Beginning
ਪਤਰਸ ਦਾ ਯਰੂਸ਼ਲਮ ਨੂੰ ਪਰਤਣਾ
11 ਯਹੂਦਿਯਾ ਵਿੱਚ ਰਸੂਲ ਅਤੇ ਭਰਾ ਜਾਣ ਗਏ ਕਿ ਗੈਰ-ਯਹੂਦੀ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨਾਂ ਨੂੰ ਕਬੂਲ ਲਿਆ ਹੈ। 2 ਪਰ ਜਦੋਂ ਪਤਰਸ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਕੁਝ ਯਹੂਦੀ ਨਿਹਚਾਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ, 3 “ਤੂੰ ਉਨ੍ਹਾਂ ਲੋਕਾਂ ਵੱਲ ਗਿਆ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ। ਸਗੋਂ ਤੂੰ ਉਨ੍ਹਾਂ ਨਾਲ ਰਲਕੇ ਭੋਜਨ ਵੀ ਕੀਤਾ।”
4 ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ, 5 “ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ। 6 ਮੈਂ ਉਸ ਦੇ ਅੰਦਰ ਵੇਖਿਆ ਤਾਂ ਉਸ ਵਿੱਚ ਜੰਗਲੀ ਤੇ ਪਾਲਤੂ ਜਾਨਵਰ, ਰੀਂਗਣ ਵਾਲੇ ਜੀਵ, ਅਕਾਸ਼ ਤੇ ਉੱਡਣ ਵਾਲੇ ਪੰਛੀ ਸਨ। 7 ਮੈਂ ਇੱਕ ਅਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ ‘ਪਤਰਸ ਉੱਠ, ਖਲੋ ਅਤੇ ਇਸ ਵਿੱਚੋਂ ਕਿਸੇ ਵੀ ਜੀਵ ਨੂੰ ਮਾਰਕੇ ਖਾ ਲੈ।’
8 “ਪਰ ਮੈਂ ਕਿਹਾ, ‘ਪ੍ਰਭੂ ਮੈਂ ਅਜਿਹਾ ਕਦੇ ਵੀ ਨਹੀਂ ਕਰ ਸੱਕਦਾ, ਮੈਂ ਕਦੇ ਵੀ ਕਿਸੇ ਅਸ਼ੁੱਧ ਜਾਂ ਅਪਵਿੱਤਰ ਵਸਤੂ ਦਾ ਸੇਵਨ ਨਹੀਂ ਕੀਤਾ।’
9 “ਪਰ ਅਕਾਸ਼ ਵੱਲੋਂ ਅਵਾਜ਼ ਨੇ ਫ਼ਿਰ ਉੱਤਰ ਦਿੱਤਾ, ‘ਪਰਮੇਸ਼ੁਰ ਨੇ ਇਹ ਵਸਤਾਂ ਪਵਿੱਤਰ ਬਣਾਈਆਂ ਹਨ, ਇਨ੍ਹਾਂ ਨੂੰ ਅਪਵਿੱਤਰ ਨਾ ਆਖ।’
10 “ਇੰਝ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਾਰੀਆਂ ਚੀਜ਼ਾਂ ਵਾਪਸ ਉੱਪਰ ਅਕਾਸ਼ ਵੱਲ ਲਿਜਾਈਆਂ ਗਈਆਂ। 11 ਉਸੇ ਵਕਤ, ਤਿੰਨ ਆਦਮੀ ਉਸ ਜਗ਼੍ਹਾ ਆਏ ਜਿੱਥੇ ਮੈਂ ਰਹਿ ਰਿਹਾ ਸੀ। ਇਹ ਤਿੰਨ ਆਦਮੀ ਕੈਸਰਿਯਾ ਸ਼ਹਿਰ ਤੋਂ ਮੇਰੇ ਕੋਲ ਭੇਜੇ ਗਏ ਸਨ। 12 ਆਤਮਾ ਨੇ ਮੈਨੂੰ ਉਨ੍ਹਾਂ ਨਾਲ ਬਿਨਾ ਝਿਜਕ ਜਾਣ ਨੂੰ ਕਿਹਾ। ਇਹ ਛੇ ਭਰਾ, ਜੋ ਇੱਥੇ ਮੇਰੇ ਨਾਲ ਹਨ, ਇਹ ਵੀ ਮੇਰੇ ਨਾਲ ਗਏ। ਅਸੀਂ ਕੁਰਨੇਲਿਯੁਸ ਦੇ ਘਰ ਗਏ। 13 ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ। 14 ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’
15 “ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਉਸੇ ਢੰਗ ਨਾਲ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ ਜਿਵੇਂ ਅਰੰਭ ਵਿੱਚ ਸਾਡੇ ਉੱਪਰ ਆਇਆ ਸੀ। 16 ਤਦ ਮੈਨੂੰ ਪ੍ਰਭੂ ਦੇ ਬਚਨ ਚੇਤੇ ਆਏ। ਪ੍ਰਭੂ ਨੇ ਆਖਿਆ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17 ਇਸ ਲਈ ਜੇਕਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੀ ਦਾਤ ਪ੍ਰਦਾਨ ਕੀਤੀ ਹੈ ਜੋ ਉਸ ਨੇ ਸਾਨੂੰ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ, ਤਾਂ ਫ਼ਿਰ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਕਰਨ ਵਾਲਾ ਮੈਂ ਕੌਣ ਸੀ?”
18 ਜਦੋਂ ਯਹੂਦੀ ਨਿਹਚਾਵਾਨਾ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਬੰਦ ਕੀਤੀ ਅਤੇ ਪਰਮੇਸ਼ੁਰ ਦੀ ਉਸਤਤਿ ਕਰਦੇ ਹੋਏ ਆਖਿਆ, “ਇਸਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹ ਵੀ ਆਪਣੇ ਆਪ ਨੂੰ ਬਦਲ ਕੇ ਸਾਡੇ ਵਰਗਾ ਜੀਵਨ ਬਤੀਤ ਕਰ ਸੱਕਣ।”
ਅੰਤਾਕਿਯਾ ਵਿੱਚ ਖੁਸ਼ਖਬਰੀ ਦਾ ਆਉਣਾ
19 ਇਸਤੀਫ਼ਾਨ ਦੇ ਮਾਰੇ ਜਾਣ ਤੋਂ ਬਾਅਦ, ਨਿਹਚਾਵਾਨ ਸਤਾਉ ਤੋਂ ਡਰਕੇ ਖਿੰਡਰ ਕੇ ਇਧਰ-ਉਧਰ ਹੋ ਗਏ ਸਨ। ਕੁਝ ਨਿਹਚਾਵਾਨ ਤਾਂ ਦੂਰ-ਦੁਰਾਡੀਆਂ ਥਾਵਾਂ ਜਿਵੇਂ ਕਿ ਫ਼ੈਨੀਕੋ, ਕੁਪਰੁਸ ਅਤੇ ਅੰਤਾਕਿਯਾ ਆਦਿ ਚ ਚੱਲੇ ਗਏ ਅਤੇ ਇਨ੍ਹਾਂ ਥਾਵਾਂ ਤੇ ਜਾਕੇ ਖੁਸ਼ਖਬਰੀ ਦਿੱਤੀ, ਪਰ ਇਹ ਖੁਸ਼ਖਬਰੀ ਉਨ੍ਹਾਂ ਸਿਰਫ਼ ਯਹੂਦੀਆਂ ਨੂੰ ਹੀ ਦਿੱਤੀ। 20 ਪਰ ਉਨ੍ਹਾਂ ਵਿੱਚੋਂ ਕਈ ਮਨੁੱਖ ਕੁਰੇਨ ਅਤੇ ਕੁਪਰੁਸ ਦੇ ਸਨ, ਜਦੋਂ ਉਹ ਅੰਤਾਕਿਯਾ ਪਹੁੰਚੇ, ਤਾਂ ਉਨ੍ਹਾਂ ਨੇ ਪ੍ਰਭੂ ਯਿਸੂ ਬਾਰੇ ਖੁਸ਼ਖਬਰੀ ਬਾਰੇ ਯੂਨਾਨੀ ਲੋਕਾਂ ਨੂੰ ਵੀ ਦੱਸਿਆ। 21 ਪ੍ਰਭੂ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਇਸੇ ਕਾਰਣ ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਪ੍ਰਭੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ।
22 ਇਹ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਲੋਕਾਂ ਕੋਲ ਪਹੁੰਚੀ। ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਵਿੱਚ ਭੇਜਿਆ। 23-24 ਬਰਨਬਾਸ ਇੱਕ ਚੰਗਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ। ਜਦੋਂ ਉਹ ਅੰਤਾਕਿਯਾ ਨੂੰ ਗਿਆ, ਉਹ ਪਰਮੇਸ਼ੁਰ ਦੀ ਕਿਰਪਾ ਨੂੰ ਕੰਮ ਤੇ ਵੇਖਕੇ ਬਹੁਤ ਖੁਸ਼ ਸੀ। ਉਸ ਨੇ ਸਾਰੇ ਨਿਹਚਾਵਾਨਾਂ ਨੂੰ ਉਨ੍ਹਾਂ ਦੇ ਸੱਚੇ ਦਿਲਾਂ ਨਾਲ ਪ੍ਰਭੂ ਦੇ ਵਫ਼ਾਦਾਰ ਹੋਣਾ ਜਾਰੀ ਰੱਖਣ ਲਈ ਉਤਸਾਹਤ ਕੀਤਾ। ਇਸ ਕਰਕੇ, ਬਹੁਤ ਸਾਰੇ ਲੋਕ ਪ੍ਰਭੂ ਦੇ ਚੇਲੇ ਬਣ ਗਏ।
25 ਫ਼ਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26 ਜਦੋਂ ਉਸ ਨੇ ਸੌਲੁਸ ਨੂੰ ਲੱਭ ਲਿਆ, ਉਹ ਉਸ ਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉੱਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦੀ ਮੰਡਲੀ ਇਕੱਠੀ ਹੋਕੇ ਆਈ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ।
27 ਉਨ੍ਹੀਂ ਦਿਨੀ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ। 28 ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉੱਠਿਆ ਅਤੇ ਉੱਠ ਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇੱਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” (ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।) 29 ਨਿਹਚਾਵਾਨਾਂ ਨੇ ਆਪਣੇ ਉਨ੍ਹਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ। ਸਭ ਨਿਹਚਾਵਾਨਾਂ ਨੇ, ਜਿੰਨੀ ਹਰ ਕਿਸੇ ਤੋਂ ਹੋ ਸੱਕੇ ਉਨੀ ਉਨ੍ਹਾਂ ਦੀ ਮਦਦ ਕਰਨ ਦੀ ਵਿਉਂਤ ਬਣਾਈ। 30 ਉਨ੍ਹਾਂ ਨੇ ਧਨ ਇਕੱਠਾ ਕਰਕੇ ਬਰਨਬਾਸ ਅਤੇ ਸੌਲੁਸ ਨੂੰ ਦਿੱਤਾ, ਫ਼ਿਰ ਉਹ ਇਹ ਧੰਨ ਇਕੱਠਾ ਕਰਕੇ ਯਹੂਦਿਯਾ ਵਿੱਚ ਬਜ਼ੁਰਗਾਂ ਕੋਲ ਲੈ ਕੇ ਆਏ।
ਹੇਰੋਦੇਸ ਅਗਰਿੱਪਾ ਦਾ ਕਲੀਸਿਯਾ ਨੂੰ ਤਸੀਹੇ ਦੇਣਾ
12 ਉਸ ਸਮੇਂ, ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਦੰਡ ਦੇਣੇ ਸ਼ੁਰੂ ਕੀਤੇ। 2 ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਦੇਣ ਦਾ ਹੁਕਮ ਦਿੱਤਾ। 3 ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਚੰਗਾ ਲੱਗਿਆ ਹੈ, ਤੰ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰਨ ਦਾ ਨਿਸ਼ਚਾ ਕੀਤਾ। ਇਹ ਘਟਨਾ ਯਹੂਦੀਆਂ ਦੀਆਂ ਛੁੱਟੀਆਂ ਵਿੱਚ ਪਸਾਹ ਦੇ ਤਿਉਹਾਰ ਵੇਲੇ ਹੋਈ। 4 ਹੇਰੋਦੇਸ ਨੇ ਪਤਰਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਉਸ ਨੇ ਸੋਲਾਂ ਸਿਪਾਹੀਆਂ ਨੂੰ ਉਸਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਉਹ ਪਸਾਹ ਦੇ ਤਿਉਹਾਰ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੁੰਦਾ ਸੀ ਅਤੇ ਫ਼ੇਰ ਪਤਰਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। 5 ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਨਿਹਚਾਵਾਨ ਲਗਾਤਾਰ ਪਰਮੇਸ਼ੁਰ ਅੱਗੇ ਉਸ ਲਈ ਪ੍ਰਾਰਥਨਾ ਕਰ ਰਹੇ ਸਨ।
ਪਤਰਸ ਦਾ ਕੈਦ ਤੋਂ ਛੁਟਕਾਰਾ
6 ਪਤਰਸ ਦੋ ਸਿਪਾਹੀਆਂ ਵਿੱਚਕਾਰ ਸੁੱਤਾ ਪਿਆ ਸੀ, ਜੋ ਉਸਤੇ ਨਿਗਰਾਨੀ ਲਈ ਸਨ ਅਤੇ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਸਿਪਾਹੀ ਜੇਲ੍ਹ ਦੇ ਦਰਵਾਜ਼ੇ ਤੇ ਚੌਕਸੀ ਕਰ ਰਹੇ ਸਨ। ਇਹ ਰਾਤ ਦਾ ਪਹਿਰ ਸੀ ਅਤੇ ਹੇਰੋਦੇਸ ਅਗਲੀ ਸਵੇਰ ਪਤਰਸ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਵਿਉਂਤ ਬਣਾ ਰਿਹਾ ਸੀ। 7 ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ। 8 ਦੂਤ ਨੇ ਪਤਰਸ ਨੂੰ ਕਿਹਾ, “ਆਪਣੇ ਕੱਪੜੇ ਪਹਿਨ ਅਤੇ ਆਪਣੀ ਜੁੱਤੀ ਪਾ।” ਪਤਰਸ ਨੇ ਇਵੇਂ ਹੀ ਕੀਤਾ। ਫ਼ਿਰ ਦੂਤ ਨੇ ਆਖਿਆ, “ਆਪਣਾ ਕੋਟ ਪਾਕੇ ਮੇਰੇ ਪਿੱਛੇ ਆਜਾ।”
9 ਇਉਂ ਦੂਤ ਚੱਲਾ ਗਿਆ ਅਤੇ ਪਤਰਸ ਉਸ ਦੇ ਪਿੱਛੇ ਹੋ ਲਿਆ। ਪਰ ਪਤਰਸ ਨਹੀਂ ਜਾਣਦਾ ਸੀ ਕਿ, ਜੋ ਦੂਤ ਕਰ ਰਿਹਾ ਸੀ, ਸੱਚਮੁੱਚ ਵਾਪਰ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਇੱਕ ਦਰਸ਼ਨ ਦੇਖ ਰਿਹਾ ਹੈ। 10 ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।
11 ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।”
12 ਜਦੋਂ ਪਤਰਸ ਨੇ ਇਹ ਮਹਿਸੂਸ ਕੀਤਾ, ਉਹ ਮਰਿਯਮ ਦੇ ਘਰ ਨੂੰ ਆਇਆ। ਉਹ ਯੂਹੰਨਾ ਦੀ ਮਾਤਾ ਸੀ। ਯੂਹੰਨਾ ਮਰਕੁਸ ਕਰਕੇ ਵੀ ਜਾਣਿਆ ਜਾਂਦਾ ਸੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਸਨ ਅਤੇ ਉਹ ਪ੍ਰਾਰਥਨਾ ਕਰ ਰਹੇ ਸਨ। 13 ਪਤਰਸ ਨੇ ਬਾਹਰ ਵਾਲੇ ਦਰਵਾਜ਼ੇ ਤੇ ਦਸਤਕ ਕੀਤੀ ਤਾਂ ਜਵਾਬ ਵਿੱਚ ਇੱਕ ਰੋਦੋ ਨਾਂ ਦੀ ਨੌਕਰਾਨੀ ਜਵਾਬ ਦੇਣ ਲਈ ਬਾਹਰ ਆਈ। 14 ਉਸ ਨੇ ਪਤਰਸ ਦੀ ਅਵਾਜ਼ ਨੂੰ ਪਛਾਣ ਲਿਆ ਅਤੇ ਉਹ ਬੜੀ ਖੁਸ਼ ਹੋਈ। ਉਹ ਇੰਨੀ ਖੁਸ਼ ਹੋਈ ਕਿ ਮਾਰੇ ਖੁਸ਼ੀ ਦੇ ਉਹ ਉਸ ਨੂੰ ਦਰਵਾਜ਼ਾ ਖੋਲ੍ਹਣਾ ਵੀ ਭੁੱਲ ਗਈ ਅਤੇ ਨੱਸਦੀ ਹੋਈ ਉਸ ਸਮੂਹ ਨੂੰ ਪਤਰਸ ਦੇ ਆਮਦ ਦੀ ਖਬਰ ਕਹਿਣ ਚਲੀ ਗਈ ਕਿ, “ਬਾਹਰ ਬੂਹੇ ਤੇ ਪਤਰਸ ਖੜ੍ਹਾ ਹੈ।”
15 ਨਿਹਚਾਵਾਨਾਂ ਨੇ ਰੋਦੋ ਨੂੰ ਕਿਹਾ, “ਤੂੰ ਕਮਲੀ ਹੈ।” ਪਰ ਉਹ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਇਹ ਸੱਚ ਹੈ ਤਾਂ ਉਨ੍ਹਾਂ ਸੋਚਿਆ, “ਉਹ ਪਤਰਸ ਦਾ ਦੂਤ ਹੋਣਾ ਚਾਹੀਦਾ ਹੈ।”
16 ਪਤਰਸ ਲਗਾਤਾਰ ਬੂਹਾ ਖੜਕਾਉਂਦਾ ਰਿਹਾ। ਜਦੋਂ ਨਿਹਚਾਵਾਨਾਂ ਨੇ ਬੂਹਾ ਖੋਲ੍ਹਿਆ ਤਾਂ ਉਹ ਪਤਰਸ ਨੂੰ ਵੇਖਕੇ ਹੈਰਾਨ ਰਹਿ ਗਏ। 17 ਪਤਰਸ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਉਹ ਖਾਮੋਸ਼ ਰਹਿਣ। ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਮਦਦ ਕੀਤੀ। ਉਸ ਨੇ ਕਿਹਾ, “ਯਾਕੂਬ ਅਤੇ ਹੋਰ ਭਾਈਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਖਬਰ ਦੇਵੋ।” ਉਸਤੋਂ ਬਾਅਦ ਪਤਰਸ ਹੋਰ ਥਾਂ ਚੱਲਿਆ ਗਿਆ।
18 ਅਗਲੀ ਸਵੇਰ ਸਿਪਾਹੀ ਬਹੁਤ ਪਰੇਸ਼ਨ ਹੋ ਗਏ। ਉਹ ਹੈਰਾਨ ਸਨ ਕਿ ਪਤਰਸ ਦਾ ਕੀ ਬਣਿਆ? 19 ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ।
ਹੇਰੋਦੇਸ ਅਗਰਿੱਪਾ ਦੀ ਮੌਤ
ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ। 20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।
21 ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22 ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23 ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ।
24 ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ।
25 ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।
ਬਰਨਬਾਸ ਅਤੇ ਸੌਲੁਸ ਨੂੰ ਵਿਸ਼ੇਸ਼ ਕੰਮ ਦਾ ਸੌਂਪਣਾ
13 ਅੰਤਾਕਿਯਾ ਦੇ ਗਿਰਜੇ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ। ਉਹ ਸਨ; ਬਰਨਬਾਸ, ਸ਼ਿਮਓਨ, ਜੋ ਨੀਗਰ ਵੀ ਕਹਾਉਂਦਾ ਸੀ, ਕੂਰੈਨੇ ਦੇ ਸ਼ਹਿਰ ਤੋਂ ਲੂਕਿਯੁਸ, ਮਨਏਨ ਜੋ ਕਿ ਹੇਰੋਦੇਸ ਨਾਲ ਪਲਿਆ ਸੀ, ਅਤੇ ਸੌਲੁਸ। 2 ਇਹ ਸਾਰੇ ਪ੍ਰਭੂ ਦੀ ਉਸਤਤਿ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਅਲੱਗ ਕਰੋ, ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”
3 ਤਦ ਉਨ੍ਹਾਂ ਨੇ ਵਰਤ ਰੱਖੇ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਆਪਣੇ ਹੱਥ ਉਨ੍ਹਾਂ ਦੇ ਸਿਰ ਤੇ ਰੱਖੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ਭੇਜ ਦਿੱਤਾ।
ਬਰਨਬਾਸ ਅਤੇ ਸੌਲੁਸ ਕੁਪਰੁਸ ਵਿੱਚ
4 ਦੋਨੋਂ ਜਣੇ ਪਵਿੱਤਰ ਆਤਮਾ ਦੁਆਰਾ ਸਿਲੂਕਿਯਾ ਨੂੰ ਭੇਜੇ ਗਏ ਸਨ। ਅਤੇ ਉੱਥੋਂ ਜਹਾਜ ਰਾਹੀਂ ਕੁਪਰੁਸ ਦੇ ਦੀਪ ਨੂੰ ਗਏ। 5 ਜਦੋਂ ਬਰਨਬਾਸ ਅਤੇ ਸੌਲੁਸ ਸਲਮੀਸ ਦੇ ਸ਼ਹਿਰ ਪਹੁੰਚੇ ਉਨ੍ਹਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਅਸਥਾਨ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ। ਯੂਹੰਨਾ ਮਰਕੁਸ ਉਸ ਵਕਤ ਮਦਦ ਲਈ ਉਨ੍ਹਾਂ ਦੇ ਨਾਲ ਸੀ। 6 ਉਹ ਸਾਰੇ ਟਾਪੂ ਵਿੱਚ ਫ਼ਿਰਦੇ-ਫ਼ਿਰਦੇ ਪਾਫ਼ੁਸ ਪਹੁੰਚੇ। ਪਾਫ਼ੁਸ ਦੇ ਸ਼ਹਿਰ ਵਿੱਚ, ਉਹ ਇੱਕ ਯਹੂਦੀ ਆਦਮੀ ਨੂੰ ਮਿਲੇ ਜੋ ਜਾਦੂ ਕਰਦਾ ਸੀ। ਉਸਦਾ ਨਾਂ ਸੀ ਬਰਯੇਸੂਸ। ਉਹ ਝੂਠਾ ਨਬੀ ਸੀ। 7 ਬਰਯੇਸੂਸ ਹਮੇਸ਼ਾ ਸਰਗੀਊਸ ਪੌਲੁਸ ਜੋ ਕਿ ਗਵਰਨਰ ਸੀ ਉਸ ਦੇ ਨੇੜੇ ਰਹਿੰਦਾ ਸੀ। ਸਰਗੀਊਸ ਪੌਲੁਸ ਸਿਆਣਾ ਮਨੁੱਖ ਸੀ। ਉਸ ਨੇ ਬਰਨਬਾਸ ਅਤੇ ਸੌਲੁਸ ਨੂੰ ਵੀ ਆਪਣੇ ਘਰ ਸੱਦਾ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਦਾ ਸੰਦੇਸ਼ ਸੁਣਨਾ ਚਾਹੁੰਦਾ ਸੀ। 8 ਪਰ ਇਲਮਾਸ ਜਾਦੂਗਰ (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਯਿਸੂ ਤੇ ਵਿਸ਼ਵਾਸ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9 ਪਰ ਸੌਲੁਸ ਪਵਿੱਤਰ ਆਤਮਾ ਨਾਲ ਭਰਪੂਰ ਸੀ (ਸੌਲੁਸ ਨੂੰ ਪੌਲੁਸ ਵੀ ਆਖਿਆ ਜਾਂਦਾ ਹੈ) ਪੌਲੁਸ ਨੇ ਇਲਮਾਸ ਵੱਲ ਵੇਖਿਆ, 10 ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ। 11 ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸੱਕੇਂਗਾ, ਇੱਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।”
ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲੱਭਣ ਲੱਗਾ ਜੋ ਉਸ ਦਾ ਹੱਥ ਫ਼ੜਕੇ ਉਸਦੀ ਅਗਵਾਈ ਕਰੇ। 12 ਜਦੋਂ ਰਾਜਪਾਲ ਨੇ ਇਹ ਘਟਨਾ ਵੇਖੀ, ਉਹ ਪ੍ਰਭੂ ਦੇ ਉਪਦੇਸ਼ ਤੇ ਹੈਰਾਨ ਸੀ ਅਤੇ ਵਿਸ਼ਵਾਸ ਕੀਤਾ।
ਪੌਲੁਸ ਅਤੇ ਬਰਨਬਾਸ ਨੇ ਕੁਪਰੁਸ ਛੱਡਿਆ
13 ਪੌਲੁਸ ਅਤੇ ਉਸ ਨਾਲ ਜਿਹੜੇ ਹੋਰ ਲੋਕ ਸਨ ਪਾਫ਼ੁਸ ਤੋਂ ਜਹਾਜ਼ ਵਿੱਚ ਚੜ੍ਹ੍ਹਕੇ ਪਮਫ਼ੁਲਿਯਾ ਸ਼ਹਿਰ ਦੇ ਪਰਗਾ ਇਲਾਕੇ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਵਖ ਹੋਕੇ ਯਰੂਸ਼ਲਮ ਨੂੰ ਮੁੜ ਗਿਆ। 14 ਪਰ ਉਨ੍ਹਾਂ ਨੇ ਪਰਗਾ ਤੋਂ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪਿਸਿਦਿਯਾ ਦੇ ਨੇੜੇ ਅੰਤਾਕਿਯਾ ਨੂੰ ਗਏ।
ਅੰਤਾਕਿਯਾ ਵਿੱਚ ਸਬਤ ਦੇ ਦਿਨ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਗਏ ਅਤੇ ਉੱਥੇ ਜਾਕੇ ਬੈਠ ਗਏ। 15 ਤੁਰੇਤ ਦੇ ਨਿਯਮ ਅਤੇ ਨਬੀਆਂ ਦੀਆਂ ਲਿਖਤਾਂ ਉੱਥੇ ਪੜ੍ਹੀਆਂ ਗਈਆਂ। ਉਸਤੋਂ ਬਾਅਦ ਪ੍ਰਾਰਥਨਾ ਸਥਾਨ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਸੁਨੇਹਾ ਭੇਜਿਆ, “ਹੇ ਭਰਾਵੋ, ਜੇ ਤੁਹਾਡੇ ਕੋਲ ਇਨ੍ਹਾਂ ਲੋਕਾਂ ਲਈ ਕੋਈ ਉਤਸਾਹ ਦੇ ਬਚਨ ਹਨ ਤਾਂ ਕਿਰਪਾ ਕਰਕੇ ਬੋਲੋ।”
16 ਤਦ ਪੌਲੁਸ ਉੱਠ ਖੜ੍ਹਾ ਹੋਇਆ, ਉਸ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਆਖਿਆ, “ਮੇਰੇ ਯਹੂਦੀ ਭਰਾਵੋ ਅਤੇ ਹੋਰ ਦੂਜੇ ਲੋਕੋ, ਜੋ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਕਿਰਪਾ ਕਰਕੇ ਸੁਣੋ। 17 ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਹੈ ਅਤੇ ਉਨ੍ਹਾਂ ਨੂੰ ਵੱਧਣ ਵਿੱਚ ਉਦੋਂ ਮਦਦ ਕੀਤੀ ਜਦੋਂ ਉਹ ਮਿਸਰ ਵਿੱਚ ਅਜਨਬੀਆਂ ਵਾਂਗ ਸਨ। ਉਹ ਉਨ੍ਹਾਂ ਨੂੰ ਮਹਾਨ ਸ਼ਕਤੀ ਨਾਲ ਬਾਹਰ ਲਿਆਇਆ। 18 ਤੇ ਉਜਾੜ ਦੇ ਚਾਲ੍ਹੀ ਵਰ੍ਹੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਬੜਾ ਧੀਰਜ ਵਰਤਿਆ। 19 ਪਰਮੇਸ਼ੁਰ ਨੇ ਕਨਾਨ ਦੀ ਜ਼ਮੀਨ ਵਿੱਚ ਸੱਤ ਕੌਮਾਂ ਨੂੰ ਨਸ਼ਟ ਕੀਤਾ। ਉਸ ਨੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਦਿੱਤੀ 20 ਇਹ ਸਭ ਲਗਭੱਗ ਚਾਰ ਸੌ ਪੰਜਾਹ ਵਰ੍ਹਿਆਂ ਵਿੱਚ ਵਾਪਰਿਆ।
“ਇਸਤੋਂ ਬਾਅਦ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਂਈ ਦਿੱਤੇ। 21 ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ। ਸ਼ਾਊਲ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ। 22 ਪਰਮੇਸ਼ੁਰ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪਰਮੇਸ਼ੁਰ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ਦਾਊਦ ਮੈਂ ਉਸ ਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’
23 “ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਇਸਰਾਏਲ ਨੂੰ ਇੱਕ ਮੁਕਤੀਦਾਤਾ ਲਿਆਇਆ ਹੈ। ਯਿਸੂ ਉਹੀ ਔਲਾਦ ਹੈ। 24 ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਸਾਰੇ ਯਹੂਦੀ ਲੋਕਾਂ ਵਿੱਚ ਪਰਚਾਰ ਕੀਤਾ। ਉਸ ਨੇ ਲੋਕਾਂ ਨੂੰ ਤੌਬਾ ਕਰਕੇ ਬਪਤਿਸਮਾ ਲੈਣ ਦਾ ਪਰਚਾਰ ਕੀਤਾ। 25 ਜਦੋਂ ਯੂਹੰਨਾ ਆਪਣਾ ਕੰਮ ਖਤਮ ਕਰ ਰਿਹਾ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋਂ? ਮੈਂ ਮਸੀਹ ਨਹੀਂ ਹਾਂ। ਵੇਖੋ, ਉਹ ਮੈਥੋਂ ਬਾਅਦ ਆਵੇਗਾ। ਮੈਂ ਉਸ ਦੇ ਪੈਰ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’
26 “ਮੇਰੇ ਭਰਾਵੋ। ਅਬਰਾਹਾਮ ਦੀ ਅੰਸ਼ ਦੇ ਪੁੱਤਰੋ ਅਤੇ ਗੈਰ ਕੌਮਾਂ ਦੇ ਲੋਕੋ, ਤੁਹਾਡੇ ਵਿੱਚੋਂ, ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਸੁਣੋ। ਮੁਕਤੀ ਦਾ ਇਹ ਸੰਦੇਸ਼ ਸਾਨੂੰ ਭੇਜਿਆ ਗਿਆ ਹੈ। 27 ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਯਿਸੂ ਮੁਕਤੀਦਾਤਾ ਸੀ। ਅਤੇ ਉਹ ਨਬੀਆਂ ਦੇ ਲਿਖੇ ਬਚਨਾਂ ਨੂੰ ਨਾ ਸਮਝੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ। ਉਨ੍ਹਾਂ ਨੇ ਉਸ ਦੀ ਨਿਖੇਧੀ ਕੀਤੀ। ਭਾਵੇਂ ਉਨ੍ਹਾਂ ਨੇ ਨਬੀਆਂ ਦੇ ਬਚਨਾਂ ਨੂੰ ਸਮਝਿਆ ਤੇ ਪੂਰਾ ਕੀਤਾ। 28 ਭਾਵੇਂ ਉਨ੍ਹਾਂ ਲੋਕਾਂ ਨੂੰ ਯਿਸੂ ਦੇ ਵਿੱਚ ਕਤਲ ਦੇ ਲਾਇੱਕ ਕੋਈ ਦੋਸ਼ ਨਹੀਂ ਸੀ, ਲੱਭਿਆ ਤਾਂ ਵੀ ਉਨ੍ਹਾਂ ਨੇ ਪਿਲਾਤੁਸ ਦੇ ਅੱਗੇ ਅਰਜ਼ ਕੀਤੀ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇ।
29 “ਜੋ ਕੁਝ ਪੋਥੀਆਂ ਵਿੱਚ ਯਿਸੂ ਨਾਲ ਵਾਪਰਨ ਬਾਰੇ ਲਿਖਿਆ ਹੋਇਆ ਸੀ ਇਨ੍ਹਾਂ ਯਹੂਦੀਆਂ ਨੇ ਉਹ ਸਭ ਕੁਝ ਬੁਰਾ ਯਿਸੂ ਨਾਲ ਕੀਤਾ। ਉਸਤੋਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਸਲੀਬ ਤੋਂ ਲਾਹਿਆ ਅਤੇ ਉਸ ਨੂੰ ਕਬਰ ਵਿੱਚ ਦਫ਼ਨਾ ਦਿੱਤਾ। 30 ਪਰ ਪਰਮੇਸ਼ੁਰ ਨੇ ਫ਼ਿਰ ਉਸ ਨੂੰ ਮੁਰਦੇ ਤੋਂ ਜਿਵਾਲਿਆ। 31 ਇਸਤੋਂ ਬਾਅਦ, ਬਹੁਤ ਦਿਨਾਂ ਮਗਰੋਂ ਯਿਸੂ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਸ ਦੇ ਨਾਲ ਆਏ ਸਨ, ਅਤੇ ਹੁਣ ਉਹ ਇਸ ਸੰਬੰਧੀ ਲੋਕਾਂ ਨੂੰ ਗਵਾਹੀ ਦੇ ਰਹੇ ਹਨ।
32 “ਅਸੀਂ ਤੁਹਾਨੂੰ ਉਸ ਵਾਅਦੇ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨਾਲ ਕੀਤਾ ਗਿਆ ਸੀ। 33 ਅਸੀਂ ਉਨ੍ਹਾਂ ਦੇ ਬੱਚੇ ਹਾਂ ਅਤੇ ਪਰਮੇਸ਼ੁਰ ਨੇ ਹੁਣ ਯਿਸੂ ਨੂੰ ਮੁਰਦੇ ਤੋਂ ਉੱਠਾ ਕਿ ਸਾਡੇ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਜਿਵੇਂ ਦੂਜੇ ਜ਼ਬੂਰ ਵਿੱਚ ਵੀ ਇਸ ਬਾਰੇ ਇਵੇਂ ਲਿਖਿਆ ਹੈ:
‘ਤੂੰ ਮੇਰਾ ਪੁੱਤਰ ਹੈਂ
ਅੱਜ ਮੈਂ ਤੇਰਾ ਪਿਤਾ ਬਣਿਆ ਹਾਂ।’ (A)
34 ਪਰਮੇਸ਼ੁਰ ਨੇ ਯਿਸੂ ਨੂੰ ਮੁਰਦੇ ਤੋਂ ਜਿਵਾਇਆ। ਉਹ ਕਦੇ ਵੀ ਕਬਰ ਵੱਲ ਸੜ੍ਹਨ ਲਈ ਵਾਪਸ ਨਹੀਂ ਜਾਵੇਗਾ। ਇਸ ਲਈ ਪਰਮੇਸ਼ੁਰ ਨੇ ਕਿਹਾ,
‘ਜੋ ਮੈਂ ਦਾਊਦ ਨੂੰ ਸੱਚੇ ਅਤੇ ਪਵਿੱਤਰ ਵਚਨ ਦਿੱਤੇ,
ਉਹ ਤੁਹਾਨੂੰ ਦੇਵਾਂਗਾ।’ (B)
35 ਪਰ ਦੂਜੀ ਜਗ਼੍ਹਾ ਇਹ ਆਖਦਾ ਹੈ,
‘ਤੂੰ ਆਪਣੇ ਪਵਿੱਤਰ ਪੁਰੱਖ ਨੂੰ ਕਬਰਾਂ ਵਿੱਚ ਸੜਨ ਨਹੀਂ ਦੇਵੇਗਾ।’ (C)
36 “ਦਾਊਦ, ਨੇ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਮਰ ਗਿਆ। ਫ਼ੇਰ ਉਹ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾਇਆ ਗਿਆ। ਅਤੇ ਉਸਦਾ ਸਰੀਰ ਕਬਰ ਵਿੱਚ ਸੜ ਗਿਆ। 37 ਪਰ ਉਹ ਇੱਕ, ਜਿਸ ਨੂੰ ਪਰਮੇਸ਼ੁਰ ਨੇ ਜੀਵਨ ਵੱਲ ਉੱਠਾਇਆ, ਕਬਰ ਵਿੱਚ ਨਹੀਂ ਸੜਿਆ। 38-39 ਹੇ ਭਰਾਵੋ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਤੁਹਾਨੂੰ ਕੀ ਆਖ ਰਹੇ ਹਾਂ; ਇਸਦਾ ਮਤਲਬ ਹੈ ਆਪਣੇ ਪਾਪਾਂ ਦੀ ਮੁਆਫ਼ੀ ਤੁਸੀਂ ਉਸ ਰਾਹੀਂ ਪਾ ਸੱਕਦੇ ਹੋ। ਹਰ ਉਹ ਵਿਅਕਤੀ ਜਿਹੜਾ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਆਪਣੇ ਪਾਪਾਂ ਤੋਂ ਮੁਆਫ਼ ਹੈ ਅਤੇ ਉਸ ਨੂੰ ਉਸ ਸਭ ਕਾਸੇ ਤੋਂ ਵੀ ਮੁਕਤ ਕੀਤਾ ਗਿਆ ਹੈ ਜਿਸਤੋਂ ਮੂਸਾ ਦੀ ਸ਼ਰ੍ਹਾ ਤੁਹਾਨੂੰ ਮੁਕਤ ਨਹੀਂ ਕਰ ਸੱਕਦੀ। 40 ਸੁਚੇਤ ਰਹੋ ਤਾਂ ਕਿ ਜੋ ਨਬੀਆਂ ਨੇ ਆਖਿਆ ਹੈ ਤੁਹਾਡੇ ਨਾਲ ਨਹੀਂ ਵਾਪਰੇਗਾ।
41 ‘ਨਿੰਦਕੋ ਸੁਣੋ, ਅਚਰਜ ਮੰਨੋ ਅਤੇ ਦਫ਼ਾ ਹੋ ਜਾਓ।
ਕਿਉਂਕਿ ਤੁਹਾਡੇ ਸਮੇਂ ਵਿੱਚ
ਮੈਂ ਕੁਝ ਅਜਿਹਾ ਕਰਾਂਗਾ ਜਿਸਤੇ ਤੁਸੀਂ ਕਦੇ ਵੀ
ਵਿਸ਼ਵਾਸ ਨਹੀਂ ਕਰੋਂਗੇ,
ਭਾਵੇਂ ਕੋਈ ਤੁਹਾਨੂੰ ਇਹ ਦੱਸੇ।’” (D)
42 ਜਦੋਂ ਪੌਲੁਸ ਅਤੇ ਬਰਨਬਾਸ ਸਭਾ ਦਾ ਅਸਥਾਨ ਛੱਡ ਰਹੇ ਸਨ, ਲੋਕਾਂ ਨੇ ਉਨ੍ਹਾਂ ਨੂੰ ਅਗਲੇ ਸਬਤ ਦੇ ਦਿਨ ਫ਼ਿਰ ਆਉਣ ਅਤੇ ਇਨ੍ਹਾਂ ਗੱਲਾਂ ਬਾਰੇ ਹੋਰ ਗੱਲਾਂ ਦੱਸਣ ਲਈ ਅਰਜੋਈ ਕੀਤੀ। 43 ਉਸ ਸਭਾ ਤੋਂ ਬਾਅਦ ਬਹੁਤ ਸਾਰੇ ਯਹੂਦੀਆਂ ਨੇ ਉੱਥੇ ਉਨ੍ਹਾਂ ਦਾ ਸਾਥ ਕੀਤਾ। ਉਨ੍ਹਾਂ ਵਿੱਚ ਉੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਧਰਮ ਬਦਲੀ ਕਰਕੇ ਯਹੂਦੀ ਧਰਮ ਅਪਣਾ ਲਿਆ ਸੀ ਅਤੇ ਉਹ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।
44 ਅਗਲੇ ਸਬਤ ਦੇ ਦਿਨ ਸ਼ਹਿਰ ਦੇ ਤਕਰੀਬਨ ਸਾਰੇ ਲੋਕ ਪ੍ਰਭੂ ਦੇ ਬਚਨਾਂ ਨੂੰ ਸੁਣਨ ਲਈ ਇਕੱਠੇ ਹੋਏ। 45 ਯਹੂਦੀਆਂ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਵੇਖਿਆ। ਤਾਂ ਉਹ ਈਰਖਾ ਨਾਲ ਭਰ ਗਏ ਅਤੇ ਉਨ੍ਹਾਂ ਨੇ ਬਹੁਤ ਮਾੜਾ ਕਿਹਾ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਲੱਗੇ। 46 ਪਰ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਖੁਲ੍ਹੇ ਤੌਰ ਤੇ ਆਖਿਆ, “ਸਾਨੂੰ ਪਰਮੇਸ਼ੁਰ ਦਾ ਸੰਦੇਸ਼ ਪਹਿਲਾਂ ਤੁਹਾਨੂੰ ਯਹੂਦੀਆਂ ਨੂੰ ਦੇਣਾ ਚਾਹੀਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ। ਤੁਸੀਂ ਆਪਣੇ-ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ, ਇਸ ਲਈ ਅਸੀਂ ਹੁਣ ਹੋਰਨਾਂ ਕੌਮਾਂ ਵੱਲ ਨੂੰ ਮੁੜਦੇ ਹਾਂ। 47 ਕਿਉਂਕਿ ਪ੍ਰਭੂ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ:
‘ਮੈਂ ਤੁਹਾਨੂੰ ਹੋਰਨਾਂ ਕੌਮਾਂ ਦੇ ਲਈ ਰੋਸ਼ਨੀ ਵਰਗਾ ਠਹਿਰਾਇਆ ਹੈ
ਤਾਂ ਜੋ ਤੁਸੀਂ ਸਾਰੇ ਸੰਸਾਰ ਨੂੰ ਮੁਕਤੀ ਦਾ ਰਾਹ ਦਿਖਾ ਸੱਕੋ।’” (E)
48 ਜਦੋਂ ਗੈਰ-ਯਹੂਦੀ ਲੋਕਾਂ ਨੇ ਪੌਲੁਸ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਖੁਸ਼ ਹੋਏ ਉਨ੍ਹਾਂ ਨੇ ਪ੍ਰਭੂ ਦੇ ਸੰਦੇਸ਼ ਦਾ ਸਤਿਕਾਰ ਕੀਤਾ ਅਤੇ ਇਹੀ ਲੋਕ ਸਨ ਜਿਹੜੇ ਸਦੀਪਕ ਜੀਵਨ ਲਈ ਚੁਣੇ ਗਏ ਸਨ, ਬਹੁਤ ਸਾਰੇ ਲੋਕਾਂ ਨੇ ਸੰਦੇਸ਼ ਉੱਤੇ ਵਿਸ਼ਵਾਸ ਕੀਤਾ।
49 ਤਾਂ ਸਾਰੇ ਦੇਸ਼ ਵਿੱਚ ਪ੍ਰਭੂ ਦਾ ਬਚਨ ਫ਼ੈਲਦਾ ਗਿਆ। 50 ਪਰ ਯਹੂਦੀਆਂ ਨੇ ਕੁਝ ਮਹੱਤਵਯੋਗ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਉਕਸਾਇਆ। ਫ਼ੇਰ ਉਨ੍ਹਾਂ ਲੋਕਾਂ ਨੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ। 51 ਪਰ ਉਹ ਦੋਨੋਂ ਆਪਣੇ ਪੈਰਾਂ ਦੀ ਧੂੜ ਝਾੜਦੇ ਹੋਏ ਇੱਕੋਨਿਯੁਮ ਵਿੱਚ ਪਰਤ ਆਏ। 52 ਪਰ ਅੰਤਾਕਿਯਾ ਵਿੱਚ, ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਏ ਸਨ।
2010 by World Bible Translation Center