Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
2 ਯੂਹੰਨਾ

ਬਜ਼ੁਰਗ ਵੱਲੋਂ ਸ਼ੁਭਕਾਮਨਾਵਾਂ। ਪਰਮੇਸ਼ੁਰ ਵੱਲੋਂ ਚੁਣੀ ਹੋਈ ਇਸ ਸੁਆਣੀ ਅਤੇ ਉਸ ਦੇ ਬੱਚਿਆਂ ਨੂੰ।

ਮੈਂ ਸੱਚਾਈ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਉਹ ਸਾਰੇ ਲੋਕ ਵੀ ਜਿਹੜੇ ਸੱਚਾਈ ਨੂੰ ਜਾਣਦੇ ਹਨ, ਤੁਹਾਨੂੰ ਪਿਆਰ ਕਰਦੇ ਹਨ। ਅਸੀਂ ਤੁਹਾਨੂੰ ਸੱਚ ਦੇ ਕਾਰਣ ਪਿਆਰ ਕਰਦੇ ਹਾਂ; ਜਿਹੜਾ ਸਾਡੇ ਅੰਦਰ ਵੱਸਦਾ ਹੈ। ਉਹ ਸੱਚ ਸਾਡੇ ਨਾਲ ਹਮੇਸ਼ਾ ਰਹੇਗਾ।

ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵੱਲੋਂ ਕਿਰਪਾ, ਮਿਹਰ ਅਤੇ ਸ਼ਾਂਤੀ ਸਾਡੇ ਨਾਲ ਹੋਵੇਗੀ। ਅਸੀਂ ਇਹ ਅਸੀਸਾਂ ਸੱਚ ਅਤੇ ਪਿਆਰ ਰਾਹੀਂ ਪ੍ਰਾਪਤ ਕਰਦੇ ਹਾਂ।

ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ ਕਿ ਉਹ ਸੱਚ ਦੇ ਰਾਹ ਤੇ ਜਾ ਰਹੇ ਹਨ ਜਿਵੇਂ ਕਿ ਪਿਤਾ ਨੇ ਸਾਨੂੰ ਹੁਕਮ ਦਿੱਤਾ ਸੀ। ਅਤੇ ਹੁਣ ਪਿਆਰੀ ਸੁਆਣੀ ਮੈਂ ਤੈਨੂੰ ਦੱਸਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਕੋਈ ਨਵਾਂ ਹੁਕਮ ਨਹੀਂ ਹੈ। ਇਹ ਓਹੀ ਹੁਕਮ ਹੈ ਜੋ ਸਾਨੂੰ ਸ਼ੁਰੂ ਵਿੱਚ ਮਿਲਿਆ ਸੀ। ਪਿਆਰ ਕਰਨ ਦਾ ਅਰਥ ਪਰਮੇਸ਼ੁਰ ਦੁਆਰਾ ਸਾਨੂੰ ਦਿੱਤੇ ਗਏ ਹੁਕਮ ਅਨੁਸਾਰ ਜਿਉਣਾ ਹੈ। ਪਰਮੇਸ਼ੁਰ ਦਾ ਹੁਕਮ ਇੱਕ ਪਿਆਰ ਦਾ ਜੀਵਨ ਜਿਉਣਾ ਹੈ। ਤੁਸੀਂ ਇਹ ਹੁਕਮ ਸ਼ੁਰੂ ਤੋਂ ਸੁਣਿਆ ਹੈ।

ਹੁਣ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਉਪਦੇਸ਼ਕ ਮੌਜ਼ੂਦ ਹਨ। ਇਹ ਝੂਠੇ ਉਪਦੇਸ਼ਕ ਇਹ ਇਕਰਾਰ ਕਰਨ ਤੋਂ ਇਨਕਾਰ ਕਰਦੇ ਹਨ ਕਿ ਯਿਸੂ ਮਸੀਹ ਧਰਤੀ ਤੇ ਆਇਆ ਅਤੇ ਇੱਕ ਮਨੁੱਖ ਬਣ ਗਿਆ। ਜਿਹੜਾ ਵਿਅਕਤੀ ਇਸ ਸੱਚ ਦਾ ਇਕਰਾਰ ਕਰਨ ਤੋਂ ਇਨਕਾਰ ਕਰਦਾ ਇੱਕ ਝੂਠਾ ਉਪਦੇਸ਼ਕ ਅਤੇ ਮਸੀਹ ਦਾ ਦੁਸ਼ਮਣ ਹੈ। ਹੁਸ਼ਿਆਰ ਰਹੋ। ਉਹ ਇਨਾਮ ਨਾ ਗਵਾਓ ਜਿਸ ਵਾਸਤੇ ਅਸੀਂ ਕੜੀ ਮਿਹਨਤ ਕੀਤੀ ਹੈ, ਤਾਂ ਜੋ ਤੁਹਾਨੂੰ ਪੂਰਾ ਇਨਾਮ ਦਿੱਤਾ ਜਾ ਸੱਕੇ।

ਇੱਕ ਵਿਅਕਤੀ ਨੂੰ ਯਿਸੂ ਮਸੀਹ ਦੇ ਉਪਦੇਸ਼ ਦਾ ਹੀ ਅਨੁਸਰਣ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਨੂੰ ਬਦਲਦਾ ਹੈ ਤਾਂ ਉਸ ਵਿਅਕਤੀ ਦੀ ਪਰਮੇਸ਼ੁਰ ਨਾਲ ਕੋਈ ਸੰਗਤ ਨਹੀਂ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਦਾ ਅਨੁਸਰਣ ਕਰਦਾ ਹੈ, ਤਾਂ ਉਹ ਵਿਅਕਤੀ ਪਿਤਾ ਅਤੇ ਪੁੱਤਰ ਨਾਲ ਦੋਹਾਂ ਸੰਗਤ ਰੱਖਦਾ ਹੈ। 10 ਜੇ ਉਹ ਵਿਅਕਤੀ ਜੋ ਤੁਹਾਡੇ ਕੋਲ ਆਉਂਦਾ ਹੈ, ਇਹ ਉਪਦੇਸ਼ ਨਹੀਂ ਲਿਆਉਂਦਾ, ਉਸ ਨੂੰ ਆਪਣੇ ਘਰ ਅੰਦਰ ਨਾ ਕਬੂਲੋ। ਉਸਦੀ ਆਓਭਗਤ ਨਾ ਕਰੋ 11 ਤੁਸੀਂ ਉਸਦਾ ਸੁਆਗਤ ਕਰਦੇ ਹੋ, ਤਾਂ ਤੁਸੀਂ ਉਸ ਦੇ ਬਦ ਕੰਮਾਂ ਵਿੱਚ ਉਸਦਾ ਸਾਥ ਦੇ ਰਹੇ ਹੋ।

12 ਮੈਂ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਪਰ ਮੈਂ ਸਿਆਹੀ ਅਤੇ ਕਾਗਜ਼ ਨਹੀਂ ਵਰਤਣਾ ਚਾਹੁੰਦਾ। ਪਰ ਮੈਨੂੰ ਤੁਹਾਡੇ ਕੋਲ ਆਉਣ ਅਤੇ ਤੁਹਾਡੇ ਨਾਲ ਆਮ੍ਹੋ-ਸਾਹਮਣੇ ਗੱਲ ਕਰਨ ਦੀ ਆਸ ਹੈ। ਇਸ ਨਾਲ ਸਾਨੂੰ ਬਹੁਤ ਖੁਸ਼ੀ ਮਿਲੇਗੀ। 13 ਪਰਮੇਸ਼ੁਰ ਦੁਆਰਾ ਚੁਣੇ ਗਏ ਤੁਹਾਡੀ ਭੈਣ ਦੇ ਬੱਚੇ ਤੁਹਾਨੂੰ ਆਪਣਾ ਪਿਆਰ ਭੇਜਦੇ ਹਨ।

3 ਯੂਹੰਨਾ

ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭਕਾਮਨਾਵਾਂ, ਜਿਸ ਨੂੰ ਮੈਂ ਸੱਚਾ ਪਿਆਰ ਕਰਦਾ ਹਾਂ।

ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਹਾਡੀ ਆਤਮਕ ਜ਼ਿੰਦਗੀ ਚੰਗੀ ਚੱਲ ਰਹੀ ਹੈ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਵੱਧੀਆ ਹੋਵੇ ਅਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋ। ਕੁਝ ਭਰਾ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਤੁਹਾਡੇ ਜੀਵਨ ਦੀ ਸਚਾਈ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਨਿਰੰਤਰ ਸੱਚ ਦੇ ਮਾਰਗ ਤੇ ਤੁਰ ਰਹੇ ਹੋ। ਇਸ ਨਾਲ ਮੈਨੂੰ ਖੁਸ਼ੀ ਹੋਈ। ਜਦੋਂ ਵੀ ਮੈਂ ਇਹ ਸੁਣਦਾ ਹਾਂ ਕਿ ਮੇਰੇ ਬੱਚੇ ਸੱਚ ਦੇ ਮਾਰਗ ਦਾ ਅਨੁਸਰਣ ਕਰਦੇ ਹਨ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਮੈਨੂੰ ਇਸ ਤੋਂ ਵੱਧ ਹੋਰ ਕੋਈ ਆਨੰਦ ਨਹੀਂ ਹੈ।

ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। ਇਨ੍ਹਾਂ ਭਰਾਵਾਂ ਨੇ ਕਲੀਸਿਯਾ ਨੂੰ ਤੁਹਾਡੇ ਪਿਆਰ ਬਾਰੇ ਦੱਸਿਆ। ਕ੍ਰਿਪਾ ਕਰਕੇ ਉਨ੍ਹਾਂ ਦੀ ਯਾਤਰਾ ਲਈ ਉਨ੍ਹਾਂ ਦੀ ਸਹਾਇਤਾ ਕਰਨੀ ਜਾਰੀ ਰੱਖੋ। ਉਨ੍ਹਾ ਦੀ ਇਸ ਢੰਗ ਨਾਲ ਸਹਾਇਤਾ ਕਰੋ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇ। ਇਹ ਭਰਾ ਮਸੀਹ ਦੀ ਸੇਵਾ ਕਰਨ ਲਈ ਆਪਣੀ ਯਾਤਰਾ ਤੇ ਗਏ। ਉਨ੍ਹਾਂ ਨੇ ਅਵਿਸ਼ਵਾਸੀਆਂ ਪਾਸੋਂ ਕੋਈ ਸਹਾਇਤਾ ਪ੍ਰਵਾਨ ਨਾ ਕੀਤੀ। ਇਸ ਲਈ ਸਾਨੂੰ ਅਜਿਹੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ, ਤਾਂ ਅਸੀਂ ਸੱਚ ਲਈ ਉਨ੍ਹਾਂ ਦੇ ਕਾਰਜ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ।

ਮੈਂ ਕਲੀਸਿਯਾ ਨੂੰ ਖਤ ਲਿਖਿਆ ਸੀ, ਪਰ ਦਿਯੁਤ੍ਰਿਫ਼ੇਸ ਨੇ ਸਾਡੀ ਗੱਲ ਨਹੀਂ ਸੁਣੀ। ਉਹ ਹਮੇਸ਼ਾ ਉਨ੍ਹਾਂ ਦਾ ਆਗੂ ਹੋਣ ਦਾ ਵਿਖਾਵਾ ਕਰਨਾ ਪਸੰਦ ਕਰਦਾ ਹੈ। 10 ਜਦੋਂ ਮੈਂ ਆਵਾਂਗਾ, ਮੈਂ ਦਿਖਾ ਦੇਵਾਂਗਾ ਕਿ ਦਿਯੁਤ੍ਰਿਫ਼ੇਸ ਕੀ ਕਰ ਰਿਹਾ ਹੈ। ਉਹ ਝੂਠ ਬੋਲਦਾ ਹੈ ਅਤੇ ਸਾਡੇ ਬਾਰੇ ਮੰਦਾ ਬੋਲਦਾ ਹੈ। ਸਿਰਫ਼ ਇਹੀ ਹੀ ਨਹੀਂ, ਉਹ ਉਨ੍ਹਾਂ ਭਰਾਵਾਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰਦਾ ਹੈ ਜਿਹੜੇ ਮਸੀਹ ਦੀ ਸੇਵਾ ਲਈ ਯਾਤਰਾ ਕਰਦੇ ਹਨ। ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਜਿਹੜੇ ਉਨ੍ਹਾਂ ਭਰਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਲੀਸਿਯਾ ਛੱਡਣ ਲਈ ਮਜਬੂਰ ਕਰਦਾ ਹੈ।

11 ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।

12 ਹਰ ਕੋਈ ਦੇਮੇਤ੍ਰਿਯੁਸ ਦੀ ਉਸਤਤਿ ਕਰਦਾ ਹੈ। ਸੱਚ ਖੁਦ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਹ ਆਖਦੇ ਹਨ। ਸਾਡੇ ਕੋਲ ਵੀ ਉਸ ਲਈ ਆਖਣ ਲਈ ਚੰਗੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਆਖਦੇ ਹਾਂ, ਸੱਚ ਹੈ।

13 ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ। ਪਰ ਮੈਂ ਕਲਮ ਦਵਾਤ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। 14 ਮੈਂ ਤੁਹਾਨੂੰ ਛੇਤੀ ਹੀ ਵੇਖਣ ਦੀ ਆਸ ਰੱਖਦਾ ਹਾਂ। ਫ਼ੇਰ ਅਸੀਂ ਆਮ੍ਹੋ-ਸਾਹਮਣੇ ਗੱਲ ਕਰ ਸੱਕਦੇ ਹਾਂ। 15 ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮੇਰੇ ਨਾਲ ਦੇ ਇੱਥੋਂ ਦੇ ਮਿੱਤਰ ਤੁਹਾਨੂੰ ਆਪਣਾ ਪਿਆਰ ਦਿੰਦੇ ਹਨ। ਕਿਰਪਾ ਕਰਕੇ ਉੱਥੋਂ ਦੇ ਸਾਡੇ ਸਾਰੇ ਮਿੱਤਰਾਂ ਨੂੰ ਸਾਡਾ ਪਿਆਰ ਸੂਚਤ ਕਰਨਾ।

ਯਹੂਦਾਹ

ਯਹੂਦਾਹ ਵੱਲੋਂ, ਜੋ ਮਸੀਹ ਯਿਸੂ ਦਾ ਸੇਵਕ ਹੈ ਅਤੇ ਯਾਕੂਬ ਦਾ ਭਰਾ ਹੈ, ਉਨ੍ਹਾਂ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਸੱਦਿਆ ਗਿਆ ਹੈ।

ਪਰਮੇਸ਼ੁਰ ਪਿਤਾ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਯਿਸੂ ਮਸੀਹ ਦੇ ਵਿੱਚ ਸੁੱਰੱਖਿਅਤ ਰੱਖਿਆ ਗਿਆ ਹੈ।

ਦਯਾ, ਸ਼ਾਂਤੀ ਅਤੇ ਪਿਆਰ ਵੱਧ ਤੋਂ ਵੱਧ ਤੁਹਾਡਾ ਹੋਵੇ।

ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੰਦੇ ਕੰਮ ਕਰਦੇ ਹਨ

ਪਿਆਰੇ ਮਿੱਤਰੋ, ਮੈਂ ਤੁਹਾਨੂੰ ਉਸ ਮੁਕਤੀ ਬਾਰੇ ਲਿਖਣ ਲਈ ਬਹੁਤ ਉਤਸੁਕ ਹਾਂ ਜਿਹੜੀ ਅਸੀਂ ਸਾਰੇ ਇਕੱਠੇ ਸਾਂਝੀ ਕਰਦੇ ਹਾਂ। ਪਰ ਮੈਂ ਇਸ ਨੂੰ ਜਰੂਰੀ ਸਮਝਿਆ ਕਿ ਤੁਹਾਨੂੰ ਕਿਸੇ ਹੋਰ ਚੀਜ਼ ਬਾਰੇ ਲਿਖਾਂ; ਮੈਂ ਤੁਹਾਨੂੰ ਉਸ ਨਿਹਚਾ ਲਈ, ਜਿਹੜੀ ਉਸ ਨੇ ਆਪਣੇ ਪਵਿੱਤਰ ਲੋਕਾਂ ਨੂੰ ਦਿੱਤੀ ਹੈ, ਸਖਤ ਸੰਘਰਸ਼ ਕਰਨ ਲਈ ਉਤਸਾਹਿਤ ਕਰਨਾ ਚਾਹੁੰਦਾ ਹਾਂ। ਪਰਮੇਸ਼ੁਰ ਨੇ ਇਹ ਨਿਹਚਾ ਇੱਕੋ ਵਾਰੀ ਪ੍ਰਦਾਨ ਕੀਤੀ ਹੈ ਅਤੇ ਇਹ ਸਦਾ ਲਈ ਦਿੱਤੀ ਗਈ ਹੈ। ਕੁਝ ਲੋਕ ਚੋਰੀ ਛਿਪੇ ਤੁਹਾਡੀ ਸੰਗਤ ਵਿੱਚ ਆ ਵੜੇ ਹਨ। ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਆਪਣੇ ਮੰਦੇ ਕਾਰਿਆਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਹੁਤ ਸਮਾਂ ਪਹਿਲਾਂ, ਉਨ੍ਹਾਂ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਗਿਆ ਹੈ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਹਨ। ਉਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਕਿਰਪਾ ਦੀ ਭਰਿਸ਼ਟ ਕਰਨੀਆਂ ਕਰਨ ਲਈ ਕੁਵਰਤੋਂ ਕੀਤੀ ਹੈ। ਇਹ ਲੋਕ ਯਿਸੂ ਮਸੀਹ, ਸਾਡੇ ਇੱਕੋ ਮਾਲਕ ਅਤੇ ਪ੍ਰਭੂ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।

ਮੈਂ ਉਨਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਸਹਾਇਤਾ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੋ; ਯਾਦ ਕਰੋ ਕਿ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਚਾਇਆ ਅਤੇ ਬਾਹਰ ਲਿਆਂਦਾ। ਪਰ ਬਾਅਦ ਵਿੱਚ ਪ੍ਰਭੂ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਨ੍ਹਾਂ ਨੂੰ ਨਿਹਚਾ ਨਹੀਂ ਸੀ। ਇਹ ਵੀ ਚੇਤੇ ਰੱਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰੱਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਉੱਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਆਂ ਕਰਨ ਲਈ ਰੱਖਿਆ ਹੋਇਆ ਹੈ। ਸਦੂਮ ਅਤੇ ਅਮੂਰਾਹ ਦੇ ਸ਼ਹਿਰ ਨੂੰ ਵੀ ਚੇਤੇ ਕਰੋ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਬਾਕੀ ਸ਼ਹਿਰਾਂ ਨੂੰ ਵੀ। ਉਹ ਵੀ ਉਨ੍ਹਾਂ ਦੂਤਾਂ ਵਾਂਗ ਹੀ ਹਨ। ਉਹ ਸ਼ਹਿਰ ਜਿਨਸੀ ਗੁਨਾਹ ਅਤੇ ਹੋਰ ਮੰਦੇ ਕੰਮਾਂ ਨਾਲ ਭਰੇ ਹੋਏ ਸਨ। ਉਹ ਸਦੀਵੀ ਅੱਗ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦੀ ਸਜ਼ਾ ਸਾਡੇ ਲਈ ਇੱਕ ਮਿਸਾਲ ਹੈ।

ਜਿਹੜੇ ਤੁਹਾਡੀ ਸੰਗਤ ਵਿੱਚ ਆਏ ਹਨ ਇਨ੍ਹਾਂ ਬਾਰੇ ਵੀ ਇਵੇਂ ਹੀ ਹੈ। ਉਹ ਸੁਪਨਿਆਂ ਦੇ ਪਿੱਛੇ ਲੱਗੇ ਹੋਏ ਹਨ। ਉਹ ਆਪਣੇ ਆਪ ਨੂੰ ਪਾਪ ਰਾਹੀਂ ਪਲੀਤ ਕਰਦੇ ਹਨ। ਉਹ ਪਰਮੇਸ਼ੁਰ ਦੇ ਅਧਿਕਾਰ ਨੂੰ ਰੱਦ ਕਰਦੇ ਹਨ। ਅਤੇ ਸੁਰਗੀ ਦੂਤਾਂ ਬਾਰੇ ਮੰਦਾ ਬੋਲਦੇ ਹਨ। ਪਰ ਮਹਾਂ ਦੂਤ ਮੀਕਾਏਲ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ। ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਵਿਵਾਦ ਕੀਤਾ ਕਿ ਮੂਸਾ ਦੇ ਸਰੀਰ ਨੂੰ ਕੌਣ ਆਪਣੇ ਕੋਲ ਰੱਖੇਗਾ। ਪਰ ਮੀਕਾਏਲ ਨੇ ਸ਼ੈਤਾਨ ਦੇ ਖਿਲਾਫ਼ ਬਦਨਾਮੀ ਦੇ ਇਲਜ਼ਾਮ ਲਾਉਣ ਦਾ ਹੌਂਸਲਾ ਨਹੀਂ ਕੀਤਾ। ਪਰ ਮੀਕਾਏਲ ਨੇ ਆਖਿਆ, “ਪ੍ਰਭੂ ਤੈਨੂੰ ਸਜ਼ਾ ਦੇਵੇਗਾ।”

10 ਪਰ ਇਹ ਲੋਕ ਉਨ੍ਹਾਂ ਚੀਜ਼ਾਂ ਦੀ ਅਲੋਚਨਾ ਕਰਦੇ ਹਨ ਜਿਨ੍ਹਾਂ ਨੂੰ ਇਹ ਸਮਝਦੇ ਨਹੀਂ ਹਨ। ਉਹ ਸੋਚ ਕੇ ਗੱਲਾਂ ਨੂੰ ਨਹੀਂ ਸਮਝਦੇ, ਸਗੋਂ ਕੁਦਰਤੀ ਪ੍ਰਵਿੱਤੀ ਦੁਆਰਾ ਪਸ਼ੂਆਂ ਵਾਂਗ ਜੋ ਸੋਚ ਨਹੀਂ ਸੱਕਦੇ। ਇਹੀ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਤਬਾਹ ਕਰ ਦਿੰਦੀਆਂ ਹਨ। 11 ਇਹ ਇਨ੍ਹਾਂ ਲਈ ਬੁਰਾ ਹੋਵੇਗਾ। ਇਨ੍ਹਾਂ ਲੋਕਾਂ ਨੇ ਉਹੀ ਰਾਹ ਚੁਣਿਆ ਹੈ ਜਿਸ ਉੱਤੇ ਕਇਨ ਚੱਲਿਆ ਸੀ। ਪੈਸਾ ਕਮਾਉਣ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਉਸੇ ਰਾਹ ਪਾ ਲਿਆ ਹੈ ਜਿਸ ਰਾਹ ਬਿਲਆਮ ਪਿਆ ਸੀ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਕੋਰਾਹ ਵਾਂਗ ਲੜੇ ਹਨ ਅਤੇ ਕੋਰਾਹ ਵਾਂਗ ਤਬਾਹ ਹੋ ਜਾਣਗੇ।

12 ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰੱਖਦੇ ਹਨ। ਉਹ ਬਿਨ ਵਰੱਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸੱਖਣੇ ਬਿਰੱਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੋਹਰੀ ਮੌਤ ਮਰਦੇ ਹਨ। 13 ਉਹ ਸਮੁੰਦਰ ਦੀਆਂ ਤੁਫ਼ਾਨੀ ਲਹਿਰਾਂ ਵਾਂਗ ਹਨ। ਜਿਹੜੀਆਂ ਝੱਗ ਬਣਾਉਂਦੀਆਂ ਹਨ। ਉਹ ਲੋਕ ਉਸੇ ਤਰ੍ਹਾਂ ਸ਼ਰਮਸਾਰੀ ਵਾਲੀਆਂ ਗੱਲਾਂ ਕਰਦੇ ਹਨ ਜਿਵੇਂ ਲਹਿਰਾਂ ਝੱਗ ਬਣਾਉਂਦੀਆਂ ਹਨ। ਇਹ ਲੋਕ ਉਨ੍ਹਾਂ ਤਾਰਿਆਂ ਵਰਗੇ ਹਨ ਜਿਹੜੇ ਅਕਾਸ਼ ਵਿੱਚ ਘੁੰਮਦੇ ਹਨ। ਘੋਰ ਅੰਧਕਾਰ ਵਿੱਚ ਇਨ੍ਹਾਂ ਲੋਕਾਂ ਲਈ ਇੱਕ ਜਗ਼੍ਹਾ ਰੱਖੀ ਗਈ ਹੈ।

14 ਆਦਮ ਦੀ ਸੱਤਵੀਂ ਔਲਾਦ ਹਨੋਕ ਨੇ, ਉਨ੍ਹਾਂ ਬਾਰੇ ਆਖਿਆ, “ਦੇਖੋ, ਪ੍ਰਭੂ ਆਪਣੇ ਹਜ਼ਾਰਾਂ ਅਤੇ ਹਜ਼ਾਰਾਂ ਪਵਿੱਤਰ ਦੂਤਾਂ ਨਾਲ ਆ ਰਿਹਾ ਹੈ। 15 ਪ੍ਰਭੂ ਹਰ ਵਿਅਕਤੀ ਦਾ ਨਿਆਂ ਕਰੇਗਾ। ਪ੍ਰਭੂ ਉਨ੍ਹਾਂ ਸਾਰੇ ਲੋਕਾਂ ਦਾ, ਉਸ ਦੇ ਖਿਲਾਫ਼ ਕੀਤੀਆਂ ਉਨ੍ਹਾਂ ਸਾਰੀਆਂ ਦੁਸ਼ਟ ਗੱਲਾਂ ਲਈ, ਨਿਆਂ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਇਨ੍ਹਾਂ ਪਾਪੀਆਂ ਨੂੰ ਜੋ ਉਸ ਦੇ ਖਿਲਾਫ਼ ਹਨ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਨੇ ਉਸ ਦੇ ਖਿਲਾਫ਼ ਕੀਤੀਆਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਉਸ ਦੇ ਖਿਲਾਫ਼ ਆਖੀਆਂ, ਸਜ਼ਾ ਦੇਵੇਗਾ।”

16 ਇਹ ਲੋਕ ਹਮੇਸ਼ਾ ਹੋਰਨਾਂ ਲੋਕਾਂ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਨੁਕਸ ਕੱਢਦੇ ਰਹਿੰਦੇ ਹਨ। ਉਹ ਹਮੇਸ਼ਾ ਉਹੀ ਬੁਰੀਆਂ ਗੱਲਾਂ ਕਰਦੇ ਹਨ ਜੋ ਉਹ ਚਾਹੁੰਦੇ ਹਨ। ਉਹ ਆਪਣੇ-ਆਪ ਬਾਰੇ ਸ਼ੇਖੀ ਮਾਰਦੇ ਹਨ। ਉਨ੍ਹਾਂ ਦਾ ਲੋਕਾਂ ਦੀ ਤਾਰੀਫ਼ ਕਰਨ ਦਾ ਕੇਵਲ ਇੱਕ ਕਾਰਣ ਹੁੰਦਾ ਹੈ, ਆਪਣੀ ਮਨ ਇਛਿੱਤ ਵਸਤੂ ਨੂੰ ਪ੍ਰਾਪਤ ਕਰਨਾ।

ਇੱਕ ਚੇਤਾਵਨੀ ਅਤੇ ਕਰਨ ਵਾਲੀਆਂ ਗੱਲਾਂ

17 ਪਿਆਰੇ ਮਿੱਤਰੋ ਜੋ ਕੁਝ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਆਖਿਆ ਹੈ ਉਸ ਨੂੰ ਚੇਤੇ ਰੱਖੋ। 18 ਉਨ੍ਹਾਂ ਨੇ ਤੁਹਾਨੂੰ ਕਿਹਾ, “ਆਖਰੀ ਸਮਿਆਂ ਵਿੱਚ, ਕੁਝ ਲੋਕ ਅਜਿਹੇ ਹੋਣਗੇ ਜਿਹੜੇ ਪਰਮੇਸ਼ੁਰ ਦਾ ਮਜ਼ਾਕ ਉਡਾਉਣਗੇ। ਇਹ ਲੋਕ ਮਨ-ਮਾਨੀਆਂ ਕਰਦੇ ਹਨ ਉਹ ਗੱਲਾਂ ਕਰਦੇ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ।” 19 ਇਹੀ ਲੋਕ ਹਨ ਜਿਹੜੇ ਤੁਹਾਡੇ ਵਿੱਚ ਫ਼ੁੱਟ ਪਾਉਂਦੇ ਹਨ। ਇਹ ਲੋਕ ਆਪਣੇ ਪਾਪੀ ਆਪੇ ਦੀ ਇੱਛਾ ਅਨੁਸਾਰ ਹੀ ਕਰਦੇ ਹਨ। ਉਨ੍ਹਾਂ ਕੋਲ ਆਤਮਾ ਨਹੀਂ ਹੈ।

20 ਪਰ ਪਿਆਰੇ ਮਿੱਤਰੋ, ਤੁਸੀਂ ਉਸ ਅੱਤ ਪਵਿੱਤਰ ਨਿਹਚਾ ਦੀ ਵਰਤੋਂ ਕਰੋ ਜੋ ਤੁਸੀਂ ਆਪਣੇ ਆਪ ਨੂੰ ਤਾਕਤਵਰ ਬਨਾਉਣ ਲਈ ਪ੍ਰਾਪਤ ਕੀਤੀ ਹੈ। ਪਵਿੱਤਰ ਆਤਮਾ ਨਾਲ ਪ੍ਰਾਰਥਨਾ ਕਰੋ। 21 ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿੱਚ ਸਥਿਰ ਰੱਖੋ। ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਰ ਕਰੋ ਜੋ ਤੁਹਾਨੂੰ ਆਪਣੀ ਦਯਾ ਵਿਖਾਵੇਗਾ ਅਤੇ ਤੁਹਾਨੂੰ ਸਦੀਪਕ ਜੀਵਨ ਦੇਵੇਗਾ।

22 ਉਨ੍ਹਾਂ ਲੋਕਾਂ ਦੀ ਸਹਾਇਤਾ ਕਰੋ ਜਿਹੜੇ ਅਨਿਸ਼ਚਤਤਾ ਵਿੱਚ ਘਿਰੇ ਹੋਏ ਹਨ। 23 ਤੁਹਾਨੂੰ ਕੁਝ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਤੁਸੀਂ ਇਨ੍ਹਾਂ ਨੂੰ ਅੱਗ ਵਿੱਚੋਂ ਬਾਹਰ ਕੱਢ ਰਹੇ ਹੋਵੋਂਗੇ। ਪਰ ਤੁਹਾਨੂੰ ਉਦੋਂ ਸਾਵੱਧਾਨ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਹੋਰਨਾਂ ਲੋਕਾਂ ਦੀ ਸਹਾਇਤਾ ਕਰਦੇ ਹੋਵੋਂਗੇ। ਉਨ੍ਹਾਂ ਦੇ ਕੱਪੜਿਆਂ ਨੂੰ ਵੀ ਨਫ਼ਰਤ ਕਰੋ ਜੋ ਕਿ ਉਨ੍ਹਾਂ ਦੀਆਂ ਭ੍ਰਸ਼ਟ ਕਰਨੀਆਂ ਦੁਆਰਾ ਗੰਦੇ ਹਨ।

ਪਰਮੇਸ਼ੁਰ ਦੀ ਵਡਿਆਈ ਕਰੋ

24 ਪਰਮੇਸ਼ੁਰ ਸ਼ਕਤੀਸ਼ਾਲੀ ਹੈ ਅਤੇ ਉਹ ਡਿੱਗਣ ਤੋਂ ਤੁਹਾਡੀ ਰੱਖਿਆ ਕਰ ਸੱਕਦਾ ਹੈ। ਉਹ ਤੁਹਾਨੂੰ ਬਿਨਾ ਕਿਸੇ ਬੁਰਾਈ ਦੇ ਆਪਣੀ ਮਹਿਮਾ ਦੇ ਸਨਮੁੱਖ ਲਿਆ ਸੱਕਦਾ ਹੈ ਅਤੇ ਤੁਹਾਨੂੰ ਵੱਡੀ ਖੁਸ਼ੀ ਪ੍ਰਦਾਨ ਕਰੇਗਾ। 25 ਕੇਵਲ ਉਹ ਹੀ ਪਰਮੇਸ਼ੁਰ ਹੈ। ਉਹੀ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਭੂਤਕਾਲ, ਵਰਤਮਾਨ ਅਤੇ ਸਦੀਵੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।

Punjabi Bible: Easy-to-Read Version (ERV-PA)

2010 by World Bible Translation Center