Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 21-23

ਪੌਲੁਸ ਦਾ ਯਰੂਸ਼ਲਮ ਨੂੰ ਜਾਣਾ

21 ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਅਲਵਿਦਾ ਆਖਕੇ ਜਹਾਜ਼ ਵਿੱਚ ਚੱਲੇ ਗਏ। ਅਸੀਂ ਸਿੱਧਾ ਕੋਸ ਟਾਪੂ ਵੱਲ ਆਏ। ਅਗਲੇ ਦਿਨ ਅਸੀਂ ਰੋਦੁਸ ਟਾਪੂ ਵੱਲ ਗਏ ਅਤੇ ਰੋਦੁਸ ਤੋਂ ਪਾਤਰਾ ਵੱਲ ਨੂੰ। ਪਾਤ੍ਰਾ ਵਿੱਚ ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਵੱਲ ਦੇ ਇਲਾਕੇ ਨੂੰ ਜਾ ਰਿਹਾ ਸੀ, ਅਸੀਂ ਉਸ ਜਹਾਜ਼ ਤੇ ਸਵਾਰ ਹੋਏ ਅਤੇ ਸਫ਼ਰ ਲਈ ਤੁਰ ਪਏ।

ਅਸੀਂ ਕੁਪਰੁਸ ਟਾਪੂ ਕੋਲ ਪਹੁੰਚੇ। ਇਹ ਸਾਨੂੰ ਉੱਤਰੀ ਦਿਸ਼ਾ ਵੱਲ ਵਿਖਾਈ ਦੇ ਰਿਹਾ ਸੀ, ਪਰ ਅਸੀਂ ਉੱਥੇ ਰੁਕੇ ਨਹੀਂ। ਅਸੀਂ ਉੱਥੋਂ ਸੁਰਿਯਾ ਵੱਲ ਨੂੰ ਚੱਲੇ ਗਏ। ਅਸੀਂ ਉੱਥੇ ਸੂਰ ਵਿੱਚ ਜਾ ਉੱਤਰੇ ਕਿਉਂਕਿ ਉੱਥੇ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। ਉੱਥੇ ਅਸੀਂ ਕੁਝ ਯਿਸੂ ਦੇ ਚੇਲਿਆਂ ਨੂੰ ਲੱਭਿਆ ਅਤੇ ਉਨ੍ਹਾਂ ਕੋਲ ਅਸੀਂ ਸੱਤ ਦਿਨਾਂ ਲਈ ਠਹਿਰੇ। ਉਨ੍ਹਾਂ ਨੇ ਪਵਿੱਤਰ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ। ਪਰ ਜਦੋਂ ਅਸੀਂ ਆਪਣੀ ਫ਼ੇਰੀ ਖਤਮ ਕੀਤੀ ਤਾਂ ਅਸੀਂ ਉੱਥੋਂ ਤੁਰ ਪਏ। ਅਸੀਂ ਆਪਣੀ ਯਾਤਰਾ ਜਾਰੀ ਰੱਖੀ। ਉੱਥੋਂ ਦੇ ਸਾਰੇ ਮਰਦ-ਔਰਤਾਂ ਅਤੇ ਬੱਚੇ ਸਾਨੂੰ ਸ਼ਹਿਰੋਂ ਬਾਹਰ ਤੱਕ ਅਲਵਿਦਾ ਆਖਣ ਸਾਡੇ ਨਾਲ ਆਏ। ਅਸੀਂ ਸਾਰਿਆਂ ਨੇ ਉੱਥੇ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫ਼ਿਰ ਅਸੀਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਜਹਾਜ਼ ਉੱਪਰ ਚੜ੍ਹ੍ਹ ਗਏ ਅਤੇ ਉਹ ਲੋਕ ਆਪਣੇ ਘਰਾਂ ਨੂੰ ਪਰਤ ਗਏ।

ਅਸੀਂ ਸੂਰ ਤੋਂ ਅੱਗੇ ਆਪਣੀ ਜਲ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਪਹੁੰਚੇ। ਅਸੀਂ ਉੱਥੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਇੱਕ ਦਿਨ ਠਹਿਰੇ। ਅਗਲੇ ਦਿਨ ਤੁਸੀਂ ਤੁਲਮਾਇਸ ਤੋਂ ਕੈਸਰਿਯਾ ਵੱਲ ਆਏ। ਅਸੀਂ ਫ਼ਿਲਿਪੁੱਸ ਦੇ ਘਰ ਅੰਦਰ ਗਏ ਅਤੇ ਉਸ ਦੇ ਨਾਲ ਠਹਿਰੇ। ਫ਼ਿਲਿਪੁੱਸ ਖੁਸ਼ਖਬਰੀ ਦਾ ਪ੍ਰਚਾਰਕ ਸੀ ਅਤੇ ਉਨ੍ਹਾਂ ਸੱਤ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਦੀਆਂ ਚਾਰ ਕੁੜੀਆਂ ਸਨ ਇਨ੍ਹਾਂ ਦੇ ਹਾਲੇ ਵਿਆਹ ਨਹੀਂ ਹੋਏ ਸਨ। ਇਨ੍ਹਾਂ ਕੁੜੀਆਂ ਕੋਲ ਅਗੰਮ ਵਾਕ ਕਰਨ ਦੀ ਬਖਸ਼ਸ਼ ਸੀ।

10 ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਸੀ ਤਾਂ ਉੱਥੇ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਤਰ ਆਇਆ। 11 ਉਹ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਕੋਲੋਂ ਪੌਲੁਸ ਦੀ ਕਮਰ ਪੇਟੀ ਲੈ ਲਈ। ਅਤੇ ਉਸ ਕਮਰਪਟੇ ਨਾਲ ਆਪਣੇ ਹੱਥ-ਪੈਰ ਬੰਨ੍ਹ ਕੇ ਆਖਣ ਲੱਗਾ, “ਪਵਿੱਤਰ ਆਤਮਾ ਮੈਨੂੰ ਦੱਸਦਾ ਹੈ, ਕਿ ‘ਯਰੂਸ਼ਲਮ ਵਿੱਚ ਯਹੂਦੀ ਉਸ ਮਨੁੱਖ ਨੂੰ ਇਸੇ ਤਰ੍ਹਾਂ ਬੰਨ੍ਹ ਦੇਣਗੇ ਜਿਸ ਦਾ ਇਹ ਕਮਰਪਟਾ ਹੈ, ਅਤੇ ਉਸਤੋਂ ਬਾਅਦ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”

12 ਜਦੋਂ ਅਸੀਂ ਇਹ ਬਚਨ ਸੁਣੇ, ਤਾਂ ਅਸੀਂ ਅਤੇ ਆਮ ਨਿਹਚਾਵਾਨਾਂ ਨੇ ਪੌਲੁਸ ਅੱਗੇ ਯਰੂਸ਼ਲਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 13 ਪਰ ਪੌਲੁਸ ਨੇ ਕਿਹਾ, “ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਮੇਰਾ ਦਿਲ ਕਿਉਂ ਤੋੜ ਰਹੇ ਹੋ। ਮੈਂ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਨੂੰ ਤਿਆਰ ਹਾਂ ਇਹੀ ਨਹੀਂ ਸਗੋਂ ਮੈਂ ਤਾਂ ਪ੍ਰਭੂ ਯਿਸੂ ਦੇ ਨਾਂ ਤੇ ਮਰ ਮਿਟਣ ਨੂੰ ਵੀ ਤਿਆਰ ਹਾਂ।”

14 ਅਸੀਂ ਉਸ ਨੂੰ ਯਰੂਸ਼ਲਮ ਨੂੰ ਨਾ ਜਾਣ ਲਈ ਨਾ ਮਨਵਾ ਸੱਕੇ। ਇਸ ਲਈ ਅਸੀਂ ਅਰਜੋਈ ਬੰਦ ਕਰਕੇ ਉਸ ਨੂੰ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”

15 ਇਸਤੋਂ ਬਾਅਦ ਅਸੀਂ ਯਰੂਸ਼ਲਮ ਲਈ ਤਿਆਰ ਹੋਕੇ ਚੱਲ ਪਏ। 16 ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁੜ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸ ਦੇ ਨਾਲ ਠਹਿਰ ਸੱਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ।

ਪੌਲੁਸ ਦਾ ਯਾਕੂਬ ਨੂੰ ਮਿਲਣਾ

17 ਯਰੂਸ਼ਲਮ ਵਿੱਚ ਨਿਹਚਾਵਾਨਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ। 18 ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ। ਸਾਰੇ ਵਡੇਰੇ (ਕਲੀਸਿਯਾ ਦੇ ਆਗੂ) ਉੱਥੇ ਹੀ ਸਨ। 19 ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ ਅਤੇ ਸਭ ਕੁਝ ਤਫ਼ਸੀਲ ਵਿੱਚ ਦੱਸਿਆ, ਜੋ ਪਰਮੇਸ਼ੁਰ ਨੇ ਉਸਦੀ ਸੇਵਾ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤਾ ਸੀ।

20 ਜਦੋ ਆਗੂਆਂ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਉਨ੍ਹਾਂ ਨੇ ਪੌਲੁਸ ਨੂੰ ਕਿਹਾ, “ਭਰਾ ਤੂੰ ਵੇਖ ਸੱਕਦਾ ਹੈਂ ਕਿ ਹਜ਼ਾਰਾਂ ਹੀ ਯਹੂਦੀ ਨਿਹਚਾਵਾਨ ਬਣ ਚੁੱਕੇ ਹਨ। ਪਰ ਉਹ ਸੋਚਦੇ ਹਨ ਕਿ ਮੂਸਾ ਦੇ ਨੇਮਾਂ ਨੂੰ ਮੰਨਣਾ ਮਹੱਤਵਪੂਰਣ ਹੈ। 21 ਇਨ੍ਹਾਂ ਯਹੂਦੀਆਂ ਨੇ ਤੁਹਾਡੇ ਉਪਦੇਸ਼ ਸੁਣੇ ਹਨ ਅਤੇ ਇਹ ਵੀ ਸੁਣਿਆ ਹੈ ਕਿ ਤੁਸੀਂ ਦੂਜੇ ਦੇਸ਼ਾਂ ਵਿੱਚ ਰਹਿੰਦੇ ਯਹੂਦੀਆਂ ਨੂੰ ਮੂਸਾ ਦੀ ਸ਼ਰ੍ਹਾ ਨੂੰ ਤਿਆਗਣ ਅਤੇ ਆਪਣੇ ਬੱਚਿਆਂ ਨੂੰ ਸੁੰਨਤ ਨਾ ਕਰਾਉਣ ਦਾ ਉਪਦੇਸ਼ ਦਿੰਦੇ ਹੋ।

22 “ਸੋ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਯਹੂਦੀ ਨਿਹਚਾਵਾਨ ਜ਼ਰੂਰ ਸੁਣ ਲੈਣਗੇ ਕਿ ਤੂੰ ਆਇਆ ਹੈਂ। 23 ਸੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ? ਸਾਡੇ ਕੋਲ ਆਦਮੀ ਹਨ ਜਿਨ੍ਹਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕੀਤਾ ਹੈ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸੱਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ।

25 “ਅਸੀਂ ਪਹਿਲਾਂ ਹੀ ਉਨ੍ਹਾਂ ਗੈਰ-ਯਹੂਦੀਆਂ ਨੂੰ ਪੱਤਰ ਭੇਜ ਦਿੱਤਾ ਹੈ ਜਿਹੜੇ ਕਿ ਨਿਹਚਾਵਾਨ ਬਣ ਗਏ ਹਨ। ਉਸ ਪੱਤਰ ਵਿੱਚ ਲਿਖਿਆ ਹੈ;

‘ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ,

ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।

ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।’”

ਪੌਲੁਸ ਕੈਦ ਹੋ ਗਿਆ

26 ਅਗਲੇ ਦਿਨ, ਪੌਲੁਸ ਨੇ ਆਪਣੇ ਨਾਲ ਉਨ੍ਹਾਂ ਚਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਦੇ ਨਾਲ ਸ਼ੁੱਧਤਾ ਦੀ ਰੀਤ ਨਿਭਾਈ। ਫ਼ਿਰ ਉਹ ਮੰਦਰ ਦੇ ਇਲਾਕੇ ਵਿੱਚ ਗਿਆ ਅਤੇ ਐਲਾਨ ਕੀਤਾ ਕਿ ਸ਼ੁੱਧਤਾ ਦੀ ਰੀਤ ਦੇ ਦਿਨ ਪੂਰੇ ਕਦੋਂ ਹੋਣਗੇ ਅਤੇ ਕਦੋਂ ਉਨ੍ਹਾਂ ਵਿੱਚੋਂ ਹਰੇਕ ਲਈ ਭੇਂਟ ਦਿੱਤੀ ਜਾਵੇਗੀ।

27 ਤਕਰੀਬਨ ਸੱਤ ਕੁ ਦਿਨ ਖਤਮ ਹੋ ਚੁੱਕੇ ਸਨ, ਪਰ ਅਸਿਯਾ ਵਿੱਚੋਂ ਆਏ ਕੁਝ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਦੇ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। 28 ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।” 29 (ਇਹ ਗੱਲ ਉਨ੍ਹਾਂ ਨੇ ਇਸ ਲਈ ਆਖੀ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਜੋ ਕਿ ਯੂਨਾਨੀ ਸੀ ਪੌਲੁਸ ਦੇ ਨਾਲ ਵੇਖਿਆ ਸੀ। ਅਤੇ ਇਹ ਸੋਚਿਆ ਕਿ ਪੌਲੁਸ ਉਸ ਨੂੰ ਆਪਣੇ ਨਾਲ ਇਸ ਮੰਦਰ ਦੇ ਪਵਿੱਤਰ ਅਹਾਤੇ ਵਿੱਚ ਲਿਆਇਆ ਹੋਵੇਗਾ।)

30 ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ। 31 ਲੋਕ ਉਸ ਨੂੰ ਜਾਨੋਂ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਰੋਮ ਦੀ ਫ਼ੌਜ ਦੇ ਕਮਾਂਡਰ ਨੂੰ ਖਬਰ ਪਹੁੰਚੀ ਕਿ ਸਾਰੇ ਸ਼ਹਿਰ ਵਿੱਚ ਭਗਦੜ ਮੱਚੀ ਹੋਈ ਹੈ। 32 ਤਾਂ ਝੱਟ ਹੀ ਕਮਾਂਡਰ ਉਸ ਭੀੜ ਵਾਲੀ ਥਾਂ ਤੇ ਪਹੁੰਚ ਗਿਆ। ਉਹ ਕੁਝ ਫ਼ੌਜੀ ਅਧਿਕਾਰੀਆਂ ਅਤੇ ਸੈਨਕਾਂ ਨੂੰ ਆਪਣੇ ਨਾਲ ਲਿਆਇਆ। ਜਦੋਂ ਲੋਕਾਂ ਨੇ ਸਰਦਾਰ ਅਤੇ ਸੈਨਕਾਂ ਨੂੰ ਆਉਂਦਿਆਂ ਵੇਖਿਆ, ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।

33 ਤਦ ਉਸ ਨੇ ਨੇੜੇ ਆਕੇ ਪੌਲੁਸ ਨੂੰ ਫ਼ੜ ਲਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹ ਦੇਣ। ਤਦ ਉਸ ਨੇ ਪੁੱਛਿਆ, “ਇਹ ਆਦਮੀ ਕੌਣ ਹੈ? ਇਸਨੇ ਕੀ ਕੀਤਾ ਹੈ?” 34 ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ। 35 ਸਾਰੀ ਭੀੜ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਸਿਪਾਹੀਆਂ ਨੇ ਬੇਕਾਬੂ ਭੀੜ ਕਾਰਣ ਪੌਲੁਸ ਨੂੰ ਚੁੱਕ ਲਿਆ। ਇਹ ਸਭ ਉਨ੍ਹਾਂ ਨੇ ਪੌਲੁਸ ਨੂੰ ਭੀੜ ਤੋਂ ਬਚਾਉਣ ਖਾਤਰ ਕੀਤਾ ਕਿਉਂਕਿ ਭੀੜ ਉਸ ਨੂੰ ਮਾਰਨ ਲਈ ਤਿਆਰ ਸੀ। 36 ਉਹ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਰੌਲਾ ਪਾ ਰਹੇ ਸਨ, “ਇਸ ਨੂੰ ਜਾਨੋ ਮਾਰ ਦਿਓ।”

37 ਸਿਪਾਹੀ ਉਸ ਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸੱਕਦਾ ਹਾਂ?”

ਉਸ ਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ? 38 ਤਾਂ ਫ਼ਿਰ ਤੂੰ ਉਹ ਆਦਮੀ ਨਹੀਂ ਜੋ ਮੈਂ ਸੋਚਿਆ ਸੀ ਕਿ ਤੂੰ ਹੈ। ਮੈਂ ਸੋਚਿਆ ਤੂੰ ਉਹ ਮਿਸਰੀ ਸੀ ਜਿਸਨੇ ਹਾਲ ਵਿੱਚ ਹੀ ਸਰਕਾਰ ਦੇ ਵਿਰੁੱਧ ਇੱਕ ਵਿਦ੍ਰੋਹ ਸ਼ੁਰੂ ਕੀਤਾ ਸੀ ਅਤੇ ਚਾਰ ਹਜ਼ਾਰ ਖੂਨੀਆਂ ਨੂੰ ਉਜਾੜ ਵੱਲ ਲੈ ਗਿਆ ਸੀ।”

39 ਪੌਲੁਸ ਨੇ ਕਿਹਾ, “ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ। ਮੈਂ ਉਸ ਖਾਸ ਸ਼ਹਿਰ ਦਾ ਵਸਨੀਕ ਹਾਂ, ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ।”

40 ਉਸ ਨੇ ਪੌਲੁਸ ਨੂੰ ਬੋਲਣ ਦੀ ਪਰਵਾਨਗੀ ਦੇ ਦਿੱਤੀ। ਤਾਂ ਪੌਲੁਸ ਪੌੜੀਆਂ ਤੇ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਲੋਕ ਸ਼ਾਂਤ ਹੋ ਗਏ, ਤਾਂ ਉਹ ਉਨ੍ਹਾਂ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਿਆ।

ਪੌਲੁਸ ਦਾ ਲੋਕਾਂ ਵਿੱਚ ਬੋਲਣਾ

22 ਪੌਲੁਸ ਨੇ ਆਖਿਆ, “ਹੇ ਮੇਰੇ ਭਰਾਵੋ, ਅਤੇ ਮੇਰੇ ਪਿਤਾਓ, ਮੈਨੂੰ ਸੁਣੋ, ਜਦੋਂ ਕਿ ਮੈਂ ਤੁਹਾਡੇ ਅੱਗੇ ਆਪਣੀ ਸਫ਼ਾਈ ਪੇਸ਼ ਕਰਾਂਗਾ।”

ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਦਿਆਂ ਸੁਣਿਆ ਉਹ ਹੋਰ ਵੀ ਵੱਧ ਸ਼ਾਂਤ ਹੋ ਗਏ।

ਪੌਲੁਸ ਨੇ ਆਖਿਆ, “ਮੈਂ ਇੱਕ ਯਹੂਦੀ ਹਾਂ। ਮੈਂ ਕਿਲਿਕਿਯਾ ਤੇ ਤਰਸੁੱਸ ਵਿੱਚ ਪੈਦਾ ਹੋਇਆ ਸੀ। ਮੈਂ ਇੱਥੇ ਯਰੂਸ਼ਲਮ ਵਿੱਚ ਵੱਡਾ ਹੋਇਆ। ਮੈਂ ਗਮਲੀਏਲ ਦਾ ਇੱਕ ਵਿਦਿਆਰਥੀ ਸੀ। ਉਸ ਨੇ ਧਿਆਨ ਨਾਲ ਮੈਨੂੰ ਆਪਣੇ ਵਡੇਰਿਆਂ ਦੀ ਸ਼ਰ੍ਹਾ ਬਾਰੇ ਸਿੱਖਾਇਆ। ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਬੜਾ ਸ਼ੌਕ ਸੀ ਜਿਵੇਂ ਇੱਥੇ ਅੱਜ ਤੁਹਾਡੇ ਸਾਰਿਆਂ ਵਿੱਚ ਹੈ। ਮੈਂ ਉਨ੍ਹਾਂ ਲੋਕਾਂ ਨੂੰ ਤਸੀਹੇ ਦਿੱਤੇ ਜੋ ਯਿਸੂ ਦੇ ਮਾਰਗ ਦਾ ਅਨੁਸਰਣ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਤਾਂ ਮੇਰੇ ਕਾਰਣ ਜਾਨੋਂ ਵੀ ਮਾਰੇ ਗਏ। ਮੈਂ ਮਰਦਾਂ ਤੇ ਔਰਤਾਂ ਨੂੰ ਫ਼ੜਕੇ ਕੈਦ ਕਰ ਦਿੱਤਾ।

“ਸਰਦਾਰ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਤੁਹਾਨੂੰ ਇਹ ਗੱਲ ਸੱਚ ਸਾਬਿਤ ਕਰ ਸੱਕਦੇ ਹਨ। ਇੱਕ ਵਾਰ ਇਨ੍ਹਾਂ ਆਗੂਆਂ ਨੇ ਮੈਨੂੰ ਕੁਝ ਚਿੱਠੀਆਂ ਦਿੱਤੀਆਂ। ਇਹ ਚਿੱਠੀਆਂ ਦੰਮਿਸਕ ਸ਼ਹਿਰ ਦੇ ਯਹੂਦੀ ਭਰਾਵਾਂ ਲਈ ਸਨ। ਮੈਂ ਉੱਥੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਸਜ਼ਾ ਦੇਣ ਲਈ ਗਿਰਫ਼ਤਾਰ ਕਰਨ ਲਈ ਜਾ ਰਿਹਾ ਸਾਂ।

ਪੌਲੁਸ ਨੇ ਆਪਣੇ ਪਰਿਵਰਤਨ ਬਾਰੇ ਦੱਸਿਆ

“ਪਰ ਦੰਮਿਸਕ ਦੇ ਰਾਹ ਵਿੱਚ ਹੀ ਮੇਰੇ ਨਾਲ ਕੁਝ ਵਾਪਰਿਆ। ਇਹ ਕੋਈ ਦੁਪਿਹਰ ਦਾ ਵੇਲਾ ਸੀ, ਜਦੋਂ ਮੈਂ ਦੰਮਿਸਕ ਦੇ ਨੇੜੇ ਪਹੁੰਚਿਆ। ਅਚਾਨਕ ਹੀ, ਅਕਾਸ਼ ਵਿੱਚ ਇੱਕ ਚਮਕੀਲੀ ਰੌਸ਼ਨੀ ਮੇਰੇ ਆਲੇ-ਦੁਆਲੇ ਫ਼ੈਲ ਗਈ। ਮੈਂ ਧਰਤੀ ਤੇ ਡਿੱਗ ਗਿਆ ਤੇ ਇੱਕ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈ?’

“ਮੈਂ ਪੁੱਛਿਆ, ‘ਪ੍ਰਭੂ, ਤੂੰ ਕੌਣ ਹੈਂ?’ ਅਵਾਜ਼ ਨੇ ਆਖਿਆ, ‘ਮੈਂ ਯਿਸੂ ਨਾਸਰੀ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ।’ ਮੇਰੇ ਸਾਥੀਆਂ ਨੇ ਜੋ ਮੇਰੇ ਨਾਲ ਸਨ, ਉਹ ਜੋਤ ਤਾਂ ਵੇਖੀ, ਪਰ ਜੋ ਮੇਰੇ ਨਾਲ ਬੋਲਦਾ ਸੀ ਉਸਦੀ ਅਵਾਜ਼ ਨਾ ਸੁਣੀ

10 “ਮੈਂ ਪੁੱਛਿਆ, ‘ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ?’ ਪ੍ਰਭੂ ਨੇ ਉੱਤਰ ਦਿੱਤਾ, ‘ਉੱਠ ਅਤੇ ਦੰਮਿਸਕ ਵਿੱਚ ਜਾ। ਉੱਥੇ ਤੈਨੂੰ ਸਭ ਗੱਲਾਂ ਕਹੀਆਂ ਜਾਣਗੀਆਂ ਜੋ ਤੇਰੇ ਕਰਨ ਲਈ ਵਿਉਂਤੀਆਂ ਗਈਆਂ ਹਨ।’ 11 ਮੈਂ ਕੁਝ ਵੇਖ ਨਾ ਸੱਕਿਆ ਕਿਉਂਕਿ ਤੇਜ਼ ਰੋਸ਼ਨੀ ਨੇ ਮੈਨੂੰ ਚੁੰਧਿਆ ਦਿੱਤਾ ਸੀ, ਮੈਨੂੰ ਕੁਝ ਨਾ ਦਿਸਿਆ। ਤਾਂ ਉਹ ਆਦਮੀ ਜੋ ਮੇਰੇ ਨਾਲ ਸਨ ਉਹ ਮੇਰਾ ਹੱਥ ਫ਼ੜਕੇ ਮੈਨੂੰ ਦੰਮਿਸਕ ਵਿੱਚ ਲੈ ਗਏ।

12 “ਦੰਮਿਸਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਆਦਮੀ ਮੇਰੇ ਕੋਲ ਆਇਆ ਉਹ ਇੱਕ ਧਰਮੀ ਆਦਮੀ ਸੀ ਜਿਸਨੇ ਮੂਸਾ ਦੀ ਸ਼ਰ੍ਹਾ ਦਾ ਅਨੁਸਰਣ ਕੀਤਾ ਸੀ। ਉੱਥੇ ਰਹਿੰਦੇ ਸਾਰੇ ਯਹੂਦੀਆਂ ਨੇ ਉਸਦੀ ਇੱਜ਼ਤ ਕੀਤੀ। 13 ਉਹ ਮੇਰੇ ਕੋਲ ਅਇਆ ਅਤੇ ਆਖਿਆ, ‘ਸੌਲੁਸ, ਮੇਰੇ ਭਰਾ, ਫ਼ੇਰ ਤੋਂ ਵੇਖ।’ ਉਸੇ ਵਕਤ ਮੈਂ ਵੇਖਣ ਦੇ ਕਾਬਿਲ ਹੋ ਗਿਆ। ਤੇ ਉਸ ਨੂੰ ਵੇਖਿਆ।

14 “ਅਤੇ ਉਸ ਨੇ ਆਖਿਆ, ‘ਸਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੀ ਮਰਜ਼ੀ ਜਾਨਣ ਲਈ, ਉਸ ਇੱਕ ਧਰਮੀ ਨੂੰ ਵੇਖਣ ਲਈ ਅਤੇ ਉਸ ਦੇ ਮੂੰਹੋਂ ਬਚਨ ਸੁਣਨ ਲਈ, ਤੈਨੂੰ ਚੁਣਿਆ ਹੈ। 15 ਤੂੰ ਸਾਰਿਆਂ ਲੋਕਾਂ ਲਈ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜੋ ਤੂੰ ਸੁਣੀਆਂ ਤੇ ਵੇਖੀਆਂ ਹਨ। 16 ਹੁਣ ਹੋਰ ਦੇਰ ਨਾ ਕਰ। ਉੱਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰੱਖਕੇ ਇਹ ਕਰ।’

17 “ਉਸ ਤੋਂ ਬਾਅਦ, ਮੈਂ ਯਰੂਸ਼ਲਮ ਨੂੰ ਪਰਤਿਆ। ਮੈਂ ਮੰਦਰ ਦੇ ਦਲਾਨ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਦਰਸ਼ਨ ਡਿਠਾ। 18 ਉਸ ਦਰਸ਼ਨ ਵਿੱਚ, ਮੈਂ ਯਿਸੂ ਨੂੰ ਵੇਖਿਆ ਅਤੇ ਉਸ ਨੇ ਮੈਨੂੰ ਆਖਿਆ, ‘ਛੇਤੀ ਕਰ। ਹੁਣੇ ਯਰੂਸ਼ਲਮ ਛੱਡ ਦੇ। ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’

19 “ਮੈਂ ਕਿਹਾ, ‘ਹੇ ਪ੍ਰਭੂ, ਉਹ ਜਾਣਦੇ ਹਨ ਕਿ ਉਹ ਮੈਂ ਹੀ ਸੀ ਜਿਸਨੇ ਨਿਹਚਾਵਾਨਾ ਨੂੰ ਕੈਦ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਮੈਂ ਸਾਰੇ ਪ੍ਰਾਰਥਨਾ ਸਥਾਨਾਂ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਲਈ ਗਿਆ। 20 ਲੋਕ ਇਹ ਵੀ ਜਾਣਦੇ ਹਨ ਕਿ ਤੇਰੇ ਸ਼ਹੀਦ ਇਸਤੀਫ਼ਾਨ ਦਾ ਲਹੂ ਵਹਾਇਆ ਗਿਆ ਤਾਂ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਨੂੰ ਮਾਰਨ ਦੀ ਹਾਮੀ ਭਰੀ। ਮੈਂ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’

21 “ਪਰ ਯਿਸੂ ਨੇ ਮੈਨੂੰ ਕਿਹਾ, ‘ਤੂੰ ਹੁਣ ਇੱਥੋਂ ਚੱਲਿਆ ਜਾ, ਕਿਉਂਕਿ ਮੈਂ ਤੈਨੂੰ ਦੂਰ ਗੈਰ-ਯਹੂਦੀ ਲੋਕਾਂ ਕੋਲ ਭੇਜ ਦੇਵਾਂਗਾ।’”

22 ਜਦੋਂ ਪੌਲੁਸ ਨੇ ਇਹ ਅਖੀਰਲਾ ਵਾਕ ਕਿ ਪਰਾਈਆਂ ਕੌਮਾਂ ਵਿੱਚ ਜਾ ਕਿਹਾ ਤਾਂ ਲੋਕਾਂ ਨੇ ਉਸ ਨੂੰ ਸੁਣਨਾ ਬੰਦ ਕੀਤਾ ਅਤੇ ਸ਼ੋਰ ਮਚਾਉਣ ਲੱਗੇ, “ਇਸ ਨੂੰ ਮਾਰ ਸੁੱਟੋ। ਇਸ ਨੂੰ ਇਸ ਦੁਨੀਆਂ ਤੋਂ ਦੂਰ ਸੁੱਟ ਦੇਵੋ। ਇਹੋ ਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ।” 23 ਉਨ੍ਹਾਂ ਨੇ ਰੌਲਾ ਪਾਇਆ ਅਤੇ ਆਪਣੇ ਕੱਪੜੇ ਸੁੱਟਕੇ ਹਵਾ ਵਿੱਚ ਖੇਹ ਉਡਾਉਣ ਲੱਗੇ। 24 ਫ਼ੇਰ ਸੈਨਾ ਅਧਿਕਾਰੀ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਸੈਨਾ ਭਵਨ ਅੰਦਰ ਲੈ ਜਾਣ ਦਾ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਪੌਲੁਸ ਨੂੰ ਕੁੱਟਕੇ ਇਹ ਪੁੱਛਣ ਲਈ ਕਿਹਾ ਕਿ ਕੀ ਕਾਰਣ ਹੈ ਜੋ ਉਹ ਉਸ ਉੱਤੇ ਇੰਝ ਰੌਲਾ ਪਾ ਰਹੇ ਸਨ। 25 ਇਸ ਲਈ ਸਿਪਾਹੀਆਂ ਉਸ ਨੂੰ ਮਾਰਨ ਵਾਸਤੇ ਬੰਨ੍ਹ ਰਹੇ ਸਨ ਪਰ ਪੌਲੁਸ ਨੇ ਉੱਥੇ ਖੜ੍ਹੇ ਸੈਨਾ ਅਧਿਕਾਰੀ ਨੂੰ ਆਖਿਆ, “ਕੀ ਤੈਨੂੰ ਰੋਮੀ ਨਾਗਰਿਕ ਨੂੰ ਕੋੜੇ ਮਾਰਨ ਦਾ ਹੱਕ ਹੈ। ਜਿਸ ਦਾ ਕਿ ਕਸੂਰ ਵੀ ਸਾਬਿਤ ਨਾ ਹੋਇਆ ਹੋਵੇ?”

26 ਜਦੋਂ ਸੈਨਾ ਅਧਿਕਾਰੀ ਨੇ ਇਹ ਸੁਣਿਆ, ਤਾਂ ਉਹ ਸਰਦਾਰ ਕੋਲ ਗਿਆ ਅਤੇ ਉਸ ਨੂੰ ਇਸ ਬਾਰੇ ਕਿਹਾ। ਅਧਿਕਾਰੀ ਨੇ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਤੂੰ ਕੀ ਕਰ ਰਿਹਾ ਹੈਂ? ਇਹ ਆਦਮੀ ਇੱਕ ਰੋਮੀ ਨਾਗਰਿਕ ਹੈ।”

27 ਕਮਾਂਡਰ ਪੌਲੁਸ ਕੋਲ ਆਇਆ ਤੇ ਆਖਣ ਲੱਗਾ, “ਮੈਨੂੰ ਦੱਸ ਕਿ ਸੱਚੀ ਤੂੰ ਰੋਮ ਦਾ ਨਾਗਰਿਕ ਹੈ?”

ਪੌਲੁਸ ਨੇ ਉੱਤਰ ਹਾਂ ਵਿੱਚ ਦਿੱਤਾ।

28 ਕਮਾਂਡਰ ਨੇ ਕਿਹਾ, “ਪਰ ਮੈਂ ਤਾਂ ਬਹੁਤ ਪੈਸਾ ਖਰਚ ਕੇ ਇਹ ਨਾਗਰਿਕਤਾ ਲਈ।”

ਪਰ ਪੌਲੁਸ ਨੇ ਕਿਹਾ, “ਮੈਂ ਜਮਾਂਦਰੂ ਹੀ ਨਾਗਰਿਕ ਸੀ।”

29 ਉਹ ਜੋ ਪੌਲੁਸ ਨੂੰ ਪ੍ਰਸ਼ਨ ਕਰਨ ਵੀ ਵਾਲੇ ਸਨ, ਝੱਟ ਉਸਤੋਂ ਦੂਰ ਚੱਲੇ ਗਏ। ਸਰਦਾਰ ਵੀ ਘਬਰਾਇਆ ਹੋਇਆ ਸੀ ਕਿਉਂਕਿ ਪੌਲੁਸ ਇੱਕ ਰੋਮੀ ਨਾਗਰਿਕ ਸੀ ਅਤੇ ਉਹ ਪਹਿਲਾਂ ਹੀ ਉਸ ਨੂੰ ਜੰਜ਼ੀਰਾਂ ਪਾ ਚੁੱਕਾ ਸੀ।

ਪੌਲੁਸ ਦੀ ਯਹੂਦੀ ਆਗੂਆਂ ਨਾਲ ਗੱਲ-ਬਾਤ

30 ਅਗਲੇ ਦਿਨ, ਅਸਲੀ ਕਾਰਣ ਜਾਨਣ ਲਈ, ਕਿ ਯਹੂਦੀ ਪੌਲੁਸ ਉੱਪਰ ਦੋਸ਼ ਕਿਉਂ ਲਾ ਰਹੇ ਸਨ, ਸਰਦਾਰ ਨੇ ਪੌਲੁਸ ਨੂੰ ਖੋਲ੍ਹ ਦਿੱਤਾ ਅਤੇ ਪ੍ਰਧਾਨ ਜਾਜਕਾਂ ਅਤੇ ਯਹੂਦੀ ਸਭਾ ਦੇ ਸਦੱਸਾਂ ਦੀ ਇਕੱਠੀ ਬੈਠਕ ਬੁਲਵਾਉਣ ਦਾ ਹੁਕਮ ਦਿੱਤਾ। ਫ਼ੇਰ ਪੌਲੁਸ ਨੂੰ ਲਿਆਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।

23 ਪੌਲੁਸ ਨੇ ਬੜੇ ਗਹੁ ਨਾਲ ਯਹੂਦੀ ਮਹਾ ਸਭਾ ਵੱਲ ਵੇਖਿਆ ਤੇ ਫ਼ਿਰ ਕਿਹਾ, “ਭਰਾਵੋ, ਮੈਂ ਅੱਜ ਦਿਨ ਤੱਕ ਪਰਮੇਸ਼ੁਰ ਦੇ ਅੱਗੇ ਆਪਣਾ ਪੂਰਾ ਜੀਵਨ ਉਹੀ ਕਰਕੇ ਬਿਤਾਇਆ ਹੈ। ਜੋ ਮੈਂ ਸੋਚਿਆ ਕਿ ਸਹੀ ਸੀ।” ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਵੀ ਉੱਥੇ ਹੀ ਸੀ, ਜਦੋਂ ਉਸ ਨੇ ਪੌਲੁਸ ਨੂੰ ਇਹ ਆਖਦੇ ਸੁਣਿਆ ਤਾਂ ਜਿਹੜੇ ਆਦਮੀ ਪੌਲੁਸ ਦੇ ਕੋਲ ਖੜ੍ਹੇ ਸਨ, ਉਨ੍ਹਾਂ ਨੂੰ ਕਿਹਾ ਕਿ ਇਸਦੇ ਮੂੰਹ ਤੇ ਮਾਰੋ। ਪੌਲੁਸ ਨੇ ਹਨਾਨਿਯਾਹ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਵੀ ਕੁੱਟੇਗਾ। ਤੂੰ ਅਜਿਹੀ ਮੈਲੀ ਕੰਧ ਹੈਂ ਜਿਸ ਉੱਪਰ ਸਫ਼ੇਦ ਰੋਗਨ ਕੀਤਾ ਹੋਇਆ ਹੈ। ਜਦੋਂ ਤੂੰ ਉੱਥੇ ਬੈਠਾ ਮੂਸਾ ਦੀ ਸ਼ਰ੍ਹਾ ਮੁਤਾਬਕ ਮੇਰਾ ਨਿਆਂ ਕਰਦਾ ਹੈ ਤੂੰ ਉਨ੍ਹਾਂ ਨੂੰ ਆਖਿਆ ਕਿ ਉਹ ਮੈਨੂੰ ਕੁੱਟਣ। ਇਹ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼ ਹੈ।”

ਪੌਲੁਸ ਦੇ ਕੋਲ ਖੜ੍ਹੇ ਆਦਮੀਆਂ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਤੂੰ ਪਰਮੇਸ਼ੁਰ ਦੇ ਸਰਦਾਰ ਜਾਜਕ ਦੀ ਬੇਇੱਜ਼ਤੀ ਕਰ ਰਿਹਾ ਹੈਂ।”

ਪੌਲੁਸ ਨੇ ਕਿਹਾ, “ਭਰਾਵੋ। ਮੈਨੂੰ ਨਹੀਂ ਸੀ ਪਤਾ ਕਿ ਇਹ ਸਰਦਾਰ ਜਾਜਕ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ ਕਿ, ‘ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਨੂੰ ਬੁਰਾ ਨਹੀਂ ਆਖਣਾ ਚਾਹੀਦਾ।’” [a]

ਸਭਾ ਵਿੱਚ, ਕੁਝ ਲੋਕ ਸਦੂਕੀ ਸਨ ਅਤੇ ਕੁਝ ਫ਼ਰੀਸੀ। ਸੋ ਪੌਲੁਸ ਨੂੰ ਇੱਕ ਵਿੱਚਾਰ ਆਇਆ। ਸਭਾ ਵਿੱਚ, ਉਸ ਨੇ ਉੱਚੀ-ਉੱਚੀ ਰੌਲਾ ਪਾਇਆ, “ਭਰਾਵੋ, ਮੈਂ ਇੱਕ ਫ਼ਰੀਸੀ ਹਾਂ ਤੇ ਮੇਰਾ ਪਿਉ ਵੀ ਫ਼ਰੀਸੀ ਸੀ। ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮੁਰਦਿਆਂ ਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦਾ ਹਾਂ।”

ਜਦੋਂ ਪੌਲੁਸ ਨੇ ਇਉਂ ਕਿਹਾ ਤਾਂ ਸਦੂਕੀਆਂ ਅਤੇ ਫ਼ਰੀਸੀਆਂ ਵਿੱਚ ਭਾਰੀ ਬਹਿਸ ਛਿੜ ਪਈ ਅਤੇ ਉਨ੍ਹਾਂ ਵਿੱਚ ਫ਼ੁੱਟ ਪੈ ਗਈ। (ਸਦੂਕੀ ਵਿਸ਼ਵਾਸ ਕਰਦੇ ਸਨ ਕਿ ਕੋਈ ਜੀ ਉੱਠਣਾ ਨਹੀਂ ਹੈ। ਅਤੇ ਉਹ ਵਿਸ਼ਵਾਸ ਕਰਦੇ ਸਨ ਕਿ ਇੱਥੇ ਦੂਤ ਜਾਂ ਆਤਮਾ ਨਹੀਂ ਸਨ।) ਸਾਰੇ ਯਹੂਦੀਆਂ ਨੇ ਉੱਚੀ-ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਕੁਝ ਨੇਮ ਦੇ ਪ੍ਰਚਾਰਕ ਜੋ ਕਿ ਫ਼ਰੀਸੀ ਸਨ ਖੜ੍ਹੇ ਹੋਕੇ ਬਹਿਸ ਕਰਨ ਲੱਗੇ, “ਸਾਨੂੰ ਤਾਂ ਇਸ ਮਨੁੱਖ ਵਿੱਚ ਕੁਝ ਗਲਤ ਨਹੀਂ ਦਿਸਿਆ। ਇਹ ਸੰਭਵ ਹੈ ਕਿ ਇੱਕ ਆਤਮਾ ਜਾਂ ਇੱਕ ਦੂਤ ਬੋਲਿਆ ਹੋਵੇ।”

10 ਬਹਿਸ ਝਗੜ੍ਹੇ ਵਿੱਚ ਬਦਲ ਗਈ। ਸਰਦਾਰ ਘਬਰਾ ਗਿਆ ਕਿ ਯਹੂਦੀ ਪੌਲੁਸ ਦੇ ਚਿਥੜੇ ਕਰ ਦੇਣਗੇ। ਤਾਂ ਉਸ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਯਹੂਦੀਆਂ ਤੋਂ ਦੂਰ ਲੈ ਜਾਣ ਅਤੇ ਇਸ ਨੂੰ ਸੈਨਾ ਭਵਨ ਵਿੱਚ ਰੱਖਣ ਲਈ, ਕਿਹਾ।

11 ਅਗਲੀ ਰਾਤ ਪ੍ਰਭੂ ਯਿਸੂ ਪੌਲੁਸ ਦੇ ਕੋਲ ਆਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਹੌਂਸਲਾ ਰੱਖ। ਤੂੰ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸਿਆ ਹੈ। ਹੁਣ ਤੂੰ ਰੋਮ ਵਿੱਚ ਜਾਕੇ ਵੀ ਲੋਕਾਂ ਨੂੰ ਮੇਰੇ ਬਾਰੇ ਸਾਖੀ ਕਰ।”

ਕੁਝ ਯਹੂਦੀਆਂ ਨੇ ਪੌਲੁਸ ਨੂੰ ਮਾਰਨ ਦੀ ਵਿਉਂਤ ਬਣਾਈ

12 ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ। 13 ਚਾਲ੍ਹੀਆਂ ਤੋਂ ਵੱਧ ਯਹੂਦੀਆਂ ਨੇ ਇਹ ਸਾਜਿਸ਼ ਰਚੀ। 14 ਇਹ ਯਹੂਦੀ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਕੋਲ ਗਏ ਅਤੇ ਆਖਿਆ, “ਅਸੀਂ ਸੌਂਹ ਖਾਧੀ ਹੈ ਕਿ ਓਨਾ ਚਿਰ ਅਸੀਂ ਕੁਝ ਨਾ ਖਾਵਾਂਗੇ ਅਤੇ ਨਾ ਪੀਵਾਂਗੇ ਜਦ ਤੱਕ ਕਿ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ। 15 ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸ ਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸ ਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁੱਛ-ਗਿੱਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸ ਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।”

16 ਪਰ ਪੌਲੁਸ ਦੇ ਭਾਂਣਜੇ ਨੂੰ ਇਸ ਸਾਜਿਸ਼ ਦਾ ਪਤਾ ਲੱਗ ਗਿਆ। ਤਾਂ ਉਹ ਸੈਨਾ ਭਵਨ ਵਿੱਚ ਗਿਆ ਅਤੇ ਪੌਲੁਸ ਨੂੰ ਇਸ ਬਾਰੇ ਦੱਸ ਦਿੱਤਾ। 17 ਤਦ ਪੌਲੁਸ ਨੇ ਇੱਕ ਸੈਨਾ ਅਧਿਕਾਰੀ ਨੂੰ ਸੱਦਿਆ ਅਤੇ ਕਿਹਾ, “ਇਸ ਨੌਜਵਾਨ ਨੂੰ ਕਮਾਂਡਰ ਕੋਲ ਲੈ ਜਾਵੋ। ਇਹ ਇੱਕ ਸੁਨੇਹਾ ਲੈ ਕੇ ਆਇਆ ਹੈ।” 18 ਤਾਂ ਉਹ ਸੈਨਾ-ਅਧਿਕਾਰੀ ਉਸ ਦੇ ਭਾਣਜੇ ਨੂੰ ਸੈਨਾ ਅਧਿਕਾਰੀ ਕੋਲ ਲੈ ਗਿਆ ਤਾਂ ਉਸ ਨੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਇਸ ਨੌਜੁਆਨ ਨੂੰ ਤੁਹਾਡੇ ਕੋਲ ਲਿਆਉਣ ਨੂੰ ਆਖਿਆ ਹੈ, ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”

19 ਸੈਨਾ ਅਧਿਕਾਰੀ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਇੱਕ ਇੱਕਾਂਤ ਜਗ਼੍ਹਾ ਤੇ ਲੈ ਗਿਆ ਤੇ ਆਖਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”

20 ਉਸ ਨੌਜਵਾਨ ਨੇ ਕਿਹਾ, “ਯਹੂਦੀਆਂ ਨੇ ਇਹ ਵਿਉਂਤ ਬਣਈ ਹੈ ਕਿ ਉਹ ਕੱਲ ਪੌਲੁਸ ਨੂੰ ਮਹਾਂ ਸਭਾ ਦੇ ਵਿੱਚ ਲਿਆਉਣ ਲਈ ਤੁਹਾਨੂੰ ਕਹਿਣਗੇ ਅਤੇ ਉਹ ਤੁਹਾਨੂੰ ਇਹ ਕਹਿਣਗੇ ਕਿ ਉਹ ਪੌਲੁਸ ਕੋਲੋਂ ਕੁਝ ਹੋਰ ਸਵਾਲ ਪੁੱਛਣਾ ਚਾਹੁੰਦੇ ਹਨ। 21 ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ ਕਿਉਂਕਿ ਚਾਲੀ ਤੋਂ ਵੱਧੇਰੇ ਯਹੂਦੀ ਛੁੱਪੇ ਹੋਏ ਹਨ ਤਾਂ ਜੋ ਉਹ ਪੌਲੁਸ ਨੂੰ ਰਸਤੇ ਵਿੱਚ ਹੀ ਖਤਮ ਕਰ ਦੇਣ। ਉਨ੍ਹਾਂ ਨੇ ਇੱਕ ਗੰਭੀਰ ਸੌਂਹ ਖਾਧੀ ਹੈ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਣਗੇ ਤੇ ਨਾ ਪੀਣਗੇ ਜਦ ਤੱਕ ਉਹ ਪੌਲੁਸ ਨੂੰ ਨਹੀਂ ਮਾਰ ਦਿੰਦੇ। ਸੋ ਉਹ ਹੁਣ ਤੁਹਾਡੀ ਸਹਿਮਤੀ ਦੀ ਉਡੀਕ ਵਿੱਚ ਹਨ।”

22 ਸਰਦਾਰ ਨੇ ਉਸ ਨੂੰ ਕਿਹਾ, “ਕਿਸੇ ਨੂੰ ਨਾ ਦੱਸੀਂ ਕਿ ਤੂੰ ਮੈਨੂੰ ਇਸ ਵਿਉਂਤ ਬਾਰੇ ਦੱਸ ਦਿੱਤਾ ਹੈ ਅਤੇ ਉਸ ਨੇ ਉਸ ਨੂੰ ਭੇਜ ਦਿੱਤਾ।”

ਪੌਲੁਸ ਨੂੰ ਕੈਸਰਿਯਾ ਵਿੱਚ ਭੇਜਣਾ

23 ਤਦ ਕਮਾਂਡਰ ਨੇ ਦੋ ਸੂਬੇਦਾਰਾਂ ਨੂੰ ਬੁਲਵਾਇਆ ਅਤੇ ਕਿਹਾ, “ਮੈਨੂੰ ਕੁਝ ਆਦਮੀ ਕੈਸਰਿਯਾ ਜਾਣ ਲਈ ਚਾਹੀਦੇ ਹਨ। ਤੁਸੀਂ ਦੋ ਸੌ ਸਿਪਾਹੀ ਤਿਆਰ ਰੱਖੋ, ਸੱਤਰ ਸਿਪਾਹੀ ਘੋੜਿਆਂ ਤੇ ਅਤੇ ਦੋ ਸੌ ਆਦਮੀ ਭਾਲੇ ਬਰਦਾਰ। ਇਨ੍ਹਾਂ ਨੂੰ ਅੱਜ ਰਾਤ ਨੌ ਵਜੇ ਰਵਾਨਾ ਕਰਨ ਲਈ ਤਿਆਰ ਰੱਖਣਾ। 24 ਪੌਲੁਸ ਦੀ ਸਵਾਰੀ ਲਈ ਵੀ ਕੁਝ ਘੋੜਿਆਂ ਦਾ ਇੰਤਜ਼ਾਮ ਕਰੋ। ਉਸ ਨੂੰ ਪੂਰੀ ਸੁਰੱਖਿਆ ਨਾਲ ਫ਼ੇਲਿਕਸ ਹਾਕਮ ਦੇ ਕੋਲ ਪਹੁੰਚਾਣਾ ਹੈ।” 25 ਸੈਨਾ ਅਧਿਕਾਰੀ ਨੇ ਇੱਕ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ;

26 ਕਲੌਦਿਯੁਸ ਲੁਸਿਯਸ ਦੇ

ਹਾਕਮ ਫ਼ੇਲਿਕਸ ਬਹਾਦੁਰ ਨੂੰ ਪ੍ਰਣਾਮ।

27 ਯਹੂਦੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਇਸ ਨੂੰ ਮਾਰਨ ਹੀ ਵਾਲੇ ਸਨ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਮੈਂ ਉਸੇ ਵਕਤ ਆਪਣੇ ਸਿਪਾਹੀਆਂ ਨਾਲ ਗਿਆ ਅਤੇ ਉਸ ਨੂੰ ਬਚਾਇਆ। 28 ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਉਨ੍ਹਾਂ ਕਿਸ ਕਾਰਣ ਉਸ ਉੱਪਰ ਇਲਜ਼ਾਮ ਲਗਾਏ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੀ ਸਭਾ ਵਿੱਚ ਲੈ ਗਿਆ। 29 ਉੱਥੋਂ ਮੈਨੂੰ ਇਹ ਪਤਾ ਲੱਗਾ; ਯਹੂਦੀਆਂ ਨੇ ਪੌਲੁਸ ਉੱਤੇ ਆਪਣੀ ਖੁਦ ਦੀ ਸ਼ਰ੍ਹਾ ਸੰਬੰਧੀ ਇਲਜ਼ਾਮ ਲਾਏ ਹਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਇਹੋ ਜਿਹਾ ਦਾਵ੍ਹਾ ਨਹੀਂ ਸੀ ਜੋ ਉਸ ਦੇ ਕਤਲ ਜਾਂ ਕੈਦ ਦਾ ਕਾਰਣ ਹੁੰਦਾ। 30 ਮੈਨੂੰ ਪਤਾ ਲੱਗਾ ਕਿ ਕੁਝ ਯਹੂਦੀਆਂ ਨੇ ਉਸ ਦੇ ਖਿਲਾਫ਼ ਸਾਜਿਸ਼ ਕੀਤੀ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ। ਮੈਂ ਉਨ੍ਹਾਂ ਯਹੂਦੀਆਂ ਨੂੰ ਉਹ ਇਲਜ਼ਾਮ ਦੱਸਣ ਲਈ ਵੀ ਕਿਹਾ ਹੈ ਜੋ ਉਨ੍ਹਾਂ ਕੋਲ ਇਸਦੇ ਵਿਰੁੱਧ ਹਨ।

31 ਸਿਪਾਹੀਆਂ ਨੂੰ ਜਿਵੇਂ ਕਿਹਾ ਗਿਆ ਸੀ ਉਨ੍ਹਾਂ ਨੇ ਉਵੇਂ ਹੀ ਕੀਤਾ। ਸਿਪਾਹੀ ਉਸ ਰਾਤ ਉਸ ਨੂੰ ਅੰਤਿਪਤ੍ਰਿਸ ਸ਼ਹਿਰ ਵਿੱਚ ਲੈ ਗਏ। 32 ਅਗਲੇ ਦਿਨ ਘੁੜਸਵਾਰ ਸਿਪਾਹੀ ਪੌਲੁਸ ਦੇ ਨਾਲ ਕੈਸਰਿਯਾ ਨੂੰ ਗਏ। ਪਰ ਬਾਕੀ ਦੇ ਸਿਪਾਹੀ ਅਤੇ ਭਾਲਾ ਬਰਦਾਰ ਸੈਨਾ ਭਵਨ ਵਿੱਚ ਵਾਪਸ ਮੁੜ ਗਏ। 33 ਘੁੜਸਵਾਰ ਸਿਪਾਹੀ ਕੈਸਰਿਯਾ ਨੂੰ ਗਏ ਅਤੇ ਉਹ ਚਿਠੀ ਰਾਜਪਾਲ ਫ਼ੇਲਿਕਸ ਨੂੰ ਦਿੱਤੀ। ਉਸਤੋਂ ਬਾਅਦ ਉਨ੍ਹਾਂ ਨੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ।

34 ਹਾਕਮ ਨੇ ਚਿਠੀ ਪੜ੍ਹਕੇ ਪੌਲੁਸ ਨੂੰ ਕਿਹਾ, “ਤੂੰ ਕਿਸ ਦੇਸ਼ ਦਾ ਹੈਂ?” ਉਹ ਜਾਣ ਗਿਆ ਕਿ ਪੌਲੁਸ ਕਿਲਿਕਿਯਾ ਸ਼ਹਿਰ ਨਾਲ ਸੰਬੰਧਿਤ ਹੈ। 35 ਹਾਕਮ ਨੇ ਕਿਹਾ, “ਪਹਿਲੇ ਤੇਰੇ ਮੁੱਦਈ ਵੀ ਆ ਜਾਣ ਫ਼ਿਰ ਮੈਂ ਤੇਰੀ ਸੁਣਾਂਗਾ।” ਫ਼ਿਰ ਰਾਜਪਾਲ ਨੇ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਜ਼ਰਬੰਦ ਰੱਖਣ ਦਾ ਹੁਕਮ ਦਿੱਤਾ।

Punjabi Bible: Easy-to-Read Version (ERV-PA)

2010 by World Bible Translation Center