Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਪਰਕਾਸ਼ ਦੀ ਪੋਥੀ 13-16

ਸਮੁੰਦਰ ਤੋਂ ਨਿਕਲਦਾ ਜਾਨਵਰ

13 ਫ਼ੇਰ ਮੈਂ ਇੱਕ ਜਾਨਵਰ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਦੇਖਿਆ। ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ। ਹਰ ਸਿੰਗ ਉੱਤੇ ਇੱਕ ਤਾਜ ਸੀ। ਇੱਕ ਨਾਂ ਜੋ ਕਿ ਪਰਮੇਸ਼ੁਰ ਲਈ ਇੱਕ ਬੇਇੱਜ਼ਤੀ ਸੀ ਹਰ ਸਿਰ ਉੱਤੇ ਲਿਖਿਆ ਗਿਆ ਸੀ। ਜੋ ਜਾਨਵਰ ਮੈਂ ਵੇਖਿਆ ਚੀਤੇ ਵਾਂਗ ਦਿਸਿਆ। ਪਰ ਉਸ ਦੇ ਪੈਰ ਰਿੱਛ ਵਰਗੇ ਸਨ, ਉਸਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਆਪਣੀ ਸ਼ਕਤੀ, ਆਪਣਾ ਤਖਤ ਅਤੇ ਵੱਡਾ ਅਧਿਕਾਰ ਇਸ ਜਾਨਵਰ ਨੂੰ ਦੇ ਦਿੱਤਾ।

ਜਾਨਵਰ ਦਾ ਇੱਕ ਸਿਰ ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਜ਼ਖਮੀ ਹੋਵੇ ਤੇ ਮਰ ਗਿਆ ਹੋਵੇ। ਪਰ ਇਹ ਮੌਤ ਦਾ ਜ਼ਖਮ ਭਰ ਚੁੱਕਿਆ ਸੀ। ਦੁਨੀਆਂ ਦੇ ਸਾਰੇ ਲੋਕ ਹੈਰਾਨ ਸਨ ਅਤੇ ਉਨ੍ਹਾਂ ਸਾਰਿਆਂ ਨੇ ਜਾਨਵਰ ਦਾ ਪਿੱਛਾ ਕੀਤਾ। ਲੋਕਾਂ ਨੇ ਅਜਗਰ ਦੀ ਪੂਜਾ ਇਸ ਲਈ ਕੀਤੀ ਕਿਉਂ ਕਿ ਉਸ ਨੇ ਆਪਣਾ ਅਧਿਕਾਰ ਉਸ ਜਾਨਵਰ ਨੂੰ ਦੇ ਦਿੱਤਾ ਸੀ। ਅਤੇ ਲੋਕਾਂ ਨੇ ਉਸ ਜਾਨਵਰ ਦੀ ਵੀ ਪੂਜਾ ਕੀਤੀ। ਉਨ੍ਹਾਂ ਨੇ ਪੁੱਛਿਆ, “ਇਸ ਜਾਨਵਰ ਜਿੰਨਾ ਤਾਕਤਵਰ ਕੌਣ ਹੈ? ਉਸ ਨਾਲ ਕੌਣ ਲੜ ਸੱਕਦਾ ਹੈ?”

ਜਾਨਵਰ ਨੂੰ ਸ਼ੇਖੀ ਭਰੇ ਸ਼ਬਦ ਅਤੇ ਪਰਮੇਸ਼ੁਰ ਨੂੰ ਬੇਇੱਜ਼ਤੀ ਦੇ ਸ਼ਬਦ ਆਖਣ ਦੀ ਇਜਾਜ਼ਤ ਸੀ। ਜਾਨਵਰ ਨੂੰ 42 ਮਹੀਨੇ ਤੱਕ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ। ਜਾਨਵਰ ਨੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ। ਜਾਨਵਰ ਨੇ ਪਰਮੇਸ਼ੁਰ ਦੇ ਨਾਂ ਅਤੇ ਉਸ ਜਗ਼੍ਹਾ ਦੀ ਜਿੱਥੇ ਪਰਮੇਸ਼ੁਰ ਵੱਸਦਾ ਹੈ ਅਤੇ ਲੋਕਾਂ ਦੀ ਜੋ ਸਵਰਗ ਵਿੱਚ ਵੱਸਦੇ ਹਨ ਬੇਇੱਜ਼ਤੀ ਕੀਤੀ। ਜਾਨਵਰ ਨੂੰ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਖਿਲਾਫ਼ ਲੜਨ ਅਤੇ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਗਈ ਸੀ। ਉਸ ਨੂੰ ਹਰ ਵੰਸ਼, ਜਾਤੀ, ਭਾਸ਼ਾ ਅਤੇ ਕੌਮ ਉੱਤੇ ਵੀ ਅਧਿਕਾਰ ਦਿੱਤਾ ਗਿਆ ਸੀ। ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਸ ਜਾਨਵਰ ਦੀ ਪੂਜਾ ਕਰਨਗੇ। ਇਹ ਸਾਰੇ ਲੋਕ ਦੁਨੀਆਂ ਦੇ ਅਰੰਭ ਤੋਂ ਹਨ। ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ। ਲੇਲਾ ਉਹ ਹੈ ਜਿਹੜਾ ਮਾਰਿਆ ਗਿਆ ਸੀ।

ਜਿਹੜਾ ਵਿਅਕਤੀ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਤਾਂ ਉਸ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

10 ਜੇ ਕਿਸੇ ਨੇ ਕੈਦ ਹੋਣਾ ਹੈ,
    ਤਾਂ ਉਹ ਕੈਦ ਹੋਵੇਗਾ।
ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ,
    ਉਹ ਤਲਵਾਰ ਨਾਲ ਮਰਨਾ ਹੈ, ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।

ਇਸਦਾ ਭਾਵ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸਬਰ ਅਤੇ ਨਿਹਚਾ ਰੱਖਣੀ ਚਾਹੀਦੀ ਹੈ।

ਧਰਤੀ ਤੋਂ ਨਿਕਲਦਾ ਜਾਨਵਰ

11 ਫ਼ਿਰ ਮੈਂ ਧਰਤੀ ਤੋਂ ਨਿੱਕਲਦੇ ਹੋਏ ਇੱਕ ਹੋਰ ਜਾਨਵਰ ਨੂੰ ਦੇਖਿਆ। ਉਸ ਦੇ ਲੇਲੇ ਵਾਂਗ ਦੋ ਸਿੰਗ ਸਨ, ਪਰ ਉਹ ਅਜਗਰ ਵਾਂਗ ਗੱਲਾਂ ਕਰਦਾ ਸੀ। 12 ਇਹ ਜਾਨਵਰ ਵੀ ਪਹਿਲੇ ਜਾਨਵਰ ਦੇ ਸਾਹਮਣੇ ਖਲੋਂਦਾ ਅਤੇ ਉਸੇ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹੜੀ ਪਹਿਲੇ ਜਾਨਵਰ ਕੋਲ ਸੀ। ਉਹ ਇਸ ਸ਼ਕਤੀ ਦੀ ਵਰਤੋਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਪਹਿਲੇ ਜਾਨਵਰ ਦੀ ਪੂਜਾ ਕਰਾਉਣ ਲਈ ਕਰਦਾ ਹੈ। ਪਹਿਲਾ ਜਾਨਵਰ ਹੀ ਹੈ ਉਹ ਜਿਸ ਨੂੰ ਮੌਤ ਦਾ ਜ਼ਖਮ ਸੀ ਜਿਹੜਾ ਭਰ ਚੁੱਕਿਆ ਸੀ। 13 ਇਹ ਦੂਜਾ ਜਾਨਵਰ ਵੱਡੇ ਕਰਿਸ਼ਮੇ ਕਰਦਾ ਹੈ। ਉਹ ਲੋਕਾਂ ਦੇ ਵੱਡਿਆਂ ਆਗੂਆਂ ਨੂੰ ਸਵਰਗ ਤੋਂ ਧਰਤੀ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਅੱਗ ਨੂੰ ਅਕਾਸ਼ੋਂ ਥੱਲੇ ਲਿਆਉਂਦਾ ਜਦੋਂ ਕਿ ਲੋਕ ਵੇਖ ਰਹੇ ਹੁੰਦੇ ਹਨ।

14 ਇਹ ਦੂਸਰਾ ਜਾਨਵਰ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਅਜਿਹੇ ਕਰਿਸ਼ਮਿਆਂ ਰਾਹੀਂ ਮੂਰਖ ਬਣਾਉਂਦਾ ਹੈ ਜਿਸਦੀ ਸ਼ਕਤੀ ਉਸ ਨੂੰ ਪ੍ਰਦਾਨ ਕੀਤੀ ਗਈ ਹੈ। ਉਹ ਇਹ ਕਰਿਸ਼ਮੇ ਪਹਿਲੇ ਜਾਨਵਰ ਦੀ ਸੇਵਾ ਕਰਨ ਲਈ ਕਰਦਾ ਹੈ। ਇਸਨੇ ਲੋਕਾਂ ਨੂੰ ਪਹਿਲੇ ਜਾਨਵਰ ਦੀ ਮੂਰਤ ਬਨਾਉਣ ਦਾ ਹੁਕਮ ਦਿੱਤਾ ਜੋ ਕਿ ਤਲਵਾਰ ਨਾਲ ਜ਼ਖਮੀ ਹੋ ਗਿਆ ਸੀ ਪਰ ਮਰਿਆ ਨਹੀਂ ਸੀ। 15 ਦੂਸਰੇ ਜਾਨਵਰ ਨੂੰ ਇਹ ਸ਼ਕਤੀ ਦਿੱਤੀ ਗਈ ਸੀ ਕਿ ਉਹ ਪਹਿਲੇ ਜਾਨਵਰ ਦੀ ਮੂਰਤ ਵਿੱਚ ਜਾਨ ਪਾ ਸੱਕੇ। ਫ਼ਿਰ ਉਹ ਮੂਰਤ ਬੋਲ ਸੱਕਦੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਦਾ ਆਦੇਸ਼ ਦੇ ਸੱਕਦੀ ਸੀ ਜਿਨ੍ਹਾਂ ਨੇ ਇਸ ਦੀ ਪੂਜਾ ਨਹੀਂ ਕੀਤੀ ਸੀ। 16 ਦੂਸਰੇ ਜਾਨਵਰ ਨੇ ਸਾਰੇ ਲੋਕਾਂ ਨੂੰ ਛੋਟੇ ਅਤੇ ਵੱਡੇ, ਅਮੀਰਾਂ ਅਤੇ ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਆਪਣੇ ਸੱਜੇ ਹੱਥ ਜਾ ਆਪਣੇ ਮੱਥੇ ਉੱਤੇ ਇੱਕ ਨਿਸ਼ਾਨ ਲਾਉਣ ਲਈ ਮਜ਼ਬੂਰ ਕੀਤਾ। 17 ਕੋਈ ਵੀ ਵਿਅਕਤੀ ਇਸ ਨਿਸ਼ਾਨ ਤੋਂ ਬਿਨਾ ਖਰੀਦੋ ਫ਼ਰੋਖਤ ਨਹੀਂ ਕਰ ਸੱਕਦਾ ਸੀ। ਇਹ ਨਿਸ਼ਾਨ ਉਸ ਜਾਨਵਰ ਦਾ ਨਾਂ ਜਾਂ ਉਸ ਦੇ ਨਾਂ ਦੀ ਸੰਖਿਆ ਹੈ।

18 ਇਹ ਸਮਝਣ ਲਈ ਤੁਹਾਨੂੰ ਸਿਆਣਪ ਦੀ ਲੋੜ ਹੈ। ਕੋਈ ਵੀ ਵਿਅਕਤੀ ਜੋ ਸਿਆਣਾ ਹੈ ਇਸ ਜਾਨਵਰ ਦੀ ਸੰਖਿਆ ਨੂੰ ਕੱਢ ਸੱਕਦਾ ਹੈ। ਸੰਖਿਆ ਇੱਕ ਆਦਮੀ ਦੀ ਸੰਖਿਆ ਹੈ। ਸੰਖਿਆ 666 ਹੈ।

ਮੁਕਤ ਲੋਕਾਂ ਦਾ ਗੀਤ

14 ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।

ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ। ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ।

ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ। ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ।

ਤਿੰਨ ਦੂਤ

ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।”

ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।”

ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ। 10 ਉਹ ਵਿਅਕਤੀ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਂਦਾ ਹੈ। ਇਹ ਮੈਅ ਪਰਮੇਸ਼ੁਰ ਦੇ ਗੁੱਸੇ ਵਾਲੇ ਪਿਆਲੇ ਵਿੱਚ ਬਿਨ ਪਤਲੀ ਕੀਤਿਆਂ ਵਰਤਾਈ ਜਾਵੇਗੀ। ਇਸ ਵਿਅਕਤੀ ਨੂੰ ਬਲਦੀ ਹੋਈ ਗੰਧਕ ਨਾਲ ਪਵਿੱਤਰ ਦੂਤਾਂ ਅਤੇ ਲੇਲੇ ਦੇ ਸਾਹਮਣੇ ਕਸ਼ਟ ਦਿੱਤੇ ਜਾਣਗੇ। 11 ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।” 12 ਇਸਦਾ ਅਰਥ ਹੈ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ (ਵਿਸ਼ਵਾਸੀਆਂ) ਨੂੰ ਧੀਰਜ ਵਾਲੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਆਦੇਸ਼ ਮੰਨਣ ਅਤੇ ਯਿਸੂ ਵਿੱਚ ਆਪਣੀ ਨਿਹਚਾ ਰੱਖਣ।

13 ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਇਸ ਨੂੰ ਲਿਖੋ; ਧੰਨ ਹਨ ਉਹ ਲੋਕ ਜਿਹੜੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।”

ਆਤਮਾ ਆਖਦਾ, “ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰੜੇ ਕੰਮ ਤੋਂ ਅਰਾਮ ਪਾਉਣਗੇ। ਜਿਹੜੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।”

ਧਰਤੀ ਦੀ ਵਾਢੀ ਹੁੰਦੀ ਹੈ

14 ਮੈਂ ਤੱਕਿਆ ਅਤੇ ਮੇਰੇ ਅੱਗੇ ਇੱਕ ਚਿੱਟਾ ਬੱਦਲ ਸੀ। ਉਸ ਚਿੱਟੇ ਬੱਦਲ ਉੱਪਰ ਉਹ ਬੈਠਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਜਾਪਦਾ ਸੀ। ਉਸ ਦੇ ਸਿਰ ਤੇ ਸੁਨਿਹਰੀ ਤਾਜ ਸੀ ਅਤੇ ਉਸ ਦੇ ਹੱਥ ਵਿੱਚ ਤਿੱਖੀ ਦਾਤਰੀ ਸੀ। 15 ਫ਼ੇਰ ਇੱਕ ਹੋਰ ਦੂਤ ਮੰਦਰ ਵਿੱਚੋਂ ਬਾਹਰ ਆਇਆ। ਇਸ ਦੂਤ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਇੱਕ ਨੂੰ ਉੱਚੀ ਅਵਾਜ਼ ਵਿੱਚ ਆਖਿਆ, “ਆਪਣੀ ਦਾਤਰੀ ਲੈ ਅਤੇ ਧਰਤੀ ਦੀ ਫ਼ਸਲ ਇਕੱਠੀ ਕਰ। ਵਾਢੀ ਦਾ ਵੇਲਾ ਆ ਗਿਆ ਹੈ। ਧਰਤੀ ਦਾ ਫ਼ਲ ਪੱਕ ਚੁੱਕਿਆ ਹੈ।” 16 ਫ਼ਿਰ ਉਸ ਨੇ ਜਿਹੜਾ ਬੱਦਲ ਉੱਪਰ ਬੈਠਾ ਸੀ, ਆਪਣੀ ਦਾਤਰੀ ਧਰਤੀ ਉੱਤੇ ਸੁੱਟ ਦਿੱਤੀ। ਤੁਰੰਤ ਹੀ ਧਰਤੀ ਦੀ ਫ਼ਸਲ ਦੀ ਵਢਾਈ ਹੋ ਗਈ।

17 ਫ਼ੇਰ ਸਵਰਗ ਦੇ ਮੰਦਰ ਵਿੱਚੋਂ ਇੱਕ ਹੋਰ ਦੂਤ ਬਾਹਰ ਆਇਆ। ਇਸ ਦੂਤ ਕੋਲ ਵੀ ਤਿੱਖੀ ਦਾਤਰੀ ਸੀ। 18 ਫ਼ੇਰ ਇੱਕ ਹੋਰ ਦੂਤ ਜੱਗਵੇਦੀ ਵੱਲੋਂ ਬਾਹਰ ਆਇਆ। ਇਸ ਦੂਤ ਕੋਲ ਅੱਗ ਉੱਤੇ ਅਧਿਕਾਰ ਸੀ। ਇਸ ਦੂਤ ਨੇ ਉੱਚੀ ਅਵਾਜ਼ ਨਾਲ ਉਸ ਨੂੰ ਸੱਦਿਆ। ਜਿੱਸ ਕੋਲ ਤਿੱਖੀ ਦਾਤਰੀ ਸੀ ਅਤੇ ਆਖਿਆ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰ ਤੋੜ। ਅੰਗੂਰ ਪੱਕੇ ਹੋਏ ਹਨ।” 19 ਦੂਤ ਨੇ ਆਪਣੀ ਦਾਤਰੀ ਧਰਤੀ ਵੱਲ ਵਗਾਈ। ਦੂਤ ਨੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਗੁੱਸੇ ਦੀ ਵੱਡੀ ਘੁਲਾੜੀ ਵਿੱਚ ਪਾ ਦਿੱਤਾ। 20 ਸ਼ਹਿਰ ਤੋਂ ਬਾਹਰ ਅੰਗੂਰਾਂ ਨੂੰ ਘੁਲਾੜੀ ਵਿੱਚ ਪੀੜਿਆ ਗਿਆ। ਘੁਲਾੜੀ ਵਿੱਚੋਂ ਲਹੂ ਚੋਣ ਲੱਗਾ। ਇਹ 200 ਮੀਲ ਤੱਕ ਘੋੜਿਆਂ ਦੇ ਸਿਰਾਂ ਜਿੰਨਾ ਉੱਚਾ ਉੱਠ ਗਿਆ।

ਆਖਰੀ ਪਲੇਗ ਦੇ ਨਾਲ ਦੂਤ

15 ਫ਼ੇਰ ਮੈਂ ਸਵਰਗ ਵਿੱਚ ਇੱਕ ਹੋਰ ਅਚੰਭਾ ਦੇਖਿਆ ਇਹ ਬਹੁਤ ਮਹਾਨ ਅਤੇ ਹੈਰਾਨੀ ਭਰਿਆ ਸੀ। ਉੱਥੇ ਸੱਤ ਦੂਤ ਸੱਤ ਮੁਸੀਬਤਾਂ ਲਿਆ ਰਹੇ ਸਨ। ਇਹ ਆਖਰੀ ਮੁਸੀਬਤਾਂ ਸਨ, ਕਿਉਂ ਕਿ ਇਸਤੋਂ ਬਾਅਦ ਪਰਮੇਸ਼ੁਰ ਦਾ ਗੁੱਸਾ ਮੁੱਕ ਜਾਵੇਗਾ।

ਜੋ ਕੁਝ ਮੈਂ ਦੇਖਿਆ ਉਹ ਸ਼ੀਸ਼ੇ ਦੇ ਸਮੁੰਦਰ ਵਰਗਾ ਸੀ ਜਿਸ ਵਿੱਚ ਅੱਗ ਬਲੀ ਹੋਈ ਸੀ। ਉਹ ਸਾਰੇ ਲੋਕ ਜਿਨ੍ਹਾਂ ਨੇ ਜਾਨਵਰ, ਅਤੇ ਉਸਦੀ ਮੂਰਤੀ ਅਤੇ ਸਮੁੰਦਰ ਕੰਢੇ ਖਲੋਤੇ ਉਸ ਦੇ ਨਾਮਾਂ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਇਨ੍ਹਾਂ ਲੋਕਾਂ ਕੋਲ ਉਹ ਸਾਰੰਗੀਆਂ ਸਨ ਜਿਹੜੀਆਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ,

“ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ,
    ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ
ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ,
    ਤੇਰੇ ਰਾਹ ਧਰਮੀ ਅਤੇ ਸੱਚੇ ਹਨ।
ਹੇ ਪ੍ਰਭੂ ਸਾਰੇ ਲੋਕ ਤੈਥੋਂ ਡਰਨਗੇ।
ਸਾਰੇ ਲੋਕ ਤੇਰੇ ਨਾਮ ਦੀ ਉਸਤਤਿ ਕਰਨਗੇ।
    ਸਿਰਫ਼ ਤੂੰ ਹੀ ਪਵਿੱਤਰ ਹੈਂ।
ਸਾਰੀਆਂ ਕੌਮਾਂ ਆਉਣਗੀਆਂ ਅਤੇ ਉਪਾਸਨਾ ਕਰਨਗੀਆਂ,
    ਕਿਉਂਕਿ ਇਹ ਸਪੱਸ਼ਟ ਹੈ ਕਿ ਤੂੰ ਹੀ ਉਹ ਗੱਲਾਂ ਕਰਦਾ ਹੈਂ, ਜਿਹੜੀਆਂ ਸਹੀ ਹਨ।”

ਇਸ ਤੋਂ ਮਗਰੋਂ ਮੈਂ ਸਵਰਗ ਵਿੱਚ ਮੰਦਰ ਪਰਮੇਸ਼ੁਰ ਦੀ ਹਜ਼ੂਰੀ ਦਾ ਪਵਿੱਤਰ ਸਥਾਨ [a] ਦੇਖਿਆ। ਮੰਦਰ ਖੁੱਲ੍ਹਾ ਸੀ। ਸੱਤ ਦੂਤ ਜਿਨ੍ਹਾਂ ਕੋਲ ਸੱਤ ਮੁਸੀਬਤਾਂ ਸਨ ਮੰਦਰ ਵਿੱਚੋਂ ਬਾਹਰ ਆਏ। ਉਹ ਸਾਫ਼ ਅਤੇ ਚਮਕਦਾਰ ਕਤਾਨ ਵਿੱਚ ਸਜਿੱਤ ਸਨ। ਉਨ੍ਹਾਂ ਨੇ ਸੀਨਿਆਂ ਤੇ ਸੁਨਿਹਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਫ਼ੇਰ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਦਿੱਤੇ। ਕਟੋਰੇ ਉਸ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ ਜਿਹੜਾ ਸਦਾ ਜੀਵਤ ਹੈ। ਮੰਦਰ ਪਰਮੇਸ਼ੁਰ ਦੀ ਸ਼ਾਨ ਅਤੇ ਸ਼ਕਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਓਨਾ ਚਿਰ ਕੋਈ ਵੀ ਮੰਦਰ ਵਿੱਚ ਦਾਖਲ ਨਹੀਂ ਹੋ ਸੱਕਦਾ ਜਿੰਨਾ ਚਿਰ ਸੱਤਾਂ ਦੂਤਾਂ ਦੀਆਂ ਸੱਤੇ ਮੁਸੀਬਤਾਂ ਸੰਪੂਰਣ ਨਹੀਂ ਹੋ ਜਾਂਦੀਆਂ।

ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਕਟੋਰੇ

16 ਫ਼ੇਰ ਮੈਂ ਮੰਦਰ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਸੱਤਾਂ ਦੂਤਾਂ ਨੂੰ ਆਖਿਆ, “ਜਾਓ ਅਤੇ ਪਰਮੇਸ਼ੁਰ ਦੇ ਕਰੋਧ ਨਾਲ ਭਰੇ ਸੱਤਾਂ ਕਟੋਰਿਆਂ ਨੂੰ ਧਰਤੀ ਉੱਤੇ ਡੋਲ੍ਹ ਦਿਓ।”

ਪਹਿਲਾ ਦੂਤ ਚੱਲਿਆ ਗਿਆ। ਉਸ ਨੇ ਧਰਤੀ ਉੱਤੇ ਆਪਣਾ ਕਟੋਰਾ ਰੋੜ੍ਹ ਦਿੱਤਾ ਅਤੇ ਉਹ ਸਾਰੇ ਲੋਕ ਜਿਨ੍ਹਾਂ ਤੇ ਜਾਨਵਰ ਦਾ ਨਿਸ਼ਾਨ ਸੀ ਤੇ ਜਿਨ੍ਹਾਂ ਨੇ ਉਸ ਦੀਆਂ ਮੂਰਤੀਆਂ ਦੀ ਉਪਾਸਨਾ ਕੀਤੀ, ਉਨ੍ਹਾਂ ਦੇ ਸਰੀਰ ਤੇ ਬਦਸ਼ਕਲ ਅਤੇ ਦਰਦਨਾਕ ਫ਼ੋੜੇ ਹੋ ਗਏ।

ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਰੋੜ੍ਹ ਦਿੱਤਾ। ਤਾਂ ਸਮੁਦਰ ਲਹੂ ਵਰਗਾ, ਮੁਰਦਾ ਆਦਮੀ ਦੇ ਲਹੂ ਵਰਗਾ, ਬਣ ਗਿਆ। ਸਮੁੰਦਰ ਵਿੱਚਲੀ ਹਰ ਜਿੰਦਾ ਸ਼ੈਅ ਮਰ ਗਈ।

ਤੀਸਰੇ ਦੂਤ ਨੇ ਆਪਣਾ ਬਰਤਨ ਦਰਿਆਵਾਂ ਅਤੇ ਪਾਣੀਆਂ ਦੇ ਚਸ਼ਮਿਆਂ ਤੇ ਖਾਲੀ ਕਰ ਦਿੱਤਾ। ਦਰਿਆ ਅਤੇ ਪਾਣੀ ਦੇ ਚਸ਼ਮੇਂ ਲਹੂ ਬਣ ਗਏ। ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ:

“ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੌਜੂਦ ਸੀ।
ਤੂੰ ਹੀ ਪਵਿੱਤਰ ਹੈਂ।
ਤੂੰ ਇੰਨਾ ਨਿਆਂ ਵਿੱਚ ਉਚਿਤ ਹੈਂ ਜਿਹੜੇ ਤੂੰ ਬਣਾਏ ਹਨ।
ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ
ਅਤੇ ਤੁਹਾਡੇ ਨਬੀਆਂ ਦਾ।
ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ।
    ਇਹੀ ਹੈ ਜੋ ਉਨ੍ਹਾਂ ਲਈ ਢੁੱਕਵਾਂ ਹੈ।”

ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ,

“ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ
    ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।”

ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਸ਼ਕਤੀ ਦਿੱਤੀ ਗਈ। ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯੰਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ।

10 ਪੰਜਵੇਂ ਦੂਤ ਨੇ ਆਪਣਾ ਕਟੋਰਾ ਜਾਨਵਰ ਦੇ ਤਖਤ ਉੱਤੇ ਖਾਲੀ ਕਰ ਦਿੱਤਾ। ਅਤੇ ਜਾਨਵਰ ਦੀ ਸਲਤਨਤ ਨੂੰ ਹਨੇਰੇ ਨੇ ਕੱਜ ਲਿਆ। ਲੋਕਾਂ ਨੇ ਦਰਦ ਦੇ ਮਾਰੇ ਆਪਣੀਆਂ ਜੀਭਾਂ ਟੁੱਕ ਲਈਆਂ। 11 ਜਿਹੜੇ ਦਰਦ ਅਤੇ ਜ਼ਖਮ ਲੋਕਾਂ ਨੂੰ ਮਿਲੇ ਸਨ ਉਨ੍ਹਾਂ ਕਾਰਣ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮੰਦਾ ਬੋਲਿਆ। ਪਰ ਲੋਕਾਂ ਨੇ ਆਪਣੇ ਦਿਲਾਂ ਨੂੰ ਬਦਲਣ ਅਤੇ ਆਪਣੇ ਮੰਦੇ ਕਾਰਿਆਂ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ।

12 ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ। 13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹੜੀਆਂ ਡੱਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ। 14 ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕੱਠਾ ਕਰਨ ਲਈ ਗਈਆਂ।

15 “ਸੁਣੋ। ਮੈਂ ਚੋਰ ਦੇ ਆਉਣ ਵਾਂਗ ਅਚਾਨਕ ਆਵਾਂਗਾ, ਉਹ ਵਿਅਕਤੀ ਸੁਭਾਗਾ ਹੈ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਨਾਲ ਆਪਣੇ ਵਸਤਰ ਤਿਆਰ ਰੱਖਦਾ ਹੈ। ਫ਼ੇਰ ਉਸ ਨੂੰ ਬਿਨਾ ਕੱਪੜਿਆਂ ਤੋਂ ਨਹੀਂ ਜਾਣਾ ਪਵੇਗਾ ਅਤੇ ਲੋਕੀ ਉਹ ਚੀਜ਼ਾਂ ਨਹੀਂ ਦੇਖਣਗੇ ਜਿਹੜੀਆਂ ਉਹ ਲੋਕਾਂ ਨੂੰ ਦਿਖਾਉਣ ਤੋਂ ਸੰਗਦਾ ਹੈ।”

16 ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਿਆ ਜਾਂਦਾ ਹੈ।

17 ਸੱਤਵੇਂ ਦੂਤ ਨੇ ਆਪਣਾ ਬਰਤਨ ਹਵਾ ਵਿੱਚ ਖਾਲੀ ਕਰ ਦਿੱਤਾ। ਫ਼ੇਰ ਮੰਦਰ ਵਿੱਚੋਂ ਤਖਤ ਤੋਂ ਉੱਚੀ ਅਵਾਜ਼ ਆਈ। ਅਵਾਜ਼ ਨੇ ਆਖਿਆ, “ਇਸਦਾ ਖਾਤਮਾ ਹੋ ਗਿਆ।” 18 ਉੱਥੇ ਫ਼ੇਰ ਬਿਜਲੀ ਦੀ ਲਿਸ਼ਕ, ਸ਼ੋਰ ਗਰਜ ਅਤੇ ਵੱਡੇ ਭੁਚਾਲ ਹੋਏ। ਇਹ ਉਸ ਸਮੇਂ ਤੱਕ ਆਏ ਸਭ ਭੁਚਾਲਾਂ ਤੋਂ ਵੱਡਾ ਭੁਚਾਲ ਸੀ, ਜਦੋਂ ਤੋਂ ਲੋਕ ਧਰਤੀ ਤੇ ਰਹਿ ਰਹੇ ਸਨ। 19 ਵੱਡਾ ਸ਼ਹਿਰ ਤਿੰਨ ਹਿੱਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁੱਲਿਆ। ਉਸ ਨੇ ਉਸ ਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈਅ ਦਾ ਪਿਆਲਾ ਦਿੱਤਾ। 20 ਹਰ ਜੰਜੀਰਾ ਅਲੋਪ ਹੋ ਗਿਆ ਅਤੇ ਉੱਥੇ ਹੁਣ ਕੋਈ ਵੀ ਪਹਾੜ ਨਹੀਂ ਸੀ। 21 ਲੋਕਾਂ ਤੇ ਅਕਾਸ਼ ਤੋਂ ਵੱਡੇ ਗੜ੍ਹੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਗੜਿਆਂ ਦਾ ਵਜ਼ਨ ਤਕਰੀਬਨ 50 ਕਿੱਲੋ ਗ੍ਰਾਮ ਸੀ। ਲੋਕਾਂ ਨੇ ਗੜਿਆਂ ਦੀ ਇਸ ਮੁਸੀਬਤ ਲਈ ਪਰਮੇਸ਼ੁਰ ਨੂੰ ਕੋਸਿਆ। ਇਹ ਮੁਸੀਬਤ ਬੜੀ ਭਿਆਨਕ ਸੀ।

Punjabi Bible: Easy-to-Read Version (ERV-PA)

2010 by World Bible Translation Center