Beginning
ਸੌਲੁਸ ਨਿਹਚਾਵਾਨ ਬਣਿਆ
9 ਯਰੂਸ਼ਲਮ ਵਿੱਚ ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਣ ਅਤੇ ਕਤਲ ਕਰਨ ਵਿੱਚ ਲੱਗਾ ਹੋਇਆ ਸੀ। ਇਸੇ ਲਈ ਉਹ ਸਰਦਾਰ ਜਾਜਕ ਕੋਲ ਗਿਆ। 2 ਸੌਲੁਸ ਨੇ ਉਸ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨਾਂ ਲਈ ਚਿੱਠੀਆਂ ਮੰਗੀਆਂ, ਜੋ ਉਸ ਨੂੰ ਉਨ੍ਹਾਂ ਸਾਰਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕੈਦ ਕਰਨ, ਦਾ ਅਧਿਕਾਰ ਦੇਣ ਜੋ ਯਿਸੂ ਦੇ ਮਾਰਗ ਨੂੰ ਮੰਨਦੇ ਹਨ। ਉਹ ਭਾਵੇਂ ਔਰਤਾਂ ਹੋਣ ਅਤੇ ਭਾਵੇਂ ਮਰਦ, ਉਨ੍ਹਾਂ ਨੂੰ ਯਰੂਸ਼ਲਮ ਲਿਆਉਣ।
3 ਤਾਂ ਸੌਲੁਸ ਦੰਮਿਸ਼ਕ ਵਿੱਚ ਗਿਆ। ਜਦੋਂ ਉਹ ਸ਼ਹਿਰ ਕੋਲ ਪਹੁੰਚਿਆ ਤਾਂ ਅਕਾਸ਼ ਵੱਲੋਂ ਅਚਾਨਕ ਇੱਕ ਬੜੀ ਤੇਜ਼ ਬਿਜਲੀ ਉਸ ਦੇ ਇਰਦ-ਗਿਰਦ ਚਮਕੀ। 4 ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਨੂੰ ਇਹ ਪੁੱਛਦੀ ਹੋਈ ਇੱਕ ਆਵਾਜ਼ ਸੁਣਾਈ ਦਿੱਤੀ, “ਸੌਲੁਸ, ਸੌਲੁਸ! ਤੂੰ ਮੈਨੂੰ ਤਸੀਹੇ ਕਿਉਂ ਦੇ ਰਿਹਾ ਹੈਂ?”
5 ਸੌਲੁਸ ਨੇ ਕਿਹਾ, “ਪ੍ਰਭੂ, ਤੂੰ ਕੌਣ ਹੈਂ?”
ਉਸ ਨੇ ਜਵਾਬ ਦਿੱਤਾ, “ਮੈਂ ਯਿਸੂ ਹਾਂ। ਮੈਂ ਹੀ ਹਾਂ ਜਿਸ ਨੂੰ ਤੂੰ ਤਸੀਹੇ ਦੇ ਰਿਹਾ ਹੈ। 6 ਉੱਠ ਅਤੇ ਉੱਠ ਕੇ ਹੁਣ ਸ਼ਹਿਰ ਨੂੰ ਜਾ ਉੱਥੇ ਤੈਨੂੰ ਇੱਕ ਮਨੁੱਖ ਦੱਸੇਗਾ ਕਿ ਹੁਣ ਤੂੰ ਕੀ ਕਰਨਾ ਹੈ।”
7 ਜਿਹੜੇ ਮਨੁੱਖ ਉਸ ਦੇ ਨਾਲ ਸਫ਼ਰ ਕਰ ਰਹੇ ਸਨ, ਉਹ ਚੁੱਪ-ਚਾਪ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਪਰ ਉਨ੍ਹਾਂ ਨੂੰ ਦਿਖਿਆ ਕੁਝ ਨਹੀਂ ਸੀ। 8 ਸੌਲੁਸ ਜਦੋਂ ਜ਼ਮੀਨ ਤੋਂ ਉੱਠਿਆ ਤਾਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਵੇਖ ਨਾ ਸੱਕਿਆ। ਤਾਂ ਉਨ੍ਹਾਂ ਲੋਕਾਂ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਦੰਮਿਸਕ ਵਿੱਚ ਲੈ ਆਏ। 9 ਤਿੰਨ ਦਿਨ ਤੱਕ ਉਹ ਨਾ ਵੇਖ ਸੱਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ।
10 ਦੰਮਿਸਕ ਵਿੱਚ ਯਿਸੂ ਦਾ ਇੱਕ ਚੇਲਾ ਸੀ, ਜਿਸ ਦਾ ਨਾਉਂ ਹਨਾਨਿਯਾਹ ਸੀ। ਪ੍ਰਭੂ ਨੇ ਹਨਾਨਿਯਾਹ ਨੂੰ ਦਰਸ਼ਨ ਦੇਕੇ ਕਿਹਾ, “ਹਨਾਨਿਯਾਹ!”
ਹਨਾਨਿਯਾਹ ਨੇ ਅੱਗੋਂ ਜਵਾਬ ਵਿੱਚ ਕਿਹਾ, “ਪ੍ਰਭੂ, ਮੈਂ ਇੱਥੇ ਹਾਂ।”
11 ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉੱਠ ਖੜ੍ਹਾ ਹੋ ਅਤੇ ਉਸ ਗਲੀ ਨੂੰ ਜਾਹ ਜੋ ‘ਸਿੱਧੀ ਗਲੀ’ ਕਹਾਂਉਂਦੀ ਹੈ। ਉੱਥੇ, ਯਹੂਦਾ ਦੇ ਘਰ ਨੂੰ ਲੱਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁੱਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉੱਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ। 12 ਸੌਲੁਸ ਨੂੰ ਵੀ ਦਰਸ਼ਨ ਹੋਏ ਅਤੇ ਉਸ ਦਰਸ਼ਨ ਵਿੱਚ, ਉਸ ਨੇ ਹਨਾਨਿਯਾਹ ਨਾਂ ਦੇ ਇੱਕ ਆਦਮੀ ਨੂੰ ਉਸ ਕੋਲ ਆਉਂਦਿਆਂ ਅਤੇ ਆਪਣੇ ਹੱਥ ਉਸ ਉੱਪਰ ਰੱਖਦਿਆਂ ਵੇਖਿਆ। ਜਿਸ ਨਾਲ ਸੌਲੁਸ ਦੋਬਾਰਾ ਦੇਖਣ ਦੇ ਕਾਬਿਲ ਹੋ ਗਿਆ।”
13 ਪਰ ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਇਸ ਮਨੁੱਖ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਲੋਕਾਂ ਨਾਲ ਬਹੁਤ ਸਾਰੀਆਂ ਬਦੀਆਂ ਕੀਤੀਆਂ ਹਨ। 14 ਹੁਣ ਉਹ ਇੱਥੇ ਆਇਆ ਹੈ ਅਤੇ ਪ੍ਰਧਾਨ ਜਾਜਕਾਂ ਨੇ ਇਸ ਨੂੰ ਤਮਾਮ ਉਨ੍ਹਾਂ ਲੋਕਾਂ ਨੂੰ ਫ਼ੜਣ ਦਾ ਇਖਤਿਆਰ ਦਿੱਤਾ ਹੋਇਆ ਹੈ ਜੇ ਤੇਰੇ ਵਿੱਚ ਨਿਹਚਾ ਰੱਖਦੇ ਹਨ।”
15 ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਜਾ। ਕਿਉਂਕਿ ਮੈਂ ਸੌਲੁਸ ਨੂੰ ਇੱਕ ਬੜੇ ਜ਼ਰੂਰੀ ਕੰਮ ਵਾਸਤੇ ਚੁਣਿਆ ਹੈ। ਉਸ ਨੂੰ ਬਾਦਸ਼ਾਹਾਂ, ਯਹੂਦੀ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਮੇਰੇ ਬਾਰੇ ਜਾਕੇ ਦੱਸਣਾ ਚਾਹੀਦਾ ਹੈ। 16 ਮੈਂ ਉਸ ਨੂੰ ਉਹ ਸਭ ਵਿਖਾਵਾਂਗਾ ਜੋ ਮੇਰੇ ਨਾਉਂ ਦੇ ਬਦਲੇ, ਉਸ ਨੂੰ ਝੱਲਣਾ ਚਾਹੀਦਾ ਹੈ।”
17 ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸ ਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸ ਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿੱਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਦੁਬਾਰਾ ਵੇਖ ਸੱਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।” 18 ਉਸੇ ਵੇਲੇ ਅਚਾਨਕ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹਿਆ ਕੁਝ ਡਿੱਗਿਆ ਅਤੇ ਉਸ ਨੂੰ ਦੁਬਾਰਾ ਦਿਖਣ ਲੱਗ ਪਿਆ। ਸੌਲੁਸ ਉੱਠਿਆ ਅਤੇ ਉਸ ਨੂੰ ਬਪਤਿਸਮਾ ਦਿੱਤਾ ਗਿਆ। 19 ਫ਼ਿਰ ਉਸ ਨੇ ਕੁਝ ਖਾਧਾ ਅਤੇ ਮੁੜ ਤੋਂ ਆਪਣੇ ਆਪ ਵਿੱਚ ਤਕੜਾ ਮਹਿਸੂਸ ਕਰਨ ਲੱਗਾ।
ਸੌਲੁਸ ਦਾ ਦੰਮਿਸਕ ਵਿੱਚ ਉਪਦੇਸ਼ ਦੇਣਾ
ਫ਼ਿਰ ਉਹ ਕੁਝ ਦਿਨ ਦੰਮਿਸਕ ਵਿੱਚ ਯਿਸੂ ਦੇ ਚੇਲਿਆਂ ਦੇ ਨਾਲ ਰਿਹਾ। 20 ਜਲਦੀ ਹੀ ਉਸ ਨੇ ਪ੍ਰਾਰਥਨਾ ਸਥਾਨਾ ਉੱਪਰ ਯਿਸੂ ਬਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਲੋਕਾਂ ਵਿੱਚ ਪਰਚਾਰ ਕੀਤਾ ਕਿ, “ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।”
21 ਸਾਰੇ ਲੋਕ ਜਿਹੜੇ ਸੌਲੁਸ ਨੂੰ ਸੁਣਦੇ ਉਹ ਬੜੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇੱਥੇ ਯਿਸੂ ਦੇ ਚੇਲਿਆਂ ਨੂੰ ਫ਼ੜਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ੜਵਾਉਣ ਲਈ ਆਇਆ ਹੈ।”
22 ਪਰ ਸੌਲੁਸ ਦਿਨੋਂ-ਦਿਨ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਉਸ ਨੇ ਇਹ ਸਾਬਿਤ ਕਰ ਦਿੱਤਾ ਕਿ ਯਿਸੂ ਹੀ ਮਸੀਹ ਹੈ। ਉਸ ਦੇ ਪ੍ਰਮਾਣ ਇੰਨੇ ਜ਼ੋਰਦਾਰ ਹੁੰਦੇ ਸਨ ਕਿ ਜਿਹੜੇ ਯਹੂਦੀ ਦੰਮਿਸਕ ਵਿੱਚ ਰਹਿੰਦੇ ਸਨ ਉਹ ਉਸ ਨਾਲ ਬਹਿਸ ਨਹੀਂ ਕਰ ਪਾਉਂਦੇ ਸਨ।
ਸੌਲੁਸ ਦਾ ਯਹੂਦੀਆਂ ਤੋਂ ਬਚਣਾ
23 ਕਾਫ਼ੀ ਦਿਨਾਂ ਬਾਅਦ ਯਹੂਦੀਆਂ ਨੇ ਸੌਲੁਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਈ। 24 ਉਹ ਸੌਲੁਸ ਲਈ ਸ਼ਹਿਰ ਦੇ ਦਰਵਾਜਿਆਂ ਤੇ ਦਿਨ-ਰਾਤ ਪਹਿਰਾ ਦੇ ਰਹੇ ਸਨ, ਕਿਉਂਕਿ ਉਹ ਉਸ ਨੂੰ ਜਾਨੋਂ ਹੀ ਮਾਰ ਮੁਕਾਉਣਾ ਚਾਹੁੰਦੇ ਸੀ ਪਰ ਸੌਲੁਸ ਨੂੰ ਉਨ੍ਹਾਂ ਦੀ ਵਿਉਂਤ ਦਾ ਪਤਾ ਲੱਗ ਗਿਆ। 25 ਕੁਝ ਚੇਲਿਆਂ ਨੇ, ਜਿਨ੍ਹਾਂ ਨੂੰ ਪੌਲੁਸ ਨੇ ਸਿੱਖਿਆ ਦਿੱਤੀ ਸੀ, ਇੱਕ ਰਾਤ ਉਸ ਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ ਤੇ ਦੀਵਾਰ ਤੋਂ ਹੇਠਾਂ ਉਤਾਰ ਦਿੱਤਾ।
ਸੌਲੁਸ ਦਾ ਯਰੂਸ਼ਲਮ ਵਿੱਚ ਉਪਦੇਸ਼ ਦੇਣਾ
26 ਫ਼ਿਰ ਸੌਲੁਸ ਯਰੂਸ਼ਲਮ ਵਿੱਚ ਚੱਲਾ ਗਿਆ। ਉਸ ਨੇ ਨਿਹਚਾਵਾਨਾਂ ਦਾ ਸੰਗ ਕਰਨਾ ਚਾਹਿਆ ਪਰ ਉਹ ਉਸ ਕੋਲੋਂ ਡਰਦੇ ਸਨ। ਉਹ ਵਿਸ਼ਵਾਸ ਨਾ ਕਰ ਸੱਕੇ ਕਿ ਉਹ ਸੱਚਮੁੱਚ ਯਿਸੂ ਦਾ ਚੇਲਾ ਸੀ। 27 ਪਰ ਬਰਨਬਾਸ ਉਸ ਨੂੰ ਰਸੂਲਾਂ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਕਿਵੇਂ ਦੰਮਿਸ਼ਕ ਦੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਸੀ। ਅਤੇ ਉਸ ਨੇ ਉਸ ਨਾਲ ਗੱਲਾਂ ਵੀ ਕੀਤੀਆਂ ਸਨ ਅਤੇ ਕਿਵੇਂ ਉਹ ਦੰਮਿਸ਼ਕ ਵਿੱਚ ਪ੍ਰਭੂ ਦੇ ਨਾਂ ਉੱਤੇ ਬੇਧੜਕ ਹੋਕੇ ਉਪਦੇਸ਼ ਦਿੰਦਾ ਸੀ।
28 ਇਉਂ ਸੌਲੁਸ ਚੇਲਿਆਂ ਨਾਲ ਠਹਿਰਿਆ। ਉਹ ਯਰੂਸ਼ਲਮ ਦੀਆਂ ਸਾਰੀਆਂ ਥਾਵਾਂ ਤੇ ਗਿਆ ਅਤੇ ਖੁਲ੍ਹੇਆਮ ਪ੍ਰਭੂ ਬਾਰੇ ਬੋਲਿਆ। 29 ਉਹ ਅਕਸਰ ਯੂਨਾਨੀ ਬੋਲਣ ਵਾਲੇ ਯਹੂਦੀਆਂ ਨਾਲ ਗੱਲਾਂ ਕਰਦਾ ਅਤੇ ਉਨ੍ਹਾਂ ਨਾਲ ਇਸ ਬਾਰੇ ਚਰਚਾ ਕਰਦਾ ਪਰ ਉਹ ਉਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਉਂਦੇ। 30 ਜਦੋਂ ਭਰਾਵਾਂ ਨੂੰ ਇਸਦਾ ਪਤਾ ਲੱਗਾ, ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉਨ੍ਹਾਂ ਨੇ ਉੱਥੋਂ ਉਸ ਨੂੰ, ਤਰਸੁਸ ਨੂੰ ਭੇਜ ਦਿੱਤਾ।
31 ਸੋ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਸ਼ਾਂਤਮਈ ਸੀ। ਪਵਿੱਤਰ ਆਤਮਾ ਦੀ ਮਦਦ ਨਾਲ ਕਲੀਸਿਯਾ ਦਿਨੋਂ ਦਿਨ ਹੋਰ ਮਜ਼ਬੂਤ ਹੋ ਗਈ। ਨਿਹਚਾਵਾਨਾਂ ਨੇ, ਜਿਸ ਢੰਗ਼ ਨਾਲ ਉਹ ਜਿਉਂਦੇ ਸਨ, ਦਰਸ਼ਾਇਆ ਕਿ ਉਨ੍ਹਾਂ ਨੇ ਪ੍ਰਭੂ ਦੀ ਇੱਜ਼ਤ ਕੀਤੀ। ਉਸ ਸਦਕਾ ਹੀ ਇਹ ਸਮੂਹ ਹੋਰ ਸੰਗਠਿਤ ਹੋਇਆ।
ਪਤਰਸ ਲੁੱਦਾ ਅਤੇ ਯੱਪਾ ਵਿੱਚ
32 ਪਤਰਸ ਯਰੂਸ਼ਲਮ ਦੇ ਇਰਦ-ਗਿਰਦ ਸਾਰੇ ਸ਼ਹਿਰਾਂ ਵਿੱਚ ਘੁੰਮਿਆ। ਫ਼ੇਰ ਉਹ ਲੁੱਦਾ ਵਿੱਚ ਬਸੇ ਨਿਹਚਾਵਾਨਾਂ ਨੂੰ ਵੇਖਣ ਗਿਆ। 33 ਲੁੱਦਾ ਵਿੱਚ, ਉਹ ਇੱਕ ਅਧਰੰਗੀ ਆਦਮੀ ਨੂੰ ਮਿਲਿਆ। ਜਿਸਦਾ ਨਾਉਂ ਐਨਿਯਾਸ ਸੀ। ਉਹ ਪਿੱਛਲੇ ਅੱਠ ਸਾਲਾਂ ਤੋਂ ਮੰਜੇ ਤੋਂ ਉੱਠ ਨਹੀਂ ਸੀ ਸੱਕਿਆ। 34 ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਨੇ ਤੇਰੇ ਤੇ ਮਿਹਰ ਕੀਤੀ ਹੈ। ਖੜ੍ਹਾ ਹੋ ਅਤੇ ਆਪਣਾ ਬਿਸਤਰ ਵਿੱਛਾ!” ਉਹ ਤੁਰੰਤ ਖੜ੍ਹਾ ਹੋ ਗਿਆ। 35 ਸਾਰੇ ਲੁੱਦਾ ਵਿੱਚ ਰਹਿਣ ਵਾਲੇ ਅਤੇ ਸ਼ਰੋਨ ਦੇ ਸਾਰੇ ਨਿਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਇਹ ਲੋਕ ਵੀ ਪ੍ਰਭੂ ਵੱਲ ਪਰਤ ਗਏ।
36 ਯੱਪਾ ਵਿੱਚ ਤਬਿਥਾ ਨਾਂ ਦੀ ਇੱਕ ਚੇਲੀ ਸੀ ਜਿਸ ਦਾ ਯੂਨਾਨੀ ਭਾਸ਼ਾ ਵਿੱਚ ਅਰਥ ਹੈ “ਹਿਰਨੀ”। ਇਸ ਔਰਤ ਨੇ ਹਮੇਸ਼ਾ ਲੋਕਾਂ ਲਈ ਬੜੇ ਚੰਗੇ ਕੰਮ ਕੀਤੇ ਸਨ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕੀਤੀ ਸੀ। 37 ਤਾਂ ਜਦੋਂ ਪਤਰਸ ਲੁੱਦਾ ਵਿੱਚ ਸੀ ਤਾਂ ਤਬਿਥਾ ਬੜੀ ਬੀਮਾਰ ਹੋਈ ਅਤੇ ਮਰ ਗਈ। ਉਨ੍ਹਾਂ ਨੇ ਉਸ ਨੂੰ ਨੁਹਾਉਣ ਤੋਂ ਬਾਅਦ ਉਸ ਦੇ ਸਰੀਰ ਨੂੰ ਛੱਤ ਉੱਪਰਲੇ ਕਮਰੇ ਵਿੱਚ ਪਾ ਦਿੱਤਾ। 38 ਯੱਪਾ ਦੇ ਚੇਲਿਆਂ ਨੂੰ ਪਤਾ ਲੱਗਾ ਕਿ ਪਤਰਸ ਲੁੱਦਾ ਵਿੱਚ ਸੀ। ਲੁੱਦਾ ਯੱਪਾ ਦੇ ਨੇੜੇ ਹੀ ਸੀ। ਉਨ੍ਹਾਂ ਨੇ ਉੱਥੇ ਪਤਰਸ ਨੂੰ ਨਿਉਂਤਾ ਦੇਣ ਲਈ ਦੋ ਆਦਮੀ ਭੇਜੇ। ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿਰਪਾ ਕਰਕੇ, ਸਾਡੇ ਕੋਲ ਜਿੰਨੀ ਛੇਤੀ ਹੋ ਸੱਕੇ ਆਓ।”
39 ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਦੇ ਨਾਲ ਚੱਲਿਆ ਗਿਆ, ਜਦੋਂ ਉਹ ਉੱਥੇ ਪਹੁੰਚਿਆ, ਉਹ ਉਸ ਨੂੰ ਪੌੜੀਆਂ ਉੱਪਰਲੇ ਕਮਰੇ ਵਿੱਚ ਲੈ ਗਿਆ। ਸਾਰੀਆਂ ਵਿਧਵਾਵਾਂ ਆਈਆਂ ਅਤੇ ਉਸ ਦੇ ਆਲੇ-ਦੁਆਲੇ ਖਲੋ ਗਈਆਂ। ਉਹ ਰੋ ਰਹੀਆਂ ਸਨ ਅਤੇ ਉਨ੍ਹਾਂ ਨੇ ਰੋਂਦੀਆਂ-ਪਿਟਦੀਆਂ ਨੇ ਪਤਰਸ ਨੂੰ ਉਹ ਸਾਰੇ ਕੱਪੜੇ ਵਿਖਾਏ ਜਿਹੜੇ ਡੋਰਕਾ ਤਬਿਥਾ ਨੇ ਜਿਉਂਦੇ ਜੀਅ ਬਣਾਏ ਸਨ। ਪਤਰਸ ਨੇ ਸਾਰੇ ਲੋਕਾਂ ਨੂੰ ਕਮਰੇ ਚੋਂ ਬਾਹਰ ਜਾਣ ਨੂੰ ਕਿਹਾ। 40 ਉਹ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਫ਼ਿਰ ਓੁਹ ਤਬਿਥਾ ਵੱਲ ਮੁੜਿਆ, ਜੋ ਕਿ ਮੁਰਦਾ ਸੀ ਅਤੇ ਆਖਿਆ, “ਤਬਿਥਾ, ਉੱਠ।” ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਜਿਸ ਵਕਤ ਉਸ ਨੇ ਪਤਰਸ ਨੂੰ ਵੇਖਿਆ ਤਾਂ ਉਹ ਉੱਠ ਕੇ ਬੈਠ ਗਈ। 41 ਉਸ ਨੇ ਆਪਣੇ ਹੱਥ ਨਾਲ ਉਸ ਨੂੰ ਖਲੋਣ ਵਿੱਚ ਮਦਦ ਕੀਤੀ। ਅਤੇ ਫ਼ਿਰ ਉਸ ਨੇ ਨਿਹਚਾਵਾਨਾਂ ਨੂੰ ਅਤੇ ਵਿਧਵਾਵਾਂ ਨੂੰ ਕਮਰੇ ਅੰਦਰ ਸੱਦਿਆ ਅਤੇ ਤਬਿਥਾ ਨੂੰ ਸੌਂਪ ਦਿੱਤਾ ਜੋ ਕਿ ਜੀਵਿਤ ਸੀ।
42 ਸਾਰੇ ਯੱਪਾ ਵਿੱਚ ਇਹ ਗੱਲ ਫ਼ੈਲ ਗਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਭੂ ਦੇ ਚੇਲੇ ਬਣ ਗਏ। 43 ਪਤਰਸ ਕਾਫ਼ੀ ਸਾਰੇ ਦਿਨ ਯੱਪਾ ਵਿੱਚ ਰਿਹਾ ਅਤੇ ਉੱਥੇ ਇੱਕ ਸ਼ਮਊਨ ਨਾਂ ਦੇ ਚਮੜੇ ਦੇ ਕੰਮ ਕਰਨ ਵਾਲੇ ਦੇ ਘਰ ਰਿਹਾ।
ਪਤਰਸ ਅਤੇ ਕੁਰਨੇਲਿਯੁਸ
10 ਕੈਸਰਿਯਾ ਨਾਂ ਦੇ ਸ਼ਹਿਰ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ। ਉਹ ਰੋਮ ਦੀ ਸੈਨਾ ਦੇ ਸਮੂਹ “ਇਤਾਲਿਯਾਨ” ਵਿੱਚ ਇੱਕ ਅਧਿਕਾਰੀ ਸੀ। 2 ਉਹ ਇੱਕ ਧਰਮੀ ਮਨੁੱਖ ਸੀ। ਉਹ ਅਤੇ ਜਿੰਨੇ ਵੀ ਲੋਕ ਉਸ ਦੇ ਘਰ ਵਿੱਚ ਰਹਿੰਦੇ ਸਨ, ਸਭ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ। ਉਹ ਲੋਕਾਂ ਨੂੰ ਦਾਨ-ਪੁੰਨ ਬਹੁਤ ਕਰਦਾ ਸੀ ਕੁਰਨੇਲਿਯੁਸ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। 3 ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸ ਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪਰਮੇਸ਼ੁਰ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”
4 ਕੁਰਨੇਲਿਯੁਸ ਨੇ ਦੂਤ ਵੱਲ ਵੇਖਿਆ, ਉਹ ਡਰ ਕੇ ਆਖਣ ਲੱਗਾ, “ਮੇਰੇ ਮਾਲਿਕ, ਤੁਸੀਂ ਕੀ ਚਾਹੁੰਦੇ ਹੋ?”
ਦੂਤ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਤੇਰੀਆਂ ਪ੍ਰਾਰਥਨਾ ਸੁਣ ਲਈਆਂ ਹਨ। ਉਸ ਨੇ ਉਹ ਸਭ ਗੱਲਾਂ ਵੇਖੀਆਂ ਹਨ ਜੋ ਤੂੰ ਗਰੀਬ ਲੋਕਾਂ ਲਈ ਕਰਦਾ ਹੈਂ। ਇਸ ਲਈ ਉਹ ਤੈਨੂੰ ਨਹੀਂ ਭੁਲਿਆ। 5 ਹੁਣ ਤੂੰ ਯੱਪਾ ਸ਼ਹਿਰ ਵੱਲ ਕੁਝ ਆਦਮੀਆਂ ਨੂੰ ਭੇਜ ਅਤੇ ਉੱਥੋਂ ਸ਼ਮਊਨ ਨਾਂ ਦੇ ਆਦਮੀ ਨੂੰ, ਜਿਹੜਾ ਪਤਰਸ ਵੀ ਸਦੀਂਦਾ ਹੈ, ਸੱਦਾ ਭੇਜ। 6 ਸ਼ਮਊਨ ਕਿਸੇ ਸ਼ਮਊਨ ਖਟੀਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਹੀ ਠਹਿਰਿਆ ਹੋਇਆ ਹੈ। ਉਸ ਦਾ ਘਰ ਸਮੁੰਦਰ ਦੇ ਨੇੜੇ ਹੈ।” 7 ਜਿਹੜਾ ਦੂਤ ਕੁਰਨੇਲਿਯੁਸ ਨਾਲ ਗੱਲ ਕਰ ਰਿਹਾ ਸੀ, ਚੱਲਾ ਗਿਆ। ਉਸਤੋਂ ਬਾਅਦ ਕੁਰਨੇਲਿਯੁਸ ਨੇ ਆਪਣੇ ਦੋ ਨੌਕਰਾਂ ਤੇ ਇੱਕ ਸਿਪਾਹੀ ਨੂੰ ਬੁਲਵਾਇਆ। ਇਹ ਸਿਪਾਹੀ ਵੀ ਧਰਮੀ ਮਨੁੱਖ ਸੀ। 8 ਇਹ ਸਿਪਾਹੀ ਉਸ ਦੇ ਖਾਸ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਨੇ ਇਹ ਸਾਰੀ ਗੱਲ ਤਿੰਨਾਂ ਆਦਮੀਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਯੱਪਾ ਵੱਲ ਭੇਜ ਦਿੱਤਾ।
9 ਅਗਲੇ ਦਿਨ ਇਹ ਤਿੰਨੋ ਆਦਮੀ ਯੱਪਾ ਦੇ ਨੇੜੇ ਪਹੁੰਚੇ। ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। ਇਹ ਦੁਪਿਹਰ ਦਾ ਵੇਲਾ ਸੀ। 10 ਪਤਰਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ। ਪਰ ਜਦੋਂ ਉਹ ਪਤਰਸ ਦੇ ਖਾਣ ਲਈ ਭੋਜਨ ਤਿਆਰ ਕਰ ਰਹੇ ਸਨ ਤਾਂ ਉਸ ਨੇ ਇੱਕ ਦਰਸ਼ਨ ਵੇਖਿਆ। 11 ਉਸ ਨੇ ਖੁਲ੍ਹੇ ਆਕਾਸ਼ ਨੂੰ ਵੇਖਿਆ ਅਤੇ ਉਸ ਵਿੱਚੋਂ ਚਾਦਰ ਵਾਂਗ ਕੋਈ ਚੀਜ਼ ਥੱਲੇ ਆਉਂਦੀ ਵੇਖੀ ਜੋ ਕਿ ਚਹੁੰ ਪਾਸਿਆਂ ਤੋਂ ਧਰਤੀ ਦੇ ਵੱਲ ਲਮਕਾਈ ਹੋਈ ਹੇਠਾਂ ਉਤਰ ਰਹੀ ਸੀ। 12 ਸਭ ਪ੍ਰਕਾਰ ਦੇ ਜਾਨਵਰ ਇਸ ਵਿੱਚ ਸਨ। ਉਹ ਜੀਵ ਜਿਹੜੇ ਕਿ ਚੱਲ ਸੱਕਦੇ ਹਨ, ਜਿਹੜੇ ਰੀਂਗਣ ਵਾਲੇ ਸਨ ਜ਼ਮੀਨ ਉੱਪਰ ਅਤੇ ਉਹ ਪੰਛੀ ਜਿਹੜੇ ਕਿ ਹਵਾ ਚ ਉੱਡਦੇ ਹਨ। 13 ਫ਼ੇਰ ਇੱਕ ਅਵਾਜ਼ ਨੇ ਪਤਰਸ ਨੂੰ ਆਖਿਆ, “ਪਤਰਸ, ਉੱਠ ਅਤੇ ਇਨ੍ਹਾਂ ਵਿੱਚੋਂ ਕਿਸ ਵੀ ਇੱਕ ਜੀਵ ਨੂੰ ਮਾਰ ਅਤੇ ਖਾ ਲੈ।”
14 ਪਰ ਪਤਰਸ ਨੇ ਕਿਹਾ, “ਪ੍ਰਭੂ। ਅਜਿਹਾ ਮੈਂ ਕਦੇ ਨਹੀਂ ਕੀਤਾ, ਮੈਂ ਕਦੇ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਖਾਧੀ।”
15 ਪਰ ਉਸ ਅਵਾਜ਼ ਨੇ ਦੋਬਾਰਾ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਇਹ ਸਭ ਵਸਤਾਂ ਸ਼ੁੱਧ ਬਣਾਈਆਂ ਹਨ। ਇਸ ਲਈ ਇਨ੍ਹਾਂ ਨੂੰ ‘ਅਪਵਿੱਤਰ’ ਨਾ ਕਹਿ।” 16 ਅਜਿਹਾ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਭ ਚੀਜ਼ਾਂ ਵਾਪਸ ਅਕਾਸ਼ ਵੱਲ ਚੁੱਕੀਆਂ ਗਈਆਂ। 17 ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ।
ਇਸ ਵਿੱਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲੱਭ ਲਿਆ। ਉਹ ਫ਼ਾਟਕ ਤੇ ਖੜ੍ਹੇ ਸਨ। 18 ਉਨ੍ਹਾਂ ਨੇ ਪੁੱਛਿਆ, “ਕੀ ਪਤਰਸ ਸ਼ਮਊਨ ਇੱਥੇ ਰਹਿੰਦਾ ਹੈ।”
19 ਪਤਰਸ ਅਜੇ ਵੀ ਉਸ ਦਰਸ਼ਨ ਬਾਰੇ ਹੀ ਸੋਚ ਰਿਹਾ ਸੀ ਪਰ ਆਤਮਾ ਨੇ ਉਸ ਨੂੰ ਕਿਹਾ, “ਵੇਖ। ਤਿੰਨ ਆਦਮੀ ਬਾਹਰ ਤੈਨੂੰ ਲੱਭ ਰਹੇ ਹਨ। 20 ਉੱਠ ਅਤੇ ਹੇਠਾਂ ਜਾ। ਉਨ੍ਹਾਂ ਨਾਲ ਬਿਨਾ ਕਿਸੇ ਝਿਜਕ ਚੱਲਾ ਜਾ। ਮੈਂ ਹੀ ਉਨ੍ਹਾਂ ਨੂੰ ਤੇਰੇ ਕੋਲ ਭੇਜਿਆ ਹੈ।” 21 ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸ ਨੂੰ ਤੁਸੀਂ ਲੱਭਣ ਆਏ ਹੋ। ਤੁਸੀਂ ਇੱਥੇ ਕਿਸ ਵਾਸਤੇ ਆਏ ਹੋ?”
22 ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸ ਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।” 23 ਪਤਰਸ ਨੇ ਉਨ੍ਹਾਂ ਆਦਮੀਆਂ ਨੂੰ ਅੰਦਰ ਆਉਣ ਅਤੇ ਰਾਤ ਠਹਿਰਣ ਲਈ ਆਖਿਆ।
ਅਗਲੀ ਸਵੇਰ ਪਤਰਸ ਉੱਠਿਆ, ਤਿਆਰ ਹੋਇਆ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਨਾਲ ਚੱਲਾ ਗਿਆ। ਯੱਪਾ ਚੋਂ ਕੁਝ ਭਰਾ ਵੀ ਪਤਰਸ ਨਾਲ ਗਏ। 24 ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ, ਜਿੱਥੇ ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਾ ਦੇਕੇ ਇਕੱਠਾ ਕੀਤਾ ਹੋਇਆ ਸੀ।
25 ਜਦੋਂ ਪਤਰਸ ਨੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਪਤਰਸ ਨੂੰ ਕੁਰਨੇਲਿਯੁਸ ਮਿਲਿਆ ਅਤੇ ਉਸ ਦੇ ਪੈਰਾਂ ਤੇ ਮੱਥਾ ਟੇਕਿਆ। 26 ਪਰ ਪਤਰਸ ਨੇ ਉਸ ਨੂੰ ਉੱਠਾਇਆ ਅਤੇ ਆਖਿਆ, “ਉੱਠ ਖਲੋ। ਕਿਉਂਕਿ ਮੈਂ ਵੀ ਤੇਰੇ ਵਾਂਗ ਇੱਕ ਸਾਧਾਰਣ ਮਨੁੱਖ ਹੀ ਹਾਂ।” 27 ਉਸ ਦੇ ਨਾਲ ਗੱਲਾਂ ਕਰਦਿਆਂ, ਪਤਰਸ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉੱਥੇ ਉਸ ਨੇ ਬਹੁਤ ਸਰਿਆਂ ਨੂੰ ਇਕੱਠੇ ਹੋਏ ਵੇਖਿਆ।
28 ਤਾਂ ਉਸ ਨੇ ਲੋਕਾਂ ਨੂੰ ਕਿਹਾ, “ਕਿ ਤੁਹਾਨੂੰ ਪਤਾ ਹੈ ਕਿ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਇੱਕ ਯਹੂਦੀ ਨੂੰ ਦੂਜੀ ਜਾਤ ਦੇ ਮਨੁੱਖ ਨਾਲ ਸਹਯੋਗੀ ਹੋਣ ਜਾਂ ਮੇਲ-ਮਿਲਾਪ ਕਰਨ ਦੀ ਆਗਿਆ ਨਹੀਂ ਹੈ। ਪਰ ਪਰਮੇਸ਼ੁਰ ਨੇ ਮੈਨੂੰ ਖੁਦ ਇਹ ਪ੍ਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ‘ਅਪਵਿੱਤਰ’ ਜਾਂ ‘ਅਸ਼ੁੱਧ’ ਨਾ ਕਹਾਂ। 29 ਇਸੇ ਲਈ ਜਦੋਂ ਇਨ੍ਹਾਂ ਆਦਮੀਆਂ ਨੇ ਮੈਨੂੰ ਇੱਥੇ ਆਉਣ ਲਈ ਕਿਹਾ ਮੈਂ ਆਉਣ ਲਈ ਸਹਿਮਤ ਹੋ ਗਿਆ। ਸੋ ਹੁਣ ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਾਹਦੇ ਲਈ ਬੁਲਾਇਆ ਹੈ?”
30 ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸ ਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ। 31 ਉਸ ਆਦਮੀ ਨੇ ਕਿਹਾ, ‘ਕੁਰਨੇਲਿਯੁਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਤੇਰੀਆਂ ਦਾਤਾਂ ਵੇਖ ਲਈਆਂ ਹਨ। 32 ਇਸ ਲਈ ਯੱਪਾ ਵਿੱਚ ਕੁਝ ਆਦਮੀਆਂ ਨੂੰ ਭੇਜ ਅਤੇ ਪਤਰਸ ਸ਼ਮਊਨ ਨੂੰ ਇੱਥੇ ਆਉਣ ਲਈ ਆਖ। ਪਤਰਸ ਉਸ ਘਰ ਵਿੱਚ ਰਹਿ ਰਿਹਾ ਹੈ ਜਿਸ ਘਰ ਦੇ ਆਦਮੀ ਦਾ ਨਾਂ ਵੀ ਸ਼ਮਊਨ ਹੈ ਜੋ ਚਮੜੇ ਦਾ ਕੰਮ ਕਰਦਾ ਹੈ। ਅਤੇ ਉਸਦਾ ਘਰ ਸਮੁੰਦਰ ਕੰਢੇ ਹੈ।’ 33 ਤਾਂ ਮੈਂ ਉਸੇ ਵਕਤ ਤੈਨੂੰ ਬੁਲਾਉਣ ਲਈ ਇਨ੍ਹਾਂ ਆਦਮੀਆਂ ਨੂੰ ਭੇਜ ਦਿੱਤਾ। ਆਪਣੀ ਮਿਹਰਬਾਨੀ ਸਦਕਾ ਤੂੰ ਇੱਥੇ ਆਇਆ ਹੈਂ। ਹੁਣ ਅਸੀਂ ਸਭ ਇੱਥੇ ਉਹ ਸਭ ਕੁਝ ਸੁਣਨ ਲਈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਹਾਂ, ਜੋ ਪ੍ਰਭੂ ਨੇ ਤੈਨੂੰ ਆਖਣ ਦਾ ਹੁਕਮ ਦਿੱਤਾ ਹੈ।”
ਪਤਰਸ ਦਾ ਕੁਰਨੇਲਿਯੁਸ ਦੇ ਘਰ ਵਿੱਚ ਉਪਦੇਸ਼ ਦੇਣਾ
34 ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ। 35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ। 36 ਇਹ ਉਹ ਸੁਨੇਹਾ ਹੈ ਜੋ ਉਸ ਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਖੁਸ਼ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।
37 “ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ। 38 ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇੱਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।
39 “ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸ ਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ। 40 ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਸ ਨੂੰ ਲੋਕਾਂ ਨੂੰ ਪ੍ਰਗਟਾਇਆ। 41 ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸ ਨੂੰ ਵੇਖਣ ਦੇ ਸਮਰੱਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜਿਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।
42 “ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸ ਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ। 43 ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸ ਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”
ਪਰਾਈਆਂ ਕੌਮਾਂ ਤੇ ਪਵਿੱਤਰ ਆਤਮਾ ਦਾ ਆਉਣਾ
44 ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ। 45 ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਹਾਇਆ ਗਿਆ ਸੀ। 46 ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤਦ ਪਤਰਸ ਨੇ ਆਖਿਆ, 47 “ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸੱਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।” 48 ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸ ਦੇ ਸਾਕ-ਸੰਬੰਧੀਆਂ ਨੂੰ ਉਸ ਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਪਤਰਸ ਨੂੰ ਉੱਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।
2010 by World Bible Translation Center