Beginning
1 ਪੌਲੁਸ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਯਿਸੂ ਮਸੀਹ ਦਾ ਰਸੂਲ ਚੁਣਿਆ ਗਿਆ ਹੈ। ਮੈਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੁਣਿਆ ਗਿਆ ਹੈ। ਸਾਡੇ ਭਰਾ ਸੋਸਥਨੇਸ ਵੱਲੋਂ ਵੀ ਸ਼ੁਭਕਾਮਨਾਵਾਂ।
2 ਮੈਂ ਇਹ ਪੱਤਰ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਉਨ੍ਹਾਂ ਨੂੰ ਲਿਖ ਰਿਹਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਬਣਾਏ ਗਏ ਹਨ। ਤੁਹਾਨੂੰ ਪਰਮੇਸ਼ੁਰ ਦੇ ਪਵਿੱਤਰ ਲੋਕ ਸੱਦਿਆ ਜਾਂਦਾ ਹੈ। ਤੁਹਾਨੂੰ ਹਰ ਜਗ਼੍ਹਾ ਉਨ੍ਹਾਂ ਸਮੂਹ ਲੋਕਾਂ ਸਮੇਤ ਬੁਲਾਇਆ ਜਾਂਦਾ ਹੈ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਉਨ੍ਹਾਂ ਦਾ ਪ੍ਰਭੂ ਹੈ ਅਤੇ ਸਾਡਾ ਵੀ।
3 ਤੁਸੀਂ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ।
ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ
4 ਮੈਂ ਤੁਹਾਡੇ ਵਾਸਤੇ, ਪਰਮੇਸ਼ੁਰ ਦਾ ਉਸ ਕਿਰਪਾ ਲਈ ਹਮੇਸ਼ਾ ਧੰਨਵਾਦ ਕਰਦਾ ਹਾਂ ਜੋ ਮਸੀਹ ਯਿਸੂ ਰਾਹੀਂ ਤੁਹਾਨੂੰ ਦਿੱਤੀ ਗਈ ਹੈ। 5 ਯਿਸੂ ਰਾਹੀਂ ਤੁਸੀਂ ਹਰ ਤਰ੍ਹਾਂ ਨਾਲ ਸੁਭਾਗੇ ਹੋ। ਤੁਹਾਨੂੰ ਆਪਣੇ ਹਰ ਬਚਨ ਅਤੇ ਹਰ ਤਰ੍ਹਾਂ ਦੇ ਗਿਆਨ ਵਿੱਚ ਅਸੀਸ ਦਿੱਤੀ ਗਈ ਹੈ। 6 ਮਸੀਹ ਬਾਰੇ ਸੱਚ ਤੁਹਾਡੇ ਵਿੱਚਕਾਰ ਦ੍ਰਿੜਤਾ ਨਾਲ ਕਾਇਮ ਹੈ। 7 ਇਸੇ ਲਈ, ਤੁਸੀਂ ਪਰਮੇਸ਼ੁਰ ਵੱਲੋਂ ਹਰ ਤਰ੍ਹਾਂ ਦੀ ਦਾਤ ਪ੍ਰਾਪਤ ਕੀਤੀ ਹੈ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਉਡੀਕਵਾਨ ਹੋ। 8 ਯਿਸੂ ਤੁਹਾਨੂੰ ਅੰਤ ਤੀਕ ਦ੍ਰਿੜਤਾ ਨਾਮ ਕਾਇਮ ਰੱਖੇਗਾ। ਤਾਂ ਜੋ ਤੁਹਾਡੇ ਉੱਪਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਦਿਨ ਕੋਈ ਦੋਸ਼ ਨਹੀਂ ਹੋਵੇਗਾ। 9 ਪਰਮੇਸ਼ੁਰ ਵਫ਼ਾਦਾਰ ਹੈ। ਉਸ ਨੇ ਤੁਹਾਨੂੰ ਯਿਸੂ ਮਸੀਹ, ਅਪਣੇ ਪੁੱਤਰ ਅਤੇ ਸਾਡੇ ਪ੍ਰਭੂ ਨਾਲ ਸਾਂਝੀਵਾਲ ਹੋਕੇ ਜਿਉਣ ਲਈ ਚੁਣਿਆ ਹੈ।
ਕੁਰਿੰਥੁਸ ਦੀ ਕਲੀਸਿਯਾ ਵਿੱਚ ਸਮੱਸਿਆਵਾਂ
10 ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਸਹਿਮਤੀ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਬਟਵਾਰਾ ਨਾ ਹੋਵੇ। ਤੁਹਾਡੇ ਕੋਲ ਇੱਕੋ ਤਰ੍ਹਾਂ ਦੀ ਸੋਚ ਅਤੇ ਇੱਕੋ ਹੀ ਮਕਸਦ ਹੋਣੇ ਚਾਹੀਦੇ ਹਨ।
11 ਮੇਰੇ ਭਰਾਵੋ ਅਤੇ ਭੈਣੋ ਮੈਨੂੰ ਕਲੋਏ ਦੇ ਪਰਿਵਾਰ ਦੇ ਕੁਝ ਲੋਕਾਂ ਨੇ ਦੱਸਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਅੰਦਰ ਕੁਝ ਝਗੜ੍ਹੇ ਹਨ। 12 ਮੇਰਾ ਆਖਣ ਦਾ ਭਾਵ ਇਹ ਹੈ; ਤੁਹਾਡੇ ਵਿੱਚੋਂ ਇੱਕ ਆਖਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ;” ਦੂਸਰਾ ਆਖਦਾ ਹੈ, “ਮੈਂ ਅਪੁੱਲੋਸ ਦਾ ਚੇਲਾ ਹਾਂ;” ਹੋਰ ਕੋਈ ਆਖਦਾ ਹੈ, “ਮੈਂ ਪਤਰਸ ਦਾ ਚੇਲਾ ਹਾਂ;” ਅਤੇ ਕੋਈ-ਕੋਈ ਵਿਅਕਤੀ ਆਖਦਾ ਹੈ, “ਮੈਂ ਯਿਸੂ ਮਸੀਹ ਦਾ ਚੇਲਾ ਹਾਂ।” 13 ਮਸੀਹ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਨਹੀਂ ਜਾ ਸੱਕਦਾ। ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਟੰਗਿਆ ਗਿਆ ਸੀ? ਨਹੀਂ। ਕੀ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ। ਨਹੀਂ, 14 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ, ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ। 15 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਹੁਣ ਕੋਈ ਨਹੀਂ ਆਖ ਸੱਕਦਾ ਕਿ ਤੁਹਾਨੂੰ ਮੇਰੇ ਨਾਂ ਵਿੱਚ ਬਪਤਿਸਮਾ ਦਿੱਤਾ ਗਿਆ ਸੀ। 16 (ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ ਸੀ। ਪਰ ਮੈਨੂੰ ਕਿਸੇ ਹੋਰ ਨੂੰ ਬਪਤਿਸਮਾ ਦੇਣ ਦਾ ਚੇਤਾ ਨਹੀਂ।) 17 ਮਸੀਹ ਨੇ ਮੈਨੂੰ ਲੋਕਾਂ ਨੂੰ ਬਪਤਿਸਮਾ ਦੇਣ ਨਹੀਂ ਸਗੋਂ ਖੁਸ਼ਖਬਰੀ ਦੱਸਣ ਲਈ ਭੇਜਿਆ ਸੀ। ਮਸੀਹ ਨੇ ਮੈਨੂੰ ਕੋਈ ਦੁਨਿਆਵੀ ਸੂਝ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਖੁਸ਼ਖਬਰੀ ਫ਼ੈਲਾਉਣ ਲਈ ਨਹੀਂ ਭੇਜਿਆ ਸੀ। ਜੋ ਮੈਂ ਖੁਸ਼ਖਬਰੀ ਫ਼ੈਲਾਉਣ ਲਈ ਸੂਝਵਾਨ ਸ਼ਬਦਾਂ ਨੂੰ ਵਰਤਿਆ ਹੁੰਦਾ, ਤਾਂ ਫ਼ਿਰ ਮਸੀਹ ਦੀ ਸਲੀਬ ਆਪਣਾ ਅਰਥ ਗੁਆ ਲਵੇਗੀ।
ਮਸੀਹ ਵਿੱਚ ਪਰਮੇਸ਼ੁਰ ਦੀ ਸ਼ਕਤੀ ਅਤੇ ਸੂਝ
18 ਸਲੀਬ ਦਾ ਸੰਦੇਸ਼ ਉਨ੍ਹਾਂ ਲਈ ਮੂਰੱਖਤਾ ਜਾਪਦਾ ਹੈ ਜਿਹੜੇ ਗੁਆਚ ਗਏ ਹਨ ਪਰ ਉਨ੍ਹਾਂ ਲਈ ਜਿਨ੍ਹਾਂ ਨੂੰ ਬਚਾਇਆ ਗਿਆ ਹੈ, ਇਹ ਪਰਮੇਸ਼ੁਰ ਦੀ ਸ਼ਕਤੀ ਹੈ। 19 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ,
“ਮੈਂ ਅਕਲਮੰਦਾਂ ਦੀ ਅਕਲ ਨਸ਼ਟ ਕਰ ਦੇਵਾਂਗਾ,
ਮੈਂ ਸੂਝਵਾਨਾਂ ਦੀ ਸੂਝ ਨਿਕਾਰਥਕ ਬਣਾਂ ਦਿਆਂਗਾ।” (A)
20 ਕਿੱਥੇ ਹਨ ਅਕਲਮੰਦ ਲੋਕ? ਕਿੱਥੇ ਹਨ ਵਿਦਵਾਨ? ਕਿੱਥੇ ਹਨ ਇਸ ਦੁਨੀਆਂ ਦੇ ਫ਼ਲਸਫ਼ੀ? ਪਰਮੇਸ਼ੁਰ ਨੇ ਇਸ ਸੰਸਾਰ ਦੀ ਸਿਆਣਪ ਨੂੰ ਮੂਰੱਖਤਾ ਬਣਾ ਦਿੱਤਾ ਹੈ। 21 ਪਰਮੇਸ਼ੁਰ ਆਪਣੀ ਸੂਝ ਨਾਲ ਇਹੋ ਚਾਹੁੰਦਾ ਸੀ; ਦੁਨੀਆਂ ਪਰਮੇਸੁਰ ਨੂੰ ਆਪਣੀ ਸਿਆਣਪ ਨਾਲ ਨਹੀਂ ਜਾਣਦੀ ਸੀ। ਇਸੇ ਲਈ ਪਰਮੇਸ਼ੁਰ ਨੇ ਇੱਕ ਅਜਿਹੇ ਸੰਦੇਸ਼ ਦਾ ਇਸਤੇਮਾਲ ਕੀਤਾ ਜੋ ਉਸ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਬਚਾਉਣ ਲਈ ਮੂਰੱਖਤਾ ਜਾਪਦਾ ਹੈ।
22 ਯਹੂਦੀ ਪ੍ਰਮਾਣ ਵਜੋਂ ਕਰਾਮਾਤਾਂ ਦੀ ਮੰਗ ਕਰਦੇ ਹਨ। ਯੂਨਾਨੀ ਸਿਆਣਪ ਦੀ ਮੰਗ ਕਰਦੇ ਹਨ। 23 ਪਰ ਜਿਸ ਸੰਦੇਸ਼ ਦਾ ਪ੍ਰਚਾਰ ਅਸੀਂ ਕਰਦੇ ਹਾਂ ਉਹ ਇਹ ਹੈ; ਮਸੀਹ ਸਲੀਬ ਉੱਤੇ ਪ੍ਰਾਣ ਹੀਣ ਹੋ ਗਿਆ। ਯਹੂਦੀਆਂ ਲਈ ਇਹ ਬੜੀ ਸਮੱਸਿਆ ਹੈ। ਅਤੇ ਗੈਰ ਯਹੂਦੀਆਂ ਨੂੰ ਇਹ ਮੂਰੱਖਤਾ ਜਾਪਦੀ ਹੈ। 24 ਪਰ ਪਰਮੇਸ਼ੁਰ ਵੱਲੋਂ ਚੁਣੇ ਹੋਏ ਲੋਕਾਂ ਯਹੂਦੀਆਂ ਤੇ ਯੂਨਾਨੀਆਂ ਜਾਂ ਗੈਰ ਯਹੂਦੀਆਂ ਲਈ, ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ ਤੇ ਪਰਮੇਸ਼ੁਰ ਦੀ ਸੂਝ ਹੈ। 25 ਪਰਮੇਸ਼ੁਰ ਦੀ ਮੂਰੱਖਤਾ ਮਨੁੱਖਾਂ ਦੀ ਸਿਆਣਪਤਾ ਨਾਲੋਂ ਕਿਤੇ ਵੱਧੇਰੇ ਸਿਆਣੀ ਹੈ। ਪਰਮੇਸ਼ੁਰ ਦੀ ਕਮਜ਼ੋਰੀ ਵੀ ਮਨੁੱਖਾਂ ਨਾਲੋਂ ਤਾਕਤਵਰ ਹੈ।
26 ਭਰਾਵੋ ਅਤੇ ਭੈਣੋ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਹੈ। ਇਸ ਬਾਰੇ ਸੋਚੋ। ਤੁਹਾਡੇ ਵਿੱਚੋਂ ਬਹੁਤ ਲੋਕ ਦੁਨੀਆਂ ਦੇ ਸੂਝਵਾਨ ਨਹੀਂ ਸਨ। ਜਿਸ ਤਰ੍ਹਾਂ ਦੁਨੀਆਂ ਸੂਝ ਦਾ ਨਿਆਂ ਕਰਦੀ ਹੈ। ਤੁਹਾਡੇ ਵਿੱਚੋਂ ਬਹੁਤੇ ਲੋਕ ਪ੍ਰਭਾਵ ਵਾਲੇ ਵੀ ਨਹੀਂ ਸਨ। ਤੁਹਾਡੇ ਵਿੱਚੋਂ ਬਹੁਤੇ ਲੋਕ ਮਹੱਤਵਪੂਰਣ ਪਰਿਵਾਰਾਂ ਵਿੱਚੋਂ ਵੀ ਨਹੀਂ ਸਨ। 27 ਪਰ ਪਰਮੇਸ਼ੁਰ ਨੇ ਸਿਆਣੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਸੰਸਾਰ ਦੇ ਮੂਰੱਖਤਾ ਭਰਪੂਰ ਲੋਕਾਂ ਦੀ ਪਛਾਣ ਕੀਤੀ। ਪਰਮੇਸ਼ੁਰ ਨੇ ਸਿਆਣੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਸੰਸਾਰ ਦੇ ਨਿਤਾਣੇ ਲੋਕਾਂ ਦੀ ਚੋਣ ਕੀਤੀ। 28 ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਜਿਨ੍ਹਾਂ ਨੂੰ ਦੁਨੀਆਂ ਕੋਈ ਮਹੱਤਵ ਨਹੀਂ ਦਿੰਦੀ। ਉਹ ਉਨ੍ਹਾਂ ਲੋਕਾਂ ਨੂੰ ਚੁਣਦਾ ਹੈ ਜਿਨ੍ਹਾਂ ਨੂੰ ਦੁਨੀਆਂ ਨੇ ਨਫ਼ਰਤ ਕੀਤੀ ਅਤੇ ਸੋਚਿਆ ਕਿ ਉਹ ਬੇਕਾਰ ਹਨ। ਜਿਸ ਨੂੰ ਦੁਨੀਆਂ ਮਹੱਤਵਪੂਰਣ ਸਮਝਦੀ ਹੈ ਉਸਦਾ ਨਾਸ਼ ਕਰਨ ਲਈ ਪਰਮੇਸ਼ੁਰ ਨੇ ਇਨ੍ਹਾਂ ਨੂੰ ਚੁਣਿਆ। 29 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿ ਕੋਈ ਵੀ ਮਨੁੱਖ ਉਸ ਦੇ ਸਾਹਮਣੇ ਹੰਕਾਰ ਨਾ ਕਰ ਸੱਕੇ। 30 ਪਰਮੇਸ਼ੁਰ ਨੇ ਹੀ ਤੁਹਾਨੂੰ ਮਸੀਹ ਯਿਸੂ ਦੇ ਅੰਗ ਬਣਾਇਆ ਹੈ। ਮਸੀਹ ਸਾਡੇ ਲਈ ਪਰਮੇਸ਼ੁਰ ਵੱਲੋਂ ਮਿਲੀ ਬੁੱਧ ਹੈ। ਮਸੀਹ ਦੇ ਕਾਰਣ ਹੀ ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ, ਅਤੇ ਆਪਣੇ ਪਾਪਾਂ ਤੋਂ ਮੁਕਤ ਹਾਂ। ਮਸੀਹ ਦੇ ਕਾਰਣ ਹੀ ਅਸੀਂ ਪਵਿੱਤਰ ਹਾਂ। 31 ਇਸ ਲਈ ਜਿਵੇਂ ਪੋਥੀਆਂ ਦਾ ਕਥਨ ਹੈ, “ਜੇ ਕੋਈ ਵਿਅਕਤੀ ਅਭਿਮਾਨੀ ਹੈ, ਤਾਂ ਉਸ ਨੂੰ ਕੇਵਲ ਪ੍ਰਭੂ ਵਿੱਚ ਹੀ ਅਭਿਮਾਨ ਰੱਖਣਾ ਚਾਹੀਦਾ ਹੈ।” [a]
ਸਲੀਬ ਉੱਤੇ ਮਸੀਹ ਬਾਰੇ ਸੰਦੇਸ਼
2 ਪਿਆਰੇ ਭਰਾਵੋ ਅਤੇ ਭੈਣੋ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਮੈਂ ਤੁਹਾਨੂੰ ਪਰਮੇਸ਼ੁਰ ਦੇ ਸੱਚ ਬਾਰੇ ਦੱਸਿਆ ਸੀ। ਪਰ ਉਸ ਲਈ ਮੈਂ ਨਾ ਤਾਂ ਚੰਗੇ ਵਕਤਾਂ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਮਹਾਨ ਸੂਝ ਦੀ ਵਰਤੋਂ ਕੀਤੀ ਹੈ। 2 ਮੈਂ ਇਹ ਫ਼ੈਸਲਾ ਕਰ ਲਿਆ ਸੀ। ਕਿ ਜਦੋਂ ਤੱਕ ਮੈਂ ਤੁਹਾਡੇ ਨਾਲ ਹਾਂ ਤਾਂ ਮੈ ਯਿਸੂ ਮਸੀਹ ਅਤੇ ਉਸਦੀ ਸਲੀਬ ਉੱਤੇ ਮ੍ਰਿਤੂ ਤੋਂ ਅਲਾਵਾ ਹਰ ਗੱਲ ਭੁੱਲ ਜਾਵਾਂਗਾ। 3 ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਮੈਂ ਨਿਰਬਲ ਸਾਂ ਅਤੇ ਡਰ ਨਾਲ ਕੰਬ ਰਿਹਾ ਸਾਂ। 4 ਮੇਰੀਆਂ ਗੱਲਾਂ ਅਤੇ ਮੇਰਾ ਪ੍ਰਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੂਝ ਦੇ ਸ਼ਬਦ ਨਹੀਂ ਸਨ। ਪਰ ਮੇਰੀ ਸਿੱਖਿਆ ਦਾ ਪ੍ਰਮਾਣ ਉਹ ਸ਼ਕਤੀ ਹੈ ਜੋ ਪਵਿੱਤਰ ਆਤਮਾ ਤੋਂ ਪ੍ਰਾਪਤ ਕੀਤੀ ਗਈ ਹੈ। 5 ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਹਾਡਾ ਕਿਸੇ ਮਨੁੱਖ ਦੀ ਸੂਝ ਵਿੱਚ ਨਹੀਂ ਸਗੋਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਸ਼ਚਾ ਹੋਵੇ।
ਪਰਮੇਸ਼ੁਰ ਦੀ ਸਿਆਣਪ
6 ਅਸੀਂ ਆਤਮਕ ਤੌਰ ਤੇ ਪ੍ਰੌਢ਼ ਲੋਕਾਂ ਨੂੰ ਸਿਆਣਪ ਵੀ ਸਿੱਖਾਉਂਦੇ ਹਾਂ, ਪਰ ਉਹ ਸਿਆਣਪ ਇਸ ਦੁਨੀਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਇਸ ਦੁਨੀਆਂ ਦੇ ਹਾਕਮਾਂ ਦੀ ਸਿਆਣਪ ਨਹੀਂ ਹੈ। ਉਨ੍ਹਾਂ ਹਾਕਮਾਂ ਦੀ ਸਿਆਣਪ ਨਸ਼ਟ ਹੋ ਰਹੀ ਹੈ। 7 ਪਰ ਅਸੀਂ ਪਰਮੇਸ਼ੁਰ ਦੀ ਗੁਪਤ ਸਿਆਣਪ ਬਾਰੇ ਗੱਲ ਕਰ ਰਹੇ ਹਾਂ। ਇਹ ਸਿਆਣਪ ਲੋਕਾਂ ਤੋਂ ਲਕੋਈ ਗਈ ਹੈ। ਪਰਮੇਸ਼ੁਰ ਨੇ ਇਹ ਸਿਆਣਪ ਸਾਡੀ ਮਹਿਮਾਂ ਲਈ ਵਿਉਂਤੀ ਹੈ। ਉਸ ਨੇ ਇਸਦੀ ਯੋਜਨਾ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਦੀ ਬਣਾ ਲਈ ਸੀ। 8 ਇਸ ਦੁਨੀਆਂ ਦੇ ਹਾਕਮਾਂ ਵਿੱਚੋਂ ਕਿਸੇ ਨੇ ਵੀ ਇਸ ਸਿਆਣਪ ਨੂੰ ਨਹੀਂ ਸਮਝਿਆ। ਜੇ ਉਹ ਸਮਝ ਗਏ ਹੁੰਦੇ ਉਨ੍ਹਾਂ ਨੇ ਗੌਰਵਸ਼ਾਲੀ ਪ੍ਰਭੂ ਨੂੰ ਸਲੀਬ ਉੱਪਰ ਨਹੀਂ ਸੀ ਲਟਕਾਉਣਾ। 9 ਪਰ ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੈ;
“ਕਿਸੇ ਅੱਖ ਨੇ ਨਹੀਂ ਦੇਖਿਆ,
ਕਿਸੇ ਕੰਨ ਨੇ ਨਹੀਂ ਸੁਣਿਆ,
ਕਿਸੇ ਵਿਅਕਤੀ ਨੇ ਕਲਪਨਾ ਨਹੀਂ ਕੀਤੀ ਕਿ
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਕੀ ਕੁਝ ਤਿਆਰ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।” (B)
10 ਪਰੰਤੂ ਪਰਮੇਸ਼ੁਰ ਨੇ ਸਾਨੂੰ ਇਹ ਗੱਲਾਂ ਆਤਮਾ ਰਾਹੀਂ ਸਮਝਾਈਆਂ ਹਨ।
ਪਵਿੱਤਰ ਆਤਮਾ ਸਭ ਕੁਝ ਜਾਣਦਾ ਹੈ, ਪਰਮੇਸ਼ੁਰ ਦੇ ਗੁਪਤ ਭੇਤਾਂ ਨੂੰ ਵੀ। 11 ਇਹ ਇਸ ਤਰ੍ਹਾਂ ਹੈ। ਕੋਈ ਵਿਅਕਤੀ ਵੀ ਕਿਸੇ ਹੋਰ ਦੇ ਵਿੱਚਾਰਾਂ ਨੂੰ ਨਹੀਂ ਜਾਣਦਾ ਇੱਕ ਆਦਮੀ ਅੰਦਰ ਸਿਰਫ਼ ਆਤਮਾ ਹੀ ਉਸ ਦੀਆਂ ਸੋਚਾਂ ਬਾਰੇ ਜਾਣਦਾ ਹੈ। ਪਰਮੇਸ਼ੁਰ ਬਾਰੇ ਵੀ ਇਵੇਂ ਹੀ ਹੈ। ਕੋਈ ਵੀ ਪਰਮੇਸ਼ੁਰ ਦੇ ਵਿੱਚਾਰਾਂ ਦੀ ਜਾਣਕਾਰੀ ਨਹੀਂ ਰੱਖਦਾ। ਕੇਵਲ ਪਰਮੇਸ਼ੁਰ ਦੀ ਆਤਮਾ ਹੀ ਉਨ੍ਹਾਂ ਵਿੱਚਾਰਾਂ ਨੂੰ ਜਾਣਦਾ ਹੈ। 12 ਸਾਨੂੰ ਦੁਨੀਆਂ ਦਾ ਆਤਮਾ ਨਹੀਂ ਮਿਲਿਆ ਹੋਇਆ। ਪਰੰਤੂ ਸਾਨੂੰ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ੁਰ ਵੱਲੋਂ ਹੈ। ਅਸੀਂ ਇਹ ਆਤਮਾ ਇਸ ਲਈ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਨ੍ਹਾਂ ਅਸੀਸਾਂ ਬਾਰੇ ਜਾਣ ਸੱਕੀਏ ਜੋ ਪਰਮੇਸ਼ੁਰ ਨੇ ਸਾਨੂੰ ਬਿਨ ਕੀਮਤ ਦਿੱਤੀਆਂ ਹਨ।
13 ਜਦੋਂ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਜੋ ਸਾਨੂੰ ਮਨੁੱਖਾਂ ਦੀ ਸਿਆਣਪ ਵੱਲੋਂ ਸਿੱਖਾਏ ਗਏ ਹਨ। ਆਤਮਕ ਚੀਜ਼ਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ ਕਰਦੇ ਹਾਂ। 14 ਉਹ ਵਿਅਕਤੀ ਜਿਹੜਾ ਆਤਮਕ ਨਹੀਂ ਹੈ, ਉਹ ਗੱਲਾਂ ਨਹੀਂ ਸਮਝ ਸੱਕਦਾ ਜਿਹੜੀਆਂ ਪਰਮੇਸ਼ੁਰ ਦੇ ਆਤਮਾ ਵੱਲੋਂ ਆਉਂਦੀਆਂ ਹਨ। ਉਹ ਸੋਚਦਾ ਹੈ ਕਿ ਉਹ ਗੱਲਾਂ ਮੂਰੱਖਮਈ ਹਨ। ਅਜਿਹਾ ਵਿਅਕਤੀ ਆਤਮਾ ਦੀਆਂ ਗੱਲਾਂ ਨਹੀਂ ਸਮਝ ਸੱਕਦਾ ਕਿਉਂਕਿ ਅਜਿਹੀਆਂ ਗੱਲਾਂ ਸਿਰਫ਼ ਆਤਮਕ ਤੌਰ ਤੇ ਹੀ ਸਮਝੀਆਂ ਜਾ ਸੱਕਦੀਆਂ ਹਨ। 15 ਪਰੰਤੂ ਆਤਮਕ ਵਿਅਕਤੀ ਹਰ ਤਰ੍ਹਾਂ ਦੀਆਂ ਗੱਲਾਂ ਬਾਰੇ ਨਿਆਂੇ ਕਰਨ ਦੇ ਸਮਰਥ ਹੁੰਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, ਦੂਸਰੇ ਵਿਅਕਤੀ ਅਜਿਹੇ ਵਿਅਕਤੀ ਨੂੰ ਨਹੀਂ ਪਰੱਖ ਸੱਕਦੇ।
16 “ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
ਕੌਣ ਪ੍ਰਭੂ ਨੂੰ ਦੱਸ ਸੱਕਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ?” (C)
ਪਰ ਤੁਹਾਡੇ ਲਈ, ਤੁਹਾਡੇ ਕੋਲ ਮਸੀਹ ਦਾ ਮਨ ਹੈ।
ਮਨੁੱਖਾਂ ਦਾ ਅਨੁਸਰਣ ਕਰਨਾ ਗਲਤ ਹੈ
3 ਭਰਾਵੋ ਅਤੇ ਭੈਣੋ ਪਹਿਲਾਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਹੀਂ ਸੀ ਕਰ ਸੱਕਦਾ ਜਿਵੇਂ ਮੈਂ ਆਤਮਕ ਲੋਕਾਂ ਨਾਲ ਗੱਲਾਂ ਕਰਦਾ ਹਾਂ। ਮੈਨੂੰ ਤੁਹਾਡੇ ਨਾਲ ਇਵੇਂ ਗੱਲ ਕਰਨੀ ਪੈਂਦੀ ਸੀ ਜਿਵੇਂ ਮੈਂ ਦੁਨਿਆਵੀ ਲੋਕਾਂ ਨਾਲ ਗੱਲ ਕਰ ਰਿਹਾ ਹੋਵਾਂ – ਜਿਵੇਂ ਕਿ ਮਸੀਹ ਦੇ ਰਾਹ ਉੱਤੇ ਤੁਸੀਂ ਨਿਆਣੇ ਹੋਵੋ। 2 ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਉਹ ਦੁੱਧ ਵਰਗੀ ਸੀ, ਠੋਸ ਆਹਾਰ ਵਰਗੀ ਨਹੀਂ। ਮੈਂ ਇਉਂ ਉਸ ਲਈ ਕੀਤਾ ਕਿਉਂ ਜੋ ਹਾਲੇ ਤੁਸੀਂ ਠੋਸ ਭੋਜਨ ਖਾਣ ਲਈ ਤਿਆਰ ਨਹੀਂ ਸੀ ਅਤੇ ਅਜੇ ਵੀ ਤੁਸੀਂ ਤਿਆਰ ਨਹੀਂ ਹੋ। 3 ਤੁਸੀਂ ਹਾਲੇ ਵੀ ਆਤਮਕ ਲੋਕ ਨਹੀਂ ਹੋ। ਤੁਹਾਡੇ ਅੰਦਰ ਈਰਖਾ ਅਤੇ ਝਗੜ੍ਹੇ ਹਨ। ਇਹ ਦਰਸ਼ਾਉਂਦਾ ਹੈ ਕਿ ਤੁਸੀਂ ਆਤਮਕ ਲੋਕ ਨਹੀਂ ਹੋ। ਤੁਸੀਂ ਦੁਨਿਆਵੀ ਲੋਕਾਂ ਵਰਗਾ ਹੀ ਵਿਹਾਰ ਕਰਦੇ ਹੋ। 4 ਤੁਹਾਡੇ ਵਿੱਚੋਂ ਇੱਕ ਆਖਦਾ, “ਮੈਂ ਪੌਲੁਸ ਦਾ ਚੇਲਾ ਹਾਂ” ਦੂਜਾ ਆਖਦਾ, “ਮੈਂ ਅਪੁੱਲੋਸ ਦਾ ਚੇਲਾ ਹਾਂ” ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤਾਂ ਤੁਸੀਂ ਦੁਨਿਆਵੀ ਲੋਕਾਂ ਵਰਗਾ ਵਿਹਾਰ ਕਰਦੇ ਹੋ।
5 ਕੀ ਅਪੁੱਲੋਸ ਮਹੱਤਵਪੂਰਣ ਹੈ? ਨਹੀਂ। ਕੀ ਪੌਲੁਸ ਮਹੱਤਵਪੂਰਣ ਹੈ? ਨਹੀਂ। ਅਸੀਂ ਸਿਰਫ਼ ਪਰਮੇਸ਼ੁਰ ਦੇ ਸੇਵਕ ਹਾਂ ਜਿਨ੍ਹਾਂ ਨੇ ਵਿਸ਼ਵਾਸ ਕਰਨ ਵਿੱਚ ਤੁਹਾਡੀ ਸਹਾਇਤਾ ਕੀਤੀ ਹੈ। ਸਾਡੇ ਵਿੱਚੋਂ ਹਰੇਕ ਨੇ ਓਹੀ ਕਾਰਜ਼ ਕੀਤਾ ਹੈ ਜੋ ਵੀ ਕੋਈ ਕੰਮ ਪਰਮੇਸ਼ੁਰ ਨੇ ਸਾਨੂੰ ਸੌਂਪਿਆ ਸੀ। 6 ਮੈਂ ਬੀਜ਼ ਬੀਜਿਆ ਸੀ ਅਤੇ ਅਪੁੱਲੋਸ ਨੇ ਇਸ ਨੂੰ ਪਾਣੀ ਨਾਲ ਸਿੰਜਿਆ। ਪਰ ਇਹ ਤਾਂ ਪਰਮੇਸ਼ੁਰ ਹੀ ਸੀ ਜਿਸਨੇ ਬੀਜ਼ ਨੂੰ ਉਗਾਇਆ। 7 ਇਸ ਲਈ ਨਾ ਹੀ ਜਿਹੜਾ ਬੰਦਾ ਬੀਜਦਾ ਹੈ ਅਤੇ ਨਾ ਹੀ ਜਿਹੜਾ ਇਸ ਨੂੰ ਸਿੰਜਦਾ ਹੈ, ਮਹੱਤਵਪੂਰਣ ਹੈ। ਸਿਰਫ਼ ਪਰਮੇਸ਼ੁਰ ਹੀ ਮਹੱਤਵਪੂਰਣ ਹੈ ਕਿਉਂਕਿ ਉਹੀ ਬੀਜ ਨੂੰ ਉਗਾਉਂਦਾ ਹੈ। 8 ਜਿਹੜਾ ਵਿਅਕਤੀ ਬੀਜ ਬੀਜਦਾ ਹੈ ਅਤੇ ਜਿਹੜਾ ਇਸ ਨੂੰ ਸਿੰਜਦਾ ਹੈ, ਦੋਹਾਂ ਦਾ ਇੱਕ ਮਕਸਦ ਹੈ। ਅਤੇ ਹਰੇਕ ਉਸ ਦੇ ਅਨੁਸਾਰ ਫ਼ਲ ਪ੍ਰਾਪਤ ਕਰੇਗਾ। 9 ਅਸੀਂ ਰੱਬ ਦੇ ਸਾਂਝੇ ਕਾਮੇ ਹਾਂ। ਅਤੇ ਤੁਸੀਂ ਉਸ ਖੇਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ।
ਅਤੇ ਤੁਸੀਂ ਉਸ ਘਰ ਵਰਗੇ ਹੋ ਜਿਸਦਾ ਮਾਲਿਕ ਪਰਮੇਸ਼ੁਰ ਹੈ। 10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰੀ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵੱਧਾਨੀ ਵਰਤਨੀ ਚਾਹੀਦੀ ਹੈ। 11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ। 12 ਕੋਈ ਵੀ ਵਿਅਕਤੀ ਉਸ ਬੁਨਿਆਦ ਉੱਪਰ ਸੋਨੇ, ਚਾਂਦੀ, ਹੀਰੇ ਲੱਕੜੀ, ਘਾਹਫ਼ੂਸ ਜਾਂ ਤਿਨਕੇ ਲਾਕੇ ਉਸਾਰੀ ਕਰ ਸੱਕਦਾ ਹੈ। 13 ਪਰ ਹਰ ਇੱਕ ਵਿਅਕਤੀ ਦਾ ਕੰਮ ਸਪੱਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਆਂ ਦਾ ਦਿਨ [b] ਇਸ ਨੂੰ ਬਹੁਤ ਸਪੱਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰੱਖ ਕਰੇਗੀ। 14 ਜੇ ਕਿਸੇ ਵਿਅਕਤੀ ਵੱਲੋਂ ਬੁਨਿਆਦ ਉੱਤੇ ਉਸਾਰੀ ਗਈ ਇਮਾਰਤ ਖਲੋਤੀ ਰਹਿੰਦੀ ਹੈ ਤਾਂ ਉਹ ਵਿਅਕਤੀ ਆਪਣਾ ਇਨਾਮ ਹਾਸਿਲ ਕਰੇਗਾ। 15 ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।
16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। 17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
18 ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ। 19 ਕਿਉਂ? ਕਿਉਂਕਿ ਇਸ ਦੁਨੀਆਂ ਦੀ ਸਿਆਣਪ ਪਰਮੇਸ਼ੁਰ ਲਈ ਮੂਰੱਖਤਾ ਹੈ। ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, “ਉਹ ਸਿਆਣੇ ਲੋਕਾਂ ਨੂੰ ਉਨ੍ਹਾਂ ਦੇ ਚੁਸਤ ਚਲਾਕੀਆਂ ਵਾਲੇ ਅਮਲਾਂ ਤੋਂ ਫ਼ੜਦਾ ਹੈ।” [c] 20 ਪੋਥੀਆਂ ਵਿੱਚ, ਇਹ ਵੀ ਲਿਖਿਆ ਹੈ, “ਪਰਮੇਸ਼ੁਰ ਨੂੰ ਸਿਆਣੇ ਲੋਕਾਂ ਦੀਆਂ ਸੋਚਾਂ ਦਾ ਪਤਾ ਹੈ। ਉਹ ਜਾਣਦਾ ਹੈ ਕਿ ਉਨ੍ਹਾਂ ਦੇ ਵਿੱਚਾਰ ਨਿਕਾਰਥਕ ਹਨ।” [d] 21 ਇਸ ਲਈ ਤੁਹਾਨੂੰ ਮਨੁੱਖਾਂ ਬਾਰੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 22 ਪੌਲੁਸ, ਅਪੁੱਲੋਸ ਅਤੇ ਪਤਰਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿੱਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।
ਮਸੀਹ ਦੇ ਰਸੂਲ
4 ਇਹੀ ਹੈ ਜੋ ਲੋਕਾਂ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ; ਕਿ ਅਸੀਂ ਮਸੀਹ ਦੇ ਸੇਵਕ ਹਾਂ। ਅਸੀਂ ਉਹ ਲੋਕ ਹਾਂ ਜਿਨ੍ਹਾਂ ਉੱਤੇ ਪਰਮੇਸ਼ੁਰ ਨੇ ਆਪਣੀਆਂ ਗੁਪਤ ਸੱਚਾਈਆਂ ਦਾ ਭਰੋਸਾ ਕੀਤਾ ਹੈ। 2 ਉਸ ਵਿਅਕਤੀ ਨੂੰ, ਜਿਸ ਉੱਤੇ ਕਿਸੇ ਕੰਮ ਦਾ ਭਰੋਸਾ ਕੀਤਾ ਜਾਂਦਾ ਹੈ, ਉਸ ਨੂੰ, ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਉਸ ਭਰੋਸੇ ਦੇ ਯੋਗ ਹੈ। 3 ਮੈਨੂੰ ਕੋਈ ਪ੍ਰਵਾਹ ਨਹੀਂ ਭਾਵੇਂ ਤੁਸੀਂ ਮੇਰਾ ਨਿਆਂ ਕਰਨ ਜਾ ਰਹੇ ਹੋ। ਅਤੇ ਮੈਨੂੰ ਕੋਈ ਫ਼ਿਕਰ ਨਹੀਂ ਜੇਕਰ ਮੇਰਾ ਨਿਆਂ ਕਿਸੇ ਮਨੁੱਖੀ ਕਚਿਹਰੀ ਦੁਆਰਾ ਕੀਤਾ ਜਾਂਦਾ ਹੈ। ਮੈਂ ਤਾਂ ਆਪਣੇ-ਆਪ ਦੀ ਪਰੱਖ ਵੀ ਨਹੀਂ ਕਰਦਾ। 4 ਮੈਂ ਨਹੀਂ ਜਾਣਦਾ ਕਿ ਮੈਂ ਕੋਈ ਬੁਰਾ ਕੰਮ ਕੀਤਾ ਹੈ। ਪਰ ਇਹ ਗੱਲ ਮੈਨੂੰ ਨਿਰਦੋਸ਼ ਸਿੱਧ ਨਹੀਂ ਕਰਦੀ ਇਹ ਪ੍ਰਭੂ ਹੀ ਹੈ ਜੋ ਮੇਰੀ ਪਰੱਖ ਕਰਦਾ ਹੈ। 5 ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
6 ਭਰਾਵੋ ਅਤੇ ਭੈਣੋ, ਮੈਂ ਅਪੁੱਲੋਸ ਅਤੇ ਆਪਣੇ-ਆਪ ਦਾ ਇਨ੍ਹਾਂ ਗੱਲਾਂ ਦੀ ਮਿਸਾਲ ਵਜੋਂ ਜ਼ਿਕਰ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਸੀਂ ਇਨ੍ਹਾਂ ਸ਼ਬਦਾਂ ਦੇ ਅਰਥ ਸਮਝ ਸੱਕੋਂ ਜਿਹੜੇ ਤੁਸੀਂ ਸਾਥੋਂ ਸਿੱਖੇ: “ਕੇਵਲ ਪੋਥੀਆਂ ਵਿੱਚ ਲਿਖੇ ਉੱਤੇ ਹੀ ਅਮਲ ਕਰੋ।” ਫ਼ੇਰ ਤੁਸੀਂ ਕਿਸੇ ਇੱਕ ਮਨੁੱਖ ਉੱਤੇ ਅਭਿਮਾਨ ਨਹੀਂ ਕਰੋਂਗੇ ਅਤੇ ਦੂਜੇ ਨੂੰ ਨਫ਼ਰਤ ਨਹੀਂ ਕਰੋਂਗੇ। 7 ਕੌਣ ਕਹਿੰਦਾ ਹੈ ਕਿ ਤੁਸੀਂ ਹੋਰਾਂ ਲੋਕਾਂ ਨਾਲੋਂ ਬਿਹਤਰ ਹੋ। ਇਸ ਲਈ ਜੇਕਰ ਜੋ ਤੁਹਾਡੇ ਕੋਲ ਹੈ ਉਹ ਤੁਹਾਨੂੰ ਦਿੱਤਾ ਗਿਆ ਹੈ, ਤਾਂ ਫ਼ੇਰ ਤੁਸੀਂ ਇਵੇਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਕਿ ਇਹ ਤੁਸੀਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੋਵੇ।
8 ਤੁਸੀਂ ਸੋਚਦੇ ਹੋ ਤੁਹਾਡੇ ਕੋਲ ਉਹ ਸਾਰਾ ਕੁਝ ਹੈ ਜੋ ਤੁਹਾਨੂੰ ਲੋੜੀਂਦਾ ਹੈ। ਤੁਸੀਂ ਸੋਚਦੇ ਹੋ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਤੁਸੀਂ ਸਾਡੇ ਬਗੈਰ ਹੀ ਰਾਜੇ ਬਣ ਗਏ ਹੋ। ਮੇਰੀ ਤਮੰਨਾ ਹੈ ਕਿ ਤੁਸੀਂ ਸੱਚੀਂ ਰਾਜੇ ਹੁੰਦੇ। ਫ਼ੇਰ ਅਸੀਂ ਵੀ ਤੁਹਾਡੇ ਨਾਲ ਰਾਜੇ ਹੋ ਸੱਕਦੇ ਸਾਂ। 9 ਪਰ ਮੈਨੂੰ ਜਾਪਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਅਤੇ ਹੋਰਨਾਂ ਰਸੂਲਾਂ ਨੂੰ ਆਖਰੀ ਮੁਕਾਮ ਦਿੱਤਾ ਹੈ। ਅਸੀਂ ਵੀ ਮੌਤ ਦੀ ਹੋਣੀ ਭੋਗਣ ਵਾਲੇ ਮਨੁੱਖਾਂ ਵਰਗੇ ਹਾਂ ਜਿਹੜੇ ਦੁਨੀਆਂ, ਦੂਤਾ ਅਤੇ ਮਨੁੱਖਾਂ ਸਾਹਮਣੇ ਤਮਾਸ਼ੇ ਵਰਗੇ ਹਨ। 10 ਅਸੀਂ ਮਸੀਹ ਲਈ ਮੂਰਖ ਹਾਂ। ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਸੀਹ ਲਈ ਬੜੇ ਸਿਆਣੇ ਹੋ। ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਬਲਵਾਨ ਹੋ। ਲੋਕੀਂ ਤੁਹਾਨੂੰ ਮਾਣ ਦਿੰਦੇ ਹਨ, ਪਰ ਉਹ ਸਾਨੂੰ ਮਾਣ ਨਹੀਂ ਦਿੰਦੇ। 11 ਇਸ ਘੜੀ ਤੱਕ ਵੀ, ਸਾਡੇ ਕੋਲ ਕਾਫ਼ੀ ਖਾਣ ਅਤੇ ਪੀਣ ਨੂੰ ਨਹੀਂ ਹੈ। ਸਾਡੇ ਕੋਲ ਲੋੜੀਂਦੇ ਕੱਪੜੇ ਤੱਕ ਵੀ ਨਹੀਂ। ਅਸੀਂ ਅਕਸਰ ਮਾਰ ਝੱਲਦੇ ਹਾਂ। ਸਾਡੇ ਘਰ ਨਹੀਂ ਹਨ। 12 ਅਸੀਂ ਆਪਣੇ ਹੱਥਾਂ ਨਾਲ ਸਖਤ ਮਿਹਨਤ ਕਰਦੇ ਹਾਂ। ਲੋਕੀਂ ਸਾਨੂੰ ਦੁਰਸੀਸਾਂ ਦਿੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਦਇਆ ਦੇ ਸ਼ਬਦ ਬੋਲਦੇ ਹਾਂ। ਲੋਕੀਂ ਸਾਨੂੰ ਸਤਾਉਂਦੇ ਹਨ, ਪਰ ਅਸੀਂ ਇਸ ਨੂੰ ਸਹਿਜਤਾ ਨਾਲ ਸਹਿੰਦੇ ਹਾਂ। 13 ਲੋਕੀਂ ਸਾਡੇ ਬਾਰੇ ਮੰਦੀਆਂ ਗੱਲਾਂ ਬੋਲਦੇ ਹਨ, ਪਰ ਅਸੀਂ ਉਨ੍ਹਾਂ ਨੂੰ ਨਿਮ੍ਰਤਾ ਨਾਲ ਪੇਸ਼ ਆਉਂਦੇ ਹਾਂ। ਇਸ ਵੇਲੇ ਵੀ ਲੋਕੀਂ ਸਾਨੂੰ ਧਰਤੀ ਦੀ ਧੂੜ ਅਤੇ ਗੰਦਗੀ ਵਾਂਗ ਸਮਝਦੇ ਹਨ।
14 ਮੈਂ ਤੁਹਾਨੂੰ ਸ਼ਰਮਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਪਰ ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਆਪਣੇ ਪਿਆਰੇ ਬੱਚਿਆਂ ਵਾਂਗ ਸਮਝਕੇ, ਚਿਤਾਵਨੀ ਵਜੋਂ ਲਿਖ ਰਿਹਾ ਹਾਂ। 15 ਸ਼ਾਇਦ ਤੁਹਾਡੇ ਕੋਲ ਮਸੀਹ ਵਿੱਚ ਦਸ ਹਜਾਰ ਗੁਰੂ ਹੋ ਸੱਕਦੇ ਹਨ, ਪਰ ਤੁਹਾਡੇ ਬਹੁਤ ਪਿਤਾ ਨਹੀਂ ਹਨ। ਖੁਸ਼ਖਬਰੀ ਰਾਹੀ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਪਿਤਾ ਬਣ ਗਿਆ। 16 ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਮਿਹਰਬਾਨੀ ਕਰਕੇ ਮੇਰੇ ਜਿਹੇ ਬਣੋ। 17 ਇਸੇ ਲਈ ਮੈਂ ਤੁਹਾਡੇ ਕੋਲ ਤਿਮੋਥਿਉਸ ਨੂੰ ਭੇਜ ਰਿਹਾ ਹਾਂ। ਉਹ ਪ੍ਰਭੂ ਵਿੱਚ ਮੇਰਾ ਪੁੱਤਰ ਹੈ। ਮੈਂ ਤਿਮੋਥਿਉਸ ਨੂੰ ਪਿਆਰ ਕਰਦਾ ਹਾਂ ਅਤੇ ਉਹ ਵਫ਼ਾਦਾਰ ਹੈ। ਉਹ ਤੁਹਾਨੂੰ ਯਾਦ ਕਰਾਵੇਗਾ ਕਿ ਕਿਸ ਢੰਗ ਨਾਲ ਮੈਂ ਮਸੀਹ ਯਿਸੂ ਵਿੱਚ ਜਿਉਂਦਾ ਹਾਂ। ਇਹ ਹੀ ਜੀਵਨ ਦਾ ਮਾਰਗ ਹੈ ਜਿਸ ਬਾਰੇ ਮੈਂ ਹਰ ਥਾਂ ਦੀਆਂ ਸਮੂਹ ਕਲੀਸਿਯਾ ਨੂੰ ਪ੍ਰਚਾਰ ਕਰਦਾ ਹਾਂ।
18 ਤੁਹਾਡੇ ਵਿੱਚੋਂ ਕੁਝ ਅਭਿਮਾਨੀ ਹੋ ਗਏ ਹਨ। ਤੁਸੀਂ ਇਹ ਸੋਚਦੇ ਹੋਏ ਅਭਿਮਾਨੀ ਹੋ ਗਏ ਹੋਂ ਕਿ ਮੈਂ ਤੁਹਾਡੇ ਕੋਲ ਫ਼ੇਰ ਨਹੀਂ ਆਵਾਂਗਾ। 19 ਪਰ ਮੈਂ ਤੁਹਾਡੇ ਕੋਲ ਬਹੁਤ ਛੇਤੀ ਆਵਾਂਗਾ। ਜੇ ਪ੍ਰਭੂ ਦੀ ਰਜ਼ਾ ਹੋਈ, ਮੈਂ ਅਵੱਸ਼ ਹੀ ਆਵਾਂਗਾ। ਫ਼ੇਰ ਮੈਂ ਦੇਖਾਂਗਾ ਇਹ ਅਭਿਮਾਨੀ ਕੀ ਕਰ ਸੱਕਦੇ ਹਨ, ਇਹ ਨਹੀਂ, ਉਹ ਕੀ ਕਹਿ ਸੱਕਦੇ ਹਨ। 20 ਮੈਂ ਇਹ ਦੇਖਣਾ ਚਾਹਵਾਂਗਾ ਕਿਉਂਕਿ ਪਰਮੇਸ਼ੁਰ ਦਾ ਰਾਜ ਗੱਲਾਂ ਨਹੀਂ, ਸ਼ਕਤੀ ਹੈ। 21 ਤੁਹਾਨੂੰ ਕੀ ਚਾਹੀਦਾ: ਕਿ ਮੈਂ ਤੁਹਾਡੇ ਕੋਲ ਸਜ਼ਾ ਲੈ ਕੇ ਆਵਾਂ ਜਾਂ ਕਿ ਮੈਂ ਪ੍ਰੇਮ ਅਤੇ ਕੋਮਲਤਾ ਲੈ ਕੇ ਆਵਾਂ?
2010 by World Bible Translation Center