Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 18-20

ਕੁਰਿੰਥੁਸ ਵਿੱਚ ਪੌਲੁਸ

18 ਬਾਅਦ ਵਿੱਚ ਪੌਲੁਸ ਅਥੈਨੇ ਨੂੰ ਛੱਡ ਕੇ ਕੁਰਿੰਥੁਸ ਸ਼ਹਿਰ ਵਿੱਚ ਚੱਲਾ ਗਿਆ। ਉੱਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸੱਕਿੱਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਮਿਲਣ ਲਈ ਗਿਆ। ਉਹ ਵੀ ਪੌਲੁਸ ਦੀ ਤਰ੍ਹਾਂ, ਤੰਬੂ ਬਨਾਉਣ ਵਾਲੇ ਹੀ ਸਨ। ਪੌਲੁਸ ਉਨ੍ਹਾਂ ਕੋਲ ਠਹਿਰ ਕੇ ਉਨ੍ਹਾਂ ਨਾਲ ਕੰਮ ਕਰਨ ਲੱਗ ਪਿਆ।

ਹਰ ਸਬਤ ਦੇ ਦਿਨ, ਪੌਲੁਸ ਯਹੂਦੀਆਂ ਅਤੇ ਯੂਨਾਨੀਆਂ ਨਾਲ ਪ੍ਰਾਰਥਨਾ ਸਥਾਨ ਵਿੱਚ ਚਰਚਾ ਕਰਦਾ। ਪੌਲੁਸ ਨੇ ਉਨ੍ਹਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ। ਸੀਲਾਸ ਅਤੇ ਤਿਮੋਥਿਉਸ ਮਕਦੁਨਿਯਾ ਤੋਂ ਪੌਲੁਸ ਕੋਲ ਕੁਰਿੰਥੀਆਂ ਵਿੱਚ ਆ ਗਏ। ਇਸ ਤੋਂ ਬਾਅਦ ਉਸ ਨੇ ਖੁਸ਼ਖਬਰੀ ਦੇਣ ਅਤੇ ਯਹੂਦੀਆਂ ਨੂੰ ਇਹ ਵਿਖਾਉਂਦਿਆਂ, ਕਿ ਯਿਸੂ ਹੀ ਮਸੀਹ ਹੈ, ਆਪਣਾ ਸਾਰਾ ਸਮਾਂ ਬਿਤਾਇਆ। ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੋਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸੱਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।”

ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡ ਕੇ ਤੀਤੁਸ ਯੂਸਤੁਸ ਦੇ ਘਰ ਨੂੰ ਚੱਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ। ਉਸ ਪ੍ਰਾਰਥਨਾ ਸਥਾਨ ਦਾ ਆਗੂ ਕਰਿਸਪੁਸ ਸੀ। ਕਰਿਸਪੁਸ ਅਤੇ ਸਾਰੇ ਉਸ ਦੇ ਘਰ ਵਿੱਚ ਰਹਿਣ ਵਾਲਿਆਂ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ। ਕੁਰਿੰਥੀਆਂ ਵਿੱਚ ਰੋਰ ਵੀ ਬਹੁਤ ਸਾਰੇ ਲੋਕਾਂ ਨੇ ਪੌਲੁਸ ਨੂੰ ਸੁਣਿਆ ਅਤੇ ਵਿਸ਼ਵਾਸ ਕੀਤਾ ਤੇ ਫ਼ਿਰ ਉਨ੍ਹਾਂ ਨੂੰ ਵੀ ਬਪਤਿਸਮਾ ਦਿੱਤਾ ਗਿਆ।

ਰਾਤ ਵੇਲੇ ਪੌਲੁਸ ਨੂੰ ਦਰਸ਼ਨ ਹੋਏ ਜਿਸ ਵਿੱਚ ਪ੍ਰਭੂ ਮਾਲਿਕ ਨੇ ਉਸ ਨੂੰ ਕਿਹਾ, “ਘਬਰਾ ਨਾ, ਲਗਾਤਾਰ ਲੋਕਾਂ ਵਿੱਚ ਬਚਨ ਕਰ, ਰੁਕੀਂ ਨਾ। 10 ਮੈਂ ਤੇਰੇ ਨਾਲ ਹਾਂ। ਕੋਈ ਵੀ ਤੇਰੇ ਤੇ ਹਮਲਾ ਕਰਨ ਅਤੇ ਤੈਨੂੰ ਸੱਟ ਮਾਰਨ ਨਹੀਂ ਆਵੇਗਾ। ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” 11 ਪੌਲੁਸ ਉੱਥੇ ਕੋਈ ਡੇਢ ਕੁ ਸਾਲ ਠਹਿਰਿਆ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਉਪਦੇਸ਼ ਸੁਨਾਉਂਦਾ ਰਿਹਾ।

ਪੌਲੁਸ ਨੂੰ ਗਾਲੀਓ ਅੱਗੇ ਪੇਸ਼ ਕੀਤਾ ਗਿਆ

12 ਜਦੋਂ ਗਾਲੀਓ ਅਖਾਯਾ ਦੇਸ਼ ਦਾ ਰਾਜਪਾਲ ਬਣ ਗਿਆ, ਕੁਝ ਯਹੂਦੀ ਲੋਕ ਇੱਕ ਸਾਥ ਪੌਲੁਸ ਦੇ ਵਿਰੁੱਧ ਇਕੱਠੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ, 13 ਅਤੇ ਉਨ੍ਹਾਂ ਜਾਕੇ ਗਾਲੀਓ ਨੂੰ ਆਖਿਆ, “ਉਹ ਲੋਕਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਅਜਿਹੇ ਢੰਗ ਨਾਲ ਕਰਨ ਲਈ ਮਨਾਉਂਦਾ ਹੈ ਜੋ ਕਿ ਸਾਡੇ ਯਹੂਦੀ ਸ਼ਰ੍ਹਾ ਦੇ ਖਿਲਾਫ਼ ਹੈ।”

14 ਜਦੋਂ ਪੌਲੁਸ ਕੁਝ ਆਖਣ ਲਈ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, “ਹੇ ਯਹੂਦੀਓ। ਮੈ ਤੁਹਾਡੀ ਗੱਲ ਤਾਂ ਸੁਣੀ ਹੁੰਦੀ, ਜੇਕਰ ਇਹ ਕਿਸੇ ਗੰਭੀਰ ਅਪਰਾਧ ਜਾਂ ਗਲਤ ਕਰਨੀਆਂ ਦਾ ਮਾਮਲਾ ਹੁੰਦਾ। 15 ਪਰ ਜੋ ਗੱਲ ਤੁਸੀਂ ਯਹੂਦੀ ਆਖ ਰਹੇ ਹੋ ਇਹ ਝਗੜ੍ਹੇ ਤਾਂ ਤੁਹਾਡੀ ਆਪਣੀ ਸ਼ਰ੍ਹਾ, ਸ਼ਬਦਾਂ ਅਤੇ ਨਾਵਾਂ ਦੇ ਹਨ, ਸੋ ਇਹ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।” 16 ਤਦ ਗਾਲੀਓ ਨੇ ਉਨ੍ਹਾਂ ਨੂੰ ਅਦਾਲਤ ਤੋਂ ਬਾਹਰ ਜਾਣ ਨੂੰ ਕਿਹਾ।

17 ਤਦ ਉਨ੍ਹਾਂ ਸਾਰਿਆਂ ਨੇ ਸੋਸਨਥੇਜ਼ ਨੂੰ ਫ਼ੜ ਲਿਆ। ਸੋਸਨਥੇਜ਼ ਉਸ ਵਕਤ ਪ੍ਰਾਰਥਨਾ ਸਥਾਨ ਦਾ ਆਗੂ ਸੀ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਸਾਹਮਣੇ ਲਿਆਕੇ ਮਾਰਿਆ, ਪਰ ਗਾਲੀਓ ਨੇ ਇਸ ਬਾਰੇ ਕੋਈ ਧਿਆਨ ਨਾ ਦਿੱਤਾ।

ਪੌਲੁਸ ਦਾ ਅੰਤਾਕਿਯਾ ਵੱਲ ਮੁੜਨਾ

18 ਪੌਲੁਸ ਉੱਥੇ ਬਹੁਤ ਦਿਨ ਠਹਿਰਿਆ। ਫ਼ੇਰ ਉਸ ਨੇ ਭਰਾਵਾਂ ਨੂੰ ਅਲਵਿਦਾ ਆਖੀ ਅਤੇ ਸੁਰਿਯਾ ਲਈ ਜਹਾਜ ਵਿੱਚ ਸਫ਼ਰ ਕੀਤਾ। ਪ੍ਰਿਸੱਕਿੱਲਾ ਅਤੇ ਅਕੂਲਾ ਵੀ ਉਸ ਦੇ ਨਾਲ ਸਨ। ਕੰਖਰਿਯਾ ਵਿੱਚ ਪੌਲੁਸ ਨੇ ਆਪਣੇ ਵਾਲ ਕਟਾ ਲਏ, ਕਿਉਂਕਿ ਉਸ ਨੇ ਮੰਨਤ ਮੰਨੀ ਸੀ। 19 ਤਦ ਉਹ ਅਫ਼ਸੁਸ ਸ਼ਹਿਰ ਵਿੱਚ ਪਹੁੰਚਿਆ ਅਤੇ ਇੱਥੇ ਹੀ ਉਸ ਨੇ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਛੱਡਿਆ। ਅਫ਼ਸੁਸ ਵਿੱਚ, ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਯਹੂਦੀਆਂ ਨਾਲ ਗੱਲ ਬਾਤ ਕੀਤੀ। 20 ਯਹੂਦੀਆਂ ਨੇ ਪੌਲੁਸ ਨੂੰ ਉੱਥੇ ਕੁਝ ਦੇਰ ਰੁਕਣ ਲਈ ਕਿਹਾ, ਪਰ ਉਸ ਨੇ ਮਨ੍ਹਾ ਕਰ ਦਿੱਤਾ। 21 ਪੌਲੁਸ ਨੇ ਉਨ੍ਹਾਂ ਨੂੰ ਛੱਡਿਆ ਅਤੇ ਕਿਹਾ, “ਜੇ ਪਰਮੇਸ਼ੁਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ।” ਇਉਂ ਪੌਲੁਸ ਅਫ਼ਸੁਸ ਤੋਂ ਰਵਾਨਾ ਹੋਇਆ।

22 ਅਤੇ ਕੈਸਰਿਯਾ ਸ਼ਹਿਰ ਵਿੱਚ ਪਹੁੰਚਿਆ। ਫ਼ੇਰ ਉਹ ਯਰੂਸ਼ਲਮ ਵਿੱਚ ਕਲੀਸਿਯਾ ਨੂੰ ਸ਼ੁਭਕਾਮਨਾਵਾਂ ਦੇਣ ਲਈ ਗਿਆ। ਉਸਤੋਂ ਬਾਅਦ ਉਹ ਅੰਤਾਕਿਯਾ ਨੂੰ ਗਿਆ, 23 ਅਤੇ ਉੱਥੇ ਕੁਝ ਦੇਰ ਰੁਕਿਆ ਅਤੇ ਫ਼ਿਰ ਅੰਤਾਕਿਯਾ ਨੂੰ ਛੱਡ ਕੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ਼ ਵਿੱਚ ਥਾਂ-ਥਾਂ ਫ਼ਿਰ ਕੇ ਯਿਸੂ ਦੇ ਸਾਰੇ ਚੇਲਿਆਂ ਨੂੰ ਤਕੜਿਆਂ ਕਰਦਾ ਰਿਹਾ।

ਅਪੁੱਲੋਸ ਦਾ ਅਫ਼ਸੁਸ ਅਤੇ ਅਖਾਯਾ ਵੱਲ ਜਾਣਾ

24 ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸ ਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ। 25 ਉਸ ਨੂੰ ਪ੍ਰਭੂ ਦੇ ਮਾਰਗ ਬਾਰੇ ਸਿੱਖਾਇਆ ਗਿਆ ਸੀ। ਉਹ ਪ੍ਰਭੂ ਯਿਸੂ ਬਾਰੇ ਬੜੇ ਜੋਸ਼ ਨਾਲ ਬੋਲਦਾ ਸੀ। ਜੋ ਉਹ ਯਿਸੂ ਬਾਰੇ ਸਿੱਖਿਆ ਦਿੰਦਾ ਉਹ ਠੀਕ ਹੁੰਦੀ ਸੀ। ਅਪੁੱਲੋਸ ਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਪਤਾ ਸੀ। 26 ਅਪੁੱਲੋਸ ਨੇ ਨਿਡਰਤਾ ਨਾਲ ਪ੍ਰਾਰਥਨਾ ਸਥਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਿਸੱਕਿੱਲਾ ਅਤੇ ਅਕੂਲਾ ਨੇ ਵੀ ਉਸ ਨੂੰ ਬੋਲਦਿਆਂ ਸੁਣਿਆ। ਫ਼ੇਰ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਮਾਰਗ ਬਾਰੇ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕੀਤੀ।

27 ਅਪੁੱਲੋਸ ਅਖਾਯਾ ਦੇਸ਼ ਨੂੰ ਜਾਣਾ ਚਾਹੁੰਦਾ ਸੀ ਤਾਂ ਅਫ਼ਸੁਸ ਵਿੱਚ ਰਹਿੰਦੇ ਭਰਾਵਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਅਖਾਯਾ ਵਿੱਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਇੱਕ ਚਿਠੀ ਲਿਖੀ ਜਿਸ ਵਿੱਚ ਉਸ ਨੇ ਅਪੁੱਲੋਸ ਨੂੰ ਉੱਥੇ ਉਸਦਾ ਆਦਰ ਕਰਨ ਲਈ ਲਿਖਿਆ। ਅਖਾਯਾ ਵਿੱਚ ਇਨ੍ਹਾਂ ਨਿਹਚਾਵਾਨਾਂ ਨੇ ਪਰਮੇਸ਼ੁਰ ਦੀ ਕਿਰਪਾ ਨਾਲ ਯਿਸੂ ਵਿੱਚ ਨਿਹਚਾ ਕੀਤੀ। 28 ਉਸ ਨੇ ਯਹੂਦੀਆਂ ਨਾਲ ਬੜੀ ਤਕੜੀ ਦਲੀਲਬਾਜ਼ੀ ਕੀਤੀ ਅਤੇ ਸਾਰੇ ਲੋਕਾਂ ਸਾਹਮਣੇ ਸਾਫ਼ ਤੌਰ ਤੇ ਸਾਬਿਤ ਕਰ ਦਿੱਤਾ ਕਿ ਯਹੂਦੀ ਗਲਤ ਸਨ। ਉਸ ਨੇ ਪੋਥੀਆਂ ਵਿਖਾਈਆਂ ਅਤੇ ਇਹ ਦਰਸ਼ਾਇਆ ਕਿ ਯਿਸੂ ਹੀ ਮਸੀਹ ਹੈ।

ਅਫ਼ਸੁਸ ਵਿੱਚ ਪੌਲੁਸ

19 ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿੱਚ ਸੀ ਪੌਲੁਸ ਨੇ ਉਸ ਦੇਸ਼ ਦੇ ਪਹਾੜੀ ਖੇਤਰ ਦਾ ਸਫ਼ਰ ਕੀਤਾ ਅਤੇ ਅੰਤ ਵਿੱਚ ਅਫ਼ਸੁਸ ਪਹੁੰਚਿਆ। ਉੱਥੇ ਉਹ ਕੁਝ ਚੇਲਿਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ।” ਇਨ੍ਹਾਂ ਚੇਲਿਆਂ ਨੇ ਉਸ ਨੂੰ ਕਿਹਾ, “ਅਸੀਂ ਤਾਂ ਕਦੇ ਪਵਿੱਤਰ ਆਤਮਾ ਬਾਰੇ ਸੁਣਿਆ ਤੱਕ ਵੀ ਨਹੀਂ।”

ਤਾਂ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਾਹ ਦਾ ਬਪਤਿਸਮਾ ਲਿਆ ਸੀ?”

ਉਨ੍ਹਾਂ ਨੇ ਕਿਹਾ, “ਯੂਹੰਨਾ ਦਾ ਬਪਤਿਸਮਾ।”

ਪੌਲੁਸ ਨੇ ਕਿਹਾ, “ਯੂਹੰਨਾ ਨੇ ਲੋਕਾਂ ਨੂੰ ਇੱਕ ਸਬੂਤ ਵਾਂਗ ਬਪਤਿਸਮਾ ਦਿੱਤਾ ਕਿ ਉਹ ਆਪਣੇ ਜੀਵਨ ਬਦਲਣੇ ਚਾਹੁੰਦੇ ਸਨ ਅਤੇ ਉਹ ਲੋਕਾਂ ਨੂੰ ਉਸ ਇੱਕ ਬਾਰੇ ਦੱਸਦਾ ਸੀ, ਜਿਸਨੇ ਉਸਤੋਂ ਬਾਅਦ ਆਉਣਾ ਸੀ, ਉਹ ਵਿਅਕਤੀ ਯਿਸੂ ਸੀ।”

ਜਦੋਂ ਉਨ੍ਹਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਬਪਤਿਸਮਾ ਦਿੱਤਾ। ਫ਼ੇਰ, ਜਦੋਂ ਪੌਲੁਸ ਨੇ ਉਨ੍ਹਾਂ ਤੇ ਆਪਣਾ ਹੱਥ ਰੱਖਿਆ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ। ਤਾਂ ਉਹ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖ ਬਾਣੀਆਂ ਕਰਨ ਲੱਗੇ। ਇਸ ਧੜੇ ਵਿੱਚ ਕੋਈ ਬਾਰ੍ਹਾਂ ਕੁ ਮਨੁੱਖ ਸਨ।

ਪੌਲੁਸ ਪ੍ਰਾਰਥਨਾ ਸਥਾਨ ਅੰਦਰ ਗਿਆ ਅਤੇ ਨਿਡਰ ਹੋਕੇ ਬੋਲਿਆ। ਉਸ ਨੇ ਇਹ ਕਾਰਜ ਤਿੰਨ ਮਹੀਨਿਆਂ ਤੱਕ ਜਾਰੀ ਰੱਖਿਆ। ਉਸ ਨੇ ਯਹੂਦੀਆਂ ਨਾਲ ਚਰਚਾ ਕੀਤੀ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਜੋ ਬਚਨ ਉਹ ਕਰਦਾ ਸੀ ਉਨ੍ਹਾਂ ਨੂੰ ਮੰਨਵਾਉਣ ਦੀ ਕੋਸ਼ਿਸ਼ ਕਰਦਾ। ਪਰ ਕੁਝ ਯਹੂਦੀ ਬੜੇ ਕੱਟਰ ਸਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਲੋਕਾਂ ਸਾਹਮਣੇ ਯਿਸੂ ਦੇ ਰਾਹ ਬਾਰੇ ਮਾੜੀਆਂ ਗੱਲਾਂ ਬੋਲੀਆਂ। ਤਾਂ ਪੌਲੁਸ ਉਨ੍ਹਾਂ ਨੂੰ ਛੱਡ ਗਿਆ ਤੇ ਯਿਸੂ ਦੇ ਚੇਲਿਆਂ ਨੂੰ ਆਪਣੇ ਨਾਲ ਲੈ ਕੇ ਤੁਰੰਨੂੰਮ ਦੀ ਪਾਠਸ਼ਾਲਾ ਵਿੱਚ ਚੱਲਾ ਗਿਆ। ਉੱਥੇ ਉਹ ਰੋਜ਼ ਲੋਕਾਂ ਨਾਲ ਚਰਚਾ ਕਰਦਾ। 10 ਪੌਲੁਸ ਅਜਿਹਾ ਦੋ ਸਾਲ ਤੱਕ ਕਰਦਾ ਰਿਹਾ। ਇਸ ਕੰਮ ਕਰਕੇ ਅਸਿਯਾ ਦੇ ਹਰ ਮਨੁੱਖ, ਯਹੂਦੀ ਤੇ ਗੈਰ-ਯਹੂਦੀ, ਸਭ ਨੇ ਪ੍ਰਭੂ ਦੇ ਬਚਨਾਂ ਨੂੰ ਸੁਣਿਆ।

ਸੱਕੇਵਾਂ ਦੇ ਪੁੱਤਰ

11 ਪਰਮੇਸ਼ੁਰ ਪੌਲੁਸ ਰਾਹੀਂ ਕੁਝ ਮਹਾਨ ਕਰਿਸ਼ਮੇ ਕਰਵਾਉਂਦਾ ਹੁੰਦਾ ਸੀ। 12 ਕੁਝ ਲੋਕਾਂ ਨੇ ਉਹ ਕੱਪੜੇ ਅਤੇ ਰੁਮਾਲ ਲੈ ਲਏ ਜੋ ਪੌਲੁਸ ਨੇ ਇਸਤੇਮਾਲ ਕੀਤੇ ਸਨ ਅਤੇ ਉਹ ਉਨ੍ਹਾਂ ਨੂੰ ਬਿਮਾਰ ਲੋਕਾਂ ਉੱਤੇ ਪਾ ਦਿੰਦੇ। ਜਦੋਂ ਅਜਿਹੇ ਕੱਪੜੇ ਰੋਗੀਆਂ ਨੂੰ ਛੂਂਹਦੇ, ਤਾਂ ਉਹ ਰੋਗੀ ਤੰਦਰੁਸਤ ਹੋ ਜਾਂਦੇ ਅਤੇ ਭਰਿਸ਼ਟ ਆਤਮਾਵਾਂ ਉਨ੍ਹਾਂ ਨੂੰ ਛੱਡ ਜਾਂਦੀਆਂ।

13-14 ਕੁਝ ਯਹੂਦੀ ਲੋਕ ਵੀ ਇਧਰ-ਉਧਰ ਫ਼ਿਰਦਿਆਂ ਹੋਇਆਂ ਲੋਕਾਂ ਵਿੱਚੋਂ ਭਰਿਸ਼ਟ ਆਤਮੇ ਕੱਢਦੇ ਹੁੰਦੇ ਸਨ। ਸੱਕੇਵਾ ਵੱਡੇ ਜਾਜਕ ਦੇ ਸੱਤੇ ਪੁੱਤਰ ਇਹੀ ਕੰਮ ਕਰਦੇ ਸਨ। ਉਨ੍ਹਾਂ ਨੇ ਯਿਸੂ ਦੇ ਨਾਂ ਨੂੰ ਇਸਤੇਮਾਲ ਕਰਕੇ ਭਰਿਸ਼ਟ ਆਤਮਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ, “ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਸੇ ਯਿਸੂ ਦੇ ਨਾਂ ਤੇ ਬਾਹਰ ਆ ਜਾਓ ਜਿਸ ਬਾਰੇ ਪੌਲੁਸ ਦੱਸਦਾ ਹੈ।”

15 ਪਰ ਭਰਿਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਯਿਸੂ ਨੂੰ ਵੀ ਜਾਣਦਾ ਹਾਂ ਅਤੇ ਪੌਲੁਸ ਨੂੰ ਵੀ, ਪਰ ਤੁਸੀਂ ਕੌਣ ਹੋਂ?”

16 ਫ਼ੇਰ ਭਰਿਸ਼ਟ ਆਤਮਿਆਂ ਦੇ ਕਾਬਿਜ ਉਸ ਆਦਮੀ ਨੇ ਉਨ੍ਹਾਂ ਯਹੂਦੀਆਂ ਉੱਤੇ ਛਾਲ ਮਾਰੀ। ਉਹ ਉਨ੍ਹਾਂ ਤੋਂ ਕਿਤੇ ਵੱਧ ਤਾਕਤਵਰ ਸੀ। ਉਸ ਨੇ ਉਨ੍ਹਾਂ ਨੂੰ ਕੁਟਿਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਲਈ ਉਹ ਨੰਗੇ ਅਤੇ ਜ਼ਖਮੀ ਹੀ ਉਸ ਘਰੋਂ ਭੱਜ ਗਏ।

17 ਅਫ਼ਸੁਸ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀ ਸਭਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਉਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਡਰ ਆ ਗਿਆ ਅਤੇ ਲੋਕਾਂ ਨੇ ਪ੍ਰਭੂ ਯਿਸੂ ਦੇ ਨਾਂ ਨੂੰ ਵੱਡਾ ਮਾਨ-ਸੰਮਾਨ ਦਿੱਤਾ। 18 ਬਹੁਤ ਸਾਰੇ ਨਿਹਚਾਵਾਨ ਅੱਗੇ ਆਏ ਅਤੇ ਸਾਰੇ ਲੋਕਾਂ ਸਾਹਮਣੇ, ਜਿਹੜੀਆਂ ਭਰਿਸ਼ਟ ਕਰਨੀਆਂ ਉਨ੍ਹਾਂ ਨੇ ਕੀਤੀਆਂ ਸਨ ਸਵੀਕਾਰ ਕਰ ਲਈਆਂ। 19 ਅਨੇਕਾਂ ਨਿਹਚਾਵਾਨਾਂ, ਨੇ ਜੋ ਜਾਦੂ ਕਰਦੇ ਸਨ, ਆਪਣੀਆਂ ਜਾਦੂ ਦੀਆਂ ਪੁਸਤਕਾਂ ਲਿਆਏ ਅਤੇ ਲੋਕਾਂ ਸਾਹਮਣੇ ਸਾੜ ਦਿੱਤੀਆਂ। ਇਹ ਪੁਸਤਕਾਂ ਤਕਰੀਬਨ 50,000 ਚਾਂਦੀ ਦੇ ਸਿੱਕਿਆਂ ਦੇ ਤੁਲ ਸਨ। 20 ਇਸ ਤਰ੍ਹਾਂ ਪ੍ਰਭੂ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਵੱਧ ਤੋਂ ਵੱਧ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ, ਅਤੇ ਬਹੁਤ ਸਾਰੇ ਨਿਹਚਾਵਾਨ ਬਣ ਗਏ।

ਪੌਲੁਸ ਵੱਲੋਂ ਇੱਕ ਸਫ਼ਰ ਦੀ ਵਿਉਂਤ

21 ਇਨ੍ਹਾਂ ਘਟਨਾਵਾਂ ਤੋਂ ਬਾਅਦ ਪੌਲੁਸ ਨੇ ਯਰੂਸ਼ਲਮ ਵਿੱਚ ਜਾਣ ਦੀ ਯੋਜਨਾ ਬਣਾਈ। ਉਸ ਨੇ ਯਰੂਸ਼ਲਮ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਜਾਣ ਦੀ ਵਿਉਂਤ ਬਣਾਈ। ਉਸ ਨੇ ਸੋਚਿਆ “ਮੇਰੇ ਯਰੂਸ਼ਲਮ ਯਾਤਰਾ ਕਰਨ ਤੋਂ ਬਾਅਦ, ਮੈਨੂੰ ਰੋਮ ਦੀ ਯਾਤਰਾ ਵੀ ਕਰਨੀ ਚਾਹੀਦੀ ਹੈ।” 22 ਤਿਮੋਥਿਉਸ ਅਤੇ ਇਰਸਤੁਸ ਪੌਲੁਸ ਦੇ ਦੋ ਚੰਗੇ ਮਦਦ ਕਰਨ ਵਾਲੇ ਮਨੁੱਖ ਸਨ। ਪੌਲੁਸ ਨੇ ਉਨ੍ਹਾਂ ਨੂੰ ਮਕਦੂਨਿਯਾ ਵਿੱਚ ਭੇਜਿਆ ਅਤੇ ਆਪ ਕੁਝ ਦੇਰ ਅਸਿਯਾ ਵਿੱਚ ਰੁਕਿਆ।

ਅਫ਼ਸੁਸ ਵਿੱਚ ਮੁਸੀਬਤ

23 ਪਰ ਉਸ ਸਮੇਂ ਅਫ਼ਸੁਸ ਵਿੱਚ ਯਿਸੂ ਦੇ ਰਸਤੇ ਬਾਬਤ ਇੱਕ ਵੱਡਾ ਸੰਕਟ ਸੀ। 24 ਇਹ ਸਭ ਇਵੇਂ ਵਾਪਰਿਆ; ਉੱਥੇ ਇੱਕ ਦੇਮੇਤ੍ਰਿਯੁਸ ਨਾਂ ਦਾ ਇੱਕ ਮਨੁੱਖ ਸੀ, ਉਹ ਚਾਂਦੀ ਦਾ ਕੰਮ ਕਰਦਾ ਸੀ। ਉਹ ਚਾਂਦੀ ਦੇ ਛੋਟੇ-ਛੋਟੇ ਅਰਤਿਮਿਸ ਦੇ ਮੰਦਰ ਜਿਹੇ ਬਣਾਉਂਦਾ ਸੀ। ਇਉਂ ਉਹ ਕਾਰੀਗਰਾਂ ਨੂੰ ਬਹੁਤ ਕੰਮ ਦਵਾਉਂਦਾ ਸੀ ਜਿਸ ਨਾਲ ਉਹ ਖਾਸਾ ਧਨ ਕਮਾ ਲੈਂਦੇ ਸਨ।

25 ਦੇਮੇਤ੍ਰਿਯੁਸ ਨੇ ਇਨ੍ਹਾਂ ਕਾਰੀਗਰਾਂ ਅਤੇ ਇਹੋ ਜਿਹੇ ਕੰਮ ਨਾਲ ਸੰਬੰਧਿਤ ਲੋਕਾਂ ਦੀ ਇੱਕ ਬੈਠਕ ਬੁਲਾਈ ਅਤੇ ਆਖਿਆ, “ਲੋਕੋ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਕੰਮ ਤੋਂ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ। 26 ਪਰ ਉਸ ਵੱਲ ਵੇਖੋ ਉਹ ਕੀ ਆਖ ਰਿਹਾ ਹੈ। ਪੌਲੁਸ ਨੇ ਅਫ਼ਸੁਸ ਵਿੱਚ ਅਤੇ ਲੱਗ ਭੱਗ ਪੂਰੇ ਅਸਿਯਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਉਨ੍ਹਾਂ ਦੇ ਮਨ ਬਦਲ ਦਿੱਤੇ ਹਨ। ਉਸਦਾ ਕਹਿਣਾ ਹੈ ਕਿ ਮਨੁੱਖ ਜਿਹੜੇ ਦੇਵੇਤੇ ਬਣਾਉਂਦੇ ਹਨ ਉਹ ਅਸਲ ਨਹੀਂ ਹਨ। 27 ਜਿਹੜੀਆਂ ਗੱਲਾਂ ਉਹ ਆਖਦਾ ਹੈ, ਹੋ ਸੱਕਦਾ ਹੈ ਕਿ ਉਹ ਲੋਕਾਂ ਨੂੰ ਸਾਡੇ ਕੰਮ ਦੇ ਵਿਰੁੱਧ ਕਰ ਦੇਣ। ਪਰ ਦੂਜਾ ਖਤਰਾ ਇਹ ਵੀ ਹੈ ਕਿ ਸ਼ਾਇਦ ਲੋਕ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਮਹਾਨ ਦੇਵੀ ਅਰਤਿਮਿਸ ਦਾ ਮੰਦਰ ਮਹੱਤਵਹੀਣ ਹੈ। ਉਸਦੀ ਮਹਾਨਤਾ ਖਤਮ ਹੋ ਜਾਵੇਗੀ। ਅਰਤਿਮਿਸ ਅਜਿਹੀ ਦੇਵੀ ਹੈ ਜਿਸਦੀ ਕਿ ਸਾਰੇ ਅਸਿਯਾ ਅਤੇ ਸੰਸਾਰ ਵਿੱਚ ਉਪਾਸਨਾ ਹੁੰਦੀ ਹੈ।”

28 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ ਅਤੇ ਉੱਚੀ-ਉੱਚੀ ਚਿਲਾਉਣ ਲੱਗੇ, “ਅਫ਼ਸੁਸ ਸ਼ਹਿਰ ਦੀ ਦੇਵੀ ਅਰਤਿਮਿਸ ਮਹਾਨ ਹੈ।” 29 ਸ਼ਹਿਰ ਵਿੱਚ ਗੜਬੜੀ ਮੱਚ ਗਈ। ਭੀੜ ਨੇ ਮਕਦੂਨਿਯਾ ਤੋਂ ਆਏ ਗਾਯੁਸ ਅਤੇ ਅਰਿਸਤਰੱਖੁਸ ਨੂੰ ਜਿਹੜੇ ਪੌਲੁਸ ਦੇ ਨਾਲ ਸਫ਼ਰ ਵਿੱਚ ਆਏ ਸਨ ਜੋ ਸਨ ਫ਼ੜ ਲਿਆ। ਤਦ ਸਾਰੇ ਲੋਕ ਇੱਕ ਮੈਦਾਨ ਵਿੱਚ ਇਕੱਠੇ ਹੋਏ। 30 ਪੌਲੁਸ ਅੰਦਰ ਜਾਕੇ ਭੀੜ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਯਿਸੂ ਦੇ ਚੇਲਿਆਂ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ। 31 ਉਸ ਦੇਸ਼ ਦੇ ਕੁਝ ਆਗੂ ਪੌਲੁਸ ਦੇ ਮਿੱਤਰ ਵੀ ਸਨ। ਉਨ੍ਹਾਂ ਨੇ ਉਸ ਨੂੰ ਇਹ ਬੇਨਤੀ ਕਰਦਿਆਂ ਕਿ ਉਹ ਮੈਦਾਨ ਵਿੱਚ ਨਾ ਜਾਵੇ ਇੱਕ ਸੰਦੇਸ਼ ਭੇਜਿਆ।

32 ਕੁਝ ਲੋਕ ਰੌਲਾ ਪਾਕੇ ਕੁਝ ਆਖ ਰਹੇ ਸਨ ਤੇ ਕੁਝ ਲੋਕ ਕੁਝ ਹੋਰ। ਉੱਥੇ ਲੋਕਾਂ ਵਿੱਚ ਇਹ ਗੱਲਾਂ ਲੈ ਕੇ ਕਿ, ਉਹ ਇਕੱਠੇ ਕਿਉਂ ਹੋਏ ਹਨ, ਹਫ਼ੜਾ-ਦਫ਼ੜੀ ਮੱਚੀ ਹੋਈ ਸੀ। 33 ਯਹੂਦੀਆਂ ਨੇ ਇੱਕ ਸਿਕੰਦਰ ਨਾਂ ਦੇ ਆਦਮੀ ਨੂੰ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ। ਲੋਕਾਂ ਨੇ ਉਸ ਨੂੰ ਕਿਹਾ ਕਿ ਕੀ ਕਰੀਏ? ਉਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਵਾਸਤੇ ਆਪਣੇ ਹੱਥ ਚੁੱਕੇ, ਕਿਉਂਕਿ ਉਹ ਉਨ੍ਹਾਂ ਗੱਲਾਂ ਦੀ ਵਿਆਖਿਆ ਕਰਨੀ ਚਾਹੁੰਦਾ ਸੀ। 34 ਪਰ ਜਦ ਲੋਕਾਂ ਨੇ ਮਹਿਸੂਸ ਕੀਤਾ ਕਿ ਸਿਕੰਦਰ ਇੱਕ ਯਹੂਦੀ ਸੀ, ਉਨ੍ਹਾਂ ਸਭਨਾ ਨੇ ਇੱਕ ਅਵਾਜ਼ ਵਿੱਚ ਇਹ ਆਖਦਿਆਂ ਹੋਇਆਂ ਦੋ ਘੰਟਿਆਂ ਲਈ ਰੌਲਾ ਪੌਣਾ ਸ਼ੁਰੂ ਕਰ ਦਿੱਤਾ “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”

35 ਫ਼ੇਰ ਸ਼ਹਿਰ ਦੇ ਮੁਹਰੱਰ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਜ਼ੋਰ ਪਾਇਆ ਅਤੇ ਆਖਿਆ, “ਹੇ ਅਫ਼ਸੀ ਮਨੁੱਖੋ, ਉਹ ਕੌਣ ਹੈ ਜੋ ਇਹ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਰ ਅਤੇ ਸਵਰਗ ਵੱਲੋਂ ਡਿੱਗੀ ਹੋਈ ਪਵਿੱਤਰ ਚੱਟਾਨ ਦਾ ਸੇਵਕ ਹੈ?” 36 ਕੋਈ ਵੀ ਨਹੀਂ ਆਖ ਸੱਕਦਾ ਕਿ ਇਹ ਗੱਲਾਂ ਸੱਚੀਆਂ ਨਹੀਂ ਹਨ, ਇਸੇ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਤੁਹਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਰੁਕ ਕੇ ਵਿੱਚਾਰ ਕਰ ਲੈਣਾ ਚਾਹੀਦਾ ਹੈ।

37 “ਤੁਸੀਂ ਇਨ੍ਹਾਂ ਆਦਮੀਆਂ ਨੂੰ ਲਿਆਏ ਹੋ, ਪਰ ਇਨ੍ਹਾਂ ਨੇ ਸਾਡੀ ਦੇਵੀ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਨਹੀਂ ਬੋਲੇ, ਨਾ ਹੀ ਇਨ੍ਹਾਂ ਨੇ ਉਸ ਦੇ ਮੰਦਰ ਵਿੱਚੋਂ ਕੁਝ ਚੋਰੀ ਕੀਤਾ ਹੈ। 38 ਸਾਡੇ ਕੋਲ ਅਦਾਲਤਾਂ ਹਨ ਅਤੇ ਉੱਥੇ ਨਿਆਂਕਾਰ ਹਨ। ਜੇਕਰ ਦੇਮੇਤ੍ਰਿਯੁਸ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਹੋਰਨਾਂ ਨੂੰ ਕਿਸੇ ਦੇ ਖਿਲਾਫ਼ ਕੋਈ ਸ਼ਿਕਾਇਤ ਹੈ, ਤਾਂ ਉਨ੍ਹਾਂ ਨੂੰ ਕਚਿਹਰੀਆਂ ਵਿੱਚ ਜਾਣਾ ਚਾਹੀਦਾ ਹੈ। ਉੱਥੇ ਉਹ ਆਪਣੇ ਮਾਮਲੇ ਬਾਰੇ ਇੱਕ ਦੂਜੇ ਦੇ ਖਿਲਾਫ਼ ਦਲੀਲਬਾਜ਼ੀ ਕਰ ਸੱਕਦੇ ਹਨ।

39 “ਕੀ ਹੋਰ ਵੀ ਕੋਈ ਗੱਲ ਹੈ ਜਿਸ ਬਾਰੇ ਤੁਸੀਂ ਕੁਝ ਆਖਣਾ ਚਾਹੁੰਦੇ ਹੋ? ਤਾਂ ਜਿਹੜੀ ਲੋਕਾਂ ਦੀ ਮਜਲਸ ਲੱਗਦੀ ਹੈ, ਇਹ ਨਿਬੇੜਾ ਉੱਥੇ ਹੋਵੇਗਾ। 40 ਅੱਜ ਵਾਪਰੀ ਮੁਸੀਬਤ ਕਰਕੇ ਸਾਨੂੰ ਦੰਗਿਆਂ ਦੇ ਅਪਰਾਧੀ ਸਮਝੇ ਜਾਣਦਾ ਖਤਰਾ ਹੈ। ਅਸੀਂ ਇਸ ਅਫ਼ਰਾਤਫ਼ਰੀ ਦੀ ਵਿਆਖਿਆ ਨਹੀਂ ਕਰ ਸੱਕਦੇ, ਕਿਉਂਕਿ ਸਾਡੇ ਕੋਲ; ਇਸ ਸਭਾ ਲਈ ਕੋਈ ਪੱਕਾ ਕਾਰਣ ਨਹੀਂ ਹੈ।” 41 ਜਦੋਂ ਸ਼ਹਿਰ ਦੇ ਮੁਹਰਰ ਨੇ ਅਜਿਹੀਆਂ ਗੱਲਾਂ ਕੀਤੀਆਂ, ਤਾਂ ਫ਼ੇਰ ਉਸ ਨੇ ਲੋਕਾਂ ਨੂੰ ਘਰਾਂ ਨੂੰ ਵਾਪਸ ਜਾਣ ਲਈ ਕਿਹਾ ਤਾਂ ਸਭ ਲੋਕੀਂ ਘਰੋ-ਘਰੀ ਚੱਲੇ ਗਏ।

ਮਕਦੂਨਿਯਾ ਅਤੇ ਯੂਨਾਨ ਵਿੱਚ ਪੌਲੁਸ

20 ਜਦੋਂ ਰੌਲਾ ਖਤਮ ਹੋ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ। ਉਸ ਨੇ ਉਨ੍ਹਾਂ ਦਾ ਹੌਂਸਲਾ ਵੱਧਾਇਆ ਅਤੇ ਫ਼ਿਰ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਫ਼ਿਰ ਉੱਥੋਂ ਮਕਦੂਨਿਯਾ ਵੱਲ ਨੂੰ ਤੁਰ ਪਿਆ। ਮਕਦੂਨਿਯਾ ਦੇ ਰਸਤੇ ਤੇ ਉਹ ਜਿਨ੍ਹਾਂ ਸਾਰੀਆਂ ਥਾਵਾਂ ਰਾਹੀਂ ਲੰਘਿਆ, ਉਸ ਨੇ ਯਿਸੂ ਦੇ ਚੇਲਿਆਂ ਨੂੰ ਤਕੜਿਆਂ ਕਰਨ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ। ਫ਼ਿਰ ਉਹ ਯੂਨਾਨ ਆ ਗਿਆ। ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚੜ੍ਹ੍ਹਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸ ਦੇ ਵਿਰੁੱਧ ਕੁਝ ਘਾੜਤ ਘੜ ਰਹੇ ਸਨ।

ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਉੱਥੇ ਉਸ ਦੇ ਨਾਲ ਕੁਝ ਆਦਮੀ ਸਨ। ਉਹ ਸਨ, ਪੁੱਰਸ, ਬਰਿਯਾ ਦੇ ਸ਼ਹਿਰ ਤੋਂ, ਸੋਪਤਰੁਸ ਦਾ ਪੁੱਤਰ ਥੱਸਲੁਨੀਕੀਆਂ ਤੋਂ, ਅਰਿਸਤਰੱਖੁਸ ਅਤੇ ਸਿਕੁੰਦਸ, ਦਰਬੇ ਤੋਂ ਗਾਯੁਸ। ਅਸਿਯਾ ਤੋਂ ਤਿਮੋਥਿਉਸ ਅਤੇ ਦੋ ਹੋਰ ਆਦਮੀ, ਜਿਨ੍ਹਾਂ ਦੇ ਨਾਂ ਤੁਖਿਕੁਸ, ਅਤੇ ਤ੍ਰੋਫ਼ਿਮੁਸ ਸਨ। ਇਹ ਆਦਮੀ ਜਲਦੀ ਹੀ ਚੱਲੇ ਗਏ ਅਤੇ ਤ੍ਰੋਆਸ ਵਿੱਚ ਉਨ੍ਹਾਂ ਨੇ ਸਾਨੂੰ ਉਡੀਕਿਆ। ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ, ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹ੍ਹੇ, ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ।

ਪੌਲੁਸ ਦੀ ਤ੍ਰੋਆਸ ਵਿੱਚ ਅਖੀਰਲੀ ਫ਼ੇਰੀ

ਹਫ਼ਤੇ ਦੇ ਪਹਿਲੇ ਦਿਨ, ਅਸੀਂ ਸਾਰੇ ਪ੍ਰਭੂ ਭੋਜ ਖਾਣ ਲਈ ਇਕੱਠੇ ਹੋਏ। ਇਸ ਮੌਕੇ ਤੇ ਪੌਲੁਸ ਨੇ ਲੋਕਾਂ ਨਾਲ ਗੱਲ ਕੀਤੀ। ਉਹ ਅਗਲੇ ਦਿਨ ਉੱਥੋਂ ਜਾਣ ਦੀ ਯੋਜਨਾ ਬਣਾ ਰਿਹਾ ਸੀ ਇਸ ਲਈ ਉਸ ਨੇ ਅੱਧੀ ਰਾਤ ਤੱਕ ਉਪਦੇਸ਼ ਜਾਰੀ ਰੱਖਿਆ। ਅਸੀਂ ਸਾਰੇ ਪੌੜੀਆਂ ਚੜ੍ਹ੍ਹਕੇ ਉੱਪਰਲੇ ਕਮਰੇ ਵਿੱਚ ਇੱਕਤਰ ਸੀ ਅਤੇ ਉਹ ਕਮਰਾ ਬਹੁਤ ਸਾਰੇ ਦੀਵਿਆਂ ਦੀ ਰੌਸ਼ਨੀ ਨਾਲ ਜ੍ਯਮਗਾ ਰਿਹਾ ਸੀ। ਯੂਤਖੁਸ ਨਾਂ ਦਾ ਇੱਕ ਜੁਆਨ ਖਿੜਕੀ ਵਿੱਚ ਬੈਠਾ ਸੀ। ਉਹ ਬਹੁਤ ਅਨੀਂਦਰਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੌਲੁਸ ਨੇ ਬੋਲਣਾ ਜਾਰੀ ਰੱਖਿਆ ਸੀ। ਆਖਿਰਕਾਰ, ਉਹ ਸੌਂ ਗਿਆ ਅਤੇ ਖਿੜਕੀ ਚੋਂ ਬਾਹਰ ਡਿੱਗ ਪਿਆ। ਜਦੋਂ ਲੋਕਾਂ ਨੇ ਹੇਠਾਂ ਜਾਕੇ ਉਸ ਨੂੰ ਚੁੱਕਿਆ ਤਾਂ ਉਹ ਮਰਿਆ ਪਿਆ ਸੀ।

10 ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸ ਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।” 11 ਪੌਲੁਸ ਦੁਬਾਰਾ ਉੱਪਰਲੇ ਕਮਰੇ ਵਿੱਚ ਗਿਆ ਉਸ ਨੇ ਰੋਟੀ ਤੋੜੀ ਤੇ ਖਾ ਲਈ ਅਤੇ ਤਕਰੀਬਨ ਸਵੇਰ ਹੋਣ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਫ਼ੇਰ ਉਹ ਉੱਥੋਂ ਚੱਲਾ ਗਿਆ। 12 ਲੋਕ ਯੂਤਖੁਸ ਨੂੰ ਘਰ ਲੈ ਆਏ, ਉਹ ਜਿਉਂਦਾ ਸੀ, ਤੇ ਲੋਕੀ ਬੜੇ ਖੁਸ਼ ਸਨ।

ਤ੍ਰੋਆਸ ਤੋਂ ਮਿਲੇਤੁਸ ਤੱਕ ਦੀ ਫ਼ੇਰੀ

13 ਅਸੀਂ ਅੱਸੁਸ ਸ਼ਹਿਰ ਵੱਲ ਨੂੰ ਗਏ। ਅਸੀਂ ਪੌਲੁਸ ਤੋਂ ਅੱਗੇ ਜਾਕੇ ਜਹਾਜ਼ ਉੱਤੇ ਚੜ੍ਹ੍ਹੇ। ਅਤੇ ਅੱਸੁਸ ਵੱਲ ਚੱਲ ਪਏ ਜਿੱਥੇ ਅਸਾਂ ਪੌਲੁਸ ਦੇ ਨਾਲ ਜਹਾਜ਼ ਉੱਤੇ ਚੜ੍ਹ੍ਹਨਾ ਸੀ। ਪੌਲੁਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਕਿਉਂਕਿ ਉਸ ਨੇ ਅੱਸੁਸ ਨੂੰ ਸੜਕ ਰਾਹੀਂ ਜਾਣ ਦੀ ਇੱਛਾ ਕੀਤੀ ਸੀ। 14 ਬਾਅਦ ਵਿੱਚ ਅਸੀਂ ਪੌਲੁਸ ਨੂੰ ਅੱਸੁਸ ਵਿੱਚ ਹੀ ਮਿਲੇ, ਤਾਂ ਉਹ ਜਹਾਜ਼ ਉੱਪਰ ਸਾਡੇ ਨਾਲ ਆਇਆ ਅਤੇ ਅਸੀਂ ਸਾਰੇ ਮਿਤੁਲੇਨੇ ਸ਼ਹਿਰ ਵਿੱਚ ਆਏ। 15 ਅਗਲੇ ਦਿਨ, ਅਸੀਂ ਮਿਤੁਲੇਨੇ ਤੋਂ ਚੱਲੇ ਗਏ ਅਤੇ ਖੀਓਸ ਦੇ ਟਾਪੂ ਕੋਲ ਇੱਕ ਜਗ਼੍ਹਾ ਤੇ ਆਏ ਅਤੇ ਉਸਤੋਂ ਅਗਲੇ ਦਿਨ ਅਸੀਂ ਸਾਮੁਸ ਦੇ ਟਾਪੂ ਨੂੰ ਚੱਲ ਪਏ। ਤੇ ਉਸਤੋਂ ਇੱਕ ਦਿਨ ਬਾਅਦ ਅਸੀਂ ਮਿਲੇਤੁਸ ਸ਼ਹਿਰ ਪਹੁੰਚੇ। 16 ਪੌਲੁਸ ਨੇ ਪਹਿਲਾਂ ਤੋਂ ਹੀ ਅਫ਼ਸੁਸ ਵਿੱਚ ਨਾਂ ਰੁਕਣ ਦਾ ਮਨ ਬਣਾਇਆ ਹੋਇਆ ਸੀ। ਉਹ ਅਸਿਯਾ ਵਿੱਚ ਜ਼ਿਆਦਾ ਦੇਰ ਰੁਕਣਾ ਨਹੀਂ ਚਾਹੁੰਦਾ ਸੀ ਕਿਉਂਕਿ ਜੇਕਰ ਸੰਭਵ ਹੋਵੇ, ਤਾਂ ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਹੋਣਾ ਚਾਹੁੰਦਾ ਸੀ।

ਅਫ਼ਸੁਸ ਦੇ ਬਜ਼ੁਰਗਾਂ ਨਾਲ ਪੌਲੁਸ ਦੀ ਗੱਲ-ਬਾਤ

17 ਮਿਲੇਤੁਸ ਵਿੱਚ ਰਹਿ ਕਿ ਪੌਲੁਸ ਨੇ ਅਫ਼ਸੁਸ ਵਿੱਚ ਸੁਨੇਹਾ ਭੇਜਿਆ ਕਿ ਉੱਥੋਂ ਦੇ ਕਲੀਸਿਯਾ ਦੇ ਆਗੂ ਬਜ਼ੁਰਗ ਉਸ ਨੂੰ ਆਕੇ ਮਿਲਣ।

18 ਜਦੋਂ ਵਡੇਰੇ ਆਏ ਤਾਂ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੀ ਹੋ ਅਸਿਯਾ ਵਿੱਚ ਆਕੇ ਪਹਿਲੇ ਦਿਨ ਤੋਂ ਮੈਂ ਕਿਸ ਢੰਗ ਨਾਲ ਤੁਹਾਡੇ ਨਾਲ ਰਿਹਾ ਹਾਂ? 19 ਯਹੂਦੀ ਮੇਰੇ ਵਿਰੁੱਧ ਘਾੜਤਾਂ ਘੜਦੇ ਰਹੇ, ਇਸ ਗੱਲ ਨੇ ਮੈਨੂੰ ਇੰਨਾ ਦੁੱਖੀ ਕੀਤਾ ਕਿ ਮੈਂ ਅਕਸਰ ਕੁਰਲਾਉਂਦਾ ਰਿਹਾ। ਪਰ ਤੁਸੀਂ ਜਾਣਦੇ ਹੋ ਕਿ ਮੈਂ ਹਮੇਸ਼ਾ ਤੋਂ ਪ੍ਰਭੂ ਦਾ ਸੇਵਕ ਰਿਹਾ ਹਾਂ, ਮੈਂ ਕਦੇ ਵੀ ਪਹਿਲਾਂ ਆਪਣੇ ਬਾਰੇ ਨਹੀਂ ਸੋਚਿਆ। 20 ਮੈਂ ਹਮੇਸ਼ਾ ਤੁਹਾਡੇ ਵਾਸਤੇ, ਜੋ ਚੰਗਾ ਹੈ, ਉਸ ਬਾਰੇ ਸੋਚਿਆ। ਮੈਂ ਤੁਹਾਨੂੰ ਲੋਕਾਂ ਸਾਹਮਣੇ ਯਿਸੂ ਬਾਰੇ ਖੁਸ਼ਖਬਰੀ ਦਿੱਤੀ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚ ਸਿੱਖਾਇਆ। 21 ਮੈਂ ਯਹੂਦੀਆਂ ਅਤੇ ਯੂਨਾਨੀਆਂ ਨੂੰ ਸ਼ਾਮਿਲ ਕਰਕੇ ਸਭ ਲੋਕਾਂ ਨੂੰ ਉਨ੍ਹਾਂ ਦੇ ਦਿਲ ਬਦਲਣ ਅਤੇ ਪਰਮੇਸ਼ੁਰ ਵੱਲ ਪਰਤਣ, ਅਤੇ ਸਾਡੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਕਿਹਾ।

22 “ਪਰ ਹੁਣ ਮੈਨੂੰ ਆਤਮਾ ਦੇ ਬੱਧੇ ਹੋਏ ਨੂੰ ਯਰੂਸ਼ਲਮ ਵਿੱਚ ਜਾਣਾ ਪਵੇਗਾ, ਅਤੇ ਮੈਂ ਨਹੀਂ ਜਾਣਦਾ ਕਿ ਉੱਥੋਂ ਮੇਰੇ ਨਾਲ ਕੀ ਭਾਣਾ ਵਰਤੇਗਾ। 23 ਮੈਂ ਇੰਨਾ ਹੀ ਜਾਣਦਾ ਹਾਂ ਕਿ ਹਮੇਸ਼ਾ ਪਵਿੱਤਰ ਆਤਮਾ ਮੈਨੂੰ ਹਰ ਸ਼ਹਿਰ ਵਿੱਚ ਦੱਸਦਾ ਹੈ ਕਿ ਤਕਲੀਫ਼ਾਂ ਅਤੇ ਕੈਦਾਂ ਮੇਰਾ ਇੰਤਹਾਰ ਕਰ ਰਹੇ ਹਨ। 24 ਪਰ ਮੈਂ ਆਪਣੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕਰਦਾ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਮੈਂ ਆਪਣਾ ਕੰਮ ਕਰਾਂ। ਮੈਂ ਉਹ ਕੰਮ ਪੂਰਾ ਕਰਨਾ ਚਾਹੁੰਦਾ ਹਾਂ ਜੋ ਪ੍ਰਭੂ ਯਿਸੂ ਨੇ ਮੈਨੂੰ ਕਰਨ ਲਈ ਸੌਂਪਿਆ ਹੈ। ਉਹ ਚਾਹੁੰਦਾ ਹੈ ਕਿ ਮੈਂ ਪਰਮੇਸ਼ੁਰ ਦੀ ਕਿਰਪਾ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰਾਂ।

25 “ਅਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਤੁਹਾਡੇ ਵਿੱਚੋਂ ਕੋਈ ਵੀ ਹੁਣ ਮੈਨੂੰ ਦੋਬਾਰਾ ਵੇਖ ਨਹੀਂ ਸੱਕੇਗਾ। ਮੈਂ ਹਰ ਵਕਤ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਵੀ ਕਹੀ। 26 ਇਸ ਲਈ ਅੱਜ ਨਿਸ਼ਚਿੰਤ ਹੋਕੇ, ਮੈਂ ਤੁਹਾਨੂੰ ਆਖ ਸੱਕਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੁਝ ਨਹੀਂ ਬਚਾਏ ਜਾਂਦੇ ਤਾਂ ਮੈਂ ਜਿੰਮੇਦਾਰ ਨਹੀਂ ਠਹਿਰਾਇਆ ਜਾਵਾਂਗਾ। 27 ਮੈਂ ਇਹ ਗੱਲ ਇਸ ਲਈ ਆਖ ਰਿਹਾ ਹਾਂ ਕਿਉਂਕਿ ਜੋ ਕੁਝ ਪਰਮੇਸ਼ੁਰ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹ ਸਭ ਕੁਝ ਮੈਂ ਤੁਹਾਨੂੰ ਦੱਸ ਚੁੱਕਾ ਹਾਂ। 28 ਤੁਸੀਂ ਆਪਣੇ-ਆਪ ਲਈ ਸਾਵੱਧਾਨ ਰਹੋ ਅਤੇ ਆਪਣੇ ਲੋਕਾਂ ਲਈ ਵੀ, ਜਿਹੜੇ ਕਿ ਤੁਹਨੂੰ ਪਰਮੇਸ਼ੁਰ ਨੇ ਸੌਂਪੇ ਹਨ। ਤੁਹਾਨੂੰ ਉਸ ਪੂਰੇ ਇੱਜੜ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਜਿਸਦਾ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ। ਤੁਹਾਨੂੰ ਕਲੀਸਿਯਾਵਾਂ ਨੂੰ ਆਜੜੀ ਵਾਂਗ ਹੋਣਾ ਚਾਹੀਦਾ ਹੈ ਜਿਹੜੀਆਂ ਪਰਮੇਸ਼ੁਰ ਨੇ ਆਪਣੇ ਲਹੂ ਦੁਆਰਾ ਲਿਆਂਦੀਆਂ ਹਨ। 29 ਮੈਂ ਜਾਣਦਾ ਹਾਂ ਕਿ ਮੇਰੀ ਰਵਾਨਗੀ ਤੋਂ ਬਾਅਦ ਕੁਝ ਆਦਮੀ ਤੁਹਾਡੀ ਸੰਗਤ ਵਿੱਚ ਆਉਣਗੇ ਜੋ ਕਿ ਜੰਗਲੀ ਬਘਿਆੜਾਂ ਵਰਗੇ ਹੋਣਗੇ ਅਤੇ ਇੱਜੜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ। 30 ਤੁਹਾਡੇ ਆਪਣੇ ਸਮੂਹ ਵਿੱਚੋਂ ਵੀ ਕੁਝ ਆਦਮੀ ਬੁਰੇ ਆਗੂ ਬਣ ਜਾਣਗੇ, ਅਤੇ ਗਲਤ ਗੱਲਾਂ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦੇਣਗੇ। ਉਹ ਯਿਸੂ ਦੇ ਕੁਝ ਚੇਲਿਆਂ ਨੂੰ ਸੱਚ ਦੇ ਮਾਰਗ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਚੇਲੇ ਬਨਾਉਣਗੇ। 31 ਇਸ ਲਈ ਸਤਰਕ ਰਹਿਣਾ। ਹਮੇਸ਼ਾ ਯਾਦ ਰੱਖਣਾ ਕਿ ਤਿੰਨ ਸਾਲ ਤੱਕ ਮੈਂ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਚੇਤਾਵਨੀ ਦੇਣ ਤੋਂ ਨਾ ਰੁਕਿਆ, ਮੈਂ ਦਿਨ-ਰਾਤ ਤੁਹਾਨੂੰ ਸਿੱਖਾਉਂਦਾ ਰਿਹਾ ਅਤੇ ਤੁਹਾਡੇ ਲਈ ਅਕਸਰ ਕੁਰਲਾਉਂਦਾ ਰਿਹਾਂ।

32 “ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਕਿਰਪਾ ਦੇ ਸੰਦੇਸ਼ ਦੇ ਅਰਪਨ ਕਰਦਾ ਹਾਂ। ਇਹ ਜੋ ਤੁਹਾਨੂੰ ਤਾਕਤਵਰ ਬਨਾਵੇਗਾ। ਅਤੇ ਤੁਹਾਨੂੰ ਅਸੀਸਾਂ ਦੇਵੇਗਾ ਜੋ ਉਹ ਆਪਣੇ ਸਾਰੇ ਪਵਿੱਤਰ ਲੋਕਾਂ ਨੂੰ ਦਿੰਦਾ ਹੈ। 33 ਜਦੋਂ ਮੈਂ ਤੁਹਾਡੇ ਨਾਲ ਸਾਂ, ਤਾਂ ਮੈਂ ਕੋਈ ਸੋਨਾ, ਚਾਂਦੀ ਅਤੇ ਵਸਤਰ ਨਹੀਂ ਚਾਹੇ। 34 ਤੁਸੀਂ ਜਾਣਦੇ ਹੋ, ਕਿ ਮੈਂ ਆਪਣੀਆਂ ਜ਼ਰੂਰਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜੋ ਮੇਰੇ ਨਾਲ ਸਨ। 35 ਮੈਂ ਤੁਹਾਨੂੰ ਹਮੇਸ਼ਾ ਇਹੀ ਵਿਖਾਇਆ ਕਿ ਤੁਹਾਨੂੰ ਉਵੇਂ ਹੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਮੈਂ ਕੀਤਾ ਸੀ, ਉਨ੍ਹਾਂ ਦੀ ਮਦਦ ਕਰਨ ਲਈ, ਜਿਨ੍ਹਾਂ ਨੂੰ ਜ਼ਰੂਰਤ ਸੀ। ਮੈਂ ਤੁਹਾਨੂੰ ਸਿੱਖਾਇਆ ਕਿ ਪ੍ਰਭੂ ਯਿਸੂ ਦੇ ਬਚਨ ਯਾਦ ਰੱਖੋ ਜੋ ਉਸ ਨੇ ਆਪ ਫ਼ਰਮਾਇਆ ਸੀ, ‘ਲੈਣ ਨਾਲੋਂ ਦੇਣਾ ਹੀ ਵੱਧੇਰੇ ਮੁਬਾਰਕ ਹੈ।’”

36 ਜਦੋਂ ਪੌਲੁਸ ਇਹ ਸਭ ਕਹਿ ਹਟਿਆ ਤਾਂ ਉਸ ਨੇ ਗੋਡੇ ਟੇਕੇ ਅਤੇ ਸਭ ਨੇ ਮਿਲਕੇ ਪ੍ਰਾਰਥਨਾ ਕੀਤੀ। 37-38 ਉਹ ਸਭ ਬਹੁਤ ਰੋਏ। ਉਹ ਉਦਾਸ ਸਨ ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਫ਼ੇਰ ਉਸ ਨੂੰ ਕਦੇ ਵੀ ਨਹੀਂ ਵੇਖਣਗੇ। ਉਨ੍ਹਾਂ ਸਭ ਨੇ ਪੌਲੁਸ ਨੂੰ ਘੁੱਟਕੇ ਜੱਫ਼ੀਆਂ ਪਾਈਆਂ ਅਤੇ ਚੁੰਮਿਆ। ਉਹ ਉਸ ਨੂੰ ਅਲਵਿਦਾ ਕਹਿਣ ਲਈ ਜਹਾਜ਼ ਤੀਕ ਗਏ।

Punjabi Bible: Easy-to-Read Version (ERV-PA)

2010 by World Bible Translation Center