Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਮੱਤੀ 23

ਯਿਸੂ ਨੇ ਧਾਰਮਿਕ ਆਗੂਆਂ ਦੀ ਨਿੰਦਾ ਕੀਤੀ(A)

23 ਫ਼ੇਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨਾਲ ਗੱਲ ਕੀਤੀ, ਅਤੇ ਆਖਿਆ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ, ਮੂਸਾ ਦੀ ਸ਼ਰ੍ਹਾ ਬਾਰੇ ਉਪਦੇਸ਼ ਦੇਣ ਦਾ ਅਧਿਕਾਰ ਹੈ ਕਿ ਉਹ ਕੀ ਆਖਦੀ ਹੈ। ਇਸ ਲਈ ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੋ ਉਹ ਕਹਿਣ ਧਿਆਨ ਨਾਲ ਕਰੋ, ਪਰ ਉਨ੍ਹਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਨ੍ਹਾਂ ਦੇ ਜੀਵਨ ਚੰਗੇ ਉਦਾਹਰਣ ਨਹੀਂ ਹਨ ਕਿਉਂਕਿ ਜੋ ਵੀ ਉਹ ਕਰਨ ਨੂੰ ਕਹਿੰਦੇ ਹਨ ਖੁਦ ਉਨ੍ਹਾਂ ਤੇ ਅਮਲ ਨਹੀਂ ਕਰਦੇ। ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।

“ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਵੇ ਲਈ ਕਰਦੇ ਹਨ। ਉਹ ਆਪਣੇ ਖਾਸ ਬਸਤਿਆਂ ਨੂੰ ਪੋਥੀਆਂ ਨਾਲ ਭਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਵੱਡੇ ਹੀ ਵੱਡੇ ਕਰਦੇ ਰਹਿੰਦੇ ਹਨ। ਉਹ ਆਪਣੇ ਖਾਸ ਪ੍ਰਾਰਥਨਾ ਵਾਲੇ ਵਸਤਰਾਂ ਦੀ ਲੰਬਾਈ ਬਹੁਤ ਰੱਖਦੇ ਹਨ ਤਾਂ ਜੋ ਲੋਕ ਉਨ੍ਹਾਂ ਵੱਲ ਧਿਆਨ ਦੇਣ। ਉਹ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਦਾਵਤਾਂ ਵਿੱਚ ਉੱਚੀਆਂ ਥਾਵਾਂ ਦੇ ਲੋਭੀ ਹਨ, ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਵੀ ਉੱਚੇ ਅਹੁਦੇ ਮਿੱਲਣ ਦੇ ਬੜੇ ਭੁੱਖੇ ਹਨ। ਬਜ਼ਾਰਾਂ ਵਿੱਚ ਮਾਨ ਸਨਮਾਨ ਲੈਣ ਦੇ ਵੀ ਬੜੇ ਭੁੱਖੇ ਹਨ। ਉਹ ਮਨੁੱਖਾਂ ਕੋਲੋਂ ਗੁਰੂ ਕਹਾਉਣਾ ਚਾਹੁੰਦੇ ਹਨ।

“ਪਰ ਤੁਸੀਂ ਸਭ ਗੁਰੂ, ਨਾ ਕਹਾਉਣਾ ਕਿਉਂ ਜੋ ਤੁਹਾਡਾ ਇੱਕ ਹੀ ਗੁਰੂ ਹੈ ਅਤੇ ਤੁਸੀਂ ਸਭ ਆਪਸ ਵਿੱਚ ਭਰਾ-ਭਰਾ ਹੋ। ਅਤੇ ਧਰਤੀ ਉੱਪਰ ਕਿਸੇ ਵੀ ਮਨੁੱਖ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਸਿਰਫ਼ ਇੱਕੋ ਹੀ ਪਿਤਾ ਹੈ, ਜੋ ਸਵਰਗ ਵਿੱਚ ਹੈ। 10 ਅਤੇ ਤੁਸੀਂ ਆਪਣੇ-ਆਪ ਨੂੰ ਮਾਲਕ ਵੀ ਨਹੀਂ ਕਹਾਉਣਾ ਕਿਉਂਕਿ ਤੁਹਾਡਾ ਸਭਨਾਂ ਦਾ ਮਾਲਕ ਵੀ ਇੱਕੋ ਭਾਵ ਮਸੀਹਾ ਹੈ। 11 ਜਿਹੜਾ ਮਨੁੱਖ ਤੁਹਾਡਾ ਸੇਵਕ ਬਣ ਤੁਹਾਡੀ ਸੇਵਾ ਕਰਦਾ ਹੈ, ਉਹ ਤੁਹਾਡੇ ਸਾਰਿਆਂ ਵਿੱਚੋਂ ਵੱਡਾ ਹੈ। 12 ਜਿਹੜਾ ਵਿਅਕਤੀ ਆਪਣੇ-ਆਪ ਨੂੰ ਮਹਾਨ ਸਮਝਦਾ ਦੀਨ ਬਣਾਇਆ ਜਾਵੇਗਾ ਅਤੇ ਜੋ ਕੋਈ ਆਪਣੇ-ਆਪ ਨੂੰ ਸਭ ਵਿੱਚੋਂ ਨੀਵਾਂ ਜਾਣੇਗਾ ਉਸ ਨੂੰ ਸਭ ਤੋਂ ਉੱਚਾ ਸਮਝਿਆ ਜਾਵੇਗਾ।

13 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ, ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ ਕਿਉਂਕਿ ਤੁਸੀਂ ਸਵਰਗ ਦੇ ਰਾਜ ਦੇ ਰਾਹ ਵਿੱਚ ਅੜਚਨਾ ਪੈਦਾ ਕਰਦੇ ਹੋ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਵੀ ਪ੍ਰਵੇਸ਼ ਨਹੀਂ ਕਰਨ ਦਿੰਦੇ ਜੋ ਕੋਸ਼ਿਸ਼ ਕਰ ਰਹੇ ਹਨ।” 14 [a]

15 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ, ਤੁਹਾਡੇ ਤੇ ਲਾਹਨਤ ਹੈ, ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਕਿਸੇ ਨੂੰ ਆਪਣੇ ਧਰਮ ਵਿੱਚ ਬਦਲਣ ਲਈ ਸਮੁੰਦਰ ਅਤੇ ਧਰਤੀ ਤੇ ਸਫ਼ਰ ਕਰਦੇ ਹੋ। ਅਤੇ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਬਦਲ ਦਿੰਦੇ ਹੋ, ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਦੁੱਗਣਾ ਬੁਰਾ ਬਣਾ ਦਿੰਦੇ ਹੋ। ਤੁਸੀਂ ਵੀ ਇੰਨੇ ਬੁਰੇ ਹੋ ਕਿ ਤੁਸੀਂ ਨਰਕ ਵਿੱਚ ਜਾਵੋਂਗੇ।

16 “ਹੇ ਅੰਨ੍ਹੇ ਰਾਹ ਨੁਮਾਓ, ਤੁਹਾਡੇ ਤੇ ਲਾਹਨਤ! ਤੁਸੀਂ ਆਖਦੇ ਹੋ, ‘ਜੇਕਰ ਕੋਈ ਮੰਦਰ ਦੀ ਸੌਂਹ ਖਾਵੇ ਇਸਦਾ ਕੋਈ ਅਰਥ ਨਹੀਂ ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸੌਂਹ ਖਾਵੇ, ਤਾਂ ਉਹ ਸੌਂਹ ਬੱਧ ਹੈ।’ 17 ਮੂਰੱਖੋ ਤੁਸੀਂ ਅੰਨ੍ਹੇ ਹੋ! ਕਿਹੜਾ ਵੱਡਾ ਹੈ? ਸੋਨਾ ਜਾਂ ਮੰਦਰ, ਜਿਹੜਾ ਕਿ ਸੋਨੇ ਨੂੰ ਵੀ ਪਵਿੱਤਰ ਬਣਾਉਦਾ ਹੈ।

18 “ਤੁਸੀਂ ਇਹ ਵੀ ਕਹਿੰਦੇ ਹੋ, ‘ਜੇਕਰ ਕੋਈ ਜੱਗਵੇਦੀ ਦੀ ਸੌਂਹ ਖਾਂਦਾ ਹੈ, ਇਸਦਾ ਕੋਈ ਅਰਥ ਨਹੀਂ, ਪਰ ਜੇਕਰ ਉਹ ਜਗਵੇਦੀ ਦੀ ਭੇਂਟ ਦੀ ਸੌਹ ਖਾਂਦਾ ਹੈ, ਤਾਂ ਉਹ ਸੌਂਹ ਬੱਧ ਹੈ।’ 19 ਤੁਸੀਂ ਅੰਨ੍ਹੇ ਹੋ! ਕਿਹੜੀ ਚੀਜ਼ ਵੱਡੀ ਹੈ: ਭੇਟ, ਜਾਂ ਜਗਵੇਦੀ, ਜੋ ਭੇਂਟ ਨੂੰ ਪਵਿੱਤਰ ਬਣਾਉਂਦੀ ਹੈ? 20 ਇਸ ਲਈ ਜੇਕਰ ਕੋਈ ਜਗਵੇਦੀ ਦੀ ਸੌਂਹ ਖਾਂਦਾ ਹੈ, ਉਹ ਜਗਵੇਦੀ ਅਤੇ ਉਸ ਉਪਰਲੀਆਂ ਸਭ ਵਸਤਾਂ ਦੀ ਸੌਂਹ ਖਾਂਦਾ ਹੈ। 21 ਜੇਕਰ ਕੋਈ ਮੰਦਰ ਦੀ ਸੌਂਹ ਖਾਂਦਾ ਹੈ, ਤਾਂ ਉਹ ਮੰਦਰ ਦੀ ਅਤੇ ਉਸਦੀ ਸੌਂਹ ਖਾਂਦਾ ਜੋ ਉਸ ਵਿੱਚ ਰਹਿੰਦਾ ਹੈ। 22 ਜੇਕਰ ਕੋਈ ਸਵਰਗ ਦੀ ਸੌਂਹ ਖਾਂਦਾ ਹੈ ਸੋ ਪਰਮੇਸ਼ੁਰ ਦੇ ਸਿੰਘਾਸਨ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸੌਂਹ ਖਾਂਦਾ ਹੈ।

23 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਪਰ ਤੁਸੀਂ ਸ਼ਰ੍ਹਾ ਦੇ ਵੱਧ ਮਹੱਤਵ ਪੂਰਣ ਉਪਦੇਸ਼ਾਂ ਨੂੰ ਮੰਨਣ ਤੋਂ ਅਣਗਹਿਲੀ ਕਰਦੇ ਹੋ, ਜੋ ਨਿਆਂ, ਦਇਆ, ਅਤੇ ਵਫ਼ਾਦਾਰੀ ਹਨ। ਇਹ ਮਹੱਤਵਪੂਰਣ ਹੈ ਕਿ ਤੁਸੀਂ ਦੂਜੇ ਅਸੂਲਾਂ ਦੀ ਅਣਗਹਿਲੀ ਕੀਤੇ ਬਿਨਾ ਇਨ੍ਹਾਂ ਗੱਲਾਂ ਤੇ ਵੀ ਅਮਲ ਕਰੋ। 24 ਤੁਸੀਂ ਅੰਨ੍ਹੇ ਆਗੂ ਹੋ! ਤੁਸੀਂ ਉਹ ਹੋ ਜੋ ਮਛਰ-ਮਖੀ ਤਾਂ ਪੁਣ ਲੈਂਦੇ ਹਨ ਪਰ ਊਠ ਨੂੰ ਨਿਗਲ ਜਾਂਦੇ ਹਨ।

25 “ਤੁਹਾਡੇ ਤੇ ਲਾਹਨਤ ਹੈ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ। ਤੁਸੀਂ ਕਪਟੀ ਹੋ। ਤੁਸੀਂ ਆਪਣੇ ਕਟੋਰੇ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ। ਪਰ ਅੰਦਰਲੇ ਪਾਸੇ, ਉਨ੍ਹਾਂ ਗੱਲਾਂ ਨਾਲ ਭਰੇ ਹੋਏ ਹੋ ਜਿਹੜੀਆਂ ਤੁਸੀਂ ਦੂਜਿਆਂ ਨਾਲ ਦਗਾਬਾਜ਼ੀ ਕਰਕੇ ਅਤੇ ਆਪਣੇ-ਆਪ ਨੂੰ ਪ੍ਰਸੰਨ ਕਰਕੇ ਪ੍ਰਾਪਤ ਕੀਤੀਆਂ ਹਨ। 26 ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ।

27 “ਤੁਹਾਡੇ ਤੇ ਲਾਹਨਤ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਤੁਸੀਂ ਕਲੀ ਕੀਤੀਆਂ ਕਬਰਾਂ ਵਾਂਗ ਹੋ, ਜੋ ਬਾਹਰੋਂ ਸੋਹਣੀਆਂ ਦਿਸਦੀਆਂ ਹਨ ਪਰ ਜੋ ਅੰਦਰੋਂ ਮੁਰਦਾ ਲੋਕਾਂ ਦੀਆਂ ਹੱਡੀਆਂ ਅਤੇ ਹੋਰ ਅਣਧੋਤੀਆਂ ਚੀਜ਼ਾਂ ਨਾਲ ਭਰੀਆਂ ਹੋਈਆਂ ਹਨ।” 28 ਤੁਸੀਂ ਵੀ ਉਵੇਂ ਹੀ ਹੋ। ਤੁਸੀਂ ਬਾਹਰੋਂ ਚੰਗੇ ਮਨੁੱਖਾਂ ਵਾਂਗ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟਤਾ ਅਤੇ ਦੁਸ਼ਟਤਾ ਨਾਲ ਭਰੇ ਹੋਏ ਹੋ।

29 “ਤੁਹਾਡੇ ਤੇ ਲਾਹਨਤ ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਕਿਉਂ ਜੋ ਤੁਸੀਂ ਨਬੀਆਂ ਲਈ ਕਬਰਾਂ ਬਨਾਉਂਦੇ ਹੋ ਅਤੇ ਧਰਮੀ ਲੋਕਾਂ ਦੀਆਂ ਕਬਰਾਂ ਦਾ ਸਤਿਕਾਰ ਕਰਦੇ ਹੋ। 30 ਤੁਸੀਂ ਆਖਦੇ ਹੋ, ‘ਜੇਕਰ ਅਸੀਂ ਆਪਣੇ ਬਜ਼ੁਰਗਾਂ ਦੇ ਸਮਿਆਂ ਵਿੱਚ ਜਿਉਂਦੇ ਹੁੰਦੇ, ਤਾਂ ਅਸੀਂ ਉਨ੍ਹਾਂ ਦੀ ਇਨ੍ਹਾਂ ਨਬੀਆਂ ਨੂੰ ਮਾਰਨ ਵਿੱਚ ਸਹਾਇਤਾ ਨਾ ਕੀਤੀ ਹੁੰਦੀ।’ 31 ਇਸ ਲਈ ਤੁਸੀਂ ਵੀ ਗਵਾਹੀ ਦਿੰਦੇ ਹੋ ਕਿ ਤੁਸੀਂ ਉਨ੍ਹਾਂ ਦੇ ਬੱਚੇ ਹੋ ਜਿਨ੍ਹਾਂ ਨੇ ਨਬੀਆਂ ਦੀ ਹੱਤਿਆ ਕੀਤੀ। 32 ਅਤੇ ਜਿਹੜੇ ਪਾਪ ਤੁਹਾਡੇ ਪਿਉ-ਦਾਦਿਆਂ ਨੇ ਸ਼ੁਰੂ ਕੀਤੇ ਸਨ ਤੁਸੀਂ ਉਨ੍ਹਾਂ ਨੂੰ ਪੂਰਾ ਕਰੋਂਗੇ।

33 “ਤੁਸੀਂ ਸੱਪ ਹੋ! ਹੇ ਸਪਾਂ ਦੇ ਬਚਿਓ! ਤੁਸੀਂ ਪਰਮੇਸ਼ੁਰ ਦੇ ਨਿਆਂੇ ਤੋਂ ਕਿਵੇਂ ਬਚੋਂਗੇ, ਜੋ ਕਿ ਤੁਹਾਨੂੰ ਨਰਕ ਨੂੰ ਭੇਜੇਗਾ? 34 ਇਸ ਲਈ ਵੇਖੋ ਮੈਂ ਨਬੀਆਂ, ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ! ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਵੋਂਗੇ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਸਲੀਬ ਦੇ ਦਿਉਂਗੇ, ਕਈਆਂ ਨੂੰ ਤੁਸੀਂ ਆਪਣੇ ਪ੍ਰਾਰਥਨਾ-ਸਥਾਨਾਂ ਵਿੱਚ ਕੋੜੇ ਮਾਰੋਂਗੇ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਦਾ ਪਿੱਛਾ ਕਰੋਂਗੇ।

35 “ਹਾਂ, ਤੁਸੀਂ ਧਰਮੀ ਹਾਬਲ ਦੇ ਸਮੇਂ ਤੋਂ ਲੈ ਕੇ ਜ਼ਕਰਯਾਹ ਤੱਕ ਸਾਰੇ ਧਰਮੀ ਲੋਕਾਂ ਦੇ ਕਤਲ ਦੇ ਦੋਸ਼ੀ ਹੋਵੋਂਗੇ। ਬਕਰਯਾਹ ਦਾ ਪੁੱਤਰ ਜ਼ਕਰਯਾਹ ਮੰਦਰ ਅਤੇ ਜਗਵੇਦੀ ਦੇ ਵਿੱਚਕਾਰ ਮਾਰਿਆ ਗਿਆ ਸੀ। 36 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਅਪਰਾਧ ਇਸ ਪੀੜ੍ਹੀ ਦੇ ਲੋਕਾਂ ਉਪਰ ਆਵੇਗਾ।

ਯਿਸੂ ਵੱਲੋਂ ਯਰੂਸ਼ਲਮ ਦੇ ਲੋਕਾਂ ਨੂੰ ਚਿਤਾਵਨੀ(B)

37 “ਹੇ ਯਰੂਸ਼ਲਮ, ਯਰੂਸ਼ਲਮ ਤੂੰ ਹੀ ਉਹ ਸ਼ਹਿਰ ਹੈਂ ਜੋ ਨਬੀਆਂ ਨੂੰ ਕਤਲ ਕਰਦਾ ਹੈ, ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੂੰ ਇਉਂ ਨਹੀਂ ਚਾਹੁੰਦਾ। 38 ਵੇਖ, ਤੇਰਾ ਘਰ ਬਿਲਕੁਲ ਸਖਣਾ ਛੱਡ ਦਿੱਤਾ ਜਾਵੇਗਾ। 39 ਮੈਂ ਤੈਨੂੰ ਦੱਸ ਰਿਹਾ ਹਾਂ ਕਿ ਤੂੰ ਮੈਨੂੰ ਇਸਤੋਂ ਬਾਦ ਫ਼ਿਰ ਨਹੀਂ ਵੇਖੇਂਗਾ ਤਦ ਤੱਕ ਜਦ ਸਭ ਇਹ ਨਹੀਂ ਕਹਿਣਗੇ ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।” [b]

ਲੂਕਾ 20-21

ਪਰਤਾਵੇ ਲਈ ਪ੍ਰਸ਼ਨ(A)

20 ਇੱਕ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਲੋਕਾਂ ਸਾਹਮਣੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਬੋਲਿਆ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਯਿਸੂ ਨਾਲ ਗੱਲ ਬਾਤ ਕਰਨ ਲਈ ਆਏ। ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?”

ਯਿਸੂ ਨੇ ਆਖਿਆ, “ਮੈਂ ਵੀ ਤੁਹਾਨੂੰ ਇੱਕ ਸਵਾਲ ਕਰਦਾ ਹਾਂ। ਤੁਸੀਂ ਮੈਨੂੰ ਦੱਸੋ; ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਕੀ ਸੁਰਗ ਵੱਲੋਂ ਸੀ ਜਾਂ ਲੋਕਾਂ ਵੱਲੋਂ?”

ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਯਹੂਦੀ ਆਗੂਆਂ, ਸਭ ਨੇ ਇਸ ਬਾਰੇ ਚਰਚਾ ਕੀਤੀ ਅਤੇ ਇੱਕ ਦੂਜੇ ਨੂੰ ਕਿਹਾ, “ਜੇਕਰ ਅਸੀਂ ਕਿਹਾ ਕਿ ‘ਯੂਹੰਨਾ ਦਾ ਬਪਤਿਸਮਾ, ਪਰਮੇਸ਼ੁਰ ਵੱਲੋਂ ਸੀ ਤਾਂ ਉਹ ਆਖੇਗਾ ਕਿ ਫਿਰ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ ਪਰ ਜੇਕਰ ਅਸੀਂ ਆਖਦੇ ਹਾਂ ਕਿ, ਯੂਹੰਨਾ ਦਾ ਬਪਤਿਸਮਾ ਲੋਕਾਂ ਵੱਲੋਂ ਸੀ।’ ਤਾਂ ਸਾਰੇ ਲੋਕ ਸਾਨੂੰ ਇਹ ਸੁਣਕੇ ਪੱਥਰਾਂ ਨਾਲ ਮਾਰ ਸੁੱਟਣਗੇ ਕਿਉਂਕਿ ਉਹ ਇਹੀ ਵਿਸ਼ਵਾਸ ਰੱਖਦੇ ਹਨ ਕਿ ਯੂਹੰਨਾ ਇੱਕ ਨਬੀ ਸੀ।” ਇਸ ਲਈ ਉਨ੍ਹਾਂ ਨੇ ਆਖਿਆ, “ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।”

ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਇਹ ਸਭ ਕਰਨ ਲਈ ਮੈਂ ਕਿਹੜਾ ਅਧਿਕਾਰ ਇਸਤੇਮਾਲ ਕਰਦਾ ਹਾਂ?”

ਪਰਮੇਸ਼ੁਰ ਆਪਣਾ ਪੁੱਤਰ ਭੇਜਦਾ(B)

ਫਿਰ ਯਿਸੂ ਨੇ ਲੋਕਾਂ ਨੂੰ ਇਹ ਉਦਾਹਰਣ ਦਿੱਤੀ: “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਠੇਕੇ ਤੇ ਦੇ ਦਿੱਤਾ, ਅਤੇ ਲੰਬੇ ਸਮੇਂ ਲਈ ਕਿਸੇ ਦੂਰ ਦੇਸ਼ ਨੂੰ ਚੱਲਿਆ ਗਿਆ। 10 ਸਮਾਂ ਆਉਣ ਤੇ ਰੁੱਤ ਸਿਰ ਉਸ ਨੇ ਇੱਕ ਨੌਕਰ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਸ ਨੂੰ ਅੰਗੂਰਾਂ ਵਿੱਚੋਂ ਉਸਦਾ ਬਣਦਾ ਹਿੱਸਾ ਦੇਣ। ਪਰ ਕਿਸਾਨਾਂ ਨੇ ਨੌਕਰ ਨੂੰ ਕੁੱਟਿਆ ਅਤੇ ਉਸ ਨੂੰ ਖਾਲੀ ਹੱਥੀਂ ਵਾਪਸ ਭੇਜ ਦਿੱਤਾ। 11 ਤਾਂ ਫ਼ਿਰ ਉਸ ਮਨੁੱਖ ਨੇ ਉਨ੍ਹਾਂ ਕੋਲ ਆਪਣਾ ਦੂਜਾ ਨੌਕਰ ਭੇਜਿਆ। ਉਨ੍ਹਾਂ ਨੇ ਇਸ ਨੂੰ ਵੀ ਕੁਟਿਆ ਅਤੇ ਬੇਇੱਜ਼ਤ ਕਰਕੇ ਉਸ ਨੂੰ ਖਾਲੀ ਹੱਥੀ ਭੇਜ ਦਿੱਤਾ। 12 ਫ਼ੇਰ ਉਸ ਆਦਮੀ ਨੇ ਕਿਸਾਨਾਂ ਕੋਲ ਇੱਕ ਤੀਜਾ ਨੌਕਰ ਭੇਜਿਆ। ਉਨ੍ਹਾਂ ਨੇ ਉਸ ਨੂੰ ਕੁਟਿਆ ਅਤੇ ਜ਼ਖਮੀ ਕਰਕੇ ਉਸ ਨੂੰ ਬਾਹਰ ਸੁੱਟ ਦਿੱਤਾ।

13 “ਉਸ ਖੇਤ ਦੇ ਮਾਲਕ ਨੇ ਸੋਚਿਆ, ‘ਮੈਂ ਹੁਣ ਕੀ ਕਰਾਂ? ਮੈਂ ਹੁਣ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ। ਇਹ ਕਿਸਾਨ ਮੇਰੇ ਪੁੱਤਰ ਨੂੰ ਇੱਜ਼ਤ ਦੇਣਗੇ!’ 14 ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਆਉਂਦਾ ਵੇਖਿਆ ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, ‘ਇਹ ਮਾਲਕ ਦਾ ਪੁੱਤਰ ਹੈ ਜੋ ਕਿ ਇਸ ਅੰਗੂਰਾਂ ਦੇ ਬਾਗ ਦਾ ਵਾਰਸ ਹੈ, ਆਓ ਇਸ ਨੂੰ ਮਾਰ ਦੇਈਏ ਤਾਂ ਜੋ ਇਹ ਅੰਗੂਰਾਂ ਦਾ ਬਾਗ ਸਾਡਾ ਹੋ ਜਾਵੇਗਾ।’ 15 ਇਸ ਲਈ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਮਾਰ ਦਿੱਤਾ।

“ਤਾਂ ਹੁਣ ਅੰਗੂਰਾਂ ਦੇ ਬਾਗ ਦਾ ਮਾਲਕ ਕੀ ਕਰੇਗਾ? 16 ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਨੂੰ ਮਾਰ ਦੇਵੇਗਾ। ਅਤੇ ਅੰਗੂਰਾਂ ਦੇ ਬਾਗ ਨੂੰ ਦੂਸਰੇ ਕਿਸਾਨਾਂ ਨੂੰ ਠੇਕੇ ਤੇ ਦੇ ਦੇਵੇਗਾ।” ਜਦੋਂ ਲੋਕਾਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਆਖਣ ਲੱਗੇ, “ਰੱਬ ਨਾ ਕਰੇ ਕਿ ਅਜਿਹਾ ਹੋਵੇ।” 17 ਪਰ ਯਿਸੂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਝਾਕਿਆ ਅਤੇ ਆਖਿਆ, “ਤਾਂ ਫ਼ੇਰ ਇਸ ਲਿਖਤ ਦਾ ਕੀ ਅਰਥ:

‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕੀਤਾ
    ਉਹ ਖੂੰਜੇ ਦਾ ਪੱਥਰ ਬਣ ਗਿਆ।’ (C)

18 ਹਰ ਕੋਈ ਜੋ ਉਸ ਪੱਥਰ ਤੇ ਡਿੱਗੇਗਾ ਟੁਕੜੇ-ਟੁਕੜੇ ਹੋ ਜਾਵੇਗਾ। ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ ਉਹ ਕੁਚੱਲਿਆ ਜਾਵੇਗਾ।”

19 ਯਹੂਦੀ ਆਗੂਆਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਅਤੇ ਮਹਿਸੂਸ ਕੀਤਾ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਕਿਹਾ ਗਿਆ ਸੀ। ਇਸ ਲਈ ਉਹ ਉਸ ਨੂੰ ਉਸ ਵੇਲੇ ਫੜਨਾ ਚਾਹੁੰਦੇ ਸਨ ਪਰ ਉਹ ਲੋਕਾਂ ਕੋਲੋਂ ਡਰਦੇ ਸਨ ਉਹ ਖਬਰੇ ਕੀ ਕਰਨਗੇ?

ਯਹੂਦੀ ਆਗੂਆਂ ਨੇ ਯਿਸੂ ਨਾਲ ਚਾਲ ਖੇਡੀ(D)

20 ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ੜਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸੱਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ। 21 ਤਾਂ ਇਨ੍ਹਾਂ ਆਦਮੀਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਅਤੇ ਉਪਦੇਸ਼ ਦਿੰਦੇ ਹੋ ਉਹ ਸਹੀ ਹੈ ਤੁਸੀਂ ਕਿਸੇ ਦੀ ਵੀ ਤਰਫ਼ਦਾਰੀ ਨਹੀਂ ਕਰਦੇ ਸਗੋਂ ਪਰਮੇਸ਼ੁਰ ਦੇ ਮਾਰਗ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। 22 ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੈਸਰ ਨੂੰ ਮਸੂਲ ਦੇਣਾ ਠੀਕ ਹੈ ਕਿ ਗਲਤ?”

23 ਪਰ ਯਿਸੂ ਜਾਣਦਾ ਸੀ ਕਿ ਇਹ ਆਦਮੀ ਉਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, 24 “ਮੈਨੂੰ ਇੱਕ ਸਿੱਕਾ ਦਿਖਾਵੋ? ਅਤੇ ਇਹ ਦੱਸੋ ਕਿ ਇਸ ਉੱਪਰ ਕਿਸਦਾ ਨਾਮ ਅਤੇ ਤਸਵੀਰ ਹੈ?”

ਉਨ੍ਹਾਂ ਕਿਹਾ, “ਇਹ ਕੈਸਰ ਦੀ ਹੈ।”

25 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।”

26 ਲੋਕ ਉਸ ਦੇ ਇੰਨੇ ਬੁੱਧੀਮਾਨ ਜਵਾਬ ਤੇ ਹੈਰਾਨ ਰਹਿ ਗਏ ਅਤੇ ਕੁਝ ਨਾ ਆਖ ਸੱਕੇ। ਉਹ ਭੀੜ ਅੱਗੇ ਯਿਸੂ ਦੀਆਂ ਗੱਲਾਂ ਵਿੱਚੋਂ ਕੋਈ ਗਲਤੀ ਲੱਭਣ ਵਿੱਚ ਅਸਮਰਥ ਸਨ।

ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਖੇਡੀ(E)

27 ਕੁਝ ਸਦੂਕੀ ਯਿਸੂ ਕੋਲ ਆਏ। ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਪੁਨਰ ਉੱਥਾਨ ਹੈ। 28 ਉਨ੍ਹਾਂ ਉਸ ਨੂੰ ਪੁੱਛਿਆ, “ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਮਰਦ ਬਿਨ ਔਲਾਦ ਮਰ ਜਾਵੇ, ਤਾਂ ਉਸ ਦੇ ਭਰਾ ਨੂੰ ਉਸਦੀ ਔਰਤ ਨਾਲ ਵਿਆਹ ਕਰਾ ਲੈਣਾ ਚਾਹੀਦਾ ਹੈ। [a] ਤਾਂ ਜੋ ਉਹ ਮਰੇ ਹੋਏ ਭਰਾ ਵਾਸਤੇ ਸੰਤਾਨ ਪੈਦਾ ਕਰ ਸੱਕੇ। 29 ਇੱਕ ਵਾਰ ਸੱਤ ਭਰਾ ਸਨ। ਪਹਿਲੇ ਭਰਾ ਨੇ ਜੋ ਸਭ ਤੋਂ ਵੱਡਾ ਸੀ, ਇੱਕ ਔਰਤ ਨਾਲ ਵਿਆਹ ਕਰਵਾਇਆ ਪਰ ਉਹ ਮਰ ਗਿਆ, ਉਸ ਦੇ ਕੋਈ ਉਲਾਦ ਨਾ ਹੋਈ। 30 ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਪਰ ਉਹ ਵੀ ਮਰ ਗਿਆ। 31 ਉਸ ਦੇ ਤੀਜੇ ਭਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਪਰ ਉਹ ਵੀ ਮਰ ਗਿਆ। ਇੰਝ ਹੀ ਸੱਤਾਂ ਭਰਾਵਾਂ ਨਾਲ ਵਾਪਰਿਆ। ਵਾਰੀ-ਵਾਰੀ ਉਨ੍ਹਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਹ ਸਾਰੇ ਦੇ ਸਾਰੇ ਹੀ ਬਿਨ ਔਲਾਦ ਹੀ ਮਰ ਗਏ। 32 ਅੰਤ ਵਿੱਚ, ਔਰਤ ਵੀ ਮਰ ਗਈ। ਪਰ ਉਨ੍ਹਾਂ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, 33 ਹੁਣ, ਪੁਨਰ ਉੱਥਾਨ ਦੇ ਦਿਨ, ਉਹ ਕਿਸ ਦੀ ਵਹੁਟੀ ਹੋਵੇਗੀ, ਕਿਉਂਕਿ ਸੱਤਾਂ ਹੀ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ?”

34 ਯਿਸੂ ਨੇ ਸਦੂਕੀਆਂ ਨੂੰ ਕਿਹਾ, “ਧਰਤੀ ਤੇ ਲੋਕਾਂ ਦਾ ਵਿਆਹ ਇੱਕ ਦੂਜੇ ਨਾਲ ਹੁੰਦਾ ਹੈ। 35 ਪਰ ਉਹ ਲੋਕ ਜਿਹੜੇ ਮੁਰਦਿਆਂ ਵਿੱਚੋਂ ਜੀਅ ਉੱਠਦੇ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ। 36 ਅਤੇ ਉਹ ਹੋਰ ਨਹੀਂ ਮਰ ਸੱਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉੱਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ। 37 ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਜੀਅ ਉੱਠਣਗੇ। ਉਸ ਨੇ ਅਜਿਹਾ ਮਚਦੀ ਹੋਈ ਝਾੜੀ [b] ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸ ਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ। 38 ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਉਸ ਲਈ ਸਭ ਲੋਕ ਜੀਵਿਤ ਹਨ।”

39 ਕੁਝ ਨੇਮ ਦੇ ਉਪਦੇਸ਼ਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਸਹੀ ਆਖਿਆ ਹੈ।” 40 ਉਸ ਵੇਲੇ ਤੋਂ, ਕੋਈ ਵੀ ਇੰਨਾ ਨਿੱਡਰ ਨਹੀਂ ਸੀ ਕਿ ਉਸ ਨੂੰ ਕੋਈ ਹੋਰ ਸਵਾਲ ਕਰ ਸੱਕੇ।

ਕੀ ਮਸੀਹ ਦਾਊਦ ਦਾ ਪੁੱਤਰ ਹੈ?(F)

41 ਤਦ ਯਿਸੂ ਨੇ ਆਖਿਆ, “ਲੋਕ ਇਹ ਕਿਉਂ ਆਖਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 42 ਜ਼ਬੂਰਾਂ ਦੀ ਪੁਸਤਕ ਵਿੱਚ ਦਾਊਦ ਖੁਦ ਕਹਿੰਦਾ ਹੈ:

‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਪਾਸੇ ਬੈਠ’
43     ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ।’ (G)

44 ਇਸ ਲਈ ਜਦੋਂ ਦਾਊਦ ਮਸੀਹ ਨੂੰ ‘ਪ੍ਰਭੂ’ ਬੁਲਾਉਦਾ ਹੈ। ਫ਼ੇਰ ਯਿਸੂ ਦਾਊਦ ਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”

ਯਿਸੂ ਨੇਮ ਦੇ ਉਪਦੇਸ਼ਕਾਂ ਬਾਰੇ ਖਬਰਦਾਰ ਕਰਦਾ(H)

45 ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 46 “ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹੜੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਅਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ। 47 ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਨੂੰ ਵੱਧੇਰੇ ਸਜਾ ਮਿਲੇਗੀ।”

ਸੱਚੀ ਦੇਣ(I)

21 ਯਿਸੂ ਨੇ ਕੁਝ ਅਮੀਰ ਆਦਮੀਆਂ ਨੂੰ ਮੰਦਰ ਦੇ ਗੋਲਕ ਵਿੱਚ ਆਪਣਾ ਪੈਸਾ ਪਾਉਂਦਿਆਂ ਵੇਖਿਆ। ਤਦ ਉਸ ਨੇ ਇੱਕ ਗਰੀਬ ਵਿਧਵਾ ਵੇਖੀ। ਉਸ ਨੇ ਤਾਂਬੇ ਦੇ ਦੋ ਸਿੱਕੇ ਗੋਲਕ ਵਿੱਚ ਪਾਏ। ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਭਾਵੇਂ ਇਸ ਔਰਤ ਨੇ ਦੋ ਛੋਟੇ ਸਿੱਕੇ ਪਾਏ ਹਨ, ਅਸਲ ਵਿੱਚ ਉਸ ਨੇ ਅਮੀਰ ਲੋਕਾਂ ਨਾਲੋਂ ਵੱਧ ਪਾਇਆ ਹੈ। ਅਮੀਰ ਲੋਕਾਂ ਕੋਲ ਬਹੁਤ ਅਧਿਕ ਧਨ ਹੈ। ਉਨ੍ਹਾਂ ਨੇ ਸਿਰਫ਼ ਉਹ ਦਿੱਤਾ ਜੋ ਉਨ੍ਹਾਂ ਨੂੰ ਲੋੜੀਦਾ ਨਹੀਂ ਸੀ। ਇਹ ਔਰਤ ਬਹੁਤ ਗਰੀਬ ਹੈ, ਪਰ ਜੋ ਕੁਝ ਇਸ ਕੋਲ ਸੀ ਉਸ ਨੇ ਸਭ ਦੇ ਦਿੱਤਾ ਜਦ ਕਿ ਇਹ ਪੈਸੇ ਉਸ ਨੂੰ ਜਿਉਣ ਵਾਸਤੇ ਚਾਹੀਦੇ ਸਨ।”

ਮੰਦਰ ਦੀ ਤਬਾਹੀ(J)

ਕੁਝ ਚੇਲੇ ਆਪਸ ਵਿੱਚ ਮੰਦਰ ਬਾਰੇ ਗੱਲਾਂ ਕਰਦੇ ਹੋਏ ਕਹਿ ਰਹੇ ਸਨ, “ਇਹ ਬੜਾ ਖੂਬਸੂਰਤ ਮੰਦਰ ਹੈ, ਜੋ ਕਿ ਸਭ ਤੋਂ ਵੱਧੀਆ ਪੱਥਰਾਂ ਦਾ ਬਣਿਆ ਹੋਇਆ ਹੈ। ਵੇਖੋ, ਇਸ ਮੰਦਰ ਨੂੰ ਸਜਾਉਣ ਵਾਸਤੇ ਕਿੰਨੇ ਤੋਹਫ਼ੇ ਭੇਂਟ ਕੀਤੇ ਗਏ ਹਨ।”

ਪਰ ਯਿਸੂ ਨੇ ਕਿਹਾ, “ਇੱਕ ਸਮਾਂ ਆਵੇਗਾ ਜਦੋਂ ਤੁਸੀਂ ਵੇਖੋਂਗੇ ਕਿ ਜੋ ਕੁਝ ਵੀ ਇੱਥੇ ਦਿਸ ਰਿਹਾ ਹੈ ਸਭ ਨਸ਼ਟ ਹੋ ਜਾਵੇਗਾ। ਇਸ ਮੰਦਰ ਦੇ ਹਰ ਪੱਥਰ ਨੂੰ ਥੱਲੇ ਧਰਤੀ ਤੇ ਸੁੱਟਿਆ ਜਾਵੇਗਾ। ਇੱਕ ਵੀ ਪੱਥਰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹੇਗਾ।”

ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ? ਕਿਹੜਾ ਨਿਸ਼ਾਨ ਵਿਖਾਵੇਗਾ ਕਿ ਇਹ ਇਨ੍ਹਾਂ ਗੱਲਾਂ ਦੇ ਹੋਣ ਦਾ ਸਮਾਂ ਹੈ?”

ਯਿਸੂ ਨੇ ਕਿਹਾ, “ਸਾਵੱਧਾਨ ਰਹੋ! ਤਾਂ ਜੋ ਕੋਈ ਵੀ ਤੁਹਾਨੂੰ ਮੂਰਖ ਨਾ ਬਣਾ ਸੱਕੇ। ਬਹੁਤ ਸਾਰੇ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹ ਹਾਂ’, ਅਤੇ ‘ਸਹੀ ਵਕਤ ਆ ਗਿਆ ਹੈ!’ ਪਰ ਉਨ੍ਹਾਂ ਦੇ ਪਿੱਛੇ ਨਾ ਲੱਗਿਓ। ਪਰ ਜਦੋਂ ਤੁਸੀਂ ਲੜਾਈਆਂ ਅਤੇ ਦੰਗਿਆਂ ਬਾਰੇ ਸੁਣੋ ਤਾਂ ਡਰਿਓ ਨਾ। ਇਹ ਸਭ ਕੁਝ ਪਹਿਲੋਂ ਹੋਣਾ ਹੈ, ਪਰ ਅੰਤ ਬਾਦ ਵਿੱਚ ਆਵੇਗਾ।”

10 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੌਮਾਂ ਇੱਕ ਦੂਸਰੇ ਦੇ ਖਿਲਾਫ਼ ਯੁੱਧ ਕਰਨਗੀਆਂ, ਅਤੇ ਰਾਜ ਇੱਕ ਦੂਸਰੇ ਦੇ ਖਿਲਾਫ਼ ਯੁੱਧ ਕਰਨਗੇ। 11 ਇੱਥੇ ਬਹੁਤ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ ਅਤੇ ਵੱਖ-ਵੱਖ ਥਾਵਾਂ ਤੇ ਮਹਾਮਾਰੀ ਪਵੇਗੀ, ਕੁਝ ਡਰਾਉਣੀਆਂ ਗੱਲਾਂ ਵਾਪਰਨਗੀਆਂ ਕੁਝ ਮਹਾਨ ਨਿਸ਼ਾਨ ਲੋਕਾਂ ਨੂੰ ਚੇਤਾਵਨੀ ਦੇਣ ਲਈ ਅਕਾਸ਼ ਤੋਂ ਆਉਣਗੇ।

12 “ਪਰ ਇਹ ਸਭ ਗੱਲਾਂ ਵਾਪਰਨ ਤੋਂ ਪਹਿਲਾਂ, ਤੁਸੀਂ ਗਿਰਫ਼ਤਾਰ ਕੀਤੇ ਜਾਵੋਂਗੇ ਅਤੇ ਤੁਹਾਨੂੰ ਤਸੀਹੇ ਦਿੱਤੇ ਜਾਣਗੇ। ਲੋਕ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਡਾ ਨਿਰਨਾ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ। ਤੁਹਾਨੂੰ ਮੇਰੇ ਕਾਰਣ ਰਾਜਿਆਂ ਅਤੇ ਰਾਜਪਾਲਾਂ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾਵੇਗਾ। 13 ਇਹ ਸਭ ਗੱਲਾਂ ਮੇਰੇ ਬਾਰੇ ਗਵਾਹੀ ਦੇਣ ਲਈ ਤੁਹਾਨੂੰ ਅਵਸਰ ਦੇਣਗੀਆਂ। 14 ਪਰ ਆਪਣੇ ਮਨਾਂ ਨੂੰ ਪੱਕਿਆਂ ਕਰੋ ਪਹਿਲਾਂ ਤੋਂ ਹੀ ਇਸ ਗੱਲੋਂ ਨਾ ਘਬਰਾਓ ਕਿ ਤੁਹਾਨੂੰ ਖੁਦ ਦੀ ਰੱਖਿਆ ਕਰਨ ਲਈ ਕੀ ਆਖਣਾ ਚਾਹੀਦਾ ਹੈ। 15 ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸੱਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸੱਕੇ। 16 ਇੱਥੋਂ ਤੱਕ ਕਿ ਤੁਹਾਡੇ ਮਾਂ-ਬਾਪ, ਭਰਾ, ਰਿਸ਼ਤੇਦਾਰ, ਦੋਸਤ ਤੁਹਾਡਾ ਵਿਰੋਧ ਕਰਨਗੇ। ਉਹ ਤੁਹਾਡੇ ਵਿੱਚੋਂ ਕਈਆਂ ਨੂੰ ਮਾਰ ਵੀ ਦੇਣਗੇ। 17 ਸਭ ਲੋਕ ਤੁਹਾਨੂੰ ਨਫਰਤ ਕਰਨਗੇ ਕਿਉਂਕਿ ਤੁਸੀਂ ਮੇਰੇ ਪਿੱਛੇ ਤੁਰੇ। 18 ਪਰ ਇਹ ਸਭ ਚੀਜਾਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸੱਕਦੀਆਂ। 19 ਤੁਸੀਂ ਆਪਣੇ ਵਿਸ਼ਵਾਸ ਵਿੱਚ ਤਕੜੇ ਰਹਿਕੇ ਆਪਣੇ-ਆਪ ਨੂੰ ਬਚਾ ਲਵੋਂਗੇ।

ਯਰੂਸ਼ਲਮ ਦਾ ਨਾਸ਼(K)

20 “ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ। 21 ਉਸ ਵੇਲੇ, ਉਹ ਜਿਹੜੇ ਯਹੂਦਿਯਾ ਵਿੱਚ ਹਨ, ਪਹਾੜਾਂ ਵੱਲ ਫ਼ਰਾਰ ਹੋ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ, ਜਿਹੜੇ ਯਰੂਸ਼ਲਮ ਵਿੱਚ ਹਨ ਉੱਥੋਂ ਭੱਜ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਹਿਰ ਦੇ ਕੋਲ ਹੋਵੋ ਤਾਂ ਅੰਦਰ ਨਾ ਵੜੋ। 22 ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ। 23 “ਇਹ ਸਮਾਂ ਗਰਭਵਤੀ ਔਰਤਾਂ ਵਾਸਤੇ ਬੜਾ ਵਿਕਰਾਲ ਹੋਵੇਗਾ, ਅਤੇ ਉਨ੍ਹਾਂ ਮਾਵਾਂ ਵਾਸਤੇ ਵੀ, ਜਿਨ੍ਹਾਂ ਕੋਲ ਦੁੱਧ ਪੀਂਦੇ ਨਿਆਣੇ ਹਨ। ਕਿਉਂਕਿ ਇਸ ਧਰਤੀ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। ਪਰਮੇਸ਼ੁਰ ਇਨ੍ਹਾਂ ਲੋਕਾਂ ਨਾਲ ਬੜੇ ਕਰੋਧ ਵਿੱਚ ਹੋਵੇਗਾ। 24 ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।

ਘਬਰਾਉਣਾ ਨਹੀਂ(L)

25 “ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉੱਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ। 26 ਲੋਕ ਘਬਰਾ ਜਾਣਗੇ ਅਤੇ ਉਹ ਇਸ ਗੱਲੋਂ ਚਿੰਤਿਤ ਹੋਣਗੇ ਕਿ ਦੁਨੀਆ ਦਾ ਕੀ ਬਣੇਗਾ ਹਰ ਚੀਜ਼ ਅਕਾਸ਼ ਵਿੱਚ ਬਦਲ ਜਾਵੇਗੀ। 27 ਫ਼ਿਰ ਲੋਕ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28 ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣ, ਖੜ੍ਹੇ ਹੋਵੋ ਅਤੇ ਹੌਂਸਲਾ ਰੱਖੋ, ਕਿਉਂਕਿ ਤੁਹਾਡੇ ਛੁਟਕਾਰੇ ਦਾ ਸਮਾਂ ਨੇੜੇ ਹੈ।”

ਮੇਰੇ ਸ਼ਬਦ ਹਮੇਸ਼ਾ ਲਈ ਰਹਿਣਗੇ(M)

29 ਤਦ ਯਿਸੂ ਨੇ ਇਹ ਦ੍ਰਿਸ਼ਟਾਂਤ ਕਹੀ, “ਅੰਜੀਰ ਦੇ ਰੁੱਖ ਨੂੰ ਅਤੇ ਸਾਰੇ ਰੁੱਖਾਂ ਨੂੰ ਵੇਖੋ। ਅੰਜੀਰ ਦਾ ਰੁੱਖ ਇੱਕ ਵੱਧੀਆ ਮਿਸਾਲ ਹੈ। 30 ਜਦੋਂ ਇਸ ਉੱਪਰ ਹਰੇ ਪੱਤੇ ਨਿਕਲਦੇ ਹਨ ਤਾਂ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਆ ਗਈ ਹੈ। 31 ਇਸੇ ਤਰ੍ਹਾਂ ਹੀ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਵਾਪਰਨੀਆਂ ਹਨ। ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਨਜ਼ਦੀਕ ਹੈ।”

32 “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਸਮੇਂ ਦੇ ਲੋਕਾਂ ਦੇ ਜਿਉਂਦੇ ਜੀਅ ਇਹ ਸਭ ਗੱਲਾਂ ਵਾਪਰਨਗੀਆਂ। 33 ਪੂਰੀ ਦੁਨੀਆਂ, ਧਰਤੀ ਅਤੇ ਅਕਾਸ਼ ਸਭ ਨਸ਼ਟ ਹੋ ਜਾਣਗੇ ਪਰ ਜੋ ਵਾਕ ਮੈਂ ਬੋਲ ਰਿਹਾ ਹਾਂ ਕਦੇ ਵੀ ਨਸ਼ਟ ਨਹੀਂ ਕੀਤੇ ਜਾਣਗੇ।”

ਹਰ ਵਕਤ ਤਿਆਰ ਰਹਿਣਾ

34 “ਸਚੇਤ ਰਹੋ! ਅਸੱਭਿਅਤ ਦਾਅਵਤਾਂ ਬਾਰੇ, ਪੀਣ ਬਾਰੇ, ਅਤੇ ਦੁਨਿਆਵੀ ਚੀਜ਼ਾਂ ਬਾਰੇ ਚਿੰਤਾ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਸਹੀ ਸੋਚਣ ਦੇ ਯੋਗ ਨਹੀਂ ਹੋਵੋਂਗੇ। ਅਤੇ ਜਦੋਂ ਤੁਸੀਂ ਹਾਲੇ ਤਿਆਰ ਵੀ ਨਹੀਂ ਹੋਵੋਂਗੇ ਕਿ ਅੰਤ ਤੁਹਾਨੂੰ ਫ਼ੜ ਲਵੇਗਾ। 35 ਕਿਉਂਕਿ ਉਹ ਦਿਨ ਧਰਤੀ ਉੱਤੇ ਸਾਰੇ ਲੋਕਾਂ ਲਈ ਅਚਾਨਕ ਇੱਕ ਝਾਂਸੇ ਵਾਂਗ ਆਵੇਗਾ। 36 ਇਸ ਲਈ ਹਰ ਵਕਤ ਤਿਆਰ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸੱਕੋ। ਅਤੇ ਤੁਸੀਂ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜਨ ਦੇ ਯੋਗ ਹੋਵੋਂ।”

37 ਹਰ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦਿੰਦਾ ਅਤੇ ਹਰ ਸ਼ਾਮ ਉਹ ਜੈਤੂਨ ਦੇ ਪਹਾੜ ਤੇ ਜਾਕੇ ਰਾਤ ਵਤੀਤ ਕਰਦਾ ਹੁੰਦਾ ਸੀ। 38 ਹਰ ਸਵੇਰ ਲੋਕ ਤੜਕਸਾਰ ਉੱਠ ਕੇ, ਮੰਦਰ ਵਿੱਚ ਯਿਸੂ ਦੇ ਉਪਦੇਸ਼ ਸੁਨਣ ਲਈ ਜਾਂਦੇ।

Punjabi Bible: Easy-to-Read Version (ERV-PA)

2010 by World Bible Translation Center