Beginning
ਜਾਨਵਰ ਤੇ ਸਵਾਰ ਔਰਤ
17 ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ। ਇਹ ਉਨ੍ਹਾਂ ਦੂਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਪਾਸ ਸੱਤ ਪਿਆਲੇ ਸਨ। ਦੂਤ ਨੇ ਆਖਿਆ, “ਆਓ, ਮੈਂ ਤੁਹਾਨੂੰ ਉਹ ਸਜ਼ਾ ਦਿਖਾਉਂਦਾ ਹਾਂ ਜਿਹੜੀ ਪ੍ਰੱਸਿਧ ਵੇਸ਼ਵਾ ਨੂੰ ਦਿੱਤੀ ਜਾਵੇਗੀ। ਉਹ ਉਹੀ ਹੈ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ। 2 ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ। ਧਰਤੀ ਦੇ ਲੋਕ ਉਸ ਦੇ ਜਿਨਸੀ ਪਾਪ ਦੀ ਮੈਅ ਨਾਲ ਸ਼ਰਾਬੀ ਹੋ ਗਏ।”
3 ਤਾਂ ਫ਼ੇਰ ਦੂਤ ਮੈਨੂੰ ਆਤਮਾ ਰਾਹੀਂ ਮਾਰੂਥਲ ਨੂੰ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਲਾਲ ਰੰਗ ਦੇ ਜਾਨਵਰ ਉੱਤੇ ਬੈਠਿਆਂ ਦੇਖਿਆ। ਜਾਨਵਰ ਉੱਤੇ ਸਾਰੇ ਪਾਸੇ ਮੰਦੇ ਨਾਮ ਲਿਖੇ ਹੋਏ ਸਨ। ਜਾਨਵਰ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4 ਔਰਤ ਨੇ ਜਾਮਨੀ ਰੰਗ ਤੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਚਮਕ ਰਹੀ ਸੀ। ਉਸ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲਾ ਸੀ। ਇਹ ਪਿਆਲਾ ਭਿਆਨਕ ਚੀਜ਼ਾਂ ਅਤੇ ਉਸ ਦੇ ਜਿਨਸੀ ਪਾਪਾਂ ਦੀ ਗੰਦਗੀ ਨਾਲ ਭਰਿਆ ਹੋਇਆ ਸੀ। 5 ਉਸ ਦੇ ਮੱਥੇ ਉੱਤੇ ਸਿਰਲੇਖ ਲਿਖਿਆ ਹੋਇਆ ਸੀ। ਇਸ ਸਿਰਲੇਖ ਦਾ ਲੁਕਵਾਂ ਅਰਥ ਇਹੀ ਲਿਖਿਆ ਹੋਇਆ ਸੀ;
ਮਹਾਨ ਬੇਬੀਲੋਨ
ਵੇਸ਼ਵਾਵਾਂ ਦੀ ਮਾਂ
ਅਤੇ ਧਰਤੀ ਦੀਆਂ ਸਭ ਬਦੀਆਂ
6 ਮੈਂ ਦੇਖਿਆ ਕਿ ਔਰਤ ਸ਼ਰਾਬੀ ਸੀ। ਉਹ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋ ਸੀ। ਉਹ ਉਨ੍ਹਾਂ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋਈ ਸੀ ਜਿਨ੍ਹਾਂ ਨੇ ਯਿਸੂ ਵਿੱਚ ਆਪਣੀ ਵਿਸ਼ਵਾਸ ਪ੍ਰਗਟ ਕੀਤੀ ਸੀ।
ਜਦੋਂ ਮੈਂ ਔਰਤ ਨੂੰ ਦੇਖਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ। 7 ਫ਼ੇਰ ਦੂਤ ਨੇ ਮੈਨੂੰ ਆਖਿਆ, “ਤੂੰ ਹੈਰਾਨ ਕਿਉਂ ਹੈ? ਮੈਂ ਤੈਨੂੰ ਇਸ ਔਰਤ ਅਤੇ ਉਸ ਜਾਨਵਰ ਦਾ ਜਿਸਤੇ ਉਹ ਸਵਾਰ ਹੈ, ਗੁਝਾ ਅਰਥ ਦੱਸਦਾ ਹਾਂ। ਜਾਨਵਰ ਜਿਸਦੇ ਸੱਤ ਸਿਰ ਅਤੇ ਦੱਸ ਸਿੰਗ ਹਨ। 8 ਜਿਹੜਾ ਜਾਨਵਰ ਤੁਸੀਂ ਵੇਖਿਆ ਇੱਕ ਵੇਲੇ ਜਿਉਂਦਾ ਸੀ। ਪਰ ਉਹ ਜਾਨਵਰ ਹੁਣ ਜਿਉਂਦਾ ਨਹੀਂ ਹੈ। ਪਰ ਉਹ ਜਾਨਵਰ ਜਿੰਦਾ ਹੋ ਜਾਵੇਗਾ ਅਤੇ ਥਲਹੀਣ ਖੱਡ ਵਿੱਚੋਂ ਬਾਹਰ ਨਿਕਲੇਗਾ ਅਤੇ ਤਬਾਹ ਹੋਣ ਲਈ ਚੱਲਿਆ ਜਾਵੇਗਾ। ਉਹ ਇਸ ਗੱਲ ਤੋਂ ਹੈਰਾਨ ਹੋ ਜਾਣਗੇ ਕਿ ਇਹ ਪਹਿਲਾਂ ਜਿਉਂਦਾ ਸੀ, ਹੁਣ ਇਹ ਮਰ ਚੁੱਕਾ ਹੈ, ਪਰ ਉਹ ਫ਼ਿਰ ਆਵੇਗਾ। ਇਹੀ ਉਹ ਲੋਕ ਹਨ, ਜਿਨ੍ਹਾਂ ਦੇ ਨਾਂ ਦੁਨੀਆਂ ਦੇ ਮੁੱਢ ਤੋਂ ਹੀ ਜੀਵਨ ਦੀ ਪੁਸਤਕ ਵਿੱਚ ਕਦੀ ਵੀ ਨਹੀਂ ਲਿਖੇ ਗਏ।
9 “ਇਸ ਨੂੰ ਸਮਝਣ ਲਈ ਤੁਹਾਨੂੰ ਬੁੱਧੀਮਾਨ ਦਿਮਾਗ ਦੀ ਲੋੜ ਹੈ। ਜਾਨਵਰ ਦੇ ਸੱਤ ਸਿੰਗ, ਉਹ ਸੱਤ ਪਹਾੜੀਆਂ ਹਨ ਜਿੱਥੇ ਔਰਤ ਬੈਠੀ ਹੈ। ਉਹ ਸੱਤ ਰਾਜੇ ਵੀ ਹਨ। 10 ਰਾਜਿਆਂ ਵਿੱਚੋਂ ਪੰਜ ਪਹਿਲਾਂ ਹੀ ਮਰ ਚੁੱਕੇ ਹਨ। ਉਨ੍ਹਾਂ ਰਾਜਿਆਂ ਵਿੱਚੋਂ ਇੱਕ ਰਾਜਾ ਹਾਲੇ ਵੀ ਜਿਉਂਦਾ ਹੈ। ਅਤੇ ਆਖਰੀ ਰਾਜਾ ਆ ਰਿਹਾ ਹੈ। ਜਦੋਂ ਉਹ ਆਵੇਗਾ ਤਾਂ ਸਿਰਫ਼ ਥੋੜੇ ਸਮੇਂ ਲਈ ਹੀ ਰਹੇਗਾ। 11 ਉਹ ਜਾਨਵਰ ਜਿਹੜਾ ਪਹਿਲਾਂ ਜੀਵਿਤ ਸੀ ਤੇ ਹੁਣ ਜੀਵਿਤ ਨਹੀਂ ਹੈ, ਉਹ ਹੁਣ ਅੱਠਵਾਂ ਰਾਜਾ ਹੈ। ਇਹ ਅੱਠਵਾਂ ਰਾਜਾ ਵੀ ਪਹਿਲੇ ਸੱਤਾਂ ਰਾਜਿਆਂ ਨਾਲ ਦਾ ਹੈ। ਅਤੇ ਉਹ ਵੀ ਜਾਕੇ ਤਬਾਹ ਹੋ ਜਾਵੇਗਾ।
12 “ਦਸ ਸਿੰਗ ਜਿਹੜੇ ਤੁਸੀਂ ਦੇਖੇ ਸਨ ਉਹ ਦਸ ਰਾਜੇ ਹਨ। ਇਨ੍ਹਾਂ ਦਸਾਂ ਰਾਜਿਆਂ ਨੂੰ ਹਾਲੇ ਆਪਣਾ ਰਾਜ ਨਹੀਂ ਮਿਲਿਆ। ਪਰ ਉਨ੍ਹਾਂ ਨੂੰ ਜਾਨਵਰਾਂ ਨਾਲ ਰਾਜ ਕਰਨ ਲਈ ਇੱਕ ਹੀ ਘੰਟੇ ਲਈ ਸ਼ਕਤੀ ਮਿਲੇਗੀ। 13 ਇਨ੍ਹਾਂ ਦਸਾਂ ਰਾਜਿਆਂ ਦਾ ਇੱਕ ਹੀ ਉਦੇਸ਼ ਹੈ। ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਆਪਣਾ ਅਧਿਕਾਰ ਜਾਨਵਰਾਂ ਨੂੰ ਦੇਣ ਦਾ ਆਦੇਸ਼ ਹੈ। 14 ਉਹ ਲੇਲੇ ਦੇ ਖਿਲਾਫ਼ ਜੰਗ ਛੇੜਨਗੇ, ਪਰ ਲੇਲਾ ਉਨ੍ਹਾਂ ਨੂੰ ਹਰਾ ਦੇਵੇਗਾ, ਕਿਉਂਕਿ ਉਹ ਦੇਵਤਿਆਂ ਦਾ ਪ੍ਰਭੂ ਹੈ ਅਤੇ ਰਾਜਿਆਂ ਦਾ ਰਾਜਾ ਹੈ। ਉਹ ਉਨ੍ਹਾਂ ਨੂੰ ਆਪਣੇ ਚੁਣੇ ਹੋਏ, ਅਤੇ ਵਫ਼ਾਦਾਰ ਲੋਕਾਂ ਨਾਲ ਹਰਾ ਦੇਵੇਗਾ।”
15 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਪਾਣੀ ਤੁਸੀਂ ਦੇਖਿਆ ਜਿੱਥੇ ਵੇਸ਼ਵਾ ਬੈਠਦੀ ਹੈ, ਵਿਭਿੰਨ ਤਰ੍ਹਾਂ ਦੇ ਲੋਕਾਂ ਦੀ ਭੀੜ ਜਾਤੀਆਂ, ਕੌਮਾਂ ਅਤੇ ਭਾਸ਼ਾਵਾਂ ਦੇ ਪ੍ਰਤੀਕ ਹਨ। 16 ਜਾਨਵਰ ਅਤੇ ਉਹ ਦਸ ਸਿੰਗ ਜਿਹੜੇ ਤੁਸੀਂ ਦੇਖੇ ਹਨ ਉਹ ਵੇਸ਼ਵਾ ਨੂੰ ਨਫ਼ਰਤ ਕਰਨਗੇ। ਉਹ ਉਸ ਦੀ ਹਰ ਚੀਜ਼ ਖੋਹ ਲੈਣਗੇ ਅਤੇ ਉਸ ਨੂੰ ਨੰਗਾ ਕਰਕੇ ਛੱਡ ਦੇਣਗੇ। ਉਹ ਉਸ ਦੇ ਸਰੀਰ ਨੂੰ ਖਾ ਲੈਣਗੇ ਅਤੇ ਅੱਗ ਨਾਲ ਉਸ ਦੇ ਸਰੀਰ ਨੂੰ ਸਾੜ ਦੇਣਗੇ। 17 ਪਰਮੇਸ਼ਰ ਨੇ ਇਨ੍ਹਾਂ ਦਸ ਸਿੰਗਾਂ ਨੂੰ ਆਪਣਾ ਉਦੇਸ਼ ਪੂਰਨ ਕਰਨ ਲਈ ਬਣਾਇਆ। ਉਹ ਉਦੋਂ ਤੱਕ ਜਾਨਵਰ ਨੂੰ ਹਕੂਮਤ ਕਰਨ ਲਈ ਆਪਣੀ ਸ਼ਕਤੀ ਦੇਣ ਲਈ ਸਹਿਮਤ ਹੋਣਗੇ ਜਿੰਨਾ ਚਿਰ ਜੋ ਪਰਮੇਸ਼ੁਰ ਨੇ ਆਖਿਆ ਹੈ ਪੂਰਨ ਨਹੀਂ ਹੋ ਜਾਂਦਾ। 18 ਉਹ ਔਰਤ ਜਿਹੜੀ ਤੁਸੀਂ ਦੇਖੀ ਇੱਕ ਮਹਾ ਨਗਰ ਹੈ ਜਿਹੜਾ ਧਰਤੀ ਦੇ ਰਾਜਿਆਂ ਉੱਤੇ ਹਕੂਮਤ ਕਰਦਾ ਹੈ।”
ਬੇਬੀਲੋਨ ਤਬਾਹ ਹੋ ਗਿਆ
18 ਫ਼ਿਰ ਮੈਂ ਸਵਰਗ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਦੂਤ ਕੋਲ ਮਹਾਨ ਤਾਕਤ ਸੀ। ਉਸਦੀ ਮਹਿਮਾ ਨੇ ਧਰਤੀ ਨੂੰ ਚਾਨਣਮਈ ਕਰ ਦਿੱਤਾ। 2 ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ:
“ਉਹ ਤਬਾਹ ਹੋ ਚੁੱਕੀ ਹੈ।
ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ।
ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ।
ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ।
ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁੱਧ ਪੰਛੀਆਂ ਨਾਲ ਭਰਪੂਰ ਹੈ।
ਉਹ ਅਸ਼ੁੱਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।
3 ਧਰਤੀ ਦੇ ਸਾਰੇ ਲੋਕਾਂ ਨੇ ਉਸ ਦੇ ਜਿਨਸੀ ਪਾਪਾਂ
ਅਤੇ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਤੀ ਹੈ।
ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ,
ਅਤੇ ਧਰਤੀ ਦੇ ਵਪਾਰੀ ਉਸ ਦੇ ਐਸ਼ ਭਰੇ ਜੀਵਨ ਰਾਹੀਂ ਅਮੀਰ ਬਣ ਗਏ।”
4 ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ:
“ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ,
ਤਾਂ ਜੋ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ।
ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ
5 ਉਸ ਨਗਰ ਦੇ ਪਾਪਾਂ ਦਾ ਢੇਰ ਸਵਰਗ ਜਿੰਨਾ ਉੱਚਾ ਹੋ ਗਿਆ ਹੈ।
ਪਰਮੇਸ਼ੁਰ ਉਨ੍ਹਾਂ ਗਲਤ ਗੱਲਾਂ ਨੂੰ ਨਹੀਂ ਭੁੱਲਿਆ ਜਿਹੜੀਆਂ ਉਸ ਨੇ ਕੀਤੀਆਂ ਸਨ।
6 ਨਗਰ ਨੂੰ ਉਹੀ ਕੁਝ ਦਿਉ ਜੋ ਉਸ ਨੇ ਹੋਰਾਂ ਨੂੰ ਦਿੱਤਾ।
ਦੂਣਾ ਕਰਕੇ ਮੋੜੋ ਜਿੰਨਾ ਉਸ ਨੇ ਤੁਹਾਡੇ ਨਾਲ ਕੀਤਾ
ਉਸ ਲਈ ਇੱਕ ਪਿਆਲਾ ਤਿਆਰ ਕਰੋ ਜੋ ਉਸ ਪਿਆਲੇ ਨਾਲੋਂ ਦੂਣਾ ਨਸ਼ੀਲਾ ਹੋਵੇ ਜੋ ਉਸ ਨੇ ਤੁਹਾਡੇ ਲਈ ਤਿਆਰ ਕੀਤਾ ਹੈ।
7 ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ
ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ।
ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ।
ਮੈਂ ਇੱਕ ਵਿਧਵਾ ਨਹੀਂ ਹਾਂ।
ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’
8 ਇਹ ਸਾਰੀਆਂ ਮੁਸੀਬਤਾਂ ਉਸ ਉੱਤੇ
ਇੱਕ ਹੀ ਦਿਨ ਵਿੱਚ ਆਉਣਗੀਆਂ।
ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ।
ਕਿਉਂਕਿ ਪਰਮੇਸ਼ੁਰ ਜਿਹੜਾ ਉਸਦਾ ਨਿਆਂ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।
9 “ਧਰਤੀ ਦੇ ਉਹ ਰਾਜੇ ਜਿਨ੍ਹਾਂ ਨੇ ਉਸ ਨਾਲ ਜਿਨਸੀ ਪਾਪ ਕੀਤੇ ਅਤੇ ਉਸ ਨਾਲ ਉਸਦੀ ਐਸ਼ੋ ਅਰਾਮ ਦੀ ਜ਼ਿੰਦਗੀ ਸਾਂਝੀ ਕੀਤੀ ਸੀ, ਉਹ ਉਸ ਦੇ ਬਲਣ ਦਾ ਧੂੰਆਂ ਦੇਖਣਗੇ। ਫ਼ਿਰ ਉਹ ਰਾਜੇ ਉਸਦੀ ਮੌਤ ਕਾਰਣ ਰੋਣਗੇ ਅਤੇ ਉਦਾਸ ਹੋ ਜਾਣਗੇ। 10 ਰਾਜੇ ਉਸ ਦੇ ਤਸੀਹਿਆਂ ਤੋਂ ਡਰ ਜਾਣਗੇ ਅਤੇ ਦੂਰ ਖਲੋਤੇ ਰਹਿਣਗੇ। ਰਾਜੇ ਆਖਣਗੇ:
‘ਭਿਆਨਕ, ਉਫ਼ ਕਿੰਨਾ ਭਿਆਨਕ।
ਤੇ ਬੇਬੀਲੋਨ ਦੇ ਸ਼ਕਤੀਸ਼ਾਲੀ ਸ਼ਹਿਰ,
ਤੇਰੀ ਸਜ਼ਾ ਇੱਕ ਘੰਟੇ ਵਿੱਚ ਆ ਗਈ।’
11 “ਧਰਤੀ ਦੇ ਵਪਾਰੀ ਉਸ ਲਈ ਰੋਣਗੇ ਅਤੇ ਪਿੱਟਣਗੇ, ਕਿਉਂਕਿ ਕੋਈ ਵੀ ਹੁਣ ਉਨ੍ਹਾਂ ਦੀਆਂ ਚੀਜ਼ਾਂ ਨਹੀਂ ਖਰੀਦੇਗਾ। 12 ਉਹ ਸੋਨਾ, ਚਾਂਦੀ, ਜਵਾਹਰ, ਮੋਤੀ, ਕੀਮਤੀ ਵਸਤਰ, ਬੈਂਗਣੀ ਕੱਪੜਾ, ਰੇਸ਼ਮ, ਸ਼ਨੀਲ, ਹਰ ਤਰ੍ਹਾਂ ਦੇ ਚਕੋਤਰੇ ਦੀ ਲੱਕੜ ਅਤੇ ਹਾਥੀ ਦੰਦ ਤੋਂ ਬਣੀਆਂ ਕਈ ਪ੍ਰਕਾਰ ਦੀਆਂ ਵਸਤੂਆਂ, ਪਿੱਤਲ, ਲੋਹਾ ਅਤੇ ਸੰਗਮਰਮਰ ਵੇਚਦੇ ਸਨ। 13 ਉਨ੍ਹਾਂ ਵਪਾਰੀਆਂ ਨੇ ਦਾਲਚੀਨੀ, ਮਸਾਲੇ, ਧੂਪ, ਲੁਬਾਣ, ਮੈਅ, ਜੈਤੂਨ ਦਾ ਤੇਲ, ਵੱਧੀਆ ਆਟਾ, ਕਣਕ, ਜਾਨਵਰ, ਭੇਡਾਂ, ਘੋੜੇ ਅਤੇ ਰੱਥ ਲੋਕਾਂ ਦੇ ਸਰੀਰ ਅਤੇ ਮਨੁੱਖੀ ਜ਼ਿੰਦਗੀਆਂ ਵੀ ਵੇਚੀਆਂ। 14 ਵਪਾਰੀ ਰੋਣਗੇ ਅਤੇ ਆਖਣਗੇ,
‘ਹੇ ਬੇਬੀਲੋਨ ਜਿਹੜੀਆਂ ਚੰਗੀਆਂ ਚੀਜ਼ਾਂ ਤੂੰ ਚਾਹੁੰਦੀ ਸੀ ਉਹ ਤੈਥੋਂ ਖੁੱਸ ਗਈਆਂ ਹਨ।
ਤੇਰੀਆਂ ਸਾਰੀਆਂ ਕੀਮਤੀ ਅਤੇ ਸ਼ਾਨਦਾਰ ਚੀਜ਼ਾਂ ਅਲੋਪ ਹੋ ਗਈਆਂ ਹਨ।
ਤੁਸੀਂ ਉਨ੍ਹਾਂ ਵਿੱਚੋਂ ਕੁਝ ਵੀ ਹੋਰ ਚੀਜ਼ਾਂ ਨਹੀਂ ਵੇਖੋਂਗੇ।’
15 “ਵਪਾਰੀ ਉਸ ਦੇ ਦੁੱਖ ਤੋਂ ਭੈਭੀਤ ਹੋ ਜਾਣਗੇ ਅਤੇ ਉਸਤੋਂ ਦੂਰ ਹੀ ਰਹਿਣਗੇ। ਇਹ ਉਹੀ ਲੋਕ ਹਨ ਜਿਹੜੇ ਉਸ ਨੂੰ ਚੀਜ਼ਾਂ ਵੇਚਕੇ ਅਮੀਰ ਬਣੇ ਸਨ। ਇਹ ਲੋਕ ਰੋਣਗੇ ਤੇ ਉਦਾਸ ਹੋਣਗੇ। 16 ਉਹ ਆਖਣਗੇ:
‘ਭਿਆਨਕ। ਕਿੰਨਾ ਭਿਆਨਕ ਉਸ ਮਹਾਨਗਰੀ ਲਈ।
ਉਹ ਬਰੀਕ ਸੂਤੀ ਕੱਪੜੇ,
ਬੈਂਗਣੀ ਅਤੇ ਲਾਲ ਵਸਤਰ ਪਾਕੇ ਤਿਆਰ ਹੋਈ ਸੀ ਅਤੇ ਉਹ ਸੋਨੇ,
ਜਵਾਹਰਾਂ ਅਤੇ ਮੋਤੀਆਂ ਨਾਲ ਜਗਮਗਾ ਰਹੀ ਸੀ।
17 ਸਾਰੀ ਅਮੀਰੀ ਪਲਾਂ ਵਿੱਚ ਗਾਇਬ ਹੋ ਗਈ।’
“ਜਲ ਸੈਨਾ ਦੇ ਸਾਰੇ ਕਪਤਾਨ, ਉਹ ਸਾਰੇ ਜਿਹੜੇ ਪਾਣੀ ਦੇ ਜਹਾਜ਼ ਵਿੱਚ ਸਫ਼ਰ ਕਰਦੇ ਹਨ, ਸਾਰੇ ਮੱਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਵਿੱਚ ਕੰਮ ਕਰਕੇ ਪੈਸਾ ਕੁਮਾਉਂਦੇ ਹਨ, ਬੇਬੀਲੋਨ ਤੋਂ ਦੂਰ ਹੀ ਖਲੋਣਗੇ। 18 ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਦੇਖਿਆ। ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਆਖਿਆ, ‘ਇਸ ਮਹਾਨਗਰੀ ਵਰਗਾ ਕੋਈ ਹੋਰ ਨਗਰ ਨਹੀਂ ਸੀ।’ 19 ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ:
‘ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ।
ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ।
ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਹਨ।
20 ਹੇ ਸਵਰਗ ਖੁਸ਼ ਹੋ ਇਸ ਕਾਰਣ।
ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ।
ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸ ਨੂੰ ਉਨ੍ਹਾਂ ਗੱਲਾਂ ਦੀ ਜਿਹੜੀਆਂ ਕੀਤੀਆਂ ਉਸ ਨੇ ਤੁਹਾਡੇ ਨਾਲ।’”
21 ਫ਼ਿਰ ਇੱਕ ਸ਼ਕਤੀਸ਼ਾਲੀ ਦੂਤ ਨੇ ਇੱਕ ਵੱਡਾ ਪੱਥਰ ਚੁੱਕਿਆ। ਇਹ ਪੱਥਰ ਚੱਕੀ ਦੇ ਪੁੜ੍ਹ ਜਿੰਨਾ ਵੱਡਾ ਸੀ। ਦੂਤ ਨੇ ਪੱਥਰ ਸਮੁੰਦਰ ਵਿੱਚ ਸੁੱਟਿਆ, ਅਤੇ ਆਖਿਆ।
“ਇਸੇ ਤਰ੍ਹਾਂ ਹੀ, ਬੇਬੀਲੋਨ ਦੀ ਮਹਾਂਨਗਰੀ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।
ਅਤੇ ਇਸ ਨੂੰ ਹੋਰ ਵੱਧੇਰੇ ਨਹੀਂ ਵੇਖਿਆ ਜਾਵੇਗਾ।
22 ਲੋਕਾਂ ਦਾ ਰਬਾਬ, ਹੋਰ ਸੰਗੀਤਕ ਸਾਜ਼, ਸਾਰੰਗੀਆਂ,
ਅਤੇ ਤੁਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ।
ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲੱਭੇ ਜਾਣਗੇ।
ਚੱਕੀ ਦੇ ਪੁੜ੍ਹ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
23 ਦੀਵੇ ਦੀ ਰੋਸ਼ਨੀ ਤੁਹਾਡੇ ਵਿੱਚ ਕਦੇ ਵੀ ਨਹੀਂ ਚਮਕੇਗੀ ਲਾੜੇ
ਅਤੇ ਵਹੁਟੀ ਦੀਆਂ ਅਵਾਜ਼ਾਂ ਤੁਹਾਡੇ ਵਿੱਚ ਫ਼ਿਰ ਕਦੀ ਵੀ ਨਹੀਂ ਸੁਣੀਆਂ ਜਾਣਗੀਆਂ।
ਕਿਉਂਕਿ ਤੁਹਾਡੇ ਵਪਾਰੀ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ ਸਨ, ਅਤੇ ਤੁਸੀਂ ਸਾਰੀਆਂ ਕੌਮਾਂ ਨੂੰ ਆਪਣੇ ਜਾਦੂ ਨਾਲ ਧੋਖਾ ਦਿੱਤਾ।
24 ਬੇਬੀਲੋਨ ਨਬੀਆਂ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ
ਅਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਦੋਸ਼ੀ ਹੈ ਜਿਹੜੇ ਧਰਤੀ ਤੇ ਮਾਰੇ ਗਏ ਹਨ।”
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ
19 ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ,
“ਹਲਲੂਯਾਹ!
ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
2 ਨਿਆਂ ਉਸ ਦੇ ਹਨ ਸੱਚੇ ਤੇ ਸਹੀ।
ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ
ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ।
ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”
3 ਸਵਰਗ ਵਿੱਚਲੇ ਲੋਕਾਂ ਨੇ ਆਖਿਆ:
“ਹਲਲੂਯਾਹ!
ਉਹ ਸੜ ਰਹੀ ਹੈ ਅਤੇ ਉਸਦਾ ਧੂਆਂ ਸਦਾ ਅਤੇ ਸਦਾ ਲਈ ਉੱਠੇਗ਼ਾ।”
4 ਫ਼ਿਰ ਚੌਵੀ ਬਜ਼ੁਰਗ ਅਤੇ ਚਾਰ ਸਜੀਵ ਚੀਜ਼ਾਂ ਝੁਕੀਆਂ ਅਤੇ ਉਨ੍ਹਾਂ ਨੇ ਉਸ ਇੱਕ ਦੀ ਉਪਾਸਨਾ ਕੀਤੀ ਜੋ ਉਸ ਤਖਤ ਤੇ ਬਿਰਾਜਮਾਨ ਸੀ। ਉਨ੍ਹਾਂ ਨੇ ਆਖਿਆ:
“ਆਮੀਨ, ਹਲਲੂਯਾਹ।”
5 ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ:
“ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ।
ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹੜੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।”
6 ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹੜ੍ਹਾਂ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ:
“ਹਲਲੂਯਾਹ!
ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ।
ਉਹ ਹੀ ਸਰਬ ਸ਼ਕਤੀਮਾਨ ਹੈ।
7 ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾ
ਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ।
ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੈ।
8 ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ।
ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।”
(ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)
9 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਲਿਖੋ; ਉਹ ਲੋਕ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।” ਫ਼ੇਰ ਦੂਤ ਨੇ ਆਖਿਆ, “ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।”
10 ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।”
ਚਿੱਟੇ ਘੋੜੇ ਉੱਤੇ ਘੋੜ ਸਵਾਰ
11 ਫ਼ੇਰ ਮੈਂ ਸਵਰਗ ਨੂੰ ਖੁਲ੍ਹਦਿਆਂ ਦੇਖਿਆ। ਉੱਥੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ। ਘੋੜ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ। ਉਹ ਆਪਣੇ ਨਿਆਂ ਵਿੱਚ ਅਤੇ ਜੰਗ ਕਰਨ ਵਿੱਚ ਸਹੀ ਹੈ। 12 ਉਸ ਦੀਆਂ ਅੱਖਾਂ ਅੱਗ ਦੇ ਭਾਂਬੜ ਹਨ। ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਪਰ ਸਿਰਫ਼ ਉਹੋ ਹੀ ਹੈ ਜਿਹੜਾ ਇੱਕ ਨਾਮ ਜਾਣਦਾ ਹੈ। ਕੋਈ ਹੋਰ ਵਿਅਕਤੀ ਇਹ ਨਾਮ ਨਹੀਂ ਜਾਣਦਾ। 13 ਉਸ ਨੇ ਲਹੂ ਨਾਲ ਭਿੱਜਿਆ ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ। 14 ਸਵਰਗ ਦੀਆਂ ਫ਼ੌਜਾਂ ਉਸਦਾ ਅਨੁਸਰਣ ਕਰ ਰਹੀਆਂ ਸਨ। ਉਹ ਚਿੱਟੇ ਘੋੜਿਆਂ ਤੇ ਸਵਾਰ ਸਨ। ਉਹ ਵੱਧੀਆ ਲਿਨਨ ਦੇ ਕੱਪੜਿਆਂ ਨਾਲ ਸੱਜੇ ਹੋਏ ਸਨ ਜੋ ਸਾਫ਼ ਅਤੇ ਚਿੱਟਾ ਸੀ। 15 ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ। 16 ਉਸ ਦੇ ਚੋਲੇ ਉੱਤੇ ਅਤੇ ਉਸਦੀ ਲੱਤ ਉੱਤੇ ਇਹ ਨਾਂ ਲਿਖਿਆ ਹੋਇਆ ਸੀ;
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ
17 ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ। 18 ਇਕੱਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸਰੀਰਾਂ ਨੂੰ ਖਾ ਸੱਕੋ। ਘੋੜਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸਰੀਰਾਂ ਨੂੰ ਅਤੇ ਆਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸਰੀਰਾਂ ਨੂੰ ਖਾਣ ਲਈ ਆ ਜਾਓ।”
19 ਫ਼ੇਰ ਮੈਂ ਜਾਨਵਰ ਨੂੰ ਅਤੇ ਧਰਤੀ ਦੇ ਰਾਜਿਆਂ ਨੂੰ ਦੇਖਿਆ। ਉਨ੍ਹਾਂ ਦੀਆਂ ਫ਼ੌਜਾਂ ਘੋੜ ਸਵਾਰ ਅਤੇ ਉਸਦੀ ਫ਼ੌਜ ਦੇ ਵਿਰੁੱਧ ਜੰਗ ਲੜਨ ਲਈ ਇਕੱਠੀਆਂ ਹੋਈਆਂ। 20 ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ। 21 ਉਨ੍ਹਾਂ ਦੀਆਂ ਫ਼ੌਜਾਂ ਉਸ ਤਲਵਾਰ ਦੁਆਰਾ ਮਾਰੀਆਂ ਗਈਆਂ ਸਨ ਜੋ ਕਿ ਘੋੜ ਸਵਾਰ ਦੇ ਮੂੰਹ ਵਿੱਚੋਂ ਬਾਹਰ ਆ ਰਹੀ ਸੀ। ਸਾਰੇ ਪੰਛੀਆਂ ਨੇ ਸਰੀਰਾਂ ਨੂੰ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ।
2010 by World Bible Translation Center