾ ਵਾਸਤੇ ਸੰਤਾਨ ਪੈਦਾ ਕਰ ਸੱਕੇ। 29 ਇੱਕ ਵਾਰ ਸੱਤ ਭਰਾ ਸਨ। ਪਹਿਲੇ ਭਰਾ ਨੇ ਜੋ ਸਭ ਤੋਂ ਵੱਡਾ ਸੀ, ਇੱਕ ਔਰਤ ਨਾਲ ਵਿਆਹ ਕਰਵਾਇਆ ਪਰ ਉਹ ਮਰ ਗਿਆ, ਉਸ ਦੇ ਕੋਈ ਉਲਾਦ ਨਾ ਹੋਈ। 30 ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਪਰ ਉਹ ਵੀ ਮਰ ਗਿਆ। 31 ਉਸ ਦੇ ਤੀਜੇ ਭਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਪਰ ਉਹ ਵੀ ਮਰ ਗਿਆ। ਇੰਝ ਹੀ ਸੱਤਾਂ ਭਰਾਵਾਂ ਨਾਲ ਵਾਪਰਿਆ। ਵਾਰੀ-ਵਾਰੀ ਉਨ੍ਹਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਹ ਸਾਰੇ ਦੇ ਸਾਰੇ ਹੀ ਬਿਨ ਔਲਾਦ ਹੀ ਮਰ ਗਏ। 32 ਅੰਤ ਵਿੱਚ, ਔਰਤ ਵੀ ਮਰ ਗਈ। ਪਰ ਉਨ੍ਹਾਂ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, 33 ਹੁਣ, ਪੁਨਰ ਉੱਥਾਨ ਦੇ ਦਿਨ, ਉਹ ਕਿਸ ਦੀ ਵਹੁਟੀ ਹੋਵੇਗੀ, ਕਿਉਂਕਿ ਸੱਤਾਂ ਹੀ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ?”
34 ਯਿਸੂ ਨੇ ਸਦੂਕੀਆਂ ਨੂੰ ਕਿਹਾ, “ਧਰਤੀ ਤੇ ਲੋਕਾਂ ਦਾ ਵਿਆਹ ਇੱਕ ਦੂਜੇ ਨਾਲ ਹੁੰਦਾ ਹੈ। 35 ਪਰ ਉਹ ਲੋਕ ਜਿਹੜੇ ਮੁਰਦਿਆਂ ਵਿੱਚੋਂ ਜੀਅ ਉੱਠਦੇ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ। 36 ਅਤੇ ਉਹ ਹੋਰ ਨਹੀਂ ਮਰ ਸੱਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉੱਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ। 37 ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਜੀਅ ਉੱਠਣਗੇ। ਉਸ ਨੇ ਅਜਿਹਾ ਮਚਦੀ ਹੋਈ ਝਾੜੀ [d] ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸ ਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ। 38 ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਉਸ ਲਈ ਸਭ ਲੋਕ ਜੀਵਿਤ ਹਨ।”
39 ਕੁਝ ਨੇਮ ਦੇ ਉਪਦੇਸ਼ਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਸਹੀ ਆਖਿਆ ਹੈ।” 40 ਉਸ ਵੇਲੇ ਤੋਂ, ਕੋਈ ਵੀ ਇੰਨਾ ਨਿੱਡਰ ਨਹੀਂ ਸੀ ਕਿ ਉਸ ਨੂੰ ਕੋਈ ਹੋਰ ਸਵਾਲ ਕਰ ਸੱਕੇ।
ਕੀ ਮਸੀਹ ਦਾਊਦ ਦਾ ਪੁੱਤਰ ਹੈ?(J)
41 ਤਦ ਯਿਸੂ ਨੇ ਆਖਿਆ, “ਲੋਕ ਇਹ ਕਿਉਂ ਆਖਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 42 ਜ਼ਬੂਰਾਂ ਦੀ ਪੁਸਤਕ ਵਿੱਚ ਦਾਊਦ ਖੁਦ ਕਹਿੰਦਾ ਹੈ:
‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਪਾਸੇ ਬੈਠ’
43 ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ।’ (K)
44 ਇਸ ਲਈ ਜਦੋਂ ਦਾਊਦ ਮਸੀਹ ਨੂੰ ‘ਪ੍ਰਭੂ’ ਬੁਲਾਉਦਾ ਹੈ। ਫ਼ੇਰ ਯਿਸੂ ਦਾਊਦ ਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
ਯਿਸੂ ਨੇਮ ਦੇ ਉਪਦੇਸ਼ਕਾਂ ਬਾਰੇ ਖਬਰਦਾਰ ਕਰਦਾ(L)
45 ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 46 “ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹੜੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਅਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ। 47 ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਨੂੰ ਵੱਧੇਰੇ ਸਜਾ ਮਿਲੇਗੀ।”
2010 by World Bible Translation Center