Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
2 ਸਮੂਏਲ 10

ਹਾਨੂਨ ਵੱਲੋਂ ਦਾਊਦ ਦੇ ਮਨੁੱਖਾਂ ਨੂੰ ਸ਼ਰਮਿੰਦਗੀ

10 ਉਪਰੰਤ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਹਾਨੂਨ ਨਵਾਂ ਪਾਤਸ਼ਾਹ ਬਣਿਆ। ਦਾਊਦ ਨੇ ਕਿਹਾ, “ਨਾਹਾਸ਼ ਨੇ ਮੇਰੇ ਨਾਲ ਭਲਾਈ ਕੀਤੀ ਸੀ ਸੋ ਮੈਂ ਉਸ ਦੇ ਪੁੱਤਰ ਹਾਨੂਨ ਦੇ ਨਾਲ ਭਲਾਈ ਕਰਾਂਗਾ।” ਇਸੇ ਲਈ ਦਾਊਦ ਨੇ ਆਪਣੇ ਆਦਮੀਆਂ ਨੂੰ ਹਾਨੂਨ ਨੂੰ ਉਸ ਦੇ ਪਿਤਾ ਦੀ ਮੌਤ ਤੇ ਦਿਲਾਸਾ ਦੇਣ ਲਈ ਭੇਜਿਆ।

ਇਉਂ ਦਾਊਦ ਦੇ ਆਦਮੀ ਅੰਮੋਨੀਆਂ ਦੀ ਧਰਤੀ ਤੇ ਗਏ। ਪਰ ਅੰਮੋਨੀਆਂ ਦੇ ਆਗੂਆਂ ਨੇ ਹਾਨੂਨ ਨੂੰ ਆਪਣੇ ਮਾਲਕ ਨੂੰ ਆਖਿਆ, “ਤੁਸੀਂ ਕੀ ਸੋਚਦੇ ਹੋ ਭਲਾ ਦਾਊਦ ਨੇ ਤੁਹਾਡੇ ਪਿਤਾ ਦੀ ਮੌਤ ਦੇ ਸੋਗ ਵਜੋਂ ਮੁਕਾਣੇ ਵਿੱਚ ਆਪਣੇ ਸੇਵਕ ਭੇਜੇ ਹਨ? ਨਹੀਂ! ਸਗੋਂ ਦਾਊਦ ਨੇ ਆਪਣੇ ਨੁਮਾਇੰਦੇ ਇਸ ਦੇਸ਼ ਦਾ ਹਾਲ ਜਾਣ ਕੇ ਭੇਤ ਲੈਣ ਲਈ ਭੇਜੇ ਹਨ ਤਾਂ ਜੋ ਉਸ ਨੂੰ ਇਸ ਬਾਰੇ ਪੂਰਾ ਪਤਾ ਲੱਗ ਜਾਵੇ। ਉਹ ਤੇਰੇ ਵਿਰੁੱਧ ਲੜਾਈ ਕਰਨਾ ਚਾਹੁੰਦੇ ਹਨ।”

ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫ਼ੜ ਲਿਆ ਅਤੇ ਸਭਨਾਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਕੱਪੜੇ ਅੱਧ ਵਿੱਚਕਾਰੋ ਲੈ ਕੇ ਲੱਕ ਤੀਕ ਕਤਰ ਸੁੱਟੇ ਅਤੇ ਫ਼ਿਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।

ਜਦੋਂ ਲੋਕਾਂ ਨੇ ਦਾਊਦ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਆਪਣੇ ਸੇਵਕਾਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂ ਕਿ ਉਹ ਮਨੁੱਖ ਇਸ ਸਭ ਤੋਂ ਬਹੁਤ ਸ਼ਰਮਿੰਦੇ ਸਨ ਸੋ ਪਾਤਸ਼ਾਹ ਨੇ ਆਖਿਆ, “ਜਦੋਂ ਤੱਕ ਤੁਹਾਡੀਆਂ ਦਾੜੀਆਂ ਨਾ ਵੱਧ ਜਾਣ ਤੁਸੀਂ ਯਰੀਹੋ ਵਿੱਚ ਰਹੋ। ਫ਼ਿਰ ਤੁਸੀਂ ਯਰੂਸ਼ਲਮ ਵਿੱਚ ਆ ਜਾਣਾ।”

ਅੰਮੋਨੀਆਂ ਦੇ ਖਿਲਾਫ਼ ਲੜਾਈ

ਜਦੋਂ ਅੰਮੋਨੀਆਂ ਨੇ ਵੇਖਿਆ ਕਿ ਦਾਊਦ ਹੁਣ ਸਾਨੂੰ ਆਪਣਾ ਵੈਰੀ ਸਮਝਦਾ ਹੈ ਤਾਂ ਅੰਮੋਨੀਆਂ ਦੇ ਲੋਕਾਂ ਨੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਕੋਲੋਂ 20,000 ਮਨੁੱਖ ਅਤੇ ਅੰਮੋਨੀਆਂ ਨੇ ਮਆਕਾਹ ਦੇ ਰਾਜਾ ਤੋਂ 1,000 ਮਨੁੱਖ ਅਤੇ ਟੋਬ ਦੇ ਲੋਕਾਂ ਤੋਂ 12,000 ਆਦਮੀ ਖਰੀਦੇ।

ਜਦੋਂ ਦਾਊਦ ਨੇ ਇਹ ਖਬਰ ਸੁਣੀ ਤਾਂ ਉਸ ਨੇ ਯੋਆਬ ਦੇ ਸਾਰੇ ਸੂਰਮੇ ਉੱਥੇ ਭੇਜੇ। ਤਾਂ ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਤਿਆਰ ਹੋ ਗਏ। ਉਹ ਸ਼ਹਿਰ ਦੇ ਪ੍ਰਵੇਸ਼ ਦੁਆਰ ਅੱਗੇ ਖੜੋ ਗਏ। ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਲੋਕ ਮੈਦਾਨ ਵਿੱਚ ਅੰਮੋਨੀਆਂ ਦੇ ਸੰਗ ਨਹੀਂ ਆਏ।

ਜਦੋਂ ਯੋਆਬ ਨੇ ਨਜ਼ਰ ਮਾਰੀ ਤਾਂ ਵੇਖਿਆ ਕਿ ਲੜਾਈ ’ਚ ਦੁਸ਼ਮਣ ਦਾ ਸਾਹਮਣਾ ਦੋਵੇਂ ਪਾਸੀਂ ਅੱਗੋਂ ਅਤੇ ਪਿੱਛੋਂ ਦੀ ਵੀ ਹੈ ਤਾਂ ਯੋਆਬ ਨੇ ਇਸਰਾਏਲ ਵਿੱਚੋਂ ਚੰਗੇ ਸੂਰਮੇ ਚੁਣ ਲੇ ਉਨ੍ਹਾਂ ਦੀ ਅਰਾਮੀਆਂ ਦੇ ਸਾਹਮਣੇ ਪਾਲ ਬੰਨ੍ਹੀ। 10 ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਪਾਲ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ। 11 ਯੋਆਬ ਨੇ ਆਖਿਆ, “ਜੇਕਰ ਅਰਾਮੀ ਮੇਰੇ ਉੱਪਰ ਹਾਵੀ ਹੋ ਜਾਣ ਤਾਂ ਤੂੰ ਮੇਰੀ ਮਦਦ ਕਰੀਂ ਅਤੇ ਜੇਕਰ ਅੰਮੋਨੀ ਤੇਰੇ ਉੱਪਰ ਹਾਵੀ ਹੋ ਜਾਣ ਤਾਂ ਮੈਂ ਆਕੇ ਤੇਰੀ ਮਦਦ ਕਰਾਂਗਾ। 12 ਬਹਾਦੁਰ ਬਣੋ! ਹੁਣ ਸਾਨੂੰ ਆਪਣੇ ਲੋਕਾਂ ਲਈ, ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਬਹਾਦੁਰੀ ਨਾਲ ਲੜਨਾ ਚਾਹੀਦਾ ਹੈ। ਯਹੋਵਾਹ ਜੋ ਠੀਕ ਸਮਝੇਗਾ ਉਹੀ ਕੁਝ ਕਰੇਗਾ।”

13 ਤਦ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ, ਅਰਾਮੀਆਂ ਦੇ ਉੱਪਰ ਹਮਲਾ ਕਰਨ ਅੱਗੇ ਵੱਧੇ ਤਾਂ ਅਰਾਮੀ ਯੋਆਬ ਅਤੇ ਉਸ ਦੇ ਆਦਮੀਆਂ ਦੇ ਅੱਗੋਂ ਦੀ ਨੱਸ ਗਏ। 14 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਅਬੀਸ਼ਈ ਦੇ ਅੱਗੋਂ ਨੱਸ ਗਏ ਅਤੇ ਆਪਣੇ ਸ਼ਹਿਰ ਵਾਪਸ ਮੁੜ ਗਏ।

ਤਦ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਬਾਅਦ ਮੁੜਕੇ ਯਰੂਸ਼ਲਮ ਵਿੱਚ ਆਇਆ।

ਅਰਾਮੀਆਂ ਨੇ ਮੁੜ ਲੜਨ ਦੀ ਵਿਉਂਤ ਬਣਾਈ

15 ਜਦੋਂ ਅਰਾਮੀਆਂ ਨੇ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਹਨ, ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਇਕੱਠਾ ਕੀਤਾ ਤੇ ਇੱਕ ਵੱਡੀ ਫ਼ੌਜ ਤਿਆਰ ਕੀਤੀ। 16 ਹਦਦਅਜ਼ਰ ਨੇ ਲੋਕ ਭੇਜੇ ਅਤੇ ਜੋ ਅਰਾਮੀ ਦਰਿਆਓ ਪਾਰ ਸਨ ਉਨ੍ਹਾਂ ਨੂੰ ਲੈ ਆਇਆ ਅਤੇ ਉਹ ਸਾਰੇ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਫ਼ੌਜ ਦਾ ਸਰਦਾਰ ਸੀ, ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।

17 ਦਾਊਦ ਨੇ ਜਦੋਂ ਇਹ ਖਬਰ ਸੁਣੀ ਤਾਂ ਉਸ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਨੂੰ ਪਾਰ ਲੰਘ ਕੇ ਹੇਲਾਮ ਤੀਕ ਆਇਆ।

ਉੱਥੇ ਅਰਾਮੀਆਂ ਨੇ ਦਾਊਦ ਦੇ ਸਾਹਮਣੇ ਪਾਲ ਬੰਨ੍ਹੀ ਅਤੇ ਉਸ ਨਾਲ ਲੜੇ। 18 ਪਰ ਦਾਊਦ ਨੇ ਅਰਾਮੀਆਂ ਨੂੰ ਹਾਰ ਦਿੱਤੀ ਅਤੇ ਅਰਾਮੀ ਇਸਰਾਏਲ ਵਿੱਚੋਂ ਭੱਜ ਗਏ। ਦਾਊਦ ਨੇ 700 ਰੱਥ ਸਵਾਰ ਅਤੇ 40,000 ਘੁੜ ਸਵਾਰਾਂ ਨੂੰ ਵੱਢ ਸੁੱਟਿਆ। ਦਾਊਦ ਨੇ ਅਰਾਮੀ ਸੈਨਾ ਦੇ ਕਪਤਾਨ ਸੋਬਕ ਨੂੰ ਵੀ ਮਾਰ ਮੁਕਾਇਆ।

19 ਜਦੋਂ ਉਨ੍ਹਾਂ ਰਾਜਿਆਂ ਨੇ ਜੋ ਹਦਦਅਜਰ ਦੇ ਅਧੀਨ ਸਨ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਸਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸ਼ਾਂਤੀ ਕਰ ਲਈ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ। ਹੁਣ ਅਰਾਮੀ ਅੰਮੋਨੀਆਂ ਦੀ ਮੁੜ ਮਦਦ ਕਰਨ ਤੋਂ ਡਰਦੇ ਸਨ।

1 ਇਤਹਾਸ 19

ਅੰਮੋਨੀ ਲੋਕਾਂ ਵੱਲੋਂ ਦਾਊਦ ਦੇ ਬੰਦਿਆਂ ਨੂੰ ਸ਼ਰਮਿੰਦਗੀ ਦੇਣਾ

19 ਨਾਹਾਸ਼ ਅੰਮੋਨੀਆਂ ਦਾ ਪਾਤਸ਼ਾਹ ਸੀ। ਨਾਹਾਸ਼ ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਨਵਾਂ ਪਾਤਸ਼ਾਹ ਬਣਿਆ। ਤਦ ਦਾਊਦ ਨੇ ਆਖਿਆ, “ਨਾਹਾਸ਼ ਮੇਰੇ ਤੇ ਦਿਆਲੂ ਸੀ, ਇਸ ਲਈ ਮੈਂ ਵੀ ਉਸ ਦੇ ਪੁੱਤਰ, ਹਾਨੂਨ ਤੇ ਦਿਆਲੂ ਹੋਵਾਂਗਾ।” ਇਸ ਲਈ ਦਾਊਦ ਨੇ ਹਾਨੂਨ ਕੋਲ ਉਸ ਦੇ ਪਿਤਾ ਦੀ ਮੌਤ ਦਾ ਸੋਗ ਪ੍ਰਗਟ ਕਰਨ ਲਈ ਆਪਣੇ ਹਲਕਾਰੇ ਭੇਜੇ ਅਤੇ ਉਸ ਦੇ ਹਲਕਾਰੇ ਅੰਮੋਨ ਦੇਸ਼ ਵਿੱਚ ਹਾਨੂਨ ਨੂੰ ਅਫ਼ਸੋਸ ਪ੍ਰਗਟ ਕਰਨ ਲਈ ਉਸ ਕੋਲ ਪਹੁੰਚੇ।

ਪਰ ਅੰਮੋਨੀ ਆਗੂਆਂ ਨੇ ਹਾਨੂਨ ਨੂੰ ਕਿਹਾ, “ਕੀ ਤੂੰ ਉਸ ਤੇ ਵਿਸ਼ਵਾਸ ਕਰਦਾ ਹੈਂ? ਤੂੰ ਕੀ ਸੋਚਦਾ ਹੈਂ ਕਿ ਦਾਊਦ ਨੇ ਇਨ੍ਹਾਂ ਆਦਮੀਆਂ ਨੂੰ ਤੇਰੇ ਪਿਤਾ ਦੀ ਮੌਤ ਤੇ ਅਫਸੋਸ ਕਰਨ ਲਈ ਜਾਂ ਤੇਰੇ ਮੁਰਦਾ ਪਿਤਾ ਦਾ ਆਦਰ ਕਰਨ ਲਈ ਭੇਜਿਆ ਹੈ? ਨਹੀਂ ਪਰ ਉਸ ਨੇ ਇਨ੍ਹਾਂ ਲੋਕਾਂ ਨੂੰ ਤੈਨੂੰ ਤਬਾਹ ਕਰਨ ਦੇ ਮਕਸਦ ਨਾਲ, ਤੇਰੀ ਧਰਤੀ ਦੀ ਜਸੂਸੀ ਕਰਨ ਲਈ ਭੇਜਿਆ ਹੈ!” ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਪਕੜ ਲਿਆ ਅਤੇ ਉਨ੍ਹਾਂ ਨੂੰ ਕੈਦ ਕਰ ਕੇ ਉਨ੍ਹਾਂ ਦੀਆਂ ਦਾੜੀਆਂ ਮੁਨਵਾ ਦਿੱਤੀਆਂ ਇਹੀ ਨਹੀਂ ਸਗੋਂ ਉਨ੍ਹਾਂ ਦੀਆਂ ਪੋਸ਼ਾਕਾਂ ਨੂੰ ਵੀ ਫ਼ਾੜ ਕੇ ਉਨ੍ਹਾਂ ਨੂੰ ਧੜੋਂ ਨੰਗਾ ਕਰ ਸੁੱਟਿਆ। ਇਉਂ ਉੱਨ੍ਹਾਂ ਨੂੰ ਜ਼ਲੀਲ ਕਰਕੇ ਵਾਪਿਸ ਭੇਜਿਆ।

ਦਾਊਦ ਦੇ ਆਦਮੀਆਂ ਨੇ ਘਰ ਪਹੁੰਚਣ ’ਚ ਬੜੀ ਸ਼ਰਮ ਮਹਿਸੂਸ ਕੀਤੀ। ਕੁਝ ਲੋਕਾਂ ਨੇ ਦਾਊਦ ਕੋਲ ਜਾ ਕੇ ਉਨ੍ਹਾਂ ਦੀ ਇਹ ਸਾਰੀ ਵਾਰਦਾਤ ਉਸ ਨੂੰ ਸੁਣਾਈ। ਤਾਂ ਦਾਊਦ ਪਾਤਸ਼ਾਹ ਨੇ ਆਪਣੇ ਆਦਮੀਆਂ ਨੂੰ ਇਹ ਸੁਨੇਹਾ ਭੇਜਿਆ, “ਜਦ ਤੀਕ ਤੁਹਾਡੀ ਦਾੜੀ ਮੁੜ ਵੱਧ ਨਾ ਜਾਵੇ, ਉਨੀ ਦੇਰ ਤੁਸੀਂ ਯਰੀਹੋ ਸ਼ਹਿਰ ਵਿੱਚ ਟਿਕੇ ਰਹੋ। ਤੇ ਜਦੋਂ ਦਾੜੀ ਵੱਧ ਜਾਵੇ ਤੁਸੀਂ ਆਪਣੇ ਘਰੀਂ ਮੁੜ ਆਉਣਾ।”

ਅੰਮੋਨੀਆਂ ਨੇ ਵੇਖਿਆ ਕਿ ਉਨ੍ਹਾਂ ਨੇ ਦਾਊਦ ਦੀ ਨਜ਼ਰ ਵਿੱਚ ਆਪਣੇ-ਆਪ ਨੂੰ ਦੁਸ਼ਮਣ ਬਣਾ ਲਿਆ ਸੀ ਤੇ ਉਸ ਦੀ ਨਫ਼ਰਤ ਦੇ ਪਾਤਰ ਬਣ ਗਏ ਸਨ। ਤਾਂ ਹਾਨੂਨ ਅਤੇ ਅੰਮੋਨੀਆਂ ਨੇ 34,000 ਕਿਲੋ ਚਾਂਦੀ ਮਸੋਪੋਤਾਮੀਆਂ ਤੋਂ ਰਥਾਂ ਅਤੇ ਅਸਵਾਰਾਂ ਨੂੰ ਲਿਆਉਣ ਲਈ ਦਿੱਤੀ। ਉਹ ਆਰਾਮ ਵਿੱਚੋਂ ਮਾਕਾਹ ਅਤੇ ਸ਼ੋਬਾਹ ਦੇ ਨਗਰਾਂ ਤੋਂ ਵੀ ਰਥਾਂ ਅਤੇ ਅਸਵਾਰਾਂ ਨੂੰ ਲਿਆਏ। ਇਉਂ ਉਨ੍ਹਾਂ ਨੇ 32,000 ਰਥਾਂ ਅਤੇ ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਭਾੜੇ ਤੇ ਖਰੀਦਿਆ ਤਾਂ ਜੋ ਉਹ ਉਸਦੀ ਮਦਦ ਕਰਨ। ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੇ ਮੇਦਬਾ ਸ਼ਹਿਰ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਵੀ ਆਪੋ-ਆਪਣੇ ਨਗਰਾਂ ਤੋਂ ਇਕੱਠੇ ਹੋ ਕੇ ਯੁੱਧ ਕਰਨ ਨੂੰ ਆਏ।

ਦਾਊਦ ਨੂੰ ਪਤਾ ਲੱਗਾ ਕਿ ਅੰਮੋਨੀ ਲੋਕ ਜੰਗ ਲੜਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਯੋਆਬ ਨੂੰ ਅਤੇ ਆਪਣੀ ਸਾਰੀ ਇਸਰਾਏਲੀ ਫ਼ੌਜ ਨੂੰ ਅੰਮੋਨੀਆਂ ਦੇ ਵਿਰੁੱਧ ਲੜਾਈ ਕਰਨ ਨੂੰ ਭੇਜਿਆ। ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਪੂਰੇ ਤਤਪਰ ਸਨ। ਉਹ ਨਗਰ ਦੇ ਫਾਟਕ ਕੋਲ ਪਹੁੰਚ ਚੁੱਕੇ ਸਨ ਅਤੇ ਜਿਹੜੇ ਪਾਤਸ਼ਾਹ ਉਸਦੀ ਮਦਦ ਲਈ ਨਾਲ ਆਏ ਸਨ ਉਹ ਸ਼ਹਿਰੋ ਦੂਰ ਪੈਲੀਆਂ ਵਿੱਚ ਟਿਕੇ ਰਹੇ।

10 ਯੋਆਬ ਨੇ ਵੇਖਿਆ ਕਿ ਲੜਾਈ ਦਾ ਪਿੜ ਉਸ ਦੇ ਵਿਰੁੱਧ ਦੋ ਦਲਾਂ ਵਿੱਚ ਬਣਿਆ ਹੋਇਆ ਤਤਪਰ ਹੈ। ਇੱਕ ਦਲ ਉਸ ਦੇ ਅੱਗੇ ਅਤੇ ਦੂਜਾ ਉਸ ਦੇ ਪਿੱਛੇ ਵੱਲ ਸੀ। ਤਾਂ ਯੋਆਬ ਨੇ ਇਸਰਾਏਲ ਦੇ ਖਾਸ ਸੂਰਮਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਉਸ ਨੇ ਅਰਾਮ ਦੀ ਫ਼ੌਜ ਦੇ ਵਿਰੁੱਧ ਲੜਨ ਲਈ ਭੇਜਿਆ। 11 ਯੋਆਬ ਨੇ ਬਾਕੀ ਦੀ ਇਸਰਾਏਲੀ ਫ਼ੌਜ ਨੂੰ ਆਪਣੇ ਭਰਾ ਅਬਸ਼ਈ ਦੀ ਕਮਾਨ ਹੇਠਾਂ ਕਰ ਦਿੱਤਾ। ਸੈਨਾ ਦੇ ਸਿਪਾਹੀ ਅੰਮੋਨੀਆਂ ਦੀ ਸੈਨਾ ਦੇ ਖਿਲਾਫ਼ ਲੜਨ ਲਈ ਬਾਹਰ ਨਿਕਲ ਪਏ। 12 ਯੋਆਬ ਨੇ ਅਬਸ਼ਈ ਨੂੰ ਕਿਹਾ, “ਜੇਕਰ ਅਰਾਮ ਦੀ ਸੈਨਾ ਮੇਰੇ ਉੱਤੇ ਹਾਵੀ ਹੋ ਜਾਵੇ ਤਾਂ ਤੂੰ ਮੇਰੀ ਮਦਦ ਕਰੀਂ ਤੇ ਜੇਕਰ ਅਰਾਮੀ ਸੈਨਾ ਤੇਰੇ ਉੱਪਰ ਹਾਵੀ ਹੋ ਗਈ ਤਾਂ ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ। 13 ਆਪਾਂ ਤਕੜੇ ਬਣੀਏ ਅਤੇ ਉਨ੍ਹਾਂ ਦਾ ਬਹਾਦੁਰੀ ਨਾਲ ਸਾਹਮਣਾ ਕਰੀਏ ਜਦੋਂ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਲੜ ਰਹੀਏ ਹੋਈੇਏ! ਯਹੋਵਾਹ ਓਹੀ ਕਰੇ ਜੋ ਉਹ ਸੋਚੇ ਕਿ ਸਹੀ ਹੈ!”

14 ਯੋਆਬ ਅਤੇ ਉਸ ਦੇ ਨਾਲ ਜਿਹੜੀ ਫ਼ੌਜ ਸੀ ਅਰਾਮੀ ਸੈਨਾ ਉੱਪਰ ਹਮਲਾ ਕੀਤਾ ਤਾਂ ਅਰਾਮੀ ਸੈਨਾ ਯੋਆਬ ਅਤੇ ਉਸਦੀ ਫ਼ੌਜ ਅੱਗੋਂ ਭੱਜ ਗਈ। 15 ਜਦੋਂ ਅੰਮੋਨੀ ਸੈਨਾ ਨੇ ਇਹ ਵੇਖਿਆ ਕਿ ਅਰਾਮ ਦੀ ਸੈਨਾ ਨੱਸ ਗਈ ਹੈ ਤਾਂ ਉਹ ਵੀ ਭੱਜ ਗਏ। ਤਾਂ ਅੰਮੋਨੀ ਫ਼ੌਜ ਅਬਸ਼ਈ ਦੇ ਅੱਗੋਂ ਭੱਜ ਖੜੋਤੇ ਅਤੇ ਉਹ ਭੱਜ ਕੇ ਆਪਣੇ ਸ਼ਹਿਰ ਜਾ ਵੜੇ ਅਤੇ ਯੋਆਬ ਫ਼ਿਰ ਵਾਪਿਸ ਯਰੂਸ਼ਲਮ ਨੂੰ ਆ ਗਿਆ।

16 ਜਦੋਂ ਅਰਾਮੀ ਆਗੂਆਂ ਨੂੰ ਪਤਾ ਲੱਗਾ ਕਿ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ, ਉਨ੍ਹਾਂ ਨੇ ਫ਼ਰਾਤ ਨਦੀ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਅਰਾਮੀ ਲੋਕਾਂ ਕੋਲ, ਉਨ੍ਹਾਂ ਦੀ ਮਦਦ ਲੈਣ ਲਈ ਹਲਕਾਰੇ ਘੱਲੇ। ਹਦਰਅਜ਼ਰ ਦੀ ਫੌਜ ਦਾ ਆਗੂ ਸੋਫਕ, ਬਾਕੀ ਅਰਾਮੀ ਫ਼ੌਜ ਦਾ ਵੀ ਆਗੂ ਸੀ।

17 ਦਾਊਦ ਨੂੰ ਜਦੋਂ ਪਤਾ ਲੱਗਿਆ ਕਿ ਅਰਾਮ ਦੇ ਲੋਕ ਲੜਾਈ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ। ਦਾਊਦ ਨੇ ਆਪਣੀ ਸਾਰੀ ਫ਼ੌਜ ਦੀ ਅਗਵਾਈ ਕਰਕੇ ਯਰਦਨ ਦਰਿਆ ਨੂੰ ਪਾਰ ਕੀਤਾ ਅਤੇ ਅਰਾਮੀ ਫ਼ੌਜ ਦੇ ਆਹਮਣੋ-ਸਾਹਮਣੇ ਆ ਗਿਆ। ਦਾਊਦ ਨੇ ਆਪਣੀ ਸੈਨਾ ਨੂੰ ਤਿਆਰ ਕਰਕੇ ਅਰਾਮੀਆਂ ਉੱਪਰ ਹਮਲਾ ਕਰ ਦਿੱਤਾ। 18 ਤਦ ਅਰਾਮੀ ਇਸਰਾਏਲੀਆਂ ਅੱਗੋਂ ਭੱਜ ਗਏ। ਦਾਊਦ ਅਤੇ ਉਸਦੀ ਸੈਨਾ ਨੇ 7,000 ਅਰਾਮੀ ਸਾਰਥੀਆਂ ਅਤੇ 40,000 ਅਰਾਮੀ ਸਿਪਾਹੀਆਂ ਨੂੰ ਮਾਰ ਮੁਕਾਇਆ। ਦਾਊਦ ਅਤੇ ਉਸਦੀ ਫ਼ੌਜ ਨੇ ਅਰਾਮੀ ਸੈਨਾ ਦੇ ਸੈਨਾਪਤੀ ਸ਼ੋਫ਼ਕ ਨੂੰ ਵੀ ਵੱਢ ਸੁੱਟਿਆ।

19 ਜਦੋਂ ਹਦਰਅਜ਼ਰ ਦੇ ਸੈਨਾਪਤੀਆਂ ਨੇ ਵੇਖਿਆ ਕਿ ਇਸਰਾਏਲ ਨੇ ਉਨ੍ਹਾਂ ਨੂੰ ਹਾਰ ਦਿੱਤੀ ਹੈ ਤਾਂ ਉਨ੍ਹਾਂ ਨੇ ਦਾਊਦ ਨਾਲ ਸੁਲਾਹ ਕਰ ਲਈ ਅਤੇ ਉਹ ਦਾਊਦ ਦੇ ਦਾਸ ਬਣ ਗਏ। ਇਉਂ ਅਰਾਮੀਆਂ ਨੇ ਮੁੜ ਅੰਮੋਨੀਆਂ ਨੂੰ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।

ਜ਼ਬੂਰ 20

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
    ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
    ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
    ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
    ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
    ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।

ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
    ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
    ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
    ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
    ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।

ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
    ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।

Punjabi Bible: Easy-to-Read Version (ERV-PA)

2010 by World Bible Translation Center