Beginning
ਯੂਹੰਨਾ ਇਸ ਪੁਸਤਕ ਬਾਰੇ ਦੱਸਦਾ
1 ਇਹ ਯਿਸੂ ਮਸੀਹ ਦਾ ਪਰਕਾਸ਼ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਹ ਗੱਲਾਂ ਦਿੱਤੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦਰਸ਼ਾ ਸੱਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਦਾਸ ਯੂਹੰਨਾ ਨੂੰ ਦਰਸ਼ਾਉਣ ਲਈ ਆਪਣੇ ਦੂਤ ਨੂੰ ਘੱਲਿਆ। 2 ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸ ਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹੜਾ ਯਿਸੂ ਮਸੀਹ ਨੇ ਉਸ ਨੂੰ ਦੱਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ। 3 ਧੰਨ ਹੈ ਉਹ ਜਿਹੜਾ ਪਰਮੇਸ਼ੁਰ ਦੇ ਇਸ ਸੰਦੇਸ਼ ਦੇ ਸ਼ਬਦ ਸੰਗਤ ਨੂੰ ਪੜ੍ਹਕੇ ਸੁਣਾਉਂਦਾ ਹੈ। ਅਤੇ ਧੰਨ ਹਨ ਉਹ, ਜਿਹੜੇ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ, ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਬਚਿਆ।
ਯੂਹੰਨਾ ਯਿਸੂ ਦੇ ਸੰਦੇਸ਼ਾਂ ਨੂੰ ਕਲੀਸਿਯਾ ਲਈ ਲਿਖਦਾ ਹੈ
4 ਯੂਹੰਨਾ ਵੱਲੋਂ,
ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ:
ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ। 5 ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਜਿਵਾਲਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ।
ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ। 6 ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸ ਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹੜੇ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇੱਥੇ ਉਸ ਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ।
7 ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸ ਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸ ਨੂੰ ਛੇਕਿਆ [a] ਸੀ। ਧਰਤੀ ਦੇ ਸਾਰੇ ਲੋਕ ਉਸ ਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ।
8 ਪ੍ਰਭੂ ਪਰਮੇਸ਼ੁਰ ਆਖਦਾ ਹੈ, “ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।”
9 ਮੈਂ ਯੂਹੰਨਾ ਹਾਂ ਅਤੇ ਮਸੀਹ ਵਿੱਚ ਮੈਂ ਤੁਹਾਡਾ ਭਰਾ ਹਾਂ। ਅਸੀਂ ਇਕੱਠੇ ਯਿਸੂ ਵਿੱਚ ਹਾਂ ਅਤੇ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ; ਦੁੱਖ, ਰਾਜ ਅਤੇ ਸਹਿਣਸ਼ਕਤੀ। ਮੈਂ ਪਾਤਮੁਸ ਦੇ ਟਾਪੂ ਉੱਤੇ ਸਾਂ ਕਿਉਂਕਿ ਮੈਂ ਪਰਮੇਸ਼ੁਰ ਦੇ ਸੰਦੇਸ਼ ਅਤੇ ਯਿਸੂ ਦੇ ਸੱਚ ਪ੍ਰਤੀ ਵਫ਼ਾਦਾਰ ਸਾਂ। 10 ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ। 11 ਆਵਾਜ਼ ਨੇ ਆਖਿਆ, “ਉਹ ਸਾਰੀਆਂ ਗੱਲਾਂ ਜਿਹੜੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਅਤੇ ਉਨ੍ਹਾਂ ਨੂੰ ਸੱਤ ਕਲੀਸਿਯਾਵਾਂ ਨੂੰ ਭੇਜ। ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ।”
12 ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁੜਿਆ, ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ। 13 ਇਨ੍ਹਾਂ ਸ਼ਮਾਦਾਨਾਂ ਵਿੱਚਕਾਰ ਮੈਂ ਕਿਸੇ ਨੂੰ ਖਲੋਤਿਆਂ ਦੇਖਿਆ ਜਿਹੜਾ “ਮਨੁੱਖ ਦੇ ਪੁੱਤਰ ਵਰਗਾ” ਸੀ। ਉਸ ਨੇ ਉਸ ਦੇ ਪੈਰਾਂ ਤੱਕ ਪਹੁੰਚਦਾ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਉਸਦੀ ਛਾਤੀ ਦੁਆਲੇ ਇੱਕ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14 ਉਸਦਾ ਸਿਰ ਅਤੇ ਵਾਲ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ। ਅਤੇ ਉਸਦੀਆਂ ਅੱਖਾਂ ਅੱਗ ਦੇ ਅੰਗਿਆਰਾਂ ਵਰਗੀਆਂ ਸਨ। 15 ਉਸ ਦੇ ਪੈਰ ਭੱਠੀ ਵਿੱਚ ਦਗਦੇ ਹੋਏ ਤਾਂਬੇ ਵਰਗੇ ਸਨ। ਉਸਦੀ ਅਵਾਜ਼ ਹੜ੍ਹ ਦੇ ਪਾਣੀ ਵਰਗੀ ਸੀ। 16 ਉਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ੜੇ ਹੋਏ ਸਨ। ਉਸ ਦੇ ਮੁੱਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ।
17 ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ। 18 ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ। 19 ਇਸ ਲਈ ਉਹੀ ਗੱਲਾਂ ਲਿਖੋ ਜਿਹੜੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿੱਖ ਵਿੱਚ ਵਾਪਰਨਗੀਆਂ। 20 ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।
ਅਫ਼ਸੁਸ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ
2 “ਅਫ਼ਸੁਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਸਦੇ ਸੱਜੇ ਹੱਥ ਵਿੱਚ ਸੱਤ ਤਾਰੇ ਹਨ ਅਤੇ ਸੋਨੇ ਦੇ ਸੱਤਾਂ ਸ਼ਮਾਦਾਨਾਂ ਵਿੱਚਕਾਰ ਚਲਦਾ ਹੈ, ਉਹ ਤੁਹਾਨੂੰ ਇਹ ਗੱਲਾਂ ਆਖ ਰਿਹਾ ਹੈ।
2 “ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਰਦੇ ਹੋ। ਤੁਸੀਂ ਬਹੁਤ ਸਖਤ ਕੰਮ ਕਰਦੇ ਹੋ ਅਤੇ ਕਦੇ ਹਾਰਦੇ ਨਹੀਂ। ਮੈਂ ਜਾਣਦਾ ਹਾਂ ਕਿ ਤੁਸੀਂ ਮੰਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ। ਤੁਸੀਂ ਉਨ੍ਹਾਂ ਲੋਕਾਂ ਨੂੰ ਪਰੱਖ ਲਿਆ ਹੈ ਜਿਹੜੇ ਇਹ ਆਖਦੇ ਹਨ ਕਿ ਅਸੀਂ ਰਸੂਲ ਹਾਂ ਪਰ ਉਹ ਨਹੀਂ ਹਨ। ਤੁਸੀਂ ਦੇਖਿਆ ਕਿ ਉਹ ਝੂਠੇ ਹਨ। 3 ਤੁਸੀਂ ਕੋਸ਼ਿਸ਼ ਕਰਨਾ ਜਾਰੀ ਰੱਖੋ ਅਤੇ ਕਦੇ ਵੀ ਨਾ ਹਾਰੋ। ਤੁਸੀਂ ਮੇਰੇ ਨਾਮ ਤੇ (ਮੁਸ਼ਕਿਲਾਂ) ਸਹਿਨ ਕੀਤੀਆਂ। ਅਤੇ ਤੁਸੀਂ ਅਜਿਹਾ ਕਰਦਿਆਂ ਥੱਕੇ ਨਹੀਂ।
4 “ਪਰ ਮੈਨੂੰ ਤੁਹਾਡੇ ਬਾਰੇ ਇਹ ਸ਼ਿਕਾਇਤ ਹੈ; ਤੁਸੀਂ ਉਹ ਪਿਆਰ ਛੱਡ ਦਿੱਤਾ ਹੈ ਜਿਹੜਾ ਸ਼ੁਰੂ ਵਿੱਚ ਸੀ। 5 ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ। 6 ਪਰ ਉੱਥੇ ਇੱਕ ਚੰਗੀ ਗੱਲ ਹੈ ਜੋ ਤੁਸੀਂ ਕਰਦੇ ਹੋ। ਤੁਸੀਂ ਉਨ੍ਹਾਂ ਗੱਲਾਂ ਨੂੰ ਨਫ਼ਰਤ ਕਰਦੇ ਹੋ ਜਿਹੜੀਆਂ ਨਿਕੁਲਾਈਆਂ ਕਰਦੇ ਹਨ। ਮੈਂ ਵੀ ਉਸ ਨੂੰ ਨਫ਼ਰਤ ਕਰਦਾ ਹਾਂ ਜੋ ਉਹ ਕਰਦੇ ਹਨ।
7 “ਹਰ ਵਿਅਕਤੀ ਜਿਹੜਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸ ਨੂੰ ਉਸ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਸ ਨੂੰ ਮੈਂ ਜੀਵਨ ਦੇ ਰੁੱਖ ਤੋਂ ਫ਼ਲ ਖਾਣ ਦਾ ਹੱਕ ਦਿਆਂਗਾ। ਇਹ ਰੁੱਖ ਪਰਮੇਸ਼ੁਰ ਦੇ ਬਾਗ ਵਿੱਚ ਹੈ।
ਸਮੁਰਨੇ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ
8 “ਸਮੁਰਨੇ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਜਿਹੜਾ ਪਹਿਲਾ ਤੇ ਅਖੀਰਲਾ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ। ਉਹੀ ਹੈ ਜਿਹੜਾ ਮਰਿਆ ਅਤੇ ਫ਼ੇਰ ਜੀਵਨ ਵੱਲ ਵਾਪਸ ਆਇਆ।
9 “ਮੈਂ ਤੁਹਾਡੀਆਂ ਮੁਸ਼ਕਿਲਾਂ ਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਗਰੀਬ ਹੋ। ਪਰ ਸੱਚਮੁੱਚ ਤੁਸੀਂ ਅਮੀਰ ਹੋ। ਮੈਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਜਾਣਦਾ ਹਾਂ ਜਿਹੜੀਆਂ ਕੁਝ ਲੋਕ ਤੁਹਾਡੇ ਬਾਰੇ ਬੋਲਦੇ ਹਨ। ਉਹ ਲੋਕ ਆਖਦੇ ਹਨ ਕਿ ਉਹ ਯਹੂਦੀ ਹਨ। ਪਰ ਉਹ ਸੱਚੇ ਯਹੂਦੀ ਨਹੀਂ ਹਨ। ਉਹ ਇੱਕ ਪੂਜਾ ਸਥਾਨ ਹਨ ਜਿਹੜੇ ਸ਼ੈਤਾਨ ਨਾਲ ਸੰਬੰਧਿਤ ਹਨ। 10 ਉਨ੍ਹਾਂ ਗੱਲਾਂ ਬਾਰੇ ਭੈਭੀਤ ਨਾ ਹੋਵੋ ਜਿਹੜੀਆਂ ਤੁਹਾਡੇ ਨਾਲ ਵਾਪਰਨਗੀਆਂ। ਮੈਂ ਤੁਹਾਨੂੰ ਦੱਸਦਾ ਹਾਂ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਕੈਦ ਵਿੱਚ ਭੇਜ ਦੇਵੇਗਾ। ਉਹ ਅਜਿਹਾ ਤੁਹਾਡੀ ਪਰੱਖ ਕਰਨ ਦੇ ਉਦੇਸ਼ ਨਾਲ ਕਰੇਗਾ। ਤੁਹਾਨੂੰ ਦਸਾਂ ਦਿਨਾਂ ਲਈ ਤਸੀਹੇ ਝੱਲਣੇ ਪੈਣਗੇ। ਪਰ ਭਾਵੇਂ ਤੁਹਾਨੂੰ ਮਰਨਾ ਪਵੇ, ਤਾਂ ਵੀ ਵਫ਼ਾਦਾਰ ਰਹੋ। ਜੇ ਤੁਸੀਂ ਵਫ਼ਾਦਾਰ ਬਣੇ ਰਹੋਂਗੇ ਤਾਂ ਮੈਂ ਤੁਹਾਨੂੰ ਜੀਵਨ ਦਾ ਤਾਜ ਬਖਸ਼ਾਂਗਾ।
11 “ਹਰ ਵਿਅਕਤੀ ਨੂੰ ਜੋ ਇਹ ਸੁਣਦਾ ਹੈ ਉਸ ਨੂੰ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹੜਾ ਵਿਅਕਤੀ ਜਿੱਤਦਾ ਹੈ, ਉਸ ਨੂੰ ਦੂਸਰੀ ਮੌਤ ਸੱਟ ਨਹੀਂ ਪਹੁੰਚਾਵੇਗੀ।
ਪਰਗਮੁਮ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ
12 “ਪਰਗਮੁਮ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਸਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ।
13 “ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ। ਤੁਸੀਂ ਉੱਥੇ ਰਹਿੰਦੇ ਹੋ ਜਿੱਥੇ ਸ਼ੈਤਾਨ ਦਾ ਆਪਣਾ ਤਖਤ ਹੈ, ਪਰ ਤੁਸੀਂ ਮੇਰੇ ਪ੍ਰਤੀ ਵਫ਼ਾਦਾਰ ਗਵਾਹ ਹੋ। ਅੰਤਿਪਾਸ ਦੇ ਸਮੇਂ ਵੀ ਤੁਸੀਂ ਉਸ ਨਿਹਚਾ ਬਾਰੇ ਦੱਸਣ ਤੋਂ ਇਨਕਾਰ ਨਹੀਂ ਕੀਤਾ ਸੀ ਜੋ ਤੁਹਾਨੂੰ ਮੇਰੇ ਵਿੱਚ ਹੈ। ਅੰਤਿਪਾਸ ਮੇਰਾ ਵਫ਼ਾਦਾਰ ਗਵਾਹ ਸੀ ਜਿਹੜਾ ਤੁਹਾਡੇ ਸ਼ਹਿਰ ਵਿੱਚ ਮਾਰਿਆ ਗਿਆ ਸੀ। ਉੱਥੇ ਤੁਹਾਡਾ ਸ਼ਹਿਰ ਹੈ ਜਿੱਥੇ ਸ਼ੈਤਾਨ ਰਹਿੰਦਾ ਹੈ।
14 “ਪਰ ਮੇਰੇ ਕੋਲ ਤੁਹਾਡੇ ਵਿਰੁੱਧ ਕੁਝ ਸ਼ਿਕਾਇਤਾਂ ਹਨ; ਤੁਹਾਡੇ ਸਮੂਹ ਵਿੱਚ ਕੁਝ ਲੋਕ ਹਨ ਜਿਹੜੇ ਬਿਲਆਮ ਦੇ ਉਪਦੇਸ਼ ਅਨੁਸਾਰ ਅਮਲ ਕਰਦੇ ਹਨ। ਬਿਲਆਮ ਨੇ ਬਾਲਾਕ ਨੂੰ ਸਿੱਖਾਇਆ ਕਿ ਕਿਵੇਂ ਮੂਰਤਾਂ ਨੂੰ ਭੇਂਟ ਭੋਜਨ ਖਾਕੇ ਅਤੇ ਹਰਾਮਕਾਰੀਆਂ ਕਰਕੇ ਇਸਰਾਏਲੀਆਂ ਨੂੰ ਕਿਵੇਂ ਉਕਸਾਵੇ। 15 ਤੁਹਾਡੇ ਸਮੂਹ ਦੇ ਲੋਕਾਂ ਨਾਲ ਵੀ ਇਵੇਂ ਹੀ ਹੈ। ਤੁਹਾਡੇ ਦਰਮਿਆਨ ਕੁਝ ਲੋਕ ਹਨ ਜਿਹੜੇ ਨਿਕੁਲਾਈਆਂ ਦੇ ਉਪਦੇਸ਼ ਦਾ ਅਨੁਸਰਣ ਕਰਦੇ ਹਨ। 16 ਇਸੇ ਲਈ ਆਪਣੇ ਦਿਲਾਂ ਨੂੰ ਬਦਲੋ। ਜੇਕਰ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ, ਮੈਂ ਅਚਾਨਕ ਤੁਹਾਡੇ ਕੋਲ ਆਵਾਂਗਾ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਮੇਰੇ ਮੁੱਖ ਵਿੱਚੋਂ ਨਿਕਲਦੀ ਤਲਵਾਰ ਨਾਲ ਲੜਾਂਗਾ।
17 “ਹਰ ਕੋਈ ਜਿਹੜਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾ ਨੂੰ ਆਖਦਾ ਹੈ।
“ਪਰ ਜਿੱਤਣ ਵਾਲੇ ਵਿਅਕਤੀ ਨੂੰ ਮੈਂ ਢੁੱਕਵਾਂ ਮੰਨ [b] ਦਿਆਂਗਾ। ਇਸ ਪੱਥਰ ਉੱਤੇ ਇੱਕ ਨਵਾਂ ਨਾਮ ਨਾਲ ਲਿਖਿਆ ਹੋਇਆ ਹੈ। ਕੋਈ ਵੀ ਵਿਅਕਤੀ ਇਸ ਨਵੇਂ ਨਾਮ ਬਾਰੇ ਨਹੀਂ ਜਾਣਦਾ। ਉਹੀ ਵਿਅਕਤੀ ਜਿਹੜਾ ਇਸ ਪੱਥਰ ਨੂੰ ਪ੍ਰਾਪਤ ਕਰੇਗਾ, ਇਸ ਨਵੇਂ ਨਾਮ ਬਾਰੇ ਜਾਣੇਗਾ।
ਥੂਆਤੀਰੇ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ
18 “ਥੂਆਤੀਰੇ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਪਰਮੇਸ਼ੁਰ ਦਾ ਪੁੱਤਰ ਇਹ ਗੱਲਾਂ ਦੱਸ ਰਿਹਾ ਹੈ। ਉਹੀ ਹੈ ਜਿਸ ਕੋਲ ਉਹ ਅੱਖਾਂ ਹਨ ਜਿਹੜੀਆਂ ਅੱਗ ਵਾਂਗ ਚਮਕ ਰਹੀਆਂ ਹਨ ਅਤੇ ਪੈਰ ਜਿਹੜੇ ਤਾਂਬੇ ਵਾਂਗ ਚਮਕ ਰਹੇ ਹਨ। ਉਹ ਤੁਹਾਨੂੰ ਇਹ ਆਖਦਾ ਹੈ:
19 “ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਰਦੇ ਹੋ। ਮੈਂ ਤੁਹਾਡੇ ਪਿਆਰ, ਨਿਹਚਾ, ਸੇਵਾ, ਅਤੇ ਸਬਰ ਬਾਰੇ ਜਾਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਹੁਣ ਤੁਸੀਂ ਪਹਿਲਾਂ ਨਾਲੋਂ ਵੱਧੇਰੇ ਗੱਲਾਂ ਕਰ ਰਹੇ ਹੋ। 20 ਪਰ ਤੁਹਾਡੇ ਖਿਲਾਫ਼ ਮੇਰੀ ਇੱਕ ਸ਼ਿਕਾਇਤ ਹੈ; ਤੁਸੀਂ ਈਜ਼ਬਲ ਨਾਮੇਂ ਉਸ ਔਰਤ ਨੂੰ ਉਹੀ ਕਰਦੇ ਰਹੇ ਹੋ ਜੋ ਵੀ ਉਸ ਨੂੰ ਕਰਨਾ ਪਸੰਦ ਹੈ। ਉਹ ਆਖਦੀ ਹੈ ਕਿ ਉਹ ਇੱਕ ਨਬੀਆ ਹੈ ਪਰ ਉਹ ਆਪਣੇ ਉਪਦੇਸ਼ਾਂ ਨਾਲ ਮੇਰੇ ਲੋਕਾਂ ਨੂੰ ਕੁਰਾਹੇ ਪਾ ਰਹੀ ਹੈ। ਉਹ ਮੇਰੇ ਲੋਕਾਂ ਨੂੰ ਜਿਨਸੀ ਪਾਪ ਕਰਨ ਲਈ ਅਤੇ ਮੂਰਤੀਆਂ ਨੂੰ ਭੇਂਟ ਭੋਜਨ ਖਾਣ ਲਈ ਪ੍ਰੇਰ ਰਹੀ ਹੈ। 21 ਮੈਂ ਉਸ ਨੂੰ ਆਪਣਾ ਦਿਲ ਬਦਲਣ ਲਈ ਅਤੇ ਗੁਨਾਹ ਤੋਂ ਹਟਣ ਲਈ ਸਮਾਂ ਦਿੱਤਾ ਹੈ ਪਰ ਉਹ ਬਦਲਨਾ ਨਹੀਂ ਚਾਹੁੰਦੀ।
22 “ਇਸ ਲਈ ਮੈਂ ਉਸ ਨੂੰ ਤਸੀਹਿਆਂ ਦੇ ਬਿਸਤਰੇ ਉੱਤੇ ਸੁੱਟ ਦਿਆਂਗਾ। ਉਹ ਸਾੜੇ ਲੋਕ ਜਿਹੜੇ ਉਸ ਨਾਲ ਜਿਨਸੀ ਪਾਪ ਕਰਦੇ ਹਨ ਗੰਭੀਰ ਦੁੱਖ ਭੋਗਣਗੇ, ਜੇ ਉਹ ਉਨ੍ਹਾਂ ਉਪਦੇਸ਼ਾਂ ਤੋਂ ਨਹੀਂ ਮੁੜਨਗੇ ਜਿਹੜੇ ਉਹ ਦਿੰਦੀ ਹੈ। 23 ਮੈਂ ਉਸ ਦੇ ਅਨੁਯਾਈਆਂ ਨੂੰ ਵੀ ਮਾਰ ਦੇਵਾਂਗਾ। ਫ਼ੇਰ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਕਿ ਇਹ ਮੈਂ ਹਾਂ ਜੋ ਜਾਣਦਾ ਕਿ ਲੋਕ ਕਿਵੇਂ ਸੋਚਦੇ ਅਤੇ ਮਹਿਸੂਸ ਕਰਦੇ ਹਨ। ਅਤੇ ਮੈਂ ਤੁਹਾਡੇ ਵਿੱਚ ਹਰੇਕ ਨੂੰ ਤੁਹਾਡੀਆਂ ਕਰਨੀਆਂ ਅਨੁਸਾਰ ਦੇਵਾਂਗਾ।
24 “ਪਰ ਤੁਸਾਂ, ਥੂਆਤੀਰੇ ਦੇ ਬਾਕੀ ਲੋਕਾਂ ਨੇ ਉਪਦੇਸ਼ਾਂ ਨੂੰ ਉਲੰਘਿਆ। ਤੁਸੀਂ ਉਹ ਗੱਲਾਂ ਨਹੀਂ ਸਿੱਖੀਆਂ ਜਿਨ੍ਹਾਂ ਨੂੰ ਉਹ ਸ਼ੈਤਾਨ ਡੂੰਘੇ ਰਹੱਸ ਆਖਦੇ ਹਨ। ਤੁਹਾਨੂੰ ਮੈਂ ਇਹ ਆਖਦਾ ਹਾਂ। ਮੈਂ ਤੁਹਾਡੇ ਉੱਪਰ ਕੋਈ ਹੋਰ ਭਾਰ ਨਹੀਂ ਪਾਵਾਂਗਾ। 25 ਪਰ ਮੇਰੇ ਆਉਣ ਤੱਕ, ਉਸੇ ਨੂੰ ਫ਼ੜੀ ਰੱਖੋ ਜੋ ਤੁਹਾਡੇ ਕੋਲ ਹੈ।
26 “ਮੈਂ ਉਸ ਨੂੰ ਹਰੇਕ ਕੌਮਾਂ ਤੇ ਸ਼ਾਸਨ ਕਰਨ ਦਾ ਅਧਿਕਾਰ ਦੇਵਾਂਗਾ ਜੋ ਜਿੱਤਦਾ ਅਤੇ ਅੰਤ ਤੀਕ ਮੇਰੀ ਰਜ਼ਾ ਅਨੁਸਾਰ ਹੀ ਗੱਲਾਂ ਕਰਦਾ ਹੈ।
27 ਉਹ ਉਨ੍ਹਾਂ ਉੱਪਰ ਡੰਡੇ ਨਾਲ ਰਾਜ ਕਰੇਗਾ।
ਉਹ ਉਨ੍ਹਾਂ ਦੇ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ ਕਰ ਦੇਵੇਗਾ।” (A)
28 ਇਹ ਉਹੀ ਸ਼ਕਤੀ ਹੈ ਜਿਹੜੀ ਮੈਂ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ ਹੈ। ਮੈਂ ਉਸ ਵਿਅਕਤੀ ਨੂੰ ਸਵੇਰ ਦਾ ਤਾਰਾ ਵੀ ਦਿਆਂਗਾ। 29 ਹਰ ਕੋਈ ਜਿਹੜਾ ਇਹ ਸੁਣਦਾ ਹੈ ਉਸ ਨੂੰ ਆਤਮਾ ਕਲੀਸਿਯਾਵਾਂ ਨੂੰ ਕੀ ਦੱਸਦਾ ਹੈ ਸੁਣਨਾ ਚਾਹੀਦਾ ਹੈ।
ਯਿਸੂ ਦਾ ਸਾਰਦੀਸ ਦੀ ਕਲੀਸਿਯਾ ਨੂੰ ਪੱਤਰ
3 “ਸਾਰਦੀਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਸ ਕੋਲ ਸੱਤ ਆਤਮੇ ਅਤੇ ਸੱਤ ਤਾਰੇ ਹਨ ਇਹ ਗੱਲਾਂ ਦੱਸ ਰਿਹਾ ਹੈ।
ਲੋਕ ਆਖਦੇ ਹਨ ਕਿ ਤੁਸੀਂ ਜਿਉਂਦੇ ਹੋ। ਪਰ ਅਸਲ ਵਿੱਚ ਤੁਸੀਂ ਮੁਰਦਾ ਹੋ। 2 ਜਾਗੋ। ਆਪਣੇ ਆਪ ਨੂੰ ਉਦੋਂ ਤੱਕ ਤਾਕਤਵਰ ਬਣਾਓ ਜਦੋਂ ਤੱਕ ਤੁਹਾਡੇ ਕੋਲ ਕੁਝ ਹੈ। ਆਪਣੇ ਆਪ ਨੂੰ ਉਸਤੋਂ ਪਹਿਲਾਂ ਤਾਕਤਵਰ ਬਣਾਓ ਜਦੋਂ ਤੱਕ ਉਹ ਜੋ ਤੁਹਾਡੇ ਕੋਲ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। ਮੈਂ ਦੇਖ ਸੱਕਦਾ ਹਾਂ ਕਿ ਜੋ ਗੱਲਾਂ ਤੁਸੀਂ ਕਰ ਰਹੇ ਹੋ ਮੇਰੇ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਕਾਫ਼ੀ ਚੰਗੀਆਂ ਨਹੀਂ ਹਨ। 3 ਜੋ ਕੁਝ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ ਉਸ ਨੂੰ ਯਾਦ ਰੱਖੋ। ਇਸ ਨੂੰ ਚਿੰਬੜੇ ਰਹੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। ਤੁਹਾਨੂੰ ਜਾਗਣਾ ਪਵੇਗਾ ਨਹੀਂ ਤਾਂ ਮੈਂ ਇੱਕ ਚੋਰ ਵਾਂਗ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਹੈਰਾਨ ਕਰ ਦਿਆਂਗਾ ਜਦੋਂ ਮੈਂ ਆ ਜਾਵਾਂਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। 4 ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿੱਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ। 5 ਹਰ ਉਹ ਵਿਅਕਤੀ ਜਿਹੜਾ ਜਿੱਤ ਹਾਸਿਲ ਕਰੇਗਾ ਇਨ੍ਹਾਂ ਲੋਕਾਂ ਵਾਂਗ ਹੀ ਚਿੱਟੇ ਵਸਤਰ ਪਹਿਨੇਗਾ। ਮੈਂ ਉਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚੋਂ ਨਹੀਂ ਕੱਢਾਂਗਾ। ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਨਮੁੱਖ ਆਖਾਂਗਾ ਕਿ ਉਹ ਮੇਰੇ ਨਾਲ ਸੰਬੰਧਿਤ ਹਨ। 6 ਹਰ ਵਿਅਕਤੀ ਜੋ ਸੁਣਦਾ ਹੈ ਉਸ ਨੂੰ ਉਹ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ।
ਯਿਸੂ ਦਾ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਪੱਤਰ
7 “ਫ਼ਿਲਦਲਫ਼ੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਜਿਹੜਾ ਪਵਿੱਤਰ ਅਤੇ ਸੱਚਾ ਹੈ ਇਹ ਦੱਸ ਰਿਹਾ ਹੈ। ਉਸ ਦੇ ਕੋਲ ਦਾਊਦ ਦੀ ਕੁੰਜੀ ਹੈ। ਜਦੋਂ ਉਹ ਕੁਝ ਖੋਲ੍ਹਦਾ ਹੈ, ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸੱਕਦਾ। ਜਦੋਂ ਉਹ ਕੁਝ ਬੰਦ ਕਰਦਾ ਹੈ, ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸੱਕਦਾ। 8 ਮੈਂ ਜਾਣਦਾ ਹਾਂ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਮੈਂ ਤੁਹਾਡੇ ਸਾਹਮਣੇ ਇੱਕ ਖੁਲ੍ਹਾ ਦਰਵਾਜ਼ਾ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬੰਦ ਨਹੀਂ ਕਰ ਸੱਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਕਮਜ਼ੋਰ ਹੋ। ਪਰ ਤੁਸੀਂ ਮੇਰੀ ਸਿੱਖਿਆ ਤੇ ਅਮਲ ਕੀਤਾ ਹੈ। ਤੁਸੀਂ ਮੇਰਾ ਨਾਮ ਲੈਣ ਤੋਂ ਨਹੀਂ ਡਰਦੇ ਸੀ। 9 ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ।
11 “ਮੈਂ ਜਲਦੀ ਹੀ ਆ ਰਿਹਾ ਹਾਂ। ਉਸੇ ਨੂੰ ਫ਼ੜੀ ਰੱਖੋ ਜੋ ਹੁਣ ਤੁਹਾਡੇ ਕੋਲ ਹੈ। ਫ਼ੇਰ ਕੋਈ ਵੀ ਵਿਅਕਤੀ ਤੁਹਾਡਾ ਤਾਜ ਨਹੀਂ ਖੋਹ ਸੱਕੇਗਾ। 12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। 13 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸਦਾ ਹੈ।
ਯਿਸੂ ਦਾ ਲਾਉਦਿਕੀਏ ਦੀ ਕਲੀਸਿਯਾ ਨੂੰ ਪੱਤਰ
14 “ਲਾਉਦਿਕੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਹੜਾ “ਆਮੀਨ” ਹੈ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹੈ। ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਉਹ ਉਨ੍ਹਾਂ ਸਭ ਦੇਸ਼ਾਂ ਦਾ ਹਾਕਮ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ ਹੈ। ਉਹ ਇਹ ਗੱਲਾਂ ਆਖਦਾ ਹੈ।
15 “ਮੈਂ ਤੁਹਾਡੀਆਂ ਕਰਨੀਆਂ ਨੂੰ ਜਾਣਦਾ ਹਾਂ। ਨਾ ਹੀ ਤੁਸੀਂ ਗਰਮ ਹੋ ਤੇ ਨਾ ਹੀ ਠੰਡੇ ਹੋ। ਮੈਂ ਇੱਛਾ ਕਰਦਾ ਹਾਂ ਕਿ ਜਾਂ ਤਾਂ ਤੁਸੀਂ ਠੰਡੇ ਸੀ ਜਾਂ ਗਰਮ। 16 ਪਰ ਤੁਸੀਂ ਸਿਰਫ਼ ਕੋਸੇ ਹੋ—ਨਾ ਗਰਮ ਨਾ ਸਰਦ। ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਬਾਹਰ ਥੁੱਕਣ ਲਈ ਤਿਆਰ ਹਾਂ। 17 ਤੁਸੀਂ ਆਖਦੇ ਹੋ ਕਿ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਮੀਰ ਬਣ ਗਏ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ ਹੋ। 18 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਪਾਸੋਂ ਸੋਨਾ ਖਰੀਦੋ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ। ਫ਼ੇਰ ਤੁਸੀਂ ਸੱਚਮੁੱਚ ਅਮੀਰ ਹੋ ਸੱਕੋਂਗੇ। ਮੈਂ ਤੁਹਾਨੂੰ ਇਹ ਦੱਸਦਾ ਹਾਂ; ਉਹ ਕੱਪੜੇ ਖਰੀਦੋ ਜਿਹੜੇ ਸਫ਼ੇਦ ਹਨ। ਫ਼ੇਰ ਤੁਸੀਂ ਆਪਣਾ ਬੇਸ਼ਰਮੀ ਭਰਿਆ ਨੰਗ ਢੱਕ ਸੱਕੋਂਗੇ। ਮੈਂ ਤੁਹਾਨੂੰ ਇਹ ਵੀ ਆਖਦਾ ਹਾਂ ਕਿ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁੱਚ ਦੇਖ ਸੱਕੋਂਗੇ।
19 “ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਇਸ ਲਈ ਸਖਤ ਕੋਸ਼ਿਸ਼ ਕਰਨੀ ਅਰੰਭ ਕਰੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। 20 ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ।
21 “ਹਰ ਉਸ ਵਿਅਕਤੀ ਨੂੰ ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਮੈਂ ਆਪਣੇ ਨਾਲ ਤਖਤ ਤੇ ਬਿਠਾਵਾਂਗਾ ਮੇਰੇ ਨਾਲ ਵੀ ਇਵੇਂ ਹੀ ਹੋਇਆ ਸੀ। ਮੈਂ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਨਾਲ ਉਸ ਦੇ ਤਖਤ ਤੇ ਬੈਠ ਗਿਆ। 22 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸ ਰਿਹਾ ਹੈ।”
2010 by World Bible Translation Center