Beginning
ਪੰਜਵਾਂ ਬਿਗਲ ਪਹਿਲਾ ਆਤੰਕ ਸ਼ੁਰੂ ਕਰਦਾ ਹੈ
9 ਪੰਜਵੇਂ ਦੂਤ ਨੇ ਅਪਣਾ ਬਿਗਲ ਵਜਾਇਆ। ਫ਼ੇਰ ਮੈਂ ਅਕਾਸ਼ ਤੋਂ ਟੁੱਟਕੇ ਧਰਤੀ ਉੱਤੇ ਡਿੱਗਦੇ ਹੋਏ ਤਾਰੇ ਨੂੰ ਦੇਖਿਆ। ਤਾਰੇ ਨੂੰ ਉਸ ਡੂੰਘੇ ਸੁਰਾਖ ਦੀ ਕੁੰਜੀ ਦਿੱਤੀ ਹੋਈ ਸੀ ਜੋ ਥੱਲੇ ਤਲਹੀਣ ਖੱਡ ਨੂੰ ਜਾਂਦਾ ਸੀ। 2 ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹੜਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿੱਚੋਂ ਧੂੰਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂੰਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ।
3 ਫ਼ੇਰ ਧੂੰਏ ਵਿੱਚੋਂ ਹੇਠਾਂ ਧਰਤੀ ਤੇ ਸਲਾ ਦੇ ਟਿੱਡੀਆਂ ਦਾ ਇੱਕ ਦਲ ਆਇਆ। ਜਿਨ੍ਹਾਂ ਕੋਲ ਬਿੱਛੂਆਂ ਵਾਂਗ ਡੰਗ ਮਾਰਨ ਦੀ ਸ਼ਕਤੀ ਸੀ। 4 ਇਨ੍ਹਾਂ ਟਿੱਡੀਆਂ ਨੂੰ ਧਰਤੀ ਦੇ ਘਾਹ, ਜਾਂ ਕਿਸੇ ਬੂਟੇ ਜਾਂ ਕਿਸੇ ਵੀ ਰੁੱਖ ਨੂੰ ਨੁਕਸਾਨ ਨਾ ਪਹੁੰਚਾਣ ਲਈ ਕਿਹਾ ਗਿਆ ਸੀ। ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨੁਕਸਾਨ ਪਹੁੰਚਾ ਸੱਕਦੀਆਂ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ੁਰ ਦਾ ਨਿਸ਼ਾਨ ਨਹੀਂ ਸੀ। 5 ਇਨ੍ਹਾਂ ਟਿੱਡੀਆਂ ਨੂੰ ਲੋਕਾਂ ਉੱਤੇ ਪੰਜਾਂ ਮਹੀਨਿਆਂ ਤੱਕ ਦਰਦ ਲਿਆਉਣ ਦਾ ਕਾਰਣ ਬਣਨ ਦੀ ਸ਼ਕਤੀ ਦਿੱਤੀ ਗਈ ਸੀ। ਟਿੱਡੀਆਂ ਨੂੰ ਲੋਕਾਂ ਨੂੰ ਮਾਰਨ ਦੀ ਸ਼ਕਤੀ ਨਹੀਂ ਸੀ ਦਿੱਤੀ ਗਈ। ਅਤੇ ਉਹ ਪੀੜ ਜਿਹੜੀ ਲੋਕਾਂ ਨੇ ਮਹਿਸੂਸ ਕੀਤੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਪੀੜ ਕਿਸੇ ਵਿਅਕਤੀ ਨੂੰ ਬਿਛੂ ਦੇ ਡੰਗਣ ਨਾਲ ਹੁੰਦੀ ਹੈ। 6 ਉਨ੍ਹਾਂ ਦਿਨਾਂ ਵਿੱਚ, ਲੋਕ ਮਰਨ ਲਈ ਕੋਈ ਰਾਹ ਲੱਭਣਗੇ ਪਰ ਉਨ੍ਹਾਂ ਨੂੰ ਇੱਕ ਵੀ ਰਾਹ ਨਹੀਂ ਮਿਲੇਗਾ। ਉਹ ਮਰਨਾ ਚਾਹੁੰਣਗੇ ਪਰ ਮੌਤ ਉਨ੍ਹਾਂ ਪਾਸੋਂ ਛੁੱਪ ਜਾਵੇਗੀ।
7 ਟਿੱਡੀਆਂ ਉਨ੍ਹਾਂ ਘੋੜਿਆਂ ਵਾਂਗ ਦਿਖਾਈ ਦੇ ਰਹੇ ਸਨ ਜੋ ਯੁੱਧ ਲਈ ਤਿਆਰ ਸਨ। ਉਨ੍ਹਾਂ ਨੇ ਆਪਣੇ ਸਿਰਾਂ ਉੱਤੇ ਸੋਨੇ ਦੇ ਤਾਜ ਵਾਂਗ ਲੱਗਦੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰੇ ਇਨਸਾਨੀ ਚਿਹਰਿਆਂ ਵਰਗੇ ਦਿਖਾਈ ਦਿੰਦੇ ਸਨ। 8 ਉਨ੍ਹਾਂ ਦੇ ਵਾਲ ਔਰਤ ਦੇ ਵਾਲਾਂ ਵਰਗੇ ਸਨ। ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ। 9 ਉਨ੍ਹਾਂ ਦੀਆਂ ਛਾਤੀਆਂ ਲੋਹੇ ਦੀਆਂ ਢਾਲਾਂ ਵਰਗੀਆਂ ਨਜ਼ਰ ਆਈਆਂ। ਉਨ੍ਹਾਂ ਦੇ ਖੰਭਾਂ ਤੋਂ ਇੱਕ ਅਵਾਜ਼ ਪੈਦਾ ਹੋਈ ਜਿਵੇਂ ਕਿ ਬਹੁਤ ਸਾਰੇ ਘੋੜੇ ਅਤੇ ਰੱਥ ਯੁੱਧ ਵਿੱਚ ਭੱਜ ਰਹੇ ਹੋਣ। 10 ਟਿੱਡੀਆਂ ਦੀਆਂ ਪੂਛਾਂ ਬਿਛੂਆਂ ਵਾਂਗ ਡੰਗਣ ਵਾਲੀਆਂ ਸਨ। ਲੋਕਾਂ ਉੱਤੇ ਪੰਜਾਂ ਮਹੀਨਿਆਂ ਲਈ ਦਰਦ ਪਾਉਣ ਵਾਲੀ ਸ਼ਕਤੀ ਉਨ੍ਹਾਂ ਦੀਆਂ ਪੂਛਾਂ ਵਿੱਚ ਸੀ। 11 ਟਿੱਡੀਆਂ ਦਾ ਇੱਕ ਰਾਜਾ ਸੀ। ਇਹ ਤਲਹੀਣ ਖੱਡ ਦਾ ਦੂਤ ਸੀ। ਉਸਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ। ਯੂਨਾਨੀ ਭਾਸ਼ਾ ਵਿੱਚ ਉਸਦਾ ਨਾਮ ਅਪੁਲੂਉਨ (ਵਿਨਾਸ਼ਕ) ਹੈ।
12 ਪਹਿਲੀ ਵੱਡੀ ਮੁਸੀਬਤ ਮੁੱਕ ਚੁੱਕੀ ਹੈ ਪਰ ਬਾਕੀ ਦੀਆਂ ਦੋ ਮੁਸੀਬਤਾਂ ਹਾਲੇ ਆਉਣ ਵਾਲੀਆਂ ਹਨ।
ਛੇਵੇਂ ਬਿਗਲ ਦਾ ਧਮਾਕਾ
13 ਛੇਵੇਂ ਦੂਤ ਨੇ ਆਪਣਾ ਬਿਗਲ ਵਜਾਇਆ। ਫ਼ੇਰ ਮੈਂ ਪਰਮੇਸ਼ੁਰ ਦੇ ਸਾਹਮਣੇ ਰੱਖੇ ਹੋਏ ਸੋਨੇ ਦੀ ਜਗਵੇਦੀ ਦੇ ਛੇ ਸਿੰਗਾਂ ਵਿੱਚੋਂ ਇੱਕ ਅਵਾਜ਼ ਨਿਕਲਦੀ ਸੁਣੀ। 14 ਆਵਾਜ਼ ਨੇ ਉਸ ਛੇਵੇਂ ਦੂਤ ਨੂੰ, ਜਿਸਦੇ ਕੋਲ ਬਿਗਲ ਸੀ, ਆਖਿਆ, “ਉਨ੍ਹਾਂ ਚਾਰ ਦੂਤਾਂ ਨੂੰ ਅਜ਼ਾਦ ਕਰ ਦਿਉ ਜਿਹੜੇ ਮਹਾਂ ਨਦੀ ਫ਼ਰਾਤ ਉੱਪਰ ਬੰਨ੍ਹੇ ਹੋਏ ਹਨ।” 15 ਇਨ੍ਹਾਂ ਚਾਰ ਦੂਤਾਂ ਨੂੰ ਇਸੇ ਸਾਲ, ਮਹੀਨੇ, ਦਿਨ ਅਤੇ ਘੰਟੇ (ਸਮੇਂ) ਲਈ ਤਿਆਰ ਕਰਕੇ ਰੱਖਿਆ ਗਿਆ ਸੀ। ਇਨ੍ਹਾਂ ਦੂਤਾਂ ਨੂੰ ਧਰਤੀ ਉਤਲੇ ਸਾਰੇ ਲੋਕਾਂ ਵਿੱਚੋਂ ਇੱਕ ਤਿਹਾਈ ਨੂੰ ਮਾਰ ਮੁਕਾਉਣ ਲਈ ਅਜ਼ਾਦ ਕੀਤਾ ਗਿਆ ਸੀ। 16 ਮੈ ਸੁਣਿਆ ਉਨ੍ਹਾਂ ਦੀ ਫ਼ੌਜ ਵਿੱਚ ਘੋੜਿਆਂ ਦੀਆਂ ਕਿੰਨੀਆਂ ਟੋਲੀਆਂ ਸਨ। ਇਹ ਵੀਹ ਕਰੋੜ ਸਨ।
17 ਆਪਣੇ ਦਰਸ਼ਨ ਵਿੱਚ ਮੈ ਇਵੇਂ ਹੀ ਘੋੜਿਆਂ ਅਤੇ ਘੋੜ ਸਵਾਰਾਂ ਨੂੰ ਦੇਖਿਆ; ਉਨ੍ਹਾਂ ਕੋਲ ਢਾਲਾਂ ਸਨ ਜੋ ਕਿ ਅੰਗਿਆਰਾਂ ਵਰਗੀਆਂ ਲਾਲ ਗੂੜੇ ਨੀਲੇ ਅਤੇ ਗੰਧਕ ਵਰਗੇ ਪੀਲੇ ਰੰਗ ਦੀਆਂ ਸਨ। ਘੋੜਿਆਂ ਦੇ ਮੂੰਹ ਸ਼ੇਰਾਂ ਦੇ ਮੂੰਹਾਂ ਵਰਗੇ ਸਨ। ਘੋੜਿਆਂ ਦੇ ਮੂੰਹਾਂ ਵਿੱਚੋਂ ਅੱਗ, ਧੂਂਆਂ ਅਤੇ ਗੰਧਕ ਨਿਕਲ ਰਹੀ ਸੀ। 18 ਇਨ੍ਹਾਂ ਤਿੰਨਾਂ ਮੁਸ਼ਕਿਲਾਂ ਦੁਆਰਾ; ਘੋੜਿਆਂ ਦੇ ਮੂੰਹਾਂ ਵਿੱਚੋਂ ਨਿਕਲਦੀ ਅੱਗ, ਧੂਂਏ ਅਤੇ ਗੰਧਕ ਨਾਲ, ਧਰਤੀ ਦੇ ਇੱਕ ਤਿਹਾਈ ਲੋਕ ਮਰ ਗਏ। 19 ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹਾਂ ਵਿੱਚ ਅਤੇ ਪੂਛਾਂ ਵਿੱਚ ਸੀ। ਉਨ੍ਹਾਂ ਦੀਆਂ ਪੂਛਾਂ ਉਨ੍ਹਾਂ ਸੱਪਾਂ ਵਰਗੀਆਂ ਸਨ ਜਿਨ੍ਹਾਂ ਦੇ ਸਿਰ ਲੋਕਾਂ ਨੂੰ ਡੰਗਣ ਅਤੇ ਨੁਕਸਾਨ ਪਹੁੰਚਾਉਣ ਲਈ ਹੁੰਦੇ ਹਨ।
20 ਧਰਤੀ ਉਤਲੇ ਬਾਕੀ ਲੋਕ ਇਨ੍ਹਾਂ ਮੁਸ਼ਕਿਲਾਂ ਕਾਰਣ ਨਹੀਂ ਮਰੇ। ਪਰ ਹਾਲੇ ਵੀ ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੇ ਅਤੇ ਆਪਣੇ ਹੀ ਹੱਥਾਂ ਦੁਆਰਾ ਬਣਾਈਆਂ ਚੀਜ਼ਾਂ ਤੋਂ ਦੂਰ ਹੋ ਗਏ। ਉਨ੍ਹਾਂ ਨੂੰ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਭੂਤਾਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ। ਇਹ ਮੂਰਤਾਂ ਨਾ ਵੇਖ ਸੱਕਦੀਆਂ ਸਨ ਅਤੇ ਨਾ ਹੀ ਸੁਣ ਅਤੇ ਨਾਹੀ ਤੁਰ ਸੱਕਦੀਆਂ ਸਨ। 21 ਇਨ੍ਹਾਂ ਲੋਕਾਂ ਨੇ ਆਪਣੇ ਦਿਲ ਅਤੇ ਆਪਣੇ ਜੀਵਨ ਨਹੀਂ ਬਦਲੇ, ਅਤੇ ਨਾ ਹੀ ਆਪਣੇ ਕਤਲਾਂ ਤੋਂ, ਜਾਦੂਆਂ ਤੋਂ, ਆਪਣੇ ਜਿਨਸੀ ਪਾਪਾਂ ਤੋਂ ਤੇ ਨਾ ਹੀ ਉਨ੍ਹਾਂ ਚੋਰੀਆਂ ਤੋਂ ਆਪਣੇ ਆਪ ਨੂੰ ਮੋੜਿਆ।
ਦੂਤ ਅਤੇ ਛੋਟੀ ਸੂਚੀ
10 ਫ਼ੇਰ ਮੈ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਵਿੱਚੋਂ ਹੇਠਾ ਆਉਂਦਿਆਂ ਦੇਖਿਆ। ਦੂਤ ਨੇ ਬੱਦਲਾਂ ਦਾ ਲਿਬਾਸ ਪਹਿਨਿਆ ਹੋਇਆ ਸੀ। ਉਸ ਦੇ ਸਿਰ ਦੁਆਲੇ ਸੱਤਰੰਗੀ ਪੀਂਘ ਸੀ। ਦੂਤ ਦਾ ਚਿਹਰਾ ਸੂਰਜ ਵਰਗਾ ਸੀ, ਅਤੇ ਉਸਦੀਆਂ ਲੱਤਾਂ ਅੱਗ ਦੇ ਥੰਮਾਂ ਵਰਗੀਆਂ ਸਨ। 2 ਦੂਤ ਨੇ ਇੱਕ ਛੋਟੀ ਸੂਚੀ ਫ਼ੜੀ ਹੋਈ ਸੀ। ਸੂਚੀ ਉਸ ਦੇ ਹੱਥਾਂ ਵਿੱਚ ਖੁੱਲ੍ਹੀ ਹੋਈ ਸੀ। ਦੂਤ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਪੈਰ ਧਰਤੀ ਉੱਤੇ। 3 ਦੂਤ ਨੇ ਗੱਜਦੇ ਸ਼ੇਰ ਵਾਂਗ ਰੌਲਾ ਪਾਇਆ। ਉਸ ਦੇ ਰੌਲਾ ਪਾਉਣ ਤੋਂ ਬਾਅਦ, ਸੱਤਾਂ ਗਰਜਾਂ ਦੀਆਂ ਅਵਾਜ਼ਾਂ ਬੋਲੀਆਂ।
4 ਸੱਤ ਗਰਜਾਂ ਬੋਲੀਆਂ, ਅਤੇ ਮੈ ਲਿਖਣ ਲਈ ਤਿਆਰ ਹੋਇਆ। ਫ਼ੇਰ ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਹ ਗੱਲਾਂ ਨਾ ਲਿਖ ਜੋ ਸੱਤ ਗਰਜਾਂ ਬੋਲੀਆਂ, ਇਸ ਨੂੰ ਗੁਪਤ ਰੱਖ।”
5 ਫ਼ੇਰ ਉਸ ਦੂਤ ਨੇ, ਜਿਸ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਦੇਖਿਆ ਸੀ, ਆਪਣਾ ਸੱਜਾ ਹੱਥ ਸਵਰਗ ਵੱਲ ਚੁੱਕਿਆ। 6 ਦੂਤ ਨੇ ਉਸ ਇੱਕ ਦੇ ਨਾਂ ਦੀ ਸੌਂਹ ਖਾਧੀ ਜਿਹੜਾ ਹਮੇਸ਼ਾ ਅਤੇ ਹਮੇਸ਼ਾ ਰਹਿੰਦਾ ਹੈ, ਜਿਸਨੇ ਅਕਾਸ਼ ਅਤੇ ਉਸ ਵਿੱਚਲਾ ਸਭ ਕੁਝ, ਧਰਤੀ ਅਤੇ ਇਸ ਵਿੱਚਲਾ ਸਭ ਕੁਝ, ਸਮੁੰਦਰ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ ਹੈ। ਦੂਤ ਨੇ ਆਖਿਆ, “ਹੁਣ ਇੱਥੇ ਹੋਰ ਢਿੱਲ ਨਹੀਂ ਹੋਵੇਗੀ। 7 ਪਰ ਉਨ੍ਹਾਂ ਦਿਨਾਂ ਵਿੱਚ, ਜਦੋਂ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਵੇਗਾ, ਪਰਮੇਸ਼ੁਰ ਦੀ ਗੁਪਤ ਯੋਜਨਾ ਪੂਰੀ ਹੋ ਜਾਵੇਗੀ। ਇਹ ਯੋਜਨਾ ਉਹ ਖੁਸ਼ਖਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਸੇਵਕਾਂ, ਨਬੀਆਂ ਨੂੰ ਆਖੀ ਸੀ।”
8 ਫ਼ੇਰ ਮੈਂ ਸਵਰਗ ਵਿੱਚੋਂ ਫ਼ਿਰ ਤੋਂ ਮੇਰੇ ਨਾਲ ਗੱਲ ਕਰਦੀ ਉਹੀ ਅਵਾਜ਼ ਸੁਣੀ। ਅਵਾਜ਼ ਨੇ ਮੈਨੂੰ ਆਖਿਆ, “ਜਾ ਅਤੇ ਦੂਤ ਦੇ ਹੱਥਾਂ ਵਿੱਚਲੀ ਖੁਲ੍ਹੀ ਸੂਚੀ ਨੂੰ ਲੈ। ਇਹ ਦੂਤ ਉਹੀ ਹੈ ਜਿਹੜਾ ਸਮੁੰਦਰ ਅਤੇ ਧਰਤੀ ਵਿੱਚ ਖਲੋਤਾ ਸੀ।”
9 ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, “ਸੂਚੀ ਨੂੰ ਲੈ ਅਤੇ ਇਸ ਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿੱਠੀ ਹੋਵੇਗੀ।” 10 ਇਸ ਲਈ ਮੈਂ ਦੂਤ ਦੇ ਹੱਥੋਂ ਛੋਟੀ ਸੂਚੀ ਲੈ ਲਈ। ਅਸਲ ਵਿੱਚ, ਇਸਦਾ ਮੇਰੇ ਮੂੰਹ ਵਿੱਚ ਸ਼ਹਿਤ ਜਿਹਾ ਮਿੱਠਾ ਸੁਆਦ ਆਇਆ, ਪਰ ਇਸ ਨੂੰ ਖਾਣ ਤੋਂ ਬਾਅਦ, ਇਸਨੇ ਮੇਰੇ ਢਿੱਡ ਨੂੰ ਖੱਟਿਆਂ ਕਰ ਦਿੱਤਾ। 11 ਫ਼ੇਰ ਮੈਨੂੰ ਕਿਹਾ ਗਿਆ, “ਤੈਨੂੰ ਫ਼ੇਰ ਤੋਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਅਗੰਮ ਵਾਕ ਕਰਨੇ ਪੈਣਗੇ।”
ਦੋ ਗਵਾਹ
11 ਫ਼ੇਰ ਮੈਨੂੰ ਇੱਕ ਮਾਪਣ ਵਾਲੀ ਸਲਾਖ ਦਿੱਤੀ ਗਈ ਸੀ ਜੋ ਕਿ ਇੱਕ ਖੂੰਡੀ ਵਰਗੀ ਸੀ। ਮੈਨੂੰ ਕਿਹਾ ਗਿਆ, “ਜਾ ਅਤੇ ਪਰਮੇਸ਼ੁਰ ਦੇ ਮੰਦਰ ਅਤੇ ਜੱਗਵੇਦੀ ਨੂੰ ਮਾਪ ਅਤੇ ਉੱਥੇ ਉਪਾਸਨਾ ਕਰਦੇ ਲੋਕਾਂ ਦੀ ਗਿਣਤੀ ਵੀ ਕਰੀਂ। 2 ਪਰ ਮੰਦਰ ਦੇ ਬਾਹਰਲੇ ਵਿਹੜੇ ਨੂੰ ਨਾ ਮਾਪੀਂ, ਇਸ ਨੂੰ ਛੱਡ ਦੇਵੀਂ। ਇਹ ਗੈਰ ਯਹੂਦੀਆਂ ਨੂੰ ਦਿੱਤਾ ਗਿਆ ਸੀ। ਅਤੇ ਉਹ ਬਤਾਲੀ ਮਹੀਨਿਆਂ ਤੱਕ ਪਵਿੱਤਰ ਸ਼ਹਿਰ ਨੂੰ ਮਿੱਧਣਗੇ। 3 ਮੈਂ ਆਪਣੇ ਦੋ ਗਵਾਹਾਂ ਨੂੰ ਸ਼ਕਤੀ ਦੇਵਾਂਗਾ ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਅਗੰਮ ਵਾਕ ਕਰਨਗੇ। ਉਹ ਤੱਪੜ ਪਹਿਨੇ ਹੋਏ ਹੋਣਗੇ।”
4 ਇਹ ਦੋ ਗਵਾਹ ਜੈਤੂਨ ਦੇ ਦੋ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਸਨਮੁੱਖ ਖੜਦੇ ਹਨ। 5 ਜੇ ਕੋਈ ਇਨ੍ਹਾਂ ਗਵਾਹਾਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਦਾ, ਤਾਂ ਗਵਾਹ ਦੇ ਮੂੰਹੋ ਅੱਗ ਨਿਕਲਦੀ ਹੈ ਅਤੇ ਦੁਸ਼ਮਣਾਂ ਨੂੰ ਮਾਰ ਦਿੰਦੀ ਹੈ। ਜਿਹੜਾ ਵਿਅਕਤੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਇਸੇ ਤਰ੍ਹਾਂ ਮਾਰਿਆ ਜਾਵੇਗਾ। 6 ਇਨ੍ਹਾਂ ਗਵਾਹਾਂ ਕੋਲ ਅਕਾਸ਼ ਤੋਂ ਆਉਂਦੇ ਮੀਂਹ ਨੂੰ ਵੀ ਰੋਕਣ ਦੀ ਸ਼ਕਤੀ ਹੈ, ਉਸ ਸਮੇਂ ਜਦੋਂ ਉਹ ਅਗੰਮ ਵਾਕ ਕਰ ਰਹੇ ਹੋਣ। ਇਨ੍ਹਾਂ ਗਵਾਹਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਦੀ ਸ਼ਕਤੀ ਹੈ। ਉਨ੍ਹਾਂ ਦੇ ਕੋਲ ਧਰਤੀ ਦੇ ਹਰ ਤਰ੍ਹਾਂ ਦੀ ਭਿਆਨਕ ਮੁਸੀਬਤ ਨੂੰ ਭੇਜਣ ਦੀ ਸ਼ਕਤੀ ਹੈ। ਉਹ ਇਹ ਗੱਲ ਜਿੰਨੀ ਵਾਰ ਮਰਜੀ ਕਰ ਸੱਕਦੇ ਹਨ।
7 ਜਦੋਂ ਇਨ੍ਹਾਂ ਦੋਹਾਂ ਗਵਾਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਫ਼ੈਲਾਉਣ ਦਾ ਕੰਮ ਪੂਰਾ ਕਰ ਲਿਆ, ਤਾਂ ਜਾਨਵਰ ਉਨ੍ਹਾਂ ਦੇ ਵਿਰੁੱਧ ਲੜੇਗਾ। ਇਹ ਉਹੀ ਜਾਨਵਰ ਹੈ ਜਿਹੜਾ ਤਲਹੀਣ ਖੱਡ ਵਿੱਚੋਂ ਆਇਆ ਹੈ। ਉਹ ਉਨ੍ਹਾਂ ਦੋਹਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ। 8 ਇਨ੍ਹਾਂ ਦੋਹਾਂ ਗਵਾਹਾਂ ਦੇ ਸਰੀਰ ਵੱਡੇ ਸ਼ਹਿਰ ਦੀ ਗਲੀ ਵਿੱਚ ਪਏ ਹੋਣਗੇ। ਇਸ ਸ਼ਹਿਰ ਦਾ ਨਾਮ ਸਦੂਮ ਅਤੇ ਮਿਸਰ ਹੈ। ਸ਼ਹਿਰ ਦੇ ਇਨ੍ਹਾਂ ਨਾਮਾਂ ਦਾ ਖਾਸ ਅਰਥ ਹੈ। ਇਹ ਉਹੀ ਸ਼ਹਿਰ ਹੈ ਜਿੱਥੇ ਉਨ੍ਹਾਂ ਦਾ ਪ੍ਰਭੂ ਮਰਿਆ ਸੀ। 9 ਹਰ ਜਾਤੀ, ਕਬੀਲਾ, ਭਾਸ਼ਾ ਅਤੇ ਕੌਮ ਦੇ ਲੋਕ ਸਾਢੇ ਤਿੰਨ ਦਿਨਾਂ ਤੱਕ ਇਨ੍ਹਾਂ ਦੋਹਾਂ ਲੋਥਾਂ ਉੱਤੇ ਨਿਗਾਹ ਰੱਖਣਗੇ। ਉਹ ਉਨ੍ਹਾਂ ਨੂੰ ਕਿਸੇ ਨੂੰ ਵੀ ਦਫ਼ਨਾਉਣ ਨਹੀਂ ਦੇਵੇਗਾ। 10 ਧਰਤੀ ਦੇ ਰਹਿਣ ਵਾਲੇ ਲੋਕ ਇਸ ਗੱਲੋਂ ਖੁਸ਼ ਹੋਣਗੇ ਕਿ ਇਹ ਦੋਨੋਂ ਮਰ ਚੁੱਕੇ ਹਨ। ਉਹ ਦਾਅਵਤਾਂ ਕਰਨਗੇ ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣਗੇ। ਉਹ ਇਹ ਗੱਲ ਇਸ ਲਈ ਕਰਨਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ (ਗਵਾਹਾਂ) ਨੇ ਦੁਨੀਆਂ ਦੇ ਲੋਕਾਂ ਲਈ ਹੁਣ ਬਹੁਤ ਦੁੱਖ ਤਕਲੀਫ਼ਾਂ ਲਿਆਂਦੀਆਂ।
11 ਪਰ ਸਾਢੇ ਤਿੰਨਾਂ ਦਿਨਾਂ ਪਿੱਛੋਂ ਪਰਮੇਸ਼ੁਰ ਵੱਲੋਂ ਜੀਵਨ ਦੇ ਸਾਹ ਨੇ ਉਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਪੈਰਾਂ ਤੇ ਖਲੋ ਗਏ। ਉਹ ਸਾਰੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੇਖਿਆ ਡਰ ਨਾਲ ਭਰ ਗਏ ਸਨ। 12 ਫ਼ੇਰ ਦੋਹਾ ਗਵਾਹਾਂ ਨੇ ਅਕਾਸ਼ ਵਿੱਚੋਂ ਇੱਕ ਉੱਚੀ ਅਵਾਜ਼ ਆਖਦੀ ਸੁਣੀ, “ਇਥੇ ਉੱਤੇ ਆ ਜਾਓ।” ਫ਼ੇਰ ਉਹ ਬੱਦਲ ਵਿੱਚ ਤਾਹਾਂ ਸਵਰਗ ਨੂੰ ਚੱਲੇ ਗਏ। ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂਦਿਆਂ ਦੇਖਦੇ ਰਹੇ।
13 ਉਸੇ ਵੇਲੇ ਹੀ ਇੱਕ ਵੱਡਾ ਭੁਚਾਲ ਆਇਆ। ਸ਼ਹਿਰ ਦਾ ਦੱਸਵਾਂ ਹਿੱਸਾ ਤਬਾਹ ਹੋ ਗਿਆ। ਅਤੇ ਭੁਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ। ਜਿਹੜੇ ਲੋਕ ਬਚ ਗਏ ਬਹੁਤ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮਹਿਮਾਮਈ ਕੀਤਾ।
14 ਦੂਸਰੀ ਵੱਡੀ ਮੁਸੀਬਤ ਖਤਮ ਹੋ ਚੁੱਕੀ ਸੀ। ਤੀਸਰੀ ਵੱਡੀ ਮੁਸੀਬਤ ਛੇਤੀ ਹੀ ਆਉਣ ਵਾਲੀ ਹੈ।
ਸੱਤਵਾਂ ਬਿਗੁਲ
15 ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ:
“ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ।
ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”
16 ਫ਼ੇਰ ਉਹ ਚੌਵੀ ਬਜ਼ੁਰਗ ਆਪਣੇ ਸਿਰਾਂ ਤੇ ਝੁਕੇ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਇਹ ਉਹੀ ਬਜ਼ੁਰਗ ਸਨ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਆਪਣੇ ਤਖਤਾਂ ਤੇ ਬੈਠੇ ਹੋਏ ਸਨ। 17 ਬਜ਼ੁਰਗਾਂ ਨੇ ਆਖਿਆ:
“ਹੇ ਪ੍ਰਭੂ ਅੱਤ ਸ਼ਕਤੀਸ਼ਾਲੀ ਪਰਮੇਸ਼ੁਰ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿਉਂਕਿ ਤੂੰ ਹੀ ਹੈ
ਜੋ ਮੋਜੂਦ ਸੀ ਅਤੇ ਹਮੇਸ਼ਾ ਹੀ ਮੋਜੂਦ ਹੈ।
ਅਸੀਂ ਧੰਨਵਾਦ ਕਰਦੇ ਹਾਂ ਤੇਰਾ ਕਿਉਂਕਿ ਤੂੰ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ ਹੈ ਅਤੇ
ਹਕੂਮਤ ਕਰਨੀ ਅਰੰਭ ਕੀਤੀ ਹੈ।
18 ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ;
ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ।
ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਆਂ ਕਰਨ ਦਾ।
ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ।
ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ
ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ।
ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
19 ਫ਼ੇਰ ਸਵਰਗ ਵਿੱਚ ਪਰਮੇਸ਼ੁਰ ਦਾ ਮੰਦਰ ਖੁਲ੍ਹ ਗਿਆ। ਉਹ ਪਵਿੱਤਰ ਬਕਸਾ ਜਿਸ ਵਿੱਚ ਇਕਰਾਰਨਾਮਾ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ ਸੀ, ਉਸ ਨੂੰ ਉਸ ਦੇ ਮੰਦਰ ਵਿੱਚ ਦੇਖਿਆ ਜਾ ਸੱਕਦਾ ਸੀ। ਫ਼ੇਰ ਉੱਥੇ ਲਸ਼ਕਾਂ, ਗਰਜਾਂ, ਬਿਜਲੀ ਦਾ ਕੜਕਣਾ, ਭੁਚਾਲ, ਬਹੁਤ ਵੱਡੇ ਗੜ੍ਹੇ ਵਰ੍ਹੇ।
ਔਰਤ ਤੇ ਅਜਗਰ
12 ਫ਼ੇਰ ਸਵਰਗ ਵਿੱਚ ਇੱਕ ਵੱਡਾ ਅਜੀਬ ਨਿਸ਼ਾਨ ਪ੍ਰਗਟ ਹੋਇਆ। ਉੱਥੇ ਇੱਕ ਔਰਤ ਸੀ ਜੋ, ਕਿ ਸੂਰਜ ਪਹਿਨੇ ਹੋਈ ਸੀ। ਚੰਦਰਮਾਂ ਉਸ ਦੇ ਪੈਰਾਂ ਹੇਠਾਂ ਸੀ। ਉਸ ਦੇ ਸਿਰ ਤੇ ਬਾਰ੍ਹਾਂ ਸਿਤਾਰਿਆਂ ਵਾਲਾ ਤਾਜ ਸੀ। 2 ਔਰਤ ਗਰਭਵਤੀ ਸੀ। ਉਹ ਜਣਨ ਦੀਆਂ ਪੀੜਾਂ ਨਾਲ ਕੁਰਲਾਹ ਰਹੀ ਸੀ ਕਿਉਂਕਿ ਉਹ ਬੱਚੇ ਨੂੰ ਜਨਮ ਦੇਣ ਹੀ ਵਾਲੀ ਸੀ।
3 ਫ਼ੇਰ ਸਵਰਗ ਵਿੱਚ ਇੱਕ ਹੋਰ ਨਿਸ਼ਾਨ ਪ੍ਰਗਟ ਹੋਇਆ; ਉੱਥੇ ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ। ਵੱਡੇ ਅਜਗਰ ਦੇ ਸੱਤ ਸਿਰ ਸਨ ਜਿਨ੍ਹਾਂ ਉੱਤੇ ਤਾਜ ਸਨ। ਅਜਗਰ ਦੇ ਦਸ ਸਿੰਗ ਵੀ ਸਨ। 4 ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕੱਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਬੱਚਾ ਪੈਦਾ ਹੋਵੇ ਅਜਗਰ ਉਸ ਔਰਤ ਦੇ ਬੱਚੇ ਨੂੰ ਨਿਗਲ ਜਾਣਾ ਚਾਹੁੰਦਾ ਸੀ।
5 ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਇੱਕ ਲੋਹੇ ਦੇ ਡੰਡੇ ਨਾਲ ਸਾਰੀ ਕੌਮਾਂ ਤੇ ਸ਼ਾਸਨ ਕਰੇਗਾ। ਅਤੇ ਉਸ ਦੇ ਬੱਚੇ ਨੂੰ ਪਰਮੇਸ਼ੁਰ ਅਤੇ ਉਸ ਦੇ ਤਖਤ ਕੋਲ ਲਿਜਾਇਆ ਗਿਆ। 6 ਔਰਤ ਮਾਰੂਥਲ ਵਿੱਚ ਉਸ ਥਾਂ ਵੱਲ ਭੱਜ ਪਈ ਜਿਸ ਨੂੰ ਪਰਮੇਸ਼ੁਰ ਨੇ ਉਸ ਲਈ ਤਿਆਰ ਕੀਤਾ ਸੀ। ਮਾਰੂਥਲ ਵਿੱਚ ਉਸਦੀ ਇੱਕ ਹਜ਼ਾਰ ਦੋ ਸੌ ਸਠ ਦਿਨਾਂ ਤੱਕ ਦੇਖ ਭਾਲ ਕੀਤੀ ਜਾਵੇਗੀ।
7 ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ। 8 ਪਰ ਅਜਗਰ ਇੰਨਾ ਤਾਕਤਵਰ ਨਹੀਂ ਸੀ। ਵੱਡੇ ਅਜਗਰ ਅਤੇ ਉਸ ਦੇ ਦੂਤਾਂ ਨੇ ਸਵਰਗ ਵਿੱਚਲੀ ਆਪਣੀ ਥਾਂ ਗਵਾ ਲਈ। 9 ਅਜਗਰ ਨੂੰ ਸਵਰਗ ਤੋਂ ਬਾਹਰ ਸੁੱਟ ਦਿੱਤਾ ਗਿਆ। ਉਹ ਵੱਡਾ ਅਜਗਰ ਉਹੀ ਪੁਰਾਣਾ ਸੱਪ ਸੀ ਜੋ ਕਿ ਦੈਂਤ ਜਾਂ ਸ਼ੈਤਾਨ ਸਦਾਉਂਦਾ ਹੈ। ਉਹ ਸਾਰੀ ਦੁਨੀਆਂ ਨੂੰ ਕੁਰਾਹੇ ਪਾ ਰਿਹਾ ਹੈ। ਅਜਗਰ ਨੂੰ ਉਸ ਦੇ ਦੂਤਾਂ ਸਣੇ ਧਰਤੀ ਤੇ ਸੁੱਟ ਦਿੱਤਾ ਗਿਆ।
10 ਪਰ ਮੈਂ ਸਵਰਗ ਵਿੱਚ ਇੱਕ ਉੱਚੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਸਦੇ ਮਸੀਹ ਦੀ ਫ਼ਤਿਹ, ਸ਼ਕਤੀ, ਸਲਤਨਤ ਅਤੇ ਅਧਿਕਾਰ ਹੁਣ ਆਇਆ ਹੈ। ਇਹ ਗੱਲਾਂ ਇਸ ਲਈ ਆਈਆਂ ਹਨ ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲੇ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ। ਉਹੀ ਇੱਕ ਸੀ ਜੋ ਸਾਡੇ ਭਰਾਵਾਂ ਤੇ ਦੋਸ਼ ਲਾ ਰਿਹਾ ਸੀ। 11 ਸਾਡੇ ਭਰਾਵਾਂ ਨੇ ਉਸ ਨੂੰ ਲੇਲੇ ਦੇ ਲਹੂ ਦੁਆਰਾ ਅਤੇ ਲੋਕਾਂ ਨੂੰ ਦਿੱਤੇ ਉਨ੍ਹਾਂ ਦੇ ਸੰਦੇਸ਼ ਦੁਆਰਾ ਹਰਾ ਦਿੱਤਾ। ਉਹ ਆਪਣੇ ਜੀਵਨ ਨੂੰ ਬਹੁਤਾ ਪਿਆਰ ਨਹੀਂ ਕਰਦੇ ਸਨ। ਉਹ ਮੌਤ ਤੋਂ ਨਹੀਂ ਡਰਦੇ ਸਨ। 12 ਇਸ ਲਈ, ਸਵਰਗਾਂ ਨੂੰ ਜਾਓ ਅਤੇ ਤੁਸੀਂ ਸਾਰੇ ਸਵਰਗ ਵਾਸੀਓ, ਆਨੰਦ ਮਾਣੋ। ਪਰ ਇਹ ਜ਼ਮੀਨ ਅਤੇ ਸਮੁੰਦਰ ਲਈ ਭਿਆਨਕ ਹੋਵੇਗਾ ਕਿਉਂਕਿ ਸ਼ੈਤਾਨ ਹੇਠਾਂ ਤੁਹਾਡੇ ਕੋਲ ਆ ਗਿਆ ਹੈ। ਸ਼ੈਤਾਨ ਗੁੱਸੇ ਨਾਲ ਭਰਿਆ ਹੋਇਆ ਹੈ। ਉਹ ਜਾਣਦਾ ਹੈ ਕਿ ਉਸ ਦੇ ਪਾਸ ਬਹੁਤਾ ਸਮਾਂ ਨਹੀਂ ਹੈ।”
13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਹੇਠਾਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸ ਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ। 14 ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ। 15 ਫ਼ੇਰ ਉਸ ਸੱਪ ਨੇ ਉਸ ਔਰਤ ਵੱਲ ਆਪਣੇ ਮੂੰਹ ਵਿੱਚੋਂ ਦਰਿਆ ਵਾਂਗ ਪਾਣੀ ਵਹਾਇਆ ਤਾਂ ਜੋ ਉਹ ਹੜ੍ਹ ਨਾਲ ਹੜ੍ਹ ਜਾਵੇ। 16 ਧਰਤੀ ਨੇ ਔਰਤ ਦੀ ਸਹਾਇਤਾ ਕੀਤੀ। ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਦਰਿਆ ਨੂੰ ਨਿਗਲ ਗਈ ਜਿਹੜਾ ਉਸ ਅਜਗਰ ਦੇ ਮੂੰਹ ਵਿੱਚੋਂ ਨਿਕਲਿਆ ਸੀ। 17 ਫ਼ੇਰ ਅਜਗਰ ਔਰਤ ਤੇ ਬਹੁਤ ਗੁੱਸੇ ਹੋਇਆ। ਉਹ ਉਸ ਔਰਤ ਦੇ ਦੂਸਰੇ ਬੱਚਿਆਂ ਦੇ ਵਿਰੁੱਧ ਯੁੱਧ ਕਰਨ ਲਈ ਚੱਲਿਆ ਗਿਆ। ਉਸ ਦੇ ਬੱਚੇ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਉਸ ਸੱਚ ਤੇ ਸਥਿਰ ਰਹਿੰਦੇ ਹਨ ਜੋ ਯਿਸੂ ਨੇ ਸਿੱਖਾਇਆ।
18 ਫ਼ੇਰ ਅਜਗਰ ਸਮੁੰਦਰ ਦੇ ਕੰਢੇ ਖਲੋ ਗਿਆ।
2010 by World Bible Translation Center