Beginning
ਅਬਰਾਹਾਮ ਦਾ ਉਦਾਹਰਣ
4 ਤਾਂ ਅਸੀਂ ਅਬਰਾਹਾਮ ਬਾਰੇ ਕੀ ਆਖੀਏ ਜੋ ਸਾਡੇ ਲੋਕਾਂ ਦਾ ਪਿਤਾ ਹੈ? 2 ਉਸ ਨੇ ਨਿਹਚਾ ਬਾਰੇ ਕੀ ਸਿੱਖਿਆ? ਜੇਕਰ ਅਬਰਾਹਾਮ ਅਪਣੇ ਕੰਮਾਂ ਕਾਰਣ ਧਰਮੀ ਬਣਾਇਆ ਗਿਆ ਸੀ, ਤਾਂ ਉਸ ਕੋਲ ਸ਼ੇਖੀ ਦਾ ਕਾਰਣ ਹੈ, ਪਰ ਉਹ ਪਰਮੇਸ਼ੁਰ ਅੱਗੇ ਸ਼ੇਖੀ ਨਾ ਮਾਰ ਸੱਕਿਆ। 3 ਪੋਥੀ ਆਖਦੀ ਹੈ: “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਨੇ ਉਸਦੀ ਨਿਹਚਾ ਕਬੂਲ ਕੀਤੀ ਅਤੇ ਉਸ ਨੂੰ ਧਰਮੀ ਕਰਾਰ ਦਿੱਤਾ।” [a]
4 ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ, ਤਾਂ ਉਸਦੀ ਤਨਖਾਹ ਉਸ ਨੂੰ ਤੋਹਫ਼ੇ ਵਾਂਗ ਨਹੀਂ ਸਗੋਂ ਜਿਵੇਂ ਕਿ ਉਸ ਨੇ ਮਜਦੂਰੀ ਕਮਾਈ, ਦਿੱਤੀ ਜਾਂਦੀ ਹੈ। 5 ਪਰ ਜੇਕਰ ਇੱਕ ਵਿਅਕਤੀ ਧਰਮੀ ਬਣਨ ਵਾਸਤੇ ਕੋਈ ਕੰਮ ਨਹੀਂ ਕਰਦਾ, ਸਗੋਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹੈ,ਦੋ ਦੁਸ਼ਟ ਆਦਮੀ ਨੂੰ ਧਰਮੀ ਬਣਾਉਂਦਾ ਹੈ, ਫ਼ਿਰ ਪਰਮੇਸ਼ੁਰ ਉਸਦੀ ਨਿਹਚਾ ਨੂੰ ਕਬੂਲਦਾ ਹੈ ਅਤੇ ਉਸ ਨੂੰ ਧਰਮੀ ਬਣਾਉਂਦਾ ਹੈ। 6 ਦਾਊਦ ਵੀ ਆਖਦਾ ਹੈ ਕਿ ਉਹ ਮਨੁੱਖ ਧੰਨ ਹੈ ਜਿਸ ਨੂੰ ਪਰਮੇਸ਼ੁਰ ਉਸ ਦੇ ਕੰਮਾਂ ਨੂੰ ਗਿਣਿਆ ਬਿਨਾ ਧਰਮੀ ਕਰਾਰ ਦਿੰਦਾ ਹੈ।
7 “ਧੰਨ ਹਨ ਉਹ ਲੋਕ ਜਿਨ੍ਹਾਂ ਦੀਆਂ ਦੁਸ਼ਟ ਕਰਨੀਆਂ ਮੁਆਫ਼ ਕੀਤੀਆਂ
ਗਈਆਂ ਹਨ ਅਤੇ ਜਿਨ੍ਹਾਂ ਦੇ
ਪਾਪ ਭੁਲਾਏ ਗਏ ਹਨ।
8 ਧੰਨ ਹੈ ਉਹ ਮਨੁੱਖ ਜਿਸਦੇ
ਪਾਪ ਪ੍ਰਭੂ ਵੱਲੋਂ ਨਹੀਂ ਗਿਣੇ ਜਾਣਗੇ।” (A)
9 ਕੀ ਇਹ ਖੁਸ਼ ਨਸੀਬੀ ਸਿਰਫ਼ ਸੁੰਨਤੀਆਂ ਲਈ ਹੀ ਹੈ? ਜਾਂ ਕੀ ਇਹ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਅਬਰਾਹਾਮ ਦੀ ਵਿਸ਼ਵਾਸ ਪਰਮੇਸ਼ੁਰ ਦੁਆਰਾ ਕਬੂਲੀ ਗਈ ਸੀ ਅਤੇ ਉਸਦੀ ਵਿਸ਼ਵਾਸ ਨੇ ਉਸ ਨੂੰ ਧਰਮੀ ਬਣਾਇਆ। 10 ਪਰ ਇਹ ਕਦ ਵਾਪਰਿਆ? ਕੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਹੋਣ ਤੋਂ ਪਹਿਲਾਂ ਕਬੂਲਿਆ ਜਾਂ ਉਸਦੀ ਸੁੰਨਤ ਹੋਣ ਤੋਂ ਬਾਅਦ? ਪਰਮੇਸ਼ੁਰ ਨੇ ਉਸ ਨੂੰ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ। 11 ਉਸ ਨੇ ਨਿਸ਼ਾਨੀ ਦੇ ਤੌਰ ਤੇ ਬਾਅਦ ਵਿੱਚ ਸੁੰਨਤ ਕਰਾਈ ਕਿ ਪਰੇਮਸ਼ੁਰ ਨੇ ਉਸ ਨੂੰ ਕਬੂਲਿਆ ਹੈ। ਉਸਦੀ ਸੁੰਨਤ ਇੱਕ ਸਬੂਤ ਸੀ ਕਿ ਉਹ ਸੁੰਨਤ ਹੋਣ ਤੋਂ ਪਹਿਲਾਂ ਹੀ ਧਰਮੀ ਸੀ। ਤਾਂ ਅਬਰਾਹਾਮ ਸਾਰਿਆਂ ਲੋਕਾਂ ਦਾ ਪਿਤਾ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਪਰ ਵਿਸ਼ਵਾਸ ਰੱਖਦੇ ਹਨ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਧਰਮੀ ਲੋਕਾਂ ਵਜੋਂ ਕਬੂਲਦਾ ਹੈ। 12 ਅਤੇ ਅਬਰਾਹਾਮ ਉਨ੍ਹਾਂ ਲੋਕਾਂ ਦਾ ਵੀ ਪਿਤਾ ਹੈ ਜਿਹੜੇ ਸੁੰਨਤੀਏ ਹਨ, ਪਰ ਇਹ ਉਨ੍ਹਾਂ ਦੀ ਇੱਕਲੀ ਸੁੰਨਤ ਹੀ ਨਹੀਂ ਜੋ ਅਬਰਾਹਾਮ ਨੂੰ ਉਨ੍ਹਾਂ ਦਾ ਪਿਤਾ ਥਾਪਦੀ ਹੈ, ਸਗੋਂ ਇਹ ਉਹੀ ਨਿਹਚਾ ਹੈ ਜਿਸ ਨੂੰ ਉਹ ਮੰਨਦੇ ਹਨ ਜਿਹੜੀ ਅਬਰਾਹਾਮ ਨੂੰ ਸੁੰਨਤ ਤੋਂ ਪਹਿਲਾਂ ਸੀ।
ਪਰਮੇਸ਼ੁਰ ਦੇ ਇਕਰਾਰ ਦਾ ਨਿਹਚਾ ਰਾਹੀਂ ਪ੍ਰਾਪਤ ਹੋਣਾ
13 ਅਬਰਾਹਾਮ ਅਤੇ ਉਸਦੀ ਉਲਾਦ ਨਾਲ ਇਹ ਵਚਨ ਹੋਇਆ ਕਿ ਉਹ ਪੂਰੀ ਦੁਨੀਆਂ ਪ੍ਰਾਪਤ ਕਰ ਸੱਕਣਗੇ। ਉਸ ਨੂੰ ਇਹ ਵਚਨ ਸਿਰਫ਼ ਸ਼ਰ੍ਹਾ ਦਾ ਅਨੁਸਰਣ ਕਰਨ ਕਾਰਣ ਪ੍ਰਾਪਤ ਨਹੀਂ ਹੋਇਆ, ਸਗੋਂ ਉਸ ਨੇ ਇਹ ਵਚਨ ਸਦਾਚਾਰੀ ਰਾਹੀਂ, ਜਿਹੜੀ ਨਿਹਚਾ ਦੁਆਰਾ ਆਉਂਦੀ ਹੈ, ਪ੍ਰਾਪਤ ਕੀਤਾ। 14 ਜੇਕਰ ਮਨੁੱਖ ਸ਼ਰ੍ਹਾ ਦੀ ਪਾਲਣਾ ਕਰਕੇ ਉਹ ਵਸਤਾਂ, ਜਿਨ੍ਹਾਂ ਦਾ ਵਚਨ ਪਰਮੇਸ਼ੁਰ ਨੇ ਕੀਤਾ ਹੈ, ਪ੍ਰਾਪਤ ਕਰ ਸੱਕਦਾ ਤਾਂ ਨਿਹਚਾ ਬੇਕਾਰ ਹੈ ਅਤੇ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਚਨ ਹੀ ਬੇਕਾਰ ਹੈ। 15 ਕਿਉਂ? ਕਿਉਂਕਿ ਸ਼ਰ੍ਹਾ ਸਿਰਫ਼ ਪਰਮੇਸ਼ੁਰ ਦਾ ਗੁੱਸਾ ਹੀ ਲਿਆ ਸੱਕਦੀ ਹੈ ਜਦੋਂ ਸ਼ਰ੍ਹਾ ਦਾ ਪਾਲਣ ਨਹੀਂ ਹੁੰਦਾ। ਪਰ ਜੇਕਰ ਇੱਥੇ ਸ਼ਰ੍ਹਾ ਨਾ ਹੋਵੇ, ਤਾਂ ਸ਼ਰ੍ਹਾ ਦੀ ਕੋਈ ਅਵਗਿਆ ਨਹੀਂ ਹੋ ਸੱਕਦੀ?
16 ਇਸ ਕਾਰਣ ਪਰਮੇਸ਼ੁਰ ਦਾ ਵਚਨ ਨਿਹਚਾ ਤੋਂ ਹੋਇਆ। ਇਹ ਇਸ ਲਈ ਹੋਇਆ ਤਾਂ ਜੋ ਵਚਨ ਇੱਕ ਮੁਫ਼ਤੀ ਦਾਤ ਹੋਵੇ। ਤੇ ਜੇਕਰ ਵਚਨ ਮੁਫ਼ਤੀ ਦਾਤ ਹੈ ਤਾਂ ਅਬਰਾਹਾਮ ਦੇ ਸਾਰੇ ਲੋਕ ਇਸ ਵਚਨ ਨੂੰ ਪ੍ਰਾਪਤ ਕਰ ਸੱਕਦੇ ਹਨ। ਇਹ ਵਚਨ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਨਹੀਂ ਹੈ ਜੋ ਮੂਸਾ ਦੀ ਸ਼ਰ੍ਹਾ ਹੇਠ ਜਿਉਂਦੇ ਹਨ, ਸਗੋਂ ਇਹ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਅਬਰਾਹਾਮ ਵਾਂਗ ਨਿਹਚਾ ਨਾਲ ਜਿਉਂਦੇ ਹਨ। ਇਸ ਲਈ ਅਬਰਾਹਾਮ ਸਾਡੇ ਸਾਰਿਆਂ ਵਾਸਤੇ ਪਿਤਾ ਹੈ। 17 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।” [b] ਇਹ ਪਰਮੇਸ਼ੁਰ ਦੇ ਅੱਗੇ ਸੱਚ ਹੈ ਕਿ ਅਬਰਾਹਾਮ ਨੇ ਉਸ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਜਿਹੜਾ ਮੁਰਦੇ ਲੋਕਾਂ ਨੂੰ ਜੀਵਨ ਵਿੱਚ ਲਿਆਉਂਦਾ ਹੈ ਅਤੇ ਅਣਹੋਣੀਆਂ ਨੂੰ ਵੀ ਹੋਣੀਆਂ ਕਰਦਾ ਹੈ।
18 ਕੋਈ ਉਮੀਦ ਨਹੀਂ ਸੀ ਕਿ ਅਬਰਾਹਾਮ ਦੇ ਘਰ ਔਲਾਦ ਹੋਵੇਗੀ। ਪਰ ਅਬਰਾਹਾਮ ਨੇ ਉਮੀਦ ਨਾਲ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਇਸੇ ਲਈ ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋ ਗਿਆ, ਜਿਵੇਂ ਕਿ ਪਰਮੇਸ਼ੁਰ ਨੇ ਉਸ ਨੂੰ ਕਿਹਾ, “ਤੇਰੀਆਂ ਬਹੁਤ ਔਲਾਦਾਂ ਹੋਣਗੀਆਂ।” [c] 19 ਅਬਰਾਹਾਮ ਬਹੁਤ ਬਜ਼ੁਰਗ ਹੋ ਚੁੱਕਾ ਸੀ। ਤਕਰੀਬਨ ਸੌ ਵਰ੍ਹਿਆਂ ਦਾ। ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਲਈ ਔਲਾਦ ਪੈਦਾ ਕਰਨਾ ਸੰਭਵ ਨਹੀਂ ਸੀ। ਸਾਰਾਹ ਵੀ ਬੱਚੇ ਨੂੰ ਜਨਮ ਦੇਣ ਤੋਂ ਅਸਮਰਥ ਸੀ। ਪਰ ਪਰਮੇਸ਼ੁਰ ਵਿੱਚ ਉਸਦੀ ਨਿਹਚਾ ਕਮਜ਼ੋਰ ਨਾ ਹੋਈ। 20 ਪਰਮੇਸ਼ੁਰ ਦੇ ਵਚਨ ਵੱਲੋਂ ਉਸ ਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ੁਰ ਦੀ ਉਸਤਤਿ ਕੀਤੀ। 21 ਦੂਜੇ ਪਾਸੇ, ਉਸ ਨੇ ਦ੍ਰਿੜਤਾ ਨਾਲ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ, ਜਿਸਨੇ ਉਸ ਨਾਲ ਵਚਨ ਕੀਤਾ ਸੀ, ਵਚਨ ਨੂੰ ਪੂਰਨ ਕਰਨ ਯੋਗ ਸੀ। 22 ਇਸ ਲਈ, “ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ ਅਤੇ ਉਸ ਨੂੰ ਧਰਮੀ ਬਣਾਇਆ।” [d] 23 ਇਹ ਸ਼ਬਦ (“ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ”) ਸਿਰਫ਼ ਅਬਰਾਹਾਮ ਲਈ ਨਹੀਂ ਲਿਖੇ ਗਏ ਸਗੋਂ ਇਹ ਸ਼ਬਦ ਸਾਡੇ ਲਈ ਵੀ ਲਿਖੇ ਗਏ ਸਨ। 24 ਪਰਮੇਸ਼ੁਰ ਸਾਨੂੰ ਵੀ ਕਬੂਲ ਕਰੇਗਾ ਕਿਉਂਕਿ ਅਸੀਂ ਉਸ ਉੱਪਰ ਨਿਹਚਾ ਕਰਦੇ ਹਾਂ। ਅਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਾਂ ਜਿਸਨੇ ਯਿਸੂ ਸਾਡੇ ਪ੍ਰਭੂ ਨੂੰ ਮੌਤ ਤੋਂ ਜਿਵਾਲਿਆ। 25 ਯਿਸੂ ਸਾਡੇ ਪਾਪਾਂ ਖਾਤਿਰ ਮਾਰਨ ਲਈ ਸੌਂਪਿਆ ਗਿਆ ਸੀ ਅਤੇ ਸਾਨੂੰ ਧਰਮੀ ਬਨਾਉਣ ਲਈ ਉਹ ਮੌਤ ਤੋਂ ਜੀਵਿਤ ਕੀਤਾ ਗਿਆ ਸੀ।
ਨਿਆਂ ਅਨੁਸਾਰ
5 ਜੇਕਰ ਅਸੀਂ ਆਪਣੀ ਨਿਹਚਾ ਕਾਰਣ ਧਰਮੀ ਬਣਾਏ ਗਏ ਹਾਂ, ਤਾਂ ਸਾਡੀ ਆਪਣੇ ਪ੍ਰਭੂ, ਯਿਸੂ ਮਸੀਹ, ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਹੈ। 2 ਵਿਸ਼ਵਾਸ ਰਾਹੀਂ, ਮਸੀਹ ਨੂੰ ਸਾਡੇ ਅੰਦਰ ਇਸ ਕਿਰਪਾ ਰਾਹੀਂ ਲਿਆਂਦਾ ਗਿਆ ਹੈ। ਜਿਸ ਵਿੱਚ ਅਸੀਂ ਦ੍ਰਿੜਤਾ ਨਾਲ ਖਲੋਤੇ ਹਾਂ। ਅਸੀਂ ਆਪਣੀ ਆਸ ਵਿੱਚ ਵੀ ਖੁਸ਼ ਹੁੰਦੇ ਹਾਂ, ਕਿਉਂਕਿ ਅਸੀਂ ਵੀ ਪਰਮੇਸ਼ੁਰ ਦੀ ਮਹਿਮਾ ਵਿੱਚ ਸ਼ਰੀਕ ਹਾਂ। 3 ਸਿਰਫ਼ ਇਹੀ ਨਹੀਂ, ਅਸੀਂ ਆਪਣੇ ਕਸ਼ਟਾਂ ਵਿੱਚ ਵੀ ਖੁਸ਼ੀ ਅਨੁਭਵ ਕਰਦੇ ਹਾਂ। ਭਲਾ ਅਸੀਂ ਦੁੱਖਾਂ ਵਿੱਚ ਵੀ ਕਿਉਂ ਖੁਸ਼ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਮੁਸੀਬਤਾਂ ਸਾਨੂੰ ਹੋਰ ਸਹਿਜ ਬਣਾਉਂਦੀਆਂ ਹਨ। 4 ਇਹ ਸਬਰ ਸਾਨੂੰ ਮਜਬੂਤ ਨੈਤਿਕ ਬਲ ਦਿੰਦਾ ਹੈ। ਅਤੇ ਇਹ ਚਰਿਤਰ ਸਾਨੂੰ ਆਸ ਦਿੰਦਾ ਹੈ। 5 ਅਤੇ ਇਹ ਉਮੀਦ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ। ਕਿਉਂਕਿ ਪਰਮੇਸ਼ੁਰ ਨੇ ਸਾਡੇ ਦਿਲਾਂ ਅੰਦਰ ਆਪਣੇ ਪਿਆਰ ਦਾ ਛਿੜਕਾ ਕੀਤਾ ਹੈ। ਉਸ ਨੇ ਆਪਣਾ ਪਿਆਰ ਪਵਿੱਤਰ ਆਤਮਾ ਰਾਹੀਂ ਸਾਨੂੰ ਦਿੱਤਾ ਹੈ। ਪਵਿੱਤਰ ਆਤਮਾ ਸਾਡੇ ਲਈ ਪਰਮੇਸ਼ੁਰ ਵੱਲੋਂ ਇੱਕ ਦਾਤ ਹੈ।
6 ਸਹੀ ਸਮੇਂ ਤੇ ਮਸੀਹ ਸਾਡੇ ਲਈ ਮਰਿਆ, ਜਦੋਂ ਅਜੇ ਅਸੀਂ ਕਮਜ਼ੋਰ ਅਤੇ ਪਰਮੇਸ਼ੁਰ ਦੇ ਖਿਲਾਫ਼ ਜਿਉਂ ਰਹੇ ਸਾਂ। 7 ਕੋਈ ਵੀ ਭਲੇ ਵਿਅਕਤੀ ਲਈ ਮਰਨ ਦਾ ਇੱਛੁਕ ਨਹੀਂ ਹੋਵੇਗਾ। ਜੇਕਰ ਇੱਕ ਵਿਅਕਤੀ ਬੜਾ ਹੀ ਭਲਾ ਹੈ ਤਾਂ ਫ਼ੇਰ ਕੋਈ ਵੀ ਉਸ ਲਈ ਮਰਨ ਦਾ ਇੱਛੁਕ ਹੋ ਸੱਕਦਾ। 8 ਪਰ ਮਸੀਹ ਸਾਡੇ ਲਈ ਮਰਿਆ ਜਦੋਂ ਹਾਲੇ ਅਸੀਂ ਪਾਪੀ ਸਾਂ। ਇੰਝ ਪਰਮੇਸ਼ੁਰ ਨੇ ਸਾਡੇ ਪ੍ਰਤੀ ਆਪਣਾ ਭਰਪੂਰ ਪਿਆਰ ਦਰਸਾਇਆ ਹੈ।
9 ਅਸੀਂ ਮਸੀਹ ਦੇ ਲਹੂ ਕਾਰਣ ਧਰਮੀ ਹੋਏ। ਤਾਂ ਫ਼ਿਰ ਅਸੀਂ ਮਸੀਹ ਦੁਆਰਾ ਜ਼ਰੂਰ ਪਰਮੇਸ਼ੁਰ ਦੀ ਕਰੋਪੀ ਤੋਂ ਬਚਾਏ ਜਾਵਾਂਗੇ। 10 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਵੈਰੀ ਸੀ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਮੌਤ ਰਾਹੀਂ ਸਾਨੂੰ ਆਪਣੇ ਮਿੱਤਰ ਬਣਾਇਆ। ਇਸੇ ਲਈ ਹੁਣ ਅਸੀਂ ਪਰਮੇਸ਼ੁਰ ਦੇ ਮਿੱਤਰ ਹਾਂ। ਨਿਸ਼ਚਿਤ ਤੌਰ ਤੇ ਪਰਮੇਸ਼ੁਰ ਸਾਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਰਾਹੀਂ ਬਚਾਵੇਗਾ। 11 ਸਿਰਫ਼ ਇਹੀ ਨਹੀਂ ਸਗੋਂ ਅਸੀਂ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਵਿੱਚ ਅਨੰਦ ਮਾਣਦੇ ਹਾਂ। ਯਿਸੂ ਜਿਸਨੇ ਸਾਨੂੰ ਪਰਮੇਸ਼ੁਰ ਦੇ ਦੋਸਤ ਬਣਾਇਆ।
ਆਦਮ ਅਤੇ ਮਸੀਹ
12 ਇੱਕ ਬੰਦੇ ਦੇ ਕਾਰਣ ਸੰਸਾਰ ਵਿੱਚ ਪਾਪ ਆਇਆ, ਅਤੇ ਇਸੇ ਪਾਪ ਤੋਂ ਮੌਤ ਆਈ। ਇਸੇ ਲਈ ਮੌਤ ਸਭਨਾਂ ਲੋਕਾਂ ਤੇ ਆਈ, ਕਿਉਂਕਿ ਸਭਨਾ ਨੇ ਪਾਪ ਕੀਤਾ। 13 ਪਾਪ, ਮੂਸਾ ਦੀ ਸ਼ਰ੍ਹਾ ਤੋਂ ਪਹਿਲਾਂ ਵੀ ਸੰਸਾਰ ਵਿੱਚ ਸੀ। ਪਰ ਜਿੱਥੇ ਕਿਤੇ ਸ਼ਰ੍ਹਾ ਨਹੀਂ ਹੈ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ। 14 ਪਰ ਆਦਮ ਦੇ ਸਮੇਂ ਤੋਂ ਲੈ ਕੇ ਮੂਸਾ ਦੇ ਸਮੇਂ ਤੀਕ ਵੀ ਸਭਨਾਂ ਮਨੁੱਖਾਂ ਨੂੰ ਹੀ ਮੌਤ ਆਈ। ਆਦਮ ਇਸ ਲਈ ਮਰਿਆ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਨਹੀਂ ਕੀਤੀ। ਪਰ ਜਿਨ੍ਹਾਂ ਨੇ ਆਦਮ ਵਾਂਗ ਪਾਪ ਨਹੀਂ ਕੀਤਾ ਮਰਨਾ ਉਨ੍ਹਾਂ ਨੂੰ ਵੀ ਪਿਆ।
ਆਦਮ ਉਸਦਾ ਉਦਾਹਰਣ ਸੀ ਜੋ ਆਉਣ ਵਾਲਾ ਸੀ। 15 ਪਰ ਪਰਮੇਸ਼ੁਰ ਦੀ ਮੁਫ਼ਤ ਬਖਸ਼ੀਸ਼ ਆਦਮ ਦੇ ਪਾਪ ਵਰਗੀ ਨਹੀਂ ਬਹੁਤ ਸਾਰੇ ਲੋਕ ਉਸ ਇੱਕ ਮਨੁੱਖ ਦੇ ਪਾਪ ਕਾਰਣ ਮਰੇ ਪਰ ਪਰੇਸ਼ੁਰ ਦੀ ਕਿਰਪਾ ਜਿਹੜੀ ਕਿ ਲੋਕਾਂ ਨੂੰ ਮਿਲੀ ਉਹ ਉਸਤੋਂ ਕਿਤੇ ਵੱਧ ਮਹਾਨ ਸੀ। ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਦੀ ਜੀਵਨ ਦੀ ਦਾਤ ਇੱਕ ਆਦਮੀ ਯਿਸੂ ਮਸੀਹ ਦੀ ਕਿਰਪਾ ਨਾਲ ਪ੍ਰਾਪਤ ਕੀਤੀ। 16 ਪਰਮੇਸ਼ੁਰ ਦੀ ਦਾਤ ਉਸ ਇੱਕ ਆਦਮੀ ਦੇ ਪਾਪ ਵਰਗੀ ਨਹੀਂ ਹੈ। ਉਸ ਇੱਕ ਪਾਪ ਨੇ ਸਜ਼ਾ ਲਿਆਂਦੀ, ਪਰ ਪਰਮੇਸ਼ੁਰ ਦੀ ਦਾਤ ਬਹੁਤਿਆਂ ਪਾਪਾਂ ਤੋਂ ਬਾਅਦ ਆਈ ਅਤੇ ਇਹ ਲੋਕਾਂ ਨੂੰ ਧਰਮੀ ਬਣਾਉਂਦੀ ਹੈ। 17 ਇੱਕ ਮਨੁੱਖ ਦੇ ਪਾਪ ਕਾਰਣ, ਉਸ ਇੱਕ ਆਦਮੀ ਰਾਹੀਂ ਹਰ ਇੱਕ ਉੱਤੇ ਮੌਤ ਨੇ ਰਾਜ ਕੀਤਾ। ਪਰ ਹੁਣ ਉਹ, ਜਿਹੜੇ ਪਰਮੇਸ਼ੁਰ ਦੀ ਕਿਰਪਾ ਅਤੇ ਧਰਮੀ ਹੋਣ ਦੀ ਦਾਤ ਨੂੰ ਕਬੂਲਦੇ ਹਨ, ਨਿਸ਼ਚਿਤ ਹੀ ਜੀਵਨ ਪਾਉਣਗੇ ਅਤੇ ਇੱਕ ਆਦਮੀ, ਯਿਸੂ ਮਸੀਹ, ਰਾਹੀਂ ਸ਼ਾਸਨ ਕਰਨਗੇ।
18 ਇਸ ਤਰ੍ਹਾਂ, ਜਿਵੇਂ ਇੱਕ ਪਾਪ ਸਾਰੇ ਲੋਕਾਂ ਲਈ ਮੌਤ ਦੀ ਸਜ਼ਾ ਲਿਆਇਆ, ਉਸੇ ਤਰ੍ਹਾਂ, ਇੱਕ ਚੰਗਾ ਕਰਮ ਸਾਰੇ ਮਨੁੱਖਾਂ ਨੂੰ ਧਰਮੀ ਬਣਾਉਂਦਾ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। 19 ਜਿਵੇਂ ਕਿ ਸਿਰਫ਼ ਇੱਕ ਆਦਮੀ ਦੀ ਅਣਆਗਿਆਕਾਰੀ ਕਾਰਣ ਬਹੁਤ ਸਾਰੇ ਲੋਕ ਪਾਪੀ ਬਣੇ, ਉਸੇ ਤਰ੍ਹਾਂ, ਬਹੁਤੇ ਲੋਕ ਇੱਕ ਆਦਮੀ ਦੀ ਆਗਿਆਕਾਰਤਾ ਰਾਹੀਂ, ਧਰਮੀ ਬਣਾਏ ਜਾਣਗੇ। 20 ਸ਼ਰ੍ਹਾ ਲੋਕਾਂ ਤੋਂ ਵੱਧ ਪਾਪ ਕਰਾਉਣ ਲਈ ਆਈ। ਪਰ ਜਿਵੇਂ ਲੋਕਾਂ ਨੇ ਵੱਧ ਤੋਂ ਵੱਧ ਪਾਪ ਕੀਤੇ, ਪਰਮੇਸ਼ੁਰ ਨੇ ਉਨ੍ਹਾਂ ਤੇ ਵੱਧ ਤੋਂ ਵੱਧ ਆਪਣੀ ਕਿਰਪਾ ਵਰਤਾਈ। 21 ਜਿਵੇਂ ਕਿ ਪਾਪ ਨੇ ਮੌਤ ਰਾਹੀਂ ਸਾਡੇ ਤੇ ਰਾਜ ਕੀਤਾ, ਤਿਵੇਂ ਹੀ, ਹੁਣ ਕਿਰਪਾ ਸਾਨੂੰ ਧਰਮੀ ਬਣਾਕੇ ਰਾਜ ਕਰੇਗੀ ਅਤੇ ਯਿਸੂ ਮਸੀਹ ਸਾਡੇ ਪ੍ਰਭੂ ਰਾਹੀਂ ਸਦੀਪਕ ਜੀਵਨ ਲਿਆਵੇਗੀ।
ਪਾਪ ਵੱਲੋਂ ਮਰ ਕੇ ਪਰ ਮਸੀਹ ਲਈ ਜਿਉਣਾ
6 ਤਾਂ ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਪਾਪ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਰਮੇਸ਼ੁਰ ਸਾਨੂੰ ਵੱਧ ਤੋਂ ਵੱਧ ਕਿਰਪਾ ਦੇਵੇ। ਨਿਸ਼ਚਿਤ ਹੀ ਨਹੀਂ। 2 ਅਸੀਂ ਆਪਣੀ ਪੁਰਾਣੀ ਪਾਪ ਦੀ ਜ਼ਿੰਦਗੀ ਲਈ ਮਰ ਚੁੱਕੇ ਹਾਂ। ਤਾਂ ਹੁਣ ਅਸੀਂ ਪਾਪ ਨਾਲ ਜਿਉਣਾ ਜਾਰੀ ਕਿਵੇਂ ਰੱਖ ਸੱਕਦੇ ਹਾਂ? 3 ਕੀ ਤੁਸੀਂ ਭੁੱਲ ਗਏ ਹੋ ਕਿ ਅਸੀਂ ਸਾਰੇ, ਜਿਨ੍ਹਾਂ ਨੂੰ ਮਸੀਹ ਯਿਸੂ ਵਿੱਚ ਬਪਤਿਸਮਾ ਦਿੱਤਾ ਗਿਆ ਸੀ, ਉਸਦਾ ਇੱਕ ਅੰਗ ਬਣ ਚੁੱਕੇ ਹਾਂ। ਅਸੀਂ ਉਸ ਦੇ ਬਪਤਿਸਮੇ ਰਾਹੀਂ ਉਸਦੀ ਮੌਤ ਨੂੰ ਸਾਂਝਾ ਕੀਤਾ ਹੈ ਜਿਹੜਾ ਅਸਾਂ ਲਿਆ ਸੀ। 4 ਇਸ ਲਈ ਜਦੋਂ ਸਾਨੂੰ ਬਪਤਿਸਮਾ ਦਿੱਤਾ ਗਿਆ ਸੀ, ਅਸੀਂ ਮਸੀਹ ਦੇ ਨਾਲ ਹੀ ਦਫ਼ਨਾਏ ਗਏ ਸਾਂ ਅਤੇ ਉਸ ਨਾਲ ਮੌਤ ਸਾਂਝੀ ਕੀਤੀ। ਅਸੀਂ ਮਸੀਹ ਨਾਲ ਇਸ ਲਈ ਦਫ਼ਨਾਏ ਗਏ ਤਾਂ ਜੋ ਅਸੀਂ ਜਿਵਾਲੇ ਜਾਈਏ ਅਤੇ ਇੱਕ ਨਵਾਂ ਜੀਵਨ ਜੀਵੀਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਮਸੀਹ ਨੂੰ ਪਿਤਾ ਦੀ ਮਹਾਨ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ।
5 ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁੜ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸ ਦੇ ਪੁਨਰ ਉਥਾਨ ਵਿੱਚ ਉਸ ਦੇ ਨਾਲ ਜੁੜਾਂਗੇ। 6 ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਪਾਪੀ ਸੁਭਾਅ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਇਆ ਗਿਆ ਸੀ। ਇਹ ਇਸ ਲਈ ਵਾਪਰਿਆ ਤਾਂ ਜੋ ਸਾਡੇ ਪਾਪੀ ਸੁਭਾਅ ਦਾ ਸਾਡੇ ਉੱਤੇ ਕੋਈ ਇਖਤਿਆਰ ਨਾ ਹੋਵੇ। ਅਸੀਂ ਪਾਪ ਦੇ ਹੋਰ ਗੁਲਾਮ ਨਾ ਹੋਈਏ। 7 ਕੋਈ ਵੀ ਮਨੁੱਖ ਜੋ ਮਰ ਗਿਆ ਹੈ ਪਾਪ ਦੀ ਸ਼ਕਤੀ ਤੋਂ ਆਜ਼ਾਦ ਹੈ।
8 ਜੇ ਅਸੀਂ ਮਸੀਹ ਨਾਲ ਮਰੇ, ਤਾਂ ਸਾਡਾ ਵਿਸ਼ਵਾਸ ਹੈ ਕਿ ਅਸੀਂ ਵੀ ਉਸ ਦੇ ਨਾਲ ਜੀਵਾਂਗੇ। 9 ਸਾਨੂੰ ਪਤਾ ਹੈ ਕਿ ਮਸੀਹ ਮੁਰਦਿਆਂ ਤੋਂ ਜਿਵਾਲਿਆ ਗਿਆ ਸੀ, ਇਸ ਲਈ ਉਹ ਦੁਬਾਰਾ ਨਹੀਂ ਮਰ ਸੱਕਦਾ। ਹੁਣ ਮੌਤ ਦਾ ਉਸ ਉੱਪਰ ਕੋਈ ਵੱਸ ਨਹੀਂ। 10 ਹਾਂ, ਮਸੀਹ ਸਾਡੇ ਪਾਪਾਂ ਲਈ ਇੱਕੋ ਵਾਰ ਮਰ ਗਿਆ ਸੀ। ਅਤੇ ਜਿਹੜੀ ਜ਼ਿੰਦਗੀ ਉਹ ਹੁਣ ਜਿਉਂ ਰਿਹਾ ਹੈ ਉਹ ਪਰਮੇਸ਼ੁਰ ਲਈ ਹੈ। 11 ਇਸੇ ਤਰ੍ਹਾਂ, ਤੁਸੀਂ ਵੀ ਆਪਣੇ-ਆਪ ਨੂੰ ਪਾਪ ਵੱਲੋਂ ਮਰੇ ਹੋਏ ਸਮਝੋ। ਪਰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਲਈ ਜਿਉਂਦੇ ਸਮਝੋ।
12 ਪਰ ਪਾਪ ਨੂੰ, ਇੱਥੇ ਆਪਣੇ ਧਰਤੀ ਦੇ ਜੀਵਨ ਤੇ, ਕਾਬੂ ਨਾ ਕਰਨ ਦਿਉ। ਤੁਹਾਨੂੰ ਆਪਣੇ ਪਾਪੀ ਮਨ ਦੀਆਂ ਦੁਸ਼ਟ ਇੱਛਾਵਾਂ ਲਈ ਇਸਦੇ ਵੱਸ ਨਹੀਂ ਹੋਣਾ ਚਾਹੀਦਾ। 13 ਆਪਣੇ ਸਰੀਰ ਦੇ ਅੰਗਾਂ ਨੂੰ, ਬਦੀ ਕਰਨ ਦੇ ਸੰਦਾਂ ਵਾਂਗ, ਪਾਪ ਨੂੰ ਭੇਂਟ ਨਾ ਕਰੋ ਪਰ ਇਹ ਜਾਣਦੇ ਹੋਏ ਆਪਣੇ-ਆਪ ਨੂੰ ਪਰਮੇਸ਼ੁਰ ਨੂੰ ਭੇਟ ਕਰੋ ਕਿ ਤੁਸੀਂ ਮੁਰਦੇ ਸੀ ਅਤੇ ਹੁਣ ਤੁਸੀਂ ਜਿਉਂਦੇ ਹੋ। ਆਪਣੇ ਸਰੀਰ ਦੇ ਅੰਗਾਂ ਨੂੰ, ਚੰਗਿਆਈ ਕਰਨ ਲਈ ਸੰਦਾਂ ਵਾਂਗ, ਪਰਮੇਸ਼ੁਰ ਨੂੰ ਭੇਂਟ ਕਰੋ। 14 ਪਾਪ ਤੁਹਾਡਾ ਮਾਲਕ ਨਹੀਂ ਹੋਵੇਗਾ। ਕਿਉਂਕਿ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਹੋ ਸਗੋਂ ਤੁਸੀਂ ਪਰਮੇਸ਼ੁਰ ਦੀ ਕਿਰਪਾ ਦੇ ਹੇਠ ਹੋ।
ਨਿਆਂ ਦੇ ਸੇਵਕ
15 ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਪਾਪ ਕਰਨੇ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਅਸੀਂ ਸ਼ਰ੍ਹਾ ਦੇ ਅਧੀਨ ਨਹੀਂ ਹਾਂ ਸਗੋਂ ਕਿਰਪਾ ਹੇਠ ਹਾਂ? ਬਿਲਕੁਲ ਨਹੀਂ। 16 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸ ਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸੱਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 17 ਅਤੀਤ ਵਿੱਚ, ਤੁਸੀਂ ਪਾਪ ਦੇ ਗੁਲਾਮਾਂ ਵਾਂਗ ਜਿਉਂਦੇ ਸੀ। ਪਰ ਪਰਮੇਸ਼ੁਰ ਦਾ ਸ਼ੁਕਰ ਹੈ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਉਪਦੇਸ਼ਾਂ ਦੀ ਪਾਲਣਾ ਕੀਤੀ ਜੋ ਤੁਹਾਨੂੰ ਸਿੱਖਾਏ ਗਏ ਸਨ। 18 ਇਸ ਲਈ ਤੁਸੀਂ ਪਾਪਾਂ ਤੋਂ ਆਜ਼ਾਦ ਕੀਤੇ ਗਏ ਸੀ, ਅਤੇ ਹੁਣ ਤੁਸੀਂ ਸਹੀ ਜੀਵਨ ਦੇ ਗੁਲਾਮ ਹੋ। 19 ਇਸ ਦੀ ਵਿਆਖਿਆ ਕਰਨ ਲਈ, ਮੈਂ ਇੱਕ ਮਿਸਾਲ ਦਿੰਦਾ ਹਾਂ ਜੋ ਲੋਕਾਂ ਨੂੰ ਪਤਾ ਹੈ। ਮੈਂ ਇਸਦੀ ਵਿਆਖਿਆ ਇਸ ਢੰਗ ਨਾਲ ਕਰਦਾ ਹਾਂ ਕਿਉਂਕਿ ਇਹ ਤੁਹਾਨੂੰ ਸਮਜਣ ਲਈ ਔਖੰ ਹੈ। ਅਤੀਤ ਵਿੱਚ, ਤੁਸੀਂ ਆਪਣੇ ਸਰੀਰ ਦੇ ਅੰਗ, ਬਦੀ ਦੇ ਦਾਸ ਹੋਣ ਵਾਸਤੇ, ਪਾਪ ਨੂੰ ਸਮਰਪਿਤ ਕੀਤੇ ਸਨ। ਸੋ ਹੁਣ, ਆਪਣੇ ਸਰੀਰ ਦੇ ਅੰਗਾਂ ਨੂੰ, ਸਦਾਚਾਰੀ ਦੇ ਦਾਸ ਹੋਣ ਲਈ, ਅਰਪਿਤ ਕਰੋ। ਫ਼ੇਰ ਤੁਸੀਂ ਸਿਰਫ਼ ਪਰਮੇਸ਼ੁਰ ਲਈ ਜੀਵੋਂਗੇ।
20 ਅਤੀਤ ਵਿੱਚ, ਤੁਸੀਂ ਪਾਪ ਦੇ ਕਾਬੂ ਹੇਠ ਸੀ ਅਤੇ ਇਸੇ ਕਾਰਣ ਸਦਾਚਾਰ ਤੁਹਾਨੂੰ ਆਪਣੇ ਕਾਬੂ ਹੇਠ ਨਾ ਰੱਖ ਸੱਕਿਆ। 21 ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ। 22 ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। 23 ਤੁਹਾਡੇ ਪਾਪਾਂ ਦੀ ਮਜ਼ਦੂਰੀ ਮੌਤ ਹੈ। ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਪਕ ਜੀਵਨ ਦਿੰਦਾ ਹੈ।
ਵਿਆਹ ਦੀ ਇੱਕ ਮਿਸਾਲ
7 ਹੇ ਭਰਾਵੋ ਅਤੇ ਭੈਣੋ ਤੁਸੀਂ ਸਾਰੇ ਮੂਸਾ ਦੀ ਸ਼ਰ੍ਹਾ ਬਾਰੇ ਜਾਣਦੇ ਹੋ। ਤੁਸੀਂ ਇਹ ਜਰੂਰ ਜਾਣਦੇ ਹੋਵੋਂਗੇ ਕਿ ਜਿੰਨੇ ਦਿਨ ਮਨੁੱਖ ਜਿਉਂਦਾ ਹੈ ਉਨੇ ਦਿਨ ਸ਼ਰ੍ਹਾ ਉਸ ਉੱਪਰ ਵੱਸ ਰੱਖਦੀ ਹੈ। 2 ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ; ਇੱਕ ਵਿਆਹੀ ਔਰਤ ਆਪਣੇ ਪਤੀ ਨਾਲ, ਜਦ ਤੱਕ ਉਸਦਾ ਪਤੀ ਜਿਉਂਦਾ ਹੈ ਵਿਆਹ ਦੇ ਬੰਧਨ ਵਿੱਚ ਹੈ। ਜਦੋਂ ਉਸਦਾ ਪਤੀ ਮਰ ਜਾਂਦਾ ਹੈ, ਤਾਂ ਉਹ ਵਿਆਹ ਦੇ ਬੰਧਨ ਤੋਂ, ਆਜ਼ਾਦ ਕਰ ਦਿੱਤੀ ਜਾਂਦੀ ਹੈ। 3 ਪਰ ਜੇਕਰ ਉਹ ਦੂਜੇ ਵਿ ਅਕਤੀ ਨਾਲ ਉਦੋਂ ਵਿਆਹ ਕਰਵਾਉਂਦੀ ਹੈ, ਜਦੋਂ ਅਜੇ ਉਸਦਾ ਪਤੀ ਜਿਉਂਦਾ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਹੋਵੇਗੀ। ਪਰ ਜੇ ਉਸਦਾ ਪਤੀ ਮਰ ਜਾਂਦਾ ਹੈ, ਫ਼ੇਰ ਉਹ ਵਿਆਹ ਦੀ ਸ਼ਰ੍ਹਾ ਤੋਂ ਆਜ਼ਾਦ ਕਰ ਦਿੱਤੀ ਜਾਂਦੀ ਹੈ। ਤਾਂ ਜੇਕਰ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜੇ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਨਹੀਂ ਹੋਵੇਗੀ।
4 ਇਸੇ ਤਰ੍ਹਾਂ ਮੇਰੇ ਭਰਾਵੋ ਅਤੇ ਭੈਣੋ ਤੁਸੀਂ ਮਸੀਹ ਦੇ ਸਰੀਰ ਰਾਹੀਂ ਸ਼ਰ੍ਹਾ ਲਈ ਮਰ ਚੁੱਕੇ ਹੋ। ਤੁਸੀਂ ਦੂਜੇ ਦੇ ਹੋ ਗਏ ਭਾਵ ਉਸ ਦੇ ਹੋ ਗਏ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ। ਹੁਣ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰ ਸੱਕਦੇ ਹਾਂ। 5 ਅਤੀਤ ਵਿੱਚ, ਸਾਡੇ ਪਾਪੀ ਸੁਭਾਅ ਨੇ ਸਾਡੇ ਤੇ ਸ਼ਾਸਨ ਕੀਤਾ। ਸ਼ਰ੍ਹਾ ਨੇ ਸਾਡੇ ਅੰਦਰ ਦੁਸ਼ਟਤਾ ਕਰਨ ਦੀ ਇੱਛਾ ਨੂੰ ਉੱਤੇਜਿਤ ਕੀਤਾ, ਅਤੇ ਉਨ੍ਹਾਂ ਬਦੀਆਂ ਨੇ ਸਾਡੇ ਸਰੀਰਾਂ ਨੂੰ ਕਾਬੂ ਕਰ ਲਿਆ। ਇਸ ਲਈ ਜੋ ਕੁਝ ਵੀ ਅਸੀਂ ਕੀਤਾ ਸਿਰਫ਼ ਸਾਨੂੰ ਆਪਣੀ ਆਤਮਕ ਮੌਤ ਵੱਲ ਲੈ ਗਿਆ। 6 ਪਹਿਲਾਂ ਸ਼ਰ੍ਹਾ ਨੇ ਸਾਨੂੰ ਕੈਦੀਆਂ ਵਾਂਗ ਰੱਖਿਆ ਪਰ ਜਦੋਂ ਸਾਡੇ ਪੁਰਾਣੇ ਸੁਭਾਅ ਮਰ ਗਏ ਤਾਂ ਅਸੀਂ ਸ਼ਰ੍ਹਾ ਤੋਂ ਆਜ਼ਾਦ ਕੀਤੇ ਗਏ ਸੀ। ਇਸ ਲਈ ਹੁਣ ਅਸੀਂ ਪਰਮੇਸ਼ੁਰ ਦੀ ਸੇਵਾ ਨਵੇਂ ਢੰਗ ਨਾਲ ਕਰ ਰਹੇ ਹਾਂ, ਨਾ ਕਿ ਲਿਖੇ ਨਿਯਮਾਂ ਦੇ ਪੁਰਾਣੇ ਢੰਗ ਨਾਲ। ਹੁਣ ਅਸੀਂ ਪਰਮੇਸ਼ੁਰ ਦੀ ਸੇਵਾ ਨਵੇਂ ਢੰਗ ਵਿੱਚ ਆਤਮਾ ਦੇ ਨਾਲ ਰਹਿੰਦਿਆਂ ਹੋਇਆਂ ਕਰ ਰਹੇ ਹਾਂ।
ਪਾਪ ਦੇ ਵਿਰੁੱਧ ਸਾਡੀ ਜੰਗ
7 ਤਾਂ ਫ਼ੇਰ ਸਿੱਟਾ ਕੀ ਹੈ? ਕੀ ਪਾਪ ਅਤੇ ਸ਼ਰ੍ਹਾ ਇੱਕੋ ਹਨ? ਨਿਰਸੰਦੇਹ ਨਹੀਂ। ਕਿਉਂਕਿ ਸ਼ਰ੍ਹਾ ਤੋਂ ਬਿਨਾ ਮੈਂ ਪਾਪ ਬਾਰੇ ਨਹੀਂ ਜਾਣ ਸੱਕਦਾ। ਜੇਕਰ ਸ਼ਰ੍ਹਾ ਨੇ ਮੈਨੂੰ ਇਹ ਨਾ ਕਿਹਾ ਹੁੰਦਾ “ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਨਾ ਕਰੋ,” [e] ਮੈਨੂੰ ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਕਰਨ ਬਾਰੇ ਨਾ ਪਤਾ ਹੁੰਦਾ। 8 ਪਰ ਪਾਪ ਨੇ ਹੁਕਮ ਦੁਆਰਾ ਦਿੱਤੇ ਗਏ ਅਵਸਰ ਦਾ ਇਸਤੇਮਾਲ ਕੀਤਾ, ਮੇਰੇ ਅੰਦਰ ਹਰ ਤਰ੍ਹਾਂ ਦੀ ਗਲਤ ਇੱਛਾ ਪੈਦਾ ਕੀਤੀ। ਇਸ ਲਈ ਉਸ ਹੁਕਮ ਦੇ ਕਾਰਣ ਮੇਰੇ ਅੰਦਰ ਪਾਪ ਆਇਆ। ਸ਼ਰ੍ਹਾ ਤੋਂ ਬਿਨਾ ਪਾਪ ਮੁਰਦਾ ਹੈ। 9 ਸ਼ਰ੍ਹਾ ਨੂੰ ਜਾਨਣ ਤੋਂ ਪਹਿਲਾਂ ਮੈਂ ਸ਼ਰ੍ਹਾ ਤੋਂ ਬਿਨਾ ਜਿਉਂਦਾ ਸੀ, ਪਰ ਜਦੋਂ ਸ਼ਰ੍ਹਾ ਦਾ ਹੁਕਮ ਮੇਰੇ ਕੋਲ ਆਇਆ, ਤਾਂ ਪਾਪ ਨੇ ਜੀਵਨ ਪ੍ਰਾਪਤ ਕੀਤਾ। 10 ਅਤੇ ਮੈਂ ਉਸ ਪਾਪ ਕਾਰਣ ਆਤਮਕ ਤੌਰ ਤੇ ਖਤਮ ਹੋ ਗਿਆ। ਸ਼ਰ੍ਹਾ ਦੇ ਹੁਕਮ ਦਾ ਕੰਮ ਜੀਵਨ ਦੇਣਾ ਸੀ ਪਰ ਉਹ ਹੁਕਮ ਮੌਤ ਲਿਆਇਆ। 11 ਪਾਪ ਨੇ ਹੁਕਮ ਨੂੰ ਇਸਤੇਮਾਲ ਕਰਕੇ ਮੈਨੂੰ ਗੁਮਰਾਹ ਕਰਨ ਦਾ ਢੰਗ ਲੱਭ ਲਿਆ, ਅਤੇ ਹੁਕਮ ਦੇ ਰਾਹੀਂ ਇਹ ਮੇਰੇ ਲਈ ਆਤਮਕ ਮੌਤ ਲਿਆਇਆ।
12 ਇਸ ਲਈ ਸ਼ਰ੍ਹਾ ਪਵਿਤਰ ਹੈ ਅਤੇ ਹੁਕਮ ਪਵਿਤਰ, ਚੰਗਾ ਅਤੇ ਨਿਆਂਈ ਹੈ। 13 ਤਾਂ ਇਸਦਾ ਮਤਲਬ ਇਹ ਹੈ ਕਿ ਇੱਕ ਚੰਗੀ ਗਲ ਮੇਰੇ ਲਈ ਮੌਤ ਲਿਆਈ? ਨਿਰਸੰਦੇਹ ਨਹੀਂ। ਪਰ ਪਾਪ ਨੇ ਮੇਰੇ ਵਾਸਤੇ ਮੌਤ ਲਿਆਉਣ ਲਈ ਇੱਕ ਚੰਗੀ ਚੀਜ਼ ਇਸਤੇਮਾਲ ਕੀਤੀ ਤਾਂ ਜੋ ਮੈਂ ਪਾਪ ਨੂੰ ਪਾਪ ਵਜੋਂ ਪਛਾਣ ਸੱਕਾਂ। ਇਸ ਲਈ ਹੋਇਆ ਤਾਂ ਜੋ ਹੁਕਮ ਰਾਹੀਂ ਮੈਂ ਵੇਖ ਸੱਕਾਂ ਕਿ ਪਾਪ ਕਿੰਨਾ ਭਿਆਨਕ ਹੈ।
ਮਨੁੱਖ ਦਾ ਦਵੰਦ
14 ਅਸੀਂ ਜਾਣਦੇ ਹਾਂ ਕਿ ਸ਼ਰ੍ਹਾ ਆਤਮਕ ਹੈ। ਪਰ ਮੈਂ ਪਾਪਾਂ ਦਾ ਦਾਸ ਹੋਣ ਲਈ ਵਿਕਿਆ ਹੋਇਆ ਇੱਕ ਕਮਜ਼ੋਰ ਮਨੁੱਖ ਹਾਂ। 15 ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰ ਰਿਹਾ ਹਾਂ। ਮੈਂ ਨੇਕੀ ਕਰਨਾ ਚਾਹੁੰਦਾ ਹਾਂ, ਪਰ ਮੈਂ ਇਹ ਨਹੀਂ ਕਰਦਾ। ਇਸਦੀ ਜਗ਼੍ਹਾ, ਮੈਂ ਉਹ ਕਰਦਾ ਹਾਂ ਜਿਸ ਨੂੰ ਮੈਂ ਨਫ਼ਰਤ ਕਰਦਾ ਹਾਂ। 16 ਅਤੇ ਜੇਕਰ ਮੈਂ ਬੁਰੇ ਕੰਮ ਨਹੀਂ ਕਰਨਾ ਚਾਹੁੰਦਾ, ਜੋ ਮੈਂ ਕਰਦਾ ਹਾਂ, ਇਸਦਾ ਮਤਲਬ ਇਹ ਹੈ ਕਿ ਮੈਂ ਸਹਿਮਤ ਹਾਂ ਕਿ ਸ਼ਰ੍ਹਾ ਚੰਗੀ ਹੈ। 17 ਪਰ ਮੈਂ ਉਹ ਇੱਕ ਨਹੀਂ ਹਾਂ ਜੋ ਬੁਰੇ ਕੰਮ ਕਰਦਾ ਹਾਂ। ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਉਨ੍ਹਾਂ ਨੂੰ ਕਰਦਾ ਹੈ। 18 ਹਾਂ, ਮੈਨੂੰ ਪਤਾ ਕਿ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਰਹਿੰਦਾ ਹੈ। ਮੇਰਾ ਮਤਲਬ ਹੈ ਕਿ ਮੇਰੇ ਪਾਪੀ ਸੁਭਾਅ ਵਿੱਚ ਕੁਝ ਵੀ ਚੰਗਾ ਨਹੀਂ ਰਹਿੰਦਾ। ਮੈਂ, ਜੋ ਚੰਗਾ ਹੈ, ਉਹ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲ ਇਹ ਕਰਨ ਦੀ ਸ਼ਕਤੀ ਨਹੀਂ ਹੈ। 19 ਮੈਂ ਚੰਗੇ ਕੰਮ ਨਹੀਂ ਕਰਦਾ, ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਮੈਂ ਭੈੜੇ ਕੰਮ ਕਰਦਾ ਹਾਂ, ਜੋ ਮੈਂ ਨਹੀਂ ਕਰਨੇ ਚਾਹੁੰਦਾ। 20 ਇਸ ਲਈ ਜੇਕਰ ਮੈਂ ਉਹ ਕਰ ਰਿਹਾ ਹਾਂ ਜੋ ਨਹੀਂ ਕਰਨਾ ਚਾਹੁੰਦਾ, ਤਾਂ ਉਹ ਮੈਂ ਨਹੀਂ ਹਾਂ ਜੋ ਇਹ ਕਰ ਰਿਹਾ ਹੈ। ਇਹ ਪਾਪ ਹੈ ਜੋ ਮੇਰੇ ਅੰਦਰ ਰਹਿੰਦਾ ਹੈ ਤੇ ਇਹ ਕਰਦਾ ਹੈ।
21 ਸੋ ਮੈਂ ਇਹ ਅਸੂਲ ਸਿੱਖਿਆ ਹੈ: ਜਦੋਂ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਹਾਂ, ਤਾਂ ਉੱਥੇ ਦੁਸ਼ਟਤਾ ਮੇਰੇ ਨਾਲ ਹੈ। ਅਤੇ ਇਹ ਬੁਰੀਆਂ ਗੱਲਾਂ ਕਰਦੀ ਹੈ। 22 ਮੈਂ ਪਰਮੇਸ਼ੁਰ ਦੇ ਨੇਮ ਨਾਲ ਆਪਣੇ ਦਿਲ ਵਿੱਚ ਖੁਸ਼ੀ ਮਹਿਸੂਸ ਕੱਰਦਾ ਹਾਂ। 23 ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਨਿਯਮ ਵੇਖਦਾ ਹਾਂ ਜੋ ਉਸ ਨੇਮ ਦੇ ਖਿਲਾਫ਼ ਲੜਦਾ ਹੈ ਜੋ ਮੇਰਾ ਮਨ ਕਬੂਲਦਾ ਹੈ। ਮੇਰੇ ਅੰਦਰ ਕੰਮ ਕਰ ਰਿਹਾ ਉਹ ਦੂਜਾ ਨਿਯਮ ਪਾਪ ਦਾ ਨੇਮ ਹੈ, ਅਤੇ ਇਹ ਮੈਨੂੰ ਕੈਦੀ ਬਣਾਉਂਦਾ ਹੈ। 24 ਮੈਂ ਕਿੰਨਾ ਅਭਾਗਾ ਹਾਂ। ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੇਰੇ ਲਈ ਮੌਤ ਲੈ ਕੇ ਆਉਦਾ ਹੈ। 25 ਪਰਮੇਸ਼ੁਰ ਮੈਨੂੰ ਬਚਾਵੇਗਾ। ਮੈਂ ਯਿਸੂ ਮਸੀਹ, ਸਾਡੇ ਪ੍ਰਭੂ ਰਾਹੀਂ ਬਚਾਉਣ ਲਈ ਉਸਦਾ ਧੰਨਵਾਦ ਕਰਦਾ ਹਾਂ।
ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇਮ ਦਾ ਦਾਸ ਹਾਂ। ਪਰ ਆਪਣੇ ਪਾਪੀ ਸੁਭਾਅ ਵਿੱਚ ਮੈਂ ਪਾਪ ਦੇ ਨੇਮ ਦਾ ਦਾਸ ਹਾਂ।
2010 by World Bible Translation Center