Beginning
1 ਪੌਲੁਸ, ਮਸੀਹ ਯਿਸੂ ਦੇ ਸੇਵਕ ਵੱਲੋਂ ਸ਼ੁਭਕਾਮਨਾਵਾਂ।
ਪਰਮੇਸ਼ੁਰ ਨੇ ਮੈਨੂੰ ਰਸੂਲ ਬਨਣ ਲਈ ਸੱਦਿਆ। ਮੈਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸਾਰੇ ਲੋਕਾਂ ਨੂੰ ਸੁਨਾਉਣ ਲਈ ਚੁਣਿਆ ਗਿਆ।
2 ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਇਹ ਖੁਸ਼ਖਬਰੀ ਆਪਣੇ ਲੋਕਾਂ ਨੂੰ ਸੁਨਾਉਣ ਦਾ ਪਹਿਲਾਂ ਤੋਂ ਹੀ ਵਚਨ ਦਿੱਤਾ ਸੀ। ਉਹ ਵਚਨ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੋਇਆ ਹੈ। 3-4 ਇਹ ਖੁਸ਼ਖਬਰੀ ਪਰਮੇਸ਼ੁਰ ਦੇ ਪੁੱਤਰ, ਸਾਡੇ ਪ੍ਰਭੂ ਯਿਸੂ ਮਸੀਹ ਬਾਰੇ ਹੈ। ਉਹ ਇੱਕ ਮਨੁੱਖ ਦੇ ਤੌਰ ਤੇ ਦਾਊਦ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਪਰ ਪਵਿੱਤਰਤਾ ਦੇ ਆਤਮਾ ਰਾਹੀਂ ਉਹ ਸ਼ਕਤੀ ਨਾਲ ਪਰਮੇਸ਼ੁਰ ਦਾ ਪੁੱਤਰ ਵਿਖਾਇਆ ਗਿਆ, ਜਦੋਂ ਉਹ ਮੁਰਦਿਆਂ ਤੋਂ ਜੀ ਉੱਠਿਆ ਸੀ। ਉਹ ਯਿਸੂ ਮਸੀਹ ਸਾਡਾ ਪਰਮੇਸ਼ੁਰ ਹੈ।
5 ਮਸੀਹ ਰਾਹੀਂ, ਪਰਮੇਸ਼ੁਰ ਨੇ ਮੈਨੂੰ ਰਸੂਲ ਦਾ ਕਾਰਜ ਕਰਨ ਲਈ ਵਿਸ਼ੇਸ਼ ਅਧਿਕਾਰ ਦਿੱਤਾ ਹੈ। ਪਰਮੇਸ਼ੁਰ ਨੇ ਮੈਨੂੰ ਸਾਰੀਆਂ ਕੌਮਾਂ ਵਿੱਚ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਅਤੇ ਆਗਿਆਕਾਰਤਾ ਵੱਲ ਪ੍ਰੇਰਿਤ ਕਰਨ ਦਾ ਕੰਮ ਦਿੱਤਾ ਹੈ। ਇਹ ਉਸ ਦੇ ਨਾਂ ਲਈ ਮਹਿਮਾ ਲਿਆਵੇਗਾ। 6 ਤੁਹਾਨੂੰ ਵੀ ਯਿਸੂ ਮਸੀਹ ਨਾਲ ਸੰਬੰਧਿਤ ਹੋਣ ਲਈ ਸੱਦਿਆ ਗਿਆ ਹੈ।
7 ਇਹ ਚਿੱਠੀ ਤੁਹਾਨੂੰ ਸਾਰੇ ਰੋਮੀਆਂ ਨੂੰ ਲਿਖੀ ਗਈ ਹੈ ਜਿਹੜੇ ਪਰਮੇਸ਼ੁਰ ਨੂੰ ਪਿਆਰੇ ਹਨ। ਉਸ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਹੋਣ ਲਈ ਸੱਦਿਆ ਹੈ।
ਤੁਹਾਨੂੰ ਸਾਡੇ ਪਿਤਾ ਪਰਮੇਸ਼ੁਰ ਵੱਲੋਂ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਕਿਰਪਾ ਅਤੇ ਸ਼ਾਂਤੀ।
ਧੰਨਵਾਦ ਦੀ ਪ੍ਰਾਰਥਨਾ
8 ਸਭ ਤੋਂ ਪਹਿਲਾਂ ਤਾਂ ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਸਾਰੀ ਦੁਨੀਆਂ ਵਿੱਚ ਲੋਕ ਤੁਹਾਡੇ ਮਹਾਨ ਵਿਸ਼ਵਾਸ ਬਾਰੇ ਗੱਲਾਂ ਕਰ ਰਹੇ ਹਨ। 9-10 ਮੈਂ ਹਰ ਵੇਲੇ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। ਇੱਕ ਪਰਮੇਸ਼ੁਰ ਹੀ ਹੈ ਜਿਸਦੇ ਪੁੱਤਰ ਦੀ ਖੁਸ਼ਖਬਰੀ ਬਾਰੇ ਦੱਸੱਕੇ ਮੈਂ ਆਪਣੇ ਦਿਲੋਂ ਉਸ ਦੀ ਸੇਵਾ ਕਰਦਾ ਹਾਂ। ਮੈਂ ਉਸ ਅੱਗੇ ਲਗਾਤਾਰ ਪ੍ਰਾਰਥਨਾ ਕਰਦਾ ਹਾਂ ਕਿ ਉਸਦੀ ਇੱਛਾ ਅਨੁਸਾਰ ਮੈਨੂੰ ਤੁਹਾਡੇ ਕੋਲ ਆਉਣ ਦੀ ਆਗਿਆ ਦਿੱਤੀ ਜਾਵੇਗੀ। 11 ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਅਤੇ ਤੁਹਾਨੂੰ ਬਲਵਾਨ ਬਨਾਉਣ ਲਈ ਕੁਝ ਆਤਮਕ ਤੋਹਫ਼ੇ ਦੇਣਾ ਚਾਹੁੰਦਾ ਹਾਂ। 12 ਅਸੀਂ ਆਪਣੇ ਆਪ ਨੂੰ ਵਿਸ਼ਵਾਸ ਰਾਹੀਂ ਪਰਸਪਰ ਤਾਕਤਵਰ ਬਣਾ ਸੱਕਦੇ ਹਾਂ ਇਸ ਵਿਸ਼ਵਾਸ ਤੋਂ ਮੇਰਾ ਭਾਵ, ਜਿਹੜਾ ਤੁਹਾਨੂੰ ਤੇ ਮੈਨੂੰ ਹੈ।
13 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੜੀ ਵਾਰ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਪਰ ਹੁਣ ਤੱਕ ਮੈਨੂੰ ਆਗਿਆ ਨਹੀਂ ਸੀ ਦਿੱਤੀ ਗਈ। ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤਾਂ ਜੋ ਮੈਂ ਤੁਹਾਡੇ ਆਤਮਕ ਵਾਧੇ ਵਿੱਚ ਤੁਹਾਡੀ ਸਹਾਇਤਾ ਕਰ ਸੱਕਾਂ ਉਵੇਂ ਜਿਵੇਂ ਮੈਂ ਹੋਰਨਾਂ ਕੌਮਾਂ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਹੈ।
14 ਸਭ ਲੋਕਾਂ ਦੀ, ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁੱਧੀਵਾਨ ਅਤੇ ਮੂਰਖ ਲੋਕਾਂ ਦੀ, ਸੇਵਾ ਕਰਨੀ ਮੇਰਾ ਫ਼ਰਜ਼ ਹੈ। 15 ਇਸੇ ਲਈ ਮੈਂ ਤੁਹਾਨੂੰ ਵੀ, ਜਿਹੜੇ ਰੋਮ ਵਿੱਚ ਹੋ, ਖੁਸ਼ਖਬਰੀ ਦੇਣ ਦਾ ਇੱਛੁਕ ਹਾਂ।
16 ਮੈਨੂੰ ਖੁਸ਼ਖਬਰੀ ਤੇ ਮਾਣ ਹੈ। ਇਹ ਉਹ ਤਾਕਤ ਹੈ, ਜਿਹੜੀ ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਬਚਾਉਣ ਲਈ ਇਸਤੇਮਾਲ ਕਰਦਾ ਹੈ, ਜਿਹੜੇ ਵਿਸ਼ਵਾਸ ਕਰਦੇ ਹਨ, ਪਹਿਲਾਂ ਯਹੂਦੀਆਂ ਨੂੰ ਅਤੇ ਗੈਰ ਯਹੂਦੀਆਂ ਨੂੰ ਵੀ ਬਚਾਉਣ ਲਈ ਇਸਤੇਮਾਲ ਕਰਦਾ ਹੈ। 17 ਖੁਸ਼ਖਬਰੀ ਇਹ ਵਿਖਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, “ਜਿਹੜਾ ਮਨੁੱਖ ਨਿਹਚਾ ਨਮਿੱਤ ਧਰਮੀ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ।” [a]
ਸਭ ਲੋਕਾਂ ਨੇ ਗਲਤੀ ਕੀਤੀ ਹੈ
18 ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ। ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸ ਦੇ ਵਿਰੋਧ ਵਿੱਚ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ। 19 ਪਰਮੇਸ਼ੁਰ ਆਪਣਾ ਗੁੱਸਾ ਵਿਖਾਉਂਦਾ ਹੈ ਕਿਉਂਕਿ ਜੋ ਕੁਝ ਕੋਈ ਪਰਮੇਸ਼ੁਰ ਬਾਰੇ ਜਾਣ ਸੱਕਦਾ ਹੈ ਉਹ ਸਭ ਜਾਣਦੇ ਹਨ। ਹਾਂ, ਉਸ ਨੇ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਲੋਕਾਂ ਨੂੰ ਵਿਖਾਇਆ ਹੈ।
20 ਪਰਮੇਸ਼ੁਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਵੇਖ ਸੱਕਦੇ। ਉਹ ਉਸਦੀ ਸਦੀਵੀ ਸ਼ਕਤੀ ਅਤੇ ਉਹ ਸਭ ਚੀਜ਼ਾਂ ਹਨ ਜੋ ਉਸ ਨੂੰ ਪਰਮੇਸ਼ੁਰ ਬਣਾਉਂਦੀਆਂ ਹਨ। ਸੰਸਾਰ ਦੇ ਅਰੰਭ ਵੇਲੇ ਤੋਂ ਉਨ੍ਹਾਂ ਗੱਲਾਂ ਨੂੰ ਸਮਝਣਾ ਸੌਖਾ ਹੈ। ਕਿਉਂਕਿ ਉਸਦੀ ਸਿਰਜਣਾ ਵਿੱਚ ਉਹ ਗੱਲਾਂ ਸਪੱਸ਼ਟ ਹਨ। ਇਸ ਲਈ ਲੋਕਾਂ ਕੋਲ ਉਨ੍ਹਾਂ ਮੰਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੋਵੇਗਾ ਜਿਹੜੇ ਉਹ ਕਰਦੇ ਹਨ।
21 ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸ ਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ। 22 ਭਾਵੇਂ ਉਨ੍ਹਾਂ ਨੇ ਦਾਵ੍ਹਾ ਕੀਤਾ ਸੀ ਕਿ ਉਹ ਸਿਆਣੇ ਹਨ, ਪਰ ਉਹ ਮੂਰਖ ਬਣ ਗਏ। 23 ਉਨ੍ਹਾਂ ਨੇ ਅਬਨਾਸ਼ੀ ਪਰਮੇਸ਼ੁਰ ਨੂੰ ਸਤਿਕਾਰਨਾ ਬੰਦ ਕਰ ਦਿੱਤਾ, ਤੇ ਇਸਦੀ ਜਗ਼੍ਹਾ ਉਨ੍ਹਾਂ ਨੇ ਮੂਰਤੀਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਜੋ ਧਰਤੀ ਦੇ ਲੋਕਾਂ ਵਾਂਗ ਦਿਖਦੀਆਂ ਹਨ। ਉਨ੍ਹਾਂ ਨੇ ਪੰਛੀਆਂ, ਜਾਨਵਰਾਂ ਤੇ ਸੱਪਾਂ ਵਰਗੀਆਂ ਨਾਸ਼ਵਾਨ ਚੀਜ਼ਾਂ ਵਾਸਤੇ ਪਰਮੇਸ਼ੁਰ ਦੀ ਮਹਿਮਾ ਦਾ ਵਪਾਰ ਕੀਤਾ।
24 ਲੋਕੀਂ ਪਾਪਾਂ ਨਾਲ ਭਰੇ ਹੋਏ ਸਨ ਅਤੇ ਸਿਰਫ਼ ਮੰਦੀਆਂ ਗੱਲਾਂ ਹੀ ਕਰਨਾ ਚਾਹੁੰਦੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪੀ ਰਾਹ ਵੱਲ ਜਾਣ ਲਈ ਛੱਡ ਦਿੱਤਾ। ਇਸ ਲਈ ਉਹ ਇੱਕ ਦੂਜੇ ਨਾਲ ਸ਼ਰਮਨਾਕ ਗੱਲਾਂ ਕਰਕੇ ਆਪਣੇ ਸਰੀਰਾਂ ਦੀ ਗਲਤ ਵਰਤੋਂ ਕਰਨ ਲੱਗੇ। 25 ਉਨ੍ਹਾਂ ਨੇ ਪਰਮੇਸ਼ੁਰ ਦੇ ਸੱਚ ਨੂੰ ਇੱਕ ਝੂਠ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਪਰ ਉਸ ਪਰਮੇਸ਼ੁਰ ਦੀ ਨਹੀਂ, ਜਿਸਨੇ ਉਨ੍ਹਾਂ ਚੀਜ਼ਾਂ ਨੂੰ ਬਣਾਇਆ ਸੀ। ਸਿਰਫ਼ ਪਰਮੇਸ਼ੁਰ ਦੀ ਹੀ ਉਸਤਤਿ ਸਦਾ ਹੋਣੀ ਚਾਹੀਦੀ ਹੈ। ਆਮੀਨ।
26 ਪਰਮੇਸ਼ੁਰ ਨੇ ਉਨ੍ਹਾਂ ਨੂੰ ਸ਼ਰਮਸਾਰੀ ਵਾਲੀਆਂ ਗੱਲਾਂ ਕਰਨ ਲਈ ਛੱਡ ਦਿੱਤਾ, ਜਿਨ੍ਹਾਂ ਦੀ ਉਨ੍ਹਾਂ ਨੇ ਇੱਛਾ ਕੀਤੀ ਸੀ। ਉਨ੍ਹਾਂ ਦੀਆਂ ਔਰਤਾਂ ਨੇ ਮਰਦਾਂ ਨਾਲੋਂ ਜਿਨਸੀ ਸੰਬੰਧ ਤੋੜ ਲਏ ਅਤੇ ਦੂਸਰੀਆਂ ਔਰਤਾਂ ਨਾਲ ਜਿਨਸੀ ਸੰਬੰਧ ਜੋੜ ਲਏ। 27 ਇਸੇ ਤਰ੍ਹਾਂ ਮਰਦਾਂ ਨੇ ਵੀ ਔਰਤਾਂ ਨਾਲ ਜਿਨਸੀ ਸੰਬੰਧ ਤੋੜ ਲਏ ਅਤੇ ਆਪਸ ਵਿੱਚ ਕਾਮਾਤੁਰ ਹੋਕੇ ਕਾਮਅਗਨੀ ਵਿੱਚ ਮੱਚਣ ਲੱਗੇ। ਇੰਝ ਮਰਦਾਂ ਨੇ ਇੱਕ ਦੂਜੇ ਨਾਲ ਸ਼ਰਮਸਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਕਰਕੇ ਉਨ੍ਹਾਂ ਨੂੰ ਆਪਣੇ ਸਰੀਰਾਂ ਵਿੱਚ, ਕੀਤੇ ਬੁਰੇ ਕੰਮਾਂ ਦੀ ਸਜ਼ਾਂ ਭੁਗਤਨੀ ਪਈ।
28 ਲੋਕਾਂ ਨੇ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪਾਉਣਾ ਜ਼ਰੂਰੀ ਨਾ ਸਮਝਿਆ, ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਕੰਮੀਆਂ ਸੋਚਾਂ ਤੇ ਛੱਡ ਦਿੱਤਾ। ਤਾਂ ਲੋਕ ਉਹ ਕੰਮ ਕਰਨ ਲੱਗ ਪਏ ਜਿਹੜੇ ਕਿ ਉਨ੍ਹਾਂ ਨੂੰ ਨਹੀਂ ਕਰਨੇ ਚਾਹੀਦੇ ਸਨ। 29 ਉਹ ਲੋਕ ਹਰ ਤਰ੍ਹਾਂ ਦੇ ਪਾਪਾਂ, ਬਦੀ, ਸੁਆਰਥ, ਨਫ਼ਰਤ, ਦੁਸ਼ਮਣੀ, ਕਤਲ, ਲੜਾਈ, ਬੇਈਮਾਨੀ ਨਾਲ ਭਰੇ ਹੋਏ ਹਨ ਅਤੇ ਉਹ ਦੂਜਿਆਂ ਬਾਰੇ ਭੈੜੀਆਂ ਗੱਲਾਂ ਸੋਚਦੇ ਹਨ। 30 ਉਹ ਲੋਕ ਅਫ਼ਵਾਹਾਂ ਫ਼ੈਲਾਉਂਦੇ ਗੱਪਾਂ ਮਾਰਦੇ ਅਤੇ ਇੱਕ ਦੂਜੇ ਬਾਰੇ ਨਿੰਦਾ ਕਰਦੇ ਰਹਿੰਦੇ ਹਨ। ਉਹ ਪਰਮੇਸ਼ੁਰ ਨੂੰ ਘਿਰਣਾ ਕਰਦੇ ਹਨ। ਉਹ ਢੀਠ, ਹੰਕਾਰੀ, ਸ਼ੇਖੀਬਾਜ਼, ਹਨ ਅਤੇ ਉਹ ਬਦਕਰਨੀਆਂ ਕਰਨ ਲਈ ਨਿੱਤ ਨਵੇਂ ਰਾਹਾਂ ਦੀ ਈਜਾਦ ਕਰਦੇ ਹਨ। ਉਹ ਆਪਣੇ ਮਾਪਿਆਂ ਦੇ ਆਗਿਆਕਾਰੀ ਵੀ ਨਹੀਂ। 31 ਉਹ ਮੂਰਖ ਹਨ। ਉਹ ਆਪਣੇ ਵਚਨ ਵੀ ਨਹੀਂ ਨਿਭਾਉਂਦੇ ਤੇ ਨਾ ਹੀ ਦੂਜੇ ਲੋਕਾਂ ਲਈ ਕੋਈ ਦਯਾ ਭਾਵਨਾ ਜਾਂ ਨਿਮਰਤਾ ਰੱਖਦੇ ਹਨ। 32 ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਬਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰੱਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।
ਤੁਸੀਂ ਯਹੂਦੀ ਵੀ ਪਾਪੀ ਹੋ
2 ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਦੁਨੀਆਂ ਦਾ ਨਿਆਂ ਕਰ ਸੱਕਦੇ ਹੋ, ਤੁਸੀਂ ਗਲਤ ਕਰ ਰਹੇ ਹੋ। ਤੁਸੀਂ ਖੁਦ ਵੀ ਪਾਪ ਕਰਨ ਦੇ ਕਸੂਰਵਾਰ ਹੋ ਅਰ ਤੁਸੀਂ ਉਨ੍ਹਾਂ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋ, ਪਰ ਖੁਦ ਵੀ ਉਹੀ ਕਰਦੇ ਹੋ, ਜੋ ਉਹ ਕਰਦੇ ਹਨ। ਇਸ ਲਈ ਜਦੋਂ ਤੁਸੀਂ ਦੂਜਿਆਂ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ ਅਸਲ ਵਿੱਚ ਤੁਸੀਂ ਆਪਣੇ ਆਪ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ। 2 ਪਰਮੇਸ਼ੁਰ ਉਨ੍ਹਾਂ ਦਾ ਨਿਆਂ ਖੁਦ ਕਰਦਾ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਮੰਦੇ ਕੰਮ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਹਮੇਸ਼ਾ ਸਹੀ ਹੁੰਦਾ ਹੈ। 3 ਤੁਸੀਂ ਉਨ੍ਹਾਂ ਲੋਕਾਂ ਦਾ ਨਿਆਂ ਕਰਦੇ ਹੋ ਜੋ ਅਜਿਹੇ ਮੰਦੇ ਕਰਦੇ ਹਨ, ਪਰ ਤੁਸੀਂ ਖੁਦ ਵੀ ਉਹੀ ਗੱਲਾਂ ਕਰ ਰਹੇ ਹੋ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਸ਼ਚਿਤ ਹੀ ਪਰਮੇਸ਼ੁਰ ਤੁਹਾਡਾ ਵੀ ਨਿਆਂ ਕਰੇਗਾ। ਉਦੋਂ ਤੁਸੀਂ ਨਹੀਂ ਬਚ ਸੱਕੋਂਗੇ। 4 ਪਰਮੇਸ਼ੁਰ ਤੁਹਾਡੇ ਤੇ ਬਹੁਤ ਦਿਆਲੂ ਰਿਹਾ ਹੈ ਅਤੇ ਉਸ ਨੇ ਤੁਹਾਡੇ ਨਾਲ ਬੜੇ ਸਬਰ ਤੋਂ ਕੰਮ ਲਿਆ ਹੈ। ਉਹ ਤੁਹਾਡੇ ਬਦਲਣ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਤੁਸੀਂ ਉਸਦੀ ਦਯਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹੋ। ਤੁਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਪਰਮੇਸ਼ੁਰ ਦੀ ਦਯਾ, ਦਾ ਉਦੇਸ਼ ਤੁਹਾਡੇ ਦਿਲ ਅਤੇ ਜੀਵਨ ਨੂੰ ਬਦਲਣ ਵਿੱਚ ਤੁਹਾਡੀ ਮਦਦ ਕਰਨ ਦਾ ਹੈ।
5 ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ। 6 ਉਸ ਦਿਨ ਪਰਮੇਸ਼ੁਰ ਹਰ ਇੱਕ ਨੂੰ ਉਸ ਦੇ ਕੀਤੇ ਅਨੁਸਾਰ ਸਜ਼ਾ ਜਾਂ ਫ਼ਲ ਦੇਵੇਗਾ। 7 ਜਿਹੜੇ ਮਨੁੱਖ ਪਰਮੇਸ਼ੁਰ ਦੀ ਮਹਿਮਾ, ਸਤਿਕਾਰ ਅਤੇ ਸਦੀਪਕ ਜੀਵਨ ਵਾਸਤੇ ਜਿਉਂਦੇ ਹਨ ਉਹ ਨਿਰੰਤਰ ਚੰਗੇ ਕੰਮ ਕਰਦੇ ਹਨ। ਉਹ ਪਰਮੇਸ਼ੁਰ ਤੋਂ ਸਦੀਪਕ ਜੀਵਨ ਪ੍ਰਾਪਤ ਕਰਨਗੇ। 8 ਪਰ ਕੁਝ ਲੋਕ ਸੁਆਰਥੀ ਹਨ ਅਤੇ ਉਹ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ। ਉਹ ਲੋਕ ਦੁਸ਼ਟਤਾ ਦੇ ਰਾਹ ਦਾ ਅਨੁਸਰਣ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦੇਵੇਗਾ ਤੇ ਆਪਣਾ ਕਰੋਧ ਵਿਖਾਵੇਗਾ। 9 ਪਰਮੇਸ਼ੁਰ ਹਰੇਕ ਉਸ ਮਨੁੱਖ ਨੂੰ ਪਹਿਲਾਂ ਯਹੂਦੀ ਨੂੰ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਉਦਾਸੀ ਅਤੇ ਕਸ਼ਟ ਦੇਵੇਗਾ ਜਿਹੜਾ ਬੁਰਿਆਈ ਕਰਦਾ ਹੈ। 10 ਪਰਮੇਸ਼ੁਰ ਹਰੇਕ ਮਨੁੱਖ ਨੂੰ ਪਹਿਲਾਂ ਯਹੂਦੀ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਮਹਿਮਾ, ਸਤਿਕਾਰ ਅਤੇ ਸ਼ਾਂਤੀ ਦੇਵੇਗਾ ਜਿਹੜੇ ਚੰਗੇ ਕੰਮ ਕਰਦਾ ਹੈ। 11 ਪਰਮੇਸ਼ੁਰ ਸਭ ਲੋਕਾਂ ਦਾ ਨਿਆਂ ਬਿਨਾ ਪੱਖਪਾਤ ਤੋਂ ਕਰਦਾ ਹੈ।
12 ਜਿਨ੍ਹਾਂ ਲੋਕਾਂ ਨੇ ਸ਼ਰ੍ਹਾ ਤੋਂ ਬਿਨਾ ਪਾਪ ਕੀਤੇ ਹਨ, ਉਨ੍ਹਾਂ ਦਾ ਨਿਆਂ ਸ਼ਰ੍ਹਾ ਤੋਂ ਬਿਨਾ ਕੀਤਾ ਜਾਵੇਗਾ, ਅਤੇ ਜਿਨ੍ਹਾਂ ਲੋਕਾਂ ਨੇ ਸ਼ਰ੍ਹਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਹਨ ਉਨ੍ਹਾਂ ਦਾ ਨਿਆਂ ਸ਼ਰ੍ਹਾ ਅਨੁਸਾਰ ਕੀਤਾ ਜਾਵੇਗਾ। 13 ਸ਼ਰ੍ਹਾ ਨੂੰ ਸੁਣਨ ਨਾਲ ਕੋਈ ਵੀ ਧਰਮੀ ਨਹੀਂ ਬਣ ਸੱਕਦਾ। ਸਿਰਫ਼ ਉਹੀ, ਜਿਹੜੇ ਉਹ ਕਰਦੇ ਹਨ ਜੋ ਸ਼ਰ੍ਹਾ ਆਖਦੀ ਹੈ ਧਰਮੀ ਠਹਿਰਾਏ ਜਾਣਗੇ।
14 ਗੈਰ-ਯਹੂਦੀਆਂ ਕੋਲ ਸ਼ਰ੍ਹਾ ਨਹੀਂ ਹੈ। ਪਰ ਜੇ ਉਹ ਜੋ ਸ਼ਰ੍ਹਾ ਦਾ ਹੁਕਮ ਹੈ ਆਪਣੇ ਆਪ ਕਰਦੇ ਹਨ, ਭਾਵੇਂ ਉਨ੍ਹਾਂ ਕੋਲ ਸ਼ਰ੍ਹਾ ਨਹੀਂ ਹੈ, ਉਹ ਖੁਦ ਵਾਸਤੇ ਹੀ ਸ਼ਰ੍ਹਾ ਹਨ। 15 ਉਹ ਦਰਸ਼ਾਉਂਦੇ ਹਨ ਕਿ ਸ਼ਰ੍ਹਾ ਉਨ੍ਹਾਂ ਦੇ ਦਿਲਾਂ ਵਿੱਚ ਲਿਖੀ ਹੋਈ ਹੈ। ਉਹ ਇਸ ਨੂੰ ਆਪਣੀ ਭਾਵਨਾ ਦੁਆਰਾ ਸਹੀ ਅਤੇ ਗਲਤ ਦਰਸ਼ਾਉਂਦੇ ਹਨ। ਕਈ ਵਾਰੀ ਉਨ੍ਹਾਂ ਦੀਆਂ ਸੋਚਾਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਗਲਤ ਕੀਤਾ, ਅਤੇ ਇਹ ਉਨ੍ਹਾਂ ਨੂੰ ਦੋਸ਼ੀ ਬਣਾਉਂਦਾ ਹੈ। ਕਈ ਵਾਰੀ ਉਨ੍ਹਾਂ ਦੀਆਂ ਸੋਚਾਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਸਹੀ ਕੀਤਾ, ਅਤੇ ਇਹ ਉਨ੍ਹਾਂ ਨੂੰ ਨਿਰਦੋਸ਼ ਬਣਾਉਂਦੀਆਂ ਹਨ।
16 ਇਹ ਸਭ ਉਦੋਂ ਵਾਪਰੇਗਾ ਜਦੋਂ ਪਰਮੇਸ਼ੁਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ। ਖੁਸ਼ਖਬਰੀ ਦੇ ਅਨੁਸਾਰ ਮੈਂ ਪ੍ਰਚਾਰ ਕਰਦਾ ਹਾਂ। ਪਰਮੇਸ਼ੁਰ ਲੋਕਾਂ ਦਾ ਨਿਆਂ ਮਸੀਹ ਯਿਸੂ ਰਾਹੀਂ ਕਰੇਗਾ।
ਯਹੂਦੀ ਅਤੇ ਸ਼ਰ੍ਹਾ
17 ਤੁਹਾਡਾ ਕੀ ਬਣੇਗਾ? ਤੁਸੀਂ ਆਖਦੇ ਹੋ ਕਿ ਤੁਸੀਂ ਯਹੂਦੀ ਹੋ। ਤੁਸੀਂ ਸ਼ਰ੍ਹਾ ਵਿੱਚ ਯਕੀਨ ਰੱਖਦੇ ਹੋ ਅਤੇ ਸ਼ੇਖੀ ਮਾਰਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਥੋਂ ਕੀ ਕਰਾਉਣਾ ਚਾਹੁੰਦਾ ਹੈ, ਅਤੇ ਤੁਸੀਂ ਜਾਣਦੇ ਹੋ ਕਿ ਕਿਹੜੀਆਂ ਗੱਲਾਂ ਮਹਤਵਪੂਰਣ ਹਨ ਕਿਉਂਕਿ ਤੁਹਾਡੇ ਕੋਲ ਸ਼ਰ੍ਹਾ ਦੀ ਅਗਵਾਈ ਹੈ। 19 ਤੁਸੀਂ ਸੋਚਦੇ ਹੋ ਕਿ ਤੁਸੀਂ ਉਨ੍ਹਾਂ ਲਈ ਮਾਰਗ ਦਰਸ਼ਕ ਹੋ, ਜਿਹੜੇ ਅੰਨ੍ਹੇ ਹਨ, ਅਤੇ ਉਨ੍ਹਾਂ ਲਈ ਰੌਸ਼ਨੀ ਹੋ, ਜਿਹੜੇ ਹਨੇਰੇ ਵਿੱਚ ਹਨ। 20 ਤੁਸੀਂ ਸੋਚਦੇ ਹੋ ਕਿ ਤੁਸੀਂ ਮੂਰੱਖਾਂ ਨੂੰ ਕੀ ਠੀਕ ਹੈ ਦੀ ਪਛਾਣ ਕਰਵਾ ਸੱਕਦੇ ਹੋ। ਅਤੇ ਇਹ ਵੀ ਸੋਚਦੇ ਹੋ ਤੁਸੀਂ ਨਵੇਂ ਵਿਦਿਆਰਥੀਆਂ ਲਈ ਅਧਿਆਪਕ ਹੋ। ਤੁਹਾਡੇ ਕੋਲ ਸ਼ਰ੍ਹਾ ਹੈ, ਇਸ ਲਈ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਤੁਹਾਡੇ ਕੋਲ ਸਾਰੇ ਸੱਚ ਹਨ। 21 ਤਾਂ ਤੁਸੀਂ ਜੋ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋ, ਤੁਸੀਂ ਆਪਣੇ-ਆਪ ਨੂੰ ਕਿਉਂ ਨਹੀਂ ਸਿੱਖਾਉਂਦੇ? ਤੁਸੀਂ ਜੋ ਦੂਜਿਆਂ ਨੂੰ ਚੋਰੀ ਨਾ ਕਰਨ ਵਾਸਤੇ ਆਖਦੇ ਹੋ ਕੀ ਤੁਸੀਂ ਚੋਰੀ ਨਹੀਂ ਕਰਦੇ ਹੋ? 22 ਤੁਸੀਂ ਜੋ ਦੂਜਿਆਂ ਨੂੰ ਆਖਦੇ ਹੋ ਬਦਕਾਰੀ ਦਾ ਪਾਪ ਨਾ ਕਰੋ, ਕੀ ਤੁਸੀਂ ਨਹੀਂ ਕਰਦੇ? ਤੁਸੀਂ ਮੂਰਤੀਆਂ, ਨੂੰ ਘਿਰਣਾ ਕਰਦੇ ਹੋ ਪਰ ਮੰਦਰਾਂ ਵਿੱਚੋਂ ਚੁਰਾਉਂਦੇ ਹੋ। 23 ਤੁਸੀਂ ਪਰਮੇਸ਼ੁਰ ਦੀ ਸ਼ਰ੍ਹਾ ਬਾਰੇ ਸ਼ੇਖੀ ਮਾਰਦੇ ਹੋ ਪਰ ਤੁਸੀਂ ਪਰਮੇਸ਼ੁਰ ਦਾ ਨੇਮ ਤੋੜਦੇ ਹੋ ਅਤੇ ਪਰਮੇਸ਼ੁਰ ਨੂੰ ਸ਼ਰਮਸਾਰੀ ਲਿਆਉਂਦੇ ਹੋ। 24 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਤੁਹਾਡੇ ਕਾਰਣ ਗੈਰ-ਯਹੂਦੀ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਹਨ।” [b]
25 ਜੇਕਰ ਤੁਸੀਂ ਸ਼ਰ੍ਹਾ ਦਾ ਅਨੁਸਰਣ ਕਰਦੇ ਹੋ ਤਾਂ ਤੁਹਾਡੀ ਸੁੰਨਤ ਦਾ ਅਰਥ ਹੈ। ਪਰ ਜੇਕਰ ਤੁਸੀਂ ਸ਼ਰ੍ਹਾ ਤੋੜਦੇ ਹੋ, ਤਾਂ ਤੁਸੀਂ ਅਸੁੰਨਤੀਆਂ ਵਾਂਗ ਸਮਝੇ ਜਾਵੋਂਗੇ। 26 ਭਾਵੇਂ ਗੈਰ-ਯਹੂਦੀਆਂ ਦੀ ਸੁੰਨਤ ਨਹੀਂ ਹੋਈ, ਪਰ ਜੇਕਰ ਉਹ ਸ਼ਰ੍ਹਾ ਮੁਤਾਬਕ ਜਿਉਣ, ਉਨ੍ਹਾਂ ਨੂੰ ਇਵੇਂ ਸਮਝਾਇਆ ਜਾਏਗਾ ਜਿਵੇਂ ਉਨ੍ਹਾਂ ਦੀ ਸੁੰਨਤ ਹੋਈ ਹੋਵੇ। 27 ਤੁਸਾਂ ਯਹੂਦੀਆਂ ਕੋਲ ਲਿਖੀ ਹੋਈ ਸ਼ਰ੍ਹਾ ਹੈ, ਅਤੇ ਤੁਹਾਡੀ ਸੁੰਨਤ ਹੋਈ ਵੀ ਹੈ, ਪਰ ਤੁਸੀਂ ਸ਼ਰ੍ਹਾ ਨੂੰ ਤੋੜਦੇ ਹੋ। ਸੋ ਜਿਹੜੇ ਲੋਕਾਂ ਦੀ ਸੁੰਨਤ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਹੋਈ ਪਰ ਹਾਲੇ ਵੀ ਸ਼ਰ੍ਹਾ ਨੂੰ ਮੰਨਦੇ ਹਨ, ਸਾਬਤ ਕਰੇਗਾ ਕਿ ਤੁਸੀਂ ਦੋਸ਼ੀ ਹੋ।
28 ਉਹ ਮਨੁੱਖ ਸੱਚਾ ਯਹੂਦੀ ਨਹੀਂ ਹੈ, ਜੇਕਰ ਉਹ ਸਿਰਫ਼ ਆਪਣੇ ਸਰੀਰ ਵਜੋਂ ਯਹੂਦੀ ਹੈ। ਸੱਚੀ ਸੁੰਨਤ ਸਰੀਰ ਤੇ ਨਿਸ਼ਾਨ ਹੋਣਾ ਨਹੀਂ ਹੈ। 29 ਪਰ ਸੱਚਾ ਯਹੂਦੀ ਉਹੀ ਹੈ ਜਿਸਦਾ ਦਿਲ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਹੈ। ਸੱਚੀ ਸੁੰਨਤ ਆਤਮਾ ਦੁਆਰਾ ਦਿਲ ਵਿੱਚ ਹੁੰਦੀ ਹੈ ਅਤੇ ਨਾ ਕਿ ਲਿਖੀ ਹੋਈ ਸ਼ਰ੍ਹਾ ਦੁਆਰਾ। ਉਹ ਵਿਅਕਤੀ ਜਿਸਦੀ ਸੁੰਨਤ ਆਤਮਾ ਦੁਆਰਾ ਉਸ ਦੇ ਦਿਲ ਵਿੱਚ ਹੋਈ ਹੈ ਪਰਮੇਸ਼ੁਰ ਵੱਲੋਂ ਉਸਤਤਿ ਪ੍ਰਾਪਤ ਕਰਦਾ ਹੈ ਅਤੇ ਨਾ ਕਿ ਲੋਕਾਂ ਵੱਲੋਂ।
3 ਇਸ ਲਈ ਕੀ ਯਹੂਦੀਆਂ ਕੋਲ ਹੋਰਾਂ ਲੋਕਾਂ ਨਾਲੋਂ ਕੁਝ ਵੱਧੇਰੇ ਹੈ! ਕੀ ਸੁੰਨਤ ਦਾ ਕੋਈ ਮਹੱਤਵ ਹੈ? 2 ਹਾਂ। ਯਹੂਦੀਆਂ ਕੋਲ ਹਰ ਤਰ੍ਹਾਂ ਦੀਆਂ ਬਹੁਤ ਖਾਸ ਗੱਲਾਂ ਹਨ। ਸਭ ਤੋਂ ਪਹਿਲਾਂ; ਪਰਮੇਸ਼ੁਰ ਦੇ ਉਪਦੇਸ਼ ਯਹੂਦੀਆਂ ਨੂੰ ਸੌਂਪੇ ਗਏ ਸਨ। 3 ਇਹ ਸੱਚ ਹੈ ਕਿ ਕੁਝ ਯਹੂਦੀ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹਨ। ਪਰ ਕੀ ਉਨ੍ਹਾਂ ਦੀ ਬੇਵਫਾਈ ਪਰਮੇਸ਼ੁਰ ਤੋਂ ਉਸਦਾ ਵਚਨ ਤੁੜਵਾ ਸੱਕਦੀ ਹੈ? 4 ਨਹੀਂ। ਪਰਮੇਸ਼ੁਰ ਹਮੇਸ਼ਾ ਸੱਚਾ ਰਹੇਗਾ ਭਾਵੇਂ ਸਾਰੇ ਝੂਠੇ ਹਨ। ਜਿਵੇਂ ਕਿ ਪੋਥੀਆਂ ਵਿੱਚ ਕਿਹਾ ਗਿਆ ਹੈ:
“ਤੁਸੀਂ ਆਪਣੇ ਬੋਲਾਂ ਵਿੱਚ ਧਰਮੀ ਸਾਬਿਤ ਕੀਤੇ ਜਾਵੋਂਗੇ
ਅਤੇ ਆਪਣੇ ਨਿਆਂ ਦੇ ਸਮੇਂ ਜਿੱਤੋਂਗੇ।” (A)
5 ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵੱਧੇਰੇ ਸੱਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? (ਲੋਕ ਇੰਝ ਆਖ ਸੱਕਦੇ ਹਨ।) 6 ਨਹੀਂ। ਜੇਕਰ ਉਹ ਸਾਨੂੰ ਦੰਡ ਨਹੀਂ ਦੇਵੇਗਾ ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ?
7 ਕੋਈ ਮਨੁੱਖ ਆਖ ਸੱਕਦਾ ਹੈ, “ਜਦੋਂ ਮੈਂ ਝੂਠ ਬੋਲਦਾ ਹਾਂ, ਪਰਮੇਸ਼ੁਰ ਨੂੰ ਮਹਿਮਾ ਮਿਲਦੀ ਹੈ, ਕਿਉਂਕਿ ਮੇਰਾ ਝੂਠ ਉਸ ਦੇ ਸੱਚ ਨੂੰ ਚਾਨਣੇ ਵਿੱਚ ਲਿਆਉਂਦਾ ਹੈ। ਤਾਂ ਫ਼ਿਰ ਮੈਂ ਪਾਪੀ ਕਿਉਂ ਕਹਾਉਂਦਾ ਹਾਂ?” 8 ਇਹ ਅਜਿਹਾ ਆਖਣਾ ਹੋਵੇਗਾ, “ਅਸੀਂ ਦੁਸ਼ਟਤਾ ਕਰੀਏ, ਤਾਂ ਜੋ ਚੰਗਿਆਈ ਆਵੇ।” ਕੁਝ ਲੋਕ ਸਾਨੂੰ ਇਹ ਆਖਕੇ ਨਿੰਦਦੇ ਹਨ ਕਿ ਅਸੀਂ ਅਜਿਹੇ ਉਪਦੇਸ਼ ਦਿੰਦੇ ਹਾਂ। ਜੋ ਉਹ ਸਾਡੇ ਬਾਰੇ ਆਖ ਰਹੇ ਹਨ ਝੂਠ ਹੈ, ਅਤੇ ਉਹ ਪਰੇਮਸ਼ੁਰ ਦੀ ਸਜ਼ਾ ਦੇ ਅਧਿਕਾਰੀ ਹੁੰਦੇ ਹਨ।
ਹਰ ਕੋਈ ਮੁਜਰਿਮ ਹੈ
9 ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ। 10 ਜਿਵੇਂ ਕਿ ਪੋਥੀਆਂ ਕਹਿੰਦੀਆਂ ਹਨ:
“ਕੋਈ ਵੀ ਮਨੁੱਖ ਪਾਪ ਤੋਂ ਬਿਨਾ ਨਹੀਂ ਹੈ। ਇੱਕ ਵੀ ਨਹੀਂ।
11 ਇੱਥੇ ਕੋਈ ਨਹੀਂ ਜੋ ਸਮਝਦਾ ਹੈ।
ਕੋਈ ਵੀ ਨਹੀਂ ਜੋ ਪਰਮੇਸ਼ੁਰ ਨੂੰ ਖੋਜਦਾ ਹੈ।
12 ਸਭ ਲੋਕ ਭਟਕ ਗਏ ਹਨ,
ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ।
ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ।” (B)
13 “ਲੋਕਾਂ ਦੇ ਮੂੰਹ ਖੁੱਲੀ ਹੋਈ ਕਬਰ ਵਾਂਗ ਹਨ।
ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” (C)
“ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ” (D)
14 “ਉਨ੍ਹਾਂ ਦੇ ਮੂੰਹ ਫ਼ਿਟਕਾਰ ਅਤੇ ਕੁੜੱਤਣ ਨਾਲ ਭਰੇ ਹਨ।” (E)
15 “ਉਹ ਹਮੇਸ਼ਾ ਮਾਰਨ ਲਈ ਤਿਆਰ ਹਨ;
16 ਜਿੱਥੇ ਵੀ ਉਹ ਜਾਂਦੇ ਹਨ ਤਬਾਹੀ ਤੇ ਉਦਾਸੀ ਵਰਤਾਉਂਦੇ ਹਨ।
17 ਲੋਕ ਸ਼ਾਂਤੀ ਦਾ ਮਾਰਗ ਨਹੀਂ ਜਾਣਦੇ।” (F)
18 “ਉਨ੍ਹਾਂ ਦੀਆਂ ਅੱਖਾਂ ਵਿੱਚ ਪਰਮੇਸ਼ੁਰ ਦਾ ਡਰ ਭੈ ਨਹੀਂ।” (G)
19 ਹੁਣ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਜੋ ਸ਼ਰ੍ਹਾ ਆਖਦੀ ਹੈ ਉਨ੍ਹਾਂ ਲਈ ਹਨ ਜੋ ਸ਼ਰ੍ਹਾ ਦੇ ਅਧੀਨ ਹਨ। ਅਤੇ ਇਹ, ਉਹ ਗੱਲਾਂ ਇਸ ਲਈ ਆਖਦੀ ਹੈ ਤਾਂ ਜੋ ਹਰ ਇੱਕ ਦਾ ਮੂੰਹ ਬੰਦ ਹੋ ਸੱਕੇ ਅਤੇ ਸੰਸਾਰ ਪਰਮੇਸ਼ੁਰ ਦੇ ਨਿਆਂ ਹੇਠ ਆ ਜਾਵੇ। 20 ਸ਼ਰ੍ਹਾ ਦੀ ਲੋੜ ਅਨੁਸਾਰ ਕੋਈ ਵੀ ਪਰਮੇਸ਼ੁਰ ਅੱਗੇ ਧਰਮੀ ਨਹੀਂ ਬਣਾਇਆ ਜਾ ਸੱਕਦਾ। ਸ਼ਰ੍ਹਾ ਸਿਰਫ਼ ਸਾਡੇ ਪਾਪਾਂ ਨੂੰ ਦਰਸ਼ਾ ਸੱਕਦੀ ਹੈ।
ਪਰਮੇਸ਼ੁਰ ਲੋਕਾਂ ਨੂੰ ਧਰਮੀ ਕਿਵੇਂ ਬਣਾਉਂਦਾ ਹੈ
21 ਪਰ ਪਰਮੇਸ਼ੁਰ ਕੋਲ ਬਿਨਾ ਸ਼ਰ੍ਹਾ ਦੇ ਵੀ ਲੋਕਾਂ ਨੂੰ ਧਰਮੀ ਬਨਾਉਣ ਦਾ ਢੰਗ ਹੈ। ਅਤੇ ਹੁਣ ਪਰਮੇਸ਼ੁਰ ਨੇ ਉਹ ਨਵਾਂ ਮਾਰਗ ਸਾਨੂੰ ਵਿਖਾਇਆ ਹੈ। ਸ਼ਰ੍ਹਾ ਅਤੇ ਨਬੀਆਂ ਨੇ ਸਾਨੂੰ ਇਸ ਨਵੇਂ ਰਾਹ ਬਾਰੇ ਕਿਹਾ ਵੀ ਹੈ। 22 ਪਰਮੇਸ਼ੁਰ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਪਰਮੇਸ਼ੁਰ ਨੇ ਇਹ ਉਨ੍ਹਾਂ ਸਭ ਲੋਕਾਂ ਲਈ ਕੀਤਾ ਹੈ ਜੋ ਯਿਸੂ ਮਸੀਹ ਵਿੱਚ ਨਿਹਚਾ ਰੱਖਦੇ ਹਨ। ਸਭ ਲੋਕ ਬਰਾਬਰ ਹਨ। 23 ਕਿਉਂਕਿ ਹਰੇਕ ਨੇ ਪਾਪ ਕੀਤਾ ਹੈ ਅਤੇ ਸਭ ਪਰਮੇਸ਼ੁਰ ਦੀ ਮਹਿਮਾ ਲਈ ਕਾਫ਼ੀ ਚੰਗੇ ਨਹੀਂ ਹਨ। 24 ਸੋ ਪਰਮੇਸ਼ੁਰ ਦੀ ਕਿਰਪਾ ਨਾਲ ਉਸ ਨਿਸਤਾਰੇ ਕਾਰਣ ਜੋ ਮਸੀਹ ਯਿਸੂ ਤੋਂ ਹੈ ਲੋਕ ਮੁਫ਼ਤ ਧਰਮੀ ਬਣਾਏ ਗਏ ਹਨ। 25 ਪਰਮੇਸ਼ੁਰ ਨੇ ਯਿਸੂ ਨੂੰ ਸੇਵਾ ਮਾਰਗ ਦੀ ਤਰ੍ਹਾ ਆਪਣੇ ਲਹੂ ਰਾਹੀਂ ਵਿਸ਼ਵਾਸ ਦੁਆਰਾ ਲੋਕਾਂ ਦੇ ਪਾਪ ਨੂੰ ਮੁਆਫ਼ੀ ਦਿੱਤੀ। ਉਸ ਨੇ ਅਜਿਹਾ ਇਹ ਵਿਖਾਉਣ ਲਈ ਕੀਤਾ ਕਿ ਉਹ ਹਮੇਸ਼ਾ ਉਹੀ ਕਾਰਜ ਕਰਦਾ ਹੈ ਜੋ ਨਿਆਂਈ ਹੈ। ਅਤੀਤ ਵਿੱਚ ਪਰਮੇਸ਼ੁਰ ਨਿਆਂਈ ਸੀ। ਉਦੋਂ ਉਹ ਦਿਯਾਲੂ ਸੀ, ਅਤੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਸਜ਼ਾ ਨਹੀਂ ਦਿੱਤੀ ਗਈ। 26 ਪਰਮੇਸ਼ੁਰ ਨੇ ਯਿਸੂ ਨੂੰ ਵਰਤਮਾਨ ਕਾਲ ਵਿੱਚ ਇਹ ਵਿਖਾਉਣ ਲਈ ਭੇਂਟ ਕੀਤਾ, ਕਿ ਉਹ ਧਰਮੀ ਹੈ। ਪਰਮੇਸ਼ੁਰ ਆਪਣੇ ਆਪ ਨੂੰ ਧਰਮੀ ਮੁਨਸਫ਼ ਵਾਂਗ ਦਰਸ਼ਾਉਂਦਾ ਹੈ ਅਤੇ ਉਸ ਵਾਂਗ ਵੀ ਜੋ ਯਿਸੂ ਵਿੱਚ ਨਿਹਚਾ ਰੱਖਣ ਵਾਲੇ ਕਿਸੇ ਨੂੰ ਵੀ, ਧਰਮੀ ਬਣਾਉਂਦਾ ਹੈ।
27 ਤਾਂ ਕੀ ਸਾਡੇ ਕੋਲ ਆਪਣੇ-ਆਪ ਬਾਰੇ ਸ਼ੇਖੀ ਮਾਰਨ ਦੀ ਕੋਈ ਵਜਹ ਹੈ? ਨਹੀਂ। ਇਹ ਕੀ ਹੈ ਜੋ ਸ੍ਵੈ-ਪ੍ਰਸੰਸਾ ਨੂੰ ਰੋਕਦਾ ਹੈ? ਇਹ ਵਿਸ਼ਵਾਸ ਦਾ ਰਸਤਾ ਹੈ ਜੋ ਰੋਕਦਾ ਹੈ ਨਾ ਕਿ ਸ਼ਰ੍ਹਾ ਦਾ ਪਿੱਛਾ ਕਰਨ ਦਾ ਰਸਤਾ? 28 ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵਿਅਕਤੀ ਨਿਹਚਾ ਰਾਹੀਂ ਧਰਮੀ ਬਣਾਇਆ ਜਾਂਦਾ ਹੈ, ਨਾ ਕਿ ਸ਼ਰ੍ਹਾ ਨੂੰ ਮੰਨਣ ਨਾਲ ਜੋ ਗੱਲਾਂ ਉਹ ਕਰਦਾ ਹੈ। 29 ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਪਰਮੇਸ਼ੁਰ ਨਹੀਂ, ਉਹ ਗੈਰ-ਯਹੂਦੀਆਂ ਦਾ ਵੀ ਪਰਮੇਸ਼ੁਰ ਹੈ। ਪਰਮੇਸ਼ੁਰ ਇੱਕ ਹੈ। 30 ਉਹ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਉਹ ਗੈਰ-ਯਹੂਦੀਆਂ ਨੂੰ ਵੀ ਉਨ੍ਹਾਂ ਦੀ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। 31 ਕੀ ਅਸੀਂ ਨਿਹਚਾ ਦੇ ਮਾਰਗ ਨੂੰ ਮੰਨ ਕੇ ਸ਼ਰ੍ਹਾ ਨੂੰ ਨਸ਼ਟ ਕਰਦੇ ਹਾਂ? ਨਹੀਂ। ਵਿਸ਼ਵਾਸ ਸਾਨੂੰ ਉਵੇਂ ਹੀ ਬਣਾਉਂਦੀ ਹੈ। ਜਿਸ ਢੰਗ ਨਾਲ ਸ਼ਰ੍ਹਾ ਚਾਹੁੰਦੀ ਹੈ ਕਿ ਅਸੀਂ ਹੋਈਏ।
2010 by World Bible Translation Center