Beginning
ਕਲੀਸਿਯਾ ਦੀ ਇੱਕ ਨੈਤਿਕ ਸਮੱਸਿਆ
5 ਲੋਕ ਸੱਚਮੁੱਚ ਆਖ ਰਹੇ ਹਨ ਕਿ ਤੁਹਾਡੇ ਵਿੱਚ ਜਿਨਸੀ ਗੁਨਾਹ ਹੈ। ਅਜਿਹਾ ਜਿਨਸੀ ਗੁਨਾਹ ਉਨ੍ਹਾਂ ਲੋਕਾਂ ਵਿੱਚਕਾਰ ਵੀ ਨਹੀਂ ਹੁੰਦਾ ਜੋ ਅਵਿਸ਼ਵਾਸੀ ਹਨ। ਲੋਕੀਂ ਆਖਦੇ ਹਨ ਕਿ ਕਿਸੇ ਵਿਅਕਤੀ ਨੇ ਆਪਣੇ ਪਿਤਾ ਦੀ ਪਤਨੀ ਨਾਲ ਗੁਨਾਹ ਕੀਤਾ ਹੈ। 2 ਅਤੇ ਫ਼ੇਰ ਵੀ ਤੁਸੀਂ ਆਪਣੇ-ਆਪ ਉੱਤੇ ਘਮੰਡ ਕਰਦੇ ਹੋ। ਤੁਹਾਨੂੰ ਉਦਾਸੀ ਨਾਲ ਭਰੇ ਹੋਣਾ ਚਾਹੀਦਾ ਸੀ। ਤੁਹਾਨੂੰ ਉਸ ਵਿਅਕਤੀ ਨੂੰ, ਜਿਸਨੇ ਅਜਿਹਾ ਗੁਨਾਹ ਕੀਤਾ, ਆਪਣੇ ਭਾਈਚਾਰੇ ਵਿੱਚੋਂ ਕੱਢ ਦੇਣਾ ਚਾਹੀਦਾ ਸੀ। 3 ਮੇਰਾ ਸਰੀਰ ਭਾਵੇਂ ਤੁਹਾਡੇ ਨਾਲ ਨਹੀਂ ਹੈ, ਪਰ ਮੇਰਾ ਆਤਮਾ ਤੁਹਾਡੇ ਨਾਲ ਹੈ। ਅਤੇ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਪਰੱਖ ਲਿਆ ਹੈ ਜਿਸਨੇ ਪਾਪ ਕੀਤਾ ਹੈ। ਮੈਂ ਉਸਦਾ ਨਿਰਨਾ ਬੁਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮੈਂ ਸੱਚਮੁੱਚ ਉੱਥੇ ਹੀ ਸੀ। 4 ਸਾਡੇ ਪ੍ਰਭੂ ਯਿਸੂ ਦੇ ਨਾਮ ਉੱਤੇ ਇੱਕ ਜਗ਼੍ਹਾ ਇਕੱਠੇ ਹੋਵੋ। ਆਤਮਾ ਵਿੱਚ ਮੈਂ ਤੁਹਾਡੇ ਨਾਲ ਹੋਵਾਂਗਾ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਵੀ ਤੁਹਾਡੇ ਨਾਲ ਹੋਵੇਗੀ। 5 ਤਾਂ ਇਸ ਵਿਅਕਤੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਉ ਤਾਂ ਜੋ ਇਸ ਦਾ ਪਾਪੀ ਆਪਾ ਨਸ਼ਟ ਕੀਤਾ ਜਾ ਸੱਕੇ। ਫ਼ੇਰ ਨਿਆਂ ਦੇ ਦਿਨ ਉਸ ਦਾ ਆਤਮਾ ਬਚਾਇਆ ਜਾਵੇਗਾ।
6 ਤੁਹਾਡੇ ਲਈ ਸ਼ੇਖੀ ਮਾਰਨੀ ਚੰਗੀ ਨਹੀਂ। ਤੁਸੀਂ ਇਹ ਅਖਾਣ ਸੁਣਿਆ ਹੈ, “ਚੁਟਕੀ ਭਰ ਖਮੀਰ ਨਾਲ ਤੌਣ ਉਫ਼ਣ ਆਉਂਦੀ ਹੈ।” 7 ਸਾਰਾ ਪੁਰਾਣਾ ਖਮੀਰ ਲਾ ਦਿਉ ਤਾਂ ਜੋ ਤੁਸੀਂ ਤਾਜ਼ੇ ਆਟੇ ਦੀ ਤੌਣ ਬਣ ਸੱਕੋਂ। ਤੁਸੀਂ ਸੱਚਮੁੱਚ ਖਮੀਰ ਰਹਿਤ ਪਸਾਹ ਦਾ ਭੋਜਨ ਹੋ। ਹਾਂ, ਮਸੀਹ ਸਾਡਾ ਪਸਾਹ ਦਾ ਲੇਲਾ ਹੈ, ਮਸੀਹ ਪਹਿਲਾਂ ਹੀ ਬਲੀ ਚੜ੍ਹ੍ਹ ਚੁੱਕਿਆ ਹੈ। 8 ਇਸ ਲਈ ਆਓ ਅਸੀਂ ਪਸਾਹ ਦਾ ਭੋਜਨ ਕਰੀਏ, ਪਰ ਉਸ ਰੋਟੀ ਨਾਲ ਨਹੀਂ ਜਿਸ ਉੱਪਰ ਪੁਰਾਣਾ ਖਮੀਰ ਚੜ੍ਹ੍ਹਿਆ ਹੋਇਆ ਹੈ। ਇਹ ਖਮੀਰ ਗੁਨਾਹ ਅਤੇ ਬਦੀ ਦਾ ਖਮੀਰ ਹੈ। ਪਰ ਆਓ, ਅਸੀਂ ਖਮੀਰ ਰਹਿਤ ਰੋਟੀ ਖਾਈਏ। ਇਹ ਚੰਗਿਆਈ ਅਤੇ ਸੱਚ ਦੀ ਰੋਟੀ ਹੈ।
9 ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਤੁਹਾਨੂੰ ਉਨ੍ਹਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜਿਹੜੇ ਜਿਨਸੀ ਪਾਪ ਕਰਦੇ ਹਨ। 10 ਪਰ ਮੈਂ ਤੁਹਾਨੂੰ ਇਸ ਭਾਵ ਨਾਲ ਨਹੀਂ ਲਿਖਿਆ ਸੀ ਕਿ ਤੁਹਾਨੂੰ ਇਸ ਦੁਨੀਆਂ ਦੇ ਉਨ੍ਹਾਂ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜੋ ਅਨੈਤਿਕ ਹਨ, ਜੋ ਜਿਨਸੀ ਪਾਪ ਕਰਦੇ ਹਨ, ਜੋ ਖੁਦਗਰਜ਼ ਹਨ, ਜੋ ਦੂਜਿਆਂ ਨੂੰ ਧੋਖਾ ਦਿੰਦੇ ਹਨ, ਜਾਂ ਉਨ੍ਹਾਂ ਨਾਲ ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਤੋਂ ਦੂਰ ਹੋਣਾ ਹੈ ਤਾਂ ਤੁਹਾਨੂੰ ਇਹ ਦੁਨੀਆਂ ਛੱਡਣੀ ਪਵੇਗੀ। 11 ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।
12-13 ਉਨ੍ਹਾਂ ਲੋਕਾਂ ਦੀ ਪਰੱਖ ਕਰਨਾ ਮੇਰਾ ਕੰਮ ਨਹੀਂ ਜਿਹੜੇ ਕਲੀਸਿਯਾ ਨਾਲ ਸੰਬੰਧਿਤ ਨਹੀਂ ਹਨ। ਪਰਮੇਸ਼ੁਰ ਉਨ੍ਹਾਂ ਦਾ ਨਿਆਂ ਕਰੇਗਾ। ਤੁਹਾਨੂੰ ਉਨ੍ਹਾਂ ਲੋਕਾਂ ਦੀ ਪਰੱਖ ਕਰਨੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧਿਤ ਹਨ। ਪੋਥੀਆਂ ਆਖਦੀਆਂ ਹਨ, “ਦੁਸ਼ਟ ਬੰਦੇ ਨੂੰ ਆਪਣੇ ਭਾਈਚਾਰੇ ਵਿੱਚੋਂ ਕੱਢ ਦਿਉ।” [a]
ਮਸੀਹੀਆਂ ਦੇ ਆਪਸੀ ਮਸਲਿਆਂ ਦੀ ਪਰੱਖ
6 ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਇੱਕ ਦੂਜੇ ਦੇ ਖਿਲਾਫ਼ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਕਚਿਹਰੀ ਦੇ ਜੱਜਾਂ ਕੋਲ ਕਿਉਂ ਜਾਂਦੇ ਹੋ? ਉਹ ਲੋਕ ਧਰਮੀ ਨਹੀਂ ਹਨ। ਤਾਂ ਫ਼ਿਰ ਤੁਸੀਂ ਉਨ੍ਹਾਂ ਕੋਲ ਆਪਣੀਆਂ ਸ਼ਿਕਾਇਤਾਂ ਦੇ ਨਿਰਨੇ ਲਈ ਕਿਉਂ ਜਾਂਦੇ ਹੋ? ਤੁਹਾਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਇਸ ਦੀ ਜਗ਼੍ਹਾ ਤੁਸੀਂ ਆਪਣੇ ਵਿਵਾਦਾਂ ਦਾ ਨਿਰਨਾ ਕਰਨ ਦੀ ਆਗਿਆ ਪਰਮੇਸ਼ੁਰ ਦੇ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ। 2 ਤੁਹਾਨੂੰ ਅਵੱਸ਼ ਪਤਾ ਹੈ ਕਿ ਪਰਮੇਸ਼ੁਰ ਦੇ ਬੰਦੇ ਦੁਨੀਆਂ ਦਾ ਨਿਆਂ ਕਰਨਗੇ। ਇਸ ਲਈ ਜੇ ਤੁਸੀਂ ਦੁਨੀਆਂ ਦਾ ਨਿਆਂ ਕਰੋਂਗੇ, ਤਾਂ ਤੁਸੀਂ ਇਹੋ ਜਿਹੀਆਂ ਨਿਗੂਣੀਆਂ ਗੱਲਾਂ ਦਾ ਨਿਆਂ ਕਰਨ ਯੋਗ ਹੋਵੋਂਗੇ। 3 ਤੁਸੀਂ ਜਾਣਦੇ ਹੋ ਕਿ ਭਵਿੱਖ ਵਿੱਚ ਅਸੀਂ ਦੂਤਾਂ ਦਾ ਨਿਆਂ ਵੀ ਕਰਾਂਗੇ। ਇਸ ਲਈ ਅਸੀਂ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਘਟਨਾਵਾਂ ਦੀ ਪਰੱਖ ਵੀ ਕਰ ਸੱਕਦੇ ਹਾਂ। 4 ਇਸ ਲਈ ਜੇ ਤੁਹਾਡੇ ਕੋਲ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਉਹ ਘਟਨਾਵਾਂ ਹਨ ਜਿਨ੍ਹਾਂ ਦਾ ਨਿਆਂ ਹੋਣਾ ਚਾਹੀਦਾ ਹੈ, ਤਾਂ ਤੁਸੀਂ ਇਨ੍ਹਾਂ ਮਸਲਿਆਂ ਨੂੰ ਉਨ੍ਹਾਂ ਉਨ੍ਹਾਂ ਲੋਕਾਂ ਸਾਹਮਣੇ ਕਿਉਂ ਲੈ ਕੇ ਜਾਂਦੇ ਹੋ, ਜਿਹੜੇ ਕਲੀਸਿਯਾ ਨਾਲ ਸੰਬੰਧਿਤ ਨਹੀਂ ਹਨ। ਉਨ੍ਹਾਂ ਬੰਦਿਆਂ ਦਾ ਕਲੀਸਿਯਾ ਲਈ ਕੋਈ ਅਰਥ ਨਹੀਂ। 5 ਮੈਂ ਇਹ ਗੱਲਾਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ। ਅਵੱਸ਼ ਹੀ, ਤੁਹਾਡੀ ਕਲੀਸਿਯਾ ਵਿੱਚ ਕੋਈ ਅਜਿਹਾ ਸਿਆਣਾ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਦੋ ਭਰਾਵਾਂ ਦੇ ਮਸਲਿਆਂ ਨੂੰ ਪਰੱਖਣ ਯੋਗ ਹੋਵੇ। 6 ਪਰ ਹੁਣ ਇੱਕ ਭਰਾ ਦੂਸਰੇ ਭਰਾ ਦੇ ਵਿਰੁੱਧ ਕਚਿਹਰੀ ਜਾ ਖੜ੍ਹਦਾ ਹੈ। ਅਤੇ ਤੁਸੀਂ ਉਨ੍ਹਾਂ ਬੰਦਿਆਂ ਨੂੰ ਆਪਣੇ ਮੁਕੱਦਮੇ ਦਾ ਨਿਰਨਾ ਕਰਨ ਦੀ ਆਗਿਆ ਦਿੱਤੀ ਹੈ ਜੋ ਨਿਹਚਾਵਾਨ ਨਹੀਂ ਹਨ।
7 ਇੱਕ ਦੂਜੇ ਦੇ ਖਿਲਾਫ਼ ਜਿਹੜੇ ਮੁਕੱਦਮੇ ਤੁਹਾਡੇ ਕੋਲ ਹਨ ਉਹ ਇਹੀ ਸਿੱਧ ਕਰਦੇ ਹਨ ਕਿ ਤੁਸੀਂ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹੋ। ਇਹ ਬੇਹਤਰ ਹੋਵੇਗਾ ਕਿ ਤੁਸੀਂ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹੋ। ਇਹ ਬੇਹਤਰ ਹੋਵੇਗਾ ਕਿ ਤੁਸੀਂ ਕਿਸੇ ਨੂੰ ਆਪਣੇ ਨਾਲ ਬੇਇਨਸਾਫ਼ੀ ਕਰਨ ਦਿਉ। ਉਹ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਪਾਸੋਂ ਧੋਖਾ ਖਾ ਲਵੋ। 8 ਪਰ ਤੁਸੀਂ ਤਾਂ ਖੁੱਦ ਬੇਇਨਸਾਫ਼ੀ ਉੱਤੇ ਧੋਖਾ ਕਰਦੇ ਹੋ। ਅਤੇ ਤੁਸੀਂ ਆਪਣੇ ਹੀ ਮਸੀਹ ਦੇ ਨਮਿਤ ਭਰਾਵਾਂ ਨਾਲ ਕਰਦੇ ਹੋ।
9-10 ਤੁਹਾਨੂੰ ਪਤਾ ਹੈ ਕਿ ਜੋ ਦੁਸ਼ਟ ਕਰਨੀਆਂ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਹਿੱਸਾ ਪ੍ਰਾਪਤ ਨਹੀਂ ਕਰਨਗੇ। ਮੂਰਖ ਨਾ ਬਣੋ। ਇਹੀ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਪ੍ਰਾਪਤ ਨਹੀਂ ਹੋਵੇਗਾ: ਉਹ, ਜੋ ਜਿਨਸੀ ਪਾਪ ਕਰਦੇ ਹਨ, ਉਹ, ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ, ਉਹ ਲੋਕ, ਜਿਹੜੇ ਬਦਕਾਰੀ ਕਰਦੇ ਹਨ, ਉਹ ਆਦਮੀ ਜਿਹੜੇ ਆਪਣੇ ਸਰੀਰ ਹੋਰਨਾਂ ਆਦਮੀਆਂ ਨੂੰ ਜਿਨਸੀ ਵਰਤੋਂ ਕਰਨ ਲਈ ਭੇਟ ਕਰਦੇ ਹਨ ਜਾਂ ਉਹ ਜਿਹੜੇ ਹੋਰਨਾਂ ਆਦਮੀਆਂ ਨਾਲ ਜਿਨਸੀ ਪਾਪ ਕਰਦੇ ਹਨ, ਉਹ, ਜੋ ਚੋਰੀ ਕਰਦੇ ਹਨ, ਜੋ ਖੁਦਗਰਜ਼ ਹਨ, ਸ਼ਰਾਬੀ ਹਨ, ਉਹ, ਜੋ ਹੋਰਨਾਂ ਲੋਕਾਂ ਨੂੰ ਮੰਦਾ ਬੋਲਦੇ ਹਨ, ਅਤੇ ਉਹ ਲੋਕ, ਜਿਹੜੇ ਧੋਖਾ ਦਿੰਦੇ ਹਨ। 11 ਅਤੀਤ ਵਿੱਚ ਤੁਹਾਡੇ ਵਿੱਚੋਂ ਵੀ ਕਈ ਅਜਿਹੇ ਹੀ ਸਨ। ਪਰ ਤੁਹਾਨੂੰ ਧੋਕੇ ਸਾਫ਼ ਕਰ ਦਿੱਤਾ ਗਿਆ ਸੀ, ਤੁਹਾਨੂੰ ਪਵਿੱਤਰ ਬਣਾਇਆ ਗਿਆ ਹੈ ਅਤੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਦੁਆਰਾ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਹੈ।
ਆਪਣੇ ਸਰੀਰਾਂ ਦੀ ਵਰਤੋਂ ਪਰਮੇਸ਼ੁਰ ਦੀ ਮਹਿਮਾ ਲਈ ਕਰੋ
12 “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਸਾਰੀਆਂ ਗੱਲਾਂ ਸ਼ੁਭ ਨਹੀਂ ਹਨ। “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਮੈਂ ਕਿਸੇ ਨੂੰ ਵੀ ਆਪਣਾ ਹਾਕਮ ਬਣਨ ਦੀ ਇਜਾਜ਼ਤ ਨਹੀਂ ਦੇਵੇਂਗਾ। 13 “ਭੋਜਨ ਮਿਹਦੇ ਵਾਸਤੇ ਹੈ ਅਤੇ ਮਿਹਦਾ ਭੋਜਨ ਵਾਸਤੇ” ਠੀਕ ਹੈ। ਪਰ ਪਰਮੇਸ਼ੁਰ ਦੋਹਾਂ ਦਾ ਹੀ ਨਾਸ਼ ਕਰ ਦੇਵੇਗਾ। ਸਰੀਰ ਜਿਨਸੀ ਗੁਨਾਹ ਵਾਸਤੇ ਨਹੀਂ ਹੈ। ਸਰੀਰ ਪ੍ਰਭੂ ਵਾਸਤੇ ਹੈ ਅਤੇ ਪ੍ਰਭੂ ਸਰੀਰ ਵਾਸਤੇ ਹੈ। 14 ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ ਪ੍ਰਭੂ ਯਿਸੂ ਨੂੰ ਮੁਰਦੇ ਤੋਂ ਵਾਪਸ ਲਿਆਂਦਾ। ਪਰਮੇਸ਼ੁਰ ਸਾਨੂੰ ਵੀ ਮੌਤ ਤੋਂ ਵਾਪਸ ਜਿਵਾਲੇਗਾ। 15 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਰੀਰ ਖੁਦ ਮਸੀਹ ਦੇ ਸਰੀਰ ਦਾ ਇੱਕ ਅੰਗ ਹਨ। ਇਸ ਲਈ ਸਾਨੂੰ ਕਦੇ ਵੀ ਮਸੀਹ ਦੇ ਅੰਗਾਂ ਨੂੰ ਕਿਸੇ ਵੇਸ਼ਵਾ ਦੇ ਅੰਗਾਂ ਨਾਲ ਨਹੀਂ ਜੋੜਨਾ ਚਾਹੀਦਾ। 16 ਪੋਥੀਆਂ ਵਿੱਚ ਲਿਖਿਆ ਹੋਇਆ ਹੈ “ਦੋ ਮਨੁੱਖ ਇੱਕ ਬਣ ਜਾਣਗੇ” [b] ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਕਿਸੇ ਵੇਸ਼ਵਾ ਦੇ ਨਾਲ ਮਿਲਦਾ ਹੈ ਉਹ ਸਰੀਰ ਪੱਖੋਂ ਉਸ ਨਾਲ ਇੱਕ-ਮਿੱਕ ਹੋ ਜਾਂਦਾ ਹੈ। 17 ਪਰ ਉਹ ਜਿਹੜਾ ਵਿਅਕਤੀ ਖੁਦ ਆਪਣੇ ਆਪ ਨੂੰ ਪ੍ਰਭੂ ਨਾਲ ਜੋੜ ਲੈਂਦਾ ਹੈ ਉਹ ਆਤਮਾ ਵਿੱਚ ਪ੍ਰਭੂ ਨਾਲ ਇੱਕ ਹੋ ਜਾਂਦਾ ਹੈ।
18 ਇਸ ਲਈ ਜਿਨਸੀ ਗੁਨਾਹ ਤੋਂ ਦੂਰ ਰਹੋ। ਹਰ ਗੁਨਾਹ ਜਿਹੜਾ ਕੋਈ ਵੀ ਵਿਅਕਤੀ ਕਰਦਾ ਹੈ ਉਸ ਦੇ ਸਰੀਰ ਤੋਂ ਬਾਹਰ ਹੁੰਦਾ ਹੈ। ਪਰ ਜਿਨਸੀ ਗੁਨਾਹ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਦੇ ਵਿਰੁੱਧ ਗੁਨਾਹ ਕਰਦਾ ਹੈ। 19 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਇੱਕ ਮੰਦਰ ਹੈ ਜਿੱਥੇ ਪਵਿੱਤਰ ਆਤਮਾ ਦਾ ਨਿਵਾਸ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। ਤੁਸੀਂ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਤੋਂ ਪ੍ਰਾਪਤ ਕੀਤਾ ਹੈ। ਤੁਸੀਂ ਆਪਣੇ ਖੁੱਦ ਦੇ ਨਹੀਂ ਹੋ। 20 ਤੁਹਾਨੂੰ ਪਰਮੇਸ਼ੁਰ ਦੁਆਰਾ ਮੁੱਲ ਤਾਰਕੇ ਖਰੀਦਿਆ ਗਿਆ ਹੈ। ਇਸ ਲਈ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦਾ ਸਤਿਕਾਰ ਕਰੋ।
ਵਿਆਹ ਸੰਬੰਧੀ
7 ਹੁਣ ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਾਂਗਾ ਜਿਹੜੀਆਂ ਮੈਨੂੰ ਲਿਖੀਆਂ ਗਈਆਂ ਸਨ। ਇਹ ਕਿਸੇ ਵਿਅਕਤੀ ਲਈ ਚੰਗਾ ਹੋਵੇਗਾ ਜੇ ਉਹ ਵਿਆਹ ਨਾ ਕਰੇ। 2 ਪਰ ਉੱਥੇ ਜਿਨਸੀ ਪਾਪ ਕਰਨ ਦਾ ਖਤਰਾ ਹੈ। ਇਸ ਲਈ ਹਰ ਮਨੁੱਖ ਦੀ ਆਪਣੀ ਪਤਨੀ ਹੋਣੀ ਚਾਹੀਦੀ ਹੈ। ਅਤੇ ਹਰ ਔਰਤ ਦਾ ਆਪਣੇ ਪਤੀ ਹੋਣਾ ਚਾਹੀਦਾ ਹੈ। 3 ਪਤੀ ਨੂੰ ਆਪਣੀ ਪਤਨੀ ਨੂੰ ਉਹ ਸਭ ਕੁਝ ਦੇਣਾ ਚਾਹੀਦਾ ਹੈ ਜਿਸ ਨੂੰ ਪ੍ਰਾਪਤ ਕਰਨ ਦੀ ਉਹ ਹੱਕਦਾਰ ਹੈ, ਅਤੇ ਪਤੀ ਨੂੰ ਆਪਣੇ ਪਤਨੀ ਨੂੰ ਉਹ ਦੇਣਾ ਚਾਹੀਦਾ ਹੈ ਜਿਸ ਨੂੰ ਪ੍ਰਾਪਤ ਕਰਨ ਦਾ ਉਹ ਹੱਕਦਾਰ ਹੈ। 4 ਇੱਕ ਪਤਨੀ ਦਾ ਆਪਣੇ ਸਰੀਰ ਉੱਪਰ ਕੋਈ ਇਖਤਿਆਰ ਨਹੀਂ ਹੈ। ਜਦਕਿ ਉਸ ਦੇ ਪਤੀ ਨੂੰ ਉਸ ਦੇ ਸਰੀਰ ਉੱਪਰ ਇਖਤਿਆਰ ਹੈ। ਇਸੇ ਤਰ੍ਹਾਂ ਹੀ, ਇੱਕ ਪਤੀ ਦਾ ਆਪਣੇ ਸਰੀਰ ਉੱਪਰ ਕੋਈ ਇਖਤਿਆਰ ਨਹੀਂ ਜਦਕਿ ਉਸਦੀ ਪਤਨੀ ਨੂੰ ਉਸ ਦੇ ਸਰੀਰ ਉੱਤੇ ਇਖਤਿਆਰ ਹੈ। 5 ਆਪੋ ਆਪਣੇ ਸਰੀਰਾਂ ਨੂੰ ਇੱਕ ਦੂਸਰੇ ਨੂੰ ਦੇਣ ਤੋਂ ਇਨਕਾਰੀ ਨਾ ਹੋਵੋ। ਪਰ ਤੁਸੀਂ ਦੋਵੇਂ ਕੁਝ ਅਰਸੇ ਲਈ ਇੱਕ ਦੂਸਰੇ ਤੋਂ ਦੂਰ ਰਹਿਣ ਲਈ ਰਜ਼ਾਮੰਦ ਹੋ ਸੱਕਦੇ ਹੋ। ਤੁਸੀਂ ਅਜਿਹਾ ਕਰ ਸੱਕਦੇ ਹੋ ਤਾਂ ਜੋ ਤੁਸੀਂ ਆਪਣਾ ਸਮਾਂ ਪ੍ਰਾਰਥਨਾ ਲਈ ਅਰਪਿਤ ਕਰ ਸੱਕੋ, ਫ਼ੇਰ ਦੁਬਾਰਾ ਇਕੱਠੇ ਹੋ ਜਾਉ। ਫ਼ੇਰ ਸੈਤਾਨ ਨੂੰ ਤੁਹਾਡੀ ਕਮਜ਼ੋਰੀ ਕਾਰਣ ਤੁਹਾਨੂੰ ਉਕਸਾਉਣ ਦਾ ਕੋਈ ਅਵਸਰ ਨਹੀਂ ਮਿਲੇਗਾ। 6 ਮੈਂ ਅਜਿਹਾ ਇਸ ਲਈ ਆਖ ਰਿਹਾ ਹਾਂ ਤਾਂ ਜੋ ਤੁਹਾਨੂੰ ਥੋੜੇ ਸਮੇਂ ਲਈ ਵੱਖ ਹੋਣ ਦੀ ਇਜਾਜ਼ਤ ਦੇ ਦਿਆਂ। ਇਹ ਕੋਈ ਹੁਕਮ ਨਹੀਂ ਹੈ। 7 ਮੈਂ ਚਾਹੁੰਦਾ ਹਾਂ ਕਿ ਸਭ ਲੋਕ ਮੇਰੇ ਜਿਹੇ ਹੋਣ। ਪਰ ਹਰ ਇੱਕ ਵਿਅਕਤੀ ਨੂੰ ਪਰਮੇਸ਼ੁਰ ਤੋਂ ਆਪਣੀ ਦਾਤ ਮਿਲੀ ਹੋਈ ਹੈ। ਕਿਸੇ ਵਿਅਕਤੀ ਨੂੰ ਇੱਕ ਦਾਤ ਮਿਲੀ ਹੋਈ ਹੈ ਕਿਸੇ ਨੂੰ ਦੂਸਰੀ।
8 ਹੁਣ ਇਹੀ ਹੈ, ਜੋ ਮੈਂ ਉਨ੍ਹਾਂ ਲੋਕਾਂ ਨੂੰ ਆਖਣਾ ਚਾਹੁੰਦਾ ਹਾਂ, ਜੋ ਕੁਆਰੇ ਹਨ ਅਤੇ ਵਿਧਵਾਵਾਂ ਲਈ ਵੀ; ਇਹ ਚੰਗਾ ਹੈ ਕਿ ਉਹ ਮੇਰੇ ਵਾਂਗ ਇੱਕਲੇ ਰਹਿਣ। 9 ਪਰ ਜੇਕਰ ਉਹ ਆਪਣੀਆਂ ਇੱਛਾਵਾਂ ਉੱਤੇ ਕਾਬੂ ਨਹੀਂ ਰੱਖ ਸੱਕਦੇ, ਤਾਂ ਉਨ੍ਹਾਂ ਨੂੰ ਵਿਆਹ ਕਰਵਾ ਲੈਣ ਦਿਉ। ਕਾਮਨਾ ਦੀ ਅੱਗ ਵਿੱਚ ਸੜਨ ਨਾਲੋਂ ਵਿਆਹ ਕਰਵਾ ਲੈਣਾ ਬਿਹਤਰ ਹੈ।
10 ਹੁਣ ਮੈਂ ਵਿਆਹੇ ਲੋਕਾਂ ਨੂੰ ਹੁਕਮ ਦਿੰਦਾ ਹਾਂ। ਇਹ ਹੁਕਮ ਮੇਰੇ ਵੱਲੋਂ ਨਹੀਂ ਹੈ ਇਹ ਪ੍ਰਭੂ ਵੱਲੋਂ ਹੈ। ਕਿਸੇ ਪਤਨੀ ਨੂੰ ਆਪਣੇ ਪਤੀ ਨੂੰ ਛੱਡਣਾ ਨਹੀਂ ਚਾਹੀਦਾ। 11 ਪਰ ਜੋ ਪਤਨੀ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਤਾਂ ਉਸ ਨੂੰ ਦੋਬਾਰਾ ਵਿਆਹ ਨਹੀਂ ਕਰਵਾਉਣਾ ਚਾਹੀਦਾ। ਜਾਂ ਉਸ ਨੂੰ ਆਪਣੇ ਪਤੀ ਵੱਲ ਵਾਪਿਸ ਪਰਤ ਜਾਣਾ ਚਾਹੀਦਾ ਹੈ। ਇਹ ਵੀ ਹੈ ਕਿ ਪਤੀ ਨੂੰ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੀਦਾ।
12 ਹੋਰਨਾ ਸਾਰੇ ਲੋਕਾਂ ਲਈ ਮੈਂ ਇਹ ਕਹਿੰਦਾ ਮੈਂ ਹਾਂ ਜੋ ਇਹ ਗੱਲਾਂ ਆਖਦਾ ਹਾਂ, ਪ੍ਰਭੂ ਨਹੀਂ। ਈਸਾਈ ਅਜਿਹੀ ਪਤਨੀ ਰੱਖ ਸੱਕਦਾ ਹੈ ਜੋ ਵਿਸ਼ਵਾਸੀ ਨਹੀਂ ਹੈ। ਅਤੇ ਜੇਕਰ ਉਹ ਉਸ ਦੇ ਨਾਲ ਰਹਿਣ ਦੀ ਇੱਛੁਕ ਹੈ, ਤਾਂ ਆਦਮੀ ਨੂੰ ਉਸ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 13 ਅਤੇ ਕੋਈ ਔਰਤ ਕਿਸੇ ਅਜਿਹੇ ਪਤੀ ਨਾਲ ਵਿਆਹ ਕਰ ਸੱਕਦੀ ਹੈ ਜਿਹੜਾ ਵਿਸ਼ਵਾਸੀ ਨਹੀਂ ਹੈ। ਅਤੇ ਜੇਕਰ ਉਹ ਉਸ ਨਾਲ ਰਹਿਣ ਦਾ ਇਛੁਕ ਹੈ, ਤਾਂ ਔਰਤ ਨੂੰ ਉਸ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 14 ਇੱਕ ਪਤੀ, ਜੋ ਕਿ ਵਿਸ਼ਵਾਸੀ ਨਹੀਂ ਹੈ, ਆਪਣੀ ਪਤਨੀ ਰਾਹੀਂ ਪਵਿੱਤਰ ਬਣਾਇਆ ਜਾਂਦਾ ਹੈ। ਅਤੇ ਇੱਕ ਪਤਨੀ ਜੋ ਕਿ ਵਿਸ਼ਵਾਸੀ ਨਹੀਂ ਹੈ ਆਪਣੇ ਪਤੀ ਰਾਹੀਂ ਪਵਿੱਤਰ ਬਣਾਈ ਜਾਂਦੀ ਹੈ। ਜੇ ਇਹ ਸੱਚ ਨਾ ਹੁੰਦਾ, ਫ਼ੇਰ ਤੁਹਾਡੇ ਬੱਚੇ ਅਸ਼ੁੱਧ ਹੁੰਦੇ। ਪਰ ਹੁਣ ਤੁਹਾਡੇ ਬੱਚੇ ਸ਼ੁੱਧ ਹਨ।
15 ਪਰ ਜੇ ਇੱਕ ਪਤੀ ਜਾਂ ਪਤਨੀ, ਜੋ ਕਿ ਵਿਸ਼ਵਾਸੀ ਨਹੀਂ ਹੈ, ਵੱਖ ਹੋਣ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਉਸ ਆਦਮੀ ਜਾਂ ਔਰਤ ਨੂੰ ਜਾਣ ਦਿਉ। ਜੇਕਰ ਅਜਿਹੀ ਗੱਲ ਵਾਪਰਦੀ ਹੈ, ਫ਼ੇਰ ਮਸੀਹ ਵਿੱਚ ਇੱਕ ਭਰਾ ਜਾਂ ਭੈਣ ਸੁਤੰਤਰ ਹੈ। ਪਰਮੇਸ਼ੁਰ ਨੇ ਸਾਨੂੰ ਸ਼ਾਂਤੀ ਵਿੱਚ ਰਹਿਣ ਲਈ ਸੱਦਿਆ। 16 ਪਤਨੀਉ, ਸ਼ਾਇਦ ਤੁਸੀਂ ਆਪਣੇ ਪਤੀਆਂ ਨੂੰ ਬਚਾ ਲਵੋ, ਅਤੇ ਪਤੀਓ ਸ਼ਾਇਦ ਤੁਸੀਂ ਆਪਣੀਆਂ ਪਤਨੀਆਂ ਨੂੰ ਬਚਾ ਲਵੋ। ਇਸ ਦਾ ਹੁਣ ਭਾਵੇ ਤੁਹਾਨੂੰ ਪਤਾ ਨਾ ਹੋਵੇ ਕਿ ਬਾਦ ਵਿੱਚ ਕੀ ਵਾਪਰੇਗਾ।
ਉਵੇਂ ਜੀਓ ਜਿਵੇਂ ਪਰਮੇਸ਼ੁਰ ਦਾ ਹੁਕਮ ਹੈ
17 ਪਰ ਹਰ ਮਨੁੱਖ ਨੂੰ ਉਸੇ ਦਸ਼ਾ ਅਨੁਸਾਰ ਰਹਿਣਾ ਚਾਹੀਦਾ ਹੈ ਜਿਸ ਤੇ ਪਰਮੇਸ਼ੁਰ ਨੇ ਉਸ ਨੂੰ ਜਿਉਣ ਲਈ ਨਿਯੁਕਤ ਕੀਤਾ ਹੈ। ਇਸਦਾ ਭਾਵ ਇਹ ਹੈ ਕਿ ਉਸ ਨੂੰ ਉਸੇ ਦਸ਼ਾ ਵਿੱਚ ਜਿਉਣਾ ਚਾਹੀਦਾ ਹੈ ਜਿਸ ਦਸ਼ਾ ਵਿੱਚ, ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ। ਇਹੀ ਉਹ ਅਸੂਲ ਹੈ ਜਿਹੜਾ ਮੈਂ ਸਾਰੀਆਂ ਕਲੀਸਿਯਾਵਾਂ ਵਿੱਚ ਬਣਾਇਆ ਹੈ। 18 ਜੇ ਇੱਕ ਆਦਮੀ ਦੀ ਉਦੋਂ ਸੁੰਨਤ ਨਹੀਂ ਹੋਈ ਸੀ, ਜਦੋਂ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ, ਤਾ ਉਸਦੀ ਸੁੰਨਤ ਨਹੀਂ ਹੋਣੀ ਚਾਹੀਦੀ। ਜੇ ਕਿਸੇ ਬੰਦੇ ਦੀ ਬੁਲਾਵੇ ਸਮੇਂ ਸੁੰਨਤ ਨਹੀਂ ਹੋਈ ਤਾਂ ਉਸਦੀ ਸੁੰਨਤ ਨਹੀਂ ਕਰਨੀ ਚਾਹੀਦੀ। 19 ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਕਿਸੇ ਬੰਦੇ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਤਾਂ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਹੈ। 20 ਹਰ ਬੰਦੇ ਨੂੰ ਉਵੇਂ ਹੀ ਰਹਿਣਾ ਚਾਹੀਦਾ ਹੈ ਜਿਵੇਂ ਉਸ ਨੂੰ ਪਰਮੇਸ਼ੁਰ ਦਾ ਬੁਲਾਵਾ ਮਿਲਿਆ ਹੈ। 21 ਜੇ ਤੁਸੀਂ ਪਰਮੇਸ਼ੁਰ ਦੇ ਬੁਲਾਵੇ ਸਮੇਂ ਗੁਲਾਮ ਸੀ ਤਾਂ ਇਸ ਗੱਲ ਦੀ ਚਿੰਤਾ ਨਾ ਕਰੋ, ਪਰ ਜੇ ਤੁਸੀਂ ਸੁਤੰਤਰ ਹੋ ਸੱਕਦੇ ਹੋ, ਤਾਂ ਸੁਤੰਤਰ ਰਹੋ। 22 ਜਿਹੜਾ ਬੰਦਾ ਉਦੋਂ ਗੁਲਾਮ ਸੀ ਜਦੋਂ ਪ੍ਰਭੂ ਨੇ ਉਸ ਨੂੰ ਬੁਲਾਇਆ ਸੀ ਉਹ ਹੁਣ ਪ੍ਰਭੂ ਵਿੱਚ ਆਜ਼ਾਦ ਹੈ। ਇਸੇ ਢੰਗ ਨਾਲ ਹੀ, ਜਿਹੜਾ ਬੰਦਾ ਉਦੋਂ ਆਜ਼ਾਦ ਸੀ ਜਦੋਂ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ, ਹੁਣ ਮਸੀਹ ਦਾ ਇੱਕ ਗੁਲਾਮ ਹੈ। 23 ਤੁਸਾਂ ਲੋਕਾਂ ਨੂੰ ਇੱਕ ਵੱਡਾ ਮੁੱਲ ਤਾਰ ਕੇ ਖਰੀਦਿਆ ਗਿਆ ਸੀ। ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ। 24 ਭਰਾਵੋ ਅਤੇ ਭੈਣੋ, ਪਰਮੇਸ਼ੁਰ ਨਾਲ ਆਪਣੀ ਨਵੀਂ ਜ਼ਿੰਦਗੀ, ਜਿਸ ਢੰਗ ਵਿੱਚ ਵੀ ਤੁਸੀਂ ਉਦੋਂ ਰਹਿ ਰਹੇ ਸੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਸੱਦਿਆ ਸੀ, ਉਸੇ ਢੰਗ ਵਿੱਚ ਜੀਵੋ।
ਵਿਆਹ ਕਰਵਾਉਣ ਸੰਬੰਧੀ ਪ੍ਰਸ਼ਨ
25 ਹੁਣ ਮੈਂ ਉਨ੍ਹਾਂ ਲੋਕਾਂ ਬਾਰੇ ਲਿਖਦਾ ਹਾਂ ਜਿਹੜੇ ਵਿਆਹੇ ਹੋਏ ਨਹੀਂ ਹਨ। ਇਸ ਬਾਰੇ ਮੇਰੇ ਕੋਲ ਪ੍ਰਭੂ ਵੱਲੋਂ ਹੁਕਮ ਨਹੀਂ ਹੈ। ਪਰ ਮੈਂ ਆਪਣੀ ਰਾਇ ਦਿੰਦਾ ਹਾਂ। ਤੁਸੀਂ ਮੇਰੇ ਵਿੱਚ ਭਰੋਸਾ ਰੱਖ ਸੱਕਦੇ ਹੋ ਕਿਉਂਕਿ ਪ੍ਰਭੂ ਮੇਰੇ ਉੱਤੇ ਮਿਹਰਬਾਨ ਸੀ। 26 ਇਹ ਮੁਸ਼ਕਿਲਾਂ ਭਰਿਆ ਸਮਾਂ ਹੈ। ਇਸ ਲਈ ਮੇਰੇ ਵਿੱਚਾਰ ਵਿੱਚ ਤੁਹਾਡੇ ਲਈ ਜਿਵੇਂ ਹੋ, ਉਵੇਂ ਹੀ ਰਹਿਣਾ ਚੰਗਾ ਹੈ। 27 ਪਰ ਜੇਕਰ ਤੁਹਾਡੀ ਪਤਨੀ ਹੈ, ਤਾਂ ਉਸ ਕੋਲੋਂ ਆਪਣੇ ਆਪ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਆਪਣੇ ਆਪ ਨੂੰ ਪਤਨੀ ਤੋਂ ਆਜ਼ਾਦ ਕਰ ਲਿਆ ਹੈ, ਤਾਂ ਫ਼ੇਰ ਪਤਨੀ ਤਲਾਸ਼ ਕਰਨ ਦੀ ਕੋਸ਼ਿਸ਼ ਨਾ ਕਰੋ। 28 ਪਰ ਜੇ ਤੁਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ, ਤਾਂ ਇਹ ਕੋਈ ਪਾਪ ਨਹੀਂ। ਅਤੇ ਜੇਕਰ ਇੱਕ ਅਣਵਿਆਹੀ ਕੁੜੀ ਵਿਆਹ ਕਰਾਉਂਦੀ ਹੈ, ਉਹ ਵੀ ਕੋਈ ਪਾਪ ਨਹੀਂ। ਪਰ ਜਿਹੜੇ ਮਨੁੱਖ ਵਿਆਹ ਕਰਵਾਉਂਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਮੁਸ਼ਕਿਲਾਂ ਪੇਸ਼ ਆਉਣਗੀਆਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਮੁਸ਼ਕਿਲਾਂ ਤੋਂ ਆਜ਼ਾਦ ਰਹੋ।
29 ਭਰਾਵੋ ਅਤੇ ਭੈਣੋ ਮੇਰਾ ਮਤਲਬ ਇਹ ਹੈ। ਸਾਡੇ ਕੋਲ ਬਹੁਤਾ ਸਮਾਂ ਨਹੀਂ ਬਚਿਆ। ਇਸ ਲਈ ਹੁਣ ਤੋਂ ਸ਼ੁਰੂ ਕਰਦਿਆਂ ਵਿਆਹੇ ਹੋਏ ਵਿਅਕਤੀਆਂ ਨੂੰ ਆਪਣਾ ਸਮਾਂ ਇਸ ਤਰ੍ਹਾਂ ਗੁਜ਼ਾਰਨਾ ਚਾਹੀਦਾ ਹੈ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਾ ਹੋਣ। 30 ਜਿਹੜੇ ਲੋਕ ਉਦਾਸ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਉਦਾਸ ਨਹੀਂ ਹਨ। ਜਿਹੜੇ ਵਿਅਕਤੀ ਖੁਸ਼ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਖੁਸ਼ ਨਹੀਂ ਹਨ। ਜਿਹੜੇ ਲੋਕ ਚੀਜ਼ਾਂ ਖਰੀਦਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਕੋਲ ਕੁਝ ਵੀ ਨਹੀਂ। 31 ਜਿਹੜੇ ਵਿਅਕਤੀ ਦੁਨਿਆਵੀ ਚੀਜ਼ਾਂ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ, ਜਿਵੇਂ ਇਨ੍ਹਾਂ ਚੀਜ਼ਾਂ ਦਾ ਉਨ੍ਹਾਂ ਲਈ ਕੋਈ ਮਹੱਤਵ ਨਹੀਂ। ਤੁਹਾਨੂੰ ਇਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਕਿਉਂ ਜੋ ਇਹ ਦੁਨੀਆਂ ਵਿੱਚ ਹੁਣ ਹੈ ਛੇਤੀ ਹੀ ਅਲੋਪ ਹੋ ਜਾਵੇਗਾ।
32 ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਹੋਵੋ। ਇੱਕ ਅਣਵਿਆਹਿਆ ਵਿਅਕਤੀ ਪ੍ਰਭੂ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਉਸਦਾ ਉਦੇਸ਼ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ। 33 ਪਰ ਜਿਹੜਾ ਵਿਅਕਤੀ ਵਿਆਹਿਆ ਹੋਇਆ ਹੈ ਉਹ ਦੁਨਿਆਵੀ ਗੱਲਾਂ ਵਿੱਚ ਰੁੱਝਿਆ ਰਹਿੰਦਾ ਹੈ। ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਵਿੱਚ ਲੱਗਿਆ ਰਹਿੰਦਾ ਹੈ। 34 ਉਸ ਨੂੰ ਦੋ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ: ਆਪਣੀ ਪਤਨੀ ਨੂੰ ਪ੍ਰਸੰਨ ਕਰਨਾ ਅਤੇ ਪ੍ਰਭੂ ਨੂੰ ਵੀ। ਇੱਕ ਅਣਵਿਆਹੀ ਔਰਤ ਜਾਂ ਇੱਕ ਕੁਆਰੀ ਕੁੜੀ, ਪ੍ਰਭੂ ਦੇ ਕੰਮ ਵਿੱਚ ਰੁੱਝੀ ਰਹਿੰਦੀ ਹੈ। ਉਹ ਆਪਣਾ ਸਰੀਰ ਅਤੇ ਆਤਮਾ ਸੰਪੂਰਣ ਤੌਰ ਤੇ ਪ੍ਰਭੂ ਦੇ ਅਰਪਨ ਕਰਨਾ ਚਾਹੁੰਦੀ ਹੈ। ਪਰ ਇੱਕ ਵਿਆਹੀ ਹੋਈ ਔਰਤ ਦੁਨਿਆਵੀ ਗੱਲਾਂ ਵਿੱਚ ਰੁਝੀ ਰਹਿੰਦੀ ਹੈ ਉਹ ਆਪਣੇ ਪਤੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। 35 ਮੈਂ ਇਹ ਗੱਲਾਂ ਤੁਹਾਡੀ ਸਹਾਇਤਾ ਕਰਨ ਲਈ ਆਖ ਰਿਹਾ ਹਾਂ। ਮੈਂ ਤੁਹਾਨੂੰ ਕਿਸੇ ਸੀਮਾ ਵਿੱਚ ਬੰਨ੍ਹਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਠੀਕ ਢੰਗ ਨਾਲ ਜੀਓ। ਮੈਂ ਆਸ਼ਾ ਕਰਦਾ ਹਾਂ ਤੁਸੀਂ ਆਪਣਾ ਸੰਪੂਰਣ ਆਪਾ, ਹੋਰਨਾਂ ਗੱਲਾਂ ਵਿੱਚ ਬਤੀਤ ਕੀਤੇ ਬਿਨਾ, ਪ੍ਰਭੂ ਨੂੰ ਅਰਪਨ ਕਰ ਦਿਉ।
36 ਕੋਈ ਵਿਅਕਤੀ ਭਾਵੇਂ ਇਹ ਸੋਚ ਸੱਕਦਾ ਹੈ ਕਿ ਉਹ ਠੀਕ ਨਹੀਂ ਕਰ ਰਿਹਾ, ਜਦੋਂ ਕਿ ਉਸਦੀ ਕੁਆਰੀ ਕੁੜੀ ਦੀ ਵਿਆਹ ਦੀ ਉਮਰ ਲਗਭਗ ਲੰਘ ਚੁੱਕੀ ਹੋਵੇ। ਇਸ ਲਈ ਉਹ ਸੋਚ ਸੱਕਦਾ ਹੈ ਕਿ ਵਿਆਹ ਜ਼ਰੂਰੀ ਹੈ। ਉਸ ਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਹ ਚਾਹੁੰਦਾ ਹੈ। ਉਸ ਨੂੰ ਉਸਦਾ ਵਿਆਹ ਕਰਵਾ ਦੇਣਾ ਚਾਹੀਦਾ ਹੈ। ਉਹ ਗੁਨਾਹ ਨਹੀਂ ਹੈ। 37 ਪਰ ਜੇਕਰ ਕਿਸੇ ਦੂਸਰੇ ਵਿਅਕਤੀ ਨੇ ਆਪਣੇ ਮਨ ਵਿੱਚ ਦ੍ਰਿੜ੍ਹਤਾ ਨਾਲ ਨਿਸ਼ਚਾ ਕੀਤਾ ਹੈ ਕਿ ਵਿਆਹ ਦੀ ਕੋਈ ਜ਼ਰੂਰਤ ਨਹੀਂ ਹੈ, ਤਾਂ ਉਹ, ਜੋ ਵੀ ਚਾਹੁੰਦਾ ਹੈ, ਕਰਨ ਵਾਸਤੇ ਸੁਤੰਤਰ ਹੈ। ਜੇਕਰ ਉਹ ਵਿਅਕਤੀ ਆਪਣੇ ਮਨ ਵਿੱਚ ਨਿਸ਼ਚਾ ਕਰਦਾ ਹੈ ਕਿ ਉਹ ਆਪਣੀ ਧੀ ਦਾ ਵਿਆਹ ਨਹੀਂ ਕਰੇਗਾ, ਤਾਂ ਉਹ ਇੱਕ ਸਹੀ ਗੱਲ ਕਰ ਰਿਹਾ ਹੈ। 38 ਇਸ ਲਈ ਉਹ ਵਿਅਕਤੀ ਜਿਹੜਾ ਆਪਣੀ ਕੁਆਰੀ ਧੀ ਦਾ ਵਿਆਹ ਕਰਦਾ ਹੈ, ਜੋ ਸਹੀ ਹੈ ਉਹੀ ਕਰ ਰਿਹਾ ਹੈ। ਅਤੇ ਜਿਹੜਾ ਵਿਅਕਤੀ ਆਪਣੀ ਕੁਆਰੀ ਧੀ ਦਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਸਹੀ ਕਰਦਾ ਹੈ। [c]
39 ਜਿੰਨਾ ਚਿਰ ਪਤੀ ਜਿਉਂਦਾ ਹੈ ਪਤਨੀ ਨੂੰ ਅਵਸ਼ ਉਸ ਦੇ ਨਾਲ ਰਹਿਣਾ ਚਾਹੀਦਾ ਹੈ। ਪਰ ਜੇ ਪਤੀ ਮਰ ਜਾਂਦਾ ਹੈ ਤਾਂ ਪਤਨੀ ਕਿਸੇ ਵੀ ਹੋਰ ਮਰਦ ਨਾਲ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸੱਕਦੀ ਹੈ। ਪਰ ਉਸ ਨੂੰ ਪ੍ਰਭੂ ਦੇ ਨਮਿੱਤ ਵਿਆਹ ਅਵੱਸ਼ ਕਰਵਾਉਣਾ ਚਾਹੀਦਾ ਹੈ। 40 ਜੋ ਉਹ ਔਰਤ ਦੁਬਾਰਾ ਵਿਆਹ ਨਹੀਂ ਕਰਵਾਉਂਦੀ, ਤਾਂ ਉਹ ਵੱਧੇਰੇ ਖੁਸ਼ ਹੋਵੇਗੀ। ਇਹ ਮੇਰੀ ਰਾਏ ਹੈ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਹੈ।
ਮੂਰਤੀਆਂ ਨੂੰ ਭੇਂਟ ਕੀਤੇ ਭੋਜਨ ਬਾਰੇ
8 ਹੁਣ ਮੈਂ ਕੁਰਬਾਨੀ ਦੇ ਉਸ ਮਾਸ ਬਾਰੇ ਲਿਖਾਂਗਾ ਜਿਹੜਾ ਮੂਰਤੀਆਂ ਨੂੰ ਚੜ੍ਹਾਇਆ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ “ਸਾਨੂੰ ਸਾਰਿਆਂ ਨੂੰ ਗਿਆਨ ਹੈ।” ਗਿਆਨ ਤੁਹਾਨੂੰ ਘਮੰਡ ਨਾਲ ਭਰ ਦਿੰਦਾ ਹੈ। ਪਰ ਪ੍ਰੇਮ ਤੁਹਾਡੀ ਇਸ ਗੱਲ ਵਿੱਚ ਸਹਾਇਤਾ ਕਰਦਾ ਹੈ ਕਿ ਦੂਸਰੇ ਵੱਧੇਰੇ ਬਲਵਾਨ ਹੋਵੋ। 2 ਇੱਕ ਵਿਅਕਤੀ ਜਿਹੜਾ ਇਹ ਸੋਚਦਾ ਹੈ ਕਿ ਉਹ ਕੁਝ ਜਾਣਦਾ ਹੈ, ਉਹੀ ਉਹ ਨਹੀਂ ਜਾਣਦਾ ਜਿਹੜਾ ਉਸ ਨੂੰ ਜਾਨਣਾ ਚਾਹੀਦਾ ਹੈ। 3 ਪਰ ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਪ੍ਰੇਮ ਕਰਦਾ ਹੈ ਉਸ ਨੂੰ ਪਰਮੇਸ਼ੁਰ ਜਾਣਦਾ ਹੈ।
4 ਇਸ ਲਈ ਮੈਂ ਇਹ ਮੂਰਤੀਆਂ ਨੂੰ ਭੇਟ ਮਾਸ ਖਾਣ ਬਾਰੇ ਆਖਦਾ ਹਾਂ: ਅਸੀਂ ਜਾਣਦੇ ਹਾਂ ਕਿ ਦੁਨੀਆਂ ਵਿੱਚ ਮੂਰਤੀਆਂ ਕੁਝ ਵੀ ਨਹੀਂ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇੱਥੇ ਇੱਕ ਅਤੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ। 5 ਅਸਲ ਵਿੱਚ ਇਸਦਾ ਕੋਈ ਮਹੱਤਵ ਨਹੀਂ ਕਿ ਧਰਤੀ ਉੱਤੇ ਅਤੇ ਆਕਾਸ਼ ਵਿੱਚ ਕੁਝ ਚੀਜ਼ਾਂ ਦੇਵਤੇ ਕਹਾਉਂਦੀਆਂ ਹਨ। ਲੋਕੀ ਕਈ ਅਜਿਹੀਆਂ ਚੀਜ਼ਾਂ ਨੂੰ “ਦੇਵਤੇ” ਜਾਂ “ਪ੍ਰਭੂ” ਬੁਲਾਉਂਦੇ ਹਨ। 6 ਪਰ ਸਾਡੇ ਲਈ ਕੇਵਲ ਇੱਕ ਪਰਮੇਸ਼ੁਰ ਹੈ। ਉਹ ਸਾਡਾ ਪਿਤਾ ਹੈ। ਸਭ ਚੀਜ਼ਾਂ ਉਸ ਵੱਲੋਂ ਆਈਆਂ ਹਨ ਅਤੇ ਅਸੀਂ ਸਿਰਫ਼ ਉਸੇ ਲਈ ਜਿਉਂਦੇ ਹਾਂ। ਇੱਥੇ ਕੇਵਲ ਇੱਕ ਹੀ ਪ੍ਰਭੂ ਹੈ। ਉਹ ਯਿਸੂ ਮਸੀਹ ਹੈ। ਸਭ ਚੀਜ਼ਾਂ ਉਸੇ ਰਾਹੀਂ ਸਾਜੀਆਂ ਗਈਆਂ ਹਨ ਅਤੇ ਅਸੀਂ ਵੀ ਉਸੇ ਰਾਹੀਂ ਜਿਉਂਦੇ ਹਾਂ।
7 ਪਰ ਇਹ ਗੱਲ ਸਾਰੇ ਲੋਕ ਨਹੀਂ ਜਾਣਦੇ। ਕੁਝ ਲੋਕਾਂ ਵਿੱਚ ਹੁਣ ਤੱਕ ਵੀ ਮੂਰਤੀ ਦੀ ਉਪਾਸਨਾ ਕਰਨ ਦੀ ਆਦਤ ਹੈ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਮਹਿਸੂਸ ਕਰਦੇ ਹਨ ਜਿਵੇਂ ਇਹ ਮੂਰਤੀ ਦਾ ਹੀ ਹੈ। ਉਹ ਇਹ ਨਹੀਂ ਜਾਣਦੇ ਕਿ ਕੀ ਇਸ ਮਾਸ ਨੂੰ ਖਾਣਾ ਠੀਕ ਹੈ ਜਾਂ ਨਹੀਂ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਸੋਚਦੇ ਹਨ ਕਿ ਉਹ ਗਲਤ ਕਰ ਰਹੇ ਹਨ। 8 ਪਰ ਭੋਜਨ ਸਾਨੂੰ ਪਰਮੇਸ਼ੁਰ ਦੇ ਵੱਧੇਰੇ ਨੇੜੇ ਨਹੀਂ ਲੈ ਜਾ ਸੱਕਦਾ। ਮਾਸ ਨਾ ਖਾਕੇ, ਅਸੀਂ ਕੁਝ ਨਹੀਂ ਗੁਆਉਂਦੇ ਜਾਂ ਖਾਕੇ, ਸਾਨੂੰ ਕੁਝ ਫ਼ਾਇਦਾ ਨਹੀਂ ਹੁੰਦਾ।
9 ਪਰ ਆਪਣੀ ਆਜ਼ਾਦੀ ਬਾਰੇ ਹੋਸ਼ਿਆਰ ਰਹੋ। ਤੁਹਾਡੀ ਆਪਣੀ ਵਿਸ਼ਵਾਸ ਪੱਖੋਂ ਕਮਜ਼ੋਰ ਲੋਕਾਂ ਨੂੰ ਗੁਨਾਹਗਾਰ ਬਣਾ ਸੱਕਦੀ ਹੈ। 10 ਤੁਹਾਡੇ ਕੋਲ ਸਮਝ ਹੈ, ਇਸ ਲਈ ਤੁਸੀਂ ਭਾਵੇਂ ਕਿਸੇ ਮੂਰਤੀਆਂ ਦੇ ਮੰਦਰ ਵਿੱਚ ਭੋਜਨ ਖਾਣ ਲਈ ਆਜ਼ਾਦੀ ਮਹਿਸੂਸ ਕਰਦੇ ਹੋਵੋ। ਕਮਜ਼ੋਰ ਵਿਸ਼ਵਾਸ ਵਾਲਾ ਵਿਅਕਤੀ ਸ਼ਾਇਦ ਤੁਹਾਨੂੰ ਉੱਥੇ ਭੋਜਨ ਕਰਦਿਆਂ ਦੇਖ ਰਿਹਾ ਹੋਵੇ। ਇਹ ਗੱਲ ਉਸ ਨੂੰ ਵੀ ਮੂਰਤੀਆਂ ਅੱਗੇ ਭੇਟ ਕੀਤਾ ਮਾਸ ਖਾਣ ਲਈ ਉਤਸਾਹਿਤ ਕਰੇਗੀ। ਪਰ ਉਹ ਅਸਲ ਵਿੱਚ ਇਸ ਨੂੰ ਗਲਤ ਸਮਝਦਾ ਹੈ। 11 ਇਸ ਲਈ ਇਹ ਕਮਜ਼ੋਰ ਭਰਾ ਤੁਹਾਡੇ ਗਿਆਨ ਸਦਕਾ ਤਬਾਹ ਹੋ ਸੱਕਦਾ ਹੈ। ਅਤੇ ਮਸੀਹ ਇਸ ਭਰਾ ਲਈ ਕੁਰਬਾਨ ਹੋਇਆ ਸੀ। 12 ਜਦੋਂ ਤੁਸੀਂ ਮਸੀਹ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਤੋਂ ਕੁਝ ਅਜਿਹਾ ਕਰਾਉਣ ਦਾ ਕਾਰਣ ਬਨਦੇ ਹੋ ਜੋ ਉਹ ਸੋਚਦੇ ਹਨ ਕਿ ਗਲਤ ਹੈ, ਤੁਸੀਂ ਉਨ੍ਹਾਂ ਦੇ ਖਿਲਾਫ਼ ਪਾਪ ਕਰ ਰਹੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਸੱਟ ਮਾਰ ਰਹੇ ਹੋ। ਫ਼ੇਰ ਤੁਸੀਂ ਵੀ ਮਸੀਹ ਦੇ ਖਿਲਾਫ਼ ਪਾਪ ਕਰ ਰਹੇ ਹੋ। 13 ਇਸ ਲਈ ਜਿਹੜਾ ਭੋਜਨ ਖਾਕੇ ਮੈਂ ਆਪਣੇ ਭਰਾ ਨੂੰ ਗੁਨਾਹ ਵਿੱਚ ਡੇਗਦਾ ਹਾਂ, ਮੈਂ ਫ਼ੇਰ ਕਦੇ ਵੀ ਮਾਸ ਨਹੀਂ ਖਾਵਾਂਗਾ। ਮੈਂ ਮਾਸ ਖਾਣਾ ਬੰਦ ਕਰ ਦਿਆਂਗਾ ਤਾਂ ਕਿ ਮੈਂ ਆਪਣੇ ਭਰਾ ਅਤੇ ਭੈਣ ਨੂੰ ਪਾਪ ਵਿੱਚ ਨਹੀਂ ਡਿੱਗਣ ਦੇਵਾਂਗਾ।
2010 by World Bible Translation Center