Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
1 ਇਤਹਾਸ 18-21

ਦਾਊਦ ਦੀ ਦੂਜੀਆਂ ਕੌਮਾਂ ਉੱਪਰ ਜਿੱਤ

18 ਬਾਅਦ ਵਿੱਚ ਦਾਊਦ ਨੇ ਫ਼ਲਿਸਤੀਆਂ ਉੱਪਰ ਹਮਲਾ ਕੀਤਾ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਨੇ ਫ਼ਲਿਸਤੀਆਂ ਦੇ ਗਥ ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਹੋਰ ਛੋਟੇ ਸ਼ਹਿਰਾਂ ਨੂੰ ਜਿੱਤ ਲਿਆ।

ਫ਼ਿਰ ਦਾਊਦ ਨੇ ਮੋਆਬ ਦੇਸ ਨੂੰ ਹਰਾਇਆ ਅਤੇ ਮੋਆਬੀ ਦਾਊਦ ਦੀ ਪਰਜ਼ਾ ਬਣ ਗਏ ਅਤੇ ਉਹ ਦਾਊਦ ਲਈ ਨਜ਼ਰਾਨਾ ਲੈ ਕੇ ਆਏ।

ਦਾਊਦ ਸ਼ੋਬਾਹ ਦੇ ਰਾਜੇ ਹਦਰਅਜ਼ਰ ਅਤੇ ਉਸਦੀ ਫ਼ੌਜ ਦੇ ਖਿਲਾਫ ਲੜਿਆ। ਉਹ ਹਮਾਥ ਤੀਕ ਲੜਿਆ, ਕਿਉਂ ਕਿ ਹਦਰਅਜ਼ਰ ਨੇ ਆਪਣੇ ਰਾਜ ਨੂੰ ਫ਼ਰਾਤ ਦਰਿਆ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਦਾਊਦ ਨੇ ਹਦਰ ਅਜ਼ਰ ਤੋਂ 1,000 ਰੱਥ, 7,000 ਸਾਰਥੀ, 20,000 ਸਿਪਾਹੀ ਲੈ ਲਏ ਅਤੇ ਉਸ ਨੇ ਬਹੁਤ ਸਾਰੇ ਘੋੜਿਆਂ ਨੂੰ ਲੰਗੜਿਆਂ ਕਰ ਦਿੱਤਾ ਜਿਹੜੇ ਰੱਥਾਂ ਨੂੰ ਖਿੱਚਦੇ ਸਨ। ਪਰ ਉਸ ਨੇ ਇੱਕ ਸੌ ਰੱਥਾਂ ਨੂੰ ਖਿੱਚਣ ਲਈ ਕਾਫੀ ਘੋੜੇ ਰੱਖ ਲਏ।

ਦੰਮਿਸਕ ਸ਼ਹਿਰ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਅਰਾਮੀਆਂ ਦੀ ਆਈ ਫੌਜ ਵਿੱਚੋਂ ਉਨ੍ਹਾਂ ਦੇ 22,000 ਸੈਨਿਕ ਮਾਰ ਦਿੱਤੇ। ਫ਼ਿਰ ਦਾਊਦ ਨੇ ਦੰਮਿਸਕ ਵਿੱਚ ਗੜ੍ਹ ਬਣਾ ਦਿੱਤੇ। ਅਰਾਮੀ ਉਸਦੀ ਪਰਜ਼ਾ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਇਉਂ ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।

ਦਾਊਦ ਨੇ ਹਦਰਅਜ਼ਰ ਦੇ ਸੈਨਾਪਤੀਆਂ ਦੀਆਂ ਸੋਨੇ ਦੀਆਂ ਢਾਲਾਂ ਲੈ ਲਈਆਂ ਅਤੇ ਯਰੂਸ਼ਲਮ ਵਿੱਚ ਲੈ ਆਇਆ। ਦਾਊਦ ਨੇ ਹਦਰਅਜ਼ਰ ਦੇ ਨਗਰ ਟਿਬਹਥ ਅਤੇ ਕੂਨ ਵਿੱਚੋਂ ਬਹੁਤ ਸਾਰਾ ਪਿੱਤਲ ਵੀ ਲਿਆਂਦਾ ਜਿਸ ਨੂੰ ਬਾਅਦ ਵਿੱਚ ਸੁਲੇਮਾਨ ਨੇ ਇਹੀ ਪਿੱਤਲ ਮੰਦਰ ਦੇ ਪਿੱਤਲ ਦੇ ਹੌਜ਼, ਥੰਮ ਅਤੇ ਭਾਂਡੇ ਬਨਾਉਣ ਲਈ ਵਰਤਿਆ।

ਹਮਾਥ ਦੇ ਰਾਜਾ ਤੋਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ, ਹਦਰਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਸੀ। 10 ਤਾਂ ਤੋਊ ਨੇ ਆਪਣੇ ਪੁੱਤਰ, ਹਦੋਰਾਮ ਨੂੰ ਦਾਊਦ ਨੂੰ ਉਸਦੀ ਜਿੱਤ ਲਈ ਵੱਧਾਈਆਂ ਦੇਣ ਲਈ ਅਤੇ ਉਸਤੋਂ ਸ਼ਾਂਤੀ ਦੀ ਮੰਗ ਕਰਨ ਲਈ ਭੇਜਿਆ। ਇਹ ਉਸ ਨੇ ਇਸ ਲਈ ਕੀਤਾ ਕਿਉਂਕਿ ਦਾਊਦ ਨੇ ਹਦਰਅਜ਼ਰ ਦੇ ਖਿਲਾਫ਼ ਲੜਕੇ ਉਸ ਨੂੰ ਹਰਾਇਆ ਸੀ। ਹਦਰਅਜ਼ਰ ਤੋਊ ਨਾਲ ਇੱਕ ਵਾਰੀ ਪਹਿਲਾਂ ਲੜਾਈ ਕਰ ਚੁੱਕਾ ਸੀ। ਹਦੋਰਾਮ ਨੇ ਦਾਊਦ ਨੂੰ ਹਰ ਤਰ੍ਹਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੀਆਂ ਵਸਤਾਂ ਭੇਟ ਕੀਤੀਆਂ। 11 ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।

12 ਅਬਿਸ਼ਈ ਜੋ ਸਰੂਯਾਹ ਦਾ ਪੁੱਤਰ ਸੀ ਨੇ ਲੂਣ ਦੀ ਵਾਦੀ ਵਿੱਚ 18,000 ਅਦੋਮੀਆਂ ਨੂੰ ਮਾਰ ਸੁੱਟਿਆ। 13 ਅਬਿੱਸਈ ਨੇ ਅਦੋਮ ਵਿੱਚ ਗਰੀਜ਼ਨਾਂ ਨੂੰ ਰੱਖਿਆ ਅਤੇ ਸਾਰੇ ਅਦੋਮੀ ਦਾਊਦ ਦੀ ਪਰਜਾ ਬਣ ਗਏ। ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।

ਦਾਊਦ ਦੇ ਮਹੱਤਵਪੂਰਣ ਅਧਿਕਾਰੀ

14 ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ। ਉਸ ਨੇ ਉਹੀ ਸਭ ਕੀਤਾ ਜੋ ਧਰਤੀ ਸੀ ਅਤੇ ਉਹ ਆਪਣੇ ਰਾਜ ਦੇ ਸਾਰੇ ਲੋਕਾਂ ਲਈ ਨਿਆਂਈ ਸੀ। 15 ਯੋਆਬ ਜੋ ਸਰੂਯਾਹ ਦਾ ਪੁੱਤਰ ਸੀ ਉਹ ਦਾਊਦ ਦੀ ਫ਼ੌਜ ਦਾ ਸੈਨਾਪਤੀ ਸੀ। ਅਤੇ ਯਹੋਸ਼ਫ਼ਟ ਜੋ ਅਹੀਲੂਦ ਦਾ ਪੁੱਤਰ ਸੀ ਉਸ ਨੇ ਦਾਊਦ ਦੇ ਕਾਰਜਾਂ ਦਾ ਇਤਹਾਸ ਲਿਖਿਆ। 16 ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਯਾਥਾਰ ਦਾ ਪੁੱਤਰ ਅਬੀਮਲਕ ਜਾਜਕ ਸਨ। ਸ਼ੌਵਸ਼ਾ ਮੁਨਸ਼ੀ ਸੀ। 17 ਬਿਨਾਯਾਹ ਜੋ ਯਹੋਯਾਦਾ ਦਾ ਪੁੱਤਰ, ਕਰੇਤੀਆਂ ਅਤੇ ਫ਼ਲੇਤੀਆਂ ਦਾ ਆਗੂ ਸੀ। ਦਾਊਦ ਦੇ ਪੁੱਤਰ ਮਹੱਤਵਪੂਰਣ ਵਜ਼ੀਰ ਸਨ, ਜੋ ਉਸ ਦੇ ਪਾਸੇ ਸੇਵਾ ਕਰਦੇ ਸਨ।

ਅੰਮੋਨੀ ਲੋਕਾਂ ਵੱਲੋਂ ਦਾਊਦ ਦੇ ਬੰਦਿਆਂ ਨੂੰ ਸ਼ਰਮਿੰਦਗੀ ਦੇਣਾ

19 ਨਾਹਾਸ਼ ਅੰਮੋਨੀਆਂ ਦਾ ਪਾਤਸ਼ਾਹ ਸੀ। ਨਾਹਾਸ਼ ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਨਵਾਂ ਪਾਤਸ਼ਾਹ ਬਣਿਆ। ਤਦ ਦਾਊਦ ਨੇ ਆਖਿਆ, “ਨਾਹਾਸ਼ ਮੇਰੇ ਤੇ ਦਿਆਲੂ ਸੀ, ਇਸ ਲਈ ਮੈਂ ਵੀ ਉਸ ਦੇ ਪੁੱਤਰ, ਹਾਨੂਨ ਤੇ ਦਿਆਲੂ ਹੋਵਾਂਗਾ।” ਇਸ ਲਈ ਦਾਊਦ ਨੇ ਹਾਨੂਨ ਕੋਲ ਉਸ ਦੇ ਪਿਤਾ ਦੀ ਮੌਤ ਦਾ ਸੋਗ ਪ੍ਰਗਟ ਕਰਨ ਲਈ ਆਪਣੇ ਹਲਕਾਰੇ ਭੇਜੇ ਅਤੇ ਉਸ ਦੇ ਹਲਕਾਰੇ ਅੰਮੋਨ ਦੇਸ਼ ਵਿੱਚ ਹਾਨੂਨ ਨੂੰ ਅਫ਼ਸੋਸ ਪ੍ਰਗਟ ਕਰਨ ਲਈ ਉਸ ਕੋਲ ਪਹੁੰਚੇ।

ਪਰ ਅੰਮੋਨੀ ਆਗੂਆਂ ਨੇ ਹਾਨੂਨ ਨੂੰ ਕਿਹਾ, “ਕੀ ਤੂੰ ਉਸ ਤੇ ਵਿਸ਼ਵਾਸ ਕਰਦਾ ਹੈਂ? ਤੂੰ ਕੀ ਸੋਚਦਾ ਹੈਂ ਕਿ ਦਾਊਦ ਨੇ ਇਨ੍ਹਾਂ ਆਦਮੀਆਂ ਨੂੰ ਤੇਰੇ ਪਿਤਾ ਦੀ ਮੌਤ ਤੇ ਅਫਸੋਸ ਕਰਨ ਲਈ ਜਾਂ ਤੇਰੇ ਮੁਰਦਾ ਪਿਤਾ ਦਾ ਆਦਰ ਕਰਨ ਲਈ ਭੇਜਿਆ ਹੈ? ਨਹੀਂ ਪਰ ਉਸ ਨੇ ਇਨ੍ਹਾਂ ਲੋਕਾਂ ਨੂੰ ਤੈਨੂੰ ਤਬਾਹ ਕਰਨ ਦੇ ਮਕਸਦ ਨਾਲ, ਤੇਰੀ ਧਰਤੀ ਦੀ ਜਸੂਸੀ ਕਰਨ ਲਈ ਭੇਜਿਆ ਹੈ!” ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਪਕੜ ਲਿਆ ਅਤੇ ਉਨ੍ਹਾਂ ਨੂੰ ਕੈਦ ਕਰ ਕੇ ਉਨ੍ਹਾਂ ਦੀਆਂ ਦਾੜੀਆਂ ਮੁਨਵਾ ਦਿੱਤੀਆਂ ਇਹੀ ਨਹੀਂ ਸਗੋਂ ਉਨ੍ਹਾਂ ਦੀਆਂ ਪੋਸ਼ਾਕਾਂ ਨੂੰ ਵੀ ਫ਼ਾੜ ਕੇ ਉਨ੍ਹਾਂ ਨੂੰ ਧੜੋਂ ਨੰਗਾ ਕਰ ਸੁੱਟਿਆ। ਇਉਂ ਉੱਨ੍ਹਾਂ ਨੂੰ ਜ਼ਲੀਲ ਕਰਕੇ ਵਾਪਿਸ ਭੇਜਿਆ।

ਦਾਊਦ ਦੇ ਆਦਮੀਆਂ ਨੇ ਘਰ ਪਹੁੰਚਣ ’ਚ ਬੜੀ ਸ਼ਰਮ ਮਹਿਸੂਸ ਕੀਤੀ। ਕੁਝ ਲੋਕਾਂ ਨੇ ਦਾਊਦ ਕੋਲ ਜਾ ਕੇ ਉਨ੍ਹਾਂ ਦੀ ਇਹ ਸਾਰੀ ਵਾਰਦਾਤ ਉਸ ਨੂੰ ਸੁਣਾਈ। ਤਾਂ ਦਾਊਦ ਪਾਤਸ਼ਾਹ ਨੇ ਆਪਣੇ ਆਦਮੀਆਂ ਨੂੰ ਇਹ ਸੁਨੇਹਾ ਭੇਜਿਆ, “ਜਦ ਤੀਕ ਤੁਹਾਡੀ ਦਾੜੀ ਮੁੜ ਵੱਧ ਨਾ ਜਾਵੇ, ਉਨੀ ਦੇਰ ਤੁਸੀਂ ਯਰੀਹੋ ਸ਼ਹਿਰ ਵਿੱਚ ਟਿਕੇ ਰਹੋ। ਤੇ ਜਦੋਂ ਦਾੜੀ ਵੱਧ ਜਾਵੇ ਤੁਸੀਂ ਆਪਣੇ ਘਰੀਂ ਮੁੜ ਆਉਣਾ।”

ਅੰਮੋਨੀਆਂ ਨੇ ਵੇਖਿਆ ਕਿ ਉਨ੍ਹਾਂ ਨੇ ਦਾਊਦ ਦੀ ਨਜ਼ਰ ਵਿੱਚ ਆਪਣੇ-ਆਪ ਨੂੰ ਦੁਸ਼ਮਣ ਬਣਾ ਲਿਆ ਸੀ ਤੇ ਉਸ ਦੀ ਨਫ਼ਰਤ ਦੇ ਪਾਤਰ ਬਣ ਗਏ ਸਨ। ਤਾਂ ਹਾਨੂਨ ਅਤੇ ਅੰਮੋਨੀਆਂ ਨੇ 34,000 ਕਿਲੋ ਚਾਂਦੀ ਮਸੋਪੋਤਾਮੀਆਂ ਤੋਂ ਰਥਾਂ ਅਤੇ ਅਸਵਾਰਾਂ ਨੂੰ ਲਿਆਉਣ ਲਈ ਦਿੱਤੀ। ਉਹ ਆਰਾਮ ਵਿੱਚੋਂ ਮਾਕਾਹ ਅਤੇ ਸ਼ੋਬਾਹ ਦੇ ਨਗਰਾਂ ਤੋਂ ਵੀ ਰਥਾਂ ਅਤੇ ਅਸਵਾਰਾਂ ਨੂੰ ਲਿਆਏ। ਇਉਂ ਉਨ੍ਹਾਂ ਨੇ 32,000 ਰਥਾਂ ਅਤੇ ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਭਾੜੇ ਤੇ ਖਰੀਦਿਆ ਤਾਂ ਜੋ ਉਹ ਉਸਦੀ ਮਦਦ ਕਰਨ। ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੇ ਮੇਦਬਾ ਸ਼ਹਿਰ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਵੀ ਆਪੋ-ਆਪਣੇ ਨਗਰਾਂ ਤੋਂ ਇਕੱਠੇ ਹੋ ਕੇ ਯੁੱਧ ਕਰਨ ਨੂੰ ਆਏ।

ਦਾਊਦ ਨੂੰ ਪਤਾ ਲੱਗਾ ਕਿ ਅੰਮੋਨੀ ਲੋਕ ਜੰਗ ਲੜਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਯੋਆਬ ਨੂੰ ਅਤੇ ਆਪਣੀ ਸਾਰੀ ਇਸਰਾਏਲੀ ਫ਼ੌਜ ਨੂੰ ਅੰਮੋਨੀਆਂ ਦੇ ਵਿਰੁੱਧ ਲੜਾਈ ਕਰਨ ਨੂੰ ਭੇਜਿਆ। ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਪੂਰੇ ਤਤਪਰ ਸਨ। ਉਹ ਨਗਰ ਦੇ ਫਾਟਕ ਕੋਲ ਪਹੁੰਚ ਚੁੱਕੇ ਸਨ ਅਤੇ ਜਿਹੜੇ ਪਾਤਸ਼ਾਹ ਉਸਦੀ ਮਦਦ ਲਈ ਨਾਲ ਆਏ ਸਨ ਉਹ ਸ਼ਹਿਰੋ ਦੂਰ ਪੈਲੀਆਂ ਵਿੱਚ ਟਿਕੇ ਰਹੇ।

10 ਯੋਆਬ ਨੇ ਵੇਖਿਆ ਕਿ ਲੜਾਈ ਦਾ ਪਿੜ ਉਸ ਦੇ ਵਿਰੁੱਧ ਦੋ ਦਲਾਂ ਵਿੱਚ ਬਣਿਆ ਹੋਇਆ ਤਤਪਰ ਹੈ। ਇੱਕ ਦਲ ਉਸ ਦੇ ਅੱਗੇ ਅਤੇ ਦੂਜਾ ਉਸ ਦੇ ਪਿੱਛੇ ਵੱਲ ਸੀ। ਤਾਂ ਯੋਆਬ ਨੇ ਇਸਰਾਏਲ ਦੇ ਖਾਸ ਸੂਰਮਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਉਸ ਨੇ ਅਰਾਮ ਦੀ ਫ਼ੌਜ ਦੇ ਵਿਰੁੱਧ ਲੜਨ ਲਈ ਭੇਜਿਆ। 11 ਯੋਆਬ ਨੇ ਬਾਕੀ ਦੀ ਇਸਰਾਏਲੀ ਫ਼ੌਜ ਨੂੰ ਆਪਣੇ ਭਰਾ ਅਬਸ਼ਈ ਦੀ ਕਮਾਨ ਹੇਠਾਂ ਕਰ ਦਿੱਤਾ। ਸੈਨਾ ਦੇ ਸਿਪਾਹੀ ਅੰਮੋਨੀਆਂ ਦੀ ਸੈਨਾ ਦੇ ਖਿਲਾਫ਼ ਲੜਨ ਲਈ ਬਾਹਰ ਨਿਕਲ ਪਏ। 12 ਯੋਆਬ ਨੇ ਅਬਸ਼ਈ ਨੂੰ ਕਿਹਾ, “ਜੇਕਰ ਅਰਾਮ ਦੀ ਸੈਨਾ ਮੇਰੇ ਉੱਤੇ ਹਾਵੀ ਹੋ ਜਾਵੇ ਤਾਂ ਤੂੰ ਮੇਰੀ ਮਦਦ ਕਰੀਂ ਤੇ ਜੇਕਰ ਅਰਾਮੀ ਸੈਨਾ ਤੇਰੇ ਉੱਪਰ ਹਾਵੀ ਹੋ ਗਈ ਤਾਂ ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ। 13 ਆਪਾਂ ਤਕੜੇ ਬਣੀਏ ਅਤੇ ਉਨ੍ਹਾਂ ਦਾ ਬਹਾਦੁਰੀ ਨਾਲ ਸਾਹਮਣਾ ਕਰੀਏ ਜਦੋਂ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਲੜ ਰਹੀਏ ਹੋਈੇਏ! ਯਹੋਵਾਹ ਓਹੀ ਕਰੇ ਜੋ ਉਹ ਸੋਚੇ ਕਿ ਸਹੀ ਹੈ!”

14 ਯੋਆਬ ਅਤੇ ਉਸ ਦੇ ਨਾਲ ਜਿਹੜੀ ਫ਼ੌਜ ਸੀ ਅਰਾਮੀ ਸੈਨਾ ਉੱਪਰ ਹਮਲਾ ਕੀਤਾ ਤਾਂ ਅਰਾਮੀ ਸੈਨਾ ਯੋਆਬ ਅਤੇ ਉਸਦੀ ਫ਼ੌਜ ਅੱਗੋਂ ਭੱਜ ਗਈ। 15 ਜਦੋਂ ਅੰਮੋਨੀ ਸੈਨਾ ਨੇ ਇਹ ਵੇਖਿਆ ਕਿ ਅਰਾਮ ਦੀ ਸੈਨਾ ਨੱਸ ਗਈ ਹੈ ਤਾਂ ਉਹ ਵੀ ਭੱਜ ਗਏ। ਤਾਂ ਅੰਮੋਨੀ ਫ਼ੌਜ ਅਬਸ਼ਈ ਦੇ ਅੱਗੋਂ ਭੱਜ ਖੜੋਤੇ ਅਤੇ ਉਹ ਭੱਜ ਕੇ ਆਪਣੇ ਸ਼ਹਿਰ ਜਾ ਵੜੇ ਅਤੇ ਯੋਆਬ ਫ਼ਿਰ ਵਾਪਿਸ ਯਰੂਸ਼ਲਮ ਨੂੰ ਆ ਗਿਆ।

16 ਜਦੋਂ ਅਰਾਮੀ ਆਗੂਆਂ ਨੂੰ ਪਤਾ ਲੱਗਾ ਕਿ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ, ਉਨ੍ਹਾਂ ਨੇ ਫ਼ਰਾਤ ਨਦੀ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਅਰਾਮੀ ਲੋਕਾਂ ਕੋਲ, ਉਨ੍ਹਾਂ ਦੀ ਮਦਦ ਲੈਣ ਲਈ ਹਲਕਾਰੇ ਘੱਲੇ। ਹਦਰਅਜ਼ਰ ਦੀ ਫੌਜ ਦਾ ਆਗੂ ਸੋਫਕ, ਬਾਕੀ ਅਰਾਮੀ ਫ਼ੌਜ ਦਾ ਵੀ ਆਗੂ ਸੀ।

17 ਦਾਊਦ ਨੂੰ ਜਦੋਂ ਪਤਾ ਲੱਗਿਆ ਕਿ ਅਰਾਮ ਦੇ ਲੋਕ ਲੜਾਈ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ। ਦਾਊਦ ਨੇ ਆਪਣੀ ਸਾਰੀ ਫ਼ੌਜ ਦੀ ਅਗਵਾਈ ਕਰਕੇ ਯਰਦਨ ਦਰਿਆ ਨੂੰ ਪਾਰ ਕੀਤਾ ਅਤੇ ਅਰਾਮੀ ਫ਼ੌਜ ਦੇ ਆਹਮਣੋ-ਸਾਹਮਣੇ ਆ ਗਿਆ। ਦਾਊਦ ਨੇ ਆਪਣੀ ਸੈਨਾ ਨੂੰ ਤਿਆਰ ਕਰਕੇ ਅਰਾਮੀਆਂ ਉੱਪਰ ਹਮਲਾ ਕਰ ਦਿੱਤਾ। 18 ਤਦ ਅਰਾਮੀ ਇਸਰਾਏਲੀਆਂ ਅੱਗੋਂ ਭੱਜ ਗਏ। ਦਾਊਦ ਅਤੇ ਉਸਦੀ ਸੈਨਾ ਨੇ 7,000 ਅਰਾਮੀ ਸਾਰਥੀਆਂ ਅਤੇ 40,000 ਅਰਾਮੀ ਸਿਪਾਹੀਆਂ ਨੂੰ ਮਾਰ ਮੁਕਾਇਆ। ਦਾਊਦ ਅਤੇ ਉਸਦੀ ਫ਼ੌਜ ਨੇ ਅਰਾਮੀ ਸੈਨਾ ਦੇ ਸੈਨਾਪਤੀ ਸ਼ੋਫ਼ਕ ਨੂੰ ਵੀ ਵੱਢ ਸੁੱਟਿਆ।

19 ਜਦੋਂ ਹਦਰਅਜ਼ਰ ਦੇ ਸੈਨਾਪਤੀਆਂ ਨੇ ਵੇਖਿਆ ਕਿ ਇਸਰਾਏਲ ਨੇ ਉਨ੍ਹਾਂ ਨੂੰ ਹਾਰ ਦਿੱਤੀ ਹੈ ਤਾਂ ਉਨ੍ਹਾਂ ਨੇ ਦਾਊਦ ਨਾਲ ਸੁਲਾਹ ਕਰ ਲਈ ਅਤੇ ਉਹ ਦਾਊਦ ਦੇ ਦਾਸ ਬਣ ਗਏ। ਇਉਂ ਅਰਾਮੀਆਂ ਨੇ ਮੁੜ ਅੰਮੋਨੀਆਂ ਨੂੰ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।

ਯੋਆਬ ਦਾ ਅੰਮੋਨੀਆਂ ਨੂੰ ਤਬਾਹ ਕਰਨਾ

20 ਬਸੰਤ ਰੁੱਤ ਵਿੱਚ ਯੋਆਬ ਯੁੱਧ ਕਰਨ ਲਈ ਇਸਰਾਏਲੀ ਸੈਨਾ ਨਾਲ ਬਾਹਰ ਨਿਕਲਿਆ। ਇਹ ਸਾਲ ਦਾ ਉਹ ਸਮਾਂ ਸੀ, ਜਦੋਂ ਰਾਜੇ ਯੁੱਧ ਕਰਨ ਲਈ ਬਾਹਰ ਆਉਂਦੇ ਸਨ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। ਇਸਰਾਏਲ ਦੀ ਸੈਨਾ ਅੰਮੋਨ ਸ਼ਹਿਰ ਨੂੰ ਗਈ ਅਤੇ ਇਸ ਨੂੰ ਨਸ਼ਟ ਕਰ ਦਿੱਤਾ। ਫ਼ੇਰ ਉਹ ਰੱਬਾਹ ਸ਼ਹਿਰ ਨੂੰ ਗਏ ਤੇ ਇਸ ਨੂੰ ਘੇਰਾ ਪਾ ਲਿਆ ਤਾਂ ਜੋ ਕੋਈ ਵੀ ਸ਼ਹਿਰ ਵਿੱਚੋਂ ਬਾਹਰ ਨਾ ਆ ਸੱਕੇ। ਯੋਆਬ ਅਤੇ ਇਸਰਾਏਲੀ ਸੈਨਾ ਸ਼ਹਿਰ ਨੂੰ ਤਬਾਹ ਕਰਨ ਤੀਕ ਲੜਦੇ ਰਹੇ।

ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾਹ ਲਿਆ। ਉਸ ਸੋਨੇ ਦੇ ਮੁਕਟ ਦਾ ਭਾਰ ਲੱਗਭਗ 75 ਪੌਂਡ ਸੀ ਜਿਸ ਵਿੱਚ ਕੀਮਤੀ ਪੱਥਰ ਜੜੇ ਹੋਏ ਸਨ। ਇਹ ਮੁਕਟ ਦਾਊਦ ਦੇ ਸਿਰ ਤੇ ਸਜਾਇਆ ਗਿਆ ਅਤੇ ਦਾਊਦ ਨੂੰ ਉਸ ਸ਼ਹਿਰ ਤੋਂ ਬਹੁਤ ਸਾਰੇ ਕੀਮਤੀ ਪਦਾਰਥ ਵੀ ਪ੍ਰਾਪਤ ਹੋਏ। ਦਾਊਦ ਨੇ ਰੱਬਾਹ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੀਆਂ ਸਲਾਖਾਂ ਅਤੇ ਕੁਹਾੜੀਆਂ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। ਉਸ ਨੇ ਇੰਝ ਹੀ ਅੰਮੋਨੀਆਂ ਦੇ ਬਾਕੀ ਸ਼ਹਿਰਾਂ ਦੇ ਲੋਕਾਂ ਨਾਲ ਵੀ ਕੀਤਾ। ਫ਼ਿਰ ਉਹ ਅਤੇ ਉਸਦੀ ਸੈਨਾ ਯਰੂਸ਼ਲਮ ਨੂੰ ਵਾਪਸ ਪਰਤ ਆਈ।

ਫ਼ਲਿਸਤੀ ਦੈਂਤਾ ਦਾ ਮਾਰਿਆ ਜਾਣਾ

ਬਾਅਦ ਵਿੱਚ ਇਸਰਾਏਲੀਆਂ ਦੀ ਫ਼ਲਿਸਤੀਆਂ ਨਾਲ ਗਜ਼ਰ ਵਿੱਚ ਜੰਗ ਹੋਈ। ਤਦ ਹੁੱਸ਼ਾਥੀ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਕਿ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ।

ਇੱਕ ਹੋਰ ਵਾਰੀ ਇਸਰਾਏਲੀਆਂ ਨੇ ਫ਼ਲਿਸਤੀਆਂ ਨਾਲ ਯੁੱਧ ਕੀਤਾ ਜਿਸ ਵਿੱਚ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਮਾਰ ਸੁੱਟਿਆ। ਲਹਮੀ ਦਾ ਨੇਜਾ ਜੁਲਾਹੇ ਦੇ ਤੁਰ ਜਿੰਨਾ ਵੱਡਾ ਸੀ।

ਬਾਅਦ ਵਿੱਚ, ਇਸਰਾਏਲੀਆਂ ਨੇ ਫ਼ਲਿਸਤੀ ਲੋਕਾਂ ਨਾਲ ਗਥ ਵਿੱਚ ਇੱਕ ਹੋਰ ਜੰਗ ਕੀਤੀ। ਉਸ ਸ਼ਹਿਰ ਵਿੱਚ ਇੱਕ ਬੜਾ ਲੰਬਾ ਆਦਮੀ ਸੀ ਜਿਸ ਦੀਆਂ ਵੀਹ ਦੀ ਥਾਵੇਂ ਹੱਥਾਂ ਪੈਰਾਂ ਦੀਆਂ 24 ਉਂਗਲਾਂ ਸਨ। ਉਸ ਦੇ ਹਰ ਹੱਥ ਅਤੇ ਪੈਰ ਦੀਆਂ ਛੇ-ਛੇ ਉਂਗਲਾਂ ਸਨ। ਵੈਸੇ ਵੀ ਉਹ ਦਿਓਆਂ (ਰਫ਼ਾ) ਦੀ ਕੁਲ ਵਿੱਚੋਂ ਸੀ। ਤਾਂ ਜਦੋਂ ਉਸ ਆਦਮੀ ਨੇ ਇਸਰਾਏਲ ਦਾ ਮਖੌਲ ਉਡਾਇਆ ਤਾਂ ਯੋਨਾਥਾਨ ਨੇ ਉਸ ਨੂੰ ਵੱਢ ਸੁੱਟਿਆ। ਯੋਨਾਥਾਨ ਸ਼ਿਮਈ ਦਾ ਪੁੱਤਰ ਸੀ ਅਤੇ ਸ਼ਿਮਈ ਦਾਊਦ ਦਾ ਭਰਾ ਸੀ।

ਉਹ ਫ਼ਲਿਸਤੀ ਆਦਮੀ ਗਥ ਨਗਰ ਵਿੱਚ ਪੈਦਾ ਹੋਏ ਦੈਂਤਾ ਦੇ ਪੁੱਤਰ ਸਨ। ਦਾਊਦ ਅਤੇ ਉਸ ਦੇ ਸੇਵਕਾਂ ਨੇ ਉਨ੍ਹਾਂ ਦੈਂਤਾ ਨੂੰ ਮਾਰ ਮੁਕਾਇਆ।

ਦਾਊਦ ਤੋਂ ਇਸਰਾਏਲੀਆਂ ਦੀ ਗਿਣਤੀ ਦਾ ਪਾਪ

21 ਸ਼ਤਾਨ ਇਸਰਾਏਲੀਆਂ ਦੇ ਵਿਰੁੱਧ ਸੀ ਅਤੇ ਦਾਊਦ ਨੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਕਸਾਇਆ। ਤਾਂ ਦਾਊਦ ਨੇ ਯੋਆਬ ਅਤੇ ਲੋਕਾਂ ਦੇ ਆਗੂਆਂ ਨੂੰ ਕਿਹਾ, “ਜਾਓ ਅਤੇ ਬਏਰਸ਼ਬਾ ਤੋਂ ਲੈ ਕੇ ਦਾਨ ਸ਼ਹਿਰ ਤੀਕ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ ਅਤੇ ਫ਼ਿਰ ਆਣ ਕੇ ਮੈਨੂੰ ਦੱਸੋ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਸਰਾਏਲੀਆਂ ਦੀ ਕੁਲ ਗਿਣਤੀ ਕਿੰਨੀ ਹੈ?”

ਪਰ ਯੋਆਬ ਨੇ ਜਵਾਬ ਦਿੱਤਾ, “ਚਾਹੇ ਯਹੋਵਾਹ ਆਪਣੀ ਪਰਜਾ ਨੂੰ ਇਸ ਨਾਲੋਂ ਸੌ ਗੁਣਾ ਵੱਧੇਰੇ ਵਿਸ਼ਾਲ ਬਣਾ ਦੇਵੇ, ਇਸਰਾਏਲ ਦੇ ਉਹ ਸਾਰੇ ਲੋਕ ਤੇਰੇ ਨੌਕਰ ਰਹਿਣਗੇ। ਇਸ ਲਈ ਮੇਰੇ ਮਾਲਕ ਅਤੇ ਪਾਤਸ਼ਾਹ, ਤੂੰ ਅਜਿਹਾ ਕਿਉਂ ਕਰਨਾ ਚਾਹੁੰਦਾ? ਤੂੰ ਇਸਰਾਏਲ ਦੇ ਲੋਕਾਂ ਨੂੰ ਪਾਪ ਦੇ ਦੋਸ਼ੀ ਕਿਉਂ ਬਨਾਉਣਾ ਚਾਹੁੰਦਾ ਹੈਂ?”

ਪਰ ਦਾਊਦ ਪਾਤਸ਼ਾਹ ਆਪਣੀ ਗੱਲ ਤੇ ਅੜਿਆ ਰਿਹਾ ਇਸ ਲਈ ਯੋਆਬ ਨੂੰ ਪਾਤਸ਼ਾਹ ਦਾ ਹੁਕਮ ਮੰਨਣਾ ਪਿਆ। ਇਸ ਲਈ ਯੋਆਬ ਦੇਸ਼ ਵਿੱਚ ਰਹਿੰਦੇ ਸਾਰੇ ਇਸਰਾਏਲੀ ਲੋਕਾਂ ਦੀ ਗਿਣਤੀ ਕਰਨ ਲਈ ਚੱਲਾ ਗਿਆ। ਫ਼ਿਰ ਯੋਆਬ ਯਰੂਸ਼ਲਮ ਨੂੰ ਵਾਪਸ ਆ ਗਿਆ। ਅਤੇ ਉਸ ਨੇ ਵਾਪਿਸ ਆ ਕੇ ਦਾਊਦ ਨੂੰ ਲੋਕਾਂ ਦੀ ਗਿਣਤੀ ਦੱਸੀ। ਉਸ ਵਕਤ ਇਸਰਾਏਲ ਵਿੱਚ ਤਲਵਾਰ ਧਾਰੀਆਂ ਦੀ ਗਿਣਤੀ 11,00,000 ਸੀ। ਅਤੇ ਯਹੂਦਾਹ ਵਿੱਚ 4,70,000 ਤਲਵਾਰ ਧਾਰੀ ਸਨ। ਯੋਆਬ ਨੇ ਲੇਵੀ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਨੂੰ ਨਾ ਗਿਣਿਆ। ਇਨ੍ਹਾਂ ਦੀ ਗਿਣਤੀ ਯੋਆਬ ਨੇ ਇਸ ਲਈ ਨਾ ਕੀਤੀ ਕਿਉਂ ਕਿ ਉਸ ਨੂੰ ਦਾਊਦ ਦਾ ਇਹ ਹੁਕਮ ਭਾਇਆ ਨਹੀਂ ਸੀ। ਦਾਊਦ ਨੇ ਯਹੋਵਾਹ ਦੀ ਦਰਿਸ਼ਟੀ ਵਿੱਚ ਇੱਕ ਭੈੜਾ ਕੰਮ ਕੀਤਾ ਸੀ, ਇਸ ਲਈ ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ।

ਪਰਮੇਸ਼ੁਰ ਦਾ ਇਸਰਾਏਲ ਨੂੰ ਦੰਡ ਦੇਣਾ

ਤਦ ਦਾਊਦ ਨੇ ਪਰਮੇਸ਼ੁਰ ਨੂੰ ਕਿਹਾ, “ਮੈਂ ਬੜੀ ਮੂਰੱਖਤਾਈ ਕੀਤੀ ਹੈ ਜੋ ਮੈਂ ਇਸਰਾਏਲੀਆਂ ਦੀ ਗਿਣਤੀ ਕੀਤੀ। ਮੇਰੇ ਕੋਲੋਂ ਵੱਡਾ ਪਾਪ ਹੋਇਆ ਹੈ ਇਸ ਲਈ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਹੇ ਯਹੋਵਾਹ ਮੇਰੀ ਭੁੱਲ ਨੂੰ ਆਪਣਾ ਦਾਸ ਜਾਣ ਕੇ ਬਖਸ਼ ਦੇ।”

9-10 ਗਾਦ ਦਾਊਦ ਦਾ ਸੰਤ ਸੀ ਤਾਂ ਯਹੋਵਾਹ ਨੇ ਗਾਦ ਨੂੰ ਆਖਿਆ, “ਜਾਹ, ਅਤੇ ਜਾ ਕੇ ਦਾਊਦ ਨੂੰ ਦੱਸ ਕਿ ਯਹੋਵਾਹ ਨੇ ਇਹ ਵਾਕ ਕਿਹਾ ਹੈ, ਕਿ ਮੈਂ ਤੈਨੂੰ ਤਿੰਨ ਚੋਣ ਦਿੰਦਾ ਹਾਂ, ਤੂੰ ਉਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ ਲੈ ਅਤੇ ਮੈਂ ਫ਼ਿਰ ਤੈਨੂੰ ਤੇਰੀ ਉਸ ਚੋਣ ਮੁਤਾਬਕ ਸਜ਼ਾ ਦੇਵਾਂਗਾ।”

11-12 ਤਦ ਗਾਦ ਦਾਊਦ ਕੋਲ ਗਿਆ ਅਤੇ ਉਸ ਨੂੰ ਜਾ ਕੇ ਕਿਹਾ, “ਯਹੋਵਾਹ ਆਖਦਾ ਹੈ, ‘ਦਾਊਦ ਤੂੰ ਇਨ੍ਹਾਂ ਵਿੱਚੋਂ ਚੋਣ ਕਰ ਲੈ ਕਿ ਤੈਨੂੰ ਕਿਹੜਾ ਦੰਡ ਚਾਹੀਦਾ ਹੈ: ਤਿੰਨ ਸਾਲਾਂ ਦਾ ਅੰਨ ਕਾਲ ਹੋਵੇ ਜਾਂ ਤੂੰ ਆਪਣੇ ਵੈਰੀਆਂ ਸਾਹਮਣਿਓ ਤਿੰਨਾਂ ਮਹੀਨਿਆਂ ਲਈ ਭੱਜਦਾ ਫਿਰੇਂ, ਜਦੋਂ ਕਿ ਉਹ ਤੈਨੂੰ ਆਪਣੀਆਂ ਤਲਵਾਰਾਂ ਨਾਲ ਭਜਾਉਣ ਜਾਂ ਤਿੰਨ ਦਿਨ ਯਹੋਵਾਹ ਤੇਰੇ ਉੱਪਰ ਕਰੋਪੀ ਰਹੇ ਜਿਸ ਵਿੱਚ ਮਹਾਂਮਾਰੀ ਸਾਰੇ ਦੇਸ ਵਿੱਚ ਫ਼ੈਲ ਜਾਵੇ ਅਤੇ ਯਹੋਵਾਹ ਦਾ ਦੂਤ ਸਾਰੇ ਦੇਸ਼ ਰਾਹੀਂ ਇਸਰਾਏਲੀਆਂ ਨੂੰ ਤਬਾਹ ਕਰੇ।’ ਦਾਊਦ! ਪਰਮੇਸ਼ੁਰ ਨੇ ਮੈਨੂੰ ਇਸੇ ਲਈ ਭੇਜਿਆ ਹੈ ਤਾਂ ਜੋ ਇਨ੍ਹਾਂ ਵਿੱਚੋਂ ਤੂੰ ਚੋਣ ਕਰ ਲੈ ਤਾਂ ਜੋ ਮੈਂ ਜਾ ਕੇ ਪਰਮੇਸ਼ੁਰ ਨੂੰ ਜਵਾਬਦੇਹ ਹੋਵਾਂ।”

13 ਦਾਊਦ ਨੇ ਗਾਦ ਨੂੰ ਕਿਹਾ, “ਮੈਂ ਤਾਂ ਵੱਡੀ ਦੁਵਿਧਾ ਵਿੱਚ ਫ਼ਸ ਗਿਆ ਹਾਂ। ਮੈਂ ਆਪਣੀ ਸਜ਼ਾ ਲਈ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਪੈਣਾ ਚਾਹੁੰਦਾ। ਯਹੋਵਾਹ ਬੜਾ ਦਯਾਵਾਨ ਹੈ, ਇਸ ਲਈ ਮੈਂ ਯਹੋਵਾਹ ਦੇ ਉੱਪਰ ਹੀ ਛੱਡਦਾ ਹਾਂ ਉਹ ਜਿਵੇਂ ਚਾਹੇ ਮੈਨੂੰ ਦੰਡ ਦੇਵੇ।”

14 ਤਾਂ ਯਹੋਵਾਹ ਨੇ ਇਸਰਾਏਲ ਉੱਪਰ ਮਹਾਂਮਾਰੀ ਭੇਜੀ ਜਿਸ ਵਿੱਚ 70,000 ਲੋਕ ਮਰ ਗਏ। 15 ਪਰਮੇਸ਼ੁਰ ਨੇ ਯਰੂਸ਼ਲਮ ਨੂੰ ਨਸ਼ਟ ਕਰਨ ਲਈ ਦੂਤ ਨੂੰ ਭੇਜਿਆ ਪਰ ਜਦ ਹੀ ਦੂਤ ਨੇ ਯਰੂਸ਼ਲਮ ਨੂੰ ਨਾਸ ਕਰਨਾ ਸ਼ੁਰੂ ਕੀਤਾ ਤਾਂ ਯਹੋਵਾਹ ਇਸ ਨਾਸ ਨੂੰ ਵੇਖਕੇ ਪਛਤਾਇਆ। ਤਾਂ ਯਹੋਵਾਹ ਨੇ ਉਸ ਦੂਤ ਨੂੰ ਜੋ ਨਾਸ ਕਰ ਰਿਹਾ ਸੀ ਆਖਿਆ, “ਰੁਕ ਜਾ! ਬਸ ਬਹੁਤ ਹੋ ਗਿਆ!” ਉਸ ਵਕਤ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ।

16 ਤਾਂ ਦਾਊਦ ਨੇ ਆਪਣੀਆਂ ਅੱਖਾਂ ਉੱਪਰ ਨੂੰ ਕਰਕੇ ਅਸਮਾਨ ਵਿੱਚ ਯਹੋਵਾਹ ਦੇ ਦੂਤ ਨੂੰ ਵੇਖਿਆ। ਦੂਤ ਦੀ ਤਲਵਾਰ ਯਰੂਸ਼ਲਮ ਸ਼ਹਿਰ ਵੱਲ ਨਿਕਲੀ ਹੋਈ ਸੀ। ਤਦ ਦਾਊਦ ਅਤੇ ਬਜ਼ੁਰਗਾਂ ਨੇ ਧਰਤੀ ਉੱਤੇ ਸਿਰ ਨਿਵਾਂ ਕੇ ਮੱਥਾ ਟੇਕਿਆ। ਦਾਊਦ ਅਤੇ ਬਜ਼ੁਰਗਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਖਾਸ ਤੱਪੜ ਪਾਇਆ ਹੋਇਆ ਸੀ। 17 ਦਾਊਦ ਨੇ ਪਰਮੇਸ਼ੁਰ ਨੂੰ ਕਿਹਾ, “ਮੈਂ ਹੀ ਪਾਪੀ ਹਾਂ ਜਿਸਨੇ ਲੋਕਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ। ਮੈਂ ਹੀ ਇਹ ਬੁਰਾ ਪਾਪ ਕੀਤਾ ਹੈ। ਇਸਰਾਏਲੀਆਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਹੇ ਮੇਰੇ ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਜ਼ਾ ਦੇ, ਪਰ, ਕਿਰਪਾ ਕਰਕੇ ਆਪਣੀਆਂ ਭੇਡਾਂ ਅਤੇ ਆਪਣੇ ਸ਼ਰਧਾਲੂਆਂ ਉੱਪਰ ਇਹ ਮਹਾਮਾਰੀ ਨੂੰ ਰੋਕ ਦੇਵੋ।”

18 ਤਦ ਯਹੋਵਾਹ ਦੇ ਦੂਤ ਨੇ ਗਾਦ ਨੂੰ ਕਿਹਾ ਕਿ ਦਾਊਦ ਨੂੰ ਆਖੋ ਕਿ ਉਹ ਯਹੋਵਾਹ ਦੇ ਉਪਾਸਨਾ ਲਈ ਇੱਕ ਜਗਵੇਦੀ ਬਣਾਏ। ਦਾਊਦ ਨੂੰ ਕਹੋ ਇਹ ਜਗਵੇਦੀ ਯਬੂਸੀ ਆਰਨਾਨ ਦੇ ਪਿੜ ਦੇ ਨਜ਼ਦੀਕ ਬਣਾਵੇ। 19 ਗਾਦ ਨੇ ਉਹ ਸਭ ਗੱਲਾਂ ਦੱਸੀਆਂ ਜੋ ਪਰਮੇਸ਼ੁਰ ਨੇ ਉਸ ਨੂੰ ਦਾਊਦ ਨੂੰ ਦੱਸਣ ਲਈ ਕਹੀਆਂ ਸਨ ਤਾਂ ਦਾਊਦ ਆਰਨਾਨ ਦੇ ਪਿੜ ਵਿੱਚ ਗਿਆ।

20 ਉਸ ਵਕਤ ਆਰਨਾਨ ਕਣਕ ਦਾ ਗਾਹ ਪਾ ਰਿਹਾ ਸੀ ਉਸ ਨੇ ਮੁੜ ਕੇ ਵੇਖਿਆ ਤਾਂ ਉਸ ਨੂੰ ਦੂਤ ਨਜ਼ਰ ਆਇਆ ਤਾਂ ਆਰਨਾਨ ਦੇ ਚਾਰੋ ਪੁੱਤਰ ਲੁਕਣ ਲਈ ਭੱਜ ਖੜੋਤੇ। 21 ਦਾਊਦ ਆਰਨਾਨ ਕੋਲ ਪਹਾੜੀ ਉੱਪਰ ਜਾ ਰਿਹਾ ਸੀ। ਜਦੋਂ ਆਰਨਾਨ ਨੇ ਉਸ ਨੂੰ ਆਉਂਦਿਆਂ ਵੇਖਿਆ, ਉਸ ਨੇ ਪਿੜ ਵਿੱਚ ਆਪਣਾ ਕੰਮ ਛੱਡ ਦਿੱਤਾ ਅਤੇ ਦਾਊਦ ਵੱਲ ਆਇਆ। ਉਸ ਨੇ ਦਾਊਦ ਕੋਲ ਪਹੁੰਚ ਕੇ ਜ਼ਮੀਨ ਵੱਲ ਆਪਣਾ ਮੂੰਹ ਕਰਕੇ ਉਸ ਦੇ ਅੱਗੇ ਝੁਕ ਗਿਆ।

22 ਦਾਊਦ ਨੇ ਆਰਨਾਨ ਨੂੰ ਕਿਹਾ, “ਮੈਨੂੰ ਪੂਰੀ ਕੀਮਤ ਤੇ ਆਪਣਾ ਪਿੜ ਵੇਚ ਦੇ, ਤਾਂ ਜੋ ਇੱਥੇ ਮੈਂ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਬਣਾ ਸੱਕਾਂ। ਇਉਂ ਕਰਨ ਨਾਲ ਮਹਾਮਾਰੀ ਖਤਮ ਹੋ ਜਾਵੇਗੀ।”

23 ਆਰਨਾਨ ਨੇ ਦਾਊਦ ਨੂੰ ਕਿਹਾ, “ਤੂੰ ਇਹ ਪਿੜ ਸੰਭਾਲ ਲੈ। ਤੂੰ ਤਾਂ ਮੇਰਾ ਪਾਤਸ਼ਾਹ ਸੁਆਮੀ ਹੈਂ। ਤੈਨੂੰ ਜਿਵੇਂ ਚੰਗਾ ਲਗਦਾ ਹੈ ਤੂੰ ਕਰ ਲੈ। ਵੇਖ, ਮੈਂ ਤੈਨੂੰ ਹੋਮ ਦੀ ਭੇਟ ਲਈ ਪਸ਼ੂ ਅਤੇ ਅਨਾਜ ਦੀ ਭੇਟ ਲਈ ਕਣਕ ਵੀ ਦੇਵਾਂਗਾ।”

24 ਪਰ ਦਾਊਦ ਪਾਤਸ਼ਾਹ ਨੇ ਆਰਨਾਨ ਨੂੰ ਆਖਿਆ, “ਨਹੀਂ, ਇਸ ਸਭ ਕਾਸੇ ਲਈ ਮੈਂ ਤੈਨੂੰ ਪੂਰੀ ਕੀਮਤ ਚੁਕਾਵਾਂਗਾ। ਮੈਂ ਤੇਰੀਆਂ ਵਸਤਾਂ ਲੈ ਕੇ ਯਹੋਵਾਹ ਨੂੰ ਉਹ ਅਰਪਣ ਨਹੀਂ ਕਰਾਂਗਾ ਜੋ ਤੇਰੀ ਹੋਵੇ। ਜਿਸ ਵਸਤ ਦੀ ਮੈਨੂੰ ਕੀਮਤ ਅਦਾ ਨਾ ਕਰਨੀ ਪਵੇ ਉਹ ਭੇਟ ਮੈਂ ਕਿਵੇਂ ਕਰ ਸੱਕਦਾ ਹਾਂ?”

25 ਇਸ ਲਈ ਦਾਊਦ ਨੇ ਆਰਨਾਨ ਨੂੰ ਉਸ ਥਾਂ ਲਈ ਸੋਨੇ ਦੇ 15 ਪੌਂਡ ਦਿੱਤੇ। 26 ਉੱਥੇ ਦਾਊਦ ਨੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਤਿਆਰ ਕੀਤੀ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਤਾਂ ਜਵਾਬ ਵਿੱਚ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀਆਂ ਭੇਟਾਂ ਦੀ ਜਗਵੇਦੀ ਉੱਪਰ ਅੱਗ ਭੇਜੀ। 27 ਉਸ ਵੇਲੇ ਯਹੋਵਾਹ ਨੇ ਉਸ ਦੂਤ ਨੂੰ ਆਗਿਆ ਦਿੱਤੀ ਕਿ ਉਹ ਆਪਣੀ ਤਲਵਾਰ ਫ਼ਿਰ ਮਿਆਨ ਵਿੱਚ ਪਾ ਲਵੇ।

28 ਦਾਊਦ ਨੇ ਵੇਖਿਆ ਕਿ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਦਾਊਦ ਨੇ ਯਹੋਵਾਹ ਨੂੰ ਬਲੀ ਚੜ੍ਹਾਈ। 29 (ਪਵਿੱਤਰ ਤੰਬੂ ਅਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਗਿਬਓਨ ਵਿੱਚ ਉੱਚੇ ਥਾਂ ਉੱਤੇ ਸੀ। ਜਦੋਂ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ ਉਸ ਵਕਤ ਮੂਸਾ ਨੇ ਇਹ ਪਵਿੱਤਰ ਤੰਬੂ ਬਣਾਇਆ ਸੀ। 30 ਦਾਊਦ ਕਿਉਂ ਕਿ ਪਰਮੇਸ਼ੁਰ ਤੋਂ ਭੈਭੀਤ ਸੀ ਇਸ ਲਈ ਉਹ ਉਸ ਕੋਲ ਪਵਿੱਤਰ ਤੰਬੂ ਵਿੱਚ ਨਾ ਜਾ ਸੱਕਿਆ। ਦਾਊਦ ਯਹੋਵਾਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।)

Punjabi Bible: Easy-to-Read Version (ERV-PA)

2010 by World Bible Translation Center