Beginning
ਦੂਜੇ ਲੋਕਾਂ ਦੀ ਨਿੰਦਿਆ ਨਾ ਕਰੋ
14 ਉਹ ਮਨੁੱਖ ਜਿਹੜਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸ ਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸ ਦੇ ਅਲੱਗ ਵਿੱਚਾਰਾਂ ਬਾਰੇ ਬਹਿਸ ਕਰੋ। 2 ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸੱਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸ ਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। 3 ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸੱਕਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ। 4 ਦੂਜੇ ਵਿਅਕਤੀ ਦੇ ਨੌਕਰ ਦਾ ਨਿਆਂ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ। 5 ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸੱਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। 6 ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।
7 ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ। 8 ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ। 9 ਮਸੀਹ ਮਰਿਆ ਅਤੇ ਮੁਰਦੇ ਤੋਂ ਉੱਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸੱਕੇ।
10 ਤੂੰ ਆਪਣੇ ਭਰਾ ਬਾਰੇ ਕਿਉਂ ਨਿਆਂ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖੜ੍ਹੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ। 11 ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ:
“ਹਰ ਮਨੁੱਖ ਮੇਰੇ ਅੱਗੇ ਨਿਵੇਗਾ,
ਹਰ ਮਨੁੱਖ ਇਹ ਆਖੇਗਾ;
ਕਿ ਮੈਂ ਪਰਮੇਸ਼ੁਰ ਹਾਂ,
ਮੈਂ ਜਿਉਂਦਾ ਪ੍ਰਭੂ ਹਾਂ, ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ।” (A)
12 ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
ਦੂਜਿਆਂ ਨੂੰ ਪਾਪ ਨਾ ਕਰਨ ਦਿਉ
13 ਇਸ ਲਈ ਸਾਨੂੰ ਇੱਕ ਦੂਜੇ ਦਾ ਨਿਆਂ ਨਹੀਂ ਕਰਨਾ ਚਾਹੀਦਾ। ਪਰ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਭੈਣਾਂ ਭਰਾਵਾਂ ਤੋਂ ਪਾਪ ਕਰਾਉਣ ਜਾਂ ਉਨ੍ਹਾਂ ਨੂੰ ਆਤਮਕ ਤੌਰ ਤੇ ਵੱਧਣ ਤੋਂ ਰੋਕੇ। 14 ਮੈਂ ਪ੍ਰਭੂ ਯਿਸੂ ਵਿੱਚ ਹਾਂ। ਮੈਨੂੰ ਪਤਾ ਹੈ ਕਿ ਅਜਿਹਾ ਕੋਈ ਭੋਜਨ ਨਹੀਂ ਜੋ ਖਾਣ ਲਈ ਗਲਤ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਸਤ ਨੂੰ ਗਲਤ ਮੰਨਦਾ ਹੈ, ਉਹ ਉਸ ਲਈ ਗਲਤ ਹੈ।
15 ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਵਿਸ਼ਵਾਸ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹੜਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ। 16 ਜਿਸ ਚੀਜ਼ ਨੂੰ, ਤੁਸੀਂ ਚੰਗੀ ਸਮਝਦੇ ਹੋ ਦੂਸਰਿਆਂ ਨੂੰ ਗਲਤ ਆਖਣ ਦਾ ਅਵਸਰ ਨਾ ਦਿਉ। 17 ਪਰਮੇਸ਼ੁਰ ਦੇ ਰਾਜ ਵਿੱਚ ਖਾਣਾ-ਪੀਣਾ ਮਹੱਤਵਪੂਰਣ ਨਹੀਂ ਸਗੋਂ ਉੱਥੇ ਇਹ ਚੀਜ਼ਾਂ ਮਹੱਤਵ ਯੋਗ ਹਨ। ਧਰਮੀ ਜੀਵਨ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਆਨੰਦ। 18 ਜਿਹੜਾ ਮਨੁੱਖ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ੁਰ ਨੂੰ ਭਾਉਂਦਾ ਹੈ। ਉਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ਵੀ ਕਬੂਲਿਆ ਜਾਵੇਗਾ।
19 ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ। 20 ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹੜਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 21 ਇਸਤੋਂ ਚੰਗਾ ਹੈ ਕਿ ਮਾਸ ਨਾ ਖਾਧਾ ਜਾਵੇ ਜਾਂ ਮੈਅ ਨਾ ਪੀਤੀ ਜਾਵੇ ਜਾਂ ਕੁਝ ਅਜਿਹਾ ਨਾ ਕੀਤਾ ਜਾਵੇ, ਜੋ ਤੁਹਾਡੇ ਭੈਣ ਜਾਂ ਭਰਾ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।
22 ਇਨ੍ਹਾਂ ਗੱਲਾਂ ਬਾਰੇ ਤੁਹਾਡੀ ਦ੍ਰਿੜ੍ਹਤਾ ਤੁਹਾਡੇ ਅਤੇ ਪਰਮੇਸ਼ੁਰ ਵਿੱਚ ਗੁਪਤ ਰੱਖੀ ਹੋਣੀ ਚਾਹੀਦੀ ਹੈ। ਧੰਨ ਹੈ ਉਹ ਵਿਅਕਤੀ ਜੋ ਉਹੀ ਕਰਦਾ ਹੈ ਜੋ ਉਹ, ਦੋਸ਼ੀ ਮਹਿਸੂਸ ਕੀਤੇ ਬਿਨਾ, ਸਹੀ ਸੋਚਕੇ ਕਰਦਾ। 23 ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਆਂਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।
15 ਸਾਡੇ ਵਿੱਚੋਂ ਜੋ ਆਪਣੇ ਨਿਹਚਾ ਵਿੱਚ ਤਕੜੇ ਹਨ, ਕਮਜ਼ੋਰਾਂ ਦੀ ਮਦਦ ਕਰਨ। ਸਾਨੂੰ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਦੂਰ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਪ੍ਰਸੰਨ ਨਹੀਂ ਕਰਨਾ ਚਾਹੀਦਾ। 2 ਸਾਡੇ ਵਿੱਚੋਂ ਹਰ ਇੱਕ ਨੂੰ ਦੂਜਿਆਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਸਾਨੂੰ ਇਹ, ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨ ਲਈ ਕਰਨਾ ਚਾਹੀਦਾ ਹੈ। 3 ਇੱਥੋਂ ਤੱਕ ਕਿ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਨਹੀਂ ਜੀਵਿਆ। ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, “ਉਨ੍ਹਾਂ ਦੀ ਬੇਇੱਜ਼ਤੀ, ਜਿਨ੍ਹਾਂ ਨੇ ਤੁਹਾਨੂੰ ਬੇਇੱਜ਼ਤ ਕੀਤਾ ਸੀ ਮੇਰੇ ਤੇ ਡਿੱਗੀ ਹੈ।” [a]
4 ਸਭ ਕੁਝ ਜੋ ਅਤੀਤ ਵਿੱਚ ਲਿਖਿਆ ਗਿਆ ਸੀ ਸਾਨੂੰ ਸਿੱਖਾਉਣ ਖਾਤਰ ਲਿਖਿਆ ਸੀ। ਇਹ ਗੱਲਾਂ ਇਸ ਲਈ ਲਿਖੀਆਂ ਗਈਆਂ ਸਨ ਤਾਂ ਜੋ ਅਸੀਂ ਆਸ ਰੱਖ ਸੱਕੀਏ। ਅਤੇ ਉਹ ਆਸ ਧੀਰਜ ਤੋਂ ਆਉਂਦੀ ਹੈ ਅਤੇ ਉਹ ਤਾਕਤ ਜੋ ਪੋਥੀਆਂ ਸਾਨੂੰ ਦਿੰਦੀਆਂ ਹਨ। 5 ਧੀਰਜ ਅਤੇ ਤਾਕਤ ਪਰਮੇਸ਼ੁਰ ਤੋਂ ਆਉਂਦੀ ਹੈ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੁਹਾਨੂੰ ਉਸੇ ਢੰਗ ਨਾਲ ਇੱਕ ਹੋਣ ਵਿੱਚ ਸਹਾਇਤਾ ਕਰੇਗਾ ਜਿਵੇਂ ਮਸੀਹ ਯਿਸੂ ਚਾਹੁੰਦਾ ਹੈ। 6 ਫ਼ਿਰ ਤੁਸੀਂ ਸਭ ਇਕੱਠੇ ਹੋ ਜਾਵੋਂਗੇ ਅਤੇ ਤੁਸੀਂ ਇੱਕ ਮੂੰਹ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦੀ ਉਸਤਤਿ ਕਰੋਂਗੇ। 7 ਮਸੀਹ ਨੇ ਤੁਹਾਨੂੰ ਸਵਿਕਾਰਿਆ, ਤਾਂ ਤੁਹਾਨੂੰ ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼ੁਰ ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼ੁਰ ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ। 9 ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼ੁਰ ਨੂੰ ਉਸ ਮਿਹਰ ਲਈ ਮਹਿਮਾ ਦੇ ਸੱਕਣ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ,
“ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾ
ਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।” (B)
10 ਪੋਥੀ ਇਹ ਵੀ ਆਖਦੀ ਹੈ,
“ਹੇ ਗੈਰ ਯਹੂਦੀਓ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮਿੱਲਕੇ ਖੁਸ਼ ਹੋਣਾ ਚਾਹੀਦਾ ਹੈ।” (C)
11 ਪੋਥੀ ਇਹ ਵੀ ਆਖਦੀ ਹੈ,
“ਤੁਸੀਂ ਸਾਰੇ ਗੈਰ-ਯਹੂਦੀਓ, ਪ੍ਰਭੂ ਦੀ ਉਸਤਤਿ ਕਰੋ;
ਅਤੇ ਸਭ ਕੌਮੋਂ, ਉਸਦੀ ਉਸਤਤਿ ਕਰੋ।” (D)
12 ਅਤੇ ਯਸਾਯਾਹ ਆਖਦਾ ਹੈ,
“ਕੋਈ ਯੱਸੀ ਦੇ ਪਰਿਵਾਰ ਵਿੱਚੋਂ ਉੱਠੇਗਾ
ਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ।
ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।” (E)
13 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਕਿ ਆਸ ਦਾ ਸਰੋਤ ਹੈ। ਤੁਹਾਨੂੰ ਆਸ ਅਤੇ ਸ਼ਾਂਤੀ ਨਾਲ ਭਰਪੂਰ ਕਰੇ। ਤੁਸੀਂ ਉਸ ਵਿੱਚ ਯਕੀਨ ਰੱਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤੁਹਾਡੇ ਵਿੱਚ ਆਸ ਭਰਪੂਰ ਹੋਕੇ ਬਾਹਰ ਡੁੱਲ੍ਹੇ।
ਪੌਲੁਸ ਦਾ ਆਪਣੇ ਕੰਮ ਬਾਰੇ ਦੱਸਣਾ
14 ਮੇਰੇ ਭਰਾਵੋ ਅਤੇ ਭੈਣੋ, ਮੈਂ ਯਕੀਨ ਰੱਖਦਾ ਹਾਂ ਕਿ ਤੁਸੀਂ ਚੰਗਿਆਈ ਨਾਲ ਭਰਪੂਰ ਹੋ ਅਤੇ ਤੁਹਾਡੇ ਕੋਲ ਸਾਰਾ ਗਿਆਨ ਹੈ। ਤੇ ਤੁਹਾਡੇ ਕੋਲ ਇੱਕ ਦੂਜੇ ਨੂੰ ਸਿੱਖਾਉਣ ਦੀ ਯੋਗਤਾ ਹੈ। 15 ਪਰ ਮੈਂ ਉਨ੍ਹਾਂ ਗੱਲਾਂ ਬਾਰੇ, ਜਿਹੜੀਆਂ ਮੈਂ ਤੁਹਾਨੂੰ ਚੇਤੇ ਕਰਾਉਣੀਆਂ ਚਾਹੁੰਦਾ ਸਾਂ, ਖੁਲ੍ਹੇ ਤੌਰ ਤੇ ਲਿਖਿਆ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਇਸ ਖਾਸ ਤੋਹਫ਼ੇ ਨਾਲ ਨਿਵਾਜਿਆ ਸੀ। 16 ਪਰਮੇਸ਼ੁਰ ਨੇ ਮੈਨੂੰ ਮਸੀਹ ਯਿਸੂ ਦਾ ਸੇਵਕ ਗੈਰ ਯਹੂਦੀਆਂ ਵਾਸਤੇ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਫ਼ੈਲਾਉਣ ਲਈ ਬਣਾਇਆ ਹੈ। ਮੈਂ ਇਹ ਗੈਰ ਯਹੂਦੀਆਂ ਦੀ ਖਾਤਿਰ ਇੱਕ ਭੇਂਟ ਬਨਣ ਲਈ ਕਰ ਰਿਹਾ ਹਾਂ ਜੋ ਪਰਮੇਸ਼ੁਰ ਦੁਆਰਾ ਕਬੂਲੀ ਜਾਵੇਗੀ। ਇਹ ਪਵਿੱਤਰ ਆਤਮਾ ਦੁਆਰਾ ਬਣਾਈ ਪਵਿੱਤਰ ਭੇਂਟ ਹੋਵੇਗੀ।
17 ਇਸ ਲਈ ਜੋ ਮੈਂ ਪਰਮੇਸ਼ੁਰ ਲਈ ਮਸੀਹ ਯਿਸੂ ਵਿੱਚ ਕੀਤਾ ਹੈ ਮੈਨੂੰ ਉਸਤੇ ਮਾਨ ਹੈ। 18 ਮੇਰਾ ਹੌਂਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਕੀਤੇ ਬੁਰੇ ਕੁਝ ਬੋਲਾਂ, ਪਰ ਮੈਨੂੰ ਉਨ੍ਹਾਂ ਗੱਲਾਂ ਬਾਰੇ ਬੋਲਣ ਦਾ ਕਾਫ਼ੀ ਹੌਂਸਲਾ ਹੈ ਜਿਹੜੀਆਂ ਮਸੀਹ ਨੇ ਮੇਰੇ ਰਾਹੀਂ ਗੈਰ ਯਹੂਦੀਆਂ ਨੂੰ ਪਰਮੇਸ਼ੁਰ ਲਈ ਆਗਿਆਕਾਰ ਹੋਣ ਲਈ ਆਖੀਆਂ। 19 ਉਨ੍ਹਾਂ ਨੇ ਕਰਾਮਾਤਾਂ ਦੀ ਸ਼ਕਤੀ, ਅਜੂਬੇ ਅਤੇ ਆਤਮਾ ਦੀ ਸ਼ਕਤੀ ਦੇ ਕਾਰਣ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕੀਤੀ। ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਨ ਦੇ ਚਾਰੇ ਪਾਸਿਆਂ ਤੀਕ ਮਸੀਹ ਦੀ ਖੁਸ਼ਖਬਰੀ ਬਾਰੇ ਪਰਚਾਰ ਕੀਤਾ। 20 ਮੈਂ ਹਮੇਸ਼ਾ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪਰਚਾਰ ਉਨ੍ਹੀਂ ਥਾਵੀਂ ਕਰਨਾ ਚਾਹਿਆ ਜਿੱਥੇ ਲੋਕਾਂ ਨੇ ਕਦੇ ਵੀ ਮਸੀਹ ਬਾਰੇ ਨਹੀਂ ਸੀ ਸੁਣਿਆ। ਮੈਂ ਅਜਿਹਾ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਕਿਸੇ ਹੋਰ ਦੇ ਕੰਮਾਂ ਤੇ ਕੁਝ ਨਹੀਂ ਉਸਾਰਨਾ ਚਾਹੁੰਦਾ ਜਿਸਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੋਵੇ। 21 ਪਰ ਇਹ ਪੋਥੀਆਂ ਵਿੱਚ ਲਿਖਿਆ ਵੀ ਹੋਇਆ ਹੈ,
“ਜਿਨ੍ਹਾਂ ਲੋਕਾਂ ਨੇ ਉਸ ਬਾਰੇ ਨਹੀਂ ਸੁਣਿਆ ਉਹ ਵੇਖਣਗੇ;
ਅਤੇ ਉਹ ਜਿਨ੍ਹਾਂ ਨੇ ਉਸ ਬਾਰੇ ਨਹੀਂ ਸੁਣਿਆ ਉਹ ਸਮਝਣਗੇ।” (F)
ਪੌਲੁਸ ਦੀ ਰੋਮ ਨੂੰ ਜਾਣ ਦੀ ਯੋਜਨਾ
22 ਇਸੇ ਕਾਰਣ ਮੈਨੂੰ ਤੁਹਾਡੇ ਵੱਲ ਆਉਣ ਤੋਂ ਕਈ ਵਾਰੀ ਰੋਕਿਆ ਗਿਆ ਸੀ।
23 ਹੁਣ ਇਨ੍ਹਾਂ ਥਾਵਾਂ ਤੋਂ ਮੈਂ ਅਪਣਾ ਕੰਮ ਮੁਕੰਮਲ ਕਰ ਚੁੱਕਾ ਹਾਂ। ਅਤੇ ਲੰਬੇ ਸਮੇਂ ਤੋਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸਾਂ। 24 ਇਸ ਲਈ ਹੁਣ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤੁਹਾਡੇ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰ੍ਹਾਂ ਤੁਹਾਡੀ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤੁਸੀਂ ਮੇਰੇ ਮੱਦਦਗਾਰ ਸਿੱਧ ਹੋ ਸੱਕਦੇ ਹੋ।
25 ਹੁਣ ਮੈਂ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮੱਦਦ ਲਈ ਜਾ ਰਿਹਾ ਹਾਂ। 26 ਮਕਦੂਨਿਯਾ ਅਤੇ ਅਖਾਯਾ ਦੇ ਸ਼ਰਧਾਲੂਆਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ, ਜਿਹੜੇ ਗਰੀਬ ਹਨ, ਕੁਝ ਪੈਸਾ ਇਕੱਠਾ ਕਰਨ ਦਾ ਨਿਸ਼ਚਾ ਕੀਤਾ ਹੈ। 27 ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹੜੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ। 28 ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨ੍ਹਾਂ ਗਰੀਬ ਲੋਕਾਂ ਤੱਕ ਪੁੱਜਦਾ ਹੋ ਚੁੱਕਾ ਹੈ, ਇਹ ਕੰਮ ਸਿਰੇ ਚਾੜ੍ਹਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ।
ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤੁਹਾਡੇ ਵੱਲ ਯਾਤਰਾ ਕਰਾਂਗਾ ਮੈਂ ਉੱਥੇ ਰੁਕਾਗਾ ਅਤੇ ਤੁਹਾਨੂੰ ਮਿਲਾਂਗਾ। 29 ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਖਸ਼ਿਸ਼ ਤੁਹਾਡੇ ਲਈ ਲੈ ਕੇ ਆਵਾਂਗਾ।
30 ਪਿਆਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਾਸਤੇ ਪ੍ਰਾਰਥਨਾ ਕਰਕੇ ਮੇਰੇ ਕੰਮ ਵਿੱਚ ਮੇਰੇ ਨਾਲ ਮਿਹਨਤ ਕਰੋ। ਇਹ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੇ ਕਾਰਣ ਕਰੋ। 31 ਪ੍ਰਾਰਥਨਾ ਕਰੋ ਕਿ ਯਹੂਦਿਯਾ ਵਿੱਚ ਅਵਿਸ਼ਵਾਸੀਆਂ ਤੋਂ ਮੇਰੀ ਰੱਖਿਆ ਹੋਵੇ। ਪ੍ਰਾਰਥਨਾ ਕਰੋ ਕਿ ਮੈਂ ਮਦਦ ਯਰੂਸ਼ਲਮ ਵਿੱਚ ਲਿਆਂਦੀ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉੱਥੇ ਪ੍ਰਸੰਨ ਕਰ ਸੱਕੇ। 32 ਫ਼ਿਰ ਜੋ ਪਰਮੇਸ਼ੁਰ ਨੇ ਚਾਹਿਆ, ਮੈਂ ਤੁਹਾਡੇ ਕੋਲ ਪੂਰੇ ਆਨੰਦ ਨਾਲ ਅਤੇ ਤੁਹਾਡੇ ਨਾਲ ਮਿਲਕੇ ਆਰਾਮ ਕਰਾਂਗਾ। 33 ਕਾਸ਼ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਸਾਰਿਆਂ ਨਾਲ ਹੋਵੇ। ਆਮੀਨ।
ਪੌਲੁਸ ਦੀਆਂ ਅੰਤਮ ਗੱਲਾਂ
16 ਮੈਂ ਸਾਡੀ ਭੈਣ ਫ਼ੀਬੀ ਨੂੰ ਤੁਹਾਨੂੰ ਸੌਂਪਣਾ ਚਾਹੁੰਦਾ ਹਾਂ। ਉਹ ਕੰਖਰਿਯਾ ਦੇ ਗਿਰਜੇ ਵਿੱਚ ਖਾਸ ਸਹਾਇਕਾ ਹੈ। 2 ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਨੂੰ ਪ੍ਰਭੂ ਦੇ ਨਾਂ ਤੇ ਕਬੂਲੋ ਜਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਸਦੀ ਸਭ ਪਾਸੋਂ ਵੀ ਮਦਦ ਕਰੋ ਜਿਸਦੀ ਤੁਹਾਥੋਂ ਉਸ ਨੂੰ ਜ਼ਰੂਰਤ ਹੈ। ਉਸ ਨੇ ਮੇਰੀ ਬੜੀ ਸਹਾਇਤਾ ਕੀਤੀ ਸੀ ਅਤੇ ਉਸ ਨੇ ਹੋਰ ਵੀ ਕਿੰਨੇ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਹੈ।
3 ਪਰਿਸੱਕਾ ਅਤੇ ਅਕੂਲਾ ਨੂੰ ਸ਼ੁਭਕਾਮਨਾਵਾਂ। ਉਹ ਮਸੀਹ ਯਿਸੂ ਵਿੱਚ ਸਾਥੀ ਕਾਮੇ ਹਨ। 4 ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾਕੇ ਮੇਰੀ ਜਾਨ ਬਚਾਈ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਨ।
5 ਅਤੇ ਉਸ ਗਿਰਜੇ ਨੂੰ ਵੀ ਸ਼ੁਭਕਾਮਨਾਵਾਂ ਜਿਹੜਾ ਉਨ੍ਹਾਂ ਦੇ ਘਰ ਨਾਲ ਜੁੜਦਾ ਹੈ।
ਮੇਰੇ ਪਿਆਰੇ ਮਿੱਤਰ ਇਯੈਨੇਤੁਸ ਨੂੰ ਸ਼ੁਭਕਾਮਨਾਵਾਂ ਆਖਣਾ। ਅਸਿਯਾ ਵਿੱਚ ਮਸੀਹ ਦਾ ਅਨੁਸਰਣ ਕਰਨ ਵਾਲਾ ਉਹ ਪਹਿਲਾ ਮਨੁੱਖ ਸੀ।
6 ਮਰਿਯਮ ਨੂੰ ਵੀ ਸ਼ੁਭਕਾਮਨਾਵਾਂ ਆਖਣਾ ਉਸ ਨੇ ਤੁਹਾਡੇ ਲਈ ਬੜੀ ਸਖਤ ਮਿਹਨਤ ਕੀਤੀ।
7 ਅੰਦਰੁਨਿਕੁਸ ਅਤੇ ਯੂਨਿਆਸ ਨੂੰ ਵੀ ਸ਼ੁਭਕਾਮਨਾਵਾਂ ਆਖਣਾ, ਉਹ ਮੇਰੇ ਰਿਸ਼ਤੇਦਾਰ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ। ਉਹ ਬਹੁਤ ਜ਼ਿਆਦਾ ਇੱਜ਼ਤਦਾਰ ਹਨ। ਉਹ ਉਨ੍ਹਾਂ ਵਿੱਚੋਂ ਹਨ ਜੋ ਮਸੀਹ ਦੁਆਰਾ ਉਸਦਾ ਕੰਮ ਕਰਨ ਕਈ ਭੇਜੇ ਗਏ ਹਨ। ਉਹ ਮੇਰੇ ਹੋਣ ਤੋਂ ਪਹਿਲਾਂ ਵੀ ਮਸੀਹ ਦੇ ਚੇਲੇ ਸਨ।
8 ਅੰਪਲਿਯਾਤੁਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਮਿੱਤਰ ਹੈ। 9 ਮੇਰੇ ਸਾਥੀ ਕਾਮੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਮਸੀਹ ਵਿੱਚ ਸ਼ੁਭਕਾਮਨਾਵਾਂ ਦੇਣੀਆਂ।
10 ਅੱਪਿਲੇਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੂੰ ਪਰੱਖਿਆ ਗਿਆ ਅਤੇ ਉਹ ਮਸੀਹ ਦਾ ਸੱਚਾ ਸੇਵਕ ਹੋਇਆ ਅਤੇ ਅਰਿਸਤਯੂਲੁਸ ਦੇ ਪਰਿਵਾਰ ਵਿੱਚ ਉਨ੍ਹਾਂ ਸਾਰਿਆਂ ਮਨੁੱਖਾਂ ਨੂੰ ਵੀ ਮੇਰੀ ਰਾਜ਼ੀ-ਖੁਸ਼ੀ ਕਹਿਣਾ।
11 ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਅਤੇ ਨਰਕਿਸੁੱਸ ਦੇ ਪਰਿਵਾਰ ਨੂੰ ਵੀ, ਜੋ ਪ੍ਰਭੂ ਨਾਲ ਸੰਬੰਧਿਤ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।
12 ਤਰੂਫ਼ੇਨਾ ਅਤੇ ਤਰੁਫ਼ੋਸਾ ਔਰਤਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ, ਜੋ ਪ੍ਰਭੂ ਲਈ ਬੜੀ ਸਖਤ ਮਿਹਨਤ ਕਰ ਰਹੀਆਂ ਹਨ।
ਮੇਰੀ ਪਿਆਰੀ ਸਹੇਲੀ ਪਰਸੀਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੇ ਵੀ ਪ੍ਰਭੂ ਲਈ ਬੜੀ ਸਖਤ ਮਿਹਨਤ ਕੀਤੀ ਹੈ।
13 ਰੂਫ਼ਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ ਜੋ ਕਿ ਪ੍ਰਭੂ ਵਿੱਚ ਖਾਸ ਵਿਅਕਤੀ ਹੈ। ਅਤੇ ਉਸਦੀ ਮਾਤਾ ਮੇਰੇ ਲਈ ਵੀ ਮਾਤਾ ਹੈ।
14 ਅੰਸੁਕਰਿਤੁਸ, ਫ਼ਲੇਗੁਨ, ਹਰਮੇਸ, ਪਤੁਰਬਾਸ ਅਤੇ ਹਿਰਮਾਸ ਨੂੰ, ਅਤੇ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ, ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।
15 ਫ਼ਿਲੁਲੁਗੁੱਸ਼ ਯੂਲੀਆ ਅਤੇ ਨੇਰਿਯੁਸ ਅਤੇ ਉਸਦੀ ਭੈਣ ਤੇ ਉਲੁੰਪਾਸ ਨੂੰ, ਅਤੇ ਸਭਨਾਂ ਸ਼ਰਧਾਲੂਆਂ ਨੂੰ ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।
16 ਜਦੋਂ ਤੁਸੀਂ ਮਿਲੋਂ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ। ਮਸੀਹ ਦੇ ਸਾਰੇ ਗਿਰਜੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ।
17 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਬਚਕੇ ਰਹਿਣ ਦੀ ਮੰਗ ਕਰਦਾ ਹਾਂ ਜਿਹੜੇ ਲੋਕਾਂ ਵਿੱਚ ਵੰਡਾਂ ਪਵਾਉਂਦੇ ਹਨ। ਅਤੇ ਦੂਜੇ ਲੋਕਾਂ ਦੀ ਨਿਹਚਾ ਵਿੱਚ ਵਿਘਨ ਪਾਉਂਦੇ ਹਨ। ਉਹ ਲੋਕ ਉਸ ਦੇ ਵਿਰੁੱਧ ਹਨ ਜਿਹੜੀ ਸੱਚੀ ਸਿੱਖਿਆ ਤੁਸੀਂ ਸਿੱਖੀ ਹੈ। ਅਜਿਹੇ ਲੋਕਾਂ ਤੋਂ ਦੂਰ ਰਹੋ। 18 ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ। 19 ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਾਰੇ ਨਿਹਚੀਆਂ ਨੂੰ ਪਤਾ ਹੈ, ਇਸ ਲਈ ਮੈਂ ਤੁਹਾਡੇ ਲਈ ਬੜਾ ਪ੍ਰਸੰਨ ਹਾਂ। ਪਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਸਮਝਦਾਰ ਅਤੇ ਬਦੀ ਬਾਰੇ ਭੋਲੇ ਵੇਖਣਾ ਚਾਹੁੰਦਾ ਹਾਂ।
20 ਸ਼ਾਂਤੀ ਦਾ ਪਰਮੇਸ਼ੁਰ ਛੇਤੀ ਹੀ ਸ਼ੈਤਾਨ ਨੂੰ ਚੂਰ ਕਰ ਦੇਵੇਗਾ ਅਤੇ ਤੁਹਾਨੂੰ ਉਸ ਉੱਪਰ ਪੂਰੀ ਤਾਕਤ ਦੇਵੇਗਾ।
ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
21 ਸਾਡਾ ਸਹਿ ਕਰਮਚਾਰੀ ਤਿਮੋਥਿਉਸ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਮੇਰੇ ਨਾਲ ਮੇਰੇ ਸੰਬੰਧੀਆਂ ਲੂਕਿਯੁਸ, ਯੋਨ ਅਤੇ ਸੋਸਿਪਤਰੁਸ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
22 ਮੈਂ ਤਰਤਿਯੁਸ ਹਾਂ। ਮੈਂ ਇਹ ਪੱਤਰ ਉਵੇਂ ਲਿਖਿਆ ਹੈ ਜਿਵੇਂ ਪੌਲੁਸ ਨੇ ਲਿਖਵਾਇਆ ਹੈ। ਪ੍ਰਭੂ ਵਿੱਚ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ।
23 ਗਾਯੁਸ ਵੱਲੋਂ ਸ਼ੁਭਕਾਮਨਾਵਾਂ। ਉਸ ਨੇ ਮੈਨੂੰ ਅਤੇ ਸਾਰੀ ਕਲੀਸਿਯਾ ਨੂੰ ਇੱਥੇ ਉਸ ਦੇ ਘਰ ਦਾ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਹੈ। 24 [b]
25 ਪਰਮੇਸ਼ੁਰ ਨੂੰ ਮਹਿਮਾ। ਇਹ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਨਿਹਚਾ ਵਿੱਚ ਮਜ਼ਬੂਤ ਬਣਾ ਸੱਕਦਾ ਹੈ। ਉਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਉਸ ਖੁਸ਼ਖਬਰੀ ਦੀ ਵਰਤੋਂ ਕਰ ਸੱਕਦਾ ਹੈ ਜਿਸਦਾ ਮੈਂ ਲੋਕਾਂ ਨੂੰ ਉਪਦੇਸ਼ ਦਿੰਦਾ ਹਾਂ। ਮੈਂ ਲੋਕਾਂ ਨੂੰ ਯਿਸੂ ਮਸੀਹ ਬਾਰੇ ਉਹੀ ਖੁਸ਼ਖਬਰੀ ਦੱਸਦਾ ਹਾਂ। ਖੁਸ਼ਖਬਰੀ ਗੁਪਤ ਸੱਚ ਹੈ ਜੋ ਪਰਮੇਸ਼ੁਰ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਸੀ। ਇਹ ਗੁਪਤ ਸੱਚ ਮੁੱਢ ਤੋਂ ਹੀ ਗੁਪਤ ਰੱਖਿਆ ਗਿਆ ਸੀ। 26 ਪਰ ਉਹ ਗੁਪਤ ਸੱਚ ਸਾਨੂੰ ਵਿਖਾਇਆ ਗਿਆ ਹੈ। ਅਤੇ ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਨਬੀਆਂ ਦੀਆਂ ਲਿਖਤਾਂ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਹੈ। ਇਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਕੀਤਾ ਗਿਆ ਹੈ। ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਇਸ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਜੋ ਉਹ ਨਿਹਚਾ ਰੱਖ ਸੱਕਣ ਅਤੇ ਮਸੀਹ ਨੂੰ ਮੰਨਣ। ਪਰਮੇਸ਼ੁਰ ਸਦੀਵੀ ਹੈ। 27 ਗਿਆਨਵਾਨ ਪਰਮੇਸ਼ੁਰ ਨੂੰ ਯਿਸੂ ਮਸੀਹ ਰਾਹੀਂ ਸਦੀਵੀ ਮਹਿਮਾ। ਆਮੀਨ।
2010 by World Bible Translation Center