Chronological
ਯਹੋਵਾਹ ਨੂੰ ਚੇਤੇ ਰੱਖੋ
11 “ਇਸ ਲਈ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਕਰਨ ਲਈ ਉਹ ਆਖਦਾ ਹੈ। ਤੁਹਾਨੂੰ ਹਮੇਸ਼ਾ ਉਸ ਦੇ ਕਾਨੂੰਨਾ, ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। 2 ਅੱਜ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਯਾਦ ਕਰੋ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਸਿੱਖਿਆ ਦੇਣ ਲਈ ਕੀਤੀਆਂ। ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਇਹ ਸਭ ਗੱਲਾਂ ਵਾਪਰਦਿਆਂ ਦੇਖੀਆਂ। ਤੁਸੀਂ ਦੇਖਿਆ ਅਤੇ ਅਨੁਭਵ ਕੀਤਾ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਉਹ ਕਿੰਨਾ ਸ਼ਕਤੀਸ਼ਾਲੀ ਹੈ, ਅਤੇ ਉਹ ਇੰਨੀਆਂ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। 3 ਤੁਹਾਡੇ ਬੱਚਿਆਂ ਨੇ ਨਹੀਂ, ਤੁਸਾਂ ਉਸ ਦੇ ਕਰਿਸ਼ਮੇ ਦੇਖੇ। ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਉਸ ਨੇ ਮਿਸਰ ਵਿੱਚ, ਮਿਸਰ ਦੇ ਰਾਜੇ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਦੇਸ਼ ਨਾਲ ਕੀਤੀਆਂ। 4 ਤੁਹਾਡੇ ਬੱਚਿਆਂ ਨੇ ਨਹੀਂ, ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ ਨੇ ਮਿਸਰੀ ਫ਼ੌਜ ਨਾਲ ਕੀਤੀਆਂ-ਉਨ੍ਹਾਂ ਦੇ ਰੱਥਾਂ ਅਤੇ ਰੱਥਵਾਨਾ ਨਾਲ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ, ਪਰ ਤੁਸੀਂ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਲਾਲ ਸਾਗਰ ਦੇ ਪਾਣੀ ਨਾਲ ਢੱਕ ਦਿੱਤਾ। ਤੁਸੀਂ ਯਹੋਵਾਹ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਦਿਆਂ ਦੇਖਿਆ। 5 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਾਸਤੇ ਮਰੂਥਲ ਵਿੱਚ ਇਸ ਥਾਂ ਪਹੁੰਚਣ ਤੱਕ ਕੀਤੀਆਂ। 6 ਤੁਸੀਂ ਦੇਖਿਆ ਕਿ ਰਊਬੇਨ ਪਰਿਵਾਰ-ਸਮੂਹ ਦੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨਾਲ ਯਹੋਵਾਹ ਨੇ ਕੀ ਕੀਤਾ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਸਨ ਜਦੋਂ ਧਰਤੀ ਮੂੰਹ ਵਾਂਗ ਖੁਲ੍ਹ ਗਈ ਅਤੇ ਉਨ੍ਹਾਂ ਨੂੰ ਨਿਗਲ ਗਈ। ਉਸ ਨੇ ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ ਤੰਬੁਆਂ ਅਤੇ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਨੌਕਰਾਂ ਨੂੰ ਨਿਗਲ ਲਿਆ। 7 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੇ ਮਹਾਨ ਕਾਰਨਾਮੇ ਦੇਖੇ ਜਿਹੜੇ ਯਹੋਵਾਹ ਨੇ ਕੀਤੇ।
8 “ਇਸ ਲਈ ਤੁਹਾਨੂੰ ਉਹ ਹਰ ਆਦੇਸ਼ ਮੰਨਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਦਾ ਹਾਂ। ਫ਼ੇਰ ਤੁਸੀਂ ਮਜ਼ਬੂਤ ਹੋ ਜਾਵੋਂਗੇ। ਅਤੇ ਤੁਸੀਂ ਯਰਦਨ ਨਦੀ ਦੇ ਪਾਰ ਜਾ ਸੱਕੋਂਗੇ ਅਤੇ ਉਸ ਧਰਤੀ ਨੂੰ ਪ੍ਰਾਪਤ ਕਰ ਸੱਕੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਣ ਲਈ ਤਿਆਰ ਹੋ। 9 ਫ਼ੇਰ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋਂਗੇ। ਯਹੋਵਾਹ ਨੇ ਉਹ ਧਰਤੀ ਤੁਹਾਡੇ ਪੁਰਖਿਆਂ ਅਤੇ ਉਨ੍ਹਾਂ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਹ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹੈ। 10 ਜਿਹੜੀ ਧਰਤੀ ਤੁਹਾਨੂੰ ਮਿਲੇਗੀ ਉਹ ਮਿਸਰ ਦੀ ਧਰਤੀ ਵਰਗੀ ਨਹੀਂ ਹੈ, ਜਿੱਥੇ ਤੁਸੀਂ ਆਏ ਹੋ। ਮਿਸਰ ਵਿੱਚ, ਤੁਸੀਂ ਆਪਣੇ ਬੀਜ ਬੀਜਦੇ ਸੀ, ਅਤੇ ਫ਼ੇਰ ਆਪਣੇ ਪੈਰਾਂ ਦੀ ਵਰਤੋਂ ਕਰਕੇ ਨਹਿਰ ਵਿੱਚੋਂ ਪਾਣੀ ਕੱਢ ਕੇ ਉਨ੍ਹਾਂ ਪੌਦਿਆਂ ਨੂੰ ਸਿਂਜਦੇ ਸੀ। ਤੁਸੀਂ ਆਪਣੇ ਖੇਤਾਂ ਨੂੰ ਉਸੇ ਤਰ੍ਹਾਂ ਪਾਣੀ ਲਾਉਂਦੇ ਸੀ ਜਿਵੇਂ ਸਬਜ਼ੀਆਂ ਦੇ ਬਗੀਚੇ ਨੂੰ ਲਾਈਦਾ ਹੈ। 11 ਪਰ ਜਿਹੜੀ ਧਰਤੀ ਤੁਹਾਨੂੰ ਛੇਤੀ ਹੀ ਮਿਲਣ ਵਾਲੀ ਹੈ, ਇਸ ਤਰ੍ਹਾਂ ਦੀ ਨਹੀਂ ਹੈ। ਇਸ ਧਰਤੀ ਵਿੱਚ ਪਹਾੜੀਆਂ ਅਤੇ ਵਾਦੀਆਂ ਹਨ ਅਤੇ ਇਸ ਨੂੰ ਆਕਾਸ਼ ਤੋਂ ਮੀਂਹ ਪ੍ਰਾਪਤ ਹੁੰਦਾ ਹੈ। 12 ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਦੇਖਭਾਲ ਕਰਦਾ ਹੈ! ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਨਿਗਰਾਨੀ ਕਰਦਾ ਹੈ, ਸਾਲ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ।
13 “ਯਹੋਵਾਹ ਆਖਦਾ, ‘ਤੁਹਾਨੂੰ ਉਨ੍ਹਾਂ ਹੁਕਮਾਂ ਨੂੰ ਧਿਆਨ ਨਾਲ ਸੁਣਣਾ ਚਾਹੀਦਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ: ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਅਤੇ ਆਪਣੇ ਪੂਰੇ ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਉਸਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ, 14 ਮੈਂ ਤੁਹਾਡੀ ਧਰਤੀ ਲਈ ਠੀਕ ਸਮੇਂ ਸਿਰ ਬਾਰਿਸ਼ ਭੇਜਾਂਗਾ। ਮੈਂ ਪੱਤਝੜ ਦੀ ਬਾਰਿਸ਼ ਭੇਜਾਂਗਾ ਅਤੇ ਬਹਾਰ ਦੀ ਬਾਰਿਸ਼ ਭੇਜਾਂਗਾ! ਫ਼ੇਰ ਤੁਸੀਂ ਆਪਣਾ ਅਨਾਜ, ਆਪਣੀ ਨਵੀਂ ਮੈਅ, ਆਪਣਾ ਤੇਲ ਹਾਸਿਲ ਕਰ ਸੱਕੋਂਗੇ। 15 ਅਤੇ ਮੈਂ ਤੁਹਾਡੀਆਂ ਗਾਵਾਂ ਲਈ ਤੁਹਾਡੇ ਖੇਤਾਂ ਅੰਦਰ ਘਾਹ ਉਗਾਵਾਂਗਾ। ਤੁਹਾਡੇ ਕੋਲ ਭੋਜਨ ਦੀ ਕਮੀ ਨਹੀਂ ਹੋਵੇਗੀ।’
16 “ਪਰ ਧਿਆਨ ਰੱਖਣਾ! ਮੂਰਖ ਨਾ ਬਨਣਾ। ਮੁਖ ਮੋੜਕੇ ਹੋਰਨਾ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਨਾ ਕਰਨ ਲੱਗ ਪੈਣਾ। 17 ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਉੱਤੇ ਬਹੁਤ ਕਰੋਧਵਾਨ ਹੋ ਜਾਵੇਗਾ। ਉਹ ਆਕਾਸ਼ਾਂ ਨੂੰ ਬੰਦ ਕਰ ਦੇਵੇਗਾ ਅਤੇ ਬਾਰਿਸ਼ ਨਹੀਂ ਪਵੇਗੀ। ਧਰਤੀ ਉੱਤੇ ਫ਼ਸਲ ਨਹੀਂ ਹੋਵੇਗੀ। ਅਤੇ ਤੁਸੀਂ ਉਸ ਧਰਤੀ ਉੱਤੇ ਛੇਤੀ ਹੀ ਮਾਰੇ ਜਾਵੋਂਗੇ ਜਿਹੜੀ ਤੁਹਾਨੂੰ ਯਹੋਵਾਹ ਦੇ ਰਿਹਾ ਹੈ।
18 “ਇਨ੍ਹਾਂ ਹੁਕਮਾਂ ਨੂੰ ਯਾਦ ਰੱਖਣਾ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ। ਇਨ੍ਹਾਂ ਨੂੰ ਆਪਣੇ ਦਿਲ ਅਤੇ ਰੂਹ ਅੰਦਰ ਰੱਖ ਲੈਣਾ, ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਆਪਣੇ ਮੱਥਿਆਂ ਉੱਤੇ ਪਹਿਨ ਲਵੋ, ਫ਼ਿਰ ਇਹ ਤੁਹਾਨੂੰ ਉਨ੍ਹਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗਾ। 19 ਇਨ੍ਹਾਂ ਕਾਨੂੰਨਾ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿਉ। ਘਰਾਂ ਵਿੱਚ ਬੈਠ ਦਿਆਂ, ਸੜਕ ਉੱਤੇ ਚਲ ਦਿਆਂ ਅਤੇ ਲੇਟ ਦਿਆਂ ਉੱਠ ਦਿਆਂ ਇਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰੋ। 20 ਇਨ੍ਹਾਂ ਹੁਕਮਾਂ ਨੂੰ ਆਪਣੇ ਫ਼ਾਟਕਾਂ ਉੱਤੇ ਅਤੇ ਆਪਣੇ ਮਕਾਨਾਂ ਦਿਆਂ ਦਰਵਾਜ਼ਿਆਂ ਉੱਤੇ ਵੀ ਲਿਖ ਲਵੋ। 21 ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ, ਦੋਵੇਂ ਇਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸ ਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਤੁਸੀਂ ਉੱਥੇ ਓਨਾ ਚਿਰ ਰਹੋਂਗੇ ਜਿੰਨਾ ਚਿਰ ਧਰਤੀ ਉੱਤੇ ਅਕਾਸ਼ ਹੈ।”
22 “ਹਰ ਉਸ ਹੁਕਮ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਸਦੇ ਪਾਲਣ ਕਰਨ ਬਾਰੇ ਮੈਂ ਤੁਹਾਨੂੰ ਆਖਿਆ ਹੈ: ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਵਫ਼ਾਦਾਰੀ ਕਰੋ। 23 ਫ਼ੇਰ, ਯਹੋਵਾਹ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਾਹਰ ਕੱਢ ਦੇਵੇਗਾ ਅਤੇ ਤੁਸੀਂ ਉਹ ਧਰਤੀ ਉਨ੍ਹਾਂ ਕੌਮਾਂ ਪਾਸੋਂ ਖੋਹ ਲਵੋਂਗੇ ਜਿਹੜੀਆਂ ਤੁਹਾਥੋਂ ਵਿਸ਼ਾਲ ਅਤੇ ਵੱਧੇਰੇ ਤਾਕਤਵਰ ਹਨ। 24 ਉਹ ਸਾਰੀ ਧਰਤੀ ਜਿਸ ਉੱਪਰ ਤੁਸੀਂ ਤੁਰੋਂਗੇ, ਤੁਹਾਡੀ ਹੋਵੇਗੀ। ਤੁਹਾਡੀ ਧਰਤੀ ਦੱਖਣ ਵੱਲ ਮਾਰੂਥਲ ਤੋਂ ਲੈ ਕੇ ਉੱਤਰ ਵਿੱਚ ਲਿਬਨਾਨ ਤੱਕ ਫ਼ੈਲੀ ਹੋਵੇਗੀ। ਪੂਰਬ ਵਿੱਚ ਇਹ ਫ਼ਰਾਤ ਨਦੀ ਤੋਂ ਲੈ ਕੇ ਮੱਧ ਸਾਗਰ ਤੱਕ ਫ਼ੈਲੀ ਹੋਵੇਗੀ। 25 ਕੋਈ ਬੰਦਾ ਵੀ ਤੁਹਾਡੇ ਸਾਹਮਣੇ ਟਿਕ ਨਹੀਂ ਸੱਕੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਸ ਧਰਤੀ ਵਿੱਚ ਜਿੱਥੇ ਵੀ ਤੁਸੀਂ ਜਾਵੋਂਗੇ, ਲੋਕਾਂ ਨੂੰ ਤੁਹਾਡੇ ਕੋਲੋਂ ਭੈਭੀਤ ਕਰ ਦੇਵੇਗਾ। ਇਹੀ ਹੈ ਜਿਸਦਾ ਯਹੋਵਾਹ ਨੇ ਪਹਿਲਾਂ ਤੁਹਾਡੇ ਨਾਲ ਇਕਰਾਰ ਕੀਤਾ ਸੀ।
ਇਸਰਾਏਲ ਦੀ ਚੋਣ: ਅਸੀਸਾਂ ਜਾਂ ਸਰਾਪ
26 “ਅੱਜ ਮੈਂ ਤੁਹਾਨੂੰ ਇੱਕ ਚੋਣ ਕਰਨ ਲਈ ਦਿੰਦਾ ਹਾਂ। ਭਾਵੇਂ ਤੁਸੀਂ ਅਸੀਸਾਂ ਚੁਣ ਲਵੋ ਅਤੇ ਭਾਵੇਂ ਸਰਾਪ। 27 ਤੁਹਾਨੂੰ ਅਸੀਸਾਂ ਮਿਲਣਗੀਆਂ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਉਨ੍ਹਾਂ ਆਦੇਸ਼ਾਂ ਨੂੰ ਸੁਣੋਗੇ ਅਤੇ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦੱਸ ਦਿੱਤੇ ਹਨ। 28 ਪਰ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰੋਂਗੇ, ਤੁਸੀਂ ਸਰਾਪੇ ਜਾਵੋਂਗੇ। ਇਸ ਲਈ ਉਸ ਤਰ੍ਹਾਂ ਜੀਵਨ ਜਿਉਣਾ ਨਾ ਛੱਡੋ, ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ। ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ।
29 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਉਸ ਧਰਤੀ ਵੱਲ ਅਗਵਾਈ ਕਰੇਗਾ। ਤੁਸੀਂ ਛੇਤੀ ਹੀ ਉੱਥੇ ਜਾਵੋਂਗੇ ਅਤੇ ਉਸ ਧਰਤੀ ਨੂੰ ਹਾਸਿਲ ਕਰ ਲਵੋਂਗੇ। ਉਸ ਸਮੇਂ ਤੁਸੀਂ ਗੋਰੱਜ਼ੀਮ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਅਸੀਸਾਂ ਨੂੰ ਪੜ੍ਹਨਾ। ਅਤੇ ਫ਼ੇਰ ਤੁਸੀਂ ਏਬਾਲ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਸਰਾਪਾਂ ਨੂੰ ਪੜ੍ਹਨਾ। 30 ਇਹ ਪਰਬਤ ਯਰਦਨ ਨਦੀ ਵਿੱਚ ਰਹਿੰਦੇ ਕਨਾਨੀ ਲੋਕਾਂ ਦੀ ਧਰਤੀ ਵਿੱਚ ਯਰਦਨ ਨਦੀ ਦੇ ਦੂਸਰੇ ਪਾਸੇ ਹਨ। ਇਹ ਪਰਬਤ ਪੱਛਮ ਵੱਲ ਹਨ ਜਿਹੜੇ ਗਿਲਗਾਲ ਕਸਬੇ ਨੇੜੇ ਮੋਰਹ ਦੇ ਓਕ ਦੇ ਰੁੱਖਾਂ ਤੋਂ ਬਹੁਤੀ ਦੂਰ ਨਹੀਂ ਹਨ। 31 ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ। ਤੁਸੀਂ ਉਹ ਧਰਤੀ ਹਾਸਿਲ ਕਰੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। ਇਹ ਧਰਤੀ ਤੁਹਾਡੀ ਹੋਵੇਗੀ। ਜਦੋਂ ਤੁਸੀਂ ਇਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ, 32 ਤੁਹਾਨੂੰ ਉਹ ਸਾਰੇ ਕਾਨੂੰਨ ਅਤ ਬਿਧੀਆਂ ਧਿਆਨ ਨਾਲ ਮੰਨਣੇ ਪੈਣਗੇ। ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।
ਪਰਮੇਸ਼ੁਰ ਦੀ ਉਪਾਸਨਾ ਦਾ ਸਥਾਨ
12 “ਇਹ ਉਹ ਕਾਨੂੰਨ ਅਤੇ ਬਿਧੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੀ ਨਵੀਂ ਧਰਤੀ ਵਿੱਚ ਪਾਲਣਾ ਕਰਨੀ ਚਾਹੀਦੀ ਹੈ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹਿੰਦੇ ਹੋ ਤੁਹਾਨੂੰ ਇਨ੍ਹਾਂ ਕਾਨੂੰਨਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਅਤੇ ਯਹੋਵਾਹ ਤੁਹਾਨੂੰ ਇਹ ਧਰਤੀ ਦੇ ਰਿਹਾ ਹੈ। 2 ਤੁਸੀਂ ਇਹ ਧਰਤੀ ਉਨ੍ਹਾਂ ਕੌਮਾਂ ਕੋਲੋਂ ਖੋਹ ਲਵੋਂਗੇ ਜਿਹੜੀਆਂ ਹੁਣ ਉੱਥੇ ਰਹਿੰਦੀਆਂ ਹਨ। ਤੁਹਾਨੂੰ ਉਨ੍ਹਾਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਕੌਮਾਂ ਦੇ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਇਹ ਥਾਵਾਂ ਉੱਚੇ ਪਹਾੜਾਂ ਉੱਤੇ, ਪਹਾੜੀਆਂ ਉੱਤੇ ਅਤੇ ਹਰੇ ਰੁੱਖਾਂ ਹੇਠਾਂ ਹਨ। 3 ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਅਤੇ ਯਾਦਗਾਰੀ ਪੱਥਰਾਂ ਨੂੰ ਟੁਕੜੇ-ਟੁਕੜੇ ਕਰ ਦੇਣੇ ਚਾਹੀਦੇ ਹਨ। ਤੁਹਾਨੂੰ ਉਨ੍ਹਾਂ ਦੇ ਅਸ਼ੇਰਾਹ ਦੇ ਥੰਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਭੰਨ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਥਾਵਾਂ ਤੋਂ ਉਨ੍ਹਾਂ ਦੇ ਦੇਵਤਿਆਂ ਦੇ ਨਾਮ ਮਿਟਾ ਦੇਣੇ ਚਾਹੀਦੇ ਹਨ।
4 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਉਪਾਸਨਾ ਉਸੇ ਤਰ੍ਹਾਂ ਨਹੀਂ ਕਰਨੀ ਚਾਹੀਦੀ ਜਿਵੇਂ ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। 5 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ। 6 ਉੱਥੇ ਤੁਹਾਨੂੰ ਆਪਣੇ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਆਪਣੇ ਪਸ਼ੂਆਂ ਦਾ ਦਸਵੰਧ, ਆਪਣੀਆਂ ਖਾਸ ਸੁਗਾਤਾਂ, ਯਹੋਵਾਹ ਲਈ ਇਕਰਾਰ ਕੀਤੀ ਹੋਈ ਕੋਈ ਸੁਗਾਤ, ਕੋਈ ਵੀ ਖਾਸ ਸੁਗਾਤ ਜਿਹੜੀ ਤੁਸੀਂ ਦੇਣੀ ਚਾਹੋਂ, ਅਤੇ ਤੁਹਾਡੇ ਵੱਗਾਂ ਅਤੇ ਇੱਜੜਾਂ ਦੇ ਪਹਿਲੋਠੇ ਪਸ਼ੂ ਚੜ੍ਹਾਉਣੇ ਚਾਹੀਦੇ ਹਨ। 7 ਤੁਸੀਂ ਅਤੇ ਤੁਹਾਡੇ ਪਰਿਵਾਰ ਉਸ ਥਾਂ ਸਾਂਝਾ ਭੋਜਨ ਕਰੋਂਗੇ, ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਉੱਥੇ ਤੁਹਾਡੇ ਨਾਲ ਹੋਵੇਗਾ। ਉਸ ਥਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸਾਂਝਿਆਂ ਕਰਨ ਦਾ ਆਨੰਦ ਮਾਣੋਗੇ ਜਿਨ੍ਹਾਂ ਲਈ ਤੁਸੀਂ ਕੰਮ ਕੀਤਾ ਸੀ। ਤੁਸੀਂ ਯਾਦ ਕਰੋਂਗੇ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਇਹ ਚੰਗੀਆਂ ਚੀਜ਼ਾਂ ਦਿੱਤੀਆਂ ਸਨ।
8 “ਤੁਹਾਨੂੰ ਉਸੇ ਤਰ੍ਹਾਂ ਉਪਾਸਨਾ ਨਹੀਂ ਕਰਦੇ ਰਹਿਣਾ ਚਾਹੀਦਾ ਜਿਵੇਂ ਅਸੀਂ ਕਰਦੇ ਆਏ ਹਾਂ। ਹੁਣ ਤੱਕ, ਸਾਡੇ ਵਿੱਚੋਂ ਹਰੇਕ ਆਪਣੀ ਮਨ ਮਰਜ਼ੀ ਅਨੁਸਾਰ ਉਪਾਸਨਾ ਕਰਦਾ ਆਇਆ ਹੈ। 9 ਕਿਉਂਕਿ ਹਾਲੇ ਤੱਕ ਅਸੀਂ ਉਸ ਸ਼ਾਂਤਮਈ ਧਰਤੀ ਵਿੱਚ ਦਾਖਲ ਨਹੀਂ ਹੋਏ ਹਾਂ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। 10 ਪਰ ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਵਿੱਚ ਰਹੋਂਗੇ। ਯਹੋਵਾਹ ਤੁਹਾਨੂੰ ਉਹ ਧਰਤੀ ਦੇ ਰਿਹਾ ਹੈ। ਅਤੇ ਯਹੋਵਾਹ ਤੁਹਾਡੇ ਦੁਸ਼ਮਣਾ ਤੋਂ ਆਰਾਮ ਦੇਵੇਗਾ। ਤੁਸੀਂ ਸੁਰੱਖਿਅਤ ਹੋਵੋਂਗੇ। 11 ਫ਼ੇਰ ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਕਰੇਗਾ। ਉਹ ਉੱਥੇ ਆਪਣਾ ਨਾਮ ਰੱਖੇਗਾ ਅਤੇ ਤੁਹਾਨੂੰ ਉਹ ਸਾਰੀਆਂ ਵਸਤਾਂ, ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਲਿਆਉਣੀਆਂ ਚਾਹੀਦੀਆਂ ਹਨ। ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਜਾਨਵਰਾਂ ਦਾ ਦਸਵੰਧ [a], ਆਪਣੀਆਂ ਖਾਸ ਸੁਗਾਤਾਂ ਅਤੇ ਕੋਈ ਵੀ ਸੁਗਾਤ ਜਿਸਦਾ ਤੁਸੀਂ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ, ਲਿਆਉ। 12 ਉਸ ਥਾਂ ਆਪਣੇ ਸਮੂਹ ਲੋਕਾਂ ਨਾਲ ਆਉਣਾ-ਆਪਣੇ ਬੱਚਿਆਂ, ਆਪਣੇ ਸਾਰੇ ਨੌਕਰਾਂ ਅਤੇ ਆਪਣੇ ਕਸਬੇ ਵਿੱਚ ਰਹਿੰਦੇ ਲੇਵੀਆਂ ਨਾਲ। (ਇਨ੍ਹਾਂ ਲੇਵੀਆਂ ਕੋਲ ਧਰਤੀ ਦਾ ਆਪਣਾ ਕੋਈ ਹਿੱਸਾ ਨਹੀਂ ਹੋਵੇਗਾ।) ਇੱਥੇ ਇਕੱਠੇ ਹੋਕੇ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਆਨੰਦ ਮਾਨਣਾ। 13 ਧਿਆਨ ਰੱਖਿਉ ਕਿ ਤੁਸੀਂ ਕਿਸੇ ਵੀ ਨਜ਼ਰ ਆਉਂਦੇ ਸਥਾਨ ਉੱਤੇ ਆਪਣੇ ਹੋਮ ਦੀਆਂ ਭੇਟਾਂ ਨਹੀਂ ਦੇਣੀਆਂ। 14 ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਤੁਹਾਡੇ ਪਰਿਵਾਰ-ਸਮੂਹਾਂ ਵਿੱਚਕਾਰ ਕਰੇਗਾ। ਆਪਣੀਆਂ ਹੋਮ ਦੀਆਂ ਭੇਟਾਂ ਉੱਥੇ ਦੇਣੀਆਂ ਅਤੇ ਦੂਸਰੀਆਂ ਸਾਰੀਆਂ ਗੱਲਾਂ ਵੀ ਉਸੇ ਸਥਾਨ ਉੱਤੇ ਕਰਨੀਆਂ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ।
15 “ਜਿੱਥੇ ਕਿਤੇ ਵੀ ਤੁਸੀਂ ਰਹੋ, ਤੁਸੀਂ ਆਪਣੇ ਜਾਨਵਰਾਂ ਵਿੱਚੋਂ ਕਿਸੇ ਨੂੰ ਵੀ ਮਾਰਕੇ ਖਾ ਸੱਕਦੇ ਹੋ, ਜਿਵੇਂ ਕਿ ਇਹ ਹਿਰਨ ਜਾਂ ਗਜ਼ੇਲ ਹੋਵੇ। ਤੁਸੀਂ ਜਿੰਨਾ ਚਾਹੋ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਦਿੱਤੀ ਹੋਈ ਅਸੀਸ ਅਨੁਸਾਰ ਉਹ ਮਾਸ ਖਾ ਸੱਕਦੇ ਹੋ, ਸਾਰੇ ਲੋਕ ਜਿਹੜੇ ਪਵਿੱਤਰ ਹਨ ਅਤੇ ਜਿਹੜੀ ਪਲੀਤ ਹਨ ਉਸ ਮਾਸ ਨੂੰ ਖਾ ਸੱਕਦੇ ਹਨ। 16 ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਰੋਢ਼ ਦੇਣਾ ਚਾਹੀਦਾ ਹੈ।
17 “ਕੁਝ ਹੋਰ ਵੀ ਚੀਜ਼ਾਂ ਹਨ ਜਿਹੜੀਆਂ ਤੁਹਾਨੂੰ ਉਨ੍ਹਾਂ ਥਾਵਾਂ ਉੱਤੇ ਨਹੀਂ ਖਾਣੀਆਂ ਚਾਹੀਦੀਆਂ। ਇਹ ਚੀਜ਼ਾਂ ਹਨ: ਤੁਹਾਡੀ ਫ਼ਸਲ ਦਾ ਹਿੱਸਾ, ਨਵੀਂ ਮੈਅ ਅਤੇ ਤੇਲ, ਤੁਹਾਡੇ ਵੱਗ ਜਾਂ ਇੱਜੜ ਦਾ ਪਹਿਲੋਠਾ ਜੋ ਪਰਮੇਸ਼ੁਰ ਦਾ ਹੈ, ਜੋ ਵੀ ਤੁਸੀਂ ਪਰਮੇਸ਼ੁਰ ਨੂੰ ਦੇਣ ਦੀ ਕਸਮ ਖਾਧੀ ਹੋਵੇ ਤੁਹਾਡੀਆਂ ਪਰਮੇਸ਼ੁਰ ਨੂੰ ਮਨ ਮਰਜ਼ੀ ਦੀਆਂ ਸੁਗਾਤਾਂ ਜਾਂ ਹੋਰ ਕੋਈ ਵੀ ਪਰਮੇਸ਼ੁਰ ਨੂੰ ਖਾਸ ਸੁਗਾਤ। 18 ਤੁਹਾਨੂੰ ਉਹ ਭੇਟਾ ਸਿਰਫ਼ ਯਹੋਵਾਹ ਦੀ ਹਾਜ਼ਰੀ ਵਿੱਚ ਹੀ ਖਾਣੀਆਂ ਚਾਹੀਦੀਆਂ ਹਨ, ਯਹੋਵਾਹ, ਤੁਹਾਡੇ ਪਰਮੇਸ਼ੁਰ, ਦੁਆਰਾ ਚੁਣੇ ਹੋਏ ਸਥਾਨ ਵਿੱਚ। ਤੁਹਾਨੂੰ ਉੱਥੇ ਜਾਕੇ ਆਪਣੇ ਪੁੱਤਰਾਂ, ਧੀਆਂ, ਤੁਹਾਡੇ ਸਾਰੇ ਨੌਕਰਾਂ ਅਤੇ ਆਪਣੇ ਸ਼ਹਿਰ ਦੇ ਲੇਵੀਆਂ ਸਮੇਤ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਮਿਲਕੇ ਆਨੰਦ ਮਾਣੋ। ਤੁਸੀਂ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੋ ਜਿਨ੍ਹਾਂ ਵਾਸਤੇ ਤੁਸੀਂ ਘਾਲਣਾ ਕੀਤੀ ਹੈ। 19 ਪਰ ਧਿਆਨ ਰੱਖਣਾ ਕਿ ਤੁਸੀਂ ਇਹ ਭੋਜਨ ਹਮੇਸ਼ਾ ਲੇਵੀਆਂ ਨਾਲ ਸਾਂਝਾ ਕਰਨਾ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹੋ ਇਹ ਗੱਲ ਜ਼ਰੂਰ ਕਰੋ।
20-21 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਦੇਸ਼ ਨੂੰ ਵੱਡੇਰਾ ਕਰਨ ਦਾ ਇਕਰਾਰ ਕੀਤਾ ਸੀ। ਜਦੋਂ ਯਹੋਵਾਹ ਅਜਿਹਾ ਕਰੇਗਾ, ਹੋ ਸੱਕਦਾ ਹੈ ਕਿ ਤੁਸੀਂ ਉਸ ਦੇ ਖਾਸ ਸਥਾਨ ਤੋਂ ਬਹੁਤ ਦੂਰ ਰਹਿੰਦੇ ਹੋਵੋ। ਜੇ ਉਹ ਥਾਂ ਬਹੁਤ ਦੂਰ ਹੋਵੇ, ਅਤੇ ਤੁਹਾਨੂੰ ਮਾਸ ਦੀ ਭੁੱਖ ਹੋਵੇ ਫ਼ੇਰ ਤੁਸੀਂ ਕੋਈ ਵੀ ਮਾਸ ਖਾ ਸੱਕਦੇ ਹੋ ਜਿਹੜਾ ਤੁਹਾਡੇ ਕੋਲ ਹੋਵੇ। ਤੁਸੀਂ ਯਹੋਵਾਹ ਦੇ ਦਿੱਤੇ ਹੋਏ ਇੱਜੜ ਵਿੱਚੋਂ ਕਿਸੇ ਵੀ ਜਾਨਵਰ ਨੂੰ ਮਾਰ ਸੱਕਦੇ ਹੋ। ਅਜਿਹਾ ਉਸੇ ਤਰ੍ਹਾਂ ਕਰਨਾ ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਹੈ। ਜਿੱਥੇ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਜਿਸ ਵੇਲੇ ਚਾਹੋਂ ਇਹ ਮਾਸ ਖਾ ਸੱਕਦੇ ਹੋ। 22 ਇਸ ਮਾਸ ਨੂੰ ਤੁਸੀਂ ਉਸੇ ਤਰ੍ਹਾਂ ਖਾ ਸੱਕਦੇ ਹੋ ਜਿਵੇਂ ਤੁਸੀਂ ਹਿਰਨ ਜਾਂ ਗਜ਼ੇਲ ਦੇ ਮਾਸ ਨੂੰ ਖਾਂਦੇ ਹੋ। ਸਾਰੇ ਲੋਕ ਜਿਹੜੇ ਪਾਕ ਜਾਂ ਨਾਪਾਕ ਹਨ ਇਸ ਮਾਸ ਨੂੰ ਖਾ ਸੱਕਦੇ ਹਨ। 23 ਪਰ ਧਿਆਨ ਰੱਖਣਾ ਕਿ ਖੂਨ ਨਹੀਂ ਖਾਣਾ। ਕਿਉਂ? ਕਿਉਂਕਿ ਜੀਵਨ ਖੂਨ ਵਿੱਚ ਹੁੰਦਾ ਹੈ। ਅਤੇ ਤੁਹਾਨੂੰ ਓਨਾ ਚਿਰ ਮਾਸ ਨੂੰ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਇਸ ਵਿੱਚ ਜੀਵਨ ਹੈ। 24 ਖੂਨ ਨਾ ਖਾਉ। ਤੁਹਾਨੂੰ ਚਾਹੀਦਾ ਹੈ ਕਿ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਉ। 25 ਇਸ ਲਈ, ਖੂਨ ਨਾ ਖਾਣਾ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸ ਨੂੰ ਯਹੋਵਾਹ ਠੀਕ ਆਖਦਾ ਹੈ। ਫ਼ੇਰ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
26 “ਜੇ ਤੁਸੀਂ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਅਰਪਨ ਕਰਨ ਦਾ ਨਿਆਂ ਕਰੋ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸਦੀ ਚੋਣ, ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਅਤੇ ਜੇ ਤੁਸੀਂ ਖਾਸ ਸੁਖਣਾ ਸੁਖੇਂ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਕੇ ਪਰਮੇਸ਼ੁਰ ਨੂੰ ਉਹ ਸੁਗਾਤ ਅਰਪਨ ਕਰਨੀ ਚਾਹੀਦੀ ਹੈ। 27 ਤੁਹਾਨੂੰ ਆਪਣੀਆਂ ਹੋਮ ਦੀਆਂ ਭੇਟਾ ਉਸੇ ਸਥਾਨ ਉੱਤੇ ਅਰਪਨ ਕਰਨੀਆਂ ਚਾਹੀਦੀਆਂ ਹਨ। ਮਾਸ ਅਤੇ ਖੂਨ ਦੀਆਂ ਆਪਣੀਆਂ ਹੋਮ ਦੀਆਂ ਭੇਟਾ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉੱਤੇ ਜਾਕੇ ਚੜ੍ਹਾਉ। ਆਪਣੀਆਂ ਹੋਰਨਾਂ ਬਲੀਆਂ ਲਈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਖੂਨ ਜ਼ਰੂਰ ਛਿੜਕਨਾ ਚਾਹੀਦਾ ਹੈ। ਫ਼ੇਰ ਤੁਸੀਂ ਮਾਸ ਖਾ ਸੱਕਦੇ ਹੋ। 28 ਜਿਹੜੇ ਵੀ ਆਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਨ੍ਹਾਂ ਸਾਰਿਆਂ ਦੀ ਪਾਲਣਾ ਦਾ ਧਿਆਨ ਰੱਖਣਾ। ਜਦੋਂ ਤੁਸੀਂ ਨੇਕ ਅਤੇ ਸਹੀ ਗੱਲਾਂ ਕਰੋਂਗੇ-ਉਹ ਗੱਲਾਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ-ਤਾਂ ਤੁਹਾਡਾ ਅਤੇ ਤੁਹਾਡੇ ਉੱਤਰਾਧਿਕਾਰੀਆਂ ਦਾ ਹਮੇਸ਼ਾ ਭਲਾ ਹੋਵੇਗਾ।
29 “ਤੁਸੀਂ ਹੋਰਨਾਂ ਲੋਕਾਂ ਕੋਲੋਂ ਧਰਤੀ ਲੈਣ ਲਈ ਜਾ ਰਹੇ ਹੋ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੁਹਾਡੇ ਵਾਸਤੇ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਲੋਕਾਂ ਨੂੰ ਉਸ ਧਰਤੀ ਵਿੱਚੋਂ ਬਾਹਰ ਧੱਕ ਦਿਉਂਗੇ ਅਤੇ ਤੁਸੀਂ ਉੱਥੇ ਰਹੋਂਗੇ। 30 ਜਦੋਂ ਅਜਿਹਾ ਵਾਪਰੇ, ਧਿਆਨ ਰੱਖਣਾ! ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ। ਇਸ ਲਈ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਦੇ ਸ਼ਿਕਂਜੇ ਵਿੱਚ ਨਾ ਫ਼ਸਣਾ। ਧਿਆਨ ਰੱਖਣਾ! ਉਨ੍ਹਾਂ ਦੇਵਤਿਆਂ ਕੋਲ ਸਹਾਇਤਾ ਲਈ ਨਾ ਜਾਣਾ। ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ, ‘ਉਹ ਲੋਕ ਇਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਇਸ ਲਈ ਮੈਂ ਵੀ ਉਵੇਂ ਹੀ ਕਰਾਂਗਾ।’ 31 ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਅਜਿਹਾ ਨਹੀਂ ਕਰਨਾ। ਪਰਮੇਸ਼ੁਰ ਦੀ ਓਸੇ ਢੰਗ ਨਾਲ ਉਪਾਸਨਾ ਨਹੀਂ ਕਰਨੀ! ਕਿਉਂਕਿ ਉਹ ਲੋਕ ਬਹੁਤ ਸਾਰੀਆਂ ਅਜਿਹੀਆਂ ਮੰਦੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਉਹ ਤਾਂ ਆਪਣੇ ਬੱਚਿਆਂ ਨੂੰ ਵੀ ਸਾੜਕੇ ਆਪਣੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੰਦੇ ਹਨ।
32 “ਤੁਹਾਨੂੰ ਹਰ ਉਹ ਗੱਲ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਨ੍ਹਾਂ ਵਿੱਚ ਕੋਈ ਵਾਧਾ ਜਾਂ ਘਾਟਾ ਨਹੀਂ ਕਰਨਾ।
ਝੂਠੇ ਨਬੀ
13 “ਹੋ ਸੱਕਦਾ ਹੈ ਕਿ ਕੋਈ ਅਜਿਹਾ ਨਬੀ ਜਾਂ ਬੰਦਾ ਤੁਹਾਡੇ ਕੋਲ ਆਵੇ ਜਿਹੜਾ ਤੁਹਾਡੇ ਸੁਪਨਿਆਂ ਦੀ ਵਿਆਖਿਆ ਕਰੇ। ਹੋ ਸੱਕਦਾ ਹੈ ਕਿ ਉਹ ਤੁਹਾਨੂੰ ਇਹ ਆਖੇ ਕਿ ਉਹ ਤੁਹਾਨੂੰ ਕੋਈ ਸੰਕੇਤ ਜਾਂ ਚਮਤਕਾਰ ਦਿਖਾਵੇਗਾ। 2 ਅਤੇ ਉਹ ਸੰਕੇਤ ਜਾਂ ਚਮਤਕਾਰ, ਜਿਸ ਬਾਰੇ ਉਸ ਨੇ ਤੁਹਾਨੂੰ ਦੱਸਿਆ, ਉਹ ਸਹੀ ਵੀ ਨਿਕਲ ਸੱਕਦਾ ਹੈ। ਫ਼ੇਰ ਉਹ ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗਣ ਲਈ ਵੀ ਆਖ ਸੱਕਦਾ ਹੈ (ਉਹ ਦੇਵਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਉਹ ਤੁਹਾਨੂੰ ਇਹ ਆਖ ਸੱਕਦਾ ਹੈ, ‘ਆਓ ਇਨ੍ਹਾਂ ਦੇਵਤਿਆਂ ਦੀ ਸੇਵਾ ਕਰੀਏ!’ 3 ਉਸ ਬੰਦੇ ਦੀ ਗੱਲ ਨਹੀਂ ਸੁਨਣੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡਾ ਇਮਤਿਹਾਨ ਲੈ ਰਿਹਾ ਹੈ। ਯਹੋਵਾਹ ਇਹ ਜਾਨਣਾ ਚਾਹੁੰਦਾ ਹੈ ਕਿ ਕੀ ਤੁਸੀਂ ਉਸ ਨੂੰ ਤਨੋ-ਮਨੋ ਪਿਆਰ ਕਰਦੇ ਹੋ ਜਾਂ ਨਹੀਂ। 4 ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਪਿੱਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ। ਯਹੋਵਾਹ ਦੇ ਹੁਕਮਾਂ ਨੂੰ ਮੰਨੋ, ਅਤੇ ਉਹ ਸਭ ਕਰੋ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਹੈ। ਯਹੋਵਾਹ ਦੀ ਸੇਵਾ ਕਰੋ, ਅਤੇ ਉਸ ਨਾਲ ਜੁੜੇ ਰਹੋ! 5 ਇਹ ਵੀ ਕਿ, ਤੁਹਾਨੂੰ ਉਸ ਨਬੀ ਜਾਂ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਹੜਾ ਸੁਪਨਿਆਂ ਦੀ ਵਿਆਖਿਆ ਕਰਦਾ ਹੈ। ਕਿਉਂਕਿ ਉਸ ਨੇ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਤੋਂ ਬੇਮੁਖ ਹੋਣ ਲਈ ਆਖਿਆ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ, ਜਿੱਥੇ ਤੁਸੀਂ ਗੁਲਾਮ ਸੀ। ਉਸ ਬੰਦੇ ਨੇ ਤੁਹਾਨੂੰ ਉਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਸ ਲਈ ਤੁਹਾਨੂੰ ਉਸ ਬੰਦੇ ਨੂੰ ਮਾਰਕੇ ਆਪਣੇ ਲੋਕਾਂ ਵਿੱਚੋਂ ਉਸ ਬਦੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
6 “ਤੁਹਾਡਾ ਕੋਈ ਨਜ਼ਦੀਕੀ ਤੁਹਾਨੂੰ ਖੁਫ਼ੀਆਂ ਤੌਰ ਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲਈ ਆਖ ਸੱਕਦਾ ਹੈ। ਇਹ ਤੁਹਾਡਾ ਆਪਣਾ ਪੁੱਤਰ, ਭਰਾ, ਧੀ, ਪਤਨੀ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਾਂ ਤੁਹਾਡਾ ਕੋਈ ਚੰਗਾ ਦੋਸਤ ਵੀ ਹੋ ਸੱਕਦਾ ਹੈ। ਉਹ ਬੰਦਾ ਆਖ ਸੱਕਦਾ ਹੈ, ‘ਆ, ਆਪਾਂ ਹੋਰਨਾਂ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹੀ ਹਨ, ਜਿਨ੍ਹਾਂ ਬਾਰੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਵੀ ਨਹੀਂ ਪਤਾ ਸੀ।) 7 ਇਹ ਉਨ੍ਹਾਂ ਲੋਕਾਂ ਦੇ ਦੇਵਤੇ ਨੇ ਜਿਹੜੇ ਤੁਹਾਡੇ ਆਲੇ-ਦੁਆਲੇ ਦੀਆਂ ਹੋਰਨਾਂ ਧਰਤੀਆਂ ਵਿੱਚ ਰਹਿੰਦੇ ਹਨ, ਕੁਝ ਨੇੜੇ, ਕੁਝ ਦੂਰ।) 8 ਤੁਹਾਨੂੰ ਉਸ ਵਿਅਕਤੀ ਨਾਲ ਕਦੇ ਵੀ ਸਹਿਮਤ ਨਹੀਂ ਹੋਣਾ ਚਾਹੀਦਾ। ਉਸਦੀ ਗੱਲ ਨਾ ਸੁਣੋ। ਉਸ ਲਈ ਅਫ਼ਸੋਸ ਨਾ ਕਰੋ। ਉਸ ਨੂੰ ਆਜ਼ਾਦ ਨਾ ਛੱਡੋ। ਅਤੇ ਉਸਦੀ ਰੱਖਿਆ ਨਾ ਕਰੋ। 9-10 ਨਹੀਂ! ਤੁਹਾਨੂੰ ਉਸ ਵਿਅਕਤੀ ਨੂੰ ਅਵੱਸ਼ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਪੱਥਰ ਚੁੱਕ ਕੇ ਉਸ ਨੂੰ ਮਾਰਨ ਵਿੱਚ ਪਹਿਲ ਕਰਨੀ ਚਾਹੀਦੀ ਹੈ। ਫ਼ੇਰ ਹੋਰ ਸਾਰੇ ਬੰਦਿਆਂ ਨੂੰ ਵੀ ਉਸ ਨੂੰ ਮਾਰਨ ਲਈ ਪੱਥਰ ਸੁੱਟਣੇ ਚਾਹੀਦੇ ਹਨ। ਕਿਉਂਕਿ ਉਸ ਬੰਦੇ ਨੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਤੋਂ ਬੇਮੁਖ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਇਆ ਸੀ ਜਿੱਥੇ ਤੁਸੀਂ ਗੁਲਾਮ ਸੀ। 11 ਫ਼ੇਰ ਇਸਰਾਏਲ ਦੇ ਸਮੂਹ ਲੋਕ ਸੁਨਣਗੇ ਅਤੇ ਭੈਭੀਤ ਹੋ ਜਾਣਗੇ। ਅਤੇ ਫ਼ੇਰ ਉਹ ਅਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।
12 “ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਰਹਿਣ ਲਈ ਸ਼ਹਿਰ ਦਿੱਤੇ ਹਨ। ਹੋ ਸੱਕਦਾ ਹੈ ਕਿ ਕਦੇ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਬਾਰੇ ਕੋਈ ਮਾੜੀ ਖਬਰ ਸੁਣੋ। 13 ਹੋ ਸੱਕਦਾ ਹੈ ਤੁਸੀਂ ਇਹ ਸੁਣੋ ਕਿ, ਤੁਹਾਡੀ ਆਪਣੀ ਕੌਮ ਦੇ ਕੁਝ ਮੰਦੇ ਲੋਕ ਆਪਣੇ ਸ਼ਹਿਰ ਦੇ ਲੋਕਾਂ ਨੂੰ ਮੰਦੀਆਂ ਗੱਲਾਂ ਲਈ ਉਕਸਾ ਰਹੇ ਹੋਣ। ਹੋ ਸੱਕਦਾ ਹੈ ਕਿ ਉਹ ਆਪਣੇ ਸ਼ਹਿਰ ਦੇ ਲੋਕਾਂ ਨੂੰ ਇਹ ਆਖਣ, ‘ਆਉ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹ ਦੇਵਤੇ ਹੋਣਗੇ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।) 14 ਜੇ ਤੁਸੀਂ ਇਹੋ ਜਿਹੀ ਖਬਰ ਸੁਣੋ, ਤਾਂ ਤੁਹਾਨੂੰ ਇਹ ਜਾਨਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੀ ਇਹ ਸੱਚ ਹੈ। ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਸੱਚ ਹੈ-ਜੇ ਤੁਸੀਂ ਸਾਬਤ ਕਰ ਸੱਕੋ ਕਿ ਇਹੋ ਜਿਹੀ ਭਿਆਨਕ ਗੱਲ ਸੱਚਮੁੱਚ ਵਾਪਰੀ ਹੈ। 15 ਤਾਂ ਤੁਹਾਨੂੰ ਉਸ ਸ਼ਹਿਰ ਦੇ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਨ੍ਹਾਂ ਸਾਰਿਆਂ ਨੂੰ ਮਾਰ ਦੇਣਾ ਚਾਹੀਦਾ ਹੈ। ਅਤੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਵੀ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। 16 ਫ਼ੇਰ ਤੁਹਾਨੂੰ ਸਾਰੀਆਂ ਕੀਮਤੀ ਚੀਜ਼ਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਕੇਂਦਰ ਵਿੱਚ ਲੈ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਨੂੰ ਇਸਦੀ ਹਰ ਚੀਜ਼ ਸਮੇਤ ਸਾੜ ਦੇਣਾ ਚਾਹੀਦਾ ਹੈ। ਇਹ ਯਹੋਵਾਹ, ਤੁਹਾਡੇ ਪਰਮੇਸ਼ੁਰ, ਲਈ ਹੋਮ ਦੀ ਭੇਟ ਹੋਵੇਗਾ। ਇਹ ਸ਼ਹਿਰ ਹਮੇਸ਼ਾ ਲਈ ਖੰਡਰ ਬਣ ਜਾਣਾ ਚਾਹੀਦਾ ਹੈ। ਉਸ ਸ਼ਹਿਰ ਦੀ ਫ਼ੇਰ ਕਦੇ ਵੀ ਉਸਾਰੀ ਨਹੀਂ ਕਰਨੀ ਚਾਹੀਦੀ। 17 ਉਸ ਸ਼ਹਿਰ ਦੀ ਹਰ ਚੀਜ਼ ਤਬਾਹ ਕੀਤੀ ਜਾਣ ਲਈ ਪਰਮੇਸ਼ੁਰ ਦੇ ਅਰਪਨ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਕੋਈ ਵੀ ਚੀਜ਼ ਆਪਣੇ ਲਈ ਨਹੀਂ ਰੱਖਣੀ ਚਾਹੀਦੀ। ਜੇ ਤੁਸੀਂ ਇਸ ਆਦੇਸ਼ ਦੀ ਪਾਲਣਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਉੱਤੇ ਕਰੋਧਵਾਨ ਹੋਣ ਤੋਂ ਹਟ ਜਾਵੇਗਾ। ਯਹੋਵਾਹ ਤੁਹਾਡੇ ਉੱਤੇ ਮਿਹਰਬਾਨ ਹੋਵੇਗਾ। ਉਹ ਤੁਹਾਡੇ ਲਈ ਅਫ਼ਸੋਸ ਕਰੇਗਾ। ਉਹ ਤੁਹਾਡੀ ਕੌਮ ਨੂੰ ਵੱਧਣ ਫ਼ੁਲਣ ਦੇਵੇਗਾ, ਜਿਵੇਂ ਕਿ ਉਸ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 18 ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਗੱਲ ਸੁਣੋਗੇ ਤਾਂ ਅਜਿਹਾ ਹੀ ਵਾਪਰੇਗਾ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ਾ ਨੂੰ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ। ਤੁਹਾਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ ਸਹੀ ਆਖਦਾ ਹੈ।
2010 by World Bible Translation Center