Chronological
ਸੁਲੇਮਾਨ, ਮੰਦਰ ਨੂੰ ਉਸਾਰਦਾ
5 ਸੂਰ ਦਾ ਰਾਜਾ ਹੀਰਾਮ ਸੀ, ਅਤੇ ਹਮੇਸ਼ਾ ਦਾਊਦ ਦਾ ਮਿੱਤਰ ਰਿਹਾ। ਜਦੋਂ ਉਸ ਨੇ ਸੁਣਿਆ ਕਿ ਦਾਊਦ ਤੋਂ ਬਾਅਦ ਉਸਦਾ ਪੁੱਤਰ ਸੁਲੇਮਾਨ ਪਾਤਸ਼ਾਹ ਬਣ ਗਿਆ ਹੈ ਤਾਂ ਉਸ ਨੇ ਅਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਭੇਜਿਆ। 2 ਤਾਂ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਰਾਜੇ ਨੂੰ ਇਉਂ ਆਖਿਆ:
3 “ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸੱਕਿਆ, ਕਿਉਂ ਜੋ ਉਹ ਆਪਣੇ ਆਲੇ-ਦੁਆਲੇ ਲੜਾਈਆਂ ’ਚ ਘਿਰਿਆ ਰਿਹਾ। ਉਹ ਉਨੀਂ ਦੇਰ ਲੜਾਈਆਂ ਲੜਦਾ ਰਿਹਾ ਜਦ ਤੀਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਸ ਦੇ ਪੈਰਾਂ ਹੇਠ ਨਾ ਕੀਤਾ। 4 ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓ ਆਰਾਮ ਦਿੱਤਾ ਹੈ ਕਿਉਂ ਜੋ ਹੁਣ ਨਾ ਕੋਈ ਮੇਰਾ ਵਿਰੋਧੀ ਹੈ ਅਤੇ ਨਾ ਹੀ ਹੁਣ ਕੋਈ ਖਤਰਾ ਹੈ।
5 “ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਕਰਾਰ ਕਰਕੇ ਆਖਿਆ ਸੀ, ‘ਮੈਂ ਤੇਰੇ ਉਪਰੰਤ ਤੇਰੇ ਪੁੱਤਰ ਨੂੰ ਪਾਤਸ਼ਾਹ ਠਹਿਰਾਵਾਂਗਾ ਅਤੇ ਉਹ ਮੈਨੂੰ ਸਤਿਕਾਰਨ ਲਈ ਇੱਕ ਮੰਦਰ ਦਾ ਨਿਰਮਾਣ ਕਰੇਗਾ।’ ਹੁਣ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਸਤਿਕਾਰ ਕਰਨ ਲਈ ਉਸ ਮੰਦਰ ਦਾ ਨਿਰਮਾਣ ਕਰਨ ਦੀ ਵਿਉਂਤ ਬਣਾਈ ਹੈ। 6 ਇਸ ਲਈ ਮੈਂ ਤੇਰੀ ਮਦਦ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪਣੇ ਸੇਵਕਾਂ ਨੂੰ ਲਬਾਨੋਨ ਭੇਜ ਓੱਥੇ ਉਹ ਮੇਰੇ ਲਈ ਦਿਆਰ ਦੇ ਰੁੱਖ ਵੱਢਣ। ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਕੰਮ ਕਰਨਗੇ। ਜੋ ਮਜਦੂਰੀ ਤੂੰ ਆਪਣੇ ਸੇਵਕਾਂ ਲਈ ਠਹਿਰਾਵੇਂਗਾ ਮੈਂ ਅਦਾ ਕਰਾਂਗਾ। ਮੇਰੇ ਤਰਖਾਣ ਸਿਦੋਨ ਦੇ ਤਰਖਾਣਾਂ ਜਿੰਨੇ ਕੁਸ਼ਲ ਨਹੀਂ ਹਨ।”
7 ਜਦੋਂ ਹੀਰਾਮ ਨੇ ਸੁਲੇਮਾਨ ਦਾ ਆਖਿਆ ਸੁਣਿਆ, ਤਾਂ ਉਹ ਬੜਾ ਖੁਸ਼ ਸੀ। ਅਤੇ ਕਿਹਾ, “ਅੱਜ, ਮੈਂ ਯਹੋਵਾਹ ਦਾ, ਦਾਊਦ ਨੂੰ ਇਸ ਮਹਾਨ ਕੌਮ ਉੱਤੇ ਸ਼ਾਸਨ ਕਰਨ ਲਈ ਅਜਿਹਾ ਸਿਆਣਾ ਪੁੱਤਰ ਦੇਣ ਲਈ ਧੰਨਵਾਦ ਕਰਦਾ ਹਾਂ।” 8 ਤਦ ਹੀਰਾਮ ਨੇ ਸੁਲੇਮਾਨ ਨੂੰ ਇੱਕ ਸੁਨੇਹਾ ਭੇਜਿਆ ਅਤੇ ਆਖਿਆ,
“ਜੋ ਤੂੰ ਮੈਥੋਂ ਮੰਗਿਆ ਮੈਂ ਸੁਣ ਲਿਆ ਹੈ। ਮੈਂ ਤੈਨੂੰ ਲੋੜੀਂਦੇ ਦਿਆਰ ਅਤੇ ਚੀਲ ਦੀਆਂ ਸ਼ਤੀਰਾਂ ਦੇਵਾਂਗਾ। 9 ਮੇਰੇ ਨੌਕਰ ਲਬਾਨੋਨ ਤੋਂ ਸਮੁੰਦਰ ਤੀਕ ਲੱਕੜ ਲਿਆਉਣਗੇ। ਫ਼ਿਰ ਮੈਂ ਉਨ੍ਹਾਂ ਨੂੰ ਇਕੱਠੀਆਂ ਬੰਨ੍ਹਵਾ ਕੇ ਜਿਸ ਥਾਂ ਤੇ ਤੂੰ ਚਾਹੇਂ ਉੱਥੇ ਪਹੁੰਚਦਾ ਕਰ ਦੇਵਾਂਗਾ। ਉਥੇ ਮੈਂ ਉਨ੍ਹਾਂ ਨੂੰ ਤੋੜ ਦਿਵਾਂਗਾ ਤਾਂ ਜੋ ਤੂੰ ਉਹ ਦਰੱਖਤ ਪ੍ਰਾਪਤ ਕਰ ਸੱਕੇਂ। ਬਦਲੇ ’ਚ, ਤੂੰ ਮੈਨੂੰ ਮੇਰੇ ਮਹਿਲ ਲਈ ਲੋੜੀਂਦੇ ਭੋਜਨ ਦੀ ਪੂਰਤੀ ਕਰੇਂਗਾ।”
10 ਹੀਰਾਮ ਨੇ ਸੁਲੇਮਾਨ ਨੂੰ ਦਿਆਰ ਅਤੇ ਚੀਲ ਕੇ ਰੁੱਖ ਉਸਦੀ ਜਰੂਰਤ ਅਨੁਸਾਰ ਦਿੱਤੇ।
11 ਸੁਲੇਮਾਨ ਨੇ 12,000 ਬੁਸ਼ਲ [a] ਕਣਕ ਅਤੇ 12,000 ਗੈਲਣ [b] ਸ਼ੁੱਧ ਜ਼ੈਤੂਨ ਦਾ ਤੇਲ ਹੀਰਾਮ ਨੂੰ ਉਸ ਦੇ ਪਰਿਵਾਰ ਦੇ ਵਰਤੋਂ ਲਈ ਹਰ ਸਾਲ ਭੇਜਦਾ ਹੁੰਦਾ ਸੀ।
12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ ਜਿਵੇਂ ਉਸ ਨੇ ਉਸ ਨਾਲ ਇਕਰਾਰ ਕੀਤਾ ਸੀ, ਅਤੇ ਇਉਂ ਹੀਰਾਮ ਅਤੇ ਸੁਲੇਮਾਨ ਆਪਸ ਵਿੱਚ ਸ਼ਾਂਤੀ ਵਿੱਚ ਸਨ। ਇਨ੍ਹਾਂ ਦੋਨਾਂ ਪਾਤਸ਼ਾਹਾਂ ਨੇ ਆਪਸ ਵਿੱਚਕਾਰ ਸੰਧੀ ਕੀਤੀ ਹੋਈ ਸੀ।
13 ਤਾਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਵਿੱਚੋਂ 30,000 ਮਨੁੱਖਾਂ ਨੂੰ ਆਪਣੇ ਕੰਮ ਵਿੱਚ ਮਦਦ ਲਈ ਮਜ਼ਬੂਰ ਕੀਤਾ। 14 ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਸਾਰੇ ਮਨੁੱਖਾਂ ਦੇ ਮੁਖੀਆ ਅਦੋਨੀਰਾਮ ਨੂੰ ਠਹਰਾਇਆ। ਸੁਲੇਮਾਨ ਨੇ ਇਨ੍ਹਾਂ 30,000 ਮਨੁੱਖਾਂ ਨੂੰ ਤਿੰਨਾਂ ਟੁਕੜੀਆਂ ਵਿੱਚ ਵੰਡਿਆ। ਹਰ ਧੜੇ ਵਿੱਚ 10,000 ਆਦਮੀ ਰੱਖੇ। ਹਰ ਧੜਾ ਇੱਕ ਮਹੀਨੇ ਲਈ ਲਬਾਨੋਨ ਵਿੱਚ ਕੰਮ ਕਰਦਾ ਅਤੇ ਫ਼ਿਰ ਦੋ ਮਹੀਨਿਆਂ ਲਈ ਘਰ ਨੂੰ ਜਾਂਦਾ। 15 ਸੁਲੇਮਾਨ ਨੇ 80,000 ਆਦਮੀਆਂ ਨੂੰ ਪਹਾੜੀ ਇਲਾਕੇ ਵਿੱਚ ਕੰਮ ਲਾਇਆ ਜਿਹੜੇ ਕਿ ਪਹਾੜੀ ਚੱਟਾਨਾਂ ਨੂੰ ਕੱਟਣ ਦਾ ਕੰਮ ਕਰਦੇ ਸਨ ਅਤੇ 70,000 ਉਹ ਕਾਮੇ ਸਨ ਜਿਹੜੇ ਕਿ ਉਸ ਪੱਥਰ ਨੂੰ ਢੋਁਦੇ ਸਨ। 16 3,300 ਕਰਮਚਾਰੀ ਕੰਮ ਕਰ ਰਹੇ ਲੋਕਾਂ ਦੀ ਨਿਗਰਾਨੀ ਕਰਨ ਲਈ ਰੱਖੇ ਗਏ ਸਨ। 17 ਸੁਲੇਮਾਨ ਪਾਤਸ਼ਾਹ ਨੇ ਮੰਦਰ ਦੀ ਨੀਹ ਲਈ ਉਨ੍ਹਾਂ ਨੂੰ ਵੱਡੇ ਅਤੇ ਵੱਧੀਆ ਕਿਸਮ ਦੇ ਪੱਥਰ ਕੱਟਣ ਲਈ ਕਿਹਾ ਸੀ। ਇਹ ਪੱਥਰ ਧਿਆਨ ਨਾਲ ਕੱਟੇ ਗਏ ਸਨ। 18 ਤਾਂ ਸੁਲੇਮਾਨ ਅਤੇ ਹੀਰਾਮ ਦੇ ਆਦਮੀਆਂ ਅਤੇ ਗਬਿਲੀਆਂ ਦੇ ਆਦਮੀਆਂ ਨੇ ਪੱਥਰ ਨੂੰ ਤਰਾਸ਼ਿਆ। ਅਤੇ ਉਨ੍ਹਾਂ ਨੇ ਮੰਦਰ ਦੀ ਉਸਾਰੀ ਲਈ ਪੱਥਰ ਲੱਕੜ ਦੀਆਂ ਸ਼ਤੀਰਾਂ ਅਤੇ ਤਿਆਰ ਕਰ ਲਏ।
ਸੁਲੇਮਾਨ ਦਾ ਮੰਦਰ ਉਸਾਰਣਾ
6 ਇਉਂ ਸੁਲੇਮਾਨ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਇਹ ਇਸਰਾਏਲੀਆਂ ਦੇ ਮਿਸਰ ਨੂੰ ਛੱਡਣ ਤੋਂ 480 ਵਰ੍ਹੇ ਬਾਦ ਹੋਇਆ। ਇਹ ਰਾਜੇ ਸੁਲੇਮਾਨ ਦੇ ਇਸਰਾਏਲ ਉੱਤੇ ਚੌਥੇ ਵਰ੍ਹੇ ਵਿੱਚ ਜ਼ਿਵ ਦੇ ਮਹੀਨੇ ਦੋਰਾਨ, ਵਰ੍ਹੇ ਦੇ ਦੂਸਰੇ ਮਹੀਨੇ ਦੌਰਾਨ ਵਿੱਚ ਸੀ। 2 ਇਹ ਮੰਦਰ ਸਾਢੇ 60 ਹੱਥ ਲੰਬਾ, ਸਾਢੇ 20 ਹੱਥ ਚੌੜਾ ਅਤੇ 30 ਹੱਥ ਉੱਚਾ ਸੀ। 3 ਇਸ ਮੰਦਰ ਦਾ ਦਾਲਾਨ ਸਾਢੇ 20 ਹੱਥ ਲੰਬਾ ਅਤੇ ਸਵਾ 10 ਹੱਥ ਚੌੜਾ ਸੀ। ਅਤੇ ਇਹ ਦਾਲਾਨ ਮੰਦਰ ਦੇ ਮੁੱਖ ਭਾਗ ਦੇ ਬਿਲਕੁਲ ਸਾਹਮਣੇ ਪਾਸੇ ਨਿਕਲਦਾ ਸੀ ਅਤੇ ਇਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਬਰਾਬਰ ਸੀ 4 ਇਸਦੀਆਂ ਖਿੜਕੀਆਂ ਬਾਹਰਲੇ ਪਾਸੇ ਨੂੰ ਤੰਗ ਅਤੇ ਅੰਦਰਲੇ ਪਾਸੇ ਵੱਲ ਨੂੰ ਵਡੀਆਂ ਸਨ, ਜਿਹੜੀਆਂ ਕਿ ਜਾਲੀਦਾਰ ਸਨ। 5 ਫ਼ਿਰ ਸੁਲੇਮਾਨ ਨੇ ਮੰਦਰ ਦੀ ਦੀਵਾਰ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ ਮੰਦਰ ਦੇ ਮੁੱਖ ਹਿੱਸੇ ਦੇ ਨਾਲ ਇਹ ਕੋਠੜੀਆਂ ਇੱਕ ਦੂਜੇ ਦੇ ਉੱਪਰ ਤਿੰਨ ਮੰਜ਼ਿਲਾਂ ਬਣਵਾਈਆਂ। 6 ਕਮਰੇ ਮੰਦਰ ਦੀ ਕੰਧ ਨੂੰ ਛੂੰਹਦੇ ਸਨ, ਪਰ ਕੰਧ ਵਿੱਚ ਸ਼ਤੀਰੀਆਂ ਨਹੀਂ ਪਾਈਆਂ ਗਈਆਂ ਸਨ। ਮੰਦਰ ਦੀ ਕੰਧ ਟੀਸੀ ਤੋਂ ਪਤਲੀ ਹੋ ਗਈ, ਤਾਂ ਕਮਰੇ ਦੇ ਇੱਕ ਪਾਸੇ ਦੀ ਕੰਧ ਇਸਦੀ ਹੇਠਲੀ ਕੰਧ ਤੋਂ ਪਤਲੀ ਹੋ ਗਈ। ਹੇਠਲੀ ਮੰਜ਼ਿਲ ਦੇ ਕਮਰੇ 5 ਹੱਥ ਚੌੜੇ, ਪਹਿਲੀ ਮੰਜ਼ਿਲ ਦੇ ਕਮਰੇ 6 ਹੱਥ ਚੌੜੇ ਅਤੇ ਉਤ੍ਤਲੀ ਮੰਜ਼ਿਲ ਦੇ ਕਮਰੇ ਸਾਢੇ 7 ਹੱਥ ਚੌੜੇ ਸਨ। 7 ਕਾਮਿਆਂ ਨੇ ਕੰਧਾਂ ਬਨਾਉਣ ਲਈ ਵੱਡੇ ਪੱਥਰ ਦਾ ਇਸਤੇਮਾਲ ਕੀਤਾ, ਪੱਥਰ ਓੱਥੇ ਹੀ ਕੱਟੇ ਗਏ ਸਨ, ਜਿੱਥੇ ਉਹ ਮਿਲੇ ਸਨ। ਇਸ ਲਈ ਮੰਦਰ ਵਿੱਚ ਹਥੌੜੇ, ਕੁਹਾੜੀ ਜਾਂ ਕਿਸੇ ਹੋਰ ਲੋਹੇ ਦੇ ਔਜਾਰ ਦੀ ਆਵਾਜ਼ ਨਹੀਂ ਸੀ।
8 ਹੇਠਲੀ ਮੰਜ਼ਿਲ ਦੇ ਕਮਰਿਆਂ ਦਾ ਪ੍ਰਵੇਸ਼ ਮੰਦਰ ਦੇ ਦੱਖਣੀ ਹਿੱਸੇ ਵੱਲੋਂ ਸੀ ਅਤੇ ਉਸ ਦੇ ਅੰਦਰਲੇ ਪਾਸਿਓ ਪੌੜੀਆਂ ਦੂਜੀ ਮੰਜ਼ਿਲ ਨੂੰ ਅਤੇ ਫ਼ੇਰ ਤੀਜੀ ਮੰਜ਼ਿਲ ਨੂੰ ਜਾਂਦੀਆਂ ਸਨ।
9 ਸੋ ਸੁਲੇਮਾਨ ਨੇ ਮੰਦਰ ਨੂੰ ਇਉਂ ਮੁਕੰਮਲ ਕੀਤਾ ਅਤੇ ਮੰਦਰ ਦੇ ਹਰ ਹਿੱਸੇ ਨੂੰ ਦਿਆਰ ਦੇ ਫ਼ਟਾਂ ਅਤੇ ਸ਼ਤੀਰਾਂ ਨਾਲ ਕੱਜਿਆ। 10 ਸੁਲੇਮਾਨ ਨੇ ਮੰਦਰ ਦੇ ਆਲੇ-ਦੁਆਲੇ ਵੀ ਕਮਰੇ ਬਣਾਏ। ਹਰ ਮੰਜ਼ਿਲ 5 ਹੱਥ ਉੱਚੀ ਸੀ ਅਤੇ ਇਨ੍ਹਾਂ ਕਮਰਿਆਂ ਵਿੱਚਲੀਆਂ ਸ਼ਤੀਰੀਆਂ ਮੰਦਰ ਨੂੰ ਛੁੰਹਦੀਆਂ ਸਨ।
11 ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, 12 “ਜੇਕਰ ਤੂੰ ਮੇਰੇ ਸਾਰੇ ਨਿਆਵਾਂ ਅਤੇ ਬਿਧੀਆਂ ਨੂੰ ਮੰਨੇ, ਮੈਂ ਤੇਰੇ ਲਈ ਇਕਰਾਰ ਨੂੰ ਪੂਰਿਆਂ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ। 13 ਇਸ ਮੰਦਰ ਕਾਰਣ ਜੋ ਤੂੰ ਉਸਾਰ ਰਿਹਾ ਹੈਂ, ਇੱਥੇ ਮੈਂ ਇਸਰਾਏਲ ਦੇ ਲੋਕਾਂ ਦਰਮਿਆਨ ਰਹਾਂਗਾ ਅਤੇ ਮੈਂ ਉਨ੍ਹਾਂ ਨੂੰ ਕਦੇ ਨਹੀਂ ਛੱਡਾਂਗਾ।”
ਮੰਦਰ ਬਾਰੇ ਵੇਰਵਾ
14 ਸੋ ਸੁਲੇਮਾਨ ਨੇ ਮੰਦਰ ਬਣਵਾਇਆ ਅਤੇ ਉਸ ਨੂੰ ਸੰਪੂਰਨ ਕੀਤਾ। 15 ਉਸ ਨੇ ਮੰਦਰ ਦੀਆਂ ਅੰਦਰਲੀਆਂ ਕੰਧਾਂ, ਛੱਤ ਤੋਂ ਲੈ ਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜ ਨਾਲ ਢੱਕ ਦਿੱਤੀਆਂ ਅਤੇ ਉਸ ਨੇ ਫ਼ਰਸ਼ ਨੂੰ ਸਰੂ ਦੀ ਲੱਕੜ ਨਾਲ ਢੱਕ ਦਿੱਤਾ। 16 ਉਸ ਨੇ ਮੰਦਰ ਦੇ ਪਿੱਛਲੇ ਹਿੱਸੇ ਵਿੱਚ 20 ਹੱਥ ਦਾ ਇੱਕ ਕਮਰਾ ਬਣਵਾਇਆ ਅਤੇ ਇਸ ਕਮਰੇ ਦੀਆਂ ਕੰਧਾਂ, ਛੱਤ ਤੋਂ ਲੈ ਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜੇ ਨਾਲ ਢੱਕ ਦਿੱਤੀਆਂ। ਇਸ ਕਮਰੇ ਨੂੰ ਅੱਤ ਪਵਿੱਤਰ ਸਥਾਨ ਹੋਣ ਲਈ ਪਹਿਲਾਂ ਹੀ ਮਿਥਿਆ ਗਿਆ ਸੀ। 17 ਇਸ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਮੰਦਰ ਦਾ ਮੁੱਖ ਭਾਗ ਸੀ। ਇਹ ਕਮਰਾ 40 ਹੱਥ ਲੰਬਾ ਸੀ। 18 ਇਸ ਕਮਰੇ ਦੀਆਂ ਦੀਵਾਰਾਂ ਨੂੰ ਦਿਆਰ ਦੇ ਫ਼ਟਾਂ ਨਾਲ ਕੱਜਿਆ ਗਿਆ-ਇਸ ਨਾਲ ਦੀਵਾਰ ਤੇ ਲੱਗੇ ਪੱਥਰ ਨਜ਼ਰ ਨਹੀਂ ਸੀ ਆਉਂਦੇ ਅਤੇ ਇਨ੍ਹਾਂ ਦਿਆਰ ਦੇ ਫਟਾਂ ਉੱਪਰ ਉਨ੍ਹਾਂ ਨੇ ਫੁੱਲ ਵੇਲ-ਬੂਟਿਆਂ ਦੀ ਨਕਾਸ਼ੀ ਕੀਤੀ। ਇਹ ਫ਼ੁੱਲਾਂ ਦੀ ਨਕਾਸ਼ੀ ਤੇ ਵੇਲ ਤੇ ਲੱਗੇ ਫ਼ੁੱਲ ਜਾਰ ਦੀ ਸ਼ਕਲ ਦੇ ਬਣਕੇ ਸੁੱਕੇ ਹੋਏ ਸਖਤ ਫ਼ੁੱਲਾਂ ਦਾ ਪ੍ਰਭਾਵ ਪਾਉਂਦੇ ਸਨ।
19 ਮੰਦਰ ਵਿੱਚ ਅੰਦਰਲੇ ਪਾਸੇ ਵਿੱਚ ਇੱਕ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸੱਕੇ। 20 ਇਹ ਕਮਰਾ ਸਾਢੇ 20 ਹੱਥ ਲੰਬਾ ਤੇ ਸਾਢੇ 20 ਹੱਥ ਹੀ ਚੌੜਾ ਅਤੇ 20 ਹੱਥ ਉੱਚਾ ਸੀ। 21 ਸੁਲੇਮਾਨ ਨੇ ਇਸ ਕਮਰੇ ਨੂੰ ਸ਼ੁੱਧ ਸੋਨੇ ਨਾਲ ਢੱਕਿਆ। ਉਸ ਨੇ ਕਮਰੇ ਦੇ ਸਾਹਮਣੇ ਇੱਕ ਜਗਵੇਦੀ ਬਣਵਾਈ ਅਤੇ ਇਸ ਨੂੰ ਸੋਨੇ ਨਾਲ ਢੱਕ ਦਿੱਤਾ ਅਤੇ ਇਸਦੇ ਦੁਆਲੇ ਸੋਨੇ ਦੇ ਸੰਗਲ ਪੁਆਏ। ਇਸ ਕਮਰੇ ਵਿੱਚ, ਕਰੂਬੀ ਫਰਿਸਤਿਆਂ ਦੀਆਂ ਦੋ ਮੂਰਤਾਂ ਰੱਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਵੀ ਸੋਨੇ ਨਾਲ ਢੱਕਿਆ ਗਿਆ ਸੀ। 22 ਇਉਂ ਸਾਰੇ ਦਾ ਸਾਰਾ ਮੰਦਰ ਹੀ ਸੋਨੇ ਨਾਲ ਕੱਜਿਆ ਗਿਆ ਇੱਥੋਂ ਤੱਕ ਕਿ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਜਗਵੇਦੀ ਨੂੰ ਵੀ ਸੋਨੇ ਨਾਲ ਕੱਜਿਆ ਗਿਆ।
23 ਕਾਮਿਆਂ ਨੇ ਵਿੱਚਲੇ ਕਮਰੇ ਵਿੱਚ ਖੰਭਾ ਵਾਲੇ ਦੋ ਕਰੂਬੀ ਫ਼ਰਿਸ਼ਤੇ ਜ਼ੈਤੂਨ ਦੀ ਲੱਕੜ ਤੋਂ ਬਣਾਏ ਜਿਨ੍ਹਾਂ ਨੂੰ ਖੰਭ ਵੀ ਲਾਏ, ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਅਸਥਾਨ ਉੱਪਰ ਰੱਖਿਆ ਗਿਆ। ਹਰ ਦੂਤ ਸਵਾ 5 ਹੱਥ ਲੰਬਾ ਸੀ। 24-26 ਦੋਵੇਂ ਕਰੂਬੀ ਫਰਿਸ਼ਤੇ ਇੱਕੋ ਨਾਪ ਅਤੇ ਇੱਕੋ ਢੰਗ ਦੇ ਬਣੇ ਹੋਏ ਸਨ। ਹਰੇਕ ਦੇ 5 ਹੱਥ ਲੰਬੇ ਦੋ ਖੰਭ ਸਨ। ਇੱਕ ਖੰਭ ਦੇ ਕੋਨੇ ਤੋਂ ਦੂਜੇ ਤਾਈਂ ਦਾ ਫ਼ਾਸਲਾ 10 ਹੱਥ ਸੀ। ਦੋਵੇਂ ਕਰੂਬੀ ਫ਼ਰਿਸਤੇ 10 ਹੱਥ ਉੱਚੇ ਸਨ। 27 ਉਸ ਨੇ ਦੋਨਾਂ ਕਰੂਬੀ ਫਰਿਸ਼ਤਿਆਂ ਨੂੰ ਮੰਦਰ ਦੇ ਅੰਦਰਲੇ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ। ਇੱਕ ਕਰੂਬੀ ਫਰਿਸ਼ਤੇ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਫਰਿਸ਼ਤੇ ਦਾ ਖੰਭ ਦੂਜੀ ਕੰਧ ਨਾਲ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਮੰਦਰ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ। 28 ਅਤੇ ਉਸ ਨੇ ਇਨ੍ਹਾਂ ਦੋਨੋ ਕਰੂਬੀ ਫਰਿਸ਼ਤਿਆਂ ਉੱਤੇ ਵੀ ਸੋਨਾ ਚੜ੍ਹਾਇਆ ਹੋਇਆ ਸੀ।
29 ਮੰਦਰ ਦੀਆਂ ਸਾਰੀਆਂ ਦੀਵਾਰਾਂ ਉੱਪਰ ਕਰੂਬੀਆਂ, ਖਜ਼ੂਰਾਂ, ਖਿੜੇ ਹੋਏ ਫ਼ੁੱਲਾਂ ਦੀਆਂ ਮੂਰਤਾਂ ਸਨ ਜੋ ਉਸ ਨੇ ਉਕਰ ਕੇ ਅੰਦਰਲੇ ਵਾਰ ਅਤੇ ਬਾਹਰ ਵਾਰ ਬਣਵਾਈਆਂ ਹੋਈਆਂ ਸਨ। 30 ਅਤੇ ਦੋਨੋ ਕਮਰਿਆਂ ਦੇ ਫ਼ਰਸ਼ਾਂ ਉੱਪਰ ਵੀ ਸੋਨਾ ਚੜ੍ਹਾਇਆ ਹੋਇਆ ਸੀ।
31 ਮਜ਼ਦੂਰਾਂ ਨੇ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਤੋਂ ਬਣਾਏ ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਤੇ ਲਗਾਇਆ। ਦਰਵਾਜ਼ੇ ਦੇ ਦੁਆਲੇ ਫ਼ਰੇਮ ਦੇ ਪੰਜ ਪਾਸੇ ਸਨ। 32 ਉਨ੍ਹਾਂ ਨੇ ਇਹ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਦੇ ਬਣਾਕੇ ਉਸ ਉੱਪਰ ਕਰੂਬੀ ਫਰਿਸ਼ਤਿਆਂ ਦੀਆਂ, ਖਜ਼ੂਰ ਦੇ ਬਿਰਛ ਅਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਇਨ੍ਹਾਂ ਉੱਪਰ ਸੋਨਾ ਚੜ੍ਹਾਇਆ।
33 ਅਤੇ ਉਨ੍ਹਾਂ ਨੇ ਮੁਖ ਕਮਰੇ ਦੇ ਪ੍ਰਵੇਸ਼ ਦੁਆਰ ਲਈ ਵੀ ਦਰਵਾਜ਼ੇ ਬਣਾਏ ਅਤੇ ਉਸ ਲਈ ਵੀ ਉਨ੍ਹਾਂ ਨੇ ਜੈਤੂਨ ਦੀ ਲੱਕੜ ਦੀ ਚੁਗਾਠ ਬਣਾਈ। 34 ਉਸ ਦੇ ਦੋਨੋ ਬੂਹੇ ਚੀਲ ਦੀ ਲੱਕੜ ਦੇ ਸਨ। 35 ਉੱਥੇ ਦੋ ਦਰਵਾਜ਼ੇ ਬਣਾਏ ਗਏ ਅਤੇ ਹਰ ਦਰਵਾਜ਼ੇ ਦੇ ਦੋ ਹਿੱਸੇ ਸਨ ਜਿਹੜੇ ਕਿ ਆਪਸ ਵਿੱਚ ਭੀੜੇ (ਢੋਏ) ਜਾਂਦੇ ਸਨ ਅਤੇ ਉਨ੍ਹਾਂ ਉੱਪਰ ਵੀ ਉਨ੍ਹਾਂ ਕਰੂਬੀ ਫਰਿਸ਼ਤਿਆਂ, ਖਜੂਰਾਂ ਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਸਨ ਫ਼ਿਰ ਉਨ੍ਹਾਂ ਨੂੰ ਉਸ ਨੇ ਸੋਨੇ ਨਾਲ ਢੱਕਿਆ।
36 ਫ਼ਿਰ ਉਨ੍ਹਾਂ ਨੇ ਅੰਦਰਲਾ ਵਿਹੜਾ ਬਣਾਇਆ। ਉਨ੍ਹਾਂ ਨੇ ਇਸ ਵਿਹੜੇ ਦੇ ਆਸ-ਪਾਸ ਦੀਵਾਰ ਬਣਾਈ। ਹਰ ਦੀਵਾਰ ਤਿੰਨ ਰਦੇ ਘੜੇ ਹੋਏ ਪੱਥਰ ਦੇ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ ਬਣਾਇਆ।
37 ਚੌਥੇ ਸਾਲ ਵਿੱਚ, ਜ਼ਿਵ ਦੇ ਮਹੀਨੇ ਵਿੱਚ, ਮੰਦਰ ਦੀਆਂ ਨੀਂਹਾਂ ਰੱਖੀਆਂ ਗਈਆਂ ਸਨ। 38 ਮੰਦਰ ਸਾਲ ਦੇ ਅੱਠਵੇਂ ਮਹੀਨੇ, ਬੂਲ ਦੇ ਮਹੀਨੇ ਵਿੱਚ ਖਤਮ ਹੋਇਆ। ਇਹ ਸੁਲੇਮਾਨ ਦੇ ਸ਼ਾਸਨ ਦੇ ਗਿਆਰ੍ਹਵੇਂ ਵਰ੍ਹੇ ਵਿੱਚ ਸੀ। ਮੰਦਰ ਨਕਸ਼ੇ ਅਨੁਸਾਰ ਹੀ ਬਣਇਆ ਗਿਆ ਸੀ।
ਸੁਲੇਮਾਨ ਦੀ ਮੰਦਰ ਅਤੇ ਮਹਿਲ ਲਈ ਵਿਉਂਤ
2 ਸੁਲੇਮਾਨ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਲਈ ਇੱਕ ਮੰਦਰ ਬਨਵਾਉਣ ਦੀ ਵਿਉਂਤ ਬਣਾਈ ਅਤੇ ਆਪਣੇ ਲਈ ਇੱਕ ਮਹਿਲ ਬਨਵਾਉਣ ਦੀ ਸੋਚੀ। 2 ਸੁਲੇਮਾਨ ਨੇ 70,000 ਮਨੁੱਖ ਭਾਰ ਢੋਣ ਲਈ, 80,000 ਮਨੁੱਖ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਨ੍ਹਾਂ ਦੀ ਨਿਗਰਾਨੀ ਲਈ ਰੱਖੇ।
3 ਤਦ ਸੁਲੇਮਾਨ ਨੇ ਹੂਰਾਮ ਨੂੰ ਜੋ ਕਿ ਸੂਰ ਦੇਸ ਦਾ ਰਾਜਾ ਸੀ ਸੁਨੇਹਾ ਭੇਜਿਆ,
“ਮੇਰੀ ਵੀ ਉਵੇਂ ਮਦਦ ਕਰ ਜਿਵੇਂ ਤੂੰ ਮੇਰੇ ਪਿਤਾ ਦਾਊਦ ਦੀ ਕੀਤੀ ਸੀ। ਉਸ ਦੇ ਰਹਿਣ ਲਈ ਜਿਹੜਾ ਮਹਿਲ ਬਣਿਆ ਉਸ ਲਈ ਤੂੰ ਦਿਆਰ ਦੀ ਲੱਕੜ ਭੇਜੀ ਸੀ। 4 ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।
5 “ਸਾਡਾ ਪਰਮੇਸ਼ੁਰ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ, ਇਸ ਲਈ ਮੈਂ ਉਸ ਲਈ ਮਹਾਨ ਮੰਦਰ ਬਣਾਵਾਂਗਾ। 6 ਪਰ ਉਸ ਲਈ ਮੰਦਰ ਬਨਵਾਉਣ ਦੇ ਸਮਰੱਥ ਕੌਣ ਹੈ? ਜਦੋਂ ਕਿ ਅਕਾਸ਼ ਅਤੇ ਸਭ ਤੋਂ ਉੱਚੇ ਅਕਾਸ਼ ਵੀ ਉਸ ਲਈ ਕਾਫ਼ੀ ਜਗ੍ਹਾ ਨਹੀਂ ਹਨ, ਤਾਂ ਭਲਾ ਉਸ ਲਈ ਮੰਦਰ ਬਨਾਉਣ ਵਾਲਾ ਮੈਂ ਕੌਣ ਹੁੰਦਾ ਹਾਂ? ਮੈਂ ਤਾਂ ਸਿਰਫ਼ ਉਸ ਦੇ ਮਾਨ ਵਿੱਚ ਧੂਫ਼ ਧੁਖਾਉਣ ਲਈ ਇੱਕ ਜਗ੍ਹਾ ਹੀ ਬਣਾ ਸੱਕਦਾ ਹਾਂ।
7 “ਸੋ, ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਕੋਲ ਅਜਿਹਾ ਮਨੁੱਖ ਭੇਜ ਜੋ ਸੋਨੇ, ਤੇ ਚਾਂਦੀ, ਪਿੱਤਲ ਅਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਕੱਪੜੇ ਉੱਪਰ ਕੰਮ ਕਰਨ ਵਿੱਚ ਮਾਹਿਰ ਹੋਵੇ। ਇਹ ਮਾਹਰ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਨ੍ਹਾਂ ਮਾਹਰਾ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਚੁਣਿਆ ਸੀ। 8 ਇਸ ਦੇ ਨਾਲ ਦਿਆਰ, ਸਰੂ ਅਤੇ ਅਲਗਮ [a] ਲਬਾਨੋਨ ਵਿੱਚੋਂ ਭੇਜੀਂ। ਮੈਂ ਜਾਣਦਾ ਹਾਂ ਕਿ ਤੇਰੇ ਸੇਵਕ ਲਬਾਨੋਨ ਵਿੱਚ ਲੱਕੜਾਂ ਨੂੰ ਕੱਟਣ ’ਚ ਉਸਤਾਦ ਹਨ। ਮੇਰੇ ਆਦਮੀ ਤੇਰੇ ਆਦਮੀਆਂ ਦੀ ਮਦਦ ਕਰਨਗੇ। 9 ਜਿਹੜਾ ਮੰਦਰ ਮੈਂ ਬਨਾਉਣ ਜਾ ਰਿਹਾ ਹਾਂ ਉਹ ਬੜਾ ਵਿਸ਼ਾਲ ਅਤੇ ਖੂਬਸੂਰਤ ਹੋਵੇਗਾ, ਜਿਸ ਲਈ ਬਹੁਤ ਸਾਰੀ ਲੱਕੜ ਦੀ ਜ਼ਰੂਰਤ ਹੋਵੇਗੀ। 10 ਬਦਲੇ ’ਚ ਮੈਂ ਤੇਰੇ ਆਦਮੀਆਂ ਨੂੰ 1,50,000 ਮਣ ਕਣਕ, 1,50,000 ਮਣ ਜੌਁ, 1,15,000 ਗੈਲਨ ਮੈਅ ਅਤੇ ਉਨ੍ਹਾਂ ਦੇ ਭੋਜਨ ਲਈ 1,15,000 ਗੈਲਨ ਤੇਲ, ਤਨਖਾਹ ਵਜੋਂ ਦੇਵਾਂਗਾ।”
11 ਤਦ ਹੂਰਾਮ ਨੇ ਸੁਲੇਮਾਨ ਨੂੰ ਜਵਾਬ ਵਿੱਚ ਸੰਦੇਸ਼ ਭੇਜਿਆ:
“ਸੁਲੇਮਾਨ, ਯਹੋਵਾਹ ਨੂੰ ਆਪਣੇ ਲੋਕਾਂ ਨਾਲ ਪ੍ਰੇਮ ਹੈ, ਇਸੇ ਕਾਰਣ ਉਸ ਨੇ ਤੈਨੂੰ ਉਨ੍ਹਾਂ ਉੱਤੇ ਰਾਜਾ ਥਾਪਿਆ ਹੈ।” 12 ਹੂਰਾਮ ਨੇ ਇਹ ਵੀ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਜਿਸ ਨੇ ਅਕਾਸ਼ ਤੇ ਧਰਤੀ ਦੀ ਰਚਨਾ ਕੀਤੀ, ਮਹਾਨ ਹੈ। ਉਸ ਨੇ ਦਾਊਦ ਪਾਤਸ਼ਾਹ ਨੂੰ ਇੱਕ ਬਹੁਤ ਹੀ ਬੁੱਧੀਮਾਨ ਅਤੇ ਸਿਆਣਾ ਪੁੱਤਰ ਦਿੱਤਾ ਹੈ, ਤਾਂ ਜੋ ਉਹ ਯਹੋਵਾਹ ਲਈ ਇੱਕ ਮੰਦਰ ਅਤੇ ਆਪਣੇ ਲਈ ਇੱਕ ਮਹਿਲ ਬਣਾ ਸੱਕੇ। 13 ਸੋ ਮੈਂ ਹੁਣ ਇੱਕ ਕੁਸ਼ਲ ਕਾਰੀਗਰ ਜਿਸਦਾ ਨਾਂ ਹੂਰਾਮ ਅਬੀ ਹੈ ਨੂੰ ਭੇਜਾਂਗਾ। 14 ਉਸ ਦੀ ਮਾਂ ਦਾਨ ਦੇ ਪਰਿਵਾਰ ਵਿੱਚੋਂ ਸੀ ਅਤੇ ਉਸ ਦਾ ਪਿਤਾ ਸੂਰ ਦੇ ਸ਼ਹਿਰ ਤੋਂ ਸੀ। ਹੂਰਾਮ ਅਬੀ ਸੋਨੇ, ਚਾਂਦੀ, ਪਿੱਤਲ, ਲੋਹੇ, ਪੱਥਰ ਅਤੇ ਲੱਕੜ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਨਾਲ ਕੱਪੜੇ ਉੱਪਰ ਕੰਮ ਕਰਨ ਵਿੱਚ ਵੀ ਮਾਹਿਰ ਹੈ। ਉਹ ਹਰ ਕੰਮ ਜੋ ਉਸ ਨੂੰ ਸੋਪਿਆ ਗਿਆ ਹੋਵੇ, ਕਰਨ ਵਿੱਚ ਮਾਹਰ ਹੈ। ਉਹ ਤੇਰੇ ਮਾਹਰ ਕਾਮਿਆਂ ਅਤੇ ਉਨ੍ਹਾਂ ਨਾਲ ਜੋ ਤੇਰੇ ਪਿਤਾ ਦਾਊਦ, ਮੇਰੇ ਸੁਆਮੀ ਦੇ ਨਾਲ ਸਨ, ਕੰਮ ਕਰੇਗਾ।
15 “ਸੋ ਹੁਣ ਕਣਕ ਤੇ ਜੌਂ, ਤੇਲ ਅਤੇ ਦਾਖ ਰਸ ਜਿਸਦਾ ਵੇਰਵਾ ਸ਼੍ਰੀ ਮਾਨ ਜੀ ਤੁਸੀਂ ਦਿੱਤਾ ਹੈ, ਉਹ ਮੇਰੇ ਟਹਿਲੂਆਂ ਨੂੰ ਭੇਜ ਦਿੱਤਾ ਜਾਵੇ। 16 ਅਤੇ ਤੈਨੂੰ ਜਿੰਨੀ ਲੱਕੜ ਲੋੜੀਂਦੀ ਹੈ, ਅਸੀਂ ਲਬਾਨੋਨ ਵਿੱਚੋਂ ਵੱਢਾਂਗੇ ਤੇ ਉਸ ਨੂੰ ਯਾਫ਼ਾ ਵਿੱਚ ਸਾਗਰ ਰਾਹੀਂ ਭੇਜ ਦੇਵਾਂਗੇ ਤੇ ਤੂੰ ਉਸ ਨੂੰ ਯਰੂਸ਼ਲਮ ਤੀਕ ਲੈ ਜਾਵੀਂ।”
17 ਤਦ ਸੁਲੇਮਾਨ ਨੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਨ੍ਹਾਂ ਨੂੰ ਗਿਣਿਆ ਸੀ, ਤਾਂ ਉਹ 1,53,600 ਗਿਣਤੀ ਵਿੱਚ ਨਿਕਲੇ। 18 ਸੁਲੇਮਾਨ ਨੇ ਉਨ੍ਹਾਂ ਵਿੱਚੋਂ 70,000 ਨੂੰ ਭਾਰ ਢੋਣ ਲਈ, 80,000 ਨੂੰ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਨੂੰ ਨਿਗਰਾਨੀ ਲਈ ਤੇ ਕਾਰੀਗਰਾਂ ਦੀ ਦੇਖਭਾਲ ਲਈ ਠਹਿਰਾਇਆ।
ਸੁਲੇਮਾਨ ਦਾ ਮੰਦਰ ਉਸਾਰਨਾ
3 ਤਦ ਸੁਲੇਮਾਨ ਨੇ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਪਰ ਯਹੋਵਾਹ ਲਈ ਇੱਕ ਮੰਦਰ ਬਨਵਾਉਣਾ ਸ਼ੁਰੂ ਕੀਤਾ, ਜਿੱਥੇ ਆਰਨਾਨ ਯਬੂਸੀ ਦੇ ਪਿੜ ਵਿੱਚ ਉਸ ਦੇ ਪਿਤਾ ਦਾਊਦ ਦੇ ਸਾਹਮਣੇ ਯਹੋਵਾਹ ਪ੍ਰਗਟ ਹੋਇਆ ਸੀ। ਸੋ ਜਿਹੜੀ ਥਾਂ ਦਾਊਦ ਨੇ ਤਿਆਰ ਕਰਵਾਈ ਸੀ, ਸੁਲੇਮਾਨ ਨੇ ਉੱਥੇ ਮੰਦਰ ਬਣਵਾਇਆ। 2 ਸੁਲੇਮਾਨ ਨੇ ਇਹ ਕੰਮ ਆਪਣੀ ਇਸਰਾਏਲ ਦੀ ਪਾਤਸ਼ਾਹੀ ਦੇ 14 ਵੇਂ ਸਾਲ ਦੇ ਦੂਜੇ ਮਹੀਨੇ ਵਿੱਚ ਸ਼ੁਰੂ ਕੀਤਾ।
3 ਸੁਲੇਮਾਨ ਦੁਆਰਾ ਰੱਖੀ ਗਈ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਦੀ ਗਿਣਤੀ ਹੱਥਾਂ ਦੀਆਂ ਪੁਰਾਣੀਆਂ ਮਿਣਤੀਆਂ ਮੁਤਾਬਕ ਲੰਬਾਈ ਵਿੱਚ 60 ਹੱਥ ਅਤੇ ਚੁੜਾਈ ਵਿੱਚ 20 ਹੱਥ ਸੀ। 4 ਅਤੇ ਡਿਉੜੀ ਜੋ ਭਵਨ ਦੇ ਅੱਗੇ ਬਣਾਈ, ਉਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਮੁਤਾਬਕ 20 ਹੱਥ ਅਤੇ ਉਚਾਈ ਵਿੱਚ 20 ਹੱਥ ਸੀ ਅਤੇ ਸੁਲੇਮਾਨ ਨੇ ਡਿਓੜੀ ਦੇ ਅੰਦਰਵਾਰ ਸਾਰੀ ਕੁੰਦਨ ਸੋਨੇ ਦੀ ਜੜਤ ਕੀਤੀ। 5 ਸੁਲੇਮਾਨ ਨੇ ਵੱਡੇ ਹਾਲ ਕਮਰੇ ਦੀਆਂ ਦੀਵਾਰਾਂ ਉੱਪਰ ਚੀਲ ਦੀ ਲੱਕੜੀ ਜੜੀ ਅਤੇ ਉੱਪਰ ਸੋਨੇ ਦੀ ਜੜ੍ਹਤ ਕੀਤੀ ਅਤੇ ਉਸ ਮੜ੍ਹਤ ਵਿੱਚ ਕੁੰਦਨ ਸੋਨੇ ਦੀਆਂ ਜੰਜੀਰੀਆਂ ਅਤੇ ਖਜ਼ੂਰ ਦੇ ਦ੍ਰੱਖਤਾਂ ਦੀ ਨਕਾਸ਼ੀ ਕੀਤੀ। 6 ਅਤੇ ਮੰਦਰ ਦੀ ਸੁੰਦਰਤਾ ਵੱਧਾਉਣ ਵਾਸਤੇ ਉਸ ਨੂੰ ਕੀਮਤੀ ਪੱਥਰ ਨਾਲ ਸਜਾਇਆ ਅਤੇ ਉੱਥੇ ਉਸ ਨੇ ਪਰਵਾਇਮ ਦੇ ਸੋਨੇ ਦੀ ਵਰਤੋਂ ਕੀਤੀ। 7 ਸੁਲੇਮਾਨ ਨੇ ਮੰਦਰ ਦੀਆਂ ਸ਼ਤੀਰਾਂ, ਉਸਦੀ ਡਿਉੜੀ ਅਤੇ ਦੀਵਾਰਾਂ ਉੱਪਰ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਦੀਵਾਰਾਂ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਨਕਾਸ਼ੀ ਕੀਤੀ।
8 ਤਦ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਵਾਇਆ। ਅੱਤ ਪਵਿੱਤਰ ਸਥਾਨ ਦੀ ਚੌੜਾਈ ਮੰਦਰ ਮੁਤਾਬਕ 20 ਹੱਥ ਅਤੇ 20 ਹੱਥ ਲੰਬੀ ਸੀ, ਜੋ ਕਿ ਮੰਦਰ ਜਿੰਨਾ ਹੀ ਚੌੜਾ ਸੀ ਅਤੇ ਉਸ ਨੇ ਅੱਤ ਪਵਿੱਤਰ ਸਥਾਨ ਦੀਆਂ ਦੀਵਾਰਾਂ ਉੱਪਰ ਕੁੰਦਨ ਸੋਨੇ ਦੀ ਜੜ੍ਹਤ ਕੀਤੀ ਅਤੇ ਇਹ ਸੋਨਾ ਤੋਲ ਵਿੱਚ 20,400 ਕਿੱਲੋ ਦੇ ਕਰੀਬ ਸੀ। 9 ਉਸ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸੋਨੇ ਦੀਆਂ ਮੇਖਾਂ ਦਾ ਭਾਰ ਲੱਗਭਗ 1 1/4 ਪੌਂਡ ਸੀ। ਸੁਲੇਮਾਨ ਨੇ ਉੱਪਰਲਿਆਂ ਕਮਰਿਆਂ ਨੂੰ ਸੋਨੇ ਨਾਲ ਮੜ੍ਹਿਆ। 10 ਸੁਲੇਮਾਨ ਨੇ ਦੋ ਕਰੂਬੀ ਫ਼ਰਿਸ਼ਤੇ ਬਣਵਾ ਕੇ ਅੱਤ ਪਵਿੱਤਰ ਅਸਥਾਨ ਉੱਪਰ ਰੱਖੇ ਅਤੇ ਕਾਰੀਗਰਾਂ ਨੇ ਉਨ੍ਹਾਂ ਕਰੂਬੀ ਫ਼ਰਿਸ਼ਤਿਆਂ ਨੂੰ ਸੋਨੇ ਨਾਲ ਜੜ੍ਹਿਆ। 11 ਕਰੂਬੀ ਫਰਿਸਤਿਆਂ ਦੇ ਇੱਕ-ਇੱਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਕੁੱਲ ਮਿਲਾ ਕੇ ਖੰਭਾਂ ਦੀ ਲੰਬਾਈ 20 ਹੱਥ ਸੀ। ਪਹਿਲੇ ਕਰੂਬੀ ਫ਼ਰਿਸ਼ਤੇ ਦਾ ਇੱਕ ਖੰਭ ਕਮਰੇ ਦੀ ਇੱਕ ਪਾਸੇ ਦੀ ਕੰਧ ਨੂੰ ਛੂੰਹਦਾ ਸੀ ਅਤੇ ਇੱਕ ਖੰਭ ਦੂਜੇ ਕਰੂਬੀ ਫ਼ਰਿਸ਼ਤੇ ਦੇ ਖੰਭ ਨੂੰ ਛੂੰਹਦਾ ਸੀ। 12 ਅਤੇ ਦੂਜਾ ਖੰਭ ਦੂਜੇ ਕਰੂਬੀ ਦਾ ਕਮਰੇ ਦੀ ਕੰਧ ਦੀ ਦੂਜੀ ਦਿਸ਼ਾ ਨੂੰ ਛੂੰਹਦਾ ਸੀ। 13 ਇਉਂ ਉਨ੍ਹਾਂ ਦੋ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਨੇ ਕੁੱਲ ਵੀਹ ਹੱਥ ਕੰਧ ਨੂੰ ਘੇਰਿਆ ਹੋਇਆ ਸੀ ਅਤੇ ਇਹ ਕਰੂਬੀ ਫਰਿਸ਼ਤੇ ਮੁੱਖ ਕਮਰੇ ਵੱਲ ਨੂੰ ਮੂੰਹ ਕਰਕੇ ਆਪਣੇ ਪੈਰਾਂ ਤੇ ਖਲੋਤੇ ਹੋਏ ਸਨ।
14 ਸੁਲੇਮਾਨ ਨੇ ਨੀਲੇ, ਬੈਂਗਣੀ ਅਤੇ ਕਿਰਮਚੀ ਰੰਗਾਂ ਦਾ ਮਹੀਨ ਕੱਪੜਾ ਲੈ ਕੇ ਪਰਦਾ ਬਣਵਾਇਆ ਅਤੇ ਉਸ ਪਰਦੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਕੱਢਾਈ ਕੀਤੀ।
15 ਉਸ ਨੇ ਮੰਦਰ ਦੇ ਅਗਲੇ ਹਿੱਸੇ ਲਈ 35 ਹੱਥ ਦੇ 2 ਥੰਮ ਬਣਵਾਏ ਅਤੇ ਹਰ ਇੱਕ ਦੀ ਚੋਟੀ ਉੱਪਰ ਪੰਜ-ਪੰਜ ਹੱਥ ਜਿੱਡਾ ਮੁਕਟ ਸੀ। 16 ਉਸ ਨੇ ਹਾਰ ਵਰਗੀਆਂ ਜ਼ੰਜੀਰਾਂ ਬਣਵਾਈਆਂ ਜਿਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਪਰ ਲਗਾਇਆ। ਅਤੇ 100 ਅਨਾਰ ਬਣਵਾ ਕੇ ਉਨ੍ਹਾਂ ਜੰਜੀਰਾਂ ਵਿੱਚ ਲਟਕਾ ਦਿੱਤਾ। 17 ਫ਼ਿਰ ਸੁਲੇਮਾਨ ਨੇ ਥੰਮਾਂ ਨੂੰ ਮੰਦਰ ਦੇ ਅਗਲੇ ਹਿੱਸੇ ਵਿੱਚ ਇੱਕ ਖੱਬੇ ਦੇ ਦੂਜਾ ਸੱਜੇ ਪਾਸੇ ਰੱਖ ਦਿੱਤਾ। ਉਸ ਨੇ ਸੱਜੇ ਪਾਸੇ ਵਾਲੇ ਥੰਮ ਦਾ ਨਾਂ “ਯਾਕੀਨ” ਅਤੇ ਖੱਬੇ ਪਾਸੇ ਵਾਲੇ ਥੰਮ ਦਾ ਨਾਂ “ਬੋਅਜ਼” ਰੱਖਿਆ।
2010 by World Bible Translation Center