The Daily Audio Bible
Today's audio is from the NLT. Switch to the NLT to read along with the audio.
ਯਹੋਵਾਹ ਆਪਣੇ ਲੋਕਾਂ ਨੂੰ ਮੋੜਨ ਦਾ ਚਾਹਵਾਨ
1 ਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਯਹੋਵਾਹ ਵੱਲੋਂ ਇਹ ਬਾਣੀ ਹੋਈ। ਇਹ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਦੂਜੇ ਸਾਲ ਦੇ 8 ਵੇਂ ਮਹੀਨੇ ਦੀ ਗੱਲ ਹੈ। (ਜ਼ਕਰਯਾਹ ਬਰਕਯਾਹ ਦਾ ਪੁੱਤਰ ਸੀ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਉਹ ਸੰਦੇਸ਼ ਇਉਂ ਸੀ:
2 ਯਹੋਵਾਹ ਤੁਹਾਡੇ ਪੁਰਖਿਆਂ ਤੇ ਬਹੁਤ ਕ੍ਰੋਧਵਾਨ ਹੋਇਆ। 3 ਇਸ ਲਈ ਤੁਸੀਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖਣਾ। ਯਹੋਵਾਹ ਦਾ ਕਹਿਣਾ ਹੈ, “ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਪਰਤਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
4 ਉਸ ਨੇ ਆਖਿਆ, “ਆਪਣੇ ਪੁਰਖਿਆਂ ਵਾਂਗ ਨਾ ਕਰੋ। ਪਹਿਲਾਂ ਨਬੀਆਂ ਨੇ ਉਨ੍ਹਾਂ ਨੂੰ ਕਿਹਾ ਸੀ, ‘ਯਹੋਵਾਹ ਸਰਬ ਸ਼ਕਤੀਮਾਨ ਆਖਦਾ: ਆਪਣੇ ਜਿਉਣ ਦੇ ਬਦ-ਢੰਗ ਤੋਂ ਹਟ ਜਾਵੋ। ਬਦ ਕਰਤੂਤਾਂ ਕਰਨੀਆਂ ਬੰਦ ਕਰ ਦਿਓ।’ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਪਾਲਣ ਨਹੀਂ ਕੀਤਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
5 ਪਰਮੇਸ਼ੁਰ ਨੇ ਆਖਿਆ, “ਤੁਹਾਡੇ ਪੁਰਖੇ ਖਤਮ ਹੋ ਗਏ ਅਤੇ ਨਬੀ ਵੀ ਸਦੀਵ ਜਿਉਂਦੇ ਨਾ ਰਹਿਣਗੇ। 6 ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿੱਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿੱਖਾਏ। ਉਨ੍ਹਾਂ ਕਿਹਾ, ‘ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।’ ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।”
ਚਾਰ ਘੋੜੇ
7 ਜਦੋਂ ਫ਼ਾਰਸ ਦਾ ਪਾਤਸ਼ਾਹ ਦਾਰਾ ਰਾਜ ਕਰਦਾ ਸੀ ਉਸ ਦੇ ਰਾਜ ਦੇ ਦੂਜੇ ਵਰ੍ਹੇ ਦੇ 11ਵੇਂ ਮਹੀਨੇ (ਸਬਾਟ ਦੇ ਮਹੀਨੇ) ਦੇ 24ਵੇਂ ਦਿਨ, ਯਹੋਵਾਹ ਵੱਲੋਂ ਜ਼ਕਰਯਾਹ ਨੂੰ ਇੱਕ ਹੋਰ ਸੰਦੇਸ਼ ਹੋਇਆ। (ਇਹ ਜ਼ਕਰਯਾਹ ਬਰਕਯਾਹ ਦਾ ਪੁੱਤਰ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਸੰਦੇਸ਼ ਇਉਂ ਹੈ:
8 ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿੱਚਕਾਰ ਖੜੋਤਾ ਸੀ। ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ। 9 ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?”
ਤਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।”
10 ਤਦ ਮਹਿਂਦੀ ਦੇ ਬੂਟਿਆਂ ਵਿੱਚਕਾਰ ਖੜੋਤੇ ਮਨੁੱਖ ਨੇ ਕਿਹਾ, “ਯਹੋਵਾਹ ਨੇ ਧਰਤੀ ਤੇ ਇੱਧਰ-ਉੱਧਰ ਜਾਣ ਲਈ ਇਹ ਘੋੜੇ ਭੇਜੇ ਹਨ।”
11 ਤਦ ਉਨ੍ਹਾਂ ਘੋੜਿਆਂ ਨੇ ਮਹਿੰਦੀ ਦੀਆਂ ਝਾੜੀਆਂ ਵਿੱਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਖੁਦ ਧਰਤੀ ਤੇ ਇੱਧਰ-ਉੱਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।”
12 ਤਦ ਯਹੋਵਾਹ ਦੇ ਦੂਤ ਨੇ ਆਖਿਆ, “ਯਹੋਵਾਹ! ਤੂੰ ਕਦੋਂ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਸ਼ਾਂਤੀ ਤੇ ਸੁੱਖ ਬਹਾਲ ਕਰੇਂਗਾ? ਸੱਤਰ ਸਾਲ ਹੋ ਗਏ ਹਨ ਤੈਨੂੰ ਇਨ੍ਹਾਂ ਸ਼ਹਿਰਾਂ ਤੇ ਆਪਣੀ ਕਰੋਪੀ ਵਿਖਾਉਂਦਿਆਂ।”
13 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਫ਼ਿਰ ਯਹੋਵਾਹ ਨੇ ਉਸ ਦੂਤ ਨੂੰ ਜਵਾਬ ਦਿੱਤਾ। ਯਹੋਵਾਹ ਨੇ ਉਸ ਨੂੰ ਸੁੱਖ ਸ਼ਾਂਤੀ ਤੇ ਅਮਨ ਵਾਲੇ ਸ਼ਬਦ ਕਹੇ। 14 ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:
“ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ।
15 ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰੱਖਿਅਤ ਸਮਝਦੀਆਂ ਹਨ ਉਨ੍ਹਾਂ ਤੇ
ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ
ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ।
ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।”
16 ਇਸ ਲਈ ਯਹੋਵਾਹ ਕਹਿੰਦਾ ਹੈ, “ਮੈਂ ਮੁੜ ਆਵਾਂਗਾ ਅਤੇ ਯਰੂਸ਼ਲਮ ਵਿੱਚ ਆਰਾਮ ਬਹਾਲ ਕਰਾਂਗਾ।”
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ,
“ਯਰੂਸ਼ਲਮ ਮੁੜ ਉਸਾਰਿਆ ਜਾਵੇਗਾ ਅਤੇਮੇਰਾ ਭਵਨ ਉੱਥੇ ਬਣੇਗਾ।”
17 ਦੂਤ ਨੇ ਇਹ ਵੀ ਕਿਹਾ, “ਯਹੋਵਾਹ ਸ਼ਕਤੀਮਾਨ ਆਖਦਾ ਹੈ,
‘ਮੇਰਾ ਸ਼ਹਿਰ ਮੁੜ ਧਨਾਢ ਹੋਵੇਗਾ।
ਮੈਂ ਸੀਯੋਨ ਨੂੰ ਸੁੱਖ ਦੇਵਾਂਗਾ।
ਤੇ ਯਰੂਸ਼ਲਮ ਨੂੰ ਮੁੜ ਮੈਂ ਆਪਣਾ ਖਾਸ ਸ਼ਹਿਰ ਚੁਣਾਂਗਾ।’”
ਚਾਰ ਸਿੰਗ ਅਤੇ ਚਾਰ ਕਾਮੇ
18 ਤਦ ਮੈਂ ਉੱਪਰ ਵੱਲ ਵੇਖਿਆ ਤਾਂ ਮੈਨੂੰ ਚਾਰ ਸਿੰਗਾਂ ਦੇ ਦਰਸ਼ਨ ਹੋਏ। 19 ਤਦ ਮੈਂ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੂੰ ਪੁੱਛਿਆ, “ਇਨ੍ਹਾਂ ਸਿੰਗਾਂ ਦਾ ਕੀ ਅਰਬ ਹੈ?”
ਉਸ ਨੇ ਕਿਹਾ, “ਇਹ ਸਿੰਗ (ਸ਼ਕਤੀਸ਼ਾਲੀ ਕੌਮਾਂ) ਹਨ, ਜਿਨ੍ਹਾਂ ਨੇ ਇਸਰਾਏਲ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ।”
20 ਯਹੋਵਾਹ ਨੇ ਮੈਨੂੰ ਚਾਰ ਕਾਮਿਆਂ ਦੇ ਦਰਸ਼ਨ ਕਰਵਾਏ। 21 ਮੈਂ ਉਸ ਨੂੰ ਪੁੱਛਿਆ, “ਇਹ ਚਾਰ ਮਜ਼ਦੂਰ ਕੀ ਕਰਨ ਆ ਰਹੇ ਹਨ?”
ਉਸ ਨੇ ਕਿਹਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਓਪਰੇ ਦੇਸਾਂ ਵਿੱਚ ਧੱਕ ਦਿੱਤਾ। ਸਿੰਗਾਂ ਨੇ ਯਹੂਦਾਹ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਸੁੱਟਿਆ। ਇਹ ਸਿੰਗ ਕਿਸੇ ਤੇ ਰਹਿਮ ਨਹੀਂ ਕਰਦੇ ਪਰ ਇਹ ਚਾਰ ਕਾਮੇ ਉਨ੍ਹਾਂ ਸਿੰਗਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਆਏ ਹਨ।”
ਔਰਤ ਤੇ ਅਜਗਰ
12 ਫ਼ੇਰ ਸਵਰਗ ਵਿੱਚ ਇੱਕ ਵੱਡਾ ਅਜੀਬ ਨਿਸ਼ਾਨ ਪ੍ਰਗਟ ਹੋਇਆ। ਉੱਥੇ ਇੱਕ ਔਰਤ ਸੀ ਜੋ, ਕਿ ਸੂਰਜ ਪਹਿਨੇ ਹੋਈ ਸੀ। ਚੰਦਰਮਾਂ ਉਸ ਦੇ ਪੈਰਾਂ ਹੇਠਾਂ ਸੀ। ਉਸ ਦੇ ਸਿਰ ਤੇ ਬਾਰ੍ਹਾਂ ਸਿਤਾਰਿਆਂ ਵਾਲਾ ਤਾਜ ਸੀ। 2 ਔਰਤ ਗਰਭਵਤੀ ਸੀ। ਉਹ ਜਣਨ ਦੀਆਂ ਪੀੜਾਂ ਨਾਲ ਕੁਰਲਾਹ ਰਹੀ ਸੀ ਕਿਉਂਕਿ ਉਹ ਬੱਚੇ ਨੂੰ ਜਨਮ ਦੇਣ ਹੀ ਵਾਲੀ ਸੀ।
3 ਫ਼ੇਰ ਸਵਰਗ ਵਿੱਚ ਇੱਕ ਹੋਰ ਨਿਸ਼ਾਨ ਪ੍ਰਗਟ ਹੋਇਆ; ਉੱਥੇ ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ। ਵੱਡੇ ਅਜਗਰ ਦੇ ਸੱਤ ਸਿਰ ਸਨ ਜਿਨ੍ਹਾਂ ਉੱਤੇ ਤਾਜ ਸਨ। ਅਜਗਰ ਦੇ ਦਸ ਸਿੰਗ ਵੀ ਸਨ। 4 ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕੱਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਬੱਚਾ ਪੈਦਾ ਹੋਵੇ ਅਜਗਰ ਉਸ ਔਰਤ ਦੇ ਬੱਚੇ ਨੂੰ ਨਿਗਲ ਜਾਣਾ ਚਾਹੁੰਦਾ ਸੀ।
5 ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਇੱਕ ਲੋਹੇ ਦੇ ਡੰਡੇ ਨਾਲ ਸਾਰੀ ਕੌਮਾਂ ਤੇ ਸ਼ਾਸਨ ਕਰੇਗਾ। ਅਤੇ ਉਸ ਦੇ ਬੱਚੇ ਨੂੰ ਪਰਮੇਸ਼ੁਰ ਅਤੇ ਉਸ ਦੇ ਤਖਤ ਕੋਲ ਲਿਜਾਇਆ ਗਿਆ। 6 ਔਰਤ ਮਾਰੂਥਲ ਵਿੱਚ ਉਸ ਥਾਂ ਵੱਲ ਭੱਜ ਪਈ ਜਿਸ ਨੂੰ ਪਰਮੇਸ਼ੁਰ ਨੇ ਉਸ ਲਈ ਤਿਆਰ ਕੀਤਾ ਸੀ। ਮਾਰੂਥਲ ਵਿੱਚ ਉਸਦੀ ਇੱਕ ਹਜ਼ਾਰ ਦੋ ਸੌ ਸਠ ਦਿਨਾਂ ਤੱਕ ਦੇਖ ਭਾਲ ਕੀਤੀ ਜਾਵੇਗੀ।
7 ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ। 8 ਪਰ ਅਜਗਰ ਇੰਨਾ ਤਾਕਤਵਰ ਨਹੀਂ ਸੀ। ਵੱਡੇ ਅਜਗਰ ਅਤੇ ਉਸ ਦੇ ਦੂਤਾਂ ਨੇ ਸਵਰਗ ਵਿੱਚਲੀ ਆਪਣੀ ਥਾਂ ਗਵਾ ਲਈ। 9 ਅਜਗਰ ਨੂੰ ਸਵਰਗ ਤੋਂ ਬਾਹਰ ਸੁੱਟ ਦਿੱਤਾ ਗਿਆ। ਉਹ ਵੱਡਾ ਅਜਗਰ ਉਹੀ ਪੁਰਾਣਾ ਸੱਪ ਸੀ ਜੋ ਕਿ ਦੈਂਤ ਜਾਂ ਸ਼ੈਤਾਨ ਸਦਾਉਂਦਾ ਹੈ। ਉਹ ਸਾਰੀ ਦੁਨੀਆਂ ਨੂੰ ਕੁਰਾਹੇ ਪਾ ਰਿਹਾ ਹੈ। ਅਜਗਰ ਨੂੰ ਉਸ ਦੇ ਦੂਤਾਂ ਸਣੇ ਧਰਤੀ ਤੇ ਸੁੱਟ ਦਿੱਤਾ ਗਿਆ।
10 ਪਰ ਮੈਂ ਸਵਰਗ ਵਿੱਚ ਇੱਕ ਉੱਚੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਸਦੇ ਮਸੀਹ ਦੀ ਫ਼ਤਿਹ, ਸ਼ਕਤੀ, ਸਲਤਨਤ ਅਤੇ ਅਧਿਕਾਰ ਹੁਣ ਆਇਆ ਹੈ। ਇਹ ਗੱਲਾਂ ਇਸ ਲਈ ਆਈਆਂ ਹਨ ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲੇ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ। ਉਹੀ ਇੱਕ ਸੀ ਜੋ ਸਾਡੇ ਭਰਾਵਾਂ ਤੇ ਦੋਸ਼ ਲਾ ਰਿਹਾ ਸੀ। 11 ਸਾਡੇ ਭਰਾਵਾਂ ਨੇ ਉਸ ਨੂੰ ਲੇਲੇ ਦੇ ਲਹੂ ਦੁਆਰਾ ਅਤੇ ਲੋਕਾਂ ਨੂੰ ਦਿੱਤੇ ਉਨ੍ਹਾਂ ਦੇ ਸੰਦੇਸ਼ ਦੁਆਰਾ ਹਰਾ ਦਿੱਤਾ। ਉਹ ਆਪਣੇ ਜੀਵਨ ਨੂੰ ਬਹੁਤਾ ਪਿਆਰ ਨਹੀਂ ਕਰਦੇ ਸਨ। ਉਹ ਮੌਤ ਤੋਂ ਨਹੀਂ ਡਰਦੇ ਸਨ। 12 ਇਸ ਲਈ, ਸਵਰਗਾਂ ਨੂੰ ਜਾਓ ਅਤੇ ਤੁਸੀਂ ਸਾਰੇ ਸਵਰਗ ਵਾਸੀਓ, ਆਨੰਦ ਮਾਣੋ। ਪਰ ਇਹ ਜ਼ਮੀਨ ਅਤੇ ਸਮੁੰਦਰ ਲਈ ਭਿਆਨਕ ਹੋਵੇਗਾ ਕਿਉਂਕਿ ਸ਼ੈਤਾਨ ਹੇਠਾਂ ਤੁਹਾਡੇ ਕੋਲ ਆ ਗਿਆ ਹੈ। ਸ਼ੈਤਾਨ ਗੁੱਸੇ ਨਾਲ ਭਰਿਆ ਹੋਇਆ ਹੈ। ਉਹ ਜਾਣਦਾ ਹੈ ਕਿ ਉਸ ਦੇ ਪਾਸ ਬਹੁਤਾ ਸਮਾਂ ਨਹੀਂ ਹੈ।”
13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਹੇਠਾਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸ ਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ। 14 ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ। 15 ਫ਼ੇਰ ਉਸ ਸੱਪ ਨੇ ਉਸ ਔਰਤ ਵੱਲ ਆਪਣੇ ਮੂੰਹ ਵਿੱਚੋਂ ਦਰਿਆ ਵਾਂਗ ਪਾਣੀ ਵਹਾਇਆ ਤਾਂ ਜੋ ਉਹ ਹੜ੍ਹ ਨਾਲ ਹੜ੍ਹ ਜਾਵੇ। 16 ਧਰਤੀ ਨੇ ਔਰਤ ਦੀ ਸਹਾਇਤਾ ਕੀਤੀ। ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਦਰਿਆ ਨੂੰ ਨਿਗਲ ਗਈ ਜਿਹੜਾ ਉਸ ਅਜਗਰ ਦੇ ਮੂੰਹ ਵਿੱਚੋਂ ਨਿਕਲਿਆ ਸੀ। 17 ਫ਼ੇਰ ਅਜਗਰ ਔਰਤ ਤੇ ਬਹੁਤ ਗੁੱਸੇ ਹੋਇਆ। ਉਹ ਉਸ ਔਰਤ ਦੇ ਦੂਸਰੇ ਬੱਚਿਆਂ ਦੇ ਵਿਰੁੱਧ ਯੁੱਧ ਕਰਨ ਲਈ ਚੱਲਿਆ ਗਿਆ। ਉਸ ਦੇ ਬੱਚੇ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਉਸ ਸੱਚ ਤੇ ਸਥਿਰ ਰਹਿੰਦੇ ਹਨ ਜੋ ਯਿਸੂ ਨੇ ਸਿੱਖਾਇਆ।
18 ਫ਼ੇਰ ਅਜਗਰ ਸਮੁੰਦਰ ਦੇ ਕੰਢੇ ਖਲੋ ਗਿਆ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
2 ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
3 ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।
4 ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
5 ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।
6 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
8 ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
9 ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।
17 ਕੋਈ ਬੰਦਾ ਜਿਹੜਾ ਆਪਣੇ ਪਿਤਾ ਦਾ ਮਜ਼ਾਕ ਉਡਾਉਂਦਾ ਹੈ ਜਾਂ ਆਪਣੀ ਮਾਤਾ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਜ਼ਾ ਮਿਲੇਗੀ। ਉਸ ਦੇ ਲਈ ਇਹ ਗੱਲ ਓਨੀ ਹੀ ਬੁਰੀ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜਿਵੇਂ ਕਿ ਉਸ ਦੀਆਂ ਅੱਖਾਂ ਗਿਰਝਾਂ ਅਤੇ ਜੰਗਲੀ ਜਾਨਵਰਾਂ ਨੇ ਖਾ ਲਈਆਂ ਹੋਣ।
2010 by World Bible Translation Center