Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 24-26

ਯਹੂਦੀਆਂ ਨੇ ਪੌਲੁਸ ਨੂੰ ਮੁਲਜਮ ਠਹਿਰਾਇਆ

24 ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ। ਜਦੋਂ ਪੌਲੁਸ ਨੂੰ ਅੰਦਰ ਬੁਲਾਇਆ ਗਿਆ, ਤਰਤੁੱਲੁਸ ਨੇ ਪੌਲੁਸ ਦੇ ਵਿਰੁੱਧ ਇਲਜਾਮ ਦੱਸਣੇ ਸ਼ੁਰੂ ਕੀਤੇ।

ਤਰਤੁੱਲੁਸ ਨੇ ਕਿਹਾ, “ਹੇ ਫ਼ੇਲਿਕਸ ਬਹਾਦੁਰ। ਅਸੀਂ ਤੇ ਸਾਡੇ ਲੋਕ ਤੁਹਾਡੇ ਕਾਰਣ ਬੜੀ ਸ਼ਾਂਤੀ ਭੋਗਦੇ ਹਾਂ ਅਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਗਲਤ ਕੰਮ ਤੁਹਾਡੀ ਸਿਆਣਪ ਦੇ ਕਦਮਾਂ ਕਰਕੇ ਠੀਕ ਕੀਤੇ ਜਾਂਦੇ ਹਨ। ਹਰ ਜਗ਼੍ਹਾ ਅਤੇ ਹਰ ਵੇਲੇ ਅਸੀਂ ਇਹ ਗੱਲਾਂ ਵੱਡੀ ਸ਼ੁਕਰਗੁਜ਼ਾਰੀ ਨਾਲ ਲੈਂਦੇ ਹਾਂ। ਪਰ ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ਼ ਕੁਝ ਸ਼ਬਦ ਕਹਾਂਗਾ, ਕਿਰਪਾ ਕਰਕੇ ਸਹਿਜਤਾ ਨਾਲ ਸੁਣੋ। ਇਹ ਆਦਮੀ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ। ਇਹ ਦੁਨੀਆਂ ਭਰ ਵਿੱਚ ਜਿੱਥੇ ਵੀ ਯਹੂਦੀ ਵੱਸਦੇ ਹਨ, ਜਾਕੇ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਇਹ ਨਾਸਰੀਆਂ ਦੇ ਧੜੇ ਦਾ ਆਗੂ ਹੈ। 6-8 ਇਹ ਮੰਦਰ ਨੂੰ ਵੀ ਅਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸੀਂ ਇਸ ਨੂੰ ਗਿਰਫ਼ਤਾਰ ਕਰ ਲਿਆ।” [a] ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ ਉਹ ਸੱਚ ਸਨ।

ਫ਼ੇਲਿਕੁਸ ਅੱਗੇ ਪੌਲੁਸ ਆਪਣੇ ਆਪ ਨੂੰ ਬਚਾਉਂਦਾ

10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ। 11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸੱਕਦੇ ਹੋ ਕਿ ਇਹ ਗੱਲ ਸੱਚ ਹੈ। 12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ। 13 ਇਹ ਜੋ ਹੁਣ ਮੇਰੇ ਸਿਰ ਦੋਸ਼ ਮੜ੍ਹ ਰਹੇ ਹਨ, ਇਹ ਸਾਬਿਤ ਨਹੀਂ ਕਰ ਸੱਕਦੇ।

14 “ਪਰ ਮੈਂ ਤੁਹਾਡੇ ਸਾਹਮਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ। 15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰੱਖਦਾ ਹਾਂ ਜਿਸਦੀ ਇਹ ਖੁਦ ਰੱਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉੱਠਣਾ ਹੋਵੇਗਾ। 16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ।

17 “ਬਹੁਤ ਸਾਲ ਮੈਂ ਇੱਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇੱਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ। 18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ। 19 ਪਰ ਉੱਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇੱਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉੱਥੇ ਮੌਜ਼ੂਦ ਸਨ। 20 ਇਨ੍ਹਾਂ ਯਹੂਦੀਆਂ ਨੂੰ ਇੱਥੇ ਪੁੱਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ? 21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸੱਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਆਂ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਜੀ ਉੱਠਣਾ ਹੋਵੇਗਾ।’”

22 ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸ ਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇੱਥੇ ਆਵੇਗਾ।” 23 ਫ਼ਿਰ ਉਸ ਨੇ ਅਧਿਕਾਰੀ ਨੂੰ ਪੌਲੁਸ ਨੂੰ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ। ਪਰ ਉਸ ਨੂੰ ਥੋੜੀ ਅਜ਼ਾਦੀ ਦੇਣ ਲਈ ਕਿਹਾ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦਿਓ।

ਪੌਲੁਸ ਦੀ ਫ਼ੇਲਿਕੁਸ ਅਤੇ ਉਸਦੀ ਪਤਨੀ ਨਾਲ ਗੱਲ-ਬਾਤ

24 ਕੁਝ ਦਿਨਾਂ ਬਾਅਦ, ਫ਼ੇਲਿਕੁਸ ਆਪਣੀ ਪਤਨੀ, ਦਰੂਸਿੱਲਾ, ਨਾਲ ਖੁਦ ਆਇਆ, ਜੋ ਕਿ ਯਹੂਦਣ ਸੀ। ਅਤੇ ਉਸ ਨੇ ਪੌਲੁਸ ਨੂੰ ਬੁਲਾਵਾ ਭੇਜਿਆ ਅਤੇ ਉਸ ਕੋਲੋਂ ਮਸੀਹ ਯਿਸੂ ਉੱਪਰ ਵਿਸ਼ਵਾਸ ਕਰਨ ਦੇ ਬਾਰੇ ਸੁਣਿਆ। 25 ਪਰ ਫ਼ੇਲਿਕੁਸ ਘਬਰਾ ਗਿਆ ਜਦੋਂ ਪੌਲੁਸ ਨੇ ਧਰਮੀ ਜੀਵਨ ਅਤੇ ਸੰਜਮ ਅਤੇ ਭਵਿੱਖ ਵਿੱਚ ਹੋਣ ਵਾਲੇ ਨਿਆਂ ਬਾਰੇ ਦੱਸਿਆ। ਤਾਂ ਫ਼ੇਲਿਕੁਸ ਨੇ ਕਿਹਾ, “ਹੁਣ ਤੂੰ ਜਾ। ਫ਼ਿਰ ਜਦੋਂ ਮੇਰੇ ਪਾਸ ਖੁਲ੍ਹਾ ਵਕਤ ਹੋਵੇਗਾ ਮੈਂ ਤੈਨੂੰ ਬੁਲਾਵਾਂਗਾ।” 26 ਪਰ ਫ਼ੇਲਿਕੁਸ ਦਾ ਉਸ ਨਾਲ ਗੱਲ-ਬਾਤ ਕਰਨ ਦਾ ਕਾਰਣ ਕੁਝ ਹੋਰ ਸੀ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪੌਲੁਸ ਕੁਝ ਰਿਸ਼ਵਤ ਦੇਵੇਗਾ ਇਸੇ ਕਰਕੇ ਉਸ ਨੇ ਉਸ ਨੂੰ ਬਹੁਤ ਵਾਰ ਬੁਲਾਇਆ ਅਤੇ ਉਸ ਨਾਲ ਗੱਲ-ਬਾਤ ਕੀਤੀ।

27 ਪਰ ਦੋ ਸਾਲ ਬਾਅਦ ਪੁਰਕਿਯੁਸ ਫ਼ੇਸਤੁਸ ਫ਼ੇਲਿਕੁਸ ਦੀ ਥਾਂ ਹਾਕਮ ਬਣ ਗਿਆ। ਇਸ ਲਈ ਹੁਣ ਫ਼ੇਲਿਕੁਸ ਹਾਕਮ ਨਾ ਰਿਹਾ। ਫ਼ੇਲਿਕੁਸ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਯਹੂਦੀਆਂ ਨੂੰ ਪ੍ਰਸੰਨ ਕਰੇ। ਇਸ ਲਈ ਉਸ ਨੇ ਪੌਲੁਸ ਨੂੰ ਕੈਦ ਵਿੱਚ ਹੀ ਰਹਿਣ ਦਿੱਤਾ।

ਪੌਲੁਸ ਕੈਸਰ ਦੀ ਦੁਹਾਈ ਦਿੰਦਾ ਹੈ

25 ਫ਼ੇਸਤੁਸ ਰਾਜਪਲ ਬਣ ਗਿਆ, ਤਿੰਨਾਂ ਦਿਨਾਂ ਬਾਅਦ ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ। ਪਰਧਾਨ ਜਾਜਕਾਂ ਅਤੇ ਖਾਸ ਯਹੂਦੀ ਆਗੂਆਂ ਨੇ ਫ਼ੇਸਤੁਸ ਦੇ ਅੱਗੇ ਪੌਲੁਸ ਦੇ ਖਿਲਾਫ਼ ਦੋਸ਼ ਲਗਾਏ। ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁੜ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ। ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਯਾ ਵਿੱਚ ਰੱਖਿਆ ਜਾਵੇਗਾ, ਮੈਂ ਖੁਦ ਹੀ ਜਲਦੀ ਕੈਸਰਿਯਾ ਨੂੰ ਵਾਪਸ ਜਾਵਾਗਾ। ਤੁਹਾਡੇ ਕੁਝ ਆਗੂ ਮੇਰੇ ਨਾਲ ਚਲਣ ਉਹ ਉੱਥੇ ਪੌਲੁਸ ਨੂੰ ਦੋਸ਼ੀ ਸਾਬਤ ਕਰਨ ਜੇਕਰ ਉਸ ਨੇ ਸੱਚ ਮੁੱਚ ਕੋਈ ਗਲਤੀ ਕੀਤੀ ਹੈ ਤਾਂ ਉਹ ਉਸ ਤੇ ਕੈਸਰਿਯਾ ਵਿੱਚ ਇਲਜ਼ਾਮ ਲਾ ਸੱਕਦੇ ਹਨ।”

ਫ਼ੇਸਤੁਸ ਅੱਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸ ਦੇ ਸਾਹਮਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ। ਪੌਲੁਸ ਉਸ ਕਮਰੇ ਵਿੱਚ ਆਇਆ। ਜਿਹੜੇ ਯਹੂਦੀ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਸ-ਪਾਸ ਖੜ੍ਹੇ ਸਨ। ਉਨ੍ਹਾਂ ਨੇ ਪੌਲੁਸ ਦੇ ਖਿਲਾਫ਼ ਕਈ ਤਕੜੇ ਇਲਜ਼ਾਮ ਲਾਏ, ਪਰ ਉਨ੍ਹਾਂ ਵਿੱਚੋਂ ਇੱਕ ਵੀ ਇਲਜ਼ਾਮ ਨੂੰ ਸਾਬਿਤ ਨਾ ਕਰ ਸੱਕੇ। ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਇਹੀ ਕਿਹਾ, “ਮੈਂ ਯਹੂਦੀ ਸ਼ਰ੍ਹਾ, ਮੰਦਰ ਜਾਂ, ਕੈਸਰ ਦੇ ਵਿਰੋਧ ਕੋਈ ਵੀ ਗਲਤ ਕੰਮ ਨਹੀਂ ਕੀਤਾ।”

ਪਰ ਫ਼ੇਸਤੁਸ ਯਹੂਦੀਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ? ਕੀ ਤੂੰ ਚਾਹੁੰਦਾ ਹੈ ਕਿ ਮੈਂ ਉੱਥੇ ਇਨ੍ਹਾਂ ਦੋਸ਼ਾਂ ਉੱਪਰ ਤੇਰਾ ਨਿਆਂ ਕਰਾਂ?”

10 ਪੌਲੁਸ ਨੇ ਕਿਹਾ, “ਇਸ ਵਕਤ ਮੈਂ ਕੈਸਰੀ ਅਦਾਲਤ ਦੀ ਗੱਦੀ ਅੱਗੇ ਖੜ੍ਹਾ ਹਾਂ। ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਦੇ ਵਿਰੁੱਧ ਕੁਝ ਵੀ ਗਲਤ ਨਹੀਂ ਕੀਤਾ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ। 11 ਜੇਕਰ ਮੈਂ ਗਲਤ ਕੰਮ ਕੀਤਾ ਹੈ, ਜੋ ਮੌਤ ਦੀ ਸਜ਼ਾ ਦੇ ਕਾਬਿਲ ਹੈ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਾਂਗਾ। ਪਰ ਜੇਕਰ ਉਨ੍ਹਾਂ ਦੇ ਦੋਸ਼ ਗਲਤ ਹਨ, ਤਾਂ ਕਿਸੇ ਨੂੰ ਵੀ ਮੈਨੂੰ ਯਹੂਦੀਆਂ ਹੱਥੀਂ ਫ਼ੜਵਾਉਣ ਦਾ ਇਖਤਿਆਰ ਨਹੀਂ ਹੈ। ਮੈਂ ਕੈਸਰ ਨੂੰ ਇਹ ਬੇਨਤੀ ਕਰਦਾ ਹਾਂ।”

12 ਤਦ ਫ਼ੇਸਤੁਸ ਨੇ ਅਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ, “ਤੂੰ ਕੈਸਰ ਦੀ ਦੁਹਾਈ ਦਿੱਤੀ ਹੈ ਇਸ ਲਈ ਤੂੰ ਕੈਸਰ ਕੋਲ ਹੀ ਜਾਵੇਂਗਾ।”

ਪੌਲੁਸ ਅਗ੍ਰਿਪਾ ਦੇ ਸਾਹਮਣੇ

13 ਕੁਝ ਦਿਨਾਂ ਬਾਅਦ, ਰਾਜਾ ਅਗ੍ਰਿਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨਾਲ ਭੇਂਟ ਕਰਨ ਲਈ ਆਏ। 14 ਉਹ ਉੱਥੇ ਕਾਫ਼ੀ ਦਿਨ ਰੁਕੇ। ਫ਼ੇਸਤੁਸ ਨੇ ਪੌਲੁਸ ਦੇ ਮਾਮਲੇ ਬਾਰੇ ਰਾਜੇ ਨਾਲ ਚਰਚਾ ਕੀਤੀ ਅਤੇ ਆਖਿਆ, “ਇਥੇ ਇੱਕ ਆਦਮੀ ਹੈ ਜਿਸ ਨੂੰ ਫ਼ੇਲਿਕੁਸ ਨੇ ਕੈਦ ਵਿੱਚ ਰੱਖ ਛੱਡਿਆ ਹੈ। 15 ਜਦੋਂ ਮੈਂ ਯਰੂਸ਼ਲਮ ਵਿੱਚ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਦੇ ਵਿਰੁੱਧ ਦੋਸ਼ ਲਗਾਏ। ਇਹ ਯਹੂਦੀ ਚਾਹੁੰਦੇ ਸਨ ਕਿ ਮੈਂ ਇਸ ਨੂੰ ਮਾਰ ਦੇਵਾਂ। 16 ਪਰ ਮੈਂ ਆਖਿਆ, ‘ਇਹ ਰੋਮੀਆਂ ਦਾ ਕਾਨੂੰਨ ਨਹੀਂ ਕਿ ਜਿੰਨਾ ਚਿਰ ਮਨੁੱਖ ਆਪਣੇ ਤੇ ਦੋਸ਼ ਲਾਉਣ ਵਾਲਿਆਂ ਦਾ ਸਾਹਮਣਾ ਨਹੀਂ ਕਰਦਾ ਅਤੇ ਉਸ ਨੂੰ ਉਸ ਦੇ ਖਿਲਾਫ਼ ਲਾਏ ਦੋਸ਼ਾਂ ਤੋਂ ਆਪਣੀ ਰੱਖਿਆ ਕਰਨ ਦਾ ਅਵਸਰ ਨਹੀਂ ਦਿੱਤਾ ਜਾਂਦਾ ਉਸ ਨੂੰ ਹਵਾਲੇ ਨਹੀਂ ਕੀਤਾ ਜਾਂਦਾ।’ 17 ਇਸ ਲਈ ਇਹ ਯਹੂਦੀ ਇੱਥੇ ਇਕੱਠੇ ਹੋਏ। ਮੈਂ ਮੁਨਸਫ਼ ਦੀ ਗੱਦੀ ਤੇ ਬੈਠਾ ਅਤੇ ਉਸ ਮਨੁੱਖ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ। 18 ਯਹੂਦੀ ਖੜ੍ਹੇ ਹੋਏ ਅਤੇ ਉਸਤੇ ਇਲਜ਼ਾਮ ਲਾਏ। ਪਰ ਉਨ੍ਹਾਂ ਨੇ ਉਸ ਉੱਤੇ ਅਜਿਹੇ ਕੋਈ ਦੋਸ਼ ਨਹੀਂ ਲਾਏ ਜੋ ਮੈਂ ਸੋਚੇ ਸਨ। 19 ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁੱਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ। 20 ਮੈਨੂੰ ਇਨ੍ਹਾਂ ਗੱਲਾਂ ਬਾਰੇ ਬਹੁਤਾ ਪਤਾ ਨਹੀਂ ਸੀ ਇਸ ਲਈ ਮੈਂ ਜ਼ਿਆਦਾ ਸਵਾਲ ਨਾ ਕੀਤੇ ਪਰ ਮੈਂ ਪੌਲੁਸ ਨੂੰ ਪੁੱਛਿਆ, ‘ਕੀ ਤੂੰ ਯਰੂਸ਼ਲਮ ਜਾਕੇ ਉੱਥੇ ਨਿਆਂ ਪਾਉਣਾ ਚਾਹੁੰਦਾ ਹੈ?’ 21 ਪਰ ਪੌਲੁਸ ਨੇ ਚਾਹਿਆ ਕਿ ਉਸ ਨੂੰ ਕੈਸਰਿਯਾ ਵਿੱਚ ਹੀ ਰੱਖਿਆ ਜਾਵੇ। ਉਸ ਨੇ ਕੈਸਰ ਨੂੰ ਬੇਨਤੀ ਕੀਤੀ। ਸੋ ਮੈਂ ਹੁਕਮ ਦਿੱਤਾ ਕਿ ਪੌਲੁਸ ਨੂੰ ਉਦੋਂ ਤੱਕ ਨਜ਼ਰਬੰਦ ਰੱਖੋ ਜਦੋਂ ਤੱਕ ਮੈਂ ਉਸ ਨੂੰ ਰੋਮ ਵਿੱਚ ਕੈਸਰ ਕੋਲ ਨਾ ਭੇਜ ਦੇਵਾਂ।”

22 ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਨੂੰ ਸੁਨਣਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਕੱਲ ਤੂੰ ਉਸ ਨੂੰ ਸੁਣ ਸੱਕਦਾ ਹੈਂ।”

23 ਅਗਲੇ ਦਿਨ ਅਗ੍ਰਿਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ। ਉਹ ਦੋਨੋਂ ਅਤੇ ਸੈਨਾ ਦੇ ਮੁਖੀ ਅਤੇ ਖਾਸ-ਖਾਸ ਕੈਸਰਿਯਾ ਦੇ ਮਨੁੱਖ ਸਾਰੇ ਕਚਿਹਰੀ ਵਿੱਚ ਜਾ ਵੜੇ। ਫ਼ੇਸਤੁਸ ਨੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 24 ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇੱਥੇ ਸਾਡੇ ਨਾਲ ਇਕੱਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇੱਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸ ਨੂੰ ਹੋਰ ਵੱਧੇਰੇ ਨਹੀਂ ਜਿਉਣਾ ਚਾਹੀਦਾ। 25 ਪਰ ਮੈਂ ਇਸਦੇ ਕਿਸੇ ਵੀ ਅਮਲ ਨੂੰ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਣ ਵਾਸਤੇ ਦੋਸ਼ੀ ਨਹੀਂ ਪਾਇਆ। ਪਰ ਉਸ ਨੇ ਖੁਦ ਕੈਸਰ ਨੂੰ ਬੇਨਤੀ ਕੀਤੀ, ਇਸ ਲਈ ਮੈਂ ਉਸ ਨੂੰ ਰੋਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। 26 ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸ ਨੂੰ ਤੁਹਾਡੇ ਸਭ ਦੇ ਸਾਹਮਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਾਹਮਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸੱਕਾਂ। 27 ਮੈਂ ਸੋਚਦਾ ਹਾਂ ਕਿ ਇੱਕ ਕੈਦੀ ਤੇ ਦੋਸ਼ ਲਾਏ ਬਿਨਾ ਉਸ ਨੂੰ ਰੋਮ ਭੇਜਣਾ ਮੂਰੱਖਤਾ ਹੋਵੇਗੀ।”

ਪੌਲੁਸ ਰਾਜਾ ਅਗ੍ਰਿਪਾ ਦੇ ਸਾਹਮਣੇ

26 ਅਗ੍ਰਿਪਾ ਨੇ ਪੌਲੁਸ ਨੂੰ ਆਖਿਆ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।” ਤਾਂ ਪੌਲੁਸ ਆਪਣੇ ਹੱਥ ਨਾਲ ਲੋਕਾਂ ਨੂੰ ਸੁਨਣ ਦਾ ਇਸ਼ਾਰਾ ਕਰਦਿਆਂ ਹੋਇਆਂ ਆਖਣ ਲੱਗਾ। “ਹੇ ਰਾਜਾ ਅਗ੍ਰਿਪਾ, ਤੁਹਾਡੇ ਅੱਗੇ ਖੜ੍ਹਾ ਹੋਕੇ ਅੱਜ ਮੈਂ ਆਪਣੇ ਆਪਨੂੰ ਬੜਾ ਭਾਗਸ਼ਾਲੀ ਸਮਝਦਾ ਹਾਂ ਅਤੇ ਮੈਂ ਯਹੂਦੀਆਂ ਦੁਆਰਾ ਆਪਣੇ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਦਾ ਉੱਤਰ ਦੇਵਾਂਗਾ। ਮੈਂ ਵੱਧੇਰੇ ਖੁਸ਼ ਹਾਂ ਕਿਉਂਕਿ ਤੈਨੂੰ ਯਹੂਦੀ ਰਿਵਾਜ਼ਾਂ ਬਾਰੇ ਅਤੇ ਜਿਹੜੀਆਂ ਗੱਲਾਂ ਬਾਰੇ ਇਹ ਬਹਿਸ ਕਰਦੇ ਹਨ ਉਨ੍ਹਾਂ ਬਾਰੇ ਪੂਰਾ ਗਿਆਨ ਹੈ। ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸਬਰ ਨਾਲ ਸੁਣੋ।

“ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ। ਇਹ ਯਹੂਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਨ। ਜੇਕਰ ਇਹ ਚਾਹੁਣ, ਉਹ ਤੈਨੂੰ ਦੱਸ ਸੱਕੱਦੇ ਹਨ ਕਿ ਮੈਂ ਆਪਣਾ ਜੀਵਨ ਇੱਕ ਫ਼ਰੀਸੀ ਵਾਂਗ ਬਤੀਤ ਕੀਤਾ ਹੈ। ਫ਼ਰੀਸੀ ਯਹੂਦੀ ਧਰਮ ਦੇ ਨੇਮਾਂ ਦੀ ਪਾਲਣਾ ਹੋਰਨਾਂ ਯਹੂਦੀ ਧੜਿਆਂ ਤੋਂ ਵੀ ਵੱਧੇਰੇ ਧਿਆਨ ਨਾਲ ਕਰਦੇ ਹਨ। ਹੁਣ ਮੈਂ ਉਸ ਵਿਸ਼ਵਾਸ ਕਾਰਣ ਕਚਿਹਰੀ ਦੇ ਸਾਹਮਣੇ ਖੜ੍ਹਾ ਹਾਂ ਜੋ ਮੈਨੂੰ ਉਸ ਵਾਅਦੇ ਕਾਰਣ ਮਿਲੀ ਹੈ ਜਿਹੜਾ ਪਰਮੇਸ਼ੁਰ ਨੇ ਸਾਡੇ ਬਜ਼ੁਰਗਿਆਂ ਨਾਲ ਕੀਤਾ ਸੀ। ਉਸੇ ਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉੱਪਰ ਸਾਡੀਆਂ ਬਾਰ੍ਹਾਂ ਗੋਤਾਂ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ। ਹੇ ਰਾਜਾ। ਇਸੇ ਆਸ ਦੇ ਵਚਨ ਦੇ ਬਦਲੇ ਯਹੂਦੀ ਮੇਰੇ ਉੱਪਰ ਦੋਸ਼ ਮੜ੍ਹ ਰਹੇ ਹਨ। ਤੁਸੀਂ ਇਸ ਗੱਲ ਨੂੰ ਅਸੰਭਵ ਕਿਉਂ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ?

“ਜਦੋਂ ਮੈਂ ਇੱਕ ਫ਼ਰੀਸੀ ਸਾਂ ਮੈਂ ਵੀ ਸੋਚਿਆ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਸਾਰੀਆਂ ਸੰਭਵ ਗੱਲਾਂ ਕਰਨੀਆਂ ਚਾਹੀਦੀਆਂ ਹਨ। 10 ਅਤੇ ਯਰੂਸ਼ਲਮ ਵਿੱਚ ਮੈਂ ਨਿਹਚਾਵਾਨਾਂ ਦੇ ਖਿਲਾਫ਼ ਵੀ ਬੜੇ ਕੰਮ ਕੀਤੇ। ਪਰਧਾਨ ਜਾਜਕਾਂ ਨੇ ਮੈਨੂੰ ਇਹ ਇਖਤਿਆਰ ਦਿੱਤਾ ਹੋਇਆ ਸੀ, ਇਸ ਲਈ ਮੈਂ ਬਹੁਤ ਸਾਰੇ ਨਿਹਚਾਵਾਨਾਂ ਨੂੰ ਕੈਦ ਕੀਤਾ ਅਤੇ ਉਨ੍ਹਾਂ ਨੂੰ ਕੈਦਖਾਨੇ ਵਿੱਚ ਪਾ ਦਿੱਤਾ। ਜਦੋਂ ਉਹ ਮਾਰੇ ਜਾ ਰਹੇ ਸਨ, ਤਾਂ ਮੈਂ ਵੀ ਹਾਂਮੀ ਭਰੀ। 11 ਹਰ ਪ੍ਰਾਰਥਨਾ ਸਥਾਨ ਵਿੱਚ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਯਿਸੂ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਆਖਣ ਲਈ ਮਜਬੂਰ ਕੀਤਾ। ਮੈਂ ਉਨ੍ਹਾਂ ਦੇ ਇੰਨਾ ਖਿਲਾਫ਼ ਸੀ ਕਿ ਮੈਂ ਉਨ੍ਹਾਂ ਦੀ ਭਾਲ ਵਿੱਚ ਹੋਰ ਥਾਵਾਂ ਤੇ ਵੀ ਗਿਆ।

ਪੌਲੁਸ ਦਾ ਯਿਸੂ ਨੂੰ ਵੇਖਣ ਬਾਰੇ ਦੱਸਣਾ

12 “ਇੱਕ ਅਜਿਹੀ ਯਾਤਰਾ ਵੇਲੇ, ਮੈਂ ਪ੍ਰਧਾਨ ਜਾਜਕਾਂ ਦੁਆਰਾ ਦਿੱਤੇ ਅਧਿਕਾਰ ਅਤੇ ਸ਼ਕਤੀ ਨਾਲ ਦੰਮਿਸਕ ਨੂੰ ਜਾਂਦੇ ਰਾਹ ਤੇ ਸੀ। 13 ਇਹ ਦੁਪਿਹਰ ਸੀ ਅਤੇ ਮੈਂ ਦੰਮਿਸਕ ਨੂੰ ਜਾਂਦੇ ਰਾਹ ਤੇ ਸੀ। ਫ਼ੇਰ, ਹੇ ਪਾਤਸ਼ਾਹ, ਮੈਂ ਅਕਾਸ਼ ਤੋਂ ਇੱਕ ਰੋਸ਼ਨੀ ਵੇਖੀ ਜੋ ਕਿ ਸੂਰਜ ਤੋਂ ਵੀ ਵੱਧ ਚਮਕੀਲੀ ਸੀ। ਉਹ ਰੋਸ਼ਨੀ ਮੇਰੇ ਚਾਰੇ ਪਾਸੇ ਫ਼ੈਲ ਗਈ ਅਤੇ ਮੇਰੇ ਨਾਲ ਜਿਹੜੇ, ਮੇਰੇ ਸਾਥੀ ਸਫ਼ਰ ਕਰ ਰਹੇ ਸਨ ਉਨ੍ਹਾਂ ਉੱਤੇ ਵੀ। 14 ਅਸੀਂ ਸਾਰੇ ਜ਼ਮੀਨ ਤੇ ਡਿੱਗ ਗਏ। ਫ਼ੇਰ ਮੈਂ ਇਬਰਾਨੀ ਭਾਸ਼ਾ ਵਿੱਚ ਆਖਦੀ ਇੱਕ ਅਵਾਜ਼ ਸੁਣੀ। ‘ਸੌਲੁਸ, ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈਂ? ਮੇਰੇ ਖਿਲਾਫ਼ ਲੜਕੇ ਤੂੰ ਆਪਣੇ ਆਪ ਨੂੰ ਸੱਟ ਮਾਰ ਰਿਹਾ ਹੈਂ।’

15 “ਮੈਂ ਕਿਹਾ, ‘ਪ੍ਰਭੂ, ਤੂੰ ਕੌਣ ਹੈਂ?’

“ਪ੍ਰਭੂ ਨੇ ਆਖਿਆ, ‘ਮੈਂ ਯਿਸੂ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ। 16 ਉੱਠ ਖੜ੍ਹਾ ਹੋ। ਮੈਂ ਤੈਨੂੰ ਆਪਣਾ ਸੇਵਕ ਚੁਣਿਆ ਹੈ। ਤੂੰ ਮੇਰਾ ਗਵਾਹ ਹੋਵੇਂਗਾ। ਤੂੰ ਜੋ ਕੁਝ ਹੁਣ ਵੇਖਿਆ ਹੈ ਤੇ ਜੋ ਮੈਂ ਤੈਨੂੰ ਅਗਲੇ ਸਮੇਂ ਵਿੱਚ ਵਿਖਾਵਾਂਗਾ, ਇਸ ਬਾਰੇ ਤੂੰ ਲੋਕਾਂ ਨਾਲ ਮੇਰੀ ਚਰਚਾ ਕਰੇਂਗਾ। ਇਸੇ ਲਈ ਅੱਜ ਮੈਂ ਤੇਰੇ ਕੋਲ ਆਇਆ ਹਾਂ। 17 ਮੈਂ ਤੈਨੂੰ ਤੇਰੇ ਆਪਣੇ ਲੋਕਾਂ ਤੋਂ ਅਤੇ ਗੈਰ-ਯਹੂਦੀ ਲੋਕਾਂ ਤੋਂ ਵੀ ਬਚਾਵਾਂਗਾ। ਮੈਂ ਤੈਨੂੰ ਇਨ੍ਹਾਂ ਲੋਕਾਂ ਕੋਲ ਭੇਜ ਰਿਹਾ ਹਾਂ। 18 ਤੂੰ ਇਨ੍ਹਾਂ ਲੋਕਾਂ ਨੂੰ ਸੱਚ ਬਾਰੇ ਦੱਸੇਂਗਾ ਤਾਂ ਲੋਕ ਹਨੇਰੇ ਤੋਂ ਭੱਜ ਕੇ ਉਜਾਲੇ ਦੇ ਰਾਹ ਵੱਲ ਮੁੜਣਗੇ ਅਤੇ ਸ਼ੈਤਾਨ ਦੀ ਸ਼ਕਤੀ ਤੋਂ ਉਹ ਪਰਮੇਸ਼ੁਰ ਵੱਲ ਪਰਤਣਗੇ, ਫ਼ੇਰ ਉਨ੍ਹਾਂ ਦੇ ਪਾਪ ਬਖਸ਼ ਦਿੱਤੇ ਜਾਣਗੇ ਅਤੇ ਉਹ ਉਨ੍ਹਾਂ ਨਾਲ ਸਾਂਝ ਪਾਉਣਗੇ ਜੋ ਕਿ ਮੇਰੇ ਵਿੱਚ ਵਿਸ਼ਵਾਸ ਰਾਹੀਂ ਪਵਿੱਤਰ ਬਣਾਏ ਗਏ ਹਨ।’”

ਪੌਲੁਸ ਦਾ ਆਪਣੇ ਕੰਮ ਬਾਰੇ ਦੱਸਣਾ

19 ਪੌਲੁਸ ਨੇ ਆਪਣਾ ਭਾਸ਼ਣ ਜਾਰੀ ਰੱਖਿਆ, “ਜਦੋਂ ਮੈਂ ਸਵਰਗ ਤੋਂ ਇਹ ਦਰਸ਼ਨ ਵੇਖਿਆ, ਤਾਂ ਮੈਂ ਇਸ ਨੂੰ ਮੰਨਣ ਤੋਂ ਇਨਕਾਰ ਨਾ ਕੀਤਾ। 20 ਮੈਂ ਲੋਕਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਉਨ੍ਹਾਂ ਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਾਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ। ਮੈਂ ਲੋਕਾਂ ਨੂੰ ਵਰਨਣ ਕੀਤਾ ਕਿ ਉਨ੍ਹਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਜੋ ਇਹ ਵਿਖਾਉਣ ਕਿ ਉਨ੍ਹਾਂ ਨੇ ਸੱਚ ਮੁੱਚ ਆਪਣੇ ਦਿਲ ਅਤੇ ਜੀਵਨ ਬਦਲ ਲਏ ਹਨ। ਸਭ ਤੋਂ ਪਹਿਲਾਂ ਇਹ ਉਪਦੇਸ਼ ਮੈਂ ਦੰਮਿਸਕ ਵਿੱਚ ਦਿੱਤਾ ਫ਼ਿਰ ਮੈਂ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਵਿੱਚ ਇਸਦਾ ਪ੍ਰਚਾਰ ਕੀਤਾ। ਮੈਂ ਪਰਾਈਆਂ ਕੌਮਾਂ ਵਿੱਚ ਜਾਕੇ ਵੀ ਇਸਦਾ ਪ੍ਰਚਾਰ ਕੀਤਾ।

21 “ਇਸੇ ਕਰਕੇ ਯਹੂਦੀ ਮੈਨੂੰ ਫ਼ੜਕੇ ਲੈ ਗਏ ਜਦ ਮੈਂ ਮੰਦਰ ਵਿੱਚ ਸੀ ਅਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। 22 ਪਰ ਪਰਮੇਸ਼ੁਰ ਨੇ ਮੇਰੀ ਮਦਦ ਕੀਤੀ ਅਤੇ ਉਹ ਅੱਜ ਦਿਨ ਤੱਕ ਵੀ ਮੇਰੀ ਮਦਦ ਕਰ ਰਿਹਾ ਹੈ। ਮੈਂ ਇੱਥੇ ਪਰਮੇਸ਼ੁਰ ਦੀ ਮਦਦ ਨਾਲ ਖੜ੍ਹਾ ਹਾਂ ਅਤੇ ਸਭ ਲੋਕਾਂ, ਵੱਡਿਆਂ ਅਤੇ ਛੋਟਿਆਂ ਦੋਹਾਂ ਨੂੰ, ਗਵਾਹੀ ਦੇ ਰਿਹਾ ਹਾਂ। ਪਰ ਮੈਂ ਨਵਾਂ ਕੁਝ ਵੀ ਨਹੀਂ ਆਖ ਰਿਹਾ। ਮੈਂ ਉਹੀ ਕੁਝ ਦੱਸ ਰਿਹਾ ਹਾਂ ਜੋ ਮੂਸਾ ਅਤੇ ਨਬੀਆਂ ਨੇ ਆਖਿਆ ਸੀ, ਜੋ ਅੱਗੋਂ ਵਾਪਰੇਗਾ। 23 ਉਨ੍ਹਾਂ ਆਖਿਆ ਸੀ ਕਿ ਮਸੀਹ ਹੋਵੇਗਾ ਅਤੇ ਉਹ ਪਹਿਲਾਂ ਹੋਵੇਗਾ ਜੋ ਮਰ ਕੇ ਜਿਉਂ ਉੱਠੇਗਾ। ਮੂਸਾ ਅਤੇ ਨਬੀਆਂ ਦਾ ਕਹਿਣਾ ਹੈ ਕਿ ਮਸੀਹ ਯਹੂਦੀਆਂ ਲਈ ਅਤੇ ਗੈਰ-ਯਹੂਦੀਆਂ ਲਈ ਰੌਸ਼ਨੀ ਦੀ ਮਿਸਾਲ ਲੈ ਕੇ ਆਵੇਗਾ।”

ਪੌਲੁਸ ਦੀ ਅਗ੍ਰਿਪਾ ਨੂੰ ਮਨਾਉਣ ਦੀ ਕੋਸ਼ਿਸ਼

24 ਜਦੋਂ ਪੌਲੁਸ ਅਪਣੀ ਰੱਖਿਆ ਕਰਨ ਲਈ ਇਹ ਗੱਲਾਂ ਆਖ ਰਿਹਾ ਸੀ ਤਾਂ ਫ਼ੇਸਤੁਸ ਨੇ ਰੌਲਾ ਪਾਇਆ, “ਪੌਲੁਸ। ਤੂੰ ਪਾਗਲ ਹੈਂ। ਬਹੁਤ ਜ਼ਿਆਦਾ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ।”

25 ਪੌਲੁਸ ਨੇ ਆਖਿਆ, “ਹੇ ਫ਼ੇਸਤੁਸ ਬਹਾਦੁਰ। ਮੈਂ ਕਮਲਾ ਨਹੀਂ। ਜੋ ਮੈਂ ਕਹਿ ਰਿਹਾ ਹਾਂ ਸਗੋਂ ਉਹ ਸੱਚ ਹੈ। ਮੇਰੇ ਸ਼ਬਦ ਕਿਸੇ ਮੂਰਖ ਦੇ ਸ਼ਬਦ ਨਹੀਂ ਹਨ। ਜੋ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਤਰਕ ਪੂਰਣ ਹੈ। 26 ਰਾਜਾ ਅਗ੍ਰਿਪਾ ਇਨ੍ਹਾਂ ਗੱਲਾਂ ਬਾਰੇ ਜਾਣਦਾ ਹੈ ਅਤੇ ਮੈਂ ਉਸ ਨਾਲ ਖੁਲ੍ਹੇਆਮ ਬੋਲ ਸੱਕਦਾ ਹਾਂ, ਉਸ ਲਈ ਇਨ੍ਹਾਂ ਵਿੱਚੋਂ ਕੁਝ ਵੀ ਨਵਾਂ ਨਹੀਂ ਹੈ। ਕਿਉਂਕਿ ਇਹ ਸਭ ਗੱਲਾਂ ਸਭ ਦੀ ਹਾਜਰੀ ਵਿੱਚ ਹੋਈਆਂ ਨਾ ਕਿ ਗੁਪਤ ਤੌਰ ਤੇ। 27 ਰਾਜਾ ਅਗ੍ਰਿਪਾ, ਕੀ ਤੂੰ ਨਬੀਆਂ ਦੀਆਂ ਲਿਖਤਾਂ ਵਿੱਚ ਨਿਹਚਾ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਨਿਹਚਾ ਰੱਖਦਾ ਹੈਂ।”

28 ਰਾਜਾ ਅਗ੍ਰਿਪਾ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਸੋਚਦਾ ਹੈਂ ਕਿ ਤੂੰ ਮੈਨੂੰ ਇੰਨੀ ਸੌਖੀ ਤਰ੍ਹਾਂ ਮਸੀਹੀ ਹੋਣ ਲਈ ਉਕਸਾ ਲਵੇਂਗਾ?”

29 ਪੌਲੁਸ ਨੇ ਆਖਿਆ, “ਇਹ ਔਖਾ ਹੋਵੇ ਜਾਂ ਸੌਖਾ, ਪਰ ਇਹ ਮਾਮਲਾ ਨਹੀਂ ਹੈ; ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਹੀ ਨਹੀਂ ਸਗੋਂ ਉਹ ਸਭ ਜੋ ਅੱਜ ਮੈਨੂੰ ਸੁਣ ਰਹੇ ਹਨ, ਮੇਰੇ ਵਾਂਗ ਬਚਾਏ ਜਾ ਸੱਕਣ, ਸਿਵਾਏ ਇਨ੍ਹਾਂ ਜੰਜ਼ੀਰਾਂ ਦੇ।”

30 ਰਾਜਾ ਅਗ੍ਰਿਪਾ, ਫ਼ੇਸਤੁਸ ਹਾਕਮ, ਬਰਨੀਕੇ ਅਤੇ ਸਾਰੇ ਉਨ੍ਹਾਂ ਨਾਲ ਬੈਠੇ ਹੋਏ ਲੋਕ ਖਲੋ ਗਏ ਅਤੇ ਕਚਿਹਰੀ ਚੋਂ ਉੱਠ ਕੇ ਚੱਲੇ ਗਏ। 31 ਜਾਂਦੇ ਹੋਏ ਉਹ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਆਖ ਰਹੇ ਸਨ, “ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਜੋ ਇਹ ਮੌਤ ਜਾਂ ਕੈਦ ਦਾ ਅਧਿਕਾਰੀ ਹੋਵੇ। ਸੱਚਮੁੱਚ ਇਸਨੇ ਕੁਝ ਵੀ ਬੁਰਾ ਨਹੀਂ ਕੀਤਾ।” 32 ਤਾਂ ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਜੇਕਰ ਇਸਨੇ ਕੈਸਰ ਨੂੰ ਬੇਨਤੀ ਨ ਕੀਤੀ ਹੁੰਦੀ, ਤਾਂ ਉਸ ਨੂੰ ਅਜ਼ਾਦ ਕੀਤਾ ਜਾ ਸੱਕਦਾ ਸੀ।”

Punjabi Bible: Easy-to-Read Version (ERV-PA)

2010 by World Bible Translation Center