Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
2 ਕੁਰਿੰਥੀਆਂ ਨੂੰ 1-4

ਇਹ ਚਿੱਠੀ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਹੈ। ਮੈਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਰਸੂਲ ਬਣਇਆ ਹਾਂ।

ਮੈਂ ਇਹ ਚਿੱਠੀ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਅਖਾਯਾ ਦੇ ਸਾਰੇ ਦੇਸ਼ ਵਿੱਚ ਵੱਸਦੇ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਲਿਖ ਰਿਹਾ ਹਾਂ।

ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।

ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ

ਪਰਮੇਸ਼ੁਰ ਅਤੇ ਸਾਡੇ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ, ਸਾਡਾ ਪਿਤਾ, ਦਇਆ ਨਾਲ ਭਰਪੂਰ ਹੈ। ਉਹੀ ਪਰਮੇਸ਼ੁਰ ਹੈ ਜਿਹੜਾ ਹਰ ਤਰ੍ਹਾਂ ਨਾਲ ਦਿਲਾਸਾ ਦਿੰਦਾ ਹੈ। ਜਦੋਂ ਵੀ ਸਾਨੂੰ ਕੋਈ ਮੁਸ਼ਕਿਲ ਹੁੰਦੀ ਹੈ ਉਹ ਸਾਨੂੰ ਦਿਲਾਸਾ ਦਿੰਦਾ ਹੈ। ਤਾਂ ਜੋ ਅਸੀਂ ਵੀ ਹੋਰਨਾਂ ਲੋਕਾਂ ਨੂੰ ਉਦੋਂ ਦਿਲਾਸਾ ਦੇਣ ਯੋਗ ਹੋ ਸੱਕੀਏ ਜਦੋਂ ਉਹ ਤਕਲੀਫ਼ ਵਿੱਚ ਹੋਣ। ਜਿਹੜਾ ਦਿਲਾਸਾ ਸਾਨੂੰ ਪਰਮੇਸ਼ੁਰ ਦਿੰਦਾ ਹੈ ਉਸੇ ਤਰ੍ਹਾਂ ਦਾ ਦਿਲਾਸਾ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ। ਅਸੀਂ ਮਸੀਹ ਦੇ ਬਹੁਤ ਕਸ਼ਟਾਂ ਵਿੱਚ ਭਾਗੀਦਾਰ ਬਣੇ। ਇਸੇ ਤਰ੍ਹਾਂ, ਅਸੀਂ ਵੀ ਮਸੀਹ ਰਾਹੀਂ ਵੱਧੇਰੇ ਸੁੱਖ ਪ੍ਰਾਪਤ ਕਰਦੇ ਹਾਂ। ਜੇ ਸਾਨੂੰ ਦੁੱਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁੱਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ। ਤੁਹਾਡੇ ਲਈ ਸਾਡੇ ਕੋਲ ਬਹੁਤ ਮਜ਼ਬੂਤ ਆਸ਼ਾਵਾਂ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਕਸ਼ਟਾਂ ਵਿੱਚ ਸ਼ਰੀਕ ਹੋ। ਅਸੀਂ ਇਹ ਵੀ ਜਾਣਦੇ ਹਾਂ, ਕਿ ਤੁਸੀਂ ਸਾਡੇ ਦਿਲਾਸਿਆਂ ਵਿੱਚ ਵੀ ਸ਼ਰੀਕ ਹੋ।

ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ, ਕਿ ਤੁਸੀਂ ਅਸਿਯਾ ਦੇ ਪ੍ਰਦੇਸ਼ ਵਿੱਚ ਜਿਹੜੀ ਪਰੇਸ਼ਾਨੀ ਅਸੀਂ ਝੱਲੀ ਹੈ, ਉਸ ਬਾਰੇ ਜਾਣੋ। ਅਸੀਂ ਉੱਥੇ ਬਹੁਤ ਦੁੱਖ ਝੱਲੇ। ਜਿੰਨਾ ਅਸੀਂ ਝੱਲ ਸੱਕੀਏ ਇਹ ਉਸਤੋਂ ਵੱਧੇਰੇ ਸੀ। ਅਸੀਂ ਉਮੀਦ ਵੀ ਛੱਡ ਦਿੱਤੀ ਸੀ ਕਿ ਅਸੀਂ ਜੀਵਾਂਗੇ। ਅਸੀਂ ਸੱਚਮੁੱਚ ਸਾਡੇ ਦਿਲਾਂ ਵਿੱਚ ਸੋਚ ਲਿਆ ਸੀ ਕਿ ਸਾਨੂੰ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਰ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਆਪਣੇ-ਆਪ ਵਿੱਚ ਯਕੀਨ ਨਾ ਕਰੀਏ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਪਰਮੇਸ਼ੁਰ ਵਿੱਚ ਯਕੀਨ ਰੱਖ ਸੱਕੀਏ ਜਿਹੜਾ ਲੋਕਾਂ ਨੂੰ ਮੁਰਦਿਆਂ ਵਿੱਚੋਂ ਜਿਵਾਲਦਾ ਹੈ। 10 ਪਰਮੇਸ਼ੁਰ ਨੇ ਸਾਨੂੰ ਮੌਤ ਦੇ ਇਸ ਭਿਆਨਕ ਖਤਰੇ ਤੋਂ ਬਚਾਇਆ ਅਤੇ ਉਹ ਸਾਨੂੰ ਫ਼ੇਰ ਵੀ ਬਚਾਵੇਗਾ। 11 ਅਤੇ ਤੁਸੀਂ ਆਪਣੀਆਂ ਪ੍ਰਾਰਥਨਾ ਰਾਹੀਂ ਸਾਡੀ ਸਹਾਇਤਾ ਕਰ ਸੱਕਦੇ ਹੋ। ਫ਼ੇਰ ਅਨੇਕਾਂ ਲੋਕ ਸਾਡੇ ਲਈ ਧੰਨਵਾਦ ਦੇਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾ ਰਾਹੀਂ ਸਾਨੂੰ ਅਸੀਸ ਦਿੱਤੀ।

ਪੌਲੁਸ ਦੀਆਂ ਯੋਜਨਾਵਾਂ ਵਿੱਚ ਤਬਦੀਲੀ

12 ਅਸੀਂ ਇਹ ਆਖਣ ਵਿੱਚ ਮਾਣ ਕਰਦੇ ਹਾਂ, ਅਤੇ ਮੈਂ ਇਹ ਆਪਣੇ ਦਿਲੋਂ ਆਖ ਸੱਕਦਾ ਹਾਂ ਕਿ ਇਹ ਸੱਚ ਹੈ। ਉਹ ਹਰ ਕਰਨੀ ਜੋ ਅਸੀਂ ਇਸ ਦੁਨੀਆਂ ਵਿੱਚ ਕੀਤੀ, ਅਸੀਂ ਇਮਾਨਦਾਰੀ ਨਾਲ ਅਤੇ ਸਾਫ਼ ਦਿਲ ਨਾਲ ਕੀਤੀ, ਜੋ ਪਰਮੇਸ਼ੁਰ ਵੱਲੋਂ ਆਈ। ਉਨ੍ਹਾਂ ਕੰਮਾਂ ਬਾਰੇ ਵੀ, ਜਿਹੜੀ ਅਸੀਂ ਤੁਹਾਡੇ ਵਿੱਚਕਾਰ ਕੀਤੇ, ਇਹ ਹੋਰ ਵੀ ਵੱਧੇਰੇ ਸੱਚ ਹੈ। ਅਸੀਂ ਇਹ ਸਿਰਫ਼ ਪਰਮੇਸ਼ੁਰ ਦੀ ਮਿਹਰ ਨਾਲ ਕੀਤਾ ਹੈ ਨਾ ਕਿ ਇਸ ਦੁਨੀਆਂ ਦੀ ਸਿਆਣਪ ਨਾਲ। 13 ਅਸੀਂ ਸਿਰਫ਼ ਉਹੀ ਗੱਲਾਂ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਨ ਅਤੇ ਸਮਝਣ ਯੋਗ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਵੋਂਗੇ। 14 ਤੁਸੀਂ ਸਾਡੇ ਬਾਰੇ ਪਹਿਲਾਂ ਹੀ ਕੁਝ ਗੱਲਾਂ ਸਮਝ ਚੁੱਕੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝਣ ਯੋਗ ਹੋਵੋਂਗੇ ਅਤੇ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰੋਂਗੇ, ਜਿਵੇਂ ਕਿ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਵਾਲੇ ਦਿਨ ਤੁਹਾਡੇ ਉੱਤੇ ਮਾਣ ਕਰਾਂਗੇ।

15 ਮੈਨੂੰ ਇਸ ਸਭ ਕੁਝ ਬਾਰੇ ਪੂਰਾ ਭਰੋਸਾ ਸੀ। ਇਸੇ ਲਈ ਮੈਂ ਤੁਹਾਡੇ ਕੋਲ ਪਹਿਲਾਂ ਆਉਣ ਦੀ ਯੋਜਨਾ ਬਣਾਈ ਸੀ। ਇਉਂ ਤੁਸੀਂ ਦੂਹਰੀ ਮੇਹਰ ਪ੍ਰਾਪਤ ਕਰ ਸੱਕਦੇ ਸੀ। 16 ਮੈਂ ਆਪਣੀ ਮਕਦੂਨਿਆ ਦੀ ਯਾਤਰਾ ਵੇਲੇ ਤੁਹਾਡੇ ਵੱਲ ਆਉਣ ਦੀ ਯੋਜਨਾ ਬਣਾਈ ਸੀ। ਅਤੇ ਵਾਪਸੀ ਵੇਲੇ ਫ਼ੇਰ ਤੁਹਾਨੂੰ ਮਿਲਣ ਦੀ ਯੋਜਨਾ ਬਣਾਈ ਸੀ। ਤਾਂ ਜੋ ਜਦੋਂ ਮੈਂ ਯਹੂਦਿਯਾ ਨੂੰ ਸਫ਼ਰ ਕਰਾਂਗਾ ਤੁਹਾਡੇ ਤੋਂ ਸਹਾਇਤਾ ਪ੍ਰਾਪਤ ਕਰ ਸੱਕਾਂਗਾ। 17 ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।

18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸੱਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ। 19 ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਜਿਸਦਾ ਮੈਂ, ਸਿਲਵਾਨੁਸ ਅਤੇ ਤਿਮੋਥਿਉਸ ਨੇ ਪ੍ਰਚਾਰ ਕੀਤਾ, ਇੱਕੋ ਵੇਲੇ “ਹਾਂ” ਅਤੇ “ਨਾ” ਨਹੀਂ ਸੀ। ਮਸੀਹ ਵਿੱਚ ਇਹ ਹਮੇਸ਼ਾ ਹੀ “ਹਾਂ” ਰਿਹਾ ਹੈ। 20 ਪਰਮੇਸ਼ੁਰ ਦੇ ਸਾਰੇ ਇਕਰਾਰਾਂ ਬਾਰੇ “ਹਾਂ” ਮਸੀਹ ਵਿੱਚ ਹੀ ਹੈ। ਅਤੇ ਇਸੇ ਲਈ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਨੂੰ “ਆਮੀਨ” ਆਖਦੇ ਹਾਂ। 21 ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਮਜ਼ਬੂਤ ਬਣਾਉਂਦਾ ਹੈ! ਪਰਮੇਸ਼ੁਰ ਨੇ ਸਾਨੂੰ ਉਸਦੀ ਖਾਸ ਅਸੀਸ ਦਿੱਤੀ ਸੀ। 22 ਉਸ ਨੇ ਸਾਡੇ ਉੱਤੇ ਆਪਣਾ ਨਿਸ਼ਾਨ ਲਗਾਇਆ ਹੈ ਇਹ ਦਰਸ਼ਾਉਣ ਲਈ ਕਿ ਅਸੀਂ ਉਸ ਦੇ ਲੋਕ ਹਾਂ। ਅਤੇ ਉਸ ਨੇ ਜ਼ਮਾਨਤ ਦੇ ਤੌਰ ਤੇ ਸਾਡੇ ਦਿਲਾਂ ਵਿੱਚ ਆਪਣਾ ਆਤਮਾ ਰੱਖ ਦਿੱਤਾ ਹੈ ਉਹ ਸਾਨੂੰ ਉਹੋ ਸਭ ਕੁਝ ਦੇਵੇਗਾ ਜਿਸਦਾ ਉਸ ਨੇ ਵਾਦਾ ਕੀਤਾ ਸੀ।

23 ਪਰਮੇਸ਼ੁਰ ਗਵਾਹ ਹੈ ਕਿ ਇਹ ਸੱਚ ਹੈ ਕਿ ਮੈਂ ਕੁਰਿੰਥੁਸ ਨੂੰ ਸਿਰਫ਼ ਇਸੇ ਕਾਰਣ ਨਹੀਂ ਆਇਆ ਕਿ ਮੈਂ ਤੁਹਾਨੂੰ ਕਸ਼ਟ ਜਾਂ ਸਜ਼ਾ ਦੇਣਾ ਨਹੀਂ ਚਾਹੁੰਦਾ ਸੀ। 24 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਪਰ ਨਿਯੰਤ੍ਰਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵਿਸ਼ਵਾਸ ਦੇ ਪੱਕੇ ਹੋ। ਪਰ ਅਸੀਂ ਤਾਂ ਤੁਹਾਡੇ ਨਾਲ ਤੁਹਾਡੀ ਆਪਣੀ ਖੁਸ਼ੀ ਲਈ ਕਾਮੇ ਹਾਂ।

ਇਸੇ ਲਈ ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਵੱਲ ਮੇਰੀ ਅਗਲੀ ਯਾਤਰਾ ਤੁਹਾਨੂੰ ਉਦਾਸ ਕਰਨ ਵਾਲੀ ਇੱਕ ਹੋਰ ਯਾਤਰਾ ਨਹੀਂ ਹੋਵੇਗੀ। ਜੇ ਮੈਂ ਤੁਹਾਨੂੰ ਉਦਾਸ ਕਰਦਾ ਹਾਂ ਤਾਂ ਮੈਨੂੰ ਖੁਸ਼ੀ ਕੌਣ ਦੇਵੇਗਾ? ਸਿਰਫ਼ ਤੁਸੀਂ, ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ। ਮੈਂ ਕਿਸੇ ਕਾਰਣ ਹੀ ਤੁਹਾਨੂੰ ਖੱਤ ਲਿਖਿਆ ਸੀ; ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਉਨ੍ਹਾਂ ਲੋਕਾਂ ਵੱਲੋਂ ਉਦਾਸੀ ਨਾ ਮਿਲੇ ਜਿਨ੍ਹਾਂ ਤੋਂ ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਮੈਨੂੰ ਤੁਹਾਡੇ ਵਿੱਚ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਮਰੀ ਖੁਸ਼ੀ ਸਾਂਝੀ ਕਰੋਂਗੇ। ਜਦੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੱਤਰ ਲਿਖਿਆ ਸੀ, ਤਾਂ ਮੈਂ ਬਹੁਤ ਪਰੇਸ਼ਾਨ ਅਤੇ ਦਿਲ ਵਿੱਚ ਬਹੁਤ ਉਦਾਸ ਸਾਂ। ਮੈਂ ਤੁਹਾਨੂੰ ਵੱਧੇਰੇ ਹੰਝੂਆਂ ਨਾਲ ਲਿਖਿਆ ਸੀ। ਮੈਂ ਆਪਣੀ ਲਿਖਤ ਰਾਹੀਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਇਸ ਲਈ ਖੱਤ ਲਿਖਿਆ ਸੀ ਤਾਂ ਜੋ ਤੁਸੀਂ ਇਹ ਜਾਣ ਸੱਕੋਂ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ।

ਬੁਰਾ ਕਰਨ ਵਾਲੇ ਨੂੰ ਮਾਫ ਕਰ ਦਿਉ

ਤੁਹਾਡੇ ਟੋਲੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਮੈਨੂੰ ਉਦਾਸੀ ਦਿੱਤੀ ਹੈ। ਉਸ ਨੇ ਮੈਨੂੰ ਹੀ ਉਦਾਸ ਨਹੀਂ ਕੀਤਾ, ਪਰ ਤੁਹਾਨੂੰ ਸਾਰਿਆਂ ਨੂੰ ਕੀਤਾ ਹੈ। ਜੋ ਮੈਂ ਆਖਦਾ ਹਾਂ, ਇੱਕ ਢੰਗ ਨਾਲ, ਉਹੀ ਤੁਹਾਡੇ ਸਾਰਿਆਂ ਲਈ ਉਦਾਸੀ ਲਿਆਇਆ ਸੀ। (ਮੈਂ ਇਹ ਇਸ ਲਈ ਆਖਦਾ ਹਾਂ ਕਿਉਂਕਿ ਮੈਂ ਉਸ ਉੱਤੇ ਬਹੁਤ ਜ਼ਿਆਦੇ ਕਠੋਰ ਨਹੀਂ ਹੋਣਾ ਚਾਹੁੰਦਾ।) ਜਿਹੜੀ ਸਜ਼ਾ ਤੁਹਾਡੀ ਕਲੀਸਿਯਾ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਦਿੱਤੀ ਉਹ ਉਸ ਲਈ ਕਾਫ਼ੀ ਹੈ। ਪਰ ਹੁਣ ਤੁਹਾਨੂੰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਤਸੱਲੀ ਦੇਣੀ ਚਾਹੀਦੀ ਹੈ। ਇਹ ਗੱਲ ਉਸ ਨੂੰ ਹੱਦ ਤੋਂ ਵੱਧ ਉਦਾਸ ਹੋਣ ਲਈ ਪੂਰੀ ਤਰ੍ਹਾਂ ਦੁੱਖੀ ਹੋਣ ਤੋਂ ਰੋਕ ਲਵੇਗੀ। ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਦਰਸ਼ਾਉ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਖੱਤ ਲਿਖਿਆ ਸੀ। ਮੈਂ ਜਾਨਣ ਲਈ ਤੁਹਾਡੀ ਪਰੀਖਿਆ ਲੈਣੀ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਸਾਰੇ ਕਾਸੇ ਬਾਰੇ, ਜੋ ਮੈਂ ਆਖ ਰਿਹਾ ਹਾਂ, ਆਗਿਆਕਾਰੀ ਹੋ ਜਾਂ ਨਹੀਂ। 10 ਜੇ ਤੁਸੀਂ ਕਿਸੇ ਨੂੰ ਕਿਸੇ ਗੱਲ ਲਈ ਬਖਸ਼ਦੇ ਹੋ ਤਾਂ ਮੈਂ ਵੀ ਉਸ ਵਿਅਕਤੀ ਨੂੰ ਬਖਸ਼ ਦਿੰਦਾ ਹਾਂ। ਜੋ ਮੈਂ ਮੁਆਫ਼ ਕੀਤਾ ਹੈ ਜੇ ਉੱਥੇ ਕੁਝ ਵੀ ਮੁਆਫ਼ ਕਰਨ ਦੇ ਕਾਬਲ ਸੀ, ਤਾਂ ਉਹ ਮੈਂ ਮਸੀਹ ਦੀ ਹਾਜ਼ਰੀ ਵਿੱਚ ਤੁਹਾਡੀ ਖਾਤਿਰ ਮੁਆਫ਼ ਕੀਤਾ ਹੈ। 11 ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਸ਼ੈਤਾਨ ਸਾਡਾ ਫ਼ਾਇਦਾ ਨਾ ਉੱਠਾ ਸੱਕੇ ਜਿਵੇਂ ਕਿ ਅਸੀਂ ਚੰਗੀ ਤਰ੍ਹਾਂ ਉਸ ਦੀਆਂ ਯੋਜਨਾਵਾਂ ਨੂੰ ਜਾਣਦੇ ਹਾਂ।

ਤ੍ਰੋਆਸ ਵਿੱਚ ਪੌਲੁਸ ਦੀ ਚਿੰਤਾ

12 ਮੈਂ ਤ੍ਰੋਆਸ ਵਿੱਚ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਗਿਆ ਸਾਂ। ਪ੍ਰਭੂ ਨੇ ਉੱਥੇ ਇੱਕ ਚੰਗਾ ਮੌਕਾ ਪ੍ਰਦਾਨ ਕੀਤਾ ਸੀ। 13 ਪਰ ਮੈਨੂੰ ਸ਼ਾਂਤੀ ਨਹੀਂ ਮਿਲੀ ਕਿਉਂ ਜੋ ਉੱਥੇ ਮੈਨੂੰ ਆਪਣਾ ਭਰਾ ਤੀਤੁਸ ਨਹੀਂ ਮਿਲ ਸੱਕਿਆ। ਇਸ ਲਈ ਮੈਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਮਕਦੂਨਿਯਾ ਨੂੰ ਚੱਲਾ ਗਿਆ।

ਮਸੀਹ ਰਾਹੀਂ ਜਿੱਤ

14 ਪਰ ਪਰਮੇਸ਼ੁਰ ਦਾ ਧੰਨਵਾਦ ਹੈ। ਪਰਮੇਸ਼ੁਰ ਸਦਾ ਹੀ ਸਾਡੀ ਮਸੀਹ ਰਾਹੀਂ, ਮਹਾਨ ਜਿੱਤ ਵੱਲ ਅਗਵਾਈ ਕਰਦਾ ਹੈ। ਪਰਮੇਸ਼ੁਰ ਸਾਨੂੰ ਸਾਰੇ ਪਾਸੀਂ ਇੱਕ ਚੰਗੇ ਸੁਗੰਧਿਤ ਇਤ੍ਰ ਦੀ ਤਰ੍ਹਾਂ ਆਪਣਾ ਗਿਆਨ ਫ਼ੈਲਾਉਣ ਲਈ ਇਸਤੇਮਾਲ ਕਰਦਾ ਹੈ। 15 ਸਾਡੀ ਪਰਮੇਸ਼ੁਰ ਨੂੰ ਭੇਟ ਇਹ ਹੈ। ਅਸੀਂ ਲੋਕਾਂ ਵਿੱਚ ਮਸੀਹ ਦੀ ਮਿੱਠੀ ਸੁਗੰਧ ਹਾਂ ਜਿਹੜੇ ਬਚਾਏ ਜਾ ਰਹੇ ਹਨ ਅਤੇ ਉਨ੍ਹਾਂ ਲੋਕਾਂ ਵਿੱਚ ਵੀ ਜਿਹੜੇ ਗੁਆਚੇ ਹੋਏ ਹਨ। 16 ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹੜੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹੜੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ? 17 ਬਹੁਤ ਸਾਰੇ ਲੋਕਾਂ ਵਾਂਗ, ਮੁਨਾਫ਼ੇ ਲਈ ਅਸੀਂ ਪਰਮੇਸ਼ੁਰ ਦਾ ਸ਼ਬਦ ਨਹੀਂ ਵੇਚ ਰਹੇ। ਨਹੀਂ! ਪਰ ਅਸੀਂ ਮਸੀਹ ਵਿੱਚ ਪਰਮੇਸ਼ੁਰ ਅੱਗੇ ਸਚਿਆਈ ਨਾਲ ਬੋਲਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਭੇਜੇ ਬੰਦਿਆਂ ਵਾਂਗ ਬੋਲਦੇ ਹਾਂ।

ਪਰਮੇਸ਼ੁਰ ਦੇ ਨਵੇਂ ਇਕਰਾਰਨਾਮੇ ਦੇ ਸੇਵਾਦਾਰ

ਕੀ ਅਸੀਂ ਫ਼ੇਰ ਤੋਂ ਆਪਣੇ-ਆਪ ਬਾਰੇ ਸ਼ੇਖੀ ਮਾਰਨ ਲੱਗ ਪਏ ਹਾਂ? ਕੀ ਕੁਝ ਹੋਰ ਲੋਕਾਂ ਵਾਂਗ, ਸਾਨੂੰ ਵੀ ਤੁਹਾਡੇ ਕੋਲ ਪਰਿਚਯ ਪੱਤਰ ਲਿਆਉਣੇ ਚਾਹੀਦੇ ਹਨ ਜਾਂ ਤੁਹਾਥੋਂ ਇਹ ਪੱਤਰ ਲੈਣੇ ਚਾਹੀਦੇ ਹਨ। ਤੁਸੀਂ ਖੁਦ ਸਾਡੇ ਪੱਤਰ ਹੋ। ਇਹ ਪੱਤਰ ਸਾਡੇ ਦਿਲਾਂ ਉੱਤੇ ਲਿਖਿਆ ਹੋਇਆ ਹੈ। ਸਾਰੇ ਲੋਕੀਂ ਇਸ ਨੂੰ ਜਾਣਦੇ ਹਨ ਅਤੇ ਇਸ ਨੂੰ ਪੜ੍ਹ ਸੱਕਦੇ ਹਨ। ਤੁਸੀਂ ਵਿਖਾਉ ਕਿ ਤੁਸੀਂ ਮਸੀਹ ਵੱਲੋਂ ਸਾਡੇ ਰਾਹੀਂ ਘੱਲਿਆ ਹੋਇਆ ਇੱਕ ਪੱਤਰ ਹੋ, ਇਹ ਪੱਤਰ ਸਿਆਹੀ ਨਾਲ ਨਹੀਂ ਲਿਖਿਆ ਹੋਇਆ ਪਰੰਤੂ ਜੀਵਿਤ ਪਰਮੇਸ਼ੁਰ ਦੇ ਆਤਮਾ ਨਾਲ ਲਿਖਿਆ ਹੋਇਆ ਹੈ। ਇਹ ਪੱਥਰੀ ਤਖਤੀ ਉੱਤੇ ਨਹੀਂ ਲਿਖਿਆ ਹੋਇਆ। ਇਹ ਮਨੁੱਖੀ ਹਿਰਦਿਆਂ ਉੱਤੇ ਲਿਖਿਆ ਹੋਇਆ ਹੈ।

ਅਸੀਂ ਇਹ ਗੱਲਾਂ ਇਸ ਲਈ ਆਖ ਸੱਕਦੇ ਹਾਂ ਕਿਉਂ ਜੋ ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਅੱਗੇ ਪੂਰਾ ਯਕੀਨ ਰੱਖਦੇ ਹਾਂ। ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸੱਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸੱਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ। ਪਰਮੇਸ਼ੁਰ ਨੇ ਸਾਨੂੰ ਨਵੇਂ ਇਕਰਾਰ ਦੇ ਸੇਵਾਦਾਰ ਬਣਨ ਦੇ ਯੋਗ ਬਣਾਇਆ। ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇਹ ਨਵਾਂ ਇਕਰਾਰਨਾਮਾ ਲਿਖਿਆ ਹੋਇਆ ਨੇਮ ਨਹੀਂ ਹੈ। ਇਹ ਆਤਮਾ ਦਾ ਹੈ। ਲਿਖਿਆ ਹੋਇਆ ਨੇਮ ਮੌਤ ਲਿਆਉਂਦਾ ਹੈ ਜਦ ਕਿ ਆਤਮਾ ਜੀਵਨ ਦਿੰਦਾ ਹੈ।

ਨਵਾਂ ਕਰਾਰ ਮਹਾਨ ਮਹਿਮਾ ਲਿਆਉਂਦਾ ਹੈ

ਉਹ ਪੁਰਾਣਾ ਕਰਾਰ ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸੱਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ। ਇਸ ਲਈ, ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ। ਭਾਵ ਇਹ ਹੈ; ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਆਂ ਕਰਦਾ ਹੈ, ਹਾਲੇ ਵੀ ਉਸਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ, ਜਿਹੜਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ। 10 ਉਸ ਪੁਰਾਣੇ ਕਰਾਰ ਦੀ ਮਹਿਮਾ ਸੀ। ਪਰ ਜਦੋਂ ਪੁਰਾਣੀ ਮਹਿਮਾ ਦੀ ਸਮਾਨਤਾ ਨਵੇਂ ਕਰਾਰ ਦੀ ਵਡੇਰੀ ਮਹਿਮਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਆਪਣੀ ਮਹਿਮਾ ਗੁਆ ਲੈਂਦਾ ਹੈ। 11 ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ, ਫ਼ਿੱਕਾ ਹੋ ਸੱਕਦਾ ਹੈ, ਤਾਂ ਨਵਾਂ ਕਰਾਰ, ਜਿਹੜਾ ਸਦੀਵੀ ਜਾਰੀ ਰਹੇਗਾ, ਮਹਾਨ ਮਹਿਮਾ ਰੱਖਦਾ ਹੈ।

12 ਸਾਨੂੰ ਇਸ ਗੱਲ ਦੀ ਉਮੀਦ ਹੈ, ਇਸ ਲਈ ਅਸੀਂ ਬਹੁਤ ਬਹਾਦੁਰ ਹਾਂ। 13 ਅਸੀਂ ਮੂਸਾ ਵਾਂਗ ਨਹੀਂ ਹਾਂ। ਮੂਸਾ ਨੇ ਆਪਣਾ ਚਿਹਰਾ ਢੱਕਣ ਲਈ ਇੱਕ ਪੱਲਾ ਪਾਇਆ ਹੋਇਆ ਸੀ, ਤਾਂ ਜੋ ਇਸਰਾਏਲ ਦੇ ਲੋਕ ਉਸ ਮਹਿਮਾ ਵੱਲ ਇੱਕ ਟੱਕ ਨਾ ਵੇਖਣ ਜੋ ਜਲਦੀ ਹੀ ਫ਼ਿੱਕੀ ਹੋ ਰਹੀ ਸੀ। 14 ਪਰ ਉਨ੍ਹਾਂ ਦੇ ਮਨਾਂ ਨੂੰ ਤਾਲੇ ਲੱਗੇ ਹੋਏ ਸਨ। ਉਹ ਸਮਝ ਨਹੀਂ ਸੱਕੇ ਸੀ। ਅੱਜ ਦੇ ਦਿਨ ਤੱਕ ਵੀ, ਜਦੋਂ ਪੁਰਾਣਾ ਕਰਾਰ ਪੜ੍ਹਿਆ ਜਾਂਦਾ ਹੈ ਤਾਂ ਉਹੀ ਪਰਦਾ ਉਨ੍ਹਾਂ ਦੇ ਅਰੱਥਾਂ ਨੂੰ ਢੱਕ ਲੈਂਦਾ ਹੈ। ਇਹ ਪਰਦਾ ਨਹੀਂ ਹਟਾਇਆ ਗਿਆ। ਇਹ ਤਾਂ ਕੇਵਲ ਮਸੀਹ ਦੇ ਰਾਹੀਂ ਹੀ ਹਟਾਇਆ ਗਿਆ ਹੈ। 15 ਹੁਣ ਵੀ, ਜਦੋਂ ਮੂਸਾ ਦਾ ਨੇਮ ਪੜ੍ਹਿਆ ਜਾਂਦਾ ਹੈ ਤਾਂ ਇੱਕ ਪਰਦਾ ਉਨ੍ਹਾਂ ਦੇ ਮਨਾਂ ਉੱਤੇ ਪਿਆ ਹੁੰਦਾ ਹੈ। 16 ਪਰ ਜਦੋਂ ਕੋਈ ਵਿਅਕਤੀ ਬਦਲਦਾ ਹੈ ਅਤੇ ਪ੍ਰਭੂ ਵੱਲ ਪਰਤਦਾ ਹੈ, ਤਾਂ ਪਰਦਾ ਹਟ ਜਾਂਦਾ ਹੈ। 17 ਇੱਥੇ ਸ਼ਬਦ “ਪ੍ਰਭੂ” ਆਤਮਾ ਨਾਲ ਸੰਬੰਧਿਤ ਹੈ। ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। 18 ਅਤੇ ਸਾਡੇ ਚਿਹਰੇ ਢੱਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵੱਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।

ਮਿੱਟੀ ਦੇ ਗਮਲਿਆਂ ਵਿੱਚ ਆਤਮਕ ਖਜ਼ਾਨਾ

ਪਰਮੇਸ਼ੁਰ ਨੇ ਸਾਨੂੰ ਇਹ ਕਾਰਜ ਆਪਣੀ ਮਿਹਰ ਰਾਹੀਂ ਦਿੱਤਾ ਸੀ। ਇਸ ਲਈ ਅਸੀਂ ਉਤਸਾਹ ਨਹੀਂ ਗੁਆਵਾਂਗੇ। ਪਰੰਤੂ ਅਸੀਂ ਗੁਪਤ ਅਤੇ ਸ਼ਰਮਨਾਕ ਰਾਹਾਂ ਤੋਂ ਦੂਰ ਲੰਘ ਗਏ ਹਾਂ ਅਸੀਂ ਚਲਾਕੀਆਂ ਨਹੀਂ ਵਰਤਦੇ ਅਤੇ ਨਾਹੀ ਅਸੀਂ ਪਰਮੇਸ਼ੁਰ ਦੇ ਉਪਦੇਸ਼ ਨੂੰ ਤਬਦੀਲ ਕਰਦੇ ਹਾਂ। ਨਹੀਂ। ਅਸੀਂ ਸਪੱਸ਼ਟ ਤੌਰ ਤੇ ਸੱਚ ਦਾ ਪ੍ਰਚਾਰ ਕਰਦੇ ਹਾਂ। ਇਸੇ ਢੰਗ ਨਾਲ, ਅਸੀਂ ਲੋਕਾਂ ਨੂੰ ਦਿਖਉਂਦੇ ਹਾਂ ਅਸੀਂ ਕੌਣ ਹਾਂ। ਤਾਂ ਜੋ ਉਹ ਅਪਣੇ ਮਨਾਂ ਵਿੱਚ ਇਹ ਜਾਣ ਸੱਕਣ ਕਿ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ। ਉਹ ਖੁਸ਼ਖਬਰੀ ਜਿਸਦਾ ਅਸੀਂ ਪ੍ਰਚਾਰ ਕਰਦੇ ਹਾਂ, ਲੁਕੀ ਹੋਈ ਹੈ। ਪਰ ਇਹ ਸਿਰਫ਼ ਉਨ੍ਹਾਂ ਲੋਕਾਂ ਲਈ ਛੁਪੀ ਹੋਈ ਹੈ ਜਿਹੜੇ ਗੁਆਚੇ ਹੋਏ ਹਨ। ਇਸ ਦੁਨੀਆਂ ਦੇ ਮਾਲਕ [a] ਨੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਬਣਾ ਦਿੱਤਾ ਹੈ, ਜਿਹੜੇ ਵਿਸ਼ਵਾਸ ਨਹੀਂ ਕਰਦੇ। ਉਹ ਖੁਸ਼ਖਬਰੀ ਦੀ ਰੋਸ਼ਨੀ, ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਨੂੰ, ਨਹੀਂ ਦੇਖ ਸੱਕਦੇ। ਸਿਰਫ਼ ਮਸੀਹ ਹੀ ਹੈ ਜਿਹੜਾ ਹੂ-ਬ-ਹੂ ਪਰਮੇਸ਼ੁਰ ਵਰਗਾ ਹੈ। ਅਸੀਂ ਆਪਣੇ ਆਪ ਦਾ ਪ੍ਰਚਾਰ ਨਹੀਂ ਕਰਦੇ। ਪਰੰਤੂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਪ੍ਰਭੂ ਹੈ। ਅਤੇ ਅਸੀਂ ਪ੍ਰਚਾਰ ਕਰਦੇ ਹਾਂ ਕਿ ਅਸੀਂ ਯਿਸੂ ਲਈ ਤੁਹਾਡੇ ਸੇਵਾਦਾਰ ਹਾਂ। ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।

ਸਾਡੇ ਕੋਲ ਇਹ ਖਜ਼ਾਨਾ ਹੈ ਜੋ ਪਰਮੇਸ਼ੁਰ ਵੱਲੋਂ ਦਿੱਤਾ ਹੋਇਆ ਹੈ। ਪਰੰਤੂ ਅਸੀਂ ਸਿਰਫ਼ ਮਿੱਟੀ ਦੇ ਉਨ੍ਹਾਂ ਗਮਲਿਆਂ ਵਾਂਗ ਹਾਂ ਜਿਨ੍ਹਾਂ ਵਿੱਚ ਖਜ਼ਾਨਾ ਸਾਂਭਿਆ ਹੁੰਦਾ ਹੈ। ਇਸਤੋਂ ਪ੍ਰਤੱਖ ਹੁੰਦਾ ਹੈ ਕਿ ਇਹ ਮਹਾਨ ਸ਼ਕਤੀ ਸਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਦਿੱਤੀ ਹੋਈ ਹੈ। ਅਸੀਂ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਾਂ ਪਰ ਅਸੀਂ ਹਾਰੇ ਹੋਏ ਨਹੀਂ ਹਾਂ। ਬਹੁਤੀ ਵਾਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ ਪਰ ਅਸੀਂ ਹਿੰਮਤ ਨਈਂ ਹਾਰਦੇ। ਸਾਨੂੰ ਸਤਾਇਆ ਜਾਂਦਾ ਹੈ ਪਰ ਪਰਮੇਸ਼ੁਰ ਸਾਨੂੰ ਨਹੀਂ ਛੱਡਦਾ। ਕਈ ਵਾਰੀ ਸਾਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ ਪਰ ਅਸੀਂ ਕਦੇ ਵੀ ਤਬਾਹ ਨਹੀਂ ਹੁੰਦੇ। 10 ਯਿਸੂ ਦੀ ਮੌਤ ਸਾਡੇ ਸਰੀਰਾਂ ਵਿੱਚ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ, ਅਸੀਂ ਇਸ ਮੌਤ ਨੂੰ ਹਮੇਸ਼ਾ ਆਪਣੇ ਨਾਲ ਚੁੱਕਦੇ ਹਾਂ, ਤਾਂ ਜੋ ਯਿਸੂ ਦਾ ਜੀਵਨ ਸਾਡੇ ਸਰੀਰਾਂ ਵਿੱਚ ਵਿਖਾਇਆ ਜਾ ਸੱਕੇ। 11 ਅਸੀਂ ਜਿਉਂਦੇ ਹਾਂ ਪਰ ਯਿਸੂ ਲਈ ਅਸੀਂ ਸਾਰੇ ਮੌਤ ਦੇ ਖਤਰੇ ਹੇਠਾਂ ਰਹਿੰਦੇ ਹਾਂ ਇਹ ਸਾਡੇ ਨਾਲ ਵਾਪਰਦਾ ਹੈ ਤਾਂ ਜੋ ਸਾਡੇ ਮਰ ਜਾਣ ਵਾਲੇ ਸਰੀਰਾਂ ਵਿੱਚ ਯਿਸੂ ਦਾ ਜੀਵਨ ਦੇਖਿਆ ਜਾ ਸੱਕਦਾ ਹੈ। 12 ਇਸੇ ਲਈ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ।

13 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਮੈਂ ਵਿਸ਼ਵਾਸ ਕੀਤਾ ਇਸ ਲਈ, ਮੈਂ ਬੋਲਿਆ ਹਾਂ।” [b] ਸਾਡੀ ਨਿਹਚਾ ਵੀ ਉਸੇ ਤਰ੍ਹਾਂ ਦੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਇਸੇ ਲਈ ਬੋਲਦੇ ਹਾਂ। 14 ਪਰਮੇਸ਼ੁਰ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ। ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਾਨੂੰ ਵੀ ਯਿਸੂ ਦੇ ਸਮੇਤ ਜਿਵਾਲੇਗਾ। ਪਰਮੇਸ਼ੁਰ ਸਾਨੂੰ ਤੁਹਾਡੇ ਨਾਲ ਲਿਆਵੇਗਾ ਅਸੀਂ ਉਸ ਦੇ ਸਨਮੁੱਖ ਖੜ੍ਹੇ ਹੋਵਾਂਗੇ। 15 ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸ ਲਈ ਪਰਮੇਸ਼ੁਰ ਦੀ ਕਿਰਪਾ ਵੱਧ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਹੋਣਗੇ।

ਵਿਸ਼ਵਾਸ ਅਨੁਸਾਰ ਜਿਉਣਾ

16 ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸਰੀਰ ਬੁੱਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ। 17 ਹੁਣ ਥੋੜੇ ਸਮੇਂ ਲਈ, ਸਾਨੂੰ ਛੋਟੀਆਂ ਤਕਲੀਫ਼ਾਂ ਮਿਲਣਗੀਆਂ। ਪਰ ਇਹ ਮੁਸ਼ਕਿਲਾਂ ਸਾਨੂੰ ਸਦੀਵੀ ਮਹਿਮਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਹਨ। ਉਹ ਸਦੀਵੀ ਮਹਿਮਾ ਇਨ੍ਹਾਂ ਮੁਸ਼ਕਿਲਾਂ ਨਾਲੋਂ ਕਿਤੇ ਮਹਾਨ ਹੈ। 18 ਇਸ ਲਈ ਅਸੀਂ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਦੇ ਜੋ ਅਸੀਂ ਦੇਖਦੇ ਹਾਂ, ਸਗੋਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਾਂ ਜੋ ਅਸੀਂ ਦੇਖ ਨਹੀਂ ਸੱਕਦੇ। ਜੋ ਚੀਜ਼ਾਂ ਅਸੀਂ ਦੇਖਦੇ ਹਾਂ ਉਹ ਥੋੜੇ ਚਿਰ ਲਈ ਹਨ ਅਤੇ ਜੋ ਚੀਜ਼ਾਂ ਅਸੀਂ ਦੇਖ ਨਹੀਂ ਸੱਕਦੇ, ਸਦੀਵੀ ਹਨ।

Punjabi Bible: Easy-to-Read Version (ERV-PA)

2010 by World Bible Translation Center