Beginning
1 ਇਹ ਪੱਤਰ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਹੈ। ਮੈਂ ਰਸੂਲ ਇਸ ਲਈ ਬਣਿਆ ਹਾਂ ਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ।
ਇਹ ਪੱਤਰ ਮਸੀਹ ਯਿਸੂ ਵਿੱਚ ਵਿਸ਼ਵਾਸ ਰੱਖਣ ਵਾਲੇ ਨਿਹਚਾਵਾਨਾਂ, ਅਫ਼ਸੁਸ ਵਿੱਚ ਰਹਿੰਦੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਲਿਖਿਆ ਹੈ।
2 ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੋਵੇ।
ਮਸੀਹ ਵਿੱਚ ਆਤਮਕ ਅਸੀਸਾਂ
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ। 4 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਨੇ ਦੁਨੀਆਂ ਸਾਜਣ ਤੋਂ ਪਹਿਲਾਂ ਹੀ ਚੁਣ ਲਿਆ ਸੀ। ਪਰਮੇਸ਼ੁਰ ਨੇ ਸਾਨੂੰ ਪ੍ਰੇਮ ਨਾਲ, ਆਪਣੇ ਪਵਿੱਤਰ ਲੋਕ ਅਤੇ ਉਸ ਅੱਗੇ ਦੋਸ਼ ਰਹਿਤ ਲੋਕ ਹੋਣ ਲਈ ਚੁਣਿਆ ਹੈ। 5 ਅਤੇ ਦੁਨੀਆਂ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਨਾਉਣ ਦਾ ਫੈਸਲਾ ਕੀਤਾ। ਇਹ ਪਰਮੇਸ਼ੁਰ ਦੀ ਰਜ਼ਾ ਸੀ। ਇਸਨੇ ਉਸ ਨੂੰ ਪ੍ਰਸੰਨ ਕੀਤਾ ਹੈ। 6 ਇਹ ਪਰਮੇਸ਼ੁਰ ਨੂੰ ਉਸਤਤਿ ਦਿੰਦੀ ਹੈ ਕਿਉਂ ਜੋ ਉਸ ਨੇ ਕਿਰਪਾ ਦਿਖਾਈ। ਪਰਮੇਸ਼ੁਰ ਨੇ ਆਪਣੀ ਕਿਰਪਾ ਸਾਡੇ ਉੱਤੇ ਮੁਫ਼ਤ ਕੀਤੀ ਹੈ ਉਸ ਨੇ ਸਾਡੇ ਉੱਪਰ ਇਹ ਕਿਰਪਾ ਮਸੀਹ ਵਿੱਚ ਦਿੱਤੀ ਜਿਸ ਨੂੰ ਉਹ ਪਿਆਰ ਕਰਦਾ ਹੈ।
7 ਮਸੀਹ ਦੇ ਨਮਿੱਤ ਸਾਨੂੰ ਉਸ ਦੇ ਲਹੂ ਰਾਹੀਂ ਅਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ੁਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫ਼ੀ ਹੈ। 8 ਪਰਮੇਸ਼ੁਰ ਨੇ ਆਪਣੀ ਪੂਰੀ ਕਿਰਪਾ ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫ਼ਤੀ ਛਿੜਕਿਆ ਹੈ। 9 ਉਸ ਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ। 10 ਪਰਮੇਸ਼ੁਰ ਦਾ ਇਰਾਦਾ ਢੁੱਕਵੇਂ ਸਮੇਂ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ੁਰ ਦੀ ਯੋਜਨਾ ਸਵਰਗ ਅਤੇ ਧਰਤੀ ਵਿੱਚਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਮਸੀਹ ਨੂੰ ਮੁਖੀ ਬਣਾਕੇ ਉਸ ਦੇ ਅਧੀਨ ਕਰਨ ਦੀ ਸੀ।
11 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਣਾਈ ਹੋਈ ਸੀ, ਕਿਉਂ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ। 12 ਅਸੀਂ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਮਸੀਹ ਵਿੱਚ ਉਮੀਦ ਰੱਖੀ। ਅਤੇ ਸਾਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਸਤਤਿ ਕਰ ਸੱਕੀਏ। 13 ਤੁਹਾਡੇ ਨਾਲ ਵੀ ਅਜਿਹਾ ਹੀ ਹੈ। ਤੁਸੀਂ ਸੱਚੀ ਸਿੱਖਿਆ ਸੁਣੀ, ਉਹ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਹੈ। ਜਦੋਂ ਤੁਸੀਂ ਉਹ ਖੁਸ਼ਖਬਰੀ ਸੁਣੀ, ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ। ਅਤੇ ਮਸੀਹ ਦੇ ਰਾਹੀਂ, ਪਰਮੇਸ਼ੁਰ ਨੇ ਤੁਹਾਨੂੰ ਉਹ ਪਵਿੱਤਰ ਆਤਮਾ ਦੇਕੇ ਜਿਸਦਾ ਉਸ ਨੇ ਵਾਇਦਾ ਕੀਤਾ ਸੀ, ਆਪਣਾ ਵਿਸ਼ੇਸ਼ ਨਿਸ਼ਾਨ ਤੁਹਾਡੇ ਉੱਪਰ ਲਗਾਇਆ। 14 ਇਹ ਪਵਿੱਤਰ ਆਤਮਾ ਦੀ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਇਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹੜੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।
ਪੌਲੁਸ ਦੀ ਪ੍ਰਾਰਥਨਾ
15-16 ਇਹੀ ਕਾਰਣ ਹੈ ਕਿ ਮੈਂ ਆਪਣੀਆਂ ਪ੍ਰਾਰਥਨਾ ਵਿੱਚ ਹਮੇਸ਼ਾ ਤੁਹਾਨੂੰ ਚੇਤੇ ਕਰਦਾ ਹਾਂ ਅਤੇ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਇਹ ਹਮੇਸ਼ਾ ਤੋਂ ਕੀਤਾ ਹੈ, ਜਦੋਂ ਤੋਂ ਮੈਂ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਲੋਕਾਂ ਲਈ ਤੁਹਾਡੇ ਪਿਆਰ ਬਾਰੇ ਸੁਣਿਆ। 17 ਮੈਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ, ਜੋ ਕਿ ਮਹਿਮਾਮਈ ਪਿਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਆਤਮਾ ਦੇਵੇ ਜਿਹੜਾ ਤੁਹਾਨੂੰ ਸਿਆਣਾ ਬਣਾਉਂਦਾ ਹੈ ਅਤੇ ਤੁਹਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ, ਜਿਸਤੋਂ ਉਸ ਨੇ ਤੁਹਾਨੂੰ ਜਾਣੂ ਕਰਾਇਆ ਹੈ।
18 ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਤੁਹਾਡੇ ਹਿਰਦਿਆਂ ਵਿੱਚ ਸਮਝਦਾਰੀ ਦੇ ਸੱਕੇ। ਫ਼ੇਰ ਤੁਸੀਂ ਉਸ ਉਮੀਦ ਬਾਰੇ ਜਾਣ ਲਵੋਂਗੇ ਜਿਸ ਨੂੰ ਰੱਖਣ ਲਈ ਸਾਨੂੰ ਚੁਣਿਆ ਗਿਆ ਹੈ। ਤੁਸੀਂ ਜਾਣ ਜਾਵੋਂਗੇ ਕਿ ਜਿਹੜੀਆਂ ਅਸੀਸਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੇਣ ਦਾ ਵਾਇਦਾ ਕੀਤਾ ਸੀ ਉਹ ਅਪਾਰ ਅਤੇ ਮਹਿਮਾਮਈ ਹਨ। 19 ਅਤੇ ਤੁਸੀਂ ਜਾਣ ਜਾਵੋਂਗੇ ਕਿ ਸਾਡੇ ਵਿਸ਼ਵਾਸੀਆਂ ਲਈ, ਪਰਮੇਸ਼ੁਰ ਦੀ ਸ਼ਕਤੀ ਬਹੁਤ ਮਹਾਨ ਹੈ। 20 ਇਹ ਮਹਾਨ ਸ਼ਕਤੀ ਉਹੀ ਹੈ ਜਿਹੜੀ ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਣ ਲਈ ਵਰਤੀ ਸੀ। ਪਰਮੇਸ਼ੁਰ ਨੇ ਮਸੀਹ ਨੂੰ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ। 21 ਪਰਮੇਸ਼ੁਰ ਨੇ ਮਸੀਹ ਨੂੰ, ਸਾਰੇ ਹਾਕਮਾਂ, ਅਧਿਕਾਰਾਂ, ਸ਼ਕਤੀਆਂ ਅਤੇ ਰਾਜਿਆਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾਇਆ। ਮਸੀਹ ਹਰ ਚੀਜ਼ ਨਾਲੋਂ ਵੀ ਵੱਧੇਰੇ ਸ਼ਕਤੀਸ਼ਾਲੀ ਹੈ ਜੋ ਵੀ ਇਸ ਦੁਨੀਆਂ ਵਿੱਚ ਜਾਂ ਭਵਿੱਖ ਦੀ ਦੁਨੀਆਂ ਵਿੱਚ ਤਾਕਤ ਰੱਖਦਾ ਹੈ। 22 ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਮਸੀਹ ਦੀ ਅਧੀਨਤਾ ਥੱਲੇ ਪਾ ਦਿੱਤੀਆਂ ਹਨ। ਅਤੇ ਪਰਮੇਸ਼ੁਰ ਨੇ ਉਸ ਨੂੰ ਕਲੀਸਿਯਾ ਦੀਆਂ ਸਮੁੱਚੀਆਂ ਚੀਜ਼ਾਂ ਦਾ ਮੁਖੀਆ ਤਾਇਨਾਤ ਕੀਤਾ ਹੈ। 23 ਕਲੀਸਿਯਾ ਮਸੀਹ ਦਾ ਸਰੀਰ ਹੈ। ਕਲੀਸਿਯਾ ਮਸੀਹ ਨਾਲ ਭਰਪੂਰ ਹੈ। ਉਹ ਹਰ ਢੰਗ ਨਾਲ ਸਾਰੀਆਂ ਚੀਜ਼ਾਂ ਸੰਪੂਰਣ ਬਨਾਉਂਦਾ ਹੈ।
ਮੌਤ ਤੋਂ ਜੀਵਨ ਵੱਲ
2 ਅਤੀਤ ਵਿੱਚ ਤੁਹਾਡਾ ਆਤਮਕ ਜੀਵਨ ਤੁਹਾਡੇ ਪਾਪ ਅਤੇ ਉਨ੍ਹਾਂ ਗੱਲਾਂ ਕਾਰਣ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਕੀਤੀਆਂ, ਮੁਰਦਾ ਸੀ। 2 ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜੀਵਨ ਬਤੀਤ ਕੀਤਾ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਤੁਸੀਂ ਸੰਸਾਰ ਵਿੱਚ ਬਦੀ ਦੀਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵੱਗਿਆਕਾਰੀ ਹਨ। 3 ਪਿੱਛਲੇ ਸਮਿਆਂ ਵਿੱਚ, ਅਸੀਂ ਸਾਰੇ ਉਸੇ ਤਰ੍ਹਾਂ ਰਹੇ ਜਿਵੇਂ ਉਹ ਲੋਕ ਰਹੇ। ਅਸੀਂ ਆਪਣੇ ਪਾਪੀ ਆਪਿਆਂ ਨੂੰ ਸੰਤੁਸ਼ਟ ਕਰ ਰਹੇ ਸਾਂ। ਅਸੀਂ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਸਾਡੇ ਤਨਾਂ ਅਤੇ ਮਨਾਂ ਨੇ ਕਰਨ ਦੀ ਇੱਛਾ ਕੀਤੀ। ਜਦੋਂ ਅਸੀਂ ਅਜਿਹੀ ਜ਼ਿੰਦਗੀ ਜਿਉਂ ਰਹੇ ਸਾਂ, ਅਸੀਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਨ ਵਾਲੇ ਸਾਂ ਕਿਉਂਕਿ ਅਸੀਂ ਦੁਸ਼ਟ ਲੋਕ ਸੀ। ਅਸੀਂ ਹੋਰਨਾਂ ਸਾਰੇ ਲੋਕਾਂ ਵਰਗੇ ਸਾਂ।
4 ਪਰ ਪਰਮੇਸ਼ੁਰ ਨੇ ਜਿਹੜਾ ਇੰਨਾ ਕਿਰਪਾਲੂ ਹੈ ਸਾਨੂੰ ਮਹਾਣ ਪਿਆਰ ਵਿਖਾਇਆ। 5 ਅਸੀਂ ਆਤਮਕ ਤੌਰ ਤੇ ਮਰ ਚੁੱਕੇ ਸਾਂ। ਅਸੀਂ ਉਨ੍ਹਾਂ ਗਲਤ ਗੱਲਾਂ ਕਾਰਣ ਮਾਰੇ ਹੋਏ ਸਾਂ ਜਿਹੜੀਆਂ ਅਸੀਂ ਪਰਮੇਸ਼ੁਰ ਦੇ ਖਿਲਾਫ਼ ਕਰਦੇ ਸਾਂ। ਪਰ ਪਰਮੇਸ਼ੁਰ ਨੇ ਸਾਨੂੰ ਮਸੀਹ ਨਾਲ ਇੱਕ ਨਵਾਂ ਜੀਵਨ ਦਿੱਤਾ। ਤੁਸੀਂ ਪਰਮੇਸ਼ੁਰ ਦੀ ਕਿਰਪਾ ਕਾਰਣ ਬਚਾਏ ਗਏ। 6 ਅਤੇ ਪਰਮੇਸ਼ੁਰ ਨੇ ਸਾਨੂੰ ਮਸੀਹ ਸਮੇਤ ਉੱਪਰ ਉੱਠਾਇਆ ਅਤੇ ਸਾਨੂੰ ਉਸ ਦੇ ਨਾਲ ਸਵਰਗੀ ਥਾਵਾਂ ਵਿੱਚ ਬਿਠਾਇਆ। ਪਰਮੇਸ਼ੁਰ ਨੇ ਇਹ ਸਭ ਕੁਝ ਸਾਡੇ ਲਈ ਕੀਤਾ ਜੋ ਮਸੀਹ ਯਿਸੂ ਵਿੱਚ ਹਨ। 7 ਪਰਮੇਸ਼ੁਰ ਨੇ ਇਹ ਆਉਣ ਵਾਲੇ ਜੁਗਾਂ ਵਿੱਚ ਆਪਣੀ ਕਿਰਪਾ ਦੀ ਮਹਾਨ ਅਮੀਰੀ ਵਿਖਾਉਣ ਲਈ ਕੀਤਾ। ਪਰਮੇਸ਼ੁਰ ਸਾਡੇ ਉੱਪਰ ਇਹ ਕਿਰਪਾ ਮਸੀਹ ਯਿਸੂ ਵਿੱਚ ਆਪਣੀ ਦਯਾਲਤਾ ਰਾਹੀਂ ਵਰਤਾਉਂਦਾ ਹੈ।
8 ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਨਿਹਚਾ ਰਾਹੀਂ ਪਰਮੇਸ਼ੁਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ। ਅਤੇ ਤੁਸੀਂ ਇਹ ਕਿਰਪਾ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ ਇਹ ਤਾਂ ਪਰਮੇਸ਼ੁਰ ਵੱਲੋਂ ਦਿੱਤੀ ਦਾਤ ਸੀ। 9 ਨਹੀਂ! ਤੁਸੀਂ ਆਪਣੇ ਉਨ੍ਹਾਂ ਕੰਮਾਂ ਰਾਹੀਂ ਨਹੀਂ ਬਚੇ ਜਿਹੜੇ ਤੁਸੀਂ ਕੀਤੇ ਹਨ। ਇਸ ਤਰੀਕੇ ਨਾਲ, ਕੋਈ ਵੀ ਵਿਅਕਤੀ ਘਮੰਡ ਨਹੀਂ ਕਰ ਸੱਕਦਾ ਕਿ ਉਸ ਨੇ ਖੁਦ ਨੂੰ ਬਚਾਇਆ। 10 ਪਰਮੇਸ਼ੁਰ ਨੇ ਸਾਨੂੰ ਉਵੇਂ ਬਣਾਇਆ ਹੈ ਜਿਵੇਂ ਦੇ ਅਸੀਂ ਹਾਂ। ਪਰਮੇਸ਼ੁਰ ਨੇ ਸਾਨੂੰ ਮਸੀਹ ਯਿਸੂ ਵਿੱਚ ਨਵੇਂ ਬਣਾਇਆ ਤਾਂ ਜੋ ਅਸੀਂ ਚੰਗੇ ਕੰਮ ਕਰਨ ਯੋਗ ਹੋ ਸੱਕੀਏ। ਪਰਮੇਸ਼ੁਰ ਨੇ ਪਹਿਲਾਂ ਹੀ ਇਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਦੀ ਯੋਜਨਾ ਸਾਡੇ ਲਈ ਤਿਆਰ ਕੀਤੀ ਹੋਈ ਹੈ। ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬਿਤਾਈਏ।
ਮਸੀਹ ਵਿੱਚ ਇੱਕਮਿਕ
11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।
14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
ਪੌਲੁਸ ਦਾ ਗੈਰ ਯਹੂਦੀਆਂ ਲਈ ਕਾਰਜ
3 ਇਉਂ, ਮੈਂ, ਪੌਲੁਸ, ਮਸੀਹ ਯਿਸੂ ਦਾ ਇੱਕ ਕੈਦੀ ਹਾਂ। ਮੈਂ ਤੁਹਾਡੇ ਲੋਕਾਂ ਲਈ, ਜਿਹੜੇ ਯਹੂਦੀ ਨਹੀਂ ਹਨ, ਇੱਕ ਕੈਦੀ ਹਾਂ। 2 ਤੁਹਾਨੂੰ ਨਿਸ਼ਚਿਤ ਹੀ ਪਤਾ ਹੈ ਕਿ ਮੈਨੂੰ ਇਹ ਕੰਮ ਪਰਮੇਸ਼ੁਰ ਦੀ ਕਿਰਪਾ ਦੁਆਰਾ ਦਿੱਤਾ ਗਿਆ ਸੀ। ਪਰਮੇਸ਼ੁਰ ਨੇ ਮੈਨੂੰ ਇਹ ਕੰਮ ਤੁਹਾਡੀ ਸਹਾਇਤਾ ਕਰਨ ਲਈ ਸੌਂਪਿਆ ਸੀ। 3 ਪਰਮੇਸ਼ੁਰ ਨੇ ਆਪਣੀ ਗੁਪਤ ਯੋਜਨਾ ਮੇਰੇ ਤੇ ਪਰਗਟ ਕੀਤੀ। ਉਸ ਨੇ ਮੈਨੂੰ ਇਹ ਦਰਸਾ ਦਿੱਤਾ। ਇਸ ਬਾਰੇ ਮੈਂ ਪਹਿਲਾਂ ਵੀ ਕੁਝ ਲਿਖ ਚੁੱਕਿਆ ਹਾਂ। 4 ਅਤੇ ਜੇਕਰ ਤੁਸੀਂ ਮੇਰੀਆਂ ਲਿਖਤਾਂ ਪੜ੍ਹੋ, ਤੁਸੀਂ ਜਾਣ ਜਾਵੋਂਗੇ ਕਿ ਸੱਚਮੁੱਚ ਮੈਂ ਮਸੀਹ ਬਾਰੇ ਸੱਚ ਨੂੰ ਸਮਝਦਾ ਹਾਂ। 5 ਹੋਰਨਾਂ ਸਮਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਗੁਪਤ ਸੱਚਾਈ ਬਾਰੇ ਨਹੀਂ ਦੱਸਿਆ ਗਿਆ ਸੀ। ਪਰ ਹੁਣ ਪਵਿੱਤਰ ਆਤਮਾ ਦੇ ਰਾਹੀਂ, ਪਰਮੇਸ਼ੁਰ ਨੇ ਇਹ ਗੁਪਤ ਸੱਚ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਤੇ ਪ੍ਰਗਟ ਕੀਤਾ ਹੈ। 6 ਗੁਪਤ ਸੱਚ ਇਹ ਹੈ ਕਿ ਗੈਰ ਯਹੂਦੀ ਵੀ ਉਹ ਚੀਜ਼ਾਂ ਨੂੰ ਪ੍ਰਾਪਤ ਕਰਨਗੇ ਜੋ ਪਰਮੇਸ਼ੁਰ ਕੋਲ ਉਸ ਦੇ ਆਪਣੇ ਲੋਕਾਂ ਲਈ ਹਨ। ਗੈਰ ਯਹੂਦੀ ਅਤੇ ਯਹੂਦੀ ਇਕੱਠੇ ਇੱਕੋ ਸਰੀਰ ਨਾਲ ਸੰਬੰਧਿਤ ਹਨ। ਅਤੇ ਉਹ ਇਕੱਠੇ ਪਰਮੇਸ਼ੁਰ ਦੇ ਯਿਸੂ ਵਿੱਚ ਦਿੱਤੇ ਵਾਇਦੇ ਨੂੰ ਸਾਂਝਾ ਕਰਦੇ ਹਨ। ਗੈਰ ਯਹੂਦੀਆਂ ਕੋਲ ਇਹ ਸਭ ਚੀਜ਼ਾਂ ਖੁਸ਼ਖਬਰੀ ਦੇ ਕਾਰਣ ਹਨ।
7 ਪਰਮੇਸ਼ੁਰ ਦੀ ਕਿਰਪਾ ਦੀ ਦਾਤ ਕਾਰਣ ਮੈਂ ਖੁਸ਼ਖਬਰੀ ਬਾਰੇ ਦੱਸਣ ਵਾਲਾ ਸੇਵਕ ਬਣ ਗਿਆ ਹਾਂ। ਪਰਮੇਸ਼ੁਰ ਨੇ ਆਪਣੀ ਸ਼ਕਤੀ ਰਾਹੀਂ ਕਿਰਪਾ ਦਿੱਤੀ। 8 ਮੈਂ ਪਰਮੇਸ਼ੁਰ ਦੇ ਸਮੂਹ ਲੋਕਾਂ ਵਿੱਚੋਂ ਸਭ ਤੋਂ ਘੱਟ ਮਹੱਤਵਪੂਰਣ ਹਾਂ। ਪਰਮੇਸ਼ੁਰ ਨੇ ਮੈਨੂੰ ਗੈਰ ਯਹੂਦੀਆਂ ਨੂੰ ਮਸੀਹ ਵਿੱਚ ਅਮੀਰੀ ਬਾਰੇ ਖੁਸ਼ਖਬਰੀ ਦੇਣ ਦੀ ਦਾਤ ਦਿੱਤੀ। ਇਹ ਅਮੀਰੀ ਸਾਡੀ ਸਮਝ ਵਿੱਚ ਆਉਣ ਤੋਂ ਬਾਹਰ ਹੈ। 9 ਅਤੇ ਪਰਮੇਸ਼ੁਰ ਨੇ ਮੈਨੂੰ ਸਮੂਹ ਲੋਕਾਂ ਨੂੰ ਆਪਣੇ ਗੁਪਤ ਸੱਚ ਦੀ ਯੋਜਨਾ ਦੱਸਣ ਦਾ ਕੰਮ ਦਿੱਤਾ। ਇਹ ਗੁਪਤ ਸੱਚ ਆਦਿਕਾਲ ਤੋਂ ਪਰਮੇਸ਼ੁਰ ਵਿੱਚ ਛੁਪਿਆ ਹੋਇਆ ਸੀ। ਇਹ ਪਰਮੇਸ਼ੁਰ ਹੀ ਹੈ ਜਿਸਨੇ ਹਰ ਸ਼ੈਅ ਦੀ ਸਿਰਜਣਾ ਕੀਤੀ ਹੈ। 10 ਪਰਮੇਸ਼ੁਰ ਦਾ ਮਨੋਰਥ ਸੀ ਕਿ ਸਮੂਹ ਹਾਕਮਾਂ ਅਤੇ ਸਵਰਗੀ ਥਾਵਾਂ ਦੇ ਅਧਿਕਾਰਾਂ ਨੂੰ ਵੱਖ-ਵੱਖ ਰਾਹਾਂ ਦਾ ਪਤਾ ਹੋਣਾ ਚਾਹੀਦਾ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੀ ਸਿਆਣਪ ਵਿਖਾਉਂਦਾ ਹੈ। ਉਹ ਇਸ ਨੂੰ ਕਲੀਸਿਯਾ ਦੇ ਕਾਰਣ ਜਾਨਣਗੇ। 11 ਇਹ ਉਹ ਯੋਜਨਾ ਸੀ ਜੋ ਪਰਮੇਸ਼ੁਰ ਨੇ ਆਦਿਕਾਲ ਤੋਂ ਬਣਾਈ ਸੀ। ਪਰਮੇਸ਼ੁਰ ਨੇ ਆਪਣੀ ਯੋਜਨਾ ਅਨੁਸਾਰ ਹੀ ਕੀਤਾ ਜਿਹੜੀ ਉਸ ਨੇ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਬਣਾਈ ਸੀ। 12 ਮਸੀਹ ਵਿੱਚ, ਅਸੀਂ ਅਜ਼ਾਦੀ ਨਾਲ ਪਰਮੇਸ਼ੁਰ ਸਾਹਮਣੇ ਨਿਰਭੈ ਹੋਕੇ ਆ ਸੱਕਦੇ ਹਾਂ। ਇਹ ਗੱਲ ਅਸੀਂ ਮਸੀਹ ਵਿੱਚ ਆਪਣੇ ਵਿਸ਼ਵਾਸ ਰਾਹੀਂ ਕਰ ਸੱਕਦੇ ਹਾਂ। 13 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹਾੜੇ ਦੁੱਖ ਮੈਂ ਤੁਹਾਡੀ ਖਾਤਰ ਸਹਾਰ ਰਿਹਾ ਹਾਂ ਉਨ੍ਹਾਂ ਕਾਰਣ ਹੌਂਸਲਾ ਨਾ ਗੁਆਓ। ਮੇਰੀਆਂ ਤਕਲੀਫ਼ਾਂ ਤੁਹਾਡੇ ਲਈ ਸਤਿਕਾਰ ਲਿਆਉਂਦੀਆਂ ਹਨ।
ਮਸੀਹ ਦਾ ਪਿਆਰ
14 ਇਸ ਲਈ ਮੈਂ ਪ੍ਰਾਰਥਨਾ ਵਿੱਚ ਪਿਤਾ ਅੱਗੇ ਝੁਕਦਾ ਹਾਂ। 15 ਧਰਤੀ ਅਤੇ ਸਵਰਗ ਉੱਤੇ ਹਰ ਪਰਿਵਾਰ ਆਪਣਾ ਅਸਲੀ ਨਾਮ ਉਸਤੋਂ ਪ੍ਰਾਪਤ ਕਰਦਾ ਹੈ। 16 ਮੈਂ ਪਿਤਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣੀ ਅਸੀਮ ਮਹਿਮਾ ਦੁਆਰਾ ਤੁਹਾਨੂੰ ਤੁਹਾਡੇ ਆਤਮਿਆਂ ਵਿੱਚ ਮਜਬੂਤ ਹੋਣ ਲਈ ਸ਼ਕਤੀ ਦੇਵੇ। ਉਹ ਤੁਹਾਨੂੰ ਇਹ ਤਾਕਤ ਆਪਣੇ ਆਤਮਾ ਰਾਹੀਂ ਦੇਵੇਗਾ। 17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵਿਸ਼ਵਾਸ ਰਾਹੀਂ ਮਸੀਹ ਤੁਹਾਡੇ ਦਿਲਾਂ ਵਿੱਚ ਰਹੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਜੀਵਨ ਜੋੜਿਆ ਜਾਵੇ ਅਤੇ ਪ੍ਰੇਮ ਉੱਪਰ ਉਸਾਰਿਆ ਜਾਵੇ। 18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕ ਮਸੀਹ ਦੇ ਪ੍ਰੇਮ ਦੀ ਮਹਾਨਤਾ ਨੂੰ ਸਮਝ ਸੱਕਣ ਦੀ ਸ਼ਕਤੀ ਰੱਖੋਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹ ਸਮਝ ਸੱਕੋ ਕਿ ਇਹ ਪਿਆਰ ਕਿੰਨਾ ਲੰਮਾ, ਕਿੰਨਾ ਵਿਸ਼ਾਲ ਕਿੰਨਾ ਉੱਚਾ ਅਤੇ ਕਿੰਨਾ ਗਹਿਰਾ ਹੈ। 19 ਮਸੀਹ ਦਾ ਪਿਆਰ ਕਿਸੇ ਵੀ ਵਿਅਕਤੀ ਦੇ ਗਿਆਨ ਦੀ ਸੰਭਾਵਨਾ ਨਾਲੋਂ ਕਿਤੇ ਸਮਰਥ ਨਾਲੋਂ ਵਡੇਰਾ ਹੈ। ਪਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਸ ਨੂੰ ਜਾਨਣ ਵਿੱਚ ਸਮਰਥ ਹੋਵੋਂ। ਤਾਂ ਤੁਸੀਂ ਪਰਮੇਸ਼ੁਰ ਦੀ ਭਰਪੂਰਤਾ ਨਾਲ ਭਰੇ ਜਾ ਸੱਕੋਂਗੇ।
20 ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵੱਧੇਰੇ ਜ਼ਿਆਦਾ ਕਰ ਸੱਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸੱਕਦੇ ਹਾਂ ਜਾਂ ਉਸ ਬਾਰੇ ਸੋਚ ਸੱਕਦੇ ਹਾਂ। 21 ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ।
2010 by World Bible Translation Center