Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਇਬਰਾਨੀਆਂ ਨੂੰ 11-13

ਨਿਹਚਾ

11 ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸੱਕਦੇ ਕਿ ਉਹ ਸੱਚ ਹਨ। ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਖੁਸ਼ ਸੀ ਜਿਹੜੇ ਅਤੀਤ ਵਿੱਚ ਰਹੇ ਕਿਉਂਕਿ ਉਨ੍ਹਾਂ ਨੇ ਇਸ ਰਾਹ ਤੇ ਨਿਹਚਾ ਕੀਤੀ।

ਨਿਹਚਾ ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਆਦੇਸ਼ ਨਾਲ ਸਾਰੀ ਦੁਨੀਆਂ ਨੂੰ ਸਾਜਿਆ ਸੀ। ਇਸਦਾ ਇਹ ਅਰਥ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਉਨ੍ਹਾਂ ਚੀਜ਼ਾਂ ਤੋਂ ਬਾਹਰ ਬਣਾਈਆਂ ਗਈਆਂ ਸਨ ਜਿਸ ਨੂੰ ਦੇਖਿਆ ਨਹੀਂ ਜਾ ਸੱਕਦਾ।

ਕਇਨ ਅਤੇ ਹਾਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਸਨ। ਪਰ ਹਾਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜ੍ਹਾਈ ਸੀ ਕਿਉਂਕਿ ਉਸ ਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਹਾਬਲ ਦੀਆਂ ਚੜ੍ਹਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਹਾਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸ ਨੂੰ ਨਿਹਚਾ ਸੀ। ਹਾਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ।

ਹਨੋਕ ਨੂੰ ਇਸ ਧਰਤੀ ਤੋਂ ਉੱਠਾ ਲਿਆ ਗਿਆ। ਉਹ ਕਦੇ ਨਹੀਂ ਮਰਿਆ ਪੋਥੀ ਆਖਦੀ ਹੈ ਕਿ ਹਨੋਕ ਨੂੰ ਉੱਠਾਏ ਜਾਣ ਤੋਂ ਪਹਿਲਾਂ, ਉਹ ਸੱਚੀ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਕੇ ਜਿਉਂਇਆ। ਬਾਦ ਵਿੱਚ, ਲੋਕ ਹਨੋਕ ਨੂੰ ਨਹੀਂ ਲੱਭ ਸੱਕੇ, ਕਿਉਂਕਿ ਪਰਮੇਸ਼ੁਰ ਨੇ ਹਨੋਕ ਨੂੰ ਸਵਰਗ ਵਿੱਚ ਹੋਣ ਲਈ ਉੱਠਾਇਆ। ਹਨੋਕ ਨਾਲ ਅਜਿਹਾ ਵਾਪਰਿਆ ਕਿਉਂਕਿ ਉਹ ਨਿਹਚਾਵਾਨ ਸੀ। ਨਿਹਚਾ ਤੋਂ ਬਗੈਰ ਕੋਈ ਵਿਅਕਤੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦਾ। ਜਿਹੜਾ ਵਿਅਕਤੀ ਪਰਮੇਸ਼ੁਰ ਵੱਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਹੋਵੇਗੀ ਕਿ ਪਰਮੇਸ਼ੁਰ ਵਾਸਤਵਿਕ ਹੈ। ਅਤੇ ਜਿਹੜਾ ਵਿਅਕਤੀ ਪਰਮੇਸ਼ੁਰ ਕੋਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਪਵੇਗੀ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਫ਼ਲ ਦਿੰਦਾ ਹੈ ਜਿਹੜੇ ਉਸ ਨੂੰ ਸੱਚਮੁੱਚ ਲੱਭਣਾ ਚਾਹੁੰਦੇ ਹਨ।

ਨੂਹ ਨੂੰ ਪਰਮੇਸ਼ੁਰ ਵੱਲੋਂ ਉਨ੍ਹਾਂ ਚੀਜ਼ਾਂ ਬਾਰੇ ਚਿਤਾਵਨੀ ਦਿੱਤੀ ਗਈ ਸੀ ਜਿਨ੍ਹਾਂ ਨੂੰ ਉਹ ਹਾਲੇ ਨਹੀਂ ਦੇਖ ਸੱਕਿਆ ਸੀ। ਪਰ ਨੂਹ ਦੇ ਦਿਲ ਵਿੱਚ ਪਰਮੇਸ਼ੁਰ ਲਈ ਨਿਹਚਾ ਅਤੇ ਆਦਰ ਸੀ। ਇਸ ਲਈ ਨੂਹ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਵੱਡੀ ਕਿਸ਼ਤੀ ਬਣਾਈ। ਆਪਣੀ ਨਿਹਚਾ ਰਾਹੀਂ ਨੂਹ ਨੇ ਦਰਸਾਇਆ ਕਿ ਦੁਨੀਆਂ ਗਲਤ ਸੀ। ਅਤੇ ਨੂਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੂੰ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਸੀ।

ਪਰਮੇਸ਼ੁਰ ਨੇ ਅਬਰਾਹਾਮ ਨੂੰ ਬੁਲਾਇਆ ਕਿ ਉਹ ਦੂਸਰੇ ਸਥਾਨ ਦੀ ਯਾਤਰਾ ਕਰੇ ਜਿਸ ਬਾਰੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੇਣ ਲਈ ਵਾਇਦਾ ਕੀਤਾ ਸੀ। ਅਬਰਾਹਾਮ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਸਥਾਨ ਕਿੱਥੇ ਹੈ। ਪਰ ਅਬਰਾਹਾਮ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਸਫ਼ਰ ਸ਼ੁਰੂ ਕਰ ਦਿੱਤਾ ਕਿਉਂਕਿ ਅਬਰਾਹਾਮ ਨੂੰ ਨਿਹਚਾ ਸੀ। ਅਬਰਾਹਾਮ ਉਸ ਦੇਸ਼ ਵਿੱਚ ਰਹਿਣ ਲੱਗਾ ਜਿਸਦਾ ਪਰਮੇਸ਼ੁਰ ਨੇ ਉਸ ਨੂੰ ਦੇਣ ਲਈ ਵਾਇਦਾ ਕੀਤਾ ਸੀ। ਅਬਰਾਹਾਮ ਉਸ ਜਗ਼੍ਹਾ ਇੱਕ ਯਾਤਰੀ ਵਾਂਗ ਰਿਹਾ ਜਿੱਥੇ ਦਾ ਉਹ ਨਹੀਂ ਸੀ। ਉਸ ਨੇ ਅਜਿਹਾ ਆਪਣੀ ਨਿਹਚਾ ਕਾਰਣ ਕੀਤਾ। ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿੱਚ ਰਿਹਾ ਜਿਨ੍ਹਾਂ ਨੇ ਵੀ ਪਰਮੇਸ਼ੁਰ ਕੋਲੋਂ ਉਹੀ ਵਾਇਦਾ ਪ੍ਰਾਪਤ ਕੀਤਾ ਸੀ। 10 ਅਬਰਾਹਾਮ ਉਸ ਸ਼ਹਿਰ ਦਾ ਇੰਤਜ਼ਾਰ ਕਰ ਰਿਹਾ ਸੀ ਜਿਸਦੀ ਬੁਨਿਆਦ ਵਾਸਤਵਿਕ ਹੈ। ਉਹ ਉਸ ਸ਼ਹਿਰ ਲਈ ਇੰਤਜ਼ਾਰ ਕਰ ਰਿਹਾ ਸੀ ਜਿਸਦਾ ਪਰਮੇਸ਼ੁਰ ਨੇ ਨਮੂਨਾ ਤਿਆਰ ਕੀਤਾ ਸੀ ਅਤੇ ਉਸਾਰਿਆ ਸੀ।

11 ਅਬਰਾਹਾਮ ਬੱਚਾ ਪ੍ਰਾਪਤ ਕਰਨ ਲਈ ਬਹੁਤ ਬਿਰਧ ਹੋ ਚੁੱਕਿਆ ਸੀ। ਸਾਰਾਹ ਵੀ ਬੱਚੇ ਦੇ ਕਾਬਿਲ ਨਹੀਂ ਸੀ। ਪਰ ਅਬਰਾਹਾਮ ਨੂੰ ਪਰਮੇਸ਼ੁਰ ਵਿੱਚ ਨਿਹਚਾ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਔਲਾਦ ਪੈਦਾ ਕਰਨ ਦੇ ਯੋਗ ਬਣਾਇਆ। ਇਹ ਇਸ ਲਈ ਹੋਇਆ ਕਿਉਂਕਿ ਅਬਰਾਹਾਮ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਹ ਕਰ ਸੱਕਦਾ ਹੈ ਜਿਸਦਾ ਉਸ ਨੇ ਵਾਇਦਾ ਕੀਤਾ ਸੀ। 12 ਇਹ ਆਦਮੀ ਇੰਨਾ ਬਿਰਧ ਸੀ ਕਿ ਉਹ ਮਰਨ ਕੰਢੇ ਸੀ। ਪਰ ਉਸ ਇੱਕ ਆਦਮੀ ਤੋਂ ਇੰਨੇ ਲੋਕ ਆਏ, ਜਿੰਨੇ ਕਿ ਅਕਾਸ਼ ਵਿੱਚ ਅਣਗਿਣਤ ਤਾਰੇ ਹਨ ਅਤੇ ਸਮੁੰਦਰ ਦੇ ਕੰਢੇ ਰੇਤ ਦੇ ਕਣ ਹਨ।

13 ਉਹ ਸਾਰੇ ਮਹਾਨ ਲੋਕ ਮੌਤ ਤੱਕ ਨਿਹਚਾ ਨਾਲ ਜਿਉਂਦੇ ਰਹੇ। ਉਨ੍ਹਾਂ ਲੋਕਾਂ ਨੇ ਉਹ ਚੀਜ਼ਾਂ ਪਾਈਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਉਨ੍ਹਾਂ ਲਈ ਵਾਇਦਾ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਚੀਜ਼ਾਂ ਨੂੰ ਦੂਰ ਭਵਿੱਖ ਵਿੱਚ ਦੇਖਿਆ ਅਤੇ ਉਹ ਖੁਸ਼ ਸਨ। ਉਨ੍ਹਾਂ ਲੋਕਾਂ ਨੇ ਕਬੂਲਿਆ ਕਿ ਉਹ ਧਰਤੀ ਉੱਤੇ ਅਜਨਬੀ ਅਤੇ ਯਾਤਰੀ ਸਨ। 14 ਜਦੋਂ ਲੋਕ ਕੁਝ ਅਜਿਹਾ ਪ੍ਰਵਾਨ ਕਰ ਲੈਂਦੇ ਹਨ ਤਾਂ ਉਹ ਲੋਕ ਦਰਸ਼ਾਉਂਦੇ ਹਨ ਕੋ ਉਹ ਇੱਕ ਅਜਿਹੇ ਦੇਸ਼ ਦਾ ਇੰਤਜ਼ਾਰ ਕਰ ਰਹੇ ਹਨ ਜਿਹੜਾ ਉਨ੍ਹਾਂ ਦਾ ਆਪਣਾ ਹੋਵੇਗਾ। 15 ਜੇ ਉਹ ਲੋਕ ਉਸ ਦੇਸ਼ ਬਾਰੇ ਹੀ ਸੋਚ ਰਹੇ ਹੁੰਦੇ ਜਿਹੜਾ ਉਨ੍ਹਾਂ ਨੇ ਛੱਡ ਦਿੱਤਾ ਸੀ, ਤਾਂ ਫ਼ੇਰ ਉਨ੍ਹਾਂ ਕੋਲ ਉੱਥੇ ਵਾਪਸ ਜਾਣ ਦਾ ਵੇਲਾ ਸੀ। 16 ਪਰ ਉਹ ਲੋਕ ਇੱਕ ਬਿਹਤਰ ਦੇਸ਼ ਦਾ ਇੰਤਜ਼ਾਰ ਕਰ ਰਹੇ ਸਨ – ਕਿਸੇ ਸਵਰਗੀ ਦੇਸ਼ ਦਾ। ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਪਰਮੇਸ਼ੁਰ ਅਖਵਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ। ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ।

17-18 ਪਰਮੇਸ਼ੁਰ ਨੇ ਅਬਰਾਹਾਮ ਦੀ ਨਿਹਚਾ ਨੂੰ ਪਰੱਖਿਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਉਸ ਨੂੰ ਇਸਹਾਕ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਅਬਰਾਹਾਮ ਨੇ ਹੁਕਮ ਮੰਨਿਆ ਕਿਉਂਕਿ ਉਸ ਨੂੰ ਉਸ ਵਿੱਚ ਨਿਹਚਾ ਸੀ। ਅਬਰਾਹਾਮ ਕੋਲ ਪਹਿਲਾਂ ਹੀ ਪਰਮੇਸ਼ੁਰ ਦੇ ਵਾਇਦੇ ਸਨ। ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਹਿਲਾਂ ਹੀ ਆਖ ਦਿੱਤਾ ਸੀ, “ਇਹ ਇਸਹਾਕ ਹੀ ਹੈ ਜਿਸਦੇ ਰਾਹੀਂ ਤੇਰੀ ਔਲਾਦ ਪੈਦਾ ਹੋਵੇਗੀ।” [a] ਪਰ ਅਬਰਾਹਾਮ ਆਪਣੇ ਇੱਕਲੌਤੇ ਪੁੱਤਰ ਇਸਹਾਕ ਦੀ ਬਲੀ ਦੇਣ ਲਈ ਤਿਆਰ ਸੀ। ਅਬਰਾਹਾਮ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸੀ। 19 ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਲੋਕਾਂ ਨੂੰ ਮੌਤ ਤੋਂ ਜੀਵਨ ਵੱਲ ਵਾਪਸ ਲਿਆ ਸੱਕਦਾ ਹੈ। ਅਤੇ ਸੱਚਮੁੱਚ ਅਸੀਂ ਆਖ਼ ਸੱਕਦੇ ਹਾਂ ਕਿ ਇੱਕ ਤਰੀਕੇ ਨਾਲ, ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਸ ਨੂੰ ਮਾਰਨ ਤੋਂ ਰੋਕਿਆ, ਤਾਂ ਇਹ ਬਿਲਕੁਲ ਇੰਝ ਸੀ ਜਿਵੇਂ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕਰ ਲਿਆ ਹੋਵੇ।

20 ਇਸਹਾਕ ਨੇ ਯਾਕੂਬ ਅਤੇ ਏਸਾਉ ਦੇ ਭਵਿੱਖ ਨੂੰ ਅਸੀਸ ਦਿੱਤੀ। ਇਸਹਾਕ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 21 ਅਤੇ ਯਾਕੂਬ ਨੇ ਯੂਸੁਫ਼ ਦੇ ਹਰ ਪੁੱਤਰ ਨੂੰ ਅਸੀਸ ਦਿੱਤੀ। ਯਾਕੂਬ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਮਰਨ ਹੀ ਵਾਲਾ ਸੀ। ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਆਪਣੀ ਸੋਟੀ ਉੱਤੇ ਝੁਕਿਆ ਹੋਇਆ ਸੀ। ਯਾਕੂਬ ਨੇ ਇਹ ਗੱਲਾਂ ਇਸ ਲਈ ਕੀਤੀਆਂ ਕਿਉਂਕਿ ਉਸ ਨੂੰ ਨਿਹਚਾ ਸੀ।

22 ਅਤੇ ਜਦੋਂ ਯੂਸੁਫ਼ ਮਰਨ ਕੰਢੇ ਸੀ ਉਸ ਨੇ ਇਜ਼ਰਾਏਲੀਆਂ ਦੇ ਮਿਸਰ ਛੱਡਣ ਬਾਰੇ ਗੱਲ ਕੀਤੀ। ਅਤੇ ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਬਚੇ ਹੋਏ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਯੂਸੁਫ਼ ਨੇ ਇਹ ਗੱਲਾਂ ਇਸ ਲਈ ਆਖੀਆਂ ਕਿਉਂਕਿ ਉਸ ਨੂੰ ਨਿਹਚਾ ਸੀ।

23 ਅਤੇ ਮੂਸਾ ਦੇ ਮਾਪਿਆਂ ਨੇ ਮੂਸਾ ਦੇ ਜਨਮ ਤੋਂ ਬਾਦ ਉਸ ਨੂੰ ਤਿੰਨ ਮਹੀਨੇ ਤੱਕ ਛੁਪਾਈ ਰੱਖਿਆ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸਨ। ਕਿਉਂ ਜੋ ਉਨ੍ਹਾਂ ਨੇ ਦੇਖਿਆ ਕਿ ਮੂਸਾ ਇੱਕ ਖੂਬਸੂਰਤ ਬੱਚਾ ਸੀ, ਅਤੇ ਉਹ ਫ਼ਿਰਊਨ ਨੇ ਆਦੇਸ਼ ਦੀ ਅਵੱਗਿਆ ਕਰਨ ਤੋਂ ਵੀ ਨਾ ਡਰੇ।

24 ਜਦੋਂ ਮੂਸਾ ਵੱਡਾ ਹੋਇਆ, ਉਸ ਨੇ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਂਣਾ ਪਸੰਦ ਨਾ ਕੀਤਾ। ਕਿਉਂਕਿ ਉਸ ਨੂੰ ਵਿਸ਼ਵਾਸ ਸੀ, ਉਸ ਨੇ ਅਜਿਹਾ ਕੀਤਾ। 25 ਮੂਸਾ ਨੇ ਪਾਪ ਦੇ ਭੋਗ ਬਿਲਾਸ ਨਾ ਮਾਨਣ ਦੀ ਚੋਣ ਕੀਤੀ। ਇਹ ਭੋਗ ਬਿਲਾਸ ਛੇਤੀ ਮੁੱਕ ਜਾਣ ਵਾਲੇ ਸਨ। ਇਸਦੀ ਬਜਾਏ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਸੰਗ ਕਸ਼ਟ ਝੱਲਣ ਦੀ ਚੋਣ ਕੀਤੀ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 26 ਮੂਸਾ ਨੇ ਸੋਚਿਆ ਕਿ ਮਿਸਰ ਦੇ ਸਾਰੇ ਖਜਾਨਿਆਂ ਦਾ ਮਾਲਕ ਹੋਣ ਨਾਲੋਂ ਮਸੀਹਾ ਲਈ ਦੁੱਖ ਝੱਲਣਾ ਬਿਹਤਰ ਸੀ। ਮੂਸਾ ਉਸ ਇਨਾਮ ਦੀ ਉਡੀਕ ਕਰ ਰਿਹਾ ਸੀ ਜੋ ਪਰਮੇਸ਼ੁਰ ਉਸ ਨੂੰ ਦੇਣ ਵਾਲਾ ਸੀ।

27 ਮੂਸਾ ਨੇ ਮਿਸਰ ਛੱਡ ਦਿੱਤਾ। ਉਸ ਨੇ ਮਿਸਰ ਇਸ ਲਈ ਛੱਡਿਆ ਕਿਉਂਕਿ ਉਸ ਨੂੰ ਨਿਹਚਾ ਸੀ। ਮੂਸਾ ਰਾਜੇ ਦੇ ਕਹਿਰ ਤੋਂ ਨਹੀਂ ਡਰਦਾ ਸੀ। ਮੂਸਾ ਨੇ ਇਉਂ ਦ੍ਰਿੜ੍ਹ ਰਹਿਣਾ ਜਾਰੀ ਰੱਖਿਆ ਜਿਵੇਂ ਕਿ ਉਹ ਪਰਮੇਸ਼ੁਰ ਨੇ ਵੇਖ ਸੱਕੇ ਜਿਸ ਨੂੰ ਕੋਈ ਵੀ ਨਾ ਵੇਖ ਸੱਕਿਆ। 28 ਮੂਸਾ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਲਹੂ ਨੂੰ ਦਰਵਾਜ਼ਿਆ ਉੱਤੇ ਛਿੜਕਿਆ। ਇਹ ਲਹੂ ਦਰਵਾਜ਼ਿਆਂ ਤੇ ਇਸ ਲਈ ਛਿੜਕਿਆ ਗਿਆ ਸੀ ਤਾਂ ਜੋ ਮੌਤ ਦਾ ਦੂਤ ਯਹੂਦੀ ਲੋਕਾਂ ਦੇ ਪਹਿਲੇ ਜਨਮੇ ਪੁੱਤਰਾਂ ਨੂੰ ਮਾਰ ਨਾ ਸੱਕੇ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ।

29 ਅਤੇ ਉਹ ਲੋਕ ਜਿਨ੍ਹਾਂ ਦੀ ਮੂਸਾ ਨੇ ਅਗਵਾਈ ਕੀਤੀ ਸੀ ਸਾਰੇ ਲਾਲ ਸਮੁੰਦਰ ਵਿੱਚੋਂ ਸੁੱਕੀ ਧਰਤੀ ਉਤੋਂ ਲੰਘ ਗਏ। ਉਹ ਅਜਿਹਾ ਕਰਨ ਦੇ ਯੋਗ ਇਸ ਲਈ ਹੋ ਸੱਕੇ ਕਿਉਂਕਿ ਉਨ੍ਹਾਂ ਨੂੰ ਨਿਹਚਾ ਸੀ। ਮਿਸਰੀਆਂ ਨੇ ਵੀ ਸਮੁੰਦਰ ਵਿੱਚੋਂ ਗੁਜ਼ਰਨਾ ਚਾਹਿਆ ਪਰ ਉਹ ਸਾਰੇ ਡੁੱਬ ਮਰੇ।

30 ਅਤੇ ਯਰੀਹੋ ਦੀਆਂ ਕੰਧਾਂ ਪਰਮੇਸ਼ੁਰ ਦੇ ਲੋਕਾਂ ਦੇ ਵਿਸ਼ਵਾਸ ਕਾਰਣ ਢੱਠ ਗਈਆਂ। ਲੋਕਾਂ ਨੇ ਯਰੀਹੋ ਦੀਆਂ ਕੰਧਾਂ ਦੁਆਲੇ ਸੱਤ ਦਿਨ ਤੱਕ ਮਾਰਚ ਕੀਤੀ ਅਤੇ ਕੰਧਾਂ ਢੱਠ ਗਈਆਂ।

31 ਅਤੇ ਵੇਸਵਾ ਰਹਾਬ ਨੇ ਇਜ਼ਰਾਏਲੀ ਜਾਸੂਸਾਂ ਦਾ ਸੁਆਗਤ ਕੀਤਾ ਅਤੇ ਮਿੱਤਰਾਂ ਵਾਂਗ ਉਨ੍ਹਾਂ ਦੀ ਸਹਾਇਤਾ ਕੀਤੀ। ਅਤੇ ਆਪਣੀ ਨਿਹਚਾ ਕਾਰਣ ਉਹ ਉਨ੍ਹਾਂ ਹੋਰ ਲੋਕਾਂ ਨਾਲ ਮਾਰੀ ਨਹੀਂ ਗਈ ਜਿਨ੍ਹਾਂ ਨੇ ਆਗਿਆ ਨਹੀਂ ਮੰਨੀ।

32 ਕੀ ਮੇਰੇ ਵੱਲੋਂ ਤੁਹਾਨੂੰ ਹੋਰ ਉਦਾਹਰਣਾਂ ਦੇਣ ਦੀ ਲੋੜ ਹੈ? ਤੁਹਾਨੂੰ ਗਿਦਾਊਨ, ਬਾਰਕ, ਸਮਸੂਨ, ਯਿਫ਼ਤਾ, ਦਾਊਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਲਈ ਮੇਰੇ ਕੋਲ ਘੱਟ ਸਮਾਂ ਹੈ। 33 ਇਨ੍ਹਾਂ ਸਾਰੇ ਲੋਕਾਂ ਨੂੰ ਵਿਸ਼ਵਾਸ ਸੀ। ਉਨ੍ਹਾਂ ਨੇ ਆਪਣੇ ਵਿਸ਼ਵਾਸ ਨਾਲ ਹਕੂਮਤਾਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਸਹੀ ਸੀ ਅਤੇ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਨਿਹਚਾ ਦੁਆਰਾ ਸ਼ੇਰਾਂ ਨੂੰ ਮੂੰਹ ਬੰਦ ਕਰ ਦਿੱਤੇ। 34 ਕੁਝ ਲੋਕਾਂ ਨੇ ਭਿਆਨਕ ਅੱਗਾਂ ਬੁਝਾ ਦਿੱਤੀਆਂ ਅਤੇ ਦੂਸਰੇ ਤਲਵਾਰਾਂ ਨਾਲ ਮਾਰੇ ਜਾਣ ਤੋਂ ਬਚ ਗਏ। ਉਨ੍ਹਾਂ ਨੇ ਇਹ ਸਭ ਆਪਣੀ ਨਿਹਚਾ ਦੇ ਕਾਰਣ ਕੀਤਾ। ਜਿਹੜੇ ਲੋਕ ਕਮਜ਼ੋਰ ਸਨ ਉਹ ਨਿਹਚਾ ਦੁਆਰਾ ਬਲਵਾਨ ਬਣਾਏ ਗਏ ਸਨ। ਉਹ ਜੰਗ ਵਿੱਚ ਸ਼ਕਤੀਸ਼ਾਲੀ ਬਣ ਗਏ ਅਤੇ ਦੁਸ਼ਮਣ ਦੀਆਂ ਫ਼ੌਜਾਂ ਨੂੰ ਬਾਹਰ ਭਜਾ ਦਿੱਤਾ। 35 ਜਿਹੜੇ ਲੋਕ ਮਾਰੇ ਗਏ ਉਹ ਉਨ੍ਹਾਂ ਦੀ ਮੌਤ ਤੋਂ ਜਿਵਾਲੇ ਗਏ, ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਦੇ ਹਵਾਲੇ ਕਰ ਦਿੱਤੇ ਗਏ। ਹੋਰਨਾਂ ਲੋਕਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੇ ਆਪਣੀ ਰਿਹਾਈ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਮੌਤ ਤੋਂ ਜੀਵਨ ਵੱਲ ਜਿਵਾਲ ਕੇ ਬਿਹਤਰ ਜੀਵਨ ਪ੍ਰਾਪਤ ਹੋ ਸੱਕੇ। 36 ਕੁਝ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਕੋੜਿਆਂ ਨਾਲ ਮਾਰੇ ਗਏ। ਹੋਰਨਾਂ ਲੋਕਾਂ ਨੂੰ ਬੰਨ੍ਹ ਕੇ ਕੈਦ ਵਿੱਚ ਸੁੱਟ ਦਿੱਤਾ ਗਿਆ। 37 ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਉਨ੍ਹਾਂ ਨੂੰ ਤਲਵਾਰ ਰਾਹੀਂ ਕਤਲ ਕਰ ਦਿੱਤਾ ਗਿਆ। ਕੁਝ ਲੋਕਾਂ ਨੇ ਭੇਡਾਂ ਅਤੇ ਬੱਕਰੀਆਂ ਦੀਆਂ ਖਲਾਂ ਪਾ ਲਈਆਂ ਅਤੇ ਭਟਕਣ ਲੱਗੇ। ਉਹ ਗਰੀਬ, ਸਤਾਏ ਹੋਏ, ਅਤੇ ਹੋਰਾਂ ਦੁਆਰਾ ਬਦਸਲੂਕੀ ਕੀਤੀ ਹੋਏ ਸਨ। 38 ਇਨ੍ਹਾਂ ਮਹਾਨ ਲੋਕਾਂ ਲਈ ਦੁਨੀਆਂ ਕਾਫ਼ੀ ਨਹੀਂ ਸੀ। ਇਹ ਲੋਕ ਮਾਰੂਥਲਾਂ ਅਤੇ ਪਰਬਤਾਂ ਵਿੱਚ ਭਟਕਦੇ ਰਹੇ ਅਤੇ ਗੁਫ਼ਾਵਾਂ ਅਤੇ ਧਰਤੀ ਦੇ ਘੁਰਨਿਆਂ ਵਿੱਚ ਰਹਿੰਦੇ ਰਹੇ।

39 ਇਹ ਸਾਰੇ ਲੋਕ ਆਪਣੀ ਨਿਹਚਾ ਲਈ ਮਸ਼ਹੂਰ ਹੋ ਗਏ। ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਹ ਪ੍ਰਾਪਤ ਨਹੀਂ ਕੀਤਾ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। 40 ਪਰਮੇਸ਼ੁਰ ਨੇ ਸਾਨੂੰ ਕੁਝ ਬਿਹਤਰ ਦੇਣ ਦੀ ਵਿਉਂਤ ਬਣਾਈ। ਉਹ ਇਨ੍ਹਾਂ ਲੋਕਾਂ ਨੂੰ ਸਾਡੇ ਸਮੇਤ ਸੰਪੂਰਣ ਬਨਾਉਣਾ ਸੀ।

ਸਾਨੂੰ ਯਿਸੂ ਦੀ ਮਿਸਾਲ ਤੇ ਚੱਲਣਾ ਚਾਹੀਦਾ

12 ਸਾਡੇ ਆਲੇ-ਦੁਆਲੇ ਬਹੁਤ ਸਾਰੇ ਨਿਹਚਾਵਾਨ ਲੋਕ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਸਾਨੂੰ ਦਸੱਦੀਆਂ ਹਨ ਕਿ ਨਿਹਚਾ ਦਾ ਕੀ ਅਰਥ ਹੈ। ਇਸ ਲਈ ਸਾਨੂੰ ਉਨ੍ਹਾਂ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹ ਦੌੜ ਲਾਉਣੀ ਚਾਹੀਦੀ ਹੈ ਜਿਹੜੀ ਸਾਡੇ ਸਾਹਮਣੇ ਹੈ ਅਤੇ ਕਦੇ ਵੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਸਾਨੂੰ ਆਪਣੇ ਜੀਵਨ ਵਿੱਚੋਂ ਉਹ ਹਰ ਚੀਜ਼ ਜਿਹੜੀ ਸਾਨੂੰ ਰੋਕਦੀ ਹੋਵੇ ਦੂਰ ਕਰ ਦੇਣੀ ਚਾਹੀਦੀ ਹੈ। ਸਾਨੂੰ ਉਸ ਪਾਪ ਨੂੰ ਵੀ ਦੂਰ ਸੁੱਟ ਦੇਣਾ ਚਾਹੀਦਾ ਹੈ ਜਿਹੜਾ ਸਾਨੂੰ ਆਸਾਨੀ ਨਾਲ ਫ਼ੜ ਲੈਂਦਾ ਹੈ। ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸ ਨੂੰ ਸੰਪੂਰਣ ਕਰਦਾ ਹੈ। ਉਸ ਨੇ ਸਲੀਬ ਉੱਤੇ ਮੌਤ ਦਾ ਸਾਹਮਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝੱਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸ ਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸ ਦੇ ਸਾਹਮਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ। ਯਿਸੂ ਬਾਰੇ ਸੋਚੋ। ਜਦੋਂ ਗੁਨਾਹਗਾਰ ਲੋਕ ਉਸ ਦੇ ਖਿਲਾਫ਼ ਮੰਦੀਆਂ ਗੱਲਾਂ ਕਰ ਰਹੇ ਸਨ ਉਹ ਸਾਬਰ ਸੀ। ਉਸ ਬਾਰੇ ਸੋਚੋ ਤਾਂ ਜੋ ਤੁਸੀਂ ਵੀ ਸਬਰ ਵਾਲੇ ਬਣੋ ਅਤੇ ਕੋਸ਼ਿਸ਼ ਕਰਨੋ ਨਾ ਹਟੋ।

ਪਰਮੇਸ਼ੁਰ ਇੱਕ ਪਿਤਾ ਵਾਂਗ ਹੈ

ਤੁਸੀਂ ਪਾਪ ਦੇ ਵਿਰੁੱਧ ਸੰਘਰਸ਼ ਕਰ ਰਹੇ ਹੋ, ਪਰ ਤੁਹਾਡੇ ਸੰਘਰਸ਼ ਅਜੇ ਤੁਹਾਡੇ ਮਾਰੇ ਜਾਣ ਦਾ ਕਾਰਣ ਨਹੀਂ ਬਣੇ। ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਉਹ ਤੁਹਾਨੂੰ ਸੱਕੂਨ ਪਹੁੰਚਾਣ ਵਾਲੇ ਸ਼ਬਦ ਬੋਲ ਰਿਹਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਭੁੱਲ ਚੁੱਕੇ ਹੋ:

“ਮੇਰੇ ਪੁੱਤਰ, ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰਦਾ ਹੈ, ਤਾਂ ਇਸ ਨੂੰ ਤੁੱਛ ਨਾ ਜਾਣੀ।
    ਅਤੇ ਕੋਸ਼ਿਸ਼ ਕਰਨੀ ਛੱਡੀ ਨਾ, ਪ੍ਰਭੂ ਤੈਨੂੰ ਸੌਂਪਦਾ ਹੈ।
ਪ੍ਰਭੂ ਉਸ ਨੂੰ ਸਹੀ ਕਰਦਾ ਜਿਸ ਨੂੰ ਉਹ ਪਿਆਰ ਕਰਦਾ ਹੈ,
    ਅਤੇ ਉਹ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜਿਸ ਨੂੰ ਉਹ ਆਪਣੇ ਪੁੱਤਰ ਦੀ ਤਰ੍ਹਾਂ ਕਬੂਲਦਾ ਹੈ।” (A)

ਇਸ ਲਈ ਦੁੱਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ। ਸਾਰੇ ਬੱਚਿਆਂ ਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਕਦੇ ਵੀ ਅਨੁਸ਼ਾਸਿਤ ਕੀਤੇ ਗਏ, ਫ਼ੇਰ ਤੁਸੀਂ ਸੱਚੇ ਬੱਚੇ ਨਹੀਂ ਹੋ, ਇਸ ਦੀ ਜਗ਼੍ਹਾ, ਤੁਸੀਂ ਨਜਾਇਜ਼ ਬੱਚੇ ਹੋ। ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ। 10 ਸਾਡੇ ਧਰਤੀ ਉੱਪਰਲੇ ਪਿਉਵਾਂ ਨੇ ਸਾਨੂੰ ਥੋੜੇ ਸਮੇਂ ਲਈ ਅਨੁਸ਼ਾਸਿਤ ਕੀਤਾ। ਉਨ੍ਹਾਂ ਨੇ ਸਾਨੂੰ ਉਸੇ ਢੰਗ ਵਿੱਚ ਅਨੁਸ਼ਾਸਿਤ ਕੀਤਾ ਜਿਹੜਾ ਉਨ੍ਹਾਂ ਨੇ ਸਭ ਤੋਂ ਉੱਤਮ ਸਮਝਿਆ। ਪਰ ਪਰਮੇਸ਼ੁਰ ਸਾਡੀ ਸਹਾਇਤਾ ਕਰਨ ਲਈ ਸਾਨੂੰ ਸਜ਼ਾ ਦਿੰਦਾ ਹੈ, ਤਾਂ ਜੋ ਅਸੀਂ ਉਸੇ ਵਾਂਗ ਪਵਿੱਤਰ ਬਣ ਸੱਕੀਏ। 11 ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿੱਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ।

ਆਪਣੇ ਜੀਵਨ ਢੰਗ ਬਾਰੇ ਸਾਵੱਧਾਨ ਰਹੋ

12 ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ। 13 ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸੱਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ।

14 ਸਮੂਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਪਾਪ ਤੋਂ ਮੁਕਤ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਵਿਅਕਤੀ ਦਾ ਜੀਵਨ ਪਵਿੱਤਰ ਨਹੀਂ ਹੈ, ਉਹ ਕਦੀ ਵੀ ਪ੍ਰਭੂ ਨੂੰ ਨਹੀਂ ਵੇਖੇਗਾ। 15 ਸਾਵੱਧਾਨ ਰਹੋ ਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਵਿੱਚ ਅਸਫ਼ਲ ਨਾ ਹੋਵੇ। ਸਾਵੱਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਕੌੜੀ ਬੂਟੀ ਵਰਗਾ ਨਾ ਬਣ ਜਾਵੇ। ਅਜਿਹਾ ਵਿਅਕਤੀ ਤੁਹਾਡੇ ਸਾਰੇ ਸਮੂਹ ਨੂੰ ਗੰਦਾ ਕਰ ਸੱਕਦਾ ਹੈ। 16 ਸਾਵੱਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਨਸੀ ਪਾਪ ਨਾ ਕਰੇ। ਸਾਵੱਧਾਨ ਰਹੋ ਕਿ ਕੋਈ ਵੀ ਏਸਾਉ ਵਰਗਾ ਨਹੀਂ ਜਿਸਨੇ ਕਦੇ ਵੀ ਪਰਮੇਸ਼ੁਰ ਬਾਰੇ ਨਹੀਂ ਸੋਚਿਆ। ਏਸਾਉ ਜੇਠਾ ਪੁੱਤਰ ਸੀ ਅਤੇ ਉਹ ਉਸ ਸਾਰੇ ਕਾਸੇ ਦਾ ਉੱਤਰਾਧਿਕਾਰੀ ਹੋਣ ਵਾਲਾ ਸੀ, ਜੋ ਉਸ ਦੇ ਪਿਤਾ ਦਾ ਸੀ। ਪਰ ਏਸਾਉ ਨੇ ਇਹ ਸਭ ਕੁਝ ਸਿਰਫ਼ ਇੱਕ ਡੰਗ ਭੋਜਨ ਦੀ ਖਾਤਿਰ ਵੇਚ ਦਿੱਤਾ। 17 ਯਾਦ ਕਰੋ ਕਿ ਇਹ ਕਰਨ ਤੋਂ ਬਾਦ ਏਸਾਉ ਨੇ ਚਾਹਿਆ ਕਿ ਉਹ ਆਪਣੇ ਪਿਤਾ ਦੀ ਅਸੀਸ ਲਵੇ। ਏਸਾਉ ਇਹ ਅਸੀਸ ਇੰਨੀ ਤੀਬਰਤਾ ਨਾਲ ਚਾਹੁੰਦਾ ਸੀ ਕਿ ਉਹ ਰੋ ਪਿਆ। ਪਰ ਉਸ ਦੇ ਪਿਤਾ ਨੇ ਉਸ ਨੂੰ ਅਸੀਸ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਏਸਾਉ ਦੇ ਕੋਲ ਕੋਈ ਅਜਿਹਾ ਤਰੀਕਾ ਨਹੀਂ ਸੀ ਜਿਸ ਨਾਲ ਉਹ ਆਪਣੇ ਕੀਤੇ ਨੂੰ ਤਬਦੀਲ ਕਰ ਸੱਕਦਾ।

18 ਤੁਸੀਂ ਇੱਕ ਨਵੀਂ ਥਾਂ ਤੇ ਆਏ ਹੋ। ਇਹ ਸਥਾਨ ਉਸ ਪਹਾੜ ਵਰਗੀ ਨਹੀਂ ਜਿੱਥੇ ਇਜ਼੍ਰਾਏਲ ਦੇ ਲੋਕ ਆਏ ਸਨ। ਤੁਸੀਂ ਉਸ ਪਹਾੜ ਤੇ ਨਹੀਂ ਆਏ ਹੋ ਜਿਸ ਨੂੰ ਤੁਸੀਂ ਛੂਹ ਸੱਕਦੇ ਹੋ ਅਤੇ ਉਸਤੇ ਜਿਹੜਾ ਅੱਗ ਨਾਲ ਬਲ ਰਿਹਾ ਹੈ। ਤੁਸੀਂ ਉਸ ਸਥਾਨ ਤੇ ਨਹੀਂ ਆਏ ਹੋ ਜਿੱਥੇ ਅੰਧਕਾਰ, ਉਦਾਸੀ ਅਤੇ ਤੁਫ਼ਾਨ ਹਨ। 19 ਉੱਥੇ ਕੋਈ ਤੁਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀ ਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ। 20 ਉਹ ਇਸ ਆਦੇਸ਼ ਨੂੰ ਸੁਣਨਾ ਬਰਦਾਸ਼ਤ ਨਾ ਕਰ ਸੱਕੇ; “ਜੇ ਕੋਈ ਵੀ ਚੀਜ਼, ਇੱਕ ਜਾਨਵਰ ਵੀ, ਇਸ ਪਹਾੜ ਨੂੰ ਛੂੰਹਦਾ ਹੈ ਇਹ ਪੱਥਰਾਂ ਨਾਲ ਮਾਰਿਆ ਜਾਣਾ ਚਾਹੀਦਾ।” [b] 21 ਜਿਹੜੀਆਂ ਗੱਲਾਂ ਉਨ੍ਹਾਂ ਲੋਕਾਂ ਨੇ ਦੇਖੀਆਂ ਇੰਨੀਆਂ ਭਿਆਨਕ ਸਨ ਕਿ ਮੂਸਾ ਨੇ ਆਖਿਆ ਸੀ, “ਮੈਂ ਡਰ ਨਾਲ ਕੰਬ ਰਿਹਾ ਹਾਂ।” [c]

22 ਪਰ ਤੁਸੀਂ ਇਸ ਤਰ੍ਹਾਂ ਦੇ ਸਥਾਨ ਤੇ ਨਹੀਂ ਆਏ ਹੋ। ਜਿਸ ਨਵੇਂ ਥਾਂ ਤੇ ਤੁਸੀਂ ਆਏ ਹੋ ਉਹ ਸੀਯੋਨ ਪਹਾੜ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਏ ਹੋ, ਜੋ ਕਿ ਸਵਰਗੀ ਯਰੂਸ਼ਲਮ ਹੈ। ਤੁਸੀਂ ਹੁਲਾਸ ਨਾਲ ਭਰੇ ਹਜ਼ਾਰਾਂ ਦੂਤਾਂ ਦੇ ਇਕੱਠ ਦੀ ਜਗ਼੍ਹਾ ਤੇ ਆਏ ਹੋ। 23 ਤੁਸੀਂ ਪਰਮੇਸ਼ੁਰ ਦੇ ਪਹਿਲਾਂ ਜਨਮੇ ਪੁੱਤਰਾਂ ਦੀ ਸਭਾ ਵਿੱਚ ਆਏ ਹੋ। ਉਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। ਤੁਸੀਂ ਪਰਮੇਸ਼ੁਰ ਵੱਲ ਆਏ ਹੋ ਜਿਹੜਾ ਸਮੂਹ ਲੋਕਾਂ ਦਾ ਨਿਆਂ ਪਾਲਕ ਹੈ। ਅਤੇ ਤੁਸੀਂ ਉਨ੍ਹਾਂ ਚੰਗੇ ਲੋਕਾਂ ਦੇ ਆਤਮਿਆਂ ਕੋਲ ਆਏ ਹੋ ਜਿਨ੍ਹਾਂ ਨੂੰ ਸੰਪੂਰਣ ਬਣਾ ਦਿੱਤਾ ਗਿਆ ਹੈ। 24 ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈ ਕੇ ਆਇਆ ਹੈ। ਤੁਸੀਂ ਉਸ ਛਿੜਕੇ ਹੋਏ ਲਹੂ ਕੋਲ ਆਏ ਹੋ ਜਿਹੜਾ ਸਾਨੂੰ ਹਾਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ।

25 ਸਾਵੱਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸ ਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸੱਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾੜੀ ਹੋਵੇਗੀ ਜਿਹੜੇ ਉਸ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। 26 ਜਿਸ ਸਮੇਂ ਉਹ ਬੋਲਿਆ, ਉਸਦੀ ਆਵਾਜ਼ ਨੇ ਧਰਤੀ ਹਿਲਾ ਦਿੱਤੀ। ਪਰ ਹੁਣ ਉਸ ਨੇ ਵਾਇਦਾ ਕੀਤਾ ਹੈ, “ਇੱਕ ਵਾਰ ਫ਼ੇਰ ਮੈਂ ਧਰਤੀ ਨੂੰ ਹਿਲਾ ਦਿਆਂਗਾ। ਪਰ ਮੈਂ ਸਵਰਗ ਨੂੰ ਵੀ ਹਿਲਾ ਦਿਆਂਗਾ।” [d] 27 ਇਹ ਬਚਨ ਕਿ “ਇੱਕ ਵਾਰੀ ਫ਼ੇਰ” ਸਾਨੂੰ ਸਾਫ਼ ਦਰਸ਼ਾਉਂਦੇ ਹਨ ਕਿ ਹਰ ਚੀਜ਼ ਜਿਹੜੀ ਬਣਾਈ ਗਈ ਸੀ ਤਬਾਹ ਹੋ ਜਾਵੇਗੀ। ਇਹ ਚੀਜ਼ਾਂ ਹਨ ਜਿਹੜੀਆਂ ਹਿਲਾਈਆਂ ਜਾ ਸੱਕਦੀਆਂ ਹਨ। ਅਤੇ ਸਿਰਫ਼ ਉਹੀ ਚੀਜ਼ਾਂ ਜੋ ਹਿਲਾਈਆਂ ਨਹੀਂ ਜਾ ਸੱਕਦੀਆਂ, ਸਦੀਵੀ ਰਹਿਣਗੀਆਂ।

28 ਸਾਨੂੰ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਨਾ ਹਿੱਲਣ ਵਾਲੀ ਬਾਦਸ਼ਾਹਤ ਹੈ। ਸਾਨੂੰ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਢੰਗ ਨਾਲ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ ਜੋ ਉਸ ਨੂੰ ਪ੍ਰਸੰਨ ਕਰਦਾ ਹੈ। ਸਾਨੂੰ ਸ਼ਰਧਾ ਅਤੇ ਡਰ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ। 29 ਕਿਉਂਕਿ ਸਾਡਾ ਪਰਮੇਸ਼ੁਰ ਉਸ ਅੱਗ ਵਰਗਾ ਹੈ ਜਿਹੜੀ ਤਬਾਹ ਕਰ ਸੱਕਦੀ ਹੈ।

ਇਹੋ ਜਿਹੀ ਆਰਾਧਨਾ ਕਰੋ ਜੋ ਕਿ ਪਰਮੇਸ਼ਰ ਨੂੰ ਪ੍ਰਸੰਨ ਕਰੇ

13 ਤੁਸੀਂ ਮਸੀਹ ਵਿੱਚ ਭਰਾ ਅਤੇ ਭੈਣਾਂ ਹੋ, ਇਸ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਜਾਰੀ ਰੱਖੋ। ਹਮੇਸ਼ਾ ਅਜਨਬੀਆਂ ਨੂੰ ਆਪਣੇ ਘਰ ਬੁਲਾਉਣਾ ਅਤੇ ਉਨ੍ਹਾਂ ਦੀ ਮਦਦ ਕਰਨੀ ਚੇਤੇ ਰੱਖੋ। ਅਜਿਹਾ ਕਰਕੇ, ਕੁਝ ਲੋਕਾਂ ਨੇ ਆਪਣੇ ਗਿਆਨ ਦੇ ਬਿਨਾ ਹੀ ਦੂਤਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਕੈਦ ਵਿੱਚ ਨਾ ਭੁੱਲੋ। ਉਨ੍ਹਾਂ ਨੂੰ ਇਸ ਤਰ੍ਹਾਂ ਚੇਤੇ ਕਰੋ ਜਿਵੇਂ ਤੁਸੀਂ ਵੀ ਉਨ੍ਹਾਂ ਨਾਲ ਕੈਦ ਵਿੱਚ ਹੋਵੋ। ਅਤੇ ਉਨ੍ਹਾਂ ਲੋਕਾਂ ਨੂੰ ਵੀ ਨਾ ਭੁੱਲੋ ਜਿਹੜੇ ਤਸੀਹਿਆਂ ਰਾਹੀਂ ਲੰਘ ਰਹੇ ਹਨ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਨੂੰ ਵੀ ਉਨ੍ਹਾਂ ਤਸੀਹਿਆਂ ਰਾਹੀਂ ਹੀ ਲੰਘਣਾ ਪਵੇਗਾ।

ਵਿਆਹ ਦਾ ਸਮੂਹ ਲੋਕਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਹਰ ਵਿਆਹ ਨੂੰ ਸਿਰਫ਼ ਦੋ ਲੋਕਾਂ ਵਿੱਚ ਪਵਿੱਤਰ ਰੱਖਿਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਪਾਪੀ ਪਰੱਖੇਗਾ ਜਿਹੜੇ ਜਿਨਸੀ ਪਾਪ ਅਤੇ ਬਦਕਾਰੀ ਕਰਦੇ ਹਨ। ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ,

“ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ।
ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।” (B)

ਇਸ ਲਈ ਅਸੀਂ ਯਕੀਨੀ ਆਖ ਸੱਕਦੇ ਹਾਂ,

“ਪਰਮੇਸ਼ੁਰ ਮੇਰਾ ਸਹਾਇਕ ਹੈ
    ਅਤੇ ਮੈਂ ਨਹੀਂ ਡਰਾਂਗਾ।
ਲੋਕ ਮੇਰਾ ਕੁਝ ਨਹੀਂ ਵਿਗਾੜ ਸੱਕਦੇ।” (C)

ਆਪਣੇ ਆਗੂਆਂ ਨੂੰ ਚੇਤੇ ਰੱਖੋ। ਉਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਚੇਤੇ ਰੱਖੋ ਕਿ ਉਹ ਕਿਵੇਂ ਜੀਵੇ ਅਤੇ ਮਰੇ, ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਨਕਲ ਕਰੋ। ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚੱਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ ਉਨ੍ਹਾਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ।

10 ਸਾਡੇ ਕੋਲ ਇੱਕ ਬਲੀ ਹੈ। ਅਤੇ ਜਿਹੜੇ ਜਾਜਕ ਪਵਿੱਤਰ ਤੰਬੂ ਵਿੱਚ ਸੇਵਾ ਕਰਦੇ ਹਨ ਉਨ੍ਹਾਂ ਨੂੰ ਬਲੀ ਵਿੱਚੋਂ ਖਾਣ ਦਾ ਕੋਈ ਇਖਤਿਆਰ ਨਹੀਂ ਹੈ। 11 ਸਰਦਾਰ ਜਾਜਕ ਜਾਨਵਰਾਂ ਦਾ ਲਹੂ ਅੱਤ ਪਵਿੱਤਰ ਸਥਾਨ ਵਿੱਚ ਲੈ ਜਾਂਦਾ ਹੈ। ਉਹ ਉਸ ਲਹੂ ਨੂੰ ਪਾਪਾਂ ਲਈ ਅਰਪਨ ਕਰਦਾ ਹੈ। ਪਰ ਉਨ੍ਹਾਂ ਜਾਨਵਰਾਂ ਦੇ ਸਰੀਰ ਖੈਮੇ ਤੋਂ ਬਾਹਰ ਸਾੜੇ ਜਾਂਦੇ ਹਨ। 12 ਇਸੇ ਲਈ ਯਿਸੂ ਵੀ ਸ਼ਹਿਰ ਤੋਂ ਬਾਹਰ ਪ੍ਰਾਣ ਹੀਣ ਹੋਇਆ। ਯਿਸੂ ਆਪਣੇ ਲੋਕਾਂ ਨੂੰ ਆਪਣੇ ਹੀ ਲਹੂ ਰਾਹੀਂ ਪਵਿੱਤਰ ਬਨਾਉਣ ਦੇ ਉਦੇਸ਼ ਨਾਲ ਮਰਿਆ। 13 ਇਸੇ ਲਈ ਆਓ ਅਸੀਂ ਵੀ ਡੇਰਿਆਂ ਤੋਂ ਬਾਹਰ ਯਿਸੂ ਕੋਲ ਚੱਲੀਏ। ਸਾਨੂੰ ਵੀ ਉਸੇ ਸ਼ਰਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਜਿਸ ਨੂੰ ਮਸੀਹ ਨੇ ਕੀਤਾ ਸੀ। 14 ਇੱਥੇ ਧਰਤੀ ਤੇ ਸਾਡੇ ਕੋਲ ਅਜਿਹਾ ਕੋਈ ਸ਼ਹਿਰ ਨਹੀਂ ਜਿਹੜਾ ਸਦੀਵੀ ਰਹੇਗਾ। ਪਰ ਅਸੀਂ ਉਸ ਸ਼ਹਿਰ ਦੀ ਉਡੀਕ ਕਰ ਰਹੇ ਹਾਂ ਜੋ ਸਾਨੂੰ ਭਵਿੱਖ ਵਿੱਚ ਮਿਲੇਗਾ। 15 ਇਸ ਲਈ ਸਾਨੂੰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਨੂੰ ਆਪਣੀਆਂ ਬਲੀਆਂ ਦੇਣੀਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਉਹ ਬਲੀਆਂ ਉਹੀ ਉਸਤਤਿ ਹਨ ਜੋ ਉਨ੍ਹਾਂ ਲੋਕਾਂ ਦੇ ਬੁੱਲ੍ਹਾਂ ਤੋਂ ਆਉਂਦੀ ਹੈ ਜੋ ਉਸ ਦੇ ਨਾਂ ਨੂੰ ਮਹਿਮਾਮਈ ਕਰਦੇ ਹਨ। 16 ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ।

17 ਆਪਣੇ ਆਗੂਆਂ ਦਾ ਹੁਕਮ ਮੰਨੋ ਅਤੇ ਉਨ੍ਹਾਂ ਦੇ ਅਧੀਨ ਰਹੋ। ਉਹ ਲੋਕ ਤੁਹਾਡੇ ਲਈ ਜ਼ਿੰਮੇਵਾਰ ਹਨ। ਇਸ ਲਈ ਉਹ ਹਮੇਸ਼ਾ ਤੁਹਾਡਾ ਧਿਆਨ ਰੱਖਦੇ ਹਨ। ਉਨ੍ਹਾਂ ਲੋਕਾਂ ਦਾ ਹੁਕਮ ਮੰਨੋ ਤਾਂ ਜੋ ਉਹ ਅਜਿਹਾ ਕੰਮ ਖੁਸ਼ੀ ਨਾਲ ਕਰ ਸੱਕਣ, ਉਦਾਸੀ ਨਾਲ ਨਹੀਂ। ਉਨ੍ਹਾਂ ਦੇ ਕੰਮ ਨੂੰ ਮੁਸ਼ਕਿਲ ਬਣਾਕੇ ਤੁਹਾਡਾ ਭਲਾ ਨਹੀਂ ਹੋਵੇਗਾ।

18 ਸਾਡੇ ਲਈ ਪ੍ਰਾਰਥਨਾ ਕਰਦੇ ਰਹੋ। ਜੋ ਅਸੀਂ ਕਰਦੇ ਹਾਂ ਅਸੀਂ ਇਸ ਬਾਰੇ ਠੀਕ ਸਮਝਦੇ ਹਾਂ, ਕਿਉਂਕਿ ਅਸੀਂ ਹਮੇਸ਼ਾ ਉੱਤਮ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। 19 ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਤਾਂ ਜੋ ਉਹ ਮੈਨੂੰ ਵਾਪਸ ਤੁਹਾਡੇ ਕੋਲ ਜਲਦੀ ਭੇਜੇ। ਇਹ ਗੱਲ ਮੈਂ ਕਿਸੇ ਵੀ ਹੋਰ ਚੀਜ਼ ਤੋਂ ਵੱਧ ਚਾਹੁੰਦਾ ਹਾਂ।

20-21 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਉਹ ਹਰ ਚੰਗੀ ਚੀਜ਼ ਦੇਵੇ ਜਿਸਦੀ ਤੁਹਾਨੂੰ ਲੋੜ ਹੈ ਤਾਂ ਜੋ ਤੁਸੀਂ ਉਸਦੀ ਰਜ਼ਾ ਅਨੁਸਾਰ ਕੰਮ ਕਰ ਸੱਕੋ। ਪਰਮੇਸ਼ੁਰ ਹੀ ਹੈ ਜਿਸਨੇ ਸਾਡੇ ਪ੍ਰਭੂ ਯਿਸੂ ਨੂੰ ਮੌਤ ਤੋਂ ਜਿਵਾਲਿਆ। ਪਰਮੇਸ਼ੁਰ ਨੇ ਯਿਸੂ, ਭੇਡਾਂ ਦੇ ਮਹਾਨ ਆਜੜੀ ਨੂੰ, ਆਪਣੀ ਲਹੂ ਰਾਹੀਂ ਜਿਵਾਲਿਆ। ਉਸ ਦੇ ਲਹੂ ਨੇ ਨਵੇਂ ਕਰਾਰ ਦੀ ਸ਼ੁਰੂਆਤ ਕੀਤੀ ਸੀ ਜਿਹੜਾ ਸਦੀਵੀ ਕਰੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਸਾਡੇ ਵਿੱਚ ਚੰਗੀਆਂ ਗੱਲਾਂ ਕਰੇਗਾ ਜਿਹੜੀਆਂ ਉਸ ਨੂੰ ਪ੍ਰਸੰਨ ਕਰਦੀਆਂ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਇਹ ਗੱਲਾਂ ਯਿਸੂ ਮਸੀਹ ਰਾਹੀਂ ਕਰੇਗਾ। ਯਿਸੂ ਦੀ ਹਮੇਸ਼ਾ ਮਹਿਮਾ ਹੋਵੇ। ਆਮੀਨ।

22 ਮੇਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਇਨ੍ਹਾਂ ਨੂੰ ਸਬਰ ਨਾਲ ਸੁਣੋ। ਇਹ ਗੱਲਾਂ ਮੈਂ ਤੁਹਾਨੂੰ ਮਜਬੂਤ ਬਨਾਉਣ ਲਈ ਆਖੀਆਂ ਹਨ। ਅਤੇ ਇਹ ਚਿਠੀ ਬਹੁਤ ਲੰਮੀ ਨਹੀਂ ਹੈ। 23 ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਸਾਡਾ ਭਰਾ ਤਿਮੋਥਿਉਸ ਕੈਦ ਤੋਂ ਮੁਕਤ ਹੋ ਗਿਆ ਹੈ। ਜੇ ਉਹ ਮੇਰੇ ਕੋਲ ਛੇਤੀ ਆ ਗਿਆ ਤਾਂ ਅਸੀਂ ਦੋਵੇਂ ਤੁਹਾਨੂੰ ਮਿਲਣ ਆਵਾਂਗੇ।

24 ਆਪਣੇ ਸਾਰੇ ਆਗੂਆਂ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਨਮਸੱਕਾਰ ਆਖਿਓ। ਇਤਾਲਿਯਾ ਵਿੱਚ ਪਰਮੇਸ਼ੁਰ ਦੇ ਸਾਰੇ ਲੋਕ ਤੁਹਾਨੂੰ ਨਮਸੱਕਾਰ ਆਖਦੇ ਹਨ।

25 ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

Punjabi Bible: Easy-to-Read Version (ERV-PA)

2010 by World Bible Translation Center