Beginning
ਆਤਮਾ ਵਿੱਚ ਜੀਵਨ
8 ਤਾਂ ਹੁਣ, ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਨਹੀਂ ਹੋਵੇਗਾ। 2 ਮੈਂ ਭਲਾ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ। ਕਿਉਂਕਿ ਮਸੀਹ ਯਿਸੂ ਵਿੱਚ, ਆਤਮਾ ਦਾ ਨੇਮ ਜੋ ਜੀਵਨ ਲਿਆਉਂਦਾ ਹੈ, ਉਸ ਨੇ ਮੈਨੂੰ ਉਸ ਸ਼ਰ੍ਹਾ ਤੋਂ ਮੁਕਤ ਕੀਤਾ ਹੈ, ਜੋ ਪਾਪ ਅਤੇ ਮੌਤ ਲਿਆਉਂਦੀ ਹੈ। 3 ਸ਼ਰ੍ਹਾ ਸ਼ਕਤੀਹੀਣ ਸੀ ਕਿਉਂਕਿ ਸਾਡੇ ਪਾਪੀ ਸੁਭਾਵਾਂ ਨੇ ਇਸ ਨੂੰ ਕਮਜ਼ੋਰ ਬਣਾ ਦਿੱਤਾ। ਪਰ ਪਰਮੇਸ਼ੁਰ ਨੇ ਉਹ ਕੁਝ ਕੀਤਾ ਜੋ ਸ਼ਰ੍ਹਾ ਨਾ ਕਰ ਸੱਕੀ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਉਸੇ ਮਨੁੱਖੀ ਸਰੀਰ ਵਿੱਚ ਧਰਤੀ ਉੱਤੇ ਭੇਜਿਆ ਜਿਸ ਨੂੰ ਅਸੀਂ ਪਾਪ ਕਰਨ ਲਈ ਇਸਤੇਮਾਲ ਕਰਦੇ ਹਾਂ। ਪਰਮੇਸ਼ੁਰ ਨੇ ਉਸੇ ਮਨੁੱਖੀ ਸਰੀਰ ਨੂੰ ਪਾਪ ਦਾ ਭੁਗਤਾਨ ਕਰਨ ਲਈ ਚਢ਼ਾਵੇ ਦੇ ਤੌਰ ਤੇ ਇਸਤੇਮਾਲ ਕੀਤਾ। ਇਸ ਲਈ ਪਰਮੇਸ਼ੁਰ ਨੇ ਪਾਪ ਨੂੰ ਨਿੰਦਣ ਲਈ ਇਨਸਾਨੀ ਜੀਵਨ ਇਸਤੇਮਾਲ ਕੀਤਾ। 4 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਵੱਲੋਂ ਪੂਰਨ ਕਰ ਸੱਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ।
5 ਜਿਹੜੇ ਲੋਕ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਨ ਜੋ ਉਨ੍ਹਾਂ ਦੇ ਪਾਪੀ ਸੁਭਾਅ ਚਾਹੁੰਦੇ ਹਨ। ਪਰ ਜਿਹੜੇ ਲੋਕ ਆਤਮਾ ਅਨੁਸਾਰ ਜਿਉਂਦੇ ਹਨ, ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਸੋਚਦੇ ਹਨ ਜੋ ਆਤਮਾ ਉਨ੍ਹਾਂ ਤੋਂ ਕਰਵਾਉਣੀਆਂ ਚਾਹੁੰਦਾ ਹੈ। 6 ਇਸ ਲਈ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਆਤਮਕ ਮੌਤ ਹੈ, ਪਰ ਜੇਕਰ ਕਿਸੇ ਮਨੁੱਖ ਦੀ ਸੋਚ ਆਤਮਾ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਹੋਵੇਗਾ ਜੀਵਨ ਅਤੇ ਸ਼ਾਂਤੀ। 7 ਇਹ ਕਿਵੇਂ ਸੱਚ ਹੈ? ਕਿਉਂਕਿ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਵੱਸ ਹੈ, ਉਹ ਮਨੁੱਖ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ। ਸੱਚ ਮੁੱਚ ਉਹ ਵਿਅਕਤੀ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਦੇ ਲਾਇੱਕ ਨਹੀਂ। 8 ਉਹ ਮਨੁੱਖ ਜਿਹੜੇ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ, ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦੇ।
9 ਪਰ ਤੁਹਾਡੇ ਉੱਪਰ ਪਾਪੀ ਸੁਭਾਅ ਦਾ ਰਾਜ ਨਹੀਂ ਹੈ। ਤੁਹਾਡੇ ਉੱਪਰ ਆਤਮਾ ਦਾ ਰਾਜ ਹੈ। ਪਰ ਜੇਕਰ ਸੱਚ ਮੁੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ ਤੇ। ਪਰ ਜੇਕਰ ਕਿਸੇ ਮਨੁੱਖ ਕੋਲ ਮਸੀਹ ਦਾ ਆਤਮਾ ਨਹੀਂ ਹੈ, ਤਾਂ ਫ਼ਿਰ ਉਹ ਵਿਅਕਤੀ ਮਸੀਹ ਨਾਲ ਸੰਬੰਧਿਤ ਨਹੀਂ ਹੈ। 10 ਤੁਹਾਡਾ ਸਰੀਰ ਪਾਪ ਕਾਰਣ ਹਮੇਸ਼ਾ ਮ੍ਰਿਤਕ ਹੋਵੇਗਾ। ਪਰ ਜੇ ਮਸੀਹ ਤੁਹਾਡੇ ਅੰਦਰ ਹੈ ਤਾਂ ਆਤਮਾ ਤੁਹਾਨੂੰ ਜੀਵਨ ਦਿੰਦਾ ਹੈ, ਕਿਉਂਕਿ ਮਸੀਹ ਨੇ ਤੁਹਾਨੂੰ ਧਰਮੀ ਬਣਾਇਆ ਹੈ। 11 ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉੱਠਾਇਆ। ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ, ਤਾਂ ਉਹ ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਵੀ ਜੀਵਨ ਦੇਵੇਗਾ। ਪਰਮੇਸ਼ੁਰ ਇੱਕ ਹੈ ਜਿਸਨੇ ਮਸੀਹ ਨੂੰ ਮੁਰਦਿਆਂ ਚੋਂ ਉੱਠਾਇਆ ਅਤੇ ਉਹ ਤੁਹਾਡੇ ਸਰੀਰਾਂ ਨੂੰ ਆਪਣੇ ਉਸ ਆਤਮਾ ਰਾਹੀਂ, ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਜੀਵਨ ਦੇਵੇਗਾ, ਜਿਹੜਾ ਤੁਹਾਡੇ ਅੰਦਰ ਜਿਉਂਦਾ ਹੈ।
12 ਇਸ ਲਈ, ਮੇਰੇ ਭਰਾਵੋ ਅਤੇ ਭੈਣੋ, ਸਾਨੂੰ ਆਪਣੇ ਪਾਪੀ ਸੁਭਾਅ ਦੇ ਵਸ ਨਹੀਂ ਹੋਣਾ ਚਾਹੀਦਾ। ਅਤੇ ਸਾਨੂੰ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਅਨੁਸਾਰ ਜਿਉਣਾ ਨਹੀਂ ਚਾਹੀਦਾ। 13 ਜੇਕਰ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜੀਵੋਂਗੇ, ਤਾਂ ਤੁਸੀਂ ਆਤਮਕ ਤੌਰ ਤੇ ਮਰ ਜਾਵੋਂਗੇ ਪਰ ਜੇਕਰ ਤੁਸੀਂ ਆਪਣੇ ਸਰੀਰ ਨਾਲ ਗਲਤ ਕੰਮ ਕਰਨ ਨੂੰ ਰੋਕਣ ਲਈ ਆਤਮਾ ਦੀ ਮਦਦ ਲਵੋਂਗੇ, ਫ਼ੇਰ ਤੁਸੀਂ ਜੀਵਨ ਪ੍ਰਾਪਤ ਕਰੋਂਗੇ।
14 ਪਰਮੇਸ਼ੁਰ ਦੀ ਸੱਚੀ ਔਲਾਦ ਉਹੀ ਹਨ ਜੋ ਪਰਮੇਸ਼ੁਰ ਦੇ ਆਤਮਾ ਦੇ ਮਗਰ ਚੱਲਦੇ ਹਨ। 15 ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਤਾਂ ਜੋ ਤੁਸੀਂ ਫ਼ਿਰ ਤੋਂ ਡਰੋ। ਜਿਹੜਾ ਆਤਮਾ ਤੁਹਾਡੇ ਕੋਲ ਹੈ ਉਹ ਤੁਹਾਨੂੰ ਪਰਮੇਸ਼ੁਰ ਦੇ ਚੁਣੇ ਹੋਏ ਬੰਦੇ ਬਣਾਉਂਦਾ ਹੈ। ਉਸ ਆਤਮਾ ਨਾਲ ਅਸੀਂ ਨਿਡਰਤਾ ਨਾਲ, ਆਖਦੇ ਹਾਂ, “ਅੱਬਾ, ਪਿਆਰੇ ਪਿਤਾ।” 16 ਅਤੇ ਉਹ ਆਤਮਾ ਆਪੇ ਹੀ ਸਾਡੇ ਆਤਮਾ ਨਾਲ ਜੁੜ ਜਾਂਦਾ ਹੈ ਅਤੇ ਤਸਦੀਕ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। 17 ਜੇਕਰ ਅਸੀਂ ਪਰਮੇਸ਼ੁਰ ਦੀ ਔਲਾਦ ਹਾਂ ਤਾਂ ਅਸੀਂ ਉਹ ਬਖਸ਼ਿਸ਼ ਜ਼ਰੂਰ ਪਾਵਾਂਗੇ ਜੋ ਉਸ ਨੇ ਆਪਣੇ ਬੱਚਿਆਂ ਲਈ ਰੱਖੀ ਹੈ। ਅਸੀਂ ਉਹ ਅਸੀਸਾਂ ਪਰਮੇਸ਼ੁਰ ਤੋਂ ਮਸੀਹ ਦੇ ਸਮੇਤ ਪਾਵਾਂਗੇ। ਪਰ ਪਹਿਲਾਂ ਜਿਵੇਂ ਮਸੀਹ ਨੂੰ ਤਸੀਹੇ ਸਹਿਣੇ ਪਏ ਸਨ ਸਾਨੂੰ ਵੀ ਸਹਿਣੇ ਪੈਣਗੇ। ਤਾਂ ਫ਼ੇਰ ਸਾਨੂੰ ਵੀ ਮਸੀਹ ਦੀ ਮਹਿਮਾ ਦੀ ਤਰ੍ਹਾਂ ਮਹਿਮਾ ਪ੍ਰਾਪਤ ਹੋਵੇ।
ਸਾਨੂੰ ਭਵਿੱਖ ਵਿੱਚ ਮਹਿਮਾ ਮਿਲੇਗੀ
18 ਹੁਣ ਦਾ ਸਮਾਂ ਕਸ਼ਟਮਈ ਹੈ। ਪਰ ਇਹ ਕਸ਼ਟ ਆਉਣ ਵਾਲੇ ਸਮੇਂ ਵਿੱਚ ਜੋ ਮਹਿਮਾ ਸਾਨੂੰ ਮਿਲਣੀ ਹੈ ਉਸ ਸਾਹਮਣੇ ਕੁਝ ਵੀ ਨਹੀਂ ਹਨ। 19 ਪੂਰੀ ਸ੍ਰਿਸ਼ਟੀ ਉਤਸੁਕਤਾਪੂਰਵਕ ਅਤੇ ਪਰਮੇਸ਼ੁਰ ਦੇ ਬੱਚਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ। 20 ਸਾਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬਦਲਿਆ ਗਿਆ ਜਿਵੇਂ ਇਹ ਪੂਰਨ ਵਿਅਰਥ ਸੀ। ਇਹ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਬਦਲੀ ਸਗੋਂ ਉਸਦੀ ਇੱਛਾ ਨਾਲ ਬਦਲੀ ਜਿਸਨੇ ਇਸਦਾ ਨਿਆਂ ਕੀਤਾ। 21 ਉੱਥੇ ਆਸ ਸੀ ਕਿ ਪੂਰੀ ਸ੍ਰਿਸ਼ਟੀ ਵਿਨਾਸ਼ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਅਜ਼ਾਦੀ ਅਤੇ ਮਹਿਮਾ ਪਵੇਗੀ ਜੋ ਪਰਮੇਸ਼ੁਰ ਦੇ ਬੱਚਿਆਂ ਨਾਲ ਸੰਬੰਧਿਤ ਹੈ।
22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ, ਇਸ ਪਲ ਤੱਕ ਵੀ, ਇੱਕ ਔਰਤ ਦੀ ਗਰਭਾਵਸਥਾ ਦੇ ਸਮੇਂ ਦੇ ਦਰਦ ਵਾਂਗ ਹੌਂਕੇ ਭਰ ਰਹੀ ਹੈ। 23 ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ। 24 ਅਸੀਂ ਬਚਾਏ ਗਏ ਅਤੇ ਇਸ ਲਈ ਸਾਨੂੰ ਇਹ ਆਸ ਹੈ। ਪਰ ਜਿਹੜੀ ਆਸ ਅਸੀਂ ਵੇਖੀ ਹੈ ਉਹ ਸੱਚ ਮੁੱਚ ਆਸ ਨਹੀਂ ਹੈ, ਕਿਉਂਕਿ ਕੋਈ ਉਸਦੀ ਆਸ ਕਿਉਂ ਕਰੇਗਾ ਜੋ ਪਹਿਲਾਂ ਹੀ ਉਸ ਨੇ ਵੇਖੀ ਹੋਈ ਹੈ। 25 ਪਰ ਅਸੀਂ ਉਹ ਆਸ ਕਰ ਰਹੇ ਹਾਂ ਜੋ ਹਾਲੇ ਸਾਡੇ ਕੋਲ ਨਹੀਂ ਹੈ ਅਤੇ ਅਸੀਂ ਇਸ ਵਾਸਤੇ ਸਹਿਜਤਾ ਨਾਲ ਇੰਤਜ਼ਾਰ ਕਰ ਰਹੇ ਹਾਂ।
26 ਇਸੇ ਢੰਗ ਨਾਲ ਹੀ, ਆਤਮਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਸਾਡੇ ਲਈ ਖੁਦ ਪਰਮੇਸ਼ੁਰ ਅੱਗੇ ਹੌਂਕਿਆਂ ਨਾਲ ਬੇਨਤੀ ਕਰਦਾ ਹੈ, ਜੋ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸੱਕਦੀ।
27 ਪਰਮੇਸ਼ੁਰ ਵੇਖ ਸੱਕਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੈ। ਉਹ ਇਹ ਵੀ ਜਾਣਦਾ ਹੈ ਕਿ ਆਤਮਾ ਦੇ ਮਨ ਵਿੱਚ ਕੀ ਹੈ। ਕਿਉਂਕਿ ਆਤਮਾ ਪਰਮੇਸ਼ੁਰ ਅੱਗੇ ਉਸ ਦੇ ਲੋਕਾਂ ਵੱਲੋਂ ਉਸਦੀ ਰਜ਼ਾ ਅਨੁਸਾਰ ਬੋਲਦਾ ਹੈ।
28 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿੱਚ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਡੀ ਯੋਜਨਾ ਮੁਤਾਬਕ ਸੱਦੇ ਗਏ ਹਨ। 29 ਪਰਮੇਸ਼ੁਰ ਉਨ੍ਹਾਂ ਮਨੁੱਖਾਂ ਨੂੰ ਇਹ ਸੰਸਾਰ ਬਨਾਉਣ ਤੋਂ ਪਹਿਲਾਂ ਹੀ ਜਾਣਦਾ ਸੀ ਅਤੇ ਪਰਮੇਸ਼ੁਰ ਨੇ, ਨਿਹਚਾ ਕੀਤੀ ਕਿ ਉਹ ਲੋਕ ਉਸ ਦੇ ਪੁੱਤਰ ਮਸੀਹ ਵਾਂਗ ਹੋਣਗੇ। ਤਾਂ ਜੋ ਮਸੀਹ ਬਹੁਤੇ ਭੈਣਾਂ ਭਰਾਵਾਂ ਵਿੱਚੋਂ ਵੱਡਾ ਹੋਵੇ। 30 ਤਾਂ ਜਿਨ੍ਹਾਂ ਲੋਕਾਂ ਨੂੰ ਉਸ ਨੇ ਵਿਉਂਤਿਆ ਸੀ, ਉਨ੍ਹਾਂ ਨੂੰ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ ਉਨ੍ਹਾਂ ਨੂੰ ਵੀ ਧਰਮੀ ਬਣਾਇਆ, ਅਤੇ ਜਿਨ੍ਹਾਂ ਲੋਕਾਂ ਨੂੰ ਉਸ ਨੇ ਧਰਮੀ ਬਣਾਇਆ, ਉਸ ਨੇ ਉਨ੍ਹਾਂ ਨੂੰ ਮਹਿਮਾ ਵੀ ਦਿੱਤੀ।
ਮਸੀਹ ਯਿਸੂ ਵਿੱਚ ਪਰਮੇਸ਼ੁਰ ਦਾ ਪ੍ਰੇਮ
31 ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸੱਕਦਾ ਹੈ। 32 ਪਰਮੇਸ਼ੁਰ ਸਾਡੇ ਲਈ ਕੁਝ ਵੀ ਕਰੇਗਾ, ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ੁਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁਝ ਦੇਵੇਗਾ। 33 ਜਿਸ ਨੂੰ ਪਰਮੇਸ਼ੁਰ ਨੇ ਖੁਦ ਚੁਣਿਆ ਹੈ ਭਲਾ ਉਨ੍ਹਾਂ ਉੱਤੇ ਦੋਸ਼ ਕੌਣ ਲਾ ਸੱਕਦਾ ਹੈ? ਕੋਈ ਨਹੀਂ। ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਆਪਣੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 34 ਕੌਣ ਪਰਮੇਸ਼ੁਰ ਦੇ ਆਪਣੇ ਲੋਕਾਂ ਨੂੰ ਅਪਰਾਧੀ ਹੋਣ ਦਾ ਨਿਆਂ ਕਰ ਸੱਕਦਾ ਹੈ? ਹੋਰ ਕੋਈ ਨਹੀਂ ਮਸੀਹ ਯਿਸੂ ਸਾਡੇ ਲਈ ਮਰਿਆ। ਸਿਰਫ਼ ਇਹੀ ਨਹੀਂ ਉਹ ਮੁਰਦਿਆਂ ਵਿੱਚੋਂ ਵੀ ਜਿਵਾਲਿਆ ਗਿਆ ਸੀ। ਹੁਣ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। 35 ਕੀ ਕੋਈ ਚੀਜ਼ ਸਾਨੂੰ ਮਸੀਹ ਦੇ ਪਿਆਰ ਤੋਂ ਜੁਦਾ ਕਰ ਸੱਕਦੀ ਹੈ? ਨਹੀਂ। ਕੀ ਕਸ਼ਟ ਸਾਨੂੰ ਉਸਤੋਂ ਅਲੱਗ ਕਰ ਸੱਕਦੇ ਹਨ? ਨਹੀਂ। ਕੀ ਮੁਸ਼ਕਿਲਾਂ ਜਾਂ ਦੰਡ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖ ਕਰ ਸੱਕਦੇ ਹਨ? ਨਿਸ਼ਚਿਤ ਹੀ ਨਹੀਂ। ਜੇਕਰ ਸਾਡੇ ਕੋਲ ਅੰਨ ਖਾਣ ਨੂੰ ਤੇ ਪਾਉਣ ਨੂੰ ਕੱਪੜੇ ਨਾ ਰਹੇ ਤਾਂ ਕੀ ਅਜਿਹੀਆਂ ਤੰਗੀਆਂ ਸਾਨੂੰ ਮਸੀਹ ਤੋਂ ਦੂਰ ਕਰ ਸੱਕਦੀਆਂ ਹਨ? ਨਹੀਂ! ਕੀ ਖਤਰਾ ਅਤੇ ਮੌਤ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸੱਕਦੇ ਹਨ? ਨਹੀਂ। 36 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ;
“ਤੇਰੇ ਵਾਸਤੇ ਅਸੀਂ ਹਮੇਸ਼ਾ ਮੌਤ ਦੇ ਖਤਰੇ ਥੱਲੇ ਹਾਂ।
ਲੋਕਾਂ ਨੇ ਸਾਨੂੰ ਮਾਰੇ ਜਾਣ ਲਈ ਇੱਕ ਭੇਡ ਨਾਲੋਂ ਵੱਧ ਨਹੀਂ ਸਮਝਿਆ।” (A)
37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ। 38-39 ਹਾਂ, ਮੈਨੂੰ ਯਕੀਨ ਹੈ ਕਿ ਕੁਝ ਵੀ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸੱਕਦਾ। ਨਾ ਹੀ ਮੌਤ ਨਾ ਜੀਵਨ, ਨਾ ਹੀ ਦੁੱਖ ਅਤੇ ਰਾਜ ਕਰਨ ਵਾਲੇ ਆਤਮਾ, ਨਾ ਵਰਤਮਾਨ ਗੱਲਾਂ ਨਾ ਹੋਣ ਵਾਲੀਆਂ ਗੱਲਾਂ ਅਤੇ ਨਾ ਹੀ ਤਾਕਤਾਂ, ਕੋਈ ਵੀ ਸਾਨੂੰ ਉਸਤੋਂ ਜੁਦਾ ਨਹੀਂ ਕਰ ਸੱਕਦਾ। ਨਾ ਉਚਾਈਆਂ, ਜਾਂ ਡੂੰਘਾਈਆਂ ਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਚੀਜ਼ ਪਰਮੇਸ਼ੁਰ ਦੇ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ, ਸਾਨੂੰ ਅਲੱਗ ਕਰ ਸੱਕਦੀ ਹੈ।
ਪਰਮੇਸ਼ੁਰ ਅਤੇ ਯਹੂਦੀ ਲੋਕ
9 ਮੈਂ ਮਸੀਹ ਵਿੱਚ ਹਾਂ ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲਦਾ। ਮੇਰੇ ਵਿੱਚਾਰਾਂ ਉੱਤੇ ਪਵਿੱਤਰ ਆਤਮਾ ਦਾ ਸ਼ਾਸਨ ਹੈ ਅਤੇ ਉਹ ਵਿੱਚਾਰ ਮੈਨੂੰ ਦੱਸਦੇ ਹਨ ਕਿ ਮੈਂ ਝੂਠ ਨਹੀਂ ਦੱਸ ਰਿਹਾ। 2 ਮੇਰੇ ਦਿਲ ਵਿੱਚ ਯਹੂਦੀਆਂ ਵਾਸਤੇ ਉਦਾਸੀ ਅਤੇ ਨਿਰੰਤਰ ਦਰਦ ਹੈ। 3 ਉਹ ਮੇਰੇ ਭਰਾ ਅਤੇ ਭੈਣਾਂ ਹਨ। ਉਹ ਮੇਰੇ ਧਰਤੀ ਦੇ ਪਰਿਵਾਰ ਹਨ। ਕਾਸ਼ ਮੈਂ ਉਨ੍ਹਾਂ ਦੀ ਮਦਦ ਕਰ ਸੱਕਦਾ। ਮੈਂ ਇਹ ਵੀ ਚਾਹੁੰਦਾ ਹਾਂ ਕਿ ਮੈਂ ਵੀ ਸਰਾਪਿਆ ਹੁੰਦਾ ਅਤੇ ਮਸੀਹ ਤੋਂ ਕਟਿਆ ਹੁੰਦਾ, ਜੇਕਰ ਇਸ ਨਾਲ ਉਨ੍ਹਾਂ ਨੂੰ ਸਹਾਇਤਾ ਮਿਲਦੀ। 4 ਉਹ ਇਸਰਾਏਲੀ ਹਨ। ਉਹ ਲੋਕ ਪਰਮੇਸ਼ੁਰ ਦੀ ਚੁਣੀ ਹੋਈ ਔਲਾਦ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੀ ਮਹਿਮਾ ਹੈ ਅਤੇ ਉਹ ਕਰਾਰ ਵੀ ਹਨ ਜਿਹੜੇ ਪਰਮੇਸ਼ੁਰ ਨੇ ਆਪਣੇ ਤੇ ਆਪਣੇ ਲੋਕਾਂ ਵਿੱਚਕਾਰ ਕੀਤੇ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਅਤੇ ਮੰਦਰ ਉਪਾਸਨਾ ਦਿੱਤੀ। ਅਤੇ ਪਰਮੇਸ਼ੁਰ ਨੇ ਆਪਣੇ ਕੌਲ ਉਨ੍ਹਾਂ ਯਹੂਦੀਆਂ ਨੂੰ ਦਿੱਤੇ। 5 ਉਹ ਲੋਕ ਸਾਡੇ ਪਿਉ-ਦਾਦਿਆਂ ਦੀ ਔਲਾਦ ਹਨ ਅਤੇ ਉਹ ਮਸੀਹ ਦਾ ਦੁਨਿਆਵੀ ਪਰਿਵਾਰ ਹਨ। ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤਿ ਹੋਵੇ ਜੋ ਸਭ ਤੋਂ ਉੱਤੇ ਹੈ। [a] ਆਮੀਨ।
6 ਹਾਂ, ਮੈਂ ਯਹੂਦੀਆਂ ਲਈ ਦੁੱਖ ਮਹਿਸੂਸ ਕਰਦਾ ਹਾਂ। ਮੇਰਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਨੇ ਉਨ੍ਹਾਂ ਨਾਲ ਕੀਤਾ ਉਹ ਵਚਨ ਪੂਰਾ ਨਹੀਂ ਕੀਤਾ। ਪਰ ਅਸਲ ਵਿੱਚ ਜਿਹੜੇ ਇਸਰਾਏਲ ਵਿੱਚੋਂ ਹਨ, ਉਹ ਸਾਰੇ ਇਸਰਾਏਲੀ ਨਹੀਂ ਹਨ। 7 ਅਤੇ ਨਾ ਹੀ ਅਬਰਾਹਾਮ ਦੀ ਸਾਰੀ ਉਲਾਦ ਪਰਮੇਸ਼ੁਰ ਦੇ ਸੱਚੇ ਬੱਚੇ ਹਨ। ਇਹੀ ਸੀ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਸਿਰਫ਼ ਇਸਹਾਕ ਹੀ ਤੇਰਾ ਪੁੱਤਰ ਨੇਮਕ ਹੋਵੇਗਾ।” [b] 8 ਇਸਦਾ ਮਤਲਬ ਇਹ ਹੈ ਕਿ ਅਬਰਾਹਾਮ ਦੀਆਂ ਸਾਰੀਆਂ ਉਲਾਦਾਂ ਪਰੇਸ਼ੁਰ ਦੇ ਸੱਚੇ ਬੱਚੇ ਨਹੀਂ ਹਨ। ਅਬਰਾਹਾਮ ਦੇ ਸੱਚੇ ਬੱਚੇ ਉਹ ਹਨ ਜਿਹੜੇ ਪਰੇਮਸ਼ੁਰ ਦੇ ਵਾਦੇ ਦੇ ਨਤੀਜੇ ਤੋਂ ਪੈਦਾ ਹੋਏ ਹਨ, ਜਿਹੜਾ ਪਰੇਮਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ। 9 ਪਰਮੇਸ਼ੁਰ ਦਾ ਅਬਰਾਹਾਮ ਨੂੰ ਵਚਨ ਇਸ ਤਰ੍ਹਾਂ ਸੀ: “ਮੈਂ ਸਹੀ ਸਮੇਂ ਤੇ ਵਾਪਸ ਆਵਾਂਗਾ, ਅਤੇ ਸਾਰਾਹ ਕੋਲ ਇੱਕ ਪੁੱਤਰ ਹੋਵੇਗਾ।” [c]
10 ਸਿਰਫ਼ ਇਹੀ ਨਹੀਂ। ਰਿੱਬਕਾਹ ਵੀ ਗਰਭਵਤੀ ਹੋ ਗਈ ਅਤੇ ਉਸ ਨੇ ਪੁੱਤਰਾਂ ਨੂੰ ਜਨਮ ਦਿੱਤਾ। ਉਨ੍ਹਾਂ ਪੁੱਤਰਾਂ ਦਾ ਵੀ ਉਹੀ ਪਿਤਾ ਸੀ। ਉਹ ਸਾਡਾ ਵਡੇਰਾ ਇਸਹਾਕ ਹੈ। 11-12 ਪਰ ਦੋ ਬੱਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਪਰਮੇਸ਼ੁਰ ਨੇ ਰਿੱਬਕਾਹ ਨੂੰ ਕਿਹਾ, “ਵੱਡਾ ਪੁੱਤਰ ਛੋਟੇ ਦੀ ਸੇਵਾ ਕਰੇਗਾ।” [d] ਇਹ ਬੱਚਿਆਂ ਦੇ ਸੰਸਾਰ ਵਿੱਚ ਭਲਾ ਜਾਂ ਬੁਰਾ ਕਰਨ ਤੋਂ ਪਹਿਲਾਂ ਹੀ ਉਸ ਨੇ ਆਖ ਦਿੱਤਾ ਸੀ ਕਿਉਂ ਜੋ ਪਰਮੇਸ਼ੁਰ ਨੇ ਬਾਲਕ ਖੁਦ ਆਪਣੀ ਵਿਉਂਤ ਮੁਤਾਬਕ ਚੁਣਿਆ ਸੀ। ਸੋ ਉਹ ਚੁਣਿਆ ਗਿਆ ਕਿਉਂਕਿ ਪਰਮੇਸ਼ੁਰ ਉਸ ਨੂੰ ਹੀ ਬੁਲਾਉਣਾ ਚਾਹੁੰਦਾ ਸੀ ਅਤੇ ਇਸ ਲਈ ਨਹੀਂ ਕਿ ਉਨ੍ਹਾਂ ਬਾਲਕਾਂ ਨੇ ਕੁਝ ਕੀਤਾ ਸੀ। 13 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਮੈਂ ਯਾਕੂਬ ਨਾਲ ਪਿਆਰ ਅਤੇ ਏਸਾਉ ਨਾਲ ਈਰਖਾ ਕੀਤੀ।” [e]
14 ਇਸ ਲਈ ਇਸ ਬਾਰੇ ਤਾਂ ਕੀ ਕਹਿਣਾ ਹੈ ਕੀ ਪਰਮੇਸ਼ੁਰ ਦਾ ਇਨਸਾਫ਼ ਬਰਾਬਰ ਨਹੀਂ ਸੀ? ਅਸੀਂ ਇੰਝ ਨਹੀਂ ਆਖ ਸੱਕਦੇ। 15 ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, “ਮੈਂ ਉਸੇ ਬੰਦੇ ਨੂੰ ਮਿਹਰ ਦਿਖਾਵਾਂਗਾ ਜਿਸ ਨੂੰ ਮੈਂ ਮਿਹਰ ਵਿਖਾਉਣੀ ਚਾਹੁੰਦਾ ਹਾਂ। ਮੈਂ ਉਸੇ ਵਿਅਕਤੀ ਤੇ ਤਰਸ ਵਿਖਾਵਾਂਗਾ ਜਿਸ ਤੇ ਮੈਂ ਤਰਸ ਵਿਖਾਉਣਾ ਚਾਹੁੰਦਾ ਹਾਂ। [f]” 16 ਇਸ ਲਈ ਪਰਮੇਸ਼ੁਰ ਦੀ ਚੋਣ ਉਸ ਤੇ ਨਿਰਭਰ ਨਹੀਂ ਕਰਦੀ, ਜੋ ਲੋਕਾਂ ਨੂੰ ਚਾਹੀਦਾ ਹੈ ਜਾਂ ਜੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਪਰਮੇਸ਼ੁਰ ਹੀ ਹੈ ਜੋ ਚੁਣਦਾ ਹੈ ਕਿ ਉਹ ਕਿਸ ਉੱਤੇ ਮਿਹਰ ਵਿਖਾਵੇਗਾ। 17 ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸੱਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।” [g] 18 ਇਸ ਲਈ ਪਰਮੇਸ਼ੁਰ ਉਸ ਮਨੁੱਖ ਤੇ ਮਿਹਰ ਵਿਖਾਉਂਦਾ ਹੈ ਜਿਸਤੇ ਉਹ ਮਿਹਰ ਵਿਖਾਉਣੀ ਚਾਹੁੰਦਾ ਹੈ। ਅਤੇ ਉਹ ਉਨ੍ਹਾਂ ਲੋਕਾਂ ਨੂੰ ਕਠੋਰ ਬਨਾਉਂਦਾ ਹੈ ਜਿਨ੍ਹਾਂ ਨੂੰ ਉਹ ਕਠੋਰ ਬਨਾਉਣਾ ਚਾਹੁੰਦਾ ਹੈ।
19 ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁੱਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਹੀ ਹੈ ਜੋ ਉਸ ਨੂੰ ਨਿਯੰਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?” 20 ਉਹ ਨਾ ਪੁੱਛੋ। ਕਿਉਂਕਿ ਤੁਸੀਂ ਕੇਵਲ ਇਨਸਾਨ ਹੋ। ਇਨਸਾਨਾਂ ਨੂੰ ਪਰਮੇਸ਼ੁਰ ਨਾਲ ਬਹਿਸ ਕਰਨ ਦਾ ਹੱਕ ਨਹੀਂ ਹੈ। ਇੱਕ ਪ੍ਰਾਣੀ ਆਪਣੇ ਸਿਰਜਣ੍ਹਾਰ ਨੂੰ ਨਹੀਂ ਪੁੱਛ ਸੱਕਦਾ, “ਤੂੰ ਮੈਨੂੰ ਇੰਝ ਕਿਉਂ ਬਣਾਇਆ?” 21 ਇੱਕ ਘੁਮਿਆਰ ਜਿਹੜਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸੱਕਦਾ ਹੈ।
22 ਇਸੇ ਤਰ੍ਹਾਂ, ਪਰਮੇਸ਼ੁਰ ਨੇ ਕੀਤਾ ਹੈ। ਪਰਮੇਸ਼ੁਰ ਆਪਣਾ ਗੁੱਸਾ ਵਿਖਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਉਸਦੀ ਸ਼ਕਤੀ ਵੇਖ ਸੱਕਣ। ਪਰੇਸ਼ੁਰ ਨੇ ਬਹੁਤ ਸਬਰ ਨਾਲ ਉਨ੍ਹਾਂ ਲੋਕਾਂ ਨੂੰ ਸਹਾਰਿਆ ਜਿਨ੍ਹਾਂ ਤੇ ਉਹ ਬਹੁਤ ਗੁੱਸੇ ਸੀ ਅਤੇ ਜੋ ਤਬਾਹੀ ਲਈ ਤਿਆਰ ਕੀਤੇ ਗਏ ਸਨ। 23 ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸੱਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹੜੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ। 24 ਅਸੀਂ ਪਰਮੇਸ਼ੁਰ ਦੁਆਰਾ ਸੱਦੇ ਗਏ ਲੋਕ ਹਾਂ। ਪਰਮੇਸ਼ੁਰ ਨੇ ਸਾਨੂੰ ਯਹੂਦੀਆਂ ਅਤੇ ਹੋਰਾਂ ਕੌਮਾਂ ਵਿੱਚ ਬੁਲਾਇਆ। 25 ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ:
“ਜਿਹੜੇ ਲੋਕ ਮੇਰੇ ਨਹੀਂ ਹਨ,
ਮੈਂ ਆਖਾਂਗਾ ਉਹ ਮੇਰੇ ਲੋਕ ਹਨ।
ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾ
ਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।” (B)
26 “ਅਤੇ ਉਸੇ ਜਗ਼੍ਹਾ ਉਸ ਪਰਮੇਸ਼ੁਰ ਨੇ ਆਖਿਆ ਹੈ
‘ਤੁਸੀਂ ਮੇਰੇ ਲੋਕ ਨਹੀਂ ਹੋ’
ਉਸੇ ਥਾਵੇਂ, ਉਹ ਜਿਉਂਦੇ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ।” (C)
27 ਅਤੇ ਯਸਾਯਾਹ ਇਸਰਾਏਲ ਵਿੱਖੇ ਪੁਕਾਰਦਾ ਹੈ:
“ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ,
ਪਰ ਉਸ ਦੇ ਕੁਝ ਲੋਕ ਹੀ ਬਚਾਏ ਜਾਣਗੇ।
28 ਹਾਂ, ਕਿਉਂਕਿ ਪ੍ਰਭੂ ਧਰਤੀ ਦੇ ਲੋਕਾਂ ਦਾ ਛੇਤੀ ਅਤੇ ਪੂਰੀ ਤਰ੍ਹਾਂ ਨਿਆਂ ਕਰੇਗਾ।” (D)
29 ਜਿਵੇਂ ਯਸਾਯਾਹ ਨੇ ਅੱਗੇ ਵੀ ਕਿਹਾ ਹੈ:
“ਸਭ ਤੋਂ ਸ਼ਕਤੀਸ਼ਾਲੀ ਪ੍ਰਭੂ ਨੇ ਆਪਣੇ ਕੁਝ ਲੋਕਾਂ ਨੂੰ ਸਾਡੇ ਲਈ ਬਚਾਇਆ।
ਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ,
ਤਾਂ ਅਸੀਂ ਵੀ ਸਦੂਮ ਵਰਗੇ ਹੋ ਜਾਂਦੇ
ਅਤੇ ਅਮੂਰਾਹ ਜਿਹੇ ਬਣ ਜਾਂਦੇ।” (E)
30 ਤਾਂ ਇਸ ਸਭ ਦਾ ਕੀ ਅਰਥ ਹੋਇਆ? ਇਸਦਾ ਮਤਲਬ ਇਹ ਹੈ ਕਿ; ਗੈਰ ਯਹੂਦੀ ਲੋਕ ਜਿਹੜੇ ਧਰਮੀ ਹੋਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ, ਧਰਮੀ ਬਣਾਏ ਗਏ। ਉਹ ਆਪਣੇ ਵਿਸ਼ਵਾਸ ਕਾਰਣ ਹੀ ਧਰਮੀ ਬਣੇ। 31 ਅਤੇ ਇਸਰਾਏਲ ਦੇ ਲੋਕਾਂ ਨੇ ਆਪਣੇ ਆਪ ਨੂੰ ਧਰਮੀ ਬਨਾਉਣ ਲਈ ਸ਼ਰ੍ਹਾ ਨੂੰ ਕਬੂਲਿਆ, ਪਰ ਉਹ ਇਵੇਂ ਕਰਨ ਵਿੱਚ ਨਾਕਾਮਯਾਬ ਰਹੇ। 32 ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅੜਕੇ ਜਿਹੜੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ। 33 ਪੋਥੀਆਂ ਇਸ ਪੱਥਰ ਬਾਰੇ ਆਖਦੀਆਂ ਹਨ;
“ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ ਜਿਹੜਾ ਲੋਕਾਂ ਨੂੰ ਠੋਕਰ ਖੁਆਵੇਗਾ।
ਅਤੇ ਇਹ ਇੱਕ ਚੱਟਾਨ ਹੈ ਜੋ ਲੋਕਾਂ ਤੋਂ ਪਾਪ ਕਰਵਾਉਂਦੀ ਹੈ
ਪਰ ਉਹ ਮਨੁੱਖ ਜਿਹੜਾ ਕਿ ਉਸ ਚੱਟਾਨ ਤੇ ਨਿਹਚਾ ਰੱਖਦਾ ਹੈ ਨਿਰਾਸ਼ ਨਹੀਂ ਕੀਤਾ ਜਾਵੇਗਾ।” (F)
10 ਹੇ ਭਰਾਵੋ ਅਤੇ ਭੈਣੋ, ਮੇਰੇ ਦਿਲ ਦੀ ਇੱਛਾ ਹੈ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਹੈ ਕਿ ਸਾਰੇ ਯਹੂਦੀ ਬਚਾਏ ਜਾ ਸੱਕਣ। 2 ਇਹ ਗੱਲ ਮੈਂ ਯਹੂਦੀਆਂ ਬਾਰੇ ਆਖ ਸੱਕਦਾ ਹਾਂ। ਉਹ ਸੱਚ ਮੁੱਚ ਪਰਮੇਸ਼ੁਰ ਦਾ ਅਨੁਸਰਣ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਹੀ ਢੰਗ ਨਹੀਂ ਪਤਾ? 3 ਉਹ ਅਨਜਾਣ ਸਨ ਕਿ ਕਿਵੇਂ ਪਰੇਮਸ਼ੁਰ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਅਤੇ ਉਨ੍ਹਾਂ ਨੇ ਆਪਣੇ ਮਨਭਾਉਂਦੇ ਢੰਗ ਨਾਲ ਆਪਣੇ ਆਪ ਨੂੰ ਧਰਮੀ ਬਨਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਪਰੇਮਸ਼ੁਰ ਦੇ ਲੋਕਾਂ ਨੂੰ ਧਰਮੀ ਬਨਾਉਣ ਦੇ ਢੰਗ ਨੂੰ ਕਬੂਲ ਨਾ ਕੀਤਾ। 4 ਕਿਉਂਕਿ ਮਸੀਹ ਨੇ ਸ਼ਰ੍ਹਾ ਦਾ ਅੰਤ ਕਰ ਦਿੱਤਾ ਤਾਂ ਜੋ ਕੋਈ ਵੀ ਵਿਅਕਤੀ, ਜਿਹੜਾ ਉਸ ਵਿੱਚ ਨਿਹਚਾ ਰੱਖਦਾ ਹੈ, ਧਰਮੀ ਬਣਾਇਆ ਜਾਵੇਗਾ।
5 ਮੂਸਾ ਨੇ ਧਰਮੀ ਬਣਨ ਲਈ ਸ਼ਰ੍ਹਾ ਨੂੰ ਮੰਨਣ ਬਾਰੇ ਲਿਖਿਆ ਅਤੇ ਕਿਹਾ, “ਕਿਸੇ ਉਸ ਵਿਅਕਤੀ ਨੂੰ, ਜਿਹੜਾ ਸ਼ਰ੍ਹਾ ਦੁਆਰਾ ਜਿਉਣਾ ਚਾਹੁੰਦਾ ਹੈ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਸ਼ਰ੍ਹਾ ਆਖਦੀ ਹੈ।” [h]
6 ਪਰ ਪੋਥੀ ਧਾਰਮਿਕਤਾ ਬਾਰੇ ਵਿਸ਼ਵਾਸ ਰਾਹੀਂ ਆਖਦੀ ਹੈ: “ਆਪਣੇ ਚਿੱਤ ਵਿੱਚ ਇਹ ਨਾ ਆਖੋ, ‘ਕੌਣ ਸਵਰਗ ਤੱਕ ਜਾਵੇਗਾ?’” (ਇਸਦਾ ਅਰਥ ਹੈ, “ਕੌਣ ਮਸੀਹ ਨੂੰ ਹੇਠਾਂ ਲਿਆਉਣ ਵਾਸਤੇ ਸਵਰਗ ਤੱਕ ਜਾਵੇਗਾ?”) 7 “ਅਤੇ ਇਹ ਵੀ ਨਾ ਆਖੋ, ‘ਧਰਤੀ ਦੇ ਥੱਲੇ ਕੌਣ ਜਾਵੇਗਾ’” (ਇਸਦਾ ਅਰਥ ਹੈ; “ਕੌਣ ਮਸੀਹ ਨੂੰ ਵਾਪਸ ਲਿਆਉਣ ਵਾਸਤੇ ਹੇਠਾਂ ਮੌਤ ਦੇ ਰਾਜ ਨੂੰ ਜਾਵੇਗਾ।”)
8 ਇਸ ਦੀ ਜਗ਼੍ਹਾ, ਪੋਥੀ ਆਖਦੀ ਹੈ, “ਪਰਮੇਸ਼ੁਰ ਦੇ ਉਪਦੇਸ਼ ਤੁਹਾਡੇ ਨੇੜੇ ਹਨ। ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹਨ।” [i] ਇਹ ਸਿੱਖਿਆ ਨਿਹਚਾ ਦੀ ਸਿੱਖਿਆ ਹੈ ਜੋ ਅਸੀਂ ਲੋਕਾਂ ਵਿੱਚ ਪੁਕਾਰਦੇ ਹਾਂ। 9 ਜੇਕਰ ਤੂੰ ਆਪਣੇ ਮੂੰਹ ਨਾਲ ਐਲਾਨ ਕਰਦਾ ਹੈਂ, “ਯਿਸੂ ਪ੍ਰਭੂ ਹੈ” ਅਤੇ ਜੇਕਰ ਤੂੰ ਆਪਣੇ ਦਿਲ ਵਿੱਚ ਯਕੀਨ ਕਰਦਾ ਹੈਂ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉੱਠਾਇਆ ਹੈ ਤਾਂ ਤੂੰ ਬਚਾਇਆ ਜਾਵੇਂਗਾ। 10 ਹਾਂ, ਅਸੀਂ ਆਪਣੇ ਦਿਲਾਂ ਨਾਲ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਧਰਮੀ ਬਣਾਏ ਜਾਂਦੇ ਹਾਂ। ਅਸੀਂ ਆਪਣੇ ਖੁਦ ਦੇ ਮੂੰਹਾਂ ਨਾਲ ਐਲਾਨ ਕਰਦੇ ਹਾਂ ਕਿ ਅਸੀਂ ਉਸ ਵਿੱਚ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਬਚਾਏ ਗਏ ਹਾਂ।
11 ਹਾਂ, ਪੋਥੀ ਆਖਦੀ ਹੈ, “ਜਿਹੜਾ ਵੀ ਮਨੁੱਖ ਉਸ ਉੱਪਰ ਨਿਹਚਾ ਰੱਖੇਗਾ ਉਸ ਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।” [j] 12 ਪੋਥੀ ਦਾ ਉਹ ਪੈਰਾ ਆਖਦਾ ਹੈ, “ਕੋਈ ਵੀ ਵਿਅਕਤੀ” ਕਿਉਂਕਿ ਪਰਮੇਸ਼ੁਰ ਯਹੂਦੀ ਅਤੇ ਗੈਰ ਯਹੂਦੀ ਵਿੱਚ ਭੇਦ ਨਹੀਂ ਕਰਦਾ। ਉਹੀ ਪ੍ਰਭ ਸਭ ਦਾ ਪ੍ਰਭੂ ਹੈ। ਪ੍ਰਭੂ ਉਨ੍ਹਾਂ ਸਭ ਲੋਕਾਂ ਨੂੰ ਅਥਾਹ ਅਸੀਸਾਂ ਦਿੰਦਾ ਹੈ ਜਿਹੜੇ ਉਸ ਵਿੱਚ ਨਿਹਚਾ ਰੱਖਦੇ ਹਨ। 13 ਪੋਥੀਆਂ ਆਖਦੀਆਂ ਹਨ, “ਹਰ ਉਹ ਮਨੁੱਖ ਜੋ ਪ੍ਰਭੂ ਵਿੱਚ ਵਿਸ਼ਵਾਸ ਰੱਖਦਾ ਹੈ ਬਚਾਇਆ ਜਾਵੇਗਾ।” [k]
14 ਪਰ ਸਹਾਇਤਾ ਲਈ ਪ੍ਰਭੂ ਵਿੱਚ ਭਰੋਸਾ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਅਤੇ ਉਸ ਵਿੱਚ ਨਿਹਚਾ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭੂ ਬਾਰੇ ਸੁਣਨਾ ਚਾਹੀਦਾ। ਅਤੇ ਉਸ ਬਾਰੇ ਸੁਣਨ ਤੋਂ ਪਹਿਲਾਂ ਕਿਸੇ ਨੂੰ ਉਨ੍ਹਾਂ ਨੂੰ ਉਸ ਬਾਰੇ ਦੱਸਣਾ ਚਾਹੀਦਾ? 15 ਅਤੇ ਜੇ ਲੋਕ ਭੇਜੇ ਨਾ ਜਾਣ ਤਾਂ ਉਹ ਪਰਚਾਰ ਕਿਵੇਂ ਕਰਨ? ਜਿਵੇਂ ਕਿ ਇਹ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਚਰਨ, ਜਿਹੜੇ ਖੁਸ਼ਖਬਰੀ ਦੱਸਣ ਲਈ ਬਾਹਰ ਜਾਂਦੇ ਹਨ, ਸੁੰਦਰ ਹਨ।” [l]
16 ਪਰ ਸਾਰੇ ਯਹੂਦੀਆਂ ਨੇ ਖੁਸ਼ਖਬਰੀ ਨੂੰ ਸਵੀਕਾਰ ਨਾ ਕੀਤਾ। ਜਿਵੇਂ ਕਿ ਯਸਾਯਾਹ ਕਹਿੰਦਾ ਹੈ, “ਪ੍ਰਭੂ, ਕਿੰਨ੍ਹਾਂ ਨੇ ਉਸ ਸੰਦੇਸ਼ ਤੇ ਵਿਸ਼ਵਾਸ ਕੀਤਾ, ਜੋ ਉਨ੍ਹਾਂ ਨੇ ਸਾਥੋਂ ਸੁਣਿਆ?” [m] 17 ਇਸ ਲਈ ਨਿਹਚਾ, ਖੁਸ਼ਖਬਰੀ ਸੁਨਣ ਤੋਂ ਆਉਂਦੀ ਹੈ, ਅਤੇ ਉਹ ਖੁਸ਼ਖਬਰੀ ਉਦੋਂ ਸੁਣਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਮਸੀਹ ਬਾਰੇ ਦੱਸਦਾ ਹੈ।
18 ਪਰ ਮੈਂ ਪੁੱਛਦਾ ਹਾਂ, “ਕੀ ਲੋਕਾਂ ਨੇ ਖੁਸ਼ਖਬਰੀ ਨਹੀਂ ਸੁਣੀ?” ਹਾਂ, ਉਨ੍ਹਾਂ ਨੇ ਸੁਣੀ। ਜਿਵੇਂ ਕਿ ਇਹ ਪੋਥੀ ਵਿੱਚ ਲਿਖਿਆ ਹੋਇਆ ਹੈ,
“ਉਨ੍ਹਾਂ ਦੀਆਂ ਅਵਾਜ਼ਾਂ ਸਾਰੀ ਧਰਤੀ ਤੇ ਗਈਆਂ
ਅਤੇ ਉਨ੍ਹਾਂ ਦੇ ਬੋਲ ਦੁਨੀਆਂ ਦੇ ਅੰਤ ਤੀਕ ਪਹੁੰਚੇ।” (G)
19 ਮੈਂ ਫ਼ਿਰ ਪੁੱਛਦਾ ਹਾਂ, “ਕੀ ਇਸਰਾਏਲ ਦੇ ਲੋਕ ਇਹ ਨਾ ਸਮਝ ਸੱਕੇ?” ਹਾਂ, ਉਨ੍ਹਾਂ ਨੇ ਸਮਝਿਆ, ਮੂਸਾ ਪਰਮੇਸ਼ੁਰ ਲਈ ਇਹ ਆਖਦਾ ਹੈ:
“ਮੈਂ ਉਨ੍ਹਾਂ ਲੋਕਾਂ ਨੂੰ ਈਰਖਾਲੂ ਬਣਾਵਾਂਗਾ ਜੋ ਕੌਮ ਨਹੀਂ ਹਨ।
ਤੁਹਾਨੂੰ ਗੁੱਸੇ ਕਰਨ ਲਈ ਮੈਂ ਇੱਕ ਕੌਮ ਦਾ ਇਸਤੇਮਾਲ ਕਰਾਂਗਾ ਜਿਸ ਨੂੰ ਕੋਈ ਸਮਝ ਨਹੀਂ ਹੈ।” (H)
20 ਫ਼ਿਰ ਯਸਾਯਾਹ ਨੇ ਇਹ ਨਿਡਰਤਾ ਨਾਲ ਪਰਮੇਸ਼ੁਰ ਨੂੰ ਆਖਿਆ:
“ਉਹ ਲੋਕ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ,
ਉਨ੍ਹਾਂ ਨੇ ਮੈਨੂੰ ਲੱਭ ਲਿਆ।
ਸਗੋਂ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ ਉਨ੍ਹਾਂ ਤੇ ਮੈਂ ਪਰਗਟ ਹੋਇਆ।” (I)
21 ਪਰਮੇਸ਼ੁਰ ਨੇ ਗੈਰ ਯਹੂਦੀਆਂ ਲਈ ਇਹ ਗੱਲ ਯਸਾਯਾਹ ਤੋਂ ਅਖਵਾਈ ਪਰ ਯਹੂਦੀਆਂ ਲਈ ਪਰਮੇਸ਼ੁਰ ਆਖਦਾ ਹੈ,
“ਸਾਰਾ ਦਿਨ ਮੈਂ ਇਸ ਕੌਮ ਦਾ ਇੰਤਜਾਰ ਕਰ ਰਿਹਾ ਸਾਂ ਜੋ ਅਣ-
ਆਗਿਆਕਾਰੀ ਹੈ ਅਤੇ ਮੇਰਾ ਅਨੁਸਰਣ ਕਰਨ ਤੋਂ ਇਨਕਾਰ ਕਰਦੀ ਹੈ।” (J)
2010 by World Bible Translation Center