Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਗਲਾਤੀਆਂ ਨੂੰ 4-6

ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, “ਜਦੋਂ ਤੱਕ ਇੱਕ ਵਾਰਸ ਨਾਬਾਲਗ ਹੁੰਦਾ ਹੈ ਉਹ ਗੁਲਾਮ ਨਾਲੋਂ ਬਹੁਤਾ ਵੱਖਰਾ ਨਹੀਂ ਹੁੰਦਾ। ਜੇਕਰ ਵਾਰਸ ਹਰ ਚੀਜ਼ ਦਾ ਮਾਲਕ ਬਣ ਜਾਂਦਾ ਹੈ ਤਾਂ ਵੀ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਕਿਉਂ? ਕਿਉਂ ਕਿ ਉਸ ਦੇ ਬਚਪਨੇ ਵੇਲੇ, ਉਸ ਨੂੰ ਆਪਣੀ ਦੇਖ ਭਾਲ ਕਰਨ ਵਾਲਿਆਂ ਦੇ ਆਦੇਸ਼ ਨੂੰ ਮੰਨਣਾ ਪੈਂਦਾ ਹੈ। ਪਰ ਜਦੋਂ ਉਹ ਆਪਣੇ ਪਿਤਾ ਦੁਆਰਾ ਨਿਰਧਾਰਿਤ ਉਮਰ ਵਿੱਚ ਪਹੁੰਚਦਾ ਹੈ, ਉਹ ਆਜ਼ਾਦ ਹੋ ਜਾਂਦਾ ਹੈ। ਸਾਡੇ ਨਾਲ ਵੀ ਇਵੇਂ ਹੀ ਹੈ। ਅਸੀਂ ਵੀ ਕਦੇ ਬੱਚਿਆਂ ਵਰਗੇ ਸਾਂ। ਅਸੀਂ ਇਸ ਦੁਨੀਆਂ ਦੇ ਵਿਅਰਥ ਰਿਵਾਜ਼ਾਂ ਦੇ ਗੁਲਾਮ ਸਾਂ। ਪਰ ਜਦੋਂ ਠੀਕ ਸਮਾਂ ਆਇਆ ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲ ਦਿੱਤਾ। ਪਰਮੇਸ਼ੁਰ ਦਾ ਪੁੱਤਰ ਇੱਕ ਔਰਤ ਤੋਂ ਜੰਮਿਆ ਸੀ। ਪਰਮੇਸ਼ੁਰ ਦਾ ਪੁੱਤਰ ਨੇਮ ਦੇ ਨਿਯੰਤ੍ਰਣ ਹੇਠ ਜੰਮਿਆਂ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਨੇਮ ਦੇ ਅਧੀਨ ਰਹਿ ਰਹੇ ਲੋਕਾਂ ਲਈ ਆਜ਼ਾਦੀ ਲਿਆ ਸੱਕੇ ਪਰਮੇਸ਼ੁਰ ਦਾ ਮੰਤਵ ਸਾਨੂੰ ਆਪਣੇ ਬੱਚੇ ਬਨਾਉਣਾ ਸੀ।

ਤੁਸੀਂ ਪਰਮੇਸ਼ੁਰ ਦੇ ਬੱਚੇ ਹੋ ਉਸੇ ਲਈ ਪਰਮੇਸ਼ੁਰ ਨੇ ਸਾਡੇ ਹਿਰਦਿਆਂ ਵਿੱਚ ਆਪਣੇ ਪੁੱਤਰ ਦੇ ਆਤਮਾ ਨੂੰ ਘੱਲਿਆ। ਆਤਮਾ ਕੁਰਲਾਉਂਦਾ ਹੈ, “ਅੱਬਾ, ਪਿਆਰੇ ਪਿਤਾ।” ਇਸ ਲਈ ਤੁਸੀਂ ਹੁਣ ਅਤੀਤ ਦੀ ਤਰ੍ਹਾਂ ਗੁਲਾਮ ਨਹੀਂ ਹੋ। ਤੁਸੀਂ ਪਰਮੇਸ਼ੁਰ ਦੇ ਬੱਚੇ ਹੋ। ਪਰਮੇਸ਼ੁਰ ਤੁਹਾਨੂੰ ਉਹ ਚੀਜ਼ਾਂ ਦੇਵੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ। ਕਿਉਂ ਕਿ ਤੁਸੀਂ ਉਸ ਦੇ ਬੱਚੇ ਹੋ।

ਗਲਾਤੀ ਮਸੀਹੀਆਂ ਲਈ ਪੌਲੁਸ ਦਾ ਪ੍ਰੇਮ

ਅਤੀਤ ਵਿੱਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਸੀ ਜਾਣਦੇ। ਤੁਸੀਂ ਉਨ੍ਹਾਂ ਦੇਵਤਿਆਂ ਦੇ ਗੁਲਾਮ ਸੀ ਜਿਹੜੇ ਵਾਸਤਵਿਕ ਨਹੀਂ ਸਨ। ਪਰ ਹੁਣ ਤੁਸੀਂ ਅਸਲੀ ਪਰਮੇਸ਼ੁਰ ਨੂੰ ਜਾਣਦੇ ਹੋ। ਇਹ ਸੱਚਮੁੱਚ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਜਾਣਦਾ ਹੈ। ਇਸ ਲਈ ਅਜਿਹਾ ਕਿਉਂ ਹੈ ਕਿ ਤੁਸੀਂ ਉਨ੍ਹਾਂ ਨਿਤਾਣੇ ਅਤੇ ਫ਼ਜ਼ੂਲ ਨੇਮਾਂ ਵੱਲ ਵਾਪਸ ਜਾਂਦੇ ਹੋ ਜਿਨ੍ਹਾਂ ਦਾ ਅਨੁਸਰਣ ਤੁਸੀਂ ਮੁੱਢ ਵਿੱਚ ਕੀਤਾ ਸੀ? ਕੀ ਤੁਸੀਂ ਹੁਣ ਫ਼ੇਰ ਉਨ੍ਹਾਂ ਚੀਜ਼ਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ? 10 ਤੁਸੀਂ ਹਾਲੇ ਵੀ ਖਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਹੱਤਤਾ ਦਿੰਦੇ ਹੋ। 11 ਮੈਂ ਤੁਹਾਥੋਂ ਇਸ ਲਈ ਡਰਦਾ ਹਾਂ। ਮੈਨੂੰ ਡਰ ਹੈ ਤੁਹਾਡੇ ਲਈ ਮੇਰਾ ਕਾਰਜ ਜ਼ਾਇਆ ਹੋ ਗਿਆ ਹੈ।

12 ਭਰਾਵੋ ਅਤੇ ਭੈਣੋ ਮੈਂ ਵੀ ਤੁਹਾਡੇ ਵਰਗਾ ਹੀ ਸਾਂ; ਇਸ ਲਈ ਕਿਰਪਾ ਕਰਕੇ ਮੇਰੇ ਵਰਗੇ ਬਣ ਜਾਵੋ। ਤੁਸੀਂ ਪਹਿਲਾਂ ਮੇਰੇ ਉੱਪਰ ਬਹੁਤ ਮਿਹਰਬਾਨ ਸੀ। 13 ਤੁਸੀਂ ਜਾਣਦੇ ਹੋ ਮੈਂ ਪਹਿਲੀ ਬਾਰ ਤੁਹਾਡੇ ਕੋਲ ਕਿਉਂ ਆਇਆ ਸਾਂ। ਇਹ ਇਸ ਲਈ ਸੀ ਕਿ ਮੈਂ ਬਿਮਾਰ ਸਾਂ। ਇਹ ਉਦੋਂ ਸੀ ਜਦੋਂ, ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। 14 ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚੱਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ। 15 ਉਦੋਂ ਤੁਸੀਂ ਬਹੁਤ ਖੁਸ਼ ਸੀ ਉਹ ਖੁਸ਼ੀ ਹੁਣ ਕਿੱਥੇ ਹੈ? ਮੈਨੂੰ ਯਾਦ ਹੈ ਕਿ ਤੁਸੀਂ ਮੇਰੀ ਸਹਾਇਤਾ ਲਈ ਹਰ ਸੰਭਵ ਜਤਨ ਕਰਨਾ ਚਾਹੁੰਦੇ ਸੀ। ਜੇਕਰ ਸੰਭਵ ਹੁੰਦਾ ਤਾਂ ਤੁਸੀਂ ਆਪਣੀਆਂ ਅੱਖਾਂ ਬਾਹਰ ਖਿੰਚ ਲੈਂਦੇ ਅਤੇ ਉਨ੍ਹਾਂ ਨੂੰ ਮੈਨੂੰ ਦੇ ਦਿੰਦੇ। 16 ਕੀ ਹੁਣ ਮੈਂ ਤੁਹਾਡਾ ਦੁਸ਼ਮਣ ਹਾਂ ਕਿਉਂ ਕਿ ਮੈਂ ਤੁਹਾਨੂੰ ਸੱਚ ਆਖਦਾ ਰਿਹਾਂ।

17 ਉਹੀ ਲੋਕੀਂ ਤੁਹਾਨੂੰ ਉਤੇਜਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦਾ ਮੰਤਵ ਠੀਕ ਨਹੀਂ ਹੈ। ਉਹ ਲੋਕੀ ਤੁਹਾਨੂੰ ਸਾਡੇ ਵਿਰੁੱਧ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਕੇਵਲ ਉਨ੍ਹਾਂ ਦਾ ਹੀ ਅਨੁਸਰਣ ਕਰੋ ਨਾ ਕਿ ਹੋਰਾਂ ਦਾ। 18 ਲੋਕਾਂ ਲਈ ਤੁਹਾਡੇ ਅੰਦਰ ਦਿਲਚਸਪੀ ਦਰਸ਼ਾਉਣਾ ਚੰਗੀ ਗੱਲ ਹੈ। ਪਰ ਉਦੋਂ ਹੀ ਜਦੋਂ ਉਨ੍ਹਾਂ ਦਾ ਮੰਤਵ ਚੰਗਾ ਹੋਵੇ। ਇਹ ਗੱਲ ਹਮੇਸ਼ਾ ਸੱਚੀ ਹੈ। ਇਹ ਉਦੋਂ ਵੀ ਸੱਚੀ ਹੈ ਜਦੋਂ ਕਿ ਮੈਂ ਤੁਹਾਡੇ ਨਾਲ ਹਾਂ ਅਤੇ ਉਦੋਂ ਵੀ ਜਦੋਂ ਮੈਂ ਤੁਹਾਡੇ ਕੋਲੋਂ ਦੂਰ ਹੁੰਦਾ ਹਾਂ। 19 ਮੇਰੇ ਬੱਚਿਓ, ਇੱਕ ਵਾਰੀ ਫ਼ੇਰ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦਾ ਦੁੱਖ ਮਹਿਸੂਸ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਕੋਈ ਜਨਣੀ ਬੱਚੇ ਦੇ ਜਨਮ ਸਮੇਂ ਅਨੁਭਵ ਕਰਦੀ ਹੈ। ਅਜਿਹਾ ਮੈਂ ਉਦੋਂ ਤੱਕ ਮਹਿਸੂਸ ਕਰਦਾ ਰਹਾਂਗਾ ਜਦੋਂ ਤੱਕ ਕਿ ਤੁਸੀਂ ਸੱਚਮੁੱਚ ਮਸੀਹ ਵਾਂਗ ਨਹੀਂ ਬਣ ਜਾਂਦੇ। 20 ਮੈਂ ਕਾਮਨਾ ਕਰਦਾ ਹਾਂ ਕਿ ਹੁਣ ਤੁਹਾਡੇ ਨਾਲ ਹੋ ਸੱਕਾਂ। ਜੇਕਰ ਮੈਂ ਤੁਹਾਡੇ ਨਜ਼ਦੀਕ ਹੁੰਦਾ ਉਦੋਂ ਸ਼ਾਇਦ ਮੈਂ ਤੁਹਾਡੇ ਨਾਲ ਗੱਲ ਬਾਤ ਕਰਨ ਦਾ ਆਪਣਾ ਢੰਗ ਤਬਦੀਲ ਕਰ ਲੈਂਦਾ। ਹੁਣ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਡੇ ਨਾਲ ਕੀ ਕਰਾਂ।

ਹਾਜਰਾ ਅਤੇ ਸਾਰਾਹ ਦੀ ਮਿਸਾਲ

21 ਤੁਹਾਡੇ ਵਿੱਚੋਂ ਕੁਝ ਲੋਕ ਹਾਲੇ ਵੀ ਮੂਸਾ ਦੇ ਨੇਮ ਦੇ ਅਧੀਨ ਹੋਣਾ ਲੋਚਦੇ ਹਨ। ਮੈਨੂੰ ਦੱਸੋ ਕਿ ਨੇਮ ਕੀ ਆਖ਼ਦਾ ਹੈ? 22 ਪੋਥੀਆਂ ਦੱਸਦੀਆਂ ਹਨ ਕਿ ਅਬਰਾਹਾਮ ਦੇ ਦੋ ਪੁੱਤਰ ਸਨ। ਇੱਕ ਪੁੱਤਰ ਦੀ ਮਾਂ ਗੁਲਾਮ ਔਰਤ ਸੀ। ਦੂਸਰੇ ਪੁੱਤਰ ਦੀ ਮਾਂ ਆਜ਼ਾਦ ਔਰਤ ਸੀ। 23 ਅਬਰਾਹਾਮ ਦਾ ਗੁਲਾਮ ਔਰਤ ਤੋਂ ਜਨਮਿਆਂ ਪੁੱਤਰ, ਆਮ ਇਨਸਾਨੀ ਢੰਗ ਵਿੱਚ ਜਨਮਿਆਂ ਸੀ। ਪਰ ਆਜ਼ਾਦ ਔਰਤ ਤੋਂ ਜਨਮਿਆ ਪੁੱਤਰ ਉਸ ਵਾਇਦੇ ਕਾਰਣ ਜਨਮਿਆ ਸੀ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ।

24 ਇਹ ਸੱਚੀ ਕਹਾਣੀ ਸਾਡੇ ਲਈ ਇੱਕ ਤਸਵੀਰ ਬਣਾਉਂਦੀ ਹੈ। ਦੋਵੇਂ ਔਰਤਾਂ ਪਰਮੇਸ਼ੁਰ ਅਤੇ ਮਨੁੱਖਾਂ ਵਿੱਚਕਾਰ ਕੀਤੇ ਗਏ ਦੋ ਕਰਾਰ ਵਾਂਗ ਹਨ। ਇੱਕ ਕਰਾਰ ਸੀਨਾਈ ਪਰਬਤ ਉੱਤੇ ਕੀਤਾ ਗਿਆ ਹੈ। ਜਿਹੜੇ ਲੋਕ ਇਸ ਕਰਾਰ ਦੇ ਅਧੀਨ ਹਨ ਉਹ ਗੁਲਾਮਾਂ ਵਰਗੇ ਹਨ। ਹਾਜਰਾ ਨਾਮੇ ਮਾਂ ਉਸ ਕਰਾਰ ਵਰਗੀ ਹੈ। 25 ਇਸੇ ਲਈ ਹਾਜਰਾ ਅਰਬ ਵਿੱਚ ਸੀਨਾਈ ਪਰਬਤ ਵਰਗੀ ਹੈ। ਹਾਜਰਾ ਮੌਜੂਦ ਯਰੂਸ਼ਲਮ ਸ਼ਹਿਰ ਦੀ ਤਸਵੀਰ ਹੈ। ਇਹ ਸ਼ਹਿਰ ਇੱਕ ਗੁਲਾਮ ਹੈ, ਅਤੇ ਇਸ ਵਿੱਚਲੇ ਸਾਰੇ ਵਸਨੀਕ ਨੇਮ ਦੇ ਗੁਲਾਮ ਹਨ। 26 ਪਰ ਸੁਰਗੀ ਯਰੂਸ਼ਲਮ ਉਸ ਆਜ਼ਾਦ ਔਰਤ ਵਰਗਾ ਹੈ। ਇਹ ਸਾਡੀ ਮਾਂ ਹੈ। 27 ਪੋਥੀਆਂ ਵਿੱਚ ਇਉਂ ਲਿਖਿਆ ਹੈ;

“ਖੁਸ਼ ਹੋ, ਬਾਂਝ ਔਰਤ।
    ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ।
ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ,
    ਅਨੰਦ ਨਾਲ ਚੀਕ ਅਤੇ ਰੌਲਾ ਪਾ!
ਜਿਹੜੀ ਔਰਤ ਤਿਆਗੀ ਹੋਈ ਹੈ ਉਸ ਨੂੰ ਉਸ
    ਔਰਤ ਨਾਲੋਂ ਵੱਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।” (A)

28-29 ਅਬਰਾਹਾਮ ਦਾ ਇੱਕ ਪੁੱਤਰ ਆਮ ਇਨਸਾਨੀ ਢੰਗ ਵਿੱਚ ਜਨਮਿਆ ਸੀ। ਅਬਰਾਹਾਮ ਦਾ ਦੂਸਰਾ ਪੁੱਤਰ, ਇਸਹਾਕ, ਪਰਮੇਸ਼ੁਰ ਦੇ ਵਾਇਦੇ ਕਾਰਣ ਆਤਮਾ ਦੀ ਸ਼ਕਤੀ ਨਾਲ ਜਨਮਿਆ ਸੀ। ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਇਸਹਾਕ ਦੀ ਤਰ੍ਹਾਂ ਵਾਇਦੇ ਤੋਂ ਜਨਮੇ ਬੱਚੇ ਹੋ। ਆਮ ਇਨਸਾਨੀ ਢੰਗ ਵਿੱਚ ਜਨਮੇ ਪੁੱਤਰ ਨੇ ਦੂਸਰੇ ਪੁੱਤਰ ਨਾਲ ਬੁਰਾ ਵਿਵਹਾਰ ਕੀਤਾ। ਅੱਜ ਵੀ ਇਵੇਂ ਹੀ ਹੈ। 30 ਪਰ ਪੋਥੀ ਕੀ ਆਖਦੀ ਹੈ? “ਗੁਲਾਮ ਔਰਤ ਨੂੰ ਅਤੇ ਉਸ ਦੇ ਪੁੱਤਰ ਨੂੰ ਬਾਹਰ ਕੱਢ ਦੇਹ। ਆਜ਼ਾਦ ਔਰਤ ਦਾ ਪੁੱਤਰ ਉਸ ਹਰ ਚੀਜ਼ ਨੂੰ ਪ੍ਰਾਪਤ ਕਰੇਗਾ ਜਿਹੜੀ ਉਸ ਦੇ ਪਿਤਾ ਦੀ ਹੈ।” [a] 31 ਪਰ ਗੁਲਾਮ ਔਰਤ ਦਾ ਪੁੱਤਰ ਕੁਝ ਵੀ ਹਾਸਿਲ ਨਹੀਂ ਕਰੇਗਾ। ਇਸ ਲਈ ਮੇਰੇ ਭਰਾਵੋ ਅਤੇ ਭੈਣੋ ਅਸੀਂ ਗੁਲਾਮ ਔਰਤ ਦੇ ਬੱਚੇ ਨਹੀਂ ਹਾਂ। ਅਸੀਂ ਆਜ਼ਾਦ ਔਰਤ ਦੇ ਬੱਚੇ ਹਾਂ।

ਆਪਣੀ ਆਜ਼ਾਦੀ ਆਪਣੇ ਕੋਲ ਰੱਖੋ

ਹੁਣ ਤੁਸੀਂ ਆਜ਼ਾਦ ਹੋ। ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ। ਇਸ ਲਈ ਮਜਬੂਤੀ ਨਾਲ ਖਲੋਵੋ। ਬਦਲੋ ਨਾ ਅਤੇ ਮੁੜ ਕੇ ਨੇਮ ਦੀ ਗੁਲਾਮੀ ਵੱਲ ਨਾ ਪਰਤੋ। ਸੁਣੋ ਮੈਂ ਪੌਲੁਸ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਨੇਮ ਵੱਲ ਵਾਪਸ ਜਾਵੋ ਅਤੇ ਸੁੰਨਤੀਏ ਹੋ ਜਾਵੋ ਤਾਂ ਮਸੀਹ ਦਾ ਤੁਹਾਡੇ ਲਈ ਹੋਰ ਵੱਧੇਰੇ ਕੋਈ ਨਫ਼ਾ ਨਹੀਂ। ਇੱਕ ਵਾਰੀ ਫ਼ੇਰ, ਮੈਂ ਹਰ ਮਨੁੱਖ ਨੂੰ ਚਿਤਾਵਨੀ ਦਿੰਦਾ ਹਾਂ; ਜੇ ਤੁਸੀਂ ਆਪਣੀ ਸੁੰਨਤ ਕਰਨ ਦਿਉਂਗੇ ਤਾਂ ਤੁਹਾਨੂੰ ਮੂਸਾ ਦੇ ਸਾਰੇ ਨੇਮਾਂ ਦਾ ਪਾਲਣ ਕਰਨਾ ਪਵੇਗਾ। ਜੇ ਤੁਸੀਂ ਸ਼ਰ੍ਹਾ ਰਾਹੀਂ ਧਰਮੀ ਹੋਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਮਸੀਹ ਨਾਲ ਜੀਵਨ ਅੰਤ ਤੇ ਆ ਪੁਜਿਆ ਹੈ। ਤੁਸੀਂ ਪਰਮੇਸ਼ੁਰ ਦੀ ਕਿਰਪਾ ਤੋਂ ਡਿੱਗ ਚੁੱਕੇ ਹੋ। ਅਸੀਂ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਤੇ ਅਸੀਂ ਆਤਮਾ ਰਾਹੀਂ ਸਾਨੂੰ ਦਿੱਤੀ ਜਾਣ ਵਾਲੀ ਉਸ ਉਮੀਦ ਦਾ ਇੰਤਜ਼ਾਰ ਕਰ ਰਹੇ ਹਾਂ। ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਵਿਸ਼ਵਾਸ ਦੀ ਹੈ ਜਿਹੜੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ।

ਤੁਸੀਂ ਬੜੀ ਚੰਗੀ ਦੌੜ, ਦੌੜ ਰਹੇ ਸੀ। ਤੁਸੀਂ ਸੱਚ ਦੀ ਪਾਲਣਾ ਕਰ ਰਹੇ ਸੀ। ਕਿਸਨੇ ਤੁਹਾਨੂੰ ਸੱਚ ਦੇ ਮਾਰਗ ਦਾ ਅਨੁਸਰਣ ਕਰਨ ਤੋਂ ਰੋਕਿਆ? ਇਸ ਤਰ੍ਹਾਂ ਦੀ ਪ੍ਰੇਰਣਾ ਉਸ ਇੱਕ ਵੱਲੋਂ ਨਹੀਂ ਆਉਂਦੀ ਜਿਸਨੇ ਤੁਹਾਨੂੰ ਚੁਣਿਆ ਹੈ। ਹੁਸ਼ਿਆਰ ਰਹੋ। “ਬੱਸ ਥੋੜਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਉਭਾਰ ਦਿੰਦਾ ਹੈ।” 10 ਮੈਨੂੰ ਪ੍ਰਭੂ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਉਨ੍ਹਾਂ ਵੱਖਰੇ ਵਿੱਚਾਰਾਂ ਉੱਤੇ ਵਿਸ਼ਵਾਸ ਨਹੀਂ ਕਰੋਂਗੇ। ਕੋਈ ਤੁਹਾਨੂੰ ਉਲਝਾ ਰਿਹਾ ਹੈ। ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ ਸਜ਼ਾ ਪਾਵੇਗਾ।

11 ਮੇਰੇ ਭਰਾਵੋ ਅਤੇ ਭੈਣੋ ਮੈਂ ਇਹ ਸਿੱਖਿਆ ਨਹੀਂ ਦਿੰਦਾ ਕਿ ਲੋਕਾਂ ਦੀ ਸੁੰਨਤ ਜਰੂਰ ਹੋਣੀ ਚਾਹੀਦੀ ਹੈ। ਜੇ ਮੈਂ ਹਾਲੇ ਵੀ ਸੁੰਨਤ ਬਾਰੇ ਪ੍ਰਚਾਰ ਕਰਾਂ ਤਾਂ ਮੈਨੂੰ ਹਾਲੇ ਵੀ ਦੰਡ ਕਿਉਂ ਦਿੱਤੇ ਜਾ ਰਹੇ ਹਨ? ਜੇਕਰ ਇਹ ਸੱਚ ਹੁੰਦਾ, ਫ਼ੇਰ ਸਲੀਬ ਬਾਰੇ ਮੇਰੇ ਪ੍ਰਚਾਰ ਤੋਂ ਕੋਈ ਵੀ ਸਮੱਸਿਆ ਪੈਦਾ ਨਾ ਹੋਈ ਹੁੰਦੀ। 12 ਮੇਰੀ ਖਾਹਿਸ਼ ਹੈ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਹਨ ਆਪਣੀ ਸੁੰਨਤ ਦੇ ਨਾਲ ਖੱਸੀ ਹੋਣ ਨੂੰ ਵੀ ਸ਼ਾਮਿਲ ਕਰ ਲੈਣ।

13 ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਜ਼ਾਦ ਹੋਣ ਦਾ ਸੱਦਾ ਦਿੱਤਾ ਸੀ। ਪਰ ਇਸ ਆਜ਼ਾਦੀ ਨੂੰ ਆਪਣੇ ਪਾਪੀ ਆਪਿਆਂ ਨੂੰ ਪ੍ਰਸੰਨ ਕਰਨ ਦੇ ਅਰੱਥਾਂ ਵਾਂਗ ਇਸਤੇਮਾਲ ਨਾ ਕਰੋ। ਪਰ ਇੱਕ ਦੂਸਰੇ ਦੀ ਪਿਆਰ ਨਾਲ ਸੰਪੂਰਣ ਸੇਵਾ ਕਰੋ। 14 ਸਮੁੱਚਾ ਨੇਮ ਦਾ ਸਾਰਾਂਸ਼ ਇਸ ਇੱਕ ਹੁਕਮ ਵਿੱਚ ਹੈ; “ਹੋਰਾਂ ਨੂੰ ਵੀ ਉਵੇਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ।” [b] 15 ਜੇ ਤੁਸੀਂ ਇੱਕ ਦੂਸਰੇ ਨੂੰ ਦੁੱਖੀ ਕਰਦੇ ਰਹੋਂਗੇ ਅਤੇ ਇੱਕ ਦੂਸਰੇ ਨੂੰ ਪਾੜਦੇ ਰਹੋਂਗ਼ੇ, ਤਾਂ ਸਚੇਤ ਰਹੋ। ਤੁਸੀਂ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਤਬਾਹ ਕਰ ਦਿਉਂਗੇ।

ਆਤਮਾ ਅਤੇ ਮਨੁੱਖੀ ਸਭਾ

16 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ; ਆਤਮਾ ਦੀ ਅਗਵਾਈ ਵਿੱਚ ਜੀਓ। ਫ਼ੇਰ ਤੁਸੀਂ ਕੋਈ ਮੰਦਾ ਕੰਮ ਨਹੀਂ ਕਰੋਂਗੇ ਜਿਹੜੇ ਤੁਹਾਡੇ ਪਾਪੀ ਆਪੇ ਨੂੰ ਪਸੰਦ ਹਨ। 17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ। 18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨੂੰ ਆਗਿਆ ਦੇਵੋ ਤਾਂ ਤੁਸੀਂ ਨੇਮ ਦੇ ਅਧੀਨ ਨਹੀਂ ਹੋ।

19 ਮੰਦੇ ਕੰਮ, ਜਿਹੜੇ ਸਾਡਾ ਪਾਪੀ ਆਪਾ ਕਰਦਾ ਹੈ ਬੜੇ ਸਪੱਸ਼ਟ ਹਨ। ਜਿਨਸੀ ਗੁਨਾਹ, ਅਪਵਿੱਤਰਤਾ ਅਤੇ ਜਿਨਸੀ ਬਦੀ, 20 ਝੂਠੇ ਦੇਵੀ ਅਤੇ ਦੇਵਤਿਆਂ ਦੀ ਪੂਜਾ ਕਰਨੀ, ਜਾਦੂ ਕਰਨੇ, ਨਫ਼ਰਤ, ਝਗੜਾ, ਈਰਖਾ, ਕ੍ਰੋਧ, ਖੁਦਗਰਜ਼ੀ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਉਣਾ, ਵੰਡੀਆਂ ਪਾਉਣੀਆਂ, 21 ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ। 22 ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ, 23 ਕੋਮਲਤਾ ਅਤੇ ਸ੍ਵੈਂ ਸੰਜਮ ਪ੍ਰਦਾਨ ਕਰਦਾ ਹੈ। ਕੋਈ ਵੀ ਨੇਮ ਅਜਿਹਾ ਨਹੀਂ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਗਲਤ ਆਖ ਸੱਕਦਾ ਹੈ। 24 ਜਿਹੜੇ ਲੋਕ ਮਸੀਹ ਯਿਸੂ ਨਾਲ ਸੰਬੰਧਿਤ ਹਨ, ਉਨ੍ਹਾਂ ਨੇ ਆਪਣੇ ਪਾਪੀ ਆਪਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਖੁਦਗਰਜ਼ੀ ਅਤੇ ਮੰਦੀਆਂ ਗੱਲਾਂ ਛੱਡ ਦਿੱਤੀਆਂ ਹਨ ਜੋ ਉਹ ਕਰਨੀਆਂ ਚਾਹੁੰਦੇ ਸਨ। 25 ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹਾਂ। ਇਸ ਲਈ ਸਾਨੂੰ ਆਤਮਾ ਦੀ ਅਗਵਾਈ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ। 26 ਸਾਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਦੂਸਰੇ ਨੂੰ ਭੜਕਾਉਣਾ ਨਹੀਂ ਚਾਹੀਦਾ। ਅਤੇ ਸਾਨੂੰ ਇੱਕ ਦੂਸਰੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ।

ਇੱਕ ਦੂਸਰੇ ਦੀ ਸਹਾਇਤਾ ਕਰੋ

ਭਰਾਵੋ ਅਤੇ ਭੈਣੋ ਤੁਹਾਡੇ ਸਮੂਹ ਵਿੱਚੋਂ ਕੋਈ ਗਲਤੀ ਕਰ ਲਵੇ। ਤੁਸਾਂ ਆਤਮਕ ਲੋਕਾਂ ਨੂੰ ਉਸ ਪਾਪ ਕਰਨ ਵਾਲੇ ਵਿਅਕਤੀ ਕੋਲ ਜਾਣਾ ਚਾਹੀਦਾ ਹੈ, ਜਿਹੜਾ ਗਲਤ ਕਰ ਰਿਹਾ ਹੈ। ਤੁਹਾਨੂੰ ਉਸਦੀ ਫ਼ੇਰ ਠੀਕ ਹੋਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਨਰਮਾਈ ਨਾਲ ਕਰਨਾ ਚਾਹੀਦਾ ਹੈ। ਪਰ ਹੁਸ਼ਿਆਰ ਰਹਿਣਾ। ਤੁਹਾਨੂੰ ਵੀ ਪਾਪ ਕਰਨ ਦੀ ਉਕਸਾਹਟ ਹੋ ਸੱਕਦੀ ਹੈ। ਆਪਣੀਆਂ ਮੁਸ਼ਕਿਲਾਂ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਸੱਚਮੁੱਚ ਤੁਸੀਂ ਮਸੀਹ ਦੇ ਨੇਮ ਨੂੰ ਮੰਨਦੇ ਹੋ। ਜਦੋਂ ਇੱਕ ਵਿਅਕਤੀ, ਇਹ ਸੋਚਦਾ ਹੈ ਕਿ ਉਹ ਬਹੁਤ ਖਾਸ ਹੈ, ਹਾਲਾਂ ਕਿ ਉਹ ਕੁਝ ਵੀ ਨਹੀਂ, ਤਾਂ ਉਹ ਆਪਣੇ ਆਪ ਨੂੰ ਗੁਮਰਾਹ ਕਰ ਰਿਹਾ ਹੈ। ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰੱਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉੱਪਰ ਮਾਣ ਕਰ ਸੱਕਦਾ ਹੈ। ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਸਵੀਕਾਰ ਕਰਨੀ ਚਾਹੀਦੀ ਹੈ।

ਜੀਵਨ ਇੱਕ ਖੇਤੀ ਦੀ ਬਿਜਾਈ ਕਰਨ ਵਾਂਗ ਹੈ

ਜਿਹੜਾ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸਿੱਖ ਰਿਹਾ ਹੈ ਉਸ ਨੂੰ ਆਪਣੀਆਂ ਸਮੂਹ ਚੰਗੀਆਂ ਚੀਜ਼ਾਂ ਉਸ ਵਿਅਕਤੀ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਿਹੜਾ ਉਸ ਨੂੰ ਸਿੱਖਿਆ ਦੇ ਰਿਹਾ ਹੈ।

ਆਪਣੇ ਆਪ ਨੂੰ ਗੁਮਰਾਹ ਨਾ ਕਰੋ; ਤੁਸੀਂ ਪਰਮੇਸ਼ੁਰ ਨੂੰ ਧੋਖਾ ਨਹੀਂ ਦੇ ਸੱਕਦੇ। ਵਿਅਕਤੀ ਉਨ੍ਹਾਂ ਹੀ ਚੀਜ਼ਾਂ ਦੀ ਵਾਢੀ ਕਰਦਾ ਹੈ ਜਿਹੜੀਆਂ ਉਹ ਬੀਜਦਾ ਹੈ। ਜੇ ਇੱਕ ਵਿਅਕਤੀ ਆਪਣੇ ਪਾਪੀ ਆਪੇ ਨੂੰ ਸੰਤੁਸ਼ਟ ਕਰਨ ਲਈ ਬੀਜ ਬੀਜਦਾ ਹੈ, ਉਸਦਾ ਪਾਪੀ ਆਪਾ ਉਸ ਲਈ ਤਬਾਹੀ ਲਿਆਏਗਾ। ਪਰ ਜੇ ਕੋਈ ਵਿਅਕਤੀ ਆਪਣੀ ਆਤਮਾ ਨੂੰ ਪ੍ਰਸੰਨ ਕਰਨ ਲਈ ਬੀਜਦਾ ਹੈ ਤਾਂ ਉਹ ਆਪਣੀ ਆਤਮਾ ਪਾਸੋਂ ਸਦੀਪਕ ਜੀਵਨ ਪ੍ਰਾਪਤ ਕਰੇਗਾ। ਸਾਨੂੰ ਚੰਗਿਆਈ ਕਰਦਿਆਂ ਥੱਕਣਾ ਨਹੀਂ ਚਾਹੀਦਾ। ਅਸੀਂ ਠੀਕ ਸਮੇਂ ਤੇ ਆਪਣੀ ਸਦੀਪਕ ਜੀਵਨ ਦੀ ਫ਼ਸਲ ਪ੍ਰਾਪਤ ਕਰਾਂਗੇ। ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। 10 ਇਸ ਲਈ ਜਦੋਂ ਵੀ ਸਾਡੇ ਕੋਲ ਕੋਈ ਅਵਸਰ ਹੋਵੇਂ ਅਸੀਂ ਸਾਰਿਆਂ ਲੋਕਾਂ ਲਈ ਚੰਗਾ ਕਰੀਏ। ਪਰ ਉਨ੍ਹਾਂ ਲੋਕਾਂ ਵੱਲ ਸਾਨੂੰ ਵਿਸ਼ੇਸ਼ ਪਿਆਰ ਦੇਣਾ ਚਾਹੀਦਾ ਹੈ, ਜਿਹੜੇ ਵਿਸ਼ਵਾਸੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

ਪੌਲੁਸ ਆਪਣਾ ਪੱਤਰ ਖਤਮ ਕਰਦਾ ਹੈ

11 ਇਹ ਪੱਤਰ ਮੈਂ ਆਪਣੇ ਹੱਥੀ ਲਿਖ ਰਿਹਾ ਹਾਂ। ਦੇਖੋ ਮੈਂ ਕਿੰਨੇ ਵੱਡੇ ਅੱਖ਼ਰ ਵਰਤ ਰਿਹਾ ਹਾਂ। 12 ਕੁਝ ਲੋਕ ਤੁਹਾਨੂੰ ਸੁੰਨਤੀਏ ਹੋਣ ਲਈ ਮਜਬੂਰ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂ ਜੋ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਕਬੂਲਣ। ਅਤੇ ਉਹ ਤੁਹਾਨੂੰ ਸਿਰਫ਼ ਇਸ ਡਰ ਦੇ ਕਾਰਣ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਕਿ ਜੇਕਰ ਉਹ ਸਿਰਫ਼ ਮਸੀਹ ਦੀ ਸਲੀਬ ਦਾ ਅਨੁਸਰਣ ਕਰਨਗੇ, ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ। 13 ਜਿਹੜੇ ਆਦਮੀਆਂ ਦੀ ਸੁੰਨਤ ਹੋਈ ਹੁੰਦੀ ਹੈ ਉਹ ਖੁਦ ਵੀ ਨੇਮ ਨੂੰ ਨਹੀਂ ਮੰਨਦੇ। ਪਰ ਉਹ ਤੁਹਾਡੀ ਸੁੰਨਤ ਕਰਾਉਣੀ ਚਾਹੁੰਦੇ ਹਨ ਤਾਂ ਜੋ ਉਹ ਘਮੰਡ ਕਰ ਸੱਕਣ ਕਿ ਉਹ ਤੁਹਾਡੀ ਸੁੰਨਤ ਕਰਾਉਣ ਵਿੱਚ ਸਫ਼ਲ ਹੋ ਗਏ।

14 ਮੈਨੂੰ ਉਮੀਦ ਹੈ ਕਿ ਮੈਂ ਕਦੇ ਵੀ ਇਹੋ ਜਿਹੀਆਂ ਗੱਲਾਂ ਉੱਤੇ ਘਮੰਡ ਨਹੀਂ ਕਰਾਂਗਾ। ਸਿਰਫ਼ ਸਾਡੇ ਪ੍ਰਭੂ ਮਸੀਹ ਯਿਸੂ ਦੀ ਸਲੀਬ ਹੀ ਉਹ ਕਾਰਣ ਹੈ ਜਿਸਤੇ ਮੈਨੂੰ ਮਾਣ ਹੈ। ਯਿਸੂ ਦੀ ਸਲੀਬ ਉੱਤੇ ਹੋਈ ਮੌਤ ਰਾਹੀਂ ਦੁਨੀਆਂ ਮੇਰੇ ਲਈ ਮਰ ਚੁੱਕੀ ਹੈ [c] ਅਤੇ ਮੈਂ ਦੁਨੀਆਂ ਲਈ ਮਰ ਚੁੱਕਿਆ ਹਾਂ। 15 ਇਹ ਗੱਲ ਕੋਈ ਮਹੱਤਵ ਨਹੀਂ ਰੱਖਦੀ ਕਿ ਕਿਸੇ ਵਿਅਕਤੀ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਪਰਮੇਸ਼ੁਰ ਦੇ ਬਣਾਏ ਨਵੇਂ ਲੋਕ ਬਣਨਾ ਹੈ। 16 ਉਨ੍ਹਾਂ ਸਭ ਨੂੰ ਸ਼ਾਂਤੀ ਅਤੇ ਮਿਹਰ, ਜੋ ਇਸ ਰਿਵਾਜ਼ ਦਾ ਅਨੁਸਰਣ ਕਰਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ।

17 ਇਸ ਲਈ ਕਿਰਪਾ ਕਰਕੇ ਮੈਨੂੰ ਹੋਰ ਕਸ਼ਟ ਨਾ ਦਿਓ। ਮੇਰੇ ਸਰੀਰ ਉੱਤੇ ਜ਼ਖਮਾਂ ਦੇ ਦਾਗ ਹਨ, ਅਤੇ ਇਹ ਦਰਸ਼ਾਉਂਦੇ ਹਨ ਕਿ ਮੈਂ ਮਸੀਹ ਯਿਸੂ ਨਾਲ ਸੰਬੰਧਿਤ ਹਾਂ।

18 ਮੇਰੇ ਭਰਾਵੋ ਅਤੇ ਭੈਣੋ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਆਤਮਿਆਂ ਨਾਲ ਸਾਡੇ ਪ੍ਰਭੂ ਮਸੀਹ ਯਿਸੂ ਦੀ ਕਿਰਪਾ ਹੋਵੇ। ਆਮੀਨ!

Punjabi Bible: Easy-to-Read Version (ERV-PA)

2010 by World Bible Translation Center