Beginning
ਯੂਹੰਨਾ ਸਵਰਗ ਦੇਖਦਾ ਹੈ
4 ਤਾਂ ਮੈਂ ਤੱਕਿਆ, ਅਤੇ ਮੈਂ ਆਪਣੇ ਸਾਹਮਣੇ ਸਵਰਗ ਵਿੱਚ ਇੱਕ ਖੁਲ੍ਹਾ ਦਰਵਾਜ਼ਾ ਵੇਖਿਆ, ਅਤੇ ਮੈਂ ਉਹੀ ਅਵਾਜ਼ ਸੁਣੀ ਜਿਹੜੀ ਪਹਿਲਾਂ ਹੀ ਮੇਰੇ ਨਾਲ ਬੋਲੀ ਸੀ। ਇਹ ਅਜਿਹੀ ਅਵਾਜ਼ ਸੀ ਜਿਹੜੀ ਬਿਗਲ ਵਰਗੀ ਸੀ। ਅਵਾਜ਼ ਨੇ ਆਖਿਆ, “ਇਥੇ ਆਓ, ਅਤੇ ਮੈਂ ਤੈਨੂੰ ਦਰਸ਼ਾਵਾਂਗਾ ਕਿ ਅੱਗੋਂ ਕੀ ਹੋਣ ਵਾਲਾ ਹੈ।” 2 ਫ਼ੇਰ ਆਤਮਾ ਨੇ ਮੈਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਸਵਰਗ ਵਿੱਚ ਮੇਰੇ ਸਾਹਮਣੇ ਇੱਕ ਤਖਤ ਸੀ। ਅਤੇ ਕੋਈ ਉਸ ਤਖਤ ਉੱਤੇ ਬੈਠਾ ਹੋਇਆ ਸੀ। 3 ਜਿਹੜਾ ਉਸ ਤਖਤ ਤੇ ਬੈਠਾ ਸੀ ਉਹ ਕੀਮਤੀ ਹੀਰੇ ਮੋਤੀਆਂ ਵਰਗਾ ਨਜ਼ਰ ਆਉਂਦਾ ਸੀ। ਤਖਤ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਇੱਕ ਪੰਨੇ ਵਾਂਗ ਚਮਕ ਰਹੀ ਸੀ।
4 ਤਖਤ ਦੇ ਆਲੇ-ਦੁਆਲੇ ਉੱਥੇ ਚੌਵੀ ਹੋਰ ਤਖਤ ਸਨ, ਅਤੇ ਉਨ੍ਹਾਂ ਚੌਵੀ ਤਖਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ। ਬਜ਼ੁਰਗਾਂ ਨੇ ਚਿੱਟੀਆਂ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਸਿਰਾਂ ਤੇ ਸੁਨਹਿਰੀ ਤਾਜ ਸਨ। 5 ਤਖਤ ਵੱਲੋਂ ਬਿਜਲੀ ਦੀਆਂ ਝੱਲਕਾਂ ਅਤੇ ਕੜਕਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਤਖਤ ਦੇ ਸਾਹਮਣੇ ਸੱਤ ਦੀਵੇ ਬਲ ਰਹੇ ਸਨ। ਇਹ ਦੀਵੇ ਪਰਮੇਸ਼ੁਰ ਦੇ ਸੱਤ ਆਤਮੇ ਸਨ। 6 ਅਤੇ ਤਖਤ ਦੇ ਅੱਗੇ ਸ਼ੀਸ਼ੇ ਦੇ ਸਮੁੰਦਰ ਵਰਗੀ ਕੋਈ ਸ਼ੈਅ ਦਿਖਾਈ ਦਿੰਦੀ ਸੀ। ਇਹ ਬਲੌਰ ਵਰਗੀ ਸਾਫ਼ ਸੀ।
ਤਖਤ ਦੇ ਸਾਹਮਣੇ ਅਤੇ ਉਸ ਦੇ ਚੌਹੀਂ ਪਾਸੀਂ ਚਾਰ ਸਜੀਵ ਚੀਜ਼ਾਂ ਸਨ। ਇਨ੍ਹਾਂ ਸਜੀਵ ਚੀਜ਼ਾਂ ਤੇ, ਪੂਰੇ ਜਿਸਮ ਤੇ, ਅੱਗੇ ਪਿੱਛੇ ਅੱਖਾਂ ਹੀ ਅੱਖਾਂ ਸਨ। 7 ਪਹਿਲੀ ਸਜੀਵ ਚੀਜ਼ ਸ਼ੇਰ ਵਰਗੀ ਸੀ। ਦੂਸਰੀ ਵੱਛੇ ਵਰਗੀ ਸੀ। ਤੀਸਰੀ ਦਾ ਮੂੰਹ ਇੱਕ ਆਦਮੀ ਵਰਗਾ ਸੀ। ਚੌਥੀ ਉਡਦੇ ਹੋਏ ਬਾਜ਼ ਵਰਗੀ ਸੀ। 8 ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਹਰ ਇੱਕ ਦੇ ਛੇ ਖੰਭ ਸਨ। ਇਹ ਸਜੀਵ ਚੀਜ਼ਾਂ ਅੰਦਰੋਂ ਬਾਹਰੋਂ ਸਾਰੇ ਪਾਸੇ ਅੱਖਾਂ ਨਾਲ ਢੱਕੀਆਂ ਹੋਈਆਂ ਸਨ। ਦਿਨ ਅਤੇ ਰਾਤ ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਨੇ ਕਦੇ ਵੀ ਆਖਣਾ ਬੰਦ ਨਹੀਂ ਕੀਤਾ:
“ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ।
ਉਹ ਹਮੇਸ਼ਾ ਸੀ, ਉਹ ਹੈ ਅਤੇ ਆਉਣ ਵਾਲਾ ਹੈ।”
9 ਇਹ ਸਜੀਵ ਚੀਜ਼ਾਂ ਉਸ ਨੂੰ ਮਹਿਮਾ ਅਤੇ ਸਤਿਕਾਰ ਅਤੇ ਧੰਨਵਾਦ ਕਰਦੀਆਂ ਰਹਿੰਦੀਆਂ ਹਨ ਜਿਹੜਾ ਤਖਤ ਉੱਤੇ ਬੈਠਾ ਸੀ। ਉਹ ਹੀ ਹੈ ਜਿਹੜਾ ਸਦਾ ਅਤੇ ਸਦਾ ਲਈ ਜਿਉਂਦਾ ਹੈ। ਅਤੇ ਹਰ ਵਾਰ ਸਜੀਵ ਚੀਜ਼ਾਂ ਇਉਂ ਕਰਦੀਆਂ ਸਨ। 10 ਫ਼ੇਰ ਚੌਵੀ ਬਜ਼ੁਰਗ ਉਸ ਅੱਗੇ ਝੁੱਕ ਗਏ ਜਿਹੜਾ ਤਖਤ ਤੇ ਬੈਠਦਾ ਸੀ ਅਤੇ ਉਸਦੀ ਉਪਾਸਨਾ ਕੀਤੀ ਜਿਹੜਾ ਸਦੀਵੀ ਜਿਉਂਦਾ ਉਨ੍ਹਾਂ ਨੇ ਆਪਣੇ ਤਾਜ ਹੇਠਾਂ ਤਖਤ ਦੇ ਸਾਹਮਣੇ ਰੱਖਕੇ ਆਖਿਆ,
11 “ਸਾਡੇ ਪ੍ਰਭੂ ਅਤੇ ਪਰਮੇਸ਼ੁਰ,
ਤੂੰ ਮਹਿਮਾ, ਸਤਿਕਾਰ ਅਤੇ ਸ਼ਕਤੀ ਪ੍ਰਾਪਤ ਕਰਨ ਦੇ ਯੋਗ ਹੈਂ।
ਤੂੰ ਹੀ ਸਭ ਕੁਝ ਸਾਜਿਆ ਹੈ।
ਇਹ ਤੇਰੀ ਰਜ਼ਾ ਦੁਆਰਾ ਹੀ ਹੈ ਕੋ ਜੋ ਸਾਰੀਆਂ ਚੀਜ਼ਾਂ ਮੌਜ਼ੂਦ ਹਨ ਅਤੇ ਸਾਜੀਆਂ ਗਈਆਂ ਸਨ।”
ਕੌਣ ਸੂਚੀ ਖੋਲ੍ਹ ਸੱਕਦਾ ਹੈ ?
5 ਫ਼ੇਰ, ਮੈਂ ਤਖਤ ਤੇ ਬੈਠ ਇੱਕ ਦੇ ਹੱਥ ਵਿੱਚ ਸੂਚੀ ਪੱਤਰ ਵੇਖਿਆ। ਇਸ ਸੂਚੀ ਦੇ ਦੋਹੀਂ ਪਾਸੀਂ ਲਿਖਤ ਸੀ। ਸੂਚੀ ਨੂੰ ਸੱਤ ਮੋਹਰਾਂ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ। 2 ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਦੇਖਿਆ। ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਕੌਣ ਇਨ੍ਹਾਂ ਮੋਹਰਾਂ ਨੂੰ ਤੋੜਨ ਅਤੇ ਸੂਚੀ ਪੱਤਰ ਨੂੰ ਖੋਲ੍ਹਣ ਦੇ ਸਾਮਰਥੀ ਹੈ?” 3 ਪਰ ਉੱਥੇ ਸਵਰਗ, ਧਰਤੀ ਜਾਂ ਧਰਤੀ ਦੇ ਹੇਠਾਂ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਸੂਚੀ ਪੱਤਰ ਖੋਲ੍ਹ ਸੱਕੇ ਜਾਂ ਅੰਦਰ ਝਾਕ ਸੱਕੇ। 4 ਮੈਂ ਚੀਕਿਆ ਅਤੇ ਚੀਕਿਆ ਕਿਉਂ ਕਿ ਉੱਥੇ ਅਜਿਹਾ ਕੋਈ ਨਹੀ ਸੀ ਜਿਹੜਾ ਸੂਚੀ ਪੱਤਰ ਖੋਲ੍ਹਣ ਜਾਂ ਉਸ ਦੇ ਅੰਦਰ ਝਾਕਣ ਦੇ ਸਮਰੱਥ ਹੁੰਦਾ। 5 ਪਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ ਰੋ ਨਾ। “ਯਹੂਦਾਹ ਦੇ ਵੰਸ਼ ਵਿੱਚੋਂ ਇੱਕ ਸ਼ੇਰ ਨੇ ਫ਼ਤੇਹ ਹਾਸਿਲ ਕਰ ਲਈ ਹੈ। ਉਹ ਦਾਊਦ ਦੀ ਔਲਾਦ ਹੈ। ਉਹ ਇਸ ਸੂਚੀ ਪੱਤਰ ਅਤੇ ਇਸ ਦੀਆਂ ਸੱਤਾਂ ਮੋਹਰਾਂ ਨੂੰ ਖੋਲ੍ਹਣ ਦੇ ਸਮਰਥ ਹੈ।”
6 ਫ਼ੇਰ ਮੈਂ ਤਖਤ ਦੇ ਸਾਹਮਣੇ ਉਨ੍ਹਾਂ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਵਿੱਚਕਾਰ ਇੱਕ ਲੇਲਾ ਖੜ੍ਹਾ ਦੇਖਿਆ। ਲੇਲਾ ਇਉਂ ਦਿੱਸਦਾ ਸੀ ਜਿਵੇਂ ਮਰਿਆ ਹੋਵੇ। ਇਸਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਸਨ ਜਿਹੜੇ ਦੁਨੀਆਂ ਵਿੱਚ ਭੇਜੇ ਗਏ ਸਨ। 7 ਲੇਲਾ ਆਇਆ ਅਤੇ ਉਸ ਨੇ ਉਸ ਦੇ ਸੱਜੇ ਹੱਥ ਵਿੱਚੋਂ, ਜਿਹੜਾ ਤਖਤ ਤੇ ਬੈਠਾ ਸੀ, ਸੂਚੀ ਫ਼ੜ ਲਈ। 8 ਜਦੋਂ ਲੇਲੇ ਨੇ ਸੂਚੀ ਪੱਤਰ ਲਿਆ, ਚਾਰ ਸਜੀਵ ਚੀਜ਼ਾਂ ਅਤੇ ਚੌਵੀ ਬਜ਼ੁਰਗ ਉਸ ਅੱਗੇ ਝੁਕ ਗਏ। ਉਨ੍ਹਾਂ ਵਿੱਚੋਂ ਹਰ ਕਿਸੇ ਕੋਲ ਇੱਕ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੁਨਿਹਰੀ ਕਲਸ਼ ਫ਼ੜੇ ਹੋਏ ਸਨ। ਇਹ ਧੂਪ ਦੇ ਕਲਸ਼ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾ ਸਨ।
9 ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ:
“ਤੂੰ ਇਹ ਸੂਚੀ ਪੱਤਰ ਲੈ ਕੇ ਇਸ ਦੀਆਂ
ਮੋਹਰਾਂ ਖੋਲ੍ਹਣ ਦੇ ਯੋਗ ਹੈਂ।
ਕਿਉਂਕਿ ਤੂੰ ਮਾਰਿਆ ਗਿਆ ਸੀ
ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ,
ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
10 ਤੂੰ ਇਨ੍ਹਾਂ ਲੋਕਾਂ ਨੂੰ ਇੱਕ ਸਲਤਨਤ ਬਣਾਇਆ,
ਅਤੇ ਤੂੰ ਉਨ੍ਹਾਂ ਨੂੰ ਸਾਡੇ ਪਰਮੇਸ਼ੁਰ ਦੇ ਜਾਜਕ ਹੋਣ ਲਈ ਬਣਾਇਆ ਉਹ ਧਰਤੀ ਉੱਤੇ ਸ਼ਾਸਨ ਕਰਨਗੇ।”
11 ਫ਼ੇਰ ਮੈਂ ਦੇਖਿਆ, ਅਤੇ ਬਹੁਤ ਸਾਰੇ ਦੂਤਾਂ ਦੀਆਂ ਅਵਾਜ਼ਾਂ ਸੁਣੀਆਂ। ਦੂਤ, ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗ ਤਖਤ ਦੇ ਆਲੇ-ਦੁਆਲੇ ਸਨ। ਉੱਥੇ ਅਣਗਿਣਤ ਦੂਤ ਸਨ। 12 ਦੂਤਾਂ ਨੇ ਇੱਕ ਉੱਚੀ ਅਵਾਜ਼ ਵਿੱਚ ਆਖਿਆ:
“ਉਹ ਲੇਲਾ ਜਿਹੜਾ ਮਾਰਿਆ ਗਿਆ ਸੀ, ਸ਼ਕਤੀ, ਧਨ, ਸਿਆਣਪ, ਤਾਕਤ, ਸਤਿਕਾਰ,
ਮਹਿਮਾ ਅਤੇ ਉਸਤਤਿ ਪ੍ਰਾਪਤ ਕਰਨ ਦੇ ਯੋਗ ਹੈ।”
13 ਫ਼ੇਰ ਮੈਂ ਸਵਰਗ ਵਿੱਚਲੀ, ਧਰਤੀ ਉਤਲੀ ਅਤੇ ਧਰਤੀ ਹੇਠਲੀ ਅਤੇ ਸਮੁੰਦਰ ਵਿੱਚਲੀ ਹਰ ਸਜੀਵ ਚੀਜ਼ ਨੂੰ ਸੁਣਿਆ। ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਇੱਕਲਿਆਂ ਇਹ ਕਹਿੰਦਿਆਂ ਸੁਣਿਆ:
“ਉਸ ਇੱਕ ਨੂੰ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਨੂੰ ਹਮੇਸ਼ਾ ਹਮੇਸ਼ਾ ਲਈ
ਸਾਰੀ ਉਸਤਤਿ, ਸਤਿਕਾਰ, ਮਹਿਮਾ ਅਤੇ ਸ਼ਕਤੀ।”
14 ਚੌਹਾਂ ਸਜੀਵ ਚੀਜ਼ਾਂ ਨੇ ਆਖਿਆ, “ਆਮੀਨ।” ਅਤੇ ਬਜ਼ੁਰਗ ਥੱਲੇ ਝੁਕੇ ਅਤੇ ਉਪਾਸਨਾ ਕੀਤੀ।
ਲੇਲਾ ਸੂਚੀ ਖੋਲ੍ਹਦਾ ਹੈ
6 ਫ਼ੇਰ ਮੈਂ ਲੇਲੇ ਨੂੰ ਸੱਤਾਂ ਵਿੱਚੋਂ ਪਹਿਲੀ ਮੋਹਰ ਖੋਲ੍ਹਦਿਆਂ ਦੇਖਿਆ। ਮੈਂ ਚਾਰਾਂ ਸਜੀਵ ਚੀਜ਼ਾਂ ਵਿੱਚੋਂ ਕਿਸੇ ਨੂੰ ਤੂਫ਼ਾਨੀ ਗਰਜ ਵਰਗੀ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਇਸਨੇ ਆਖਿਆ, “ਆਓ।” 2 ਮੈਂ ਤੱਕਿਆ, ਅਤੇ ਉੱਥੇ ਮੇਰੇ ਅੱਗੇ ਇੱਕ ਚਿੱਟਾ ਘੋੜਾ ਸੀ। ਘੁੜਸਵਾਰ ਦੇ ਹੱਥ ਵਿੱਚ ਇੱਕ ਧਨੁਸ਼ ਫ਼ੜਿਆ ਹੋਇਆ ਸੀ। ਅਤੇ ਉਸ ਨੂੰ ਇੱਕ ਤਾਜ ਦਿੱਤਾ ਹੋਇਆ ਸੀ। ਉਹ ਵੱਧ ਜਿੱਤਾਂ ਪ੍ਰਾਪਤ ਕਰਨ ਲਈ ਇੱਕ ਜੇਤੂ ਦੀ ਤਰ੍ਹਾਂ ਬਾਹਰ ਗਿਆ।
3 ਲੇਲੇ ਨੇ ਦੂਸਰੀ ਮੋਹਰ ਖੋਲ੍ਹੀ। ਫ਼ੇਰ ਮੈਂ ਦੂਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” 4 ਫ਼ੇਰ ਇੱਕ ਹੋਰ ਘੋੜਾ ਬਾਹਰ ਆਇਆ। ਇਹ ਲਾਲ ਘੋੜਾ ਸੀ। ਘੋੜਸਵਾਰ ਨੂੰ ਧਰਤੀ ਤੋਂ ਸ਼ਾਂਤੀ ਹਟਾਉਣ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਮਰਾਉਣ ਦੀ ਸ਼ਕਤੀ ਦਿੱਤੀ ਗਈ ਸੀ। ਇਸ ਘੋੜਸਵਾਰ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।
5 ਲੇਲੇ ਨੇ ਤੀਜੀ ਮੋਹਰ ਖੋਲ੍ਹੀ। ਫ਼ੇਰ ਮੈਂ ਤੀਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਮੈਂ ਤੱਕਿਆ ਅਤੇ ਉੱਥੇ ਮੇਰੇ ਅੱਗੇ ਇੱਕ ਕਾਲਾ ਘੋੜਾ ਸੀ। ਘੋੜਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫ਼ੜੀ ਹੋਈ ਸੀ। 6 ਫ਼ੇਰ ਮੈਂ ਇੱਕ ਅਵਾਜ਼ ਵਰਗੀ ਚੀਜ਼ ਸੁਣੀ। ਇਹ ਅਵਾਜ਼ ਓੱਥੋਂ ਆ ਰਹੀ ਸੀ ਜਿੱਥੇ ਚਾਰ ਸਜੀਵ ਚੀਜ਼ਾਂ ਸਨ। ਅਵਾਜ਼ ਨੇ ਆਖਿਆ, “ਇੱਕ ਦਿਨ ਦੀ ਤਨਖਾਹ ਵਜੋਂ ਇੱਕ ਚੌਥਾਈ ਕਣਕ ਦਾ ਮਾਪ। ਅਤੇ ਇੱਕ ਦਿਨ ਦੀ ਤਨਖਾਹ ਵਜੋਂ ਤਿੰਨ ਚੌਥਾਈ ਜੌਆਂ ਦਾ ਮਾਪ। ਪਰ ਤੇਲ ਅਤੇ ਮੈਨੂੰ ਬਰਬਾਦ ਨਾ ਕਰੋ।”
7 ਲੇਲੇ ਨੇ ਚੌਥੀ ਮੋਹਰ ਖੋਲ੍ਹੀ। ਫ਼ੇਰ ਮੈਂ ਚੌਥੀ ਸਜੀਵ ਚੀਜ਼ ਦੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” 8 ਮੈਂ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਫ਼ਿੱਕੇ ਰੰਗ ਦਾ ਘੋੜਾ ਸੀ। ਘੋੜਸਵਾਰ ਮੌਤ ਸੀ। ਉਸ ਦੇ ਪਿੱਛੇ, ਪਾਤਾਲ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਪਰ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤਲਵਾਰ ਦੁਆਰਾ, ਅਕਾਲ ਦੁਆਰਾ, ਖਤਰਨਾਕ ਬਿਮਾਰੀਆਂ ਦੁਆਰਾ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
9 ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ। ਫ਼ੇਰ ਮੈਂ ਕੁਝ ਰੂਹਾਂ ਨੂੰ ਜਗਵੇਦੀ ਹੇਠਾਂ ਵੇਖਿਆ। ਇਹ ਉਨ੍ਹਾਂ ਲੋਕਾਂ ਦੀਆਂ ਰੂਹਾਂ ਸਨ ਜੋ ਕਿ ਇਸ ਲਈ ਮਾਰੇ ਗਏ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਲਈ ਵਫ਼ਾਦਾਰ ਸਨ ਅਤੇ ਆਪਣੀ ਨਿਹਚਾ ਬਾਰੇ ਬੋਲੇ ਸਨ। 10 ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?” 11 ਫ਼ੇਰ ਉਨ੍ਹਾਂ ਵਿੱਚੋਂ ਹਰ ਰੂਹ ਨੂੰ ਇੱਕ ਚਿੱਟਾ ਚੋਲਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁਝ ਸਮਾਂ ਉਡੀਕਣ ਲਈ ਕਿਹਾ ਗਿਆ ਸੀ, ਜਿੰਨਾ ਚਿਰ ਉਨ੍ਹਾਂ ਦੇ ਕੁਝ ਹੋਰ ਭਰਾ ਜਿਹੜੇ ਮਸੀਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਾਂਗ ਹੀ ਨਾ ਮਾਰੇ ਜਾਣ। ਉਨ੍ਹਾਂ ਨੂੰ ਓਨਾ ਚਿਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਿੰਨਾ ਚਿਰ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੰਪੂਰਣ ਨਾ ਹੋ ਜਾਵੇ।
12 ਫ਼ੇਰ ਮੈਂ ਦੇਖ ਰਿਹਾ ਸੀ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਉੱਥੇ ਬਹੁਤ ਵੱਡਾ ਭੁਚਾਲ ਆ ਗਿਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਬੋਰੇ ਵਰਗਾ ਕਾਲਾ ਹੋ ਗਿਆ। ਪੂਰਾ ਚੰਨ ਲਹੂ ਵਾਂਗ ਲਾਲ ਹੋ ਗਿਆ। 13 ਅਕਾਸ਼ ਦੇ ਤਾਰੇ ਧਰਤੀ ਉੱਤੇ ਇੰਝ ਡਿੱਗ ਪਏ ਜਿਵੇਂ ਕਿ ਹੰਜ਼ੀਰ ਦਾ ਬੂਟਾ ਜਦੋਂ ਹਵਾ ਵੱਗਦੀ ਹੈ ਤਾਂ ਆਪਣੇ ਕੱਚੇ ਫ਼ਲ ਸੁੱਟ ਦਿੰਦਾ ਹੈ। 14 ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾੜ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ।
15 ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ। 16 ਲੋਕਾਂ ਨੇ ਪਹਾੜਾਂ ਅਤੇ ਚੱਟਾਨਾਂ ਨੂੰ ਆਖਿਆ, “ਸਾਡੇ ਉੱਪਰ ਡਿੱਗ ਪਵੋ। ਸਾਨੂੰ ਉਸਤੋਂ ਲਕੋ ਲਵੋ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਲਕੋ ਲਵੋ। 17 ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁੱਕਿਆ ਹੈ। ਕੌਣ ਇਸਦਾ ਸਾਹਮਣਾ ਕਰ ਸੱਕਦਾ ਹੈ?”
ਇਸਰਾਏਲ ਦੇ 144,000 ਲੋਕ
7 ਇਸਦੇ ਵਾਪਰਨ ਤੋਂ ਮਗਰੋਂ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚੌਹਾਂ ਕੋਨਿਆਂ ਉੱਪਰ ਖਲੋਤਿਆਂ ਦੇਖਿਆ। ਦੂਤ ਧਰਤੀ ਦੀਆਂ ਚੌਹਾਂ ਹਵਾਵਾਂ ਨੂੰ ਧਰਤੀ ਤੇ ਜਾਂ ਸਮੁੰਦਰ ਤੇ ਜਾਂ ਰੁੱਖਾਂ ਤੇ ਵਗਣ ਤੋਂ ਬੰਦ ਕਰਨ ਲਈ ਫ਼ੜੀ ਹੋਏ ਸਨ। 2 ਫ਼ੇਰ ਮੈਂ ਪੂਰਬ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਇਸ ਦੂਤ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਚੌਹਾਂ ਦੂਤਾਂ ਨੂੰ ਬੁਲਾਇਆ। ਉਨ੍ਹਾਂ ਚੌਹਾਂ ਦੂਤਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਣ ਦੀ ਸ਼ਕਤੀ ਦਿੱਤੀ ਹੋਈ ਸੀ। ਦੂਤ ਨੇ ਚੌਹਾਂ ਦੂਤਾਂ ਨੂੰ ਆਖਿਆ, 3 “ਓਨਾ ਚਿਰ, ਜ਼ਮੀਨ, ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਇਓ ਜਿੰਨਾ ਚਿਰ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਮੱਥਿਆਂ ਤੇ ਮੋਹਰ ਨਾ ਲਾ ਦੇਈਏ। ਸਾਨੂੰ ਉਨ੍ਹਾਂ ਦੇ ਮੱਥਿਆਂ ਉੱਤੇ ਨਿਸ਼ਾਨ ਜ਼ਰੂਰ ਲਾਉਣਾ ਚਾਹੀਦਾ ਹੈ।”
4 ਫ਼ੇਰ ਮੈਂ ਉਨ੍ਹਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਤੇ ਮੋਹਰ ਦੁਆਰਾ ਨਿਸ਼ਾਨ ਲਾਇਆ ਗਿਆ ਸੀ। ਉੱਥੇ ਮੋਹਰ ਨਾਲ 144,000 ਲੋਕਾਂ ਤੇ ਨਿਸ਼ਾਨ ਲੱਗੇ ਹੋਏ ਸਨ। ਅਤੇ ਉਹ ਇਸਰਾਏਲ ਦੇ ਵੰਸ਼ ਤੋਂ ਸਨ।
5 ਯਹੂਦਾਹ ਦੇ ਪਰਿਵਾਰ ਸਮੂਹ ਵਿੱਚੋਂ 12,000
ਰਊਬੇਨ ਦੇ ਪਰਿਵਾਰ ਸਮੂਹ ਵਿੱਚੋਂ 12,000
ਗਾਦ ਦੇ ਪਰਿਵਾਰ ਸਮੂਹ ਵਿੱਚੋਂ 12,000
6 ਆਸ਼ੇਰ ਦੇ ਪਰਿਵਾਰ ਸਮੂਹ ਵਿੱਚੋਂ 12,000
ਨਫ਼ਤਾਲੀ ਦੇ ਪਰਿਵਾਰ ਸਮੂਹ ਵਿੱਚੋਂ 12,000
ਮਨੱਸ਼ਹ ਦੇ ਪਰਿਵਾਰ ਸਮੂਹ ਵਿੱਚੋਂ 12,000
7 ਸ਼ਿਮਓਨ ਦੇ ਪਰਿਵਾਰ ਵਿੱਚੋਂ 12,000
ਲੇਵੀ ਦੇ ਪਰਿਵਾਰ ਸਮੂਹ ਵਿੱਚੋਂ 12,000
ਯਿੱਸਾਕਾਰ ਦੇ ਪਰਿਵਾਰ ਸਮੂਹ ਵਿੱਚੋਂ 12,000
8 ਜ਼ਬੂਲੁਨ ਦੇ ਪਰਿਵਾਰ ਸਮੂਹ ਵਿੱਚੋਂ 12,000
ਯੂਸੁਫ਼ ਦੇ ਪਰਿਵਾਰ ਸਮੂਹ ਵਿੱਚੋਂ 12,000
ਬਿਨਯਾਮੀਨ ਦੇ ਪਰਿਵਾਰ ਵਿੱਚੋਂ 12,000
ਵੱਡੀ ਭੀੜ
9 ਫ਼ੇਰ ਮੈਂ ਤੱਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਵੇਖੀ। ਉੱਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸੱਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜ਼ੈਤੂਨ ਦੀਆਂ ਟਹਿਣੀਆਂ ਸਨ। 10 ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾਇਆ, “ਜਿੱਤ ਸਾਡੇ ਪਰਮੇਸ਼ੁਰ ਦੀ ਹੈ ਜਿਹੜਾ ਤਖਤ ਤੇ ਬੈਠਾ ਹੈ ਅਤੇ ਲੇਲੇ ਦੀ ਹੈ।”
11 ਬਜ਼ੁਰਗ ਅਤੇ ਚਾਰੇ ਸਜੀਵ ਚੀਜ਼ਾਂ ਉੱਥੇ ਹੀ ਸਨ। ਸਾਰੇ ਦੂਤ ਉਨ੍ਹਾਂ ਦੇ ਅਤੇ ਤਖਤ ਦੇ ਆਲੇ-ਦੁਆਲੇ ਖਲੋਤੇ ਹੋਏ ਸਨ। ਦੂਤ ਤਖਤ ਅੱਗੇ ਮੂਧੇ ਮੂੰਹ ਡਿੱਗ ਪਏ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। 12 ਉਨ੍ਹਾਂ ਨੇ ਆਖਿਆ, “ਆਮੀਨ। ਉਸਤਤ, ਮਹਿਮਾ, ਸਿਆਣਪ, ਧੰਨਵਾਦੀ ਹੋਣਾ, ਸਤਿਕਾਰ, ਸ਼ਕਤੀ ਅਤੇ ਤਾਕਤ ਸਦਾ ਅਤੇ ਸਦਾ ਸਾਡੇ ਪਰਮੇਸ਼ੁਰ ਨੂੰ ਹੋਵੇ। ਆਮੀਨ।”
13 ਫ਼ਿਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, “ਇਹ ਚਿੱਟੇ ਵਸਤਰ ਪਾਏ ਲੋਕ ਕੌਣ ਹਨ? ਉਹ ਕਿੱਥੋਂ ਆਏ ਹਨ?”
14 ਮੈਂ ਜਵਾਬ ਦਿੱਤਾ, “ਜਨਾਬ ਤੁਸੀਂ ਜਾਣਦੇ ਹੀ ਹੋ ਉਹ ਕੌਣ ਹਨ।”
ਅਤੇ ਬਜ਼ੁਰਗ ਨੇ ਆਖਿਆ, “ਇਹ ਉਹੀ ਲੋਕ ਹਨ ਜਿਹੜੇ ਵੱਡੇ ਤਸੀਹਿਆਂ ਰਾਹੀਂ ਲੰਘੇ ਹਨ। ਉਨ੍ਹਾਂ ਨੇ ਆਪਣੇ ਚੋਲੇ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟੇ ਬਣਾਇਆ। 15 ਇਸ ਲਈ ਹੁਣ ਇਹ ਲੋਕ ਪਰਮੇਸ਼ੁਰ ਦੇ ਤਖਤ ਅੱਗੇ ਖਲੋਤੇ ਹਨ। ਉਹ ਦਿਨ ਰਾਤ ਪਰਮੇਸ਼ੁਰ ਦੀ ਸੇਵਾ ਉਸ ਦੇ ਮੰਦਰ ਵਿੱਚ ਕਰਦੇ ਹਨ। ਅਤੇ ਉਹ ਇੱਕ ਜਿਹੜਾ ਤਖਤ ਤੇ ਬੈਠਦਾ ਹੈ ਉਨ੍ਹਾਂ ਦੀ ਰੱਖਿਆ ਕਰੇਗਾ। 16 ਉਹ ਫ਼ੇਰ ਕਦੇ ਵੀ ਭੁੱਖੇ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਪਿਆਸੇ ਨਹੀਂ ਹੋਣਗੇ। ਸੂਰਜ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਏਗਾ। ਕੋਈ ਤਪਸ਼ ਉਨ੍ਹਾਂ ਨੂੰ ਸਾੜੇਗੀ ਨਹੀਂ। 17 ਤਖਤ ਦੇ ਅੱਗੇ ਖਲੋਤਾ ਲੇਲਾ ਆਜੜੀ ਵਾਂਗ ਉਨ੍ਹਾਂ ਦਾ ਧਿਆਨ ਰੱਖੇਗਾ। ਉਹ ਉਨ੍ਹਾਂ ਨੂੰ ਪਾਣੀ ਦੇ ਝਰਨਿਆਂ ਕੋਲ ਲੈ ਜਾਵੇਗਾ ਜੋ ਜੀਵਨ ਦਿੰਦੇ ਹਨ, ਅਤੇ ਪਰਮੇਸ਼ੁਰ ਦੀਆਂ ਅੱਖਾਂ ਵਿੱਚੋਂ ਉਨ੍ਹਾਂ ਦੇ ਅੱਥਰੂ ਪੂੰਝ ਦੇਵੇਗਾ।”
ਸੱਤਵੀਂ ਮੋਹਰ
8 ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ। ਫ਼ਿਰ ਉੱਥੇ ਸਵਰਗ ਵਿੱਚ ਲਗਭਗ ਅੱਧੇ ਘੰਟੇ ਤੱਕ ਚੁੱਪੀ ਛਾਈ ਰਹੀ। 2 ਅਤੇ ਮੈਂ ਉਨ੍ਹਾਂ ਸੱਤਾਂ ਦੂਤਾਂ ਨੂੰ ਦੇਖਿਆ ਜਿਹੜੇ ਪਰਮੇਸ਼ੁਰ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਨੂੰ ਸੱਤ ਬਿਗੁਲ ਦਿੱਤੇ ਗਏ।
3 ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਹਮਣੇ ਖੜ੍ਹਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇੜੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮੱਗਰੀ ਰੱਖ ਦਿੱਤੀ। 4 ਧੂਪ ਦਾ ਧੂਂਆਂ ਦੂਤ ਦੇ ਹੱਥਾਂ ਵਿੱਚੋਂ ਪਰਮੇਸ਼ੁਰ ਕੋਲ ਉਤਾਹਾਂ ਨੂੰ ਗਿਆ। ਇਹ ਧੂਆਂ ਪਰਮੇਸ਼ੁਰ ਦੇ ਲੋਕਾਂ ਦੀਆਂ ਪ੍ਰਾਰਥਨਾ ਨਾਲ ਉੱਪਰ ਉੱਠਿਆ। 5 ਫ਼ਿਰ ਦੂਤ ਨੇ ਧੂਪਦਾਨ ਨੂੰ ਜੱਗਵੇਦੀ ਦੀ ਅੱਗ ਨਾਲ ਭਰਿਆ। ਦੂਤ ਨੇ ਧੂਪਦਾਨ ਧਰਤੀ ਉੱਤੇ ਸੁੱਟ ਦਿੱਤਾ। ਫ਼ਿਰ ਉੱਥੇ ਬਿਜਲੀ ਲਿਸ਼ਕੀ, ਗਰਜਣਾ ਹੋਈ, ਹੋਰ ਅਵਾਜ਼ਾਂ ਆਈਆਂ ਅਤੇ ਭੁਚਾਲ ਆਇਆ।
ਸੱਤ ਦੂਤ ਆਪਣੀਆਂ ਤੁਰ੍ਹੀਆਂ ਵਜਾਉਂਦੇ ਹਨ
6 ਫ਼ਿਰ ਉਹ ਦੂਤ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੀਆਂ ਤੁਰ੍ਹੀਆਂ ਵਜਾਉਣ ਲਈ ਤਿਆਰ ਹੋਏ।
7 ਜਦੋਂ ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਤੁਰੰਤ ਹੀ, ਲਹੂ ਨਾਲ ਮਿਸ਼੍ਰਿਤ ਗੜ੍ਹੇ ਅਤੇ ਅੱਗ ਧਰਤੀ ਤੇ ਡਿੱਗਣੇ ਸ਼ੁਰੂ ਹੋ ਗਏ। ਅਤੇ ਧਰਤੀ ਦਾ ਤੀਜਾ ਹਿੱਸਾ, ਰੁੱਖਾਂ ਦਾ ਤੀਜਾ ਹਿੱਸਾ ਅਤੇ ਹਰਾ ਘਾਹ ਇਸਦੇ ਨਾਲ ਸੜ ਗਿਆ।
8 ਦੂਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫ਼ਿਰ ਕੁਝ ਅੱਗ ਨਾਲ ਮੱਚਦਾ ਹੋਇਆ ਇੱਕ ਵੱਡਾ ਪਹਾੜ ਸਮੁੰਦਰ ਵਿੱਚ ਸੁੱਟਿਆ ਗਿਆ ਸੀ। ਨਤੀਜੇ ਦੇ ਤੌਰ ਤੇ, ਸਮੁੰਦਰ ਦਾ ਤੀਜਾ ਹਿੱਸਾ ਲਹੂ ਬਣ ਗਿਆ। 9 ਅਤੇ ਸਮੁੰਦਰੀ ਜੀਵਾਂ ਦਾ ਤੀਸਰਾ ਹਿੱਸਾ ਮਰ ਗਿਆ ਅਤੇ ਜਹਾਜ਼ਾਂ ਦਾ ਤੀਸਰਾ ਹਿੱਸਾ ਤਬਾਹ ਹੋ ਗਿਆ।
10 ਫ਼ਿਰ ਤੀਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫ਼ਿਰ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵੱਡਾ ਤਾਰਾ ਅਕਾਸ਼ ਵਿੱਚੋਂ ਡਿੱਗਿਆ। ਇਹ ਤਾਰਾ ਦਰਿਆਵਾਂ ਅਤੇ ਪਾਣੀਆਂ ਦੇ ਝਰਨਿਆਂ ਦੇ ਤੀਜੇ ਹਿੱਸੇ ਉੱਤੇ ਡਿੱਗਿਆ। 11 ਸਿੱਤਾਰੇ ਦਾ ਨਾਂ ਹੈ ਵਰਮ ਵੁੱਡ ਅਤੇ ਸਾਰੇ ਪਾਣੀ ਦਾ ਤੀਜਾ ਹਿੱਸਾ ਕੌੜਾ ਹੋ ਗਿਆ। ਬਹੁਤ ਸਾਰੇ ਲੋਕ ਉਹ ਕੌੜਾ ਪਾਣੀ ਪੀਕੇ ਮਰ ਗਏ।
12 ਚੌਥੇ ਦੂਤ ਨੇ ਆਪਣਾ ਬਿਗੁਲ ਵਜਾਇਆ। ਫ਼ਿਰ ਸੂਰਜ ਦਾ ਤੀਜਾ ਹਿੱਸਾ, ਚੰਨ ਦਾ ਤੀਜਾ ਹਿੱਸਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਖੁੱਭ ਗਿਆ ਸੀ। ਇਸੇ ਦੇ ਕਾਰਣ ਹੀ, ਉਨ੍ਹਾਂ ਵਿੱਚੋਂ ਇੱਕ ਤਿਹਾਈ ਕਾਲੇ ਬਣ ਗਏ ਸਨ। ਦਿਨ ਅਤੇ ਰਾਤ ਦਾ ਤੀਜਾ ਹਿੱਸਾ ਬਿਨਾ ਚਾਨਣ ਤੋਂ ਸਨ।
13 ਜਦੋਂ ਮੈਂ ਤੱਕਿਆ, ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸ ਨੇ ਆਖਿਆ, “ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੁਰ੍ਹੀਆਂ ਵਜਾਉਣਗੇ।”
2010 by World Bible Translation Center